ਆਂਗਨ
ਆਂਗਨ ਖ਼ੂਨ ਕੇ ਛੀਂਟੇ ਚਿਹਰਾ ਚਿਹਰਾ ਬੇ-ਚਿਹਰਾ ਕਿਸ ਕਿਸ ਘਰ ਕਾ ਜ਼ਿਕਰ ਕਰੂੰ
ਮੈਂ ਕਿਸ ਕਿਸ ਕੇ ਸਦਮਾਤ ਲਿਖੂੰ?
'ਉਬੇਦੁਰ ਰਹਿਮਾਨ' ਦਾ
ਇਹ ਸ਼ਿਅਰ 'ਨੂਹ' ਅਤੇ 'ਗੁਰੂਗ੍ਰਾਮ' ਵਿਚ ਹੋਏ ਦੰਗਿਆਂ ਪ੍ਰਤੀ ਲਿਖਣ ਲੱਗਿਆਂ ਮੇਰੇ
ਮਨ ਦੀ ਹਾਲਤ ਨੂੰ ਬਿਆਨ ਕਰ ਰਿਹਾ ਹੈ। ਇਹ ਦੰਗੇ ਦੇਸ਼ ਦੀ ਰੂਹ 'ਤੇ ਬਦਨੁਮਾ ਦਾਗ਼
ਹਨ। ਇਨ੍ਹਾਂ ਦੰਗਿਆਂ ਨੂੰ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਇਹ
ਸ਼ੁਕਰ ਦੀ ਗੱਲ ਹੈ ਕਿ ਇਨ੍ਹਾਂ ਦੰਗਿਆਂ ਵਿਚ 6 ਮਨੁੱਖੀ ਜਾਨਾਂ ਹੀ ਗਈਆਂ ਹਨ, ਪਰ
ਜਿਸ ਤਰ੍ਹਾਂ ਪੁਲਿਸ ਨਾਕਾਮ ਦਿਖਾਈ ਦੇ ਰਹੀ ਹੈ, ਜਿਸ ਤਰ੍ਹਾਂ ਦੀ ਹਾਲਤ ਮੌਕੇ ਤੋਂ
ਆਈਆਂ ਵੀਡੀਓਜ਼ ਵਿਚ ਦਿਖਾਈ ਦੇ ਰਹੀ ਹੈ, ਉਸ ਅਨੁਸਾਰ ਤਾਂ ਇਹ ਗਿਣਤੀ ਜੇ
2 ਜਾਂ ਤਿੰਨ ਅੱਖਰਾਂ ਵਿਚ ਵੀ ਪੁੱਜ ਜਾਂਦੀ ਤਦ ਵੀ ਰੋਕਣ ਵਾਲਾ ਕੋਈ ਨਹੀਂ ਸੀ।
ਇਨਸਾਨ ਹੱਥੋਂ ਜਿਸ ਤਰ੍ਹਾਂ ਇਕ ਵੀ ਇਨਸਾਨ ਦਾ ਮਰਨਾ ਦੁਖਦਾਈ ਹੈ। ਸਿਰਫ਼ ਇਸ ਲਈ
ਇਨਸਾਨੀ ਖ਼ੂਨ ਵਹਾ ਦੇਣਾ ਕਿ ਸਾਡੀ ਪੂਜਾ ਪੱਧਤੀ ਵੱਖੋ-ਵੱਖਰੀ ਹੈ, ਸੱਚਮੁੱਚ ਹੀ
ਬਹੁਤ ਅਫ਼ਸੋਸਨਾਕ ਹੈ। ਕੁਝ ਲੋਕ ਇਹ ਦੋਸ਼ ਵੀ ਲਗਾ ਰਹੇ ਹਨ ਕਿ ਇਹ ਦੰਗੇ ਤਾਂ
ਆਉਂਦੀਆਂ 'ਵਿਧਾਨ ਸਭਾ' ਅਤੇ 'ਲੋਕ ਸਭਾ' ਚੋਣਾਂ ਲਈ ਧਰੁਵੀਕਰਨ ਨੂੰ ਮਜ਼ਬੂਤ ਕਰਨ ਲਈ
ਕੀਤੀ ਇਕ ਸਾਜਿਸ਼ ਦਾ ਪ੍ਰਯੋਗ ਹਨ, ਜੋ ਬੁਰੀ ਤਰ੍ਹਾਂ ਫੇਲ੍ਹ ਹੋਇਆ ਹੈ। ਕਿਉਂਕਿ ਇਸ
ਵਾਰ ਬਹੁਗਿਣਤੀ ਸਮਾਜ ਦੇ ਕੁਝ ਹਿੱਸੇ ਇਨ੍ਹਾਂ ਦੰਗਿਆਂ ਤੋਂ ਪੂਰੀ ਤਰ੍ਹਾਂ ਦੂਰ ਹੀ
ਰਹੇ ਹਨ। ਹਾਲਾਂਕਿ ਇਨ੍ਹਾਂ ਇਲਜ਼ਾਮਾਂ ਵਿਚ ਕਿੰਨੀ ਸਚਾਈ ਹੈ ਇਹ ਤਾਂ ਵਕਤ ਅਤੇ ਜਾਂਚ
ਹੀ ਤੈਅ ਕਰੇਗੀ। ਪਰ ਇਨ੍ਹਾਂ ਦੰਗਿਆਂ ਲਈ ਕੌਣ ਜ਼ਿੰਮੇਵਾਰ ਹੈ? ਇਹ ਦੰਗੇ ਕਿਵੇਂ
ਹੋਏ? ਇਸ ਦਾ ਪੂਰਾ ਸੱਚ ਤਾਂ ਕਿਸੇ ਨਿਰਪੱਖ ਜਾਂਚ ਤੋਂ ਬਾਅਦ ਹੀ ਸਾਹਮਣੇ ਆਏਗਾ ਪਰ
ਇਕ ਗੱਲ ਸਾਫ਼ ਨਜ਼ਰ ਆਈ ਹੈ ਕਿ ਇਸ ਦੰਗੇ ਦੀ ਨੀਂਹ ਉਸ ਵੇਲੇ ਹੀ ਰੱਖੀ ਗਈ ਸੀ, ਜਦੋਂ
ਯਾਤਰਾ ਤੋਂ 2 ਦਿਨ ਪਹਿਲਾਂ ਇਕ ਮੁਸਲਮਾਨ ਵਾਰਿਸ ਦੀ ਮੌਤ ਲਈ ਪਰਿਵਾਰ ਵਲੋਂ
ਜ਼ਿੰਮੇਵਾਰ ਠਹਿਰਾਉਣ ਅਤੇ 2 ਹੋਰ ਮੁਸਲਮਾਨਾਂ 'ਨਾਸਿਰ' ਤੇ 'ਜੂਨੈਦ' ਜਿਨ੍ਹਾਂ ਦੀਆਂ
ਲਾਸ਼ਾਂ ਹਰਿਆਣਾ ਦੇ ਭਵਾਨੀ ਵਿਚ ਸੜੀਆਂ ਹੋਈਆਂ ਮਿਲੀਆਂ ਸਨ, ਦੇ ਮਾਮਲੇ ਵਿਚ
ਰਾਜਸਥਾਨ ਪੁਲਿਸ ਵਲੋਂ ਦੋਸ਼ੀ ਬਣਾਏ ਗਏ 'ਮੋਹਿਤ ਯਾਦਵ' ਉਰਫ਼ 'ਮੋਨੂੰ ਮਾਨੇਸਰ' ਨੇ
ਇਕ ਵੀਡੀਓ ਪਾਈ ਕਿ ਉਹ ਆਪਣੀ ਟੀਮ ਨਾਲ ਇਸ ਯਾਤਰਾ ਵਿਚ ਸ਼ਾਮਿਲ ਹੋ ਰਿਹਾ ਹੈ। ਇੱਥੇ
ਨੋਟ ਕਰਨ ਵਾਲੀ ਗੱਲ ਇਹ ਹੈ ਕਿ ਵਾਰਿਸ ਦੀ ਮੌਤ ਨੂੰ ਪੁਲਿਸ ਨੇ ਹਾਦਸੇ ਵਿਚ ਹੋਈ
ਮੌਤ ਗਰਦਾਨਿਆ ਸੀ।
ਮੋਨੂੰ ਮਾਨੇਸਰ ਮੁਸਲਮਾਨਾਂ ਦੀਆਂ ਅੱਖਾਂ ਵਿਚ ਪਹਿਲਾਂ
ਹੀ ਰੜਕਦਾ ਸੀ, ਇਸ ਲਈ ਉਸ ਦੀ ਵੀਡੀਓ ਦੇ ਜਵਾਬ ਵਿਚ ਪੋਸਟਾਂ ਪਾਈਆਂ ਗਈਆਂ,
ਜਿਨ੍ਹਾਂ ਤੋਂ ਤਣਾਅ ਸਾਫ਼ ਪ੍ਰਗਟ ਹੁੰਦਾ ਸੀ। ਮੋਨੂੰ ਮਾਨੇਸਰ 'ਬਜਰੰਗ ਦਲ' ਨਾਲ
ਜੁੜਿਆ ਹੋਇਆ ਹੈ ਅਤੇ 'ਗਊ-ਰੱਖਿਆ ਟਾਸਕ ਫੋਰਸ' ਦਾ ਪ੍ਰਮੁੱਖ ਨੇਤਾ ਹੈ। ਇਸ ਤੋਂ
ਇਲਾਵਾ ਸੀ.ਆਈ.ਡੀ. ਦੇ 'ਇੰਸਪੈਕਟਰ' ਵਿਸ਼ਵਜੀਤ ਨੇ ਵੀ ਇੰਕਸ਼ਾਫ਼ ਕੀਤਾ ਹੈ
ਕਿ ਸੀ.ਆਈ.ਡੀ. ਨੇ ਹਫ਼ਤਾ-10 ਦਿਨ ਪਹਿਲਾਂ ਹੀ ਸਰਕਾਰ ਨੂੰ (ਨੂਹ ਵਿਚ ਹੋ
ਸਕਦੀ ਹਿੰਸਾ ਬਾਰੇ) ਖੁਫੀਆ ਜਾਣਕਾਰੀ ਭੇਜ ਦਿੱਤੀ ਸੀ। ਸਾਫ਼ ਸਪੱਸ਼ਟ ਹੈ ਕਿ ਪ੍ਰਸ਼ਾਸਨ
ਅਤੇ ਪੁਲਿਸ ਫੇਲ੍ਹ ਹੋਈ ਹੈ। ਇੱਥੇ ਗੌਰਤਲਬ ਹੈ ਕਿ ਹਰਿਆਣਾ ਦੇ ਉਪ ਮੁੱਖ ਮੰਤਰੀ
ਦੁਸ਼ਅੰਤ ਚੌਟਾਲਾ ਨੇ ਮੰਨਿਆ ਹੈ ਕਿ ਜੇ ਇਹ ਯਾਤਰਾ ਚੌਥੇ ਸਾਲ ਨਿਕਲ ਰਹੀ ਸੀ ਤਾਂ ਵੀ
ਪੁਲਿਸ ਦੇ ਬਿਹਤਰ ਇੰਤਜ਼ਾਮ ਨਹੀਂ ਸਨ।
ਪਰ ਕੇਂਦਰੀ ਮੰਤਰੀ ਅਤੇ ਦੰਗਿਆਂ ਤੋਂ
ਪ੍ਰਭਾਵਿਤ ਇਲਾਕੇ ਗੁਰੂਗ੍ਰਾਮ ਦੇ ਐਮ.ਪੀ. ਰਾਓ ਇੰਦਰਜੀਤ ਸਿੰਘ ਨੇ ਜੋ
ਸਵਾਲ ਪੁੱਛਿਆ ਹੈ, ਉਹ ਬਹੁਤ ਹੀ ਮਹੱਤਵਪੂਰਨ ਹੈ। ਉਨ੍ਹਾਂ ਪੁੱਛਿਆ, 'ਕਿਸ ਨੇ
ਹਥਿਆਰ ਦਿੱਤੇ ਉਨ੍ਹਾਂ ਨੂੰ ਇਸ ਜਲੂਸ ਵਿਚ ਲੈ ਜਾਣ ਲਈ? ਜਲੂਸ ਵਿਚ ਕੋਈ ਤਲਵਾਰਾਂ
ਲੈ ਕੇ ਜਾਂਦਾ ਹੈ? ਫਿਰ ਡਿਪਟੀ ਕਮਿਸ਼ਨਰ ਪ੍ਰਸ਼ਾਂਤ ਪਵਾਰ ਨੇ ਕਿਹਾ ਹੈ ਕਿ
ਜਦੋਂ ਪੁਲਿਸ ਨੇ ਯਾਤਰਾ ਦੀ ਮਨਜ਼ੂਰੀ ਦਿੱਤੀ ਸੀ ਤਾਂ ਸਖ਼ਤੀ ਨਾਲ ਕਿਹਾ ਸੀ ਕਿ ਯਾਤਰਾ
ਦੌਰਾਨ ਇਕ ਵੀ ਹਥਿਆਰ ਨਹੀਂ ਹੋਣਾ ਚਾਹੀਦਾ। ਇਸ ਦਾ ਇਹ ਮਤਲਬ ਸਾਫ਼-ਸਾਫ਼ ਨਿਕਲਦਾ ਹੈ
ਕਿ ਪੁਲਿਸ ਨੂੰ ਪਹਿਲਾਂ ਹੀ ਤਣਾਅ ਦੀ ਸ਼ੰਕਾ ਤਾਂ ਸੀ ਪਰ ਇੰਤਜ਼ਾਮ ਅਧੂਰੇ ਸਨ।
ਖ਼ੁਸ਼ੀ ਦੀ ਗੱਲ ਹੈ ਕਿ ਸੁਪਰੀਮ ਕੋਰਟ ਨੇ ਜਿੱਥੇ 'ਵਿਸ਼ਵ ਹਿੰਦੂ
ਪ੍ਰੀਸ਼ਦ' ਨੂੰ ਰੈਲੀਆਂ ਕਰਨ ਤੋਂ ਨਹੀਂ ਰੋਕਿਆ, ਉੱਥੇ ਇਹ ਸਾਫ਼ ਹਿਦਾਇਤਾਂ
ਦਿੱਤੀਆਂ ਹਨ ਕਿ ਰੈਲੀਆਂ ਵਿਚ ਕਿਸੇ ਤਰ੍ਹਾਂ ਦੀ ਹਿੰਸਾ ਨਾ ਹੋਵੇ, ਕੋਈ
ਵੀ ਭੜਕਾਊ ਬਿਆਨ ਨਾ ਦਿੱਤਾ ਜਾਵੇ, ਸੀ.ਸੀ.ਟੀ.ਵੀ. ਕੈਮਰੇ ਲਾਏ ਜਾਣ ਤਾਂ
ਕਿ ਹੁੱਲੜ ਮਚਾਉਣ ਵਾਲਿਆਂ ਨੂੰ ਰਿਕਾਰਡ ਕੀਤਾ ਜਾ ਸਕੇ। ਹੁਣ ਦੇਖਣ ਵਾਲੀ ਗੱਲ ਤਾਂ
ਇਹ ਹੈ ਕਿ ਦਿੱਲੀ ਤੇ ਹਰਿਆਣਾ ਸਰਕਾਰ ਅਤੇ ਪੁਲਿਸ ਇਨ੍ਹਾਂ ਹੁਕਮਾਂ 'ਤੇ ਕਿੰਨਾ ਕੁ
ਅਮਲ ਕਰਦੀ ਹੈ?
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਬਿਆਨ ਹੈ
ਕਿ ਮੈਂ ਕਿਸੇ ਵੀ ਕੀਮਤ 'ਤੇ ਪ੍ਰਦੇਸ਼ ਦੀ ਸ਼ਾਂਤੀ ਤੇ ਸੰਪਰਦਾਇਕ ਸਦਭਾਵਨਾ ਨੂੰ
ਵਿਗੜਨ ਨਹੀਂ ਦੇਵਾਂਗਾ। ਨੂਹ ਦੀ ਘਟਨਾ ਦੇ ਹਰ ਅਪਰਾਧੀ ਨੂੰ ਕਾਨੂੰਨ ਰਾਹੀਂ ਉਸ ਦੇ
ਅੰਜਾਮ ਤੱਕ ਪਹੁੰਚਾਇਆ ਜਾਵੇਗਾ ਅਤੇ ਉੱਥੇ ਹੋਏ ਨੁਕਸਾਨ ਦੀ ਭਰਪਾਈ ਦੰਗਾਈਆਂ ਤੋਂ
ਹੀ ਹੋਵੇਗੀ। ਉਨ੍ਹਾਂ ਤੋਂ ਵਸੂਲੀ ਵੀ ਕਰਵਾਈ ਜਾਵੇਗੀ, ਸ਼ਲਾਘਾਯੋਗ ਤਾਂ ਹੈ ਪਰ ਇਹ
ਦੇਖਣ ਵਾਲੀ ਗੱਲ ਹੈ ਕਿ ਕੀ ਇਹ ਕਾਰਵਾਈ ਦੋਵਾਂ ਧਿਰਾਂ ਦੇ ਦੋਸ਼ੀਆਂ 'ਤੇ ਸਮਾਨ ਰੂਪ
ਵਿਚ ਹੁੰਦੀ ਹੈ ਕਿ ਨਹੀਂ। ਕਾਰਵਾਈ ਨੂਹ ਦੇ ਨਾਲ-ਨਾਲ ਗੁਰੂਗ੍ਰਾਮ ਦੇ ਦੰਗਾਈਆਂ 'ਤੇ
ਵੀ ਉਸੇ ਤਰ੍ਹਾਂ ਹੋਣੀ ਚਾਹੀਦੀ ਹੈ, ਨਹੀਂ ਤਾਂ ਇਹ ਸੰਪਰਦਾਇਕ ਸਦਭਾਵਨਾ ਨੂੰ ਹੋਰ
ਖਰਾਬ ਕਰੇਗੀ। ਗੌਰਤਲਬ ਹੈ ਕਿ ਇਸ ਮਾਮਲੇ ਵਿਚ ਹੋਈਆਂ ਐੱਫ਼.ਆਈ.ਆਰ. 'ਤੇ
ਜੋ ਸਵਾਲ ਖੜ੍ਹੇ ਹੋ ਰਹੇ ਹਨ, ਉਨ੍ਹਾਂ ਨੂੰ ਵਿਚਾਰਨਾ ਵੀ ਜ਼ਰੂਰੀ ਹੈ। ਸਾਨੂੰ ਆਸ ਹੈ
ਕਿ ਮੁੱਖ ਮੰਤਰੀ ਖੱਟਰ ਇਸ ਦਾ ਧਿਆਨ ਜ਼ਰੂਰ ਰੱਖਣਗੇ।
ਖ਼ੂਨ ਆਪਨਾ ਹੋ ਯਾ
ਪਰਾਇਆ ਹੋ ਨਸਲ-ਏ-ਆਦਮ ਕਾ ਖ਼ੂਨ ਹੈ ਆਖ਼ਿਰ।
(ਸਾਹਿਰ ਲੁਧਿਆਣਵੀ)
ਦੇਸ਼
ਦੀ ਇਸ ਸਥਿਤੀ ਵਿਚ ਸਿੱਖ ਕੀ ਕਰਨ? ਸੋਚ ਰਖਨਾ ਭੀ ਜਰਾਇਮ ਮੇਂ
ਹੈ ਸ਼ਾਮਿਲ ਅਬ ਤੋ, ਵਹੀ ਮਾਸੂਮ ਹੈ ਹਰ ਬਾਤ ਪੇ ਜੋ ਸਾਦ ਕਰੇ।
ਸੱਚ ਲਿਖਣਾ ਦਿਨੋ-ਦਿਨ ਔਖਾ ਹੁੰਦਾ ਜਾ ਰਿਹਾ ਹੈ। 'ਪ੍ਰਵੀਨ ਸ਼ਾਕਿਰ' ਦਾ ਇਹ ਸ਼ਿਅਰ
ਇਸੇ ਗੱਲ ਦੀ ਤਰਜਮਾਨੀ ਕਰ ਰਿਹਾ ਹੈ ਕਿ ਆਪਣੀ ਸੋਚ ਰੱਖਣਾ ਵੀ ਜੁਰਮਾਂ ਵਿਚ ਸ਼ਾਮਿਲ
ਹੋ ਗਿਆ ਹੈ। ਉਸ ਨੂੰ ਹੀ ਮਾਸੂਮ ਸਮਝਿਆ ਜਾਂਦਾ ਹੈ ਕਿ ਜਿਹੜਾ ਹਰ ਗੱਲ ਵਿਚ ਹਾਂ
ਵਿਚ ਹਾਂ ਮਿਲਾਵੇ।
ਖ਼ੈਰ! ਦੇਸ਼ ਬਹੁਤ ਨਾਜ਼ੁਕ ਦੌਰ ਵਿਚੋਂ ਲੰਘ ਰਿਹਾ ਹੈ।
ਦੇਸ਼ ਦੀਆਂ 2 ਘੱਟ-ਗਿਣਤੀਆਂ ਮੁਸ਼ਕਿਲ ਦੌਰ ਵਿਚੋਂ ਗੁਜ਼ਰ ਰਹੀਆਂ ਹਨ। ਇਨ੍ਹਾਂ ਹਾਲਤਾਂ
ਵਿਚ ਸਿੱਖ ਜੋ ਬਹੁਤ ਹੀ ਛੋਟੀ ਘੱਟ-ਗਿਣਤੀ ਹੈ, ਨੂੰ ਆਪਣੇ ਭਵਿੱਖ ਦੇ ਹਾਲਾਤ ਦਾ
ਫ਼ਿਕਰ ਹੋਣਾ ਕੁਦਰਤੀ ਹੈ। ਭਾਰਤ ਦੀ ਰਾਜਨੀਤੀ ਬਹੁਵਾਦ ਦੇ ਧਰੁਵੀਕਰਨ ਵੱਲ ਵਧਦੀ ਜਾ
ਰਹੀ ਹੈ। ਇਸ ਲਈ ਵਕਤ ਰਹਿੰਦੇ ਸਾਨੂੰ ਗੁਰੂ ਸਾਹਿਬ ਦੇ ਦਰਸਾਏ ਸਰਬੱਤ ਦੇ ਭਲੇ ਅਤੇ
ਮਜ਼ਲੂਮ ਦੇ ਹੱਕ ਵਿਚ ਡਟਣ ਦੇ ਅਸੂਲ ਮੁਤਾਬਿਕ ਕੀ ਕਰਨਾ ਚਾਹੀਦਾ ਹੈ, ਬਾਰੇ ਇਕ ਕੌਮੀ
ਸੋਚ ਅਤੇ ਅਗਵਾਈ ਦੀ ਜ਼ਰੂਰਤ ਹੈ। ਸਾਨੂੰ ਹੰਨੇ-ਹੰਨੇ ਮੀਰੀ ਅਤੇ ਆਪ-ਹੁਦਰੇ ਤੌਰ 'ਤੇ
ਬਿਆਨਬਾਜ਼ੀ ਤੋਂ ਬਚਣ ਦੀ ਲੋੜ ਹੈ। ਪਹਿਲਾਂ ਸਿੱਖਾਂ ਨੇ ਦੀਵਾਲੀ ਅਤੇ ਵਿਸਾਖੀ ਵੇਲੇ
ਸਰਬੱਤ ਖ਼ਾਲਸਾ ਸੱਦ ਕੇ ਸਾਲ ਵਿਚ ਦੋ ਵਾਰ ਕੌਮ ਅਤੇ ਦੇਸ਼ ਦੀ ਹਕੂਮਤ ਦੇ ਰਵੱਈਏ ਅਤੇ
ਹੋਰ ਹਾਲਤਾਂ 'ਤੇ ਵਿਚਾਰ ਕਰਨ ਦੀ ਪਿਰਤ ਪਾਈ ਸੀ ਪਰ ਹੁਣ ਉਸ ਤਰ੍ਹਾਂ ਦਾ ਸਰਬੱਤ
ਖ਼ਾਲਸਾ ਤਾਂ ਸੰਭਵ ਨਹੀਂ।
ਇਸ ਲਈ ਸਾਡੀ 'ਸ੍ਰੀ ਅਕਾਲ ਤਖ਼ਤ ਸਾਹਿਬ' ਦੇ
ਜਥੇਦਾਰ ਸਾਹਿਬ ਅਤੇ 'ਸ਼੍ਰੋਮਣੀ ਕਮੇਟੀ' ਨੂੰ ਬੇਨਤੀ ਹੈ ਕਿ ਉਹ ਦੇਸ਼-ਦੁਨੀਆ ਦੇ
ਹਾਲਾਤ ਦੇ ਮੱਦੇਨਜ਼ਰ ਕੌਮ ਨੂੰ ਕੀ ਕਰਨਾ ਚਾਹੀਦਾ ਹੈ, ਬਾਰੇ ਸਾਲ ਵਿਚ ਦੋ ਵਾਰ
ਵਿਚਾਰ-ਵਟਾਂਦਰਾ ਕਰਨ ਦੀ ਪਿਰਤ ਬਹਾਲ ਕਰਨ ਅਤੇ ਇਸ ਮੰਤਵ ਲਈ ਕੌਮ ਦੇ ਬੁੱਧੀਜੀਵੀ,
ਸੇਵਾਮੁਕਤ ਉੱਚ ਅਧਿਕਾਰੀਆਂ, ਜੱਜ, ਫ਼ੌਜੀ ਉੱਚ ਅਫ਼ਸਰ, ਕਿਸਾਨ ਨੇਤਾਵਾਂ, ਉਪ
ਕੁਲਪਤੀਆਂ, ਵਿੱਦਿਆ ਮਾਹਿਰਾਂ, ਹੋਰ ਖੇਤਰਾਂ ਦੇ ਪ੍ਰਮੁੱਖ ਸਿੱਖਾਂ, ਸਿੱਖ
ਉਦਯੋਗਪਤੀਆਂ, ਲੇਖਕਾਂ, ਧਾਰਮਿਕ ਖੇਤਰ ਵਿਚ ਕੰਮ ਕਰ ਰਹੀਆਂ ਸ਼ਖ਼ਸੀਅਤਾਂ, ਸਿੱਖ
ਪਾਰਲੀਮੈਂਟ ਮੈਂਬਰਾਂ, ਸਾਬਕਾ ਮੈਂਬਰਾਂ ਤੇ ਹੋਰ ਕਾਨੂੰਨਦਾਨਾਂ ਤੋਂ ਇਲਾਵਾ ਸਿੱਖ
ਰਾਜਨੀਤਕ ਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਬੁਲਾ ਕੇ ਦੇਸ਼ ਅਤੇ ਦੁਨੀਆ
ਦੇ ਹਾਲਾਤ ਦੇ ਮੱਦੇਨਜ਼ਰ ਆਰਥਿਕ, ਸਮਾਜਿਕ, ਧਾਰਮਿਕ, ਵਿੱਦਿਅਕ, ਪੰਜਾਬੋਂ ਬਾਹਰ ਅਤੇ
ਵਿਦੇਸ਼ਾਂ ਵਿਚ ਵਸਦੇ ਸਿੱਖਾਂ ਦੀ ਸਥਿਤੀ 'ਤੇ ਵਿਚਾਰ ਕਰਨ ਅਤੇ ਉਨ੍ਹਾਂ ਨੂੰ ਕੀ-ਕੀ
ਕਰਨਾ ਚਾਹੀਦਾ ਹੈ, ਬਾਰੇ ਇਕ ਪ੍ਰਵਾਨਿਤ ਸੇਧ ਦੇਣ ਦਾ ਰਾਹ ਤਲਾਸ਼ਣ।
ਪਰ ਇਹ
ਜ਼ਰੂਰੀ ਹੈ ਕਿ ਉਹ ਨਿਰਪੱਖਤਾ ਨਾਲ ਕੰਮ ਕਰਨ ਤੇ ਕਿਸੇ ਧਿਰ ਜਾਂ ਵਿਅਕਤੀ ਨੂੰ ਕਿਸੇ
ਇਕ ਧਿਰ ਦੇ ਲਾਭ-ਹਾਨੀ ਨੂੰ ਵੇਖ ਕੇ ਨਾ ਬੁਲਾਇਆ ਜਾਵੇ, ਸਗੋਂ ਨਿਰੋਲ ਕਾਬਲੀਅਤ ਅਤੇ
ਉਸ ਦੇ ਕੀਤੇ ਕੰਮਾਂ ਨੂੰ ਧਿਆਨ ਵਿਚ ਰੱਖਿਆ ਜਾਵੇ ਤਾਂ ਜੋ ਸ੍ਰੀ ਅਕਾਲ ਤਖ਼ਤ ਸਾਹਿਬ
'ਤੇ ਭਰੋਸੇਯੋਗਤਾ ਫਿਰ ਵਧੇ।
ਲਫ਼ਜ਼ ਓ ਮੰਜਰ ਮੇਂ ਮਾਅਨੀ ਕੋ ਟਟੋਲਾ ਨਾ
ਕਰੋ। ਹੋਸ਼ ਵਾਲੇ ਹੋ ਤੋ ਹਰ ਬਾਤ ਕੋ ਸਮਝਾ ਕਰੋ। (ਮਹਿਮੂਦ
ਏਆਜ਼)
ਸਿੱਖਾਂ ਨੂੰ ਗ਼ਲਤ ਸੰਦੇਸ਼ ਇਕ ਪਾਸੇ
'ਭਾਜਪਾ' ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਖਾਂ ਨੂੰ ਇਹ ਅਹਿਸਾਸ ਕਰਵਾਉਣ ਦੀ
ਕੋਸ਼ਿਸ਼ ਕਰਦੇ ਰਹਿੰਦੇ ਹਨ ਕਿ ਉਨ੍ਹਾਂ ਲਈ ਉਨ੍ਹਾਂ ਦੇ ਦਿਲ ਵਿਚ ਖ਼ਾਸ ਸਥਾਨ ਹੈ ਪਰ
ਦੂਜੇ ਪਾਸੇ ਦੁਨੀਆ ਭਰ ਵਿਚ ਲੋਕ ਭਲਾਈ ਦੇ ਕੰਮਾਂ ਵਿਚ ਨਾਂਅ ਕਮਾ ਰਹੀ ਸਿੱਖ ਸੰਸਥਾ
'ਖ਼ਾਲਸਾ ਏਡ' ਦੇ ਦਫ਼ਤਰਾਂ 'ਤੇ ਆਈ.ਐਨ.ਏ. ਦੇ ਛਾਪੇ ਸਿੱਖ ਮਨਾਂ ਨੂੰ ਕੋਈ
ਚੰਗਾ ਸੰਦੇਸ਼ ਨਹੀਂ ਦੇ ਰਹੇ, ਕਿਉਂਕਿ ਛਾਪੇ ਮਾਰਨ ਦਾ ਕੋਈ ਸਪੱਸ਼ਟ ਕਾਰਨ ਨਹੀਂ
ਦੱਸਿਆ ਗਿਆ। ਇਸ ਦਰਮਿਆਨ ਅਸੀਂ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੀ ਸ਼ਲਾਘਾ
ਕਰਨੋਂ ਨਹੀਂ ਰਹਿ ਸਕਦੇ ਕਿ ਉਨ੍ਹਾਂ ਨੇ ਹੁਕਮਰਾਨ ਪਾਰਟੀ 'ਚ ਹੁੰਦਿਆਂ ਹੋਇਆਂ ਵੀ
ਦੇਸ਼ ਦੇ ਗ੍ਰਹਿ ਮੰਤਰੀ ਕੋਲ ਇਸ ਦੇ ਖ਼ਿਲਾਫ਼ ਆਵਾਜ਼ ਉਠਾਉਣ ਦੀ ਜੁਰਅਤ ਕੀਤੀ ਹੈ।
ਇਸ ਦਰਮਿਆਨ ਯੂ.ਕੇ. ਦੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ
ਨੂੰ ਬਿਨਾਂ ਕੋਈ ਦੋਸ਼ ਲਾਏ ਹਵਾਈ ਅੱਡੇ 'ਤੇ ਰੋਕੀ ਰੱਖਣਾ ਵੀ ਸਿੱਖ ਮਨਾਂ ਵਿਚ ਮੋਦੀ
ਸਰਕਾਰ ਲਈ ਚੰਗਾ ਸੰਦੇਸ਼ ਨਹੀਂ ਦਿੰਦਾ। ਸਾਡੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ
ਬੇਨਤੀ ਹੈ ਕਿ ਜਿਵੇਂ ਤੁਸੀਂ ਆਪ ਸਿੱਖਾਂ ਪ੍ਰਤੀ ਆਪਣਾਪਨ ਦਿਖਾਉਂਦੇ ਹੋ ਉਸੇ
ਤਰ੍ਹਾਂ ਆਪਣੀਆਂ ਏਜੰਸੀਆਂ ਤੇ ਹੇਠਲੇ ਪ੍ਰਸ਼ਾਸਨ ਨੂੰ ਵੀ ਇਸ ਬਾਰੇ ਕੁਝ
ਹਿਦਾਇਤਾਂ ਕਰੋ ਕਿ ਅਜਿਹੀਆਂ ਲੋਕ ਸੇਵਕ ਤੇ ਮਾਨਤਾ ਪ੍ਰਾਪਤ ਜਥੇਬੰਦੀਆਂ 'ਤੇ
ਕਾਰਵਾਈ ਕਰਨ ਤੋਂ ਪਹਿਲਾਂ ਜਾਂਚ ਕਰਨ ਅਤੇ ਜੇਕਰ ਕੁਝ ਗ਼ਲਤ ਹੋਵੇ ਤਾਂ ਜਨਤਾ ਨੂੰ ਸਭ
ਕੁਝ ਦੱਸ ਕੇ ਹੀ ਕਾਰਵਾਈ ਕੀਤੀ ਜਾਵੇ। ਇਸ ਤਰ੍ਹਾਂ ਬਿਨਾਂ ਸਬੂਤ, ਬਿਨਾਂ ਕਾਰਨ
ਸਿੱਖ ਜਥੇਬੰਦੀਆਂ ਜਾਂ ਸਿੱਖ ਨੇਤਾਵਾਂ ਖ਼ਿਲਾਫ਼ ਕੀਤੀਆਂ ਅਜਿਹੀਆਂ ਕਾਰਵਾਈਆਂ ਭਾਜਪਾ
ਪ੍ਰਤੀ ਸਿੱਖਾਂ ਵਿਚ ਗ਼ਲਤ ਸੰਦੇਸ਼ ਹੀ ਦੇਣਗੀਆਂ।
1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਮੋਬਾਈਲ : 92168-60000 E. mail :
hslall@ymail.com
|