ਆਜ
ਕਲ ਖ਼ੁਦ ਸੇ ਭੀ ਹੈ ਰੰਜਿਸ਼ ਕਾ ਕੋਈ ਸਿਲਸਿਲਾ, ਆਜ ਕਲ ਖ਼ੁਦ ਸੇ ਭੀ ਥੋੜਾ ਫਾਸਲਾ
ਰਖ਼ਤਾ ਹੂੰ ਮੈਂ।
(ਤੌਸੀਫ ਤਾਬਿਸ਼)
ਹਰ ਦੇਸ਼ ਜਾਂ ਸੂਬੇ
ਲਈ ਅਤਿਅੰਤ ਮੰਦਭਾਗਾ ਹੁੰਦਾ ਹੈ ਉਸਦੀਆਂ ਰਾਜਨੀਤਕ ਪਾਰਟੀਆਂ ਵਲੋਂ ਅਪਨਾਈ ਪਾੜੋ ਤੇ
ਰਾਜ ਕਰੋ ਵਰਗੀ ਨੀਤੀ ਨੂੰ ਹਵਾ ਦੇਣਾ, ਪਰ ਇਸ ਤੋਂ ਵੱਧ ਖਤਰਨਾਕ ਹੁੰਦਾ ਹੈ ਕਿਸੇ
ਵੀ ਪਾਰਟੀ ਦਾ ਅੰਦਰੂਨੀ ਕਾਟੋ ਕਲੇਸ਼।
ਪੰਜਾਬ ਕਾਂਗਰਸ ਵਿੱਚ ਇਕ ਵਾਰ ਫਿਰ
ਰੰਜਿਸ਼ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਕਾਂਗਰਸੀਆਂ ਵਿਚ ਆਪਸੀ ਘਮਸਾਣ ਮਚਿਆ ਹੋਇਆ
ਹੈ। ਹਾਲਾਂਕਿ ਲੋਕ ਸਭਾ ਚੋਣਾਂ ਸਿਰ 'ਤੇ ਹਨ, ਪਰ ਪੰਜਾਬ ਕਾਂਗਰਸ ਦੀ ਅੰਦਰਲੀ ਲੜਾਈ
ਤਿੱਖੀ ਹੁੰਦੀ ਜਾ ਰਹੀ ਹੈ। ਇਸੇ ਲੜਾਈ ਨੇ ਹੀ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ
ਕਾਂਗਰਸ ਦਾ ਭੱਠਾ ਬਿਠਾਇਆ ਸੀ। ਜੇਕਰ ਹੁਣ ਵੀ ਕਾਂਗਰਸ ਦੀ ਅੰਦਰੂਨੀ ਲੜਾਈ ਨਾ ਰੁਕੀ
ਤਾਂ ਇਸ ਦਾ ਨੁਕਸਾਨ ਪੰਜਾਬ ਵਿਚ ਕਾਂਗਰਸ ਨੂੰ ਹੀ ਭੁਗਤਣਾ ਪਵੇਗਾ। ਹਾਲਾਂਕਿ
ਪਹਿਲਾਂ ਇਹ ਲੜਾਈ ਆਪਸੀ ਨਹੀਂ ਸੀ ਸਗੋਂ 'ਆਪ' ਨਾਲ ਸਮਝੌਤੇ ਦੇ ਸਮਰਥਕਾਂ ਅਤੇ
ਵਿਰੋਧੀਆਂ ਦੇ ਵਿਚਕਾਰ ਵਿਚਾਰ ਪ੍ਰਗਟਾਵੇ ਦਾ ਹਿੱਸਾ ਦਿਖਾਈ ਦੇ ਰਹੀ ਸੀ।
ਪਰ ਹੁਣ ਇਹ ਸਾਫ਼-ਸਾਫ਼ ਨਿੱਜੀ ਲੜਾਈ ਬਣਦੀ ਦਿਖਾਈ ਦੇ ਰਹੀ ਹੈ। ਇਸ ਵੇਲੇ ਸਭ ਤੋਂ
ਤਿੱਖੇ ਬੋਲ-ਕਬੋਲ ਪੰਜਾਬ ਕਾਂਗਰਸ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਦੋਵਾਂ ਧਿਰਾਂ ਦੇ
ਸਮਰਥਕਾਂ ਦਰਮਿਆਨ ਸੁਣਾਈ ਦੇ ਰਹੇ ਹਨ। ਮਾਮਲਾ ਇਥੋਂ ਤੱਕ ਪਹੁੰਚ ਗਿਆ ਹੈ ਕਿ ਬਾਜਵਾ
ਸਮਰਥਕ ਸਿੱਧੂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਣ ਦੀ ਮੰਗ ਕਰਨ ਲੱਗ ਪਏ ਹਨ।
ਜਦੋਂਕਿ ਸਿੱਧੂ ਸਮਰਥਕ ਅਜਿਹੇ ਇਸ਼ਾਰੇ ਦੇਣ ਲੱਗ ਪਏ ਹਨ ਕਿ ਜਾਂ ਤਾਂ ਸਿੱਧੂ ਪੰਜਾਬ
ਕਾਂਗਰਸ ਦੇ ਪ੍ਰਧਾਨ ਬਣਨਗੇ ਜਾਂ ਫਿਰ ਉਹ ਆਪਣੀ ਪਾਰਟੀ ਬਣਾ ਸਕਦੇ ਹਨ।
ਹਾਲਾਂਕਿ ਸਾਡੀ ਪੁਖਤਾ ਜਾਣਕਾਰੀ ਅਨੁਸਾਰ ਭਾਵੇਂ ਕਈ ਆਜ਼ਾਦ ਛੋਟੇ ਧੜੇ, ਕਾਂਗਰਸ ਦੇ
ਕੁਝ ਧੜੇ ਅਤੇ ਇਥੋਂ ਤੱਕ ਕਿ 'ਆਪ' ਤੇ ਅਕਾਲੀ ਦਲ ਦੇ ਕੁਝ ਨੇਤਾ ਵੀ ਨਵੀਂ ਪਾਰਟੀ
ਬਣਾਉਣ ਦੇ ਸੰਬੰਧ ਵਿਚ ਸਿੱਧੂ ਦੇ ਸੰਪਰਕ ਵਿਚ ਹਨ, ਪਰ ਉਹ 2024 ਦੀਆਂ ਲੋਕ ਸਭਾ
ਚੋਣਾਂ ਤੋਂ ਪਹਿਲਾਂ ਕੋਈ ਵੱਖਰੀ ਪਾਰਟੀ ਬਣਾਉਣ ਦੀ ਕੋਸ਼ਿਸ਼ ਨਹੀਂ ਕਰਨਗੇ।
ਪਰ ਅਜਿਹੇ ਚਰਚੇ ਪਾਰਟੀ ਦਾ ਨੁਕਸਾਨ ਤਾਂ ਕਰਦੇ ਹੀ ਹਨ। ਸਾਡੀ ਜਾਣਕਾਰੀ ਅਨੁਸਾਰ
ਕਾਂਗਰਸ ਪਾਰਟੀ 'ਤੇ ਕੌਮੀ ਪੱਧਰ 'ਤੇ 'ਆਪ' ਨਾਲ ਸਮਝੌਤੇ ਦਾ ਦਬਾਅ ਬਹੁਤ ਜ਼ਿਆਦਾ
ਹੈ। ਇਹ ਵੀ ਚਰਚਾ ਹੈ ਕਿ 'ਆਪ' ਵੀ ਕਾਂਗਰਸ ਨਾਲ 'ਇੰਡੀਆ' ਗੱਠਜੋੜ ਵਿਚ ਜਾਣ ਲਈ
ਕਾਹਲੀ ਹੈ। ਇਹ ਸਮਝਿਆ ਜਾਂਦਾ ਹੈ ਕਿ ਇੰਡੀਆ ਗੱਠਜੋੜ ਦੀ ਮੀਟਿੰਗ ਵਿਚ 'ਆਪ' ਮੁਖੀ
ਅਰਵਿੰਦ ਕੇਜਰੀਵਾਲ ਦੀ ਨਜ਼ਦੀਕੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵਲੋਂ
ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ
ਬਣਾਏ ਜਾਣ ਦੀ ਗੱਲ ਉਠਾਈ ਜਾਣੀ ਅਤੇ ਕੇਜਰੀਵਾਲ ਵਲੋਂ ਬਿਨਾਂ ਇਕ ਪਲ ਗਵਾਏ ਇਸ ਦੀ
ਹਮਾਇਤ ਕਰਨੀ ਵੀ, ਇਸੇ ਰਣਨੀਤੀ ਦਾ ਹਿੱਸਾ ਹੈ ਕਿ ਕਾਂਗਰਸ 'ਆਪ' ਨੂੰ ਆਪਣਾ ਵਿਰੋਧੀ
ਨਾ ਸਮਝੇ।
ਪਰ ਪੰਜਾਬ ਦੀ ਕਾਂਗਰਸ 'ਤੇ ਕਾਬਜ਼ ਲੀਡਰਸ਼ਿਪ ਅਜੇ ਵੀ ਇਸ ਗੱਲ
'ਤੇ ਅੜੀ ਹੋਈ ਹੈ ਕਿ ਜੇਕਰ ਹੁਣ 'ਆਪ' ਨਾਲ ਸਮਝੌਤਾ ਕਰ ਲਿਆ ਤਾਂ 2027 ਵਿਚ ਵਿਧਾਨ
ਸਭਾ ਚੋਣਾਂ ਵਿਚ ਪੰਜਾਬ 'ਚ ਕਾਂਗਰਸ ਦੀ ਵਾਪਸੀ 'ਦਿੱਲੀ' ਵਾਂਗ ਅਸੰਭਵ ਹੋ ਜਾਵੇਗੀ।
ਕਾਂਗਰਸ ਦਾ ਕੇਡਰ 'ਆਪ' ਵੱਲ ਚਲਾ ਜਾਵੇਗਾ। ਇਕ ਬਹੁਤ ਹੀ ਸੀਨੀਅਰ
ਕਾਂਗਰਸੀ ਆਗੂ ਨੇ ਨਾਂਅ ਨਾ ਛਾਪਣ ਦੀ ਸੂਰਤ ਵਿਚ ਕਿਹਾ ਕਿ ਹੁਣ ਸਥਿਤੀ ਸਪੱਸ਼ਟ ਹੈ
'ਅਕਾਲੀ ਦਲ' ਤੇ 'ਭਾਜਪਾ' ਦਾ ਸਮਝੌਤਾ ਹੋਣ ਦੇ ਆਸਾਰ ਲਗਭਗ ਖ਼ਤਮ ਹਨ। ਉਸ ਅਨੁਸਾਰ
ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਬਾਰੇ ਲੋਕ ਸਭਾ
ਵਿਚ ਸਾਬਕਾ ਅਕਾਲੀ ਮੰਤਰੀ ਬੀਬਾ ਹਰਸਿਮਰਤ ਕੌਰ ਦਾ ਨਾਂਅ ਲੈ ਕੇ ਦਿੱਤਾ ਬਿਆਨ, ਇਸ
ਦੀ ਸਪੱਸ਼ਟ ਗਵਾਹੀ ਹੈ। ਉਸ ਅਨੁਸਾਰ ਕਾਂਗਰਸ ਇਸ ਵੇਲੇ ਪੰਜਾਬ ਵਿਚ 30 ਤੋਂ 33
ਫ਼ੀਸਦੀ ਵੋਟ ਆਪਣੇ ਦਮ 'ਤੇ ਲੈਣ ਦੇ ਸਮਰੱਥ ਹੈ। ਉਸ ਅਨੁਸਾਰ ਇਸ ਸਥਿਤੀ ਵਿਚ ਕਾਂਗਰਸ
ਆਪਣੇ ਦਮ 'ਤੇ 8 ਸੀਟਾਂ ਜਿੱਤਣ ਦੇ ਸਮਰੱਥ ਹੈ। ਇਹ ਕਾਂਗਰਸੀ ਆਗੂ ਸੋਚਦੇ ਹਨ ਕਿ
'ਆਪ' ਖਿਲਾਫ਼ ਐਂਟੀ ਇਨਕੰਬੈਂਸੀ (ਸਥਾਪਤੀ ਵਿਰੋਧੀ ਰੁਝਾਨ) ਕਾਫ਼ੀ
ਉਭਾਰ 'ਤੇ ਹੈ ਤੇ ਨਤੀਜੇ ਵਜੋਂ ਅਕਾਲੀ ਦਲ ਤੇ ਭਾਜਪਾ ਦਾ ਵੋਟ ਫ਼ੀਸਦੀ ਵੀ ਵਧੇਗਾ ਤੇ
'ਆਪ' ਦਾ ਘਟੇਗਾ। ਇਹ ਕਾਂਗਰਸੀ ਆਗੂ ਸੋਚਦੇ ਹਨ ਕਿ ਲੋਕ ਸਭਾ ਵਿਚ ਚਾਰਕੋਨਾ
ਮੁਕਾਬਲਾ ਕਾਂਗਰਸ ਦੇ ਹਿਤ ਵਿਚ ਰਹੇਗਾ।
ਪਤਾ ਲੱਗਾ ਹੈ ਕਿ ਕਾਂਗਰਸ
ਹਾਈਕਮਾਨ ਇਸ ਸੰਬੰਧੀ ਫਿਰ ਤੋਂ ਪੰਜਾਬ ਵਿਚ ਸਰਵੇ ਕਰਵਾ ਰਹੀ ਹੈ।
ਪਰ ਉਹ ਕੋਈ ਵੀ ਫ਼ੈਸਲਾ ਜ਼ਮੀਨੀ ਹਕੀਕਤਾਂ ਅਤੇ 'ਇੰਡੀਆ' ਗੱਠਜੋੜ ਦੀ ਏਕਤਾ ਨੂੰ
ਸਾਹਮਣੇ ਰੱਖ ਕੇ ਹੀ ਕਰੇਗੀ। ਇਸ ਦਰਮਿਆਨ ਇਕ ਹੋਰ ਚਰਚਾ ਇਹ ਵੀ ਹੈ ਕਿ ਕਾਂਗਰਸ ਦੇ
ਮੌਜੂਦਾ ਸਾਂਸਦਾਂ ਵਿਚੋਂ ਵੀ ਕੁਝ ਦੀਆਂ ਟਿਕਟਾਂ ਕੱਟੀਆਂ ਜਾ ਸਕਦੀਆਂ ਹਨ ਤੇ ਨਵੇਂ
ਚਿਹਰੇ ਅੱਗੇ ਕੀਤੇ ਜਾ ਸਕਦੇ ਹਨ। ਜਦੋਂ ਕਿ ਇਹ ਚਰਚਾ ਵੀ ਹੈ ਕਿ ਭਾਵੇਂ ਨਵਜੋਤ
ਸਿੰਘ ਸਿੱਧੂ ਬਿਆਨ ਦੇ ਚੁੱਕੇ ਹਨ ਕਿ ਉਹ ਲੋਕ ਸਭਾ ਸੀਟ ਨਹੀਂ ਲੜਨਗੇ, ਪਰ 'ਆਪ'
ਨਾਲ ਸਮਝੌਤਾ ਹੋਣ ਦੀ ਸੂਰਤ ਵਿਚ ਉਹ ਪਟਿਆਲਾ ਸੀਟ ਤੋਂ ਆਪਣੀ ਪਤਨੀ ਡਾ. ਨਵਜੋਤ ਕੌਰ
ਨੂੰ ਕਾਂਗਰਸ ਦੀ ਟਿਕਟ ਦਿਵਾਉਣ ਦੀ ਕੋਸ਼ਿਸ਼ ਕਰਨਗੇ।
ਕੀ ਢੀਂਡਸਾ
ਬਣਨਗੇ ਅਕਾਲੀ ਦਲ ਦੇ ਸਰਪ੍ਰਸਤ?
ਭਾਵੇਂ ਸੁਖਦੇਵ ਸਿੰਘ ਢੀਂਡਸਾ
ਇਹ ਕਹਿ ਰਹੇ ਹਨ ਕਿ ਉਹ ਬਾਦਲ ਦਲ ਨਾਲ ਆਪਣੇ 'ਸੰਯੁਕਤ ਅਕਾਲੀ ਦਲ' ਦੇ ਰਲੇਵੇਂ
ਬਾਰੇ ਕੋਈ ਫ਼ੈਸਲਾ ਆਪਣੀ ਪਾਰਟੀ ਦੀ 23 ਦਸੰਬਰ ਦੀ ਮੀਟਿੰਗ ਵਿਚ ਹੀ ਲੈਣਗੇ ਪਰ ਸਾਡੀ
ਜਾਣਕਾਰੀ ਅਨੁਸਾਰ ਇਸ ਤਰ੍ਹਾਂ ਕਰਕੇ ਜਿਥੇ ਉਹ ਆਪਣੀ ਪਾਰਟੀ ਦੇ ਸਾਥੀਆਂ ਨੂੰ ਨਾਲ
ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ, ਉਥੇ ਉਹ ਅਕਾਲੀ ਦਲ ਬਾਦਲ ਵਿਚ ਵਾਪਸੀ ਤੋਂ ਪਹਿਲਾਂ
ਭਾਜਪਾ ਹਾਈਕਮਾਨ ਤੇ ਐਨ.ਡੀ.ਏ. ਨਾਲ ਵੀ ਗੱਲਬਾਤ ਕਰਨ ਦੀ
ਕੋਸ਼ਿਸ਼ ਕਰ ਰਹੇ ਹਨ। ਸਾਡੀ ਜਾਣਕਾਰੀ ਅਨੁਸਾਰ ਉਹ ਚਾਹੁੰਦੇ ਹਨ ਕਿ ਭਾਜਪਾ
ਹਾਈਕਮਾਨ ਉਨ੍ਹਾਂ ਦੀ ਅਕਾਲੀ ਦਲ ਵਿਚ ਵਾਪਸੀ ਦੇ ਨਾਲ ਹੀ ਬਾਦਲ ਅਕਾਲੀ ਦਲ
ਨੂੰ ਫਿਰ ਤੋਂ ਐਨ.ਡੀ.ਏ. ਵਿਚ ਸ਼ਾਮਿਲ ਕਰ ਲਵੇ ਅਤੇ ਲੋਕ ਸਭਾ ਚੋਣਾਂ
ਦੋਵੇਂ ਪਾਰਟੀਆਂ ਮਿਲ ਕੇ ਲੜਨ। ਪਰ ਇਸ ਦਰਮਿਆਨ ਉਨ੍ਹਾਂ ਨੇ ਜਿਸ ਖੁੱਲ੍ਹਦਿਲੀ ਨਾਲ
ਸੁਖਬੀਰ ਸਿੰਘ ਬਾਦਲ ਵਲੋਂ ਸ੍ਰੀ ਦਰਬਾਰ ਸਾਹਿਬ ਵਿਚ ਮੰਗੀ ਮੁਆਫ਼ੀ ਨੂੰ ਪ੍ਰਵਾਨ
ਕੀਤਾ ਹੈ, ਉਸ ਤੋਂ ਤਾਂ ਇਹੀ ਜਾਪ ਰਿਹਾ ਹੈ ਕਿ ਢੀਂਡਸਾ ਦੀ ਅਕਾਲੀ ਦਲ ਵਿਚ ਵਾਪਸੀ
ਬਸ ਕੁਝ ਹੀ ਦਿਨਾਂ ਹੀ ਗੱਲ ਹੈ।
ਇਸ ਦਰਮਿਆਨ ਇਹ ਚਰਚਾ ਵੀ ਹੈ ਕਿ ਸੁਖਬੀਰ
ਸਿੰਘ ਬਾਦਲ ਤੇ ਅਕਾਲੀ ਦਲ ਬਾਦਲ ਢੀਂਡਸਾ ਦਾ ਮਾਣ-ਸਨਮਾਨ ਬਹਾਲ ਕਰਨ ਤੇ ਉਨ੍ਹਾਂ ਦੀ
ਵਾਪਸੀ ਨੂੰ ਅਕਾਲੀ ਦਲ ਦੀ ਇਕ ਬਹੁਤ ਵੱਡੀ ਉਪਲਬਧੀ ਤੇ ਤਾਕਤ ਵਿਚ ਵਾਧੇ ਵਜੋਂ
ਪ੍ਰਚਾਰਨ ਲਈ ਉਨ੍ਹਾਂ ਨੂੰ ਸਵ. ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਕਾਰਨ ਖਾਲੀ ਪਿਆ
ਪਾਰਟੀ ਸਰਪ੍ਰਸਤ ਦਾ ਅਹੁਦਾ ਵੀ ਸੌਂਪ ਸਕਦੇ ਹਨ।
ਬੇਸ਼ੱਕ ਅਜੇ ਵੀ ਕੁਝ ਧੜੇ
ਸੁਖਬੀਰ ਸਿੰਘ ਬਾਦਲ ਦੀ ਮੁਆਫ਼ੀ ਨੂੰ ਪ੍ਰਵਾਨ ਨਹੀਂ ਕਰ ਰਹੇ ਤੇ ਇਸ ਨੂੰ ਤਕਨੀਕੀ
ਤੌਰ 'ਤੇ ਗ਼ਲਤ ਕਰਾਰ ਦਿੰਦੇ ਹੋਏ ਮੁਆਫ਼ੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ
ਮੰਗਣ ਦੀ ਗੱਲ ਕਰ ਰਹੇ ਹਨ। ਪਰ ਇਸ ਦੇ ਬਾਵਜੂਦ ਸੁਖਬੀਰ ਦੀ ਮੁਆਫ਼ੀ ਨਾਲ ਸਿੱਖਾਂ
ਵਿਚ ਅਕਾਲੀ ਦਲ ਦੀ ਪ੍ਰਵਾਨਗੀ ਸੰਬੰਧੀ ਪ੍ਰਭਾਵ ਕੁਝ ਹੱਦ ਤੱਕ ਵਧਿਆ ਹੈ। ਅਸਲ ਵਿਚ
'ਸਿੱਖ ਮਾਨਸਿਕਤਾ ਪ੍ਰੇਸ਼ਾਨ ਹੈ' ਕਿ ਇਸ ਵੇਲੇ ਸਿੱਖ ਲੀਡਰਸ਼ਿਪ
ਪ੍ਰਭਾਵਸ਼ਾਲੀ ਨਹੀਂ ਰਹੀ। ਸਿੱਖ ਮਾਨਸਿਕਤਾ ਮਜ਼ਬੂਤ ਅਕਾਲੀ ਦਲ ਜਾਂ ਕੋਈ ਸਿੱਖ ਪਾਰਟੀ
ਚਾਹੁੰਦੀ ਹੈ। ਪਰ ਸੱਚਾਈ ਇਹ ਹੈ ਕਿ ਬਹੁਤੇ ਬਾਦਲ ਵਿਰੋਧੀ ਅਕਾਲੀ ਦਲ ਵੀ ਸਿੱਖਾਂ
ਵਿਚ ਕੋਈ ਵਿਸ਼ੇਸ਼ ਪ੍ਰਭਾਵ ਨਹੀਂ ਰੱਖਦੇ। ਹਾਲਾਂਕਿ ਇਸ ਵਾਰ ਸਿਮਰਨਜੀਤ ਸਿੰਘ ਮਾਨ ਨੇ
ਲੋਕ ਸਭਾ ਵਿਚ ਪ੍ਰਭਾਵਸ਼ਾਲੀ ਤਕਰੀਰਾਂ ਕੀਤੀਆਂ ਹਨ। ਪਰ ਅਜੇ ਵੀ 'ਅਕਾਲੀ ਦਲ ਬਾਦਲ'
ਹੀ ਸਭ ਤੋਂ ਮਜ਼ਬੂਤ 'ਅਕਾਲੀ ਦਲ' ਹੈ।
'ਸੰਯੁਕਤ ਅਕਾਲੀ ਦਲ' ਦਾ ਵਾਪਸ
ਅਕਾਲੀ ਦਲ ਵਿਚ ਰਲੇਵਾਂ ਸੁਖਬੀਰ ਸਿੰਘ ਬਾਦਲ ਨੂੰ ਹੋਰ ਮਜ਼ਬੂਤ ਨੇਤਾ ਬਣਾਏਗਾ। ਪਰ
ਫਿਰ ਵੀ ਇਸ ਦੇ ਅਸਲ ਪ੍ਰਭਾਵ ਦਾ ਪਤਾ ਤਾਂ 2024 ਦੀਆਂ ਲੋਕ ਸਭਾ ਚੋਣਾਂ ਵਿਚ ਅਕਾਲੀ
ਦਲ ਵਲੋਂ ਲਈਆਂ ਵੋਟਾਂ ਅਤੇ ਜਿੱਤੀਆਂ ਸੀਟਾਂ ਦੀ ਗਿਣਤੀ ਤੋਂ ਹੀ ਲੱਗ ਸਕੇਗਾ।
ਕਿਉਂਕਿ ਕਿਸੇ ਵੀ ਪਾਰਟੀ ਦਾ ਗਰਾਫ਼ ਤਾਂ ਵੋਟਾਂ ਦੀ ਗਿਣਤੀ 'ਤੇ ਜਿੱਤੀਆਂ ਸੀਟਾਂ ਹੀ
ਤੈਅ ਕਰਦੀਆਂ ਹਨ। ਇਸ ਦਰਮਿਆਨ ਅਕਾਲੀ ਦਲ ਹੁਣ ਬੀਬੀ ਜਗੀਰ ਕੌਰ ਨੂੰ ਵੀ ਪਾਰਟੀ
ਸਫ਼ਾਂ ਵਿਚ ਵਾਪਸ ਲਿਆਉਣ ਲਈ ਹਰ ਸੰਭਵ ਯਤਨ ਕਰਨ ਦੀਆਂ ਤਿਆਰੀਆਂ ਕਰ ਰਿਹਾ ਦੱਸਿਆ
ਜਾਂਦਾ ਹੈ।
ਮਸਲਹਤ ਹੈ ਯਾ ਸਿਆਸਤ ਤੁਮ ਕਯਾ ਜਾਨੋ ਰਾਜ਼-ਏ-ਦਿਲ,
ਏਕਤਾ ਦਿਖ਼ਤੀ ਤੋ ਹੈ ਪਰ ਏਕਤਾ ਹੋਤੀ ਨਹੀਂ।
ਰਾ.ਸ.ਸ ਅਤੇ
ਸਾਹਿਬਜ਼ਾਦਾ ਦਿਵਸ
ਭਾਜਪਾ ਦੀ ਸਿੱਖਾਂ ਪ੍ਰਤੀ ਰਣਨੀਤੀ ਬਹੁਤ
ਗਹਿਰੀ ਹੈ, ਇਕ ਪਾਸੇ ਭਾਜਪਾ ਤੇ ਕੇਂਦਰ ਸਰਕਾਰ ਦੀਆਂ ਕਈ ਕਾਰਵਾਈਆਂ ਸਿੱਖਾਂ ਵਿਚ
ਬੇਗਾਨਗੀ ਦੀ ਭਾਵਨਾ ਪੈਦਾ ਕਰ ਰਹੀਆਂ ਹਨ ਤੇ ਦੂਜੇ ਪਾਸੇ ਭਾਜਪਾ ਤੇ ਕੇਂਦਰ ਸਰਕਾਰ
ਸਿੱਖਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਵੀ ਕਰ ਰਹੀ ਹੈ। ਇਸ ਤਰ੍ਹਾਂ ਜਾਪਦਾ ਹੈ ਕਿ
ਭਾਜਪਾ ਅਸਲ ਵਿਚ ਰਾ.ਸ.ਸ ਦੀ ਇਸ ਸੋਚ 'ਤੇ ਹੀ ਚੱਲ ਰਹੀ ਹੈ ਕਿ ਸਿੱਖਾਂ ਨੂੰ
'ਆਪਣਾ' ਮੰਨੋ ਅਤੇ ਸਿੱਖਾਂ ਨਾਲ ਮੁਸਲਮਾਨਾਂ ਤੇ ਇਸਾਈਆਂ ਜਿਹਾ ਸਲੂਕ ਨਾ ਕੀਤਾ
ਜਾਵੇ। ਪਰ ਅਜਿਹੀਆਂ ਕੋਸ਼ਿਸ਼ਾਂ ਕਈ ਵਾਰ ਸਿੱਖਾਂ ਨੂੰ ਵਿਸ਼ਾਲ ਹਿੰਦੂਤਵ ਵਿਚ ਸਮੋ ਲੈਣ
ਦੀਆਂ ਕੋਸ਼ਿਸ਼ਾਂ ਲਗਦੀਆਂ ਹਨ। ਇਸ ਤਰ੍ਹਾਂ ਜਾਪਦਾ ਹੈ ਕਿ ਕੇਂਦਰ ਸਰਕਾਰ ਇਹ ਪ੍ਰਭਾਵ
ਦੇਣਾ ਚਾਹੁੰਦੀ ਹੈ ਕਿ ਉਹ ਸਿੱਖਾਂ ਦੇ ਕਿਸੇ ਵੀ ਹਿੱਸੇ ਵਲੋਂ ਦਬਾਅ ਜਾਂ ਵੱਖਵਾਦ
ਦੀਆਂ ਕੋਸ਼ਿਸ਼ਾਂ ਨਾਲ ਤਾਂ ਸਖ਼ਤੀ ਨਾਲ ਨਿਪਟੇਗੀ, ਪਰ ਦੂਸਰੇ ਪਾਸੇ ਆਮ ਸਿੱਖਾਂ ਨੂੰ
ਸਿੱਧਾ ਭਾਜਪਾ ਦੇ ਨੇੜੇ ਲਿਆਏਗੀ ਤੇ ਇਸ ਲਈ ਅਕਾਲੀ ਦਲ ਜਾਂ ਕਿਸੇ ਹੋਰ ਸਿੱਖ
ਨੁਮਾਇੰਦਾ ਜਮਾਤ ਨਾਲ ਸਮਝੌਤਾ ਨਹੀਂ ਕਰੇਗੀ।
ਖ਼ੈਰ, ਇਸ ਵੇਲੇ ਸਾਡੀ ਚਰਚਾ
ਦਾ ਵਿਸ਼ਾ ਭਾਜਪਾ ਵਲੋਂ ਇਕ ਪਾਰਟੀ ਵਜੋਂ ਅਤੇ ਕੇਂਦਰ ਸਰਕਾਰ ਵਲੋਂ ਛੋਟੇ
ਸਾਹਿਬਜ਼ਾਦਿਆਂ ਦੀ ਸ਼ਹੀਦੀ (ਵੀਰ ਬਾਲ ਦਿਵਸ) ਦੇ ਸੰਬੰਧ ਵਿਚ ਕੀਤੀ ਇਕ ਵੱਡੀ
ਪੇਸ਼ਕਦਮੀ ਹੈ। ਇਹ 'ਬਾਲ ਦਿਵਸ' ਇਕ ਪਾਸੇ ਭਾਜਪਾ ਇਕ ਪਾਰਟੀ ਵਜੋਂ ਤੇ ਦੂਜੇ ਪਾਸੇ
ਭਾਰਤ ਸਰਕਾਰ ਵਲੋਂ ਬਹੁਤ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ।
ਬੀਤੇ
ਦਿਨ ਅੱਧੀ ਦਰਜਨ ਤੋਂ ਵੀ ਵਧੇਰੇ ਮੰਤਰੀਆਂ ਦੀ ਇਕ ਮੀਟਿੰਗ ਵਿਚ ਇਸ ਪ੍ਰੋਗਰਾਮ 'ਤੇ
ਲੰਮਾ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿਚ ਭਾਜਪਾ ਦਾ ਇਕ ਕੇਂਦਰੀ ਸਿੱਖ
ਨੇਤਾ ਅਤੇ ਇਕ ਸਿੱਖ ਬੁੱਧੀਜੀਵੀ ਵੀ ਸ਼ਾਮਿਲ ਸੀ। ਇਹ ਚਰਚਾ ਹੈ ਕਿ ਇਹ ਮੀਟਿੰਗ ਖ਼ੁਦ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਦਾਇਤ 'ਤੇ ਹੀ ਹੋਈ ਸੀ। ਪਤਾ ਲੱਗਾ ਹੈ ਕਿ 26
ਦਸੰਬਰ ਨੂੰ ਭਾਰਤ ਦੇ ਸਭ ਤੋਂ ਵੱਡੇ ਆਡੀਟੋਰੀਅਮ ' ਭਾਰਤ ਮਡੰਪਮ' ਜਿਥੇ
ਜੀ-20 ਦੀ ਮੀਟਿੰਗ ਹੋਈ ਸੀ, ਵਿਚ ਇਕ ਬਹੁਤ ਵੱਡਾ ਪ੍ਰੋਗਰਾਮ ਹੋਵੇਗਾ, ਜਿਥੇ ਖੁਦ
ਪ੍ਰਧਾਨ ਮੰਤਰੀ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ ਕਰਨਗੇ।
ਪਤਾ
ਲੱਗਾ ਹੈ ਕਿ ਭਾਜਪਾ ਨੇ ਪਾਰਟੀ ਨੂੰ ਹਦਾਇਤ ਕੀਤੀ ਹੈ ਕਿ ਦੇਸ਼ ਭਰ ਵਿਚ ਪਾਰਟੀ ਦੇ
10 ਲੱਖ ਬੂਥਾਂ 'ਤੇ ਭਾਜਪਾ ਨੇਤਾ ਛੋਟੇ ਸਾਹਿਬਜ਼ਾਦਿਆਂ ਦੇ ਨੀਂਹਾਂ ਵਿਚ ਚਿਣੇ ਜਾਣ
ਦੀ ਦਾਸਤਾਨ ਨੂੰ ਯਾਦ ਕਰਨ ਅਤੇ ਬਾਅਦ ਵਿਚ ਨੇੜਲੇ ਗੁਰਦਵਾਰਿਆਂ ਵਿਚ ਜਾ ਕੇ ਮੱਥਾ
ਟੇਕਿਆ ਜਾਵੇ ਅਤੇ ਕੀਰਤਨ ਆਦਿ ਸੁਣਿਆ ਜਾਵੇ। ਇਹ ਸਿਰਫ਼ ਹਦਾਇਤ ਹੀ ਨਹੀਂ ਸਗੋਂ
ਇਸਦੀਆਂ ਖਬਰਾਂ ਲਵਾਉਣ, ਲੋਕ ਮਾਧਿਅਮ ਤੇ ਪ੍ਰਚਾਰ ਕਰਨ ਤੋਂ ਇਲਾਵਾ ਇਸਦੀ ਰਿਪੋਰਟ
ਵੀ ਜਿਲ੍ਹਾ ਤੇ ਸਟੇਟ ਭਾਜਪਾ ਰਾਹੀਂ ਭਾਜਪਾ ਮੁੱਖ ਦਫ਼ਤਰ ਨੂੰ ਭੇਜਣੀ ਪਵੇਗੀ, ਜਿਸ
ਲਈ ਬਕਾਇਦਾ ਫ਼ਾਰਮ ਜਾਰੀ ਕੀਤੇ ਗਏ ਹਨ।
ਪਾਰਟੀ ਦੇ ਸਾਰੇ ਕਰੀਬ 4500
ਵਿਧਾਇਕਾਂ,400 ਦੇ ਕਰੀਬ ਸਾਂਸਦਾਂ, ਭਾਜਪਾ ਦੇ ਮੁੱਖ ਮੰਤਰੀਆਂ ਅਤੇ ਸਾਰੇ
ਅਹੁਦੇਦਾਰਾਂ ਨੂੰ ਵੀ ਇਸ ਮੌਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਯਾਦ ਵਿਚ ਪ੍ਰੋਗਰਾਮਾਂ
ਵਿਚ ਸ਼ਾਮਿਲ ਹੋਣ ਦੀ ਹਦਾਇਤ ਹੈ। ਸਰਕਾਰੀ ਪੱਧਰ ਤੇ ਦੇਸ਼ ਦੇ ਕਰੀਬ 25 ਹਜ਼ਾਰ
ਕਾਲਜਾਂ, ਯੂਨੀਵਰਸਟੀਆਂ ਵਿਚ ਵੀ ਇਸ ਸਬੰਧੀ ਪ੍ਰੋਗਰਾਮ ਕਰਵਾਏ ਜਾਣਗੇ ਅਤੇ ਦੁਨੀਆਂ
ਭਰ ਵਿਚ ਭਾਰਤੀ ਰਾਜ ਦੂਤਾਵਾਸਾਂ ਵਿਚ ਵੀ ਪ੍ਰੋਗਰਾਮ ਕਰਵਾਏ ਜਾਣ ਦੀਆਂ ਤਿਆਰੀਆਂ
ਹਨ। ਸਮਝਿਆ ਜਾਂਦਾ ਹੈ ਕਿ ਇਹ ਪ੍ਰੋਗਰਾਮ ਜਿੱਥੇ ਇਕ ਪਾਸੇ ਸਿੱਖਾਂ ਨੂੰ ਭਾਜਪਾ ਦੇ
ਨੇੜੇ ਲਿਆਉਣ ਲਈ ਕੀਤੇ ਜਾ ਰਹੇ ਹਨ, ਉਥੇ ਦੂਜੇ ਪਾਸੇ ਮੁਗਲਾਂ ਦੇ ਜ਼ੁਲਮਾਂ ਨੂੰ
ਉਭਾਰਨ ਲਈ ਵੀ ਕੀਤੇ ਜਾ ਰਹੇ ਹਨ, ਤੇ ਭਾਜਪਾ ਦੀ ਰਾਜਨੀਤੀ ਨੂੰ ਸੂਤ ਵੀ ਬੈਠਦਾ ਹੈ।
ਇਸ ਦਰਮਿਆਨ ਅਜਿਹੇ ਸੰਕੇਤ ਵੀ ਮਿਲੇ ਹਨ ਕਿ ਹੁਣ ਤੋਂ ਸ਼ਾਇਦ ਜਵਾਹਰ ਲਾਲ ਨਹਿਰੂ
ਦੇ ਜਨਮ ਦਿਨ ਨੂੰ ਸਰਕਾਰੀ ਤੌਰ ਤੇ ਮਨਾਏ ਜਾਣ ਦੀ ਪਿਰਤ ਛੱਡ ਕੇ ਸਿਰਫ
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਇਕੋ ਇਕ ਸ਼ਹੀਦ ਬਾਲ ਦਿਵਸ ਦੇ ਰੂਪ ਵਿਚ
ਮਨਾਉਣਾ ਸ਼ੁਰੂ ਕੀਤਾ ਜਾਵੇ।
ਏ ਸ਼ਹੀਦ-ਏ-ਮੁਲਕ-ਓ- ਮਿੱਲਤ ਮੈਂ ਤੇਰੇ
ਊਪਰ ਨਿਸਾਰ, ਅਬ ਤੇਰੀ ਹਿੰਮਤ ਕਾ ਚਰਚਾ ਗ਼ੈਰ ਕਿ ਮਹਿਫਲ ਮੇ ਹੈ।
1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਮੋਬਾਈਲ : 92168-60000 E. mail :
hslall@ymail.com
|