ਬਰੈਂਪਟਨ - ਵੀਹ ਅਗਸਤ ਦੀ ਚਮਕਦੀ ਦੁਪਹਿਰ ਤੇ ਗਰੇਟਰ ਟੋਰਾਂਟੋ ਏਰੀਏ ਦਾ
ਖੂਬਸੂਰਤ, ਫੁੱਲਾਂ ਲੱਦਿਆ ਇਲਾਕਾ ਮਿਲਟਨ। ਏਥੇ ਹੀ ਵਸਦੀ ਹੈ ਪੰਜਾਬੀ ਦੀ
ਨਾਮਵਰ ਲੇਖਿਕਾ ਬਲਬੀਰ ਸੰਘੇੜਾ। ਜਿਸ ਦੇ ਘਰ ਦੁਆਲੇ ਕਾਰਾਂ ਦਾ ਝੁਰਮਟ ਤੇ
ਮਿਲਣ ਗਿਲਣ ਵਾਲਿਆਂ ਦੀ ਚਹਿਲ ਪਹਿਲ ਅੱਜ ਵੀ ਹੈ। ਤੇ ਏਥੇ ਹੀ ਕੁੱਝ ਦਿਨਾਂ
ਤੋਂ ਰਹਿ ਰਿਹਾ ਹੈ ਆਧੁਨਿਕ ਪੰਜਾਬੀ ਕਹਾਣੀ ਦਾ ਚਰਚਿਤ ਹਸਤਾਖਰ ਜਿੰਦਰ। ਜੋ
ਜਖਮ ਤੇ ਕਤਲ ਵਰਗੀਆਂ ਕਹਾਣੀਆਂ ਲਿਖਕੇ ਕਹਾਣੀਕਾਰਾਂ ਦੀ ਮੂਹਰਲੀ ਕਤਾਰ ਵਿੱਚ
ਆਪਣਾ ਨਾਂ ਦਰਜ ਕਰਵਾ ਚੁੱਕਾ ਹੈ। ਅੱਜ ਦਾ ਇਹ ਮੇਲਾ ਗੇਲਾ ਉਸੇ ਕਰਕੇ ਹੀ
ਹੈ। ਮੈਂ ਵੀ ਕਾਰ ਪਾਰਕ ਕਰਕੇ ਅੰਦਰ ਨੂੰ ਤੁਰ ਪੈਂਦਾ ਹਾਂ, ਤਾਂ ਅੱਗੋਂ
ਜਿੰਦਰ ਹੀ ਬੂਹਾ ਖੋਹਲਦਾ ਹੈ। ਜਿਸ ਨੇ ਇੱਕ ਖਿੜਕੀ ਰਾਹੀ ਮੈਨੂੰ ਆਂਉਦਿਆਂ
ਵੇਖ ਲਿਆ ਸੀ। ਅੱਗੇ ਸੋਫਿਆਂ ਤੇ ਬਲਰਾਜ ਚੀਮਾਂ, ਪਾਕਿਸਤਾਨੀ ਮੂਲ ਦੀ
ਲੇਖਿਕਾ ਤਲਤ ਜਾਹਿਰਾ, ਲਾਲ ਸਿੰਘ ਸੰਘੇੜਾ ਤੇ ਬਲਬੀਰ ਸੰਘੇੜਾ ਜੀ ਬਿਰਾਜਮਾਨ
ਨੇ। ਸੁਆਗਤ ਦੇ ਨਾਲ ਨਾਲ ਚਾਹ ਪਾਣੀ ਦਾ ਦੌਰ ਵੀ ਚੱਲ ਰਿਹਾ ਹੈ।
ਜਿੰਦਰ ਆਪਣੀ ਸੀਟ ਫੇਰ ਸੰਭਾਲਦਾ ਹੈ ਤੇ ਉਸੇ ਵਕਤ ਪਹੁੰਚ ਜਾਂਦੇ ਹਨ
ਕਹਾਣੀਕਾਰ ਕੁਲਜੀਤ ਮਾਨ, ਬਰਜਿੰਦਰ ਗੁਲਾਟੀ, ਨੀਰੂ ਅਸੀਮ, ਮਿਨੀ ਗਰੇਵਾਲ
ਅਤੇ ਜਗਦੇਵ ਸਿੰਘ ਨਿੱਝਰ। ਮਹਿਫਲ ਭਰ ਜਾਂਦੀ ਹੈ। ਬਲਵੀਰ ਸੰਘੇੜਾ ਜੀ ਕਹਿਣ
ਤੇ ਬਲਰਾਜ ਚੀਮਾਂ ਮੀਟਿੰਗ ਦੀ ਵਾਗਡੋਰ ਸੰਭਾਲਦੇ ਹਨ। ਮੇਜਰ ਮਾਂਗਟ ਨੂੰ
ਰਿਪੋਰਟ ਲਿਖਣ ਲਈ ਕਿਹਾ ਜਾਂਦਾ ਹੈ ਤੇ ਫੇਰ ਸ਼ੁਰੂ ਹੁੰਦਾ ਹੈ ਕਹਾਣੀਕਾਰ
ਜਿੰਦਰ ਨਾਲ ਅੱਜ ਦਾ ਰੂ-ਬ-ਰੂ ਦਾ ਆਰੰਭ।
ਜਿੰਦਰ ਨੇ ਆਪਣੇ ਜਨਮ ਤੋਂ ਜੀਵਨ ਦਾ ਸਫਰ ਬਿਆਨਣਾ ਸ਼ੁਰੂ ਕੀਤਾ। ਜਿਵੇਂ -
ਉਸਦਾ ਜਨਮ 2 ਫਰਵਰੀ 1954 ਨੂੰ ਤਹਿਸੀਲ ਨਕੋਦਰ ਦੇ ਪਿੰਡ ਲੱਧੜਾਂ ਵਿੱਚ
ਹੋਇਆ। ਉਸ ਨੇ ਸਭ ਤੋਂ ਪਹਿਲੀ ਕਹਾਣੀ ਨਿਊਡ ਲਿਖੀ ਜੋ ਇੱਕ ਪਰਚੇ ਕਮਲ ਵਿੱਚ
ਛਪਣ ਨਾਲ ਉਸ ਨੂੰ ਅਥਾਹ ਖੁਸ਼ੀ ਹੋਈ। ਆਪਣੀ ਲੇਖਣੀ ਦੇ ਸਫਰ ਤੇ ਕਾਹਲੇ ਕਦਮੀ
ਤੁਰਦਿਆਂ 1982 ਵਿੱਚ ਹੀ ਉਹ ਪ੍ਰੀਤਲੜੀ, ਅਕਸ ਤੇ ਸਮਤਾ ਵਰਗੇ ਪਰਚਿਆਂ ਵਿੱਚ
ਛਪਣ ਲੱਗ ਪਿਆ ਸੀ।
ਇਸੇ ਸਮੇਂ ਉਸਨੇ ਐੱਮ ਬੀ ਡੀ ਪ੍ਰਕਾਸ਼ਨ ਨਾਲ ਪਰੂਫ ਰੀਡਰ ਦੀ ਨੌਕਰੀ
ਕਰਦਿਆਂ ਸਖਤ ਮਿਹਨਤ ਕੀਤੀ ਜਿਸ ਨਾਲ ਉਸ ਨੂੰ ਭਾਸ਼ਾ ਤੇ ਆਬੂਰ ਹਾਸਲ ਹੋਇਆ।
ਉਹ ਅੰਗਰੇਜੀ ਦੀ ਐਮ ਏ ਹੋਣ ਕਾਰਨ ਪੰਜਾਬੀ ਹਿੰਦੀ ਦੇ ਨਾਲ ਬਹੁਤ ਸਾਰਾ
ਸਾਹਿਤ ਅਤੇ ਦਰਸ਼ਨ ਪੜ੍ਹਦਾ ਵੀ ਰਿਹਾ। ਫੇਰ 1990 ਵਿੱਚ ਉਸਦਾ ਪਹਿਲਾ ਕਹਾਣੀ
ਸੰਗ੍ਰਹਿ ‘ਮੈਂ ਕਹਾਣੀ ਤੇ ਉਹ’ ਪ੍ਰਕਾਸ਼ਤ ਹੋਇਆ। ਪਰੰਤੂ 1995 ਵਿੱਚ ਜਦੋਂ
ਉਸ ਦੀ ਕਹਾਣੀ ਕਤਲ ਸਿਰਜਣਾ ਵਿੱਚ ਛਪੀ ਤਾਂ ਤਾਂ ਪਾਠਕਾਂ ਤੇ ਅਲੋਚਕਾਂ ਨੇ
ਉਸ ਨੂੰ ਵਧੀਆ ਕਹਾਣੀਕਾਰ ਪ੍ਰਵਾਨ ਕਰ ਲਿਆ। ਹੁਣ ਤੱਕ ਜਿੰਦਰ ਦੇ ਪੰਜ ਕਹਾਣੀ
ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕੇ ਨੇ ਜਿਵੇਂ:-
ਮੈਂ ਕਹਾਣੀ ਤੇ ਉਹ, ਨਹੀਂ ਮੈਂ ਨਹੀਂ, ਤੁਸੀਂ ਨੀ ਸਮਝ ਸਕਦੇ, ਬਿਨਾਂ
ਵਝਾ ਤਾਂ ਨਹੀਂ ਅਤੇ ਜਖਮ
ਪਿੱਛੇ ਜਿਹੇ ਉਸਦੀਆਂ ਸਮੁੱਚੀਆਂ ਕਹਾਣੀਆਂ ਤਹਿਜੀਬ ਨਾਂ ਦੀ ਪੁਸਤਕ ਵਿੱਚ
ਛਪ ਗਈਆਂ ਨੇ। ਇਸ ਤੋਂ ਇਲਾਵਾ ਸਨ 1998 ਵਿੱਚ ਉਸਨੇ ਹਰਜੀਤ ਅਟਵਾਲ ਨਾਲ ਮਿਲ
ਕੇ ਸ਼ਬਦ ਨਾਂ ਦਾ ਤ੍ਰੈਮਾਸਿਕ ਪਰਚਾ ਸ਼ੁਰੂ ਕੀਤਾ ਜੋ ਇਸ ਵਕਤ ਬੁਲੰਦੀਆਂ ਤੇ
ਹੈ। ਉਸ ਨੇ ਬਹੁਤ ਖੂਬਸੂਰਤ ਵਾਰਤਿਕ ਵੀ ਲਿਖੀ। ਉਹ ਦੀਪਕ ਜੈਤੋਈ ਸਾਹਿਬ ਦੇ
ਦਾਮਾਦ ਹੋਣ ਦੀ ਮਾਣ ਮਹਿਸੂਸ ਕਰਦਿਆਂ ਯਾਦਾਂ ਸਾਂਝੀਆਂ ਕਰਦੇ ਹਨ ਤੇ ਜਲੰਧਰ
ਵਾਲੇ ਆਪਣੇ ਉਸ ਚੁਬਾਰੇ ਦੀਆਂ ਵੀ ਜਿੱਥੇ ਲੇਖਕ ਅਕਸਰ ਆਉਂਦੇ ਰਹਿੰਦੇ।
ਉਨ੍ਹਾਂ ਇਹ ਵੀ ਦੱਸਿਆ ਕਿ ਕਿਵੇਂ ਕਾਵਿ ਤੇ ਗਲਪ ਦੀਆਂ ਨਦੀਆਂ ਸਮਾਂਤਰ
ਵਹਿੰਦੀਆਂ ਰਹੀਆਂ। 2007 ਵਿੱਚ ਆਪਣੇ ਸਾਹਿਤਕਾਰ ਦੋਸਤਾਂ ਨਾਲ ਮਿਲਕੇ ਉਹ
ਪਾਕਿਸਤਾਨ ਫੇਰੀ ਤੇ ਗਏ, ਜਿੱਥੇ ਜੜ੍ਹਾਂਵਾਲਾ ਕੋਲ, ਉਹ ਆਪਣੇ ਪੁਰਖਿਆਂ ਦੀ
ਮਿੱਟੀ ਨੂੰ ਸਲਾਮ ਕੀਤਾ । ਬੇਹੱਦ ਪਿਆਰ ਤੇ ਸਤਿਕਾਰ ਮਿਲਿਆਂ ਤੇ ਏਸੇ ਚੋਂ
ਜਨਮੀ ਉਨ੍ਹਾਂ ਦੀ ਕਹਾਣੀ ਜੜ੍ਹਾਂ। ਉਨ੍ਹਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ
ਦਾ ਅਨੁਵਾਦ ਵੀ ਦੂਸਰੀਆਂ ਭਾਸ਼ਾਵਾਂ ਵਿੱਚ ਹੋ ਚੁੱਕਾ ਹੈ।
ਪਿੱਛੇ ਜਿਹੇ ਹੀ ਉਹ ਪੰਜਾਬ ਟ੍ਰਾਂਸਪੋਰਟ ਮਹਿਕਮੇਂ ਤੋਂ ਸੇਵਾ ਨਵਿਰਤ
ਹੋਏ ਹਨ ਤੇ ਹੁਣ ਪੂਰਾ ਸਮਾਂ ਸਾਹਿਤ ਨੂੰ ਸਮਰਪਿਤ ਕਰ ਰਹੇ ਹਨ। ਇੰਗਲੈਂਡ
ਤੋਂ ਬਾਅਦ ਇਹ ਉੱਤਰੀ ਅਮਰੀਕਾ ਦੀ ਉਨ੍ਹਾਂ ਦੀ ਪਲੇਠੀ ਫੇਰੀ ਹੈ। ਜਿਸ ਦੇ
ਬਹੁਤ ਸਾਰੇ ਤਜੁਰਬੇ ਵੀ ਉਨ੍ਹਾਂ ਸਾਂਝੇ ਕੀਤੇ। ਅੰਤ ਵਿੱਚ ਸਭ ਦੇ ਕਹਿਣ ਤੇ
ਉਨ੍ਹਾਂ ਆਪਣੀ ਨਵੀਂ ਕਹਾਣੀ ਕੋਰੜੂ ਸੁਣਾਈ ਜੋ ਬਹੁਤ ਕਮਾਲ ਦੀ ਕਹਾਣੀ ਸੀ ਤੇ
ਸਭ ਨੇ ਬਹੁਤ ਪਸੰਦ ਕੀਤੀ।
ਇਸ ਉਪਰੰਤ ਸਵਾਲਾਂ ਜਵਾਬਾਂ ਦਾ ਦੌਰ ਆਰੰਭ ਹੋਇਆ। ਜਿਸ ਵਿੱਚ ਪੁਰਾਤਨ ਤੇ
ਆਧੁਨਿਕ ਕਹਾਣੀ ਵਿਚਲਾ ਅੰਤਰ, ਪੰਜਾਬੀ ਕਹਾਣੀ ਦਾ ਮੌਜੂਦਾ ਚਿਹਰਾ ਮੋਹਰਾ,
ਅਲੋਚਨਾ ਦੀ ਸਥਿਤੀ, ਬਾਹਰਲੀ ਕਹਾਣੀ ਦਾ ਮੁੱਖ ਧਾਰਾ ਤੇ ਪ੍ਰਭਾਵ,
ਧੜੇਬੰਦੀਆਂ, ਜੁਗਾੜਬੰਦੀਆਂ ਤੇ ਬਦ-ਦਿਆਨਤਦਾਰੀ ਤੇ ਵੀ ਖੁੱਲ ਕੇ ਗੱਲਬਾਤ
ਹੋਈ। ਫੇਰ ਜਿੰਦਰ ਨੇ ਆਪਣੀ ਗੱਲ ਨੂੰ ਇਨ੍ਹਾਂ ਬੋਲਾਂ ਨਾਲ ਸਮੇਟਿਆ :-
ਲੇਖਕ ਨੂੰ ਆਪਣੀ ਸੰਕੀਰਣ ਸੋਚ ਨਹੀਂ ਰੱਖਣੀ ਚਾਹੀਦੀ। ਚੰਗਾ ਇਨਸਾਨ ਹੋਣਾ
ਪਹਿਲੀ ਸ਼ਰਤ ਹੈ ਤੇ ਲੇਖਕ ਹੋਣਾ ਬਾਅਦ ਦੀ ਗੱਲ। ਚੰਗਾ ਸਾਹਿਤ ਮੁੱਖ ਰੱਖ ਕੇ
ਹੀ ਗੱਲ ਹੋਣੀ ਚਾਹੀਦੀ ਹੈ।
ਇਸਦੇ ਨਾਲ ਹੀ ਉਸ ਨੇ ਸਭ ਦਾ ਧਨਵਾਦ ਕੀਤਾ ਤੇ ਪਾਕਸਿਤਾਨੀ ਮੂਲ ਦੀ
ਲੇਖਕਾ ਤਲਤ ਜਾਹਰਾ ਨੂੰ ਆਪਣੀ ਇੱਕ ਕਹਾਣੀ ਸੁਣਾਉਣ ਲਈ ਕਿਹਾ। ਉਨ੍ਹ ਦੀ
ਕਹਾਣੀ ਅਤੇ ਗਜਲ ਦੋਨਾਂ ਨੇ ਹੀ ਖੂਬ ਦਾਦ ਬਟੋਰੀ।
ਏਨੇ ਨੂੰ ਸੁਅਦਾਲਾ ਖਾਣਾਂ ਵੀ ਸਜ ਚੁੱਕਾ ਸੀ। ਲੇਖਕ ਖਾਣੇ ਦੇ ਨਾਲ ਨਾਲ
ਗੱਲਾਂਬਾਤਾਂ ਕਰਦੇ ਤਸਵੀਰਾਂ ਵੀ ਖਿਚਵਾਂਉਦੇ ਰਹੇ। ਸੂਰਜ ਵੀ ਹੇਠਾਂ ਵਲ ਸਰਕ
ਰਿਹਾ ਸੀ। ਸ਼ਾਮ ਢਲਣ ਲੱਗੀ ਸੀ। ਟੋਰਾਂਟੋ ਵਿੱਚ ਜਿੰਦਰ ਦੀ ਇਸ ਫੇਰੀ ਦੌਰਾਨ
ਇਹ ਆਖਰੀ ਸ਼ਾਮ ਸੀ ਜਿਸ ਨੂੰ ਉਹ ਕਲਾਵੇ ਵਿੱਚ ਭਰ ਕੇ ਨਾਲ ਲੈ ਜਾਣਾ ਚਾਹੰਦਾ
ਸੀ। ਤੇ ਫੇਰ ਲੇਖਕਾਂ ਦੀਆਂ ਕਾਰਾਂ ਸੜਕਾਂ ਤੇ ਦੌੜਨ ਲੱਗੀਆਂ। ਤੇ ਉਨ੍ਹਾਂ
ਦੇ ਮਸਤਕ ਵਿੱਚ ਦੌੜ ਰਿਹਾ ਸੀ ਕਹਾਣੀਕਾਰ ਜਿੰਦਰ ਨਾਲ ਹੋੲਆ ਰੂ-ਬ-ਰੂ। ਜੋ
ਕਿ ਹੁਣ ਇੱਕ ਯਾਦਗਾਰ ਬਣਕੇ ਲੰਬੇ ਸਮੇਂ ਤੱਕ ਮਨਾਂ ਚ ਟਿਕਿਆ ਰਹਿਣਾ ਸੀ।
ਬਲਰਾਜ ਚੀਮਾ ਹੋਸਟ ਪਰਿਵਾਰ ਵਲੋਂ ਕੀਤੀ ਸ਼ਾਨਦਾਰ ਮਹਿਮਾਨ ਨਿਵਾਜੀ ਲਈ ਸਭ
ਵਲੋਂ ਧਨਵਾਦ ਕਰ ਚੁੱਕੇ ਸਨ।
ਪਰ ਤੁਰਨ ਲੱਗਿਆਂ ਨੂੰ ਇੱਕ ਖਬਰ ਘੋਰ ਨਿਰਾਸ਼ ਕਰ ਗਈ ਸੀ ਕਿ ਹੁਣ ਪਰਚੇ ਦੇ
ਮੁੱਖ ਸੰਪਾਦਕ ਤੇ ਸ਼ਾਇਰ ਅਵਤਾਰ ਜੰਡਿਆਲਵੀ ਜੀ ਸਦੀਵੀ ਵਿਛੋੜਾ ਦੇ ਗਏ ਨੇ।
ਹਰ ਕਿਸੇ ਨੂੰ ਇਸਦਾ ਬੇਹੱਦ ਦੁੱਖ ਸੀ, ਸ਼ੋਕ ਸੀ ਪਰ ਕੀ ਕੀਤਾ ਜਾਵੇ…। ਜੀਵਨ
ਨਿਰੰਤਰ ਚੱਲ ਰਿਹਾ ਸੀ। ਤੇ ਕਾਰਾਂ ਦੌੜ ਰਹੀਆਂ ਸਨ ਉਧਰ ਸੂਰਜ ਵੀ ਅਸਤ ਹੋ
ਰਿਹਾ ਸੀ।
01/09/12 |