ਜੋ
ਹਾਰ ਸਬਕ ਸੀਖਨੇ ਕਾ ਹੁਨਰ ਸਿਖਾ ਦੇ, ਵੋ ਹਾਰ ਭੀ ਫਿਰ ਜੀਤ ਕਾ ਆਗਾਜ਼ ਹੋ ਜਾਏ।
ਹਾਲਾਂਕਿ ਹੁਣੇ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਮੱਧ
ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿਚ ਭਾਜਪਾ ਦੀ ਸ਼ਾਨਦਾਰ ਜਿੱਤ ਨੇ ਇਹ ਪ੍ਰਭਾਵ
ਸਿਰਜ ਦਿੱਤਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਵਿਚ ਵੀ ਭਾਜਪਾ ਦੀ ਜਿੱਤ ਯਕੀਨੀ
ਹੋ ਗਈ ਹੈ। ਪਰ ਜੇਕਰ ਧਿਆਨ ਨਾਲ ਦੇਖਿਆ ਜਾਵੇ ਅਤੇ ਵੋਟ ਅੰਕੜਿਆਂ ਨੂੰ ਵਾਚਿਆ ਜਾਵੇ
ਤਾਂ ਇਕ ਗੱਲ ਬੜੀ ਸਾਫ਼ ਤੇ ਸਪੱਸ਼ਟ ਨਜ਼ਰ ਆਉਂਦੀ ਹੈ ਕਿ ਜੇ ਇਸ ਹਾਰ ਦੇ ਬਾਵਜੂਦ
ਕਾਂਗਰਸ ਇਸ ਹਾਰ ਤੋਂ ਸਬਕ ਲਵੇ ਅਤੇ ਆਪਣਾ ਹੰਕਾਰ ਛੱਡ ਕੇ (ਵੈਸੇ ਤਾਂ ਇਹ ਹੰਕਾਰ
ਇਨ੍ਹਾਂ ਚੋਣਾਂ ਵਿਚ ਟੁੱਟ ਹੀ ਗਿਆ ਹੈ) ਇੰਡੀਆ ਗੱਠਜੋੜ ਨਾਲ ਸੀਟਾਂ ਦੀ
ਵੰਡ ਹਕੀਕਤ ਦੇ ਆਧਾਰ 'ਤੇ ਕਰਕੇ 2024 ਦੀਆਂ ਲੋਕ ਸਭਾ ਚੋਣਾਂ ਲੜੇ ਤਾਂ 2024
ਭਾਜਪਾ ਲਈ ਅਸਲ ਵਿਚ ਓਨਾ ਸੌਖਾ ਨਹੀਂ ਰਹੇਗਾ, ਜਿੰਨਾ ਦਿਖਾਈ ਦੇ ਰਿਹਾ ਹੈ।
ਇਸ ਚੋਣ ਦੇ ਨਤੀਜਿਆਂ ਨੇ ਸਿਰਫ਼ ਕਾਂਗਰਸ ਦਾ ਹੰਕਾਰ ਹੀ ਨਹੀਂ ਤੋੜਿਆ, ਸਗੋਂ
ਇੰਡੀਆ ਗੱਠਜੋੜ ਦੇ ਕਈ ਹੋਰ ਦਲਾਂ ਨੂੰ ਵੀ ਸ਼ੀਸ਼ਾ ਦਿਖਾਇਆ ਹੈ ਕਿ
ਇਕੱਲੇ-ਇਕੱਲੇ ਤੁਸੀਂ ਵੀ ਕੁਝ ਨਹੀਂ ਹੋ। ਇਸ ਲਈ ਅਸੀਂ ਸਮਝਦੇ ਹਾਂ ਕਿ ਇਹ ਹਾਰ
ਇੰਡੀਆ ਗੱਠਜੋੜ ਲਈ ਇਕ ਵਰਦਾਨ ਸਾਬਤ ਹੋ ਸਕਦੀ ਹੈ ਤੇ ਉਹ ਅਸਲੀਅਤ ਦੇ ਧਰਾਤਲ
'ਤੇ ਖੜ੍ਹ ਕੇ ਅਜੇ ਵੀ ਆਪਸੀ ਸਮਝੌਤੇ ਨਾਲ 2024 ਦੀਆਂ ਆਮ ਚੋਣਾਂ ਵਿਚ
ਐਨ.ਡੀ.ਏ. ਨੂੰ ਇਕ ਤਕੜੀ ਟੱਕਰ ਦੇਣ ਸਮਰੱਥ ਹੋ ਸਕਦੇ ਹਨ। ਜ਼ਰਾ
ਦੇਖੋ ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਜਿੱਤ ਦੇ ਬਾਵਜੂਦ ਭਾਜਪਾ ਨੇ ਕੁੱਲ ਮਿਲਾ ਕੇ
ਕਾਂਗਰਸ ਤੋਂ ਕਰੀਬ 9 ਲੱਖ ਵੋਟਾਂ ਘੱਟ ਲਈਆਂ ਹਨ। ਜਿੱਤੀ ਹੋਈ ਭਾਜਪਾ ਨੇ ਕੁੱਲ 4
ਕਰੋੜ 81 ਲੱਖ 33 ਹਜ਼ਾਰ 463 ਵੋਟਾਂ ਲਈਆਂ ਤੇ ਕਾਂਗਰਸ ਨੇ 4 ਕਰੋੜ 90 ਲੱਖ 77
ਹਜ਼ਾਰ 907 ਵੋਟਾਂ ਲਈਆਂ ਹਨ।
ਬੇਸ਼ੱਕ ਮੱਧ ਪ੍ਰਦੇਸ਼ ਵਿਚ ਭਾਜਪਾ ਨੇ ਕਾਂਗਰਸ
ਨਾਲੋਂ 8 ਫ਼ੀਸਦੀ ਦੇ ਕਰੀਬ ਵੱਧ ਵੋਟਾਂ ਲਈਆਂ ਹਨ। ਇਥੇ ਭਾਜਪਾ ਨੂੰ 48.55 ਫ਼ੀਸਦੀ
ਅਤੇ ਕਾਂਗਰਸ ਨੂੰ 40.42 ਫ਼ੀਸਦੀ ਵੋਟਾਂ ਮਿਲੀਆਂ ਹਨ।
ਛੱਤੀਸਗੜ੍ਹ ਵਿਚ
ਫਰਕ-ਫ਼ੀਸਦੀ ਕਰੀਬ 4 ਫ਼ੀਸਦੀ ਸੀ, ਜਿਥੇ ਭਾਜਪਾ ਨੇ 46.36 ਫ਼ੀਸਦੀ ਅਤੇ ਕਾਂਗਰਸ ਨੇ
42.22 ਫ਼ੀਸਦੀ ਵੋਟਾਂ ਲਈਆਂ।
ਰਾਜਸਥਾਨ ਵਿਚ ਭਾਜਪਾ ਨੇ 41.69 ਫ਼ੀਸਦੀ ਤੇ
ਕਾਂਗਰਸ ਨੇ 39.53 ਫ਼ੀਸਦੀ ਵੋਟਾਂ ਲਈਆਂ, ਇਥੇ ਫ਼ਰਕ ਸਿਰਫ਼ 2 ਫ਼ੀਸਦੀ ਦੇ ਕਰੀਬ ਹੀ
ਰਹਿ ਗਿਆ।
ਤੇਲੰਗਾਨਾ ਵਿਚ ਭਾਜਪਾ ਨੇ 13.9 ਫ਼ੀਸਦੀ ਤੇ ਕਾਂਗਰਸ ਨੇ 39.37
ਫ਼ੀਸਦੀ ਭਾਵ ਕਾਂਗਰਸ ਨੇ ਉਲਟਾ 25 ਫ਼ੀਸਦੀ ਤੋਂ ਵੱਧ ਵੋਟਾਂ ਦਾ ਫ਼ਰਕ ਪਾਇਆ।
ਮਿਜ਼ੋਰਮ ਵਿਚ ਭਾਵੇਂ ਭਾਜਪਾ 2 ਸੀਟਾਂ 'ਤੇ ਜਿੱਤੀ ਅਤੇ ਕਾਂਗਰਸ ਸਿਰਫ਼ ਇਕ ਸੀਟ
ਹੀ ਜਿੱਤ ਸਕੀ ਪਰ ਇਥੇ ਕਾਂਗਰਸ ਨੂੰ 20.82 ਫ਼ੀਸਦੀ ਅਤੇ ਭਾਜਪਾ ਨੂੰ ਸਿਰਫ਼ 5.06
ਫ਼ੀਸਦੀ ਵੋਟਾਂ ਹੀ ਮਿਲੀਆਂ। ਉਪ੍ਰੋਕਤ ਸਥਿਤੀ ਸਾਫ਼ ਪ੍ਰਗਟ ਕਰਦੀ ਹੈ ਕਿ
ਕਾਂਗਰਸ ਹਾਰ ਦੇ ਬਾਵਜੂਦ ਖ਼ਤਮ ਨਹੀਂ ਹੋਈ।
ਇਨ੍ਹਾਂ ਚੋਣਾਂ ਵਿਚ ਇਕ ਹੋਰ
ਗੱਲ ਵੀ ਸਾਬਤ ਹੋਈ ਕਿ ਭਾਜਪਾ ਉੱਤਰ ਭਾਰਤ ਦੀ 'ਹਿੰਦੀ ਪੱਟੀ' ਵਿਚ ਤਾਂ ਮਜ਼ਬੂਤ ਹੈ
ਪਰ ਦੱਖਣ ਵਿਚ ਮਜ਼ਬੂਤ ਨਹੀਂ ਹੈ। ਦੱਖਣ ਵਿਚ ਜੇਕਰ ਇੰਡੀਆ ਗੱਠਜੋੜ ਹੋਂਦ
ਵਿਚ ਆ ਜਾਵੇ ਤਾਂ ਉਥੇ ਭਾਜਪਾ ਲਈ ਵੱਡੀ ਮੁਸ਼ਕਿਲ ਹੋ ਜਾਵੇਗੀ।
ਵੇਖਣ ਵਾਲੀ
ਗੱਲ ਇਹ ਹੈ ਕਿ ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਦੀਆਂ ਤਿੰਨ ਸਟੇਟਾਂ
ਦੀਆਂ ਕੁੱਲ 65 ਸੀਟਾਂ ਵਿਚੋਂ ਇਸ ਵੇਲੇ ਭਾਜਪਾ 61 ਸੀਟਾਂ 'ਤੇ ਕਾਬਜ਼ ਹੈ। ਭਾਵ ਇਹ
ਹੈ ਕਿ 2024 ਵਿਚ ਕਾਂਗਰਸ ਕੋਲ ਇਨ੍ਹਾਂ ਰਾਜਾਂ ਵਿਚ 2024 ਦੀਆਂ ਚੋਣਾਂ ਵਿਚ ਗਵਾਉਣ
ਲਈ ਕੁਝ ਵੀ ਨਹੀਂ।
ਪਰ ਜੇਕਰ ਉਹ ਇਸ ਹਾਰ ਤੋਂ ਸਬਕ ਲੈਂਦੀ ਹੈ ਤੇ
ਇੰਡੀਆ ਗੱਠਜੋੜ ਬਣਾਉਣ ਵਿਚ ਸਫਲ ਰਹਿ ਕੇ ਹੁਣ ਵਾਲੀ ਵੋਟ ਫ਼ੀਸਦੀ ਨੂੰ ਆਮ
ਚੋਣਾਂ ਤੱਕ ਕਾਇਮ ਰੱਖਦੀ ਹੈ ਤਾਂ ਉਹ ਇਨ੍ਹਾਂ ਤਿੰਨਾਂ ਸਟੇਟਾਂ ਵਿਚ ਹੀ
ਭਾਜਪਾ ਤੋਂ 20 ਤੋਂ 25 ਸੀਟਾਂ ਖੋਹਣ ਦੇ ਕਾਬਲ ਹੋ ਸਕਦੀ ਹੈ।
ਬਾਕੀ,
ਰਾਜਨੀਤੀ ਕਦੇ ਵੀ 2 ਜਮ੍ਹਾਂ 2 ਦੇ ਬਰਾਬਰ 4 ਨਹੀਂ ਹੁੰਦੀ। ਦੇਖਣਾ ਹੋਵੇਗਾ ਕਿ
ਇਨ੍ਹਾਂ ਚੋਣਾਂ ਤੋਂ ਪਹਿਲਾਂ ਭਾਜਪਾ ਆਪਣੇ ਤਰਕਸ਼ ਵਿਚੋਂ ਕਿਹੜੇ ਨਵੇਂ ਤੀਰ ਛੱਡਦੀ
ਹੈ ਤੇ ਕਾਂਗਰਸ ਆਪਣੀ ਏਕਤਾ ਤੇ ਮਜ਼ਬੂਤੀ ਬਣਾਈ ਰੱਖ ਸਕਦੀ ਹੈ ਜਾਂ ਨਹੀਂ? ਇਹ ਵੀ
ਦੇਖਣਾ ਬਣਦਾ ਹੈ ਕਿ ਇੰਡੀਆ ਗੱਠਜੋੜ ਕੀ ਕਰਵਟ ਲੈਂਦਾ ਹੈ।
ਸ. ਬਾਦਲ ਨੂੰ ਯਾਦ ਕਰਦਿਆਂ 25 ਅਪ੍ਰੈਲ, 2023 ਨੂੰ
ਜਦੋਂ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ ਤਾਂ ਇਕ ਸ਼ਿਅਰ ਯਾਦ
ਆਇਆ ਸੀ:
ਆਸਮਾਂ ਭਰ ਗਿਆ ਪਰਿੰਦੋਂ ਸੇ ਪੇੜ ਕੋਈ ਬੜਾ ਗਿਰਾ ਹੋਗਾ।
ਕਿਤਨਾ ਦੁਸ਼ਵਾਰ ਥਾ ਸਫ਼ਰ ਉਸ ਕਾ ਵੋ ਸਰ-ਏ-ਸ਼ਾਮ ਸੋ ਗਿਆ ਹੋਗਾ।
ਇਹ
ਸ਼ਿਅਰ ਸ. ਬਾਦਲ ਦੇ ਜੀਵਨ ਦੇ ਸਫ਼ਰ ਦੀ ਕਾਫੀ ਹੱਦ ਤੱਕ ਤਰਜਮਾਨੀ ਕਰਦਾ ਹੈ। ਉਨ੍ਹਾਂ
ਦੇ ਦਿਹਾਂਤ ਤੋਂ ਬਾਅਦ ਅੱਜ ਤੁਸੀਂ ਜਦੋਂ ਇਹ ਲੇਖ ਪੜ੍ਹ ਰਹੇ ਹੋ ਇਹ ਉਨ੍ਹਾਂ ਦੇ
ਸਦੀਵੀ ਵਿਛੋੜੇ ਤੋਂ ਬਾਅਦ ਪਹਿਲੇ ਜਨਮ ਦਿਨ ਦਾ ਮੌਕਾ ਹੈ।
ਪੰਜਾਬ ਤੇ
ਸਿੱਖ ਇਤਿਹਾਸ ਵਿਚ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਦੋ ਸਿੱਖ ਨੇਤਾ ਮਾਸਟਰ ਤਾਰਾ
ਸਿੰਘ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਹੀ ਅਜਿਹੇ ਨੇਤਾ ਹੋਏ ਹਨ, ਜੋ 50-50 ਸਾਲਾਂ
ਤੋਂ ਵੀ ਵੱਧ ਸਮਾਂ ਸਿੱਖ ਤੇ ਪੰਜਾਬ ਦੀ ਸਿਆਸਤ ਦਾ ਧੁਰਾ ਰਹੇ। ਇਹ ਠੀਕ ਹੈ ਕਿ ਜੋ
ਕੰਮ ਕਰੇਗਾ ਗ਼ਲਤੀਆਂ ਵੀ ਉਸ ਕੋਲੋਂ ਹੀ ਹੋਣਗੀਆਂ ਤੇ ਦੋਸ਼ ਵੀ ਉਸ 'ਤੇ ਹੀ ਲੱਗਣਗੇ।
ਗਿਰਤੇ ਹੈਂ ਸ਼ਾਹ ਸਵਾਰ ਹੀ ਮੈਦਾਨ-ਏ-ਜੰਗ ਮੇਂ, ਵੋ ਤਿਫ਼ਲ ਕਯਾ ਗਿਰੇਗਾ
ਜੋ ਘੁਟਨੋਂ ਕੇ ਬਲ ਚਲੇ।
ਸ. ਬਾਦਲ ਦਾ ਜਨਮ 8 ਦਸੰਬਰ, 1927 ਨੂੰ
ਹੋਇਆ ਸੀ। ਉਹ ਪੰਜਾਬ ਦੀ ਰਾਜਨੀਤੀ ਵਿਚ 1957 ਵਿਚ ਆਏ ਤੇ ਪਹਿਲੀ ਵਾਰ ਵਿਧਾਇਕ
ਬਣੇ।
ਉਹ 5 ਵਾਰ ਮੁੱਖ ਮੰਤਰੀ ਬਣੇ। ਪਹਿਲੀ ਵਾਰ ਉਹ ਸਭ ਤੋਂ ਘੱਟ ਉਮਰ ਦੇ
ਮੁੱਖ ਮੰਤਰੀ ਸਨ ਤੇ ਅਖੀਰ ਵਿਚ ਸਭ ਤੋਂ ਵੱਧ ਉਮਰ ਦੇ ਮੁੱਖ ਮੰਤਰੀ ਵੀ ਉਹ ਹੀ ਸਨ।
ਬੇਸ਼ੱਕ ਉਨ੍ਹਾਂ 'ਤੇ ਇਲਜ਼ਾਮ ਲਗਦਾ ਹੈ ਕਿ ਉਨ੍ਹਾਂ ਦੇ ਕਾਰਜਕਾਲ ਵਿਚ
ਸਤਲੁਜ ਯਮਨਾ ਜੋੜ ਨਹਿਰ ਦੀ ਉਸਾਰੀ ਲਈ ਪੈਸੇ ਲਏ ਗਏ। ਪਰ ਇਹ ਵੀ ਸੱਚਾਈ ਹੈ ਕਿ
ਜਦੋਂ ਲੱਗਾ ਕਿ ਇਹ ਪੰਜਾਬ ਲਈ ਘਾਤਕ ਹੈ, ਤਾਂ ਉਨ੍ਹਾਂ ਨੇ ਇਸ ਦਾ ਵਿਰੋਧ ਵੀ ਕੀਤਾ
ਅਤੇ ਅਖੀਰ 14 ਮਾਰਚ, 2016 ਨੂੰ ਇਸ ਨਹਿਰ ਦੀ ਜ਼ਮੀਨ ਕਿਸਾਨਾਂ ਨੂੰ ਵਾਪਸ ਕਰਨ ਦਾ
ਜੁਰਅਤ ਭਰਿਆ ਫ਼ੈਸਲਾ ਵੀ ਉਨ੍ਹਾਂ ਨੇ ਹੀ ਕੀਤਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ
ਦੀ ਹਾਰ ਦੇ ਕਾਰਨਾਂ ਵਿਚ ਸਭ ਤੋਂ ਵੱਡੇ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਿਰਸੇ
ਸਾਧ ਨੂੰ ਮੁਆਫ਼ੀ ਦੇਣਾ ਅਤੇ ਬੇ-ਅਦਬੀ ਕਾਂਡ ਦੀਆਂ ਘਟਨਾਵਾਂ ਨਾਲ ਠੀਕ ਤਰ੍ਹਾਂ ਨਾਲ
ਨਾ ਨਿਪਟ ਸਕਣਾ ਸਨ। ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਨਵੇਂ ਪੰਜਾਬ ਦੇ
ਨਿਰਮਾਤਾ ਵੀ ਸਨ।
ਉਨ੍ਹਾਂ ਨੇ ਪਿੰਡਾਂ ਵਿਚ ਫੋਕਲ ਪੁਆਇੰਟ
ਸ਼ੁਰੂ ਕਰਕੇ, ਪਿੰਡ-ਪਿੰਡ ਨੂੰ ਸੜਕਾਂ ਨਾਲ ਜੋੜ ਕੇ, ਪੰਜਾਬ ਨੂੰ ਇਕ ਵਾਰ ਤਾਂ ਦੇਸ਼
ਦਾ ਸਭ ਤੋਂ ਵੱਧ ਖ਼ੁਸ਼ਹਾਲ ਸੂਬਾ ਬਣਾ ਦਿੱਤਾ ਸੀ। ਪੰਜਾਬ ਦਾ ਮੰਡੀਕਰਨ ਢਾਂਚਾ ਦੇਸ਼
ਵਿਚ ਸਭ ਤੋਂ ਮਜ਼ਬੂਤ ਕਰਨ ਦਾ ਸਿਹਰਾ ਵੀ ਉਨ੍ਹਾਂ ਸਿਰ ਹੈ।
ਉਨ੍ਹਾਂ ਨੇ
ਕਿਸਾਨਾਂ ਲਈ ਮੁਫ਼ਤ ਬਿਜਲੀ ਤੇ ਹੋਰ ਸਹੂਲਤਾਂ ਦੀ ਸ਼ੁਰੂਆਤ ਕੀਤੀ। ਭਾਵੇਂ ਇਹ ਅਹਿਮ
ਸਵਾਲ ਹੈ ਕਿ ਇਸ ਦਾ ਪੰਜਾਬ ਨੂੰ ਕਿੰਨਾ ਫਾਇਦਾ ਤੇ ਕਿੰਨਾ ਨੁਕਸਾਨ ਹੋਇਆ ਪਰ
ਉਨ੍ਹਾਂ ਨੇ ਪੰਜਾਬ ਨੂੰ ਇਕ ਵਾਰ ਤਾਂ ਬਿਜਲੀ ਦੇ ਪੱਖ ਤੋਂ ਸਰਪਲੱਸ ਸੂਬਾ
ਬਣਾ ਦਿੱਤਾ ਸੀ।
ਇਸ ਤੋਂ ਇਲਾਵਾ ਖ਼ਾਲਸਾ ਤ੍ਰੈ-ਸ਼ਤਾਬਦੀ ਇਸ ਤਰ੍ਹਾਂ ਮਨਾਈ
ਕਿ ਸਿੱਖਾਂ ਦਾ 1984 ਵਿਚ ਡੋਲਿਆ ਮਨੋਬਲ ਫਿਰ ਤੋਂ ਮਜ਼ਬੂਤ ਹੋਇਆ।
ਉਨ੍ਹਾਂ
ਨੇ ਹਿੰਦੂ-ਸਿੱਖ ਭਾਈਚਾਰਾ ਵੀ ਮਜ਼ਬੂਤ ਕੀਤਾ। ਉਨ੍ਹਾਂ ਦਾ, ਭਾਈ ਰਾਜੋਆਣਾ ਦੀ ਫਾਂਸੀ
ਰੋਕਣ ਵਿਚ ਵੀ ਪ੍ਰਮੁੱਖ ਰੋਲ ਸੀ। ਬੇਸ਼ਕ ਓਹ੍ਹ ਮਾਮਲਾ ਅਜੇ ਵੀ ਪੂਰੀ ਤਰਾਂ ਹੱਲ
ਨਹੀਂ ਹੋਇਆ ਤੇ ਭਾਈ ਰਾਜੋਆਣਾ ਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਕੌਮ ਇਸ
ਵੇਲੇ ਜਦੋਜਹਿਦ ਕਰਨ ਦੇ ਰਾਹ ਤੇ ਹੈ।
ਸ. ਬਾਦਲ ਨੇ ਸਿੱਖ ਇਤਿਹਾਸ ਤੇ
ਪੰਜਾਬੀਆਂ ਦੇ ਆਜ਼ਾਦੀ ਦੇ ਸੰਘਰਸ਼ ਵਿਚ ਪਾਏ ਯੋਗਦਾਨ ਦੀ ਯਾਦ ਵਿਚ ਵੱਡੀਆਂ ਯਾਦਗਾਰਾਂ
ਬਣਵਾਈਆਂ।
ਪੰਜਾਬ ਦੀ ਤਰੱਕੀ ਲਈ ਉਨ੍ਹਾਂ ਨੇ ਪ੍ਰਧਾਨ ਮੰਤਰੀ ਵਾਜਪਾਈ ਤੇ
ਹੋਰ ਕੇਂਦਰੀ ਸਰਕਾਰਾਂ ਵੇਲੇ ਭਾਰਤ-ਪਾਕਿਸਤਾਨ ਦੀ ਪੰਜਾਬ ਸਰਹੱਦ ਵਪਾਰ ਲਈ
ਖੁੱਲ੍ਹਵਾਉਣ ਲਈ ਯਤਨ ਕੀਤੇ।
ਜ਼ਮੀਨੀ ਰਿਕਾਰਡ ਨੂੰ ਸਲਗ (ਆਨਲਾਈਨ)
ਕਰਨ ਦੀ ਸ਼ੁਰੂਆਤ ਕੀਤੀ।
ਉਨ੍ਹਾਂ ਵਲੋਂ ਕਿਸਾਨਾਂ ਦੀ ਬਿਜਲੀ ਮੁਆਫ਼ੀ
ਅਤੇ ਸਬਸਿਡੀਆਂ ਦੀ ਸ਼ੁਰੂਆਤ ਕੀਤੀ। ਸਮੇ ਸਰ ਸਰਕਾਰੀ ਦਫਤਰਾਂ ਵਿੱਚ
ਲੋਕਾਂ ਦੇ ਕੰਮ ਹੋਣ ਇਸ ਲਈ ਅਧਿਕਾਰੀਆਂ ਦੀ ਜਿੰਮੇਵਾਰੀ ਅਤੇ ਲੋਕਾਂ ਦੀ ਸਹੂਲਤ ਲਈ
ਸੁਵਿਧਾ ਕੇਂਦਰਾਂ ਦਾ ਜਾਲ ਵਿਛਾਇਆ।
ਪਿਛਲੇ 50 ਸਾਲਾਂ ਵਿਚ ਪ੍ਰਕਾਸ਼ ਸਿੰਘ
ਬਾਦਲ ਅਜਿਹੇ ਮੁੱਖ ਮੰਤਰੀ ਸਨ ਜਿਨ੍ਹਾਂ ਨੂੰ ਕੋਈ ਵੀ ਵਿਅਕਤੀ ਥੋੜ੍ਹੀ ਕੋਸ਼ਿਸ਼ ਕਰਕੇ
ਮਿਲ ਸਕਦਾ ਸੀ। ਸੰਗਤ ਦਰਸ਼ਨਾਂ ਵਿਚ ਉਨ੍ਹਾਂ ਤੱਕ ਪੇਂਡੂ ਲੋਕਾਂ ਦੀ ਪਹੁੰਚ ਬਹੁਤ
ਆਸਾਨ ਹੋ ਜਾਂਦੀ ਸੀ।
ਸ. ਬਾਦਲ ਸੱਚਮੁੱਚ ਇਕ ਯੁਗਪੁਰਸ਼ ਸਨ, ਜਿਨ੍ਹਾਂ ਦੀ
ਚਰਚਾ ਬਿਨਾਂ ਸਿੱਖ ਇਤਿਹਾਸ ਤੇ ਪੰਜਾਬ ਦਾ ਇਤਿਹਾਸ ਨਹੀਂ ਲਿਖਿਆ ਜਾ ਸਕੇਗਾ।
1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਮੋਬਾਈਲ : 92168-60000 E. mail :
hslall@ymail.com
|