ਸਿਆਟਲ, ਵਾਸ਼ਿੰਗਟਨ - 30 ਸਤੰਬਰ, 2012 ਦਿਨ ਐਤਵਾਰ ਨੂੰ ਕੈਂਟ,
ਵਾਸ਼ਿੰਗਟਨ ਵਿਖੇ ਪੰਜਾਬੀ ਲਿਖਾਰੀ ਸਭਾ ਸਿਆਟਲ ਦੀ ਮਾਸਿਕ ਇਕੱਤਰਤਾ ਹੋਈ,
ਜਿਸ ਵਿੱਚ ਸਰੀ, ਕੈਨੇਡਾ ਵਸਦੀਆਂ ਪੰਜਾਬ ਦਾ ਮਾਣ ਸੁੱਘੜ ਸੱਭਿਆਚਾਰਕ ਧੀਆਂ
ਸੁਖਵਿੰਦਰ ਕੌਰ ਅਤੇ ਅਨਮੋਲ ਕੌਰ ਹੁਰਾਂ ਦਾ ਸਨਮਾਨ ਕਰਦਿਆਂ ਡਾਢੀ ਖੁਸ਼ੀ
ਮਹਿਸੂਸ ਕੀਤੀ ਗਈ। ਸਭਾ ਦੇਸ਼ ਵਿਦੇਸ਼ ਵਸਦੀਆਂ ਨਾਮੀ ਲਿਖਾਰੀਆਂ ਨੂੰ ਹਮੇਸ਼ਾਂ
ਮਾਣ-ਸਤਿਕਾਰ ਦਿੰਦੀ ਰਹਿੰਦੀ ਹੈ ਅਤੇ ਮਾਇਕ ਪੱਖੋਂ ਗਰੀਬ ਲਿਖਾਰੀਆਂ ਦੀਆਂ
ਚੰਗੀਆਂ ਲਿਖਤਾਂ ਛਪਵਾਉਣ ਲਈ ਵਚਨਬੱਧ ਹੈ। ਸਭਾ ਦੀ ਮੈਂਬਰ ਲੇਖਿਕਾ ਸਵਰਾਜ
ਕੌਰ ਹੁਰਾਂ ਕਿਹਾ ਕਿ ਇਹੋ ਜਿਹੀਆਂ ਧੀਆਂ ਕੌਮਾਂ ਦਾ ਮਾਣ ਵਧਾਉਂਦੀਆਂ ਹਨ,
ਜਿਨਾਂ ਦੇ ਪ੍ਰੇਰਨਾ ਸਰੋਤ ਪ੍ਰੈਕਟੀਕਲ ਕੰਮ, ਉਸਾਰੂ ਲਿਖਤਾਂ ਅਤੇ ਨਿੱਜੀ
ਜੀਵਨ ਸਮਾਜ ਨੂੰ ਸੇਧ ਬਖਸ਼ਦੇ ਹਨ।
ਸੁਖਵਿੰਦਰ ਕੌਰ ਪੰਜਾਬੀ ਸਾਹਿਤ ਨੂੰ ਛੇ ਕਿਤਾਬਾਂ ਭੇਂਟ ਕਰ ਚੁੱਕੇ ਹਨ
ਅਤੇ ਜਲਦ ਹੀ ਹੋਰ ਕਿਤਾਬਾਂ ਸੱਚ, ਧਰਮ ਅਤੇ ਅਧਿਆਤਮਵਾਦ ਦੇ ਵਿਸ਼ਿਆਂ ਨੂੰ
ਛੂੰਹਦੀਆਂ ਪਾਠਕਾਂ ਦੀ ਨਜ਼ਰ ਕਰਨਗੇ। ਉਹ ਗੁਰੂ ਆਸਰਾ ਫਾਊਂਡੇਸ਼ਨ ਕੈਨੇਡਾ ਦੇ
ਡਾਇਰੈਕਟਰਾਂ ਵਿੱਚੋਂ ਵੀ ਹਨ। ਇਹ ਸੰਸਥਾ ਸ਼ਹੀਦ ਪਰਿਵਾਰਾਂ ਦੇ ਬੱਚਿਆਂ ਅਤੇ
ਸਿਕਲੀਗਰ-ਵਣਜਾਰੇ ਸਿੱਖਾਂ ਦੀ ਸੇਵਾ ਸੰਭਾਲ ਕਰਦੀ ਹੈ। ਅਨਮੋਲ ਕੌਰ ਵੀ
ਨਿਧੜਕ ਅਤੇ ਨਿਰਪੱਖ ਹੋ ਕੇ ਲਿਖਦੀ ਹੈ। ‘ਦੁੱਖ ਪੰਜਾਬ ਦੇ’ ਅਤੇ ‘ਕੌੜਾ
ਸੱਚ’ ਵਿੱਚ ਜੋ ਪੰਜਾਬ ਦੀ ਤਰਾਸਦੀ ਬਿਆਨੀ ਹੈ, ਪੜ ਕੇ ਮਨੁੱਖੀ ਅੱਖ
ਮੱਲੋਮੱਲੀ ਹੰਝੂ ਕੇਰਦੀ ਹੈ। ਨਾਵਲ ‘ਹੱਕ ਲਈ ਲੜਿਆ ਸੱਚ’, ‘ਰਿਸ਼ਤੇ’ ਅਤੇ
‘ਕੁੜੀ ਕੈਨੇਡਾ ਦੀ’ ਜੋ ਅੱਜਕੱਲ ਸਰੀ ਤੋਂ ਛਪਦੇ ਮੈਗਜ਼ੀਨ ‘ਫੁਲਵਾੜੀ’ ਵਿੱਚ
ਕਿਸ਼ਤਾਂ ਵਿੱਚ ਛਪ ਰਿਹਾ ਹੈ। ਅਨਮੋਲ ਕੌਰ ਨੂੰ ਪੜ ਕੇ ਸਮਾਜਿਕ ਜੀਵਨ ਵਿੱਚ
ਆਏ ਨਿਘਾਰ ਦਾ ਅਹਿਸਾਸ ਹੁੰਦਾ ਹੈ।
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਸੁਖਵਿੰਦਰ ਕੌਰ ਅਤੇ ਅਨਮੋਲ ਕੌਰ ਦੇ ਨਾਲ
ਸਭਾ ਦੀਆਂ ਮੈਂਬਰ ਲੇਖਿਕਾਵਾਂ ਸਵਰਾਜ ਕੌਰ ਅਤੇ ਮਨਜੀਤ ਕੌਰ ਗਿੱਲ ਨੂੰ
ਬਿਠਾਇਆ ਗਿਆ ਤਾਂ ਕਿ ਔਰਤਾਂ ਦਾ ਮਾਣ-ਸਤਿਕਾਰ ਵਧੇ ਅਤੇ ਉਹ ਹੌਂਸਲੇ ਨਾਲ ਹਰ
ਖੇਤਰ ਵਿੱਚ ਅੱਗੇ ਆ ਕੇ ਆਪਣਾ ਯੋਗਦਾਨ ਪਾਉਣ। ਭਾਵੇਂ ਕਿ ਇਸ ਵਕਤ ਸਭਾ ਦੇ
ਪ੍ਰਧਾਨ ਸ. ਵਾਸਦੇਵ ਸਿੰਘ ਪਰਹਾਰ ਅਤੇ ਸਭਾ ਦੇ ਮੀਤ ਪ੍ਰਧਾਨ ਸ. ਹਰਦਿਆਲ
ਸਿੰਘ ਚੀਮਾ ਵੀ ਹਾਜ਼ਰ ਸਨ।
ਪ੍ਰੋਗਰਾਮ ਦੀ ਸ਼ੁਰੂਆਤ ਸ. ਦਲਜੀਤ ਸਿੰਘ ਹੁਰਾਂ ਨੇ ਹਰਮੋਨੀਅਮ ’ਤੇ ਇੱਕ
ਧਾਰਮਿਕ ਗੀਤ ਗਾ ਕੇ ਕੀਤੀ। ਫਿਰ ਲੋਕਲ ਲਿਖਾਰੀਆਂ ਨੇ ਆਪੋ-ਆਪਣੀਆਂ ਰਚਨਾਵਾਂ
ਨਾਲ ਸਮਾਂ ਬੰਨੀ ਰੱਖਿਆ। ਦੀਪਕ ਘੁੰਮਣ, ਗੁਰਬਿੰਦਰ ਬਾਜਵਾ, ਹਰਨਾਮ ਸਿੰਘ,
ਮਹਿੰਦਰ ਚੀਮਾ, ਸ਼ੰਗਾਰ ਸਿੰਘ ਸਿੱਧੂ, ਈਸ਼ਰ ਸਿੰਘ ਗਰਚਾ, ਗੁਰਪ੍ਰੀਤ ਸੋਹਲ,
ਤਰਨਜੀਤ ਗਿੱਲ ਜਰਗੜੀ, ਮਨਜੀਤ ਕੌਰ ਗਿੱਲ, ਬਲਿਹਾਰ ਲਹਿਲ, ਦਿਲਬਾਗ ਸਿੰਘ,
ਇੰਦਰਜੀਤ ਸਿੰਘ ਚੀਮਾ, ਸਵਰਾਜ ਕੌਰ, ਵਾਸਦੇਵ ਸਿੰਘ ਪਰਹਾਰ, ਹਰਪਾਲ ਸਿੰਘ
ਸਿੱਧੂ ਆਦਿ ਸਾਰੇ ਹੀ ਲਿਖਾਰੀਆਂ ਨੇ ਆਪੋ-ਆਪਣੇ ਵਿਚਾਰ ਆਪਣੀਆਂ ਰਚਨਾਵਾਂ
ਅਤੇ ਲੈਕਚਰ ਰਾਹੀਂ ਖੁੱਲ ਕੇ ਪ੍ਰਗਟ ਕੀਤੇ।
ਇਸ ਮੌਕੇ ਗਿਆਨੀ ਰਘਵੀਰ ਸਿੰਘ ਆਦਮਪੁਰ ਵਾਲਿਆਂ ਨੇ ਸਮੂਹ ਲਿਖਾਰੀਆਂ ਨੂੰ
ਜ਼ੋਰ ਦੇ ਕੇ ਕਿਹਾ ਕਿ ਗੁਰਬਾਣੀ ਤੋਂ ਸੇਧ ਲੈ ਕੇ ਆਪਣੀਆਂ ਲਿਖਤਾਂ ਦਾ ਮਿਆਰ
ਏਨਾ ਉ¤ਚਾ ਚੁੱਕੋ ਕਿ ਲੋਕ ਤੁਹਾਨੂੰ ਹੱਥਾਂ ’ਤੇ ਚੁੱਕੀ ਰੱਖਣ। ਨਿਰਪੱਖ
ਲਿਖਾਰੀ ਦਿਲਬਾਗ ਸਿੰਘ ਹੁਰਾਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦਾ
ਜ਼ਿਕਰ ਕਰਦਿਆਂ ਕਿਹਾ ਕਿ ਉਨਾਂ ਨੇ ਵੀ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਨੂੰ
ਇੰਪਲੀਮੈਂਟ ਕੀਤਾ ਹੈ। ਸਾਹਿਤ ਅਤੇ ਵਿਰਸੇ ਦੇ ਖੋਜੀ ਲਿਖਾਰੀ ਸ. ਵਾਸਦੇਵ
ਸਿੰਘ ਪਰਹਾਰ ਹੁਰਾਂ ਗਦਰ ਲਹਿਰ ’ਤੇ ਝਾਤ ਪਵਾਈ। ਉਨਾਂ ਕਿਹਾ ਕਿ ਗਦਰ ਲਹਿਰ
ਦੇ 7000 ਆਜ਼ਾਦੀ ਘੁਲਾਟੀਆਂ ਵਿੱਚੋਂ 99.1 ਪ੍ਰਤੀਸ਼ਤ ਸਿੱਖ ਸਨ, ਸਿਰਫ 25-26
ਦੂਜੇ ਦੇਸ਼ ਵਾਸੀ ਇਸ ਦਾ ਹਿੱਸਾ ਸਨ। ਅਨਮੋਲ ਕੌਰ ਨੇ ਕਹਾਣੀ ਲਿਖਣ ਦੇ ਸਬੰਧ
ਵਿੱਚ ਵਿਚਾਰ ਪੇਸ਼ ਕੀਤੇ। ਉਨਾਂ ਕਿਹਾ ਕਿ ਇਹ ਤਾਂ ਪ੍ਰਮਾਤਮਾ ਦੀ ਹੀ ਦੇਣ
ਹੈ, ਉਸ ਦੀ ਮਿਹਰ ਤੋਂ ਬਿਨਾਂ ਲਿਖਿਆ ਨਹੀਂ ਜਾ ਸਕਦਾ।
ਉਨਾਂ ਆਪਣੀ ਲਿਖੀ ਕਹਾਣੀ ‘ਲੰਮੀ ਗੁੱਤ’ ਪੜ ਕੇ ਸੁਣਾਈ, ਜਿਸ ਨੂੰ ਸਾਰੇ
ਹੀ ਬੜੇ ਗਹੁ ਨਾਲ ਸੁੰਨ ਹੋ ਕੇ ਸੁਣਦੇ ਰਹੇ। ਅਖੀਰ ਵਿੱਚ ਸੁਖਵਿੰਦਰ ਕੌਰ
ਹੁਰਾਂ ਇੱਕ ਕਵਿਤਾ ‘ਦਿੱਲੀ ਦਾ ਬੂਹਾ’ ਪੜ ਕੇ ਸੁਣਾਈ ਅਤੇ ਇੱਕ ਗਜ਼ਲ ਤੁਰੰਨਮ
ਵਿੱਚ ਪੇਸ਼ ਕੀਤੀ। ਫਿਰ ਇੱਕ ਮਿੰਨੀ ਕਹਾਣੀ ‘ਤੇਰੀ ਮੇਰੀ ਕਹਾਣੀ’ ਆਪਣੇ ਹੀ
ਅੰਦਾਜ਼ ਵਿੱਚ ਸੁਣਾ ਕੇ ਹਾਲ ਵਿੱਚ ਇੱਕ ਮਹਿਕ ਜਿਹੀ ਖਿਲਾਰ ਦਿੱਤੀ।
ਸਭਾ ਦੇ ਪ੍ਰਧਾਨ ਸ. ਹਰਭਜਨ ਸਿੰਘ ਬੈਂਸ ਘਰੇਲੂ ਮਜ਼ਬੂਰੀ ਕਾਰਨ ਹਾਜ਼ਰ ਨਾ
ਹੋ ਸਕੇ, ਉਨਾਂ ਦੀ ਘਾਟ ਮਹਿਸੂਸ ਹੁੰਦੀ ਰਹੀ। ਸਭਾ ਦੇ ਜਨਰਲ ਸਕੱਤਰ ਹਰਪਾਲ
ਸਿੱਧੂ ਨੇ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹੋਏ ਧੰਨਵਾਦ ਕੀਤਾ ਅਤੇ ਸਟੇਜ ਦੀ
ਕਾਰਵਾਈ ਬਾਖੂਬੀ ਨਿਭਾਈ। ਉਨਾਂ ਦਾ ਸਾਥ ਮੀਤ ਸਕੱਤਰ ਗੁਰਮੀਤ ਸੋਹਲ ਨੇ ਵੀ
ਦਿੱਤਾ। ਪਹਿਲਾਂ ਚਾਹ-ਪਾਣੀ, ਮਠਿਆਈ, ਪਕੌੜੇ ਅਤੇ ਬਾਅਦ ਵਿੱਚ ਸੁਆਦਲੇ
ਰਾਤਰੀ ਭੋਜਨ ਦਾ ਆਨੰਦ ਵੀ ਸਾਰਿਆਂ ਨੇ ਮਾਣਿਆ। ਪੰਜ ਘੰਟੇ ਚੱਲੇ ਇਸ
ਪ੍ਰੋਗਰਾਮ ਵਿੱਚ ਕੋਈ ਵੀ ਲਿਖਾਰੀ ਜਾਂ ਸਰੋਤਾ ਉ¤ਠ ਕੇ ਨਾ ਜਾ ਸਕਿਆ।
03/10/12 |