ਗ਼ਮ
ਕੇ ਸਬ ਬਾਦਲ ਛਟੇਂਗੇ ਧੂਪ ਖ਼ੁਲ ਕਰ ਆਏਗੀ, ਮਸਅਲੋਂ ਪਰ ਤੁਮ ਅਗਰਚੇ ਮਸ਼ਵਰੇ ਕਰਤੇ
ਰਹੋ॥ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਨਿਯੁਕਤ
ਜਥੇਦਾਰ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਨੇ ਅੱਜ ਅਹੁਦਾ ਸੰਭਾਲ ਲਿਆ ਹੈ। ਅਸੀਂ
ਜਥੇਦਾਰ ਸਾਹਿਬ ਨੂੰ ਵਧਾਈ ਦਿੰਦੇ ਹੋਏ ਸਤਿਕਾਰ ਸਹਿਤ ਬੇਨਤੀ ਕਰਦੇ ਹਾਂ ਕਿ
ਜਿਨ੍ਹਾਂ ਹਾਲਤਾਂ ਵਿਚ ਉਨ੍ਹਾਂ ਨੇ ਇਹ ਸਤਿਕਾਰਯੋਗ ਪਦਵੀ ਸੰਭਾਲੀ ਹੈ, ਓਨਾ ਹਾਲਤਾਂ
ਵਿਚ ਇਹ ਅਹੁਦਾ ਸੰਭਾਲਣਾ ਕੋਈ ਫੁੱਲਾਂ ਦੀ ਸੇਜ ਵਰਗਾ ਅਹਿਸਾਸ ਨਹੀਂ ਦਿੰਦਾ, ਸਗੋਂ
ਕੰਡਿਆਂ ਭਰੇ ਤਾਜ ਨੂੰ ਪਹਿਨਣ ਦੇ ਸਮਾਨ ਹੈ।
ਅੱਜ ਦੇ ਹਾਲਾਤ ਸਿੱਖ ਕੌਮ
ਲਈ ਸਾਜ਼ਗਾਰ ਹਾਲਾਤ ਨਹੀਂ ਹਨ। ਸਰਕਾਰ ਤੇ ਸ਼੍ਰੋਮਣੀ ਕਮੇਟੀ ਵਿਚ ਟਕਰਾਅ ਸਿਖ਼ਰ 'ਤੇ
ਹੈ। ਇਸ ਵੇਲੇ ਪੰਜਾਬ, ਦੇਸ਼ ਤੇ ਅੰਤਰਰਾਸ਼ਟਰੀ ਪੱਧਰ ਦੇ ਧਾਰਮਿਕ, ਸਮਾਜਿਕ ਤੇ
ਰਾਜਨੀਤਕ ਹਾਲਾਤ ਸਿੱਖ ਕੌਮ ਲਈ ਬਹੁਤ ਨਾ-ਸਾਜ਼ਗਾਰ ਹਨ। ਜਥੇਦਾਰ ਸਾਹਿਬ ਲਈ ਕੌਮ ਨੂੰ
ਇਸ ਹਾਲਾਤ ਵਿਚੋਂ ਉਭਾਰਨਾ ਤੇ ਕੌਮ ਦੀ ਸ਼ਾਨ ਨੂੰ ਬਹਾਲ ਕਰਨਾ ਸਭ ਤੋਂ ਵੱਡੀ ਚੁਣੌਤੀ
ਹੈ। ਇਸ ਵੇਲੇ ਸਿੱਖੀ ਨੂੰ ਖ਼ੋਰਾ ਲਾਉਣ ਦੀਆਂ ਕੋਸ਼ਿਸ਼ਾਂ ਮੁਗ਼ਲ ਰਾਜ ਵੇਲੇ ਦੀਆਂ
ਕੋਸ਼ਿਸ਼ਾਂ ਨਾਲੋਂ ਖ਼ਤਰਨਾਕ ਹਨ ਕਿਉਂਕਿ ਉਸ ਵੇਲੇ ਸਿਰਫ਼ ਤਲਵਾਰ ਦੀ ਤਾਕਤ ਦੇ ਜ਼ੋਰ ਦੀ
ਗੱਲ ਸੀ। ਕੌਮ ਉਸ ਧੱਕੇ ਦਾ ਮੁਕਾਬਲਾ ਵੀ ਤਲਵਾਰ ਦੀ ਤਾਕਤ ਨਾਲ ਕਰਨ ਦੇ ਸਮਰੱਥ ਹੋ
ਗਈ ਸੀ। ਪਰ ਹੁਣ ਹਮਲੇ ਸਿੱਧੇ ਘੱਟ ਤੇ ਅਸਿੱਧੇ ਜ਼ਿਆਦਾ ਹਨ। ਇਹ ਕਈ ਪਾਸਿਉਂ ਹੋ ਰਹੇ
ਹਨ। ਇਨ੍ਹਾਂ ਦਾ ਮੁਕਾਬਲਾ ਕਰਨ ਲਈ ਸਾਡੀ ਇਕ ਕੌਮ ਵਜੋਂ ਸਮਰੱਥਾ ਵੀ ਵਿਕਸਿਤ ਨਹੀਂ
ਹੋ ਰਹੀ। ਹੁਣ ਵਾਲੇ ਹਮਲੇ ਮੱਕਾਰੀ ਭਰੇ ਅਤੇ ਲੁਕਵੇਂ ਹਨ। ਕਈ ਵਾਰ ਤਾਂ ਸਾਡੀ ਕੌਮ
'ਤੇ ਕੀਤਾ ਜਾਣ ਵਾਲਾ ਹਮਲਾ ਸਾਨੂੰ ਸਾਡੇ ਹਿਤ ਵਿਚ ਹੀ ਦਰਸਾ ਕੇ ਕੀਤਾ ਜਾਂਦਾ ਹੈ।
'ਮਾਸਟਰ ਤਾਰਾ ਸਿੰਘ-ਨਹਿਰੂ ਪੈਕਟ' ਵਿਚ ਸਾਫ਼ ਸੀ ਕਿ 1925 ਦੇ ਗੁਰਦੁਆਰਾ ਐਕਟ
ਵਿਚ ਕੋਈ ਸੋਧ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਤੋਂ ਦੋ ਤਿਹਾਈ ਬਹੁਮਤ ਨਾਲ ਪਾਸ
ਕਰਵਾਏ ਮਤੇ ਤੋਂ ਬਿਨਾਂ ਨਹੀਂ ਹੋ ਸਕੇਗੀ। ਪਰ ਹੁਣ ਇਸ ਦੀ ਪ੍ਰਵਾਹ ਨਹੀਂ ਕੀਤੀ ਜਾ
ਰਹੀ। ਪਹਿਲਾਂ 'ਭਾਜਪਾ' ਸਰਕਾਰ ਨੇ ਹਰਿਆਣਾ ਵਿਚ ਵੱਖਰੀ ਗੁਰਦੁਆਰਾ ਕਮੇਟੀ ਬਣਾਉਣ
ਲੱਗਿਆਂ ਇਸ ਦੀ ਪ੍ਰਵਾਹ ਨਹੀਂ ਕੀਤੀ ਤੇ ਹੁਣ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਵੀ
ਸ਼੍ਰੋਮਣੀ ਕਮੇਟੀ ਨੂੰ ਦਰਕਿਨਾਰ ਕਰਕੇ ਸੋਧ ਕਰ ਦਿੱਤੀ ਹੈ। ਖ਼ੈਰ, ਸਾਡੇ ਕਹਿਣ ਦਾ
ਭਾਵ ਇਹ ਹੈ ਕਿ ਨਵੇਂ ਜਥੇਦਾਰ ਸਾਹਿਬ ਲਈ ਚੁਣੌਤੀਆਂ ਹੀ ਚੁਣੌਤੀਆਂ ਹਨ।
ਮਸਅਲੇ ਤੋ ਜ਼ਿੰਦਗੀ ਮੇਂ ਰੋਜ਼ ਆਤੇ ਹੈਂ ਮਗਰ, ਜ਼ਿੰਦਗੀ ਕੇ ਮਸਅਲੋਂ ਕਾ ਹਲ
ਨਿਕਲਨਾ ਚਾਹੀਏ।
ਚਣੌਤੀਆਂ ਹੀ ਚਣੌਤੀਆਂ
ਤਖ਼ਤ ਸਾਹਿਬ ਦੇ ਨਵੇਂ ਜਥੇਦਾਰ ਸਾਹਿਬ ਗਿਆਨੀ ਰਘੁਬੀਰ ਸਿੰਘ ਦੇ ਸਾਹਮਣੇ ਜੋ
ਚੁਣੌਤੀਆਂ ਹਨ, ਉਨ੍ਹਾਂ ਸਾਰੀਆਂ ਦਾ ਨਾ ਤਾਂ ਇਥੇ ਜ਼ਿਕਰ ਸੰਭਵ ਹੈ ਅਤੇ ਸ਼ਾਇਦ ਮੈਂ
ਖ਼ੁਦ ਵੀ ਸਾਰੀਆਂ ਚੁਣੌਤੀਆਂ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਨਹੀਂ ਹਾਂ। ਪਰ ਕੁਝ
ਪ੍ਰਮੁੱਖ ਚੁਣੌਤੀਆਂ ਜੋ ਸਿੱਖ ਪੰਥ ਨੂੰ ਦਰਪੇਸ਼ ਹਨ ਤੇ ਉਨ੍ਹਾਂ ਦਾ ਇਥੇ ਜ਼ਿਕਰ
ਜ਼ਰੂਰੀ ਹੈ, ਕਿਉਂਕਿ ਸਿੱਖਾਂ ਨੂੰ ਦਰਪੇਸ਼ ਹਰ ਚੁਣੌਤੀ ਜਥੇਦਾਰ ਸ੍ਰੀ ਅਕਾਲ ਤਖ਼ਤ
ਸਾਹਿਬ ਲਈ ਵੀ ਚੁਣੌਤੀ ਹੀ ਹੈ।
ਅਹੁਦੇ ਦੀ ਭਰੋਸੇਯੋਗਤਾ ਬਹਾਲ
ਕਰਨੀ ਜ਼ਰੂਰੀ ਨਵੇਂ ਜਥੇਦਾਰ ਲਈ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ
ਪਿਛਲੇ ਲੰਮੇ ਸਮੇਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਖ-ਵੱਖ ਜਥੇਦਾਰਾਂ ਨੇ ਜਿਸ
ਤਰ੍ਹਾਂ ਦਾ ਵਿਵਹਾਰ ਕੀਤਾ ਹੈ, ਉਸ ਨੇ ਜਥੇਦਾਰ ਦੇ ਵੱਕਾਰੀ ਅਹੁਦੇ ਤੇ ਇਸ ਸਰਵਉੱਚ
ਮੰਨੀ ਜਾਂਦੀ ਪਦਵੀ ਦੀ ਭਰੋਸੇਯੋਗਤਾ ਨੂੰ ਸੱਟ ਮਾਰੀ ਹੈ। ਜਿਸ ਤਰ੍ਹਾਂ ਡੇਰਾ ਸਿਰਸਾ
ਮੁਖੀ ਨੂੰ ਬਿਨਾਂ ਮੰਗੇ ਮੁਆਫ਼ੀ ਦਿੱਤੀ ਗਈ ਤੇ ਫਿਰ ਵਾਪਸ ਲਈ ਗਈ, ਵਰਗੇ ਫ਼ੈਸਲਿਆਂ
ਨੇ ਬੁਰਾ ਪ੍ਰਭਾਵ ਪਾਇਆ ਹੈ।
ਵੈਸੇ ਵੀ ਜਥੇਦਾਰਾਂ ਵਲੋਂ ਸਮੇਂ-ਸਮੇਂ
ਦਿੱਤੇ ਹੁਕਮਾਂ ਤੇ ਸਲਾਹਾਂ ਦੀ ਬਹੁਤੀ ਵਾਰ ਖ਼ੁਦ ਸ਼੍ਰੋਮਣੀ ਕਮੇਟੀ ਵਲੋਂ ਹੀ ਪ੍ਰਵਾਹ
ਨਾ ਕੀਤੇ ਜਾਣ ਨਾਲ ਵੀ ਜਥੇਦਾਰ ਦੀ ਭਰੋਸੇਯੋਗਤਾ ਅਤੇ ਤਾਕਤ 'ਤੇ ਸੱਟ ਵੱਜੀ ਹੈ। ਕਈ
ਜਥੇਦਾਰ ਵੀ ਰਾਜਨੀਤਕ, ਸਮਾਜਿਕ, ਆਰਥਿਕ ਮਸਹਲਤਾਂ ਦੇ ਸ਼ਿਕਾਰ ਨਜ਼ਰ ਆਏ। ਉਂਜ ਵੀ
ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹੁਣ ਹਰ ਕਦਮ ਅਜਿਹੀ ਸਾਬਤ ਕਦਮੀ ਤੇ
ਸੋਚ-ਵਿਚਾਰ ਕੇ ਚੁੱਕਣਾ ਚਾਹੀਦਾ ਹੈ ਕਿ ਕੌਮ ਵਿਚ ਫਿਰ ਵਿਸ਼ਵਾਸ ਪੈਦਾ ਹੋਵੇ ਕਿ
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਵੀ ਕਿਹਾ ਜਾਂਦਾ ਹੈ, ਉਹ ਸੱਚ ਤੇ ਅਟੱਲ ਹੈ।
ਕੁਝ ਫੌਰੀ ਚੁਣੌਤੀਆਂ ਹਾਲਾਂਕਿ ਜਥੇਦਾਰ ਸਾਹਮਣੇ
ਅਣਗਿਣਤ ਚੁਣੌਤੀਆਂ ਹਨ ਪਰ ਕੁਝ ਫੌਰੀ ਧਿਆਨ ਮੰਗਦੀਆਂ ਚੁਣੌਤੀਆਂ ਵਿਚ ਪਹਿਲੀ ਤਾਂ
ਪੰਜਾਬ ਸਰਕਾਰ ਵਲੋਂ 'ਮਾਸਟਰ ਤਾਰਾ ਸਿੰਘ-ਨਹਿਰੂ ਪੈਕਟ' ਦੀ ਪ੍ਰਵਾਹ ਨਾ ਕਰਦੇ ਹੋਏ
1925 ਦੇ ਗੁਰਦੁਆਰਾ ਐਕਟ ਵਿਚ ਕੀਤੀ ਸੋਧ 'ਤੇ ਜਥੇਦਾਰ ਸਾਹਿਬ ਦੇ ਪ੍ਰਤੀਕਰਮ ਦੀ
ਹੈ। ਦੇਸ਼ ਤੇ ਦੁਨੀਆ ਦੇ ਸਿੱਖਾਂ, ਹਮਦਰਦਾਂ ਅਤੇ ਵਿਰੋਧੀਆਂ ਸਭ ਦੀਆਂ ਅੱਖਾਂ ਅਤੇ
ਕੰਨ ਇਸ ਗੱਲ 'ਤੇ ਲੱਗੇ ਹੋਏ ਹਨ ਕਿ ਅਹੁਦਾ ਸੰਭਾਲਣ ਤੋਂ ਬਾਅਦ ਉਹ ਕੀ ਪ੍ਰਤੀਕਰਮ
ਦਿੰਦੇ ਹਨ।
ਇਸ ਦੇ ਨਾਲ ਹੀ ਸੰਬੰਧਿਤ ਹੈ ਸ੍ਰੀ ਦਰਬਾਰ ਸਾਹਿਬ ਤੇ ਹੋਰ
ਗੁਰਦੁਆਰਾ ਸਾਹਿਬਾਨਾਂ ਤੋਂ ਗੁਰਬਾਣੀ ਪ੍ਰਸਾਰਨ ਬਾਰੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ
ਤੇ ਬਾਕੀ 4 ਸਿੰਘ ਸਾਹਿਬਾਨਾਂ ਦੀ ਸਲਾਹ ਨਾਲ ਜਥੇਦਾਰ ਸਾਹਿਬ ਵਲੋਂ ਇਕ ਯੋਗ
ਸਟੈਂਡ ਲੈਣਾ ਵੀ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਇਥੇ ਇਕ ਹੋਰ ਫੌਰੀ
ਚੁਣੌਤੀ ਵੀ ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਦੇਸ਼ ਵਿਚ ਇਕ 'ਸਮਾਨ ਨਾਗਰਿਕ
ਕਾਨੂੰਨ' ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਕੀਤੀ ਜਾ ਚੁੱਕੀ ਹੈ। ਜਥੇਦਾਰ ਸਾਹਿਬ ਨੂੰ
ਇਸ ਕਾਨੂੰਨ ਦੀਆਂ ਮੱਦਾਂ ਸਿੱਖ ਕੌਮ ਦੇ ਕਿੰਨੀਆਂ ਹੱਕ ਵਿਚ ਹਨ ਤੇ ਕਿੰਨੀਆਂ ਵਿਰੋਧ
ਵਿਚ, ਇਸ ਦੇ ਕੀ ਫ਼ਾਇਦੇ ਹਨ ਤੇ ਕੀ ਨੁਕਸਾਨ ਹਨ, ਬਾਰੇ ਮਾਹਿਰਾਂ ਤੋਂ ਰਾਏ ਲੈਣੀ
ਚਾਹੀਦੀ ਹੈ ਤੇ ਯੋਗ ਪ੍ਰਤੀਕਰਮ ਕਰਨਾ ਤੇ ਯੋਗ ਸਟੈਂਡ ਲੈਣ ਲਈ ਕੌਮ ਨੂੰ
ਤਿਆਰ ਕਰਨਾ ਚਾਹੀਦਾ ਹੈ।
ਇਕ ਰਹਿਤ ਮਰਿਆਦਾ ਸਿੱਖ
ਕੌਮ ਵਿਚ ਆਏ ਦਿਨ ਵੰਡੀਆਂ ਪੈ ਰਹੀਆਂ ਹਨ। ਇਸ ਦਾ ਵੱਡਾ ਕਾਰਨ ਕਿਸੇ ਸਰਬ ਪ੍ਰਵਾਨਿਤ
ਸਿੱਖ ਰਹਿਤ ਮਰਿਆਦਾ ਦਾ ਹਰ ਥਾਂ ਲਾਗੂ ਨਾ ਹੋਣਾ ਹੈ। ਸਿੰਘ ਸਾਹਿਬ ਲਈ ਇਹ ਵੱਡੀ
ਚੁਣੌਤੀ ਹੈ ਕਿ ਉਹ ਇਸ ਮਾਮਲੇ 'ਤੇ ਬਾਕੀ 4 ਸਿੰਘ ਸਾਹਿਬਾਨਾਂ, ਸ਼੍ਰੋਮਣੀ ਕਮੇਟੀ,
ਬਾਕੀ ਜਥੇਬੰਦੀਆਂ, ਡੇਰਿਆਂ ਸੰਪਰਦਾਵਾਂ ਆਦਿ ਨੂੰ ਨਾਲ ਲੈ ਕੇ ਹਰ ਸਿੱਖ ਗੁਰਦੁਆਰੇ
ਵਿਚ ਇਕੋ ਹੀ ਤਰ੍ਹਾਂ ਦੀ ਰਹਿਤ ਮਰਿਆਦਾ ਲਾਗੂ ਕਰਵਾਉਣ ਵਿਚ ਸਫਲ ਹੋਣ। ਇਸ ਦੇ ਨਾਲ
ਹੀ ਸਿੱਖਾਂ ਵਿਚ ਵਖਰੇਵਾਂ ਤੇ ਜਾਤ-ਪਾਤ ਨੂੰ ਖ਼ਤਮ ਕਰਨ ਲਈ ਜਾਤ ਬਰਾਦਰੀਆਂ ਦੇ ਨਾਂਅ
'ਤੇ ਗੁਰਦੁਆਰਿਆਂ ਦੇ ਨਾਂਅ ਰੱਖਣੇ, ਇਕੋ ਬਰਾਦਰੀ ਦਾ ਵੱਖਰਾ ਗੁਰਦੁਆਰਾ ਬਣਾਉਣਾ
ਅਤੇ ਬਰਾਦਰੀ ਜਾਂ ਜਾਤ-ਪਾਤ ਦੇ ਨਾਂਅ 'ਤੇ ਬਣੇ ਸਮਸ਼ਾਨਘਾਟਾਂ ਨੂੰ ਅਮਲੀ ਤੌਰ 'ਤੇ
ਸਾਂਝੇ ਸਥਾਨ ਬਣਾਉਣ ਵੱਲ ਅੱਗੇ ਵਧਣਾ ਵੀ ਕੋਈ ਛੋਟੀ ਚੁਣੌਤੀ ਨਹੀਂ ਹੈ।
ਫ਼ੈਸਲੇ ਸਰਬਸੰਮਤੀ ਨਾਲ ਲੈਣ ਵੱਲ ਮੁੜਨਾ ਪਿਛਲੇ ਲੰਮੇ ਸਮੇਂ
ਤੋਂ ਬਹੁਤ ਸਾਰੇ ਫ਼ੈਸਲੇ ਤੇ ਐਲਾਨ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਬਿਨਾਂ ਬਾਕੀ 4
ਤਖ਼ਤਾਂ ਦੇ ਜਥੇਦਾਰਾਂ ਨਾਲ ਵਿਚਾਰ ਕੀਤਿਆਂ ਇਕੱਲੇ ਹੀ ਕਰਦੇ ਦਿਖਾਈ ਦਿੰਦੇ ਰਹੇ ਹਨ।
ਜਥੇਦਾਰ ਸਾਹਿਬ ਨੂੰ ਇਕੱਲੇ ਫ਼ੈਸਲੇ ਲੈਣ ਦੀ ਗੱਲ ਛੱਡ ਕੇ ਬਾਕੀ 4 ਤਖ਼ਤਾਂ ਦੇ
ਜਥੇਦਾਰਾਂ ਦੀ ਸਲਾਹ ਨਾਲ ਹੀ ਫ਼ੈਸਲੇ ਲੈਣੇ ਚਾਹੀਦੇ ਹਨ। ਸਗੋਂ ਇਸ ਲਈ ਜਿਸ ਮਸਲੇ
ਬਾਰੇ ਫ਼ੈਸਲਾ ਲੈਣਾ ਹੋਵੇ, ਉਸ ਮਸਲੇ ਦੇ ਮਾਹਿਰਾਂ ਤੋਂ ਵੀ ਸਲਾਹ ਲਈ ਜਾਣੀ ਚਾਹੀਦੀ
ਹੈ। ਤਾਂ ਕਿ ਇਕ ਵਾਰ ਲਿਆ ਫ਼ੈਸਲਾ ਨਾ ਤਾਂ ਬਾਅਦ ਵਿਚ ਵਾਪਸ ਲੈਣਾ ਪਵੇ ਅਤੇ ਨਾ ਹੀ
ਕੋਈ ਸਿੱਖ ਧਿਰ ਉਸ ਨੂੰ ਅਪ੍ਰਵਾਨ ਜਾਂ ਅਣਗੌਲਿਆਂ ਕਰ ਸਕੇ। ਉਂਜ ਆਪਸੀ ਸਹਿਮਤੀ ਵੀ
ਇਕ ਚੁਣੌਤੀ ਹੀ ਹੈ।
ਨਿਯੁਕਤੀ ਤੇ ਸੇਵਾਮੁਕਤੀ ਦਾ ਵਿਧੀ ਵਿਧਾਨ
ਜਥੇਦਾਰਾਂ ਦੀ ਨਿਯੁਕਤੀ ਅਤੇ ਸੇਵਾਮੁਕਤੀ ਦਾ ਵਿਧੀਵਿਧਾਨ ਬਣਾਉਣਾ ਵੀ ਕਿਸੇ ਚੁਣੌਤੀ
ਤੋਂ ਘੱਟ ਨਹੀਂ। ਜਦੋਂ ਤੱਕ ਇਹ ਬਣ ਕੇ ਲਾਗੂ ਨਹੀਂ ਹੋ ਜਾਂਦਾ, ਜਥੇਦਾਰ ਸਾਹਿਬ
ਨਿਰਪੱਖਤਾ ਤੇ ਹੌਸਲੇ ਨਾਲ ਫ਼ੈਸਲੇ ਲੈਣ ਦੇ ਮੁਸ਼ਕਿਲ ਨਾਲ ਹੀ ਸਮਰੱਥ ਹੋ ਸਕਦੇ ਹਨ।
ਇਸ ਦੇ ਨਾਲ ਹੀ ਗੁਰਦੁਆਰਿਆਂ ਦੇ ਗ੍ਰੰਥੀਆਂ ਲਈ ਵੀ ਘੱਟੋ-ਘੱਟ ਸ਼ਰਤਾਂ ਤੇ ਘੱਟੋ-ਘੱਟ
ਤਨਖਾਹਾਂ ਬਾਰੇ ਫ਼ੈਸਲੇ ਲਏ ਜਾਣ, ਭਾਵੇਂ ਇਹ ਸ਼੍ਰੋਮਣੀ ਕਮੇਟੀ ਦਾ ਮਸਲਾ ਹੈ। ਪਰ ਇਹ
ਜਥੇਦਾਰ ਸਾਹਿਬ ਨੂੰ ਬਾਕੀ ਜਥੇਦਾਰਾਂ ਨੂੰ ਨਾਲ ਲੈ ਕੇ ਪਹਿਲ ਦੇ ਅਧਾਰ 'ਤੇ
ਕਰਵਾਉਣਾ ਚਾਹੀਦਾ ਹੈ, ਕਿਉਂਕਿ ਜੇ ਗ੍ਰੰਥੀ ਹੀ ਕਾਬਿਲ ਨਹੀਂ ਤੇ ਉਨ੍ਹਾਂ ਨੂੰ
ਸਤਿਕਾਰਯੋਗ ਤਨਖਾਹ ਨਹੀਂ ਮਿਲਦੀ ਤਾਂ ਕੌਮ ਕਿਵੇਂ ਗੁਰਬਾਣੀ 'ਤੇ ਸਹੀ ਇਤਿਹਾਸ ਤੋਂ
ਜਾਣੂ ਹੋ ਸਕਦੀ ਹੈ।
ਹੁਕਮਨਾਮੇ ਦੇ ਸਾਰੇ ਪੱਖ ਵਿਚਾਰੇ ਜਾਣ
ਜਦੋਂ ਵੀ ਕੌਮ ਕਿਸੇ ਮੁਸ਼ਕਿਲ ਦੌਰ ਵਿਚੋਂ ਗੁਜ਼ਰਦੀ ਹੈ ਤਾਂ ਉਸ ਬਾਰੇ ਹੁਕਮਨਾਮਾ
ਜਾਰੀ ਕਰਨ ਵੇਲੇ ਉਸ ਦੇ ਸਾਰੇ ਪੱਖ ਵੀ ਵਿਚਾਰੇ ਜਾਣ। ਜੇ ਕਿਸੇ ਸੰਪਰਦਾ ਦਾ ਮੁਖੀ
ਕੋਈ ਗ਼ਲਤੀ ਕਰਦਾ ਹੈ ਤਾਂ ਹੁਕਮਨਾਮਾ ਵੀ ਸਿਰਫ਼ ਉਸ ਦੇ ਖ਼ਿਲਾਫ਼ ਹੀ ਜਾਰੀ ਹੋਣਾ
ਚਾਹੀਦਾ ਹੈ, ਪੂਰੀ ਸੰਪਰਦਾ ਨੂੰ ਛੇਕਣਾ ਜਾਂ ਨਾਤਾ ਤੋੜਨਾ ਸਿੱਖੀ ਨੂੰ ਸੰਕੋੜਨ ਦਾ
ਕੰਮ ਕਰਦਾ ਹੈ। ਹੁਕਮਨਾਮਾ ਸੋਚ-ਸਮਝ ਕੇ ਹੀ ਜਾਰੀ ਕੀਤਾ ਜਾਵੇ ਕਿ, ਕੀ ਇਹ ਲਾਗੂ ਵੀ
ਹੋ ਸਕੇਗਾ?
ਸਿੱਖਾਂ ਦੀ ਕੇਂਦਰੀ ਤਾਕਤ ਇਸ ਵੇਲੇ
ਸ਼੍ਰੋਮਣੀ ਕਮੇਟੀ ਬਹੁਤ ਛੋਟੇ ਇਲਾਕੇ ਦੀ ਪ੍ਰਤੀਨਿਧ ਰਹਿ ਗਈ ਹੈ। ਸਿੱਖਾਂ ਕੋਲ ਕੋਈ
ਕੇਂਦਰੀ ਤਾਕਤ ਨਹੀਂ ਹੈ ਜਾਂ ਤਾਂ ਸਾਰੇ ਜਥੇਦਾਰ ਸਾਹਿਬ ਸਿੱਖਾਂ ਲਈ ਕਿਸੇ ਆਲ
ਇੰਡੀਆ ਗੁਰਦੁਆਰਾ ਐਕਟ ਬਾਰੇ ਵਿਚਾਰ ਕਰਨ ਜਾਂ ਫਿਰ ਸਾਰੇ ਸੂਬਿਆਂ ਵਿਚ ਵੱਖੋ-ਵੱਖਰੀ
ਗੁਰਦੁਆਰਾ ਕਮੇਟੀ ਬਣਨ ਦੇਣ ਅਤੇ ਉਨ੍ਹਾਂ ਦੇ ਪ੍ਰਤੀਨਿਧਾਂ ਨੂੰ ਮਿਲਾ ਕੇ ਅਤੇ
ਵਿਦੇਸ਼ੀ ਪ੍ਰਤੀਨਿਧਾਂ ਨੂੰ ਸ਼ਾਮਿਲ ਕਰਕੇ ਇਕ ਕੇਂਦਰੀ ਸਰਬ ਪ੍ਰਵਾਨਿਤ ਤੰਤਰ ਬਣਾਇਆ
ਜਾਵੇ। ਜੋ ਦੇਸ਼ ਤੇ ਦੁਨੀਆ ਦੇ ਹਰ ਹਿੱਸੇ ਵਿਚ ਸਿੱਖਾਂ ਦੇ ਮਸਲੇ ਹੱਲ ਕਰਵਾਉਣ ਤੇ
ਸਟੈਂਡ ਲੈਣ ਦੇ ਸਮਰੱਥ ਹੋਵੇ, ਜਿਸ ਦੀ ਅਗਵਾਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ
ਰਹਿਨੁਮਾਈ ਵਿਚ 5 ਤਖ਼ਤਾਂ ਦੇ ਜਥੇਦਾਰ ਕਰਨ
ਟੁੱਟਿਆਂ ਨੂੰ ਜੋੜਨਾ
ਜਥੇਦਾਰ ਸਾਹਿਬ ਸਾਹਮਣੇ ਇਕ ਬਹੁਤ ਵੱਡੀ ਚੁਣੌਤੀ ਇਹ ਵੀ ਹੈ ਕਿ ਸਾਡੇ ਕਰੋੜਾਂ ਗੁਰੂ
ਨਾਨਕ ਨਾਮ ਲੇਵਾ ਕਬੀਲੇ ਤੇ ਬਰਾਦਰੀਆਂ ਸਿੱਖੀ ਨਾਲੋਂ ਟੁੱਟ ਰਹੀਆਂ ਹਨ, ਉਨ੍ਹਾਂ
ਨੂੰ ਫਿਰ ਤੋਂ ਸਿੱਖੀ ਦੀ ਬੁੱਕਲ ਵਿਚ ਲੈਣ ਦਾ ਪ੍ਰੋਗਰਾਮ ਬਣਾਉਣ 'ਤੇ ਅਮਲ ਕਰਨਾ
ਜ਼ਰੂਰੀ ਹੈ। ਇਨ੍ਹਾਂ ਵਿਚ ਸਿਕਲੀਗਰ, ਵਣਜਾਰੇ, ਸਤਨਾਮੀ ਜੌਹਰੀ, ਸਿੰਧੀ, ਲਾਮੇਂ,
ਨਰਮਾਪੇ ਆਦਿ ਤੇ ਕਈ ਹੋਰ ਵੀ ਸ਼ਾਮਿਲ ਹਨ।
1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਮੋਬਾਈਲ : 92168-60000 E. mail :
hslall@ymail.com
|