ਪਿਛਲੇ
ਹਫ਼ਤੇ ਇਸ ਲੇਖ ਲੜੀ ਵਿਚ ਇਕ ਸਿੱਖ, ਪੰਜਾਬੀ ਤੇ ਅਮਰੀਕੀ ਭਾਰਤੀ ਅਜੈਪਾਲ ਸਿੰਘ ਬੰਗਾ
ਦੇ ਵਿਸ਼ਵ ਦੀ ਸਭ ਤੋਂ ਵੱਕਾਰੀ ਤੇ ਮਹੱਤਵਪੂਰਨ ਆਰਥਿਕ ਸੰਸਥਾ ਵਿਸ਼ਵ ਬੈਂਕ ਦਾ
ਪ੍ਰਧਾਨ ਬਣਨ 'ਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਸਿੱਖਾਂ ਦੀ ਦੇਸ਼ ਅਤੇ ਪੰਜਾਬ ਦੇ
ਮਹੱਤਵਪੂਰਨ ਅਹੁਦਿਆਂ 'ਤੇ ਘਟਦੀ ਗਿਣਤੀ 'ਤੇ ਫ਼ਿਕਰ ਦਾ ਪ੍ਰਗਟਾਵਾ ਕੀਤਾ ਗਿਆ ਸੀ।
ਸਿੱਖ ਬੱਚਿਆਂ ਨੂੰ ਉੱਚ ਸਿੱਖਿਆ ਤੇ ਮੁਕਾਬਲੇ ਦੇ ਇਮਤਿਹਾਨਾਂ ਵਿਚ ਅੱਗੇ ਵਧਾਉਣ ਲਈ
ਸਿੱਖ ਸੰਸਥਾਵਾਂ ਨੂੰ ਪ੍ਰੋਗਰਾਮ ਉਲੀਕਣ ਲਈ ਬੇਨਤੀ ਵੀ ਕੀਤੀ ਗਈ ਸੀ। ਸਾਡੇ ਲਈ ਤੇ
ਸਿੱਖ ਜਗਤ ਲਈ ਖ਼ੁਸ਼ੀ ਦੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲ
ਕਰਕੇ ਪ੍ਰਸ਼ਾਸਕੀ ਸੇਵਾਵਾਂ ਦੇ ਇਮਤਿਹਾਨਾਂ ਦੀ ਤਿਆਰੀ ਲਈ 25 ਸਿੱਖ ਬੱਚਿਆਂ ਦੇ
ਪਹਿਲੇ ਬੈਚ ਨੂੰ ਹਰ ਸਹਾਇਤਾ ਦੇਣ ਦਾ ਫ਼ੈਸਲਾ ਕੀਤਾ ਹੈ। ਬੇਸ਼ੱਕ ਇਹ ਸਾਡੇ ਲੇਖ ਦਾ
ਅਸਰ ਨਹੀਂ ਪਰ ਇਹ ਚੰਗਾ ਫ਼ੈਸਲਾ ਹੈ, ਜਿਸ ਲਈ ਸ਼੍ਰੋਮਣੀ ਕਮੇਟੀ ਵਧਾਈ ਦੀ ਪਾਤਰ ਹੈ।
ਹਾਲ ਦੀ ਘੜੀ 350 ਦਰਖਾਸਤਾਂ ਵਿਚੋਂ 11 ਯੋਗ ਬੱਚੇ ਚੁਣੇ ਗਏ ਹਨ, 14 ਹੋਰ ਬੱਚੇ ਵੀ
ਚੁਣੇ ਜਾਣਗੇ। ਚੋਣ ਕਮੇਟੀ ਦੇ ਮੈਂਬਰਾਂ ਡਾ. ਕੇਹਰ ਸਿੰਘ, ਪ੍ਰੋ.
ਬ੍ਰਿਜਪਾਲ ਸਿੰਘ, ਕਾਹਨ ਸਿੰਘ ਪੰਨੂ, ਪ੍ਰੋ. ਅਜੈਬ ਸਿੰਘ, ਡਾ. ਮਦਨਜੀਤ ਕੌਰ
ਸਹੋਤਾ, ਡਾ. ਅਮਰਜੀਤ ਸਿੰਘ ਤੇ ਸੁਖਮਿੰਦਰ ਸਿੰਘ ਆਦਿ ਨੇ ਪ੍ਰਸ਼ਾਸਕੀ ਸੇਵਾਵਾਂ ਦੀ
ਤਿਆਰੀ ਲਈ ਵੱਖ-ਵੱਖ ਪੜਾਵਾਂ 'ਚ ਜਾਂਚ ਪਰਖ ਕਰਕੇ ਇਹ 11 ਬੱਚੇ ਚੁਣੇ ਹਨ। ਚੋਣ
ਕਮੇਟੀ ਦੇ ਮੈਂਬਰ ਕਾਹਨ ਸਿੰਘ ਪੰਨੂ ਦਾ ਇਹ ਕਹਿਣਾ ਚੰਗਾ ਲੱਗਾ ਕਿ ਉਨ੍ਹਾਂ ਨੇ ਚੋਣ
ਕਮੇਟੀ ਦੇ ਮੈਂਬਰ ਬਣਨ ਲੱਗੇ ਹੀ ਕਹਿ ਦਿੱਤਾ ਸੀ ਕਿ ਸ਼੍ਰੋਮਣੀ ਕਮੇਟੀ ਦਾ ਕੋਈ
ਅਹੁਦੇਦਾਰ ਜਾਂ ਅਧਿਕਾਰੀ ਕਿਸੇ ਬੱਚੇ ਦੀ ਸਿਫ਼ਾਰਸ਼ ਨਾ ਕਰੇ। ਚੰਗੀ ਗੱਲ ਹੈ ਕਿ ਇਸ
'ਤੇ ਅਮਲ ਵੀ ਕੀਤਾ ਗਿਆ।
ਬੇਸ਼ੱਕ ਇਸ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ
ਹਰਜਿੰਦਰ ਸਿੰਘ ਧਾਮੀ ਤੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਵਧਾਈ ਦੇ ਪਾਤਰ ਹਨ,
ਪਰ ਇਹ ਸਿਰਫ਼ ਸ਼ੁਰੂਆਤ ਹੈ। ਜਿਵੇਂ 'ਰੂੰ ਦੇ ਗੋਹੜੇ ਵਿਚੋਂ ਪੂਣੀ ਕੱਤਣ ਦੀ ਸ਼ੁਰੂਆਤ'
ਕੀਤੀ ਗਈ ਹੋਵੇ। ਚੰਗਾ ਹੋਵੇ ਜੇ ਇਸ ਨੂੰ ਅੱਗੇ ਵਧਾਇਆ ਜਾਵੇ ਤੇ ਸਿਰਫ਼ 25 ਬੱਚਿਆਂ
ਤੱਕ ਹੀ ਸੀਮਤ ਨਾ ਰਿਹਾ ਜਾਵੇ ਸਗੋਂ ਪੰਜਾਬ ਵਿਚ ਇਸ ਕੰਮ ਲਈ ਵੱਖ-ਵੱਖ ਇਲਾਕਿਆਂ
ਵਿਚ ਘੱਟੋ-ਘੱਟ 4 ਪੱਕੇ ਕੇਂਦਰ ਖੋਲ੍ਹੇ ਜਾਣ ਅਤੇ ਦੇਸ਼ ਵਿਚ ਹਰਿਆਣਾ, ਦਿੱਲੀ,
ਰਾਜਸਥਾਨ, ਪੱਛਮੀ ਬੰਗਾਲ, ਮਹਾਰਾਸ਼ਟਰ ਤੇ ਹੋਰ ਸਿੱਖ ਆਬਾਦੀ ਵਾਲੇ ਰਾਜਾਂ ਦੇ ਸਾਂਝੇ
ਕੇਂਦਰ ਵੀ ਬਣਾਏ ਜਾਣ ਜਿਥੇ ਕਾਬਲ ਸਿੱਖ ਬੱਚਿਆਂ ਨੂੰ ਸਿਰਫ਼ ਪ੍ਰਸ਼ਾਸਕੀ ਇਮਤਿਹਾਨਾਂ
ਦੀ ਤਿਆਰੀ ਨਾ ਕਰਵਾਈ ਜਾਵੇ ਸਗੋਂ ਫ਼ੌਜ ਵਿਚ ਵੱਡੇ ਅਫ਼ਸਰ ਬਣਾਉਣ ਲਈ ਐਨ.ਡੀ.ਏ.,
ਡਾਕਟਰੀ ਦੀ ਨੀਟ, ਐਲ.ਐਲ.ਬੀ. ਲਈ ਚੰਗੇ ਕਾਲਜਾਂ ਵਿਚ ਦਾਖਲੇ ਲਈ ਕਲੈਟ,
ਇੰਜੀਨੀਅਰਿੰਗ, ਆਰਥਿਕ ਪੜ੍ਹਾਈ ਅਤੇ ਹੋਰ ਵਿਸ਼ੇਸ਼ ਕਿੱਤਿਆਂ ਦੀ ਉੱਚ ਪੱਧਰੀ ਪੜ੍ਹਾਈ
ਵਿਚ ਚੰਗੇ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਦਾਖਲੇ ਲਈ ਮੁਕਾਬਲੇ ਦੇ ਇਮਤਿਹਾਨਾਂ
ਵਿਚ ਕਾਮਯਾਬ ਕਰਵਾਉਣ ਲਈ ਵੀ ਵਿਦਿਆਰਥੀਆਂ ਵਾਸਤੇ ਕੋਚਿੰਗ ਦਾ ਇੰਤਜ਼ਾਮ ਹੋਵੇ। ਇਸ
ਮੰਤਵ ਲਈ 10ਵੀਂ ਪਾਸ ਜਾਂ +2 ਪਾਸ ਬੱਚਿਆਂ ਨੂੰ ਚੁਣਿਆ ਜਾਵੇ।
ਪਰ ਇਹ
ਸਾਰਾ ਕੁਝ ਸਿਰਫ਼ ਸ਼੍ਰੋਮਣੀ ਕਮੇਟੀ ਨਹੀਂ ਕਰ ਸਕਦੀ। ਹੋਰ ਸਿੱਖ ਸੰਸਥਾਵਾਂ ਨੂੰ ਵੀ
ਅੱਗੇ ਆਉਣਾ ਚਾਹੀਦਾ ਹੈ। ਦਿੱਲੀ ਗੁਰਦੁਆਰਾ ਕਮੇਟੀ, ਚੀਫ਼ ਖ਼ਾਲਸਾ ਦੀਵਾਨ ਜਿਸ ਦੇ
ਮੁਖੀ ਇੰਦਰਬੀਰ ਸਿੰਘ ਨਿੱਝਰ ਇਸ ਵੇਲੇ ਪੰਜਾਬ ਦੇ ਮੰਤਰੀ ਵੀ ਹਨ, ਨੂੰ ਵੀ ਆਪਣਾ
ਯੋਗਦਾਨ ਪਾਉਣਾ ਚਾਹੀਦਾ ਹੈ। ਪਰ ਹੋਰ ਗੁਰਦੁਆਰਾ ਕਮੇਟੀਆਂ, ਸਿੱਖ ਸਮਾਜਿਕ
ਸੰਸਥਾਵਾਂ ਤੇ ਧਨਾਢ ਸਿੱਖਾਂ ਦੇ ਨਾਲ-ਨਾਲ ਸਿੱਖਾਂ ਵਿਚ ਲਗਭਗ ਖ਼ਤਮ ਹੋ ਚੁੱਕੀ
ਦਸਵੰਧ ਕੱਢਣ ਦੀ ਰਵਾਇਤ ਨੂੰ ਫਿਰ ਤੋਂ ਸਰਗਰਮ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਸ
ਕੰਮ ਲਈ ਪੈਸਿਆਂ ਦੀ ਘਾਟ ਨਾ ਆਵੇ ਪਰ ਇਹ ਯਕੀਨੀ ਬਣਾਇਆ ਜਾਵੇ ਕਿ ਦਸਵੰਧ ਦੀ ਆਈ
ਰਕਮ ਦੇ ਪੈਸੇ-ਪੈਸੇ ਦਾ ਪਾਰਦਰਸ਼ੀ ਹਿਸਾਬ ਸੰਗਤ ਦੇ ਸਾਹਮਣੇ ਹੋਵੇ ਤੇ ਇਹ ਪੈਸਾ
ਸਿਰਫ਼ ਵਿੱਦਿਆ ਤੇ ਇਲਾਜ ਆਦਿ ਵਰਗੇ ਲੋਕ ਹਿਤੂ ਕੰਮਾਂ 'ਤੇ ਹੀ ਖਰਚਿਆ ਜਾਵੇ।
ਬੇਸ਼ੱਕ ਸ਼੍ਰੋਮਣੀ ਕਮੇਟੀ ਦੀ ਸ਼ੁਰੂਆਤ ਚੰਗੀ ਹੈ ਪਰ ਇਸ ਨੂੰ ਲਗਾਤਾਰ ਜਾਰੀ
ਰੱਖਿਆ ਜਾਵੇ ਤੇ ਇਸ ਲਈ ਨਿਯੁਕਤ ਅਧਿਆਪਕਾਂ ਲਈ ਨਤੀਜਾ ਆਧਾਰਿਤ ਇਨਾਮਾਂ ਤੇ
ਤਨਖਾਹਾਂ ਦਾ ਸਿਸਟਮ ਵੀ ਵਧੀਆ ਬਣਾਇਆ ਜਾਵੇ। ਕਿਤੇ ਸ਼ਾਇਰ ਅੱਬਾਸ ਤਾਬਿਸ਼ ਦੇ ਸ਼ਿਅਰ
ਵਰਗੀ ਹਾਲਤ ਨਾ ਹੋਵੇ।
ਮਸਰੂਫ਼ ਹੈਂ ਕੁਛ ਇਤਨੇ ਕਿ ਹਮ ਕਾਰ-ਏ-ਮੁਹੱਬਤ,
ਆਗਾਜ਼ ਤੋ ਕਰ ਲੇਤੇ ਹੈਂ, ਜਾਰੀ ਨਹੀਂ ਰਖਤੇ। ਉੱਚ ਕੋਟੀ
ਦੇ ਸੇਵਾਮੁਕਤ ਸਿੱਖ ਵੀ ਧਿਆਨ ਦੇਣ ਬਹੁਤ ਵੱਡੀ ਗਿਣਤੀ ਵਿਚ ਸਿੱਖ
ਸੇਵਾ ਮੁਕਤ ਵਾਈਸ ਚਾਂਸਲਰ, ਵੱਡੇ ਕਾਲਜਾਂ ਦੇ ਡਿਪਾਰਟਮੈਂਟ (ਵਿਭਾਗ ਮੁਖੀ)
ਪ੍ਰਿੰਸੀਪਲ, ਸੇਵਾਮੁਕਤ ਫ਼ੌਜੀ ਅਧਿਕਾਰੀ, ਜੱਜ, ਆਈ.ਏ.ਐਸ., ਆਈ.ਪੀ.ਐਸ. ਅਤੇ ਹੋਰ
ਖੇਤਰਾਂ ਦੇ ਮਾਹਿਰ ਸਾਡੇ ਕੋਲ ਹਨ। ਚੰਗੀ ਗੱਲ ਹੋਵੇਗੀ ਜੇਕਰ ਹਰ ਖ਼ੇਤਰ ਦੇ ਇਹ ਲੋਕ
ਜੋ ਆਪਸ ਵਿਚ ਆਮ ਤੌਰ 'ਤੇ ਇਕ-ਦੂਜੇ ਨੂੰ ਜਾਣਦੇ ਵੀ ਹੁੰਦੇ ਹਨ, ਆਪਣੇ-ਆਪਣੇ
ਖੇਤਰਾਂ ਵਿਚ ਸਿੱਖ ਬੱਚਿਆਂ ਨੂੰ ਅੱਗੇ ਵਧਾਉਣ ਲਈ ਤੇ ਉਸ ਖੇਤਰ ਵਿਚ ਉੱਚੀਆਂ
ਪਦਵੀਆਂ 'ਤੇ ਪਹੁੰਚਾਉਣ ਲਈ ਮਿਲ ਕੇ ਸੰਸਥਾਵਾਂ ਬਣਾਉਣ ਤੇ ਕੋਚਿੰਗ ਸੈਂਟਰ ਖੋਲ੍ਹਣ
ਲਈ ਅੱਗੇ ਆਉਣ। ਜਿੱਥੇ ਸਿੱਖ ਬੱਚਿਆਂ ਦਾ ਭਵਿੱਖ ਤਾਂ ਸੰਵਰੇਗਾ ਹੀ, ਪੂਰੀ ਕੌਮ ਦਾ
ਭਵਿੱਖ ਵੀ ਸੰਵਰ ਜਾਵੇਗਾ।
ਵਿਦੇਸ਼ੀ ਸਿੱਖ ਵੀ ਪਹਿਲ ਕਰਨ
ਵਿਦੇਸ਼ਾਂ ਵਿਚ ਵਸਦੇ ਸਿੱਖਾਂ ਦੇ ਨੇਤਾਵਾਂ ਨੂੰ ਵੀ ਚਾਹੀਦਾ ਹੈ ਕਿ ਉਹ ਜਾਤਾਂ ਦੇ
ਨਾਵਾਂ 'ਤੇ ਇਕ-ਇਕ ਸ਼ਹਿਰ ਵਿਚ ਮੁਕਾਬਲੇ ਦੇ ਗੁਰਦੁਆਰਾ ਸਾਹਿਬ ਉਸਾਰਨ ਦੀ ਥਾਂ
ਵਿਦੇਸ਼ਾਂ ਵਿਚ ਜੰਮੇ-ਪਲੇ ਅਤੇ ਪੰਜਾਬ ਤੋਂ ਪੜ੍ਹਨ ਲਈ ਗਏ ਸਿੱਖ ਬੱਚਿਆਂ ਨੂੰ ਸਿਰਫ਼
ਪੀ.ਆਰ. ਲੈਣ ਅਤੇ ਨਾਗਰਿਕ ਬਣਨ ਨੂੰ ਹੀ ਉਨ੍ਹਾਂ ਦੀ ਮੰਜ਼ਿਲ ਨਾ ਬਣਨ ਦੇਣ ਸਗੋਂ
ਐਜੂਕੇਸ਼ਨ ਸੁਸਾਇਟੀਆਂ ਬਣਾ ਕੇ ਸਥਾਨਕ ਗੁਰਦੁਆਰਾ ਕਮੇਟੀਆਂ ਦੀ ਮਦਦ ਲੈ ਕੇ,
ਯੋਗ ਸਿੱਖ ਵਿਦਿਆਰਥੀਆਂ ਨੂੰ ਉਨ੍ਹਾਂ ਦੇਸ਼ਾਂ ਦੇ ਮੁਕਾਬਲੇ ਦੇ ਇਮਤਿਹਾਨਾਂ ਦੀ
ਤਿਆਰੀ ਲਈ ਤਿਆਰ ਕਰਨ ਤਾਂ ਜੋ ਉਹ ਉਥੋਂ ਦੇ ਨਾਗਰਿਕ ਬਣਨ ਉਪਰੰਤ, ਉਨ੍ਹਾਂ ਦੇਸ਼ਾਂ
ਦੇ ਉੱਚ ਅਹੁਦਿਆਂ 'ਤੇ ਬੈਠ ਕੇ ਗੁਰੂ ਨਾਨਕ ਦੇ 'ਸਰਬੱਤ ਦੇ ਭਲੇ' ਦੇ ਅਸੂਲ 'ਤੇ
ਅਮਲ ਕਰ ਸਕਣ ਤੇ ਵਿਸ਼ਵ ਭਰ ਵਿਚ ਸਰਕਾਰਾਂ ਦੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਨ ਦੇ
ਸਮਰੱਥ ਹੋ ਸਕਣ। ਬੰਬ ਧਮਾਕਿਆਂ ਦੀ ਸਾਜਿਸ਼?
ਬੇਸ਼ੱਕ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਅਤੇ ਸੀ.ਸੀ.ਟੀ.ਵੀ.
ਦਾ ਪ੍ਰਬੰਧ ਕਰਨ ਵਾਲੀ ਟੀਮ ਦੀ ਮਿਹਨਤ ਨਾਲ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਦੇ
ਗਲਿਆਰੇ ਵਿਚ ਲਗਾਤਾਰ 3 ਬੰਬ ਧਮਾਕੇ ਕਰਨ ਵਾਲੇ ਦੋਸ਼ੀ ਫੜੇ ਗਏ ਹਨ ਪਰ ਇਨ੍ਹਾਂ ਦੇ
ਫੜੇ ਜਾਣ ਤੋਂ ਬਾਅਦ ਇਨ੍ਹਾਂ ਦੀ ਪਹਿਚਾਣ ਸਿੱਖਾਂ ਵਜੋਂ ਹੋਣੀ ਇਕ ਵੱਖਰੀ ਤਰ੍ਹਾਂ
ਦਾ ਫ਼ਿਕਰ ਵੀ ਪੈਦਾ ਕਰਦੀ ਹੈ ਤੇ ਇਸ ਸ਼ੱਕ ਨੂੰ ਹੋਰ ਪੱਕਾ ਵੀ ਕਰ ਰਹੀ ਹੈ ਕਿ ਇਸ
ਪਿੱਛੇ ਜ਼ਰੂਰ ਕੋਈ ਗਹਿਰੀ ਤੇ ਡੂੰਘੀ ਸਾਜਿਸ਼ ਹੈ।
ਗੁਨਾਹ ਕਰਨ ਵਾਲੇ ਲੋਕ
ਖ਼ੁਦ ਹੀ ਆਪਣੇ ਗੁਨਾਹ ਦੀਆਂ ਵੀਡੀਓਜ਼ ਵੀ ਬਣਾ ਰਹੇ ਹਨ ਤਾਂ ਸਾਫ਼ ਹੈ ਕਿ
ਉਨ੍ਹਾਂ ਨੇ ਆਪਣੇ ਕੰਮ ਦਾ ਸਬੂਤ ਕਿਸੇ ਹੋਰ ਨੂੰ ਦਿਖਾ ਕੇ ਬਦਲੇ ਵਿਚ ਕੁਝ ਲੈਣਾ
ਹੈ। ਇਹ ਧਮਾਕੇ ਇਕ ਸਾਫ਼ ਪ੍ਰਭਾਵ ਦੇ ਰਹੇ ਹਨ ਕਿ ਇਹ ਕਿਸੇ ਜਾਨੀ ਜਾਂ ਮਾਲੀ ਨੁਕਸਾਨ
ਲਈ ਨਹੀਂ ਕਰਵਾਏ ਜਾ ਰਹੇ, ਸਗੋਂ ਇਹ ਕੋਈ ਮਾਹੌਲ ਸਿਰਜਣ ਲਈ ਤੇ ਕਿਸੇ ਖ਼ਾਸ ਬਿਰਤਾਂਤ
ਦਾ ਪ੍ਰਭਾਵ ਸਿਰਜਣ ਲਈ ਕਰਵਾਏ ਜਾ ਰਹੇ ਸਨ। ਚੰਗੀ ਗੱਲ ਹੈ ਕਿ ਪੰਜਾਬ ਦੀਆਂ ਸਾਰੀਆਂ
ਸਿਆਸੀ ਪਾਰਟੀਆਂ ਇਸ ਦੀ ਗੰਭੀਰ ਜਾਂਚ ਲਈ ਇਕ ਜ਼ਬਾਨ ਹਨ।
ਪਰ ਅਸੀਂ ਸਮਝਦੇ
ਹਾਂ ਕਿ ਇਹ ਮਸਲਾ ਏਨਾ ਗੰਭੀਰ ਹੈ ਕਿ ਇਸ ਦੀ ਜਾਂਚ ਰੁਟੀਨ ਪੁਲਸੀਆ
ਤਰੀਕੇ ਨਾਲ ਸਿੱਟ ਬਣਾ ਕੇ ਹੀ ਨਹੀਂ ਹੋਣੀ ਚਾਹੀਦੀ, ਸਗੋਂ ਇਸ ਦੀ ਜਾਂਚ
ਸਤਿਕਾਰਤ ਤੇ ਸੇਵਾਮੁਕਤ ਜਾਂ ਕੰਮ ਕਰ ਰਹੇ ਸੀਨੀਅਰ ਜੱਜਾਂ ਦੇ ਕਿਸੇ ਪੈਨਲ ਤੋਂ
ਕਰਵਾਈ ਜਾਵੇ।
ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਨੂੰ ਵੀ ਚਾਹੀਦਾ ਹੈ ਕਿ ਉਹ
ਆਪਣੇ ਤੌਰ 'ਤੇ ਵੀ ਇਕ ਸੇਵਾਮੁਕਤ ਸਿੱਖ ਜੱਜ, ਇਕ ਸੇਵਾਮੁਕਤ ਸਿੱਖ ਉੱਚ ਪੁਲਿਸ
ਅਧਿਕਾਰੀ ਅਤੇ ਕਿਸੇ ਫੋਰੈਂਸਿਕ ਮਾਹਿਰ ਤੇ ਆਧਾਰਿਤ ਸਮਾਨੰਤਰ ਜਾਂਚ
ਕਮਿਸ਼ਨ ਬਣਾਵੇ ਤਾਂ ਜੋ ਸੱਚਾਈ ਸਾਹਮਣੇ ਆ ਸਕੇ ਕਿ ਇਹ ਸਾਜਿਸ਼ ਕਿਸ ਪੱਧਰ 'ਤੇ ਅਤੇ
ਕਿਸ ਮੰਤਵ ਨਾਲ ਰਚੀ ਗਈ ਹੈ?
ਕਿਸ ਲੀਏ ਬੁਝਨੇ ਲਗੇ ਅਵਲ-ਏ-ਸ਼ਬ ਸਾਰੇ
ਚਰਾਗ਼, ਆਂਧੀਓਂ ਨੇ ਭੀ ਅਗ਼ਰਚੇ ਕੋਈ ਸਾਜਿਸ਼ ਨਹੀਂ ਕੀ।
(ਅੰਬਰੀਨ ਅੰਬਰ)
1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ,
ਖੰਨਾ-141401 ਫੋਨ: 92168-60000 E. mail :
hslall@ymail.com
|