ਕੈਲਗਰੀ: ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 7 ਜੁਲਾਈ 2012
ਦਿਨ ਸ਼ਨਿੱਚਰਵਾਰ ੨ ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਦੇ ਹਾਲ ਵਿਚ
ਹੋਈ। ਫੋਰਮ ਦੇ ਸਕੱਤਰ ਜੱਸ ਚਾਹਲ ਨੇ ਸਭਨੂੰ ਜੀ ਆਇਆਂ ਆਖਿਆ ਅਤੇ ਪ੍ਰੋ.
ਸ਼ਮਸ਼ੇਰ ਸਿੰਘ ਸੰਧੂ 'ਤੇ ਜਨਾਬ ਸਬ੍ਹਾ ਸ਼ੇਖ ਹੋਰਾਂ ਦੀ ਪ੍ਰਧਾਨਗੀ ਵਿੱਚ ਅੱਜ
ਦੀ ਮੀਟਿਂਗ ਦੀ ਕਾਰਵਾਈ ਸ਼ੁਰੂ ਕੀਤੀ। ਸਕੱਤਰ ਨੇ ਪਿਛਲੀ ਇਕੱਤਰਤਾ ਦੀ
ਰਿਪੋਰਟ ਪੜ੍ਹਕੇ ਸੁਣਾਈ ਜੋ ਕਿ ਸਭਾ ਵਲੋਂ ਪਰਵਾਨ ਕੀਤੀ ਗਈ।
ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਹੋਰਾਂ ਪੰਜਾਬੀ ਗ਼ਜ਼ਲਗੋ ਅਜਾਇਬ ਚਿੱਤਰਕਾਰ ਦੇ
ਦੇਹਾਂਤ ਦੀ ਦੁਖਦਾਈ ਖ਼ਬਰ ਸਾਂਝਿਆਂ ਕਰਦਿਆਂ ਉਹਨਾਂ ਦੇ ਸਾਹਿਤਕ ਜੀਵਨ ਬਾਰੇ
ਅਪਣੇ ਵਿਚਾਰ ਸਾਂਝੇ ਕੀਤੇ। ਸਭਾ ਵਲੋਂ ੧ ਮਿੰਟ ਦਾ ਮੋਨ ਰਖਕੇ ਅਜਾਇਬ
ਚਿੱਤਰਕਾਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਉਪਰੰਤ ਅਪਣੀ ਇਸ ਗ਼ਜ਼ਲ ਨਾਲ
ਅੱਜ ਦਾ ਸਾਹਿਤਕ ਦੌਰ ਸ਼ੁਰੂ ਕੀਤਾ –
'ਵੇਖੋ ਦਰਸ ਤਿਹਾਈਆਂ ਅਖੀਆਂ
ਛਮ ਛਮ ਛਹਿਬਰ ਲਾਈਆਂ ਅਖੀਆਂ।
ਸਦਕੇ ਜਾਵਾਂ ਦਿਲਬਰ ਤੇਰੇ
ਨਾਲ ਜਿਦ੍ਹੇ ਮੈਂ ਲਾਈਆਂ ਅਖੀਆਂ।
ਬੰਦਾ ਬੰਦੇ ਦਾ ਕਿਉ ਵੈਰੀ
ਤਕ ਤਕ ਨੇ ਸ਼ਰਮਾਈਆਂ ਅਖੀਆਂ'।
ਅਜਾਇਬ ਸਿੰਘ ਸੇਖੋਂ ਹੋਰਾਂ ਅਪਣੀ ਭਾਵਨਾਤਮਕ ਕਹਾਣੀ 'ਬੁਢਾਪੇ ਦਾ
ਸਂਤਾਪ' ਪੜ੍ਹਕੇ ਜ਼ਿੰਦਗੀ ਦੇ ਇਸ ਦੌਰ ਦੀ ਕੌੜੀ ਹਕੀਕਤ ਬਹੁਤ ਖ਼ੂਬਸੂਰਤੀ ਨਾਲ
ਬਯਾਨ ਕਰ ਦਿੱਤੀ। ਸੁਰਿੰਦਰ ਸਿੰਘ ਢਿਲੋਂ ਨੇ ਮਸ਼ਹੂਰ ਗਾਇਕ ਮਹਿੰਦੀ ਹਸਨ ਦੇ
ਨਿਧਨ ਤੇ ਦੁਖ ਪ੍ਰਗਟਾਇਆ ਅਤੇ ਤਾਜਾ ਵਿਸ਼ੇ 'ਗੌਡ ਪਾਰਟੀਕਲ' ਬਾਰੇ ਵਿਸਤਾਰ
ਵਿੱਚ ਜਾਨਕਾਰੀ ਦਿੱਤੀ। ਸਰਬਨ ਸਿੰਘ ਸੰਧੂ ਨੇ ਅਪਣੀ ਕਵਿਤਾ 'ਪੰਜਾਬ ਦੀਆਂ
ਵੋਟਾਂ ਤੇ' ਸੁਣਾਈ –
'ਵੇਖੀਆਂ ਵੋਟਾਂ ਪੰਜਾਬ ਦੀਆਂ, ਪਾਤਾ ਦੋ ਬੀਬੀਆਂ ਛਰਨਾਟਾ
ਮਿੱਠਾ ਬੋਲ ਕੇ ਮੰਗ ਵੋਟਾਂ, ਨਹੀ ਤਾਂ ਪਊ ਸੋਹਣਿਆ ਘਾਟਾ,
ਹੁਣ ਪੰਜ ਸਾਲ ਐ ਫਿੱਰਨਗੇ ਜੀ, ਜਿਵੇਂ ਫੁੱਲਾਂ ਦੁਵਾਲੇ ਭੌਰੇ
ਠੋਡੀ ਤੇ ਹੱਥ ਰੱਖ ਕੇ ਜੀ, ਚੇਤੇ ਕਰਨ ਵਿਦੇਸ਼ੀ ਦੌਰੇ'
ਜਸਵੀਰ ਸਿੰਘ ਸਿਹੋਤਾ ਨੇ ਅਪਨੇ ਵਿਚਾਰ ਕੁਝ ਇਸ ਤਰਾਂ ਲਮਬੱਧ ਕੀਤੇ –
'ਉਂਜ ਵਿਚਰ ਰਹੇ ਨੇ ਹੁਣ ਭੀ ਹੋਣ ਭਾਵੇਂ ਉਹ ਲੋਕ
ਅੱਖੋਂ ਓਲ੍ਹੇ ਹੋਏ ਜਾਪਦੇ ਉਹ ਸਾਉ ਨਾਂ ਦੇ ਲੋਕ
ਸਾਨੂੰ ਸਾਡੇ ਨਹੀਂ ਸਾਡੇ ਲਗਦੇ ਸਾਡੇ ਲਗਦੇ ਹੋਰ
ਗੁਣ ਚੰਗਿਆਈ ਮਨੁਖਤਾ ਦਿੱਤੇ ਬਲਦੀ ਦੇ ਵਿੱਚ ਝੋਖ੍ਹ'
ਬੀਜਾ ਰਾਮ ਨੇ ਅਪਣੀ ਸੁਰੀਲੀ ਅਵਾਜ਼ ਵਿੱਚ ਮਿਰਜ਼ਾ ਗ਼ਾਲਿਬ ਦੀ ਮਸ਼ਹੂਰ ਉਰਦੂ
ਗ਼ਜ਼ਲ ਅਤੇ ਸ਼ਮਸ਼ੇਰ ਸਿੰਘ ਸੰਧੂ ਦੀ ਪੰਜਾਬੀ ਗ਼ਜ਼ਲ ਗਾਕੇ ਸਮਾਂ ਬਨ੍ਹ ਦਿੱਤਾ –
੧-'ਆਹ ਕੋ ਚਾਹਯੇ ਇਕ ਉਮਰ ਅਸਰ ਹੋਨੇ ਤਕ
ਕੌਨ ਜੀਤਾ ਹੈ ਤੇਰੀ ਜ਼ੁਲਫ਼ ਕੇ ਸਰ ਹੋਨੇ ਤਕ'
੨-'ਜਦ ਵਤਨ ਦੀ ਯਾਦ ਆਵੇ ਕੀ ਕਰਾਂ
ਡੁਬ ਡੁਬਾਂਦੇ ਨੈਣ ਧੀਰਜ ਕਿਵ ਧਰਾਂ'
ਹਰਨੇਕ ਬੱਧਨੀ ਹੋਰਾਂ ਦਾ ਸਵਾਗਤ ਹੈ ਜਿਨ੍ਹਾਂ ਅਪਣੀ ਕਵਿਤਾ 'ਮਜ਼ਦੂਰ ਦਾ
ਕੋਈ ਦੇਸ਼ ਨਹੀਂ ਹੁੰਦਾ' ਨਾਲ ਸਭਾ ਵਿੱਚ ਪਹਿਲੀ ਵਾਰੀ ਸ਼ਿਰਕਤ ਕੀਤੀ –
'ਦੇਸ਼ ਤਾਂ ਹੁੰਦੈ ਉਹਨਾ ਦਾ ਜੋ ਰਾਜ ਦੇਸ਼ 'ਤੇ ਕਰਦੇ
ਜਾਂ ਸਰਮਾਏਦਾਰਾਂ ਦਾ ਜੋ ਲੁੱਟ ਤਜੋਰੀਆਂ ਭਰਦੇ
ਮਜ਼ਦੂਰ ਵਿਚਾਰੇ ਰਹਿ ਜਾਂਦੇ ਬਸ ਭੁੱਖ ਨੰਗ ਨਾਲ ਲੜਦੇ'
ਭਗਵੰਤ ਸਿੰਘ ਰੰਧਾਵਾ ਹੋਰਾਂ ਸਾਹਿਤਕਾਰਾਂ ਵਲੋਂ ਸਮਾਜ ਨੂੰ ਦਿੱਤੀ ਸੋਚ
ਅਤੇ ਸੇਧ ਦੇ ਬਾਰੇ ਵਿਸਤਾਰ ਵਿੱਚ ਚਰਚਾ ਕੀਤੀ।
ਸੁਰਜੀਤ ਸਿੰਘ ਪੰਨੂੰ ਹੋਰਾਂ ਇਕ ਗ਼ਜ਼ਲ ਅਤੇ ਕੁਝ ਖ਼ੂਬਸੂਰਤ ਰੁਬਾਈਆਂ ਨਾਲ
ਵਾਹ-ਵਾਹ ਲੁਟ ਲਈ –
'ਜਿੱਤ ਗਿਆ ਤਾਂ ਮੈਂ ਜਿੱਤਿਆ, ਗਿਆ ਹਾਰ ਰੱਬ ਦੀ ਕਰਨੀ
ਭੁੱਲ ਜਾਂਦਾ ਹਾਂ ਕਿ ਅਪਣੀ ਕੀਤੀ ਸਭ ਨੇ ਆਪ ਹੀ ਭਰਨੀ।
ਪਿੱਟਦਾ ਰਹਾਂ ਢੰਡੋਰਾ 'ਪੰਨੂੰਆਂ' ਮੈਂ ਮੰਨਦਾ ਹਾਂ ਇੱਕ ਰੱਬ ਨੂੰ
ਉਂਜ ਪਰ ਥਾਂ-ਥਾਂ ਝੁਕਦਾ ਫਿਰਦਾ ਮੈਂ ਸਾਧਾਂ ਦੀ ਚਰਨੀ'।
ਅਮਰੀਕ ਸਿੰਘ ਸਰੋਆ ਨੇ ਇੱਕ ਮਿੱਨੀ ਕਹਾਣੀ ਅਤੇ ਕੁਝ ਚੁਟਕੁਲੇ ਸੁਣਾ ਕੇ
ਬੁਲਾਰਿਆਂ ਵਿੱਚ ਅਪਣੀ ਹਾਜ਼ਰੀ ਲਵਾ ਲਈ।
ਜਸਵੰਤ ਸਿੰਘ ਸੇਖੋਂ ਨੇ ੫ ਜੁਲਾਈ ਦੇ ਗੁਰੂ ਹਰਗੋਵਿਂਦ ਜੀ ਦੇ ਗੁਰਪੁਰਬ ਦੀ
ਸਭਨੂੰ ਵਧਾਈ ਦਿੰਦੇ ਹੋਏ ਇਹ ਰਚਨਾ ਸਾਂਝੀ ਕੀਤੀ –
'ਪੁੱਤਰ ਬਿਨ ਬਾਬਾ ਜੀ, ਸਾਨੂੰ ਲੱਗਦੇ ਮਹਿਲ ਡਰਾਉਣੇ
ਸੱਚ ਸਿਆਣੇ ਕਹਿੰਦੇ ਨੇ, ਮਾਪੇ ਬਾਲ ਤੇ ਪੁੱਤਰ ਖਿਡਾਉਣੇ
ਲਾ ਨਾਲ ਕਾਲਜੇ ਦੇ, ਆਂਦਰਾਂ ਮੈਂ ਬਾਬਾ ਜੀ ਠਾਰਾਂ
ਸੁਣੋ ਅਰਜ਼ ਨਿਮਾਣੀ ਦੀ, ਮਾਤਾ ਗੰਗਾ ਕਰੇ ਪੁਕਾਰਾਂ'
ਜਨਾਬ ਸਬ੍ਹਾ ਸ਼ੇਖ ਨੇ ਅਪਣੀਆਂ ਉਰਦੂ ਦਿਆਂ ਨਜ਼ਮਾਂ ਪੜਕੇ ਸਭਾ ਤੋਂ
ਤਾਲੀਆਂ ਲੈ ਲਇਆਂ –
੧-'ਮੁਝੇ ਸ਼ੇਖ਼ ਰਹਨਾ ਯਹਾਂ ਕਿਸ ਕਦਰ ਦੁਸ਼ਵਾਰ ਹੁਆ
ਹਰ ਲਮਹਾ ਹਰ ਅਮਲ ਯਹਾਂ ਹਿਸਾਬ ਸ਼ੁਮਾਰ ਹੁਆ'
੨-'ਉਸੇ ਕਯਾ ਖ਼ਬਰ ਮਝਧਾਰੋਂ ਕੀ ਨੌਖੇਜ਼ ਉਸਕੀ ਜਵਾਨੀ ਹੈ
ਰਫ਼ਤਾ ਰਫ਼ਤਾ ਫ਼ੁਗਰ ਹੋ ਗਈ ਕਸ਼ਤੀ ਦਰਯਾ ਮੇਂ ਉਤਰੀ ਹੈ'
ਹਰਬੰਸ
ਬੁੱਟਰ, ਜੋ ਕਿ ਹੁਣ ਅੋਮਨੀ ਟੀਵੀ ਦੇ ਵੀ ਰਿਪੋਰਟਰ ਬਣ ਗਏ ਹਨ, ਨੇ ਕਿਹਾ ਕਿ
ਅਪਣੇ ਭਾਈਚਾਰੇ ਨੂੰ ਨਾ ਸਿਰਫ਼ ਅਪਣੇ ਪ੍ਰੋਗਰਾਮਾਂ ਵਿੱਚ ਹੀ ਬਲਕਿ ਕਨੇਡਿਅਨ
ਹੋਣ ਦੇ ਨਾਤੇ ਕੈਨੇਡਾ ਦੇ ਹਰ ਤਰਾਂ ਦੇ ਸਮਾਜਕ ਅਤੇ ਕਲਚਰਲ ਪ੍ਰੋਗਰਾਮਾਂ
ਵਿੱਚ ਵੀ ਹੁਮ-ਹੁਮਾਂ ਕੇ ਹਿੱਸਾ ਲੈਣਾ ਚਾਹੀਦਾ ਹੈ।
ਜੱਸ ਚਾਹਲ ਨੇ 'ਨਜ਼ਰ' ਤੇ ਲਿਖੇ ਉਰਦੂ ਦੇ ਕੁਝ ਸ਼ਿਅਰ ਸਾਂਝੇ ਕੀਤੇ,
ਜਿਵੇਂ ਕਿ ਅਪਣਾ ਲਿਖਿਆ ਇਹ –
'ਦੇਖੂੰ ਜਿਧਰ ਅਬ ਮੁਝਕੋ ਤੋ ਦਿਖਤੀ ਹੈਂ ਬਹਾਰੇਂ
ਕਯਾ ਕੁਛ ਨਾ ਬਦਲ ਡਾਲਾ ਮੁਹੱਬਤ ਕੀ ਨਜ਼ਰ ਨੇ'
ਬੀਬੀ ਗੁਰਚਰਨ ਕੌਰ ਥਿੰਦ ਨੇ ਅਪਣਾ ਕਹਾਣੀ ਸੰਗ੍ਰਹ 'ਸਾਡੇ ਪਿਪਲਾਂ ਦੀ
ਠੰਡੀ-ਠੰਡੀ ਛਾਂ' ਸਭਾ ਦੇ ਪ੍ਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਨੂੰ ਭੇਂਟ
ਕਰਨ ਉਪਰੰਤ ਮਾਦਾ ਭਰੂਨ ਹਤਿਆ ਰੋਕਣ ਬਾਰੇ ਗੱਲ ਕੀਤੀ। ਅੰਤ ਵਿੱਚ ਅਪਣੀ
ਕਵਿਤਾ 'ਸਾਮਰਾਜਵਾਦ' ਸਾਂਝੀ ਕੀਤੀ। ਜਰਨੈਲ
ਸਿੰਘ ਤੱਗੜ ਨੇ ਕੈਨੇਡਾ ਡੇ ਦੀ ਵਧਾਈ ਦਿੰਦੇ ਹੋਏ ਅਪਣੇ ਸਮਾਜ ਵਿੱਚ ਲੜਕੀਆਂ
ਦੇ ਨਾਲ ਕੀਤੇ ਜਾਂਦੇ ਵਿਤਕਰੇ ਬਾਰੇ ਅਪਣੇ ਵਿਚਾਰ ਸਾਂਝੇ ਕੀਤੇ।
ਸੁਰਜੀਤ ਸਿੰਘ ਰੰਧਾਵਾ ਨੇ ਅਪਣੀ ਇਸ ਰਚਨਾ ਨਾਲ ਸਭਾ ਨੂੰ ਖ਼ੁਸ਼ ਕਰ ਦਿੱਤਾ
–
'ਕੱਚੀ ਇਮਾਰਤ ਹਰ ਵਕਤ ਖਤਰੇ ਚ ਰਹਿੰਦੀ ਏ
ਚੜ੍ਹਾਈ ਦੇਰ ਤਕ ਕਿਸ ਸ਼ਖਸ ਦੇ ਹਿਸੇ ਚ ਰਹਿੰਦੀ ਏ
ਮੈਂ ਤੇ ਇਨਸਾਨ ਹਾਂ ਅਕਸਰ ਲੜਖੜਾ ਹੀ ਜਾੰਦਾ ਹਾਂ
ਹਵਾ ਵੀ ਛੋਹ ਜਾਵੇ ਉਨੂ ਬੜਾ ਚਿਰ ਮਸਤ ਰਹਿੰਦੀ ਏ'
ਮੋਹਨ ਸਿੰਘ ਮਿਨਹਾਸ ਨੇ ਅੰਗਰੇਜ਼ੀ ਵਿੱਚ 'ਬਰਨਿਂਗ ਇਸ਼ੂ' ਲੇਖ ਪੜਿਆ ਅਤੇ
ਇਹ ਸ਼ਿਅਰ ਸੁਣਾਇਆ –
'ਨਿਸ਼ਾਨੀ ਅਪਨੇ ਘਰ ਕੀ ਕਯਾ ਬਤਾਉਂ ਤੁਝ ਕੋ
ਜਹਾਂ ਵੀਰਾਨੀਆਂ ਦੇਖੋ ਵਹੀਂ ਚਲੇ ਆਨਾ'
ਕੇ. ਐਨ. ਮਹਿਰੋਤਰਾ ਪਿੰਕੀ ਵਰਮਾ ਦੀ ਹਿੰਦੀ ਕਵਿਤਾ 'ਜ਼ਿੰਦਗੀ ਕੀ
ਹਕੀਕਤ' ਤੇ ਹੋਰ ਮਿੰਨੀ ਕਵਿਤਾਵਾਂ ਪੜਕੇ ਬੁਲਾਰਿਆਂ ਵਿੱਚ ਸ਼ਾਮਿਲ ਹੋ ਗਏ –
'ਤਨਹਾਈਯੋਂ ਕੋ ਚਮਨ ਬਨਾ ਲਿਯਾ ਥਾ ਹਮਨੇ
ਸੂਨੀ ਆੰਖੋਂ ਮੇਂ ਸਪਨੋਂ ਕੋ ਸਜਾ ਲਿਯਾ ਥਾ ਹਮਨੇ'
ਡਾ. ਮਨਮੋਹਨ ਸਿੰਘ ਬਾਠ ਨੇ ਤਰੱਨਮ ਵਿੱਚ ਇਹ ਦੋ ਮਸ਼ਹੂਰ ਹਿੰਦੀ ਗੀਤ ਗਾ
ਕੇ ਅਪਨੀ ਅਵਾਜ਼ ਦਾ ਲੋਹਾ ਮਨਵਾ ਦਿੱਤਾ –
੧-'ਰੰਗ ਅੋਰ ਨੂਰ ਕੀ ਬਾਰਾਤ ਕਿਸੇ ਪੇਸ਼ ਕਰੂੰ'
੨-'ਇਤਨੀ ਹਸੀਨ ਇਤਨੀ ਜਵਾਂ ਰਾਤ ਕਯਾ ਕਰੇਂ'
ਬੀਬੀ ਕਮਿਲਾ ਪ੍ਰਸਾਦ ਨੇ ਤਰੱਨਮ ਵਿੱਚ ਪ੍ਰਭੁ ਯੀਸ਼ੂ ਦੀ ਇਹ ਉਸਤੁਤ ਗਾਕੇ
ਅੱਜ ਸਭਾ ਵਿੱਚ ਪਹਿਲੀ ਵਾਰ ਸ਼ਿਰਕਤ ਕੀਤੀ –
'ਯਾਦੇਂ ਜਬ ਬਹੁਤ ਸਤਾਏਂ ਯੀਸ਼ੂ ਕੋ ਯਾਦ ਕਰਨਾ
ਖਵਾਹਿਸ਼ੇਂ ਜਬ ਰੁਲਾਏਂ ਯੀਸ਼ੂ ਕੋ ਯਾਦ ਕਰਨਾ
ਅਪਨੇ ਜਬ ਦਿਲ ਦੁਖਾਏਂ ਯੀਸ਼ੂ ਕੋ ਯਾਦ ਕਰਨਾ'
ਇਹਨਾਂ ਤੋਂ ਇਲਾਵਾ ਜਗੀਰ ਸਿੰਘ ਘੁੱਮਣ ਨੇ ਵੀ ਸਭਾ ਦੀ ਰੌਨਕ ਵਧਾਈ।
ਫੋਰਮ ਵਲੋਂ ਚਾਹ ਅਤੇ ਸਨੈਕਸ ਦਾ ਢੁਕਵਾਂ ਪ੍ਰਬੰਧ ਕੀਤਾ ਗਿਆ ਸੀ।
ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਅਤੇ ਜੱਸ ਚਾਹਲ ਨੇ ਸਭਾ ਵਿੱਚ ਆਉਣ ਲਈ ਸਭਦਾ
ਧੰਨਵਾਦ ਕਰਦੇ ਹੋਏ ਅਗਲੀ ਇਕਤਰਤਾ ਲਈ ਸਾਰਿਆਂ ਨੂੰ ਪਿਆਰ ਭਰਿਆ ਸੱਦਾ
ਦਿੱਤਾ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉਰਦੂ ਤੇ
ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ
ਕਰਨਾ ਤੇ ਸਾਂਝਾਂ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ
ਕਰੇਗਾ। ਸਾਹਿਤ/ ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ
ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ
ਪਾਵੇਗੀ।
ਰਾਈਟਰਜ਼ ਫੋਰਮ ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ ਤਰਾਂ
ਪਹਿਲੇ ਸ਼ਨਿੱਚਰਵਾਰ 4 ਅਗੱਸਤ 2012 ਨੂੰ 2-00 ਤੋਂ 5-00 ਵਜੇ ਤਕ ਕੋਸੋ ਦੇ
ਹਾਲ 102-3208, 8 ਐਵੇਨਿਊ ਵਿਚ ਹੋਵੇਗੀ। ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ
ਸਾਹਿਤਕਾਰਾਂ ਨੂੰ ਇਸ ਵੱਨ ਸਵੰਨੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ
ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ
(ਪ੍ਰੈਜ਼ੀਡੈਂਟ) ਨਾਲ 403-285-5609, ਸਲਾਹੁਦੀਨ ਸਬਾ ਸ਼ੇਖ਼ (ਵਾਇਸ
ਪ੍ਰੈਜ਼ੀਡੈਂਟ) ਨਾਲ 403-547-0335, ਜੱਸ ਚਾਹਲ (ਸਕੱਤਰ) ਨਾਲ
403-667-0128, ਜਤਿੰਦਰ ਸਿੰਘ 'ਸਵੈਚ' (ਪ੍ਰਬੰਧ ਸਕੱਤਰ) ਨਾਲ
403-903-5601, ਜਾਂ ਜਾਵੇਦ ਨਜ਼ਾਮੀਂ (ਈਵੈਂਟਸ ਕੋਆਰਡੀਨੇਟਰ) ਨਾਲ
403-988-3961 ਤੇ ਸੰਪਰਕ ਕਰ ਸਕਦੇ ਹੋ।
17/07/12 |