'ਦੁਸ਼ਮਨੀ
ਲਾਖ ਸਹੀ ਖ਼ਤਮ ਨਾ ਕੀਜੈ ਰਿਸ਼ਤਾ, ਦਿਲ ਮਿਲੇ ਯਾ ਨਾ ਮਿਲੇ ਹਾਥ ਮਿਲਾਤੇ
ਰਹੀਏ।' ਭਾਰਤ ਵਿਚ ਆਮ ਧਾਰਨਾ ਹੈ ਕਿ ਪਾਕਿਸਤਾਨ ਸਾਡਾ
ਦੁਸ਼ਮਣ ਦੇਸ਼ ਹੈ ਤੇ ਉਸ ਨਾਲ ਵਪਾਰ ਵੀ ਨਹੀਂ ਕਰਨਾ ਚਾਹੀਦਾ। ਸਾਡੇ ਪੰਜਾਬ ਦੇ
ਮੁੱਖ ਮੰਤਰੀ ਭਗਵੰਤ ਮਾਨ ਵੀ 'ਆਮ ਆਦਮੀ ਪਾਰਟੀ' ਦੀ ਨੀਤੀ ਕਿ 'ਭਾਜਪਾ' ਨਾਲੋਂ ਵੀ
'ਜ਼ਿਆਦਾ ਵੱਡੇ ਰਾਸ਼ਟਰਵਾਦੀ ਦਿਖਾਈ ਦਿਓ ਤਾਂ ਹੀ ਚੋਣਾਂ ਜਿੱਤ ਸਕਦੇ ਹਾਂ'
'ਤੇ ਅਮਲ ਕਰਦੇ ਹੋਏ ਪਾਕਿਸਤਾਨ ਨਾਲ ਵਪਾਰ ਦਾ ਸਿੱਧਾ ਤੇ ਤਿੱਖਾ ਵਿਰੋਧ ਕਰਦੇ ਹਨ
ਤੇ ਕਹਿੰਦੇ ਹਨ ਕਿ ਜਿਹੜਾ ਦੇਸ਼ ਜ਼ਹਿਰ ਭੇਜਦਾ ਹੋਵੇ, ਅਸੀਂ ਉਸ ਨਾਲ ਵਪਾਰ ਨਹੀਂ
ਕਰਾਂਗੇ ਪਰ ਕੀ ਕਦੇ ਕਿਸੇ ਨੇ ਸੋਚਿਆ ਹੈ ਕਿ ਚੀਨ ਤਾਂ ਪਾਕਿਸਤਾਨ ਨਾਲੋਂ ਵੀ ਭਾਰਤ
ਦਾ ਕਿਤੇ ਵੱਡਾ ਦੁਸ਼ਮਣ ਹੈ। ਬਲਕਿ ਅੰਤਰਰਾਸ਼ਟਰੀ ਸਿਆਸਤ ਦੇ ਚਲਦਿਆਂ ਚੀਨ ਹੀ
ਪਾਕਿਸਤਾਨ ਦਾ ਸਭ ਤੋਂ ਵੱਡਾ ਸਮਰਥਕ ਵੀ ਹੈ, ਰਣਨੀਤਕ ਹਿੱਸੇਦਾਰ ਵੀ।
ਚੀਨ
ਜੋ ਭਾਰਤ ਦੇ ਇਕ ਸੂਬੇ 'ਤੇ ਮੈਲੀ ਨਿਗ੍ਹਾ ਰੱਖਦਾ ਹੈ ਤੇ ਉਸ ਦੀ ਦੁਸ਼ਮਣੀ ਉਸ ਵੇਲੇ
ਸਿਰ ਚੜ੍ਹ ਕੇ ਬੋਲਦੀ ਹੈ, ਜਦੋਂ ਉਹ ਸਰਹੱਦਾਂ 'ਤੇ ਭਾਰਤੀ ਜ਼ਮੀਨ 'ਤੇ ਕਬਜ਼ਾ
ਵਧਾਉਣ ਦੀਆਂ ਕੋਸ਼ਿਸ਼ਾਂ ਕਰਦਾ ਹੈ; ਉਸ ਦੀਆਂ ਫ਼ੌਜਾਂ ਨਾਲ ਭਾਰਤੀ ਫ਼ੌਜੀ ਟੁਕੜੀਆਂ
ਨੂੰ ਲੋਹਾ ਵੀ ਲੈਣਾ ਪੈਂਦਾ ਹੈ। ਉਸ ਦੀ ਦੁਸ਼ਮਣੀ ਦੀ ਇੰਤਹਾ ਹੈ ਕਿ ਉਹ ਭਾਰਤੀ
ਇਲਾਕਿਆਂ ਦੇ ਨਾਂਅ ਤੱਕ ਬਦਲਣ ਦੀ ਜ਼ੁਰਅਤ ਕਰਦਾ ਹੈ। ਪਹਿਲਾਂ 2021 ਵਿਚ ਉਸ ਨੇ 15
ਭਾਰਤੀ ਇਲਾਕਿਆਂ ਦੇ ਨਾਂਅ ਬਦਲੇ ਤੇ ਹੁਣ 11 ਇਲਾਕਿਆਂ ਦੇ।
ਬੇਸ਼ੱਕ ਭਾਰਤ
ਇਕ ਮਜ਼ਬੂਤ ਦੇਸ਼ ਹੈ ਤੇ ਉਸ ਨੇ ਚੀਨ ਦੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਖਾਰਜ ਕਰ
ਦਿੱਤਾ ਹੈ, ਪਰ ਚੀਨ-ਭਾਰਤ ਵਪਾਰ ਵਿਚ ਇਹ ਦੁਸ਼ਮਣੀ ਕਦੇ ਆੜੇ ਨਹੀਂ ਆਈ, ਸਗੋਂ ਹਰ
ਸਾਲ ਭਾਰਤ-ਚੀਨ ਵਪਾਰ ਵਧਦਾ ਹੀ ਜਾ ਰਿਹਾ ਹੈ।
2022 ਵਿਚ ਭਾਰਤ ਤੇ ਚੀਨ
ਵਿਚਕਾਰ 135.98 ਅਰਬ ਅਮਰੀਕੀ ਡਾਲਰ ਦਾ ਵਪਾਰ ਹੋਇਆ, ਜਿਸ ਵਿਚ ਚੀਨ ਤੋਂ ਭਾਰਤ ਨੇ
118.5 ਅਰਬ ਡਾਲਰ ਦਾ ਸਾਮਾਨ ਮੰਗਵਾਇਆ ਅਤੇ ਸਿਰਫ਼ 17.48 ਅਰਬ ਡਾਲਰ ਦਾ ਸਾਮਾਨ ਹੀ
ਚੀਨ ਨੂੰ ਭੇਜਿਆ।
ਭਾਵੇਂ ਚੀਨ ਨਾਲ ਭਾਰਤ ਦਾ ਵਪਾਰ ਘਾਟਾ 101.02 ਅਰਬ
ਡਾਲਰ ਦਾ ਹੋ ਗਿਆ ਹੈ - ਜੋ ਸਿਰਫ਼ ਇਕ ਸਾਲ ਪਹਿਲਾਂ 69.38 ਅਰਬ ਡਾਲਰ ਸੀ - ਭਾਵ
ਸਾਫ਼ ਹੈ ਕਿ ਦੁਸ਼ਮਣੀ ਆਪਣੀ ਜਗ੍ਹਾ ਤੇ ਦੇਸ਼ ਦੇ ਵਪਾਰਕ ਹਿਤ ਤੇ ਜ਼ਰੂਰਤਾਂ ਆਪਣੀ
ਜਗ੍ਹਾ ਹਨ।
ਵੈਸੇ ਪਾਠਕਾਂ ਨੂੰ ਹੈਰਾਨੀ ਹੋਵੇਗੀ ਕਿ ਇਸ 'ਜ਼ਹਿਰ' ਭੇਜਣ
ਵਾਲੇ ਪਾਕਿਸਤਾਨ ਨਾਲ ਭਾਰਤ ਦਾ ਵਪਾਰ ਇਸ ਵੇਲੇ ਬੰਦ ਨਹੀਂ ਹੈ, ਸਗੋਂ ਪਿਛਲੇ 2-3
ਸਾਲਾਂ ਤੋਂ ਇਹ 100 ਫ਼ੀਸਦੀ ਸਾਲਾਨਾ ਦੀ ਦਰ ਨਾਲ ਫਿਰ ਵਧ ਰਿਹਾ ਹੈ। ਬਸ ਇਹ ਪੰਜਾਬ
ਦੀ ਸਰ-ਜ਼ਮੀਨ ਦੇ ਰਸਤੇ ਨਹੀਂ ਹੁੰਦਾ। ਜੋ ਅੰਕੜੇ ਅਸੀਂ ਪਾਠਕਾਂ ਨੂੰ ਦੱਸ ਰਹੇ ਹਾਂ
ਉਹ ਕਿਸੇ ਤਰ੍ਹਾਂ ਦਾ ਅੰਦਾਜ਼ਾ ਨਹੀਂ ਹਨ, ਸਗੋਂ ਭਾਰਤ ਦੀ ਲੋਕ ਸਭਾ ਵਿਚ ਦੇਸ਼ ਦੀ
ਵਪਾਰ ਤੇ ਸਨਅਤ ਰਾਜ ਮੰਤਰੀ 'ਅਨੂਪ੍ਰਿਆ ਪਟੇਲ' ਨੇ ਦੱਸੇ ਹਨ।
2022 ਵਿਚ
ਭਾਰਤ ਤੇ ਪਾਕਿਸਤਾਨ ਵਿਚ 1.35 ਬਿਲੀਅਨ ਡਾਲਰ ਜੋ ਭਾਰਤੀ ਰੁਪਏ ਵਿਚ 110 ਅਰਬ 65
ਕਰੋੜ ਤੋਂ ਵਧੇਰੇ ਬਣਦੇ ਹਨ, ਦਾ ਵਪਾਰ ਭਾਰਤ ਤੇ ਪਾਕਿਸਤਾਨ ਵਿਚਕਾਰ ਹੋਇਆ ਹੈ।
ਪਾਕਿਸਤਾਨੀ ਰੁਪਏ ਵਿਚ ਇਹ ਰਕਮ 388 ਅਰਬ 63 ਕਰੋੜ ਰੁਪਏ ਬਣਦੀ ਹੈ। ਜ਼ਿਕਰਯੋਗ ਹੈ
ਕਿ 2021 ਵਿਚ ਪਾਕਿਸਤਾਨ ਤੇ ਭਾਰਤ ਵਿਚਾਲੇ 576.36 ਮਿਲੀਅਨ ਡਾਲਰ ਭਾਵ 42 ਅਰਬ 33
ਕਰੋੜ ਰੁਪਏ ਦੇ ਕਰੀਬ ਦਾ ਵਪਾਰ ਹੋਇਆ ਸੀ ਤੇ 2020 ਵਿਚ ਇਹ ਸਿਰਫ਼ 329.26 ਮਿਲੀਅਨ
ਡਾਲਰ ਭਾਵ ਭਾਰਤੀ ਰੁਪਏ ਵਿਚ 26 ਅਰਬ 98 ਕਰੋੜ ਰੁਪਏ ਦਾ ਹੀ ਸੀ। ਹੁਣ
ਸੋਚਣ ਵਾਲੀ ਗੱਲ ਹੈ ਕਿ ਜੇ ਭਾਰਤ ਦਾ ਵਪਾਰ ਪਾਕਿਸਤਾਨ ਨਾਲ ਜਾਰੀ ਹੈ ਤੇ ਉਹ
ਸਮੁੰਦਰੀ ਜਾਂ ਹੋਰ ਬਦਲਵੇਂ ਰਸਤਿਆਂ ਰਾਹੀਂ ਕੀਤਾ ਜਾ ਰਿਹਾ ਹੈ, ਜੋ ਪੰਜਾਬ ਰਾਹੀਂ
ਕਰਨ ਨਾਲੋਂ ਕਿਤੇ ਮਹਿੰਗਾ ਵੀ ਪੈਂਦਾ ਹੈ ਤਾਂ ਵੋਟਾਂ ਦੀ ਰਾਜਨੀਤੀ ਦੀ ਨਫ਼ਰਤ ਕਰਕੇ
ਪੰਜਾਬ ਦਾ ਨੁਕਸਾਨ ਕਿਉਂ ਕੀਤਾ ਜਾ ਰਿਹਾ ਹੈ?
ਜੇਕਰ ਭਾਰਤ ਪਾਕਿਸਤਾਨ ਦੀ
ਸਰਹੱਦ ਵਪਾਰ ਲਈ ਖੁੱਲ੍ਹੇ ਤਾਂ ਪੰਜਾਬ ਦੀ ਕਪਾਹ, ਕਣਕ ਅਤੇ ਸਬਜ਼ੀਆਂ ਨੂੰ ਇਕ ਵੱਡੀ
ਮੰਡੀ ਮਿਲਦੀ ਹੈ। ਫਿਰ ਪੰਜਾਬ ਦਾ ਚਾਵਲ ਜਾਂ ਹੋਰ ਸਾਮਾਨ ਹੀ ਨਹੀਂ ਸਗੋਂ ਭਾਰਤ ਦੇ
ਬਹੁਤ ਵੱਡੇ ਹਿੱਸੇ ਦਾ ਵਪਾਰ ਵੀ ਪਾਕਿਸਤਾਨ ਦੇ ਜ਼ਮੀਨੀ ਰਸਤੇ ਅਫ਼ਗਾਨਿਸਤਾਨ,
ਈਰਾਨ, ਮੱਧ ਪੂਰਬ ਦੇ ਦਰਜਨਾਂ ਮੁਲਕਾਂ ਤੋਂ ਯੂਰੇਸ਼ੀਆ ਤੱਕ ਹੋ ਸਕਦਾ
ਹੈ, ਜਿਸ ਨਾਲ ਪੰਜਾਬ ਦੇ ਭਾਗ ਖੁੱਲ੍ਹ ਸਕਦੇ ਹਨ। ਜੇ ਇਹ ਸਾਰੇ ਦੇਸ਼ਾਂ ਦਾ ਵਪਾਰ
ਪੰਜਾਬ ਦੀ ਧਰਤੀ ਰਾਹੀਂ ਹੋਵੇ ਤਾਂ ਕਿੰਨੇ ਰੁਜ਼ਗਾਰ ਦੇ ਮੌਕੇ ਬਣਨਗੇ ਅਤੇ ਪੰਜਾਬ
ਦੀ ਆਰਥਿਕਤਾ ਨੂੰ ਕਿੰਨਾ ਹੁਲਾਰਾ ਮਿਲੇਗਾ। ਇਸ ਦਾ ਸ਼ਾਇਦ ਅੰਦਾਜ਼ਾ ਵੀ ਕੋਈ ਨਹੀਂ
ਲਾ ਰਿਹਾ।
ਸਾਲ 2012 ਵਿਚ 'ਅਮਰੀਕੀ ਏਜੰਸੀ ਫ਼ਾਰ ਇੰਟਰਨੈਸ਼ਨਲ
ਡਿਵੈਲਪਮੈਂਟ' (ਅਮਰੀਕਾ ਦੀ ਅੰਤਰਰਾਸ਼ਟਰ ਵਿਕਾਸ ਲਈ ਏਜੰਸੀ, ਅ: ਅੰ: ਵਿ:
ਏ: ) ਰਿਪੋਰਟ ਵਿਚ ਜ਼ਿਕਰ ਸੀ ਕਿ ਸਾਲ 1949 ਵਿਚ ਉਸ ਵੇਲੇ ਦੇ ਭਾਰਤੀ
ਕੇਂਦਰੀ ਵਪਾਰ ਮੰਤਰੀ 'ਕੇ. ਸੀ. ਨਿਯੋਗੀ' ਨੇ ਕਿਹਾ ਸੀ ਕਿ ਭਾਰਤ ਤੇ ਪਾਕਿਸਤਾਨ ਲਈ
ਸੰਯੁਕਤ ਆਰਥਿਕ ਨੀਤੀ ਦਾ ਹੋਣਾ ਬੇਹੱਦ ਜ਼ਰੂਰੀ ਹੈ। ਇਸ ਨਾਲ ਦੋਵਾਂ ਦੇਸ਼ਾਂ ਨੂੰ
ਤਰੱਕੀ ਦੇ ਰਾਹ 'ਤੇ ਅੱਗੇ ਵਧਣ ਵਿਚ ਸਹੂਲਤ ਹੋਵੇਗੀ। ਇਸ ਰਿਪੋਰਟ ਅਨੁਸਾਰ ਤਾਂ
ਭਾਰਤ ਨੇ ਉਸ ਵੇਲੇ ਦੋਵਾਂ ਦੇਸ਼ਾਂ ਲਈ 'ਕਸਟਮ ਯੂਨੀਅਨ' (ਚੁੰਗੀ ਸੰਗਠਨ)
ਬਣਾਉਣ ਦਾ ਤਰੀਕਾ ਵੀ ਤਲਾਸ਼ਣਾ ਸ਼ੁਰੂ ਕਰ ਦਿੱਤਾ ਸੀ ਪਰ ਭਾਰਤ-ਪਾਕਿ ਦੁਸ਼ਮਣੀ ਨੇ
ਇਸ ਸੋਚ ਤੇ ਖਿਆਲ ਦਾ ਕਤਲ ਹੀ ਕਰ ਦਿੱਤਾ।
ਖ਼ੈਰ! ਸਾਡੀ ਪੰਜਾਬ ਦੇ ਮੁੱਖ
ਮੰਤਰੀ ਸਮੇਤ ਸਾਰੀਆਂ ਰਾਜਸੀ ਪਾਰਟੀਆਂ ਤੋਂ ਇਲਾਵਾ ਬੁੱਧੀਜੀਵੀਆਂ, ਸਾਹਿਤਕਾਰਾਂ,
ਗੀਤਕਾਰਾਂ, ਸਮਾਜਿਕ ਸੰਸਥਾਵਾਂ ਤੇ ਆਮ ਲੋਕਾਂ ਨੂੰ ਬੇਨਤੀ ਹੈ ਕਿ ਰਾਜਨੀਤਕ ਝਗੜੇ
ਆਪਣੇ ਤੌਰ 'ਤੇ ਨਿਬੜਨ ਦਿਓ। ਸਰਹੱਦਾਂ ਦੀ ਰਾਖੀ ਜੰਮ-ਜੰਮ ਕਰੋ, ਸਰਹੱਦ ਪਾਰ ਤੋਂ
ਭੇਜੇ ਜਾਣ ਵਾਲੇ ਨਸ਼ਿਆਂ ਤੇ ਹਥਿਆਰਾਂ ਦੀਆਂ ਖੇਪਾਂ ਨੂੰ ਰੋਕਣ ਲਈ ਜੋ ਮਰਜ਼ੀ
ਪ੍ਰਬੰਧ ਕਰੋ ਪਰ ਪਾਕਿਸਤਾਨ ਨਾਲ ਵਪਾਰ ਜੋ ਹੋਰ ਰਸਤਿਆਂ ਰਾਹੀਂ ਕਰ ਹੀ ਰਹੇ ਹੋ, ਉਸ
ਨੂੰ ਪੰਜਾਬ ਦੇ ਅਟਾਰੀ-ਵਾਹਗਾ ਅਤੇ ਫਿਰੋਜ਼ਪੁਰ ਹੁਸੈਨੀਵਾਲਾ ਸਰਹੱਦ ਜਿੱਥੋਂ ਰੇਲ
ਸੰਪਰਕ ਸਿੱਧਾ 'ਕਸੂਰ' ਤੇ 'ਲਾਹੌਰ' ਨਾਲ ਜੁੜਿਆ ਹੋਇਆ ਸੀ, ਨੂੰ ਖੋਲ੍ਹਣ ਦਾ ਮੁੱਦਾ
ਪੰਜਾਬ ਦਾ ਸਾਂਝਾ ਮੁੱਦਾ ਬਣਾਓ।
ਇਹ ਕਿਸੇ ਸਿੱਖ ਜਾਂ ਹਿੰਦੂ ਲਈ ਹੀ ਨਹੀਂ
ਸਮੁੱਚੇ ਪੰਜਾਬੀਆਂ ਅਤੇ ਦੇਸ਼ ਦੇ ਹਿਤ ਵਿਚ ਵੀ ਹੈ। ਪਾਕਿਸਤਾਨ ਨਾਲ ਵਪਾਰ ਚੀਨ
ਵਾਂਗ ਵਪਾਰਕ ਘਾਟੇ ਦਾ ਵੀ ਕਾਰਨ ਨਹੀਂ, ਸਗੋਂ ਵਪਾਰਕ ਫ਼ਾਇਦੇ ਦਾ ਸੌਦਾ ਹੋਵੇਗਾ।
ਉਦਾਹਰਨ ਵਜੋਂ 2019 ਵਿਚ ਭਾਰਤ ਨੇ ਪਾਕਿਸਤਾਨ ਨੂੰ 370 ਕਰੋੜ ਰੁਪਏ ਦਾ ਸਾਮਾਨ
ਭੇਜਿਆ ਸੀ ਤੇ ਉਨੇ ਸਮੇਂ ਵਿਚ ਸਿਰਫ਼ 18 ਕਰੋੜ ਰੁਪਏ ਦਾ ਸਾਮਾਨ ਹੀ ਮੰਗਵਾਇਆ ਸੀ।
ਫਿਰ ਇਹ ਵਪਾਰ ਸ਼ਾਂਤੀ ਅਤੇ ਖੁਸ਼ਹਾਲੀ ਦੇ ਕਈ ਹੋਰ ਦਰਵਾਜ਼ੇ ਖੋਲ੍ਹਣ ਦਾ ਕਾਰਨ ਵੀ
ਬਣੇਗਾ।
'ਅੰਧੇਰਾ ਮਿਟਤਾ ਨਹੀਂ ਮਿਟਾਨਾ ਪੜਤਾ ਹੈ ਬੁਝੇ ਚਿਰਾਗ਼
ਕੋ ਫਿਰ ਸੇ ਜਲਾਨਾ ਪੜਤਾ ਹੈ।' ਨਵਜੋਤ ਸਿੱਧੂ: ਸਮਾਂ ਹੈ
ਮੌਕਾ ਸੰਭਾਲ਼ੋ
ਪੰਜਾਬ ਦੇ ਸਾਬਕ ਮੰਤਰੀ ਤੇ ਪੰਜਾਬ ਕਾਂਗਰਸ ਦੇ
ਸਾਬਕ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਤੋਂ ਬਾਅਦ ਉਨ੍ਹਾਂ ਦੀ 'ਪੰਜਾਬ
ਨੀਤੀ' ਉੱਤੇ ਤਿੱਖੀ ਬਹਿਸ ਚੱਲ ਰਹੀ ਹੈ।
2022 ਦੀਆਂ ਵਿਧਾਨ ਸਭਾ ਚੋਣਾਂ
ਵਿਚ ਕਾਂਗਰਸ ਉਨ੍ਹਾਂ ਦੀ ਪੰਜਾਬ ਨੀਤੀ ਨੂੰ ਅਪਣਾਉਂਦੀ ਅਪਣਾਉਂਦੀ ਆਪਸੀ ਫੁੱਟ ਕਾਰਨ
ਅਚਾਨਕ ਬਣੀਆਂ ਪ੍ਰਸਥਿਤੀਆਂ ਕਾਰਨ 'ਦਲਿਤ ਕਾਰਡ' ਖੇਡਣ ਵੱਲ ਤੁਰ ਪਈ ਸੀ। 2022
ਦੀਆਂ ਚੋਣਾਂ ਵਿਚ ਮੁਕਾਬਲਾ ਬਦਲਾਅ ਦੀ ਰਾਜਨੀਤੀ ਅਤੇ ਦਲਿਤ ਕਾਰਡ ਦਰਮਿਆਨ ਹੀ ਹੋਇਆ
ਸੀ। ਭਾਵੇਂ ਕਾਂਗਰਸ ਦੀ ਹਾਰ ਵਿਚ ਨਵਜੋਤ ਸਿੰਘ ਸਿੱਧੂ ਦੇ ਕਾਹਲੀ ਵਿਚ ਫ਼ੈਸਲੇ ਲੈਣ
ਸਮੇਂ ਕੀਤੀਆਂ ਗ਼ਲਤੀਆਂ ਤੇ ਉਨ੍ਹਾਂ ਦੀ ਆਪਣੇ-ਆਪ ਨੂੰ 100 ਫ਼ੀਸਦੀ ਠੀਕ ਮੰਨਣ ਤੇ
ਸਭ ਤੋਂ ਅੱਗੇ ਰੱਖਣ ਦੀ ਪ੍ਰਵਿਰਤੀ ਦਾ ਵੀ ਹਿੱਸਾ ਸੀ, ਪਰ ਚੋਣ ਰਾਜਨੀਤੀ ਵਿਚ
ਉਨ੍ਹਾਂ ਦੇ 'ਪੰਜਾਬ ਏਜੰਡੇ' ਦੀ ਪਰਖ ਨਹੀਂ ਹੋਈ ਸੀ, ਜਿਸ ਨੂੰ ਕਾਂਗਰਸ ਹੁਣ ਮੁੱਦਾ
ਬਣਾ ਸਕਦੀ ਹੈ। ਇਸ ਲਈ ਜ਼ਰੂਰੀ ਹੈ ਕਿ ਨਵਜੋਤ ਸਿੰਘ ਸਿੱਧੂ ਵੀ ਆਪਣੇ ਏਜੰਡੇ 'ਤੇ
ਪਾਰਟੀ ਵਿਚ ਬਹਿਸ ਕਰਨ ਤੇ ਉਸ ਨੂੰ ਹੋਰ ਸੰਵਾਰਨ ਤੇ ਨਿਖਾਰਨ, ਪਰ ਇਹ ਜ਼ਿੱਦ ਨਾ
ਕਰਨ ਕਿ ਜੋ ਉਨ੍ਹਾਂ ਨੇ ਕਹਿ ਦਿੱਤਾ ਉਹ ਹੀ ਹਰਫ਼-ਏ-ਆਖ਼ਰ ਹੈ ਅਤੇ ਜੇਕਰ ਉਨ੍ਹਾਂ
ਨੇ ਆਪਣੀ ਕੋਈ ਵੱਖਰੀ ਪਾਰਟੀ ਨਹੀਂ ਬਣਾਉਣੀ ਅਤੇ ਕਾਂਗਰਸ ਵਿਚ ਹੀ ਰਹਿਣਾ ਹੈ ਤਾਂ
ਜ਼ਰੂਰੀ ਹੈ ਕਿ ਉਹ ਜਲੰਧਰ ਉਪ-ਚੋਣ ਖ਼ਤਮ ਹੋਣ ਤੱਕ ਅਜਿਹਾ ਕੋਈ ਕੰਮ ਨਾ ਕਰਨ ਜੋ
ਕਾਂਗਰਸ ਲਈ ਨੁਕਸਾਨਦੇਹ ਸਾਬਤ ਹੋਵੇ। ਜਿਵੇਂ ਕਿ ਉਨ੍ਹਾਂ ਨੂੰ ਇਸ ਵੇਲੇ ਨਾ ਕਿਸੇ
ਅਹੁਦੇ ਦੀ ਲੜਾਈ ਵਿਚ ਪੈਣਾ ਚਾਹੀਦਾ ਹੈ ਅਤੇ ਅਜਿਹੀ ਬਿਆਨਬਾਜ਼ੀ ਤੋਂ ਵੀ ਦੂਰ ਹੀ
ਰਹਿਣਾ ਚਾਹੀਦਾ ਹੈ, ਜਿਸ ਨਾਲ ਕਾਂਗਰਸ ਵਿਚ ਫੁੱਟ ਦਾ ਕੋਈ ਅਹਿਸਾਸ ਹੋਵੇ। ਸਗੋਂ
ਜਲੰਧਰ ਚੋਣ ਵਿਚ ਉਨ੍ਹਾਂ ਨੂੰ ਚੋਣ ਸੰਭਾਲ ਰਹੀ ਲੀਡਰਸ਼ਿਪ ਅਨੁਸਾਰ ਹੀ ਚੱਲਣਾ
ਚਾਹੀਦਾ ਹੈ। ਅਸੀਂ ਸਮਝਦੇ ਹਾਂ ਕਿ ਜੇ ਉਹ ਇਸ ਵੇਲੇ ਪਾਰਟੀ ਲਈ ਇਮਾਨਦਾਰੀ ਤੇ
ਠਰੱਮੇ ਨਾਲ ਕੰਮ ਕਰਨਗੇ ਤਾਂ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਨੂੰ ਫਿਰ ਤੋਂ ਕਾਂਗਰਸ
ਦੀ ਅਗਵਾਈ ਸੰਭਾਲਣ ਤੋਂ ਕੋਈ ਵੀ ਰੋਕ ਨਹੀਂ ਸਕੇਗਾ। ਪਰ ਜੇ ਉਨ੍ਹਾਂ ਨੇ ਹੁਣ ਵੀ
ਕੋਈ ਗ਼ਲਤੀ ਕੀਤੀ ਤਾਂ ਉਹ ਕਾਂਗਰਸ ਦਾ ਨੁਕਸਾਨ ਤਾਂ ਕਰਨਗੇ ਹੀ, ਆਪਣਾ ਵੀ ਬਹੁਤ
ਨੁਕਸਾਨ ਕਰ ਲੈਣਗੇ।
ਤੂ ਸ਼ਾਹੀਂ ਹੈ ਪਰਵਾਜ਼ ਹੈ ਕਾਮ ਤੇਰਾ ਤੇਰੇ
ਸਾਹਮਨੇ ਆਸਮਾਂ ਔਰ ਭੀ ਹੈਂ 1044,
ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ ਫੋਨ: 92168-60000
E. mail : hslall@ymail.com
|