ਮਾਮਲਾ
ਜਬ ਭੀ ਚਰਾਗੋਂ ਕਾ ਉਠੇ, ਫ਼ੈਸਲਾ ਸਿਰਫ਼ ਹਵਾ ਕਰਤੀ ਹੈ।
ਸਮਝਿਆ ਜਾਂਦਾ ਹੈ ਕਿ 'ਜਲੰਧਰ ਲੋਕ ਸਭਾ' ਦੀ ਉਪ ਚੋਣ ਏਨੀ ਮਹੱਤਵਪੂਰਨ
ਹੈ ਕਿ ਇਸ ਦੇ ਨਤੀਜੇ 2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ
ਕਰਨ ਦੇ ਸਮਰੱਥ ਹੋ ਸਕਦੇ ਹਨ। ਇਹ ਨਤੀਜਾ ਪੰਜਾਬ ਵਿਚ ਕਾਂਗਰਸ, ਆਪ, ਅਕਾਲੀ ਦਲ ਤੇ
ਭਾਜਪਾ ਦੀ ਸਥਿਤੀ ਅਤੇ ਭਵਿੱਖ ਦੀ ਰਾਜਨੀਤੀ ਦੀ ਦਸ਼ਾ ਅਤੇ ਦਿਸ਼ਾ ਤੈਅ ਕਰੇਗਾ। ਹੁਣ
ਤੱਕ ਇਹ ਸੀਟ ਕਾਂਗਰਸ ਕੋਲ ਸੀ। ਇਸ ਲਈ ਜੇਕਰ ਕਾਂਗਰਸ ਆਪਣੀ ਇਹ ਸੀਟ ਉਪ ਚੋਣ ਵਿਚ
ਬਚਾਅ ਨਾ ਸਕੀ ਤਾਂ ਉਸ ਦਾ ਗਰਾਫ਼ ਹੋਰ ਹੇਠਾਂ ਨੂੰ ਜਾਵੇਗਾ। ਉਂਜ ਹਾਲ ਦੀ ਘੜੀ ਤਾਂ
ਇਹੀ ਸਮਝਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਨੇ ਪੰਜਾਬ
ਦੀਆਂ ਕਾਂਗਰਸੀ ਸਫਾਂ ਵਿਚ ਉਤਸ਼ਾਹ ਪੈਦਾ ਕੀਤਾ ਹੈ। ਜਿਥੋਂ ਤੱਕ 'ਆਮ ਆਦਮੀ ਪਾਰਟੀ'
ਦਾ ਸੰਬੰਧ ਹੈ ਉਸ ਲਈ ਤਾਂ ਇਹ ਚੋਣ ਅਗਨੀ ਪ੍ਰੀਖਿਆ ਵਰਗੀ ਹੈ ਕਿਉਂਕਿ ਸਰਕਾਰ
ਬਣਦਿਆਂ ਹੀ ਉਹ ਆਪਣੇ ਗੜ੍ਹ ਸੰਗਰੂਰ ਦੀ ਲੋਕ ਸਭਾ ਦੀ ਉਪ ਚੋਣ ਹਾਰ ਚੁੱਕੀ ਹੈ।
ਜੇਕਰ 'ਆਪ' ਜਲੰਧਰ ਉਪ ਚੋਣ ਵੀ ਹਾਰ ਜਾਂਦੀ ਹੈ ਤਾਂ ਨੈਤਿਕ ਤੌਰ 'ਤੇ ਤਾਂ
'ਆਪ' ਲਈ ਵੱਡੀ ਮੁਸ਼ਕਿਲ ਖੜ੍ਹੀ ਹੋ ਸਕਦੀ ਹੈ, ਉਸ ਲਈ 2024 ਦੀਆਂ ਲੋਕ ਸਭਾ ਚੋਣਾਂ
ਵਿਚ ਵੀ ਵਿਰੋਧੀ ਹਵਾ ਵਗਣ ਦੀ ਸੰਭਾਵਨਾ ਬਣ ਜਾਵੇਗੀ। ਹਾਲਾਂਕਿ 'ਆਪ' ਲਈ ਸੰਗਰੂਰ
ਦੇ ਮੁਕਾਬਲੇ ਜਲੰਧਰ ਦੀ ਚੋਣ ਜ਼ਿਆਦਾ ਔਖੀ ਹੋਵੇਗੀ, ਕਿਉਂਕਿ ਸੰਗਰੂਰ ਜ਼ਿਲ੍ਹੇ ਵਿਚ
ਸਾਰੇ ਵਿਧਾਇਕ 'ਆਪ' ਦੇ ਸਨ ਤੇ ਜਲੰਧਰ ਵਿਚ ਸਥਿਤੀ ਬਿਲਕੁਲ ਵੱਖਰੀ ਹੈ। ਜਿਥੋਂ ਤੱਕ
ਅਕਾਲੀ ਦਲ ਦਾ ਸੰਬੰਧ ਹੈ, ਉਸ ਲਈ ਤੇ ਉਸ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਵੀ
ਇਹ ਚੋਣ ਜਿਊਣ-ਮਰਨ ਦਾ ਸਵਾਲ ਹੈ। 'ਅਕਾਲੀ ਦਲ' ਇਹ ਚੋਣ ਭਾਵੇਂ ਨਾ ਵੀ ਜਿੱਤੇ ਪਰ
ਜੇਕਰ ਉਹ ਸਨਮਾਨਜਨਕ ਵੋਟਾਂ ਲੈ ਜਾਣ ਵਿਚ ਸਫਲ ਹੁੰਦਾ ਹੈ ਤਾਂ ਉਸ ਦੀ ਵਾਪਸੀ ਦਾ
ਰਾਹ ਖੁੱਲ੍ਹ ਸਕਦਾ ਹੈ। ਪਰ ਜੇਕਰ ਇਥੇ ਅਕਾਲੀ ਦਲ ਸੰਗਰੂਰ ਵਾਂਗ ਭਾਜਪਾ ਤੋਂ ਵੀ
ਪਿਛੇ ਚਲਾ ਗਿਆ ਤਾਂ ਫਿਰ ਉਸ ਦੇ ਘੱਟੋ-ਘੱਟ 2024 ਦੀਆਂ ਲੋਕ ਸਭਾ ਚੋਣਾਂ ਤੱਕ
ਦੁਬਾਰਾ ਉੱਠਣ ਦੇ ਆਸਾਰ ਦਿਖਾਈ ਨਹੀਂ ਦੇਣਗੇ, ਜਦੋਂ ਕਿ ਭਾਜਪਾ ਦੀ 2024 ਦੀਆਂ
ਚੋਣਾਂ ਲਈ ਸਾਰੀ ਰਣਨੀਤੀ ਹੀ ਇਸ ਚੋਣ ਦੇ ਨਤੀਜੇ 'ਤੇ ਨਿਰਭਰ ਕਰੇਗੀ। ਜੇਕਰ ਭਾਜਪਾ
ਇਸ ਚੋਣ ਵਿਚ ਅਕਾਲੀ ਦਲ ਨਾਲੋਂ ਕਾਫੀ ਜ਼ਿਆਦਾ ਵੋਟਾਂ ਲੈ ਜਾਂਦੀ ਹੈ ਤਾਂ ਉਹ 2024
ਵਿਚ ਇਕੱਲੇ ਚੋਣ ਲੜਨ ਦੇ ਸਮਰੱਥ ਹੋ ਸਕਦੀ ਹੈ ਜਾਂ ਆਪਣੀਆਂ ਸ਼ਰਤਾਂ 'ਤੇ ਅਕਾਲੀ ਦਲ
ਨਾਲ ਸਮਝੌਤਾ ਕਰ ਸਕੇਗੀ। ਪਰ ਜੇਕਰ ਇਸ ਚੋਣ ਵਿਚ ਉਹ ਪੱਛੜ ਜਾਂਦੀ ਹੈ ਤਾਂ ਉਸ ਨੂੰ
ਅਕਾਲੀ ਦਲ ਨਾਲ ਸਮਝੌਤਾ ਕਰਨ ਲਈ ਮਜਬੂਰ ਹੋਣਾ ਪੈ ਸਕਦਾ ਹੈ।
ਕੌਣ
ਕੌਣ ਸੰਭਾਵਿਤ ਉਮੀਦਵਾਰ ਚਮਕਨੇ ਵਾਲੀ ਹੈ ਤਹਿਰੀਰ ਮੇਰੀ ਕਿਸਮਤ
ਕੀ, ਕੋਈ ਚਰਾਗੋਂ ਕੀ ਲੌ ਜ਼ਰਾ ਕਮ ਕਰ ਦੋ॥ -
(ਬਸ਼ੀਰ ਬਦਰ)
ਹਾਲਾਂਕਿ ਹਰ ਚੋਣ ਲੜਨ
ਵਾਲਾ ਤੇ ਟਿਕਟ ਦੀ ਮੰਗ ਕਰਨ ਵਾਲਾ ਇਹ ਸਮਝ ਕੇ ਮੈਦਾਨ ਵਿਚ ਆਉਂਦਾ ਹੈ ਕਿ ਉਸ ਦੀ
ਕਿਸਮਤ ਚਮਕ ਸਕਦੀ ਹੈ, ਉਹ ਜਿੱਤ ਸਕਦਾ ਹੈ, ਪਰ ਜਿੱਤਣਾ ਤਾਂ ਸਿਰਫ਼ ਇਕ ਨੇ ਹੀ ਹੈ।
ਕਿਸਮਤ ਤਾਂ ਕਿਸੇ ਇਕ ਦੀ ਹੀ ਚਮਕਣੀ ਹੁੰਦੀ ਹੈ। ਬਾਕੀ ਸਾਰਿਆਂ ਦੀ ਕਿਸਮਤ ਵਿਚ ਤਾਂ
ਹਾਰ ਹੀ ਹੁੰਦੀ ਹੈ। ਇਸ ਦੇ ਬਾਵਜੂਦ ਜਲੰਧਰ ਉਪ ਚੋਣ ਵਿਚ ਟਿਕਟਾਂ ਦੇ ਚਾਹਵਾਨਾਂ ਦੀ
ਭਰਮਾਰ ਹੈ। ਪਰ ਕੁਝ ਸੰਭਾਵਿਤ ਉਮੀਦਵਾਰ ਸੱਚਮੁੱਚ ਅਜਿਹੇ ਹਨ, ਜਿਨ੍ਹਾਂ ਨੂੰ ਟਿਕਟ
ਮਿਲਣ ਦੀਆਂ ਸੰਭਾਵਨਾਵਾਂ ਕਾਫ਼ੀ ਪ੍ਰਬਲ ਹਨ। ਸਾਰੀਆਂ ਪਾਰਟੀਆਂ ਨੇ ਆਪੋ ਆਪਣੇ
ਉਮੀਦਵਾਰ ਦੀ ਭਾਲ ਤੇਜ਼ ਕਰ ਦਿੱਤੀ ਹੈ। ਜਿਥੋਂ ਤੱਕ ਕਾਂਗਰਸ ਦਾ ਸੰਬੰਧ ਹੈ, ਇਥੋਂ
ਪਹਿਲੇ ਨੰਬਰ 'ਤੇ ਸਾਬਕਾ ਲੋਕ ਸਭਾ ਮੈਂਬਰ ਸਵਰਗੀ ਚੌਧਰੀ ਸੰਤੋਖ ਸਿੰਘ ਦੀ ਪਤਨੀ
ਕਰਮਜੀਤ ਕੌਰ ਚੌਧਰੀ ਦਾ ਨਾਂਅ ਚੱਲ ਰਿਹਾ ਹੈ।
ਦੂਸਰੇ ਨੰਬਰ 'ਤੇ ਸਾਬਕਾ
ਸੰਸਦ ਮੈਂਬਰ ਮਹਿੰਦਰ ਸਿੰਘ ਕੇ.ਪੀ. ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
ਦੇ ਨਾਂਅ ਵੀ ਹਨ, ਜਦੋਂਕਿ ਆਮ ਆਦਮੀ ਪਾਰਟੀ ਦੇ ਚਾਣਕਿਆ ਮੰਨੇ ਜਾਂਦੇ ਸੰਦੀਪ ਪਾਠਕ
ਵੀ ਇਥੋਂ ਸੰਭਾਵਿਤ ਉਮੀਦਵਾਰ ਦੀ ਭਾਲ ਕਰ ਰਹੇ ਹਨ। ਹਾਲ ਦੀ ਘੜੀ ਵਿਧਾਇਕ ਸ਼ੀਤਲ
ਅੰਗੁਰਾਲ ਤੇ ਵਿਧਾਇਕ ਬਲਕਾਰ ਸਿੰਘ ਦੇ ਪਰਿਵਾਰਕ ਮੈਂਬਰਾਂ ਵਿਚੋਂ ਕਿਸੇ ਇਕ ਬਾਰੇ
ਵਿਚਾਰ ਹੋਣ ਦੀ ਸੂਚਨਾ ਹੈ। ਪਰ ਪਤਾ ਲੱਗਾ ਹੈ ਕਿ ਆਪ ਕਾਂਗਰਸ ਦੇ ਸਾਬਕਾ ਐਮ.ਪੀ.
ਮਹਿੰਦਰ ਸਿੰਘ ਕੇ.ਪੀ. ਨੂੰ ਵੀ ਪਾਰਟੀ ਵਿਚ ਸ਼ਾਮਿਲ ਕਰਕੇ ਉਮੀਦਵਾਰ ਬਣਾਉਣ ਸੰਬੰਧੀ
ਸਰਵੇਖਣ ਕਰਵਾ ਰਹੀ ਹੈ। ਪਹਿਲਾਂ ਅਕਾਲੀ ਨੇਤਾ ਪਵਨ ਟੀਨੂੰ ਬਾਰੇ ਵੀ ਗੱਲ ਚੱਲੀ ਸੀ।
ਪਰ ਜਾਪਦਾ ਹੈ ਕਿ ਟੀਨੂੰ ਅਕਾਲੀ ਦਲ ਵਿਚ ਹੀ ਰਹਿਣਾ ਚਾਹੁੰਦੇ ਹਨ।
ਅਕਾਲੀ
ਦਲ ਕੋਲ ਇਥੇ ਸਭ ਤੋਂ ਵੱਧ ਚਾਹਵਾਨ ਉਮੀਦਵਾਰ ਹਨ। ਪਹਿਲੇ ਨੰਬਰ 'ਤੇ ਪਵਨ ਟੀਨੂੰ
ਨੂੰ ਹੀ ਮੰਨਿਆ ਜਾ ਰਿਹਾ ਹੈ, ਜਦੋਂ ਕਿ ਅਕਾਲੀ ਦਲ ਵਲੋਂ ਪਿਛਲੀਆਂ ਲੋਕ ਸਭਾ ਚੋਣਾਂ
ਵਿਚ ਸਿਰਫ਼ 18-19 ਹਜ਼ਾਰ ਵੋਟਾਂ 'ਤੇ ਹਾਰਨ ਵਾਲੇ ਲੋਕ ਸਭਾ ਦੇ ਸਾਬਕਾ ਉਪ ਸਪੀਕਰ
ਚਰਨਜੀਤ ਸਿੰਘ ਅਟਵਾਲ ਜਾਂ ਉਨ੍ਹਾਂ ਦੇ ਸਾਬਕਾ ਵਿਧਾਇਕ ਪੁੱਤਰ ਇੰਦਰ ਇਕਬਾਲ ਸਿੰਘ
ਅਟਵਾਲ 'ਤੇ ਵੀ ਦਾਅ ਖੇਡਿਆ ਜਾ ਸਕਦਾ ਹੈ। ਜਦੋਂਕਿ ਅਕਾਲੀ ਦਲ ਕੋਲ ਇਥੇ ਬਲਦੇਵ
ਸਿੰਘ ਖਹਿਰਾ ਤੇ ਡਾ. ਸੁਖਵਿੰਦਰ ਸੁੱਖੀ ਵਰਗੇ ਆਗੂ ਵੀ ਟਿਕਟ ਦੇ ਚਾਹਵਾਨ ਹਨ।
ਭਾਜਪਾ ਇਸ ਸੀਟ 'ਤੇ ਸਾਬਕਾ ਕੇਂਦਰੀ ਮੰਤਰੀ ਅਤੇ ਭਾਰਤੀ ਕੌਮੀ ਅਨੁਸੂਚਿਤ ਜਾਤੀ
ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਜਾਂ ਰਾਜੇਸ਼ ਬਾਘਾ ਵਿਚੋਂ ਕਿਸੇ ਇਕ ਨੂੰ
ਮੈਦਾਨ ਵਿਚ ਉਤਾਰ ਸਕਦੀ ਹੈ। ਪਰ ਤਾਜ਼ਾ ਸੂਚਨਾ ਅਨੁਸਾਰ ਕਾਂਗਰਸ ਵਿਚੋਂ ਭਾਜਪਾ ਵਿਚ
ਆਏ ਸਾਬਕਾ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੂੰ ਵੀ ਇਥੋਂ ਉਮੀਦਵਾਰ ਬਣਾਉਣ ਬਾਰੇ
ਵਿਚਾਰ ਕੀਤਾ ਜਾ ਰਿਹਾ ਹੈ।
ਕੈਪਟਨ ਦਾ ਰਾਜਪਾਲ ਬਣਨਾ ਤੈਅ?
ਅਜਿਹਾ ਜਾਪਦਾ ਹੈ ਕਿ ਪੰਜਾਬ ਦੇ ਸਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਨ
ਫਿਰ ਫਿਰਨ ਵਾਲੇ ਹਨ ਤੇ ਉਨ੍ਹਾਂ ਦਾ ਮਹਾਰਾਸ਼ਟਰ ਦਾ ਰਾਜਪਾਲ ਬਣਨਾ ਤੈਅ ਹੋ ਗਿਆ
ਹੈ। ਇਹ ਐਲਾਨ ਕਿਸੇ ਵੇਲੇ ਵੀ ਹੋ ਸਕਦਾ ਹੈ। ਉਂਜ ਮੀਡੀਆ ਬੈਰਨ
ਤੇ ਅੱਜਕਲ੍ਹ ਹੁਕਮਰਾਨ ਪਾਰਟੀ ਦੇ ਨੇੜੇ ਮੰਨੇ ਜਾਂਦੇ ਇੰਡੀਅਨ ਐਕਸਪ੍ਰੈੱਸ
ਗਰੁੱਪ ਦੇ ਐਗਜ਼ੀਕਿਊਟਿਵ ਡਾਇਰੈਕਟਰ ਆਨੰਦ ਗੋਇਨਕਾ ਨੇ ਤਾਂ
ਇਸ ਸੰਭਾਵਨਾ ਬਾਰੇ 5 ਦਿਨ ਪਹਿਲਾਂ ਹੀ ਟਵੀਟ ਵੀ ਕਰ ਦਿੱਤਾ ਸੀ ਕਿ ਕੈਪਟਨ ਦੀ
ਮਹਾਰਾਸ਼ਟਰ ਦੇ ਗਵਰਨਰ ਭਗਤ ਸਿੰਘ ਕੋਸ਼ਿਆਰੀ ਦੀ ਜਗ੍ਹਾ 'ਤੇ ਨਿਯੁਕਤੀ ਦੀ ਸੰਭਾਵਨਾ
ਹੈ। ਪਤਾ ਲੱਗਾ ਹੈ ਕਿ ਕੈਪਟਨ ਕੁਝ ਛੋਟੇ ਰਾਜਾਂ ਦਾ ਗਵਰਨਰ ਲੱਗਣ ਲਈ ਤਿਆਰ ਨਹੀਂ
ਸਨ ਤੇ ਹੁਣ ਉਹ ਮਹਾਰਾਸ਼ਟਰ ਦਾ ਗਵਰਨਰ ਲੱਗਣ ਲਈ ਹਾਂ ਕਰ ਚੁੱਕੇ ਹਨ। ਇਹ ਵੀ ਪਤਾ
ਲੱਗਾ ਹੈ ਕਿ ਉਨ੍ਹਾਂ ਦੇ ਓ.ਐਸ.ਡੀ. ਵਜੋਂ ਐਮ.ਪੀ. ਸਿੰਘ ਅਤੇ
ਸਾਬਕਾ ਪੱਤਰਕਾਰ ਰਵੀਨ ਠੁਕਰਾਲ ਵੀ ਉਨ੍ਹਾਂ ਦੇ ਨਾਲ ਹੀ ਜਾਣਗੇ, ਜਦੋਂਕਿ ਇਕ ਹੋਰ
ਬਹੁਤ ਵੱਡੇ ਅਧਿਕਾਰੀ ਬਾਰੇ ਵੀ ਚਰਚਾ ਜਾਰੀ ਹੈ।
ਕੈਨੇਡਾ ਦੇ
ਮੰਦਰਾਂ 'ਤੇ ਖਾਲਿਸਤਾਨੀ ਨਾਅਰੇ ਕੈਨੇਡਾ ਦੇ ਮੰਦਰਾਂ ਦੀਆਂ ਕੰਧਾਂ
'ਤੇ ਖਾਲਿਸਤਾਨੀ ਨਾਅਰੇ ਲਿਖਣ ਦੀਆਂ ਕਾਫ਼ੀ ਘਟਨਾਵਾਂ ਚਰਚਾ ਵਿਚ ਹਨ। ਅਸੀਂ ਨਹੀਂ
ਸਮਝਦੇ ਮੰਦਰਾਂ ਦੀਆਂ ਕੰਧਾਂ 'ਤੇ ਇਹ ਨਾਅਰੇ ਲਿਖਣ ਨਾਲ ਸਿੱਖ ਕੌਮ ਦੀਆਂ
ਸਮੱਸਿਆਵਾਂ ਹੱਲ ਹੋਣ ਵਿਚ ਕੋਈ ਸਹਾਇਤਾ ਮਿਲਣੀ ਹੈ। ਅਜਿਹੀਆਂ ਗੱਲਾਂ ਤਾਂ ਸਗੋਂ
ਦੇਸ਼ ਦੇ ਬਾਕੀ ਹਿੱਸਿਆਂ ਵਿਚ ਵਸਦੇ ਸਿੱਖਾਂ ਦੇ ਅਕਸ ਅਤੇ ਉਥੋਂ ਦੇ ਸਮਾਜ ਵਿਚ
ਉਨ੍ਹਾਂ ਦੀ ਸਥਿਤੀ ਖ਼ਰਾਬ ਕਰਨ ਦਾ ਕਾਰਨ ਵੀ ਬਣਦੀਆਂ ਹਨ ਅਤੇ ਉਂਝ ਵੀ ਇਹ ਨਾਅਰੇ
ਮੰਦਰਾਂ 'ਤੇ ਲਿਖਣੇ ਖਾਲਿਸਤਾਨ ਬਣਾਉਣ ਲਈ ਕੋਈ ਮਦਦ ਨਹੀਂ ਕਰਦੇ।
ਅਸੀਂ
ਸਮਝਦੇ ਹਾਂ ਕਿ ਕੈਨੇਡਾ ਦੀ ਸਿੱਖ ਲੀਡਰਸ਼ਿਪ ਨੂੰ ਇਸ ਬਾਰੇ ਗੰਭੀਰ
ਵਿਚਾਰ-ਵਟਾਂਦਰਾ ਕਰਨਾ ਚਾਹੀਦਾ ਹੈ ਕਿ ਸਿੱਖਾਂ ਦੇ ਹੱਕ ਵਿਚ ਕੀ ਹੈ ਅਤੇ ਕੀ ਇਹ
ਆਰ.ਐਸ.ਐਸ. ਦੇ ਹਿੰਦੂ ਰਾਸ਼ਟਰ ਦੇ ਨਿਸ਼ਾਨੇ ਲਈ ਹਿੰਦੂਆਂ ਨੂੰ
ਪ੍ਰਭਾਵਿਤ ਕਰਨ ਲਈ ਤਾਂ ਨਹੀਂ ਲਿਖਵਾਏ ਜਾ ਰਹੇ ਜਾਂ ਇਸ ਪਿੱਛੇ ਕੋਈ ਰਾਸ਼ਟਰੀ ਜਾਂ
ਅੰਤਰਰਾਸ਼ਟਰੀ ਏਜੰਸੀ ਤਾਂ ਨਹੀਂ? ਪਰ ਇਸ ਦੇ ਨਾਲ ਹੀ ਭਾਰਤ ਦੀ ਨਰਿੰਦਰ ਮੋਦੀ
ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਸਿੱਖਾਂ ਵਿਚ ਬੇਗਾਨਗੀ ਦੀ ਭਾਵਨਾ ਪੈਦਾ ਹੋਣ
ਤੋਂ ਰੋਕਣ ਲਈ ਇਮਾਨਦਾਰੀ ਵਿਖਾਏ, ਨਹੀਂ ਤਾਂ ਅਜਿਹੀ ਦੂਹਰੀ ਨੀਤੀ ਦਾ ਕੋਈ ਫਾਇਦਾ
ਨਹੀਂ ਕਿ ਇਕ ਪਾਸੇ ਤਾਂ ਸਿੱਖਾਂ ਨਾਲ ਹਮਦਰਦੀ ਵਿਖਾਉਣ ਵਾਲੇ ਤੇ ਖ਼ੁਸ਼ ਕਰਨ ਵਾਲੇ
ਕੰਮ ਕੀਤੇ ਜਾਣ ਤੇ ਦੂਸਰੇ ਪਾਸੇ ਜਬਰ ਜਨਾਹ ਤੇ ਕਤਲ ਦੇ ਕੇਸਾਂ ਵਿਚ ਸਜ਼ਾਯਾਫ਼ਤਾ
ਤੇ ਸਿੱਖ ਵਿਰੋਧੀ ਸਮਝੇ ਜਾਂਦੇ ਇਕ ਕਥਿਤ ਸਾਧ ਨੂੰ ਆਏ ਦਿਨ ਪੈਰੋਲ 'ਤੇ ਰਿਹਾਅ
ਕੀਤਾ ਜਾਵੇ ਤੇ ਦੂਸਰੇ ਪਾਸੇ ਦਹਾਕਿਆਂ ਤੋਂ ਜੇਲ੍ਹਾਂ ਵਿਚ ਬੰਦ ਤੇ ਸਜ਼ਾ ਪੂਰੀ ਕਰ
ਚੁੱਕੇ ਸਿੱਖ ਬੰਦੀਆਂ ਨੂੰ ਰਿਹਾਅ ਕਰਨ ਤੋਂ ਆਨਾਕਾਨੀ ਕੀਤੀ ਜਾਵੇ। ਕੈਨੇਡੀਅਨ
ਪੰਜਾਬੀਆਂ, ਖ਼ਾਸ ਕਰਕੇ ਸਿੱਖਾਂ ਨੂੰ ਭਾਰਤੀ ਵੀਜ਼ੇ ਦੇਣ ਤੋਂ ਇਨਕਾਰ ਕਰਨ ਦੀਆਂ
ਖ਼ਬਰਾਂ ਵੀ ਚੰਗੀਆਂ ਨਹੀਂ ਹਨ। ਭਾਜਪਾ ਲੀਡਰਸ਼ਿਪ ਨੂੰ ਸਮਝ ਲੈਣਾ ਚਾਹੀਦਾ ਹੈ ਕਿ
ਸਿੱਖਾਂ ਪ੍ਰਤੀ ਸਰਕਾਰ ਦੀ ਦੂਹਰੀ ਨੀਤੀ ਦਾ ਭਾਜਪਾ ਅਤੇ ਦੇਸ਼ ਦੋਵਾਂ ਲਈ ਕੋਈ
ਫਾਇਦਾ ਨਹੀਂ ਹੋਵੇਗਾ। 1044, ਗੁਰੂ ਨਾਨਕ
ਸਟਰੀਟ, ਸਮਰਾਲਾ ਰੋਡ, ਖੰਨਾ ਫੋਨ: 92168-60000 E. mail :
hslall@ymail.com
|