ਕੁਸ਼ਤੀ ਦਾ ਖਿਡਾਰੀ ਕਰਮਾਂ ਬਾਹਲੇ ਹੀ ਉਚੇ ਘਰ ਦਾ ਮੁੰਡਾ ਸੀ। ਸੁਹਣਾ-ਸੁਨੱਖਾ ਗੱਭਰੂ
ਨਸ਼ੇ ਤੋਂ ਰਹਿਤ। ਜੋ ਵੀ ਕਰਮੇ ਨੂੰ ਤੱਕਦਾ, ਅੱਖਾਂ ਅੱਡੀਆਂ ਦੀਆਂ ਅੱਡੀਆਂ ਹੀ ਰਹਿ
ਜਾਂਦੀਆਂ ਸਨ, ਉਸ ਨੂੰ ਤੱਕਣ ਵਾਲੇ ਦੀਆਂ। ਕਰਮਾਂ ਇਕ ਦਿਨ ਕਿੱਧਰੇ ਜਾ ਰਿਹਾ ਸੀ ਤਾਂ
ਰਸਤੇ ਵਿਚ ਅਚਾਨਕ ਉਸ ਦੀ ਨਜ਼ਰ ਢਾਬ ਦੇ ਕੰਢੇ ਤੇ ਖੜੀ ਸਰਘੀ ਉਤੇ ਜਾ ਪਈ : ਜੋ ਬੱਠਲ 'ਚ
ਮਿੱਟੀ ਪਾ ਰਹੀ ਸੀ। ਕਰਮਾ ਕਿੰਨਾ ਚਿਰ ਖੜਾ ਉਸ ਨੂੰ ਤੱਕਦਾ ਰਿਹਾ। ਸਰਘੀ ਹੈ ਤਾਂ ਬਾਹਲੀ
ਸੁਨੱਖੀ ਸੀ, ਪਰ ਉਂਝ ਸਿੱਧੀ-ਸਾਦੀ ਗਰੀਬ ਕੁੜੀ ਸੀ।
ਕਰਮਾਂ ਐਸਾ ਕੀਲਿਆ ਗਿਆ ਕਿ ਉਸ ਦਿਨ ਤੋਂ ਬਾਅਦ ਉਹ ਸਰਘੀ ਨੂੰ ਤੱਕਣ ਦੇ ਲਈ ਰੋਜਾਨਾ
ਢਾਬ ਵੱਲ ਨੂੰ ਆਨੇ-ਬਹਾਨੇ ਚੱਕਰ ਮਾਰਨ ਆਉਣ ਲੱਗਿਆ, ਪਰ, ਸਰਘੀ ਉਸ ਨੂੰ ਕਿੱਧਰੇ ਵੀ ਨਾ
ਮਿਲਦੀ। ਆਖਰ ਇਕ ਦਿਨ ਸਰਘੀ ਉਸ ਦੇ ਨਜ਼ਰੀ ਪੈ ਹੀ ਗਈ। ਕਰਮਾ ਫਟ ਕਰਦਾ ਬੋਲਿਆ, 'ਤੂੰ
ਮੇਰੀਆਂ ਨਜਰਾਂ ਨੂੰ ਬਾਹਲੀ ਜਚਦੀ ਏਂ।' ਸਰਘੀ ਸੁਣ ਕੇ ਨੀਂਵੀ ਪਾਈ ਸ਼ਰਮਾਉੁਂਦੀ ਤੁਰ ਪਈ
ਤਾਂ ਕਰਮਾਂ ਬੋਲਿਆ, 'ਮੈਂ ਤੈਨੂੰ ਆਖ ਰਿਹਾ ਹਾਂ। ਮੈਨੂੰ ਪਿਆਰ ਹੋ ਗਿਆ ਹੈ, ਤੇਰੇ
ਨਾਲ।'
ਨਾਲ-ਨਾਲ ਤੁਰਦਿਆਂ ਵੇਖ, ਆਖਰ ਸਰਘੀ ਖੜ ਕੇ ਬੋਲੀ, 'ਵੇਖ ਪਿਆਰ ਇੰਝ ਨਹੀ ਹੁੰਦਾ।
ਜਾਤ-ਬਰਾਦਰੀ ਤੱਕਦੇ ਨੇ, ਜੱਗ ਵਾਲੇ। ਉਂਝ ਵੀ ਤੂੰ ਉਚੇ ਘਰ ਦਾ ਲੜਕਾ ਲੱਗਦੈਂ। ਸਾਡਾ
ਥੋਡਾ ਕੀ ਮੇਲ।'
ਕਰਮਾ ਬੋਲਿਆ, 'ਤੇਰਾ ਨਾਂਓਂ ਕੀ ਹੈ?' ਅੱਗੋਂ ਜੁਵਾਬ ਮਿਲਿਆ, 'ਸਰਘੀ।'
ਕਰਮਾ, ਉਸ ਨੂੰ ਰੋਕ ਕੇ ਹੀ ਖੜ• ਗਿਆ ਅਤੇ ਕਹਿਣ ਲੱਗਾ, ਬਾਕੀ ਦੀਆਂ ਸਭ ਛੱਡ : ਮੇਰੀ
ਸੌ ਨਾਲ ਦੀ ਇਕੋ ਹੈ ਕਿ ਮੈ ਤਾਂ ਤੇਰੇ ਨਾਲ ਵਿਆਹ ਕਰਵਾਉਣਾ ਹੈ।' ਸਰਘੀ ਮਾਪਿਆਂ ਦੀ
ਇੱਜਤ ਨੂੰ ਸਮਝਦੀ ਹੋਈ ਸੁਣੀ-ਅਣਸੁਣੀ ਕਰਕੇ ਲੰਘ ਗਈ।
ਕਰਮਾ ਹੁਣ ਨਿੱਤ ਕਿਤੇ-ਨਾ-ਕਿਤੇ ਸਰਘੀ ਨੂੰ ਟੱਕਰਨ ਲੱਗਿਆ ਅਤੇ ਉਸ ਦੇ ਤਰਲੇ ਜਿਹੇ
ਕੱਢਦਾ ਰਹਿੰਦਾ। ਰੱਬ ਜਾਣੇ ਕਿ ਉਹ ਮੰਨੋਰੰਜਨ ਲਈ ਉਸ ਨਾਲ ਟਾਈਮ-ਪਾਸ ਕਰ ਰਿਹਾ ਸੀ ਜਾਂ
ਕਿ ਦਿਲੀ ਚਾਹਤ ਰੱਖਦਾ ਸੀ ਸਰਘੀ ਲਈ ਉਹ । ਪਰ ਉਧਰ ਦੋ ਤਿੰਨ ਮਹੀਨਿਆਂ ਦੌਰਾਨ ਸਰਘੀ ਨੂੰ
ਅੰਦਰੋ-ਅੰਦਰੀ ਉਸ ਨਾਲ ਇੰਨਾ ਮੋਹ ਜਿਹਾ ਪੈ ਗਿਆ ਸੀ ਕਿ ਜਾਣੋ ਉਹ ਤਾਂ ਰੂਹ ਹੀ ਦੇ ਬੈਠੀ
ਸੀ ਕਰਮੇ ਨੂੰ। ਉਹ ਕਈ ਬਾਰ ਕਰਮੇ ਨੂੰ ਆਖਦੀ, 'ਵੇਖੀਂ ਕਰਮਿਆਂ ! ਤੂੰ ਵੀ ਜੱਗ ਵਾਂਗ
ਦੋ-ਮੂੰਹਾਂ ਨਾ ਨਿਕਲ ਆਵੀ।' ਅੱਗੋਂ ਕਰਮਾ ਆਖਦਾ, 'ਨਾ ਸੁਨੱਖੀਏ, ਤੈਨੂੰ ਛੱਡ ਤਾਂ ਕਰਮਾ
ਮੁੱਕ ਜਾਊ। ਤੂੰ ਤਾਂ ਮੇਰੀ ਜਿੰਦ-ਜਾਨ ਏਂ।' ਉਸ ਦੀਆਂ ਐਸੀਆਂ ਗੱਲਾਂ ਸਰਘੀ ਨੂੰ ਹੋਰ ਵੀ
ਆਪਣੇ ਲਾਗੇ ਨੂੰ ਖਿੱਚਦੀਆਂ ਰਹਿੰਦੀਆ। ਇਕ ਦਿਨ ਸਰਘੀ ਬੋਲੀ 'ਕਰਮਿਆਂ ! ਆਪਾਂ ਲੁਕ-ਲੁਕ
ਕੇ ਕਦੋਂ ਤੱਕ ਮਿਲਦੇ ਰਵਾਂਗੇ, ਤੂੰ ਆਪਣੇ ਘਰ ਤਾਂ ਗੱਲ ਕਰ।' ਇਸੇ ਗੱਲ ਨੂੰ ਲੈਕੇ ਸਰਘੀ
ਕਿੰਨੇ ਹੀ ਦਿਨ ਕਰਮੇ ਦੇ ਮਗਰ ਪਈ ਰਹੀ।
ਹਫਤੇ ਕੁ ਬਾਅਦ ਕਰਮਾ ਮੂੰਹ ਲਮਕਾਈ ਸਰਘੀ ਕੋਲ ਆਣਕੇ ਕਹਿਣ ਲੱਗਿਆ, 'ਸਰਘੀਏ ! ਮੈਨੂੰ
ਮਾਫ ਕਰੀਂ, ਮੇਰੀ ਬੇਬੇ ਨੇ ਨਾਂਹ ਕਰ ਦਿੱਤੀ ਹੈ। ਮੈਂ ਉਸ ਨੂੰ ਤੇਰੇ ਬਾਰੇ ਅਤੇ ਤੇਰੇ
ਘਰ-ਬਾਰ ਬਾਰੇ ਦੱਸਿਆ ਸੀ ਤਾਂ ਉਹ ਕਹਿਣ ਲੱਗੀ ਅਸੀਂ ਤਾਂ ਉਚੇ ਘਰ ਦੀ ਸੁਹਣੀ-ਸੁਨੱਖੀ
ਧੀ, ਨੂੰਹ ਬਣਾਉਣੀ ਹੈ।'
ਕਰਮੇ ਦਾ ਕੋਰਾ-ਕਰਾਰਾ ਜੁਵਾਬ ਸੁਣ ਕੇ ਸਰਘੀ ਦੀ ਜੁਬਾਨ ਨੂੰ ਤਾਂ ਜਿਉਂ ਬਸ ਤਾਲਾ ਹੀ
ਲੱਗ ਗਿਆ ਹੋਵੇ। ਉਸ ਦੀ ਜੁਬਾਨ ਉਕਾ ਹੀ ਕੰਮ ਕਰਨੋ ਨਾਂਹ ਕਰ ਗਈ। ਸਰਘੀ ਨੂੰ ਬੁੱਤ ਜਿਹਾ
ਬਣਿਆ ਦੇਖ ਕੇ ਕਰਮਾ ਢੀਠਾਂ ਦੀ ਤਰਾਂ ਬੋਲਿਆ, 'ਲੈ ਕਮਲੀਏ, ਤੂੰ ਕਿਉਂ ਚਿੰਤਾ ਕਰਦੀ ਏਂ
! ਬੇਬੇ ਦੀਆਂ ਗੱਲਾਂ ਬੇਬੇ ਨਾਲ, ਕਰਮੇ ਦੀਆਂ ਗੱਲਾਂ ਸਰਘੀ ਨਾਲ। ਕਰਮਾ ਤਾਂ ਆਖਰੀ ਸਾਹ
ਤੱਕ ਤੇਰਾ ਹੈ, ਬਸ ਤੇਰਾ ਹੀ !'
ਸਰਘੀ ਹੌਕਾ ਜਿਹਾ ਲੈਕੇ ਬੋਲੀ, 'ਹੁਣ ਸਾਡਾ ਵਿਆਹ ਕਿੰਝ ਹੋਵੇਗਾ?' ਕਰਮਾ ਬੋਲਿਆ,
'ਮੈਂ ਖਿਡਾਰੀ ਦੇ ਤੌਰ ਤੇ ਬਾਹਰਲੇ ਮੁਲਕ ਤੁਰ ਜਾਣਾ ਹੈ। ਜਾਣੇ ਤੋਂ ਪਹਿਲਾਂ ਮੈਂ ਆਪਣੀ
ਸਰਘੀ ਨਾਲ ਵਿਆਹ ਕਰਵਾ ਲੈਣਾ ਹੈ, ਬਸ।'
ਗੱਲ ਕੀ, ਸਾਰਾ ਕੁਝ ਸਮਝਦੀ ਹੋਈ ਵੀ ਸਰਘੀ, ਕਮਲੀ ਹੋਈ ਕਰਮੇ ਦੀਆਂ ਗੱਲਾਂ ਵਿਚ ਮੁੜ
ਆ ਗਈ। ਆਉਂਦੀ ਵੀ ਕਿਉਂ ਨਾ ਉਹ, ਕਰਮਾ ਬਾਹਲਾ ਹੀ ਮੋਹ ਜਿਤਾਉਂਦਾ ਸੀ ਉਸਨੂੰ। ਉਹ ਦੋਵੇਂ
ਢਾਬ ਤੇ ਹੀ ਮਿਲਦੇ ਸਨ। ਸਰਘੀ ਉਸ ਨੂੰ ਮਿਲਣ ਲਈ ਢਾਬ ਦੇ ਕੰਢੇ ਵੱਲ ਚੱਕਰ ਮਾਰਦੀ
ਰਹਿੰਦੀ। ਕਰਮਾ ਹੁਣ ਆਉਂਦਾ, ਗੱਲਾਂ ਨਾਲ ਟਾਈਮ ਪਾਸ ਕਰਦਾ, ਫਿਰ ਕਦੀ ਕੋਈ ਲਾਰਾ ਅਤੇ
ਕਦੀ ਕੋਈ ਲਾਰਾ ਲਾ ਕੇ ਨਿਕਲ ਜਾਂਦਾ। ਕਰਮੇ ਦਾ ਬਦਲਿਆ ਰੰਗ ਤਾਂ ਸਰਘੀ ਵੇਖ ਹੀ ਰਹੀ ਸੀ,
ਪਰ ਕਮਲੀ ਸੋਚਦੀ, 'ਖੌਰੇ ਕਰਮਾ ਸੱਚਮੁੱਚ ਹੀ ਬਾਹਰਲੇ ਮੁਲਕ ਦੇ ਕੰਮ ਦੀ ਦੌੜ-ਭੱਜ ਵਿਚ
ਲੱਗਾ ਹੋਇਆ ਹੈ, ਜਿਹੜਾ ਕਿ ਐਨਾ ਬਿਜੀ ਰਹਿਣ ਲੱਗ ਗਿਆ ਹੈ, ਹੁਣ।'
ਇਕ ਦਿਨ ਕਰਮਾ ਆਇਆ ਅਤੇ ਆਕੇ ਕਹਿ ਗਿਆ, 'ਸਰਘੀ ਮੈਂ ਇਕ ਦੋ ਦਿਨ ਲਈ ਕਿਸੇ ਜਰੂਰੀ
ਕੰਮ ਜਾ ਰਿਹਾ ਹਾਂ। ਤੂੰ ਬਿਲਕੁਲ ਵੀ ਘਬਰਾ ਨਾ, ਆਪਾਂ ਆਪਣੇ ਸ਼ਹਿਰ ਵਿਚ ਨਹੀ ਤਾਂ ਦੂਜੇ
ਸ਼ਹਿਰ ਵਿਚ ਜਾ ਕੇ ਕੋਰਟ-ਮੈਰਿਜ ਕਰ ਲਵਾਂਗੇ।'
ਦਿਨ ਬੀਤਦੇ ਗਏ, ਪਰ ਸਰਘੀ ਦਾ ਕਰਮਾ ਇਕ ਦੋ ਦਿਨਾਂ ਦਾ ਵਾਅਦਾ ਕਰਕੇ ਵਾਪਿਸ ਨਾ
ਮੁੜਿਆ। ਮਹੀਨਾ ਉਡੀਕ ਵਿਚ ਨਿਕਲ ਗਿਆ। ਸਰਘੀ ਰੋ-ਰੋ ਕਮਲੀ ਹੋ ਗਈ। ਜਿੱਥੇ ਕਰਮਾ ਕੁਸ਼ਤੀ
ਖੇਡਿਆ ਕਰਦਾ ਸੀ, ਇਕ ਦਿਨ ਸਰਘੀ ਰੋਂਦੀ-ਖੱਪਦੀ ਉਥੇ ਜਾ ਪਹੁੰਚੀ। ਉਥੇ ਕਈ ਮਰਦ ਸਨ।
ਝਪਦੇ-ਝਪਦਿਆਂ ਸਰਘੀ ਇਕ ਮਰਦ ਨੂੰ ਪੁੱਛਣ ਲੱਗੀ, 'ਵੇਖ ਬਾਈ ਤੁਸੀਂ ਕਰਮੇ ਨੂੰ ਜਾਣਦੇ
ਹੋ, ਜੋ ਲਾਗਲੇ ਪਿੰਡ ਦਾ ਹੈ ?' ਉਹ ਬੋਲਿਆ, 'ਹਾਂ, ਹਾਂ ਭੈਣ, ਜਾਣਦਾ ਹਾਂ । ਤੁਹਾਨੂੰ
ਕੀ ਕੰਮ ਹੈ ਉਨਾਂ ਨਾਲ ?' ਸਰਘੀ ਬੋਲੀ, 'ਬਾਈ ਜੀ ਉਹ ਠੀਕ-ਠਾਕ ਤਾਂ ਹੈ ?' ਉਤਰ ਮਿਲਿਆ,
'ਹਾਂ ਜੀ, ਉਹ ਬਿਲਕੁਲ ਠੀਕ-ਠਾਕ ਹੈ। ਵੀਹ ਦਿਨ ਪਹਿਲੇ ਹੀ ਉਸ ਦਾ ਵਿਆਹ ਹੋਇਆ ਹੈ। ਹੀਰੇ
ਵਰਗੇ ਤੀਂਵੀਂ ਲੈ ਕੇ ਆਇਆ ਹੈ, ਸਾਡਾ ਪਹਿਲਵਾਨ । ਤੂੰ ਕਿੰਝ ਜਾਣਦੀ ਏ ਬੀਬੀ, ਕਰਮੇ ਨੂੰ
? ਤੂੰ ਨਹੀ ਗਈ ਉਸ ਦੇ ਵਿਆਹ ਤੇ ?'
ਮਰਦ ਦੀਆਂ ਗੱਲਾਂ ਸੁਣ-ਸੁਣ ਕੇ ਸਰਘੀ ਤਾਂ ਬਸ ਉਥੇ ਹੀ ਮਿੱਟੀ ਦੀ ਢੇਰੀ ਵਾਂਗ ਬੈਠ
ਗਈ। ਨਾ ਅੱਖਾਂ 'ਚ ਹੰਝੂ ਅਤੇ ਨਾ ਹੀ ਕੋਈ ਆਹ ! ਉਹ ਦਿਲੋ-ਦਿਲ ਇਕੋ ਹੀ ਗੱਲ ਆਪਣੇ
ਅੰਦਰੋ-ਅੰਦਰੀ ਬਾਰ-ਬਾਰ ਦੁਹਰਾ ਰਹੀ ਸੀ, 'ਹਾਏ ਰੱਬਾ ! ਮੈਂ ਨਾ ਜਾਣਦੀ ਸੀ ਕਿ ਕਰਮਾ ਵੀ
ਦੋ-ਮੂੰਹਾਂ ਹੀ ਹੋਵੇਗਾ। ਦੋ ਮੂੰਹਾਂ ਵਾਲਾ ਮੁੱਖ ਲੈ ਕੇ ਕਿੰਝ ਮਿੱਠੀਆਂ-ਮਿੱਠੀਆਂ
ਮਾਰਦਾ ਸੀ, ਚੰਦਰਾ ! ਬਖਸ਼ੀਂ ਰੱਬਾ, ਬਖਸ਼ੀਂ! ਇਹੋ ਜਿਹੇ ਦੋ-ਮੂੰਹਿਆਂ ਤੋਂ , ਬਖਸ਼ੀਂ !
ਵਰਿੰਦਰ ਕੌਰ ਰੰਧਾਵਾ,
ਜੈਤੋ ਸਰਜਾ,
ਬਟਾਲਾ (ਗੁਰਦਾਸਪੁਰ)
(9646852416) |