ਚਾਂਦ
ਕਾ ਖ਼ਵਾਬ ਉਜਾਲੋਂ ਕੀ ਨਜ਼ਰ ਲਗਤਾ ਹੈ। ਤੂ ਜਿਧਰ ਹੋ ਕੇ ਗੁਜ਼ਰ ਜਾਏ ਖ਼ਬਰ
ਲਗਤਾ ਹੈ।
'ਵਸੀਮ ਬਰੇਲਵੀ' ਦਾ ਇਹ ਸ਼ਿਅਰ ਨਵਜੋਤ ਸਿੰਘ ਸਿੱਧੂ ਦੀ
ਸ਼ਖ਼ਸੀਅਤ ਦੇ ਇਕ ਪੱਖ 'ਤੇ ਪੂਰਾ ਉਤਰਦਾ ਹੈ ਕਿ ਉਹ ਜਿਥੋਂ ਵੀ ਲੰਘ ਜਾਏ ਜਾਂ ਜਦੋਂ
ਵੀ ਬੋਲੇ ਖ਼ਬਰ ਬਣ ਜਾਂਦੀ ਹੈ। ਹੁਣ ਸਿੱਧੂ ਦੀ ਰਿਹਾਈ ਦੀ ਖ਼ਬਰ ਪੰਜਾਬ ਦੇ
ਰਾਜਨੀਤਕ ਆਕਾਸ਼ 'ਤੇ ਛਾਈ ਹੋਈ ਹੈ ਕਿ ਜਿਵੇਂ ਹੀ ਨਵਜੋਤ ਦੀ ਰਿਹਾਈ ਹੋਵੇਗੀ, ਉਸ
ਨਾਲ ਪੰਜਾਬ ਕਾਂਗਰਸ ਅਤੇ ਪੰਜਾਬ ਦੀ ਰਾਜਨੀਤੀ ਵਿਚ ਕੋਈ ਤੂਫ਼ਾਨ ਆ ਜਾਵੇਗਾ।
ਬੇਸ਼ੱਕ ਨਵਜੋਤ ਸਿੰਘ ਸਿੱਧੂ ਦੀ ਸਭ ਤੋਂ ਵੱਡੀ ਖ਼ੂਬੀ ਉਨ੍ਹਾਂ ਦਾ ਇਮਾਨਦਾਰ
ਅਕਸ ਤੇ ਪੰਜਾਬ ਦਾ ਏਜੰਡਾ ਹੈ ਪਰ ਉਨ੍ਹਾਂ ਦੀ ਸਭ ਤੋਂ ਵੱਡੀ ਕਮੀ ਇਹ ਹੈ ਕਿ
ਉਨ੍ਹਾਂ ਦੇ ਦੋਸਤ ਬਹੁਤ ਜਲਦੀ ਬਦਲਦੇ ਹਨ। ਜਿਸ ਤਰ੍ਹਾਂ ਦਾ ਵਰਤਾਰਾ ਪਿਛਲੀਆਂ
ਵਿਧਾਨ ਸਭਾ ਚੋਣਾਂ ਵਿਚ ਦੇਖਣ ਨੂੰ ਮਿਲਿਆ, ਉਸ ਨੇ ਇਹ ਵੀ ਸਾਬਤ ਕੀਤਾ ਕਿ ਸਿੱਧੂ
ਬੇਸ਼ੱਕ ਇਕ ਚੰਗਾ ਬੰਦਾ ਹੈ ਪਰ ਉਹ ਇਕ ਕਾਬਿਲ ਸਿਆਸਤਦਾਨ ਦਾ ਪ੍ਰਭਾਵ ਬਿਲਕੁਲ ਨਹੀਂ
ਬਣਾ ਸਕਿਆ।
ਹੁਣ ਦੇਖਣ ਵਾਲੀ ਗੱਲ ਹੈ ਕਿ ਇਕ ਪੁਰਾਣੇ ਕੇਸ ਵਿਚ ਸਿੱਧੂ ਦਾ
ਜੇਲ੍ਹ ਜਾਣਾ ਉਸ ਲਈ ਕੀ ਰੰਗ ਖਿੜਾਉਂਦਾ ਹੈ, ਕਿਉਂਕਿ ਇਸ ਦੌਰਾਨ ਉਸ ਕੋਲ ਆਤਮ
ਚਿੰਤਨ ਲਈ ਲੰਮਾ ਸਮਾਂ ਸੀ। ਵੇਖਣ ਵਾਲੀ ਗੱਲ ਹੋਵੇਗੀ ਕਿ ਇਸ ਦੌਰਾਨ ਉਹ ਆਪਣੀਆਂ
ਕਮਜ਼ੋਰੀਆਂ 'ਤੇ ਕਾਬੂ ਪਾਉਣ ਦੇ ਸਮਰੱਥ ਹੋਇਆ ਹੈ ਜਾਂ ਨਹੀਂ? ਉਸ ਦੀ ਸਭ ਤੋਂ ਵੱਡੀ
ਕਮਜ਼ੋਰੀ 'ਮੈਂ' ਹੈ, ਉਹ ਕਿਸੇ ਦੀ ਗੱਲ ਸੁਣਨ ਦੀ ਥਾਂ ਸਿਰਫ ਆਪਣੀ ਗੱਲ ਕਹਿਣ ਤੇ
ਠੀਕ ਸਮਝਣ ਨੂੰ ਹੀ ਵਧੇਰੇ ਤਰਜੀਹ ਦਿੰਦਾ ਰਿਹਾ ਹੈ। ਇਹ ਤਾਂ ਹੁਣ ਉਸ ਦੇ ਜੇਲ੍ਹ
ਤੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਵਲੋਂ ਚੁੱਕੇ ਜਾਣ ਵਾਲੇ ਕਦਮ ਹੀ ਦੱਸਣਗੇ ਕਿ ਉਸ
ਨੇ ਕੋਈ ਆਤਮ ਚਿੰਤਨ ਕੀਤਾ ਵੀ ਹੈ ਜਾਂ ਨਹੀਂ?
ਉਂਝ ਜਿਸ ਤਰ੍ਹਾਂ ਸਿੱਧੂ ਦੀ
ਰਿਹਾਈ 'ਤੇ ਉਨ੍ਹਾਂ ਦੇ ਸਵਾਗਤ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤੇ ਜਿਹੜੇ
ਨੇਤਾਵਾਂ ਵਲੋਂ ਇਹ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਤੋਂ ਤਾਂ ਇਹੀ
ਪ੍ਰਭਾਵ ਬਣਦਾ ਹੈ ਕਿ ਉਸ ਦੇ ਆਉਣ ਨਾਲ ਕਾਂਗਰਸ - ਜੋ ਪਹਿਲਾਂ ਹੀ ਕਾਫ਼ੀ ਬੁਰੀ
ਹਾਲਤ ਵਿਚ ਹੈ - ਦੀ ਧੜੇਬੰਦੀ ਹੋਰ ਤਿੱਖੀ ਹੋ ਸਕਦੀ ਹੈ।
ਹਾਲਾਂਕਿ ਇਕ ਵਾਰ
ਫਿਰ ਚਰਚਾ ਹੈ ਕਿ ਪ੍ਰਿਅੰਕਾ ਗਾਂਧੀ ਵਲੋਂ ਸਿੱਧੂ ਨੂੰ ਕੋਈ ਚਿੱਠੀ ਲਿਖ ਕੇ ਪੰਜਾਬ
ਕਾਂਗਰਸ ਵਿਚ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ। ਪਰ ਜਿਥੋਂ ਤੱਕ ਸਾਡੀ ਜਾਣਕਾਰੀ
ਹੈ ਉਸ ਅਨੁਸਾਰ ਇਸ ਵਿਚ ਤਾਂ ਕੋਈ ਸ਼ੱਕ ਨਹੀਂ ਕਿ ਸਿੱਧੂ ਦੀ ਪ੍ਰਿਅੰਕਾ ਗਾਂਧੀ ਨਾਲ
ਬਹੁਤ ਨੇੜਤਾ ਹੈ ਤੇ ਉਹ ਸਮੇਂ-ਸਮੇਂ ਸਿੱਧੂ ਦੇ ਹੱਕ ਵਿਚ ਸਟੈਂਡ ਵੀ
ਲੈਂਦੇ ਰਹੇ ਹਨ। ਪਰ ਇਸ ਦੇ ਬਾਵਜੂਦ ਸਿੱਧੂ ਦੇ ਜੇਲ੍ਹ ਤੋਂ ਬਾਹਰ ਆਉਂਦੇ ਸਾਰ ਹੀ
ਉਨ੍ਹਾਂ ਨੂੰ ਪੰਜਾਬ ਕਾਂਗਰਸ ਦਾ ਮੁਖੀ ਬਣਾ ਦੇਣਾ ਜਾਂ ਕੋਈ ਹੋਰ ਅਹਿਮ ਜ਼ਿੰਮੇਵਾਰੀ
ਦੇਣਾ ਸੰਭਵ ਨਹੀਂ ਹੋਵੇਗਾ। ਫਿਰ ਇਸ ਵੇਲੇ ਪ੍ਰਿਅੰਕਾ ਗਾਂਧੀ ਦੀ ਕਾਂਗਰਸ ਵਿਚ
ਪਹਿਲਾਂ ਵਾਲੀ ਪਕੜ ਨਹੀਂ ਰਹੀ ਕਿ ਉਹ ਹਰ ਠੀਕ-ਗ਼ਲਤ ਗੱਲ ਮਨਵਾ ਸਕਣ। ਸਾਡੇ ਸਾਹਮਣੇ
ਉਦਾਹਰਨ ਹੈ ਕਿ ਭਾਵੇਂ ਹਿਮਾਚਲ ਵਿਚ ਕਾਂਗਰਸ ਦੀ ਜਿੱਤ ਵਿਚ ਪ੍ਰਿਅੰਕਾ ਗਾਂਧੀ ਦਾ
ਕਾਫ਼ੀ ਜ਼ਿਆਦਾ ਰੋਲ ਸੀ ਪਰ ਮੁੱਖ ਮੰਤਰੀ ਚੁਣਨ ਦੇ ਮਾਮਲੇ ਵਿਚ ਉਨ੍ਹਾਂ ਦੀ ਨਹੀਂ
ਚੱਲੀ। ਦੂਸਰਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪੰਜਾਬ ਕਾਂਗਰਸ ਵਿਚ ਸਿੱਧੂ ਸਮਰਥਕਾਂ
ਨਾਲੋਂ ਸਿੱਧੂ ਵਿਰੋਧੀ ਜ਼ਿਆਦਾ ਭਾਰੂ ਹਨ ਤੇ ਉਨ੍ਹਾਂ ਨੂੰ ਕਾਹਲੀ ਵਿਚ ਪ੍ਰਧਾਨ
ਨਹੀਂ ਐਲਾਨਿਆ ਜਾ ਸਕਦਾ। ਜੇਕਰ ਉਨ੍ਹਾਂ ਨੂੰ ਪ੍ਰਧਾਨ ਬਣਾਉਣਾ ਵੀ ਹੋਇਆ ਤਾਂ ਵੀ
ਕਾਂਗਰਸ ਨੂੰ ਅਜਿਹਾ ਮਾਹੌਲ ਬਣਾਉਣ ਨੂੰ ਅਜੇ ਕਾਫ਼ੀ ਸਮਾਂ ਲੱਗੇਗਾ।
ਜਨਰਲ ਸਕੱਤਰ ਦੀ ਹੋਵੇਗੀ ਪੇਸ਼ਕਸ਼? ਸਾਡੀ ਜਾਣਕਾਰੀ
ਅਨੁਸਾਰ ਸਿੱਧੂ ਦੇ ਜੇਲ੍ਹ ਵਿਚੋਂ ਬਾਹਰ ਆਉਣ 'ਤੇ ਉਨ੍ਹਾਂ ਨੂੰ ਕਾਂਗਰਸ ਦਾ ਕੌਮੀ
ਜਨਰਲ ਸਕੱਤਰ ਬਣਨ ਦੀ ਪੇਸ਼ਕਸ਼ ਕੀਤੇ ਜਾਣ ਦੇ ਆਸਾਰ ਬਹੁਤ ਜ਼ਿਆਦਾ ਹਨ। ਹਾਲਾਂਕਿ
ਜ਼ਿਆਦਾ ਸੰਭਾਵਨਾ ਇਹੀ ਹੈ ਕਿ ਉਹ ਇਹ ਪੇਸ਼ਕਸ਼ ਠੁਕਰਾ ਦੇਣਗੇ ਅਤੇ ਪੰਜਾਬ ਵਿਚ ਕੰਮ
ਕਰਨ ਦੀ ਗੱਲ ਹੀ ਕਰਨਗੇ। ਜੇਕਰ ਉਹ ਇਹ ਪੇਸ਼ਕਸ਼ ਪ੍ਰਵਾਨ ਕਰ ਲੈਣ ਤਾਂ ਇਸ ਨਾਲ
ਉਨ੍ਹਾਂ ਦਾ ਕੱਦ ਤਾਂ ਵੱਡਾ ਹੋਵੇਗਾ ਹੀ ਤੇ ਉਹ ਕਾਂਗਰਸ ਪਾਰਟੀ ਲਈ ਲਾਭਦਾਇਕ ਵੀ
ਸਾਬਤ ਹੋਣਗੇ। ਜੇਕਰ ਉਹ ਕੌਮੀ ਬੁਲਾਰੇ ਵਜੋਂ ਦੇਸ਼ ਭਰ ਵਿਚ ਲੋਕ ਸਭਾ ਚੋਣਾਂ ਲਈ
ਕੌਮੀ ਲੀਡਰ ਵਜੋਂ ਪਾਰਟੀ ਲਈ ਕੰਮ ਕਰਨਗੇ, ਤਾਂ ਇਸ ਨਾਲ ਵੀ ਕਾਂਗਰਸ ਨੂੰ ਚੋਖਾ
ਸਿਆਸੀ ਲਾਭ ਮਿਲ ਸਰਕਦਾ ਹੈ।
ਇਸ ਸਮੇਂ ਕਾਂਗਰਸ ਦਾ ਨਿਸ਼ਾਨਾ 2024 ਦੀਆਂ
ਚੋਣਾਂ ਹਨ। ਇਸ ਲਈ ਉਨ੍ਹਾਂ ਨੂੰ 2024 ਦੀਆਂ ਚੋਣਾਂ ਲਈ ਕੰਮ ਕਰਨ ਲਈ ਕਹੇ ਜਾਣ ਦੇ
ਆਸਾਰ ਜ਼ਿਆਦਾ ਹਨ ਤੇ ਉਨ੍ਹਾਂ ਦੀ ਪਤਨੀ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ
ਖ਼ਿਲਾਫ਼ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਜਾਂ ਫਿਰ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ
ਲੜਨ ਲਈ ਕਿਹਾ ਜਾ ਸਕਦਾ ਹੈ।
ਸਿੱਧੂ ਦਾ 'ਪੰਜਾਬ ਏਜੰਡਾ'
ਇਸ ਵਿਚ ਕੋਈ ਸ਼ੱਕ ਨਹੀਂ ਕਿ ਨਵਜੋਤ ਸਿੰਘ ਸਿੱਧੂ ਦਾ ਆਪਣਾ ਇਕ ਵੱਖਰਾ 'ਪੰਜਾਬ
ਏਜੰਡਾ' ਹੈ ਜਿਸ ਵਿਚ ਪੰਜਾਬ ਵਿਚਲੇ ਕਈ ਮਾਫੀਆਵਾਂ ਨੂੰ ਨਕੇਲ ਪਾਉਣ ਤੇ
ਪੰਜਾਬ ਦੀ ਡੁੱਬਦੀ ਜਾ ਰਹੀ ਆਰਥਿਕਤਾ ਨੂੰ ਸੁਧਾਰਨ ਦੇ ਚੰਗੇ ਨੁਕਤੇ ਹਨ। ਜੇਕਰ ਇਹ
ਏਜੰਡਾ ਕਦੇ ਲਾਗੂ ਹੁੰਦਾ ਹੈ ਤਾਂ ਪੰਜਾਬ ਦਾ ਕਾਫ਼ੀ ਭਲਾ ਹੋ ਸਕਦਾ ਹੈ। ਪਰ ਸਿੱਧੂ
ਕੋਲ ਜਦੋਂ ਵੀ ਤਾਕਤ ਆਈ ਤਾਂ ਉਹ ਇਹ ਏਜੰਡਾ ਲਾਗੂ ਕਰਵਾਉਣ ਨੂੰ ਭੁੱਲ ਕੇ ਉਨ੍ਹਾਂ
ਹੀ ਲੋਕਾਂ ਨਾਲ ਬੈਠੇ ਨਜ਼ਰ ਆਏ, ਜਿਨ੍ਹਾਂ 'ਤੇ ਅਜਿਹੇ ਮਾਫ਼ੀਆਵਾਂ ਦੇ ਸਰਪ੍ਰਸਤ
ਹੋਣ ਦੇ ਇਲਜ਼ਾਮ ਲਗਦੇ ਰਹੇ।
ਹੁਣ ਵੀ ਹੈਰਾਨੀਜਨਕ ਤੌਰ 'ਤੇ ਉਨ੍ਹਾਂ ਦੀ
ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਨੇੜਤਾ ਚਰਚਾ ਵਿਚ ਹੈ। ਇਕ ਪਾਸੇ ਮੁੱਖ
ਮੰਤਰੀ ਮਾਨ ਲਈ ਵੀ ਆਉਣ ਵਾਲੇ ਦਿਨ ਕੋਈ ਬਹੁਤੇ ਚੰਗੇ ਨਜ਼ਰ ਨਹੀਂ ਆ ਰਹੇ, ਕਿਉਂਕਿ
ਦਿੱਲੀ ਤੇ ਅਰਵਿੰਦ ਕੇਜਰੀਵਾਲ ਦੇ ਬੰਦੇ ਜਿਸ ਤਰ੍ਹਾਂ ਪੰਜਾਬ ਪ੍ਰਸ਼ਾਸਨ ਵਿਚ ਦਖ਼ਲ
ਦੇ ਰਹੇ ਦੱਸੇ ਜਾਂਦੇ ਹਨ, ਉਸ ਤੋਂ ਨਹੀਂ ਜਾਪਦਾ ਕਿ ਭਗਵੰਤ ਮਾਨ ਬਹੁਤਾ ਸਮਾਂ ਉਸ
ਨੂੰ ਬਰਦਾਸ਼ਤ ਕਰਨਗੇ। ਪੰਜਾਬ ਦੇ ਕਈ ਮਾਮਲਿਆਂ ਵਿਚ ਟਕਰਾਅ ਦੀਆਂ ਸੰਭਾਵਨਾਵਾਂ
ਬਣਦੀਆਂ ਨਜ਼ਰ ਆ ਰਹੀਆਂ ਹਨ। ਇਸ ਲਈ ਭਾਵੇਂ ਅਜੇ ਹੁਣੇ ਹੀ ਨਹੀਂ ਪਰ ਆਉਣ ਵਾਲੇ
ਮਹੀਨਿਆਂ ਵਿਚ ਅਜਿਹੇ ਸਮੀਕਰਨ ਵੀ ਬਣ ਸਕਦੇ ਹਨ ਕਿ ਭਗਵੰਤ ਮਾਨ ਤੇ ਕੇਜਰੀਵਾਲ ਵਿਚ
ਟਕਰਾਅ ਪੈਦਾ ਹੋ ਜਾਏ। ਜੇਕਰ ਅਜਿਹਾ ਹੁੰਦਾ ਹੈ ਅਤੇ ਦੂਜੇ ਪਾਸੇ ਕਾਂਗਰਸ ਵਿਚ
ਨਵਜੋਤ ਸਿੰਘ ਸਿੱਧੂ ਨੂੰ ਮਨਮਰਜ਼ੀ ਕਰਨ ਦਾ ਮੌਕਾ ਨਹੀਂ ਮਿਲਦਾ ਤਾਂ ਅਜਿਹੀਆਂ
ਸੰਭਾਵਨਾਵਾਂ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮਾਨ ਤੇ ਸਿੱਧੂ ਦੀ ਨੇੜਤਾ
ਕੋਈ ਨਵਾਂ ਸ਼ਗੂਫ਼ਾ ਸਾਹਮਣੇ ਲੈ ਆਵੇ।
ਉਂਝ ਹਾਲ ਦੀ ਘੜੀ ਤਾਂ ਨਵਜੋਤ
ਸਿੰਘ ਸਿੱਧੂ ਦਾ ਹਾਲ ਸ਼ਉਜਾ ਖ਼ਾਵਰ ਦੇ ਇਸ ਸ਼ਿਅਰ ਵਰਗਾ ਹੀ ਹੈ :
ਕਯਾ ਮੁਨੱਜਿਮ ਸੇ ਕਰੇਂ ਹਮ ਅਪਨੇ ਮੁਸਤਕਬਿਲ ਕੀ ਬਾਤ, ਹਾਲ ਕੇ ਬਾਰੇ ਮੇਂ
ਹਮ ਕੋ ਕੌਣ ਸਾ ਮਾਲੂਮ ਹੈ।
(ਮੁਨੱਜਿਮ=ਜੋਤਸ਼ੀ) (ਮੁਸਤਕਬਿਲ=ਭਵਿੱਖ)
1044, ਗੁਰੂ ਨਾਨਕ ਸਟਰੀਟ ਸਮਰਾਲਾ ਰੋਡ,
ਖੰਨਾ-141401. ਮੋਬਾਈਲ : 92168-60000
hslall@ymail.com
|