ਕੋਟਕਪੂਰਾ, 14 ਅਪ੍ਰੈਲ - ਸਿਹਤ, ਸਿੱਖਿਆ, ਸਭਿਆਚਾਰ ਅਤੇ ਵਾਤਾਵਰਣ ਦੇ
ਖੇਤਰ ਵਿੱਚ ਸਰਗਰਮ ਸੰਸਥਾ ਪੀਪਲਜ਼ ਫ਼ੋਰਮ (ਰਜਿ.) ਬਰਗਾੜੀ, ਪੰਜਾਬ ਵੱਲੋਂ
ਬੀਤੀ ਸ਼ਾਮ ਆਪਣੇ ਦਸਵੇਂ ਸਲਾਨਾ ਸਮਾਗਮ ‘ਲੋਕਰੰਗ’ ਦਾ ਕੋਟਕਪੂਰਾ ਵਿਖੇ ਸਫ਼ਲ
ਆਯੋਜਨ ਕੀਤਾ ਗਿਆ ਜਿਸ ਵਿੱਚ ਵੱਖ ਵੱਖ ਖੇਤਰਾਂ ਦੀਆਂ ਪੰਜ ਨਾਮਵਰ ਹਸਤੀਆਂ
ਨੂੰ ਸਾਲਾਨਾ ਸਨਮਾਨ ਪ੍ਰਦਾਨ ਕੀਤੇ ਗਏ। ਇਸ ਸਮਾਗਮ ਵਿੱਚ ਫ਼ਰੀਦਕੋਟ,
ਮੁਕਤਸਰ, ਬਠਿੰਡਾ ਜਿਲਿਆਂ ਤੋਂ ਵੱਡੀ ਗਿਣਤੀ ਵਿੱਚ ਸਾਹਿਤਕ ਅਤੇ ਸਮਾਜਿਕ
ਖੇਤਰ ਦੀਆਂ ਸਰਗਰਮ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਉ¤ਚ ਕੋਟੀ ਦੇ ਸਾਰਥਿਕ
ਸਮਾਗਮ ਦਾ ਆਨੰਦ ਮਾਣਿਆ।
ਸੰਸਥਾ ਵੱਲੋਂ ਰਾਕ ਗਾਰਡਨ ਚੰਡੀਗੜ ਦੇ ਸਿਰਜਣਹਾਰ ਸ਼੍ਰੀ ਨੇਕ
ਚੰਦ ਨੂੰ ਲਿਵਿੰਗ ਲੀਜ਼ੈਂਡ ਐਵਾਰਡ, ਨਾਮਵਰ ਸਾਹਿਤਕਾਰ ਸ਼੍ਰੀ ਮਨਮੋਹਨ
ਬਾਵਾ (ਦਿੱਲੀ) ਨੂੰ ਬੁਲੇ ਸ਼ਾਹ ਐਵਾਰਡ, ਰੰਗਕਰਮੀ ਅਤੇ ਫਿਲਮ
ਅਦਾਕਾਰ ਰਣਬੀਰ ਰਾਣਾ ਨੂੰ ਨੌਰਾ ਰਿਚਰਡਜ਼ ਐਵਾਰਡ, ਸੂਫ਼ੀ ਅਤੇ
ਸਾਹਿਤਕ ਗਾਇਕੀ ਨਾਲ ਜੁੜੇ ਸ਼੍ਰੀ ਮਾਣਕ ਅਲੀ (ਨਾਭਾ) ਨੂੰ ਵਾਰਿਸ ਪੰਜਾਬ
ਐਵਾਰਡ ਅਤੇ ਆਪਣੇ ਕਿੱਤੇ ਨੂੰ ਪੂਰਨ ਰੂਪ ਵਿੱਚ ਸਮਰਪਿਤ ਖੇਤੀਬਾੜੀ ਵਿਕਾਸ
ਅਫ਼ਸਰ ਸ. ਸੁਰਜੀਤ ਸਿੰਘ ਸੰਧੂ ਨੂੰ ‘ਇਲਾਕੇ ਦਾ ਮਾਣ’ ਸਨਮਾਨ ਪ੍ਰਦਾਨ ਕੀਤੇ
ਗਏ।
ਇਸ ਸਮਾਗਮ ਦੇ ਮੁੱਖ ਮਹਿਮਾਨ ਸ. ਗੁਰਮੀਤ ਸਿੰਘ ਚੌਹਾਨ ਐੱਸ.ਐੱਸ.ਪੀ.
ਫ਼ਰੀਦਕੋਟ ਨੇ ਅਜਿਹੇ ਸਾਰਥਿਕ ਸਮਾਗਮਾਂ ਦੀ ਸ਼ਲਾਘਾ ਕਰਦਿਆਂ ਨੌਜਵਾਨ ਵਰਗ ਨੂੰ
ਅਗਾਂਹਵਧੂ ਸੋਚ ਨਾਲ ਜੋੜਨ ਦੀ ਲੋੜ ’ਤੇ ਜੋਰ ਦਿੱਤਾ। ਇਸ ਸਮਾਗਮ ਦੀ
ਪ੍ਰਧਾਨਗੀ ਕਰ ਰਹੇ ਸ. ਗੁਰਮੀਤ ਸਿੰਘ ਧਾਲੀਵਾਲ (ਬਾਬਾ ਫ਼ਰੀਦ ਗਰੁੱਪ ਆਫ਼
ਇੰਸਟੀਚਿਊਸ਼ਨਜ਼, ਬਠਿੰਡਾ) ਨੇ ਯੋਗ ਲੋਕਾਂ ਨੂੰ ਸਨਮਾਨਿਤ ਕਰਕੇ ਉਤਸ਼ਾਹਿਤ ਕਰਨ
ਲਈ ਸੰਸਥਾ ਨੂੰ ਵਧਾਈ ਦਿੱਤੀ। ਸਮਾਗਮ ਦੇ ਵਿਸ਼ੇਸ਼ ਮਹਿਮਾਨ ਡਾ. ਪ੍ਰਭਦੇਵ
ਸਿੰਘ ਬਰਾੜ (ਐੱਮ. ਐੱਸ.) ਨੇ ਕਿਹਾ ਕਿ ਪੀਪਲਜ਼ ਫ਼ੋਰਮ ਵਰਗੀਆਂ ਸਮਾਜਿਕ
ਸਰੋਕਾਰਾਂ ਨਾਲ ਜੁੜੀਆਂ ਸੰਸਥਾਵਾਂ ਦੀ ਅੱਜ ਦੇ ਯੁੱਗ ਵਿੱਚ ਬੇਹੱਦ ਲੋੜ ਹੈ।
ਸਮਾਗਮ ਦੇ ਆਰੰਭ ਵਿੱਚ ਸੰਸਥਾ ਦੇ ਪ੍ਰਧਾਨ ਸ਼੍ਰੀ ਖੁਸ਼ਵੰਤ ਬਰਗਾੜੀ ਅਤੇ
ਜਨਰਲ ਸਕੱਤਰ ਰਾਜਪਾਲ ਸਿੰਘ ਨੇ ਸੰਸਥਾ ਦੇ ਉਦੇਸ਼ਾਂ ਨੂੰ ਦੱਸਦਿਆਂ ਸਨਮਾਨਿਤ
ਸ਼ਖਸੀਅਤਾਂ ਬਾਰੇ ਜਾਣਕਾਰੀ ਦਿੱਤੀ। ਸਮਾਗਮ ਦੇ ਪਹਿਲੇ ਦੌਰ ਵਿੱਚ ਗਾਇਕ ਮਾਣਕ
ਅਲੀ ਨੇ ਆਪਣੀ ਇੱਕ ਘੰਟੇ ਦੀ ਸੂਫ਼ੀ ਅਤੇ ਸਾਹਿਤਕ ਗਾਇਕੀ ਦੌਰਾਨ ਸੁਲਤਾਨ
ਬਾਹੂ, ਬੁੱਲੇ ਸ਼ਾਹ ਅਤੇ ਹੋਰ ਸ਼ਾਇਰਾਂ ਦੇ ਕਲਾਮ ਆਪਣੀ ਪੁਖ਼ਤਾ ਅਤੇ ਸੁਰਮਈ
ਆਵਾਜ਼ ਵਿੱਚ ਪੇਸ਼ ਕਰ ਕੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ਪੀਪਲਜ਼ ਫ਼ੋਰਮ
ਦੁਆਰਾ ਪ੍ਰਕਾਸ਼ਿਤ ਤਿੰਨ ਨਵੀਆਂ ਪੁਸਤਕਾਂ ਵੀ ਰਿਲੀਜ਼ ਕੀਤੀਆਂ ਗਈਆਂ।
ਸਮਾਗਮ ਦੀ ਸ਼ੁਰੂਆਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਤਿਆਰ ਕੀਤੀ
ਝੂਮਰ ਅਤੇ ਭੰਗੜੇ ਬਾਰੇ ਦਸਤਾਵੇਜੀ ਫਿਲਮ ਦਿਖਾ ਕੇ ਕੀਤੀ ਗਈ। ਚੰਦਰ ਸ਼ੇਖਰ
(ਲੰਡਨ) ਦਾ ਲਿਖਿਆ ਅਤੇ ਕੀਰਤੀ ਕ੍ਰਿਪਾਲ ਦੁਆਰਾ ਨਿਰਦੇਸ਼ਿਤ ਨਾਟਕ ‘ਮਿੱਟੀ
ਦੀ ਕਹਾਣੀ’ ਪੇਸ਼ ਕੀਤਾ ਗਿਆ ਜਿਸ ਵਿੱਚ ਪੌਂਡਾਂ, ਡਾਲਰਾਂ ਦੇ ਲੋਭ ਵਿੱਚ
ਜਾਇਜ਼ ਨਜਾਇਜ਼ ਢੰਗਾਂ ਨਾਲ ਵਿਦੇਸ਼ ਪਹੁੰਚੇ ਨੌਜਵਾਨਾਂ ਦੀਆਂ ਤ੍ਰਾਸਦਿਕ
ਹਾਲਤਾਂ ਦਾ ਚਿਤਰਣ ਸੀ। ਨਾਟਕ ਦੇ ਕਲਾਕਾਰਾਂ ਦੀ ਸ਼ਾਨਦਾਰ ਅਦਾਕਾਰੀ ਨੇ
ਦਰਸ਼ਕਾਂ ਦੀ ਭਰਪੂਰ ਪ੍ਰਸੰਸਾ ਹਾਸਲ ਕੀਤੀ।
ਇਸ ਸਮਾਗਮ ਵਿੱਚ ਸ. ਗੁਰਚੇਤ ਸਿੰਘ ਢਿੱਲੋਂ, ਜੋਰਾ ਸਿੰਘ ਸੰਧੂ, ਕੁਲਦੀਪ
ਮਾਣੂਕੇ, ਯਾਦਵਿੰਦਰ ਸਿੰਘ ਸਿੱਧੂ, ਪ੍ਰਿ. ਗੁਰਦੀਪ ਢੁੱਡੀ, ਕੁਲਦੀਪ ਸਿੰਘ
ਬਰਾੜ, ਜਲੌਰ ਸਿੰਘ ਬਰਾੜ, ਹਰਬੰਸ ਸਿੰਘ ਕੇਸਰ ਸਿੰਘ ਵਾਲਾ, ਹਰਬੰਸ ਸਿੰਘ
ਸੋਹੀ, ਕਹਾਣੀਕਾਰ ਜਸਪਾਲ ਮਾਨਖੇੜਾ, ਡਾ. ਰਵਿੰਦਰ ਸੰਧੂ, ਪਰਮਪਾਲ ਸਿੰਘ
ਢਿੱਲੋਂ, ਜਗਸੀਰ ਸਿੰਘ ਢਿੱਲੋਂ, ਗੁਰਦਰਸ਼ਨ ਬਰਾੜ, ਗੁਰਬਿੰਦਰ ਬਰਾੜ,
ਗੁਰਪ੍ਰੀਤ ਸਿੰਘ ਸਿੱਧੂ, ਇੰਜ. ਅਮਰਜੀਤ ਸਿੰਘ ਢਿੱਲੋਂ, ਅੰਮ੍ਰਿਤਪਾਲ ਸਿੰਘ
ਵਿਰਕ, ਕੁਲਵੰਤ ਸਿੰਘ ਗਿੱਲ, ਜਸਵਿੰਦਰ ਗਿੱਲ, ਤੇਜਵੰਤ ਢਿਲਵਾਂ ਕਲਾਂ,
ਸੁਨੀਲ ਚੰਦਿਆਣਵੀ, ਨਿਰਮੋਹੀ ਫ਼ਰੀਦਕੋਟੀ, ਵਿਜੇ ਬਰਗਾੜੀ, ਭੁਪਿੰਦਰ ਬਰਗਾੜੀ,
ਅੰਮ੍ਰਿਤ ਜੋਸ਼ੀ, ਰੁਪਿੰਦਰ ਵਰਮਾ, ਬਲਜੀਤ ਮੰਪੀ, ਸੁਖਜਿੰਦਰ ਸਰਾਂ, ਪ੍ਰਿੰਸ
ਕੰਵਲਜੀਤ ਸਿੰਘ ਤੋਂ ਇਲਾਵਾ ਅਨੇਕਾਂ ਹੋਰ ਮਾਇਆਨਾਜ਼ ਹਸਤੀਆਂ ਹਾਜਰ ਸਨ। ਇਸ
ਮੌਕੇ ਪੁਸਤਕ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ।
ਫੋਟੋ - 1. ਸਮਾਗਮ ਦੌਰਾਨ ਸਨਮਾਨਿਤ ਸ਼ਖਸੀਅਤਾਂ ਮੁੱਖ-ਮਹਿਮਾਨ ਅਤੇ
ਪੀਪਲਜ਼ ਫ਼ੋਰਮ ਮੈਂਬਰਾਂ ਨਾਲ
2. ਮਾਣਕ ਅਲੀ ਆਪਣੀ ਗਾਇਕੀ ਪੇਸ਼ ਕਰਦੇ ਹੋਏ। |