ਯੇ
ਕਾਰੋਬਾਰ-ਏ-ਸਿਆਸਤ ਹੈ ਤੁਮ ਨ ਸਮਝੋਗੇ, ਹੂਆ ਹੈ ਮੁਝ ਕੋ ਬਹੁਤ ਫ਼ਾਇਦਾ ਖ਼ਸਾਰੇ
ਮੇ। ਸ਼ਾਇਰ 'ਸਾਬਿਰ' ਦੇ ਸ਼ਿਅਰ ਵਿਚ 'ਸਿਆਸਤ' ਦੀ ਥਾਂ
'ਤੇ ਲਫ਼ਜ਼ 'ਮੁਹੱਬਤ' ਸੀ, ਪਰ ਮੈਂ ਰਾਜਨੀਤੀ ਬਾਰੇ ਲਿਖ ਰਿਹਾ ਹਾਂ ਇਸ ਲਈ ਮੈਨੂੰ
ਮੁਹੱਬਤ ਦੀ ਥਾਂ ਸਿਆਸਤ ਲਿਖਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਵਲੋਂ
'ਭਾਰਤ' ਬਨਾਮ 'ਇੰਡੀਆ' ਵਿਵਾਦ ਛੇੜਨ ਦੀ ਸਿਆਸਤ ਦੇ ਸੰਦਰਭ ਨੂੰ ਵਿਚਾਰਨ ਲਈ ਲਿਖਣਾ
ਜ਼ਰੂਰੀ ਜਾਪਿਆ।
ਖ਼ੈਰ ਪ੍ਰਧਾਨ ਮੰਤਰੀ ਮੋਦੀ ਨੇ ਅਜੇ ਤੱਕ ਕਿਤੇ ਨਹੀਂ ਕਿਹਾ
ਕਿ ਉਹ 'ਇੰਡੀਆ' ਸ਼ਬਦ ਨੂੰ ਪ੍ਰਤੀਬੰਧਿਤ ਕਰਨ ਜਾ ਰਹੇ ਹਨ। ਬਸ ਉਨ੍ਹਾਂ ਨੇ ਏਨਾ ਹੀ
ਕੀਤਾ ਹੈ ਕਿ ਭਾਰਤ ਦੀ ਰਾਸ਼ਟਰਪਤੀ ਵਲੋਂ ਜੀ-20 ਦੇ ਸੱਦਾ ਪੱਤਰ ਵਿਚ ਅੰਗਰੇਜ਼ੀ ਵਿਚ
'ਪ੍ਰੈਜ਼ੀਡੈਂਟ ਆਫ਼ ਭਾਰਤ' ਲਿਖਵਾ ਦਿੱਤਾ ਅਤੇ ਉਸ ਤੋਂ ਬਾਅਦ ਇਸ ਵਿਵਾਦ ਨੂੰ ਹੋਰ
ਤਿੱਖਾ ਕਰਨ ਲਈ 20ਵੇਂ 'ਆਸੀਆਨ-ਇੰਡੀਆ' ਸਿਖ਼ਰ ਸੰਮੇਲਨ ਦੇ ਇਕ ਸੱਦਾ ਪੱਤਰ ਨੂੰ
ਭਾਜਪਾ ਦੇ ਪ੍ਰਮੁੱਖ ਬੁਲਾਰੇ 'ਸੰਬਿਤ ਪਾਤਰਾ' ਵਲੋਂ ਟਵੀਟ ਕਰ ਦਿੱਤਾ ਗਿਆ, ਜਿਸ
'ਤੇ ਅੰਗਰੇਜ਼ੀ ਵਿਚ ਹੀ 'ਦੀ ਪ੍ਰਾਈਮ ਮਨਿਸਟਰ ਆਫ਼ ਭਾਰਤ' ਲਿਖਿਆ ਹੋਇਆ
ਹੈ। ਅਸਲੀਅਤ ਇਹ ਹੈ ਕਿ ਜੇ ਇਹੀ ਗੱਲ ਹਿੰਦੀ ਵਿਚ ਲਿਖੀ ਹੁੰਦੀ ਤਾਂ ਕੋਈ
ਰੌਲਾ ਨਹੀਂ ਪੈਣਾ ਸੀ ਕਿਉਂਕਿ 'ਭਾਰਤ' ਤੇ 'ਇੰਡੀਆ' ਸੰਵਿਧਾਨ ਅਨੁਸਾਰ ਇਕ ਹੀ ਹਨ।
ਪਰ ਆਮ ਤੌਰ 'ਤੇ ਅੰਗਰੇਜ਼ੀ ਵਿਚ ਸਦਾ 'ਇੰਡੀਆ' ਤੇ ਹੋਰ ਭਾਰਤੀ ਭਾਸ਼ਾਵਾਂ ਵਿਚ
'ਭਾਰਤ' ਲਿਖਿਆ ਤੇ ਬੋਲਿਆ ਜਾਂਦਾ ਹੈ। ਪਰ ਇਸ ਤਰ੍ਹਾਂ ਜਾਪਦਾ ਹੈ ਕਿ ਅੰਗਰੇਜ਼ੀ
ਸੱਦਾ ਪੱਤਰਾਂ ਵਿਚ 'ਭਾਰਤ' ਲਿਖ ਕੇ ਜਾਣ-ਬੁੱਝ ਕੇ ਇਕ ਵਿਵਾਦ ਖੜ੍ਹਾ ਕਰਨ ਦੀ
ਕੋਸ਼ਿਸ਼ ਕੀਤੀ ਗਈ ਹੈ। ਫਿਰ ਇਸ ਲਈ ਸਮਾਂ ਵੀ ਉਹ ਚੁਣਿਆ ਗਿਆ ਹੈ, ਜਦੋਂ ਸੰਸਦ ਦਾ
ਵਿਸ਼ੇਸ਼ ਇਜਲਾਸ ਬੁਲਾਇਆ ਜਾ ਚੁੱਕਾ ਹੈ। ਪਰ ਉਸ ਦਾ ਏਜੰਡਾ ਕੀ ਹੈ, ਕਿਸੇ
ਨੂੰ ਪਤਾ ਨਹੀਂ। ਜਿਸ ਤੋਂ ਇਹ ਪ੍ਰਭਾਵ ਬਣ ਰਿਹਾ ਹੈ ਕਿ ਇਸ ਇਜਲਾਸ ਵਿਚ ਦੇਸ਼ ਦਾ
ਨਾਂਅ 'ਇੰਡੀਆ' ਅਤੇ 'ਭਾਰਤ' ਦੀ ਜਗ੍ਹਾ ਸਿਰਫ਼ 'ਭਾਰਤ' ਕਰ ਦਿੱਤਾ ਜਾਵੇਗਾ।
ਪਰ ਜਿਸ ਤਰ੍ਹਾਂ ਦੀ ਨਿਗਾਹ ਨਾਲ ਅਸੀਂ ਸਾਰੇ ਘਟਨਾਕ੍ਰਮ ਨੂੰ ਵਾਚ ਰਹੇ ਹਾਂ,
ਉਸ ਤੋਂ ਸਾਨੂੰ ਤਾਂ ਇਹ ਪ੍ਰਭਾਵ ਮਿਲਦਾ ਹੈ ਕਿ ਅਜੇ ਪ੍ਰਧਾਨ ਮੰਤਰੀ ਮੋਦੀ ਇਸ
ਵਿਸ਼ੇਸ਼ ਇਜਲਾਸ ਵਿਚ ਦੇਸ਼ ਦਾ ਨਾਂਅ ਸਿਰਫ਼ 'ਭਾਰਤ' ਰੱਖਣ ਦਾ ਕੋਈ ਮਤਾ ਨਹੀਂ
ਲਿਆਉਣਗੇ।
ਪਰ ਇਹ ਅਹਿਸਾਸ ਜ਼ਰੂਰ ਹੁੰਦਾ ਹੈ ਕਿ ਇਸ ਵਿਵਾਦ ਨੂੰ ਏਨੀ ਹਵਾ
ਦੇਣ ਪਿੱਛੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਜਾਂ ਭਾਜਪਾ ਦੀ ਕੋਈ ਡੂੰਘੀ ਰਾਜਨੀਤਕ ਚਾਲ
ਜ਼ਰੂਰ ਹੈ।
ਉਹ ਇਕ ਤੀਰ ਨਾਲ ਕਈ ਨਿਸ਼ਾਨੇ ਫੁੰਡਣ ਦੀ ਕੋਸ਼ਿਸ਼ ਕਰ ਰਹੇ ਜਾਪਦੇ
ਹਨ। ਪਹਿਲੀ ਕੋਸ਼ਿਸ਼ ਤਾਂ ਇਹ ਹੈ ਕਿ ਉਹ ਵਿਰੋਧੀ ਧਿਰ ਨੂੰ ਇਸ ਵਿਵਾਦ ਵਿਚ ਉਲਝਾਉਣ
ਵਿਚ ਸਫਲ ਰਹੇ ਹਨ ਤੇ ਉਹ ਉਨ੍ਹਾਂ ਨੂੰ 'ਇਕ ਦੇਸ਼-ਇਕ ਚੋਣ' ਦੇ ਵਿਰੋਧ ਵਿਚ ਹਵਾ
ਬਣਾਉਣ ਤੋਂ ਦੂਰ ਲੈ ਗਏ ਹਨ। ਗੌਰਤਲਬ ਹੈ ਕਿ ਜਿਸ ਤਰ੍ਹਾਂ ਦੇ ਸੰਕੇਤ ਮਿਲ ਰਹੇ ਹਨ,
ਉਨ੍ਹਾਂ ਅਨੁਸਾਰ ਆਉਂਦੀਆਂ 5 ਵਿਧਾਨ ਸਭਾਵਾਂ ਦੀਆਂ ਚੋਣਾਂ ਵਿਚ ਭਾਜਪਾ ਦੇ ਹਾਰਨ ਦੇ
ਆਸਾਰ ਜ਼ਿਆਦਾ ਜਾਪਦੇ ਹਨ। ਜੇਕਰ ਲੋਕ ਸਭਾ ਦੀਆਂ ਆਮ ਚੋਣਾਂ ਤੋਂ ਐਨ ਪਹਿਲਾਂ ਭਾਜਪਾ
ਰਾਜਾਂ ਦੀਆਂ ਚੋਣਾਂ ਹਾਰਦੀ ਹੈ ਤਾਂ ਇਸ ਦਾ ਬੁਰਾ ਅਸਰ ਲੋਕ ਸਭਾ 'ਤੇ ਪੈਣਾ ਯਕੀਨੀ
ਹੈ। ਇਸ ਲਈ ਜੇਕਰ ਭਾਜਪਾ 'ਇਕ ਦੇਸ਼ ਇਕ ਚੋਣ' ਦਾ ਕਾਨੂੰਨ ਬਣਾ ਕੇ ਇਨ੍ਹਾਂ ਅਤੇ ਕੁਝ
ਹੋਰ ਰਾਜਾਂ ਦੀਆਂ ਚੋਣਾਂ, ਲੋਕ ਸਭਾ ਚੋਣਾਂ ਦੇ ਨਾਲ ਕਰਵਾਉਣ ਵਿਚ ਸਫਲ ਹੋ ਜਾਂਦੀ
ਹੈ ਤਾਂ ਸਮਝੋ ਉਨ੍ਹਾਂ ਨੇ ਆਪਣੇ ਤੇ ਮੰਡਰਾ ਰਿਹਾ ਇਕ ਵੱਡਾ ਖ਼ਤਰਾ ਟਾਲਣ ਵਿਚ ਸਫਲਤਾ
ਹਾਸਲ ਕਰ ਲਈ ਹੈ।
ਦੂਸਰਾ ਇਸ ਬਹਿਸ ਨਾਲ ਭਾਜਪਾ 'ਇੰਡੀਆ' ਸ਼ਬਦ ਨੂੰ ਭਾਰਤੀ
ਮਾਨਸਿਕਤਾ ਖ਼ਾਸ ਕਰ ਹਿੰਦੂਤਵੀ ਮਾਨਸਿਕਤਾ ਜੋ ਭਾਜਪਾ ਦਾ ਕੋਰ ਵੋਟ ਬੈਂਕ
ਹੈ, ਵਿਚ ਗੁਲਾਮੀ ਦੇ ਪ੍ਰਾਇਵਾਚੀ ਸ਼ਬਦ ਵਜੋਂ ਪ੍ਰਚਾਰਨ ਦੀ ਕੋਸ਼ਿਸ਼ ਵਿਚ ਹੈ ਤਾਂ ਜੋ
ਵਿਰੋਧੀ ਧਿਰ ਦੇ ਗੱਠਜੋੜ ਲਈ ਸਿਰਜੇ 'ਇੰਡੀਆ' ਦੀ ਧਾਰ ਨੂੰ ਖੁੰਢਾ ਕੀਤਾ ਜਾ ਸਕੇ।
ਇਥੇ ਇਕ ਹੋਰ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਹਵਾ ਵਿਚ 'ਸਰਗੋਸ਼ੀਆਂ' ਹਨ ਕਿ
ਅੱਜਕਲ੍ਹ ਆਰ.ਐਸ.ਐਸ. ਮੋਦੀ-ਸ਼ਾਹ ਜੋੜੀ ਤੋਂ ਖ਼ੁਸ਼ ਨਹੀਂ ਹੈ। ਇਸ 'ਪਹਿਲ'
ਨੂੰ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਨੂੰ ਖ਼ੁਸ਼ ਕਰਨ ਦੀ ਇਕ ਚਾਲ ਵੀ
ਮੰਨਿਆ ਜਾ ਰਿਹਾ ਹੈ, ਕਿਉਂਕਿ ਸਮੇਂ-ਸਮੇਂ 'ਤੇ ਭਾਗਵਤ ਨੇ 'ਭਾਰਤ' ਸ਼ਬਦ ਨੂੰ ਤਰਜੀਹ
ਦੇਣ ਦੀ ਗੱਲ ਵੀ ਆਖੀ ਹੈ। ਪਰ ਕੁਝ ਲੋਕ ਇਸ ਨੂੰ ਇਸ ਤੋਂ ਵੀ ਅੱਗੇ ਦੀ ਚਾਲ ਸਮਝ
ਰਹੇ ਹਨ ਕਿ ਇਸ ਵਿਵਾਦ ਨਾਲ ਹਿੰਦੂਤਵਵਾਦੀ ਵੋਟ ਬੈਂਕ ਵਿਚ ਮੋਦੀ
ਆਪਣੇ-ਆਪ ਨੂੰ ਆਰ.ਐਸ.ਐਸ. ਅਤੇ ਮੋਹਨ ਭਾਗਵਤ ਤੋਂ ਵੀ ਵੱਡਾ
ਹਿੰਦੂ-ਪ੍ਰਸਤ ਸਾਬਤ ਕਰਨ ਵਿਚ ਸਫਲ ਹੋ ਸਕਦੇ ਹਨ।
ਇਸ ਨਾਲ ਪਹਿਲੀ ਗੱਲ
ਤਾਂ ਇਹ ਹੋ ਸਕਦੀ ਹੈ ਕਿ ਆਰ.ਐਸ.ਐਸ. ਮੋਦੀ ਦੀ ਹੀ ਹਮਾਇਤ ਕਰਨ ਲਈ
ਮਜਬੂਰ ਹੋ ਜਾਵੇਗੀ ਤੇ ਜੇ ਨਾ ਵੀ ਹੋਵੇ ਤਾਂ ਮੋਦੀ ਖ਼ੁਦ ਆਪਣੇ ਬਲਬੂਤੇ ਹੀ ਆਪਣੇ
ਕੋਰ ਵੋਟ ਬੈਂਕ ਨੂੰ ਆਪਣੇ ਤੋਂ ਬਦਜ਼ਨ ਹੋਣ ਤੋਂ ਰੋਕਣ ਵਿਚ ਸਫਲ ਹੋ
ਜਾਣਗੇ। ਵੈਸੇ ਇਹ ਕੋਸ਼ਿਸ਼ ਤੇ ਇਹ ਬਹਿਸ ਇਕ ਤਰ੍ਹਾਂ ਨਾਲ ਹਿੰਦੂ ਰਾਸ਼ਟਰ ਲਈ
ਕਤਾਰਬੰਦੀ ਕਰਨ ਦੀ ਕੋਸ਼ਿਸ਼ ਵੀ ਜਾਪਦੀ ਹੈ। ਪਰ ਇਸ ਬਹਿਸ ਜਾਂ ਵਿਵਾਦ ਦੇ ਸਿਰਫ਼ ਏਨੇ
ਹੀ ਅਰਥ ਨਹੀਂ ਹਨ, ਸਗੋਂ ਇਸ ਦੇ ਹੋਰ ਵੀ ਅਣਗਿਣਤ ਨਿਸ਼ਾਨੇ ਹੋਣਗੇ, ਜਿਨ੍ਹਾਂ ਵਿਚ
ਚੋਣਾਂ ਤੱਕ ਲੋਕਾਂ ਦਾ ਧਿਆਨ ਦੇਸ਼ ਦੇ ਅਸਲ ਮਸਲਿਆਂ ਤੋਂ ਹਟਾਉਣਾ, ਅਡਾਨੀ ਨੂੰ
ਬਚਾਉਣਾ, ਭ੍ਰਿਸ਼ਟਾਚਾਰ ਅਤੇ ਮਹਿੰਗੇ ਰੱਖਿਆ ਸੌਦਿਆਂ ਦੇ ਮਸਲਿਆਂ ਤੋਂ ਧਿਆਨ ਹਟਾਉਣਾ
ਵੀ ਇਸ ਦੇ ਮਕਸਦਾਂ ਵਿਚ ਸ਼ਾਮਿਲ ਹੋ ਸਕਦਾ ਹੈ। ਪਰ ਇਕ ਗੱਲ ਸਪੱਸ਼ਟ ਹੈ ਕਿ ਭਾਜਪਾ
ਵਿਰੋਧੀ ਧਿਰਾਂ ਦੀ ਏਕਤਾ ਤੋਂ ਆਪਣੀ ਘਬਰਾਹਟ ਛੁਪਾ ਸਕਣ ਵਿੱਚ ਸਫਲ ਨਹੀਂ ਹੋ ਰਹੀ।
ਭਾਰਤ ਦੇ ਨਾਵਾਂ ਦੀ ਦਾਸਤਾਨ 'ਇੰਡੀਆ', 'ਭਾਰਤ' ਤੇ
'ਹਿੰਦੋਸਤਾਨ' ਦੇ ਪ੍ਰਚੱਲਿਤ ਤਿੰਨ ਨਾਵਾਂ ਤੋਂ ਇਲਾਵਾ ਵੀ ਇਸ ਧਰਤੀ ਦੇ ਕਈ ਨਾਂਅ
ਪ੍ਰਚੱਲਿਤ ਰਹੇ ਹਨ, ਜਿਨ੍ਹਾਂ ਵਿਚ 'ਜੰਬੂਦੀਪ', 'ਭਾਰਤ ਵਰਸ਼', 'ਭਾਰਤ ਖੰਡ',
'ਆਰਿਆਵਰਤ', 'ਹਿੰਦ', 'ਅਲਹਿੰਦ', 'ਹਿੰਮਵਰਸ਼', 'ਅਜਨਾਭਵਰਸ਼', 'ਸਿੰਧੂ' ਅਤੇ ਹੋਰ
ਕੁਝ ਨਾਂਅ ਵੀ ਸ਼ਾਮਿਲ ਹਨ। ਹਿੰਦੁਸਤਾਨ, ਹਿੰਦ ਤੇ ਇੰਡੀਆ ਵਰਗੇ ਭੂਗੋਲਿਕ ਨਾਂਅ ਹਨ
ਜੋ ਵੱਖ-ਵੱਖ ਦੇਸ਼ਾਂ ਦੇ ਲੋਕਾਂ ਦੀ ਬੋਲਣ ਦੀ ਸਮਰੱਥਾ ਅਨੁਸਾਰ ਵੱਖ-ਵੱਖ ਹੋ ਗਏ।
ਫ਼ਾਰਸੀ ਲੋਕ 'ਸਿੰਧੂ' ਨੂੰ 'ਹਿੰਦੂ' ਬੋਲਦੇ ਸਨ ਤੇ ਯੂਰਪੀਨ 'ਇੰਡ' ਜੋ ਬਾਅਦ ਵਿਚ
'ਇੰਡਸ' ਹੋ ਗਿਆ, ਬੋਲਦੇ ਸਨ।
ਭਾਰਤ ਨਾਂਅ ਪਿੱਛੇ ਭਰਤ ਨਾਂਅ ਦੇ ਰਾਜਿਆਂ
ਦਾ ਜ਼ਿਕਰ ਵੀ ਹੁੰਦਾ ਹੈ। ਇਕ ਭਰਤ, ਰਾਜਾ ਦੁਸ਼ਯੰਤ ਤੇ ਸ਼ੰਕੁਤਲਾ ਦੇ ਬੇਟੇ ਸਨ, ਦੂਜਾ
ਸ੍ਰੀ ਰਾਮ ਦੇ ਭਰਾ ਭਰਤ ਅਤੇ ਤੀਜੇ ਭਰਤ ਚੱਕਰਵਰਤੀ ਦੱਸੇ ਜਾਂਦੇ ਹਨ। ਸਕੰਦ ਪੁਰਾਣ
ਅਨੁਸਾਰ ਭਰਤ ਚੱਕਰਵਰਤੀ ਪਹਿਲੇ ਜੈਨ ਤੀਰਥੰਕਰ ਰਿਸ਼ਭਦੇਵ ਦਾ ਪੁੱਤਰ ਸੀ। ਜਦੋਂ ਕਿ
ਜੰਬੂਦੀਪ ਮਿਥਿਹਾਸਕ ਭੁਗੋਲ ਅਨੁਸਾਰ ਹਿੰਦੂਕੁਸ਼ ਦੀਆਂ ਪਹਾੜੀਆਂ ਤੋਂ ਲੈ ਕੇ ਸਾਰਕ
ਤੇ ਆਸਿਆਨ ਦੇਸ਼ਾਂ ਤੱਕ ਫੈਲਿਆ ਹੋਇਆ ਸੀ, ਜਿਸ ਅਧੀਨ ਚੀਨ ਤੇ ਰੂਸ ਦੇ ਵੀ ਕਈ ਇਲਾਕੇ
ਆਉਂਦੇ ਸਨ। ਪਰ ਇਨ੍ਹਾਂ ਇਲਾਕਿਆਂ ਦੇ ਰਾਜਿਆਂ ਦੀਆਂ ਆਪਸੀ ਲੜਾਈਆਂ ਕਾਰਨ ਇਹ ਦੇਸ਼
ਸਿਮਟਦਾ ਗਿਆ।
ਇਕ ਦੇਸ਼-ਇਕ ਚੋਣ ਤੇ ਅਕਾਲੀ ਦਲ
ਹਾਲਾਂਕਿ 'ਇਕ ਦੇਸ਼-ਇਕ ਚੋਣ' ਸਪੱਸ਼ਟ ਰੂਪ ਵਿਚ ਸੰਘਾਤਮਿਕ ਢਾਂਚੇ ਨੂੰ ਕਮਜ਼ੋਰ ਕਰਨ
ਦਾ ਕੰਮ ਕਰੇਗੀ, ਪਰ 'ਅਕਾਲੀ ਦਲ' ਜੋ ਕਿਸੇ ਵੇਲੇ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ
ਰਾਜਨੀਤੀ ਦਾ ਮੋਹਰੀ ਹੁੰਦਾ ਸੀ, ਵਲੋਂ ਬਿਨਾਂ ਕਿਸੇ ਸੋਚ ਵਿਚਾਰ ਦੇ ਸਭ ਤੋਂ ਅੱਗੇ
ਹੋ ਕੇ, ਇਕ ਦੇਸ਼-ਇਕ ਚੋਣ ਦੇ ਹੱਕ 'ਚ ਖੜ੍ਹਨਾ ਹੈਰਾਨੀਜਨਕ ਹੈ। ਅਜਿਹਾ ਜਾਪਦਾ ਹੈ
ਕਿ ਅਕਾਲੀ ਦਲ ਭਾਵੇਂ ਉਪਰੋਂ-ਉਪਰੋਂ ਭਾਜਪਾ ਖਿਲਾਫ਼ ਜਿੰਨੀਆਂ ਮਰਜ਼ੀ ਬੜ੍ਹਕਾਂ ਮਾਰ
ਰਿਹਾ ਹੈ ਪਰ ਅਸਲ ਵਿਚ ਉਹ 2024 ਦੀਆਂ ਚੋਣਾਂ ਵਿਚ ਭਾਜਪਾ ਨਾਲ ਸਮਝੌਤਾ ਕਰਨ ਲਈ
ਤਰਲੋਮੱਛੀ ਹੋ ਰਿਹਾ ਹੈ। ਵਿਰੋਧ ਸਿਰਫ਼ ਛੋਟਾ ਜਾਂ ਵੱਡਾ ਭਰਾ ਬਣਨ ਦੀ ਲੜਾਈ ਵਿਚ
ਵੱਡਾ ਭਰਾ ਬਣੇ ਰਹਿਣ ਤੱਕ ਹੀ ਸੀਮਤ ਹੈ।
ਬਾਬ ਮਾਜ਼ੀ ਕੇ ਦੇਖੁ ਤੋ ਹੋ
ਸਰ ਬੁਲੰਦ, ਫ਼ਿਕਰ-ਏ-ਭਾਵੀ ਮਗਰ ਦਿਲ ਡਰਾਤਾ ਹੈ।
(ਲਾਲ ਫਿਰੋਜ਼ਪੁਰੀ)/span>..
ਭਾਵੇਂ ਮੇਰੇ
ਬੀਤ ਚੁੱਕੇ ਸਮੇਂ ਦਾ ਇਤਿਹਾਸ ਤਾਂ ਮੇਰਾ ਸਿਰ ਉੱਚਾ ਚੁੱਕਦਾ ਹੈ ਪਰ ਭਵਿੱਖ ਦਾ
ਫ਼ਿਕਰ ਡਰਾ ਰਿਹਾ ਹੈ।
ਵਿਦਿਆਰਥੀ ਚੋਣਾਂ ਤੇ ਰਾਜਨੀਤੀ
ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਵਿਚ ਪੰਜਾਬ ਦੀ ਰਾਜਨੀਤੀ ਦਾ ਭਵਿੱਖ ਦੇਖਿਆ ਜਾ
ਰਿਹਾ ਹੈ। ਕਾਂਗਰਸ ਨਾਲ ਸੰਬੰਧਿਤ ਐਨ.ਐਸ.ਯੂ.ਆਈ. ਦੇ ਜਤਿੰਦਰ ਸਿੰਘ ਦੇ
ਪ੍ਰਧਾਨ ਚੁਣੇ ਜਾਣ ਅਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਸੋਚ ਨਾਲ ਸੰਬੰਧਿਤ ਸੰਸਥਾ
ਸੱਥ ਦੀ ਰਮਣੀਕ ਕੌਰ ਦੇ ਮੀਤ ਪ੍ਰਧਾਨ ਚੁਣੇ ਜਾਣ ਨਾਲ 'ਆਪ' ਅਤੇ ਭਾਜਪਾ ਲਈ
ਰਾਜਨੀਤਕ ਖ਼ਤਰੇ ਦੀ ਘੰਟੀ ਵੱਜੀ ਹੈ। ਉਂਝ ਸੱਥ ਦੀ ਉਮੀਦਵਾਰ ਦਾ ਜਿੱਤਣਾ, ਪੰਜਾਬ ਲਈ
ਇਕ ਚੰਗਾ ਸ਼ਗਨ ਹੈ, ਜੋ ਪੰਜਾਬੀਆਂ ਵਿਚ ਇਨਸਾਫ਼ ਪਸੰਦ ਤਾਕਤਾਂ ਨੂੰ ਮਜ਼ਬੂਤੀ ਦੇਵੇਗਾ।
ਇਥੇ ਇਹ ਗੱਲ ਜ਼ਰੂਰ ਵਰਨਣਯੋਗ ਹੈ ਕਿ ਜਿੱਤਣ ਵਾਲੇ ਜਤਿੰਦਰ ਸਿੰਘ ਚੋਣ ਤੋਂ ਕੁਝ ਦਿਨ
ਪਹਿਲਾਂ ਤੱਕ ਭਾਜਪਾ ਦੀ ਏ.ਬੀ.ਵੀ.ਪੀ. ਨਾਲ ਜੁੜੇ ਹੋਏ ਸਨ।
ਤਨਮਨਜੀਤ ਸਿੰਘ ਢੇਸੀ ਦਾ ਉਭਾਰ ਬੇਸ਼ੱਕ ਭਾਰਤੀਆਂ ਨੂੰ
ਬਰਤਾਨੀਆ ਦੇ ਪ੍ਰਧਾਨ ਮੰਤਰੀ 'ਰਿਸ਼ੀ ਸੁਨਕ' ਦੇ ਭਾਰਤੀ ਮੂਲ ਦਾ ਹੋਣ 'ਤੇ ਮਾਣ ਹੈ
ਅਤੇ ਹੋਣਾ ਵੀ ਚਾਹੀਦਾ ਹੈ, ਪਰ ਜਿਸ ਤਰ੍ਹਾਂ ਦੀ ਚਰਚਾ ਸੁਣਾਈ ਦੇ ਰਹੀ ਹੈ, ਉਨ੍ਹਾਂ
ਅਨੁਸਾਰ ਇਸ ਵਾਰ ਬਰਤਾਨੀਆ ਵਿਚ ਵਿਰੋਧੀ ਪਾਰਟੀ 'ਲੇਬਰ ਪਾਰਟੀ' ਦੇ ਜਿੱਤਣ ਦੇ ਆਸਾਰ
ਹਨ।
ਬਰਤਾਨੀਆ ਵਿਚ ਮੁੱਖ ਵਿਰੋਧੀ ਪਾਰਟੀ ਸਰਕਾਰ ਦੇ ਮੰਤਰੀ ਮੰਡਲ ਦੇ
ਮੁਕਾਬਲੇ ਆਪਣੇ ਪਾਰਲੀਮੈਂਟ ਮੈਂਬਰਾਂ ਦਾ ਸ਼ੈਡੋ ਮੰਤਰੀ ਮੰਡਲ ਬਣਾਉਂਦੀ
ਹੈ ਜੋ ਆਪਣੇ-ਆਪਣੇ ਵਿਭਾਗਾਂ ਵਿਚ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ 'ਤੇ
ਨਿਗ੍ਹਾ ਰੱਖਦੇ ਹਨ। ਇਹ ਰਵਾਇਤ ਹੈ ਕਿ ਜਦੋਂ ਵਿਰੋਧੀ ਪਾਰਟੀ ਹਕੂਮਤ ਵਿਚ ਆਉਂਦੀ ਹੈ
ਤਾਂ ਉਹ ਆਮ ਤੌਰ 'ਤੇ ਆਪਣੇ ਸ਼ੈਡੋ ਮੰਤਰੀ ਨੂੰ ਹੀ ਉਸੇ ਵਿਭਾਗ ਦਾ ਮੰਤਰੀ
ਬਣਾ ਦਿੰਦੀ ਹੈ।
ਬਰਤਾਨੀਆ ਦੇ ਪਹਿਲੇ ਸਿੱਖ ਦਸਤਾਰਧਾਰੀ ਮੈਂਬਰ
ਪਾਰਲੀਮੈਂਟ 'ਢੇਸੀ' ਪਿੱਛੇ ਜਿਹੇ ਭਾਰਤ ਆਏ ਸਨ, ਉਸ ਵੇਲੇ ਉਹ ਰੇਲਵੇ ਦੇ ਸ਼ੈਡੋ
ਮੰਤਰੀ ਸਨ। ਪਰ ਭਾਰਤ ਵਿਚ ਉਨ੍ਹਾਂ ਨੂੰ ਅਣਗੌਲਿਆ ਹੀ ਨਹੀਂ ਕੀਤਾ ਗਿਆ ਸਗੋਂ ਕਿਸੇ
ਮਾਮੂਲੀ ਤਕਨੀਕੀ ਗ਼ਲਤੀ ਦੇ ਆਧਾਰ 'ਤੇ ਕਰੀਬ ਦੋ ਘੰਟੇ ਹਵਾਈ ਅੱਡੇ 'ਤੇ ਰੋਕਿਆ ਵੀ
ਗਿਆ। ਹੁਣ ਲੇਬਰ ਪਾਰਟੀ ਵਿਚ ਤਨਮਨਜੀਤ ਸਿੰਘ ਢੇਸੀ ਦਾ ਕੱਦ ਹੋਰ ਵੀ ਉੱਚਾ ਹੋ ਗਿਆ
ਹੈ ਤੇ ਉਨ੍ਹਾਂ ਨੂੰ ਸ਼ੈਡੋ ਖਜ਼ਾਨਾ ਮੰਤਰੀ ਬਣਾ ਦਿੱਤਾ ਗਿਆ ਹੈ।
ਭਾਵ ਜਿਵੇਂ ਦੇ ਅਸਾਰ ਹਨ, ਜੇਕਰ ਲੇਬਰ ਪਾਰਟੀ ਸੱਤਾ ਵਿਚ ਆਈ ਤਾਂ 'ਢੇਸੀ'
ਬਰਤਾਨੀਆ ਦੇ ਖਜ਼ਾਨਾ ਮੰਤਰੀ ਬਣ ਸਕਦੇ ਹਨ। ਅਜਿਹੀ ਸੰਭਾਵਨਾ ਵਾਲਾ ਨੇਤਾ ਜਦੋਂ ਭਾਰਤ
ਵਿਚ ਆਉਂਦਾ ਹੈ ਤਾਂ ਚਾਹੀਦਾ ਤਾਂ ਇਹ ਹੈ ਕਿ ਭਾਰਤ ਸਰਕਾਰ ਉਸ ਦੀ ਚੰਗੀ ਆਓ-ਭਗਤ
ਕਰੇ ਤੇ ਜਦੋਂ ਉਹ ਸੱਤਾ ਵਿਚ ਆਵੇ ਤਾਂ ਵਿਸ਼ਵ ਰਾਜਨੀਤੀ ਵਿਚ ਭਾਰਤ ਨੂੰ ਫਾਇਦਾ ਹੋ
ਸਕੇ, ਭਾਰਤ ਦੀ ਦੋਸਤੀ ਮਜ਼ਬੂਤ ਹੋ ਸਕੇ।
ਪਰ ਪਤਾ ਨਹੀਂ ਕਿਉਂ ਭਾਰਤ ਸਰਕਾਰ
ਇਨ੍ਹਾਂ ਗੱਲਾਂ ਦੀ ਪ੍ਰਵਾਹ ਨਹੀਂ ਕਰਦੀ। ਪਹਿਲਾਂ ਪੰਜਾਬੀਆਂ ਤੇ ਸਿੱਖਾਂ ਦੇ ਹਮਦਰਦ
ਸਮਝੇ ਜਾਂਦੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੀ ਕਾਫੀ ਅਣਗੌਲਿਆਂ
ਕੀਤਾ ਗਿਆ ਸੀ, ਜਿਸ ਕਾਰਨ ਭਾਰਤ, ਕੈਨੇਡੀਅਨ ਮੰਤਰੀ ਮੰਡਲ ਵਿਚ ਕਈ ਭਾਰਤੀ ਮੰਤਰੀ
ਹੋਣ ਦਾ ਭਾਰਤ-ਕੈਨੇਡਾ ਸੰਬੰਧਾਂ ਲਈ ਕੋਈ ਖਾਸ ਕੋਈ ਲਾਭ ਨਹੀਂ ਲੈ ਸਕਿਆ।
1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਫੋਨ: 92168-6000
|