ਗੱਲ
ਪੰਜਾਬ ਦੇ ਪਿੰਡੇ 'ਤੇ ਹੰਢਾਏ 10 ਸਾਲਾਂ ਦੇ ਕਾਲੇ ਦੌਰ ਦੀ ਹੈ। ਉਨ੍ਹਾਂ ਦਿਨਾਂ
ਵਿਚ ਇਕ ਸ਼ਿਅਰ ਦਾ ਜ਼ਿਕਰ ਵਾਰ-ਵਾਰ ਸੁਣਾਈ ਦਿੰਦਾ ਸੀ। ਇਸ ਤਰ੍ਹਾਂ ਜਾਪ ਰਿਹਾ ਹੈ
ਕਿ ਇਤਿਹਾਸ ਫਿਰ ਆਪਣੇ-ਆਪ ਨੂੰ ਦੁਹਰਾ ਰਿਹਾ ਹੈ ਭਾਵੇਂ ਕਿ ਇੰਨ-ਬਿੰਨ ਨਹੀਂ ਦੁਹਰਾ
ਰਿਹਾ। ਇਸੇ ਲਈ ਅੱਜ ਪੰਜਾਬ ਦੇ ਸੰਦਰਭ ਵਿਚ ਉਸ ਸ਼ਿਅਰ ਦਾ ਜ਼ਿਕਰ ਜ਼ਰੂਰੀ ਜਾਪ
ਰਿਹਾ ਹੈ।
ਬਹੁਤ ਮੁਸ਼ਕਿਲ ਹੈ ਹਾਲਾਤ ਕੀ ਗੁੱਥੀ ਸੁਲਝੇ,
ਅਹਿਲ-ਏ-ਦਾਨਿਸ਼ ਨੇ ਬਹੁਤ ਸੋਚ ਕੇ ਉਲਝਾਈ ਹੈ।
ਇਤਿਹਾਸ ਗਵਾਹ ਹੈ ਕਿ
ਕੁਝ ਨਵੀਆਂ ਛਪੀਆਂ ਕਿਤਾਬਾਂ ਵਿਚ ਦਿੱਤੇ ਹਵਾਲਿਆਂ ਨੇ ਵੀ ਇਹ ਸਾਬਤ ਕਰ ਦਿੱਤਾ ਹੈ
ਕਿ 'ਸਾਕਾ ਨੀਲਾ ਤਾਰਾ' ਅਤੇ ਸਿੱਖ ਕਤਲੇਆਮ ਤੋਂ ਪਹਿਲਾਂ ਅਤੇ ਬਾਅਦ ਵਿਚ ਵੀ ਪੰਜਾਬ
ਅਤੇ ਸਿੱਖਾਂ ਦੇ ਪਿੰਡੇ 'ਤੇ ਲੱਗੇ ਫੱਟ ਕੋਈ ਕੁਦਰਤੀ ਵਰਤਾਰਾ ਨਹੀਂ ਸੀ, ਸਗੋਂ
ਰਾਜਨੀਤੀ ਦੀਆਂ ਸਾਜ਼ਿਸ਼ਾਂ ਦਾ ਨਤੀਜਾ ਸਨ। ਹੁਣ ਵੀ ਇਸ ਤਰ੍ਹਾਂ ਹੀ ਲਗਦਾ ਹੈ
ਕਿ ਜਿਵੇਂ ਪੰਜਾਬ ਤੇ ਸਿੱਖਾਂ ਦੀ ਕੀਮਤ 'ਤੇ ਕਈ ਰਾਜਨੀਤਕ ਨਿਸ਼ਾਨੇ ਫੁੰਡਣ ਦੀਆਂ
ਗੋਂਦਾਂ ਗੁੰਦੀਆਂ ਜਾ ਰਹੀਆਂ ਹਨ।
ਮੈਨੂੰ ਪਤਾ ਹੈ ਕਿ ਇਨ੍ਹਾਂ ਸਾਜ਼ਿਸ਼ਾਂ
ਦਾ ਪੂਰਾ ਸੱਚ ਤਾਂ ਸਮੇਂ ਨਾਲ ਤੇ ਇਨ੍ਹਾਂ ਸਾਜ਼ਿਸ਼ਾਂ ਦਾ ਹਿੱਸਾ ਰਹੇ ਲੋਕ ਹੀ
ਸਾਹਮਣੇ ਲਿਆ ਸਕਦੇ ਹਨ ਪਰ ਫਿਰ ਵੀ ਹਾਲਾਤ ਦੇ ਇਸ਼ਾਰੇ 'ਤੇ 'ਸਰਗੋਸ਼ੀਆਂ'
ਸਾਜ਼ਿਸ਼ਾਂ ਦੀ ਸ਼ਤਰੰਜ 'ਤੇ ਖੇਡੇ ਜਾ ਰਹੇ ਖੇਲ ਦਾ ਅਹਿਸਾਸ ਤਾਂ ਕਰਵਾਉਂਦੇ ਹੀ
ਹਨ। ਸਾਜ਼ਿਸ਼ਾਂ ਕਰਨ ਵਾਲੇ ਲੋਕਾਂ ਨੂੰ ਇਨ੍ਹਾਂ ਸਾਜ਼ਿਸ਼ਾਂ ਵੱਲ ਕੀਤੇ ਜਾਣ ਵਾਲੇ
ਇਸ਼ਾਰੇ ਵੀ ਚੁੱਭਦੇ ਹਨ। ਪਰ ਸੱਚ ਲਿਖਣਾ ਵੀ ਤਾਂ ਜ਼ਰੂਰੀ ਹੈ।
ਮੈਨੂੰ ਇਹ
ਦੇਖ ਕੇ ਹੈਰਾਨੀ ਹੋ ਰਹੀ ਹੈ ਕਿ ਕਿਵੇਂ ਪਹਿਲਾਂ ਲਿਖੀ ਤੇ ਵਰਤੀ ਗਈ ਸਕ੍ਰਿਪਟ
ਭਾਵੇਂ ਹੂ-ਬਹੂ ਨਹੀਂ, ਪਰ ਛੋਟੇ ਪੱਧਰ 'ਤੇ ਦੁਹਰਾਈ ਤਾਂ ਜ਼ਰੂਰ ਜਾ ਰਹੀ ਹੈ। ਦੂਜੇ
ਪਾਸੇ ਵੱਡੇ ਪੱਧਰ 'ਤੇ ਮਾਧਿਅਮ ਤੇ 'ਲੋਕ ਮਾਧਿਅਮ' ਦੀ ਵਰਤੋਂ ਨਾਲ ਇਸ ਛੋਟੇ ਜਿਹੇ
ਆਪ੍ਰੇਸ਼ਨ ਨੂੰ ਖ਼ਾਲਿਸਤਾਨ ਦੀ ਜੰਗ ਵਜੋਂ ਪ੍ਰਚਾਰਿਆ ਜਾ ਰਿਹਾ ਹੈ।
ਸਿੱਖ ਬਹੁਤ ਭਾਵੁਕ ਹਨ ਤੇ ਹਰ 'ਹੱਕ-ਸੱਚ ਲਈ ਕੁਰਬਾਨੀ' ਕਰਨ ਦਾ ਦਾਅਵਾ ਕਰਨ ਵਾਲਾ
ਉਨ੍ਹਾਂ ਨੂੰ ਆਪਣੇ ਪਿੱਛੇ ਲਾਉਣ ਵਿਚ ਸਫਲ ਹੋ ਜਾਂਦਾ ਹੈ। ਜਦੋਂ ਕਿ ਸਿੱਖਾਂ ਨੂੰ
ਪਹਿਲਾਂ ਇਹ ਤਾਂ ਵਿਚਾਰਨਾ ਹੀ ਚਾਹੀਦਾ ਹੈ ਕਿ ਜਿਸ ਰਸਤੇ ਉਨ੍ਹਾਂ ਨੂੰ ਧੱਕਿਆ ਜਾ
ਰਿਹਾ ਹੈ, ਉਹ ਕਿਧਰ ਨੂੰ ਜਾਂਦਾ ਹੈ, ਉਸ ਦਾ ਨਤੀਜਾ ਕੀ ਹੋਵੇਗਾ? ਸ਼ਾਇਦ
ਹਿੰਦੂ-ਸਿੱਖਾਂ ਸਮੇਤ ਸਾਰੇ ਪੰਜਾਬੀਆਂ ਨੂੰ ਯਾਦ ਹੋਵੇ ਕਿ ਨਾ ਹੋਵੇ ਪਰ ਸਚਾਈ ਇਹੀ
ਹੈ ਕਿ ਪੰਜਾਬ ਸਿਰ ਪਹਿਲਾ ਕਰਜ਼ਾ ਕੇਂਦਰੀ ਬਲਾਂ ਦੀ ਪੰਜਾਬ ਵਿਚ ਮੌਜੂਦਗੀ ਦੇ ਖਰਚੇ
ਵਜੋਂ ਹੀ ਚੜ੍ਹਿਆ ਸੀ ਤੇ ਫਿਰ ਇਹ ਪੰਡ ਭਾਰੀ ਹੀ ਹੁੰਦੀ ਗਈ। ਪੰਜਾਬ ਸਰਕਾਰ ਨੂੰ
ਯਾਦ ਰੱਖਣਾ ਚਾਹੀਦਾ ਹੈ ਕਿ ਹੁਣ ਵੀ ਜਿਹੜੇ ਕੇਂਦਰੀ ਬਲ ਅਸੀਂ
ਪੰਜਾਬ ਵਿਚ ਮੰਗਵਾਏ ਹਨ, ਉਨ੍ਹਾਂ ਦਾ ਖਰਚਾ ਵੀ ਅਖੀਰ ਸਾਨੂੰ ਹੀ ਝੱਲਣਾ ਪੈਣਾ ਹੈ
ਅਤੇ ਉਨ੍ਹਾਂ ਤੋਂ ਮਾਰ ਵੀ ਅਸੀਂ ਹੀ ਖਾਣੀ ਹੈ।
ਅੰਮ੍ਰਿਤਪਾਲ
ਸਿੰਘ ਦੀ ਨਵੀਂ ਵੀਡੀਓ ਦੇ ਪ੍ਰਭਾਵ ਇਸ ਦਰਮਿਆਨ 18 ਮਾਰਚ ਤੋਂ ਬਾਅਦ
ਅੰਮ੍ਰਿਤਪਾਲ ਸਿੰਘ ਵਲੋਂ ਜਾਰੀ ਦੋ ਪ੍ਰਸਾਰਿਤ ਵੀਡੀਓ ਇਸ ਵੇਲੇ ਸਭ ਤੋਂ ਵੱਧ ਚਰਚਾ
ਦਾ ਵਿਸ਼ਾ ਹਨ। ਪਹਿਲੀ ਵੀਡੀਓ ਬਾਰੇ ਲੋਕਾਂ ਦੇ ਵੱਖ-ਵੱਖ ਤਰ੍ਹਾਂ ਦੇ ਵਿਚਾਰ ਹਨ।
ਕੁਝ ਲੋਕ ਇਸ ਨੂੰ ਅਮ੍ਰਿਤਪਾਲ ਸਿੰਘ ਦੀ ਚੜ੍ਹਦੀ ਕਲਾ ਵਜੋਂ ਦੇਖ ਰਹੇ ਹਨ
ਤੇ ਕੁਝ ਇਸ ਨੂੰ ਕਿਸੇ ਦਬਾਅ ਅਧੀਨ ਜਾਰੀ ਵੀਡੀਓ ਕਰਾਰ ਦੇ ਰਹੇ ਹਨ। ਇਸ ਲਈ ਹੀ
ਅਮ੍ਰਿਤਪਾਲ ਸਿੰਘ ਨੂੰ ਦੂਜੀ ਵੀਡੀਓ ਪਾਉਣੀ ਪੈ ਗਈ। ਸ਼ਾਇਦ ਸੱਚਾਈ ਕੁਝ ਵੀ ਹੋਵੇ,
ਪਹਿਲੀ ਵੀਡੀਓ ਬਾਰੇ ਕੁਝ ਹੈਰਾਨੀਜਨਕ ਸਵਾਲਾਂ ਦੇ ਜਵਾਬ ਨਹੀਂ ਮਿਲ ਰਹੇ।
ਅੰਮ੍ਰਿਤਪਾਲ ਸਿੰਘ ਇਸ ਵੀਡੀਓ ਵਿਚ ਕੇਂਦਰ ਸਰਕਾਰ ਤੇ 'ਭਾਜਪਾ' ਬਾਰੇ ਜ਼ਿਕਰ ਤੱਕ
ਨਹੀਂ ਕਰਦੇ। ਉਹ ਖ਼ਾਲਿਸਤਾਨ ਬਾਰੇ ਆਪਣੇ ਪੈਂਤੜੇ ਜਾਂ ਰਾਏ ਬਾਰੇ ਵੀ ਕੋਈ ਇਜ਼ਹਾਰ
ਨਹੀਂ ਕਰਦੇ। ਹੈਰਾਨੀਜਨਕ ਤੌਰ 'ਤੇ ਉਹ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ
ਹਰਪ੍ਰੀਤ ਸਿੰਘ ਵਲੋਂ ਉਨ੍ਹਾਂ ਨੂੰ ਆਤਮ-ਸਮਰਪਣ ਕਰ ਦੇਣ ਦੀ ਸਲਾਹ ਬਾਰੇ ਵੀ ਚੁੱਪ
ਹੀ ਰਹਿੰਦੇ ਹਨ। ਸਗੋਂ ਉਨ੍ਹਾਂ ਨੂੰ ਵਿਸਾਖੀ 'ਤੇ 'ਸਰਬੱਤ ਖ਼ਾਲਸਾ' ਬੁਲਾਉਣ ਦੀ
'ਬੇਨਤੀ' ਕਰਦੇ ਹਨ, ਜੋ ਇਕ ਹਦਾਇਤ ਵਰਗਾ ਪ੍ਰਭਾਵ ਦਿੰਦੀ ਹੈ। ਵੈਸੇ ਵੀ
'ਸਰਬੱਤ ਖ਼ਾਲਸਾ' 2 ਕੁ ਹਫ਼ਤਿਆਂ ਦੇ ਸਮੇਂ ਵਿਚ ਸੰਭਵ ਨਹੀਂ। ਅੱਜ ਢਾਈ-ਤਿੰਨ ਕਰੋੜ
ਸਿੱਖ ਜੋ ਦੁਨੀਆ ਦੇ 100 ਦੇ ਕਰੀਬ ਦੇਸ਼ਾਂ ਵਿਚ ਫੈਲੇ ਹੋਏ ਹਨ, ਨੂੰ ਇਕ ਜਗ੍ਹਾ
ਇਕੱਠਾ ਕਰਨਾ ਤਾਂ ਸੰਭਵ ਹੀ ਨਹੀਂ। ਪਰ ਜੇਕਰ ਪ੍ਰਤੀਨਿਧ ਸਿੱਖ ਆਗੂਆਂ ਦਾ ਸਰਬੱਤ
ਖ਼ਾਲਸਾ ਵੀ ਬੁਲਾਉਣਾ ਹੋਵੇ ਤਾਂ ਵੀ ਇਸ ਦੀ ਤਿਆਰੀ ਲਈ ਮਹੀਨਿਆਂ ਦਾ ਸਮਾਂ ਚਾਹੀਦਾ
ਹੈ ਕਿਉਂਕਿ ਇਹ ਫ਼ੈਸਲਾ ਕਰਨਾ ਪਵੇਗਾ ਕਿ ਇਸ ਸਰਬੱਤ ਖ਼ਾਲਸੇ ਲਈ ਸਿੱਖਾਂ ਦੇ
ਪ੍ਰਤੀਨਿਧ ਕਿਵੇਂ ਚੁਣੇ ਜਾਣਗੇ। ਕਿਸ ਦੇਸ਼ ਵਿਚੋਂ ਕਿੰਨੇ ਪ੍ਰਤੀਨਿਧ ਚੁਣੇ ਜਾ
ਸਕਦੇ ਹਨ ਅਤੇ ਉਨ੍ਹਾਂ ਨੂੰ ਚੁਣਨ ਦੇ ਢੰਗ-ਤਰੀਕੇ ਤੇ ਨਿਯਮ ਵੀ ਬਣਾਉਣੇ ਪੈਣਗੇ।
ਦੇਸ਼ ਵਿਚਲੀਆਂ ਸਿੰਘ ਸਭਾਵਾਂ, ਗੁਰਦੁਆਰਾ ਕਮੇਟੀਆਂ, ਸਿੱਖ ਸੰਸਥਾਵਾਂ,
ਸੰਪਰਦਾਵਾਂ, ਟਕਸਾਲਾਂ, ਹੋਰ ਕਈ ਤਰ੍ਹਾਂ ਦੀਆਂ ਸਿੱਖ ਜਥੇਬੰਦੀਆਂ, ਸਿੱਖ
ਵਿਦਵਾਨਾਂ, ਬੁੱਧੀਜੀਵੀਆਂ ਤੇ ਇਤਿਹਾਸਕਾਰਾਂ ਤੋਂ ਇਲਾਵਾ ਵੀ ਕਈ ਸੰਸਥਾਵਾਂ ਦੇ
ਕਿੰਨੇ-ਕਿੰਨੇ ਪ੍ਰਤੀਨਿਧ ਬੁਲਾਏ ਜਾਣ ਬਾਰੇ ਫ਼ੈਸਲੇ ਕਰਨੇ ਕੋਈ 2-4 ਦਿਨਾਂ ਦਾ ਕੰਮ
ਨਹੀਂ।
ਕੁਝ ਵੀ ਹੋਵੇ ਅੱਜ ਹਾਲਾਤ ਸਿੱਖਾਂ ਲਈ ਪਹਿਲਾਂ ਤੋਂ ਵੀ ਵਧੇਰੇ
ਗੁੰਝਲਦਾਰ ਹਨ। ਇਕ ਧਿਰ ਇਸ ਸਥਿਤੀ ਨੂੰ ਖ਼ਾਲਿਸਤਾਨ ਦੀ ਲੜਾਈ ਵਜੋਂ ਪ੍ਰਚਾਰ ਕੇ
ਬਹੁਗਿਣਤੀ ਦਾ ਧਰੁਵੀਕਰਨ ਕਰਨ ਦੇ ਪਾਸੇ ਤੁਰੀ ਹੋਈ ਜਾਪਦੀ ਹੈ। ਦੂਜੇ ਪਾਸੇ ਦੁਨੀਆ
ਭਰ ਦੇ ਕਈ ਦਰਜਨ ਦੇਸ਼ਾਂ ਵਿਚ ਖ਼ਾਲਿਸਤਾਨ ਪੱਖੀ ਹੋ ਰਹੇ ਮੁਜ਼ਾਹਰੇ ਉਸ ਧਿਰ ਦਾ
ਰਾਹ ਹੋਰ ਸੌਖਾ ਕਰ ਰਹੇ ਹਨ।
ਪੰਜਾਬ ਅਤੇ ਭਾਰਤ ਵਿਚ ਵਸਦੇ ਸਿੱਖਾਂ ਦੀਆਂ
ਆਪਣੀਆਂ ਸਮੱਸਿਆਵਾਂ ਹਨ, ਉਨ੍ਹਾਂ ਦਾ ਖ਼ਾਲਿਸਤਾਨ ਪ੍ਰਤੀ ਦ੍ਰਿਸ਼ਟੀਕੋਣ ਵਿਦੇਸ਼ਾਂ
ਵਿਚ ਵਸਦੇ ਸਿੱਖਾਂ ਨਾਲ ਮੇਲ ਨਹੀਂ ਖਾਂਦਾ।
ਫਿਰ ਸਿੱਖਾਂ ਨੇ ਅਜੇ ਤੱਕ
ਸੂਬਿਆਂ ਲਈ ਵਧ ਅਧਿਕਾਰਾਂ ਤੋਂ ਅੱਗੇ ਖ਼ਾਲਿਸਤਾਨ ਬਾਰੇ ਕਦੇ ਧਾਰਮਿਕ ਜਾਂ ਸਮੂਹਿਕ
ਰੂਪ ਵਿਚ ਵਿਚਾਰ ਵੀ ਨਹੀਂ ਕੀਤੀ ਕਿ ਇਹ ਸਿੱਖਾਂ ਲਈ ਕਿੰਨਾ ਕੁ ਲਾਭਦਾਇਕ ਜਾਂ
ਕਿੰਨਾ ਨੁਕਸਾਨਦਾਇਕ ਹੋ ਸਕਦਾ ਹੈ। ਸਾਡੇ ਸਾਹਮਣੇ ਖ਼ਾਲਿਸਤਾਨ ਲਈ ਹਥਿਆਰਬੰਦ ਲੜਾਈ
ਦੇ ਕਈ ਹਾਮੀ ਅੱਜ ਰਿਹਾਅ ਹੋਣ ਜਾਂ ਪੈਰੋਲ 'ਤੇ ਆਉਣ ਤੋਂ ਬਾਅਦ ਇਹ ਕਹਿ
ਰਹੇ ਹਨ ਕਿ ਇਹ ਯੁੱਧ ਹਥਿਆਰਬੰਦ ਲੜਾਈ ਦਾ ਨਹੀਂ ਸਗੋਂ ਵਿਚਾਰਧਾਰਕ ਲੜਾਈ ਦਾ ਹੈ।
ਜੇਕਰ ਸਾਡੇ ਨਾਲ ਘੱਟਗਿਣਤੀ ਹੋਣ ਕਾਰਨ ਕੋਈ ਧੱਕਾ ਹੁੰਦਾ ਹੈ ਤਾਂ ਸਾਨੂੰ
ਉਸ ਦਾ ਵਿਰੋਧ ਸ਼ਾਂਤਮਈ ਤਰੀਕੇ ਨਾਲ ਕਰਨ ਦਾ ਕੋਈ ਮਜ਼ਬੂਤ ਸਿਸਟਮ ਉਸਾਰਨ ਦੀ ਲੋੜ
ਹੈ। ਸਾਨੂੰ ਆਪਣੀਆਂ ਧਾਰਮਿਕ ਸੰਸਥਾਵਾਂ ਦੀ ਵਿਸ਼ਵਾਸਯੋਗਤਾ ਬਹਾਲ ਕਰਨ ਦੀ ਵੀ ਲੋੜ
ਹੈ। ਸਾਨੂੰ ਵਿਚਾਰਧਾਰਿਕ ਤੌਰ 'ਤੇ ਪ੍ਰਪੱਕ ਹੋਣ ਦੀ ਲੋੜ ਸਭ ਤੋਂ ਵਧੇਰੇ ਹੈ।
ਦੂਜੀ ਵੀਡੀਓ ਵਿੱਚ ਅਮ੍ਰਿਤਪਾਲ ਸਿੰਘ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਕੀਤੀ
ਹੁਕਮ ਰੂਪੀ ਅਪੀਲ/ਬੇਨਤੀ ਦੁਬਾਰਾ ਦੁਹਰਾਈ ਹੈ। ਇਸ ਤੋਂ ਇਲਾਵਾ ਦੂਜੀ ਵੀਡੀਓ ਵਿੱਚ
ਉਸਨੇ ਖ਼ੁਦ ਦੇ ਰਾਹ ਨੂੰ ਬਗ਼ਾਵਤ ਦਾ ਰਸਤਾ ਦੱਸਣ ਦਾ ਜ਼ਿਕਰ ਕੀਤਾ ਹੈ।
ਹੋਸ਼ਿਆਰ ਕਰ ਰਹਾ ਹੈ ਗਜਰ ਜਾਗਤੇ ਰਹੋ। ਏ-ਸਾਹਿਬਾਨ-ਏ-ਫ਼ਿਕਰ-ਓ-ਨਜ਼ਰ ਜਾਗਤੇ
ਰਹੋ। ਸੋਏ ਨਹੀਂ ਕਿ ਡੂਬ ਗਈ ਨਬਜ਼-ਏ-ਕਾਇਨਾਤ, ਬੋਲ ਹੋ ਲਾਖ ਆਂਖ ਮਗਰ
ਜਾਗਤੇ ਰਹੋ। (ਅਖ਼ਤਰ ਲਖਨਵੀ)
ਜਥੇਦਾਰ ਸਾਹਿਬ ਦੀਆਂ ਕੁਝ ਧਿਆਨਯੋਗ ਗੱਲਾਂ
ਇਹ ਚਰਚਾ ਵੀ
ਜ਼ੋਰਾਂ 'ਤੇ ਹੈ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ,
ਅੰਮ੍ਰਿਤਪਾਲ ਸਿੰਘ ਦੇ ਤਾਜ਼ਾ ਵੀਡੀਓ ਵਿਚ ਸਰਬੱਤ ਖ਼ਾਲਸਾ ਬੁਲਾਉਣ ਦੀ ਅਪੀਲ 'ਤੇ
ਕੋਈ ਟਿੱਪਣੀ ਨਹੀਂ ਕਰਨਗੇ, ਉਹ ਇਸ ਨੂੰ ਅਣਗੌਲਿਆਂ ਕਰਨ ਨੂੰ ਹੀ ਤਰਜੀਹ ਦੇਣਗੇ। ਪਰ
ਇਸ ਦਰਮਿਆਨ ਉਨ੍ਹਾਂ ਦੀਆਂ ਕੁਝ ਟਿੱਪਣੀਆਂ ਦਾ ਚਰਚਾ ਜ਼ਰੂਰੀ ਜਾਪਦਾ ਹੈ।
ਉਨ੍ਹਾਂ ਦਾ ਇਹ ਕਹਿਣਾ ਬਿਲਕੁਲ ਠੀਕ ਹੈ ਕਿ ਪੰਜਾਬ ਦੇ ਖਿੱਤੇ ਨੇ ਸਦੀਆਂ ਆਪਣੇ
ਪਿੰਡੇ 'ਤੇ ਜ਼ੁਲਮ ਹੰਢਾਇਆ ਹੈ, ਪੰਜਾਬੀਆਂ ਨੂੰ ਤਜਰਬਾ ਬਹੁਤ ਹੈ, ਜਦੋਂ ਵੀ ਕੋਈ
ਮਾੜਾ ਜਿਹਾ ਵੀ ਜ਼ੁਲਮ ਕਰਦਾ ਹੈ ਤਾਂ ਸਿੱਖਾਂ ਨੂੰ ਉਸ ਦਾ ਆਭਾਸ ਹੋ ਜਾਂਦਾ ਹੈ।
ਉਨ੍ਹਾਂ ਦਾ ਬੋਲਣਾ ਧੱਕਾ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਹੁੰਦਾ।
ਜਥੇਦਾਰ ਨੇ ਕਿਹਾ ਕਿ ਸਰਕਾਰ ਨੂੰ ਆਪਣੇ ਮਨ ਵਿਚੋਂ ਇਹ ਧਾਰਨਾ ਕੱਢ ਦੇਣੀ ਚਾਹੀਦੀ
ਹੈ ਕਿ ਸਿੱਖ ਮਾਹੌਲ ਖ਼ਰਾਬ ਕਰਦੇ ਹਨ। ਸਿੱਖ ਕਦੇ ਮਾਹੌਲ ਖ਼ਰਾਬ ਨਹੀਂ ਕਰਦੇ ਸਿੱਖ
ਉਦੋਂ ਹੀ ਰੋਹ ਵਿਚ ਆਉਂਦੇ ਹਨ ਜਦੋਂ ਕੋਈ ਚੋਭ ਲਾਉਂਦਾ ਹੈ। ਜਬੈ ਬਾਣ ਲਾਗਯੋ॥
ਤਬੈ ਰੋਸ ਜਾਗਯੋ॥
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਇਹ ਅਪੀਲ
ਤਾਂ ਹਰ ਸਿੱਖ ਨੂੰ ਹਰ ਵਕਤ ਯਾਦ ਰੱਖਣੀ ਚਾਹੀਦੀ ਹੈ ਕਿ ਸਾਨੂੰ ਨਿਸ਼ਾਨਾ ਬਣਾਉਣ
ਵਾਲਾ ਸ਼ਾਤਿਰ ਹੈ ਤਾਂ ਅਜਿਹੀ ਪੁਜੀਸ਼ਨ ਵਿਚ ਜਜ਼ਬਾਤੀ ਤਾਂ ਬਿਲਕੁਲ
ਨਹੀਂ ਹੋਣਾ ਚਾਹੀਦਾ। ਠੰਢੇ ਰਹੋ, ਠੰਢੇ ਰਹਿ ਕੇ ਹੀ ਅਸੀਂ 'ਜੰਗ' ਜਿੱਤ ਸਕਦੇ ਹਾਂ,
ਕਿਉਂਕਿ ਮਾਹੌਲ ਇਸ ਤਰ੍ਹਾਂ ਦਾ ਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸ਼ਸਤਰਾਂ ਦੀ ਗੱਲ
ਆਏਗੀ, ਉਦੋਂ ਦੇਖਾਂਗੇ (ਭਾਵ ਅਜੇ ਸ਼ਸਤਰਬੰਦ ਲੜਾਈ ਦਾ ਵੇਲਾ ਨਹੀਂ)।
ਡਾ. ਬਰਜਿੰਦਰ ਸਿੰਘ ਹਮਦਰਦ ਅਤੇ ਅਜੀਤ
ਉਨ੍ਹੇਂ ਫ਼ਿਕਰ
ਹੈ ਹਰਦਮ ਨਈ ਤਰਜ਼-ਏ-ਜ਼ਫਾ ਕਯਾ ਹੈ, ਹਮੇਂ ਯੇ ਸ਼ੌਕ ਹੈ ਦੇਖੇ ਸਿਤਮ ਕੀ ਇੰਤਹਾ
ਕਯਾ ਹੈ।
'ਅਜੀਤ' ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਅਲੰਬਰਦਾਰ
ਅਖ਼ਬਾਰ ਹੈ। ਇਸ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ 'ਅਜੀਤ' ਦੀ
ਸੰਪਾਦਕੀ ਨੀਤੀ 'ਤੇ ਕਿਸੇ ਤਰ੍ਹਾਂ ਦਾ ਦਬਾਅ ਪ੍ਰਵਾਨ ਨਹੀਂ ਕਰਦੇ। ਸਗੋਂ ਸੱਚ ਤੇ
ਹੱਕ ਦੀ ਗੱਲ ਜੋ ਉਨ੍ਹਾਂ ਦੇ ਨਿੱਜੀ ਵਿਚਾਰਾਂ ਨਾਲ ਮੇਲ ਨਾ ਵੀ ਖਾਂਦੀ ਹੋਵੇ ਤਦ ਵੀ
ਛਾਪਣ ਤੋਂ ਗੁਰੇਜ਼ ਨਹੀਂ ਕਰਦੇ।
ਇਸ ਦਾ ਇਕ ਸਬੂਤ ਤਾਂ ਪਿਛਲੇ 2 ਦਹਾਕਿਆਂ
ਤੋਂ ਵਧੇਰੇ ਸਮੇਂ ਤੋਂ ਛਪ ਰਿਹਾ ਹੈ ਇਹ ਕਾਲਮ 'ਸਰਗੋਸ਼ੀਆਂ' ਹੀ ਹੈ। ਮੈਨੂੰ ਕਦੇ
ਵੀ ਭਾਅ ਜੀ ਡਾ. ਬਰਜਿੰਦਰ ਸਿੰਘ ਹਮਦਰਦ ਨੇ ਕਿਸੇ ਵਿਸ਼ੇ 'ਤੇ ਕੁਝ ਵੀ ਲਿਖਣ ਤੋਂ
ਨਹੀਂ ਰੋਕਿਆ। ਸਚਾਈ ਤਾਂ ਇਹੀ ਹੈ ਕਿ ਪੰਜਾਬ ਦੀ ਸਰਕਾਰ ਜਾਂ ਉਸ ਦਾ ਮੁਖੀ, ਅਖ਼ਬਾਰ
ਦੀ ਸੰਪਾਦਕੀ ਨੀਤੀ ਨੂੰ ਇਸ਼ਤਿਹਾਰਾਂ ਦੇ ਜ਼ੋਰ 'ਤੇ ਪ੍ਰਭਾਵਿਤ ਹੀ ਨਹੀਂ ਕਰਨਾ
ਚਾਹੁੰਦਾ ਸਗੋਂ ਖਰੀਦਣਾ ਹੀ ਚਾਹੁੰਦਾ ਸੀ।
ਜਦੋਂ ਡਾ. ਹਮਦਰਦ ਨਹੀਂ ਵਿਕੇ
ਤਾਂ ਉਨ੍ਹਾਂ ਨੂੰ ਡਰਾ ਕੇ ਝੁਕਾਉਣ ਦੀਆਂ ਕੋਸ਼ਿਸ਼ਾਂ ਵਜੋਂ ਵਿਜੀਲੈਂਸ
ਦੀ ਵਰਤੋਂ ਅਤੇ ਕੇਸਾਂ ਵਿਚ ਫਸਾਉਣ ਦੀਆਂ ਧਮਕੀਆਂ ਸ਼ੁਰੂ ਹੋ ਗਈਆਂ। ਜਦੋਂ ਡਾ.
ਹਮਦਰਦ ਨਹੀਂ ਝੁਕੇ ਤਾਂ ਉਨ੍ਹਾਂ ਦੀ ਅਗਵਾਈ ਵਿਚ ਬਣੀ 'ਜੰਗ-ਏ-ਆਜ਼ਾਦੀ ਯਾਦਗਾਰ'
'ਤੇ ਆਏ ਦਿਨ ਪੁਲਿਸ ਦੀ ਪੁੱਛਗਿੱਛ ਸ਼ੁਰੂ ਹੋ ਗਈ। ਪਰ ਇਹ ਵੀ ਉਨ੍ਹਾਂ ਨੂੰ ਝੁਕਾ
ਨਹੀਂ ਸਕੀ।
ਜਿਥੇ ਦੇਸ਼ਾਂ-ਵਿਦੇਸ਼ਾਂ ਵਿਚ ਵਸਦੇ ਪੰਜਾਬੀ 'ਅਜੀਤ' ਤੇ ਡਾ.
ਹਮਦਰਦ ਦੇ ਸ਼ਾਨਾ-ਬ-ਸ਼ਾਨਾ ਖੜ੍ਹੇ ਨਜ਼ਰ ਆ ਰਹੇ ਹਨ, ਉਥੇ ਸਿੱਖਾਂ ਦੀ ਸਰਬ ਉੱਚ
ਧਾਰਮਿਕ ਸੰਸਥਾ 'ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ' ਦੇ ਬਜਟ ਇਜਲਾਸ ਵਿਚ
ਪੰਜਾਬ ਸਰਕਾਰ ਵਲੋਂ 'ਅਜੀਤ' ਅਤੇ 'ਜੰਗ-ਏ-ਆਜ਼ਾਦੀ' ਯਾਦਗਾਰ ਦੇ ਖਿਲਾਫ਼ ਕੀਤੀਆਂ
ਜਾ ਰਹੀਆਂ ਦਮਨਕਾਰੀ ਕਾਰਵਾਈਆਂ ਦੇ ਵਿਰੋਧ ਵਿਚ ਬੜੇ ਸਪੱਸ਼ਟ ਅਤੇ ਤਿੱਖੀ ਨਰਾਜ਼ਗੀ
ਵਾਲੇ ਮਤੇ ਪਾਸ ਕੀਤੇ ਗਏ ਹਨ। ਇਹ ਮਤੇ ਆਪਣੀ ਮਿਸਾਲ ਆਪ ਹਨ।
ਅਸੀਂ ਸਮਝਦੇ
ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਤਰ੍ਹਾਂ ਦੇ ਟਕਰਾਅ ਨਾਲ ਆਪਣੇ ਅਕਸ
ਦਾ ਹੀ ਨੁਕਸਾਨ ਕਰ ਰਹੇ ਹਨ।
1044, ਗੁਰੂ
ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ ਫੋਨ: 92168-60000 E. mail :
hslall@ymail.com
|