ਵਾਹ ਨੀ ਕੁਦਰਤੇ!! ...ਤੇ ਵਾਹ ਤੇਰੇ ਇਨਸਾਨ ਦੀ ਫਿ਼ਤਰਤ !! ਅਨਪੜ੍ਹ
ਸੀਬੋ ਨੂੰ ਪੜ੍ਹੇ-ਲਿਖੇ ਸਮਾਜ ਦੇ ਦਾਇਰੇ ਅਤੇ ਬੰਦਿਸ਼ਾਂ ਬਹੁਤ ਚੰਗੀ ਤਰ੍ਹਾਂ
ਸਮਝ ਆ ਗਈਆਂ ਸਨ। ਮੂੰਹ ਤੋਂ ਕੁਝ ਬੋਲ ਨਹੀਂ ਸੀ ਨਿਕਲ ਰਹੇ, ਜਾਂ ਹੁਣ ਉਹ
ਬੋਲਣਾਂ ਹੀ ਨਹੀਂ ਸੀ ਚਾਹੁੰਦੀ। ਇੱਕ ਮਿੱਠੀ ਜਹੀ ਆਵਾਜ਼ ਬਾਹਰ ਗਾਉਂਦੇ ਇੱਕ
ਮਸਤਾਨੇ ਜੋਗੀ ਦੀ ਸੀਬੋ ਦੇ ਕੰਨਾਂ ਵਿੱਚ ਸੀਤ ਹਵਾ ਬਣ ਘੁਲ ਰਹੀ ਸੀ....।
“ਖਿਡਾਉਣੇ ਲੈ-ਲੋ, ਖਿਡਾਉਣੇ ... ਰੰਗ-ਬਿਰੰਗੇ... ਖਿਡਾਉਣੇ... ਹਾਥੀ,
ਘੋੜਾ, ਜਹਾਜ ਅਤੇ ਮੁਰਗਾ... ਸੋਹਣੇ ਗੁਲਦਸਤੇ ਅਤੇ ਲੜੀਆਂ...!” ਇੱਕ ਸਾਹ ਵਿੱਚ
ਸਾਰੇ ਹੀ ਖਿਡਾਉਣੇ ਗਿਣਾੳਂੁਦੀ ਹੋਈ, ਉੱਚੀ-ਉੱਚੀ ਹਾਕਾਂ ਲਾਉਂਦੀ ਸੀਬੋ ਆਪਣੇ
ਪੇਟ ਪਾਲਣ ਦਾ ਚਾਰਾ ਕਰ ਰਹੀ ਸੀ।
ਸੀਬੋ ਆਪਣੇ ਹੱਥੀਂ ਗੰਢੀਆਂ ਚੱਪਲਾਂ
ਨੂੰ ਪੈਰੀ ਪਾ ਕੇ ਨਗਰ ਦੀਆਂ ਸੜਕਾਂ ਨੂੰ ਹਰ ਰੋਜ਼ ਨਾਪਦੀ ਸੀ। ਪੂਰੇ ਨਗਰ ਵਿੱਚ
ਇੱਕ ਦੁਕਾਨ ਇਵੇਂ ਦੀ ਸੀ, ਜਿਥੇ ਦੋ ਬੇਗਾਨੀਆਂ ਅੱਖਾਂ ਸੀਬੋ ਦੀ ਮੋਹਣੀ ਮੂਰਤ,
ਲੱਕ ਤੋਂ ਥੱਲੇ ਲਮਕਦੇ ਲੰਮੇ ਘਣੇ ਵਾਲ ਅਤੇ ਜਵਾਨ ਗੁੰਦਮੇ ਸ਼ਰੀਰ ਨੂੰ ਬੜੀ ਰੀਝ
ਨਾਲ ਤੱਕਦੀਆਂ ਸਨ। ਪਰ ਕਦੇ ਦੋ ਬੋਲ ਸਾਂਝੇ ਕਰਨ ਦਾ ਹੌਂਸਲਾਂ ਨਾ ਕਰ ਸਕਿਆ।
“ਬਾਬੂ ਜੀ... ਅੱਜ ਕੁਝ ਖਿਡਾਉਣੇ ਲੈ ਲਵੋ...?” ਇੱਕ ਦਿਨ ਸੀਬੋ ਅਚਾਨਕ
ਦਵਾਈ ਵੇਚਣ ਵਾਲੀ ਦੁਕਾਨ ਅੱਗੇ ਰੁਕੀ ਅਤੇ ਆਪਣੇ ਖਿਡਾਉਣੇ ਖਰੀਦ ਲੈਣ ਦੀ ਬੇਨਤੀ
ਕਰਨ ਲੱਗੀ। ਉਸ ਦੀਆਂ ਕਾਲੀਆਂ ਘਣੀ ਪਲਕਾਂ ਵਾਲੀਆਂ, ਮੋਟੀਆਂ-ਮੋਟੀਆਂ ਅੱਖਾਂ
ਦੁਕਾਨ ਵਾਲੇ ਰਾਮ ਗੋਪਾਲ ਨਾਲ ਚਾਰ ਹੋਈਆਂ। ਨੀਲੇ ਰੰਗ ਦੀ ਸਲਵਾਰ, ਲਾਲ ਕੁੜਤੀ,
ਜੋ ਪਸੀਨੇ ਨਾਲ ਭਿੱਜ ਕੇ ਤਨ ਨਾਲ ਚਿਪਕੀ ਹੋਈ ਸੀ ਅਤੇ ਬੂਟੀਆਂ ਵਾਲੀ ਚੁੰਨੀ ਨੇ
ਉਸ ਦੇ ਜੋਬਨ ਨੂੰ ਬਹੁਤ ਸਹਿਜਤਾ ਨਾਲ ਕੱਜਿਆ ਹੋਇਆ ਸੀ, ਪੈਰਾਂ ਵਿੱਚ
ਰੰਗ-ਬਿਰੰਗੀਆਂ ਚੱਪਲਾਂ... ਅੱਧੀ ਖੁੱਲ੍ਹੀ ਗੁੱਤ ਦੀਆਂ ਲੱਟਾਂ ਗਰਦਨ ਦੇ
ਆਲੇ-ਦੁਆਲੇ ਸੱਪ ਵਾਂਗ ਲਿਪਟੀਆਂ ਹੋਈਆਂ ਜਿਵੇਂ ਸੀਬੋ ਦੇ ਹੁਸਨ ਦੀ ਰਾਖੀ ਕਰ
ਰਹੀਆਂ ਸਨ।
“ਜਰੂਰ ਲੈ ਲਵਾਂਗੇ ਮੁੰਦਰੀਏ...!” ਦੁਕਾਨ ਵਾਲੇ ਰਾਮ ਗੋਪਾਲ
ਨੇ ਬੜੀ ਲਿਆਕਤ ਨਾਲ ਕਿਹਾ।
“ਬਾਬੂ ਜੀ, ਮੈਂ ਮੁੰਦਰੀ ਨਹੀਂ, ਮੇਰਾ ਨਾਮ
ਸੀਬੋ ਹੈ...!” ਸੀਬੋ ਜਿਸ ਨੂੰ ਆਪਣੀ ਪਛਾਣ ਲਈ ਸਿਰਫ਼ ਅਤੇ ਸਿਰਫ਼ ਆਪਣਾ ਨਾਮ ਹੀ
ਪਤਾ ਸੀ। ਮਾਂ ਬਾਪ ਛੋਟੀ ਉਮਰੇ ਹੀ ਪੂਰੇ ਹੋ ਗਏ ਸਨ। ਇੱਕ ਅਪੰਗ ਗੁਆਂਢੀ ਮਾਮੂੰ
ਨੇ ਇਸ ਨੰਨ੍ਹੀ ਜਹੀ ਅਨਾਥ ਜਿੰਦ ਨੂੰ ਪਾਲਿਆ-ਪੋਸਿਆ ਸੀ। ਥੋੜਾ ਹੋਸ਼ ਸਭਾਲਿਆ
ਤਾਂ ਮਾਮੂੰ ਦੇ ਬਣਾਏ ਖਿਡਾਉਣੇ ਟੋਕਰੀ ਵਿੱਚ ਰੱਖ, "ਖਿਡਾਉਣਿਆਂ ਵਾਲੀ" ਬਣ
ਗਈ...। ਬੱਸ ਇਤਨੀ ਕੁ ਹੀ ਪਹਿਚਾਣ ਸੀ ਸੀਬੋ ਦੀ। ਨਾ ਸਮਾਜ, ਨਾ ਧਰਮ, ਨਾ ਜ਼ਾਤ
ਸੀਬੋ ਲਈ...! ਸੀਬੋ ਦੇ ਖਿਡਾਉਣੇ ਅਤੇ ਪੇਟ ਦੀ ਭੱੁਖ ਲਈ ਦੋ ਰੋਟੀਆਂ ਹੀ ਜੀਵਣ
ਦਾ ਮਨੋਰਥ ਸੀ।
“ਬੜਾ ਪਿਆਰਾ ਨਾਮ ਹੈ, ਸੀਬੋ...!!” ਰਾਮ ਗੋਪਾਲ ਨੇ
ਨਿੰਮ੍ਹਾਂ ਜਿਹਾ ਮੁਸਕੁਰਾ ਕੇ ਕਿਹਾ। ਸੀਬੋ ਦੀ ਸੀਤਲ ਜਹੀ ਆਵਾਜ਼ ਦੇ ਪਹਿਲੇ ਹੀ
ਬੋਲ ਨੇ ਰਾਮ ਗੋਪਾਲ ਨੂੰ ਠਾਰ ਦਿੱਤਾ। ਜਿਵੇਂ ਇਸ ਤਪਦੀ ਧੁੱਪ ਵਿੱਚ ਕਿਸੇ ਨੇ
ਠੰਡਾ ਸੀਤ ਪਾਣੀ ਛਿੜਕ ਦਿੱਤਾ ਹੋਵੇ। ਰੋਜ਼ ਰਾਮ ਗੋਪਾਲ ਦੀਆਂ ਅੱਖਾਂ ਸੀਬੋ ਨੂੰ
ਤੱਕਦੀਆਂ ਸੀ ਅਤੇ ਬਹੁਤ ਸਾਰੇ ਸਵਾਲ-ਜਵਾਬ ਕਰ ਕੇ ਆਪ ਹੀ ਕਈ ਦਲ਼ੀਲਾਂ ਦੇ ਕੇ ਮਨ
ਨੂੰ ਖਾਮੋਸ਼ ਕਰ ਦਿੰਦੀਆਂ ਸਨ। ਆਪਣੇ ਮਾਪੇ ਖੋਣ ਤੋਂ ਬਾਅਦ ਰਾਮ ਗੋਪਾਲ ਆਪਣੀ
ਜਿ਼ੰਦਗੀ ਵਿੱਚ ਬਹੁਤ ਉਦਾਸ ਅਤੇ ਇਕੱਲਾ ਮਹਿਸੂਸ ਕਰਦਾ ਸੀ। ਆਹ ਵੀ ਇੱਕ ਕਾਰਨ
ਰਿਹਾ ਹੋਣਾਂ ਕਿ ਰਾਮ ਗੋਪਾਲ ਜਦ ਵੀ ਸੀਬੋ ਨੂੰ ਸੜਕ ‘ਤੇ ਹੋਕਾ ਦਿੰਦੀ ਨੂੰ
ਵੇਖਦਾ, ਤਾਂ ਇੱਕ ਖਿੱਚ ਜਹੀ ਮਹਿਸੂਰ ਕਰਦਾ। ਬੱਸ ਸੀਬੋ ‘ਤੇ ਜਿਵੇਂ ਦਿਲ ਹੀ ਆ
ਗਿਆ ਸੀ, ਨਜ਼ਰਾਂ ਹਰ ਰੋਜ਼ ‘ਖਿਡਾਉਣੇ ਵਾਲੀ’ ਦਾ ਇੰਤਜ਼ਾਰ ਕਰਦੀਆਂ। ...ਪਰ ਅੱਜ
ਕੁਦਰਤ ਕਿਤੇ ਰਾਮ ਗੋਪਾਲ ‘ਤੇ ਮੇਹਰਬਾਨ ਸੀ ਕਿ ਸੀਬੋ ਉਸ ਦੀ ਦਹਿਲੀਜ਼ ‘ਤੇ
ਖਿਡਾਉਣੇ ਵੇਚਣ ਆ ਗਈ।
“ਬਾਬੂ ਜੀ... ਜਲਦੀ ਕੋਈ ਖਿਡੋਣਾ ਲੇ ਲਵੋ, ਬੜੇ
ਜੋਰ ਦੀ ਭੁੱਖ ਲੱਗੀ ਹੈ...!” ਸੱੁਕੇ ਹੋਏ ਬੁੱਲ੍ਹਾਂ ਵਿੱਚੋਂ ਮਿੱਠੀ ਜਹੀ ਅਵਾਜ਼
ਨਾਲ ਸੀਬੋ ਨੇ ਰਾਮ ਗੋਪਾਲ ਨੂੰ ਜਿਵੇਂ ਤਰਲਾ ਪਾਇਆ।
“...ਖਿਡਾਉਣੇ? ਕਿਸ
ਦੇ ਲਈ ਲਵਾਂ? ਮੇਰੇ ਘਰ ਤਾਂ ਕੋਈ ਬੱਚਾ ਹੈ ਨਹੀਂ। ਪਰ ਅੱਜ ਕੋਈ ਕਾਰਨ ਤਾਂ
ਜ਼ਰੂਰ ਹੈ ਕਿ ਤੂੰ ਮੇਰੀ ਦੁਕਾਨ ‘ਤੇ ਆਈ ਹੈਂ!... ਮੈਂ ਖਿਲੌਣੇ ਇੱਕ ਸ਼ਰਤ ‘ਤੇ
ਲਵਾਗਾਂ ਜੇ ਪਹਿਲੇ ਤੂੰ ਆਹ ਖਾਣਾਂ ਖਾਏਂਗੀ...!" ਰਾਮ ਗੋਪਾਲ ਨੇ ਆਪਣੇ ਲਈ
ਲਿਆਂਦੇ ਹੋਏ ਖਾਣੇ ਦਾ ਟਿਫਿਨ ਸੀਬੋ ਦੇ ਅੱਗੇ ਕਰ ਦਿੱਤਾ। ਤੇਜ ਭੁੱਖ ਨਾਲ ਬੇਹਾਲ
ਹੋਈ ਸੀਬੋ ਨੇ ਛੇਤੀ ਨਾਲ ਰੋਟੀ ਵਾਲਾ ਡੱਬਾ ਫੜ ਲਿਆ ਅਤੇ ਫ਼ਰਸ਼ ‘ਤੇ ਬੈਠ
ਦਬੋ-ਦਬ ਖਾਣ ਲੱਗ ਪਈ। ਪਾਣੀ ਪੀ ਕੇ ਡੱਬਾ ਰਾਮ ਗੋਪਾਲ ਨੂੰ ਫੜਾਉਂਦੇ ਹੋਏ ਬੋਲੀ,
“ਬਾਬੂ ਜੀ, ਬੜੀ ਮੇਹਰਬਾਨੀ! ਹੁਣ ਤੁਸੀਂ ਦੱਸੋ ਕਿ ਕੇਹੜਾ ਖਿਡੌਣਾ ਦੇਵਾਂ?”
“ਖਿਡੌਣਾ ਮੇਰੇ ਕਿਸ ਕੰਮ ਦਾ? ਮੇਰੇ ਘਰ ਤਾਂ ਕੋਈ ਖੇਡਣ ਵਾਲਾ ਹੀ
ਨਹੀਂ...!!” ਰਾਮ ਗੋਪਾਲ ਨੇ ਗਹਿਰਾ ਜਿਹਾ ਸਾਹ ਲਿਆ। “ਫ਼ੇਰ, ਮਤਲਬ ਕਿ
ਤੁਸਾਂ ਮੇਰੇ ਤੋਂ ਖਿਡੌਣਾ ਨਹੀਂ ਲੈਣਾਂ?” ਸੀਬੋ ਦੇ ਚਿਹਰੇ ‘ਤੇ ਉਦਾਸੀ ਘਿਰ ਗਈ। “ਇੱਕ
ਗੱਲ ਪੁੱਛਾਂ?” “ਪੁੱਛੋ ਬਾਬੂ ਜੀ...??” ਆਪਣੀ ਰੋਟੀ ਖੁਆਣ ਕਰ ਕੇ
ਸੀਬੋ ਨੂੰ ਰਾਮ ਗੋਪਾਲ ਭਲਾ ਆਦਮੀ ਲੱਗਿਆ। “ਚੱਲ ਦੱਸ, ਤੇਰੇ ਘਰ
ਕੌਣ-ਕੌਣ ਹੈ...?” “ਬਾਬੂ ਜੀ, ਮੈਂ ਤਾਂ ਅਨਾਥ ਹਾਂ...!” ਸੀਬੋ ਦੀ
ਮੋਟੀ-ਮੋਟੀ ਅੱਖਾਂ ਵਿੱਚ ਲਾਲ ਡੋਰੇ ਉੱਭਰ ਆਏ। “...ਕੀ...ਫੇਰ...?”
ਸ਼ਬਦ ਰਾਮ ਗੋਪਾਲ ਦਾ ਸਾਥ ਨਹੀਂ ਸੀ ਦੇ ਰਹੇ। “....!” ਅੱਖਾਂ ਵਿੱਚ
ਰੁਕਿਆ ਪਾਣੀ ਹੁਣ ਤੱਕ ਸੀਬੋ ਦੀਆਂ ਗੱਲਾਂ ‘ਤੇ ਆ ਕੇ ਉਸ ਦੀ ਪੀੜਾ ਨੂੰ ਦਰਸਾ
ਰਿਹਾ ਸੀ। “...ਹੇ ਭਗਵਾਨ...! ਲੋਕਾਂ ਨੂੰ ਖਿਡਾਉਣਿਆਂ ਦੇ ਰੂਪ ਵਿੱਚ
ਖੁਸ਼ੀਆਂ ਵੇਚਦੀ ਹੈ, ਤੇ ਆਪਣੀ ਜ਼ਿੰਦਗੀ ਵਿੱਚ ਐਨੀ ਉਦਾਸ...?” ਰਾਮ ਗੋਪਾਲ ਆਪਣੇ
ਬੁੱਲ੍ਹਾਂ 'ਚ ਹੀ ਬੋਲਿਆ।
“ਤੁਸਾਂ ਕੋਈ ਘਰ ਸਜਾਉਣ ਵਾਲਾ ਗੁਲਦਸਤਾ ਹੀ
ਲੈ ਲਵੋ ਬਾਬੂ ਜੀ...?” ਆਪਣੀਆਂ ਅੱਖਾਂ ਨੁੰ ਚੁੰਨੀ ਨਾਲ ਸਾਫ਼ ਕਰ, ਸੀਬੋ ਇੱਕ
ਵਾਰ ਫੇਰ ਆਪਣੇ ਹੱਥਾਂ ਵਿੱਚ ਕੁਝ ਖਿਡਾਉਣੇ ਲੈ ਕੇ ਜਿਵੇਂ ਮਿੰਨਤ ਕਰ ਰਹੀ ਸੀ।
ਪੇਟ ਭਰਨ ਤੋਂ ਇਲਾਵਾ ਕੁਝ ਪੈਸੇ ਵੀ ਵੱਟਣੇ ਜਰੂਰੀ ਸੀ।
“ਸੀਬੋ, ਇੱਕ ਗਲ
ਕਹਾਂ, ਬੁਰਾ ‘ਤੇ ਨਹੀਂ ਮੰਨੇਗੀ...?” “ਨਹੀਂ ਬਾਬੂ ਜੀ...!” “ਜੇਕਰ
ਤੇਰੇ ਸਾਰੇ ਖਿਡਾਉਣੇ ਹੁਣੇ ਹੀ ਵਿਕ ਜਾਣ, ਤੈਨੂੰ ਰੋਜ਼ ਸੜਕਾਂ ‘ਤੇ ਵੀ ਨਾ
ਘੁੰਮਣਾ ਪਵੇ, ਦੋਵੇ ਟਾਈਮ ਭਰ ਪੇਟ ਰੋਟੀ ਵੀ ਮਿਲੇ, ਤਾਂ ਕਿਵੇਂ ਰਹੇਗਾ?” ਰਾਮ
ਗੋਪਾਲ ਨੇ ਗੁੰਝਲਦਾਰ ਜਹੀ ਗੱਲ ਕੀਤੀ। “....ਕਿਵੇਂ ਬਾਬੂ ਜੀ!” ਪਹਿਲੀ ਵਾਰ
ਦੋ ਸਮੇਂ, ਭਰ ਪੇਟ ਰੋਟੀ ਦੇ ਮਸਲੇ ਦੀ ‘ਡੀਲ’ ਕਿਸੇ ਨੇ ਅਚਨਚੇਤ ਹੀ ਰੱਖ ਦਿੱਤੀ
ਤਾਂ ਸੀਬੋ ਨੂੰ ਜਿ਼ੰਦਗੀ ਦੀ ਸਾਰੀ ਸਮੱਸਿਆ ਹੀ ਹੱਲ ਹੋ ਗਈ ਲੱਗੀ ਸੀ। “ਤੇਰੀ
ਕਹਾਣੀ ਅਤੇ ਮੇਰੀ ਕਹਾਣੀ ਇੱਕੋ ਜਹੀ ਹੀ ਹੈ! ਮੈਂ ਵੀ ਅਨਾਥ ਹਾਂ...!” “ਹਾਏ
ਰੱਬਾ!!” ਸੀਬੋ ਦੇ ਮਨ ਤੋਂ ਜਿਵੇਂ ਚੀਸ ਜਹੀ ਨਿੱਕਲੀ। “ਤੈਨੂੰ ਮੈਂ ਬਹੁਤ
ਵਾਰ ਇੱਥੋਂ ਲੰਘਦਿਆਂ ਤੱਕਦਾ ਸਾਂ, ਮੈਨੂੰ ਐਨਾ ਤਾਂ ਅਹਿਸਾਸ ਸੀ ਕਿ ਤੂੰ
ਹਾਲਾਤਾਂ ਦੀ ਮਾਰੀ ਹੋਈ ਹੈਂ, ਪਰ ਅੱਜ ਤੇਰਾ ਦਰਦ ਹੋਰ ਵੀ ਡੂੰਘਾ ਜਾਪਿਆ...!”
“..........!” ਸੀਬੋ ਨਿਰੁੱਤਰ ਸੀ। ਅੱਜ ਤੱਕ ਕਿਸੇ ਨੇ ਇਤਨੇ ਪਿਆਰ ਨਾਲ
ਅਤੇ ਇਤਨੀ ਪ੍ਰਵਾਹ ਨਾਲ ਉਸ ਨਾਲ ਗੱਲ ਨਹੀਂ ਕੀਤੀ ਸੀ। “ਸੀਬੋ, ਜੇ ਤੇਰਾ ਮਨ
ਮੰਨੇ ਤਾਂ ਮੈਂ ਤੇਰੇ ਨਾਲ ਆਪਣਾ ਘਰ ਵਸਾਉਣਾਂ ਚਾਹੁੰਨਾ...!”
“..........?” ਸੀਬੋ ਦੇ ਮੱਥੇ ‘ਤੇ ਸਵਾਲੀਆ ਤਰੇੜਾਂ ਪੈ ਗਈਆਂ ਕਿ ਇਤਨਾ ਵੱਡਾ
ਪ੍ਰਸਤਾਵ ਇਤਨੀ ਸਹਜਤਾ ਨਾਲ ਕਿਵੇਂ ਰੱਖ ਦਿੱਤਾ? ਸੀਬੋ ਨੇ ਪਹਿਲੀ ਵਾਰੀ ਰਾਮ
ਗੋਪਾਲ ਨੂੰ ਵੇਖਿਆ ਸੀ, ਪਰ ਰਾਮ ਗੋਪਾਲ ਤਾਂ ਉਸ ਨੂੰ ਰੋਜ਼ ਹੀ ਵੇਖਦਾ ਸੀ,
ਜਿਵੇਂ ਇੱਕ ਤਰਫ਼ਾ ਪਿਆਰ ਪੁੰਗਰ ਰਿਹਾ ਹੋਵੇ।
“ਤੂੰ ਹੁਣ ਘਰ ਜਾ, ਕੁਝ
ਦਿਨ ਸੋਚ ਕੇ ਜਵਾਬ ਦੇ ਦੇਣਾਂ!” ਕੁਝ ਦੇਰ ਸ਼ਾਂਤ ਰਹਿਣ ਤੋਂ ਬਾਅਦ ਰਾਮ ਗੋਪਾਲ
ਨੇ ਕਿਹਾ। “..........!” ਸੀਬੋ ਨੇ ਖਾਮੋਸ਼ੀ ਨਾਲ ਆਪਣੇ ਖਿਡਾਉਣੇ ਵਾਲੀ
ਟੋਕਰੀ ਚੱੁਕੀ, ਦੋ ਕਦਮ ਅੱਗੇ ਤੁਰੀ ਅਤੇ ਦੁਕਾਨ ਦੇ ਬੁਹੇ ਤੱਕ ਜਾ ਕੇ ਇੱਕ ਵਾਰ
ਫ਼ੇਰ ਆਪਣੀ ਗਰਦਨ ਘੁਮਾ ਕੇ ਰਾਮ ਗੋਪਾਲ ਵੱਲ ਬੜੀ ਹਸਰਤ ਨਾਲ ਤੱਕਿਆ। ਦੋਹਾਂ
ਦੀਆਂ ਨਜ਼ਰਾਂ ਇੱਕ ਹੋਈਆਂ। ਸੀਬੋ ਦੀਆਂ ਅੱਖਾਂ ਵਿੱਚ ਖਾਮੋਸ਼ ਸਹਿਮਤੀ ਸੀ ਪਰ ਘਰ
ਮਾਮੂੰ ਵੀ ਸੀ, ਜਿਸ ਦੀ ਆਗਿਆ ਵੀ ਜ਼ਰੂਰੀ ਸੀ।
“ਮੈਨੂੰ ਬੜੀ ਬੇਤਾਬੀ
ਨਾਲ ਇੰਤਜ਼ਾਰ ਰਹੇਗਾ...!!” ਰਾਮ ਗੋਪਾਲ ਨੇ ਜਿਵੇਂ ਆਖਰੀ ਤਰਲਾ ਮਾਰਿਆ। ਦੋ
ਦਿਨ ਤੱਕ ਸੀਬੋ ਉਸ ਮੁਹੱਲੇ ਵਿੱਚ ਨਹੀਂ ਆਈ। ਰਾਮ ਗੋਪਾਲ ਕੁਝ ਉਦਾਸ ਜਿਹਾ ਹੋ
ਗਿਆ। ਤੀਸਰੇ ਦਿਨ ਜਿਵੇਂ ਸੀਬੋ ਰਾਮ ਗੋਪਾਲ ਦੀ ਦੁਕਾਨ ‘ਤੇ ਪ੍ਰਗਟ ਹੋ ਗਈ। ਅੱਜ
ਉਸ ਦੇ ਕੋਲ ਖਿਡਾਉਣਿਆਂ ਦੀ ਟੋਕਰੀ ਵੀ ਨਹੀਂ ਸੀ। ਉਸ ਨੇ ਹੱਥ ਜੋੜ ਨਮਸ਼ਕਾਰ
ਕੀਤੀ।
“ਬਾਬੂ ਜੀ, ਮੇਰਾ ਘਰ ਪੁਰਾਣੇ ਨਾਲੇ ਕੋਲ ਹਰੇ ਰੰਗ ਦੇ ਦਰਵਾਜੇ ਵਾਲਾ ਹੈ। ਬਾਹਰ
ਹੀ ਬਹੁਤ ਸਾਰੇ ਖਿਡਾਉਣੇ ਰੱਖੇ ਹੁੰਦੇ ਹਨ, ਮੈਨੂੰ ਅਨਾਥ ਨੂੰ ਸਾਂਭਣ ਵਾਲੇ
ਮਾਮੂੰ Eਥੇ ਹੁੰਦੇ ਨੇ, ਮਾਮੂੰ ਹੀ ਸਾਰੇ ਖਿਡਾਉਣੇ ਬਣਾ ਕੇ ਮੈਨੂੰ ਵੇਚਣ ਲਈ
ਦਿੰਦੇ ਨੇ! ਤੁਸਾਂ ਕੱਲ੍ਹ ਆ ਕੇ ਉਨ੍ਹਾਂ ਨੂੰ ਮਿਲ ਲਵੋ ਜੀ...!” ਘਬਰਾਈ ਹੋਈ
ਅਵਾਜ਼ ਵਿੱਚ ਸੀਬੋ ਇੱਕੋ ਸਾਹ ਵਿੱਚ ਹੀ ਸਭ ਬੋਲ ਕੇ ਆਪਣੀ ਚੁੰਨੀ ਨੂੰ ਹੱਥ ਨਾਲ
ਵਲ੍ਹੇਟੇ ਮਾਰਦੀ ਹੋਈ ਬਿਨਾ ਉੱਤਰ ਦੀ ਉਡੀਕ ਕੀਤੇ ਵਾਪਸ ਦੌੜ ਗਈ।
“ਕਮਲੀ...!” ਰਾਮ ਗੋਪਾਲ ਨੇ ਮੁਸਕੁਰਾੳਂੁਦੇਂ ਹੋਏ ਸਿਰ ਹਿਲਾਇਆ।
ਅਗਲੇ
ਦਿਨ ਦਾ ਸੂਰਜ ਸੁਨਹਿਰੀ ਰੰਗ ਵਿੱਚ ਖਿੜਿਆ ਇੱਕ ਨਵਾਂ ਸੁਨੇਹਾ ਲੈ ਕੇ ਚੜ੍ਹ ਰਿਹਾ
ਸੀ। ਦੋ ਰੂਹਾਂ ਦੇ ਇੱਕ ਹੋਣ ਦਾ ਦਿਨ। ਸਵੇਰੇ ਦਸ ਵਜੇ ਹੀ ਰਾਮ ਗੋਪਾਲ ਸੀਬੋ ਦੇ
ਘਰ ਅੱਗੇ ਜਾ ਪੁੱਜਿਆ। ਸੀਬੋ ਦੇ ਮਾਮੂੰ ਨੂੰ ਮਿਲ ਕੇ ਕੁਝ ਜ਼ਰੂਰੀ ਗੱਲਬਾਤ
ਕੀਤੀ, ਕਈ ਗੱਲਾਂ ਦਾ ਹੌਂਸਲਾ ਦਿੱਤਾ। ਨਾਲ ਹੀ ਸੀਬੋ ਦੀ ਜਿੰ਼ਮੇਵਾਰੀ ਲੈ ਲਈ।
ਆਉਂਦੇ ਐਤਵਾਰ ਨੂੰ ਤਰੀਖ਼ ਪੱਕੀ ਕਰ ਦਿੱਤੀ। ਇੱਕ ਵੱਡਾ ਸਾਰਾ ਪੈਕੇਟ ਸੀਬੋ ਦੇ
ਮਾਮੂੰ ਨੂੰ ਫੜਾ ਦਿੱਤਾ, ਜਿਸ ਵਿੱਚ ਸੀਬੋ ਦਾ ਲਾਲ ਜੋੜਾ ਅਤੇ ਜ਼ਰੂਰੀ ਸਮਾਨ ਸੀ।
ਸ਼ੁਰੂ ਹੋਣ ਵਾਲੀ ਜਿ਼ੰਦਗੀ ਦੇ ਸੁਪਨੇ ਬੁਣਦਾ ਰਾਮ ਗੋਪਾਲ ਆਪਣੇ ਘਰ ਨੂੰ ਮੁੜ
ਆਇਆ।
ਮਿਥੇ ਦਿਨ ਨੂੰ ਧੋਵੇ ਧਿਰਾਂ ਮੰਦਰ ਪੰਹੁਚ ਗਈਆਂ। ਸ਼ੁਭ ਮਹੂਰਤ ‘ਤੇ ਦੋਹਾਂ ਨੇ
ਫੇਰੇ ਲਏ ਅਤੇ ਇੱਕ ਬੰਧਨ ਵਿੱਚ ਬੱਝ ਗਏ। ਮਾਮੂੰ ਕੋਲੋ ਆਸ਼਼ੀਰਵਾਦ ਲੈ ਸੀਬੋ ਰਾਮ
ਗੋਪਾਲ ਨਾਲ ਨਵੀਂ ਦੁਨੀਆਂ ਵਿੱਚ ਦਾਖ਼ਲ ਹੋਣ ਲਈ ਰਵਾਨਾ ਹੋ ਗਈ।
“ਸੀਬੋ, ਅੱਜ ਤੋਂ ਤੂੰ ਮੇਰੀ ਹੋਈ, ਆਹ ਲੈ ਮੇਰੀ ਮਾਂ ਦੀ ਆਖ਼ਰੀ ਨਿਸ਼਼ਾਨੀ...!”
ਘਰ ਦੇ ਇੱਕ ਕੋਨੇ ਵਿੱਚ ਛੋਟਾ ਜਿਹਾ ਮੰਦਰ ਬਣਿਆ ਹੋਇਆ ਸੀ, ਜਿਸ ਵਿੱਚ ਕੁਝ
ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਸ਼ਸ਼ੋਭਿਤ ਸਨ। ਰਾਮ ਗੋਪਾਲ ਨੇ ਸੀਬੋ ਨੂੰ ਉਥੇ
ਲਿਜਾ ਕੇ ਮੰਗਲ-ਸੂਤਰ ਚੁੱਕਦਿਆ ਕਿਹਾ।
“ਮਾਂ ਦਾ ਆਸ਼ੀਰਵਾਦ ਮੈਨੂੰ ਮਿਲ ਗਿਆ...!” ਸੀਬੋ ਦੀਆਂ ਅੱਖਾਂ ਭਰ ਆਈਆਂ।
“ਮਾਂ ਕਹਿੰਦੀ ਸੀ ਕਿ ਆਹ ਮੇਰੀ ਬਹੂ ਲਈ ਮੰਗਲ-ਸੂਤਰ ਹੈ...!” ਸੀਬੋ ਦੇ ਗਲੇ
ਵਿੱਚ ਮੰਗਲ-ਸੂਤਰ ਪਾ ਰਾਮ ਗੋਪਾਲ ਉਸ ਦੀਆਂ ਅੱਖਾਂ ਵਿੱਚ ਝਾਕਣ ਲੱਗ ਪਿਆ।
“...ਜੀ...!” ਸੀਬੋ ਨੇ ਹੌਲੀ ਜਹੀ ਆਪਣਾ ਸਿਰ ਰਾਮ ਗੋਪਾਲ ਦੇ ਸੀਨੇ ‘ਤੇ ਰੱਖ
ਦਿੱਤਾ। ਸੀਬੋ ਦੀਆਂ ਅੱਖਾਂ ਭਰ ਆਈਆਂ, ਕਿਉਂਕਿ ਮਾਂ ਦੇ ਹੱਥਾਂ ਦੀ ਨਿਸ਼਼ਾਨੀ
ਪਾਉਣ ਦਾ ਉਸ ਨੂੰ ਸੁਭਾਗ ਮਿਲਿਆ ਸੀ।
“ਕਾਸ਼!! ਮਾਂ ਆਪਣੇ ਹੱਥਾਂ ਨਾਲ ਅੱਜ ਤੈਨੂੰ ਆਹ ਉਪਹਾਰ ਦੇ ਦੀ” ਰਾਮ ਗੋਪਾਲ ਨੇ
ਕੰਧ ‘ਤੇ ਲੱਗੀ ਮਾਂ ਦੀ ਤਸਵੀਰ ਨੂੰ ਵੇਖਿਆ, ਫ਼ੇਰ ਸੀਬੋ ਦੇ ਗਲੇ ਵਿੱਚ ਪਏ
ਮੰਗਲ-ਸੂਤਰ ਨੂੰ ਵੇਖਣ ਲਗ ਪਿਆ। ਦੋਹਾਂ ਨੇ ਮਾਂ-ਪਿਤਾ ਜੀ ਦੀ ਤਸਵੀਰ ਨੂੰ
ਪ੍ਰਨਾਮ ਕੀਤਾ।
“ਆਹ ਮੰਗਲ-ਸੂਤਰ ਹਿੰਦੂ ਰਿਵਾਜ਼ ਦੇ ਮੁਤਾਬਿਕ ਤੇਰੇ ਵਿਆਹੀ ਹੋਣ ਦੀ ਨਿਸ਼ਾਨੀ
ਹੈ, ਇਸ ਲਈ ਇਸ ਨੂੰ ਹਮੇਸ਼ਾ ਆਪਣੇ ਗਲੇ ਵਿੱਚ ਪਾ ਕੇ ਰੱਖਣਾ ਹੈ। ਮੈਂ ਹਿੰਦੂ
ਹਾਂ ਅਤੇ ਹੁਣ ਤੂੰ ਮੇਰੀ ਵਿਆਹੁਤਾ ਹੈ!...ਇੱਕ ਸੁਹਾਗਣ ਵਾਂਗ ਤੂੰ ਸੱਜ-ਧੱਜ ਕੇ,
ਹੱਥੀਂ ਚੂੜੀਆਂ ਪਾ ਕੇ, ਸੰਧੂਰ ਨਾਲ ਮਾਂਗ ਭਰ ਕੇ ਰੱਖਣੀ ਹੈ। ਨਾਲ ਹੀ ਮੱਥੇ ‘ਤੇ
ਬਿੰਦੀ ਵੀ ਹਰ ਰੋਜ਼ ਲਾਉਂਣੀ ਹੈ!... ਕੁਝ ਪ੍ਰੰਪਰਾਵਾਂ ਕਿਸੇ ਕਾਰਨਾਂ ਕਰ ਕੇ
ਜ਼ਰੂਰੀ ਹੁੰਦੀਆਂ ਨੇ!” ਰਾਮ ਗੋਪਾਲ ਆਪਣੀ ਜਿ਼ੰਦਗੀ ਵਿੱਚ ਜੁੜੀ ਸੀਬੋ ਨੂੰ ਆਪਣੇ
ਰੰਗ ਵਿੱਚ ਢਾਲਣ ਲਈ ਰੀਤਾਂ ਦੀ ਚਾਰ-ਦਿਵਾਰੀ ਉਸਾਰ ਰਿਹਾ ਸੀ।
ਮਰਦ ਸਮਾਜ ਦੀ ਫਿ਼ਤਰਤ ਹੀ ਹੈ ਕਿ ਔਰਤ ਨੂੰ ਪੂਰੇ ਕਬਜ਼ੇ ਵਿੱਚ ਕਰਣ ਲਈ
ਰੀਤ-ਰਿਵਾਜਾਂ ਦਾ ਹਵਾਲਾ ਦਿੰਦਾ ਹੀ ਰਿਹਾ ਹੈ।
“ਮੇਰੀਏ ਜਾਨੇ!! ਅੱਜ ਤੋਂ ਤੂੰ ਮੇਰੀ ਹੈਂ! ਇਸ ਲਈ ਤੇਰੀ ਪਹਿਚਾਣ ਨਵੇਂ ਨਾਮ ਨਾਲ
ਹੋਵੇਗੀ...!” ਰਾਮ ਗੋਪਾਲ ਨੇ ਸੀਬੋ ਨੂੰ ਪੂਰੀ ਤਰ੍ਹਾਂ ਨਵਾਂ ‘ਅਰਤਾਰ’ ਦੇਣ ਦੀ
ਯੋਜਨਾ ਬਣਾ ਲਈ ਸੀ।
“.........?” ਸਭ ਕੁਝ ਨਵਾਂ ਹੋ ਰਿਹਾ ਸੀ, ਇਸ ਲਈ ਸੀਬੋ ਨੇ ਸੋਚਿਆ ਨਵਾਂ ਨਾਮ
ਮੇਰਾ ਪਤੀ ਦੇ ਰਿਹਾ ਹੈ ਤਾਂ ਸਵਾਲ ਕਿਸ ਲਈ?
“ਅੱਜ ਤੋਂ ਤੇਰੀ ਪਹਿਚਾਣ ਸੀਤਾ ਦੇਵੀ ਦੇ ਨਾਮ ਨਾਲ ਹੋਵੇਗੀ। ਮੇਰੀ ਸੀਤਾ... ਇਸ
ਰਾਮ ਦੀ ਸੀਤਾ...!” ਰਾਮ ਗੋਪਾਲ ਨੂੰ ਵੀ ਜਿਵੇਂ ਨਵਾਂ ਜੀਵਨ ਮਿਲਿਆ ਹੋਵੇ, ਉਸ
ਨੇ ਚਹਿਕ ਕੇ ਕਿਹਾ।
“ਸੀਤਾ ਦੇਵੀ...! ਰਾਮ ਗੋਪਾਲ ਦੀ ਸੀਤਾ।” ਸੀਬੋ ਨੇ ਮੁਸਕੁਰਾ ਕੇ ਠੰਢਾ ਜਿਹਾ
ਸਾਹ ਲਿਆ।
ਦੋਵੇ ਭਾਵੁਕ ਹੋ ਗਏ। ਠੰਢੀ ਪੂਰਬ ਦੀ ਹਵਾ ਵਾਂਗ ਬਾਹਰ ਤਾਂ ਸਭ ਸੁਖਾਵਾਂ ਜਾਪ
ਰਿਹਾ ਸੀ, ਪਰ ਦੋਹਾਂ ਦੇ ਅੰਦਰ ਤੇਜ਼ ਪ੍ਰੇਮ ਦੇ ਵੇਗ ਦਾ ਤੂਫ਼ਾਨ ਉਠ ਰਿਹਾ ਸੀ।
ਦੋ ਅਨਾਥਾਂ ਨੂੰ ਇੱਕ-ਦੂਜੇ ਦਾ ਸਹਾਰਾ ਮਿਲ ਗਿਆ ਸੀ।
...ਸੀਬੋ, ਜੋ ਹੁਣ ਸੀਤਾ ਦੇਵੀ ਸੀ, ਨੇ ਸਾਰੇ ਘਰ ਨੂੰ ਆਪਣੇ ਰੰਗ ਵਿੱਚ ਰੰਗ
ਲਿਆ। ਘਰ ਦੀ ਹਰ ਚੀਜ਼ ਨੂੰ ਬੜੇ ਸੁਚੱਜੇ ਢੰਗ ਨਾਲ ਸਜਾ ਕੇ ਲਾਇਆ। ਵਧੀਆ ਜਿਹਾ
ਖਾਣਾਂ ਬਣਾ ਕੇ ਆਪ ਵੀ ਸੱਜ-ਸੰਵਰ ਕੇ ਸ਼ਾਮ ਢਲੇ ਰਾਮ ਗੋਪਾਲ ਦਾ ਇੰਤਜ਼ਾਰ ਕਰਨ
ਲੱਗ ਪਈ।
“ਮੈਨੂੰ ਕਿਤੇ ਭੁਲੇਖਾ ਤਾਂ ਨਹੀਂ ਪੈ ਰਿਹਾ ਕਿ ਆਹ ਮੇਰਾ ਹੀ ਘਰ ਹੈ?” ਘਰ ਦੀ
ਸੋਹਣੇ ਤਰੀਕੇ ਨਾਲ ਕੀਤੀ ਸਜ਼ਾਵਟ ਦੇਖ ਕੇ ਰਾਮ ਗੋਪਾਲ ਨੇ ਸੀਤਾ ਦੇਵੀ ਨੂੰ
ਸ਼ਰਾਰਤ ਨਾਲ ਕਿਹਾ। ਸੀਬੋ ਪੀਲੇ ਰੰਗ ਦਾ ਸੂਟ ਪਾਈ ਪੂਰੇ ਹਾਰ-ਸਿ਼ੰਗਾਰ ਵਿੱਚ
ਬੜੀ ਹੀ ਨਿੱਖਰੀ ਹੋਈ ਲੱਗ ਰਹੀ ਸੀ।
“ਪਸੰਦ ਆਇਆ ਜੀ...ਮੇਰੀ ਮੇਹਨਤ ਸਫ਼ਲ ਹੋਈ...!”
“ਸੱਚ ਜਾਣੀ!! ਗੇਂਦੇ ਦੇ ਫੱੁਲ ਵਰਗੀਏ ਜਾਨੇਂ!!...ਸੱਚੀ ਹੀ ਦੁਨੀਆਂ ਆਖਦੀ ਹੈ,
‘ਜਿਸ ਕਾ ਕਾਮ ਉਸੀ ਕੋ ਸਾਜੇ’...!....ਤੇਰੇ ਹੱਥਾਂ ਦਾ ਕਮਾਲ ਹੈ ਕਿ ਘਰ ਹੁਣ ਘਰ
ਵਾਂਗ ਦਿਸ ਰਿਹਾ ਹੈ!”
“...ਜਲਦੀ ਹੱਥ ਮੂੰਹ ਧੋ ਲਵੋ, ਖਾਣਾਂ ਤਿਆਰ ਹੈ...! ਸੀਬੋ ਚਹਿਕ ਕੇ ਬੋਲੀ।
“ਬੱਲੇ-ਬੱਲੇ-ਬੱਲੇ...! ਐਨਾ ਸੁਆਦੀ ਖਾਣਾ... ਮਾਂ ਤੋਂ ਬਾਅਦ ਅੱਜ ਖਾਧਾ
ਹੈ...!” ਰਾਮ ਗੋਪਾਲ ਨੇ ਇੱਕ ਗੁਰਾਹੀ ਤੋੜ ਕੇ ਸੀਤਾ ਦੇਵੀ ਦੇ ਮੂੰਹ ਨੂੰ ਲਾ
ਦਿੱਤੀ।
...ਜਿ਼ੰਦਗੀ ਬਹੁਤ ਸੁਖਾਲੀ ਗੁਜ਼ਰ ਰਹੀ ਸੀ। ਰਾਮ ਗੋਪਾਲ ਨੇ ਕੁਝ ਦਿਨ ਸਿ਼ਮਲੇ
ਜਾ ਕੇ ਹਨੀਮੂਨ ਮਨਾਣ ਦੀ ਯੋਜਨਾ ਬਣਾਈ। ਸੀਤਾ ਦੇਵੀ ਨੂੰ ਸਮਝਾਇਆ ਕਿ ਨਵੇਂ ਜੋੜੇ
ਕਿਸੇ ਚੰਗੀ ਜਗ੍ਹਾ ‘ਤੇ ਘੁੰਮਣ ਜਾਂਦੇ ਨੇ, ਆਪਾਂ ਵੀ ਸਿ਼ਮਲੇ ਘੁੰਮਣ ਚੱਲਦੇ
ਹਾਂ। ਸੀਤਾ ਦੇਵੀ ਤਾਂ ਜਿਵੇਂ ਖੁਸ਼ੀਆਂ ਦੇ ਢੇਰ ਉਪਰ ਬੈਠ ਗਈ ਸੀ। ਜਾਣ ਤੋਂ
ਪਹਿਲਾਂ ਲੋੜੀਂਦੀ ਖ਼ਰੀਦਦਾਰੀ ਵੀ ਕੀਤੀ ਗਈ। ਆਂਢ-ਗੁਆਂਢ ਨੂੰ ਸੀਤਾ ਦੇਵੀ ਨੇ
ਬੜੇ ਚਾਅ ਨਾਲ ਦੱਸਿਆ ਕਿ ਅਸੀਂ ਸਿ਼ਮਲੇ ਘੰੁਮਣ ਜਾ ਰਹੇ ਹਾਂ। ਸਾਰਾ ਮੁਹੱਲਾ
ਸੀਤਾ ਦੇਵੀ ਦੇ ਨਿੱਘੇ ਅਤੇ ਮਿੱਠੇ ਸੁਭਾਅ ਕਰ ਕੇ ਉਸ ਨੂੰ ਪ੍ਰੇਮ ਕਰਦਾ ਸੀ। ਰਾਮ
ਗੋਪਾਲ ਨੇ ਵੀ ਸਭ ਨਾਲ ਬਹੁਤ ਚੰਗੀ ਬਣਾਈ ਹੋਈ ਸੀ। ਸੀਤਾ-ਰਾਮ ਦੀ ਜੋੜੀ ਜਿਵੇਂ
ਇੱਕ-ਦੂਜੇ ਲਈ ਹੀ ਬਣੀ ਜਾਪਦੀ ਸੀ। ਸੀਤਾ ਦੇਵੀ ਨੂੰ ਦੁਪਿਹਰ ਤਿਆਰ ਰਹਿਣ ਨੂੰ
ਕਹਿ ਕੇ ਰਾਮ ਗੋਪਾਲ ਘਰੋਂ ਦੁਕਾਨ ‘ਤੇ ਕੁਝ ਜ਼ਰੂਰੀ ਕੰਮ, ਆਪਣੀ ਦੁਕਾਨ ਵਿੱਚ
ਕੰਮ ਕਰਣ ਵਾਲੇ ਮੁੰਡੇ ਰਾਜੂ ਨੂੰ ਸਮਝਾਣ ਚਲਾ ਗਿਆ।
“ਭਾਬੀ...! ਰਾ...ਰਾਮ...ਗੋਪਾ..ਲ...ਦੀ ਇੱਕ... ਟਰੱਕ ਵਾਲੇ ਨਾਲ ਟੱਕਰ... ਹੋ
ਗਈ ਹੈ...!” ਦੁਕਾਨ ‘ਤੇ ਕੰਮ ਕਰਨ ਵਾਲੇ ਮੰਡੇ ਰਾਜੂ ਨੇ ਘਰ ਪਹੰੁਚ ਕੇ ਸਾਰੀ
ਘਟਨਾ ਦੀ ਸੂਚਨਾ ਬਿਨਾ ਭੂਮਿਕਾ ਤੋਂ ਸੀਤਾ ਦੇਵੀ ਦੇ ਕਪਾਲ ਵਿੱਚ ਲਿਆ ਮਾਰੀ। ਉਹ
ਸਾਹੋ ਸਾਹੀ ਹੋਇਆ ਅੰਦਰ ਵੜਿਆ ਸੀ। ਸੀਤਾ ਦੇਵੀ ਉਸ ਵਕਤ਼ ਸ਼ੀਸ਼ੇ ਮੁਹਰੇ ਸਿ਼ਮਲੇ
ਜਾਣ ਲਈ ਤਿਆਰ ਹੋ ਰਹੀ ਸੀ। ਉਸ ਦੇ ਹੱਥਾਂ 'ਚੋਂ ਸੰਧੂਰ ਦੀ ਡੱਬੀ ਡਿੱਗ ਪਈ ਅਤੇ
ਸੰਧੂਰ ਫ਼ਰਸ਼ ‘ਤੇ ਖਿੱਲਰ ਗਿਆ।
“...ਹਾਏ...ਵੇ...ਰੱਬਾ...!” ਸੀਤਾ ਦੇਵੀ ਸਦਮੇ ਵਿੱਚ ਆ ਗਈ।
“...ਕਿੱਥੇ ਮੇਰਾ...ਸਾਂਈਂ...ਦੱਸ...ਕਿੱਥੇ ਹੈ...?” ਸੀਤਾ ਦੇਵੀ ਪਾਗਲ ਜਹੀ ਹੋ
ਗਈ ਸੀ।
...ਹਜੇ ਰਾਜੂ ਇਸ ਦੁਰਭਾਗੀ ਘਟਨਾ ਦਾ ਯਕੀਨ ਦੁਆ ਵੀ ਨਹੀਂ ਸੀ ਪਾਇਆ ਕਿ ਕੁਝ ਲੋਕ
ਭੀੜ ਦੇ ਰੂਪ ਵਿੱਚ ਸੀਤਾ ਦੇਵੀ ਦੇ ਘਰ ਆ ਪੁੱਜੇ।
“ਧੀਏ, ਬੜਾ ਦੁੱਖ ਹੈ ਕਿ ਰਾਮ ਗੋਪਾਲ ਦੀ ਮੌਤ ਸੜਕ ਹਾਦਸੇ ਵਿੱਚ ਹੋ ਗਈ....ਟਰੱਕ
ਵਾਲਾ ਮਾਰ ਕੇ ਭੱਜ ਗਿਆ...!” ਇੱਕ ਪਕਰੋੜ ਜਹੀ ਉਮਰ ਵਾਲੇ ਆਦਮੀ ਨੇ ਸਾਰੀ ਘਟਨਾ
ਨੂੰ ਸੰਖੇਪ ਸ਼ਬਦਾਂ ਵਿੱਚ ਸਪੱਸ਼ਟ ਕਰ ਦਿੱਤਾ। ਸੀਤਾ ਦੇਵੀ ਦੀਆਂ ਅੱਖਾਂ ਵਿੱਚ
ਭੈਅ ਸੀ। ਉਸ ਨੂੰ ਯਕੀਨ ਹੀ ਨਹੀਂ ਸੀ ਆ ਰਿਹਾ ਕਿ ਰਾਮ ਗੋਪਾਲ ਮੁੜ ਕੇ ਹੁਣ ਕਦੀ
ਨਹੀਂ ਆਏਗਾ। ਥੋੜੀ ਹੀ ਦੇਰ ਵਿੱਚ ਰਾਮ ਗੋਪਾਲ ਦੀ ਲਾਸ਼ ਪੁਲਸ ਦੀ ਮੱਦਦ ਨਾਲ ਘਰ
ਪਹੁੰਚਾ ਦਿੱਤੀ ਗਈ। ਜਿਸ ਨੂੰ ਵੇਖਣ ਲਈ ਸਾਰਾ ਮੁਹੱਲਾ ਰਾਮ ਗੋਪਾਲ ਦੇ ਘਰ ਉਮਡ
ਪਿਆ। ਘਰ ਦੇ ਵੇਹੜੇ ‘ਚ ਚੀਖ-ਚਿਹਾੜਾ ਅਤੇ ਪਿੱਟ-ਸਿਆਪੇ ਦਾ ਤਾਂਡਵ ਮੱਚ ਗਿਆ।
ਜਿਤਨੇ ਮੂੰਹ Eਨੀਆਂ ਹੀ ਗੱਲਾਂ। ਕੋਈ ਅਫ਼ਸੋਸ ਕਰ ਰਿਹਾ ਸੀ, ਕੋਈ ਰੋ ਰਿਹਾ ਸੀ,
ਕੁਝ ਔਰਤਾਂ ਸੀਤਾ ਦੇਵੀ ਨੂੰ ਸੰਭਾਲ ਰਹੀਆਂ ਸਨ ਅਤੇ ਕੁਝ ਆਪਣੀ ਕੁੜੱਤਣ ਨੂੰ
ਸ਼ਬਦਾਂ ਰਾਹੀ ਇਹ ਕਹਿ ਕੇ ਬਾਹਰ ਕੱਢ ਰਹੀਆਂ ਸੀ ਕਿ ਆਹ ਸੀਤਾ ਦੇਵੀ ਤਾਂ ਆਉਂਦੇ
ਹੀ ਆਪਣੇ ਪਤੀ ਨੂੰ "ਖਾ" ਗਈ। ਸੀਤਾ ਦੇਵੀ ਨੂੰ ਕੁਝ ਵੀ ਸੁੱਝ ਨਹੀਂ ਸੀ ਰਿਹਾ
ਦੁਨੀਆਂ ਦਾ ਚਿੱਤ-ਕਬਰਾ ਰੂਪ ਵੇਖ ਉਹ ਹੌਰ ਵੀ ਦੁਖੀ ਹੋ ਰਹੀ ਸੀ। ਰਾਮ ਗੋਪਾਲ
ਦੀਆਂ ਅਕਾਲ ਚਲਾਣੇ ਦੀਆਂ ਅੰਤਿਮ ਰਸਮਾਂ ਸੁਰੂ ਹੋ ਗਈਆਂ।
“ਸੀਤਾ ਦੇਵੀ ਨੂੰ ਚਿੱਟੇ ਕੱਪੜੇ ਪੁਆ ਦੇਵੋ, ਇਸ ਦਾ ਸਿ਼ੰਗਾਰ ਸਾਫ਼ ਕਰ ਦੇਵੋ!
ਕੱਲ੍ਹ ਇਸ ਦੇ ਵਾਲ ਵੀ ਮੰੁਨ ਦੇਣੇ ਨੇ ਦੁਪਿਹਰ ਢਲਣ ਤੋਂ ਪਹਿਲਾਂ!” ਸੀਤਾ ਦੇਵੀ
ਨੂੰ ਹਿੰਦੂ ਰੀਤੀ-ਰਿਵਾਜਾਂ ਮੁਤਾਬਿਕ ਸੁਹਾਗਣ ਹੋਣ ਦਾ ਵੇਰਵਾ ਰਾਮ ਗੋਪਾਲ ਨੇ
ਦਿੱਤਾ ਸੀ ਅਤੇ ਅੱਜ ਵਿਧਵਾ ਹੋਣ ਦੀ ਨਵੀਆਂ ਹਦਾਇਤਾਂ ਸਮਾਜ ਤੋਂ ਮਿਲ ਰਹੀਆਂ ਸਨ।
ਵਕਤ ਕਦੇ ਕਿਸੇ ਦੇ ਲਈ ਨਹੀਂ ਠਹਿਿਰਆ, ਭਾਵੇਂ ਖੁਸ਼ੀ ਹੋਵੇ ਭਾਵੇਂ ਦੁੱਖ! ਲੋਕ
ਆਪਣੇ ਫ਼ਰਜ਼ ਨੂੰ ਪੂਰਾ ਕਰ ਘਰਾਂ ਨੂੰ ਪਰਤ ਗਏ ਸਨ। ਰਾਤ ਗਹਿਰੀ ਹੋ ਰਹੀ ਸੀ।
ਸੀਤਾ ਦੇਵੀ ਦਾ ਸਾਂਈਂ ਸਦਾ ਲਈ ਇਸ ਦੁਨੀਆਂ ਅਤੇ ਉਸ ਦੀ ਜਿ਼ੰਦਗੀ ਵਿੱਚੋਂ
ਰੁਖ਼ਸਤ ਹੋ ਗਿਆ ਸੀ। ਰੋ-ਰੋ ਕੇ ਬੇਹਾਲ ਹੋਈਆਂ ਸੀਤਾ ਦੇਵੀ ਦੀਆਂ ਅੱਖਾਂ ਵਿੱਚ
ਹੁਣ ਹੋਰ ਹੰਝੂ ਵੀ ਨਹੀਂ ਸੀ ਬਕਾਇਆ ਰਹੇ।
....“ਕੱਲ੍ਹ ਮੇਰੇ ਵਾਲ ਮੁੰਨ ਕੇ ਚਿੱਟੇ ਵਸਤਰ ਦੇ ਕੇ ਸਦਾ ਲਈ ਇੱਕ ਵਿਧਵਾ ਦੀ
ਜ਼ਿੰਦਗੀ ਜਿਉਣ ਲਈ ਇਸ ਸੁੰਨ-ਵੈਰਾਨ ਘਰ ਦੇ ਕਿੱਲੇ ਨਾਲ ਬੰਨ੍ਹ ਦਿੱਤੀ
ਜਾਵਾਂਗੀ.... ਕੱਲ੍ਹ ਮੇਰੇ ਵਾਲ ਮੁੰਨੇ ਜਾਣਗੇ.... ਕੱਲ੍ਹ ਤੋਂ ਮੈਂ ਆਪਣੇ ਸਾਰੇ
ਹੱਕ ਖੋਅ ਦੇਉਂਗੀ... ਮੈਂ ਇੱਕ ਰੁੰਡਮ-ਰੁੰਡੀ ਵਿਧਵਾ’...
ਕੱਲ੍ਹ...ਮੈਂ....ਮੇਰੇ....ਕੱਲ੍ਹ...ਮੈਂ ਵਿਧਵਾ...ਮੇਰੇ ਵਾਲ...!”
ਹਜ਼ਾਰਾਂ ਸਵਾਲਾਂ ਨੇ ਸੀਤਾ ਦੇਵੀ ਨੂੰ ਝੰਜੋੜ ਦਿੱਤਾ। ਬਿਨਾ ਕੁਝ ਜਿ਼ਆਦਾ ਸੋਚੇ
ਸੀਤਾ ਦੇਵੀ ਨੇ ਆਪਣੇ-ਆਪ ਨੂੰ ਇੱਕ ਵਾਰ ਫੇ਼ਰ ਹਾਲਾਤਾਂ ਦੇ ਹਵਾਲੇ ਕਰਨ ਦਾ ਮਨ
ਪੱਕਾ ਕਰ ਲਿਆ ਅਤੇ ਸਹੀ ਮੌਕਾ ਭਾਲ ਕੇ ਰਾਮ ਗੋਪਾਲ ਦੀ ਰੂਹ ਤੋਂ ਮੁਆਫ਼ੀ ਮੰਗ,
ਉਸ ਦੇ ਘਰ ਦੀ ਡਿਊੜੀ ਨੂੰ ਪਾਰ ਕਰ ਸਿਰਤੋੜ ਦੌੜ ਪਈ। ਉਸ ਦੀ ਕੋਈ ਦਿਸ਼ਾ ਨਹੀਂ
ਸੀ। ਪਰ ਉਹ ਇਸ ਸੀਤਾ ਦੇਵੀ ਦੀ ਪਹਿਚਾਣ ਤੋਂ ਦੂਰ ਨੱਠ ਜਾਣਾ ਚਾਹੁੰਦੀ ਸੀ। ਸੀਤਾ
ਦੇਵੀ ਦੇ ਲੰਮੇ ਘਣੇ ਵਾਲ ਉਸ ਦੇ ਗਲੇ ਵਿੱਚ ਖਿੱਲਰ ਗਏ ਸਨ, ਪੈਰ ਨੰਗੇ ਸੀ ਅਤੇ
ਉਲਝੇ ਹੋਏ ਕੱਪੜੇ ਉਸ ਦੀ ਦੁਰਦਸ਼ਾ ਦਾ ਮੁਆਇਨਾ ਆਪਣੇ-ਆਪ ਦੇ ਰਹੇ ਸੀ....।
“...ਉ..ਹੋ..ਅ....ਅਰੇ...ਕੌਣ ਹੈ ਤੂੰ?” ਸੀਤਾ ਦੇਵੀ ਗੂੜ੍ਹੀ ਹਨ੍ਹੇਰੀ ਰਾਤ
ਵਿੱਚ ਇੱਕ ਫੌ਼ਲਾਦੀ ਜਹੇ ਜਿਸਮ ਵਾਲੇ ਆਦਮੀ ਨਾਲ ਟਕਰਾਈ। ਉਸ ਆਦਮੀ ਦੇ ਗਲੇ ਵਿੱਚ
ਹਰੇ ਰੰਗ ਦਾ ਡੱਬੀਦਾਰ ਸਾਫ਼ਾ ਲਟਕ ਰਿਹਾ ਸੀ, ਸਿਰ ‘ਤੇ ਛੋਟੀ ਜਾਲੀ ਦੀ ਟੋਪੀ,
ਫਰੈਂਚ ਕਟੱ ਦਾੜ੍ਹੀ ਅਤੇ ਉਸ ਨੇ ਪਠਾਣੀ ਸੂਟ ਪਾਇਆ ਹੋਇਆ ਸੀ। ਉਸ ਦੇ ਪਹਿਨਾਵੇ
ਤੋਂ ਉਹ ਕੋਈ ਮੁਸਲਮਾਨ ਲੱਗ ਰਿਹਾ ਸੀ।
“...ਮ...ਮੈਂ...ਮ...!” ਸ਼ਬਦ ਸੀਤਾ ਦੇਵੀ ਦੇ ਗਲੇ ਵਿੱਚ ਹੀ ਅਟਕ ਗਏ।
“....ਬੋਲੋ...ਬੋਲੋ...ਡਰੋ ਨਾ...!” ਉਸ ਫ਼ੌਲਾਦੀ ਜਹੇ ਆਦਮੀ ਨੇ ਸੀਤਾ
ਦੇਵੀ ਨੂੰ ਮੋਢੇ ਤੋਂ ਫੜ ਕੇ ਆਪਣੇ ਆਪ ਤੋਂ ਪਰ੍ਹਾਂ ਕਰ ਕੇ ਡਿੱਗਣ ਤੋਂ ਬਚਾਇਆ।
“....ਜੀ...ਸੀ... ਤਾਂ... ਸੀਬੋ...!” ਆਪਣੇ ਅਸਲੀ ਨਾਮ ਨੂੰ ਪਹਿਲ ਦਿੰਦੇ ਹੋਏ
ਸੀਬੋ ਬੋਲੀ ਕਿਉਂਕਿ ਇਹ ਇੱਕ ਐਸਾ ਚੁਰੱਸਤਾ ਸੀ, ਜਿੱਥੋਂ ਸੀਬੋ ਆਪਣੀ ‘ਵਿਧਵਾ’
ਸੀਤਾ ਦੇਵੀ ਦੀ ਪਹਿਚਾਣ ਨੂੰ ਬਦਲ ਸਕਦੀ ਸੀ।
“...ਉਹੋ....ਸੁਭਾਨ-ਅੱਲਾਹ...ਸੀਬੋ...ਬਹੁਤ ਪਿਆਰਾ ਨਾਮ ਹੈ... ਪਰ...ਤੂੰ ਕਿਸੇ
ਹਾਲਾਤ ਦੀ ਸਤਾਈ ਲੱਗਦੀ ਹੈਂ। ਮੇਰਾ ਨਾਮ ਫਿਰੋਜ਼ ਖ਼ਾਨ ਹੈ...ਡਰ ਨਾ ਮੈਂ ਖੁਦਾ
ਦਾ ਨੇਕ ਬੰਦਾ ਹਾਂ, ਮੇਰੇ ਬੀਵੀ-ਬੱਚੇ ਹਨ। ਇਸ ਭਿਆਨਕ ਰਾਤ ਵਿੱਚ ਇੰਜ ਸੜਕ ‘ਤੇ
ਹੋਣਾ ਤੇਰੇ ਲਈ ਖ਼ਤਰਨਾਕ ਹੋ ਸਕਦਾ ਹੈ....!” ਫਿਰੋਜ਼ ਖ਼ਾਨ ਨੇ ਬੜੀ ਅਪਣੱਤ ਨਾਲ
ਸੀਬੋ ਨੂੰ ਤਸੱਲੀ ਦੇ ਕੇ ਸਮਝਾਇਆ।
“...........!” ਸੀਬੋ ਕੁਝ ਨਹੀਂ ਬੋਲੀ। ਉਸ ਦਾ ਸਰੀਰ ਕੰਮ ਰਿਹਾ ਸੀ ਅਤੇ
ਦਿਮਾਗ ਬੁਝਿਆ ਪਿਆ ਸੀ। ਹੋਰ ਕੋਈ ਚਾਰਾ ਨਾ ਵੇਖ ਕੇ, ਬੱੁਤ ਜਹੀ ਬਣੀ ਸੀਬੋ ਪੋਲੇ
ਜਹੇ ਕਦਮਾਂ ਨਾਲ ਖ਼ਾਨ ਦੇ ਪਿੱਛੇ-ਪਿੱਛੇ ਤੁਰ ਪਈ।
ਇੱਕ ਹਵੇਲੀਨੁਮਾ ਘਰ ਦੇ ਅੱਗੇ ਜਾ ਫਿਰੋਜ਼ ਖ਼ਾਨ ਨੇ ਦਰਵਾਜ਼ਾ ਖੜਕਾਇਆ। ਇਕ
ਬਾਰਾਂ ਕੁ ਸਾਲ ਦੇ ਬੱਚੇ ਨੇ ਦਰਵਾਜ਼ਾ ਖੋਲ੍ਹਿਆ।
“...ਅੱਬੂ ਜਾਨ... ਇਹ ਕੌਣ ਹੈ?” ਬੱਚੇ ਨੇ ਪੱੁਛਿਆ। ਪਰ ਖ਼ਾਨ ਨੇ ਉਸ ਦੇ ਸਵਾਲ
ਦਾ ਕੋਈ ਜਵਾਬ ਨਹੀਂ ਦਿੱਤਾ ਅਤੇ ਅੱਗੇ ਵਧ ਗਿਆ।
ਵੇਹੜੇ ਦੀ ਬੱਤੀ ਜਗ ਰਹੀ ਸੀ। ਚਾਰ ਕੁ ਹੋਰ ਵੀ ਨਿਆਣੇ ਮੰਜੇ ‘ਤੇ ਬੈਠੇ ਖਾਣਾ ਖਾ
ਰਹੇ ਸਨ। ਇੱਕ ਔਰਤ ਰਸੋਈ ਵਿੱਚ ਕੁਝ ਪਕਾ ਰਹੀ ਸੀ ਅਤੇ ਦੂਜੀ ਮੰਜੇ ਕੋਲ ਬੱਚਿਆਂ
ਨੂੰ ਰੋਟੀ ਖਵਾ ਰਹੀ ਸੀ। ਦੋਵਾਂ ਦੇ ਪਹਿਰਾਵੇ ਤੋਂ ਸਾਫ਼ ਜ਼ਾਹਿਰ ਹੋ ਰਿਹਾ ਸੀ
ਕਿ ਉਹ ਇਸਲਾਮ ਧਰਮ ਵਿੱਚ ਪ੍ਰਪੱਕ ਸਨ। ਸੀਬੋ ਦੇ ਅੰਦਰ ਦਾਖਲ ਹੁੰਦਿਆਂ ਹੀ ਵੇਹੜੇ
ਵਿੱਚ ਖੜੀ ਔਰਤ ਨੇ ਸਵਾਲ ਦਾਗਿਆ।
“....ਕੌਣ ਹੈ ਏਹ...?”
“....ਕੋਈ ਦੁਖਿਆਰੀ ਹੈ ਵਿਚਾਰੀ!!... ਥੋੜ੍ਹੇ ਦਿਨ ਘਰ ਵਿੱਚ ਪਨਾਹ ਚਾਹੀਦੀ ਏ
ਇਸ ਨੂੰ..!” ਫਿਰੋਜ਼ ਖ਼ਾਨ ਨੇ ਸਹਿਜ ਸ਼ਬਦਾਂ ਵਿੱਚ ਜਵਾਬ ਦਿੱਤਾ। ਇਤਨੇ ਵਿੱਚ
ਹੀ ਦੂਜੀ ਔਰਤ ਬਾਹਰ ਆ ਗਈ ਅਤੇ ਸੀਬੋ ਨੂੰ ਵੇਖ ਕੇ ਦੂਜੀ ਔਰਤ ਦੇ ਮੱਥੇ ‘ਤੇ
ਤਿਊੜੀਆਂ ਤਣ ਗਈਆਂ।
“...ਸੀਬੋ...ਆਹ ਮੇਰੀ ਪਹਿਲੀ ਬੇਗਮ ਸਫ਼ੀਨਾ ਹੈ, ਔਹ ਮੇਰੀ ਦੂਜੀ ਬੇਗਮ ਨਜ਼ਮਾ
ਹੈ[[ਆਹ ਪੰਜ ਮੇਰੇ ਬੱਚੇ ਹਨ!” ਫਿਰੋਜ਼ ਖ਼ਾਨ ਨੇ ਸਾਹਮਣੇ ਖੜੇ੍ਹ ਪ੍ਰੀਵਾਰ ਦਾ
ਵੇਰਵਾ ਦਿੱਤਾ। ਘਰ ਵਿੱਚ ਸੰਨਾਟਾ ਛਾ ਗਿਆ। ਜਿਵੇਂ ਸਭ ਨੂੰ ਸੱਪ ਸੁੰਘ ਗਿਆ ਸੀ।
ਕੁਝ ਪਲ ਦੀ ਖਾਮੋਸ਼ੀ ਤੋਂ ਬਾਅਦ ਸਫ਼ੀਨਾ ਸੀਬੋ ਦਾ ਹੱਥ ਫੜ ਕੇ ਇੱਕ ਕਮਰੇ ਵਿੱਚ
ਲੈ ਗਈ। ਸਫ਼ੀਨਾ ਦੁਨੀਆਂਦਾਰੀ ਹੰਢਾਈ ਹੋਈ ਇੱਕ ਸੁਲਝੀ ਹੋਈ ਔਰਤ ਜਾਪਦੀ ਸੀ।
“...ਤੂੰ ਕੁਝ ਖਾ ਪੀ ਲੈ ਤੇ ਅਰਾਮ ਕਰ, ਕੱਲ੍ਹ ਸਵੇਰੇ ਗੱਲ-ਬਾਤ ਕਰਦੇ ਹਾਂ...!”
ਸਫ਼ੀਨਾ ਨੂੰ ਗਹਿਰੀ ਕਾਲੀ ਰਾਤ ਅਤੇ ਸੀਬੋ ਦੇ ਜੋਬਨ ਦਾ ਅੰਦਾਜ਼ਾ ਸੀ, ਸਮਾਂ
ਸਾਂਭਣ ਲਈ ਉਸ ਨੇ ਸੀਬੋ ਨੂੰ ਕਿਹਾ।
“...ਜੀ...!” ਸੀਬੋ ਦੇ ਸਿਰ ‘ਤੇ ਭੈਅ ਦੀ ਗੱਠੜੀ ਰੱਖੀ ਹੋਈ ਸੀ, ਉਹ ਘਬਰਾਹਟ
ਵਜੋਂ ਕੁਝ ਨਾ ਬੋਲੀ। ਬੱਸ ਚੁੱਪ ਨਜ਼ਰਾਂ ਨਾਲ ਸਫ਼ੀਨਾ ਨੂੰ ਵੇਖਦੀ ਰਹੀ।
ਅਗਲੇ ਦਿਨ, ਨਵਾਂ ਸਵੇਰਾ ਜੋ ਆਪਣੀਆਂ ਨਵੀਆਂ ਕਿਰਨਾਂ ਸਮੇਤ ਸਭ ਲਈ ਨਵੀਂ ਰੌਸ਼ਨੀ
ਲੈ ਕੇ ਚੜ੍ਹ ਰਿਹਾ ਸੀ। ਸੀਬੋ ਦੀ ਜਿ਼ੰਦਗੀ ਦਾ ਹਨੇ੍ਹਰਾ ਵੀ ਕਿਸੇ ਰੌਸ਼ਨੀ ਦੇ
ਇੰਤਜ਼ਾਰ ਵਿੱਚ ਸੀ। ਵੇਹੜੇ ਦੇ ਕੋਨੇ ਵਿੱਚ ਗਮਲਿਆਂ ਵਿੱਚ ਰੰਗ-ਬਿਰੰਗੇ ਫ਼ੁੱਲ
ਲੱਗੇ ਹੋਏ ਸੀ। ਸੀਬੋ ਬਹੁਤ ਹੀ ਉਦਾਸ ਜਹੀ ਫ਼ੁੱਲਾਂ ਕੋਲ ਜਾ ਖੜ੍ਹੀ ਹੋਈ।
ਫ਼ੁੱਲਾਂ ਵਿੱਚ ਖੜ੍ਹੀ ਸੀਬੋ ਵੀ ਕਿਸੇ ਗੁਲਾਬ ਵਾਂਗ ਹੀ ਪ੍ਰਤੀਤ ਹੋ ਰਹੀ ਸੀ।
ਦਿਨ ਦੇ ਚਾਨਣੇ ਵਿੱਚ ਫਿਰੋਜ਼ ਖ਼ਾਨ ਨੇ ਜਦ ਸੀਬੋ ਨੂੰ ਵੇਖਿਆ ਤਾਂ ਉਸ ਦੇ ਜੋਬਨ
ਨੇ ਖ਼ਾਨ ਨੂੰ ਕੀਲ ਲਿਆ। ਨਸ਼ਈ ਅੱਖਾਂ ਅਤੇ ਲਲਚਾਏ ਚਿੱਤ ਨਾਲ ਫਿਰੋਜ਼ ਖ਼ਾਨ
ਸੀਬੋ ਨੂੰ ਆਪਣੀ ਤੀਜੀ ਬੀਵੀ ਦੇ ਰੂਪ ਵਿੱਚ ਵੇਖਣ ਲੱਗ ਪਿਆ। ਚਾਰ ਕੁ ਦਿਨ ਤੱਕ
ਜਦੋਂ ਸੀਬੋ ਕੁਝ ਨਾ ਬੋਲੀ ਤਾਂ ਫਿਰੋਜ਼ ਖ਼ਾਨ ਨੂੰ ਉਸ ਦੀ ਖ਼ਾਮੋਸ਼ੀ ਨੇ ਜਿਵੇਂ
ਆਪ ਹੀ ਸੱਦਾ ਦੇ ਦਿੱਤਾ। ਸਹੀ ਮੌਕਾ ਵੇਖ ਕੇ, ਦੁਪਹਿਰ ਦੇ ਖਾਣੇ ਤੋਂ ਬਾਅਦ
ਫਿਰੋਜ਼ ਖ਼ਾਨ ਸੀਬੋ ਕੋਲ ਉਸ ਦੇ ਕਮਰੇ ਵਿੱਚ ਆਪਣੇ ਮਨ ਦੇ ਵਲਵਲੇ ਨੂੰ ਲੈ ਕੇ
ਗਿਆ। ਸੀਬੋ ਦਿਸ਼ਾਹੀਣ ਹੋਈ ਆਪਣੇ ਵਿਚਾਰਾਂ 'ਚ ਖੱੁਭੀ ਹੋਈ ਸੀ, ਉਸ ਨੂੰ ਫਿਰੋਜ਼
ਖ਼ਾਨ ਦੇ ਆਉਣ ਦਾ ਅਹਿਸਾਸ ਤੱਕ ਨਾ ਹੋਇਆ। ਕੁਰਸੀ ਉਤੇ ਬੈਠ ਫਿਰੋਜ਼ ਖ਼ਾਨ ਨੇ
ਖੁੱਭਵੀਆਂ ਨਜ਼ਰਾਂ ਨਾਲ ਸੀਬੋ ਨੂੰ ਨਾਪਿਆ। ਫ਼ੇਰ ਆਪਣੀ ਦਾੜ੍ਹੀ ਨੂੰ ਸੰਵਾਰਦਾ
ਹੋਇਆ ਬੋਲਿਆ, “ਸੀਬੋ...!”
“...ਅ...ਹ...ਜੀ!” ਸੀਬੋ ਕਿਸੇ ਮਰਦਾਨੀ ਅਵਾਜ਼ ਨੂੰ ਸੁਣ ਕੇ ਆਪਣੀ ਬਿਰਤੀ ਤੋਂ
ਬਾਹਰ ਆ ਡਿੱਗੀ।
“....ਗੁਸਤਾਖ਼ੀ ਮੁਆਫ਼!!...ਮੈਨੂੰ ਨਹੀਂ ਪਤਾ ਕਿ ਤੇਰੀ ਕੀ ਮਜ਼ਬੂਰੀ ਹੈ
ਸੀਬੋ?...ਇਸ ਦੁਨੀਆਂ 'ਚ ਜਿਉਣਾ...ਇਕੱਲੀ ਔਰਤ ਲਈ ਬਹੁਤ ਹੀ ਮੁਸ਼ਕਿਲ ਹੈ।
ਤੈਨੂੰ ਜਿ਼ਆਦਾ ਦਿਨ ਵੀ ਇੱਥੇ ਨਹੀਂ ਰੱਖ ਸਕਦਾ...ਆਖਿ਼ਰ ਮੇਰਾ ਵੀ ਪ੍ਰੀਵਾਰ
ਹੈ...!” ਫਿਰੋਜ਼ ਖ਼ਾਨ ਨੇ ਤਿਰਛੀ ਚਾਲ ਚੱਲੀ।
“...ਫ਼ੇਰ...ਮੈਂ...ਕਿੱਥੇ...?” ਸੀਬੋ ਦੀ ਦੁਨੀਆਂ ਘੁੰਮ ਕੇ ਫ਼ੇਰ ਇਸੇ ਘਰ ‘ਤੇ
ਆ ਰੁਕੀ।
“...ਇੱਕ ਮਸ਼ਵਰਾ ਦੇ ਸਕਦਾ ਹਾਂ...ਬਾਕੀ ਤੇਰੀ ਮਰਜ਼ੀ...?” ਫਿ਼ਰੋਜ਼ ਖ਼ਾਨ
ਆਪਣੀ ਸ਼ਤਰੰਜ ਦੇ ਪਾਸਿਆਂ ਨੂੰ ਬਹੁਤ ਸੂਝ-ਬੂਝ ਨਾਲ ਖੇਡ ਰਿਹਾ ਸੀ।
“...ਜੀ ਦੱਸੋ?” ਸੀਬੋ ਨਾਲ ਫਿਰੋਜ਼ ਖ਼ਾਨ ਨੇ ਹਜੇ ਤੱਕ ਕੋਈ ਬਦਸਲੂਕੀ ਨਹੀਂ ਸੀ
ਕੀਤੀ। ਆਹ ਵੀ ਫਿਰੋਜ਼ ਖ਼ਾਨ ਦੇ ਪਾਸਿਆਂ ਦੀ ਇੱਕ ਚਾਲ ਹੀ ਸੀ।
“...ਜੇ ਕਰ ਤੂੰ ਮੇਰੀ ਬੇਗਮ ਬਣਨਾ ਮਨਜੂਰ ਕਰ ਲਵੇਂ, ਤਾਂ ਤੈਨੂੰ ਇਸ ਚਾਰ ਦੁਆਰੀ
ਵਿੱਚ ਮੌਜ਼ ਨਾਲ ਰਹਿਣ ਦਾ ਹੱਕ ਮਿਲ ਜਾਏਗਾ। ਤੈਨੂੰ ਕਿਤੇ ਬਾਹਰ ਭਟਕਣ ਦੀ ਲੌੜ
ਨਹੀਂ... ਜਦ ਵੀ ਬਾਹਰ ਜਾਣਾ ਤਾਂ ਬੁਰਕਾ ਪਾ ਕੇ ਜਾਣਾ... ਇਸ ਘਰ ਦੇ ਰਿਵਾਜ਼
ਅਤੇ ਪ੍ਰੰਪਰਾ ਨੂੰ ਬਣਾ ਕੇ ਰੱਖਣਾ...!” ਆਪਣੀਆਂ ਗੱਲਾਂ ਵਿੱਚ ਹੀ ਫਿਰੋਜ਼ ਖ਼ਾਨ
ਨੇ ਸੀਬੋ ਲਈ ਸੁਰੱਖਿਆ ਦੀ ਲਕਸ਼ਮਣ-ਰੇਖਾ ਉਲੀਕ ਦਿੱਤੀ।
“...ਜੀ...ਹਾਂਜੀ...!” ਸੀਬੋ ਨੂੰ ਲੱਗਿਆ ਆਹ ‘ਤੇ ਮੇਰੇ ਪੱਖ ਦੀ ਹੀ ਗੱਲ ਹੋ
ਗਈ। ਇਸ ਚਾਰ ਦਿਵਾਰੀ ਵਿੱਚ ਮੈਨੂੰ ਕੌਣ ਲੱਭਣ ਆਏਗਾ? ਅਤੇ ਬਾਹਰ ਵੀ ਬੁਰਕਾ ਪਾ
ਕੇ ਜਾਣਾ ਹੈ...ਆਪਣੇ ਡਰ ਨੂੰ ‘ਹਾਂਮ੍ਹੀ’ ਵਿੱਚ ਬਦਲਣ ਲਈ, ਸੀਬੋ ਨੇ
ਹਾਲਾਤ ਨਾਲ ਸਮਝੌਤਾ ਕਰ ਲਿਆ। । ਥੋੜੀ ਦੇਰ ਖਾਮੋਸ਼ੀ ਤੋਂ ਬਾਅਦ ਫਿਰੋਜ਼ ਖ਼ਾਨ
ਨੇ ਫਿ਼ਰ ਇੱਕ ਹੋਰ ਲਾਲਚ ਦੀ ਬੁਰਕੀ ਸੀਬੋ ਵੱਲ ਸੁੱਟੀ।
“....ਤੇਰੀ ਖ਼ਾਮੋਸ਼ੀ ਮੈਨੂੰ ‘ਹਾਂ’ ਦਾ ਇਸ਼ਾਰਾ ਕਰ ਰਹੀ ਹੈ...ਕਿ ਨਹੀਂ
?...ਵੇਖ ਸੀਬੋ!...ਤੈਨੂੰ ਖਾਣ-ਪਾਣ ਦੀ ਕੋਈ ਕਮੀ ਨਹੀਂ ਹੋਏਗੀ, ਸੋਹਣਾਂ
ਪਾ-ਖਾ...ਸੱਜ ਧੱਜ ਕੇ ਰਹਿ... ਮੇਰੀ ਬੇਗਮ ਬਣ ਕੇ ਜਿ਼ੰਦਗੀ ਦਾ ਮਜ਼ਾ ਉਠਾ...ਇਸ
ਸਭ ਦੇ ਬਦਲੇ ਤੈਨੂੰ ਸਿਰਫ਼ ‘ਇਸਲਾਮ ਧਰਮ’ ਨੂੰ ਕਬੂਲਣਾ ਪੈਣਾ!! ਸਫ਼ੀਨਾ ਤੈਨੂੰ
ਸੁਭਾਅ-ਸ਼ਾਮ ਦੀ ਨਮਾਜ਼ ਅਦਾ ਕਰਨੀ ਸਿਖਾ ਦੇਊਗੀ...!” ਧੀਰੇ-ਧੀਰੇ ਫਿਰੋਜ਼ ਖ਼ਾਨ
ਆਪਣੀਆਂ ਸ਼ਤਰੰਜ ਦੀਆਂ ਚਾਲਾਂ ਨੂੰ ਜਿੱਤਦਾ ਹੋਇਆ ਸ਼ਾਨ ਨਾਲ ਅੱਗੇ ਵਧ ਰਿਹਾ ਸੀ।
ਸੀਬੋ ਆਪਣੀ ਖਾ਼ਮੋਸ਼ੀ ਨਾਲ ਪਹਿਲਾਂ ਹੀ ਹਥਿਆਰ ਸੁੱਟ ਚੁੱਕੀ ਸੀ।
“....ਅੱਜ ਤੋਂ ਬਾਅਦ ਤੇਰੀ ਪਹਿਚਾਣ ‘ਸ਼ਬਨਮ ਬਾਨੋ’ ਦੇ ਨਾਮ ਨਾਲ ਹੋਏਗੀ...
ਫਿਰੋਜ਼ ਖ਼ਾਨ ਦੀ ਬੇਗ਼ਮ ਸ਼ਬਨਮ ਬਾਨੋ...! ਸਮਝ ਗਈ...?” ਫਿਰੋਜ਼ ਖ਼ਾਨ ਦੇ
ਸ਼ਤਰੰਜ ਦੇ ਬਾਦਸ਼ਾਹ ਨੇ ਆਖਰੀ ਚਾਲ ਵਿੱਚ ‘ਸ਼ੈ’ ਦੇ ਕੇ ਬਾਜ਼ੀ ਪੂਰੀ ਤਰ੍ਹਾਂ
ਆਪਣੇ ਕਬਜ਼ੇ ਵਿੱਚ ਕਰ ਲਈ।
ਹੁਣ ਫਿਰੋਜ਼ ਖ਼ਾਨ ਨੇ ਆਪਣੀ ‘ਜਿੱਤ’ ‘ਤੇ ਮੋਹਰ ਲਾਣ ਲਈ, ਕਮਰੇ ਤੋਂ ਬਾਹਰ ਆ
ਕੇ, ਆਪਣੇ ਪ੍ਰੀਵਾਰ ਅਗੇ ਐਲਾਨ ਕਰ ਦਿੱਤਾ।
“....ਇਸ ਮਾਸੂਮ ਨਾਲ ਮੈਂ ਸਾਰੀ ਗੱਲ ਬਾਤ ਕਰ ਲਈ ਹੈ, ਅੱਜ ਤੋਂ ਬਾਅਦ ਇਹ ਇਸੇ
ਘਰ ਵਿੱਚ ਮੇਰੀ ਤੀਸਰੀ ਬੇਗਮ ਸ਼ਬਨਮ ਬਾਨੋ ਬਣ ਕੇ ਰਹੇਗੀ, ਮੇਰੇ ਤੋਂ ਸਿਵਾ ਇਸ
ਦੁਨੀਆਂ ਵਿੱਚ ਇਸ ਦਾ ਕੋਈ ਵਾਲੀ-ਵਾਰਸ ਨਹੀਂ ਹੈ[[[ ਤੁਸਾਂ ਸਭ ਨੇ ਇਸ ਨੂੰ
ਕਬੂਲਣਾ ਹੈ[[!” ਖ਼ਾਨ ਦੇ ਕੋਲ ਚੰਗਾ ਪੈਸਾ ਸੀ, ਵੱਡੀ ਹਵੇਲੀ ਸੀ। ਉਸ ਦੇ
ਖਿ਼ਲਾਫ਼ ਕਿਸ ਨੇ ਬੋਲਣ ਦੀ ਹਿੰਮਤ ਕਰਨੀ ਸੀ?
“...ਹੂੰ....ਹੂੰ...!” ਛੋਟੀ ਬੇਗ਼ਮ ਨਜ਼ਮਾ ਨੇ ਗੁੱਸੇ ਨਾਲ ਤੱਕਿਆ ਅਤੇ ਪੈਰ
ਪਟਕਦੀ ਬਾਹਰ ਦੂਜੇ ਕਮਰੇ ਵਿੱਚ ਚਲੀ ਗਈ। ਵੱਡੀ ਬੇਗ਼ਮ ਸਫ਼ੀਨਾ ਖਾਮੌਸ਼ ਸੀ।
ਸ਼ਾਇਦ ਉਸ ਦੀ ਵੀ ਕੋਈ ਦਰਦ ਭਰੀ ਕਹਾਣੀ ਰਹੀ ਹੋਏਗੀ। ਬਾਰ੍ਹਾਂ ਸਾਲ ਵਾਲੇ ਬੇਟੇ
ਨੂੰ ਸਭ ਸਮਝ ਆ ਰਿਹਾ ਸੀ, ਇਸ ਲਈ ਉਸ ਨੇ ਭਾਂਡੇ ਸੱੁਟ ਕੇ ਰੋਸ ਜਿਹਾ ਕੀਤਾ, ਪਰ
ਮੂੰਹੋਂ ਕੁਝ ਨਾ ਬੋਲਿਆ। ਸੀਬੋ ਦੀ ਖ਼ਾਮੋਸ਼ੀ ਦੇ ਨਾਲ ਹੀ ਸਾਰੇ ਟੱਬਰ ਦੀ
ਖ਼ਾਮੋਸ਼ੀ ਨੇ ਫਿਰੋਜ਼ ਖ਼ਾਨ ਨੂੰ ਮਨ-ਮਰਜ਼ੀ ਕਰਨ ਦੀ ਸਹਿਮਤੀ ਭਰ ਦਿੱਤੀ। ਸੀਬੋ
ਨੇ ਆਪਣਾ ‘ਸੀਬੋ’ ਵਾਲਾ ਜਾਮਾ ਲਾਹ ਕੇ ਸ਼ਬਨਮ ਵਾਲਾ ਬੁਰਕਾ ਪਾ ਲਿਆ। ਧੀਰੇ-ਧੀਰੇ
ਦਿਨ ਖਿਸਕ ਰਹੇ ਸਨ। ਸ਼ਬਨਮ ਨੇ ਆਪਣੇ ਮਿੱਠੇ ਅਤੇ ਸਰਲ ਸੁਭਾਹ ਕਰ ਕੇ ਸਭ ਦਾ ਮਨ
ਮੋਹ ਲਿਆ। ਪਰ ਛੋਟੀ ਬੇਗ਼ਮ ਨਜ਼ਮਾ ਨੇ ਸ਼ਬਨਮ ਨਾਲ ਸਿੱਧੀ ਤੰਦ ਨਾ ਪਾਈ। ਬੱਚਿਆਂ
ਨਾਲ ਸਮਾਂ ਬਿਤਾਉਣਾ ਸ਼ਬਨਮ ਨੂੰ ਚੰਗਾ ਲੱਗਦਾ ਸੀ, ਜਾਂ ਫ਼ੇਰ ਪਤਨੀ ਬਣਨ ਤੋਂ
ਬਾਅਦ ਉਸ ਵਿੱਚ ਮਾਂ ਵਾਲੀ ਮਮਤਾ ਵੀ ਪਣਪ ਰਹੀ ਸੀ। ਬੱਚੇ ਸ਼ਬਨਮ ਦੇ ਕਮਰੇ ਵਿੱਚ
ਖੇਡਣ ਆਉਂਦੇ ਤਾਂ ਨਜ਼ਮਾ ਝਟਕੇ ਨਾਲ ਬਾਂਹ ਫੜ ਕੇ ਲੈ ਜਾਂਦੀ। ਇਸ ਵਿਵਹਾਰ ਨੇ
ਸ਼ਬਨਮ ਨੂੰ ਪ੍ਰੀਵਾਰ ਦਾ ਹਿੱਸਾ ਨਾ ਹੋਣ ਦਾ ਅਹਿਸਾਸ ਕਰਵਾਉਂਣਾ ਸ਼ੁਰੂ ਕਰ
ਦਿੱਤਾ। ਸ਼ਬਨਮ (ਸੀਬੋ) ਇੱਕ ਦਿਨ ਆਪਣੀ ਇਕੱਲੇਪਣ ਅਤੇ ਮਮਤਾ ਦੀ ਭਾਵਨਾ ਨੂੰ ਲਈ
ਬੜੀ ਉਦਾਸ ਬੈਠੀ ਸੀ। ਰਾਤ ਜਦ ਫਿਰੋਜ਼ ਖ਼ਾਨ ਕਮਰੇ ਵਿੱਚ ਆਇਆ ਤਾਂ ਮਾਹੌਲ ਵਿੱਚ
ਮਾਤਮ ਜਿਹਾ ਵੇਖ ਕੇ ਬੋਲਿਆ।
“...ਕੀ ਗੱਲ ਹੈ ਮੇਰੀ ਪਿਆਰੀ ਬੇਗ਼ਮ ਜਾਨ...ਐਨੀ ਉਦਾਸੀ ਦਾ ਕਾਰਨ?”
“...ਇੱਕ ਮੰਗ ਕਰਾਂ...?” ਸ਼ਬਨਮ ਨੂੰ ਪਤਾ ਸੀ ਕਿ ਉਸ ਦੀ ਮੰਗ ਪੂਰੀ ਹੋ ਜਾਏਗੀ।
“....ਹੂੰਅ....!” ਸੈ਼ਤਾਨ ਦਿਮਾਗ ਨੇ ਜਿਵੇਂ ਕੁਝ ਪਹਿਲਾਂ ਹੀ ਭਾਂਪ ਲਿਆ ਸੀ।
“...ਮੈਂ ਸਾਰਾ ਦਿਨ ਘਰ ਵਿੱਚ ਇਕੱਲੀ ਮਹਿਸੂਸ ਕਰਦੀ ਹਾਂ...ਮੈਨੂੰ ਵੀ ਇੱਕ ਬੱਚਾ
ਚਾਹੀਦਾ ਹੈ...?”
“...ਘਰ ਵਾਲੇ ਬੱਚੇ ਕੀ ਤੇਰੇ ਬੱਚੇ ਨਹੀਂ?” ਫਿਰੋਜ਼ ਖ਼ਾਨ ਦੀਆਂ ਤਿਊੜੀਆਂ ਤਣ
ਗਈਆਂ।
“...ਮੈਨੂੰ ...ਮੇਰਾ ਬੱਚਾ ਚਾਹੀਦਾ...!” ਸ਼ਬਨਮ ਨੇ ਹੱਥ ਜੋੜ ਕੇ ਬੇਨਤੀ ਕੀਤੀ।
“....ਵੇਖ ਸ਼ਬਨਮ..! ਤੈਨੂੰ ਮੈਂ ਬ਼ੇਸਹਾਰਾ ਸਮਝ ਕੇ ਆਸਰਾ ਦਿੱਤਾ ਸੀ, ਹੂਣ ਤੂੰ
ਹਿੱਸੇਦਾਰ ਬਣਨ ਦੀ ਗੱਲ ਕਰ ਰਹੀ ਏਂ...!” ਫਿ਼ਰੋਜ਼ ਖ਼ਾਨ ਦੇ ਤੇਵਰ ਬਦਲ ਗਏ। ਉਸ
ਦੇ ਮਨ ਦਾ ਜ਼ਹਿਰ ਬਾਹਰ ਆ ਡਿੱਗਿਆ।
“...ਨਹੀਂ...ਮੈਨੂੰ ਵੀ ਇੱਕ ਜੀਣ ਦਾ ਆਸਰਾ ਚਾਹੀਦਾ ਹੈ... ਮੈਨੂੰ ਇੱਕ ਬੱਚਾ
ਚਾਹੀਦਾ...ਆਪਣੀ ਕੁੱਖੋਂ...!” ਸ਼ਬਨਮ ਰੋਂਦੀ ਹੋਈ ਖ਼ਾਨ ਦੇ ਪੈਰਾਂ ‘ਤੇ ਡਿੱਗ
ਪਈ। ਫਿਰੋਜ਼ ਖ਼ਾਨ ਨੇ ਸ਼ਬਨਮ ਨੂੰ ਮੰਜੇ ‘ਤੇ ਸੁੱਟਿਆ ਅਤੇ ਆਪਣੀ ‘ਇੱਛਾ’ ਦੀ
ਮੋਹਰ ਲਾ ਕੇ, ਸ਼ਬਨਮ ਨੂੰ ਇਸ ਘਰ ਵਿੱਚ ਉਸ ਦੀ ਹੌਂਦ ਦਾ ਅਹਿਸਾਸ ਕਰਵਾ ਦਿੱਤਾ।
ਸ਼ਬਨਮ ਬਣੀ ਸੀਬੋ ਦਾ ਸੂਰਜ ਇੱਕ ਵਾਰ ਫ਼ੇਰ ਡੁੱਬ ਗਿਆ। ਚੜ੍ਹਿਆ ਸਵੇਰਾ ਸੀਬੋ ਲਈ
ਸੁਨਿਹਰਾ ਨਹੀਂ ਸੀ, ਉਸ ਨੂੰ ਘੋਰ ਹਨੇ੍ਹਰਾ ਹੀ ਹਨੇ੍ਹਰਾ ਪਸਰਿਆ ਲੱਗ ਰਿਹਾ ਸੀ।
ਜਦ ਦੇਰ ਤੱਕ ਸ਼ਬਨਮ ਕਮਰੇ ਤੋਂ ਬਾਹਰ ਨਾ ਆਈ ਤਾਂ ਵੱਡੀ ਬੇਗ਼ਮ ਸਫ਼ੀਨਾ ਨੇ ਆ ਕੇ
ਸਾਰੇ ਕਮਰੇ ਦਾ ਮੁਆਇਨਾ ਕੀਤਾ। ਸ਼ਬਨਮ ਦੀਆਂ ਅੱਖਾਂ ਰੋ-ਰੋ ਕੇ ਬੇਰ ਵਾਂਗ ਲਾਲ
ਅਤੇ ਸੁੱਜੀਆ ਪਈਆਂ ਸਨ।
“...ਸ਼ਬਨਮ ਕੀ ਹੋਇਆ...?...ਕੋਈ ਝਗੜਾ...?” ਸਫ਼ੀਨਾ ਨੇ ਪਿਆਰ ਨਾਲ ਸੀਬੋ ਦੇ
ਸਿਰ ‘ਤੇ ਹੱਥ ਰੱਖਿਆ।
“...ਭੈਣ...ਮੇਰੀ ਮਮਤਾ ਅਤੇ ਮੇਰੀ ਸੁੰਨੀ ਕੁੱਖ ਇੱਕ ਬੱਚੇ ਨੂੰ ਤਰਸ ਰਹੀ
ਹੈ...!” ਸ਼ਬਨਮ ਭੁੱਬਾਂ ਮਾਰ ਕੇ ਰੋਣ ਲੱਗ ਪਈ।
“...ਸ਼ਬਨਮ...ਮੈਨੂੰ ਤੇਰੇ ਨਾਲ ਪੂਰੀ ਹਮਦਰਦੀ ਹੈ, ਪਰ ਮੈਂ ਤੈਨੂੰ ਯਕੀਨ ਦੁਆਨੀ
ਹਾਂ ਕਿ ਤੇਰੀ ਆਹ ਮੁਰਾਦ ਇਸ ਘਰ ਵਿੱਚ ਪੂਰੀ ਨਹੀਂ ਹੋ ਸਕਦੀ...!” ਸਫ਼ੀਨਾ ਨੂੰ
ਸਾਰੇ ਮਸਲੇ ਦੀ ਕਿਸੇ ਸੱਚੀ ਹਕੀਕਤ ਦਾ ਅੰਦਾਜ਼ਾ ਸੀ।
“...ਭੈਣ..ਤਾਂ...ਮੈਂ...ਕਦੇ ਮਾਂ...?” ਸੀਬੋ ਕੰਬ ਗਈ।
“...ਵੇਖ!!...ਸ਼ਬਨਮ ਦੁਨੀਆਂ ਸਿਰਫ਼ ਫਿਰੋਜ਼ ਖ਼ਾਨ ਦੇ ਘਰ ਵਿੱਚ ਹੀ ਖ਼ਤਮ ਨਹੀਂ
ਹੋ ਜਾਂਦੀ...ਮੈਂ ਇਕ ਔਰਤ ਹੋਣ ਦੇ ਨਾਤੇ ਤੈਨੂੰ ਮਸ਼ਵਰਾ ਦੇਨੀ ਆਂ...!” ਸਫ਼ੀਨਾ
ਨੇ ਚੋਰਾਂ ਵਾਂਗ ਕੰਨ ਵਿੱਚ ਕਿਹਾ।
“...ਦੱਸੋ ਭੈਣ...!”
“...ਤੂੰ ਇਸ ਕੈਦ ਤੋਂ ਭੱਜ ਜਾ...ਸ਼ਬਨਮ ਆਪਣੀ ਜਿ਼ੰਦਗੀ ਨੂੰ ਇੰਜ ਕਿਸੇ ਦੀ
‘ਹਵਸ’ ਵਾਸਤੇ ਬਰਬਾਦ ਨਾ ਕਰ...ਸ਼ਬਨਮ ਤੂੰ ਭੱਜ ਜਾ...!” ਗਲ ਭਾਵੇਂ ਡਰਾਉਣੀ
ਸੀ। ਪਰ ਇਸ ਵਿੱਚ ਕਿਤੇ ਨਾ ਕਿਤੇ ਸ਼ਬਨਮ ਦੀ ਕੈਦ ਤੋਂ ਸੀਬੋ ਦੀ ਆਜ਼ਾਦੀ ਵੀ
ਛੁਪੀ ਸੀ।
“...ਜੀ...ਭੈਣ...!” ਸੀਬੋ ਨੂੰ ਇਸ ਘਰ ਵਿੱਚ ਆਪਣੀ ਨਰਕ ਵਾਲੀ ਜਿ਼ੰਦਗੀ ਦੀ
ਭਵਿੱਖਬਾਣੀ ਸਮਝ ਆ ਰਹੀ ਸੀ। ਆਪਣੇ ਆਪ ਨੂੰ ਇੱਕ ਹੋਰ ਚੁਣੌਤੀ ਦੇਣ ਦੇ ਲਈ ਸੀਬੋ
ਨੇ ਫੈਸਲਾ ਕਰ ਲਿਆ। ਫਿਰੋਜ਼ ਖ਼ਾਨ ਦੇ ਘਰ ਮੁੜਨ ਤੋਂ ਪਹਿਲਾਂ ਜਲਦੀ ਹੀ ਕੋਈ ਕਦਮ
ਚੁੱਕਣਾ ਪੈਣਾ ਸੀ।
“...ਮੇਰੀਆਂ ਚੰਗੀਆਂ ਯਾਦਾਂ ਵਿੱਚ ਤੁਸੀਂ ਮੈਨੂੰ ਹਮੇਸ਼ਾ ਯਾਦ ਰਹੋਗੇ ਭੈਣ
ਜੀ...!” ਸੀਬੋ ਨੇ ਸਨੇਹ ਨਾਲ ਕਿਹਾ। ਫ਼ੇਰ ਇੱਕ ਮਿੰਟ ਤੋਂ ਵੀ ਪਹਿਲਾਂ ਸੀਬੋ
ਮੰਜੇ ਤੋਂ ਛਾਲ ਮਾਰ ਕੇ ਉਠੀ, ਸਫ਼ੀਨਾ ਦੇ ਗਲੇ ਲੱਗੀ ਅਤੇ ਘਰ ਤੋਂ ਬਾਹਰ ਤੇਜ਼
ਕਦਮਾਂ ਨਾਲ ਨਿੱਕਲ ਗਈ... ਇੱਕ ਹੋਰ ਅਣਮਿਥੇ ਸਫ਼ਰ ਲਈ। ਲਗਾਤਾਰ ਕਈ ਘੰਟੇ ਤੁਰਨ
ਤੋਂ ਬਾਅਦ ਉਸ ਦੀ ਹਿੰਮਤ ਜਵਾਬ ਦੇ ਗਈ ਸੀ। ਸੁਨਸਾਨ ਰਾਹਾਂ ‘ਤੇ ਦੂਰ-ਦੂਰ ਤੱਕ
ਕੁਝ ਨਹੀਂ ਦਿਸ ਰਿਹਾ ਸੀ। ਪਰਿੰਦੇ ਵੀ ਘਰਾਂ ਨੂੰ ਮੁੜ ਰਹੇ ਸਨ। ਮੈਂ ਇਸ ਵਿਸ਼ਾਲ
ਦੁਨੀਆਂ ਵਿੱਚ ਕਿੰਨੀ ਇਕੱਲੀ ਹਾਂ, ਮੇਰਾ ਕੋਈ ਘਰ ਨਹੀਂ ...ਮੇਰਾ ਕੋਈ ਆਸਰਾ
ਨਹੀਂ...? ...ਸੀਬੋ ਕਿਸ ਦੇ ਲਈ ਜੀਅ ਰਹੀ ਹੈ? ਨਿਰਾਸ਼ਾ ਭਰੇ ਵਿਚਾਰਾਂ ਨੇ ਸੀਬੋ
ਨੂੰ ਹੋਰ ਵੀ ਦੁਖੀ ਕਰ ਦਿੱਤਾ। ਅਖੀਰ ਉਸ ਨੇ ਆਪਣੀ ਜਿ਼ੰਦਗੀ ਖ਼ਤਮ ਕਰਨ ਦਾ
ਫੈ਼ਸਲਾ ਕਰ ਲਿਆ। ਕੁਝ ਦੂਰੀ ‘ਤੇ ਇੱਕ ਨਹਿਰ ਵਗ ਰਹੀ ਸੀ। ਸੀਬੋ ਭਾਰੀ ਕਦਮਾਂ
ਨਾਲ ਨਹਿਰ ਵੱਲ ਤੁਰ ਪਈ। ਆਪਣੀ ਜਿ਼ੰਦਗੀ ਦੇ ਧਾਗਿਆਂ ਨੂੰ ਉਧੇੜਦੀ-ਬੁਣਦੀ
ਬਦ-ਹਵਾਸੀ ਵਿੱਚ ਤੁਰੀ ਜਾ ਰਹੀ ਸੀ। ਨਹਿਰ ਕੋਲ ਆ ਕੇ ਸੀਬੋ ਗਹਿਰੀ ਸੋਚ ਵਿੱਚ
ਖੁੱਭੀ ਹੋਈ, ਪਾਣੀ ਵਿੱਚ ਝਾਤੀ ਮਾਰਦੀ ਆਪਣੇ-ਆਪ ਨਾਲ ਸਵਾਲ ਕਰਦੀ, ਸਦਾ ਲਈ ਇਸ
ਨਹਿਰ ਵਿੱਚ ਆਪਣੀ ਲੀਲਾ ਸਮਾਪਤ ਕਰਨ ਦਾ ਮਨ ਬਣਾ ਰਹੀ ਸੀ। ਉਸ ਨੂੰ ਜਾਪ ਰਿਹਾ ਸੀ
ਕਿ ਉਸ ਦੇ ਖਿਡਾਉਣਿਆਂ ਵਾਂਗ, ਉਹ ਵੀ ਇੱਕ ਖਿਡਾਉਣਾ ਹੀ ਹੈ, ਜਿਸ ਦੀ ਮਿੱਟੀ ਇਸ
ਪਾਣੀ ਵਿੱਚ ਮਿਲ ਕੇ ਖੁਰ ਜਾਏਗੀ... ਵੈਸੇ ਵੀ ਇਸ ਦੁਨੀਆਂ ਵਿੱਚ ਉਸ ਨੂੰ ਰੋਣ
ਵਾਲਾ ਕੌਣ ਹੈ? ਜਿਵੇਂ ਹੀ ਆਖਰੀ ਸੋਚ ਨੇ ਸੀਬੋ ਨੂੰ ਘੇਰਿਆ, ਇੱਕ ਮਜਬੂਤ ਹੱਥ ਨੇ
ਉਸ ਦੀ ਬਾਂਹ ਫੜ ਲਈ।
“...ਆਹ ਕੀ? ਕੌਣ ਹੈ ਤੂੰ...?? ਮਰਨ ਕਿਉਂ ਲੱਗੀ ਹੈਂ...???” ਇੱਕ ਸਿੱਖੀ ਸਰੂਪ
ਵਾਲੇ ਗੁਰਸਿੱਖ ਨੇ ਸੀਬੋ ਨਾਲ ਥੋੜੀ ਤਲਖ-ਕਲਾਮੀ ਕਰ ਕੇ ਉਸ ਨੂੰ ਨਹਿਰ ਕੋਲੋਂ
ਪਾਸੇ ਕਰ ਲਿਆ। ਸੀਬੋ ਲਗਾਤਾਰ ਰੋਂਦੀ-ਕੁਰਲਾਉਂਦੀ ਰਹੀ। ਗੁਰਸਿੱਖ ਸੀਬੋ ਨੂੰ
ਹੌਂਸਲਾ ਦਿੰਦਾ ਰਿਹਾ। ਜਦੋਂ ਸੀਬੋ ਰੋ ਕੇ ਹੰਭ ਗਈ ਤਾਂ ਬੋਲੀ, “...ਮੈਂ ਜੀਣਾ
ਨਹੀਂ ਚਾਹੁੰਦੀ...ਮੈਨੂੰ ਮਰ ਜਾਣ ਦੇਵੋ...ਮੈਂ ਬਹੁਤ ਦੁਖੀ ਹਾਂ...!”
“...ਮਰਨਾ ਹੀ ਦੁੱਖਾਂ ਦਾ ਹੱਲ ਹੁੰਦਾ, ਤਾਂ ਮੈਂ ਕਦੋਂ ਦਾ ਮਰ-ਮੁੱਕ ਜਾਣਾ
ਸੀ...!” ਗੁਰਸਿੱਖ ਦੇ ਮੂੰਹੋਂ ਅਚਨਚੇਤੀ ਆਪਣਾ ਦੁੱਖ ਸ਼ਬਦਾਂ ਰਾਹੀਂ ਨਿਕਲ ਗਿਆ।
ਸੀਬੋ ਨੂੰ ਸਮਝਦਿਆਂ ਦੇਰ ਨਾ ਲੱਗੀ ਕਿ ਇਹ ਵੀ ਕੋਈ ਸਤਾਇਆ ਹੋਇਆ ਹੀ ਹੈ। ਸੀਬੋ
ਨੂੰ ਸੰਭਲਣ ਲਈ ਇਤਨਾ ਹੀ ਕਾਫ਼ੀ ਸੀ। ਦੋਹਾਂ ਵਿਚਕਾਰ ਸਿਰਫ਼ ਇੱਕ ਚੁੱਪ ਦੀ ਲੰਮੀ
ਸਾਂਝ ਸੀ।
“...ਕੀ ਨਾਮ ਹੈ ਤੇਰਾ?” ਗੁਰਸਿੱਖ ਨੇ ਸੀਬੋ ਪੁੱਛਿਆ। ਕਿਸੇ ਨਾਲ ਗੱਲ ਕਰਨ ਲਈ
ਆਹੀ ਪਹਿਲਾ ਸਵਾਲ ਬਣਦਾ ਹੈ।
“...ਸੀਬੋ...!” ਸੀਬੋ ਨੇ ਆਪਣੀ ਅਸਲੀ ਅਤੇ ਪਹਿਲੀ ਪਹਿਚਾਣ ਨੂੰ ਹੀ ਤਵੱਜੋਂ
ਦਿੱਤੀ।
“...ਮੇਰਾ ਨਾਮ ਗੁਰਦਿਆਲ ਸਿੰਘ ਹੈ... ਮੈਂ ਐਨਾ ਤਾਂ ਸਮਝ ਗਿਆ ਹਾਂ ਕਿ ਤੂੰ
ਕਿਸੇ ਵਜ੍ਹਾ ਕਰ ਕੇ ਦੁਖੀ ਹੈ... ਤੇਰਾ ਚਿੱਤ ਮੰਨੇ ਤਾਂ ਦੁੱਖ ਦੱਸ ਕੇ ਆਪਣੇ ਮਨ
ਦਾ ਬੋਝ ਹਲਕਾ ਕਰ ਸਕਦੀ ਹੈਂ...!”
“..........!” ਸੁਣਿਆ ਸੀ ਕਿ ਦੁਨੀਆਂ ਤੋਂ ਜਾਣਾਂ ਵੀ ਜਨਮ ਦੇ ਵਕਤ ਹੀ ਤੈਅ ਹੋ
ਜਾਂਦਾ ਹੈ। ਸੀਬੋ ਸ਼ਾਂਤ ਸੀ, ਕੀ ਵਾਕਿਆ ਹੀ ਮਰਨਾ ਵੀ ਆਪਣੇ ਵੱਸ ਨਹੀਂ ਹੁੰਦਾ?
“...ਮੇਰੇ ਘਰ ਮੇਰੀ ਬੁੱਢੀ ਮਾਂ ਹੈ, ਤੈਨੂੰ ਮਿਲ ਕੇ ਬਹੁਤ ਖੁਸ਼ ਹੋਏਗੀ...ਆ
ਚੱਲ!!... ਮੇਰੇ ਗੱਡੇ ਉਤੇ ਬੈਠ ਜਾ, ਤੈਨੂੰ ਮਾਂ ਨਾਲ ਮਿਲਾਵਾਂ...!” ਮਾਂ ਦਾ
ਨਾਮ ਸੁਣ ਕੇ ਜਿਵੇਂ ਸੀਬੋ ਦੀ ਤਪਦੀ ਸੋਚ ਨੂੰ ਠੰਢ ਪੈ ਗਈ ਹੋਵੇ। ਸੀਬੋ ਨੂੰ
ਆਪਣੀ ਮਾਂ ਚੇਤੇ ਆ ਗਈ। ਬਿਨਾ ਕੁਝ ਬੋਲੇ ਸੀਬੋ ਗੁਰਦਿਆਲ ਸਿੰਘ ਦੇ ਗੱਡੇ 'ਤੇ
ਇਕੱਠੀ ਜਹੀ ਹੋ ਕੇ ਬੈਠ ਗਈ। ਗੁਰਦਿਆਲ ਸਿੰਘ ਦੇ ਸਿੱਖੀ ਸਰੂਪ ਤੋਂ ਉਹ ਭਲਾ ਆਦਮੀ
ਲੱਗਦਾ ਸੀ। ਕੁਝ ਦੂਰੀ ਤੈਅ ਕਰਨ ਤੋਂ ਬਾਅਦ ਗੁਰਦਿਆਲ ਸਿੰਘ ਨੇ ਖਾਮੋਸ਼ੀ ਤੋੜੀ।
“...ਚੱਲ ਹੁਣ ਕੋਈ ਗੱਲ ਬਾਤ ਸੁਰੂ ਕਰ, ਨਹੀਂ ਤਾਂ ਐਨਾ ਲੰਮਾ ਪੈਂਡਾ ਪਾਰ ਨੀ
ਹੋਣਾ। ਕਿਤੇ ਫ਼ੇਰ ਤੇਰਾ ਮਨ ਮਰਨ ਨੂੰ ਨਾ ਕਰ ਪਵੇ...ਹਾ...ਹਾ...ਹਾ..!”
ਗੁਰਦਿਆਲ ਸਿੰਘ ਸੀਬੋ ਦੇ ਮੁੱਖ ‘ਤੇ ਮੁਸਕੁਰਾਹਟ ਲਿਆਣ ਵਿੱਚ ਕਾਮਯਾਬ ਹੋ ਗਿਆ।
“....ਹੌਰ ਕੌਣ-ਕੌਣ ਹੈ ਘਰ ਵਿੱਚ ਮਾਂ ਤੋਂ ਇਲਾਵਾ...?” ਸੀਬੋ ਆਪਣੇ ਸਵਾਲ ‘ਚ
ਕਿਤੇ ਗੁਰਦਿਆਲ ਦੇ ਦੁੱਖ ਦਾ ਕਾਰਨ ਲੱਭ ਰਹੀ ਸੀ।
“...ਹੂੰ...ਆਹ ਸੱਚ ਹੈ ਕਿ ਦੁੱਖ ਨੂੰ ਫਰੋਲ ਕੇ ਦੱੁਖ ਹੀ ਹੱਥ ਲੱਗਦਾ ਹੈ। ਪਰ
ਬਿਨਾ ਦੱਸਿਆਂ ਦੂਜੇ ਨੂੰ ਪਤਾ ਵੀ ਤਾਂ ਨਹੀਂ ਲੱਗ ਸਕਦਾ...ਮੇਰੀ ਬਹੁਤ ਪਿਆਰੀ
ਘਰਵਾਲੀ ਸੀ, Eਸ ਦੇ ਸਾਥ ਨਾਲ ਜਿ਼ੰਦਗੀ ਸੁਖ-ਸਕੂਨ ਨਾਲ ਬੀਤ ਰਹੀ
ਸੀ...ਖੁਸ਼ੀਆਂ ਵਿੱਚ ਵਾਧਾ ਹੋਇਆ ਅਤੇ ਉਹ ਗਰਭਵਤੀ ਹੋ ਗਈ...ਅਸੀਂ ਸਭ ਬੜੇ ਖੁਸ਼
ਸੀ...ਸਾਡਾ ਇੰਤਜ਼ਾਰ ਖ਼ਤਮ ਹੋਣ ਦਾ ਦਿਨ ਆਇਆ...!” ਗੁਰਦਿਆਲ ਸਿੰਘ ਦੀਆਂ ਅੱਖਾਂ
ਭਰ ਆਈਆਂ।
“............?” ਸੀਬੋ ਦੀਆਂ ਅੱਖਾਂ ਵਿੱਚ ਸਵਾਲ ਸੀ।
“....ਉਸ ਇੰਤਜ਼ਾਰ ਦੇ ਖ਼ਤਮ ਹੋਣ ਨਾਲ ਹੀ ਸਭ ਕੁਝ ਖ਼ਤਮ ਹੋ ਗਿਆ...ਮੇਰਾ ਬੱਚਾ
ਕੁੱਖ ਵਿੱਚ ਹੀ ਮਰ ਗਿਆ ਅਤੇ ਉਸ ਦਾ ਜ਼ਹਿਰ ਮੇਰੀ ਘਰਵਾਲੀ ਦੇ ਸ਼ਰੀਰ ਵਿੱਚ ਫੈ਼ਲ
ਗਿਆ...ਇੱਕ ਹੀ ਘਰ ਵਿੱਚ ਦੋ ਮਾਤਮ ਹੋ ਗਏ...ਫੇ਼ਰ ਦੁਨੀਆਂ ਤੋਂ ਮੇਰਾ ਮਨ ਉਚਾਟ
ਹੋ ਗਿਆ। ਪਰ ਆਪਣੀ ਬੁੱਢੀ ਮਾਂ ਦਾ ਮੈਂ ਹੀ ਇੱਕ ਸਹਾਰਾ ਸੀ...!” ਇਸ ਜਿ਼ੰਦਗੀ
ਦੇ ਲੰਮੇ ਦੁੱਖ ਵਾਲੇ ਸਫ਼ਰ ਨੂੰ ਥੋੜੇ ਜਹੇ ਪੈਂਡੇ ਵਿੱਚ ਹੀ ਗੁਰਦਿਆਲ ਨੇ ਨਿਬੇੜ
ਦਿੱਤਾ।
ਹੁਣ ਸੀਬੋ ਵੀ ਇਸ ਗੁਰਸਿੱਖ ਦੇ ਦੁੱਖ ਕਾਰਨ ਹਮਦਰਦੀ ਨਾਲ ਭਰ ਗਈ ਸੀ। ਇੱਕ ਦੁਖੀ
ਹੀ ਦੂਜੇ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਹੈ।
“...ਤੂੰ ਸੁਣਾ, ਕਿਸ ਤੂਫ਼ਾਨ ਨੂੰ ਸੀਨੇ ਨਾਲ ਲਾ ਕੇ ਬੈਠੀ ਹੈਂ?” ਗੁਰਦਿਆਲ ਦੇ
ਬਚਨਾਂ ਵਿੱਚ ਮਿਠਾਸ ਅਤੇ ਮਿੰਨਤ ਸੀ।
“...ਜੀ...ਮੈਂ ਕਿਸੇ ਦੀ ਵਿਧਵਾ ਹਾਂ ਅਤੇ ਗੋਦ ਵੀ ਖਾਲੀ ਹੈ, ਇਸ ਲਈ ਜੀਣ ਦਾ
ਕੋਈ ਮਕਸਦ ਨਹੀਂ ਲੱਭ ਰਿਹਾ...!” ਸੀਬੋ ਆਪਣੀ ਲੰਮੀ ਦਾਸਤਾਨ ਨੂੰ ਇੱਕੋ ਲਾਈਨ
ਵਿੱਚ ਬੋਲ ਕੇ ਚੁੱਪ ਹੋ ਗਈ।
“....ਲੈ, ਆ ਗਿਆ ਆਪਣਾ ਘਰ!!...ਆਹ ਵੀ ਚੰਗਾ ਹੋਇਆ ਕਿ ਤੇਰੀ ਕਹਾਣੀ ਛੋਟੀ
ਹੈ...ਵਰਨਾ ਕਹਾਣੀ ਸੁਣਨ ਲਈ ਗੱਡਾ ਵਾਪਸ ਮੋੜਨਾ ਪੈਣਾ ਸੀ...ਹਾ...ਹਾ...!” ਘਰ
ਦੇ ਸਾਹਮਣੇ ਗੱਡੇ ਨੂੰ ਖਲਾ੍ਹਰ ਕੇ ਗੁਰਦਿਆਲ ਨੇ ਸੀਬੋ ਨੂੰ ਥੱਲੇ ਲੱਥਣ ਲਈ
ਕਿਹਾ।
“....ਮਾਂ... ਉਹ...ਮਾਂ...ਵੇਖ ਤਾਂ ਕੌਣ ਘਰ ਆਇਆ ਹੈ?” ਗੁਰਦਿਆਲ ਦੀ ਅਵਾਜ਼
ਵਿੱਚ ਚਾਂਗ ਸੀ।
“...ਕੌਣ ਹੈ ਵੇ ਦਿਆਲੇ?” ਇੱਕ ਬੁੱਢੀ ਮਾਈ ਕਮਜੋਰ ਜਹੇ ਕਦਮਾਂ ਨਾਲ ਚੁੱਲੇ੍ਹ
ਕੋਲੋਂ ਉਠ ਕੇ ਅੱਗੇ ਵਧੀ। ਸਿਰ ਕੱਜਿਆ ਹੋਇਆ, ਗਾਤਰੇ ਕ੍ਰਿਪਾਨ, ਹੱਥ ਵਿੱਚ
ਸਰਬ-ਲੋਹ ਦਾ ਕੜਾ...ਮਾਂ ਦਾ ਸਰੂਪ ਆਪ ਹੀ ਆਪਣੇ ਧਰਮ ਦੀ ਗਾਥਾ ਬੋਲ ਰਿਹਾ ਸੀ।
“ਮਾਂ ਆਹ ਸੀਬੋ ਹੈ!” ਇਸ ਤੋਂ ਜਿਆਦਾ ਕੁਝ ਹੋਰ ਕੀ ਦੱਸ ਸਕਦਾ ਸੀ ਗੁਰਦਿਆਲ ਆਪਣੀ
ਮਾਂ ਨੂੰ ਸੀਬੋ ਬਾਰੇ?
“...ਆ ਧੀਏ, ਲੰਘ ਆ...!” ਹੰਢਾਈ ਹੋਈ ਉਮਰ ਦਾ ਅਨੁਭਵ ਮਾਂ ਦੇ ਇਸ ਬੋਲ ‘ਚ
ਸਪੱਸ਼ਟ ਦਿਸ ਰਿਹਾ ਸੀ। ਬਜੁਰਗ ਨੇ ਅਣਜਾਣ ਜਵਾਨ ਕੁੜੀ ਤੋਂ ਕੁਝ ਹੋਰ ਪੁੱਛਣ ਦੀ
ਖੇਚਲ ਨਾ ਕੀਤੀ। ਸੀਬੋ ਕੁਝ ਕਦਮ ਤੁਰ ਕੇ ਅੱਗੇ ਵਧੀ ਤਾਂ ਬੁੱਢੀ ਮਾਂ ਨੇ ਉਸ ਨੂੰ
ਕਲੇਜੇ ਨਾਲ ਲਾ ਲਿਆ। ਮਾਂ ਦੀ ਗਲਵਕੜੀ ਨੇ ਸੀਬੋ ਨੂੰ ਇਤਨਾ ਨਿੱਘ ਅਤੇ ਸੰਤੋਖ
ਦਿੱਤਾ ਕਿ ਉਸ ਦੀਆਂ ਅੱਖਾਂ ਜਾਰੋ-ਜਾਰ ਗੰਗਾ-ਜਮੁਨਾ ਬਣ ਬਹਿ ਗਈਆਂ।
“...ਨੀ ਕਮਲੀ ਨਾ ਹੋਵੇ ‘ਤੇ...ਮਾਂ ਕੋਲ ਆ ਕੇ ਕਾਸ ਤੋਂ ਰੋਣਾਂ? ਬੈਠ ਮੈਂ ਚਾਹ
ਬਣਾਉਨੀ ਆਂ, ਤੂੰ ਹੱਥ-ਪੈਰ ਧੋ ਲੈ..!” ਵੇਹੜੇ ਵਿੱਚ ਲੱਗੇ ਨਲਕੇ ਨੂੰ ਗੁਰਦਿਆਲ
ਨੇ ਗੇੜਿਆ ਅਤੇ ਸੀਬੋ ਹੱਥ-ਪੈਰ ਧੋ ਕੇ ਮੰਜੇ ‘ਤੇ ਆ ਬੈਠ ਗਈ। ਚਾਹ ਪਿਆਉਂਦੇ ਹੋਏ
ਗੁਰਦਿਆਲ ਸਿੰਘ ਨੇ ਮਾਂ ਨੂੰ ਇਤਨਾ ਹੀ ਕਿਹਾ ਕਿ ਇਸ ਦਾ ਕੋਈ ਨਹੀਂ ਹੈ ਦੁਨੀਆਂ
ਵਿੱਚ ਤੇ ਆਹ ਵਿਚਾਰੀ ਜਿਉਣ ਦਾ ਮੋਹ ਵੀ ਛੱਡ ਚੁੱਕੀ ਹੈ। ਸੀਬੋ ਕੁਝ ਨਹੀਂ ਬੋਲੀ।
“...ਨਾ ਧੀਏ, ਆਹ ਰੱਬ ਦੀ ਦਿੱਤੀ ਜਿ਼ੰਦਗੀ ਹੈ, ਇਸ ਨੂੰ ਮਾਨਣਾ ਚਾਹੀਦਾ[[ਇੰਜ
ਨਿਰਾਸ਼ ਨਹੀਂ ਹੋਈਦਾ। ਹੁਣ ਤੇਰੇ ਕੋਲ ਮੈਂ ਹੈਗੀ ਆਂ...ਸਭ ਠੀਕ ਹੋਜੂਗਾ...!”
ਬੁੱਢੀ ਮਾਂ ਨੂੰ ਸੀਬੋ ਦੇ ਨਿਰਾਸ਼ ਜੀਵਨ ਵਿੱਚ ਆਪਣੀ ‘ਆਸ’ ਦਿਸਣ ਲੱਗ ਪਈ।
ਗੁਰਦਿਆਲ ਸਿੰਘ ਦੋਹਾਂ ਨੂੰ ਦੇਖ ਰਿਹਾ ਸੀ ਅਤੇ ਸੋਚ ਰਿਹਾ ਸੀ ਕਿ ਔਰਤ ਕਿੰਨੀ
ਜਲਦੀ ਮੋਹ ਜਾਲ ਬੁਣ ਲੈਂਦੀ ਹੈ।
....ਹਫ਼ਤਾ ਬੀਤ ਗਿਆ। ਇੱਕ ਵਾਰ ਫ਼ੇਰ ਸੀਬੋ ਨੇ ਆਪਣੇ ਮਿੱਠੇ ਅਤੇ ਨਿੱਘੇ ਸੁਭਾਹ
ਦਾ ਜਾਦੂ ਮਾਂ ਅਤੇ ਗੁਰਦਿਆਲ ‘ਤੇ ਚਲਾ ਕੇ ਉਨ੍ਹਾਂ ਨੂੰ ਮੋਹਿਤ ਕਰ ਲਿਆ। ਸੀਬੋ
ਨੱਠ-ਨੱਠ ਕੇ ਘਰ ਦੇ ਸਾਰੇ ਕੰਮ-ਕਾਜ ਕਰਦੀ। ਬਜ਼ੁਰਗ ਮਾਂ ਦੇ ਸਿਰ ਅਤੇ ਪੈਰਾਂ ਦੀ
ਮਾਲਿਸ਼ ਕਰਦੀ। ਗੁਰਦਿਆਲ ਦੀ ਹਰ ਚੀਜ਼ ਦਾ ਖਿ਼ਆਲ ਰੱਖਦੀ। ਇਸ ਘਰ ਦੀਆਂ ਖੁਸ਼ੀਆਂ
ਮੁੜ ਆਈਆਂ ਸਨ। ਘਰ ਵਿੱਚ ਰੌਣਕ ਵੀ ਹੋ ਗਈ ਸੀ ਅਤੇ ਹੁਣ ਬੁੱਢੀ ਮਾਂ ਇਸ ਖੁਸ਼ੀ
ਨੂੰ ਪੱਕੇ ਤੌਰ ‘ਤੇ ਘਰ ਵਿੱਚ ਕਾਇਮ ਰੱਖਣਾ ਚਾਹੁੰਦੀ ਸੀ। ਇੱਕ ਦਿਨ ਸਹੀ ਮੌਕਾ
ਵੇਖ ਕੇ ਮਾਂ ਨੇ ਗੁਰਦਿਆਲ ਸਿੰਘ ਨੂੰ ਟੋਹਿਆ।
“...ਪੁੱਤ ਦਿਆਲੇ...ਇੱਕ ਗੱਲ ਕਰਨੀ ਸੀ...ਜੇ ਤੂੰ ਮੰਨੇ ਤਾਂ ਦੱਸਾਂ?”
“...ਬੋਲ ਮਾਂ...ਮੈਂ ਪਹਿਲਾਂ ਤੇਰੀ ਕੋਈ ਗੱਲ ਮੋੜੀ ਹੈ ਕਦੇ?”
“...ਆਹ ਕੁੜੀ...ਸੀਬੋ...ਮੇਰੇ ਮਨ ਲੱਗ ਗਈ ਹੈ...ਜੇ ਤੂੰ ਵਿਆਹ ਨੂੰ ਮੰਨੇ, ਤਾਂ
ਆਪਾਂ ਇਸ ਦੇ ਕੰਨੀਂ ਗੱਲ ਪਾਈਏ?”
“...ਮਾਂ...ਤੂੰ ਆਹ ਕਿਹੜੀ ਮਿਣਤੀ ਮਿਣਨ ਵਿੱਚ ਪੈ ਗਈ?” ਗੁਰਦਿਆਲ ਆਪਣੇ ਮਨ ਦੇ
ਵਲਵਲੇ ਨੂੰ ਦਬਾ ਰਿਹਾ ਸੀ।
“...ਵੇਖ ਪੱੁਤ, ਮੈਂ ਹੋਰ ਕਿੰਨੇ ਕੁ ਦਿਨ ਤੇਰੀਆਂ ਰੋਟੀਆਂ ਪਕਾ ਸਕੂੰਗੀ...?
ਮੇਰੀ ਵੀ ਢਲਦੀ ਉਮਰ ਹੈ...!” ਮਾਂ ਨੇ ਡੂੰਘਾ ਜਿਹਾ ਸਾਹ ਲਿਆ।
“...ਤੂੰ ਐਂਵੇਂ ਨਾ ਉਦਾਸ ਹੋ, ਸਾਫ਼ ਕਹਿ ਕਿ ਸੇਵਾ ਕਰਵਾਉਣ ਨੂੰ ਚਿੱਤ
ਕਰਦਾ...ਹਾ...ਹਾ..ਹਾ..!” ਗੁਰਦਿਆਲ ਸਿੰਘ ਨੇ ਮਾਹੌਲ ਬਦਲਦਿਆਂ ਕਿਹਾ।
“....ਫ਼ੇਰ ਮੈਂ ਗੱਲ ਤੋਰਾਂ?” ਮਾਂ ਦੀਆਂ ਅੱਖਾਂ ਵਿੱਚ ਚਮਕ ਆ ਗਈ।
“...ਜਿਵੇਂ ਤੂੰ ਠੀਕ ਸਮਝੇਂ...ਮਾਤਾ ਮੇਰੀਏ!” ਗੁਰਦਿਆਲ ਨੇ ਲਾਡ ਨਾਲ ਆਪਣਾ ਸਿਰ
ਮਾਂ ਦੀ ਗੋਦ ਵਿੱਚ ਰੱਖ ਦਿੱਤਾ, ਜਿਵੇਂ ਇੱਕ ਬਾਲਕ ਮਾਂ ਦੀ ਗੋਦ ਵਿੱਚ ਆਪਣੇ-ਆਪ
ਨੂੰ ਸੁਰੱਖਿਅਤ ਮੰਨਦਾ ਹੈ।
ਗੁਰਦਿਆਲ ਦੇ ਖੇਤ ਨੂੰ ਜਾਂਦਿਆਂ ਹੀ ਮਾਂ ਚੁੱਲੇ੍ਹ ਕੋਲ ਬੈਠੀ ਸੀਬੋ ਦੇ ਮੂਹਰੇ
ਪੀੜ੍ਹੀ ਡਾਹ ਕੇ ਆ ਬਿਰਾਜੀ। ਸਬਜ਼ੀ ਕੱਟਦੀ ਸੀਬੋ ਦੇ ਹੱਥ ਨੂੰ ਮਾਂ ਨੇ ਹੋਲੀ
ਜਿਹੇ ਫ਼ੜ ਲਿਆ।
“...ਧੀਏ, ਜੇ ਬੁਰਾ ਨਾ ਮੰਨੇ ਤਾਂ ਇੱਕ ਗੱਲ ਕਹਾਂ?”
“...ਜੀ ਮਾਂ...!”
“ਤੈਨੂੰ ਵੀ ਜਿਉਣ ਲਈ ਕੋਈ ਨਾ ਕੋਈ ਸਹਾਰਾ ਤਾਂ ਜਰੂਰ ਚਾਹੀਦਾ ਹੈ, ਮੇਰੇ ਪੱੁਤ
ਦਿਆਲੇ ਬਾਰੇ ਤੇਰਾ ਕੀ ਵਿਚਾਰ ਹੈ?” ਬੁੱਢੀ ਮਾਂ ਇੱਕ ਜਵਾਨ ਕੁੜੀ ਦੀਆਂ ਰਮਜ਼ਾਂ
ਨੂੰ ਪੜ੍ਹਣ ਦੀ ਕੋਸਿ਼ਸ਼ ਕਰ ਰਹੀ ਸੀ।
“............!” ਸੀਬੋ ਨੇ ਨੀਵੀ ਪਾ ਲਈ। ਉਸ ਦੀਆਂ ਅੱਖਾਂ ਵਿੱਚ ਜਿਵੇਂ
ਖਾਮੋਸ਼ ਮੁਹੱਬਤ ਦੀ ਸ਼ਰਮ ਉਭਰ ਆਈ ਸੀ।
“...ਮੇਰਾ ਪੁੱਤ ਦਿਆਲਾ...ਬਹੁਤ ਸ਼ਰੀਫ਼ ਅਤੇ ਜੀਆਂ ਦੀ ਪ੍ਰਵਾਹ ਕਰਨ ਵਾਲਾ ਹੈ,
ਤੈਨੂੰ ਬਹੁਤ ਖ਼ੁਸ਼ ਰੱਖੂਗਾ...ਤੁਸਾਂ ਦੋਵੇਂ ਇੱਕ ਦੂਜੇ ਦਾ ਆਸਰਾ ਬਣੇ
ਰਹਿ...ਮੈਂ ਹੋਰ ਕਿੰਨਾ ਕੁ ਚਿਰ ਹਾਂ...!” ਮਾਂ ਭਾਵੁਕ ਹੋ ਗਈ ਅਤੇ ਉਸ ਦੀਆਂ
ਅੱਖਾਂ ਭਰ ਆਈਆਂ।
“...ਮਾਂ...! ਤੁਸੀਂ ਲੰਮੀ ਉਮਰ ਜੀ....!” ਸੀਬੋ ਨੇ ਮਾਂ ਨੂੰ ਜੱਫੇ ਵਿੱਚ ਲੇ
ਲਿਆ, ਜਿਵੇਂ ਆਪਣਾ-ਆਪ ਮਾਂ ਨੂੰ ਨਿਛਾਵਰ ਕਰ ਰਹੀ ਹੋਵੇ। ਮਾਂ ਸ਼ਬਦ ਹੀ ਆਪਣੇ-ਆਪ
ਵਿੱਚ ਮਮਤਾ ਭਰਿਆ ਹੁੰਦਾ ਹੈ।
“...ਮੇਰੀ ਇਸ ਜਿ਼ੰਦਗੀ ‘ਤੇ ਪਹਿਲਾਂ ਹੀ ਤੁਹਾਡੇ ਪੁੱਤ ਦਾ ਹੱਕ ਹੈ, ਮੈਨੂੰ
ਜਿਉਂਣ ਦੀ ਆਸ ਇੰਨ੍ਹਾਂ ਹੀ ਬਖਸ਼ੀ ਹੈ...ਮੈਂ ਸਾਰੀ ਉਮਰ ਤੁਹਾਡੇ ਪ੍ਰੇਮ ਦਾ
ਨਿੱਘ ਮਾਨਣਾ ਚਾਹੁੰਨੀ ਹਾਂ...!” ਸੀਬੋ ਨੇ ਜਿਵੇਂ ਕੋਈ ਉਸਤਤ ਪੜ੍ਹੀ ਸੀ। ਅੱਜ
ਸੀਬੋ ਦੇ ਜੀਵਨ ਵਿੱਚ ਆਏ ਤੁਫ਼ਾਨ ਨੂੰ ਜਿਵੇਂ ਠੱਲ੍ਹ ਪੈ ਗਈ ਸੀ। ਸਮੁੰਦਰ ਦੀਆਂ
ਲਹਿਰਾਂ ਜਿਵੇਂ ਸ਼ਾਂਤ ਹੋ ਗਈਆਂ ਹੋਣ। ਭਖ਼ਦਾ ਸੂਰਜ ਜਿਵੇਂ ਸੀਤਲਤਾ ਵਰਸਾ ਰਿਹਾ
ਹੋਵੇ। ਸੁਨਹਿਰੀ ਸੁਪਨਿਆਂ ਨੂੰ ਬੁਣਦਿਆਂ ਸੀਬੋ ਦਾ ਦਿਨ ਪਲਾਂ 'ਚ ਹੀ ਲੰਘ ਗਿਆ।
“...ਮਾਂ...ਮਾਂ...!” ਗੁਰਦਿਆਲ ਦੀ ਅਵਾਜ਼ ਸੀਬੋ ਨੂੰ ਠੰਢਾ ਬੁੱਲਾ ਜਿਹਾ ਲੁਆ
ਗਈ। ਦੋਹਾਂ ਨੂੰ ਅੱਜ ਘਰ ਵਿੱਚ ਹੋਈ ਨਵੇਂ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਣਕਾਰੀ
ਸੀ ਅਤੇ ਸਹਿਮਤੀ ਵੀ ਸੀ। ਦੋਹਾਂ ਦੇ ਦਿੱਲ ਇੱਕ ਹੋ ਧੜਕ ਰਹੇ ਸੀ। ਪਰ ਅੱਜ ਚਾਰ
ਅੱਖਾਂ ਦੋ ਹੋਣ ਤੋਂ ਝਕ ਰਹੀਆਂ ਸਨ। ਰਾਤ ਦੇ ਖਾਣੇ ਤੋਂ ਬਾਅਦ ਮਾਂ ਨੇ ਅਗਲੀ
ਯੋਜਨਾ ਨੂੰ ਅੰਜਾਮ ਦੇਣ ਲਈ ਗੁਰਦਿਆਲ ਨੂੰ ਟੋਹਿਆ।
“...ਵੇਖ ਪੁੱਤ...! ਪਿੰਡ ਤੇ ਸ਼ਰੀਕਾਂ ਦੇ ਮੂੰਹ ਕੰਨਾਂ ਤੱਕ ਪਾਟੇ ਹੋਏ ਨੇ,
ਕਿਸੇ ਨੂੰ ਕੋਈ ਮੌਕਾ ਨਹੀਂ ਦੇਣਾਂ! ਇਸ ਲਈ ਸੀਬੋ ਨੂੰ ਆਪਣੀ ਪਛਾਣ ਦੇਣੀ ਜਰੂਰੀ
ਹੈ, ਕੱਲ੍ਹ ਗੁਰਦੁਆਰੇ ਜਾ ਕੇ ਭਾਈ ਜੀ ਤੋਂ ਅਰਦਾਸ ਕਰਵਾ ਕੇ ਵਿਆਹ ਦੀ ਤਰੀਕ ਲੈ
ਆਉਂਦੇ ਹਾਂ...ਤੇ ਵਿਆਹ ਤੋਂ ਪਹਿਲਾਂ ਅੰਮ੍ਰਿਤ ਛਕਾ ਕੇ ਆਪ ਦੇ ਧਰਮ ਵਿੱਚ ਰਲਦੀ
ਕਰ ਲਈਏ...!” ਸਮਾਜ ਵਿੱਚ ਵਸਣ ਦੇ ਤੌਰ-ਤਰੀਕੇ ਬੁੱਢੇ ਲੋਕਾਂ ਤੋਂ ਜਿ਼ਆਦਾ ਹੋਰ
ਕੌਣ ਜਾਣ ਸਕਦਾ ਸੀ? ਗੁਰਦਿਆਲ ਸਿੰਘ ਨੂੰ ਵੀ ਸਮਾਜ ਅਤੇ ਰੀਤੀ-ਰਿਵਾਜ਼ਾਂ ਦਾ
ਖਿ਼ਆਲ ਸੀ। ਇਸ ਲਈ ਉਹ ਕੁਝ ਨਾ ਬੋਲਿਆ। ਗੁਲਾਬੀ ਸੂਰਜ ਦੀਆਂ ਕਿਰਨਾਂ ਨੇ ਸਾਰੇ
ਵੇਹੜੇ ਵਿੱਚ ਜਿਵੇਂ ਗੁਲਾਬੀ ਰੌਸ਼ਨੀ ਖਿਲਾਰ ਦਿੱਤੀ ਸੀ। ਸਾਰਾ ਪ੍ਰੀਵਾਰ ਨਹਾ ਧੋ
ਕੇ ਗੁਰਦੁਆਰੇ ਚਲੇ ਗਏ। ਭਾਈ ਜੀ ਗੁਰੂ ਘਰ ਦੇ ਕਾਰਜ ਨਿਬੇੜ ਕੇ ਹਜੇ ਵੇਹਲਾ ਹੀ
ਹੋਇਆ ਸੀ ਕਿ ਗੁਰਦਿਆਲ ਸਿੰਘ ਨੇ ਫ਼ਤਹਿ ਬੁਲਾਈ।
“...ਵਾਹਿਗੁਰੂ ਜੀ ਕਾ ਖ਼ਾਲਸਾ - ਵਾਹਿਗੁਰੂ ਜੀ ਦੀ ਫ਼ਤਹਿ...!” ਭਾਈ ਸਾਹਿਬ ਨੇ
ਵੀ ਜਵਾਬ ਵਿੱਚ ਫਤਹਿ ਬੁਲਾ ਦਿੱਤੀ।
“...ਕੀ ਸੇਵਾ ਕਰੀਏ ਗੁਰੂ ਪਿਆਰਿਉ!” ਭਾਈ ਸਾਹਿਬ ਨੇ ਸੁਆਗਤ ਵਜੋਂ ਕਿਹਾ।
“...ਗੁਰੂ ਨੇ ਮੇਰੇ ਪੁੱਤ ਦਿਆਲੇ ‘ਤੇ ਮੇਹਰ ਕੀਤੀ ਹੈ, ਇਸ ਦੇ ਵਿਆਹ ਦੀ ਤਰੀਕ
ਕਢਵਾਉਣੀ ਹੈ!” ਮਾਂ ਨੇ ਹੱਥ ਜੋੜ ਕੇ ਕਿਹਾ।
“...ਫੇਰ ਤਾਂ ਵਧਾਈ ਹੋਵੇ ਜੀ... ਕੀ ਨਾਮ ਲਿਖਾਂ?” ਹੱਥ ਵਿੱਚ ਰਜਿਸਟਰ ਫੜ ਕੇ
ਭਾਈ ਜੀ ਨੇ ਲਿਖਣਾਂ ਸ਼ੁਰੂ ਕੀਤਾ। ਗੁਰਦਿਆਲ ਸਿੰਘ ਦਾ ਨਾਮ ਲਿਖ ਕੇ ਭਾਈ ਜੀ
ਬੋਲਿਆ, “ਬੀਬਾ ਜੀ ਦਾ ਕੀ ਨਾਮ ਹੈ?”
“...ਜ...ਜੀ...ਸਿਮਰਨ ਕੌਰ...!” ਗੁਰਦਿਆਲ ਸਿੰਘ ਨੇ ਗੁਰੂ ਜੀ ਦੀ ਹਾਜ਼ਰੀ
ਸਾਹਮਣੇ ਸੀਬੋ ਨੂੰ ਆਪਣੀ ਪਹਿਚਾਣ ਦੇ ਦਿੱਤੀ। ਸੀਬੋ ਨੇ ਹੱਥ ਜੋੜ ਜਿਵੇਂ ਇਸ ਨੁੰ
ਵੀ ਮੰਨ ਲਿਆ। ਆਉਂਦੇ ਸ਼ੁੱਕਰਵਾਰ ਦੀ ਵਿਆਹ ਦੀ ਤਾਰੀਖ਼ ਨਿਕਲੀ ਅਤੇ ਸੋਮਵਾਰ ਨੂੰ
ਅੰਮ੍ਰਿਤ ਛਕਣ ਲਈ ਸੀਬੋ ਨੂੰ ਹਦਾਇਤ ਦਿੱਤੀ....
....ਸੋਮਵਾਰ ਨੂੰ ਅੰਮ੍ਰਿਤ ਛਕ ਕੇ ਜਦੋਂ ਸੀਬੋ ਘਰ ਮੁੜੀ ਤਾਂ ਗੁਰਦਿਆਲ ਸਿੰਘ ਨੇ
ਬੜੇ ਪਿਆਰ ਨਾਲ ਸੀਬੋ ਨੂੰ ਗੁਰੂ ਘਰ ਦੀ ਮਰਿਆਦਾ ਅਤੇ ਅੰਮ੍ਰਿਤਧਾਰੀ ਹੋਣ ਦੇ
ਨਿਯਮ-ਕਾਇਦੇ ਸਮਝਾਏ।
“...ਵੇਖ ਸੀਬੋ...! ਆਹ ਹਾਰ-ਸਿ਼ੰਗਾਰ ਹੁਣ ਸਭ ਨਕਲੀ ਗਹਿਣੇ ਹਨ। ਹੁਣ ਗੁਰੂ ਦਾ
ਬਖਸਿ਼ਆ ਸਿੱਖੀ ਸਰੂਪ ਹੀ ਆਪਣਾ ਅਸਲੀ ਗਹਿਣਾ ਹੈ। ਸਿਰ ਕੱਜ ਕੇ ਮਰਿਆਦਾ ਵਿੱਚ
ਰਹਿਣਾ ਹੈ, ਸਵੇਰੇ-ਸ਼ਾਮ ਦਾ ਪਾਠ ਮੈਂ ਤੈਨੂੰ ਸਿਖਾ ਦਿਊਂਗਾ। ਮਾਂ ਦੇ ਨਾਲ ਗੁਰੂ
ਘਰ ਜਾ ਕੇ ਗੁਰਬਾਣੀ ਸੁਣਿਆ ਕਰੀਂ...!” ਗੁਰਦਿਆਲ ਸਿੰਘ ਉਤਸ਼ਾਹ ਵਜੋਂ ਬੋਲ ਰਿਹਾ
ਸੀ, ਜੋ ਹਜੇ ਸੀਬੋ ਦੀ ਸਮਝ ਤੋਂ ਬਾਹਰ ਸੀ।
“...ਮੈਨੂੰ ਸਿੱਖੀ ਦੀ ਕੋਈ ਸਮਝ ਨਹੀਂ ਸਰਦਾਰਾ... ਮੈਨੂੰ ਸਮਾਂ ਲੱਗੂਗਾ...!”
ਸੀਬੋ ਨੂੰ ਤਿੰਨ ਵਾਰੀ ਤਿੰਨ ਧਰਮਾਂ ਦੇ ਚੱਕਰਵਿਊ ਵਿੱਚ ਘਿਰਨਾ ਪਿਆ, ਜੋ ਉਸ ਦੀ
ਅਬੋਧ ਜਹੀ ਬੁੱਧੀ ਵਿੱਚ ਬੈਠ ਨਹੀਂ ਸੀ ਰਿਹਾ। ਮੈਂ ਸਿਰਫ਼ ‘ਸੀਬੋ’ ਬਣ ਕੇ ਹੀ
ਕਿਉਂ ਨਹੀਂ ਜੀ ਸਕਦੀ? ਮੇਰੀ ਜਨਮ ਦੇਣ ਵਾਲੀ ਮਾਂ ਨੇ ਕਦੇ ਨਹੀਂ ਕਿਹਾ ਕਿ ਮੈਂ
ਕਿਸ ਧਰਮ ਦੀ ਹਾਂ...ਸ਼ਾਇਦ ਗਰੀਬ, ਮਜਦੂਰਾਂ, ਸੜਕਾਂ ਦੇ ਬਾਸਿ਼ੰਦਿਆਂ ਦਾ ਕੋਈ
ਧਰਮ ਨਹੀਂ ਹੁੰਦਾ..ਆਪਣੇ-ਆਪ ਵਿੱਚ ਸਵਾਲ-ਜਵਾਬ ਕਰਦੀ ਸੀਬੋ ਸ਼ਾਂਤ ਰਹੀ।
“....ਸਿਮਰਨ ਕੌਰ, ਹੁਣ ਤੂੰ ਮੇਰੀ ਹੈਂ ਅਤੇ ਮੈਂ ਆਪੇ ਹੌਲੀ-ਹੌਲੀ ਤੈਨੂੰ ਸਭ
ਸਮਝਾ ਅਤੇ ਸਿਖਾ ਦੇਣਾ ਹੈ...ਮੇਰੀਏ ਸਿੰਘਣੀਏਂ...!” ਗੁਰਦਿਆਲ ਸਿੰਘ ਨੇ ਆਪਣਾ
ਹੱਕ ਜਤਾਉਂਦੇ ਹੋਏ ਸੀਬੋ ਨੂੰ ਕਿਹਾ। ਗੁਰਦਿਆਲ ਦੀ ਛਾਪ ਸੀਬੋ ਦੇ ਮਨ ‘ਤੇ ਬਹੁਤ
ਚੰਗੀ ਸੀ, ਇਸ ਲਈ ਸੀਬੋ ਨੇ ਮੁਸਕੁਰਾ ਕੇ ਹਾਂਮ੍ਹੀ ਭਰ ਦਿੱਤੀ। ਨਿਸ਼ਚਿਤ ਮਿਤੀ
‘ਤੇ ਦੋ ਰੂਹਾਂ ਇੱਕ ਹੋ ਨਵੀਂ ਜਿ਼ੰਦਗੀ ਦੇ ਰਾਹ ‘ਤੇ ਇੱਕ ਹੋ ਤੁਰ ਪਈਆਂ। ਸ਼ੁਭ
ਵਿਵਾਹ ਸੰਪੂਰਨ ਹੋਇਆ। ਗੁਰਦਿਆਲ ਸਿੰਘ ਦੇ ਵੇਹੜੇ ਦੀ ਰੌਣਕ ਮੁੜ ਆਈ। ਬੁੱਢੀ ਮਾਂ
ਵੀ ਅੱਜ ਗੁਲਾਬੀ ਚੁੰਨੀ ਲੈ ਚਹਿਕਦੀ ਫਿਰਦੀ ਸੀ। ਸੀਬੋ ਸਿੱਖੀ ਦੇ ਬਾਣੇ ਵਿੱਚ
ਸਜੀ-ਧਜੀ ਗੁਰਦਿਆਲ ਸਿੰਘ ਨੂੰ ਸਮਰਪਿਤ ਹੋ ਗਈ ਸੀ। ਚਾਨਣੀ ਰਾਤ ਨੇ ਦੋਹਾਂ ਦੀਆ
ਰੂਹਾਂ ਨੂੰ ਚਾਨਣੀ ਰੌਸ਼ਨੀ ਨਾਲ ਭਰ ਦਿੱਤਾ। ਚੜ੍ਹਦੇ ਸਵੇਰੇ ਨੇ ਸੀਬੋ ਲਈ ਨਵੇਂ
ਕਾਇਦੇ-ਕਾਨੂੰਨ ਉਲੀਕ ਰੱਖੇ ਸੀ। ਸੀਬੋ ਤੋਂ ਸਿਮਰਨ ਕੌਰ ਦੇ, ਇਸ ਰੂਪ ਨੂੰ
ਸਵੀਕਾਰਦੀ ਹੋਈ ਇੱਕ ਸਧਾਰਣ ਜਹੀ ਕੁੜੀ ਧਰਮਾਂ ਦੁਆਰਾ ਸਮਾਜ ਵਿੱਚ ਵਿਛਾਏ ਜਾਲ
ਨੂੰ ਇੱਕ ‘ਬਿਮਾਰ ਮਾਨਸਿਕਤਾ’ ਤੋਂ ਜਿਆਦਾ ਕੁਝ ਨਹੀਂ ਸਮਝਦੀ ਸੀ।
ਸੂਰਜ ਚੜ੍ਹਦਾ ਅਤੇ ਢਲਦਾ ਰਿਹਾ। ਦਿਨ, ਰਾਤ ਵਿੱਚ ਬਦਲਦੇ ਰਹੇ। ਸੀਬੋ
ਘਰ-ਪ੍ਰੀਵਾਰ ਦੇ ਨਾਲ-ਨਾਲ ਆਂਢ-ਗੁਆਂਢ ਅਤੇ ਰਿਸ਼ਤੇਦਾਰਾਂ ਵਿੱਚ ਚਹੇਤੀ ਬਹੂ ਬਣ
ਗਈ। ਗੁਰਦਿਆਲ ਅਤੇ ਉਸ ਦੀ ਮਾਂ ਨੂੰ ਆਪਣੇ ਰਿਸਦੇ ਜ਼ਖਮਾਂ ਦੀ ਮੱਲ੍ਹਮ ਮਿਲ ਗਈ
ਸੀ। ਸੀਬੋ ਚੁੱਲ੍ਹੇ-ਚੌਂਕੇ ਅਤੇ ਘਰ ਦੇ ਸਾਰੇ ਕੰਮ ਭੱਜ-ਨੱਠ ਕੇ ਨਬੇੜ ਲੈਂਦੀ।
.....ਸਭ ਕੁਝ ਉਵੇਂ ਹੀ ਨਹੀਂ ਹੁੰਦਾ, ਜਿਵੇਂ ਇਨਸਾਨ ਦੀ ਇੱਛਾ ਹੋਵੇ। ਇੱਕ ਦਿਨ
ਸੀਬੋ ਛੱਤ ਤੋਂ ਕੱਪੜੇ ਲਾਹ ਕੇ ਪੌੜੀਆਂ ਤੋਂ ਕਾਹਲੀ ਨਾਲ ਥੱਲੇ ਉਤਰ ਰਹੀ ਸੀ ਕਿ
ਉਸ ਦਾ ਪੈਰ ਤਿਲ੍ਹਕ ਗਿਆ। ਸੀਬੋ ਰਿੜ੍ਹਦੀ ਢਹਿੰਦੀ ਪੌੜੀਆਂ ਨਾਲ ਵੱਜਦੀ ਫ਼ਰਸ਼
‘ਤੇ ਆ ਪਈ।
“ਨ੍ਹੀ ਮੈਂ ਮਰਜਾਂ...ਹਾਏ...ਨੀ...ਸੀ...ਬੋ...!” ਬਜੁਰਗ ਮਾਂ ਦੇ ਮੂੰਹੋਂ ਚੀਕ
ਨਿਕਲੀ।
“...ਸੀਬੋ...ਸੀਬੋ...ਸੀਬੋ...!” ਗੁਰਦਿਆਲ ਨੇ ਸੀਬੋ ਨੂੰ ਫ਼ਰਸ਼ ਤੋਂ ਚੁੱਕ ਕੇ
ਬਾਹਾਂ ਵਿੱਚ ਭਰ ਲਿਆ। ਗੁਆਢੀਆਂ ਦੀ ਮੱਦਦ ਨਾਲ ਅਤੇ ਕੁਝ ਭੱਜ-ਨੱਠ ਨਾਲ ਸੀਬੋ
ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤੀ, ਪਰ ਪੂਰੇ ਕਾਂਡ ਦੌਰਾਨ ਸੀਬੋ ਕੁਝ ਨਹੀਂ
ਬੋਲੀ। ਬੜੀ ਦੇਰ ਤੱਕ ਡਾਕਟਰ ਜੱਦੋਜਹਿਦ ਕਰਦੇ ਰਹੇ। ਬਾਹਰ ਗੁਰਦਿਆਲ ਅਤੇ ਮਾਂ
ਬੁੱਤ ਬਣੇ ਨਤੀਜੇ ਦਾ ਇੰਤਜ਼ਾਰ ਕਰ ਰਹੇ ਸਨ। ਜਿਵੇਂ ਹੀ ਡਾਕਟਰ ਬਾਹਰ ਆਉਂਦਾ,
ਗੁਰਦਿਆਲ ਸਿੰਘ ਭੱਜ ਕੇ ਜਾਂਦਾ ਅਤੇ ਹੱਥ ਜੋੜ ਸੀਬੋ ਦੀ ਖ਼ੈਰ ਦੇ ਤਰਲੇ ਪਾਉਂਣ
ਲੱਗ ਪੈਂਂਦਾ। ਇੰਜ ਰੋਂਦੇ-ਕੁਰਲਾਉਂਦੇ ਦਸ ਦਿਨ ਲੰਘ ਗਏ। ਡਾਕਟਰ ਆਪਣੀ ਪੂਰੀ
ਕੋਸਿ਼ਸ਼ ਕਰ ਰਹੇ ਸਨ, ਪਰ ਕੋਈ ਚੰਗਾ ਸਿੱਟਾ ਨਹੀਂ ਨਿਕਲ ਰਿਹਾ ਸੀ। ਵੱਡੇ ਡਾਕਟਰ
ਨੂੰ ਬੁਲਾਇਆ ਗਿਆ।
ਵੱਡੇ ਡਾਕਟਰ ਨੇ ਮੁਆਇਨਾ ਕਰ ਕੇ ਕਿਹਾ, “ਇਸ ਨੂੰ ਬੜਾ ਗੰਭੀਰ ਰੋਗ ਹੈ, ਇਸ ਵਿੱਚ
ਮਰੀਜ਼ ਦਾ ਸ਼ਰੀਰ ਕੋਈ ਗਤੀਵਿਧੀ ਨਹੀਂ ਕਰਦਾ, ਪਰ ਸਿਰਫ਼ ਦਿਮਾਗ ਕੰਮ ਕਰਦਾ ਹੈ!
ਇਸ ਨੂੰ ਵੈਂਟੀਲੇਟਰ ਦੇ ਸਹਾਰੇ ਪਾ ਕੇ ਮਰੀਜ਼ 'ਤੇ ਹੋਰ ਸਰੀਰਕ ਤਸ਼ੱਦਦ ਨਹੀਂ
ਕੀਤਾ ਜਾ ਸਕਦਾ... ਜਲਦੀ ਕੋਈ ਫ਼ੈਸਲ਼ਾ ਲਿਆ ਜਾਣਾਂ ਚਾਹੀਦਾ ਹੈ!”
ਇਹਨਾਂ ਦਸਾਂ ਕੁ ਦਿਨਾਂ ਵਿੱਚ ਸੀਬੋ ਵੈਂਟੀਲੇਟਰ ਦੇ ਸਹਾਰੇ ਸਾਹ ਲੈ ਰਹੀ ਸੀ,
ਜਿਸ ਕਾਰਣ ਉਹ ਸਮਝ ਸਭ ਰਹੀ ਸੀ, ਪਰ ਬੋਲ ਅਤੇ ਹਿੱਲ ਨਹੀਂ ਸੀ ਪਾ ਰਹੀ...ਬੰਦ
ਅੱਖਾਂ ਵਿੱਚ ਮਾਮੂਲੀ ਹਰਕਤ ਸੀ ...ਦਿਮਾਗ ਸੋਚ ਰਿਹਾ ਸੀ...ਮੇਰਾ ਅੰਤ ਮੇਰੇ
ਆਪਣੇ ਅਸਲੀ ਨਾਮ ਨਾਲ ਹੋਵੇ...ਮੈਂ ਸੀਬੋ ਬਣ ਕੇ ਮਰਾਂ...ਹੇ ਰੱਬਾ!!...ਤੇਰੇ
ਇੱਕੋ ਜਹੇ ਦਿਸਣ ਵਾਲੇ ਇਨਸਾਨਾਂ ਵਿੱਚ ਇੱਕ ਔਰਤ ਆਪਣੀ ਅਸਲ ਪਹਿਚਾਣ ਨਾਲ ਕਿਉਂ
ਨਹੀਂ ਰਹਿ ਸਕਦੀ...? ਸੀਤਾ ਦੇਵੀ, ਸ਼ਬਨਮ, ਸਿਮਰਨ ਕੌਰ ਜਾਂ ਮੈਂ ਸੀਬੋ...ਸਿਰਫ਼
ਸੀਬੋ...? ....ਇਸ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਨੂੰ ਹੀ ਪਹਿਚਾਣ ਬਦਲਣ ਦੀ ਲੌੜ
ਕਿਉਂ ਹੈ? ../ਮੈਂ ਮਜ਼ਬੂਰੀ-ਵੱਸ ਢਲਦੀ ਰਹੀ। ਪਰ ਮੈਂ ਅੰਦਰੋਂ ਇਸ ਸਵਾਲ ਦਾ ਹਰ
ਵਾਰ ਜਵਾਬ ਲੱਭਦੀ ਰਹੀ...!
ਮੈਨੂੰ ਸੀਬੋ ਹੀ ਕਿਉਂ ਨਹੀਂ ਬਣੀ ਰਹਿਣ ਦਿੱਤਾ[[[? ਮੇਰਾ ਜਿਸਮ ਇੱਕ ਹੀ ਰਿਹਾ,
ਪਰ ਉਸ ‘ਤੇ ਹਰੇਕ ਨੇ ਆਪਣੇ ਧਰਮ ਦੀ ਮੋਹਰ ਲਾ ਕੇ ਬੱਸ ਆਪਣੇ ਝੂਠੇ ਮਾਣ ਨੂੰ
ਪੱਠੇ ਪਾਏ...[ਪਰ ਕਿਉਂ? ...ਮੈਂ ਸੀਬੋ ਹੀ ਜੰਮੀ ਸੀ ਅਤੇ ਸੀਬੋ ਹੀ
ਮਰਾਂਗੀ...!!!
ਬਹੁਤ ਕੁਝ ਉਲਝਿਆ-ਸੁਲਝਿਆ ਸੀਬੋ ਦੇ ਮਨ ਦਾ ਬੋਝ ਉਸ ਦੇ ਦਿਮਾਗ ਨੂੰ ਗੁੰਨ੍ਹ
ਰਿਹਾ ਸੀ। ਸ਼ਾਇਦ ਜੋ ਦੱਬੀਆਂ ਭਾਵਨਾਵਾਂ ਸੀ, ਅੱਜ ਵਿਚਾਰਾਂ ਦੇ ਰੂਪ ਵਿੱਚ
ਆਪਣਾਂ ਗੁਬਾਰ ਕੱਢ ਰਹੀਆਂ ਸਨ।
‘‘...ਹੇ ਮਾਲਕਾ! ਜੇ ਮੈਨੂੰ ਦੋ ਬੋਲ ਬੋਲਣ ਦਾ ਮੌਕਾ ਦੇਵੇਂ ਤਾਂ ਮੇਰੇ ਮਰਨ ਦੀ
ਪਹਿਚਾਣ ‘ਸੀਬੋ’ ਬਣ ਕੇ ਹੀ ਹੋਵੇ!’’
.....ਡਾਕਟਰ ਨੇ ਕਮਰੇ ਤੋਂ ਬਾਹਰ ਆ ਕੇ ਸੀਬੋ ਦੀ ਜੀਵਨ ਲੀਲਾ ਸਮਾਪਤ ਹੋਣ ਦੀ
ਭਾਰੀ ਮਨ ਨਾਲ ਪ੍ਰੀਵਾਰ ਨੂੰ ਖ਼ਬਰ ਦਿੱਤੀ। ਗੁਰਦਿਆਲ ਅਤੇ ਮਾਂ ਦੀਆਂ ਚੀਕਾਂ ਨਾਲ
ਹਸਪਤਾਲ ਗੂੰਜ ਉਠਿਆ। ਪਰ ਸੀਬੋ ਸਦੀਵੀ ਸ਼ਾਂਤ ਹੋ ਆਪਣੀਆਂ ਸਾਰੀਆਂ ਪਹਿਚਾਨਾਂ
ਨੂੰ ਝੁਠਲਾਉਂਦੀ ਹੋਈ, ਆਪਣੀ ਹੋਂਦ ਤੋਂ ਸਦਾ ਲਈ ਅਲੋਪ ਹੋ ਗਈ।
‘‘....ਉਥੇ ਅਮਲਾਂ ਦੇ ਹੋਣੇ ਨੇ ਨਬੇੜੇ - ਕਿਸੇ ਨਾ ਤੇਰੀ ਜ਼ਾਤ ਪੁੱਛਣੀ...!’’
ਸੜਕ ‘ਤੇ ਮਸਤਾਨਾ ਜੋਗੀ ਮਸਤੀ ਵਿੱਚ ਗਾਉਂਦਾ ਕਿਤੇ ਦੂਰ ਲੰਘ ਗਿਆ।...
(ਇਸ ਕਹਾਣੀ ਉਪਰ “ਸੀਬੋ” ਫਿ਼ਲਮ ਵੀ ਬਣ ਚੁੱਕੀ ਹੈ ਅਤੇ ਯੂਟਿਊਬ 'ਤੇ ਉਪਲੱਭਦ
ਹੈ)
|