ਬਲਦੇਵ ਸਿੰਘ ਸੜਕਨਾਮਾ ਨੂੰ ਭਾਰਤੀ ਸਾਹਿਤ ਅਕੈਡਮੀ ਦਾ ਅਵਾਰਡ ਮਿਲਣ ਅਤੇ
ਆਲ ਇੰਡੀਆ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਪ੍ਰਧਾਨ ਚੁਣੇ ਜਾਣ 'ਤੇ
ਮੁਬਾਰਕਬਾਦ ਦੇਣ ਲਈ, ਉਸ ਦੇ ਕੁਝ ਮਿੱਤਰ ਪਿਆਰੇ ਸਰੀ ਦੇ ਧੂਮ ਰੈਸਟੋਰੈਂਟ
ਵਿਚ ਇਕੱਤਰ ਹੋਏ। ਸਭ ਤੋਂ ਪਹਿਲਾਂ ਨਾਮਵਰ ਕਵੀ ਮੋਹਣ ਗਿੱਲ ਨੇ ਇਸ ਇਕੱਤਰਤਾ
ਵਿਚ ਆਏ ਸਭ ਮਿੱਤਰ ਪਿਆਰਿਆਂ ਨੂੰ ਜੀ ਆਇਆਂ ਕਹਿੰਦਿਆਂ ਦੱਸਿਆ ਕਿ ਮੈਂ
ਭਾਵੇਂ ਨਿੱਜੀ ਤੌਰ 'ਤੇ ਬਲਦੇਵ ਸਿੰਘ ਦੇ ਸੰਪਰਕ ਵਿਚ ਨਹੀਂ ਰਿਹਾ ਪਰ ਉਸ ਦੀ
ਲਿਖਤ ਤੋਂ ਬਹੁਤ ਪ੍ਰਭਾਵਤ ਹੋਇਆ ਹਾਂ।ਸੜਕ ਨਾਮਾ ਆਪਣੀ ਲਿਖਤ ਰਾਹੀਂ ਇੰਨਾ
ਕੱਦਾਵਰ ਹੋ ਗਿਆ ਹੈ ਕਿ ਉਸ ਨੂੰ ਸਾਹਿਤ ਅਕਾਦਮੀ ਦਾ ਸਨਮਾਨ ਮਿਲਣਾ ਹੀ ਬਣਦਾ
ਸੀ। ਮੋਹਣ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਉਤਰੀ ਅਮਰੀਕਾ ਦੇ ਸਾਰੇ ਮੈਂਬਰਾਂ
ਵੱਲੋਂ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਉਹ ਅਗਾਂਹ ਵੀ ਲੇਖਕਾਂ ਤੇ
ਪਾਠਕਾਂ ਦੀਆਂ ਭਾਵਨਾਵਾਂ 'ਤੇ ਖਰੇ ਉਤਰਨਗੇ।
ਨਾਮਵਰ ਰੇਡੀਉ ਹੋਸਟ ਕੁਲਜੀਤ ਕੌਰ ਨੇ ਬਲਦੇਵ ਸਿੰਘ ਨੂੰ ਵਧਾਈ ਦਿੰਦਿਆਂ
ਕਿਹਾ ਕਿ ਕਲਮਕਾਰ ਦੇ ਕਲਾਤਮਕਤਾ ਨਾਲ ਚੁਣੇ ਹੋਏ ਸ਼ਬਦਾਂ ਨੂੰ ਮਾਣ ਲੈਣਾ ਹੀ
ਕਲਮਕਾਰ ਲਈ ਵੱਡਾ ਸਨਮਾਨ ਹੁੰਦਾ ਹੈ।ਜਿਸ ਕਲਮਕਾਰ ਦਾ ਪਾਠਕ ਵਰਗ ਵੱਡਾ ਹੈ
ਉਹ ਕਲਮਕਾਰ ਵੱਡਾ ਹੈ। ਜਿਹੜਾ ਵੀ ਕੋਈ ਲੇਖਕ ਮਹਿਮਾਨ ਵੈਨਕੂਵਰ ਵਿਚ ਆਏ ਉਸ
ਨੂੰ ਮੇਰੇ ਰੇਡੀਉ ਪ੍ਰੋਗਰਾਮ ਵਿਚ ਸਦਾ ਜੀ ਆਇਆਂ। ਹਰ ਚੰਗੇ ਲੇਖਕ ਲਈ ਰੇਡੀਉ
ਪੰਜਾਬ ਦੇ ਦਰਵਾਜ਼ੇ ਖੁੱਲ੍ਹੇ ਹਨ।
ਜਰਨੈਲ ਸਿੰਘ ਸੇਖਾ ਨੇ ਬਲਦੇਵ ਸਿੰਘ ਦੇ ਸੰਘਰਸ਼ਮਈ ਜੀਵਨ ਦੀ ਸੰਖੇਪ
ਕਹਾਣੀ ਸੁਣਾਉਣ ਮਗਰੋਂ ਉਸ ਦੇ ਨਾਵਲਾਂ ਦੇ ਵਭਿੰਨ ਵਿਸ਼ਿਆਂ ਬਾਰੇ ਵੀ ਗੱਲ
ਬਾਤ ਕੀਤੀ। ਬਹੁਪੱਖੀ ਲੇਖਕ ਪ੍ਰਿਤਪਾਲ ਸਿੰਘ ਗਿੱਲ ਨੇ ਬਲਦੇਵ ਦੇ ਨਾਵਲ
'ਲਾਲ ਬੱਤੀ' ਦਾ ਜ਼ਿਕਰ ਕਰਦਿਆਂ ਉਸ ਨੂੰ ਵਧਾਈ ਦਿੱਤੀ। ਪੰਜਾਬੀ ਡਰਾਮਿਆਂ ਦੇ
ਅਭਿਨੇਤਾ ਅਤੇ ਕੁਝ ਪੰਜਾਬੀ ਫਿਲਮਾਂ ਵਿਚ ਅਦਾਕਾਰੀ ਕਰਨ ਵਾਲੇ ਦਰਸ਼ਪ੍ਰੀਤ
ਸਿੰਘ ਨੇ ਬਲਦੇਵ ਸਿੰਘ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਉਹ
ਉਸ ਦਾ ਚਹੇਤਾ ਲੇਖਕ ਹੈ। ਬਦੇਸ਼ ਆਉਣ ਤੋਂ ਪਹਿਲਾਂ ਉਹ ਵੀ ਬਲਦੇਵ ਦੀ ਨਾਟਕ
ਮੰਡਲੀ ਵਿਚ ਸ਼ਾਮਲ ਸੀ।
ਗੀਤਕਾਰ ਅੰਗਰੇਜ਼ ਸਿੰਘ ਬਰਾੜ ਨੇ ਕਿਹਾ ਕਿ ਜਦੋਂ ਨਾਗਮਨੀ ਵਿਚ ਸੜਕਨਾਮਾ
ਛਪਦਾ ਹੁੰਦਾ ਸੀ, ਮੈਂ ਉਸ ਸਮੇਂ ਤੋਂ ਹੀ ਉਸ ਦਾ ਪੱਕਾ ਪਾਠਕ ਬਣ ਗਿਆ ਸੀ।
ਨਾਵਲਕਾਰ ਨਛੱਤਰ ਸਿੰਘ ਬਰਾੜ ਨੇ ਬਲਦੇਵ ਸਿੰਘ ਨਾਲ ਆਪਣੇ ਨਿੱਜੀ ਸਬੰਧਾਂ ਦਾ
ਜ਼ਿਕਰ ਕਰਨ ਦੇ ਨਾਲ ਉਸ ਦੀਆਂ ਹੁਣ ਤੱਕ ਛਪੀਆਂ 48 ਪੁਸਤਕਾਂ ਬਾਰੇ ਵੀ
ਜਾਣਕਾਰੀ ਦਿੱਤੀ।
ਵੈਨਕੂਵਰ ਦੀ ਪਹਿਲੀ ਪੰਜਾਬੀ ਮਾਰਕੀਟ ਦੇ ਮੋਢੀਆਂ ਵਿਚੋਂ ਸੁੱਚਾ ਸਿੰਘ
ਕਲੇਰ ਨੇ ਬਲਦੇਵ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿਹੜੇ ਵੀ ਸੱਜਣ
ਪੰਜਾਬੀ ਸਾਹਿਤ, ਸਭਿਆਚਾਰ ਅਤੇ ਬੋਲੀ ਵਿਚ ਆਪਣਾ ਯੋਗਦਾਨ ਪਾਉਂਦੇ ਹਨ,
ਉਹਨਾਂ ਦਾ ਸੱਤਿਕਾਰ ਕਰਨਾ ਬਣਦਾ ਹੀ ਹੈ। ਸੂਬੇਦਾਰ ਗੁਰਦੇਵ ਸਿੰਘ ਗਿੱਲ ਨੇ
ਕਿਹਾ ਕਿ ਆਪਣੇ ਸਾਥੀਆਂ ਨੂੰ ਇਸ ਤਰ੍ਹਾਂ ਮਾਣ ਦੇਣ ਤੋਂ ਮੈਂ ਬਹੁਤ ਪ੍ਰਭਾਵਤ
ਹੋਇਆ ਹਾਂ।
ਨਾਮਵਰ ਕਵੀ ਤੇ ਗਾਇਕ ਸੁਰਜੀਤ ਮਾਧੋਪੁਰੀ ਨੇ ਮਾਣ ਸਨਮਾਣ ਦੇਣ ਵਾਲੇ
ਕਰਤਿਆਂ ਧਰਤਿਆਂ 'ਤੇ ਵਿਅੰਗ ਕਰਦਿਆਂ ਆਪਣੀ ਗੱਲ ਇਕ ਉਰਦੂ ਦੇ ਸ਼ਿਅਰ ਤੋਂ
ਸ਼ੁਰੂ ਕੀਤੀ:
ਦਿਲੋਂ ਕੀ ਬਾਤ ਨਿਗਾਹੋਂ ਕੇ ਦਰ ਪੇ ਆ ਪਹੁੰਚੀ
ਚਰਾਗ ਕਹਾਂ ਜਲੇ ਔਰ ਰੌਸ਼ਨੀ ਕਹਾਂ ਪਹੁੰਚੀ
ਉਹਨਾਂ ਕਿਹਾ ਕਿ ਇਸ ਵਾਰ ਹੱਕਦਾਰ ਨੂੰ ਹੱਕ ਮਿਲਿਆ ਹੈ। ਮਾਧੋਪੁਰੀ ਨੇ
ਹੋਰ ਕਿਹਾ ਕਿ ਭਾਵੇਂ ਲੇਖਕਾਂ ਨੂੰ ਚੋਣਾਂ ਦੇ ਖਲਜਗਣ ਵਿਚ ਨਹੀਂ ਪੈਣਾ
ਚਾਹੀਦਾ ਫਿਰ ਵੀ ਜਿਹੜੇ ਵੀ ਇਲੈਕਸ਼ਨ ਸ਼ਾਂਤੀਪੂਰਵਕ ਨੇਪੜੇ ਚੜ੍ਹ ਜਾਣ ਉਹ
ਵਧੀਆ ਹੁੰਦੇ ਹਨ ਅਤੇ ਚੁਣੇ ਜਾਣ ਵਾਲੇ ਵੀ ਵਧਾਈ ਪਾਤਰ ਹਨ।
ਨਾਮਵਰ ਕਵੀ ਮਨਜੀਤ ਮੀਤ ਨੇ ਕਿਹਾ ਕਿ ਮੈਂ 25 ਸਾਲ ਤੋਂ ਬਲਦੇਵ ਦੀ ਲਿਖਤ
ਨਾਲ ਜੁੜਿਆ ਹੋਇਆ ਹਾਂ। ਨਾਵਲ 'ਸੂਲੀ ਟੰਗੇ ਪਹਿਰ' ਦਾ ਜ਼ਿਕਰ ਕਰਦਿਆਂ ਮੀਤ
ਨੇ ਕਿਹਾ ਕਿ ਬਲਦੇਵ ਨੇ ਪੰਜਾਬੀ ਸਾਹਿਤ ਵਿਚ ਰਹਿੰਦੇ ਖੱਪਿਆਂ ਨੂੰ ਪੂਰਿਆ
ਹੈ। ਪੰਜਾਬੀ ਅਖਬਾਰ 'ਪੰਜਾਬ ਟਾਈਮਜ਼' ਦੇ ਸੰਪਾਦਕ ਅਮਰਪਾਲ ਸਿੰਘ ਨੇ ਵੀ
ਆਪਣੇ ਅਦਾਰੇ ਵੱਲੋਂ ਬਲਦੇਵ ਸਿੰਘ ਨੂੰ ਵਧਾਈ ਦਿੱਤੀ। ਪੰਜਾਬੀ ਫੁਲਕਾਰੀ ਨੂੰ
ਸੰਸਾਰ ਵਿਚ ਪ੍ਰਸਿੱਧੀ ਦਵਾਉਣ ਵਾਲੇ ਨਾਮਵਰ ਚਿਤ੍ਰਕਾਰ ਜਰਨੈਲ ਸਿੰਘ
ਆਰਟਿਸਟ, ਜਿਹੜੇ ਕਿ ਇਸ ਇਕੱਤਰਤਾ ਦੀ ਕਾਰਵਾਈ ਚਲਾ ਰਹੇ ਸਨ, ਨੇ ਬਲਦੇਵ
ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਸ ਨੇ ਆਪਣੀ ਸਾਹਿਤਕ ਕ੍ਰਿਤ ਦੇ ਸਿਰ
'ਤੇ ਸਨਮਾਨ ਪ੍ਰਾਪਤ ਕੀਤਾ ਹੈ। ਉਹਨਾਂ ਇਹ ਵੀ ਕਿਹਾ ਕਿ ਇਹ ਵੱਡੀ ਖੁਸ਼ੀ ਦੀ
ਗੱਲ ਹੈ ਕਿ ਇਸ ਵਾਰ ਕੇਂਦਰੀ ਸਭਾ ਰਾਜਨੀਤੀਵਾਨਾਂ ਦੇ ਹੱਥਾਂ ਵਿਚੋਂ ਨਿਕਲ
ਕੇ ਨਿਰੋਲ ਸਾਹਿਤਕਾਰਾਂ ਦੇ ਹੱਥ ਵਿਚ ਆਈ ਹੈ। ਉਂਜ ਮੇਰਾ ਵਿਚਾਰ ਹੈ ਕਿ
ਸਾਹਿਤਕਾਰਾਂ ਨੂੰ ਅਹੁਦਿਆਂ ਵੱਲ ਭੱਜਣ ਦੀ ਥਾਂ ਸਾਹਿਤ ਸ੍ਰਿਜਣਾ ਵੱਲ ਧਿਆਨ
ਦੇਣ ਦੀ ਲੋੜ ਹੈ। ਰੇਡੀਉ ਆਵਾਜ਼ ਏ ਪੰਜਾਬ ਦੇ ਸੰਚਾਲਕ ਪ੍ਰੋ. ਗੁਰਵਿੰਦਰ
ਸਿੰਘ ਧਾਲੀਵਾਲ, ਨਦੀਮ ਪਰਮਾਰ ਅਤੇ ਮੰਗਾ ਬਾਸੀ ਜਿਹੜੇ ਕਿਸੇ ਕਾਰਨ ਇਸ
ਇਕੱਤਰਤਾ ਵਿਚ ਸ਼ਾਮਲ ਨਹੀਂ ਸੀ ਹੋ ਸਕੇ, ਉਹਨਾਂ ਫੋਨ ਰਾਹੀਂ ਆਪਣੇ ਵਧਾਈ
ਸੰਦੇਸ਼ ਸਾਂਝੇ ਕੀਤੇ।
ਅਖੀਰ ਵਿਚ ਅਏ ਸੱਜਣਾਂ ਦਾ ਧੰਨਵਾਦ ਕਰਨ ਦੇ ਨਾਲ ਨਾਲ, ਚਾਹ, ਪਕੌੜਿਆਂ
ਦੀ ਸੇਵਾ ਲਈ ਸੁਰਜੀਤ, ਮਾਧੋਪੁਰੀ ਜੀ ਦਾ ਵੀ ਧੰਨਵਾਦ ਕੀਤਾ ਗਿਆ।
14/06/12
|