ਡੈਲਟਾ: ਹਰ ਮਹੀਨੇ ਵਾਂਗ ਜੂਨ ਮਹੀਨੇ ਦੇ ਤੀਜੇ ਮੰਗਲਵਾਰ ਦੀ
ਸ਼ਾਮ, ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਿਚ, ਦੋ ਕਵੀਆਂ ਦੇ ਨਾਮ ਕੀਤੀ ਗਈ।
ਇਹ ਨਾਮਵਰ ਸ਼ਾਇਰ ਸਨ ਮੋਹਣ ਗਿੱਲ ਅਤੇ ਹਰਚੰਦ ਸਿੰਘ ਬਾਗੜੀ। ਸਰੋਤਿਆਂ ਦੀ
ਭਰਵੀਂ ਹਾਜ਼ਰੀ ਵਿਚ, ਲਾਇਬ੍ਰੇਰੀਅਨ ਮੀਨਾਕਸ਼ੀ ਸਿੱਧੂ ਦੀ ਥਾਂ ਜਰਨੈਲ ਸਿੰਘ
ਸੇਖਾ ਨੇ ਕਾਵਿ ਮਹਿਫਲ ਮਾਨਣ ਆਏ ਸਰੋਤਿਆਂ ਨੂੰ ਜੀ ਆਇਆਂ ਕਹਿੰਦਿਆਂ ਮੋਹਣ
ਗਿੱਲ ਦੀ ਬਹੁਪੱਖੀ ਸ਼ਖਸੀਅਤ ਤੇ ਉਹਨਾਂ ਦੇ ਕਾਵਿ ਸਫਰ ਬਾਰੇ ਜਾਣਕਾਰੀ ਦੇ ਕੇ
ਉਹਨਾਂ ਨੂੰ ਆਪਣੀਆਂ ਕਵਿਤਾਵਾਂ ਸਰੋਤਿਆਂ ਨਾਲ ਸਾਂਝੀਆਂ ਕਰਨ ਲਈ ਕਿਹਾ।
ਮੋਹਣ ਗਿੱਲ ਨੇ ਲਾਇਬ੍ਰੇਰੀ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ
ਸ਼ਲਾਘਾ ਕਰਨ ਦੇ ਨਾਲ ਨਾਲ ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਅਤੇ
ਪੰਜਾਬੀ ਲੇਖਕ ਮੰਚ ਵੈਨਕੂਵਰ ਦੇ ਇਕ ਦੂਜੇ ਦੇ ਸਹਿਯੋਗ ਨਾਲ ਮਿਲ ਕੇ ਕੰਮ
ਕਰਨ ਦੀ ਵਧਾਈ ਵੀ ਦਿੱਤੀ। ਫਿਰ ਉਹਨਾਂ ਆਪਣੀ ਪਹਿਲੀ ਪੁਸਤਕ 'ਗਿਰਝਾਂ ਦੀ
ਹੜਤਾਲ' ਵਿਚੋਂ ਕੁਝ ਕਵਿਤਾਵਾਂ ਪੜ੍ਹੀਆਂ। ਜਿਵੇ; ਬਿਮਾਰੀ, ਕਾਮੇ ਦੀ
ਪਤਨੀ, ਮਿੱਲ ਮਾਲਕ ਦੀ ਪਤਨੀ ਦੇ ਨਾਂ, ਦੁਸ਼ਮਣ ਦੇ ਨਾਂ ਅਤੇ ਪੰਜਾਬ ਦੇ
ਸੰਤਾਪੇ ਦਿਨਾਂ ਦੀ ਗੱਲ ਕਰਦੀ ਕਵਿਤਾ। ਉਹਨਾਂ ਅਣਜੰਮੀਆਂ ਧੀਆਂ ਨੂੰ ਸਮਰਪਤ
ਇਕ ਕਵਿਤਾ ਸੁਣਾਈ ਜਿਸ ਦੇ ਪਹਿਲੇ ਬੋਲ ਸਨ, "ਕੁੱਖ ਵਿਚ ਜੰਮੀਆਂ ਕੁੱਖਾਂ
ਦੀ, ਕੁੱਖ ਫੇਰ ਸੁਲੱਖਣੀ ਕਰਦੇ ਤੂੰ।" ਸਰੋਤਿਆਂ ਵੱਲੋਂ ਹਰ ਕਵਿਤਾ 'ਤੇ
ਭਰਪੂਰ ਦਾਦ ਮਿਲੀ।
ਆਪਣੇ ਕਾਵਿ ਪਾਠ ਨੂੰ ਜਾਰੀ ਰਖਦਿਆਂ ਉਹਨਾਂ 'ਘਰ ਦਾ ਮਕਾਨ ਵਿਚ ਬਦਲਣਾ',
'ਬੇਟੀ ਵੱਲੋਂ ਮਾਂ ਨੂੰ ਖਤ', ਜਿਸ ਧੀ ਵਿਦੇਸ਼ ਦੀ ਗਾਥਾ ਮਾਰਮਿਕ ਦਰਦੀਲੇ
ਸ਼ਬਦਾਂ ਰਾਹੀਂ ਬਿਆਨ ਕਰਦੀ ਹੈ। ਇਕ ਕਵਿਤਾ
ਕਵੀ ਦੀ ਕਾਵਿ ਸਿਰਜਣਾ ਦੀ ਗੱਲ ਕਰਦੀ ਸੀ। 'ਰਾਜੇ ਦੀ ਕਲਗੀ' ਕਵਿਤਾ ਅਜੋਕੇ
ਰਾਜਨੀਤੀਵਾਨਾਂ 'ਤੇ ਵਿਅੰਗ ਕਸਦੀ ਸੀ।
ਸਾਹਿਬਾਂ ਦੀ ਦੁਬਿਧਾ ਨੂੰ ਬਿਆਨ ਕਰਦੀ ਇਕ ਕਵਿਤਾ ਵੀ ਸੀ।
ਜਿਵੇਂ ਸ਼ਿਵ ਕੁਮਾਰ ਬਟਾਲਵੀ ਨੇ ਲੂਣਾ ਦਾ ਪੱਖ ਪੂਰਿਆ ਸੀ ਉਵੇਂ ਹੀ
ਮੋਹਣ ਗਿੱਲ ਨੇ ' ਸਾਹਿਬਾਂ ਵਿਚਾਰੀ ਕੀ ਕਰੇ' ਕਵਿਤਾ ਵਿਚ ਸਾਹਿਬਾਂ ਦਾ ਪੱਖ
ਪੂਰਿਆ ਹੈ।
ਆਪਣੀਆਂ ਕਵਿਤਾਵਾਂ ਦਾ ਪਾਠ ਸੰਪੂਰਨ ਕਰਨ ਮਗਰੋਂ ਮੋਹਣ ਗਿੱਲ ਨੇ ਹਰਚੰਦ
ਸਿੰਘ ਬਾਗੜੀ ਦੀ ਸ਼ਖਸੀਅਤ ਅਤੇ ਉਹਨਾਂ ਦੇ ਕਾਵਿ ਸਫਰ ਦੀ ਯਾਤਰਾ ਸਰੋਤਿਆਂ
ਨਾਲ ਸਾਂਝੀ ਕਰਨ ਬਾਅਦ ਉਹਨਾਂ ਨੂੰ ਆਪਣੀਆਂ ਮਨਪਸੰਦ ਕਵਿਤਾਵਾਂ ਦਾ ਪਾਠ ਕਰਨ
ਲਈ ਸਟੇਜ 'ਤੇ ਆਉਣ ਦਾ ਸੱਦਾ ਦਿੱਤਾ।
ਹਰਚੰਦ ਸਿੰਘ ਬਾਗੜੀ ਨੇ ਲੋਕਾਂ ਦੀ ਪਸੰਦੀਦਾ ਕਵਿਤਾ 'ਲਿਖਾਰੀ ਤੇ
ਵਿਪਾਰੀ' ਤੋਂ ਆਗਾਜ਼ ਕਰ ਕੇ ਵੱਖ ਵੱਖ ਕਾਵਿ ਵੰਨਗੀਆਂ ਸਰੋਤਿਆਂ ਨੂੰ
ਸੁਣਾਈਆਂ। ਪਹਿਲਾ ਕੁਝ ਸ਼ਿਅਰ ਫਿਰ ਕੁਝ ਦਿਲ ਟੁੰਬਵੇਂ ਸਲੋਕ (ਦੁਹੜੇ)
ਸੁਣਾਏ। ਲੰਮੀਆਂ ਕਵਿਤਵਾਂ ਵਿਚ 'ਮੌਤ ਨਾਲੋੰ ਮਾੜਾ ਹੈ ਤਨਾਅ ਦੋਸਤੋ',
'ਕਿਨਾਰਾ', ਇਕ ਬਜ਼ੁਰਗ ਦੇ ਦਰਦ ਨੂੰ ਬਿਆਨ ਕਰਦੀ ਕਵਿਤਾ 'ਟੁੱਟ ਗਈ ਐਨਕ',
ਅਮ੍ਰਿਤਾ ਪ੍ਰੀਤਮ ਨੂੰ ਵਾਰਸ ਸ਼ਾਹ ਦਾ ਸਵਾਲ ਕਿ ਉਸ ਨੇ ਜੇ 47 ਦੇ ਸੰਤਾਪ
ਵੇਲ਼ੇ ਉਸ ਨੂੰ ਅਵਾਜ਼ਾਂ ਮਾਰੀਆਂ ਸਨ ਤਾਂ 84 ਦੇ ਸੰਤਾਪ ਵੇਲ਼ੇ ਉਸ ਦੀ ਕਲਮ
ਕਿਉਂ ਖਾਮੋਸ਼ ਹੋ ਗਈ ਸੀ? ਪਿਤਾ ਦਿਵਸ ਦਾ ਦਿਨ ਲੰਘਿਆ ਹੋਣ ਕਰਕੇ ਇਕ ਕਵਿਤਾ
'ਮੇਰਾ ਬਾਪੂ' ਸੁਣਾਈ ਜਿਹੜੀ ਇਕ ਅਦਰਸ਼ ਬਾਪ ਦੀ ਸ਼ਖਸੀਅਤ ਨੂੰ ਉਭਾਰਦੀ ਸੀ।
ਅਖੀਰ ਵਿਚ ਉਹਨਾਂ ਹਾਸਰਸ ਕਵਿਤਾਵਾਂ ਸੁਣਾ ਕੇ ਸਰੋਤਿਆਂ ਦਾ ਖੂਬ ਮਨੋਰੰਜਨ
ਕੀਤਾ।
ਮੀਨਾਕਸ਼ੀ ਸਿੱਧੂ ਤੋਂ ਪਹਿਲੀ ਲਾਇਬ੍ਰੇਰੀਅਨ ਸਰਬਜੀਤ ਕੌਰ, ਜਿਨ੍ਹਾਂ ਇਸ
ਕਾਵਿ ਸ਼ਾਮ ਦੀ ਪ੍ਰਿਤ ਪਾਈ ਸੀ, ਆਪਣੇ ਜੀਵਨ ਸਾਥੀ, ਡਾ. ਸਰਵਨ ਸਿੰਘ ਰੰਧਾਵਾ
ਨਾਲ ਕਾਵਿ ਮਹਿਫਲ ਵਿਚ ਹਾਜ਼ਰ ਸਨ। ਮੋਹਣ ਗਿੱਲ ਨੇ ਉਹਨਾਂ ਨੂੰ ਵੀ ਦੋ ਮਿੰਟ
ਲਈ ਆਪਣੇ ਵਿਚਾਰ ਸਾਂਝੇ ਕਰਨ ਲਈ ਕਿਹਾ। ਸਰਬਜੀਤ ਰੰਧਾਵਾ ਨੇ ਇਸ ਪ੍ਰਿਤ ਨੂੰ
ਚਾਲੂ ਰੱਖਣ ਲਈ ਲਾਇਬ੍ਰੇਰੀਅਨ ਮੀਨਾਕਸ਼ੀ ਸਿੱਧੂ ਨੂੰ ਵਧਾਈ ਦਿੱਤੀ ਅਤੇ ਨਾਲ
ਹੀ ਕਿਹਾ ਕਿ ਅਜੇਹੇ ਪੰਜਾਬੀ ਪ੍ਰੋਗਰਾਮ ਦੂਸਰੀਆਂ ਲਾਇਬ੍ਰੇਰੀਆਂ ਵਿਚ ਵੀ
ਚਾਲੂ ਕਰਵਾਉਣ ਲਈ ਉਹ ਯਤਨ ਕਰਦੇ ਰਹਿਣਗੇ। ਲਾਇਬ੍ਰੇਰੀ ਵੱਲੋਂ ਦਿੱਤੇ ਜਾਣ
ਵਾਲੇ ਸਨਮਾਨ ਚਿੰਨ੍ਹ ਰੰਧਾਵਾ ਜੋੜੀ ਨੇ ਮੋਹਣ ਗਿੱਲ ਅਤੇ ਹਰਚੰਦ ਸਿੰਘ
ਬਾਗੜੀ ਨੂੰ ਪ੍ਰਦਾਨ ਕੀਤੇ।
ਅੰਤ ਵਿਚ ਜਰਨੈਲ ਸਿੰਘ ਸੇਖਾ ਨੇ ਆਏ ਸਰੋਤਿਆਂ ਦਾ ਗੰਭੀਰਤਾ ਨਾਲ ਕਾਵਿ ਪਾਠ
ਸੁਣਨ ਲਈ ਧੰਨਵਾਦ ਕੀਤਾ ਅਤੇ 17 ਜੁਲਾਈ ਦੀ ਸ਼ਾਮ ਨੂੰ ਮੁੜ ਏਥੇ ਹੀ ਮਿਲਣ ਦਾ
ਸੱਦਾ ਦਿੱਤਾ।ਇਕ ਫੋਟੋ ਸੈਸ਼ਨ ਕਰਨ ਮਗਰੋਂ ਸਭਾ ਸਮਾਪਤ ਹੋਈ।
23/06/12
|