ਪੰਜ ਦਰਿਆਵਾਂ ਦੀ ਸਰਸਬਜ਼ ਜ਼ਮੀਨ ਪੰਜਾਬ ਸੰਮੂਹ ਪੰਜਾਬੀਆਂ; ਹਿੰਦੂ,
ਸਿੱਖ, ਮੁਸਲਿਮ, ਇਸਾਈ ਆਦਿ, ਦੀ ਸਾਂਝੀ ਧਰਤੀ ਹੈ। ਇਸ ਦੀ ਭਾਸ਼ਾ (ਪੰਜਾਬੀ),
ਸਾਹਿਤ, ਕਲਾ, ਇਤਿਹਾਸ ਤੇ ਸਭਿਆਚਾਰ ਸਭਨਾਂ ਦਾ ਸਾਂਝਾ ਹੈ। ਇਸ ਧਰਤੀ ‘ਤੇ
ਜਨਮ ਲੈਣ ਵਾਲੇ ਪੀਰ ਫਕੀਰ, ਗੁਰੂ, ਭਗਤ, ਸ਼ਹੀਦ, ਸੰਤ ਮਹਾਂਪੁਰਖ ਸਭ ਸਾਂਝੇ
ਹਨ। ਇਸ ਦੀਆਂ ਪ੍ਰੇਮ ਕਥਾਵਾਂ, ਕਿੱਸੇ, ਗਿੱਧਾ ਤੇ ਭੰਗੜਾ ਵਰਗੇ ਲੋਕ ਨਾਚ
ਅਤੇ ਲੋਕ ਗੀਤ ਆਦਿ ਸਭ ਸਾਂਝੇ ਹਨ। ਵਿਆਹ ਸ਼ਾਦੀ ਦੇ ਗੀਤ ਸਾਂਝੇ ਹਨ ਕੇਵਲ
ਵਿਆਹ ਸ਼ਾਦੀ ਦੀਆਂ ਧਾਰਮਿਕ ਰਸਮਾਂ ਵੱਖ ਵੱਖ ਹਨ, ਮੌਤ ਉਤੇ ਵੈਣ ਇਕੋ ਜਿਹੇ
ਹਨ ਕੇਵਲ ਅੰਤਮ ਅਰਦਾਸ ਜਾਂ ਸ਼ਰਧਾਂਜਲੀ ਦੀਆਂ ਰਸਮਾਂ ਵੱਖ ਵੱਖ ਹਨ। ਸੰਮੂਹ
ਪੰਜਾਬੀਆਂ ਦੇ ਖਾਣ ਪੀਣ, ਕਪੜੇ ਪਹਿਣਨ, ਜੀਵਨ ਢੰਗ ਅਤੇ ਚੰਗੀਆਂ ਮੰਦੀਆਂ
ਆਦਤਾਂ ਇਕੋ ਜਿਹੀਆਂ ਹਨ। ਬਦਕਿਸਮਤੀ ਨੂੰ ਉਨ੍ਹਾਂ ਦੀ ਮਾਂ-ਬੋਲੀ ਪੰਜਾਬੀ
ਨਾਲ ਪਿਆਰ ਇਕੋ ਜਿਹਾ ਨਹੀਂ ਹੈ, ਜਿਸ ਕਾਰਨ ਸੰਮੂਹ ਪੰਜਾਬੀਆਂ ਨੇ ਲਗਭਗ ਡੇਢ
ਦਹਾਕਾ ਬੜਾ ਸੰਤਾਪ ਹੰਢਾਇਆ ਹੈ ਅਤੇ ਹਮੇਸ਼ਾ ਪਹਿਲੇ ਨੰਬਰ ‘ਤੇ ਰਹਿਣ ਵਾਲਾ
ਇਹ ਸੂਬਾ ਬਹੁਤ ਪੱਛੜ ਗਿਆ ਹੈ।
ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਪੰਜਾਬ ਦੇ ਸਕੂਲਾਂ ਵਿਚ ਸਿਖਿਆ ਦਾ ਮਾਧਿਅਮ
ਉਰਦੂ ਹੁੰਦਾ ਸੀ। ਆਜ਼ਾਦੀ ਉਪਰੰਤ ਪੂਰਬੀ ਪੰਜਾਬ ਵਿਚ ਡਾ. ਗੋਪੀ ਚੰਦ ਭਾਰਗੋ
ਦੀ ਸਰਕਾਰ ਨੇ ਪਹਿਲੀ ਜੂਨ 1948 ਤੋਂ ਉਰਦੂ ਦੀ ਥਾਂ ਪੰਜਾਬੀ ਅਤੇ ਹਿੰਦੀ
ਬਣਾ ਦਿਤਾ। ਉਸ ਸਮੇਂ ਸ਼ਹਿਰਾਂ ਵਿਚ ਸਾਰੇ ਸਕੂਲ ਸਬੰਧਤ ਨਗਰ ਪਾਲਕਾ ਤੇ
ਪਿੰਡਾਂ ਵਿਚ ਡਿਸਟ੍ਰਿਕਟ ਬੋਰਡ (ਜ਼ਿਲਾ ਪ੍ਰੀਸ਼ਦ ) ਅਧੀਨ ਹੋਇਆ ਕਰਦੇ
ਸਨ (ਪੰਜਾਬ ਸਰਕਾਰ ਨੇ ਪਹਿਲੀ ਅਕਤੂਬਰ 1957 ਤੋਂ ਇਹ ਸਾਰੇ ਸਕੂਲ ਆਪਣੇ
ਪ੍ਰਬੰਧ ਹੇਠ ਲਏ)। ਉਰਦੂ ਪ੍ਰੈਸ, ਜਿਸ ਨੂੰ ਮਹਾਸ਼ਾ ਪ੍ਰੈਸ ਵੀ ਆਖਿਆ ਜਾਂਦਾ
ਹੈ ਅਤੇ ਜੋ ਲਾਹੌਰ ਤੋਂ ਜਲੰਧਰ ਆ ਗਿਆ ਸੀ, ਨੇ ਪੰਜਾਬੀ ਨੂੰ ਸਿਖਿਆ ਦਾ
ਮਾਧਿਅਮ ਬਣਾਉਣ ਦਾ ਵਿਰੋਧ ਕੀਤਾ। ਜਲੰਧਰ ਮਿਉਂਸਪਲ ਕਮੇਟੀ ਨੇ ਫਰਵਰੀ 1949
ਦੇ ਆਪਣੇ ਪ੍ਰਸਤਾਵ ਨੰਬਰ ਦੋ ਅਨੁਸਾਰ ਆਪਣੇ ਸਕੂਲਾਂ ਵਿਚ ਸਿਖਿਆ ਦਾ ਮਾਧਿਅਮ
ਪੰਜਾਬੀ ਦੀ ਥਾਂ ਹਿੰਦੀ ਕਰਨ ਦਾ ਫੈਸਲਾ ਕੀਤਾ। ਸਾਲ 1951 ਤੇ 1961 ਦੀ
ਮਰਦਮ ਸ਼ੁਮਾਰੀ ਦੌਰਾਨ ਇਸ ਉਰਦੂ ਪ੍ਰੈਸ, ਆਰੀਆ ਸਮਾਜ ਤੇ ਜਨ ਸੰਘ (ਭਾਜਪਾ ਦਾ
ਪਹਿਲਾ ਰੂਪ) ਦੀ ਤਿੱਕੜੀ ਨੇ ਪੰਜਾਬੀ ਹਿੰਦੂਆਂ ਨੂੰ ਅਪਣੀ ਮਾਂ-ਬੋਲੀ
ਪੰਜਾਬੀ ਦੀ ਥਾਂ ਹਿੰਦੀ ਲਿਖਵਾਉਣ ਦੀ ਸਲਾਹ ਦਿਤੀ ਜਾਂ ਗੁੰਮਰਾਹ ਕੀਤਾ, ਜਿਸ
ਨੂੰ ਭਰਵਾਂ ਹੁੰਗਾਰਾ ਮਿਲਿਆ। ਇਹ ਗਲ ਵਰਨਣਯੋਗ ਹੈ ਕਿ ਆਰ.ਐਸ.ਐਸ.
ਦੇ ਤਤਕਾਲੀ ਮੁਖੀ ਸ੍ਰੀ ਗੋਲਵਾਲਕਰ 1960-ਵਿਆਂ ਦੇ ਸ਼ੁਰੂ ਵਿਚ ਜਦੋਂ
ਚੰਡੀਗੜ੍ਹ ਆਏ ਤਾਂ ਉਨ੍ਹਾਂ ਆਪਣੇ ਭਾਸ਼ਨਾਂ ਵਿਚ ਕਿਹਾ ਕਿ ਪੰਜਾਬੀ ਹਿੰਦੂਆਂ
ਦੀ ਮਾਂ-ਬੋਲੀ ਪੰਜਾਬੀ ਹੈ। ਇਸ ਉਪਰੰਤ ਜਦੋਂ ਉਹ ਜਾਲੰਧਰ ਆਏ ਤਾਂ ਉਕਤ
ਤਿੱਕੜੀ ਦੇ ਪ੍ਰਭਾਵ ਹੇਠ ਉਹ ਵੀ ਥਿੜਕ ਗਏ। ਹਿੰਦੁਸਤਾਨ ਵਿਚ ਕੇਵਲ ਪੰਜਾਬ
ਦੇ ਹਿੰਦੂ ਹੀ ਆਪਣੀ ਮਾਂ-ਬੋਲੀ ਤੋਂ ਮੁਨਕਰ ਹੋਏ ਹਨ, ਬੰਗਾਲ਼ੀ ਹਿੰਦੂ ਅਪਣੀ
ਮਾਂ-ਬੋਲੀ ਬੰਗਾਲੀ ਨੂੰ ਅਪਣੀ ਸਖਸ਼ੀਅਤ ਦਾ ਇਕ ਅਹਿੰਮ ਅੰਗ ਸਮਝਦਾ ਹੈ। ਇਸੇ
ਤਰ੍ਹਾਂ ਗੁਜਰਾਤੀ ਹਿੰਦੂ ਗੁਜਰਾਤੀ ਭਾਸ਼ਾ ਨੂੰ, ਕਰਨਾਟਕ ਦਾ ਹਿੰਦੂੰ ਕਨੜ੍ਹ
ਨੂੰ, ਕੇਰਲਾ ਵਾਲਾ ਮਲਿਆਲਮ ਨੂੰ, ਉੜੀਸਾ ਵਾਲਾ ਉੜੀਆ ਨੂ, ਆਂਧਰਾ ਪ੍ਰਦੇਸ਼
ਵਾਲਾ ਤੇਲਗੂ ਨੂੰ ਤੇ ਤਾਮਲ ਨਾਡੂ ਵਾਲਾ ਤਾਮਲ ਭਾਸ਼ਾ ਨੂੰ ਜੀਅ ਜਾਨ ਨਾਲ
ਪਿਆਰ ਕਰਦਾ ਹੈ। ਇਹ ਗਲ ਵੀ ਮਹੱਤਵਪੂਰਨ ਹੈ ਕਿ 1947 ਵਿਚ ਫਿਰਕੂ ਆਧਾਰ ‘ਤੇ
ਬੰਗਾਲ ਦੇ ਵੀ ਦੋ ਟੋਟੇ ਹੋਏ ਹਨ। ਪੂਰਬੀ ਪਾਕਿਸਤਾਨ, ਜਿਸ ਨੂੰ ਹੁਣ ਬੰਗਲਾ
ਦੇਸ਼ ਕਿਹਾ ਜਾਂਦਾ ਹੈ, ਵਿਚ ਪਾਕਿਸਤਾਨੀ ਹੁਕਮਰਾਨਾਂ ਨੇ ਸਿਖਿਆ ਦਾ ਮਾਧਿਅਮ
ਉਰਦੂ ਠੋਸ ਦਿਤਾ ਸੀ, ਜਿਸ ਉਤੇ ਵਿਦਿਆਰਥੀਆਂ ਨੇ ਇਕ ਅੰਦੋਲ੍ਹਨ ਸ਼ੁਰੂ ਕਰ
ਦਿਤਾ। ਹਾਕਮਾਂ ਨੇ ਢਾਕਾ ਵਿਖੇ ਇਨ੍ਹਾਂ
ਵਿਦਿਆਰਥੀਆਂ ਦੇ ਪੁਰਅਮਨ ਮੁਜ਼ਾਹਰੇ ਉਤੇ 21 ਫਰਵਰੀ 1952 ਨੂੰ ਗੋਲੀ ਚਲਾਈ,
ਜਿਸ ਵਿਚ ਪੰਜ ਵਿਦਿਆਰਥੀ ਸ਼ਹੀਦ ਹੋ ਗਏ। ਇਹੀ ਅੰਦੋਲ੍ਹਨ ਆਜ਼ਾਦੀ ਦੀ ਲੜਾਈ
ਵਿਚ ਬਦਲ ਗਿਆ ਤੇ ਦਸੰਬਰ 1971 ਵਿਚ ਇਹ ਪਕਿਸਤਾਨ ਦੇ ਸ਼ਿਕੰਜੇ ਚੋਂ ਆਜ਼ਾਦ ਹੋ
ਗਿਆ। ਬੰਗਲਾ ਦੇਸ਼ ਵਲੋਂ ਪੇਸ਼ ਕੀਤੇ ਇਕ ਪ੍ਰਸਤਾਵ ਉਤੇ ਹੀ ਯੂਨੈਸਕੋ
ਵਲੋਂ ਸਾਰੀ ਦੁਨੀਆ ਵਿਚ ਹਰ ਸਾਲ 21 ਫਰਵਰੀ ਨੂੰ ਕੌਮਾਂਤਰੀ ਮਾਂ-ਬੋਲੀ ਦਿਵਸ
ਮਨਾਇਆ ਜਾਂਦਾ ਹੈ।
|
ਢਾਕਾ ਵਿਖੇ ਮਾਤ-ਭਾਸ਼ਾ
ਸੰਘਰਸ ਦੇ ਸ਼ਹੀਦਾਂ ਦੀ ਯਾਦਗਾਰ “ਸ਼ਹੀਦ ਮਿਨਾਰ” |
ਆਜ਼ਾਦੀ ਦੀ ਲੜਾਈ ਦੌਰਾਨ ਕਾਂਗਰਸ ਪਾਰਟੀ ਨੇ ਕਈ ਵਾਰੀ ਪ੍ਰਸਤਾਵ ਪਾਸ
ਕੀਤਾ ਸੀ ਕਿ ਆਜ਼ਾਦ ਭਾਰਤ ਵਿਚ ਸੂਬਿਆਂ ਦਾ ਪੁਨਰਗਠਨ ਭਾਸ਼ਾ ਦੇ ਆਧਾਰ ‘ਤੇ
ਕੀਤਾ ਜਾਏਗਾ ਅਤੇ ਸਾਰੇ ਸੂਬਿਆਂ ਨੂੰ ਵੱਧ ਅਧਿਕਾਰ ਦਿਤੇ ਜਾਣਗੇ। ਇਸ ਉਦੇਸ਼
ਦੀ ਪੂਰਤੀ ਲਈ ਭਾਰਤ ਸਰਕਾਰ ਨੇ 22 ਦਸੰਬਰ 1953 ਨੂੰ ਇਕ ਕਮਿਸ਼ਨ ਦਾ ਗਠਨ
ਕੀਤਾ। ਇਸ ਕਮਿਸ਼ਨ ਨੇ ਆਮ ਲੋਕਾਂ ਤੇ ਸਿਆਸੀ ਪਾਰਟੀਆਂ ਤੋਂ ਸੂਬਿਆਂ ਦੇ
ਪੁਰਗਠਨ ਲਈ ਸੁਝਾਅ ਮੰਗੇ। ਅਕਾਲੀ ਦਲ ਨੇ
ਪੰਜਾਬੀ ਭਾਸ਼ਾ ਦੇ ਆਧਾਰ ਤੇ ਪੰਜਾਬੀ ਸੂਬੇ ਦੀ ਮੰਗ ਕੀਤੀ ਜਦੋਂ ਕਿ ਹੁਕਮਰਾਨ
ਕਾਂਗਰਸ, ਜਨ ਸੰਘ ਤੇ ਆਰੀਆ ਸਮਾਜ ਨੇ ਪੈਪਸੂ ਤੇ ਹਿਮਾਚਲ ਨੂੰ ਪੰਜਾਬ ਵਿਚ
ਸ਼ਾਮਿਲ ਕਰ ਕੇ ਮਹਾਂ-ਪੰਜਾਬ ਦੇ ਹੱਕ ਵਿਚ ਮੈਮੋਰੈਂਡਮ ਦਿਤੇ।
ਕਮਿਸ਼ਨ ਨੇ ਅਪਣੀ ਰਿਪੋਰਟ ਅਕਤੂਬਰ 1955 ਵਿਚ ਦਿਤੀ ਤੇ ਪੰਜਾਬੀ ਸੂਬੇ ਦੀ
ਮੰਗ ਰੱਦ ਕਰ ਦਿਤੀ। ਇਸ ਦੇ ਉਲਟ ਪੈਪਸੂ ਤੇ ਹਿਮਾਚਲ ਪ੍ਰਦੇਸ਼ ਨੂੰ ਪੰਜਾਬ
ਵਿਚ ਸ਼ਾਮਿਲ ਕਰਨ ਦੀ ਸਿਫਾਰਿਸ਼ ਕੀਤੀ। ਹਿਮਾਚਲੀ ਲੀਡਰਾਂ ਦੀ ਵਿਰੋਧਤਾ ਕਾਰਨ
ਹਿਮਾਚਲ ਤਾਂ ਬਚ ਗਿਆ ਪਰ ਦੋ ਅਕਤੂਬਰ 1956 ਨੂੰ ਪੈਪਸੂ ਨੂੰ ਪੰਜਾਬ ਵਿਚ
ਸ਼ਾਮਿਲ ਕਰ ਦਿਤਾ ਗਿਆ। ਅਕਾਲੀ ਦਲ ਨੇ ਭਾਸ਼ਾ ਦੇ ਆਧਾਰ ‘ਤੇ ਪੰਜਾਬੀ ਸੂਬੇ ਦੀ
ਸਥਾਪਤੀ ਲਈ ਸੰਘੱਰਸ਼ ਛੇੜ ਦਿਤਾ। ਮੋਰਚੇ ਲਗਾਉਣ, ਜੇਲ੍ਹਾਂ ਭਰਨ ਤੇ
ਕੁਰਬਾਨੀਆਂ ਕਰਨ ਦੇ ਲੰਬੇ ਸੰਘੱਰਸ਼ ਪਿਛੋਂ ਮਾਰਚ 1966 ਵਿਚ ਇਹ ਮੰਗ ਪਰਵਾਨ
ਹੋਈ। ਸਰਕਾਰ ਨੇ ਹੱਦਬੰਦੀ ਲਈ ਜੋ ਕਮਿਸ਼ਨ ਬਣਾਇਆ ਉਸ ਨੂੰ 1961 ਦੀ ਮਰਦਮ
ਸ਼ੁਮਾਰੀ ਨੂੰ ਆਧਾਰ ਬਣਾਉਣ ਲਈ ਕਿਹਾ। ਕਿਉਂ ਜੋ ਪੰਜਾਬੀ ਹਿੰਦੂਆਂ ਨੇ ਆਪਣੀ
ਮਾਂ-ਬੋਲੀ ਹਿੰਦੀ ਲਿਖਵਾਈ ਸੀ, ਇਸ ਕਾਰਨ ਚੰਡੀਗੜ੍ਹ ਤੇ ਅਨੇਕਾਂ ਪੰਜਾਬੀ
ਬੋਲਦੇ ਇਲਾਕੇ ਹਰਿਆਣਾ ਜਾਂ ਹਿਮਾਚਲ ਵਿਚ ਚਲੇ ਗਏ। ਇਕ ਲੰਗੜਾ ਸੂਬਾ ਹੋਂਦ
ਵਿਚ ਆਇਆ। ਇਸ ਸੂਬੇ ਨੂੰ ਮੁਕੰਮਲ ਕਰਵਾਉਣ ਤੇ ਕੁਝ ਧਾਰਮਿਕ ਮੰਗਾ ਦੀ ਪੂਰਤੀ
ਲਈ ਅਕਾਲੀਆਂ ਨੇ ਫਿਰ ਸੰਘੱਰਸ਼ ਸ਼ੁਰੂ ਕੀਤਾ ਤੇ ਚਾਰ ਅਗੱਸਤ 1984 ਨੂੰ ‘ਧਰਮ
ਯੁੱਧ’ ਮੋਰਚਾ ਲਗਾਇਆ, ਜਿਸ ਨੂੰ ਭਰਵਾਂ ਹੁੰਗਾਰਾਂ ਮਿਲਿਆ। ਮੋਰਚੇ ਨੂੰ
ਕੁਚਲਣ ਲਈ ਤਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਜੂਨ 1984
ਵਿਚ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਉਤੇ ਫੌਜੀ ਹਮਲਾ ਕਰ ਦਿਤਾ। ਇਸ ਪਿਛੋਂ
ਜੋ ਵੀ ਹਿਰਦੇਵੇਦਕ ਘਟਨਾਵਾਂ ਵਾਪਰੀਆਂ ਉਹ ਇਸ ਦੀ ਪ੍ਰਤੀਕ੍ਰਿਆ ਵਜੋਂ
ਵਾਪਰੀਆਂ ਹਨ।
ਜੇਕਰ ਪੰਜਾਬੀ ਹਿੰਦੂਆਂ ਨੇ 1951 ਤੇ 1961 ਦੀ ਮਰਦਮ ਸ਼ੁਮਾਰੀ ਦੌਰਾਨ
ਆਪਣੀ ਮਾਂ-ਬੋਲੀ ਪੰਜਾਬੀ ਲਿਖਵਾਈ ਹੁੰਦੀ ਤਾਂ ਸ਼ਾਇਦ ਪੰਜਾਬੀ ਸੂਬੇ ਦੀ ਮੰਗ
ਹੀ ਨਾ ਉਠਦੀ, ਜੇਕਰ ਉਠਦੀ ਵੀ ਤਾਂ ਸਹੀ ਅਰਥਾਂ ਵਿਚ ਪੰਜਾਬ ਸੂਬਾ ਬਣਦਾ, ਨਾ
ਚੰਡੀਗੜ੍ਹ ਬਾਹਰ ਰਹਿੰਦਾ, ਨਾ ਹੀ ਪੰਜਾਬੀ ਭਾਸ਼ਾਈ ਇਲਾਕੇ, ਅਤੇ ਨਾ ਹੀ ਇਸ
ਪਿਛੋਂ ਹਿਰਦੇਵੇਦਕ ਘਟਨਾਵਾਂ ਵਾਪਰਦੀਆਂ ਤੇ ਸੰਮੂਹ ਪੰਜਾਬੀਆਂ ਨੂੰ ਸੰਤਾਪ
ਹੰਢਾਉਣਾ ਪੈਂਦਾ, ਜਿਸ ਵਿਚ ਨਿਰਦੋਸ਼ ਹਿੰਦੂਆਂ ਸਮੇਤ ਲਗਭਗ 27 ਹਜ਼ਾਰ ਪੰਜਾਬੀ
ਮਾਰੇ ਗਏ।
ਇਹ ਖੁਸ਼ੀ ਵਾਲੀ ਗਲ ਹੈ ਕਿ ਪੰਜਾਬ ਵਿਚ ਹੁਣ ਭਾਸ਼ਾ ਦੀ ਕੋਈ ਸਮੱਸਿਆ ਨਹੀਂ
ਹੈ। ਦੇਰ ਆਇਦ ਦੁਰੱਸਤ ਆਇਦ, ਇਹ ਗਲ ਸਵਾਗਤਯੋਗ ਹੈ ਜਿ ਭਾਜਪਾ, ਜੋ ਪੰਜਾਬੀ
ਹਿੰਦੂਆਂ ਨੂੰ ਆਪਣੀ ਮਾਂ-ਬੋਲੀ ਤੋਂ ਮੁਨਕਰ ਹੋਣ ਲਈ ਉਕਸਾਉਂਦੀ ਰਹੀ, ਨੇ 30
ਜਨਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਸਮੇਂ ਆਪਣੇ ਚੋਣ ਮਨੋਰਥ ਪੱਤਰ ਵਿਚ
ਮਾਂ-ਬੋਲੀ ਪੰਜਾਬੀ ਦੇ ਵਿਕਾਸ ਨੂੰ ਇਕ ਮੁੱਦਾ ਬਣਾਇਆ ਹੈ। ਆਸ ਹੈ ਕਿ ਹੁਣ
ਭਾਜਪਾ ਮਾਂ-ਬੋਲੀ ਪੰਜਾਬੀ ਦੇ ਵਿਕਾਸ ਲਈ ਪੂਰੀ ਸੁਹਰਿਦਗੀ ਨਾਲ ਯਤਨ ਵੀ
ਕਰੇਗੀ। ਪੰਜਾਬ ਵਿਚ ਸਦਭਾਵਨਾ ਭਰੇ ਮਾਹੌਲ ਦੀ ਸਿਰਜਣਾ ਤੇ ਖੁਸ਼ਹਾਲੀ ਲਈ
ਮਾਂ-ਬੋਲੀ ਪੰਜਾਬੀ ਨਾਲ ਬੰਗਾਲੀਆਂ ਵਾਂਗ ਪਿਆਰ ਜ਼ਰੂਰੀ ਹੈ। ਉਹ ਦਿਨ ਭਾਗਾਂ
ਵਾਲਾ ਹੋਏਗਾ ਜਦੋਂ ਪੰਜਾਬ ਦੇ ਸਾਰੇ ਸਕੂਲਾਂ ਵਿਚ ਪਹਿਲੀ ਜਮਾਤ ਤੋਂ ਪੰਜਾਬੀ
ਪੜ੍ਹਾਈ ਜਾਏਗੀ ਤੇ ਰਾਜ ਪ੍ਰਸਾਸ਼ਨ ਵਿਚ ਯੋਗ ਸਥਾਨ ਮਿਲੇਗਾ। ਹਿੰਦੀ ਸਾਡੀ
ਰਾਸ਼ਟਰ-ਭਾਸ਼ਾ ਹੈ, ਇਹ ਵੀ ਸੰਮੂਹ ਪੰਜਾਬੀਆਂ ਨੂੰ ਪੜ੍ਹਣੀ ਚਾਹੀਦੀ ਹੈ ਤੇ ਇਸ
ਵਿਚ ਵੀ ਮੁਹਾਰਤ ਹਾਸਲ ਕਰਨੀ ਚਾਹੀਦੀ ਹੈ।
# 194-ਸੀ, ਭਾਈ ਰਣਧੀਰ ਸਿੰਘ ਨਗਰ,
ਲੁਧਿਆਣਾ,
ਮੋ: 9876295829
|