WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਲੋਕਤੰਤਰ ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ 
ਕੇਹਰ ਸ਼ਰੀਫ਼              01/04/2023)

kehar

11ਲੋਕਰਾਜ ਉਸਨੂੰ ਕਿਹਾ ਜਾਂਦਾ ਹੈ ਜਿਸ ਨੂੰ ਲੋਕ ਆਪਣਾ ਰਾਜ ਸਮਝਦੇ ਹੋਣ। ਲੋਕ ਸਮਝਦੇ ਹੀ ਨਾ ਹੋਣ ਸਗੋਂ, ਲੋਕਾਂ ਨਾਲ ਨਿੱਤ ਦਾ ਵਿਹਾਰ ਵੀ ਇਸ ਦੀ ਗਵਾਹੀ ਭਰਦਾ ਹੋਵੇ। ਇਹ ਇਕ-ਦੂਜੇ ਨਾਲ ਮਿਲਜੁਲ ਕੇ ਰਹਿਣ ਦੇ ਮੌਕੇ ਵੀ ਦਿੰਦਾ ਹੋਵੇ, ਨਹੀਂ ਤਾਂ 'ਅਬਰਾਹਿਮ ਲਿੰਕਨ' ਦੀ ਲੋਕਤੰਤਰੀ ਸਰਕਾਰ ਬਾਰੇ ਦਿੱਤੀ ਪਰਿਭਾਸ਼ਾ ਕਿ "ਲੋਕਤੰਤਰ ਲੋਕਾਂ ਦੀ, ਲੋਕਾਂ ਦੁਆਰਾ, ਅਤੇ ਲੋਕਾਂ ਲਈ ਬਣਾਈ ਗਈ ਸਰਕਾਰ ਹੈ" ਵੀ ਟਿੱਚਰ ਜਹੀ ਜਾਪਣ ਲੱਗ ਪੈਂਦੀ ਹੈ।

ਲੋਕਤੰਤਰ ਅੰਦਰ ਅਸਹਿਮਤੀ ਦਾ ਬਹੁਤ ਵੱਡਾ ਮਹੱਤਵ ਹੁੰਦਾ ਹੈ ਜਾਂ ਕਹਿ ਲਉ ਕਿ ਅਸਹਿਮਤੀ (ਭਾਵ, ਇਕ ਦੂਜੇ ਤੋਂ ਵੱਖਰੇ ਜਾਂ ਵਿਰੋਧੀ ਵਿਚਾਰ) ਲੋਕਤੰਤਰ ਦਾ ਦੂਜਾ ਨਾਮ ਹੈ। ਜਦੋਂ ਲੋਕਤੰਤਰੀ ਪ੍ਰਬੰਧ ਅੰਦਰ ਅਸਹਿਮਤੀ ਦਾ ਸਨਮਾਨ (ਦੂਜਿਆਂ ਪ੍ਰਤੀ ਸਹਿਣਸ਼ੀਲਤਾ, ਵਿਚਾਰ ਵਟਾਂਦਰਾ, ਦੂਜੇ ਦੀ ਗੱਲ/ਵਿਚਾਰ ਨੂੰ ਸਹਿਣ ਕਰਨ ਦਾ ਮਾਦਾ) ਖਤਮ ਹੋ ਰਿਹਾ ਹੋਵੇ ਤਾਂ ਸਮਝੋ ਕਿ ਲੋਕਤੰਤਰ ਦੀ ਸਮਾਪਤੀ ਦਾ ਖਤਰਾ ਵਧ ਰਿਹਾ ਹੈ। ਅਜਿਹੇ ਸਮੇਂ ਅਸਹਿਮਤੀ ਦੀ ਆਵਾਜ਼ ਹੋਰ ਉੱਚੀ ਹੋ ਜਾਣੀ ਚਾਹੀਦੀ ਹੈ। ਅਸਹਿਮਤੀ ਜਾਂ ਵਿਰੋਧ ਦੀ ਅ-ਹਿੰਸਕ ਆਵਾਜ਼ ਨੂੰ ਲੋਕਤੰਤਰ ਦੀ ਖੂਬਸੂਰਤੀ ਕਿਹਾ ਜਾਣਾ ਚਾਹੀਦਾ ਹੈ। ਇਸਦੇ ਆਪਣੇ ਬਹੁਤ ਸਾਰੇ ਖਤਰੇ ਹੋ ਸਕਦੇ ਹਨ, ਪਰ ਲੋਕਤੰਤਰ ਇਹ ਖਤਰੇ ਸਹੇੜ ਕੇ ਹੀ ਬਚ ਸਕਦਾ ਹੈ। ਇਨ੍ਹਾਂ ਨੂੰ ਖਤਰੇ ਕਹਿਣ ਨਾਲੋਂ ਫ਼ਰਜ਼ਾਂ ਦੀ ਸੰਗਿਆ ਦਿੱਤੀ ਜਾਣੀ ਚਾਹੀਦੀ ਹੈ। ਲੋਕਤੰਤਰੀ ਰਾਜ ਵਲੋਂ ਆਮ ਨਾਗਰਿਕਾਂ ਦੇ ਅਧਿਕਾਰਾਂ ਦੀ ਪੂਰਤੀ, ਰਾਖੀ ਅਤੇ ਦੋਹਾਂ ਪਾਸਿਆਂ ਤੋਂ ਫ਼ਰਜ਼ਾਂ ਦੀ ਪਾਲਣਾ ਦਾ ਨਾਂ ਹੈ। ਇਸ ਵਿਚ ਆਈ ਮਾੜੀ ਜਹੀ ਕਾਣ ਵੀ ਲੋਕਤੰਤਰ ਨੂੰ ਕਮਜ਼ੋਰ ਜਾਂ ਤਬਾਹ ਕਰਨ ਦਾ ਸਬੱਬ ਬਣ ਸਕਦੀ ਹੈ। ਲੋਕਤੰਤਰ ਵਾਸਤੇ ਇਹ ਸ਼ੁਭ ਸ਼ਗਨ ਨਹੀਂ ਹੋ ਸਕਦਾ। ਕਿਸੇ ਵੀ ਅਜਿਹੇ ਖਤਰੇ ਨੂੰ ਫ਼ਰਜ਼ ਸਮਝ ਕੇ ਉਸ ਦੀ ਪਹਿਰੇਦਾਰੀ ਲਈ ਖੜ੍ਹੇ ਹੋਣ ਵਾਲੇ ਲੋਕ ਹੀ ਲੋਕਤੰਤਰੀ ਰਵਾਇਤਾਂ ਦੇ ਰਾਖੇ ਜਾਂ ਵਾਰਿਸ ਅਖਵਾ ਸਕਣ ਦੇ ਯੋਗ ਕਹੇ ਜਾ ਸਕਦੇ ਹਨ।

ਅੱਜ ਦੇ ਸਮੇਂ ਜਦੋਂ 'ਵਿਸ਼ਵੀਕਰਨ' ਉਰਫ ਲੁੱਟਤੰਤਰ ਦੇ ਢੋਲ ਵਾਲੇ ਰੌਲ਼ੇ ਹੇਠ ਕਿਸੇ ਵੀ ਥਾਂ ਲੋਕਤੰਤਰ ਅਤੇ ਇਸਦੇ ਪਾਲਕ /ਹੱਕਦਾਰ ਮਿਹਨਤਕਸ਼ ਲੋਕ ਦੇਸੀ-ਬਦੇਸੀ ਬਾਜ਼ਾਰਵਾਦ ਦੇ ਖੂਨੀ ਪੰਜਿਆਂ ਵਿਚ ਲਹੂ-ਲੁਹਾਣ ਹੋ ਰਹੇ ਹੋਣ ਤਾਂ ਲੋਕਤੰਤਰ ਅੰਦਰ ਯਕੀਨ ਰੱਖਣ ਵਾਲਿਆਂ (ਖਾਸ ਕਰਕੇ ਵਿਰੋਧ ਦੀਆਂ ਸਿਆਸੀ ਪਾਰਟੀਆਂ, ਜਾਂ ਵੱਖਰੇ ਵਿਚਾਰ ਰੱਖਣ ਵਾਲੇ ਲੋਕਾਂ) ਲਈ ਫਿਕਰਮੰਦ ਹੋ ਜਾਣਾ ਕੁਦਰਤੀ ਹੀ ਹੈ ਜਿਸਦੇ ਸਿੱਟੇ ਵਜੋਂ ਉਨ੍ਹਾਂ ਦਾ ਬੋਲਣਾ ਜ਼ਰੂਰੀ ਹੋ ਜਾਂਦਾ ਹੈ। ਨਾਲ ਹੀ ਇਤਿਹਾਸ ਵੱਲ ਝਾਤ ਮਾਰਨੀ ਵੀ ਅਤਿਅੰਤ ਜ਼ਰੂਰੀ ਹੈ ਕਿਉਂਕਿ ਇਤਿਹਾਸ ਇਨ੍ਹਾਂ ਖਤਰਿਆਂ ਤੋਂ ਸਾਵਧਾਨ/ ਸੁਚੇਤ ਕਰਦਾ ਰਿਹਾ ਹੈ ਤੇ ਅਜੇ ਵੀ ਸੁਚੇਤ ਕਰਦਾ ਹੈ। ਅੱਜ ਦੇ ਖਤਰੇ ਅਣਡਿੱਠ ਕਰਕੇ ਜਾਂ ਅੱਖਾਂ ਮੀਟ ਕੇ ਕੱਲ੍ਹ ਵਾਸਤੇ ਟਾਲੇ ਨਹੀਂ ਜਾ ਸਕਦੇ। ਇਹ ਸਿਆਸੀ ਖੁਦਕੁਸ਼ੀ ਵਰਗਾ ਗੈਰ-ਜ਼ਰੂਰੀ ਵਿਹਾਰ ਸਾਬਤ ਹੋ ਸਕਦਾ ਹੈ।

ਲੋਕਤੰਤਰ ਅੰਦਰ ਹਰ ਨਾਗਰਿਕ ਨੂੰ ਵੋਟ ਦੇਣ ਦਾ ਅਧਿਕਾਰ ਹੁੰਦਾ ਹੈ, ਪਰ ਸਿਰਫ ਵੋਟ ਦੇਣਾ ਹੀ ਲੋਕਤੰਤਰ ਨਹੀਂ। ਸਿਆਸੀ ਪਾਰਟੀਆਂ ਜੋ ਵਾਅਦੇ ਕਰਦੀਆਂ ਹਨ ਉਨ੍ਹਾਂ ਦੀ ਪੁਣਛਾਣ ਕਰਨਾ ਤੇ ਫੇਰ ਜਿਹੜੀ ਪਾਰਟੀ ਦੇਸ਼ ਦੇ ਭਲੇ ਵਾਸਤੇ ਭਾਵ ਗਰੀਬ, ਮਜ਼ਦੂਰ, ਕਿਸਾਨ  ਆਦਿ ਕਿ ਹਰ ਮਿਹਨਤਕਸ਼ ਵਾਸਤੇ ਸੋਹਣੇ ਭਵਿੱਖ ਦਾ ਭਰੋਸਾ ਦਿੰਦੀ ਹੋਵੇ ਉਸਨੂੰ ਵੋਟ ਦਿੱਤਾ ਜਾਂਦਾ ਹੈ। ਇੱਥੋਂ ਹੀ ਨਾਗਰਿਕ ਦਾ ਲੋਕਤੰਤਰੀ ਕੰਮ ਸ਼ੁਰੂ ਹੁੰਦਾ ਹੈ, ਕਿ ਜੋ ਵਾਅਦੇ ਕਰਕੇ ਕੋਈ ਪਾਰਟੀ ਹਕੂਮਤ ਬਣਾ ਲੈਂਦੀ ਹੈ ਉਹ ਆਪਣੇ ਕਹੇ ਮੁਤਾਬਿਕ ਕੰਮ ਵੀ ਕਰ ਰਹੀ ਹੈ ਜਾਂ ਨਹੀਂ, ਹਰ ਗੱਲ / ਵਰਤਾਰੇ 'ਤੇ ਨਿਗਾਹ ਰੱਖਣੀ ਵੋਟ ਦੇਣ ਵਾਲੇ ਨਾਗਰਿਕਾਂ ਦਾ ਹੀ ਕੰਮ/ਫ਼ਰਜ਼/ਅਧਿਕਾਰ ਹੁੰਦਾ ਹੈ। ਜੇ ਅਜਿਹਾ ਨਹੀਂ ਵਾਪਰਦਾ ਤਾਂ ਲੋਕਤੰਤਰੀ ਢਾਂਚੇ ਅੰਦਰ ਵਿਗਾੜ ਪੈਦਾ ਹੋਣਗੇ ਤੇ ਬੇਰੋਕ-ਟੋਕ  ਵਧਦੇ ਹੀ ਜਾਣਗੇ। ਇਸ ਨਾਲ ਲੋਕਤੰਤਰ ਕਮਜ਼ੋਰ ਹੋਵੇਗਾ ਤੇ ਉਸਦੇ ਕੁਰਾਹੇ ਪੈ ਜਾਣ ਦਾ ਖਤਰਾ ਵਧ ਜਾਵੇਗਾ। ਇਸ ਕੁਰਾਹੇ ਪੈ ਜਾਣ ਵੇਲੇ ਡੱਕਣ ਦੀ ਜੁੰਮੇਵਾਰੀ ਨਾ ਨਿਭਾ ਸਕਣ ਤੋਂ ਸਿਆਸੀ ਧਿਰਾਂ ਅਤੇ ਆਮ ਨਾਗਰਿਕ ਕਿਵੇਂ ਬਚ ਸਕਣਗੇ?

ਲੋਕਤੰਤਰੀ ਪ੍ਰਬੰਧ ਅੰਦਰ ਰਹਿੰਦਿਆਂ ਇਸ ਵਿਚ ਆਉਂਦੇ ਵਿਗਾੜਾਂ ਦੇ ਖਿਲਾਫ ਹੋਣਾ ਹੀ ਲੋਕਤੰਤਰੀ ਹੋਣਾ ਹੁੰਦਾ ਹੈ, ਤਾਂ ਕਿ ਲੋਕਤੰਤਰ ਦੀ ਰਾਖੀ ਕੀਤੀ ਜਾ ਸਕੇ। ਸਾਧਾਰਨ ਲਫ਼ਜ਼ਾਂ ਵਿਚ ਇਸ ਨੂੰ ਦੇਸ਼ਭਗਤੀ ਆਖਿਆ ਜਾ ਸਕਦਾ ਹੈ। ਅਜਿਹੇ ਸਮੇਂ ਚੁੱਪ ਰਹਿਣਾ ਲੋਕਤੰਤਰੀ ਸਮਾਜ ਵਿਚੋਂ ਆਪਣੇ ਆਪ ਨੂੰ ਖਾਰਿਜ ਕਰਨ ਦੇ ਬਰਾਬਰ ਹੁੰਦਾ ਹੈ। ਸਰਬੱਤ ਦੇ ਭਲੇ ਵਾਸਤੇ ਸਮਾਜ ਅੰਦਰ ਸੱਤਾਧਾਰੀਆਂ ਲਈ ਜ਼ਰੂਰੀ ਹੁੰਦਾ ਹੈ ਕਿ ਉਹ ਕਿਸੇ ਇਕ ਵੀ ਪ੍ਰਾਣੀ ਤੱਕ ਦੇ ਬੁਨਿਆਦੀ ਅਤੇ ਮਨੁੱਖੀ ਹੱਕਾਂ ਨੂੰ ਆਂਚ ਨਾ ਆਉਣ ਦੇਣ। ਲੁੱਟ ਦੇ ਆਸਰੇ ਬਣੀ ਧਨਾਢ ਜਮਾਤ (ਜੁੰਡਲੀ) ਦੇ ਮੁਕਾਬਲੇ ਮਿਹਨਤਕਸ਼ਾਂ ਨੂੰ ਦੁਜੈਲੇ ਕਿਸਮ ਦੇ ਸ਼ਹਿਰੀ ਸਮਝ ਕੇ ਵਿਤਕਰੇ ਦੇ ਸ਼ਿਕਾਰ ਨਾ ਬਨਾਉਣ, ਜੇ ਅਜਿਹਾ ਹੁੰਦਾ ਹੈ ਤਾਂ ਸਮਾਜ ਵਿਚ ਵੰਡੀਆਂ ਪੈਣ ਅਤੇ ਭਾਈਚਾਰਕ ਸਾਂਝ ਅੰਦਰ ਪਾੜ ਪੈਣ ਦੇ ਖਤਰੇ ਵਧ ਜਾਂਦੇ ਹਨ ਜੋ ਸਿਹਤਮੰਦ ਲੋਕਤੰਤਰ ਵਾਸਤੇ ਚੰਗਾ ਰੁਝਾਨ ਨਹੀਂ ਹੋ ਸਕਦਾ। ਅਜਿਹੇ ਵਰਤਾਰਿਆਂ ਨੂੰ ਅਣਡਿਠ ਕਰਨ ਵਾਲਾ ਹਕੂਮਤੀ ਢਾਂਚਾ ਲੋਕਤੰਤਰੀ ਲੀਹਾਂ ਨੂੰ ਛੱਡਣ ਵੇਲੇ ਗੈਰ-ਲੋਕਤੰਤਰੀ ਹੋ ਜਾਂਦਾ ਹੈ ਜੋ ਆਪਣੇ ਵਿਰੋਧੀਆਂ ਲਈ ਸਮਾਜ ਅੰਦਰ ਲੋਕਾਂ ਵਲੋਂ ਉਨ੍ਹਾਂ ਵਾਸਤੇ ਹਮਦਰਦੀ ਵਾਲਾ ਸਬੱਬ ਪੈਦਾ ਕਰਨ ਦਾ ਕਾਰਨ ਵੀ ਹੋ ਨਿੱਬੜਦਾ ਹੈ। ਹੋ ਰਹੇ  ਜ਼ੁਲਮ ਦੀਆਂ ਵਿਰੋਧੀ ਸੁਰਾਂ ਵੀ ਅਜਿਹੇ ਸਮੇਂ ਹੀ ਉਠਦੀਆਂ ਤੇ ਸਮਾਜ ਬਦਲਣ ਵਾਸਤੇ ਸਰਗਰਮ ਹੋ ਜਾਂਦੀਆਂ ਹਨ।

 ਉਸ ਪ੍ਰਬੰਧ ਨੂੰ ਲੋਕਤੰਤਰ ਕਿਵੇਂ ਕਿਹਾ ਜਾ ਸਕਦਾ ਹੈ ਜਿਸ ਅੰਦਰ ਹਕੂਮਤੀ ਧਿਰਾਂ ਵਲੋਂ ਆਪਣੇ ਲੋਕਾਂ ਪ੍ਰਤੀ ਸੰਵੇਦਨਾ ਦਾ ਭੋਰਾ ਬਚਿਆ ਹੀ ਨਾ ਹੋਵੇ। ਜਿਸ ਅੰਦਰ ਲੋਕਾਂ ਦੇ ਦੁੱਖ-ਸੁੱਖ ਅਤੇ ਦਰਦ ਸ਼ਾਮਲ ਹੀ ਨਾ ਹੋਣ। ਕਿਸੇ ਪ੍ਰਬੰਧ ਦੀ ਚੂਲ ਹੀ ਉਖਾੜ ਦੇਣੀ ਉਸ ਪ੍ਰਬੰਧ ਦਾ ਸਰੂਪ ਬਦਲ ਦਿੰਦੀ ਹੈ। ਕਿਸੇ ਵੀ ਥਾਵੇਂ ਲੋਕਤੰਤਰ ਉਸੇ ਨੂੰ ਆਖਿਆ ਜਾ ਸਕੇਗਾ ਜਿੱਥੇ ਪ੍ਰਬੰਧ ਅੰਦਰ ਲੋਕਾਂ ਦੀ ਹਰ ਘੜੀ ਭਰਵੀਂ ਸ਼ਮੂਲੀਅਤ ਹੋਵੇ। ਲੋਕਾਂ ਨੂੰ ਇਸ ਬਾਰੇ ਸੁਚੇਤ ਅਤੇ ਸਿੱਖਿਅਤ ਕਰਨਾ ਰਾਜ ਦੀਆਂ ਲੋਕਤੰਤਰੀ ਸੰਸਥਾਵਾਂ ਦਾ ਪਹਿਲਾ ਫ਼ਰਜ਼ ਹੋਣਾ ਚਾਹੀਦਾ ਹੈ। ਲੋਕ ਭਾਵਨਾਵਾਂ ਅਤੇ ਮਾਨਤਾਵਾਂ ਦੀਆਂ ਰੇਖਾਵਾਂ ਨੂੰ ਉਲੰਘਣਾ ਲੋਕ ਰਾਜ ਦਾ ਅਪਮਾਨ ਹੁੰਦਾ ਹੈ। ਲੋਕਾਂ ਵਲੋਂ ਆਪਣੇ ਨੁਮਾਂਇਦੇ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਨੁਮਾਂਇੰਦਿਆਂ ਵਾਸਤੇ ਲਾਜ਼ਮੀ ਹੁੰਦਾ ਹੈ ਕਿ ਉਹ ਸਮੁੱਚੇ ਲੋਕਾਂ ਦੀਆਂ ਭਾਵਨਾਵਾਂ ਦੀ ਪਾਲਣਾ ਅਤੇ ਉਨ੍ਹਾਂ ਦੀ ਕਦਰ / ਸਤਿਕਾਰ ਕਰਨ ਵਾਸਤੇ ਪਾਬੰਦ ਰਹਿਣ। ਜਦੋਂ ਕੋਈ ਚੁਣਿਆਂ ਨੁਮਾਂਇਦਾ ਅਜਿਹਾ ਨਹੀਂ ਕਰਦਾ ਤਾਂ ਉਹ ਲੋਕਰਾਜੀ ਕਦਰਾਂ-ਕੀਮਤਾਂ ਨਾਲ ਇਨਸਾਫ ਨਾ ਕਰਕੇ ਉਨ੍ਹਾਂ ਨਾਲ ਵੈਰ ਕਮਾ ਰਿਹਾ ਹੁੰਦਾ ਹੈ। ਅਜਿਹੇ ਸਮੇਂ ਅਜਿਹੇ ਨੁਮਾਂਇਦੇ ਲੋਕਾਂ ਨਾਲ ਕੀਤੇ ਵਚਨਾਂ ਨੂੰ ਤੋੜਨ ਵਾਲੇ ਮੁਜ਼ਰਿਮ ਬਣ ਜਾਂਦੇ ਹਨ, ਲੋਕਤੰਤਰੀ ਪ੍ਰੰਪਰਾਵਾਂ ਅਨੁਸਾਰ ਇਹ ਕਿਸੇ ਬਣਦੀ ਸਜ਼ਾ ਦੇ ਭਾਗੀ ਹੋਣੇ ਚਾਹੀਦੇ ਹਨ, ਪਰ ਅਫ਼ਸੋਸ ਕੀ ਆਮ ਕਰਕੇ ਅਜਿਹਾ ਹੁੰਦਾ ਨਹੀਂ।

 ਲੋਕਤੰਤਰੀ  ਬੁਨਿਆਦ ਵਾਲੇ ਰਾਜ ਦੇ ਚੁਣੇ ਗਏ ਮੈਂਬਰ ਝੂਠ ਬੋਲਣ ਵਾਲੇ ਜਾਂ ਆਪਣੇ ਲੋਕਾਂ ਤੋਂ ਲੁਕੋ ਕੇ ਪਰਦੇ ਅੰਦਰ ਕਾਰਜ (ਨੀਤੀਆਂ ਬਨਾਉਣਾ ਆਦਿ) ਕਰਨ ਵਾਲੇ ਵੀ ਨਹੀਂ ਹੋਣੇ ਚਾਹੀਦੇ, ਸਗੋਂ ਲੋਕਾਂ ਨੂੰ ਉਨ੍ਹਾਂ 'ਤੇ ਭਰੋਸਾ ਹੋਵੇ ਕਿ ਉਹ ਜੋ ਕਹਿਣ ਉਸ 'ਤੇ ਪੂਰੇ ਵੀ ਉਤਰਨ। ਜਦੋਂ ਅਜਿਹਾ ਨਹੀਂ ਹੁੰਦਾ ਤਾਂ ਲੋਕਾਂ ਦਾ ਅਜਿਹੇ ਨੇਤਾਵਾਂ ਤੋਂ ਵਿਸ਼ਵਾਸ ਉੱਠ ਜਾਂਦਾ ਹੈ, ਇਸ ਨਾਲ ਕਿਸੇ ਨੇਤਾ ਨੂੰ ਫਰਕ ਪਵੇ ਨਾ ਪਵੇ ਪਰ ਲੋਕਤੰਤਰੀ ਪ੍ਰੰਪਰਾਵਾਂ ਨੂੰ ਫਰਕ ਪੈਂਦਾ ਹੈ, ਉਹ ਪ੍ਰੰਪਰਾਵਾਂ ਤਬਾਹ ਹੋ ਜਾਂਦੀਆਂ ਹਨ, ਜਿਨ੍ਹਾਂ 'ਤੇ ਲੋਕਾਂ ਦਾ ਭਰੋਸਾ ਬਣਿਆਂ ਹੁੰਦਾ ਹੈ। ਅਜਿਹੇ ਸਮੇਂ ਫੈਲੀ ਅਫਰਾ-ਤਫਰੀ 'ਗ੍ਰਹਿ ਯੁੱਧ' ਵਿਚ ਬਦਲਦੀ ਵੀ ਇਤਿਹਾਸ ਨੇ ਬਹੁਤ ਥਾਵੀਂ ਦੇਖੀ ਹੈ। "ਸੋਸ਼ਲ ਡੈਮੋਕ੍ਰੇਸੀ" ਵਰਗੇ ਝੂਠੇ ਲਾਰਿਆਂ ਹੇਠ ਜਿੱਤ ਪ੍ਰਪਤ ਕਰ ਲੈਣ ਤੋਂ ਬਾਅਦ ਅਜਿਹੇ ਸਿਸਟਮ ਨੂੰ ਲੋਕਾਂ ਨੇ ਨਾਜ਼ੀਵਾਦ/ਫਾਸ਼ੀਵਾਦ ਵਿਚ ਬਦਲਦਿਆਂ ਵੀ ਇਤਿਹਾਸ ਅੰਦਰ ਦਰਜ ਹੋਇਆ ਦੇਖਿਆ ਹੈ। ਲੋਕਾਂ ਦੀ ਭਾਗੀਦਾਰੀ ਨਾਲ ਉਸਰੇ ਉਸੇ ਝੂਠ ਭਰੇ  ਦੁਰ-ਪ੍ਰਬੰਧ ਨੇ ਪਿਛਲੀ ਸਦੀ 'ਚ ਕਰੋੜਾਂ ਲੋਕਾਂ ਦੀ ਜਾਨ ਵੀ ਲਈ ਹੈ, ਇਹ ਕੌਣ ਨਹੀਂ ਜਾਣਦਾ?

 ਲੋਕਤੰਤਰ ਦਾ ਮੁੱਖ ਕਾਰਜ ਲੋਕਾਂ ਅੰਦਰ ਸਹਿਹੋਂਦ ਦੀ ਭਾਵਨਾ ਪੈਦਾ ਕਰਨੀ ਅਤੇ ਇਕ ਦੂਜੇ ਪ੍ਰਤੀ ਸਤਿਕਾਰ ਅਤੇ ਮਨੁੱਖੀ ਹਮਦਰਦੀਆਂ ਵਾਲਾ ਭਾਈਚਾਰਾ ਕਾਇਮ ਕਰਨਾ ਵੀ ਹੁੰਦਾ ਹੈ। ਜਿਸ ਭਾਈਚਾਰੇ ਅੰਦਰ ਧਾਰਮਿਕ, ਸਮਾਜਿਕ, ਆਰਥਕ ਅਤੇ ਰਾਜਨੀਤਕ ਪੱਖੋਂ ਕਿਸੇ ਦੇ ਪ੍ਰਤੀ ਵੀ ਪੱਖਪਾਤ ਜਾਂ ਨਫਰਤ ਦੀ ਕੋਈ ਜਗ੍ਹਾ ਨਹੀਂ ਹੋ ਸਕਦੀ। ਜੇ ਕੋਈ ਅਜਿਹਾ ਕਰਦਾ ਹੈ ਤਾਂ ਉਹ ਗੈਰ-ਲੋਕਤੰਤਰੀ ਹੀ ਹੋ ਸਕਦਾ ਹੈ, ਸਮਾਜ ਅੰਦਰ ਅਜਿਹੇ ਲੋਕਾਂ ਨੂੰ ਕਦੇ ਵੀ ਕਬੂਲ ਨਹੀਂ ਕੀਤਾ ਜਾ ਸਕਦਾ।

 ਜਿੱਥੇ ਡਰ-ਭੈਅ, ਧੱਕਾ ਤੇ ਧੌਂਸ ਦਾ ਬੋਲਬਾਲਾ ਹੋਵੇ ਉਸ ਨੂੰ ਲੋਕਰਾਜ ਕਹਿਣ 'ਤੇ ਸਵਾਲੀਆ ਨਿਸ਼ਾਨ ਤਾਂ ਲਗਦਾ ਹੀ ਹੈ ਸਗੋਂ  ਨਾਲ ਹੀ ਲੋਕਾਂ ਅੰਦਰ ਅਜਿਹੇ ਪ੍ਰਬੰਧ ਅਤੇ ਪ੍ਰਬੰਧ ਨੂੰ ਚਲਾ ਰਹੀ ਸਰਕਾਰ ਪ੍ਰਤੀ ਨਿਰਾਸ਼ਤਾ ਤੇ ਗੁੱਸਾ ਦੋਵੇਂ  ਪੈਦਾ ਹੁੰਦੇ ਹਨ। ਕਿਸੇ ਵੀ ਸਿਆਸੀ ਧਿਰ ਵਲੋਂ ਝੂਠੇ ਵਾਅਦਿਆਂ ਨਾਲ ਸਿਰਜੇ ਰਾਜਤੰਤਰ ਵਲੋਂ ਲੋਕਾਂ ਨੂੰ ਦਿੱਤੇ ਬਚਨਾਂ 'ਤੇ ਪੂਰੇ ਨਾ ਉਤਰਨਾ ਲੋਕਾਂ ਨਾਲ ਧੋਖਾ ਕਰਨ ਦੇ ਬਰਾਬਰ ਹੀ ਗਿਣਿਆਂ ਜਾਂਦਾ ਹੈ। ਇਸ ਨਾਲ ਕਿਸੇ ਰਾਜ ਦੀ ਸੰਸਾਰ ਅੰਦਰਲੇ ਦੂਜੇ ਰਾਜਾਂ ਅੰਦਰ ਵੀ ਗੈਰ-ਭਰੋਸੇਯੋਗਤਾ ਵਾਲੀ ਹਾਲਤ ਬਣ ਜਾਂਦੀ ਹੈ।

 ਜਦੋਂ ਲੋਕਾਂ ਦੀ ਚੁਣੀ ਹੋਈ ਸਰਕਾਰ ਲੋਕਾਂ ਦੀਆਂ ਹੱਕੀ ਮੰਗਾਂ ਦੀ ਅਣਦੇਖੀ ਕਰੇ ਤੇ ਲੋਕਾਂ ਦੇ ਮਸਲਿਆਂ ਨੂੰ ਕਿਸੇ ਹੋਰ ਦੇ ਮੁਫਾਦ ਜਾਂ ਮੁਨਾਫੇ ਖਾਤਰ ਟਾਲੇ ਜਾਂ ਬਦਨਾਮ ਕਰੇ ਉਦੋਂ ਲੋਕਾਂ ਵਲੋਂ ਚੁਣੀ ਹੋਈ ਸਰਕਾਰ ਲੋਕਤੰਤਰ ਨੂੰ ਅਣਗੌਲਿਆਂ ਕਰਨ ਜਾਂ ਲੋਕਤੰਤਰ ਦੀ ਬੇਅਦਬੀ ਕਰਨ ਦੀ ਦੋਸ਼ੀ ਬਣ ਜਾਂਦੀ ਹੈ। ਇਸ ਤਰ੍ਹਾਂ ਸਰਕਾਰ ਜਾਂ ਸਰਕਾਰੀਤੰਤਰ ਜਾਣੇ-ਅਣਜਾਣੇ ਆਪਣੇ ਹੀ ਲੋਕਾਂ ਨੂੰ ਉਕਸਾਉਣ ਜਾਂ ਭੜਕਾਉਣ ਦਾ ਕਾਰਜ ਕਰਦੇ ਹਨ, ਜਿਸ ਨੂੰ 'ਅਨੈਤਿਕ' ਵੀ ਕਿਹਾ ਜਾ ਸਕਦਾ ਹੈ ਤੇ ਗੈਰ-ਜ਼ਰੂਰੀ ਵੀ। ਕਿਉਂਕਿ ਲੋਕਤੰਤਰੀ ਪਰੰਪਰਾਵਾਂ ਵਿਵਾਦ ਦੀ ਨਹੀ ਸੰਵਾਦ ਦੀ ਹਾਮੀ ਭਰਦੀਆਂ ਹਨ, ਹਰ ਮਸਲਾ ਸੰਵਾਦ ਨਾਲ ਸੁਲਝਾਇਆ ਜਾ ਸਕਦਾ। ਵਿਵਾਦ ਨੂੰ ਹਵਾ ਦੇਣ ਵਾਲੇ ਏਕਾਅਧਿਕਾਰਵਾਦੀ ਪ੍ਰਬੰਧ /ਵਿਵਸਥਾ ਨੂੰ ਉਤਸ਼ਾਹਿਤ ਕਰਨ ਦੇ ਕੁਕਰਮ ਦਾ ਕਾਰਨ ਬਣ ਸਕਦੇ ਹਨ। ਅਜਿਹਾ ਕਦੇ ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ਇਸ ਨਾਲ ਲੋਕਾਂ ਦਾ ਲੋਕਤੰਤਰ ਵਿਚ ਬਣਿਆ ਵਿਸ਼ਵਾਸ ਤਿੜਕਣ ਲੱਗ ਜਾਂਦਾ ਹੈ। ਇਤਿਹਾਸ ਦੱਸਦਾ ਹੈ ਕਿ ਇਸ ਦੇ ਸਿੱਟੇ ਬਹੁਤ ਖਤਰਨਾਕ ਹੋ ਸਕਦੇ ਹਨ, ਜਿਨ੍ਹਾਂ ਤੋਂ ਬਚਣਾ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ।

ਬੌਣੀ ਸੋਚ ਵਾਲੇ ਸਿਆਸੀ ਆਗੂਆਂ ਦਾ ਵੀ ਇਹੀ ਦੁਖਾਂਤ ਹੁੰਦਾ ਹੈ ਕਿ ਉਹ ਬਰਾਬਰੀ ਦੇ ਅਰਥ ਸਮਝਦੇ ਹੋਏ ਵੀ ਨਹੀਂ ਸਮਝਦੇ। ਜਾਂ ਫਿਰ ਉਹ ਇਹ ਅਰਥ ਸਮਝਣ ਤੋਂ ਅਸਮਰਥ ਹੁੰਦੇ ਹਨ। ਕਿਸੇ ਵੱਲੋਂ ਵੀ ਗਰੀਬੀ ਹੰਢਾਉਣਾ ਕਦੇ ਵੀ  ਕਿਸਮਤ ਜਾਂ ਮੁਕੱਦਰ  ਨਹੀਂ ਹੁੰਦੇ, ਇਹ ਤਾਂ ਵੱਧੋ-ਵਧ ਮੁਨਾਫਾ ਕਮਾਉਣ ਅਧਾਰਤ ਲੋਕਦੋਖੀ ਰਾਜ ਪ੍ਰਬੰਧ ਦੇ ਲੋਕ ਵਿਰੋਧੀ ਅਤੇ ਧਨਾਢ ਪੱਖੀ ਚਰਿਤ੍ਰ ਦਾ ਨਤੀਜਾ ਹੁੰਦਾ ਹੈ। ਗਰੀਬੀ ਹੰਢਾਅ ਚੁੱਕਿਆ ਮਨੁੱਖ ਕਦੇ ਵੀ ਆਪਣੇ ਪਿਛੋਕੜ ਅਤੇ ਹੰਢਾਈ ਹੋਈ ਪੀੜ ਨੂੰ ਭੁੱਲਦਾ ਨਹੀਂ ਹੁੰਦਾ ਜੋ ਭੁੱਲ ਜਾਵੇ ਉਹਦੇ ਚੋਂ ਇਨਸਾਨ ਹੋਣ ਦਾ ਬਹੁਤ ਕੁਝ ਕਿਰ ਗਿਆ ਹੁੰਦਾ ਹੈ। ਉਸ ਨਾਲ ਮਨੁੱਖਤਾ ਦੀ ਹਾਨੀ ਵੀ ਹੁੰਦੀ ਹੈ ਤੇ ਉਹ ਮਨੁੱਖ ਖੁਦ ਇਸ ਧਰਤੀ 'ਤੇ ਭਾਰ ਜਿਹਾ ਬਣ ਜਾਂਦਾ ਹੈ। ਸਮੇਂ ਦੀ ਸਲੇਟ ਤੇ ਇਹੋ ਪਲ ਦੁਖਦਾਈ ਕਹਾਉਂਦੇ ਹਨ। ਲੋਕ ਦੋਖੀ ਹਾਕਮਾਂ/ਹਕੂਮਤਾਂ ਵਲੋਂ ਦਿੱਤੇ ਦਰਦ ਨੂੰ ਆਮ ਲੋਕ ਕਦੇ ਵੀ ਭੁੱਲਦੇ ਨਹੀਂ ਸਗੋਂ ਸਦੀਆਂ ਤੱਕ ਚੇਤੇ ਰੱਖਦਿਆਂ ਲਾਹਨਤਾਂ ਪਾਉਂਦੇ ਹਨ। ਖਰੀਆਂ, ਲੋਕ ਪੱਖੀ ਸਿਆਸੀ ਧਿਰਾਂ ਲੋਕ ਚੇਤਨਾਂ ਨੂੰ ਸੁਚੇਤ ਕਰਨ ਦੇ ਜਤਨ ਕਰਦੀਆਂ ਹਨ ਕਿ ਮੁੜ ਅਜਿਹਾ ਕਦੇ ਵੀ ਨਾ ਵਾਪਰੇ।

 ਜਦੋਂ ਮਨੁੱਖ ਕੋਲੋਂ ਆਪਣਾ ਪਿਛੋਕੜ ਤੇ ਆਪਣੇ ਵਿਰਸੇ ਅੰਦਰਲਾ ਦੂਜਿਆਂ ਬਾਰੇ ਨੇਕ ਸੋਚਣ, ਨੇਕੀ ਕਰਨ ਦਾ ਵਿਚਾਰ  ਖੁੱਸ ਜਾਵੇ ਤਾਂ ਉਸ ਦੇ ਕੋਲ ਬਚਦਾ ਹੀ ਕੀ ਹੈ? ਆਦਿ ਕਾਲ ਤੋਂ ਹੀ ਮਨੁੱਖ ਆਪਣੇ ਜੀਣ-ਥੀਣ ਲਈ ਸੰਘਰਸ਼ਸ਼ੀਲ ਰਿਹਾ ਹੈ। ਕਿਸੇ ਮਨੁੱਖ ਦਾ ਲੋਕਤੰਤਰੀ ਹੋਣਾ ਵੀ ਉਸਦੇ ਪਾਲਣ ਪੋਸ਼ਣ ਅਤੇ ਉਸ ਦੀ ਸਿੱਖਿਆ ਨਾਲ ਸੰਬੰਧ ਰਖਦਾ ਹੈ। ਗਲਤ ਸਿੱਖਿਆ ਅਤੇ  ਦਲਿੱਦਰੀ ਤੇ ਨਫਰਤੀ ਸੋਚ ਕਦੇ ਵੀ ਉੱਜਲਾ ਭਵਿੱਖ ਨਹੀਂ ਸਿਰਜ ਸਕਦੀ।

 ਲੋਕ ਤੰਤਰੀ ਪ੍ਰਬੰਧ ਚਲਾਉਣ ਵਾਸਤੇ ਆਗੂ ਆਮ ਲੋਕਾਂ ਵਿਚੋਂ ਚੁਣੇ ਜਾਂਦੇ ਹਨ ਚੁਣੇ ਜਾਣ ਤੱਕ ਭਾਵੇਂ ਉਹ ਕਿਸੇ ਇਕ ਸਿਆਸੀ ਪਾਰਟੀ ਦੇ ਨੁਮਾਂਇਦੇ ਹੁੰਦੇ ਹਨ ਪਰ ਚੁਣੇ ਜਾਣ ਤੋਂ ਬਾਅਦ ਉਹ ਸਾਰੇ ਲੋਕਾਂ ਦੇ ਆਗੂ ਹੁੰਦੇ ਹਨ। ਜੇ ਅਜਿਹਾ ਨਹੀਂ ਵਾਪਰਦਾ ਹਾਕਮਾਂ ਦੀ ਬਦਨਾਮੀ ਤਾਂ ਹੁੰਦੀ ਹੀ ਹੈ ਪਰ ਨੁਕਸਾਨ ਲੋਕਤੰਤਰ ਨੂੰ ਹੁੰਦਾ ਹੈ। ਲੋਕਾਂ ਦੇ ਕਹੇ ਜਾਂਦੇ ਰਾਜ ਅੰਦਰ ਆਗੂ ਸੱਚੇ- ਸੁੱਚੇ ਹੋਣੇ ਚਾਹੀਦੇ ਹਨ। ਝੂਠ ਬੋਲਣ ਵਾਲਾ ਆਗੂ ਲੋਕਤੰਤਰੀ ਹੋ ਹੀ ਨਹੀਂ  ਸਕਦਾ, ਕਿਉਂਕਿ ਲੋਕਾਂ ਨਾਲ ਉਨ੍ਹਾਂ ਨੇ ਸੱਚ ਬੋਲਣ ਦਾ ਵਾਅਦਾ ਕੀਤਾ ਹੁੰਦਾ ਹੈ। ਕਿਸੇ ਵੀ ਲੋਕਤੰਤਰੀ ਆਗੂ ਦਾ ਆਪਣੇ ਸਿਆਸੀ ਵਿਰੋਧੀਆਂ ਪ੍ਰਤੀ ਇਮਾਨਦਾਰ ਤੇ ਸਹਿਣਸ਼ੀਲ ਹੋਣਾ ਬਹੁਤ ਜਰੂਰੀ ਹੁੰਦਾ ਹੈ। ਕਹੇ ਕੁੱਝ ਹੋਰ ਤੇ ਕਰੇ ਕੁੱਝ ਹੋਰ ਵਾਲਾ ਤਾਂ ਪੰਜਾਬੀ ਦੀ ਕਹਾਵਤ "ਬੁੱਕਲ਼ ਵਿਚ ਰੋੜੀ ਭੰਨਣ ਵਾਲੇ" ਵਾਂਗ ਬੇ-ਈਮਾਨ/ਸ਼ੈਤਾਨ ਹੀ ਗਿਣਿਆਂ ਜਾਂਦਾ ਹੈ। ਬੇ-ਈਮਾਨ ਬੰਦੇ 'ਤੇ ਦੁਨੀਆਂ ਵਿਚ ਕੌਣ ਭਰੋਸਾ ਕਰਦਾ ਹੈ? ਜੇ ਲੋਕਤੰਤਰ ਦੀ ਦੁਹਾਈ ਦੇਣ ਵਾਲੇ ਵੀ ਅਜਿਹਾ ਕਰਨ ਤਾਂ ਦੁਨੀਆਂ ਦੇ ਪੱਧਰ 'ਤੇ ਉਹ ਆਗੂ ਆਪਣੇ ਹੀ ਦੇਸ਼/ਆਪਣੇ ਲੋਕਾਂ ਦੀ ਹੇਠੀ ਦਾ ਕਾਰਨ ਬਣ ਜਾਂਦੇ ਹਨ। ਦੁਨੀਆਂ ਦੇ ਪੱਧਰ ਤੇ ਸਮਝੀ ਜਾਂਦੀ ਬਣੀ ਹੋਈ ਭੱਲ ਜਾਂ ਬੱਲੇ ਬੱਲੇ ਉਨ੍ਹਾਂ ਦਾ ਵਹਿਮ ਹੀ ਰਹਿ ਜਾਂਦਾ ਹੈ। ਇਤਿਹਾਸ ਦੀਆਂ ਘਟਨਾਵਾਂ ਬਾਰੇ ਪੜ੍ਹਦਿਆਂ ਅਜਿਹਾ ਬਹੁਤ ਕੁੱਝ ਦੇਖਣ ਨੂੰ ਮਿਲਦਾ ਹੈ।

 ਲੋਕਤੰਤਰ ਅੰਦਰ ਬਹੁਗਿਣਤੀ ਤੇ ਘੱਟਗਿਣਤੀ ਦਾ ਬਰਾਬਰ ਦਾ ਰੁਤਬਾ ਤੇ ਸਨਮਾਨ ਹੁੰਦਾ ਹੈ। ਕਿਸੇ ਵੀ ਧਰਮ ਨਿਰਪੱਖ ਰਾਜ ਅੰਦਰ  ਧਾਰਮਕ, ਰਾਜਸੀ,  ਸਮਾਜਕ ਜਾਂ ਸੱਭਿਆਚਾਰਕ ਵਖਰੇਵਿਆਂ ਕਰਕੇ ਕਿਸੇ ਨਾਲ ਵਿਤਕਰਾ ਹੋਵੇ ਤਾਂ ਰਾਜ ਦਾ ਫਰਜ਼ ਬਣ ਜਾਂਦਾ ਹੈ ਪੀੜਤ ਦੇ ਨਾਲ ਖੜ੍ਹੇ ਹੋਣਾ ਅਤੇ ਉਸਨੂੰ ਇਨਸਾਫ ਦੇਣਾ/ਦੁਆਉਣਾ । ਦੁਨੀਆਂ ਅੰਦਰ ਲੋਕਤੰਤਰ ਨੂੰ ਖੋਰਾ ਉਦੋਂ ਹੀ ਲੱਗਿਆ ਜਦੋ ਹਕੂਮਤਾਂ ਵਲੋਂ ਕਿਸੇ ਤਰ੍ਹਾਂ ਦੀਆਂ ਕੋਝ੍ਹੀਆਂ  ਗਰਜਾਂ ਦੀ ਪੂਰਤੀ ਹਿਤ ਲੋਕਤੰਤਰੀ ਪਰੰਪਰਾਵਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਇਹ ਹੋਣਾ ਹੀ ਨਹੀਂ ਚਾਹੀਦਾ ਪਰ ਦੁਨੀਆਂ ਦੇ ਇਤਿਹਾਸ ਅੰਦਰ ਇਸ ਤਰ੍ਹਾਂ ਦੇ ਕਿੱਸੇ ਵੀ ਮਿਲਦੇ ਹਨ। ਵਰਤਮਾਨ ਸਮੇਂ ਅੰਦਰ ਵੀ ਜੇ ਉਹ ਮੁੜ ਦੁਹਰਾਏ ਜਾਂਦੇ ਹਨ ਤਾਂ ਮਨੁੱਖ ਨੇ ਇਤਿਹਾਸ ਤੋਂ ਕੀ ਸਿੱਖਿਆ ?

 ਕਿਸੇ ਵੀ ਰਾਜ ਦੀ ਸਿਆਸੀ ਜਾਂ ਸਮਾਜੀ ਬਣਤਰ ਨੂੰ ਦੁਨੀਆਂ ਦੇਖਦੀ ਹੈ। ਸਮਾਜਿਕ, ਆਰਥਿਕ ਤਰੱਕੀ ਤਾਂ ਤਾਨਾਸ਼ਾਹੀ ਵਾਲੇ ਰਾਜਾਂ ਵਿਚ ਵੀ ਨਹੀਂ ਰੁਕਦੀ, ਇਹ ਤਾਂ ਮਿਹਨਤਕਸ਼ ਲੋਕਾਂ ਦੇ ਖੂਨ-ਪਸੀਨੇ ਦਾ ਜਲੌਅ ਹੁੰਦਾ ਹੈ, ਉਹ ਖੁਸ਼ੀ ਨਾਲ ਕਰਨ ਜਾਂ ਧੱਕੇ ਨਾਲ ਕਰਵਾਇਆ ਜਾਵੇ। ਸਵਾਲ ਸਿਰਫ ਇਹ ਹੁੰਦਾ ਹੈ ਕਿ ਹੋਈ ਤਰੱਕੀ ਦਾ ਲਾਭ ਕਿਸ ਨੂੰ ਮਿਲਿਆ, ਹੋਏ ਵਿਕਾਸ ਨੇ ਕਿਨ੍ਹਾਂ ਲੋਕਾਂ ਦੇ ਚਿਹਰਿਆਂ 'ਤੇ ਹਾਸਾ ਜਾਂ ਰੌਣਕ ਲਿਆਂਦੀ। ਹੁਣ ਤੱਕ ਲੋਕਤੰਤਰ ਭਾਈਚਾਰਕ ਸਾਂਝ ਵਧਾਉਣ ਵਾਲਾ ਅਜਿਹਾ ਪ੍ਰਬੰਧ ਗਿਣਿਆਂ ਗਿਆ ਹੈ ਜਿੱਥੇ ਮਨੁੱਖੀ ਆਜ਼ਾਦੀਆਂ ਨੂੰ ਪਿਆਰਿਆ ਤੇ ਸਤਿਕਾਰਿਆ ਜਾਂਦਾ ਹੈ। ਇਸ ਪ੍ਰਬੰਧ ਦਾ ਮਕਸਦ ਲੋਕਾਂ ਨੂੰ ਇਨਸਾਨ ਬਣਨ ਅਤੇ ਇਨਸਾਨਾਂ ਨਾਲ ਆਪਣੇ ਵਰਗਾ ਵਿਹਾਰ ਕਰਨ ਦਾ ਸਬਕ ਪੜ੍ਹਾਇਆ ਜਾਂਦਾ ਹੈ। ਇਹ ਤਾਂ ਅਸੀਂ ਬਚਪਨ ਤੋਂ ਹੀ ਸੁਣਦੇ ਆਏ ਹਾਂ ਕਿ ਕੋਈ ਵੀ ਚੰਗਾ ਰਾਜਪ੍ਰਬੰਧ ਚਲਾਉਣ ਵਾਸਤੇ ਪਹਿਲੀ ਸ਼ਰਤ ਇਨਸਾਨਸਾਜ਼ੀ ਹੁੰਦੀ ਹੈ, ਇਸ ਤੋਂ ਬਿਨਾਂ ਰਾਜ ਨੂੰ ਚਲਾਉਣ ਵਾਲੇ ਡੋਲ ਜਾਂਦੇ ਹਨ ਤੇ ਅਸਲੋਂ ਹੀ ਲੋਕਤੰਤਰ ਨੂੰ ਨੁਕਸਾਨ ਪਹੁੰਚਾੳਣ ਦੇ ਦੋਸ਼ੀ ਸਾਬਤ ਹੁੰਦੇ ਹਨ। ਅਜਿਹਾ ਬਹੁਤ ਵਾਰ ਹੋਇਆ ਹੈ ਕਿ ਗਲਤ ਪ੍ਰਚਾਰ ਨਾਲ ਗੁਮਰਾਹ ਹੋ ਕੇ ਲੋਕ ਕਾਲੇ ਮਨਾਂ ਵਾਲੇ ਆਗੂਆਂ ਨੂੰ ਚੁਣ ਲੈਂਦੇ ਰਹੇ ਹਨ ਤੇ ਫੇਰ ਉਨ੍ਹਾਂ ਨੇ ਅਣਜਾਣੇ 'ਚ ਹੋਈ ਗਲਤੀ ਦਾ ਆਪਣੀਆਂ ਜਾਨਾਂ ਦੇ ਕੇ  ਮੁੱਲ ਵੀ ਤਾਰਿਆ ਹੈ।

 ਲੋਕਾਂ ਦੇ ਭਾਈਚਾਰੇ ਨੂੰ ਵੰਡਣ ਵਾਲੇ ਕਿਸੇ ਵੀ ਖੇਤਰ ਦੇ ਆਗੂਆਂ ਨੂੰ ਲੋਕਾਂ ਨੇ ਕਦੇ ਦਿਲੋਂ ਪ੍ਰਵਾਨ ਨਹੀਂ ਕੀਤਾ। ਇਤਿਹਾਸ ਨੇ ਸਦਾ ਹੀ ਉਨ੍ਹਾਂ ਨੂੰ ਖਲਨਾਇਕਾਂ ਅਤੇ ਨਫਰਤੀ ਸੌਦਾਗਰਾਂ ਦੇ ਰੂਪ ਵਿਚ ਚੇਤੇ ਰੱਖਿਆ ਹੈ। ਜਮਹੂਰੀ ਨਿਜ਼ਾਮ ਉਸੇ ਨੂੰ ਹੀ ਕਿਹਾ ਜਾ ਸਕਦਾ ਹੈ ਜੋ ਹਰ ਕਿਸੇ ਨੂੰ ਬੋਲਣ ਦੀ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਿੰਦਾ ਹੀ ਨਾ ਹੋਵੇ ਉਸ ਦੀ ਰਾਖੀ ਵੀ ਕਰਦਾ ਹੋਵੇ। ਵਿਰੋਧੀ ਧਿਰ ਜਾਂ ਵਿਰੋਧੀ ਵਿਚਾਰਾਂ ਨੂੰ ਧੱਕੇ ਤੇ ਧੌਂਸ ਨਾ ਦਬਾਉਣਾ ਗੈਰ-ਲੋਕਤੰਤਰੀ ਹੁੰਦਾ ਹੈ। ਅਜਿਹੇ ਸਮੇਂ ਹਰ ਕਿਸੇ ਨੂੰ ਖਾਸ ਤੌਰ 'ਤੇ ਬੁੱਧੀਜੀਵੀਆਂ ਤੇ ਦੂਰਦਰਸ਼ੀ ਸੋਚ ਵਾਲੇ ਲੋਕਾਂ (ਥਿੰਕ ਟੈਂਕ) ਨੂੰ ਲੋਕਤੰਤਰ ਲਈ ਖਤਰਾ ਪੈਦਾ ਹੋ ਜਾਣ ਸਮੇਂ ਲੋਕਾਂ ਦੇ ਸੰਗ-ਸਾਥਨਾਲ ਮੈਦਾਨੇ ਨਿੱਤਰਨਾ ਪੈਂਦਾ ਹੈ। ਇਹ ਵੀ ਯਾਦ ਰੱਖਿਆ ਜਾਣਾ ਚਾਹੀਦਾ ਹੈ ਕਿ ਲੋਕ ਰਾਜ ਦੀ ਰਾਖੀ ਵਾਸਤੇ ਮੱਥਿਆਂ ਵਿਚ ਗਿਆਨ ਦੇ ਜਗਦੇ ਦੀਵਿਆਂ ਵਾਲੇ ਲੋਕਾਂ ਨੇ ਚਾਨਣੀ ਸੋਚ ਲੈ ਕੇ ਹਮੇਸ਼ਾ ਹੀ ਆਪਣੀ ਆਵਾਜ਼ ਬੁਲੰਦ ਕੀਤੀ। ਇਤਿਹਾਸ ਅਜਿਹੇ ਲੋਕਾਂ ਨੂੰ ਸਦਾ ਹੀ ਸਮੇਂ ਦੇ ਸੂਰਮਿਆਂ ਵਜੋਂ ਚੇਤੇ ਕਰਦਾ ਰਿਹਾ ਹੈ ਅਤੇ ਕਰਦਾ ਰਵ੍ਹੇਗਾ।

ਸੰਪਰਕ : +491733546050

 
 
    
  11ਲੋਕਤੰਤਰ ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ 
ਕੇਹਰ ਸ਼ਰੀਫ਼
sochਸੋਚ ਵਿਚਾਰ ਅਤੇ ਚੁਣੌਤੀ ਦੀ ਘੜੀ
ਹਰਜਿੰਦਰ ਸਿੰਘ ਲਾਲ  
maboliਮਾਂ-ਬੋਲੀ ਨੂੰ ਸਭ ਤੋਂ ਵੱਡਾ ਖਤਰਾ ਮਾਂ ਤੋਂ ਹੀ ਹੈ
ਸੰਜੀਵ ਝਾਂਜੀ, ਜਗਰਾਉ
08ਸਿਸੋਦੀਆ ਮਾਮਲੇ ਦੀ ਪੰਜਾਬ ਵਿੱਚ ਝਰਨਾਹਟ
ਹਰਜਿੰਦਰ ਸਿੰਘ ਲਾਲ
bangaਭਾਰਤੀ ਮੂਲ ਦੇ ਅਮਰੀਕੀ ਪੰਜਾਬੀ ਸਿੱਖ ਅਜੇਪਾਲ ਸਿੰਘ ਬਾਂਗਾ ਵਿਸ਼ਵ ਬੈਂਕ ਦੇ ਮੁੱਖੀ ਹੋਣਗੇ 
ਉਜਾਗਰ ਸਿੰਘ
fasalਫਸਲੀ ਆਮਦਨ ਬਚਾਉਣ ਅਤੇ ਵਧਾਉਣ ਲਈ ਪੰਜਾਬ ਸਰਕਾਰ ਕੀ ਕਰੇ? 
ਹਰਜਿੰਦਰ ਸਿੰਘ ਲਾਲ
ਰਾਜਪਾਲਮੁੱਖ ਮੰਤਰੀ ਤੇ ਰਾਜਪਾਲ ਪੰਜਾਬ ਲਈ ਮੰਦਭਾਗਾ 
ਹਰਜਿੰਦਰ ਸਿੰਘ ਲਾਲ
04ਸਿੱਖ ਕੌਮ: ਸੂਝਵਾਨ, ਦੂਰ-ਅੰਦੇਸ਼ ਤੇ ਇੱਕਮੁੱਠ ਹੋਵੇ 
ਹਰਜਿੰਦਰ ਸਿੰਘ ਲਾਲ
03ਜਲੰਧਰ ਲੋਕ ਸਭਾ ਜ਼ਿਮਨੀ ਚੋਣ : ਵੱਕਾਰ ਦਾ ਸਵਾਲ ਬਣੇਗੀ 
ਹਰਜਿੰਦਰ ਸਿੰਘ ਲਾਲ 
02ਪੰਜਾਬ ਪਾਣੀ ਤੇ ਭਗਵੰਤ ਮਾਨ ਸਰਕਾਰ
ਹਰਜਿੰਦਰ ਸਿੰਘ ਲਾਲ
01-01ਨਵਜੋਤ ਸਿੱਧੂ ਦੀ ਰਿਹਾਈ ਨਵੇਂ ਛੇੜੇ ਸਿਆਸੀ ਚਰਚੇ 
ਹਰਜਿੰਦਰ ਸਿੰਘ ਲਾਲ
58ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਰਕਾਰ ਵਿੱਚ ਪੰਜਾਬੀਆਂ ਦੀ ਸਰਦਾਰੀ
ਉਜਾਗਰ ਸਿੰਘ
57ਹਿਮਾਚਲ ਪ੍ਰਦੇਸ ‘ਚ ਕਾਂਗਰਸ ਦੀ ਜਿੱਤ ਪ੍ਰੰਤੂ ਮੁੱਖ ਮੰਤਰੀ ਦੀ ਕੁਰਸੀ ਲਈ ਖਿਚੋਤਾਣ/a>
ਉਜਾਗਰ ਸਿੰਘ
56ਲੋਕਾਂ ਨੂੰ ਮੁਫ਼ਤਖੋਰੇ ਕੌਣ ਬਣਾਉਂਦਾ?
ਹਰਜਿੰਦਰ ਸਿੰਘ ਲਾਲ
55ਸੰਘ, ਭਾਜਪਾ ਤੇ 'ਆਪ' ਦੀ ਰਾਜਨੀਤੀ ਦੇ ਤੇਵਰ a> 
ਹਰਜਿੰਦਰ ਸਿੰਘ ਲਾਲ 

hore-arrow1gif.gif (1195 bytes)

   
     
 

Terms and Conditions
Privacy Policy
© 1999-2023, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2023, 5abi.com