ਟੋਰਾਂਟੋ (ਜੰਜੂਆ) - ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਅਜੀਤ ਵੀਕਲੀ
ਅਖਬਾਰ ਦੇ ਸੰਸਥਾਪਕ ਐਡੀਟਰ ਅਤੇ ਵਿਦਵਾਨ ਡਾ: ਦਰਸ਼ਨ ਸਿੰਘ ਬੈਂਸ ਨਮਿਤ
ਸ਼ਰਧਾਂਜ਼ਲੀ ਸਮਾਰੋਹ ਅਜੀਤ ਭਵਨ ਵਿਖੇ ਵਿਖੇ ਹੋਇਆ। ਭਰਵੀਂ ਹਾਜ਼ਰੀ ਵਾਲੇ ਇਸ
ਸਮਾਰੋਹ ਦਾ ਪ੍ਰਬੰਧ ਕਲਮ ਲੈਂਗੁਏਜ ਡਿਵੈਲਪਮੈਂਟ ਫਾਊਂਡੇਸ਼ਨ ਅਤੇ ਡਾ: ਦਰਸ਼ਨ
ਸਿੰਘ ਬੈਂਸ ਨਾਲ ਸਨੇਹ ਰੱਖਣ ਵਾਲੇ ਸੱਜਣਾਂ ਨੇ ਰਲ਼ ਕੇ ਕੀਤਾ। ਸਮਾਰੋਹ ਦੇ
ਸ਼ੁਰੂ ਵਿੱਚ ਡਾ: ਦਰਸ਼ਨ ਸਿੰਘ ਦੇ ਜੀਵਨ ਤੇ ਬਣੀ 26 ਮਿੰਟ ਦੀ ਇੱਕ
ਡਾਕੂਮੈਂਟਰੀ ਫਿਲਮ ਦਿਖਾਈ ਗਈ। ਇਸ ਸਮਾਰੋਹ ਦਾ ਸੰਚਾਲਨ ਕਲਮ ਫਾਉਂਡੇਸ਼ਨ ਦੇ
ਚੇਅਰਮੈਨ ਅਜਾਇਬ ਸਿੰਘ ਚੱਠਾ ਅਤੇ ਪ੍ਰਧਾਨ ਪਿਆਰਾ ਸਿੰਘ ਕੁੱਦੋਵਾਲ ਨੇ
ਕੀਤਾ।
ਅਜਾਇਬ ਸਿੰਘ ਚੱਠਾ ਨੇ ਪ੍ਰਧਾਨਗੀ ਭਾਸ਼ਨ ‘ਚ ਬੋਲਦਿਆਂ ਹਾਜ਼ਿਰ ਬੁਲਾਰਿਆਂ
ਨੂੰ ਡਾ: ਦਰਸ਼ਨ ਸਿੰਘ ਬੈਂਸ ਦੀ ਸ਼ਖ਼ਸ਼ੀਅਤ, ਉਨ੍ਹਾਂ ਦੇ ਪੱਤਰਕਾਰੀ ਦੇ ਖੇਤਰ
‘ਚ ਅਤੇ ਪੰਜਾਬੀ ਜ਼ੁਬਾਨ ਨੂੰ ਪ੍ਰਫ਼ੁੱਲਤ ਕਰਨ ‘ਚ ਪਾਏ ਯੋਗਦਾਨ ਬਾਰੇ ਸੰਖੇਪ
‘ਚ ਆਪਣੇ ਅਨੁਭਵ ਸਾਰਿਆਂ ਨਾਲ ਸਾਂਝੇ ਕਰਨ ਲਈ ਬੇਨਤੀ ਕਰਦਿਆਂ ਕਿਹਾ ਕਿ
ਸਾਡੇ ਸਾਰਿਆਂ ਵਿੱਚੋਂ ਹਰ ਇੱਕ ਇਨਸਾਨ ਡਾ: ਸਾਹਿਬ ਨਾਲ ਸਿੱਧੇ ਜਾਂ ਅਸਿੱਧੇ
ਤੌਰ ਤੇ ਜੁੜਿਆ ਰਿਹਾ ਹੈ ਅਤੇ ਕਿਸੇ ਵਿਛੜੇ ਸੱਜਣ ਦੀ ਯਾਦ ਵਿੱਚ ਇੰਨਾਂ
ਭਰਵਾਂ ਇਕੱਠ ਹੋਣਾ ਉਹਨਾਂ ਦੀ ਹਰਮਨਪਿਆਰਤਾ ਦਾ ਸਬੂਤ ਹੈ।
ਸਮਾਰੋਹ ਦੌਰਾਨ ਹਮਦਰਦ ਅਖ਼ਬਾਰ ਦੇ ਸੰਪਾਦਕ ਅਮਰ ਸਿੰਘ ਭੁੱਲਰ ਨੇ ਡਾ:
ਦਰਸ਼ਨ ਸਿੰਘ ਬੈਂਸ ਨਾਲ ਬਿਤਾਏ ਦਿਨ ਅਤੇ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ
ਡਾ: ਬੈਂਸ ਵਲੋਂ ਕਨੇਡਾ ਦੀ ਪੰਜਾਬੀ ਪੱਤਰਕਾਰੀ ਨੂੰ ਨਵੀ ਸੇਧ ਦੇਣ ਅਤੇ
ਪੰਜਾਬੀ ਦਾ ਪਹਿਲਾ ਮੁਫ਼ਤ ਹਫ਼ਤਾਵਾਰੀ ਅਖ਼ਬਾਰ ਉੱਤਰੀ ਅਮਰੀਕਾ ਦੇ ਚਾਰ ਸ਼ਹਿਰਾਂ
ਤੋਂ ਇਕੱਠਿਆਂ ਸ਼ੁਰੂ ਕਰਕੇ ਨਾਮਣਾ ਖੱਟਣ ਬਾਰੇ ਚਰਚਾ ਵੀ ਕੀਤੀ। ਉਨ੍ਹਾਂ
ਕਿਹਾ ਕਿ ਡਾ: ਬੈਂਸ ਨੇ ਅਜੀਤ ਨੂੰ ਬੁਲੰਦੀਆ ਤੇ ਲਿਜਾਣ ਅਤੇ ਪੱਤਰਕਾਰੀ ਦੇ
ਖੇਤਰ ‘ਚ ਆਪਣਾ ਨਾਮ ਮੂਹਰਲੀ ਕਤਾਰ ਵਿਚ ਸ਼ਾਮਲ ਕਰਵਾਉਣ ਲਈ ਹੱਡ ਭੰਨਵੀਂ
ਮਿਹਨਤ ਕੀਤੀ। ਜਿਸ ਵਿੱਚ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਕੰਵਲਜੀਤ ਕੌਰ
ਬੈਂਸ ਅਤੇ ਬੇਟੇ ਸੰਨੀ ਬੈਂਸ ਅਤੇ ਵਿੰਨੀ ਬੈਂਸ ਉਨ੍ਹਾਂ ਨੇ ਪੂਰਾ ਸਾਥ
ਦਿੱਤਾ। ਖ਼ਬਰਨਾਮਾ ਦੇ ਸੰਪਾਦਕ ਬਲਰਾਜ ਸਿੰਘ ਦਿਉਲ ਨੇ ਕਿਹਾ ਕਿ ਡਾ: ਦਰਸ਼ਨ
ਸਿੰਘ ਬੈਂਸ ਪੰਜਾਬੀ ਪ੍ਰਤੀ ਸਨੇਹ ਬਹੁਤ ਗੂੜਾ ਸੀ ਅਤੇ ਉਹ ਹਮੇਸ਼ਾ ਹੀ
ਪੰਜਾਬੀ ਨੂੰ ਵਿਸ਼ਵ ਪੱਧਰ ਤੇ ਜਿਉਂਦਾ ਰੱਖਣ ਲਈ ਸੰਘਰਸ਼ ਕਰਦੇ ਰਹੇ।
ਕਲਮ
ਦੇ ਸਿਰਕੱਢ ਮੈਂਬਰ ਅਤੇ ਮੀਡੀਆ ਸਲਾਹਕਾਰ ਕੁਲਜੀਤ ਸਿੰਘ ਜੰਜੂਆ ਨੇ ਡਾ:
ਸਾਹਿਬ ਬਾਰੇ ਸ਼ੇਅਰ ਬੋਲਦਿਆਂ ਕਿਹਾ ਕਿ "ਹਰ ਅੱਖ ਨਮ ਹੈ, ਹਰਦਿਲ ਉਦਾਸ ਹੈ
ਉਡਾਰੀ ਮਾਰ ਗਈ ਹੈ ਰੂਹ-ਏ-ਦਰਸ਼ਨ ਸਿੰਘ, ਪਰ ਲਗਦੈ ਉਹ ਅੱਜ ਵੀ ਆਸ ਪਾਸ ਹੈ"।
ਉਨ੍ਹਾਂ ਨੇ ਕਿਹਾ ਕਿ ਜਿੰਦਗੀ ‘ਚ ਤੁਹਾਨੂੰ ਬਹੁਤ ਘੱਟ ਇਨਸਾਨ ਮਿਲਦੇ ਹਨ
ਜਿਨ੍ਹਾਂ ਤੋਂ ਤੁਹਾਨੂੰ ਪੌਜ਼ਟਿਵ ਐਨਰਜ਼ੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਡਾ:
ਸਾਹਿਬ ਇੱਕ ਇਹੋ ਜਿਹੇ ਇਨਸਾਨ ਸਨ ਜਿਨ੍ਹਾਂ ਦੀ ਸੰਗਤ ਨੂੰ ਮੈਂ ਹਮੇਸ਼ਾ ਹੀ
ਖ਼ਬਸੂਰਤੀ ਨਾਲ ਮਾਣਿਆਂ। ਕੈਨੇਡਾ ਦੇ ਇੰਮੀਗਰੇਸ਼ਨ ਜੱਜ ਹਰਜੀਤ (ਹੈਰੀ)
ਧਾਲੀਵਾਲ ਨੇ ਡਾ: ਸਾਹਿਬ ਬਾਰੇ ਬੋਲਦਿਆਂ ਕਿਹਾ ਕਿ ਭਾਂਵੇ ਅੱਜ ਲੱਗ ਰਿਹਾ
ਕਿ ਡਾ: ਸਾਹਿਬ ਦੇ ਤੁਰ ਜਾਣ ਨਾਲ ਖਲਾਅ ਪੇਦਾ ਹੋ ਗਿਆ ਹੈ ਪਰ ਮੈਂ ਪਰਿਵਾਰ
ਨੂੰ ਇਹੀ ਕਹਾਂਗਾ ਕਿ ਜਿੱਥੇ ਉਨ੍ਹਾਂ ਦੀ ਮੌਤ ਦਾ ਸੋਗ ਖਤਮ ਹੋਵੇਗਾ ਉੱਥੋਂ
ਉਨ੍ਹਾਂ ਦੇ ਸਫ਼ਲ ਅਤੇ ਉਦਹਾਰਣੀ ਜੀਵਨ ਦਾ ਜਜ਼ਨ ਸ਼ੁਰੂ ਹੋਵੇਗਾ। ਮੇਜਰ ਮਾਂਗਟ
ਨੇ ਕਿਹਾ ਕਿ ਡਾ: ਬੈਂਸ ਦੀ ਕ੍ਰਿਸ਼ਮਈ ਅਗਵਾਈ, ਨੇਕੀਆਂ ਭਰੀ ਸਮਾਜ ਅਤੇ
ਪੰਜਾਬੀਅਤ ਨੂੰ ਦਿੱਤੀ ਵੱਡਮੁਲੀ ਦੇਣ ਰਹਿੰਦੀ ਉਮਰਾਂ ਤੱਕ ਯਾਦ ਰਹੇਗੀ।ਕਲਮ
ਦੇ ਪ੍ਰਧਾਨ ਪਿਆਰਾ ਸਿੰਘ ਕੁੱਦੋਵਾਲ ਨੇ ਕਿਹਾ ਅਜੀਤ ਅਖਬਾਰ ਦੇ ਐਡੀਟਰ ਹੋਣ
ਦੇ ਨਾਲ ਨਾਲ ਡਾ: ਸਾਹਿਬ ਇੱਕ ਬਹੁਤ ਵਧੀਆ ਅਤੇ ਵਿਦਵਾਨ ਇਨਸਾਨ ਸਨ। ਉਹ
ਹਮੇਸ਼ਾ ਸਾਹਿਤ ਅਤੇ ਪੰਜਾਬੀ ਮਾਂ-ਬੋਲੀ ਦੀ ਉਨੱਤੀ ਲਈ ਤੱਤਪਰ ਰਹਿੰਦੇ ਸਨ।
ਉਨ੍ਹਾਂ ਨੇ ਕਲਮ ਲੈਂਗੁਏਜ ਡਿਵੈਲਪਮੈਂਟ ਫਾਊਂਡੇਸ਼ਨ ਨਾਂ ਦੀ ਸੰਸਥਾ ਸਥਾਪਿਤ
ਕਰਕੇ ਕੈਨੇਡਾ ਵਿਚ ਪੰਜਾਬੀ ਸਾਹਿਤ ਨੂੰ ਪ੍ਰਫੁਲਿੱਤ ਕਰਨ ਲਈ ਇਕ ਮਹੱਤਵਪੂਰਣ
ਯੋਗਦਾਨ ਪਾਇਆ। ਇੰਨਾ ਹੀ ਨਹੀਂ ਸਾਰੀ ਦੁਨੀਆ ਤੇ ਖਾਸ ਕਰਕੇ ਪੱਛਮੀ ਪੰਜਾਬ
ਦੇ ਪੰਜਾਬੀ ਲੇਖਕਾਂ ਨੂੰ ਜੋੜਣ ਅਤੇ ਪੰਜਾਬੀ ਸਾਹਿਤ ਦੀ ਉਨੱਤੀ ਲਈ ਉਨ੍ਹਾਂ
ਦੋ ਪੰਜਾਬੀ ਵਿਸ਼ਵ ਕਾਨਫਰੰਸਾਂ ਕਰਵਾਈਆਂ ਜਿਨ੍ਹਾਂ ਦੀ ਦੁਨੀਆ ਭਰ ਵਿਚ ਬਹੁਤ
ਸ਼ਲਾਘਾ ਹੋਈ। ਜਸਬੀਰ ਕਾਲਰਵੀ ਨੇ ਬਹੁਤ ਹੀ ਸਹੁਣੇ ਲਫ਼ਜ਼ਾਂ ਨਾਲ ਡਾ: ਸਾਹਿਬ
ਨੂੰ ਸ਼ਰਧਾਂਜਲੀ ਦਿੰਦਿਆ ਕਿਹਾ ਕਿ ਡਾ: ਦਰਸ਼ਨ ਸਿੰਘ ਬੈਂਸ ਵਰਗੇ ਪੁਰਸ਼ ਕਦੇ
ਨਹੀਂ ਮਰਦੇ। ਉਹ ਲੋਕਾਂ ਦੇ ਮਨਾਂ ਵਿਚ ਜਿਉਂਦੇ ਰਹਿੰਦੇ ਹਨ।
ਉਪਰੋਕਤ
ਤੋਂ ਇਲਾਵਾ ਕਲਮ ਦੀ ਸਾਬਕਾ ਪ੍ਰਧਾਨ ਜਤਿੰਦਰ ਕੌਰ ਰੰਧਾਵਾ, ਮੀਤ ਪ੍ਰਧਾਨ
ਪਰਮਜੀਤ ਕੌਰ ਦਿਉਲ, ਅਜੀਤ ਵੀਕਲੀ ਦੇ ਸਾਹਿਤਕ ਐਡੀਟਰ ਲੱਖ ਕਰਨਾਲਵੀ,
ਕਾਲਮਕਾਰ ਬਲਰਾਜ ਚੀਮਾ, ਕਵਿੱਤਰੀ ਸੁਰਜੀਤ ਕੌਰ, ਤੱਲਤ ਜ਼ਾਹਿਰਾ, ਪੂਰਨ ਸਿੰਘ
ਪਾਂਧੀ, ਗੁਰਦੇਵ ਸਿੰਘ ਮਾਨ, ਅੰਕਲ ਦੁੱਗਲ, ਸਾਧਾ ਸਿੰਘ ਵੜੈਚ, ਮਹਿੰਦਰਦੀਪ
ਸਿੰਘ ਗਰੇਵਾਲ, ਅਮਰ ਸਿੰਘ ਢੀਂਡਸਾ, ਪ੍ਰੋ: ਚੀਮਾ, ਦਲਬੀਰ ਕਥੂਰੀਆ, ਜਗਜੀਤ
ਸਿੰਗ ਸਾਚਾ, ਪੰਜਾਬੀ ਫੌਰਮ ਕੈਨੇਡਾ ਦੇ ਪ੍ਰਧਾਨ ਜਨਾਬ ਰਸ਼ੀਦ ਨਦੀਮ, ਜਨਾਬ
ਅਸਲਮ ਗੋਰਾ, ਅਹਿਮਦੀਆ ਜਮਾਤ ਦੇ ਇਫ਼ਤਿਖਾਰ ਚੌਧਰੀ, ਜਨਾਬ ਆਸ਼ਿਕ ਰਹੀਲ, ਜਨਾਬ
ਜਾਫ਼ਰੀ, ਜਨਾਬ ਲਤੀਫ਼, ਅਮਰੀਕ ਸਿੰਘ ਰਵੀ, ਮਹਿੰਦਰ ਪ੍ਰਤਾਪ ਸਿੰਘ ਲਾਲੀ,
ਪਰਮਪਾਲ ਸਿੰਘ ਸੰਧੂ, ਜੋਗਿੰਦਰ ਸਿੰਘ ਅਣਖ਼ੀਲਾ, ਮਨਮੋਹਨ ਪਟਿਆਲਵੀ, ਗੁਰਮੀਤ
ਪਨਾਗ, ਕੰਵਲਜੀਤ ਕੌਰ ਢਿੱਲੋਂ, ਜੰਗ ਪਨਾਗ, ਦਿਲਬਾਗ ਬਾਗਾ, ਸਰਬਜੀਤ ਸੱਬਾ,
ਅਰਜਨ ਕੈਂਥ ਨੇ ਡਾ: ਦਰਸ਼ਨ ਸੀਮਗ ਬੈਂਸ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਚੇਅਰਮੈਨ ਅਜਾਇਬ ਸਿੰਘ ਚੱਠਾ ਨੇ ਆਪਣੇ ਸਮਾਪਤੀ ਭਾਸ਼ਣ ਵਿਚ ਕਿਹਾ ਕਿ ਕਲਮ
ਲੈਂਗੁਏਜ ਡਿਵੈਲਪਮੈਂਟ ਫਾਊਂਡੇਸ਼ਨ ਜਲਦੀ ਹੀ ਡਾ: ਦਰਸ਼ਨ ਸਿੰਘ ਬੈਂਸ ਦੀ
ਨਿੱਘੀ ਯਾਦ ‘ਚ ਇਕ ਕਿਤਾਬ ਦੀ ਸੰਪਾਦਨਾ ਕਰਨ ਜਾ ਰਹੀ ਹੈ। ਉਂਨ੍ਹਾਂ ਕਿਹਾ
ਕਿ ਇਸ ਯਾਦਗਾਰੀ ਕਿਤਾਬ ਦੀ ਸੰਪਾਦਨਾ ਹੀ ਡਾ: ਦਰਸ਼ਨ ਸਿੰਘ ਬੈਂਸ ਜੀ ਨੂੰ
ਸੱਚੀ ਸ਼ਰਧਾਂਜਲੀ ਹੋਵੇਗੀ।
ਅੰਤ ਵਿਚ ਮੈਡਮ ਕੰਵਲਜੀਤ ਕੌਰ ਬੈਂਸ ਨੇ ਪ੍ਰਣ ਕਰਦਿਆਂ ਇਸ ਗੱਲ ਨੂੰ
ਦੁਹਰਾਇਆ ਕਿ ਉਹ ਅਤੇ ਉਨਾਂ ਦਾ ਸਾਰਾ ਪਰਿਵਾਰ ਡਾ: ਦਰਸ਼ਨ ਸਿੰਘ ਬੈਂਸ ਦੁਆਰਾ
ਵਿੱਢੇ ਹੋਏ ਕਾਰਜਾਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪੰਜਾਬੀਅਤ ਦੀ
ਪ੍ਰਫੁੱਲਤਾ ਲਈ ਆਪਣਾ ਜੀਵਨ ਸਮਰਪਣ ਕਰਨਗੇ। ਸੰਨੀ ਬੈਂਸ ਨੇ ਹਾਜ਼ਿਰ ਕਲਮ ਦੇ
ਸਮੁਹ ਮੈਂਬਰਾਨ, ਦੋਸਤਾਂ, ਮਿੱਤਰਾਂ ਅਤੇ ਲੇਖਕਾਂ ਅਤੇ ਵਿਸ਼ੇਸ਼ ਤੌਰ ‘ਤੇ
ਮੀਡੀਏ ਦਾ ਇਸ ਸ਼ਰਧਾਂਜ਼ਲੀ ਸਮਾਰੋਹ ‘ਚ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ।
14/06/12
|