‘ਧੀਆਂ ਤਾਂ ਨਜ਼ਮਾਂ ਹੁੰਦੀਆਂ ਨੇ, ਨਜ਼ਮਾਂ ਜੁੜਣ ਤਾਂ ਬਣਨ ਕਿਤਾਬਾਂ,
ਧੀਆਂ ਜੁੜਣ ਤਾਂ ਤੀਆਂ’: ਇਕਬਾਲ ਰਾਮੂਵਾਲੀਆ‘
ਮਨੁੱਖ ਨੂੰ ਮਾਰਕਸਵਾਦੀ ਹੋਣ ਤੋਂ ਪਹਿਲਾਂ ਤਰਕਸ਼ੀਲ ਹੋਣਾ
ਜ਼ਰੂਰੀ ਹੈ : ਇਕਬਾਲ ਰਾਮੂਵਾਲੀਆ
ਮਨੁੱਖ ਨੂੰ ਮਾਰਕਸਵਾਦੀ ਹੋਣ ਤੋਂ ਪਹਿਲਾਂ ਤਰਕਸ਼ੀਲ ਹੋਣਾ ਜ਼ਰੂਰੀ ਹੈ।
ਤਰਕਸ਼ੀਲ ਮਨੁੱਖ ਹੀ ਸਮਾਜਕ ਬਰਾਬਰੀ ਦੀ ਗੱਲ ਕਰ ਸਕਦਾ ਹੈ। ਅੱਜ ਕੱਲ ਇੱਕ
ਦੂਜੇ ਨੂੰ ਲਿਤਾੜ ਕੇ ਅੱਗੇ ਨਿਕਲਣ ਵਾਲੀ ਸੋਚ ਕਾਰਨ ਹੀ ਸਮਾਜ ਨਿਘਾਰ ਵੱਲ
ਜਾ ਰਿਹਾ ਹੈ।’ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਹੰਸ ਰਾਜ ਕਾਲਜ ਆਫ਼ ਐਜੂਕੇਸ਼ਨ
ਬਾਜਾਖਾਨਾ ਵਿਖੇ ਹੋਏ ਸੈਮੀਨਾਰ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ
ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਦੇ ਉੱਘੇ ਲੇਖਕ ਅਤੇ ਚਿੰਤਕ ਪ੍ਰੋ. ਇਕਬਾਲ
ਰਾਮੂਵਾਲੀਆ ਨੇ ਕੀਤਾ। ਵਿਦਿਆਰਥੀਆਂ ਅਤੇ ਬੁੱਧੀਜੀਵੀਆਂ ਦੇ ਇਸ ਸੈਮੀਨਾਰ
ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਗੁਰਬਾਣੀ ਅਤੇ ਖੱਬੇਪੱਖੀ ਵਿਚਾਰਧਾਰਾ
ਦੋਵੇਂ ਹੀ ਵੰਡ ਛਕੋ ਦੀ ਗੱਲ ਕਰਦੀਆਂ ਹਨ। ਵੰਡ ਛਕਣ ਦਾ ਮਤਲਬ ਇਕ ਦੂਜੇ ਦੀ
ਸਹਾਇਤਾ ਕਰਨਾ ਹੈ। ਇਸੇ ਤਰਾਂ ਨਾਮ ਜਪਣ ਦਾ ਮਤਲਬ ਸਿਰਫ਼ ਰੱਬ-ਰੱਬ ਕਰਨਾ ਹੀ
ਨਹੀਂ ਹੁੰਦਾ, ਸਗੋਂ ਇਸ ਦਾ ਮਤਲਬ ਆਪਣਾ ਆਲਾ-ਦੁਆਲਾ ਸਾਫ ਰੱਖਣਾ ਅਤੇ
ਵਾਤਾਵਰਣ ਨੂੰ ਪਲੀਤ ਹੋਣੋ ਬਚਾਉਣਾ ਹੈ।
ਉਨਾਂ ਕਿਹਾ ਕਿ ਸਰਮਾਏਦਾਰੀ ਤਾਕਤਾਂ ਗਿਣੀ-ਮਿਥੀ ਸਾਜਿਸ਼ ਅਧੀਨ
ਡੇਰਾਵਾਦ, ਪਾਖ਼ੰਡਵਾਦ, ਜੋਤਿਸ਼, ਅੰਧ-ਵਿਸ਼ਵਾਸ਼ ਫੈਲਾਉਣ ਵਾਲੇ ਅਤੇ ਲੱਚਰ
ਸੀਰੀਅਲਾਂ ਰਾਹੀਂ ਲੋਕਾਂ ਦੀ ਸੋਚ ਖੁੰਢੀ ਕਰ ਰਹੀਆਂ ਹਨ। ਇਸੇ ਤਰਾਂ ਹੀ
ਕੁਝ ਮੁਲਕਾਂ ਦੀ ਖੇਡ ਕ੍ਰਿਕਟ ਦਾ ਅੰਨੇਵਾਹ ਪ੍ਰਚਾਰ ਇਸੇ ਸਾਜਿਸ਼ ਦਾ ਹੀ ਇਕ
ਹਿੱਸਾ ਹੈ। ਉਨਾਂ ਕਿਹਾ ਕਿ ਕੋਈ ਗੈਬੀ ਸ਼ਕਤੀ ਜਾਂ ਰੱਬ ਨਹੀਂ ਸਿਰਫ਼
ਤੁਹਾਡਾ ਦਿਮਾਗ਼ ਅਤੇ ਤੁਹਾਡੀਆਂ ਦਸ ਉਂਗਲਾਂ ਹੀ ਰੱਬ ਹਨ। ਜੇ ਮਨੁੱਖ ਗ਼ਰੀਬ
ਜੰਮਦਾ ਹੈ ਤਾਂ ਇਸ ’ਚ ਉਸ ਦਾ ਕੋਈ ਕਸੂਰ ਨਹੀਂ ਪਰ ਜੇ ਮਨੁੱਖ ਗ਼ਰੀਬ ਮਰਦਾ
ਹੈ ਤਾਂ ਉਹ ਖ਼ੁਦ ਕਸੂਰਵਾਰ ਹੈ। ਅਸਫ਼ਲਤਾ ਦਾ ਮਤਲਬ ਹੀ ਇਹ ਹੈ ਸਫ਼ਲ ਹੋਣ ਲਈ
ਪੂਰੇ ਜਤਨ ਨਹੀਂ ਕੀਤੇ ਗਏ। ਸ਼ਰਮਾਏਦਾਰੀ ਨਹੀਂ ਚਾਹੁੰਦੀ ਕਿ ਲੋਕ ਪੜ-ਲਿਖ ਕੇ
ਸਿਆਣੇ ਹੋਣ ਅਤੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਕੇ ਆਪਣਾ ਆਪਾ ਸੰਵਾਰਨ ਦੇ
ਸਮਰੱਥ ਹੋ ਸਕਣ।
ਰਾਮੂਵਾਲੀਆ ਨੇ ਕੈਨੇਡਾ ਵਿਖੇ ਆਪਣੀ ਹਮਸਫ਼ਰ ਸੁਖਸਾਗਰ ਰਾਮੂਵਾਲੀਆ ਸੰਗ
ਬਿਤਾਏ 28 ਸਾਲਾਂ ਦੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਗ਼ਰੀਬੀ ਅਤੇ ਬੇਕਾਰੀ
ਕੈਨੇਡਾ ’ਚ ਵੀ ਬਥੇਰੀ ਹੈ। ਉੱਥੇ ਵੀ ਸਿਰਫ਼ ਮਿਹਨਤ ਕਰਨ ਵਾਲੇ ਲੋਕ ਹੀ
ਕਾਮਯਾਬ ਹੋ ਸਕਦੇ ਹਨ। ਉਨਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਕੈਨੇਡਾ ਜਾਂ
ਹੋਰ ਦੇਸ਼ਾਂ ’ਚ ਜ਼ਰੂਰ ਜਾਣ ਪਰ ਸਿਰਫ਼ ਨੰਬਰਾਂ ਦੇ ਆਧਾਰ ’ਤੇ। ਵਿਦਿਆਰਥੀਆਂ
ਨੂੰ ਚਾਹੀਦਾ ਹੈ ਕਿ ਉਹ ਪੁਸਤਕਾਂ ਨੂੰ ਆਪਣੇ ਸੱਚੇ ਮਿੱਤਰ ਬਣਾਉਣ ਅਤੇ ਚੰਗੇ
ਤੋਂ ਚੰਗਾ ਸਾਹਿਤ ਪੜਣ। ਉਨਾਂ ਕਿਹਾ ਕਿ ਸਭ ਤੋਂ ਵੱਡਾ ਧਰਮ ਇਨਸਾਨੀਅਤ ਹੈ।
ਸਮਾਜ ’ਚ ਸਭ ਤੋਂ ਵੱਡੇ ਪੁਆੜੇ ਦੀ ਜੜ ਇਹੀ ਗੱਲ ਹੈ ਕਿ ਹਰ ਕੋਈ ਆਪਣੇ ਧਰਮ
ਨੂੰ ਹੀ ਦੂਜੇ ਧਰਮ ਤੋਂ ਵੱਡਾ ਸਮਝਦਾ ਹੈ। ਉਨਾਂ ਕਿਹਾ ਕਿ ਜੇਕਰ ਤੁਹਾਡੇ ’ਚ
15 ਗੁਣ ਹਨ (ਭਾਵ 15 ਰੁਪਏ ਹਨ) ਅਤੇ ਤੁਸੀਂ ਉਸ ਨੂੰ 20 ਸਮਝਦੇ ਹੋ ਤਾਂ
ਤੁਸੀਂ ਮਾਰ ਖਾ ਜਾਓਗੇ ਅਤੇ ਕਾਮਯਾਬ ਨਹੀਂ ਹੋ ਸਕੋਗੇ। ਜੇ ਤੁਹਾਡੇ ’ਚ 15
ਗੁਣ ਅਤੇ ਤੁਸੀਂ ਉਸ ਨੂੰ 10 ਸਮਝਦੇ ਹੋ ਅਤੇ ਹੋਰ ਪ੍ਰਾਪਤੀ ਦੀ ਇੱਛਾ ਰੱਖਦੇ
ਹੋ ਤਾਂ ਕਾਮਯਾਬ ਹੋ ਜਾਵੋਗੇ। ਉਨਾਂ ਕਿਹਾ ਕਿ ਪੜਾਈ ਹੀ ਸਭ ਤੋਂ ਉੱਤਮ
ਜਾਇਦਾਦ ਹੈ।
ਇਸ ਮੌਕੇ ਧੀਆਂ ਦੀ ਮਹੱਤਤਾ ਦਰਸਾਉਂਦਿਆਂ ਉਨਾਂ ਆਪਣੀ ਇੱਕ ਨਜ਼ਮ ਵੀ ਪੜੀ।
‘ਧੀਆਂ ਤਾਂ ਨਜ਼ਮਾਂ ਹੁੰਦੀਆਂ ਨੇ, ਨਜ਼ਮਾਂ ਜੁੜਣ ਤਾਂ ਬਣਨ ਕਿਤਾਬਾਂ,
ਧੀਆਂ ਜੁੜਣ ਤਾਂ ਤੀਆਂ। ਧੀ ਜੰਮਦੀ ਹੈ ਤਾਂ ਰੱਬ ਜੰਮਦਾ ਹੈ, ਉਹ ਰੱਬ ਜੋ ਕਿ
ਜੱਗ ਜੰਮਦਾ ਹੈ।’ ਸੈਮੀਨਾਰ ’ਚ ਬੋਲਦਿਆਂ ਸ੍ਰੀਮਤੀ ਸੁਖਸਾਗਰ ਨੇ
ਕਿਹਾ ਕਿ ਲੜਕੀਆਂ ਆਪਣਾ ਜੀਵਨ ਸਾਥੀ ਚੁਣਨ ਸਮੇਂ ਕਦੇ ਵੀ ਪੈਸੇ ਦਾ ਖਿਆਲ ਨਾ
ਕਰਨ, ਸਗੋਂ ਉਹ ਆਪਣੇ ਸਾਥੀ ਦੀ ਯੋਗਤਾ ਦੀ ਪਰਖ ਕਰਕੇ ਫ਼ੈਸਲਾ ਲੈਣ। ਉਨਾਂ
ਦੱਸਿਆ ਕਿ ਕੈਨੇਡਾ ’ਚ ਬੈਂਕਾਂ ਵਾਲੇ ਵੱਧ ਤੋਂ ਵੱਧ ਕਰਜ਼ੇ ਦਿੰਦੇ ਹਨ ਅਤੇ
ਲੋਕ ਇਹ ਕਰਜ਼ਾ ਲੈ ਕੇ ਵੱਡੇ-ਵੱਡੇ ਘਰ ਬਣਾ ਲੈਂਦੇ ਹਨ। ਬਾਅਦ ’ਚ ਉਹ ਆਪਣਾ
ਇਹ ਕਰਜ਼ਾ ਉਤਾਰਨ ਲਈ ਭਾਰਤ ’ਚ ਆ ਕੇ ਰਿਸ਼ਤਿਆਂ ਦੇ ਨਾਂਅ ’ਤੇ ਸੌਦੇਬਾਜ਼ੀ
ਕਰਦੇ ਹਨ। ਉਹ ਲੜਕੀ ਜੋ ਪੰਜਾਬ ਰਹਿੰਦੀ ਕੈਨੇਡਾ ’ਚ ਸਵਰਗ ਦੇ ਸੁਪਨੇ ਦੇਖਦੀ
ਹੈ ਉਹ ਕੈਨੇਡਾ ਜਾ ਕੇ ਇੱਕ ਦਮ ਨਰਕ ਦਾ ਦ੍ਰਿਸ਼ ਦੇਖਦੀ ਹੈ। ਇਸੇ ਕਸ਼ਮਕਸ ’ਚ
ਹੀ ਅਕਸਰ ਤਲਾਕ ਹੋ ਜਾਂਦੇ ਹਨ। ਸੈਮੀਨਾਰ ਦੇ ਮੁੱਢ ’ਚ ਯੂਨੀਵਰਸਿਟੀ ਕਾਲਜ
ਜੈਤੋ ਦੇ ਪ੍ਰੋਫ਼ੈਸਰ ਡਾ. ਪਰਮਿੰਦਰ ਸਿੰਘ ਤੱਗੜ ਨੇ ਪ੍ਰੋ. ਇਕਬਾਲ
ਰਾਮੂਵਾਲੀਆ ਨਾਲ਼ ਜਾਣ-ਪਛਾਣ ਕਰਾਈ। ਅਜੀਤ ਦੇ ਫਰੀਦਕੋਟ ਸਥਿਤ ਉੱਪ ਦਫਤਰ ਦੇ
ਇੰਚਾਰਜ ਗੁਰਮੀਤ ਸਿੰਘ ਕੋਟਕਪੂਰਾ ਨੇ ਕਿਹਾ ਕਿ ਸ਼੍ਰੋਮਣੀ ਕਵੀਸ਼ਰ ਬਾਪੂ
ਕਰਨੈਲ ਸਿੰਘ ਪਾਰਸ ਦੇ ਅਸਲੀ ਵਾਰਸ ਇਕਬਾਲ ਰਾਮੂਵਾਲੀਆ ਦੇ ਖਿਆਲ ਸੁਣ ਕੇ
ਉਨਾਂ ਨੂੰ ਬਾਪੂ ਪਾਰਸ ਦੇ ਦਰਸ਼ਨ ਹੋ ਗਏ ਲੱਗਦੇ ਹਨ। ਦਵਿੰਦਰ ਸੈਫੀ ਨੇ
ਰਾਮੂਵਾਲੀਆ ਬਾਰੇ ਭਾਵਪੂਰਤ ਵਿਚਾਰ ਪੇਸ਼ ਕੀਤੇ। ਸ਼ਾਇਰ ਅਮਰਜੀਤ ਢਿੱਲੋਂ ਨੇ
ਕਿਹਾ ਕਿ ਇਸ ਵਿੱਚ ਮੇਰਾ ਕੁਝ ਵੀ ਨਹੀਂ ਹੈ, ਇਹ ਸਭ ਮੌਸਮ ਦਾ ਸਦਕਾ ਹੈ,
ਜੇਕਰ ਮੇਰੇ ਗਮਲੇ ਦੇ ਫੁੱਲ ਤੈਨੂੰ ਬੜੇ ਪਿਆਰੇ ਲੱਗੇ।
ਇਸ ਮੌਕੇ ਹਾਜ਼ਰ ਸ਼ਖਸ਼ੀਅਤਾਂ ’ਚ ਨਥਾਣਾ ਤੋਂ ਹਰੀਪਾਲ ਸਿੰਘ ਕੌਮੀ
ਜਨਰਲ ਸਕੱਤਰ ਯੂਥ ਅਕਾਲੀ ਦਲ, ਅਮਰਜੀਤ ਸਿੰਘ ਸਿੱਧੂ, ਪ੍ਰੋ. ਰਾਜਪਾਲ ਸਿੰਘ
ਸੋਹੀ, ਲੇਖਕ ਪਾਠਕ ਮੰਚ ਬਾਜਾਖਾਨਾ ਦੇ ਪ੍ਰਧਾਨ ਵਾਸਦੇਵ ਸ਼ਰਮਾ, ਪ੍ਰਿੰਸੀਪਲ
ਸਿਮਰਜੀਤ ਕੌਰ, ਸਮਰਿਤੀ ਸ਼ਰਮਾ, ਹੰਸ ਰਾਜ ਸੰਸਥਾ ਦੇ ਚੇਅਰਮੈਨ ਦਰਸ਼ਨਪਾਲ
ਸ਼ਰਮਾ, ਚਰਨਜੀਵ ਸ਼ਰਮਾ, ਜਸਵੰਤ ਸਿੰਘ ਢਿੱਲੋਂ, ਉਪਿੰਦਰ ਸ਼ਰਮਾ ਆਦਿ ਸ਼ਖਸ਼ੀਅਤਾਂ
ਹਾਜ਼ਰ ਸਨ। ਸਟੇਜ ਸਕੱਤਰ ਦੇ ਫਰਜ਼ ਪ੍ਰੋ. ਦਮਨਪ੍ਰੀਤ ਕੌਰ ਨੇ ਵਧੀਆ ਢੰਗ ਨਾਲ
ਨਿਭਾਏ। ਪ੍ਰੋ. ਕਾਜਲ ਗਲਹੋਤਰਾ ਨੇ ਸਾਰੀਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਰਾਮੂਵਾਲੀਆ ਜੋੜੀ ਦਾ ਸਨਮਾਨ ਵੀ ਕੀਤਾ ਗਿਆ।
|