ਬੀਤੀ
28 ਮਈ ਨੂੰ ਦੁਨੀਆ ਦੇ ਸਭ ਤੋਂ ਵੱਡੇ ਲੋਕਤਾਂਤਿ੍ਰਕ ਦੇਸ਼ ਭਾਰਤ ਦੇ ਨਵੇਂ ਸੰਸਦ ਭਵਨ
ਦਾ ਉਦਘਾਟਨ ਹੋ ਗਿਆ। ਕਹਿੰਦੇ ਪੁਰਾਣਾ ਕੁਝ ਜਰਜ਼ਗ ਹਾਲਤ ’ਚ ਸੀ ਤੇ ਉਸ ਨੂੰ ਬਣੇ
ਨੂੰ ਵੀ 94 ਕੁ ਸਾਲ ਹੋ ਗਏ ਸਨ। ਸਾਡੇ ਪੁਰਾਣੇ ਚਕਰਾਕਾਰ ਸੰਸਦ ਭਵਨ ਦੇ ਮੁਕਾਬਲੇ
ਇਹ ਤਿਕੋਣਾ ਨਵਾਂ ਸੰਸਦ ਭਵਨ ਕਾਫੀ ਵੱਡਾ ਹੈ। ਖੁੱਲ੍ਹਾ ਡੁੱਲ੍ਹਾ ਹੈ। ਆਧੁਨਿਕ
ਸੁੱਖ-ਸੁਵਿਧਾਵਾਂ ਅਤੇ ਨਵੀਂ ਟੈਕਨੋਲੋਜੀ ਨਾਲ ਸਜਿਆ ਹੋਇਆ ਹੈ। ਪਰ ਸੋਚਣ ਵਾਲੀ ਗੱਲ
ਇਹ ਹੈ ਕਿ ਇਸ ਨਾਲ ਕੀ ਫਰਕ ਪਵੇਗਾ?
ਚਾਰ ਮੰਜ਼ਿਲਾ ਇਹ ਨਵਾਂ ਭਵਨ 65 ਹਜ਼ਾਰ
ਵਰਗ ਮੀਟਰ (7ਲੱਖ ਵਰਗ ਫੁੱਟ) ਖੇਤਰ ਵਿੱਚ ਫੈਲਿਆ ਹੋਇਆ ਹੈ। ਇਸ ਦੀ ਉਸਾਰੀ ’ਤੇ
ਕਰੀਬ 862 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ 39.6 ਮੀਟਰ ਉੱਚੀ ਇਮਾਰਤ ਵਿੱਚ
1,272 ਸੰਸਦ ਮੈਂਬਰਾਂ ਦੇ ਬੈਠਣ ਦੀ ਵਿਵਸਥਾ ਕੀਤੀ ਗਈ ਹੈ। ਲੋਕ ਸਭਾ ’ਚ 888 ਅਤੇ
ਰਾਜ ਸਭਾ ’ਚ 384 ਮੈਂਬਰ ਬੈਠ ਸਕਦੇ ਹਨ। ਜੇਕਰ ਦੋਵੇਂ ਸਦਨਾਂ ਦੀ ਸਾਂਝੀ ਮੀਟਿੰਗ
ਹੁੰਦੀ ਹੈ, ਜਾਂ ਜਦੋਂ ਰਾਸ਼ਟਰਪਤੀ ਦਾ ਸੰਬੋਧਨ ਹੁੰਦਾ ਹੈ, ਤਾਂ ਇਸ ’ਚ ਇਕੱਠੇ
1,280 ਸੰਸਦ ਮੈਂਬਰ ਬੈਠ ਸਕਦੇ ਹਨ। 'ਦਰਸ਼ਕ ਗਲਿਆਰ' ਵਿੱਚ 336 ਤੋਂ ਵੱਧ ਲੋਕਾਂ ਦੇ
ਬੈਠਣ ਦਾ ਪ੍ਰਬੰਧ ਹੈ। ਲੋਕਸਭਾ ਵੱਲ ਵੀ ਤੇ ਰਾਜ ਸਭਾ ਵੱਲ ਵੀ।
ਫਿਲਹਾਲ ਦੀ
ਘੜੀ ਸਾਡੇ ਇਸ ਨਵੇਂ ਸੰਸਦ ਭਵਨ ਦੇ ਲੋਕ ਸਭਾ ਹਾਲ ਵਿੱਚ ਪਹਿਲਾਂ ਵਾਲੇ ਹੀ 543
ਮੈਬਰ ਬੈਠਣਗੇ। ਜਿਹੜੇ 2019 ਦੀਆਂ ਆਮ 'ਲੋਕ ਸਭਾ' ਚੋਣਾਂ ਵਿੱਚ ਜਾਂ ਉਸ ਤੋਂ ਬਾਅਦ
ਹੋਈਆ ਉਪ ਚੋਣਾਂ ਵਿੱਚ ਜਿੱਤੇ ਹਨ। ਇਹਨਾਂ ਲੋਕ ਸਭਾ ਮੈਂਬਰਾਂ ਵਿੱਚ 11% ਅਜਿਹੇ ਹਨ
ਜਿਨ੍ਹਾਂ ਤੇ 3 ਤੋਂ 10 ਤੱਕ ਅਪਰਾਧਿਕ ਮਾਮਲੇ ਦਰਜ ਹਨ। 19. 7% ਦੇ ਉੱਤੇ ਇੱਕ ਜਾਂ
ਦੋ ਅਜਿਹੇ ਮਾਮਲੇ ਦਰਜ ਹਨ ਅਤੇ ਡੇਢ ਪ੍ਰਤੀਸਤ ਅਜਿਹੇ ਮੈਂਬਰ ਹਨ ਜਿਨ੍ਹਾਂ ਉੱਤੇ 11
ਤੋ 20 ਤੱਕ ਮਾਮਲੇ ਦਰਜ ਹਨ।
ਸਰਮਾਏਦਾਰੀ ਦੇ ਤੌਰ ਤੇ ਦੇਖੀਏ ਤਾਂ ਮੇਰੇ
ਖਿਆਲ ਵਿੱਚ ਕਹਿਣ ਦੀ ਲੋੜ ਹੀ ਨਹੀਂ ਹੈ, 'ਯੇ ਪਬਲਿਕ ਹੈ, ਸਭ ਜਾਣਤੀ ਹੈ'। ਸਾਡੀ
ਸੰਸਦ ਦਾ ਉਪਰਲਾ ਸਦਨ ਜਿਸ ਨੂੰ 'ਰਾਜ ਸਭਾ' ਦੇ ਨਾਂ ਨਾਲ ਨਵਾਜਿਆ ਜਾਂਦਾ ਹੈ ਦੇ
ਹਾਲਾਤ ਵੀ ਲਗਭਗ ਇਹੋ ਜਿਹੇ ਹੀ ਹਨ। ਇਸ ਦੇ ਵੀ 71 ਮੈਂਬਰਾਂ ਉੱਤੇ ਅਜਿਹੇ ਮਾਮਲੇ
ਦਰਜ ਹਨ ਅਤੇ 37 ਇਹਨਾਂ ਵਿੱਚੋਂ ਅਜਿਹੇ ਹਨ ਜਿਨ੍ਹਾਂ ਦੇ ਗੰਭੀਰ ਕਿਸਮ ਦੇ ਮਾਮਲੇ
ਦਰਜ ਹਨ। 2026 ਵਿੱਚ ਨਵੀਂ ਹੱਦਬੰਦੀ ਦੀ ਤਜਵੀਜ ਹੈ ਜਿਸ ਨਾਲ ਲੋਕ ਸਭਾ ਦੇ
ਮੈਂਬਰਾਂ ਦੀ ਗਿਣਤੀ ਵੱਧ ਜਾਵੇਗੀ ਅਜਿਹਾ ਕਿਹਾ ਜਾਂਦਾ ਹੈ।
ਸਦਨਾਂ ਵਿੱਚ
ਤੂੰ-ਤੂੰ ਮੈਂ-ਮੈਂ ਦੀ ਤਕਰਾਰ ਤਾਂ ਅਸੀਂ ਅਕਸਰ ਸੁਣਦੇ ਹੀ ਰਹਿੰਦੇ ਹਾਂ। ਤਕਰਾਰ
ਕੌਣ ਕਰਦਾ ਹੈ? ਕਿਹੜੀ ਪਾਰਟੀ ਕਰਦੀ ਹੈ? ਇਸ ਨਾਲ ਇੱਥੇ ਸਾਡਾ ਕੋਈ ਮਨੋਰਥ ਨਹੀ ਹੈ।
ਇਹ ਇੱਕ ਰਾਜਨੀਤਿਕ ਤੇ ਉਲਝਿਆ ਹੋਇਆ ਮਸਲਾ ਹੈ। ਇਥੇ ਵਿਚਾਰਨ ਦਾ ਮਕਸਦ ਸਿਰਫ ਇਹੀ
ਹੈ ਕਿ ਨਵੇਂ ਸੰਸਦ ਭਵਨ ਦਾ ਦੇਸ਼ ਨੂੰ ਕੀ ਫਾਇਦਾ ਹੋਵੇਗਾ? ਕੀ ਨਵੇਂ ਮੈਂਬਰ ਸੰਸਦ
ਭਵਨ ਵਾਂਗ ਖੁੱਲ੍ਹੇ ਦਿਲ ਦੇ ਹੋਣਗੇ?
ਜਿਵੇਂ ਨਵੇਂ ਸੰਸਦ ਭਵਨ ਦੇ ਦੀਦਾਰ
ਲੋਕਾਂ ਨੂੰ ਕਰਵਾਏ ਜਾ ਰਹੇ ਹਨ ਜਾਂ ਉਹ ਆਪ ਕਰ ਰਹੇ ਹਨ, ਕੀ ਸਾਡੇ ਨਵੇਂ ਮੈਂਬਰ ਵੀ
ਆਪਣੇ ਵੋਟਰਾਂ, ਆਪਣੀ ਜਨਤਾ ਦੇ ਦਰਸ਼ਨ ਕਰਨ ਲਈ ਲਗਾਤਾਰ ਆਪਣੇ ਇਲਾਕੇ ਵਿਚ ਸਰਗਰਮ
ਰਹਿਣਗੇ? ਕੀ ਸਾਡੇ ਇਹ ਮੈਂਬਰ ਇਸ ਭਵਨ ਵਿੱਚ ਲੱਗੀਆਂ ਅਤਿ ਆਧੁਨਿਕ ਤਕਨੀਕਾਂ ਦੀ
ਵਰਤੋਂ ਦੇਸ਼ ਦੇ ਨਵ ਨਿਰਮਾਣ ਦੀ ਬਹਿਸ ਕਰਨ ਵਿੱਚ ਲਗਾਉਣਗੇ? ਕੀ ਇਹ ਲੋਕਾਂ ਨੂੰ
ਜਵਾਬਦੇਹ ਹੋਣਗੇ? ਕੀ ਇਹ ਸੰਸਦ ਭਵਨ ਇਨ੍ਹਾਂ ਮੈਂਬਰਾਂ ਨੂੰ ਆਮ ਲੋਕਾਂ ਵਿੱਚ ਵਿਚਰਣ
ਦੇ ਯੋਗ ਬਣਾਏਗਾ? ਕੀ ਇਹ ਸੰਭਵ ਹੈ ਉਸਾਰੂ ਬਹਿਸ ਹੋਵੇਗੀ ਤੂੰ-ਤੂੰ ਮੈਂ-ਮੈਂ ਜਾਂ
ਲੜਾਈ ਝਗੜੇ ਤੋਂ ਰਹਿਤ।
ਇਹ ਕੁਝ ਉਹ ਪ੍ਰਸ਼ਨ ਹਨ, ਜਿਨ੍ਹਾਂ ਦਾ ਉੱਤਰ ਤਾਂ
ਹਾਲੇ ਭਵਿੱਖ ਦੇ ਗਰਭ ਵਿਚ ਹੀ ਹੈ। ਉਮੀਦ ਵੀ ਮੱਧਮ ਜਿਹੀ ਹੀ ਹੈ। ਪਰ ਫਿਰ ਵੀ ਉਮੀਦ
ਕੀਤੀ ਜਾਣੀ ਚਾਹੀਦੀ ਹੈ ਕਿ ਨਵੇਂ ਬਣੇ ਖੁੱਲ੍ਹੇ ਡੁੱਲ੍ਹੇ ਸੰਸਦ ਭਵਨ ਵਿੱਚ ਲੋਕਾਂ
ਦੀ ਨੁਮਾਇੰਦਗੀ ਕਰਕੇ ਬੈਠਣ ਆਉਣ ਵਾਲੇ ਮੈਂਬਰਾਂ ਦੇ ਦਿਲ ਵੀ ਆਮ ਲੋਕਾਂ ਲਈ
ਖੁੱਲ੍ਹੇ-ਡੁੱਲ੍ਹੇ ਹੋਣਗੇ ਅਤੇ ਇਸ ਭਵਨ ਦੇ ਬੈਂਚ ਉਸਾਰੂ ਬਹਿਸ ਦੇ ਜਾਮਨੀ ਬਣਨਗੇ।
ਜੋ ਲੋਕਾਂ ਲਈ, ਦੇਸ਼ ਲਈ, ਰਾਸ਼ਟਰ ਲਈ ਲਾਹੇਵੰਦ ਹੋਵੇਗੀ।
ਸੰਜੀਵ ਝਾਂਜੀ, ਜਗਰਾਉ। ਸੰਪਰਕ: 8004910000
|