ਟੋਰਾਂਟੋ (ਜੰਜੂਆ) – ਕਲਮ
ਫਾਊਂਡੇਸ਼ਨ ਦੀ ਸਾਲ 2012 ਦੀ ਪਲੇਠੀ ਮਾਸਿਕ ਮਿਲਣੀ ਬੀਤੇ ਸ਼ਨੀਵਾਰ 14 ਜਨਵਰੀ
ਨੂੰ ਅਜੀਤ ਭਵਨ ਵਿਖੇ ਆਯੋਜਿਤ ਕੀਤੀ ਗਈ। ਕਲਮ ਦੇ ਹੁਣ ਤੱਕ ਦੇ ਤਹਿ ਕੀਤੇ
ਸਫ਼ਰ ਵਿੱਚ ਇਹ ਰੀਤ ਹੈ ਕਿ ਕਲਮ ਦੀ ਹਰ ਮਾਸਿਕ ਮੀਟਿੰਗ ਵਿੱਚ ਕਿਸੇ ਨਾ
ਕਿਸੇ ਲੇਖਕ ਦੀ ਛਪੀ ਪੁਸਤਕ ਰੀਲੀਜ਼ ਕਰਕੇ ਉਸ ਬਾਰੇ ਗੱਲਬਾਤ ਕੀਤੀ ਜਾਂਦੀ
ਹੈ। ਜਦੋਂ ਕੋਈ ਵੀ ਲੇਖਕ ਆਪਣੀ ਜੇਬ ਵਿੱਚੋਂ ਪੈਸੇ ਖਰਚ ਕੇ ਆਪਣੀ ਕਿਤਾਬ
ਨੂੰ ਨੇਪਰੇ ਚਾੜ੍ਹਦਾ ਹੈ ਤਾਂ ੳਸ ਦੀ ਇੱਛਾ ਹੁੰਦੀ ਹੈ ਕਿ ਸਾਹਿਤਕਾਰ ਉਸ ਦੀ
ਕਿਤਾਬ ਤੇ ਢੁੱਕਵੀਂ ਗੱਲਬਾਤ ਕਰਕੇ ਲੇਖਕ ਦੀ ਹੌਂਸਲਾ ਅਫ਼ਜ਼ਾਈ ਕਰਨ। ਇਸੇ ਰੀਤ
ਨੂੰ ਅੱਗੇ ਤੋਰਦਿਆਂ ਕਲਮ ਫਾਊਂਡੇਸ਼ਨ ਨੇ ਜਨਵਰੀ ਮਹੀਨੇ ਦੀ ਮਾਸਿਕ ਮੀਟਿੰਗ
ਕੈਨੇਡੀਅਨ ਸਫ਼ਰਨਾਮਾਕਾਰ ਸਤਵੰਤ ਸਿੰਘ ਦੀ ਪਲੇਠੀ ਪੁਸਤਕ “ਮੇਰੀਆਂ ਅਭੁੱਲ
ਵਿਸ਼ਵ ਯਾਤਰਾਵਾਂ” ਦੇ ਰਿਲੀਜ਼ ਸਮਾਰੋਹ ਵਜੋਂ ਸਮਰਪਿਤ ਕੀਤੀ।
ਸ: ਸਤਵੰਤ ਸਿੰਘ ਦੀ ਸਰੋਤਿਆਂ
ਨਾਲ ਜਾਣ ਪਛਾਣ ਕਰਵਾਉਦਿਆਂ ਕੁਲਜੀਤ ਸਿੰਘ ਜੰਜੂਆ ਹੁਰਾਂ ਨੇ ਦੱਸਿਆ ਕਿ ਉਮਰ
ਦੇ ਸੱਤਰਵਿਆਂ ਦੇ ਅੰਤਲੇ ਪੜਾਅ ‘ਚ ਪਹੁੰਚ ਚੁੱਕੇ ਇਸ ਨੌਜਵਾਨ ਲੇਖਕ ਨੂੰ
ਦੁਨੀਆਂ ਵੇਖਣ ਦੀ ਚੇਟਕ ਬਚਪਨ ਤੋਂ ਹੀ ਲੱਗ ਚੁੱਕੀ ਸੀ। ਸਤਵੰਤ ਸਿੰਘ ਨੇ
ਚੌਥੀ ਜਮਾਤ ‘ਚ ਪੜ੍ਹਦਿਆਂ ਵਿਭਿੰਨ ਦੇਸ਼ਾਂ ਦੇ ਇਤਿਹਾਸ, ਮਿਥਿਆਸ, ਭੂਗੋਲ
ਆਦਿ ਨਾਲ ਸਬੰਧਿਤ ਪੰਜਾਹ ਤੋਂ ਵੀ ਵੱਧ ਕਿਤਾਬਾਂ ਉਰਦੂ ਭਾਸ਼ਾ ‘ਚ ਪੜ੍ਹ ਲਈਆਂ
ਸਨ। ਪੇਸ਼ੇ ਵਜੋਂ ਅਧਿਆਪਕ ਸ: ਸਤਵੰਤ ਸਿੰਘ ਨੇ ਗੌਰਮਿੰਟ ਹਾਈ ਸਕੂਲ ਘੋਲੀਆ
ਕਲਾਂ ਜ਼ਿਲ੍ਹਾ ਮੋਗਾ ਤੋਂ ਸੇਵਾ ਮੁੱਕਤ ਹੋ ਕੇ 1992 ‘ਚ ਕੈਨੇਡਾ ਵਿੱਚ
ਪਰਵਾਸ ਕਰ ਲਿਆ। ਆਪਣੇ ਬਚਪਨ ਦੀਆਂ ਅਧੂਰੀਆਂ ਰੀਝਾਂ ਪੂਰੀਆਂ ਕਰਨ ਤਹਿਤ ਉਮਰ
ਦੇ 60ਵਿਆਂ ਤੋਂ ਸ਼ੁਰੂ ਹੋ ਕੇ ਉਨ੍ਹਾਂ ਨੇ ਪਿਛਲੇ 10 ਸਾਲਾਂ ‘ਚ 7 ਵਿਸ਼ਵ
ਯਾਤਰਾਵਾਂ ਕੀਤੀਆਂ ਅਤੇ ਪ੍ਰਾਪਤ ਕੀਤੀ ਜਾਣਕਾਰੀ ਨੂੰ ਇੱਕ ਕਿਤਾਬ ਦੇ ਰੂਪ
‘ਚ ਕਲਮਬੱਧ ਕੀਤਾ।
ਸ:
ਸਤਵੰਤ ਸਿੰਘ ਨੇ ਆਪਣੇ ਜੀਵਨ, ਯਾਤਰਾਵਾਂ, ਅਨੁਭਵਾਂ ਅਤੇ ਪੁਸਤਕ ਬਾਰੇ
ਬੋਲਦਿਆਂ ਕਿਹਾ ਕਿ ਇਸ ਪੁਸਤਕ ਨੂੰ ਨੇਪਰੇ ਚਾੜ੍ਹਨ ‘ਚ ਉਨ੍ਹਾਂ ਦੇ ਪ੍ਰੀਵਾਰ
ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਜਿਸ ਲਈ ਮੈਂ ਆਪਣੇ ਪ੍ਰੀਵਾਰ ਦਾ ਤਹਿ
ਦਿਲੋਂ ਸ਼ੁਕਰੀਆ ਕਰਦਾ ਹਾਂ। ਲੇਖਕ ਦੇ ਛੋਟੇ ਲੜਕੇ ਮਹਿੰਦਰਪਾਲ ਸਿੰਘ ਨੇ ਬੜੇ
ਵਿਲੱਖਣ ਅੰਦਾਜ਼ ‘ਚ ਆਪਣੀ ਕਵਿਤਾ ਰਾਹੀ ਆਪਣੇ ਪਿਤਾ ਜੀ ਨੂੰ ਉਨ੍ਹਾਂ ਦੀ
ਪੁਸਤਕ ਰਿਲੀਜ਼ ਹੋਣ ਤੇ ਵਧਾਈ ਦਿੱਤੀ। ਲੇਖਕ ਦੀ ਧਰਮ ਪਤਨੀ ਨਸੀਬ ਕੌਰ, ਬੇਟੇ
ਡਾ: ਜਸਮਿੰਦਰ ਕਰਵਲ ਅਤੇ ਮਨਜੀਤ ਸਿੰਘ, ਨੂੰਹ ਗੁਰਪ੍ਰੀਤ ਕੌਰ ਅਤੇ ਪੋਤਰੀ
ਕੰਵਰਪ੍ਰੀਤ ਕੌਰ ਨੇ ਵੀ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ ਅਤੇ ਲੇਖਕ
ਦੀ ਸਮਾਜ ਪ੍ਰਤੀ ਸੁਚੱਜੀ ਸੋਚ ਦੀ ਸਰਾਹਣਾ ਕੀਤੀ। ਬੇਟੀ ਕੰਵਰਪ੍ਰੀਤ ਕੌਰ ਨੇ
ਬੜੀ ਭਾਵਭਿੰਨੀ ਤਕਰੀਰ ਕਰਦਿਆਂ ਕਿਹਾ ਕਿ ਮੈਂ ਫਖ਼ਰ ਮਹਿਸੂਸ ਕਰਦੀ ਹਾਂ ਕਿ
ਮੈਂ ਸਤਵੰਤ ਸਿੰਘ ਦੀ ਪੋਤਰੀ ਹਾਂ ਮੈਂ ਵੀ ਕੁਝ ਅਜਿਹਾ ਕਰਾਂਗੀ ਜਿਸ ਨਾਲ
ਮੇਰੇ ਦਾਦਾ ਜੀ ਦਾ ਸਿਰ ਮਾਣ ਨਾਲ ਹੋਰ ਉੱਚਾ ਹੋਵੇ।
ਕਲਮਕਾਰ ਸ: ਅਜੀਤ ਸਿੰਘ
ਰੱਖੜਾ ਨੇ ਸਫ਼ਰਨਾਮਿਆਂ ਦੀ ਇਸ ਕਿਤਾਬ ਬਾਰੇ ਆਪਣੇ ਵੱਡਮੁੱਲੇ ਵਿਚਾਰ ਪੇਸ਼
ਕਰਦਿਆਂ ਕਿਹਾ ਕਿ ਆਮ ਤੌਰ ਤੇ ਹੁੰਦਾ ਕੀ ਹੈ ਕਿ ਸਫ਼ਰਨਾਮਿਆਂ ਦੇ ਲਿਖਾਰੀ
ਇੰਟਰਨੈਟ ਤੋਂ ਲੋੜੀਂਦੀ ਜਾਣਕਾਰੀ ਇਕੱਠੀ ਕਰਕੇ ਕਿਤਾਬਾਂ ਛਪਵਾ ਲੈਂਦੇ ਹਨ,
ਪਰ ਸਤਵੰਤ ਸਿੰਘ ਨੇ ਆਪਣੇ ਅੱਖੀਂ ਡਿੱਠੇ ਸੰਸਾਰ ਨੂੰ ਆਪਣੀ ਇਸ ਕਿਤਾਬ
ਰਾਹੀਂ ਬਹੁਤ ਹੀ ਸਰਲ ਭਾਸ਼ਾ਼ ‘ਚ ਪਾਠਕਾਂ ਦੇ ਰੂਬਰੂ ਕੀਤਾ ਹੈ। ਪੁਸਤਕ
ਰਿਲੀਜ਼ ਸਮਾਰੋਹ ਦੀਆਂ ਫੋਟੋਆਂ ਕੈਮਰਾਬੱਧ ਕਰਨ ਦੀ ਜੁੰਮੇਵਾਰੀ ਬੇਟੀ
ਮਨਪ੍ਰੀਤ ਕੌਰ ਦਿਉਲ ਨੇ ਬਹੁਤ ਹੀ ਤਨਦੇਹੀ ਅਤੇ ਧੀਰਜ ਨਾਲ ਨਿਭਾਈ।
ਇਸ ਮਹਿਫਲ ਨੂੰ ਚਾਰ ਚੰਨ
ਲਾਉਣ ਵਾਲਿਆਂ ‘ਚ ਕਲਮ ਫਾਊਂਡੇਸ਼ਨ ਦੇ ਸਿਰਕੱਢ ਮੈਂਬਰਾਂ ਤੋਂ ਇਲਾਵਾ
ਮਹਿੰਦਰਦੀਪ ਸਿੰਘ ਗਰੇਵਾਲ, ਮਲੂਕ ਸਿੰਘ ਕਾਹਲੋਂ, ਸੁਖਿੰਦਰ, ਮਹਿੰਦਰਪਾਲ
ਸਿੰਘ, ਨਸੀਬ ਕੌਰ, ਡਾ: ਜਸਮਿੰਦਰ ਕਰਵਲ, ਰਣਜੀਤ ਕੌਰ, ਮਨਜੀਤ ਸਿੰਘ, ਰਜਨੀ
ਸਿੰਘ, ਗੁਰਪ੍ਰੀਤ ਕੌਰ, ਕੰਵਰਪ੍ਰੀਤ ਕੌਰ, ਕਾਕਾ ਕੰਵਰਪਾਲ ਸਿੰਘ, ਬੀ ਐਸ
ਧਾਰੀਵਾਲ, ਮਲੂਕ ਸਿੰਘ ਕਾਹਲੋਂ, ਸੁਮਨ ਮੌਦਗਿਲ, ਕਰਨਵੀਰ ਸਿੰਘ, ਅਮਨਦੀਪ
ਕਰਵਲ, ਸੰਜੀਵ ਸਿੰਘ ਭੱਟੀ, ਰਿਪਨਜੀਤ ਸਿੰਘ, ਮਨਪ੍ਰੀਤ ਕੌਰ, ਇੰਦਰਜੀਤ
ਸਹੋਤਾ, ਜਸਬੀਰ ਸਿੰਘ ਬੋਪਾਰਾਏ, ਗੁਰਮਿੰਦਰ ਸਿੰਘ ਲਾਲੀ, ਜੋਵਨ ਦਿਉਲ ਅਤੇ
ਪਰਮਜੀਤ ਢਿੱਲੋਂ ਉੁਚੇਚੇ ਤੌਰ ਤੇ ਹਾਜ਼ਿਰ ਹੋਏ।
ਅਜੀਤ
ਵੀਕਲੀ ਦੀ ਸਰਪ੍ਰਸਤ ਸ਼੍ਰੀਮਤੀ ਕੰਵਲਜੀਤ ਕੌਰ ਬੈਂਸ ਹੁਰਾਂ ਦੇ ਸੁਆਦਲੇ ਖਾਣੇ
ਦਾ ਸਾਰਿਆਂ ਨੇ ਖੂਬ ਅਨੰਦ ਮਾਣਿਆ। ਅੰਤ ਵਿੱਚ ਕਲਮ ਦੇ ਸਰਪ੍ਰਸਤ ਅਤੇ ਅਜੀਤ
ਵੀਕਲੀ ਦੇ ਰੂਹੇ ਰਵਾਂ ਡਾ: ਦਰਸ਼ਨ ਸਿੰਘ ਬੈਂਸ ਅਤੇ ਪ੍ਰਧਾਨ ਪਿਆਰਾ ਸਿੰਘ
ਕੁੱਦੋਵਾਲ ਨੇ ਆਏ ਹੋਏ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ। ਵਿਸ਼ਵ ਪੰਜਾਬੀ
ਕਾਨਫ਼ਰੰਸ 2009 ਅਤੇ 2011 ਦੇ ਚੇਅਰਮੈਨ ਸ: ਅਜੈਬ ਸਿੰਘ ਚੱਠਾ ਅਤੇ ਪ੍ਰਧਾਨ
ਗਿਆਨ ਸਿੰਘ ਕੰਗ ਹੁਰਾਂ ਨੇ ਹੋ ਰਹੀਆਂ ਸਰਗਰਮੀਆਂ ਬਾਰੇ ਸਰੋਤਿਆਂ ਨੂੰ ਜਾਣੂ
ਕਰਵਾਇਆ। ਅੱਜ ਦੀ ਭਰਵੀਂ ਮੀਟਿੰਗ ਅਮਿੱਟ ਪੈੜਾਂ ਛੱਡਦੀ ਹੋਈ ਇੱਕ ਯਾਦਗਾਰੀ
ਮਿਲਣੀ ਹੋ ਨਿਬੜੀ।
|