ਜਲੰਧਰ
ਲੋਕ ਸਭਾ ਦੀ ਉਪ-ਚੋਣ ਬਹੁਤ ਮਹੱਤਵਪੂਰਨ ਹੈ। ਇਸ ਚੋਣ ਦਾ ਨਤੀਜਾ ਸਿਰਫ਼ ਪੰਜਾਬ 'ਤੇ
ਹੀ ਨਹੀਂ ਸਗੋਂ ਉੱਤਰ ਭਾਰਤ ਦੀ ਭਵਿੱਖ ਦੀ ਰਾਜਨੀਤੀ 'ਤੇ ਵੀ ਪ੍ਰਭਾਵ ਪਾਵੇਗਾ ਤੇ
ਇਸ ਦੇ ਨਾਲ ਹੀ 'ਕਰਨਾਟਕ ਵਿਧਾਨ ਸਭਾ' ਦੀ ਚੋਣ ਦਾ ਨਤੀਜਾ ਵੀ ਦੇਸ਼ ਦੀ ਰਾਜਨੀਤੀ
ਵਿਚ ਇਕ ਵੱਡਾ ਬਦਲਾਅ ਲਿਆਉਣ ਦਾ ਮੁੱਢ ਬੰਨ੍ਹ ਸਕਦਾ ਹੈ।
ਜਲੰਧਰ ਲੋਕ ਸਭਾ
ਦੀ ਉਪ-ਚੋਣ ਦਾ ਨਤੀਜਾ ਭਾਵੇਂ ਲੋਕ ਸਭਾ ਵਿਚ ਰਾਜਸੀ ਪਾਰਟੀਆਂ ਦੀ ਤਾਕਤ 'ਤੇ ਕੋਈ
ਖ਼ਾਸ ਫ਼ਰਕ ਨਹੀਂ ਪਾ ਸਕੇਗਾ ਪਰ ਫਿਰ ਵੀ ਇਸ ਚੋਣ ਦਾ ਨਤੀਜਾ ਕਈ ਵੱਡੇ-ਵੱਡੇ
ਪ੍ਰਭਾਵ ਸਿਰਜਣ ਵਾਲਾ ਹੋਵੇਗਾ। ਜੇਕਰ ਇਸ ਚੋਣ ਵਿਚ 'ਆਮ ਆਦਮੀ ਪਾਰਟੀ' ਹਾਰਦੀ ਹੈ
ਤਾਂ ਇਹ ਉਸ ਦੀ 'ਪੰਜਾਬ ਵਿਧਾਨ ਸਭਾ' ਵਿਚ ਸ਼ਾਨਦਾਰ ਜਿੱਤ ਤੋਂ ਬਾਅਦ ਲਗਾਤਾਰ
ਦੂਸਰੀ ਵੱਡੀ ਹਾਰ ਹੋਵੇਗੀ।
ਸੰਗਰੂਰ ਲੋਕ ਸਭਾ ਦੀ ਉਪ-ਚੋਣ ਦੀ ਹਾਰ ਭਾਵੇਂ
ਜਲੰਧਰ ਨਾਲੋਂ ਇਸ ਲਈ ਵੱਧ ਮਹੱਤਵਪੂਰਨ ਰੱਖਦੀ ਸੀ ਕਿ ਉਹ ਇਲਾਕਾ 'ਆਮ ਆਦਮੀ ਪਾਰਟੀ'
ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਗੜ੍ਹ ਸੀ। ਪਰ ਉਹ ਹਾਰ ਪੰਜਾਬ ਅਤੇ ਉੱਤਰ ਭਾਰਤ
ਵਿਚ ਇਸ ਲਈ ਜ਼ਿਆਦਾ ਅਸਰ-ਅੰਦਾਜ਼ ਨਹੀਂ ਸੀ ਹੋਈ ਕਿਉਂਕਿ ਉਸ ਤੋਂ ਫੋਰਨ ਬਾਅਦ ਆਮ
ਚੋਣਾਂ ਨਹੀਂ ਸਨ। ਉਂਜ ਉਸ ਹਾਰ ਦਾ ਕੁਝ ਨਾ ਕੁਝ ਅਸਰ 'ਆਮ ਆਦਮੀ ਪਾਰਟੀ' 'ਤੇ
ਹਿਮਾਚਲ ਦੀਆਂ ਚੋਣਾਂ ਵਿਚ ਪਿਆ ਦਿਖਾਈ ਵੀ ਦਿੱਤਾ ਸੀ। ਪਰ ਜੇ 'ਆਪ' ਜਲੰਧਰ ਚੋਣ ਵੀ
ਹਾਰ ਜਾਂਦੀ ਹੈ ਤਾਂ ਇਹ ਪਾਰਟੀ ਨੂੰ ਲਗਭਗ ਪੂਰੇ ਉੱਤਰ ਭਾਰਤ ਵਿਚ ਨੁਕਸਾਨ
ਪਹੁੰਚਾਏਗੀ ਜਦੋਂ ਕਿ ਆਮ ਆਦਮੀ ਪਾਰਟੀ ਦੀ ਇਸ ਚੋਣ ਵਿਚ ਜਿੱਤ 2024 ਦੀਆਂ ਆਮ
ਚੋਣਾਂ ਵਿਚ ਉਸ ਲਈ ਸਫਲਤਾ ਦੇ ਕਈ ਨਵੇਂ ਦਿਸਹੱਦੇ ਖੋਲ੍ਹ ਸਕਦੀ ਹੈ।
ਜੇ
ਇਸ ਚੋਣ ਵਿਚ 'ਕਾਂਗਰਸ' ਹਾਰਦੀ ਹੈ ਤਾਂ ਉਸ ਦੀ ਹਾਲਤ ਵਿਚ ਸੁਧਾਰ ਹੋਣ ਦੀ ਸੰਭਾਵਨਾ
ਹੋਰ ਘੱਟ ਜਾਵੇਗੀ। ਪਰ ਜੇਕਰ ਉਹ ਇਹ ਚੋਣ ਜਿੱਤਦੀ ਹੈ ਤਾਂ ਉਸ ਲਈ ਇਹ ਸੀਟ ਆਪਣੀ
ਪਹਿਲਾਂ ਜਿੱਤੀ ਹੋਈ ਸੀਟ ਦੁਬਾਰਾ ਜਿੱਤਣ ਜਿੰਨੀ ਗੱਲ ਤੱਕ ਸੀਮਤ ਨਹੀਂ ਹੋਵੇਗੀ।
ਸਗੋਂ ਇਹ 2024 ਦੀਆਂ ਆਮ ਚੋਣਾਂ ਵਿਚ ਪੰਜਾਬ ਤੋਂ ਇਲਾਵਾ ਦਿੱਲੀ, ਹਰਿਆਣਾ,
ਹਿਮਾਚਲ, ਜੰਮੂ-ਕਸ਼ਮੀਰ ਤੇ ਰਾਜਸਥਾਨ ਆਦਿ ਰਾਜਾਂ ਵਿਚ ਚੰਗੇ ਚੋਣ ਨਤੀਜਿਆਂ ਵਾਸਤੇ
ਉਤਸ਼ਾਹ ਪੈਦਾ ਕਰੇਗੀ।
ਜੇਕਰ ਇਸ ਚੋਣ ਵਿਚ 'ਅਕਾਲੀ ਦਲ' ਵਿਧਾਨ ਸਭਾ
ਚੋਣਾਂ ਨਾਲੋਂ ਚੰਗੀ ਕਾਰਗੁਜ਼ਾਰੀ ਦਿਖਾਉਂਦਾ ਹੈ ਤਾਂ ਇਹ ਆਪਣੇ ਇਤਿਹਾਸ ਦੇ ਸਭ ਤੋਂ
ਮਾੜੇ ਦੌਰ ਵਿਚੋਂ ਗੁਜ਼ਰ ਰਹੇ ਅਕਾਲੀ ਦਲ ਲਈ ਇਕ ਵੱਡਾ ਹੁਲਾਰਾ ਹੋਵੇਗਾ। ਇਹ ਸਥਿਤੀ
ਅਕਾਲੀ ਦਲ ਨੂੰ 2024 ਦੀਆਂ ਆਮ ਚੋਣਾਂ ਵਿਚ ਇਕ ਵਾਰ ਫਿਰ ਪ੍ਰਸੰਗਿਕ ਬਣਾ ਦੇਵੇਗੀ
ਅਤੇ ਇਹ 'ਬਸਪਾ' ਦਾ ਗਵਾਚਿਆ ਅਧਾਰ ਵੀ ਫਿਰ ਤੋਂ ਮਜ਼ਬੂਤ ਕਰਨ ਵਿਚ ਸਫ਼ਲ ਹੋਵੇਗੀ।
ਉਂਝ ਹਵਾ ਵਿਚ 'ਸਰਗੋਸ਼ੀਆਂ' ਹਨ ਕਿ ਅਕਾਲੀ ਦਲ ਨੇ ਇਸ ਸੀਟ ਤੋਂ ਵਿਧਾਇਕ
ਡਾ. ਸੁਖਵਿੰਦਰ ਸੁੱਖੀ ਨੂੰ ਉਮੀਦਵਾਰ ਹੀ 'ਬਸਪਾ' ਨੇਤਾਵਾਂ ਦੇ ਜ਼ੋਰ ਦੇਣ 'ਤੇ
ਬਣਾਇਆ ਹੈ ਤੇ ਉਨ੍ਹਾਂ ਵਿਚ ਇਕ ਗੁਪਤ ਸਮਝੌਤਾ ਵੀ ਹੋਇਆ ਹੈ ਕਿ ਜੇ ਅਕਾਲੀ ਉਮੀਦਵਾਰ
ਜਿੱਤ ਗਿਆ ਤਾਂ ਬੰਗਾ ਵਿਧਾਨ ਸਭਾ ਦੀ ਖਾਲੀ ਹੋਈ ਸੀਟ 'ਬਸਪਾ' ਉਮੀਦਵਾਰ ਨੂੰ ਦਿੱਤੀ
ਜਾਵੇਗੀ ਪਰ ਜੇ ਅਕਾਲੀ ਦਲ ਇਸ ਚੋਣ ਵਿਚ ਬਹੁਤ ਪਛੜ ਗਿਆ ਤੇ ਵਿਧਾਨ ਸਭਾ ਚੋਣਾਂ ਦੀ
ਕਾਰਗੁਜ਼ਾਰੀ ਨਾਲੋਂ ਚੰਗੀ ਕਾਰਗੁਜ਼ਾਰੀ ਨਾ ਦਿਖਾ ਸਕਿਆ ਤਾਂ ਫਿਰ ਉਸ ਦਾ 2024
ਦੀਆਂ ਆਮ ਚੋਣਾਂ ਵਿਚ ਵੀ ਹਾਸ਼ੀਏ 'ਤੇ ਚਲਾ ਜਾਣਾ ਤੈਅ ਹੈ।
'ਭਾਜਪਾ' ਨੇ
ਵੀ ਇਸ ਵਾਰ ਜਲੰਧਰ ਲੋਕ ਸਭਾ ਦੀ ਉਪ-ਚੋਣ ਵਿਚ ਪੂਰਾ ਜ਼ੋਰ ਲਾਇਆ ਹੋਇਆ ਹੈ ਤੇ ਉਹ
ਆਪਣੇ ਕੇਡਰ ਤੋਂ ਇਲਾਵਾ ਇਹ ਚੋਣ ਅਕਾਲੀ ਦਲ ਅਤੇ ਕਾਂਗਰਸ ਤੋਂ ਆਏ
ਨੇਤਾਵਾਂ ਦੀਆਂ ਵੈਸਾਖੀਆਂ ਦੇ ਆਸਰੇ ਲੜ ਰਹੀ ਹੈ। ਇਸ ਲਈ 'ਭਾਜਪਾ' ਭਾਵੇਂ ਇਹ ਚੋਣ
ਜਿੱਤੇ ਜਾਂ ਨਾ ਪਰ ਜੇ ਉਹ ਦੂਸਰੇ, ਤੀਸਰੇ ਨੰਬਰ 'ਤੇ ਵੀ ਆ ਜਾਂਦੀ ਹੈ ਤਾਂ ਉਹ
2024 ਦੀਆਂ ਆਮ ਚੋਣਾਂ ਵਿਚ ਪੰਜਾਬ ਵਿਚ ਇਕ ਵੱਡੀ ਧਿਰ ਵਜੋਂ ਉੱਭਰ ਸਕੇਗੀ ਤੇ 2027
ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵੀ ਆਪਣੇ ਬਲਬੂਤੇ ਹੀ ਲੜਨ ਦੀਆਂ ਤਿਆਰੀਆਂ
ਕਰੇਗੀ। ਪਰ ਜੇਕਰ ਇਸ ਚੋਣ ਵਿਚ ਭਾਜਪਾ ਚੌਥੇ ਨੰਬਰ 'ਤੇ ਹੀ ਰਹਿ ਗਈ ਤਾਂ ਇਸ ਗੱਲ
ਦੀ ਸੰਭਾਵਨਾ ਬਣ ਸਕਦੀ ਹੈ ਕਿ ਭਾਜਪਾ ਅਕਾਲੀ ਦਲ ਪ੍ਰਤੀ ਆਪਣੀ ਮੌਜੂਦਾ ਨੀਤੀ ਵਿਚ
ਬਦਲ ਕਰਨ ਲਈ ਸੋਚਣ 'ਤੇ ਮਜਬੂਰ ਹੋਵੇ।
ਜਿਥੋਂ ਤੱਕ 'ਕਰਨਾਟਕ ਵਿਧਾਨ ਸਭਾ'
ਦੀਆਂ ਚੋਣਾਂ ਦੇ ਨਤੀਜੇ ਦਾ ਅਸਰ ਹੈ ਤਾਂ ਉਹ ਅਸਰ ਦੇਸ਼ ਵਿਆਪੀ ਹੋਵੇਗਾ। ਕਿਉਂਕਿ
ਇਸ ਵੇਲੇ ਭਾਜਪਾ ਵਿਰੋਧੀ ਦਲਾਂ ਵਿਚ ਗੱਠਜੋੜ ਦੀ ਕਵਾਇਤ ਚੱਲ ਰਹੀ ਹੈ। ਜੇਕਰ
ਕਰਨਾਟਕ ਵਿਧਾਨ ਸਭਾ ਚੋਣ ਕਾਂਗਰਸ ਜਿੱਤਦੀ ਹੈ ਤੇ ਜਿੱਤ ਤੋਂ ਬਾਅਦ 'ਭਾਜਪਾ' ਦੀ
ਸਾਮ, ਦਾਮ, ਦੰਡ, ਭੇਦ ਦੀ ਨੀਤੀ ਦਾ ਮੁਕਾਬਲਾ ਕਰਦੇ ਹੋਏ ਸਰਕਾਰ ਵੀ ਬਣਾ ਲੈਂਦੀ ਹੈ
ਤਾਂ 'ਭਾਜਪਾ' ਵਿਰੋਧੀ ਗੱਠਜੋੜ ਦੀ ਅਗਵਾਈ ਕਾਂਗਰਸ ਨੂੰ ਸੌਖਿਆਂ ਹੀ ਮਿਲ ਜਾਵੇਗੀ।
ਇਥੋਂ ਤੱਕ ਕਿ ਜੇਕਰ ਕਾਂਗਰਸ ਨਹੀਂ ਵੀ ਜਿੱਤਦੀ ਪਰ ਆਪਣੀ ਪਿਛਲੀ ਕਾਰਗੁਜ਼ਾਰੀ ਵਿਚ
ਵੱਡਾ ਸੁਧਾਰ ਕਰਨ ਵਿਚ ਸਫਲ ਰਹਿੰਦੀ ਹੈ ਤਾਂ ਵੀ ਉਸ ਦੀ ਵਿਰੋਧੀ ਧਿਰਾਂ ਨੂੰ ਇਕੱਠਾ
ਕਰਨ ਦੀ ਸਮਰੱਥਾ ਵਧੇਗੀ। ਪਰ ਜੇਕਰ ਕਰਨਾਟਕ ਵਿਚ ਫਿਰ 'ਭਾਜਪਾ' ਹੀ ਜਿੱਤਦੀ ਹੈ ਤੇ
ਕਾਂਗਰਸ ਦੀ ਕਾਰਗੁਜ਼ਾਰੀ ਵਿਚ ਕੋਈ ਵੱਡਾ ਸੁਧਾਰ ਨਹੀਂ ਆਉਂਦਾ ਤਾਂ ਅਜਿਹੀ ਸਥਿਤੀ
ਵਿਚ ਭਾਜਪਾ ਵਿਰੋਧੀ ਪਾਰਟੀਆਂ ਦੇ ਗੱਠਜੋੜ ਦੀਆਂ ਸਭਾਵਨਾਵਾਂ ਘਟ ਜਾਣਗੀਆਂ।
ਅਬ ਹਵਾਏਂ ਹੀ ਕਰੇਂਗੀ ਰੌਸ਼ਨੀ ਕਾ ਫ਼ੈਸਲਾ, ਜਿਸ ਦੀਏ ਮੇਂ ਜਾਨ ਹੋਗੀ
ਵੋ ਦੀਆ ਰਹਿ ਜਾਏਗਾ।
ਵਿਸ਼ਵ ਭਰ ਵਿਚ ਸਿੱਖ ਪ੍ਰਭਾਵ ਵਧਿਆ
ਇਸ ਵਾਰ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਮੌਕੇ ਦੁਨੀਆ ਭਰ ਦੇ ਕਈ ਦਰਜਨ ਦੇਸ਼ਾਂ
ਵਿਚ ਸਿੱਖਾਂ ਵਲੋਂ ਕੱਢੇ ਗਏ ਨਗਰ ਕੀਰਤਨਾਂ ਨੇ ਦੁਨੀਆ ਭਰ ਵਿਚ ਸਿੱਖਾਂ ਦੇ ਪ੍ਰਭਾਵ
ਤੇ ਸਮਰੱਥਾ ਨੂੰ ਹੋਰ ਉਭਾਰਿਆ ਹੈ। ਇਸ ਨਾਲ ਸਿੱਖ ਪਹਿਚਾਣ ਪ੍ਰਤੀ ਵੀ ਵਿਸ਼ਵ ਸੁਚੇਤ
ਹੋਇਆ ਹੈ। ਇਹ ਖ਼ੁਸ਼ੀ ਦੀ ਗੱਲ ਹੈ ਕਿ ਇਸ ਵਾਰ ਬਹੁਤੀਆਂ ਥਾਵਾਂ 'ਤੇ ਵਿਦੇਸ਼ੀਂ
ਵਸਦੇ ਸਿੱਖ ਨੇਤਾਵਾਂ ਨੇ ਇਨ੍ਹਾਂ ਨਗਰ ਕੀਰਤਨਾਂ ਸਮੇਂ ਸਿਰਫ਼ ਜੋਸ਼ ਤੋਂ ਹੀ ਕੰਮ
ਨਹੀਂ ਲਿਆ, ਸਗੋਂ ਹੋਸ਼ ਤੋਂ ਵੀ ਕੰਮ ਲਿਆ ਹੈ।
ਇਕ ਤਾਂ ਇਸ ਵਾਰ ਬਹੁਤੇ
ਨਗਰ ਕੀਰਤਨ ਸਿੱਖਾਂ ਵਿਚ ਏਕਤਾ ਦਾ ਪ੍ਰਤੀਕ ਰਹੇ ਤੇ ਦੂਸਰਾ ਇਸ ਵਾਰ ਸਿੱਖਾਂ ਨੇ
ਬਹੁਤੇ ਦੇਸ਼ਾਂ ਵਿਚ ਆਪਣੀ ਤਾਕਤ ਦਾ ਮੁਜ਼ਾਹਰਾ ਕਰਦਿਆਂ ਭਾਵੇਂ ਆਪਣੀ ਵੱਖਰੀ ਪਛਾਣ
ਨੂੰ ਉਭਾਰਿਆ ਪਰ ਹੈਰਾਨੀਜਨਕ ਤੌਰ 'ਤੇ ਇਸ ਵਾਰ ਬਹੁਤੀ ਥਾਈਂ ਖਾੜਕੂ ਨੇਤਾ ਇਨ੍ਹਾਂ
ਨਗਰ ਕੀਰਤਨਾਂ 'ਤੇ ਹਾਵੀ ਨਹੀਂ ਹੋ ਸਕੇ।
ਖ਼ੈਰ, ਸਾਰੀ ਦੁਨੀਆ ਵਿਚ ਇਨ੍ਹਾਂ
ਨਗਰ ਕੀਰਤਨਾਂ ਵਿਚ ਸਾਹਮਣੇ ਆਈ ਸਿੱਖ ਏਕਤਾ, ਸਮਰੱਥਾ ਅਤੇ ਸਿੱਖੀ ਜਜ਼ਬੇ ਨਾਲ
ਭਰਪੂਰ ਨਗਰ ਕੀਰਤਨਾਂ ਦਾ ਨੋਟਿਸ ਸ਼੍ਰੋਮਣੀ ਕਮੇਟੀ ਨੂੰ ਲੈਣਾ
ਚਾਹੀਦਾ ਹੈ ਤੇ ਜਿੰਨੇ ਵੀ ਦੇਸ਼ਾਂ ਵਿਚ ਇਹ ਨਗਰ ਕੀਰਤਨ ਕੱਢੇ ਗਏ ਹਨ, ਉਨ੍ਹਾਂ
ਦੀਆਂ ਵੀਡੀਓਜ਼ ਪ੍ਰਾਪਤ ਕਰਕੇ ਇਨ੍ਹਾਂ ਦੀ ਇਕ ਡਾਕੂਮੈਂਟਰੀ
ਬਣਾ ਕੇ 'ਲੋਕ ਮਾਧਿਅਮ' ਰਾਹੀਂ ਪ੍ਰਚਾਰੀ ਜਾਣੀ ਚਾਹੀਦੀ ਹੈ, ਹੋਰ ਵੀ ਚੰਗਾ ਹੋਵੇ
ਜੇਕਰ 'ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ' ਇਨ੍ਹਾਂ ਪ੍ਰੋਗਰਾਮਾਂ ਦੇ ਆਗੂਆਂ
ਨਾਲ ਸੰਪਰਕ ਕਰਕੇ ਇਕ ਵਿਸ਼ਵ ਪੱਧਰ ਦੀ ਵਿਦੇਸ਼ੀਂ ਵਸਦੇ ਸਿੱਖਾਂ ਦੀ ਤਾਲਮੇਲ ਕਮੇਟੀ
ਬਣਾਉਣ ਦਾ ਯਤਨ ਕਰੇ ਜੋ ਭਵਿੱਖ ਵਿਚ ਦੁਨੀਆ ਦੇ ਕਿਸੇ ਵੀ ਦੇਸ਼ ਵਿਚ ਸਿੱਖ
ਪ੍ਰਵਾਸੀਆਂ ਦੀਆਂ ਮੁਸ਼ਕਿਲਾਂ ਵਿਚ ਉਨ੍ਹਾਂ ਦਾ ਸਾਥ ਦੇ ਸਕਦੀ ਹੈ ਅਤੇ ਭਾਰਤ ਵਿਚ
ਸਿੱਖਾਂ ਦੇ ਹਿਤਾਂ ਲਈ ਇਕ ਸਹਾਇਕ ਦਬਾਅ ਗਰੁੱਪ ਵਜੋਂ ਵੀ ਕੰਮ ਕਰ ਸਕਦੀ ਹੈ।
ਹੋਸ਼ ਤੋ ਹੋਸ਼ ਹੈ 'ਗ਼ਰ ਹੋਸ਼ ਨਹੀ ਕੁਛ ਭੀ ਨਹੀ, ਜੋਸ਼ ਤਾਕਤ ਹੈ
ਅਗ਼ਰ ਹੋਸ਼ ਕੇ ਕਾਬੂ ਮੇਂ ਰਹੇ। (ਲਾਲ
ਫ਼ਿਰੋਜ਼ਪੁਰੀ)
ਪ੍ਰਕਾਸ਼ ਸਿੰਘ ਬਾਦਲ - ਇਕ ਯੁੱਗ ਦਾ
ਅੰਤ
ਆਸਮਾਂ ਭਰ ਗਿਆ ਪਰਿੰਦੋਂ ਸੇ ਪੇੜ ਕੋਈ ਬੜਾ ਗ਼ਿਰਾ
ਹੋਗਾ। ਕਿਤਨਾ ਦੁਸ਼ਵਾਰ ਥਾ ਸਫ਼ਰ ਉਸਕਾ, ਵੋ ਸਰ-ਏ-ਸ਼ਾਮ ਸੋ ਗਿਆ ਹੋਗਾ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਇਸ ਜਹਾਨ ਤੋਂ ਤੁਰ
ਜਾਣ ਤੋਂ ਬਾਅਦ ਅੱਜ ਜਦੋਂ ਉਨ੍ਹਾਂ ਬਾਰੇ ਇਸ ਕਾਲਮ ਵਿਚ ਲਿਖਣ ਲੱਗਾ ਹਾਂ ਤਾਂ
ਪ੍ਰਸਿੱਧ ਉਰਦੂ ਸ਼ਾਇਰ 'ਬਸ਼ੀਰ ਬਦਰ' ਦਾ ਇਹ ਸ਼ਿਅਰ ਆਪ-ਮੁਹਾਰੇ ਹੀ ਮੇਰੇ ਜ਼ਿਹਨ
ਵਿਚ ਆ ਗਿਆ।
ਸ: ਬਾਦਲ ਦੀ ਮ੍ਰਿਤਕ ਦੇਹ ਦੇ ਸਵਾਗਤ ਵਿਚ ਜਿਸ ਤਰ੍ਹਾਂ
ਪੰਜਾਬ ਦੀਆਂ ਸੜਕਾਂ 'ਤੇ ਲੋਕ ਆਪ-ਮੁਹਾਰੇ ਉਮੜੇ ਹਨ, ਉਹ ਇਹ ਸਾਬਤ ਕਰਦਾ ਹੈ ਕਿ
ਉਨ੍ਹਾਂ ਦੀ ਸ਼ਖ਼ਸੀਅਤ ਕਿੰਨੀ ਵੱਡੀ ਸੀ। ਉਨ੍ਹਾਂ ਦੀ ਜ਼ਿੰਦਗੀ ਦਾ ਸਫ਼ਰ ਕਿੰਨਾ
ਦੁਸ਼ਵਾਰ (ਮੁਸ਼ਕਿਲਾਂ ਭਰਿਆ) ਰਿਹਾ, ਉਹ ਵੀ ਇਤਿਹਾਸ ਦਾ ਹਿੱਸਾ ਬਣ ਗਿਆ ਹੈ।
ਬੇਸ਼ੱਕ ਉਨ੍ਹਾਂ ਦੀਆਂ ਵੱਡੀਆਂ ਪ੍ਰਾਪਤੀਆਂ, ਗ਼ਲਤੀਆਂ, ਸਫਲਤਾਵਾਂ,
ਅਸਫਲਤਾਵਾਂ ਤੇ ਹਾਰਾਂ-ਜਿੱਤਾਂ ਅਤੇ ਪੰਜਾਬ ਲਈ ਕੀਤੇ ਉਨ੍ਹਾਂ ਦੇ ਕੰਮਾਂ ਦੇ
ਚੰਗੇ-ਮੰਦੇ ਪ੍ਰਭਾਵਾਂ ਦਾ ਫ਼ੈਸਲਾ ਤਾਂ ਆਉਣ ਵਾਲਾ ਵਕਤ ਤੇ ਇਤਿਹਾਸ ਹੀ ਕਰੇਗਾ,
ਅੱਜ ਇਸ ਦਾ ਮੁਲਾਂਕਣ ਕਰਨਾ ਠੀਕ ਨਹੀਂ। ਪਰ ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ
ਸਕਦਾ ਕਿ ਉਹ ਪਿਛਲੇ ਕਰੀਬ 60 ਸਾਲਾਂ ਤੋਂ ਪੰਜਾਬ ਦੇ ਇਤਿਹਾਸ ਦਾ ਹਿੱਸਾ ਹੀ ਨਹੀਂ
ਰਹੇ ਸਗੋਂ ਉਹ ਅਜਿਹੇ ਅਹਿਮ ਪਾਤਰ ਰਹੇ ਹਨ ਜਿਨ੍ਹਾਂ ਤੋਂ ਬਿਨਾਂ ਇਨ੍ਹਾਂ 60 ਸਾਲਾਂ
ਦਾ ਪੰਜਾਬ ਦਾ ਇਤਿਹਾਸ ਲਿਖਿਆ ਹੀ ਨਹੀਂ ਜਾ ਸਕਦਾ।
ਉਨ੍ਹਾਂ ਨੇ ਇਤਿਹਾਸ
ਸਿਰਜਿਆ ਹੈ। ਉਨ੍ਹਾਂ ਦੇ ਕੀਤੇ ਕੰਮਾਂ ਨਾਲ ਸਹਿਮਤੀ ਜਾਂ ਅਸਹਿਮਤੀ ਦਾ ਜ਼ਿਕਰ ਇਥੇ
ਕਰਨਾ ਨਾ ਤਾਂ ਸੰਭਵ ਹੈ ਤੇ ਨਾ ਹੀ ਇਸ ਵਕਤ ਸ਼ੋਭਦਾ ਹੈ। ਪਰ ਉਹ ਇਕ 'ਦਿਓ-ਕੱਦ'
ਸ਼ਖ਼ਸੀਅਤ ਸਨ ਤੇ ਉਨ੍ਹਾਂ ਦਾ ਆਪਣੇ ਵਿਰੋਧੀਆਂ ਪ੍ਰਤੀ ਵਤੀਰਾ ਉਨ੍ਹਾਂ ਨੂੰ ਹੋਰ ਵੀ
ਵੱਡਾ ਬਣਾ ਦਿੰਦਾ ਸੀ।
ਕਾਸ਼! ਉਹ ਆਪਣੇ ਜਿਊਂਦੇ ਜੀਅ ਆਪਣੀ ਸ੍ਵੈ-ਜੀਵਨੀ
ਖ਼ੁਦ ਆਪਣੀ ਦੇਖ-ਰੇਖ ਵਿਚ ਲਿਖਵਾ ਜਾਂਦੇ ਤਾਂ ਪੰਜਾਬ ਦੇ ਪਿਛਲੇ 60 ਵਰ੍ਹਿਆਂ ਦੇ
ਇਤਿਹਾਸ, ਸਿੱਖਾਂ ਤੇ ਪੰਜਾਬ ਦੇ ਸੰਤਾਪ ਦੇ ਕਈ ਅਣਸੁਲਝੇ ਸਵਾਲਾਂ ਦੇ ਜਵਾਬ ਮਿਲ
ਜਾਂਦੇ। ਅਸੀਂ ਸਮਝਦੇ ਹਾਂ ਕਿ ਹੁਣ ਵੀ ਉਨ੍ਹਾਂ ਦੇ ਨੇੜੇ ਰਹੇ ਤੇ ਰਾਜ਼ਦਾਰ ਅਕਾਲੀ
ਨੇਤਾਵਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਦੀ ਜੀਵਨੀ ਬਾਰੇ ਉਹ ਜੋ ਵੀ ਜਾਣਦੇ ਹਨ, ਉਸ
ਨੂੰ ਆਪਣੇ ਜਿਊਂਦੇ-ਜੀਅ ਕਲਮਬੰਦ ਕਰਵਾ ਕੇ ਇਕ ਕਿਤਾਬ ਦਾ ਰੂਪ ਦੇਣ।
ਅਸੀਂ
ਸਮਝਦੇ ਹਾਂ ਕਿ ਜਿਥੇ ਇਹ ਉਨ੍ਹਾਂ ਦੀ ਸ. ਬਾਦਲ ਨੂੰ ਇਕ ਸ਼ਰਧਾਂਜਲੀ ਹੋਵੇਗੀ, ਉਥੇ
ਅਜਿਹੀ ਪੁਸਤਕ ਪੰਜਾਬ ਵਿਚ ਵਾਪਰੀਆਂ ਅਹਿਮ ਘਟਨਾਵਾਂ ਸੰਬੰਧੀ ਸ. ਬਾਦਲ ਦੀ ਸੋਚ ਦਾ
ਪ੍ਰਗਟਾਵਾ ਵੀ ਹੋਵੇਗੀ, ਜੋ ਇਤਿਹਾਸਕਾਰਾਂ ਤੇ ਇਤਿਹਾਸ ਦੇ ਵਿਦਿਆਰਥੀਆਂ ਦੀ ਖੋਜ ਲਈ
ਇਕ ਵਡਮੁੱਲੀ ਜਾਣਕਾਰੀ ਦਾ ਸਰੋਤ ਵੀ ਬਣੇਗੀ। 1044,
ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ ਫੋਨ: 92168-60000 E. mail
: hslall@ymail.com
|