ਸਭੀ
ਥੇ ਏਕਤਾ ਕੇ ਹਕ ਮੇਂ ਲੇਕਿਨ ਸਭੀ ਨੇ ਅਪਨੀ ਅਪਨੀ ਸ਼ਰਤ ਰਖ ਦੀ।
(ਦੀਪਕ ਜੈਨ ਦੀਪ)
ਦੇਸ਼ ਭਰ ਦੀਆਂ
ਵਿਰੋਧੀ ਪਾਰਟੀਆਂ ਦੀ 'ਬੈਂਗਲੁਰੂ' ਵਿਚ ਹੋਈ ਮੀਟਿੰਗ ਤੋਂ ਬਾਅਦ ਬੇਸ਼ੱਕ 'ਭਾਜਪਾ'
ਦੇ ਖ਼ੇਮੇ ਵਿਚ ਘਬਰਾਹਟ ਸਾਫ਼ ਨਜ਼ਰ ਆ ਰਹੀ ਹੈ। ਪਰ ਜੋ ਕੁਝ ਇਸ ਮੀਟਿੰਗ ਵਿਚ ਏਕਤਾ
ਦਿਖਾਉਣ ਤੋਂ ਬਾਅਦ 'ਆਮ ਆਦਮੀ ਪਾਰਟੀ' ਦੇ ਬੁਲਾਰੇ ਅਤੇ ਨੇਤਾ ਕਹਿ ਰਹੇ ਹਨ, ਉਹ
ਸਥਿਤੀ ਨੂੰ ਸਪੱਸ਼ਟ ਕਰਨ ਦੀ ਥਾਂ ਹੋਰ ਭੰਬਲਭੂਸੇ ਵਾਲੀ ਬਣਾ ਰਿਹਾ ਹੈ। ਇਕ ਪਾਸੇ
ਤਾਂ 'ਆਮ ਆਦਮੀ ਪਾਰਟੀ' ਦੇ ਪ੍ਰਮੁੱਖ ਨੇਤਾ ਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਜੋ
ਖ਼ੁਦ ਇਸ ਮੀਟਿੰਗ ਵਿਚ ਸ਼ਾਮਿਲ ਸਨ, ਇਹ ਕਹਿ ਰਹੇ ਹਨ ਕਿ ਜੇਕਰ 2024 ਵਿਚ ਭਾਜਪਾ
ਤੀਸਰੀ ਵਾਰ ਵੀ ਜਿੱਤ ਗਈ ਤਾਂ ਸੰਭਾਵਨਾ ਹੈ ਕਿ ਫਿਰ ਕਦੇ ਚੋਣਾਂ ਹੀ ਨਾ ਹੋਣ ਤੇ
ਭਾਰਤ ਵਿਚ ਵੀ ਚੀਨ ਅਤੇ ਰੂਸ ਵਰਗਾ ਲੋਕਤੰਤਰ ਜਾਂ ਰਾਜਤੰਤਰ ਲਾਗੂ ਹੋ ਜਾਵੇਗਾ। ਪਰ
ਦੂਜੇ ਪਾਸੇ 'ਆਮ ਆਦਮੀ ਪਾਰਟੀ' ਦੇ ਪੰਜਾਬ ਦੇ ਬੁਲਾਰੇ ਟੀ.ਵੀ. 'ਤੇ ਬੈਠ ਕੇ ਸਾਫ਼
ਐਲਾਨ ਕਰ ਰਹੇ ਹਨ ਕਿ 2024 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਅਤੇ 'ਆਪ' ਵਿਚਕਾਰ
ਦਿੱਲੀ, ਪੰਜਾਬ, ਗੁਜਰਾਤ ਤੇ ਗੋਆ ਵਿਚ ਸੀਟਾਂ ਦੀ ਵੰਡ ਨਹੀਂ ਹੋਵੇਗੀ। ਭਾਵ ਉਹ
ਇਨ੍ਹਾਂ ਰਾਜਾਂ ਵਿਚ ਚੋਣ ਆਪਣੇ ਬਲਬੂਤੇ ਹੀ ਲੜਨਗੇ ਅਤੇ ਆਪਸ ਵਿਚ ਮੁਕਾਬਲਾ ਵੀ
ਹੋਵੇਗਾ। ਦੂਜੇ ਪਾਸੇ ਆਮ ਆਦਮੀ ਪਾਰਟੀ ਦਿੱਲੀ 'ਚ ਪ੍ਰਸ਼ਾਸਨਿਕ ਸੇਵਾਵਾਂ ਬਾਰੇ ਜਾਰੀ
ਕੇਂਦਰੀ ਆਰਡੀਨੈਂਸ ਨੂੰ ਕਾਨੂੰਨ ਬਣਨ ਤੋਂ ਰੋਕਣ ਲਈ ਕਾਂਗਰਸ ਦੀ ਮਦਦ ਵੀ
ਭਾਲ ਰਹੀ ਹੈ, ਜੋ ਹੁਣ ਮਿਲਣੀ ਲਗਭਗ ਯਕੀਨੀ ਹੈ।
ਵਿਰੋਧੀ ਧਿਰ ਦੀ ਪਹਿਲੀ
ਮੀਟਿੰਗ ਵਿਚ ਇਹ ਸਾਫ਼ ਕਿਹਾ ਗਿਆ ਸੀ ਕਿ ਵਿਰੋਧੀ ਧਿਰਾਂ ਵਿਚ ਸਹਿਮਤੀ ਬਣ ਗਈ ਹੈ ਕਿ
ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. (ਕੌਮੀ ਜਮਹੂਰੀ ਗੱਠਜੋੜ) ਦੇ
ਉਮੀਦਵਾਰਾਂ ਦੇ ਮੁਕਾਬਲੇ ਵਿਰੋਧੀ ਧਿਰ ਦਾ ਇਕ ਹੀ ਸਾਂਝਾ ਉਮੀਦਵਾਰ ਖੜ੍ਹਾ ਕੀਤਾ
ਜਾਵੇਗਾ। ਪਰ ਹੈਰਾਨੀ ਦੀ ਗੱਲ ਹੈ ਕਿ ਜਿਵੇਂ 'ਆਪ' ਦੇ ਬੁਲਾਰੇ ਸਾਫ਼ ਸਾਫ਼ ਕਹਿ ਰਹੇ
ਹਨ ਕਿ ਅਸੀਂ ਸੀਟਾਂ ਦੀ ਵੰਡ ਨਹੀਂ ਕਰਾਂਗੇ ਤਾਂ ਇਸ ਏਕਤਾ ਦਾ ਮਤਲਬ ਕੀ ਰਹਿ
ਜਾਵੇਗਾ? ਕੁਝ ਇਸ ਤਰ੍ਹਾਂ ਦੀ ਹੀ ਆਵਾਜ਼ ਪੱਛਮੀ ਬੰਗਾਲ ਤੋਂ ਵੀ ਸੁਣਾਈ ਦੇ ਰਹੀ ਹੈ
ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਖੱਬੇ-ਪੱਖੀਆਂ ਨਾਲ ਸੀਟਾਂ ਦੀ
ਵੰਡ ਕਰਨ ਤੋਂ ਕੰਨੀ ਕਤਰਾ ਰਹੀ ਹੈ। ਫਿਰ ਪੰਜਾਬ ਅਤੇ ਦਿੱਲੀ ਦੇ ਕਾਂਗਰਸੀ ਨੇਤਾ ਵੀ
ਭਾਵੇਂ ਇਕ ਪਾਸੇ ਇਹ ਕਹਿ ਰਹੇ ਹਨ ਕਿ ਕੇਂਦਰ ਵਿਚ ਹਾਈਕਮਾਨ ਦਾ ਫ਼ੈਸਲਾ
ਮਨਜ਼ੂਰ ਹੈ ਪਰ ਪੰਜਾਬ ਅਤੇ ਦਿੱਲੀ ਵਿਚ ਅਸੀਂ ਸਥਿਤੀ ਅਨੁਸਾਰ 'ਆਪ' ਦੇ ਵਿਰੋਧ ਵਿਚ
ਖੜ੍ਹੇ ਹਾਂ। ਅਜਿਹੀਆਂ ਸਥਿਤੀਆਂ ਵਿਚ ਤਾਂ ਪਹਿਲੀ ਨਜ਼ਰੇ ਇਹੀ ਜਾਪਦਾ ਹੈ ਕਿ ਵਿਰੋਧੀ
ਧਿਰਾਂ ਦੀ ਏਕਤਾ ਓਨੀ ਸੌਖੀ ਨਹੀਂ ਜਿੰਨੀ ਪ੍ਰਚਾਰੀ ਜਾ ਰਹੀ ਹੈ।
ਪਰਦੇ ਪਿੱਛੇ ਕੁਝ ਹੋਰ ਖੇਡ ਹੈ? ਸਾਡੀ ਜਾਣਕਾਰੀ ਅਨੁਸਾਰ ਅਸਲ ਵਿਚ
ਪਰਦੇ ਪਿੱਛੇ ਕੁਝ ਹੋਰ ਖੇਡ ਖੇਡੀ ਜਾ ਰਹੀ ਹੈ। ਇਹੀ ਕਾਰਨ ਹੈ ਕਿ ਇਨ੍ਹਾਂ ਪਾਰਟੀਆਂ
ਦੇ ਵੱਡੇ ਆਗੂ ਤਾਂ ਏਕਤਾ ਦੇ ਹੱਕ ਵਿਚ ਖੁੱਲ੍ਹ ਕੇ ਬਿਆਨ ਦੇ ਰਹੇ ਹਨ। ਪਰ ਇਨ੍ਹਾਂ
ਦੇ ਹੇਠਲੇ ਪੱਧਰ ਦੇ ਨੇਤਾ ਤੇ ਬੁਲਾਰੇ ਕੁਝ ਹੋਰ ਬੋਲੀ ਬੋਲ ਰਹੇ ਹਨ। ਹਾਲਾਂਕਿ
ਚਰਚਾ ਹੈ ਕਿ ਜੇਕਰ ਵਿਰੋਧੀ ਧਿਰਾਂ ਆਪਣੇ ਵਖਰੇਵਿਆਂ ਦੇ ਚਲਦਿਆਂ ਕੁੱਲ 543 ਸੀਟਾਂ
ਵਿਚੋਂ 400 'ਤੇ ਵੀ ਇਕ ਉਮੀਦਵਾਰ ਦੇ ਮੁਕਾਬਲੇ ਆਪਣਾ ਇਕ ਸਾਂਝਾ ਉਮੀਦਵਾਰ ਖੜ੍ਹਾ
ਕਰਨ ਵਿਚ ਕਾਮਯਾਬ ਰਹੀਆਂ ਤਾਂ ਇਹ ਭਾਜਪਾ ਲਈ ਖ਼ਤਰੇ ਦੀ ਘੰਟੀ ਹੋਵੇਗੀ ਪਰ ਉਨ੍ਹਾਂ
ਦੀ ਕੋਸ਼ਿਸ਼ ਤਾਂ ਸਾਰੀਆਂ ਸੀਟਾਂ 'ਤੇ ਹੀ ਇਕ ਉਮੀਦਵਾਰ ਦੇਣ ਦੀ ਹੋਣੀ ਚਾਹੀਦੀ ਹੈ।
ਸਾਡੇ ਸੂਤਰਾਂ ਅਨੁਸਾਰ ਬੇਸ਼ੱਕ ਕਾਂਗਰਸ ਅਤੇ 'ਆਪ' ਵਿਚ ਸੀਟਾਂ ਦੀ ਵੰਡ ਨਾ
ਕਰਨ ਬਾਰੇ ਹੇਠਲੇ ਪੱਧਰ ਦੇ ਨੇਤਾ ਜ਼ੋਰਦਾਰ ਢੰਗ ਨਾਲ ਬੋਲ ਰਹੇ ਹਨ ਪਰ ਅਸਲ ਵਿਚ
ਦੋਵਾਂ ਪਾਰਟੀਆਂ ਦੀਆਂ ਹਾਈਕਮਾਨਾ ਇਸ ਸੀਟ ਵੰਡ ਲਈ ਗੁਪਤ ਰੂਪ ਵਿਚ
ਸਹਿਮਤ ਹੋ ਚੁੱਕੀਆਂ ਹਨ ਤੇ ਇਸ ਲਈ ਇਹ ਦੋਵੇਂ ਪਾਰਟੀਆਂ ਇਕ ਸਾਂਝੀ ਕਮੇਟੀ ਬਣਾਉਣ
'ਤੇ ਵੀ ਸਹਿਮਤੀ ਬਣਾ ਚੁੱਕੀਆਂ ਹਨ। ਪਰ ਇਸ ਬਾਰੇ ਐਲਾਨ ਪੂਰਾ ਸਮਝੌਤਾ ਸਿਰੇ ਚੜ੍ਹਨ
ਉਪਰੰਤ ਹੀ ਕੀਤਾ ਜਾਵੇਗਾ। ਓਨੀ ਦੇਰ ਦੋਵੇਂ ਪਾਰਟੀਆਂ ਦੇ ਰਾਜ ਪੱਧਰੀ ਨੇਤਾ
ਇਕ-ਦੂਜੇ ਦਾ ਵਿਰੋਧ ਜਾਰੀ ਰੱਖਣਗੇ।
ਜਾਣਕਾਰ ਸੂਤਰਾਂ ਅਨੁਸਾਰ ਆਮ ਆਦਮੀ
ਪਾਰਟੀ ਨੂੰ ਵੀ ਇਹ ਅਹਿਸਾਸ ਹੈ ਕਿ ਉਹ ਇਕੱਲੇ ਤੌਰ 'ਤੇ ਪੰਜਾਬ ਅਤੇ ਦਿੱਲੀ ਦੀਆਂ
ਸਾਰੀਆਂ 20 ਸੀਟਾਂ 'ਤੇ ਜਿੱਤਣ ਦੇ ਸਮਰੱਥ ਨਹੀਂ ਹੈ। ਜਦੋਂ ਕਿ ਗੁਜਰਾਤ, ਗੋਆ,
ਰਾਜਸਥਾਨ ਤੇ ਹਰਿਆਣਾ ਵਿਚ ਇਕੱਲੇ ਤੌਰ 'ਤੇ ਖਾਤਾ ਖੋਲ੍ਹਣਾ ਵੀ ਸੌਖਾ ਨਹੀਂ ਹੈ। ਇਸ
ਲਈ ਦੋਵੇਂ ਧਿਰਾਂ ਇਕ ਸੋਚੀ-ਸਮਝੀ ਰਣਨੀਤੀ ਅਧੀਨ ਹੀ ਰੌਲਾ ਪਾ ਰਹੀਆਂ ਹਨ ਤਾਂ ਜੋ
ਦੂਜੀ ਧਿਰ 'ਤੇ ਵੱਧ ਸੀਟਾਂ ਛੱਡਣ ਦਾ ਦਬਾਅ ਬਣਾਇਆ ਜਾ ਸਕੇ। ਸਾਡੀ ਜਾਣਕਾਰੀ
ਅਨੁਸਾਰ 'ਆਪ' ਦਿੱਲੀ ਅਤੇ ਪੰਜਾਬ ਵਿਚ ਛੱਡੀ ਹਰ ਸੀਟ ਬਦਲੇ ਰਾਜਸਥਾਨ, ਗੁਜਰਾਤ,
ਗੋਆ ਅਤੇ ਹਰਿਆਣਾ ਵਿਚ ਦੁੱਗਣੀਆਂ ਸੀਟਾਂ ਛੱਡਣ ਲਈ ਕਹੇਗੀ। ਜਦੋਂਕਿ ਬੰਗਾਲ ਵਿਚ
ਨਵਾਂ ਵਿਰੋਧੀ ਗੱਠਜੋੜ ਸੀਟਾਂ ਦੀ ਵੰਡ ਤੋਂ ਬਿਨਾਂ ਵੀ ਲੜ ਸਕਦਾ ਹੈ ਪਰ ਸਮਝਿਆ
ਜਾਂਦਾ ਹੈ ਕਿ ਮਮਤਾ ਬੈਨਰਜੀ ਦੀ ਤ੍ਰਿਣਾਮੂਲ ਕਾਂਗਰਸ ਕੌਮੀ ਪੱਧਰ 'ਤੇ ਆਪਣੀ ਸਥਿਤੀ
ਮਜ਼ਬੂਤ ਕਰਨ ਲਈ ਅਖੀਰ 'ਤੇ 42 ਵਿਚੋਂ 30 ਸੀਟਾਂ ਰੱਖ ਕੇ 12 ਸੀਟਾਂ ਛੱਡਣ ਲਈ
ਸਹਿਮਤ ਹੋ ਸਕਦੀ ਹੈ। ਚਰਚਾ ਹੈ ਕਿ ਅਜਿਹਾ ਤਦ ਹੀ ਹੋਵੇਗਾ ਜੇਕਰ ਵਿਰੋਧੀ ਦਲਾਂ ਦੇ
ਨਵੇਂ ਬਣੇ ਗੱਠਜੋੜ 'ਇੰਡੀਆ' ਦਾ ਸੀਟ ਵੰਡ ਸਮਝੌਤਾ 'ਆਪ' ਨਾਲ ਹੋਵੇਗਾ।
ਅਸਲ ਵਿਚ ਮਮਤਾ ਬੈਨਰਜੀ ਤੇ 'ਆਪ' ਮੁਖੀ ਅਰਵਿੰਦ ਕੇਜਰੀਵਾਲ ਦੀ ਆਪਸ ਵਿਚ ਸਹਿਮਤੀ
ਦੱਸੀ ਜਾਂਦੀ ਹੈ। ਇਸ ਦੌਰਾਨ ਉੱਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਨਾਲ ਸੀਟਾਂ ਦੀ
ਵੰਡ ਵਿਚ ਹੁਣ ਕੋਈ ਵੱਡੀ ਅੜਚਨ ਆਉਣ ਦੇ ਆਸਾਰ ਘੱਟ ਹੀ ਹਨ। ਕਿਉਂਕਿ 'ਬਸਪਾ' ਮੁਖੀ
ਕੁਮਾਰੀ ਮਾਇਆਵਤੀ ਨੇ ਇਕੱਲਿਆਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਇਸ ਨਾਲ 'ਸਪਾ'
ਜਿੰਨੀਆਂ ਘੱਟੋ-ਘੱਟ ਸੀਟਾਂ 'ਤੇ ਲੜਨਾ ਚਾਹੁੰਦੀ ਹੈ, ਉਸ ਲਈ ਰੱਖਣੀਆਂ ਔਖੀਆਂ ਨਹੀਂ
ਹੋਣਗੀਆਂ।
ਕੋਈ ਅੱਛਾ ਨਜ਼ਰ ਆ ਜਾਏ ਤੋ ਕੁਛ ਬਾਤ ਭੀ ਹੈ, ਯੂੰ ਤੋ
ਪਰਦੇ ਮੇਂ ਸਭੀ ਪਰਦਾ ਨਸ਼ੀਂ ਅੱਛੇ ਹੈਂ।
(ਮੁਜ਼ਤਰ ਖ਼ੈਰਾਬਾਦੀ)
ਕਈ
ਪ੍ਰਮੁੱਖ ਪਾਰਟੀਆਂ ਅਜੇ ਦੋਵਾਂ ਧਿਰਾਂ ਤੋਂ ਦੂਰ ਭਾਵੇਂ ਵਿਰੋਧੀ
ਧਿਰਾਂ ਵਲੋਂ 'ਇੰਡੀਆ' ਨਾਂਅ ਦਾ ਗੱਠਜੋੜ ਬਣਾ ਕੇ ਭਾਜਪਾ ਦੀ ਅਗਵਾਈ ਵਾਲੇ ਕੌਮੀ
ਜਮਹੂਰੀ ਗੱਠਜੋੜ ਨੂੰ ਸਿੱਧੀ ਟੱਕਰ ਦੇਣ ਅਤੇ ਤੀਸਰੇ ਗੱਠਜੋੜ ਦੀ ਸੰਭਾਵਨਾ ਨੂੰ
ਕਾਫ਼ੀ ਘੱਟ ਕਰ ਦਿੱਤਾ ਗਿਆ ਹੈ ਪਰ ਅਜੇ ਵੀ ਕਰੀਬ 10-11 ਪ੍ਰਮੁੱਖ ਪਾਰਟੀਆਂ
ਅਜਿਹੀਆਂ ਹਨ, ਜਿਹੜੀਆਂ ਦੋਵਾਂ ਧਿਰਾਂ ਤੋਂ ਦੂਰ ਹਨ। 'ਬਸਪਾ' ਮੁਖੀ ਨੇ ਤਾਂ
ਇਕੱਲਿਆਂ ਚੋਣ ਲੜਨ ਦਾ ਐਲਾਨ ਹੀ ਕਰ ਦਿੱਤਾ ਹੈ। ਪਰ ਵਾਈ.ਐਸ.ਆਰ.
ਕਾਂਗਰਸ, ਬੀ.ਆਰ.ਐਸ., ਬੀ.ਜੇ.ਡੀ. ਇਹ ਤਿੰਨੇ ਪਾਰਟੀਆਂ
ਕ੍ਰਮਵਾਰ ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਓਡੀਸ਼ਾ ਵਿਚ ਹੁਕਮਰਾਨ ਪਾਰਟੀਆਂ ਹਨ, ਤੋਂ
ਇਲਾਵਾ ਟੀ.ਡੀ.ਪੀ., ਅਕਾਲੀ ਦਲ, ਏ.ਆਈ.ਐਮ.ਆਈ.ਐਮ.,
ਯੂਨਾਈਟਿਡ ਡੈਮੋਕ੍ਰੇਟਿਕ ਫਰੰਟ, ਜਨਤਾ ਦਲ (ਸੈਕੂਲਰ) ਅਤੇ
ਨੈਸ਼ਨਲ ਡੈਮੋਕ੍ਰੇਟਿਕ ਪਾਰਟੀ ਅਜੇ ਤੱਕ ਕਿਸੇ ਧਿਰ ਨਾਲ ਨਹੀਂ ਗਏ। ਹਾਲਾਂਕਿ
ਦੋਵੇਂ ਧਿਰਾਂ ਇਨ੍ਹਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰਨਗੀਆਂ। ਫਿਰ ਵੀ ਜਨਤਾ
ਦਲ (ਸੈਕੂਲਰ), ਵਾਈ.ਐਸ.ਆਰ. ਕਾਂਗਰਸ ਅਤੇ ਅਕਾਲੀ ਦਲ ਦੇ ਭਾਜਪਾ ਵੱਲ ਜਾਣ ਦੇ
ਜ਼ਿਆਦਾ ਆਸਾਰ ਹਨ ਪਰ ਬੀ.ਜੇ.ਡੀ. ਜਿਸ ਦਾ ਝੁਕਾਅ ਪਹਿਲਾਂ ਭਾਜਪਾ ਵੱਲ ਹੁੰਦਾ ਸੀ
ਅਤੇ ਬੀ.ਆਰ.ਐਸ. ਵਿਰੋਧੀ ਗੱਠਜੋੜ 'ਇੰਡੀਆ' ਵੱਲ ਨਰਮ ਰਵੱਈਆ ਅਪਣਾ ਸਕਦੇ ਹਨ।
1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਮੋਬਾਈਲ : 92168-60000
hslall@ymail.com
|