'ਯੇ
ਜਬਰ ਭੀ ਦੇਖਾ ਹੈ ਤਾਰੀਖ਼ ਕੀ ਨਜ਼ਰੋਂ ਨੇ, ਲਮਹੋਂ ਨੇ ਖ਼ਤਾ ਕੀ ਥੀ ਸਦੀਓਂ ਨੇ
ਸਜ਼ਾ ਪਾਈ'
'ਮੁਜੱਫ਼ਰ ਵਾਰਸੀ' ਦਾ ਇਹ ਸ਼ਿਅਰ
ਵਾਰ-ਵਾਰ ਯਾਦ ਆਇਆ ਜਦੋਂ ਅੱਜ ਦਾ ਕਾਲਮ ਲਿਖਣ ਲੱਗਿਆਂ ਮੇਰਾ ਧਿਆਨ 'ਦਿੱਲੀ ਸਿੱਖ
ਗੁਰਦੁਆਰਾ ਪ੍ਰਬੰਧਕ ਕਮੇਟੀ' ਅਤੇ 'ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ' ਵਲੋਂ
'ਦਿੱਲੀ ਫ਼ਤਹਿ ਦਿਵਸ' ਸੰਬੰਧੀ ਵੱਖੋ-ਵੱਖਰਾ ਨਗਰ ਕੀਰਤਨ ਕੱਢਣ ਵੱਲ ਗਿਆ। ਸਚਾਈ
ਇਹੀ ਹੈ ਕਿ ਜੇ ਲਾਲ ਕਿਲ੍ਹੇ 'ਤੇ ਕਬਜ਼ੇ ਤੋਂ ਬਾਅਦ ਸਿੱਖ ਜਰਨੈਲਾਂ ਨੂੰ ਆਪਸੀ
ਫੁੱਟ ਤੋਂ ਬਾਅਦ ਬਣੇ ਹਾਲਾਤ ਨੂੰ ਸੰਭਾਲਦਿਆਂ ਇਕ ਸਮਝੌਤੇ ਤਹਿਤ ਦਿੱਲੀ ਛੱਡਣੀ ਨਾ
ਪੈਂਦੀ ਅਤੇ ਇਕ ਸਿੱਖ ਰਾਜ ਦੀ ਸਥਾਪਨਾ ਕਰਨ ਵਿਚ ਉਹ ਸਫਲ ਹੋ ਜਾਂਦੇ ਤਾਂ ਇਤਿਹਾਸ
ਕੁਝ ਹੋਰ ਹੁੰਦਾ। ਸ਼ਾਇਦ ਭਾਰਤ ਕਦੇ ਅੰਗਰੇਜ਼ਾਂ ਦਾ ਗੁਲਾਮ ਹੀ ਨਾ ਹੁੰਦਾ। ਪਰ
ਪਲਾਂ ਦੀ ਗ਼ਲਤੀ ਦੀ ਸਜ਼ਾ ਕਈ ਵਾਰ ਸਦੀਆਂ ਤੱਕ ਭੁਗਤਣੀ ਪੈਂਦੀ ਹੈ।
'ਦਿੱਲੀ ਫ਼ਤਹਿ' ਕੋਈ ਇਕ ਦਿਨ ਦੀ ਕਰਾਮਾਤ ਨਹੀਂ ਸੀ। ਸਿੱਖਾਂ ਵਲੋਂ ਦਿੱਲੀ ਦੀ
ਫ਼ਤਹਿ ਉਨ੍ਹਾਂ ਦੀ ਏਕਤਾ ਅਤੇ ਇਕੱਠ ਦਾ ਸਬੂਤ ਸੀ, ਜੋ ਸਾਹਿਬ ਸ੍ਰੀ ਗੁਰੂ
ਹਰਿਗੋਬਿੰਦ ਸਾਹਿਬ ਵੇਲੇ ਤੋਂ ਸਿੱਖਾਂ ਦੇ ਹਥਿਆਰਬੰਦ ਹੋਣ ਤੋਂ ਬਾਅਦ ਲਗਾਤਾਰ ਚੱਲ
ਰਹੀ ਜੱਦੋ-ਜਹਿਦ ਦਾ ਇਕ ਵੱਡਾ ਸਿਖ਼ਰ ਸੀ।
ਇਤਿਹਾਸ ਗਵਾਹ ਹੈ ਕਿ 11 ਮਾਰਚ,
1783 ਨੂੰ ਮੁਗਲ ਸਲਤਨਤ ਦੇ ਚਿੰਨ੍ਹ ਲਾਲ ਕਿਲ੍ਹੇ 'ਤੇ ਖਾਲਸਾਈ ਨਿਸ਼ਾਨ ਸਾਹਿਬ
ਝੁਲਾਉਣ ਤੱਕ ਸਿੱਖਾਂ ਨੇ ਦਿੱਲੀ 'ਤੇ 1764 ਤੋਂ ਲੈ ਕੇ ਕਈ ਹਮਲੇ ਕੀਤੇ। 1 ਫਰਵਰੀ,
1764 ਵਿਚ ਬਾਬਾ ਬਘੇਲ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ
ਅਤੇ ਕੁਝ ਹੋਰ ਸਿੱਖ ਜਰਨੈਲਾਂ ਨੇ ਯਮਨਾ ਪਾਰ ਕਰਕੇ ਸਹਾਰਨਪੁਰ 'ਤੇ ਹਮਲਾ ਕੀਤਾ ਸੀ
ਅਤੇ ਆਪਣਾ ਅਧਿਕਾਰ ਜਮਾ ਲਿਆ ਸੀ।
1767 ਵਿਚ ਜਦੋਂ ਅਹਿਮਦਸ਼ਾਹ ਅਬਦਾਲੀ
ਆਪਣੀਆਂ ਫ਼ੌਜਾਂ ਲੈ ਕੇ ਭਾਰਤ ਆਇਆ ਤਾਂ ਸਿੱਖਾਂ ਕੋਲੋਂ 1764 ਵਿਚ ਹਾਰ ਚੁੱਕੇ
ਨਵਾਬ ਨਸੀਬ-ਓ-ਦੀਨ-ਦੌਲਾ ਨੇ ਅਬਦਾਲੀ ਤੋਂ ਸੁਰੱਖਿਆ ਮੰਗੀ। ਅਬਦਾਲੀ ਦਾ ਜਰਨੈਲ
ਜਹਾਨ ਖ਼ਾਨ 80 ਹਜ਼ਾਰ ਦੀ ਫ਼ੌਜ ਲੈ ਕੇ ਚੜ੍ਹਿਆ। ਬਾਬਾ ਬਘੇਲ ਸਿੰਘ ਨੇ ਹੋਰ ਸਿੱਖ
ਮਿਸਲਾਂ ਦੀ ਮਦਦ ਨਾਲ ਇਹ ਲੜਾਈ ਵੀ ਜਿੱਤੀ। ਭਾਵੇਂ ਇਸ ਵਿਚ ਸਿੱਖਾਂ ਦਾ ਵੀ ਕਾਫ਼ੀ
ਨੁਕਸਾਨ ਹੋਇਆ ਤੇ ਬਾਬਾ ਬਘੇਲ ਸਿੰਘ ਜੋ 'ਕਰੋੜਸਿੰਘੀਆ ਮਿਸਲ' ਦੇ ਮੁਖੀ ਸਨ, ਵੀ
ਜ਼ਖ਼ਮੀ ਹੋ ਗਏ ਸਨ। ਫਿਰ ਠੀਕ ਹੋਣ ਤੋਂ ਬਾਅਦ ਬਾਬਾ ਬਘੇਲ ਸਿੰਘ ਨੇ ਸਾਰੀਆਂ ਸਿੱਖ
ਮਿਸਲਾਂ ਨੂੰ ਚਿੱਠੀ ਲਿਖ ਕੇ ਕੁਝ ਸਿਰਕੱਢ ਜਰਨੈਲਾਂ ਨੂੰ ਨਾਲ ਲੈ ਕੇ ਦਿੱਲੀ 'ਤੇ
ਪਹਿਲਾ ਹਮਲਾ ਕੀਤਾ। ਸਿੱਖ ਫ਼ੌਜਾਂ ਸ਼ਾਹਦਰਾ ਤੱਕ ਪਹੁੰਚੀਆਂ, ਪਰ ਸੈਨਿਕ ਦ੍ਰਿਸ਼ਟੀ
ਤੋਂ ਹਾਲਾਤ ਨੂੰ ਅਨੁਕੂਲ ਨਾ ਸਮਝਦੇ ਹੋਏ ਸਿੱਖ ਫ਼ੌਜਾਂ, ਅਮੀਰਾਂ ਤੇ ਨਵਾਬਾਂ
ਕੋਲੋਂ ਨਜ਼ਰਾਨਾ ਲੈ ਕੇ ਪੰਜਾਬ ਪਰਤ ਆਈਆਂ।
ਦਿੱਲੀ 'ਤੇ ਦੂਸਰਾ ਸਿੱਧਾ
ਹਮਲਾ 15 ਜੁਲਾਈ, 1775 ਨੂੰ ਕੀਤਾ ਗਿਆ। ਇਸ ਵਿਚ ਵੀ ਕਈ ਮਿਸਲਾਂ ਦੀ ਸਾਂਝੀ ਫ਼ੌਜ
ਸ਼ਾਮਿਲ ਸੀ। ਪਰ ਇਸ ਵਾਰ ਵੀ ਸਿੱਖ ਫ਼ੌਜ ਹਾਲਾਤ ਨੂੰ ਧਿਆਨ ਵਿਚ ਰੱਖਦੀ ਹੋਈ 25
ਜੁਲਾਈ, 1775 ਨੂੰ ਵਾਪਸ ਪਰਤ ਆਈ। ਜਦੋਂ 11 ਅਪ੍ਰੈਲ, 1776 ਨੂੰ ਦਿੱਲੀ ਦੇ ਵਜ਼ੀਰ
ਨੇ ਆਪਣੇ ਭਰਾ ਅਬਦੁਲ ਕਾਸਿਮ ਨੂੰ ਸਹਾਰਨਪੁਰ ਦਾ ਫ਼ੌਜਦਾਰ ਬਣਾ ਦਿੱਤਾ ਤਾਂ ਸਿੱਖਾਂ
ਨੂੰ ਰਾਖੀ ਲਈ ਖਿਰਾਜ਼ ਦੇਣ ਵਾਲੇ ਸਹਾਰਨਪੁਰ ਦੇ ਸੂਬੇਦਾਰ ਜ਼ਾਬਤਾ ਖ਼ਾਨ ਵਲੋਂ ਮਦਦ
ਮੰਗੇ ਜਾਣ 'ਤੇ ਸਿੱਖ ਉਸ ਦੀ ਮਦਦ ਨੂੰ ਗਏ ਤੇ ਵਜ਼ੀਰ ਦਾ ਭਰਾ ਮਾਰਿਆ ਗਿਆ।
ਫਿਰ 12 ਅਪ੍ਰੈਲ, 1781 ਵਿਚ ਬਾਬਾ ਬਘੇਲ ਸਿੰਘ ਨੇ ਦਿੱਲੀ ਦੇ ਨੇੜੇ ਬਾਘਪਤ
'ਤੇ ਹਮਲਾ ਕੀਤਾ ਅਤੇ ਸ਼ਾਹਦਰਾ ਤੇ ਪੜਪੜਗੰਜ ਤੱਕ ਪੁੱਜ ਗਏ, ਜਿੱਥੇ ਵਕਤ ਦੇ ਮੁਗਲ
ਬਾਦਸ਼ਾਹ ਨੇ ਸਿੱਖਾਂ ਨਾਲ ਇਕ ਸੰਧੀ ਕੀਤੀ ਕਿ ਗੰਗਾ-ਯਮਨਾ ਦੇ ਵਿਚਕਾਰਲੇ ਇਲਾਕੇ ਦੀ
ਆਮਦਨ ਦਾ 8ਵਾਂ ਹਿੱਸਾ ਸਿੱਖਾਂ ਨੂੰ ਦਿੱਤਾ ਜਾਇਆ ਕਰੇਗਾ। ਪਰ ਇਹ ਸੰਧੀ ਛੇਤੀ ਹੀ
ਟੁੱਟ ਗਈ।
8 ਮਾਰਚ, 1783 ਨੂੰ ਸਿੱਖ ਫ਼ੌਜਾਂ ਦਿੱਲੀ ਵਿਚ ਦਾਖਲ ਹੋ ਗਈਆਂ
ਤੇ 11 ਮਾਰਚ, 1783 ਨੂੰ ਦਿੱਲੀ ਦੇ ਲਾਲ ਕਿਲ੍ਹੇ 'ਤੇ ਕਾਬਜ਼ ਵੀ ਹੋ ਗਈਆਂ। ਇਸ
ਜਿੱਤ ਤੋਂ ਬਾਅਦ ਸਿੱਖ ਜਰਨੈਲ ਜੱਸਾ ਸਿੰਘ ਆਹਲੂਵਾਲੀਆ ਦਿੱਲੀ ਦੇ ਤਖ਼ਤ 'ਤੇ ਬੈਠ
ਗਿਆ। ਪਰ ਇਹ ਗੱਲ ਦੂਸਰੇ ਪ੍ਰਮੁੱਖ ਸਿੱਖ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਨੂੰ
ਮਨਜ਼ੂਰ ਨਹੀਂ ਹੋਈ। ਇਸ ਲਈ ਸਿੱਖਾਂ ਵਿਚ ਫੁੱਟ ਪੈ ਗਈ। ਬਾਬਾ ਬਘੇਲ ਸਿੰਘ ਨੇ ਆਪਸੀ
ਫੁੱਟ ਕਾਰਨ ਇਹ ਸਮਝ ਲਿਆ ਸੀ ਕਿ ਉਹ ਫ਼ੌਜੀ ਤਾਕਤ ਅਨੁਸਾਰ ਦਿੱਲੀ 'ਤੇ ਸਫਲਤਾ ਨਾਲ
ਰਾਜ ਕਰਨ ਦੇ ਸਮਰੱਥ ਨਹੀਂ ਹਨ। ਇਸ ਲਈ ਉਨ੍ਹਾਂ ਨੇ ਮੁਗ਼ਲ ਬਾਦਸ਼ਾਹ ਸ਼ਾਹ ਆਲਮ
ਵਲੋਂ ਕੀਤੀ ਸੁਲਾਹ ਦੀ ਪੇਸ਼ਕਸ਼ ਪ੍ਰਵਾਨ ਕਰ ਲਈ। ਨਤੀਜੇ ਵਜੋਂ ਦਿੱਲੀ ਵਿਚ ਗੁਰੂ
ਸਾਹਿਬਾਨ ਦੀਆਂ ਯਾਦਗਾਰਾਂ ਤੇ ਦਿੱਲੀ ਵਿਚ 7 ਗੁਰਦੁਆਰਾ ਸਾਹਿਬ ਉਸਾਰੇ ਗਏ। ਸਿੱਖਾਂ
ਨੂੰ ਸ਼ਾਹ ਆਲਮ ਨੇ 10 ਲੱਖ ਰੁਪਏ ਦਾ ਨਜ਼ਰਾਨਾ ਦਿੱਤਾ ਅਤੇ ਉਸ ਦੇ ਦਰਬਾਰ ਵਿਚ
ਦੀਵਾਨ ਲਖਪਤ ਰਾਏ ਸਿੱਖਾਂ ਦਾ ਦੂਤ (ਪ੍ਰਤੀਨਿਧ) ਬਣ ਗਿਆ। ਸ਼ਾਹ ਆਲਮ ਨੇ ਬਾਬਾ
ਬਘੇਲ ਸਿੰਘ ਨਾਲ ਮੁਲਾਕਾਤ ਵਿਚ ਕਈ ਹੋਰ ਤੋਹਫ਼ਿਆਂ ਤੋਂ ਇਲਾਵਾ ਰਾਇਸੀਨਾ ਪਿੰਡ ਦੀ
ਕਈ ਸੌ ਏਕੜ ਜ਼ਮੀਨ ਵੀ ਭੇਟ ਕੀਤੀ। ਜਿਥੇ ਅੱਜਕਲ੍ਹ ਪਾਰਲੀਮੈਂਟ ਤੇ ਰਾਸ਼ਟਰਪਤੀ ਭਵਨ
ਆਦਿ ਉਸਰੇ ਹੋਏ ਹਨ।
ਇਹ ਇਤਿਹਾਸ ਲਿਖਣ ਦਾ ਮਤਲਬ ਸਿਰਫ਼ ਇਹ ਹੈ ਕਿ ਸਿੱਖਾਂ
ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਜਦੋਂ ਉਹ ਇਕੱਠੇ ਹੋ ਕੇ ਲੜੇ ਉਹ ਜਿੱਤਦੇ ਰਹੇ
ਹਨ ਤੇ ਜਦੋਂ-ਜਦੋਂ ਉਨ੍ਹਾਂ ਵਿਚ ਫੁੱਟ ਪਈ ਤਾਂ ਜਿੱਤ ਵੀ ਹਾਰ ਵਿਚ ਬਦਲ ਜਾਂਦੀ ਰਹੀ
ਹੈ। ਸੱਚਾਈ ਤਾਂ ਇਹੀ ਹੈ ਕਿ ਇਸ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਵੀ
ਸਿੱਖਾਂ ਦੀ ਆਪਸੀ ਫੁੱਟ ਕਾਰਨ ਹੀ ਗਿਆ ਸੀ।
ਹੁਣ ਵੀ ਸਿੱਖ ਆਪਸ ਵਿਚ ਹੀ
ਲੜ ਰਹੇ ਹਨ, ਨਹੀਂ ਤਾਂ 2 ਨਗਰ ਕੀਰਤਨ ਇਕ-ਦੂਸਰੇ ਤੋਂ ਬਿਲਕੁਲ ਉਲਟੀ ਦਿਸ਼ਾ ਵਿਚ
ਸਿੱਖਾਂ ਦੀਆਂ ਦੋ ਚੁਣੀਆਂ ਕਮੇਟੀਆਂ ਕਿਉਂ ਕੱਢਦੀਆਂ?
ਦਿੱਲੀ ਕਮੇਟੀ ਦਾ
ਨਗਰ ਕੀਰਤਨ ਸ੍ਰੀ ਅੰਮ੍ਰਿਤਸਰ ਤੋਂ ਦਿੱਲੀ ਵੱਲ ਤੇ ਸ਼੍ਰੋਮਣੀ ਕਮੇਟੀ ਦਾ ਨਗਰ
ਕੀਰਤਨ ਦਿੱਲੀ ਤੋਂ ਸ੍ਰੀ ਅੰਮ੍ਰਿਤਸਰ ਵੱਲ ਨਿਕਲ ਰਿਹਾ ਹੈ। ਸਿੱਖਾਂ ਨੂੰ ਯਾਦ
ਰੱਖਣਾ ਚਾਹੀਦਾ ਹੈ ਕਿ ਜਦੋਂ ਤੱਕ ਉਹ ਆਪਣਾ ਇਕ ਸਾਂਝਾ ਨਿਸ਼ਾਨਾ ਤੇ ਸਾਂਝਾ ਵਿਰੋਧੀ
ਨਹੀਂ ਚੁਣ ਲੈਂਦੇ, ਉਹ ਖ਼ਵਾਰ ਹੀ ਹੁੰਦੇ ਰਹਿਣਗੇ। ਜਿਨ੍ਹਾਂ ਹਾਲਤਾਂ ਵਿਚੋਂ ਸਿੱਖ
ਪੰਥ ਇਸ ਵੇਲੇ ਲੰਘ ਰਿਹਾ ਹੈ, ਉਸ ਨੂੰ ਵੇਖਦਿਆਂ ਉਨ੍ਹਾਂ ਲਈ ਇਹ ਜ਼ਰੂਰੀ ਹੈ ਕਿ ਉਹ
ਇਕਬਾਲ ਅਜ਼ੀਮ ਦੇ ਇਸ ਸ਼ਿਅਰ ਨੂੰ ਪੜ੍ਹਨ ਤੇ ਸਮਝਣ ਦਾ ਯਤਨ ਕਰਨ।
ਅਪਣੇ ਮਰਕਜ਼ ਸੇ ਅਗਰ ਦੂਰ ਨਿਕਲ ਜਾਓਗੇ॥ ਖ਼ਵਾਬ ਹੋ ਜਾਓਗੇ, ਅਫ਼ਸਾਨੋਂ ਮੇ ਢਲ
ਜਾਓਗੇ॥ ਦੇ ਰਹੇ ਹੈਂ ਤੁਮ੍ਹੇ ਜੋ ਲੋਗ ਰਿਫ਼ਾਕਤ ਕਾ ਫ਼ਰੇਬ, ਉਨਕੀ ਤਾਰੀਖ਼
ਪੜ੍ਹੋਗੇ ਤੋ ਦਹਿਲ ਜਾਓਗੇ॥
ਇਤਿਹਾਸ ਦੁਬਾਰਾ ਲਿਖਣ ਦੀਆਂ
ਕੋਸ਼ਿਸ਼ਾਂ? ਮਿਟਤੀ ਨਹੀਂ ਤਾਰੀਖ ਸੇ ਕੋਈ ਭੀ ਇਬਾਰਤ,
ਤਾਰੀਖ਼ ਲਿਖੇਗੀ ਕਿ ਲਿਖਾ ਕਾਟ ਰਹੇ ਹੈਂ॥
'ਰਾਸ਼ਟਰੀ ਸਿੱਖਿਆ ਖੋਜ
ਤੇ ਸਿੱਖਲਾਈ ਪਰਿਸ਼ਦ' (ਰਾ: ਸਿੱ: ਖੋ: ਸਿ: ਪ:) ਵਲੋਂ ਸਕੂਲਾਂ ਦੇ ਪਾਠਕ੍ਰਮ ਵਿਚ
ਕੀਤੀਆਂ ਜਾ ਰਹੀਆਂ ਤਬਦੀਲੀਆਂ ਨੂੰ ਫਿਰਕੂ ਨੁਕਤਾ ਨਿਗਾਹ ਨਾਲ ਦੇਖਿਆ ਜਾ ਰਿਹਾ ਹੈ।
ਕਈ ਵਿਸ਼ਿਆਂ, ਖਾਸ ਕਰ ਇਤਿਹਾਸ ਦੀਆਂ ਕਿਤਾਬਾਂ ਵਿਚੋਂ ਕਈ ਵਿਸ਼ੇ ਉਡਾਏ ਹੀ ਜਾ ਰਹੇ
ਹਨ। ਖਾਸ ਕਰ ਮੁਸਲਿਮ ਰਾਜਿਆਂ ਤੇ ਬਾਦਸ਼ਾਹਾਂ ਦੇ ਦੌਰ ਦਾ ਇਤਿਹਾਸ, ਲੋਕਤੰਤਰ ਨੂੰ
ਚੁਣੌਤੀਆਂ ਜਿਹੇ ਵਿਸ਼ੇ ਅਤੇ ਹੋਰ ਵੀ ਬਹੁਤ ਕੁਝ ਜੋ 'ਰਾ: ਸ: ਸ:' ਅਤੇ 'ਭਾਜਪਾ'
ਨੂੰ ਸੂਤ ਨਹੀਂ ਬੈਠਦਾ ਬਦਲਿਆ ਜਾ ਰਿਹਾ ਹੈ। ਕੁਝ ਹਟਾਇਆ ਜਾ ਰਿਹਾ ਹੈ ਤੇ ਕੁਝ
ਨਵਾਂ ਪਾਇਆ ਵੀ ਜਾ ਰਿਹਾ ਹੈ। ਪਰ ਇਸ ਤਰ੍ਹਾਂ ਕਿਤਾਬਾਂ ਵਿਚੋਂ ਕੁਝ ਹਟਾ ਦੇਣ ਨਾਲ
ਸ਼ਹਿਰਾਂ ਅਤੇ ਥਾਵਾਂ ਦੇ ਨਾਂਅ ਬਦਲ ਦੇਣ ਨਾਲ ਵੀ ਅਸਲ ਵਿਚ ਇਤਿਹਾਸ ਨਹੀਂ ਬਦਲਦਾ
ਸਗੋਂ ਅਸਲੀ ਇਤਿਹਾਸ ਵਿਚ ਇਹ ਵੀ ਦਰਜ ਹੋ ਜਾਂਦਾ ਹੈ ਕਿ ਕਿਸ ਰਾਜੇ ਜਾਂ ਪ੍ਰਧਾਨ
ਮੰਤਰੀ ਦੇ ਰਾਜ ਵਿਚ ਇਹ ਇਤਿਹਾਸ ਬਦਲਿਆ ਗਿਆ ਸੀ।
ਕੇਜਰੀਵਾਲ ਨੇ
ਸੁਰ ਕਿਉਂ ਬਦਲੀ? 'ਆਮ ਆਦਮੀ ਪਾਰਟੀ' ਦੇ ਮੁਖੀ ਅਰਵਿੰਦ ਕੇਜਰੀਵਾਲ,
ਵਿਰੋਧੀ ਦਲਾਂ ਨਾਲ ਮਿਲ ਕੇ ਨਾ ਚੱਲਣ ਦੇ ਐਲਾਨ ਤੋਂ ਕੁਝ ਥਿੜਕਦੇ ਨਜ਼ਰ ਆ ਰਹੇ ਹਨ।
ਉਨ੍ਹਾਂ ਦੀ ਪਾਰਟੀ ਦੇ ਪ੍ਰਤੀਨਿਧ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਵਲੋਂ ਬੁਲਾਈ
ਵਿਰੋਧੀ ਪਾਰਟੀਆਂ ਦੀ ਮੀਟਿੰਗ ਵਿਚ ਵੀ ਸ਼ਾਮਿਲ ਹੋਏ ਹਨ ਤੇ ਇਹ ਚਰਚਾ ਵੀ ਜ਼ੋਰਾਂ
'ਤੇ ਹੈ ਕਿ ਇਸ ਵਾਰ 2024 ਵਿਚ ਦੇਸ਼ ਵਿਚ ਕੁਝ ਥਾਵਾਂ 'ਤੇ ਕੇਜਰੀਵਾਲ ਭਾਵੇਂ
ਵਿਰੋਧੀ ਦਲਾਂ ਨਾਲ ਸਿੱਧਾ ਸਮਝੌਤਾ ਨਾ ਵੀ ਕਰਨ ਪਰ ਕਈ ਥਾਵਾਂ 'ਤੇ ਦੋਸਤਾਨਾ ਲੜਾਈ
ਤੇ ਜਿੱਤਣ ਵਾਲੇ ਉਮੀਦਵਾਰਾਂ ਦੀ ਮਦਦ ਦਾ ਗੁਪਤ ਸਮਝੌਤਾ ਕਰ ਸਕਦੇ ਹਨ।
ਚਰਚਾ ਹੈ ਕਿ ਉਹ ਇਹ ਵੀ ਸਮਝ ਰਹੇ ਹਨ ਕਿ ਸ਼ਰਾਬ ਘੁਟਾਲੇ ਦਾ ਸੇਕ ਕਿਸੇ ਵੇਲੇ ਵੀ
ਉਨ੍ਹਾਂ ਤੱਕ ਪਹੁੰਚ ਸਕਦਾ ਹੈ ਤੇ ਉਹ ਨਹੀਂ ਚਾਹੁੰਦੇ ਕਿ ਅਜਿਹੀ ਸਥਿਤੀ ਵਿਚ ਉਹ
ਇਕੱਲੇ ਰਹਿ ਜਾਣ ਤੇ ਉਨ੍ਹਾਂ ਦੇ ਹੱਕ ਵਿਚ ਕੋਈ ਹਾਅ ਦਾ ਨਾਅਰਾ ਵੀ ਨਾ ਮਾਰੇ।
ਪਰ ਇਥੇ ਸਵਾਲ ਉੱਠਦਾ ਹੈ ਕਿ ਇਕ ਪਾਸੇ ਤਾਂ 'ਆਪ' ਤੇ 'ਭਾਜਪਾ' ਦੋਵਾਂ ਨੂੰ ਹੀ
'ਰਾ: ਸ: ਸ:' ਦਾ ਖੱਬਾ ਤੇ ਸੱਜਾ ਹੱਥ ਸਮਝਿਆ ਜਾਂਦਾ ਹੈ, ਤਾਂ ਫਿਰ 'ਭਾਜਪਾ',
'ਆਪ' ਨੇਤਾਵਾਂ ਪਿਛੇ ਹੱਥ ਧੋ ਕੇ ਕਿਉਂ ਪਈ ਹੋਈ ਹੈ?
ਕੁਝ ਲੋਕਾਂ ਦਾ
ਕਹਿਣਾ ਹੈ ਕਿ ਅਸਲ ਵਿਚ ਭਾਵੇਂ ਕੇਜਰੀਵਾਲ ਕਈ ਵਾਰ ਭਾਜਪਾ ਨਾਲੋਂ ਵੀ ਜ਼ਿਆਦਾ ਜ਼ੋਰ
ਨਾਲ ਰਾ: ਸ: ਸ: ਦੀ ਸੋਚ ਦਾ ਸਮਰਥਨ ਕਰਦੇ ਹਨ। ਪਰ ਅਸਲ ਗੱਲ ਇਹ ਹੈ ਕਿ ਕੇਜਰੀਵਾਲ
ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ-ਦੂਜੇ ਦੇ ਸਮਰਥਕ ਨਹੀਂ ਹਨ। ਪ੍ਰਧਾਨ ਮੰਤਰੀ
ਕਦੇ ਵੀ ਨਹੀਂ ਚਾਹੁਣਗੇ ਕਿ ਕੇਜਰੀਵਾਲ ਤੇ ਉਨ੍ਹਾਂ ਦੀ ਪਾਰਟੀ ਏਨੀ ਮਜ਼ਬੂਤ ਹੋ
ਜਾਵੇ ਕਿ ਕੱਲ੍ਹ ਨੂੰ ਉਹ ਭਾਜਪਾ ਤੇ ਉਨ੍ਹਾਂ ਲਈ ਹੀ ਕੋਈ ਚੁਣੌਤੀ ਬਣ ਜਾਵੇ। ਇਸ ਲਈ
ਜੇਕਰ 'ਆਪ' ਅਤੇ ਭਾਜਪਾ ਦੋਵੇਂ ਆਰ.ਐਸ.ਐਸ. ਸਮਰਥਕ ਹੋਣ ਵੀ, ਤਦ ਵੀ ਉਨ੍ਹਾਂ ਵਿਚ
ਆਪਸੀ ਟਕਰਾਅ ਤਾਂ ਬਣਿਆ ਹੀ ਰਹੇਗਾ।
1044,
ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ ਫੋਨ: 92168-60000 E. mail
: hslall@ymail.com
|