ਕੈਲਗਰੀ : ਅਰਪਨ ਲਿਖਾਰੀ ਸਭਾ ਦਾ ਸਾਲਾਨਾ ਸਮਾਗਮ 2 ਜੂਨ 2012 ਨੂੰ ਖ਼ਚਾ
ਖ਼ਚ ਭਰੇ ਟੈਂਪਲ ਕੁਮਿਉਨਟੀ ਹਾਲ ਵਿੱਚ ਹੋਇਆ।
ਸਭਾ ਦੇ ਜਨਰਲ ਸਕੱਤਰ ਇਕਬਾਲ ਖ਼ਾਨ ਨੇ ਸਟੇਜ ਸੰਭਾਲਦਿਆਂ ਸਭਾ ਦੇ ਪ੍ਰਧਾਨ
ਸਤਨਾਮ ਸਿੰਘ ਢਾਅ, ਮੁਖ ਮਹਿਮਾਨ ਰਵਿੰਦਰ ਰਵੀ, ਡਾ. ਰਘਬੀਰ ਸਿੰਘ ਸਿਰਜਣਾ,
ਡਾ. ਸੁਖਦੇਵ ਸਿੰਘ ਜਨਰਲ ਸਕੱਤਰ ‘ਪੰਜਾਬੀ ਸਾਹਿਤ ਐਕਾਡਮੀ ਲੁਧਿਆਣਾ’,
ਮਨਜੀਤ ਮੀਤ ਕੇਂਦਰੀ ਪੰਜਾਬੀ ਲੇਖਕ ਸਭਾ ਵੈਨਕੋਵਰ, ਡਾ. ਮੇਹਿਰਬਾਨ ਬਟਾਲਵੀ,
ਡਾ.ਪ੍ਰਿਥਵੀ ਰਾਜ ਕਾਲੀਆ, ਨੂੰ ਪ੍ਰਧਾਨਗੀ ਮੰਡਲ ਵਿੱਚ ਸ਼ਸ਼ੋਭਤ ਹੋਣ ਲਈ
ਬੇਨਤੀ ਕੀਤੀ। ਸਭਾ ਦੇ ਮੀਤ ਪ੍ਰਧਾਨ ਕੇਸਰ
ਸਿੰਘ ਨੀਰ ਨੇ ਸਾਰਿਆਂ ਨੂੰ “ਜੀ ਆਇਆਂ” ਨੂੰ ਕਹਿੰਦਿਆਂ ਸਭਾ ਦੇ ਕੰਮਾਂ
ਬਾਰੇ ਸੰਖ਼ੇਪ ਜਾਣਕਾਰੀ ਦਿੱਤੀ। ਸਪੌਸਰਾਂ,
ਸਮੁਚੇ ਪੰਜਾਬੀ ਮੀਡੀਆ ਦਾ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।
ਕੈਲਗਰੀ ਦੇ ਉਭਰ ਰਹੇ ਕਲਾਕਾਰ ਨਿੰਮਾਂ ਖੈਹਰਾ ਨੇ ਪੰਜਾਬੀ ਬੋਲੀ ਬਾਰੇ
ਗੀਤ ਸੁਰੀਲੀ ਆਵਾਜ਼ ਵਿੱਚ ਗਾ ਕੇ ਰੰਗ ਬੰਨ ਦਿੱਤਾ। ਸਰੂਪ ਸਿੰਘ ਮੰਡੇਰ ਅਤੇ
ਜਸਵੰਤ ਸਿੰਘ ਸੇਖੋਂ ਦੀ ਕਵੀਸ਼ਰ-ਜੋੜੀ ਨੇ ਭਰੂਣ-ਹਤਿਆ ਬਾਰੇ ਹੰਸਾਂ ਸਿੰਘ ਦਾ
ਲਿਖਿਆ ਸੁੰਦਰ ਛੰਦ ਪੇਸ਼ ਕੀਤਾ। ਦਲਬੀਰ
ਸਾਂਗਿਆਣ ਨੇ ਪਟਨੇ ਕੋਲ਼ੋ ਜਮਨਾ ਨਦੀ ਦੇ ਸ਼ਾਤ ਹੋ ਲੰਘਣ ਬਾਰੇ ਆਪਣਾ ਨਜ਼ਰੀਆ
ਪੇਸ਼ ਕੀਤਾ। ਅਜੈਬ ਸਿੰਘ ਸੇਖੋਂ ਨੇ ਜ਼ਿੰਦਗੀ
ਨੂੰ ਖੁਸ਼ਹਾਲ ਬਣਾਉਣ ਲਈ ਨੁਖ਼ਸੇ ਭਰਪੂਰ ਕਵਿਤਾ ਪੜ੍ਹੀ। ਡਾ. ਸੁਖਦੇਵ ਸਿੰਘ
ਸਿਰਸਾ ਨੇ ਕਿਹਾ ਕਿ ਰਾਵਿੰਦਰ ਰਵੀ, ਡਾ. ਜਸਬੀਰ ਸਿੰਘ ਆਹਲੂਵਾਲੀਆ ਅਤੇ
ਰਣਧੀਰ ਚੰਦ ਪ੍ਰਯੋਗਸ਼ੀਲ ਲਹਿਰ ਦੇ ਮੋਢੀ ਅਤੇ ਸਿਰ ਕੱਢ ਕਵੀ ਹਨ। ਉਨ੍ਹਾਂ ਨੇ
ਰਵੀ ਦੀ ਸਮੁਚੀ ਸਾਹਿਤਕ ਦੇਣ ਬਾਰੇ ਰੋਸ਼ਨੀ ਪਾਈ।
ਉਨ੍ਹਾਂ ਇਹ ਵੀ ਆਖਿਆ ਕਿ ਬਿਨਾ ਸ਼ੱਕ ਰਾਵਿੰਦਰ ਰਵੀ ਬਹੁਤ ਵੱਡਾ
ਲੇਖਕ ਹੈ ਅਤੇ ਉਸ ਨੂੰ ਵੱਡੇ ਵਡੇ ਪੁਰਸਕਾਰ ਵੀ ਮਿਲ ਚੁੱਕੇ ਹਨ ਪਰ ਲੇਖਕਾਂ
ਵਲੋਂ ਉਸ ਦਾ ਇਹ ਪਹਿਲਾ ਸਨਮਾਨ ਹੈ, ਇਸ ਲਈ ਅਰਪਨ ਲਿਖਾਰੀ ਸਭਾ ਕੈਲਗਰੀ
ਵਧਾਈ ਦੀ ਹੱਕਦਾਰ ਹੈ।
ਅਲਬਰਟਾ ਸੂਬੇ ਦੇ ਕੈਲਗਰੀ ਤੋਂ ਮਨਿਸਟਰ ਆਫ਼ ਸਰਵਿਸ ਅਲਬਰਟਾ, ਮਨਮੀਤ
ਸਿੰਘ ਭੁੱਲਰ ਨੂੰ ਇਕਬਾਲ ਖ਼ਾਨ ਨੇ ‘ਜੀ ਆਇਆ’ ਆਖਦਿਆਂ ਸਟੇਜ ਆਉਣ ਦਾ ਸੱਦਾ
ਦਿੱਤਾ। ਮਨਮੀਤ ਸਿੰਘ ਭੁੱਲਰ ਨੇ ਕੈਲਗਰੀ ਦੇ ਦੋ ਸਕੂਲਾਂ ਵਿੱਚ ਪੰਜਾਬੀ
ਭਾਸ਼ਾ ਦੀ ਪੜ੍ਹਾਈ ਸ਼ੁਰੂ ਹੋਣ ਦੀ ਜਾਣਕਾਰੀ ਦਿੰਦਿਆਂ ਪੰਜਾਬੀ ਮਾਪਿਆਂ ਨੂੰ
ਇਨ੍ਹਾਂ ਸਕੂਲਾਂ ਵਿੱਚ ਬੱਚੇ ਦਾਖ਼ਲ ਕਰਾਉਣ ਲਈ ਅਪੀਲ ਕੀਤੀ। ਸ੍ਰ. ਭੁੱਲਰ ਨੇ
ਅਰਪਨ ਲਿਖਾਰੀ ਸਭਾ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਅਲਬਰਟਾ ਸਰਕਾਰ ਵੱਲੋਂ
ਅਰਪਨ ਲਿਖਾਰੀ ਸਭਾ ਦੇ ਪ੍ਰਧਾਨ ਸਤਨਾਮ ਸਿੰਘ ਢਾਅ ਨੂੰ ਜਦੋਂ 10 ਹਜ਼ਾਰ ਡਾਲਰ
ਦਾ ਚੈਕ ਭੇਟ ਕੀਤਾ ਤਾਂ ਸਾਰਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਸਭਾ ਦੇ
ਪ੍ਰਧਾਨ ਨੇ ਮਨਮੀਤ ਭੁੱਲਰ ਦਾ ਹਾਰਦਿਕ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬੀ
ਪ੍ਰੇਮੀਆਂ ਦੀਆਂ ਆਸਾਂ ਤੇ ਖਰਾ ਉੱਤਰਨ ਦੀ ਕੋਸ਼ਿਸ਼ ਕਰਾਂਗੇ। ਉਨ੍ਹਾਂ ਇਹ ਵੀ
ਕਿਹਾ ਕਿ ਅਸੀਂ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਪੰਜਾਬੀ ਬੋਲੀ ਦੇ ਵਿਕਾਸ
ਅਤੇ ਫੈਲਾਅ ਲਈ ਹਰ ਸਭੰਵ ਯਤਨ ਕਰਾਗੇ।
ਇਸ ਤੋਂ ਪਿੱਛੋਂ ਕੈਲਗਰੀ ਦੇ ਸੁਰੀਲੇ ਗਾਇਕ ਹਰਜੀਤ ਗਿੱਲ ਨੇ ਸ਼ਿਵ ਕੁਮਾਰ
ਬਟਾਲਵੀ ਦਾ ਗੀਤ ‘ਕੀ ਪੁੱਛਦੇ ਹੋ ਹਾਲ ਫ਼ਕੀਰਾਂ ਦਾ’ ਗਾ ਕੇ ਸਰੋਤਿਆਂ ਨੂੰ
ਝੂੰਮਣ ਲਾ ਦਿੱਤਾ। ਡਾ. ਰਘਬੀਰ ਸਿੰਘ ਸਿਰਜਣਾ ਨੇ ਰਾਵਿੰਦਰ ਰਵੀ ਦੀ ਪੰਜਾਬੀ
ਸਾਹਿਤ ਨੂੰ ਦੇਣ ਬਾਰੇ ਪ੍ਰਭਾਵਸ਼ਾਲ਼ੀ ਸ਼ਬਦਾਂ ਵਿੱਚ ਵਿਸਥਾਰ ਨਾਲ ਗੱਲ ਕੀਤੀ
ਅਤੇ ਅਰਪਨ ਲ਼ਿਖਾਰੀ ਸਭਾ ਵੱਲੋਂ ਉਨ੍ਹਾਂ ਦੀ ਕੀਤੀ ਸੁਚਜੀ ਚੋਣ ਦੀ ਸ਼ਲਾਘਾ
ਕੀਤੀ। ਰਾਵਿੰਦਰ ਰਵੀ ਨੂੰ ਸਨਮਾਨਿਤ ਕਰਨ ਤੋਂ ਪਹਿਲਾਂ ਡਾ. ਹਰਭਜਨ ਸਿੰਘ
ਢਿੱਲੋਂ ਨੇ ਬਹੁਤ ਹੀ ਭਾਵਪੁਰਤ ਅਤੇ ਪ੍ਰਭਾਵਸ਼ਾਲੀ ਸ਼ਬਦਾਂ ਵਿੱਚ ਰਵੀ ਦੀ
ਸਮੁਚੀ ਰਚਨਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਤੋ ਬਾਅਦ ਇਕਬਾਲ ਖ਼ਾਨ ਨੇ
ਰਵੀ ਨੂੰ ਆਪਣੇ ਵਿਚਾਰ ਸਾਂਝੇ ਕਰਨ ਦਾ ਸੱਦਾ ਦਿੱਤਾ। ਰਵਿੰਦਰ ਰਵੀ ਨੇ ਬਹੁਤ
ਹੀ ਸੁੰਦਰ ਢੰਗ ਨਾਲ ਆਪਣੇ ਜੀਵਨ, ਆਪਣੀ ਰਚਨਾ, ਆਪਣੇ ਨਾਟਕਾਂ ਦੇ ਖੇਡੇ ਜਾਣ
ਬਾਰੇ ਦੱਸਦਿਆਂ; ਪੁਸਤਕਾਂ ਦੇ ਦੋਹਾਂ ਪੰਜਾਬਾਂ ਦੀਆਂ ਯੂਨੀਵਸਿਟੀਆਂ ਦੇ
ਕੋਰਸਾਂ ‘ਚ ਲੱਗੇ ਹੋਣ ਅਤੇ ਆਪਣੇ ਕਵਿ ਨਾਟਕ “ਮਨ ਦੇ ਹਾਣੀ” ਵਿਚੋਂ ਕਵਿ
ਟੁਕੜੀਆਂ ਸੁਣਾ ਕੇ ਬਹੁਤ ਹੀ ਥੋੜੇ ਸਮੇਂ ਵਿਚ ਬਹੁਤ ਵੱਡੀ ਜਾਣਕਰੀ ਦੇ ਕੇ
ਸਰੋਤਿਆਂ ਤੇ ਜਾਦੂ-ਮਈ ਪ੍ਰਭਾਵ ਛੱਡਿਆ।
ਸਨਮਾਨ
ਦੀ ਰਸਮ ਆਰੰਭ ਕਰਦਿਆਂ ਅਰਪਨ ਲਿਖਾਰੀ ਸਭਾ ਦੇ ਪ੍ਰਧਾਨ ਸਤਨਾਮ ਸਿੰਘ ਢਾਅ ਨੇ
ਪਲੈਕ, ਸਭਾ ਦੇ ਖ਼ਜ਼ਾਨਚੀ, ਹਰਭਜਨ ਸਿੰਘ ਢਿੱਲੋਂ ਨੇ ਇੱਕ ਹਜ਼ਾਰ ਡਾਲਰ ਨਕਦ,
ਸਭਾ ਦੇ ਮੀਤ ਪ੍ਰਧਾਨ ਕੇਸਰ ਸਿੰਘ ਨੀਰ ਅਤੇ ਜਨਰਲ ਸਕੱਤਰ ਇਕਬਾਲ ਖ਼ਾਨ ਨੇ
ਸਭਾ ਦੀਆਂ ਕਿਤਾਬਾਂ ਦਾ ਸੈਟ ਅਤੇ ਇੱਕ ਲੋਈ ਭੇਟ ਕਰਕੇ ਭਰਪੂਰ ਤਾੜੀਆਂ ਦੀ
ਗੂੰਜ ਵਿੱਚ ਉਨ੍ਹਾਂ ਨੂੰ “ਇਕਬਾਲ ਅਰਪਨ ਯਾਦਗਾਰੀ ਪੁਰਸਕਾਰ” ਨਾਲ ਸਨਮਾਨਿਤ
ਕੀਤਾ।ਇਸੇ ਸਮੇਂ ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ਼ ਸਿੰਘ ਜਨਾਗਨ ਨੇ ਰਾਵਿੰਦਰ
ਰਵੀ ਦਾ ਬਣਾਇਆ ਸੁੰਦਰ ਚਿੱਤਰ ਵੀ ਭੇਟ ਕੀਤਾ। ਰਾਵਿੰਦਰ ਰਵੀ ਨੇ ਅਰਪਨ
ਲਿਖਾਰੀ ਸਭਾ ਨੂੰ ਆਪਣੀਆਂ ਸਾਰੀਆਂ ਪੁਸਤਕਾਂ ਦਾ ਸੈਟ ਭੇਟ ਕੀਤਾ।ਉਨ੍ਹਾਂ ਨੇ
ਅਰਪਨ ਲਿਖਾਰੀ ਸਭਾ ਦਾ ਅਤੇ ਚਿੱਤਰਕਾਰ ਹਰਪ੍ਰਕਾਸ਼ ਜਨਾਗਲ ਦਾ ਤਹਿ-ਦਿਲੋਂ
ਧੰਨਵਾਦ ਕੀਤਾ।ਸਨਮਾਨ ਦੀ ਰਸਮ ਸਮੇਂ ਸਮਾਗਮ ਪੂਰੇ ਜੋਬਨ ‘ਤੇ ਪੁੰਹਚ ਗਿਆ।
ਭਾਰਤ ਤੋਂ ਉਚੇਚੇ ਤੌਰ ਪੁਹੰਚੇ ਮਹਿਮਾਨ ਲੇਖਕਾਂ ਡਾ. ਮੇਹਿਰਬਾਨ
ਬਟਾਲਵੀ, ਸੁਰਿੰਦਰ ਕੈਲੇ, ਕਾਂ. ਰਣਧੀਰ ਗਿੱਲ ਅਤੇ ਨਾਵਲਿਸਟ ਅਵਤਾਰ ਸਿੰਘ
ਬਿਲਿੰਗ ਨੂੰ ਪਲੈਕਾਂ ਭੇਟ ਕਰਕੇ ਸਨਮਾਨਿਤ ਕੀਤਾ। ਪ੍ਰਸਿੱਧ ਚਿੱਤਰਕਾਰ
ਹਰਪ੍ਰਕਾਸ਼ ਜਨਾਗਨ ਨੂੰ ਵੀ ਪਲੈਕ ਦੇ ਕੇ ਸਭਾ ਵੱਲੋਂ ਸਨਮਾਨਿਤ ਕੀਤਾ
ਗਿਆ।ਬੀ. ਸੀ. ਤੋਂ ਆਏ ਨਛੱਤਰ ਸਿੰਘ ਗਿੱਲ ਨੇ ਆਪਣਾ ਨਵਾਂ ਲਿਖਿਆ ਨਾਵਲ
‘ਪ੍ਰਿਜ਼ਮ’ ਪ੍ਰਧਾਨਗੀ ਮੰਡਲ ਵਿੱਚ ਬੈਠੇ ਵਿਦਵਾਨਾਂ ਨੂੰ ਭੇਟ ਕੀਤਾ। ਕੁਲਵੰਤ
ਸਿੰਘ ਸਰਾਂ ਅਤੇ ਪ੍ਰੋ. ਮਨਜੀਤ ਸਿੰਘ ਸਿੱਧੂ ਨੇ ਰਵਿੰਦਰ ਰਵੀ ਨੂੰ ਆਪਣੀਆਂ
ਕਿਤਾਬਾਂ ਭੇਟ ਕੀਤੀਆਂ।ਕੇਂਦਰੀ ਪੰਜਾਬੀ ਲੇਖਕ ਸਭਾ ਦੇ ਡਾਇਰੈਕਟਰ ਚਰਨ ਸਿੰਘ
ਵਿਰਦੀ, ਅਤੇ ਸਭਾ ਦੇ ਪ੍ਰਧਾਨ ਮਨਜੀਤ ਮੀਤ ਨੇ ਵੀ ਆਪਣੀਆਂ ਕਿਤਾਬਾਂ ਅਰਪਨ
ਲਿਖਾਰੀ ਸਭਾ ਨੂੰ ਭੇਟ ਕੀਤੀਆਂ।
ਇਸ ਸਮਾਗਮ ਤੇ ਐਮ.ਐਲ .ਏ. ਦਰਸ਼ਣ ਸਿੰਘ ਕੰਗ ਨੇ ਆਪਣੇ ਵਿਚਾਰ ਪੇਸ਼
ਕਰਦਿਆਂ ਇਕਬਾਲ ਅਰਪਨ ਦੀ ਆਪਣੇ ਭਾਈਚਾਰੇ ਪ੍ਰਤੀ ਕੀਤੀ ਸੇਵਾ ਅਤੇ ਅਰਪਨ
ਲਿਖਾਰੀ ਸਭਾ ਦੇ ਕੀਤੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਸੁਝਾ ਦਿੰਦਿਆਂ
ਆਖਿਆ ਕਿ ਵਧ ਤੋਂ ਵੱਧ ਨਵੀਂ ਪੀੜ੍ਹੀ ਨੂੰ ਵੀ ਇਨ੍ਹਾਂ ਪ੍ਰੋਗਰਾਮ ਵਿੱਚ
ਸ਼ਾਮਲ ਕੀਤਾ ਜਾਵੇ। ਮਾ. ਬਚਿੱਤਰ ਸਿੰਘ ਗਿੱਲ ਨੇ ਕਵੀਸ਼ਰ ਕਰਨੈਲ ਸਿੰਘ ਪਾਰਸ
ਰਾਮੂਵਾਲੀਆ ਦੀ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਅੰਤਮ ਸਮੇਂ ਦੇ ਦ੍ਰਿਸ਼
ਨੂੰ ਪੇਸ਼ ਕਰਦੀ ਕਵੀਸ਼ਰੀ ਪੂਰੇ ਜਲੌ ਵਿੱਚ ਪੇਸ਼ ਕਰਕੇ ਸਰੋਤਿਆਂ ਨੂੰ ਕੀਲ
ਲਿਆ। ਕੈਲਗਰੀ ਤੋਂ ਐਮ. ਪੀ. ਦਵਿੰਦਰ ਸ਼ੋਰੀ ਨੇ ਵੀ ਸ਼ਿਰਕਤ ਕੀਤੀ ਅਤੇ ਆਪਣੇ
ਵਿਚਾਰ ਪਰਗਟ ਕਰਦਿਆਂ ਇਕਬਾਲ ਅਰਪਨ ਦੀ ਸ਼ਖ਼ਸੀਅਤ ਬਾਰੇ ਅਤੇ ਉਨ੍ਹਾਂ ਦੀਆਂ
ਪਾਈਆਂ ਲੀਹਾਂ ਉਪਰ ਚੱਲ ਰਹੀ ਅਰਪਨ ਲਿਖਾਰੀ ਸਭਾ ਦੇ ਕੰਮਾਂ ਦੀ ਸਰਾਨਾ ਕੀਤੀ
ਅਤੇ ਆਪਣੇ ਵੱਲੋਂ ਵੀ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਇਸ ਤੋਂ ਬਾਅਦ
ਐਡਮਿੰਟਨ ਤੋ ਏਸ਼ੀਅਨ ਟਾਈਮ ਦੇ ਐਡੀਟਰ ਡਾ. ਪੀ. ਆਰ. ਕਾਲੀਆ ਨੇ ਆਪਣੀ
ਪ੍ਰਸਿੱਧ ਕਵਿਤਾ ‘ਰਾਮਦਾਸ ਉਦਾਸ ਹੈ’ ਸੁਣਾ ਕੇ ਵਾਹ ਵਾਹ ਖੱਟੀ। ਵੈਨਕੋਵਰ
ਤੋਂ ਚਰਨ ਸਿੰਘ ਵਿਰਦੀ, ਸੂਫ਼ੀ ਅਮਰਜੀਤ ਨੇ ਆਪਣੀਆਂ ਕਵਿਤਾਵਾਂ ਆਨੋਖੇ ਅੰਦਾਜ਼
ਵਿੱਚ ਪੇਸ਼ ਕੀਤੀਆਂ।ਸੁਰਿੰਦਰ ਕੈਲੇ ਨੇ ਮਿੰਨੀ ਕਹਾਣੀ ਨਾਲ ਸਰੋਤਿਆਂ ਨੂੰ
ਪ੍ਰਭਾਵਿਤ ਕੀਤਾ।
ਮਾ. ਭਜਨ ਗਿੱਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਮਿਆਰੀ ਪੁਸਤਕ ਦੀ
ਪ੍ਰਦਰਸ਼ਨੀ ਵੀ ਲਾਈ। ਬਹੁਤ ਸਾਰੇ ਪਾਠਕਾਂ ਨੇ ਆਪਣੇ ਮਨ ਪੰਸਦ ਦੀਆਂ ਕਿਤਾਬਾਂ
ਲੈ ਕੇ ਖ਼ੁਸ਼ੀਆਂ ਪ੍ਰਾਪਤ ਕੀਤੀਆਂ।ਉਨ੍ਹਾਂ ਨੇ 23 ਸਤੰਬਰ ਨੂੰ ਤਰਕਸ਼ੀਲਤਾ
ਬਾਰੇ ਸਮਾਗਮ ਕਰਾਉਣ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ
ਆਉਣ ਵਾਲੇ ਸਮਾਗਮ ਵਿੱਚ ਰਵਿੰਦਰ ਰਵੀ ਦਾ ਨਾਟਕ ‘ਮਨ ਦੇ ਹਾਣੀ’ ਕੈਲਗਰੀ
ਵਿੱਚ ਖੇਡਣ ਦਾ ਉਪਰਾਲਾ ਕਰਾਂਗੇ। ਜ਼ਿਕਰ ਯੋਗ ਹੈ ਕਿ ਬੀ.ਸੀ. ਤੋਂ ਤਰਕਸ਼ੀਲ
ਆਗੂ ਅਵਤਾਰ ਗਿੱਲ ਵੀ ਸਮਾਗਮ ਵਿੱਚ ਸ਼ਾਮਲ ਹੋਏ।ਐਡਮਿੰਟਨ ਤੋਂ ਨਵੀਂ ਦੁਨੀਆਂ
ਅਖ਼ਬਾਰ ਵੱਲੋਂ ਨਵਤੇਜ ਬੈਂਸ, ਜਸਬੀਰ ਦਿਉਲ ਨੇ ਹਾਜ਼ਰੀ ਭਰੀ ਤੇ ਸੂਚਨਾ ਵੀ
ਦਿੱਤੀ ਕਿ 9 ਜੂਨ ਨੂੰ ਐਡਮਿੰਟਨ ਵਿਖੇ ਇੱਕ ਨਾਟਕ-ਮੇਲਾ ਕਰਵਾਇਆ ਜਾ ਰਿਹਾ
ਹੈ। ਕੈਲਗਰੀ ਦੇ ਭਾਈਚਾਰੇ ਨੂੰ ਖੁੱਲ੍ਹਾ ਸੱਦਾ ਹੈ।ਵੈਨਕੋਵਰ ਤੋਂ ਜਸਪਾਲ
ਸੰਧੂ ਨੇ ਵੀ ਇਸ ਸਮਾਗਮ ਵਿੱਚ ਆਪਣੀ ਭਰਪੂਰ ਹਾਜ਼ਰੀ ਲਗਵਾਈ।ਗੁਰਚਰਨ
ਟੱਲੇਵਾਲੀਆ ਨੇ ਕੈਨੇਡੀਅਨ ਜੀਵਨ ਦੀ ਦਾਸਤਾਨ ਪੇਸ਼ ਕਰਦੀਆਂ ਬੋਲੀਆਂ ਸੁਣਾ ਕੇ
ਚੰਗਾ ਰੰਗ ਬੰਨਿਆ। ਕੈਲਗਰੀ ਦੇ ਉੱਭਰਦੇ ਨੋਜਵਾਨ ਕਵੀ ਪ੍ਰਦੀਪ ਕੰਗ ਨੇ ਇਕ
ਵਿਲਖਣ ਅੰਦਾਜ਼ ਵਿੱਚ ਕਵਿਤਾ ਪੇਸ਼ ਕੀਤੀ।
ਅਖ਼ੀਰ ਤੇ ਸਭਾ ਦੇ ਪ੍ਰਧਾਨ ਸਤਨਾਮ ਸਿੰਘ ਢਾਅ ਨੇ ਕੈਲਗਰੀ ਦੀਆਂ ਉਨ੍ਹਾਂ
ਸਾਰੀਆਂ ਸੰਸਥਾਵਾਂ, ਜਿਨ੍ਹਾਂ ਨੇ ਇਸ ਸਮਾਗਮ ਤੇ ਹਾਜ਼ਰੀ ਲਗਵਾਈ ਉਨ੍ਹਾਂ ਦਾ
ਤਹਿ ਦਿਲੋਂ ਧੰਨਵਾਦ ਕੀਤਾ। ਇੰਡੀਆ ਤੋਂ ਅਤੇ ਕੈਨੇਡਾ ਭਰ ਤੋਂ ਆਏ ਹੋਏ ਉੱਘੇ
ਵਿਦਵਾਨ ਸਾਹਿਤਕਾਰਾਂ, ਸਮੁਚੇ ਪੰਜਾਬੀ ਭਾਈਚਾਰੇ, ਸਾਰੇ ਸਪੌਸਰਜ਼ ਅਤੇ ਸਮੁਚੇ
ਹੀ ਮੀਡੀਆ (ਪ੍ਰਿੰਟ ਅਤੇ ਇਲੈਕਟ੍ਰੌਨਿਕ) ਦਾ ਧੰਨਵਾਦ ਕੀਤਾ।ਕੈਲਗਰੀ ਅਤੇ
ਐਡਮਿੰਟਨ ਦੇ ਮੀਡੀਆ ਤੋਂ ਇਲਾਵਾ ਟੰਰਟੋ, ਵੈਨਕੋਵਰ ਅਤੇ ਪੰਜਾਬ ਭਰ ਦੇ
ਮੀਡੀਆ ਤੋ ਮਿਲੇ ਸਹਿਯੋਗ ਦਾ ਵੀ ਉਚੇਚਾ ਧੰਨਵਾਦ ਕੀਤਾ ਗਿਆ।ਅਰਪਨ ਲਿਖਾਰੀ
ਸਭਾ ਦੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਵਲੰਟੀਅਰਾਂ ਦਾ ਜ਼ਿਕਰ ਵੀ ਮਾਣ ਨਾਲ
ਕੀਤਾ। ਬੱਚਿਆਂ ਵਿੱਚ ਪੰਜਾਬੀ ਭਾਸ਼ਾ ਸਿਖਣ ਦਾ ਉਤਸ਼ਾਹ ਪੈਦਾ ਕਰਨ ਲਈ ‘ਅਰਪਨ
ਲਿਖਾਰੀ ਸਭਾ ਕੈਲਗਰੀ’ ਵੱਲੋਂ ਕਾਇਦੇ ਵੰਡੇ ਗਏ। ਸ੍ਰ. ਢਾਅ ਨੇ ਕਿਹਾ ਹੋਰ
ਵੀ ਜਿੰਨੇ ਕਾਇਦੇ ਚਾਹੀਦੇ ਹੋਣ ਅਸੀਂ ਮੁਫ਼ਤ ਦਿਆਂਗੇ। ਉਨ੍ਹਾਂ ਪੰਜਾਬੀ
ਮਾਪਿਆਂ ਨੂੰ ਬੇਨਤੀ ਕੀਤੀ ਕਿ ਘਰਾਂ ਵਿਚ ਆਪਣੇ ਬੱਚਿਆਂ ਨਾਲ ਪੰਜਾਬੀ ਬੋਲੋ
ਅਤੇ ਪੰਜਾਬੀ ਸਿਖਣ ਲਈ ਜਿੰਨ੍ਹਾਂ ਸਖੁਲਾਂ ਵਿਚ ਪੰਜਾਬੀ ਲਾਗੂ ਕੀਤੀ ਗਈ ਹੈ
ਆਪਣੇ ਬੱਚਿਆਂ ਨੂੰ ਦਾਖ਼ਲ ਕਰਾਉ। ਉਨ੍ਹਾਂ ਕਿਹਾ ਕਿ ਆਸ ਕਰਦੇ ਹਾਂ ਕਿ ਭਵਿੱਖ
ਵਿੱਚ ਵੀ ਤੁਸੀਂ ਸਾਰੇ ਹੀ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹੋਗੇ ਅਤੇ ਅਸੀਂ
ਇਸ ਤੋਂ ਵੀ ਵੱਧ ਕੰਮ ਕਰਨ ਦੀ ਕੋਸ਼ਿਸ ਕਰਦੇ ਰਹਾਗੇ।
ਹੋਰ ਜਾਣਕਾਰੀ ਲਈ ਸਤਨਾਮ ਸਿੰਘ ਢਾਅ ਨੂੰ 403-285-6091 ‘ਤੇ ਅਤੇ
ਇਕਬਾਲ ਖ਼ਾਨ ਨੂੰ 403-921-8736 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
05/06/12
|