ਇੱਕ
ਪਾਸੇ ਪੰਜਾਬੀ ਕੈਨੇਡਾ ਦੀ ਸੰਘੀ ਅਤੇ ਸੂਬਿਆਂ ਦੀਆਂ ਸਰਕਾਰਾਂ ਵਿੱਚ ਮੰਤਰੀਆਂ ਦੇ
ਅਹੁਦੇ ਪ੍ਰਾਪਤ ਕਰਕੇ ਸਫਲਤਾ ਦੇ ਝੰਡੇ ਗੱਡ ਰਹੇ ਹਨ, ਦੂਜੇ ਪਾਸੇ ਕੁਝ ਕਾਲੀਆਂ
ਭੇਡਾਂ ਗੱਡੀ ਚੋਰੀਆਂ, ਨਸ਼ਿਆਂ ਅਤੇ ਗ਼ੈਰ ਸਮਾਜੀ ਕਾਰਵਾਈਆਂ ਕਰਕੇ ਬਦਨਾਮੀ ਖੱਟ ਰਹੇ
ਹਨ। ਇਸ ਤੋਂ ਇਲਾਵਾ ਕੁਝ ਪੰਜਾਬੀ ਬਾਗਾਂ, ਖੇਤੀਬਾੜੀ, ਟਰਾਂਸਪੋਰਟ, ਹੋਟਲ ਕਾਰੋਬਾਰ
ਅਤੇ ਸੂਚਨਾ ਤਕਨੀਕ ਦੇ ਖੇਤਰ ਵਿੱਚ ਮੱਲਾਂ ਮਾਰ ਰਹੇ ਹਨ।
ਪੰਜਾਬੀਆਂ ਨੇ
ਕੈਨੇਡਾ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਵਿੱਚ ਵੱਡਾ ਯੋਗਦਾਨ ਪਾਇਆ ਹੈ। ਗ਼ੈਰ
ਕਾਨੂੰਨੀ ਕਾਰਵਾਈਆਂ ਕਰਨ ਵਾਲੇ ਮੁੱਠੀ ਭਰ ਪੰਜਾਬੀ ਨਾਮਣਾ ਖੱਟਣ ਵਾਲੇ ਪੰਜਾਬੀਆਂ
ਦੀ ਸਫਲਤਾ ‘ਤੇ ਸਵਾਲੀਆ ਚਿੰਨ੍ਹ ਲਗਾਉਣ ਦੀ ਕਸਰ ਨਹੀਂ ਛੱਡ ਰਹੇ। ਜੇਕਰ ਪੰਜਾਬੀਆਂ
ਨੂੰ ਬਦਨਾਮ ਕਰਨ ਵਾਲੇ ਸ਼ਰਾਰਤੀ ਅਨਸਰ ਆਪਣੀਆਂ ਕਾਰਵਾਈਆਂ ਤੋਂ ਬਾਜ ਨਾ ਆਏ ਤਾਂ ਹੋ
ਸਕਦਾ ਭਵਿਖ ਵਿੱਚ ਪੰਜਾਬੀਆਂ ਨੂੰ ਕੈਨੇਡਾ ਵਿੱਚ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਣ
ਲੱਗ ਪਵੇ।
ਪਪੰਜਾਬ ਦੀ ਨੌਜਵਾਨੀ ਪਿਛਲੇ 20 ਸਾਲਾਂ ਤੋਂ ਆਪਣੇ ਸੁਨਹਿਰੇ ਭਵਿਖ ਦੇ
ਸਪਨੇ ਸਿਰਜ ਕੇ ਵਹੀਰਾਂ ਘੱਤ ਕੇ ਪਰਵਾਸ ਵਿੱਚ ਪੜ੍ਹਾਈ ਅਤੇ ਰੋਜ਼ਗਾਰ ਲਈ ਜਾ ਰਹੀ
ਹੈ। ਇਕੱਲੇ ਕੈਨੇਡਾ ਵਿੱਚ ਹਰ ਸਾਲ ਲਗਪਗ ਇਕ ਲੱਖ ਵਿਦਿਆਰਥੀ ਪੜ੍ਹਾਈ ਲਈ ਜਾਂਦੇ
ਹਨ। ਪੜ੍ਹਾਈ ਤਾਂ ਉਨ੍ਹਾਂ ਦਾ ਬਹਾਨਾ ਹੁੰਦੀ ਹੈ, ਅਸਲ ਵਿੱਚ ਉਹ ਕੈਨੇਡਾ ਵਿੱਚ
ਰਿਹਾਇਸ਼ ਲਈ ਜਾਂਦੇ ਹਨ। ਇਸ ਤੋਂ ਇਲਾਵਾ ਕੈਨੇਡਾ ਸਰਕਾਰ ਵੱਲੋਂ ਵਰਕ ਪਰਮਿਟ
ਦੀ ਸਹੂਲਤ ਦੇ ਨਿਯਮਾਂ ਵਿੱਚ ਢਿਲ ਦੇਣ ਕਰਕੇ ਹੋਰ ਬਹੁਤ ਸਾਰੇ ਪੰਜਾਬੀ ਕੈਨੇਡਾ ਨੂੰ
ਜਾ ਰਹੇ ਹਨ।
2021 ਦੀ ਜਨਗਣਨਾ ਅਨੁਸਾਰ ਕੈਨੇਡਾ ਵਿੱਚ 10 ਲੱਖ ਪੰਜਾਬੀ
ਆਪਣੇ ਕਾਰੋਬਾਰ ਕਰ ਰਹੇ ਹਨ। ਜਦੋਂ ਵਿਦਿਆਰਥੀਆਂ ਦੇ ਪੜ੍ਹਾਈ ਲਈ ਵੀਜੇ ਲਗਦੇ ਹਨ
ਤਾਂ ਪਰਿਵਾਰ ਜਸ਼ਨ ਮਨਾਉਂਦੇ ਹਨ। ਪ੍ਰੰਤੂ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਵਿੱਚੋਂ
ਖ਼ਬਰਾਂ ਆ ਰਹੀਆਂ ਹਨ ਕਿ ਵਿਦਿਆਰਥੀ ਹੁਲੜਬਾਜੀਆਂ ਕਰਦੇ ਹਨ। ਉਥੋਂ ਦੇ ਕਾਨੂੰਨਾਂ
ਦੀਆਂ ਉਲੰਘਣਾਵਾਂ ਕਰਦੇ ਹਨ। ਇਸ ਤੋਂ ਵਧੇਰੇ ਚਿੰਤਾਜਨਕ ਗੱਲ ਹੈ ਕਿ ਟਰਾਂਟੋ ਪੁਲਿਸ
ਨੇ ਗੱਡੀਆਂ ਦੀਆਂ ਚੋਰੀਆਂ ਦੀ ਪੜਤਾਲ ਕਰਵਾਉਣ ਲਈ ਨਜ਼ਦੀਕ ਦੇ ਸ਼ਹਿਰਾਂ ਨਾਲ ਇਕ
ਸਾਂਝੀ ਪੜਤਾਲ ਕਮੇਟੀ ਬਣਾਈ ਗਈ। ਇਸ ਯੋਜਨਾ ਦਾ ਨਾਮ ‘ਪ੍ਰੋਜੈਕਟ ਸਟੈਲੀਓਨ’ ਰੱਖਿਆ
ਗਿਆ।
ਇਹ ਪੜਤਾਲ ਨਵੰਬਰ 2022 ਵਿੱਚ ਸ਼ੁਰੂ ਕੀਤੀ ਗਈ ਸੀ। ਜਦੋਂ ਪੁਲਿਸ
ਕੋਲ ਸਾਰੇ ਸਬੂਤ ਆ ਗਏ ਤਾਂ ਪੜਤਾਲ ਮੁਕੰਮਲ ਕਰਨ ਤੋਂ ਬਾਅਦ ਟਰਾਂਟੋ ਪੁਲਿਸ ਨੇ
ਦੱਸਿਆ ਹੈ ਕਿ ਉਨ੍ਹਾਂ ਗੱਡੀਆਂ ਦੇ 119 ਚੋਰ ਗਿ੍ਰਫ਼ਤਾਰ ਕੀਤੇ ਹਨ, ਜਿਨ੍ਹਾਂ ਕੋਲੋਂ
'27 ਮਿਲੀਅਨ ਡਾਲਰ' ਦੀ ਕੀਮਤ ਦੀਆਂ 556 ਚੋਰੀ ਦੀਆਂ ਗੱਡੀਆਂ ਬਰਾਮਦ ਕੀਤੀਆਂ ਹਨ।
ਇਨ੍ਹਾਂ 119 ਵਿਅਕਤੀਆਂ ਨੂੰ 314 ਚਾਰਜ ਕੀਤਾ ਗਿਆ ਹੈ। ਪੰਜਾਬੀਆਂ ਲਈ ਸ਼ਰਮ ਦੀ ਗੱਲ
ਹੈ ਕਿ ਇਨ੍ਹਾਂ ਗਿ੍ਰਫ਼ਤਾਰ ਕੀਤੇ ਗਏ 119 ਵਿਅਕਤੀਆਂ ਵਿੱਚ 60-70 ਪੰਜਾਬੀ ਸ਼ਾਮਲ
ਹਨ।
ਇਹ ਵਿਅਕਤੀ ਪੜ੍ਹੇ ਲਿਖੇ ਤਕਨੀਕੀ ਮਾਹਿਰ ਹਨ, ਜਿਹੜੇ ਗੱਡੀਆਂ ਚੋਰੀ
ਕਰਨ ਲਈ ਬਹੁਤ ਹੀ ਆਧੁਨਿਕ ਢੰਗ ਦੀ ਤਕਨੀਕ ਵਰਤਦੇ ਸਨ। ਇਨ੍ਹਾਂ ਬਰਾਮਦ ਕੀਤੀਆਂ
ਗੱਡੀਆਂ ਵਿੱਚ ਹਾਂਡਾ ਸੀ.ਆਰ.-ਵੀ.ਐਸ. ਅਤੇ ਫੋਰਡ ਐਫ਼-150 ਟਰੱਕ ਵੀ ਸ਼ਾਮਲ ਹਨ। ਉਹ
ਇਨ੍ਹਾਂ ਗੱਡੀਆਂ ਨੂੰ ਚੋਰੀ ਕਰਕੇ ਸਮੁੰਦਰੀ ਰਸਤੇ ਵਿਦੇਸ਼ਾਂ ਵਿੱਚ ਭੇਜ ਕੇ ਲਗਪਗ
ਦੁਗਣੀ ਕੀਮਤ ‘ਤੇ ਵੇਚਦੇ ਸਨ। 100 ਤੋਂ ਵੱਧ ਗੱਡੀਆਂ ਉਹ ਵੀ ਪਕੜੀਆਂ ਗਈਆਂ ਹਨ,
ਜਿਹੜੀਆਂ ਬਾਹਰ ਭੇਜਣ ਦੀ ਤਿਆਰੀ ਵਿੱਚ ਸਨ। ਸਮੁੱਚੇ ਕੈਨੇਡਾ ਵਿੱਚ ਗੱਡੀਆਂ ਚੋਰੀ
ਦੇ ਕੇਸ ਬਹੁਤ ਜ਼ਿਆਦਾ ਗਿਣਤੀ ਵਿੱਚ ਵਧ ਰਹੇ ਹਨ। ਇਕੱਲੇ ਮੌਂਟਰੀਅਲ ਵਿੱਚ 2022
ਵਿੱਚ 9591 ਗੱਡੀਆਂ ਚੋਰੀ ਹੋਈਆਂ ਸਨ। ‘ਇੰਸ਼ੋਰੈਂਸ ਬੋਰਡ ਆਡ ਕੈਨੇਡਾ’ ਅਨੁਸਾਰ
2018 ਵਿੱਚ ਚੋਰੀ ਹੋਈਆਂ ਗੱਡੀਆਂ ਦੇ ਮਾਲਕਾਂ ਨੂੰ '111 ਮਿਲੀਅਨ ਡਾਲਰ'
ਮੁਆਵਜਾ ਦਿੱਤਾ ਗਿਆ ਸੀ ਜਦੋਂ ਕਿ 2022 ਦੇ ਪਹਿਲੇ 9 ਮਹੀਨਿਆਂ ਵਿੱਚ 269
ਮਿਲੀਅਨ
ਡਾਲਰ ਮੁਆਵਜ਼ਾ ਦਿੱਤਾ ਜਾ ਚੁੱਕਾ ਹੈ।
ਕਰੋਨਾ ਦੌਰਾਨ ਕਾਰੋਬਾਰਾਂ ਦੇ ਠੱਪ
ਹੋਣ ਕਰਕੇ ਚੋਰੀ ਦੀਆਂ ਵਾਰਦਾਤਾਂ ਵਿੱਚ ਵਾਧਾ ਹੋਇਆ ਹੈ। ਚੋਰੀ ਦੀਆਂ
ਗੱਡੀਆਂ ਸਮੁੰਦਰੀ ਰਸਤੇ ਮਿਡਲ ਈਸਟ ਨੂੰ ਭੇਜੀਆਂ ਜਾਂਦੀਆਂ ਹਨ।
ਕੈਨੇਡਾ ਬਾਰਡਰ ਸਰਵਿਸਜ਼ ਏਜੰਸੀ ਸਮੁੰਦਰੀ ਬੰਦਰਗਾਹਾਂ ਰਾਹੀਂ
ਭੇਜੀਆਂ ਜਾਣ ਵਾਲੀਆਂ ਸਾਰੀਆਂ ਗ਼ੈਰ ਕਾਨੂੰਨੀ ਕਾਰਵਾਈਆਂ ਦੀ ਨਿਗਰਾਨੀ ਕਰਦੀ ਹੈ।
ਕੈਨੇਡਾ ਦੇ ਕਾਨੂੰਨ ਬੜੇ ਭੋਲੇ ਭਾਲੇ ਲੋਕਾਂ ਵਰਗੇ ਹਨ। ਜਦੋਂ ਕੋਈ ਚੋਰੀ ਕੀਤੀ
ਵਸਤੂ ਜਾਂ ਗੱਡੀ ਕਨਟੇਨਰ ਵਿੱਚ ਪਹੁੰਚ ਜਾਂਦੀ ਹੈ ਤਾਂ ਪੁਲਿਸ ਉਸ ‘ਤੇ
ਕੋਈ ਕਾਰਵਾਈ ਨਹੀਂ ਕਰ ਸਕਦੀ। ਕੈਨੇਡਾ ਵਿੱਚ ਸਭ ਤੋਂ ਵੱਧ ਚੋਰੀਆਂ ਟਰਾਂਟੋ ਅਤੇ ਉਸ
ਦੇ ਆਲੇ ਦੁਆਲੇ ਅਤੇ ਸਮੁੰਦਰੀ ਬੰਦਰਗਾਹਾਂ ਦੇ ਨਜ਼ਦੀਕ ਦੇ ਇਲਾਕਿਆਂ ਵਿੱਚੋਂ ਕਰਦੇ
ਹਨ। ਕਿਉਂਕਿ ਤੁਰੰਤ ਚੋਰ ਇਨ੍ਹਾਂ ਗੱਡੀਆਂ ਨੂੰ ਕਨਟੇਨਰਾਂ ਵਿੱਚ ਵਾੜ
ਦਿੰਦੇ ਹਨ। ਇਕੱਲੇ ਮੌਂਟਰੀਅਲ ਦੀ ਬੰਦਰਗਾਹ 30 ਕਿਲੋਮੀਟਰ ਦੇ ਇਲਾਕੇ ਵਿੱਚ ਹੈ,
ਜਿਥੋਂ ਹਰ ਸਾਲ 1.5 ਮਿਲੀਅਨ ਕਨਟੇਨਰ ਜਾਂਦੇ ਹਨ।
ਹੈਰਾਨੀ ਦੀ ਗੱਲ ਹੈ ਕਿ ਇਹ ਕਨਟੇਨਰ ਚੋਰੀ ਦੀਆਂ ਗੱਡੀਆਂ ਮਿਡਲ ਈਸਟ,
ਪਾਕਿਸਤਾਨ, ਘਾਨਾ, ਇਟਲੀ ਅਤੇ ਨਾਈਜੇਰੀਆ ਆਦਿ ਦੇਸ਼ਾਂ ਵਿੱਚ ਲਿਜਾਕੇ ਅਖ਼ਬਾਰਾਂ ਵਿੱਚ
ਇਸ਼ਤਿਹਾਰ ਦੇ ਕੇ ਇਹ ਗੱਡੀਆਂ ਵੇਚਦੇ ਹਨ।
ਕਿਸੇ ਸਮੇਂ ਪੰਜਾਬੀਆਂ ਨੇ
ਕੈਨੇਡਾ ਵਿੱਚ ਜਾ ਕੇ ਉਥੇ ਲੱਕੜ ਦੇ ਆਰਿਆਂ ਵਿੱਚ ਕੰਮ ਕਰਕੇ ਕੈਨੇਡਾ ਦੀ ਆਰਥਿਕਤਾ
ਨੂੰ ਹੁਲਾਰਾ ਦਿੱਤਾ ਸੀ ਅਤੇ ਆਪਣੇ ਪਰਿਵਾਰ ਪਾਲੇ ਸਨ। ਉਨ੍ਹਾਂ ਵਿੱਚੋਂ ਬਹੁਤ ਸਾਰੇ
ਪੰਜਾਬੀਆਂ ਨੇ ਆਪਣੇ ਕਾਰੋਬਾਰ ਸ਼ੁਰੂ ਕਰਕੇ ਨਾਮਣਾ ਖੱਟਿਆ ਸੀ। ਪ੍ਰੰਤੂ ਦੁੱਖ ਦੀ
ਗੱਲ ਹੈ ਕਿ ਅੱਜ ਦਿਨ ਕੁਝ ਕੁ ਕਾਲੀਆਂ ਭੇਡਾਂ ਸਮੁੱਚੇ ਪੰਜਾਬੀਆਂ ਦਾ
ਕੈਨੇਡਾ ਵਿੱਚ ਨਾਮ ਬਦਨਾਮ ਕਰ ਰਹੀਆਂ ਹਨ। ਪਿਛਲੇ ਕਈ ਸਾਲਾਂ ਤੋਂ ਪੰਜਾਬੀ ਨੌਜਵਾਨੀ
ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੀ ਹੈ। ਇਸ ਹਾਲਤ ਵਿੱਚੋਂ ਨਿਕਲਣ ਦੀ ਕੋਈ ਆਸ ਵੀ
ਬੱਝ ਨਹੀਂ ਰਹੀ। ਇਸ ਲਈ ਮਾਪਿਆਂ ਨੇ ਆਪਣੇ ਜਿਗਰ ਦੇ ਟੁਕੜੇ ਬੱਚਿਆਂ ਦੇ ਭਵਿਖ ਨੂੰ
ਬਚਾਉਣ ਲਈ ਉਨ੍ਹਾਂ ਨੂੰ ਪਰਵਾਸ ਵਿੱਚ ਪੜ੍ਹਾਈ ਦੇ ਬਹਾਨੇ ਕੈਨੇਡਾ, ਅਮਰੀਕਾ,
ਆਸਟਰੇਲੀਆ, ਨਿਊਜੀਲੈਂਡ ਆਦਿ ਦੇਸ਼ਾਂ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ ਸੀ। ਇਥੋਂ ਤੱਕ
ਕਿ ਖਾਂਦੇ ਪੀਂਦੇ ਸਮਰੱਥ ਪਰਿਵਾਰ ਵੀ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਲੱਗ ਪਏ ਹਨ।
ਪ੍ਰੰਤੂ ਪਰਨਾਲਾ ਉਥੇ ਦਾ ਉਥੇ ਵੀ ਉਹੋ ਹੈ। ਜਿਹੜਾ ਲਾਹੌਰ ਬੁੱਧੂ ਉਹ ਪਿਸ਼ੌਰ ਬੁੱਧੂ
ਦੀ ਕਹਾਵਤ ਅਨੁਸਾਰ ਚਲਦੇ ਹਨ।
ਪਿਆਰੇ ਨੌਜਵਾਨੋ/ਵਿਦਿਆਰਥੀਓ/ਪੰਜਾਬੀਓ
ਪੰਜਾਬ ਦੀ ਮਿੱਟੀ ਦੀ ਮਹਿਕ ਨੂੰ ਦਾਗ਼ ਨਾ ਲਗਾਓ। ਗੁਰੂਆਂ ਪੀਰਾਂ ਦੀ ਪਵਿਤਰ ਧਰਤੀ
ਦੇ ਜਾਇਓ ਪਰਵਾਸ ਵਿੱਚ ਜਾ ਕੇ ਪੰਜਾਬੀਅਤ ਦਾ ਝੰਡਾ ਬਰਦਾਰ ਬਣਨ ਦੀ ਥਾਂ ਉਨ੍ਹਾਂ ਦੇ
ਅਕਸ ਦਾਗ਼ਦਾਰ ਨਾ ਕਰੋ। ਕੁਝ ਸਾਲ ਪਹਿਲਾਂ ਕੈਨੇਡਾ ਵਿੱਚ ਪੰਜਾਬੀਆਂ ਦੀਆਂ ਨਸ਼ਿਆਂ ਦੇ
ਵਿਓਪਾਰ ਨਾਲ ਸੰਬਧਤ ਖ਼ਬਰਾਂ ਨੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਕਟਹਿਰੇ ਵਿੱਚ
ਖੜ੍ਹਾ ਕਰ ਦਿੱਤਾ ਸੀ। ਜਿਹੜੇ ਪੰਜਾਬੀ ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ਵਿਚ ਰਹਿ
ਰਹੇ ਹਨ, ਉਨ੍ਹਾਂ ਨੂੰ ਸ਼ਰਮਿੰਦਰੀ ਮਹਿਸੂਸ ਹੋ ਰਹੀ ਹੈ। ਸੰਸਾਰ ਦੇ
ਸਾਰੇ ਦੇਸ਼ਾਂ ਨਾਲੋਂ ਕੈਨੇਡਾ ਵਿੱਚ ਪੰਜਾਬੀ ਜ਼ਿਆਦਾ ਹਨ, ਕਿਉਂਕਿ ਕੈਨੇਡਾ ਦੀਆਂ
ਸਰਕਾਰਾਂ ਦੀਆਂ ਨੀਤੀਆਂ ਪੰਜਾਬੀ ਨੂੰ ਉਥੇ ਵਸਣ ਵਿੱਚ ਸਹਾਈ ਹੋ ਰਹੀਆਂ ਹਨ। ਪ੍ਰੰਤੂ
ਦੁੱਖ ਦੀ ਗੱਲ ਹੈ ਕਿ ਜਿਹੜੇ ਕੁਝ ਪੰਜਾਬੀਆਂ ਦੇ ਮਾਪੇ ਪੰਜਾਬ ਵਿੱਚ ਆਪ ਬੱਚਿਆਂ
ਨੂੰ ਸੰਭਾਲ ਨਹੀਂ ਸਕੇ, ਉਹ ਉਨ੍ਹਾਂ ਨੂੰ ਪਰਵਾਸ ਵਿੱਚ ਭੇਜ ਕੇ ਸੁਧਰ ਜਾਣ ਦੇ ਸਪਨੇ
ਸਿਰਜ ਰਹੇ ਹਨ। ਪ੍ਰੰਤੂ ਇਹ ਬਿਗੜੇ ਬੱਚੇ ਸਮੁੱਚੇ ਪੰਜਾਬੀਆਂ ਦੇ ਵਿਵਹਾਰ ‘ਤੇ
ਸਵਾਲੀਆ ਚਿੰਨ੍ਹ ਲਗਾ ਰਹੇ ਹਨ। ਅਜਿਹੇ ਪਰਿਵਾਰਾਂ ਦੇ ਬੱਚੇ ਬਾਹਰ ਜਾ ਕੇ ਵੀ ਮਿਹਨਤ
ਨਹੀਂ ਕਰਨਾ ਚਾਹੁੰਦੇ ਕਿਉਂਕਿ ਉਨ੍ਹਾਂ ਪੰਜਾਬ ਵਿੱਚ ਆਪਣੇ ਮਾਪਿਆਂ ਦੇ ਸਿਰ ‘ਤੇ
ਮੌਜਾਂ ਮਾਣਦਿਆਂ ਗ਼ੈਰ ਸਮਾਜਿਕ ਗਤੀਵਿਧੀਆਂ ਕੀਤੀਆਂ ਹਨ। ਗੱਡੀਆਂ ਦੀਆਂ ਚੋਰੀਆਂ ਕਰਨ
ਲਈ ਪਕੜੇ ਗਏ ਪੰਜਾਬੀਆਂ ਵਿੱਚ ਬਹੁਤੇ ਵਿਦਿਆਰਥੀ ਹਨ, ਜਿਹੜੇ ਪ੍ਰੋਫੈਸ਼ਨਲ
ਚੋਰਾਂ ਦੇ ਝਾਂਸੇ ਵਿੱਚ ਆ ਕੇ ਜ਼ਿੰਦਗੀ ਵਿੱਚ ਸਫਲ ਹੋਣ ਲਈ ਸ਼ਾਰਟ ਕੱਟ ਮਾਰਕੇ ਸਫਲਤਾ
ਪ੍ਰਾਪਤ ਕਰਨੀ ਚਾਹੁੰਦੇ ਹਨ। ਇਨ੍ਹਾਂ ਵਿਦਿਆਰਥੀਆਂ ਵਿੱਚੋਂ ਕੁਝ ਨੇ ਗੱਡੀਆਂ ਚੋਰੀ
ਕਰਨ ਦੀ ਥਾਂ ਗੱਡੀਆਂ ਵਿੱਚੋਂ ਸੌਖੇ ਤਰੀਕੇ ਨਾਲ ਉਨ੍ਹਾਂ ਦੇ ਮਹਿੰਗੇ ਹਿੱਸੇ ਪੁਰਜੇ
ਖਾਸ ਤੌਰ ‘ਤੇ ਕੈਟਾਲੀਟਿਕ ਕਨਵਰਟਰ ਚੋਰੀ ਕਰਨੇ ਸ਼ੁਰੂ ਕਰ ਦਿੱਤੇਹਨ।
ਪੁਲਿਸ ਨੇ ਚੋਰਾਂ ਕੋਲੋਂ ਅਜਿਹੇ 300 ਪੁਰਜੇ ਬਰਾਮਦ ਕੀਤੇ ਹਨ। ਜੇਕਰ
ਪੰਜਾਬੀਆਂ ਨੇ ਕੈਨੇਡਾ ਦੇ ਕਾਨੂੰਨਾ ਦੀ ਪਾਲਣਾ ਨਹੀਂ ਕਰਨੀ ਤਾਂ ਉਨ੍ਹਾਂ ਨੂੰ ਉਥੇ
ਜਾਣਾ ਹੀ ਨਹੀਂ ਚਾਹੀਦਾ। ਜੇ ਉਥੇ ਜਾਣਾ ਹੈ ਤਾਂ ਉਸ ਦੇਸ਼ ਦੇ ਨਿਯਮਾ ਦੀ ਪਾਲਣਾ
ਕਰਨੀ ਪਵੇਗੀ। ਉਨ੍ਹਾਂ ਨੂੰ ਕਿਹੜਾ ਕੈਨੇਡਾ ਸਰਕਾਰ ਆਪ ਸੱਦਾ ਦਿੰਦੀ ਹੈ। ਉਹ ਤਾਂ
ਖ਼ੁਦ ਆਪਣੇ ਸੁਨਹਿਰੇ ਭਵਿਖ ਲਈ ਪਰਵਾਸ ਵਿੱਚ ਜਾਂਦੇ ਹਨ ਪ੍ਰੰਤੂ ਜਲਦੀ ਅਮੀਰ ਬਣਨ ਲਈ
ਗ਼ੈਰ ਕਾਨੂੰਨੀ ਸਾਧਨਾ ਦੀ ਵਰਤੋਂ ਕਰਕੇ, ਉਹ ਆਪਣਾ ਭਵਿਖ ਖੁਦ ਗੰਧਲਾ ਕਰ ਲੈਂਦੇ ਹਨ।
ਇਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਕੈਨੇਡਾ ਦੀ ਪੁਲਿਸ ਐਵੇਂ ਨਹੀਂ ਕਿਸੇ
ਦੋਸ਼ੀ ਨੂੰ ਪਕੜਦੀ, ਸੂਚਨਾ ਮਿਲਣ ਤੋਂ ਬਾਅਦ ਪੂਰੀ ਨਿਗਾਹ ਰੱਖਦੀ ਹੈ, ਜਦੋਂ ਉਨ੍ਹਾਂ
ਕੋਲ ਪੂਰੇ ਸਬੂਤ ਹੁੰਦੇ ਹਨ ਫਿਰ ਉਨ੍ਹਾਂ ਨੂੰ ਪਕੜਦੀ ਹੈ। ਇਨ੍ਹਾਂ ਸਾਰਿਆਂ ਨੂੰ
ਪੁਲਿਸ ਨੇ ਚਾਰਜ ਵੀ ਕਰ ਦਿੱਤਾ ਹੈ। ਪੁਲਿਸ ਕੋਲ ਭਾਵੇਂ ਸਬੂਤ ਹੁੰਦੇ ਹਨ ਪ੍ਰੰਤੂ
ਜਿਤਨੀ ਦੇਰ ਸਜਾ ਨਹੀਂ ਹੋ ਜਾਂਦੀ, ਉਨ੍ਹਾਂ ਨੂੰ ਸ਼ੱਕੀ ਹੀ ਕਿਹਾ ਜਾਂਦਾ ਹੈ। ਇਹ
ਲੋਕ ਆਪਣਾ ਨੁਕਸਾਨ ਤਾਂ ਕਰਨਗੇ ਹੀ ਪ੍ਰੰਤੂ ਜਿਹੜੇ ਪੰਜਾਬੀ ਕੈਨੇਡਾ ਜਾਣਾ ਚਾਹੁੰਦੇ
ਹਨ, ਉਨ੍ਹਾਂ ਨੂੰ ਵੀ ਸ਼ੱਕੀ ਨਿਗਾਹ ਨਾਲ ਵੇਖਿਆ ਜਾਵੇਗਾ। ਹੋ ਸਕਦਾ ਕੈਨੇਡਾ ਸਰਕਾਰ
ਪਰਵਾਸ ਵਿੱਚ ਸੈਟਲ ਹੋਣ ਲਈ ਕਾਨੂੰਨ ਹੋਰ ਸਖ਼ਤ ਕਰ ਦੇਵੇ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072 ujagarsingh48@yahoo.com
|