ਅਪਨੀ
ਹੀ ਖ਼ੁਦ ਕੀ ਜਾਤ ਮੇਂ ਉਲਝਾ ਹੂਆ ਹੂੰ ਮੈਂ, ਯਾਨੀ ਕਿ ਕਾਇਨਾਤ ਮੇਂ ਉਲਝਾ ਹੂਆ
ਹੂੰ ਮੈਂ॥ ਜੈਸੇ ਕਿ ਹੋਨੇ ਵਾਲੀ ਹੈ ਅਨਹੋਨੀ ਫਿਰ ਕੋਈ, ਹਰ
ਪਲ ਇਨ੍ਹੀਂ ਫ਼ਿਕਰਾਤ ਮੇਂ ਉਲਝਾ ਹੂਆ ਹੂੰ ਮੈਂ॥
ਇਸ ਸ਼ਿਅਰ ਵਾਲੀ
ਸੋਚ ਮੈਨੂੰ ਸਿੱਖ ਕੌਮ ਦੀ ਅਜੋਕੀ ਸਥਿਤੀ ਨੂੰ ਲੈ ਕੇ ਬਹੁਤ ਸਤਾ ਰਹੀ ਹੈ। ਸਿੱਖ
ਕੌਮ ਹਾਲ ਦੀ ਘੜੀ ਬਿਨਾਂ ਕਿਸੇ ਆਗੂ ਤੋਂ ਦਿਖਾਈ ਦੇ ਰਹੀ ਹੈ। ਹੰਨੇ-ਹੰਨੇ ਦੀ ਮੀਰੀ
ਵਾਲੀ ਸਥਿਤੀ ਵਿਚੋਂ ਅਸੀਂ ਲੰਘ ਰਹੇ ਹਾਂ। ਜਿਸ ਦਾ ਜੋ ਜੀਅ ਕਰਦਾ ਹੈ, ਉਹ ਹੀ
ਸਿੱਖੀ ਦੇ ਅਸੂਲ ਗਰਦਾਨ ਦਿੰਦਾ ਹੈ। ਸਿੱਖਾਂ ਦੇ ਮਸਲਿਆਂ ਬਾਰੇ ਕੁਝ ਵੀ ਸਪੱਸ਼ਟਤਾ
ਦਿਖਾਈ ਨਹੀਂ ਦੇ ਰਹੀ ਕਿ ਕਿਹੜੇ ਮਸਲੇ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣੇ ਜ਼ਰੂਰੀ
ਹਨ ਤੇ ਇਹ ਕਿਵੇਂ ਹੱਲ ਕਰਵਾਉਣੇ ਚਾਹੀਦੇ ਹਨ? ਜੇਕਰ ਕੌਮ ਨੂੰ ਦਰਪੇਸ਼ ਮਸਲਿਆਂ ਲਈ
ਕੋਈ ਸੰਘਰਸ਼ ਵੀ ਕਰਨਾ ਹੈ ਤਾਂ ਕਿਵੇਂ ਕਰਨਾ ਹੈ? ਕੌਣ ਅਗਵਾਈ ਕਰਨ ਦੇ ਸਮਰੱਥ ਹੈ
ਤੇ ਕਿਸ ਨੂੰ ਅਗਵਾਈ ਦਾ ਅਧਿਕਾਰ ਹੈ, ਇਸ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ। ਹਾਲਤ
ਇਹ ਹੈ ਕਿ ਜਥੇਦਾਰ ਅਕਾਲ ਤਖ਼ਤ ਸਾਹਿਬ ਜਿਨ੍ਹਾਂ ਨੂੰ ਜ਼ੁਬਾਨੀ-ਕਲਾਮੀ ਤਾਂ ਅਸੀਂ
ਸਰਬਉੱਚ ਮੰਨਦੇ ਹਾਂ, ਉਨ੍ਹਾਂ ਦੇ ਬਿਆਨਾਂ ਤੇ ਹੁਕਮਾਂ ਦੀ ਮਹੱਤਤਾ ਉਹ ਨਹੀਂ ਰਹੀ
ਜੋ ਕਦੇ ਹੁੰਦੀ ਸੀ। ਫਿਰ ਇਸ ਵੇਲੇ ਤਾਂ ਅਸੀਂ ਸਮਾਂਤਰ ਜਥੇਦਾਰ ਵੀ ਬਣਾਏ ਹੋਏ ਹਨ।
ਹਾਲਤ ਇਹ ਹੈ ਕਿ ਜਦੋਂ ਕਿਸੇ ਨੂੰ ਜਥੇਦਾਰ ਸਾਹਿਬ ਦਾ ਕੋਈ ਹੁਕਮ ਸੂਤ ਬੈਠਦਾ ਹੈ
ਤਾਂ ਅਸੀਂ ਉਸ ਨੂੰ ਮੰਨਣ ਤੇ ਉਸ 'ਤੇ ਅਮਲ ਕਰਨ ਦੀ ਗੱਲ ਕਰਦੇ ਹਾਂ ਤੇ ਜਦੋਂ ਕੋਈ
ਹੁਕਮ ਸਾਨੂੰ ਸਾਡੇ ਨਿੱਜੀ ਹਿਤਾਂ ਦੇ ਖਿਲਾਫ਼ ਜਾਪਦਾ ਹੈ ਤਾਂ ਅਸੀਂ ਉਸ ਨੂੰ
ਅਣਗੌਲਿਆਂ ਕਰ ਦਿੰਦੇ ਹਾਂ। ਹਾਲਤ ਇਹ ਹੈ ਕਿ ਖ਼ੁਦ ਸ਼੍ਰੋਮਣੀ ਕਮੇਟੀ ਜਿਸ ਨੇ
ਜਥੇਦਾਰ ਸਾਹਿਬ ਦੇ ਹੁਕਮ ਲਾਗੂ ਕਰਵਾਉਣੇ ਹੁੰਦੇ ਹਨ, ਵੀ ਕਈ ਵਾਰ ਜਥੇਦਾਰ ਦੇ
ਹੁਕਮਾਂ 'ਤੇ ਅਮਲ ਨਹੀਂ ਕਰਦੀ।
ਹੁਣ ਕੈਦ ਪੂਰੀ ਕਰ ਚੁੱਕੇ ਬੰਦੀ ਸਿੰਘਾਂ
ਦੀ ਰਿਹਾਈ ਦਾ ਮਸਲਾ ਹੀ ਲੈ ਲਵੋ। ਪਹਿਲੀ ਗੱਲ ਤਾਂ ਇਹ ਹੈ ਕਿ ਇਸ ਮਸਲੇ ਦਾ ਹੱਲ ਇਸ
ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਮਸਲਾ ਬਣਾ ਕੇ ਹੀ ਕੀਤਾ ਜਾ ਸਕਦਾ ਹੈ। ਇਸ
ਲਈ ਪਹਿਲੀ ਲੋੜ ਕਾਨੂੰਨੀ ਲੜਾਈ ਲੜਨ ਦੀ ਹੈ, ਜਿਸ ਵੱਲ ਸਾਡਾ ਕੋਈ ਧਿਆਨ ਨਹੀਂ।
ਅਸੀਂ ਮੰਨਦੇ ਹਾਂ ਕਿ ਜਦੋਂ ਇਨਸਾਫ਼ ਨਾ ਮਿਲ ਰਿਹਾ ਹੋਵੇ ਤਾਂ ਲੋਕ ਰੋਹ ਤੇ ਸੰਘਰਸ਼
ਦਾ ਦਬਾਅ ਬਣਾਉਣਾ ਵੀ ਜ਼ਰੂਰੀ ਹੁੰਦਾ ਹੈ ਤੇ ਹੱਕ ਵੀ ਹੈ। ਪਰ ਇਸ ਮਸਲੇ 'ਤੇ ਹਰ
ਕੋਈ ਸਿਰਫ਼ ਆਪੋ-ਆਪਣੇ ਤਰੀਕੇ ਨਾਲ ਹੀ ਨਹੀਂ ਚੱਲ ਰਿਹਾ, ਸਗੋਂ ਦੂਸਰੀਆਂ ਧਿਰਾਂ
ਖਿਲਾਫ਼ ਭੰਡੀ ਪ੍ਰਚਾਰ ਹੀ ਸਭ ਤੋਂ ਪਹਿਲੀ ਗੱਲ ਵਜੋਂ ਸਾਹਮਣੇ ਰੱਖਿਆ ਜਾ ਰਿਹਾ ਹੈ।
ਜੋ ਕੁਝ ਕੌਮੀ ਇਨਸਾਫ਼ ਮੋਰਚੇ ਦੇ ਸੰਬੰਧ ਵਿਚ ਹੋਇਆ ਹੈ, ਉਹ ਸਾਫ਼ ਕਰਦਾ ਹੈ ਕਿ
ਸਰਕਾਰਾਂ ਤਾਂ ਅਜਿਹੇ ਮੋਰਚਿਆਂ ਨੂੰ ਹਿੰਸਕ ਰੂਪ ਵਿਚ ਉਲਝਾ ਕੇ ਬਦਨਾਮ ਕਰਨ ਦੀਆਂ
ਕੋਸ਼ਿਸ਼ਾਂ ਕਰਦੀਆਂ ਹੀ ਹਨ ਪਰ ਇਸ ਦੇ ਨੇਤਾ ਵੀ ਆਪਣੇ ਮੋਰਚੇ 'ਤੇ ਕਾਬੂ ਰੱਖਣ ਵਿਚ
ਸਫਲ ਹੁੰਦੇ ਦਿਖਾਈ ਨਹੀਂ ਦੇ ਰਹੇ।
ਸਾਡੇ ਸਾਹਮਣੇ ਕਿਸਾਨ ਮੋਰਚੇ ਦੀ
ਮਿਸਾਲ ਹੈ। ਜਦੋਂ ਤੱਕ ਕਿਸਾਨ ਜਥੇਬੰਦੀਆਂ ਵਿਚ ਏਕਤਾ ਰਹੀ ਤੇ ਉਹ ਸਰਕਾਰੀ
ਕੋਸ਼ਿਸ਼ਾਂ ਦੇ ਬਾਵਜੂਦ ਮੋਰਚੇ ਨੂੰ ਸ਼ਾਂਤੀਪੂਰਨ ਰੱਖਣ ਵਿਚ ਸਫਲ ਰਹੀਆਂ, ਲੋਕਾਈ
ਵੀ ਉਨ੍ਹਾਂ ਦੇ ਨਾਲ ਰਹੀ ਤੇ ਅਖੀਰ ਸਰਕਾਰ ਨੂੰ ਝੁਕਣਾ ਵੀ ਪਿਆ। ਪਰ ਜਿਵੇਂ ਹੀ
ਉਨ੍ਹਾਂ ਵਿਚ ਫੁੱਟ ਪਈ ਸਰਕਾਰ ਬਾਕੀ ਮੰਨੀਆਂ ਹੋਈਆਂ ਗੱਲਾਂ ਲਾਗੂ ਕਰਨ ਤੋਂ ਵੀ
ਟਾਲ਼ਾ ਵੱਟ ਗਈ।
ਇਸ ਮੋਰਚੇ ਦੇ ਨੇਤਾਵਾਂ ਨੂੰ ਸੋਚਣਾ ਚਾਹੀਦਾ ਹੈ ਕਿ ਸਾਰੀ
ਕੌਮ ਨੂੰ ਇਕਮੁੱਠ ਕੀਤੇ ਬਿਨਾਂ ਕੋਈ ਵੱਡੀ ਪ੍ਰਾਪਤੀ ਨਹੀਂ ਹੋ ਸਕਣੀ। ਜੇਕਰ ਕੋਈ
ਵਿਅਕਤੀ ਮੋਰਚੇ ਦੀ ਹਮਾਇਤ ਲਈ ਪਹੁੰਚਦਾ ਹੈ ਤਾਂ ਉਸ ਦੀ ਹਮਾਇਤ ਨੂੰ ਦੇਰ
ਆਇਦ-ਦਰੁਸਤ ਆਇਦ ਦੇ ਅਸੂਲ ਵਾਂਗ ਜੀ ਆਇਆਂ ਆਖਣਾ ਚਾਹੀਦਾ ਹੈ, ਨਾ ਕਿ ਉਸ ਦੀ
ਬੇਇੱਜ਼ਤੀ ਕਰਕੇ ਭਜਾ ਦੇਣ ਦੀ ਰਣਨੀਤੀ ਅਪਣਾਉਣੀ ਚਾਹੀਦੀ ਹੈ। ਜੋ ਕੁਝ ਸ਼੍ਰੋਮਣੀ
ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸਮਾਂਤਰ ਐਲਾਨੇ ਜਥੇਦਾਰ ਬਾਬਾ ਬਲਜੀਤ ਸਿੰਘ
ਦਾਦੂਵਾਲ, ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ ਨਾਲ ਹੋਇਆ, ਇਸ
ਨੂੰ ਸ਼ਲਾਘਾਯੋਗ ਨਹੀਂ ਕਿਹਾ ਜਾ ਸਕਦਾ। ਫਿਰ ਕਈ ਕਿਸਾਨ ਜਥੇਬੰਦੀਆਂ ਦੇ ਨੇਤਾਵਾਂ
ਨੂੰ ਗੱਦਾਰ ਤੱਕ ਕਰਾਰ ਦੇਣਾ ਕੀ ਜਾਇਜ਼ ਹੈ?
ਹੈਰਾਨੀ ਦੀ ਗੱਲ ਹੈ ਕਿ
ਸਿੱਖਾਂ ਨੇ ਜਿਵੇਂ ਫ਼ੈਸਲਾ ਹੀ ਕਰ ਲਿਆ ਹੈ ਕਿ ਸਿੱਖੀ ਦਾ ਵਿਸਤਾਰ ਨਹੀਂ ਹੋਣ
ਦੇਣਾ, ਸਗੋਂ ਜਿਹੜੇ ਹੋਰ ਧਰਮਾਂ ਦੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ
ਹਨ, ਮੱਥਾ ਟੇਕਦੇ ਹਨ, ਅਸੀਂ ਉਨ੍ਹਾਂ ਕੋਲੋਂ ਵੀ ਨਿੱਕੇ-ਨਿੱਕੇ ਬਹਾਨੇ ਬਣਾ ਕੇ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੀ ਵਾਪਸ ਲੈ ਲੈਣੇ ਹਨ ਤਾਂ ਕਿ ਉਹ ਸਿੱਖੀ
ਤੋਂ ਪੂਰੀ ਤਰ੍ਹਾਂ ਦੂਰ ਹੀ ਹੋ ਜਾਣ, ਜਦੋਂ ਕਿ ਚਾਹੀਦਾ ਇਹ ਹੈ ਕਿ ਜੇ ਸਾਨੂੰ
ਉਨ੍ਹਾਂ ਦੀ ਕਿਸੇ ਗੱਲ 'ਤੇ ਕੋਈ ਇਤਰਾਜ਼ ਹੈ ਤਾਂ ਕੁਝ ਸਿਆਣੇ ਬੰਦੇ ਜਾ ਕੇ ਉਨ੍ਹਾਂ
ਨੂੰ ਤਹੱਮਲ ਨਾਲ ਆਪਣੀ ਗੱਲ ਤੇ ਸੋਚ ਸਮਝਾਉਣ।
ਇਥੇ ਨੋਟ ਕਰਨ ਵਾਲੀ ਗੱਲ ਹੈ
ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਬੇਸ਼ੱਕ ਸਰਬਉੱਚ ਪਦਵੀ 'ਤੇ ਬੈਠੇ ਹਨ ਪਰ
ਉਨ੍ਹਾਂ ਨੂੰ ਸਿਰਫ਼ ਆਪਣੀ ਮੱਤ ਨਾਲ ਹੀ ਬਿਆਨ ਨਹੀਂ ਦੇਣੇ ਚਾਹੀਦੇ, ਸਗੋਂ ਉਨ੍ਹਾਂ
ਨੂੰ ਆਪਣਾ ਇਕ ਬਹੁਤ ਹੀ ਯੋਗ ਸਲਾਹਕਾਰ ਮੰਡਲ ਬਣਾਉਣਾ ਚਾਹੀਦਾ ਹੈ ਜਿਸ ਵਿਚ ਕਾਬਲ
ਤੇ ਪੱਕੇ ਸਿੱਖ ਬੁੱਧੀਜੀਵੀ, ਸੇਵਾਮੁਕਤ ਅਫ਼ਸਰ, ਜੱਜ, ਵਕੀਲ ਤੇ ਸਥਾਪਿਤ ਇਮਾਨਦਾਰ
ਆਗੂ ਸ਼ਾਮਿਲ ਕਰਨੇ ਚਾਹੀਦੇ ਹਨ ਤੇ ਉਨ੍ਹਾਂ ਨੂੰ ਕੋਈ ਵੀ ਬਿਆਨ ਜਾਂ ਹੁਕਮ ਦੇਣ ਤੋਂ
ਪਹਿਲਾਂ ਇਸ ਸਲਾਹਕਾਰ ਬੋਰਡ ਨੂੰ ਉਸ ਦੇ ਇਕ-ਇਕ ਅੱਖਰ ਦੇ ਪ੍ਰਭਾਵ ਬਾਰੇ ਵਿਚਾਰ ਕਰਨ
ਲਈ ਕਹਿਣਾ ਚਾਹੀਦਾ ਹੈ, ਤਾਂ ਜੋ ਇਕ ਵਾਰ ਦਿੱਤਾ ਬਿਆਨ ਜਾਂ ਹੁਕਮ ਵਾਪਸ ਨਾ ਲੈਣਾ
ਪਵੇ ਨਹੀਂ ਤਾਂ ਸਥਿਤੀ ਵਾਰ-ਵਾਰ ਸਿਰਸਾ ਸਾਧ ਨੂੰ ਦਿੱਤੀ 'ਮੁਆਫ਼ੀ' ਵਾਪਸ ਲੈਣ
ਵਰਗੀ ਬਣਦੀ ਹੀ ਰਹੇਗੀ। ਸਲਾਹਕਾਰ ਬੋਰਡ ਬਣਾਉਣ ਨਾਲ ਸਿੱਖਾਂ ਦੀ ਧਾਰਮਿਕ ਲੀਡਰਸ਼ਿਪ
ਦਾ ਖਲਾਅ ਤਾਂ ਭਰੇਗਾ ਹੀ, ਪਰ ਵਕਤ ਪਾ ਕੇ ਇਸ ਧਾਰਮਿਕ ਲੀਡਰਸ਼ਿਪ ਵਿਚੋਂ
ਆਰ.ਐਸ.ਐਸ. ਦੇ ਕੰਮ ਕਰਨ ਵਾਂਗ ਸਿੱਖਾਂ ਦੀ ਰਾਜਸੀ ਲੀਡਰਸ਼ਿਪ ਨੂੰ ਮਜ਼ਬੂਤ ਕਰਨ
ਅਤੇ ਅਗਵਾਈ ਦੇਣ ਦਾ ਮਾਹੌਲ ਵੀ ਬਣੇਗਾ।
ਸਪੀਕਰ ਸੰਧਵਾਂ ਦਾ
ਸ਼ਲਾਘਾਯੋਗ ਪਹਿਲ ਮੇਰੀ ਮਾਂ ਬੋਲੀ ਵੀ ਮੈਨੂੰ ਅੱਜਕਲ੍ਹ ਸਮਝ
ਨਹੀਂ ਆਉਂਦੀ, ਇਸ ਤੋਂ ਵੱਡਾ ਹੋਰ ਸਰਾਪ ਅਜੇ ਭਲਾ ਕੋਈ ਬਾਕੀ ਹੈ॥
(ਲਾਲ ਫਿਰੋਜ਼ਪੁਰੀ)
ਬੀਤੇ ਦਿਨੀਂ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬੀ ਮਾਂ-ਬੋਲੀ ਦੀ
ਸਥਿਤੀ ਪੰਜਾਬ ਵਿਚ ਹੋਰ ਬਿਹਤਰ ਬਣਾਉਣ ਬਾਰੇ ਕੁਝ ਵਜ਼ੀਰਾਂ, ਵਿਧਾਇਕਾਂ,
ਅਧਿਕਾਰੀਆਂ ਤੇ ਪੰਜਾਬੀ ਵਿਦਵਾਨਾਂ ਦੀ ਇਕ ਮੀਟਿੰਗ ਬੁਲਾ ਕੇ ਵਿਚਾਰ ਵਟਾਂਦਰਾ ਕੀਤਾ
ਗਿਆ ਕਿ ਪੰਜਾਬੀ ਲਈ ਕੀ-ਕੀ ਕਰਨਾ ਜ਼ਰੂਰੀ ਹੈ? ਇਹ ਪਹਿਲ ਪੰਜਾਬ ਦੇ ਕਿਸੇ ਹੋਰ
ਸਪੀਕਰ ਨੇ ਪਹਿਲਾਂ ਨਹੀਂ ਕੀਤੀ, ਇਸ ਲਈ ਸ. ਸੰਧਵਾਂ ਦਾ ਇਹ ਉੱਦਮ ਹੋਰ ਵੀ
ਸ਼ਲਾਘਾਯੋਗ ਹੋ ਜਾਂਦਾ ਹੈ।
ਬੇਸ਼ੱਕ ਇਸ 'ਤੇ ਅਮਲ ਤਾਂ ਸਰਕਾਰ ਨੇ ਹੀ ਕਰਨਾ
ਹੈ ਪਰ ਸਪੀਕਰ ਵਲੋਂ ਬੁਲਾਈ ਮੀਟਿੰਗ ਵਿਚ ਬਹੁਤ ਹੀ ਸਾਰਥਕ ਗੱਲਾਂ ਸਾਹਮਣੇ ਆਈਆਂ,
ਜਿਨ੍ਹਾਂ 'ਤੇ ਅਮਲ ਹੋ ਜਾਵੇ ਤਾਂ ਪੰਜਾਬੀ ਸੱਚਮੁੱਚ ਪੰਜਾਬ ਦੀ ਪਟਰਾਣੀ ਭਾਸ਼ਾ ਬਣ
ਜਾਵੇਗੀ। ਹੁਣ ਜੇਕਰ ਭਗਵੰਤ ਮਾਨ ਸਰਕਾਰ ਇਨ੍ਹਾਂ ਸੁਝਾਵਾਂ 'ਤੇ ਅਮਲ ਨਹੀਂ ਕਰੇਗੀ
ਤਾਂ ਉਹ ਵਕਤ ਅਤੇ ਇਤਿਹਾਸ ਦੇ ਕਟਹਿਰੇ ਵਿਚ ਖੜ੍ਹੀ, ਜਵਾਬਦੇਹ ਜ਼ਰੂਰ ਹੋਵੇਗੀ।
ਹਾਂ, ਪੰਜਾਬ ਸਰਕਾਰ ਵਲੋਂ ਸਰਕਾਰੀ ਤੇ ਗ਼ੈਰ-ਸਰਕਾਰੀ ਬੋਰਡਾਂ 'ਤੇ ਪੰਜਾਬੀ ਨੂੰ
ਪਹਿਲੇ ਸਥਾਨ 'ਤੇ ਰੱਖਣ ਦੀ ਅਪੀਲ ਦਾ ਸਵਾਗਤ ਹਰ ਪੰਜਾਬੀ ਨੇ ਕੀਤਾ ਹੈ, ਪਰ ਦੇਖਣਾ
ਹੈ ਇਹ ਅਮਲੀ ਤੌਰ ‘ਤੇ ਕਦੋਂ ਲਾਗੂ ਹੋਵੇਗਾ।
ਮੀਟਿੰਗ ਵਿਚ ਜੋ ਗੱਲਾਂ ਉੱਭਰ
ਕੇ ਸਾਹਮਣੇ ਆਈਆਂ, ਭਾਵੇਂ ਉਨ੍ਹਾਂ ਸਾਰੀਆਂ ਦਾ ਜ਼ਿਕਰ ਤਾਂ ਇਥੇ ਸੰਭਵ ਨਹੀਂ ਪਰ
ਫਿਰ ਵੀ ਪੰਜਾਬੀ ਨੂੰ ਪੰਜਾਬ ਵਿਚਲੇ ਹਰ ਸਕੂਲ ਚਾਹੇ ਉਹ ਸਰਕਾਰੀ ਹੋਵੇ ਜਾਂ ਨਿੱਜੀ
ਅਤੇ ਭਾਵੇਂ ਉਹ ਕਿਸੇ ਵੀ ਬੋਰਡ ਨਾਲ ਜੁੜਿਆ ਹੋਵੇ, ਬਾਰੇ ਇਕ ਕਾਨੂੰਨੀ ਸੋਧ ਦੀ ਲੋੜ
ਕਿ ਪੰਜਾਬੀ ਦੀ ਨਰਸਰੀ ਤੋਂ 10ਵੀਂ ਤੱਕ ਪੜ੍ਹਾਈ ਕਰਵਾਉਣਾ ਯਕੀਨੀ ਬਣਾਉਣ, ਮਾਤ
ਭਾਸ਼ਾ ਨੂੰ ਰੁਜ਼ਗਾਰ ਮੁਖੀ ਬਣਾਉਣ, ਪੰਜਾਬ ਦੇ ਰਾਜਪਾਲ ਕੋਲ ਕਾਨੂੰਨ ਅਨੁਸਾਰ
ਮੌਜੂਦ ਅਧਿਕਾਰ ਕਿ ਉਹ ਰਾਜ ਦੀ ਭਾਸ਼ਾ ਨੂੰ ਹਾਈਕੋਰਟ ਤੱਕ ਲਾਗੂ ਕਰਵਾ ਸਕਦੇ ਹਨ,
ਦੀ ਵਰਤੋਂ ਕਰਨ ਲਈ ਮਨਾਉਣ ਅਤੇ ਹਰ ਸਰਕਾਰੀ ਹੁਕਮ ਪੰਜਾਬੀ ਵਿਚ ਜਾਰੀ ਕੀਤੇ ਜਾਣ
ਵਰਗੀਆਂ ਕਈ ਗੱਲਾਂ 'ਤੇ ਸਹਿਮਤੀ ਬਣੀ ਦਿਖਾਈ ਦਿੱਤੀ ਹੈ।
ਪਰ ਅਸਲ
ਪ੍ਰਾਪਤੀ ਤਾਂ ਅਮਲਾਂ ਨਾਲ਼ ਹੀ ਹੋਵੇਗੀ - ਵਿਚਾਰ ਵਟਾਂਦਰੇ ਤਾਂ ਅਨੇਕਾਂ ਵਾਰ
ਹੁੰਦੇ ਸੁਣੇ ਹਨ। ਅਸੀਂ ਸਮਝਦੇ ਹਾਂ ਕਿ ਪੰਜਾਬੀ ਭਾਸ਼ਾ ਦੀ ਅਸਲ ਪ੍ਰਾਪਤੀ ਤਾਂ
ਉਦੋਂ ਹੀ ਦੇਖਣ ਨੂੰ ਮਿਲੇਗੀ ਜਦੋਂ ਸਪੀਕਰ ਸ. ਸੰਧਵਾਂ ਇਸ ਮਾਮਲੇ ਵਿਚ ਸਰਕਾਰ ਵਿਚ
ਆਪਣੀ ਪਹੁੰਚ ਦਾ ਇਸਤੇਮਾਲ ਕਰਦੇ ਹੋਏ ਮੀਟਿੰਗ ਦੇ ਫ਼ੈਸਲਿਆਂ ਨੂੰ ਲਾਗੂ ਕਰਵਾਉਣ ਦੀ
ਕੋਸ਼ਿਸ਼ ਜ਼ਰੂਰ ਕਰਨਗੇ। ਸਿਰਫ਼ ਵਿਚਾਰ-ਵਟਾਂਦਰੇ ਕਰਕੇ ਹੀ ਗੱਲ ਨਹੀਂ ਬਣਦੀ, ਲੋੜ
ਤਾਂ ਫ਼ੈਸਲਿਆਂ 'ਤੇ ਅਮਲ ਕਰਵਾਉਣ ਦੀ ਹੈ। ਪਰ ਦੇਖਣਾ ਹੋਏਗਾ ਕਿ ਕੀ 21 ਫ਼ਰਵਰੀ
ਨੂੰ ਆ ਰਹੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਦੇ ਸਬੰਧ ਵਿੱਚ ਮਾਨ ਸਰਕਾਰ ਪੰਜਾਬੀਆਂ
ਅਤੇ ਉਨ੍ਹਾਂ ਦੀ ਮਾਂ ਬੋਲੀ ਨੂੰ ਕਿਹੋ ਜਿਹਾ ਤੋਹਫ਼ਾ ਭੇਂਟ ਕਰਨ ਦੀ ਤਿਆਰੀ ਵਿੱਚ
ਹੈ। 1044, ਗੁਰੂ ਨਾਨਕ ਸਟਰੀਟ,
ਸਮਰਾਲਾ ਰੋਡ, ਖੰਨਾ ਫੋਨ: 92168-60000 E. mail :
hslall@ymail.com
|