ਟੋਰਾਂਟੋ
- ਚੱਬੇਵਾਲ-ਮਾਹਿਲਪੁਰ ਏਰੀਆ ਐਸੋਸ਼ੀਏਸ਼ਨ ਵਲੋਂ ਆਯੋਜ਼ਤ ਇੱਕ ਸਾਦੇ ਜਿਹੇ
ਪ੍ਰੋਗਰਾਮ ਦੌਰਾਨ ਲਾਹੌਰ ਦੇ ਨਾਮਵਾਰ ਪ੍ਰਗਤੀਵਾਦੀ ਸ਼ਾਇਰ ਅਤੇ ਮਸ਼ਹੂਰ ਰੇਡੀਉ
ਹੋਸਟ ਜਨਾਬ ਅਫ਼ਜ਼ਲ ਸਾਹਿਰ ਦਾ ਟੋਰਾਂਟੋ ਪਹੁੰਚਣ ‘ਤੇ ਨਿੱਘਾ ਸੁਆਗਤ ਅਤੇ
ਸਨਮਾਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਚੱਬੇਵਾਲ-ਮਾਹਿਲਪੁਰ ਏਰੀਆ ਨਾਲ
ਸਬੰਧਤ ਨਾਮਵਰ ਸ਼ਖਸ਼ੀਅਤਾਂ ਤੋਂ ਇਲਾਵਾ ਬਰੈਂਪਟਨ ਸਿਟੀ ਦੇ ਵਾਰਡ ਨੰਬਰ 9 ਅਤੇ
10 ਤੋ ਸਿਟੀ ਕੌਸਲਰ ਵਿੱਕੀ ਢਿੱਲੋਂ ਨੇ ਵੀ ਸ਼ਿਰਕਤ ਕੀਤੀ। ਸਟੇਜ ਤੋਂ ਜਨਾਬ
ਅਫ਼ਜ਼ਲ ਸਾਹਿਰ ਦਾ ਤੁਆਰਫ਼ ਕਰਵਾਉਂਦੇ ਹੋਏ ਕੁਲਜੀਤ ਸਿੰਘ ਜੰਜੂਆ ਹੋਰਾਂ ਨੇ
ਦੱਸਿਆ ਕਿ ਅਫ਼ਜ਼ਲ ਸਾਹਿਰ ਦੇ ਵਡੇਰਿਆਂ ਦਾ ਸਬੰਧ ਪੰਜਾਬ ਦੇ ਜ਼ਿਲ੍ਹਾ
ਹੁਸ਼ਿਆਰਪੁਰ ਦੇ ਪਿੰਡ ਚੱਬੇਵਾਲ ਨਾਲ ਹੈ ਜੋ ਸੰਨ 1947 ਵਿਚ ਪੰਜਾਬ ਦੀ ਵੰਡ
ਸਮੇਂ ਜ਼ਿਲ੍ਹਾ ਲਾਇਲਪੁਰ ਦੇ ਪਿੰਡ ਫਰਾਲਾ ‘ਚ ਜਾ ਵਸੇ ਸਨ।
ਰਸਮੀ ਜਾਣ ਪਛਾਣ ਤੋਂ ਬਾਅਦ ਜਨਾਬ
ਅਫ਼ਜ਼ਲ ਸਾਹਿਰ ਨੇ ਆਪਣੀਆਂ ਰਚਨਾਵਾਂ ਸੁਣਾ ਸਭ ਸਰੋਤਿਆਂ ਨੂੰ ਚਾਰ ਘੰਟੇ ਤੱਕ
ਕੀਲੀ ਰੱਖਿਆ। ਇਸ ਮੌਕੇ ਚੱਬੇਵਾਲ-ਮਾਹਿਲਪੁਰ ਏਰੀਆ ਐਸੋਸ਼ੀਏਸ਼ਨ ਦੇ ਪ੍ਰਧਾਨ
ਮੋਹਣ ਸਿੰਘ ਝੂਟੀ, ਸੀਨੀਅਰ ਸਲਾਹਕਾਰ ਪ੍ਰਿਸੀਪਲ ਜਗਤਾਰ ਸਿੰਘ ਮਿਨਹਾਸ,
ਕੁਲਜੀਤ ਸਿੰਘ ਜੰਜੂਆ, ਅਵਤਾਰ ਸਿੰਘ ਬਡਿਆਲ, ਰਸ਼ਪਾਲ ਸਿੰਘ ਝੂਟੀ, ਜਤਿੰਦਰ
ਸਿੰਘ ਜਸਵਾਲ, ਜਗਜੀਤ ਸਿੰਘ ਮਿਨਹਾਸ, ਸੰਜੀਵ ਸਿੰਘ ਭੱਟੀ, ਰਾਜੇਸ਼ ਮਾਨ,
ਪਵਨੀਸ਼ ਭੱਲਾ, ਜਸਪਾਲ ਸਿੰਘ ਚੀਮਾ, ਸੁਰਿੰਦਰ ਸਿੰਘ ਅਤੇ ਕੌਸਲਰ ਵਿੱਕੀ
ਢਿੱਲੋਂ ਨੇ ਬਰੈਂਪਟਨ ਸਿਟੀ ਵਲੋਂ ਸਰਟੀਫਿਕੇਟ, ਐਸੋਸ਼ੀਏਸ਼ਨ ਵਲੋਂ ਪਲੈਕ,
ਨਕਦੀ ਅਤੇ ਲੋਈ ਨਾਲ ਜਨਾਬ ਅਫ਼ਜ਼ਲ ਸਾਹਿਰ ਨੂੰ ਸਨਮਾਨਿਤ ਕੀਤਾ। ਅਫ਼ਜ਼ਲ ਸਾਹਿਰ
ਨੇ ਆਪਣੀ ਕੈਨੇਡਾ ਦੀ ਇਸ ਫੇਰੀ ਨੂੰ ਸਫਲ ਦੱਸਦਿਆ ਕਿਹਾ ਕਿ ਇਸ ਤੋਂ ਵੱਧ
ਮੇਰੇ ਲਈ ਹੋਰ ਕੀ ਖੁਸ਼ੀ ਹੋ ਸਕਦੀ ਹੈ ਕਿ ਮੈਂ ਹਜ਼ਾਰਾਂ ਮੀਲ ਦੂਰ ਆ ਕੇ ਵੀ
ਆਪਣੇ ਵਡੇਰਿਆਂ ਦੀ ਮਿੱਟੀ ਦੇ ਜਾਇਆਂ ਦਾ ਪਿਆਰ ਮਾਣ ਰਿਹਾ ਹਾਂ।
ਐਸੋਸ਼ੀਏਸ਼ਨ ਦੇ ਸੀਨੀਅਰ ਸਲਾਹਕਾਰ
ਪ੍ਰਿਸੀਪਲ ਜਗਤਾਰ ਸਿੰਘ ਮਿਨਹਾਸ ਨੂੰ ਆਪਣੀ ਸ਼ਾਹਮੁੱਖੀ ‘ਚ ਛਪੀ ਕਾਵਿ ਪੁਸਤਕ
"ਨਾਲ ਸੱਜਣ ਦੇ ਰਹੀਏ" ਭੇਂਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ
ਕਿ ਉਨ੍ਹਾਂ ਦੀ ਇਹ ਕਿਤਾਬ ਗੁਰਮੁੱਖੀ ‘ਚ ਛਪਕੇ ਉਸ ਦੇ ਵਡੇਰਿਆਂ ਦੇ ਪਿੰਡ
ਦੇ ਬੱਚੇ ਬੱਚੇ ਤੱਕ ਅਪੜੇ। ਜ਼ਿਕਰਯੋਗ ਹੈ ਕਿ ਚੱਬੇਵਾਲ-ਮਾਹਿਲਪੁਰ ਏਰੀਆ
ਐਸੋਸ਼ੀਏਸ਼ਨ ਨੇ ਅਫ਼ਜ਼ਲ ਸਾਹਿਰ ਨੂੰ ਉਸਦੀ ਇਹ ਪੁਸਤਕ ਗੁਰਮੁੱਖੀ ‘ਚ ਛਾਪਣ ਦਾ
ਫੈਸਲਾ ਲਿਆ ਹੈ ਜੋ ਕਿ ਨਿਰਸੰਦੇਹ ਇਕ ਸ਼ਲਾਘਾਯੋਗ ਕਦਮ ਹੈ ਅਤੇ ਇਸ ਲਈ ਸਮੂਹ
ਮੈਂਬਰ ਵਧਾਈ ਦੇ ਪਾਤਰ ਹਨ।
|