ਸੁੱਕੇ ਖੂਹ ਦੀ ਮੌਣ
ਸ਼ਿਵਚਰਨ ਜੱਗੀ ਕੁੱਸਾ


ਸ਼ਾਮ ਦਾ ਵੇਲ਼ਾ ਸੀ।
ਸਰਦੀਆਂ ਦਾ ਸੂਰਜ ਡੁੱਬਣ 'ਤੇ ਖੜ੍ਹਾ ਸੀ।

ਹੱਥ ਵਿਚ ਫ਼ਟੇ ਪੁਰਾਣੇ ਰੁਮਾਲ ਵਿਚ ਕੁਝ ਰੁਪਏ ਘੁੱਟੀ ਤਪ ਕੌਰ ਪਿੰਡ ਵਾਲ਼ੀ ਸੜਕ 'ਤੇ ਘੋਰ ਉਦਾਸ ਤੁਰੀ ਜਾ ਰਹੀ ਸੀ। ਉਸ ਦੀਆਂ ਜੋਤਹੀਣ ਅੱਖਾਂ ਵਿਚੋਂ ਬੇਕਦਰੇ ਹੰਝੂ ਵਗ ਕੇ ਸੁੱਕ ਚੁੱਕੇ ਸਨ। ਅੱਜ ਪਤਾ ਨਹੀਂ ਕਿੰਨੀ ਵਾਰ ਉਹ ਰੋਈ ਸੀ। ਹੁਣ ਵੀ ਉਸ ਦੇ ਮਨ ਵਿਚ ਕੋਈ ਵਿਰਲਾਪ ਚੱਲ ਰਿਹਾ ਸੀ, ਪਰ ਉਸ ਨੂੰ ਸੁਣਨ ਵਾਲ਼ਾ ਕੋਈ ਨਹੀਂ ਸੀ। ਆਥਣੇ ਪਿੰਡੋਂ ਕੋਈ ਬੱਸ ਨਹੀਂ ਜਾਂਦੀ ਸੀ, ਇਸ ਲਈ ਉਹ ਅਗਲੇ ਪਿੰਡ ਦੇ ਬੱਸ ਅੱਡੇ ਨੂੰ ਤੁਰ ਪਈ ਸੀ।

-"ਐਦੂੰ ਤਾਂ ਮੈਨੂੰ ਦਿੰਦਾ ਈ ਨਾ! ਆਹ ਦਿਨ ਤਾਂ ਨਾ ਦੇਖਣੇ ਪੈਂਦੇ?" ਉਸ ਨੇ ਮੂੰਹ ਉਪਰ ਨੂੰ ਚੁੱਕ ਕੇ ਪਤਾ ਨਹੀਂ ਕਿਸ ਨੂੰ ਉਲਾਂਭਾ ਦਿੱਤਾ ਸੀ। ਉਸ ਦਾ ਦੁਬਾਰਾ ਰੋਣ ਨਿਕਲ਼ ਗਿਆ। ਪਰ ਆਸਾ ਪਾਸਾ ਦੇਖ ਕੇ ਉਸ ਨੇ ਆਪਣੇ ਹੰਝੂ ਅੱਧੋਰਾਣੀ ਚੁੰਨੀ ਵਿਚ ਬੋਚ ਲਏ। ਭੈੜ੍ਹੇ ਜ਼ਮਾਨੇ ਤੋਂ ਵੀ ਉਹ ਡਰਦੀ ਸੀ। ਬਹੁਤਾ ਡਰ ਉਸ ਨੂੰ ਸ਼ਰੀਕਾਂ ਦੇ ਤਾਹਨਿਆਂ ਦਾ ਸੀ ਜਿਹਨਾਂ ਦੇ ਮੂੰਹ ਵਿਚ ਕੈਂਚੀਆਂ ਚੱਲਦੀਆਂ ਅਤੇ ਬੋਲ ਉਸਤਰਿਆਂ ਵਰਗੇ ਸਨ।

-"ਇਸ ਬੇਰਹਿਮ ਤੇ ਬੇਈਮਾਨ ਦੁਨੀਆਂ ਤੋਂ ਆਬਦਾ ਨੰਗ ਆਪ ਢਕਣਾ ਪੈਂਦੈ ਤਪੋ, ਇਹ ਨੀ ਟਿਕਣ ਦਿੰਦੀ ਕਿਸੇ ਨੂੰ!" ਉਸ ਨੂੰ ਆਪਣੀ ਮਾਂ ਦੇ ਕਹੇ ਬੋਲ ਯਾਦ ਆਏ, ਜੋ ਕਈ ਵਰ੍ਹੇ ਪਹਿਲਾਂ ਰੱਬ ਦੇ ਚਰਨਾਂ ਵਿਚ ਜਾ ਬਿਰਾਜੀ ਸੀ। ਮਾਂ ਨੂੰ ਯਾਦ ਕਰ ਕੇ ਉਸ ਦਾ ਮਨ ਫ਼ਿਰ ਭਰ ਆਇਆ।

-"ਚੱਲਣੈਂ ਤਾਈ?" ਪਿੰਡ ਦੇ ਕਿਸੇ ਮੁੰਡੇ ਨੇ ਜੀਪ ਬਰਾਬਰ ਰੋਕ ਕੇ ਪੁੱਛਿਆ।
ਤਪ ਕੌਰ ਦੀ ਸੋਚ ਟੁੱਟੀ ਅਤੇ ਉਹ ਚੁੱਪ ਚਾਪ ਜੀਪ ਵਿਚ ਚੜ੍ਹ ਗਈ।
-"ਤਾਈ ਕਿੱਧਰ ਨੂੰ?"
-"ਜਿੱਧਰ ਨੂੰ ਰੱਬ ਲੈਜੂ ਪੁੱਤ!" ਤਪ ਕੌਰ ਬੋਲੀ, "ਟੁੱਟੇ ਪੱਤਿਆਂ ਦਾ ਕੋਈ ਟਿਕਾਣਾ ਥੋੜ੍ਹੋ ਹੁੰਦੈ? ਦੀਵੇ ਦੀ ਲਾਟ ਤਾਂ ਹਵਾ ਦੇ ਰਹਿਮ 'ਤੇ ਈ ਜਗਦੀ ਐ!" ਉਸ ਦੇ ਮਨ ਕੀਰਨਾਂ ਪਾਇਆ।
-"ਐਨੀ ਕੁਵੇਲ਼ੇ? ਸੁੱਖ ਐ ਤਾਈ??" ਮੁੰਡੇ ਨੇ ਸੁਆਲ ਕੀਤਾ।
-"..............।" ਤਪ ਕੌਰ ਚੁੱਪ ਰਹੀ। ਪਰ ਮਨ ਉਸ ਦਾ ਫ਼ਿਰ ਭਰ ਆਇਆ ਸੀ।
ਜੀਪ ਵਾਲ਼ਾ ਮੁੰਡਾ ਵੀ ਚੁੱਪ ਕਰ ਗਿਆ।

ਖੇਤਾਂ ਵਿਚ ਦੂਰ-ਦੂਰ ਤੱਕ ਹਰਿਆਲੀ ਪਸਰੀ ਹੋਈ ਸੀ। ਛੁਪਦੇ ਸੂਰਜ ਦੀ ਲਾਲੀ ਫ਼ਸਲਾਂ ਨੂੰ ਸੂਹਾ ਜੋਬਨ ਚਾੜ੍ਹ ਰਹੀ ਸੀ।
ਪਰ ਤਪ ਕੌਰ ਦੇ ਮਨ ਵਿਚ ਹਨ੍ਹੇਰ ਛਾਇਆ ਹੋਇਆ ਸੀ।
ਮੋਗਾ-ਬਰਨਾਲ਼ਾ ਵਾਲ਼ੀ ਮੁੱਖ ਸੜਕ 'ਤੇ ਚੜ੍ਹ ਕੇ ਮੁੰਡੇ ਨੇ ਜੀਪ ਬੱਸ ਅੱਡੇ 'ਤੇ ਆ ਰੋਕੀ।
-"ਐਥੋਂ ਈ ਬੱਸ ਫ਼ੜਨੀਂ ਐਂ ਤਾਈ?"
-"ਆਹੋ ਪੁੱਤ! ਜਿਉਂਦਾ ਵਸਦਾ ਰਹਿ ਜਿਉਣ ਜੋਕਰਿਆ!"

ਜੀਪ 'ਚੋਂ ਉਤਰ ਕੇ ਉਸ ਨੇ ਸੜਕ 'ਤੇ ਨਜ਼ਰ ਮਾਰੀ। ਦੂਰ ਮੋੜ 'ਤੇ ਬੱਸ ਆ ਰਹੀ ਸੀ। ਬੈਠੀਆਂ ਸਵਾਰੀਆਂ ਬੱਸ ਨੂੰ ਦੇਖ ਕੇ ਉਠ ਖੜ੍ਹੀਆਂ।
-"ਰਾਹ ਦੀ ਕੋਈ ਸਵਾਰੀ ਨਾ ਹੋਵੇ ਬਈ! ਬੱਸ ਬੱਧਣੀ ਤੋਂ ਉਰ੍ਹੇ ਨੀ ਰੁਕਣੀਂ!" ਰੁਕਦੀ ਬੱਸ 'ਚੋਂ ਉਤਰਦਾ ਕੰਡਕਟਰ ਬੋਲਿਆ। ਮੂੰਹ ਵਿਚ ਉਸ ਨੇ ਵਿਸਲ ਤੁੰਨੀ ਹੋਈ ਸੀ।
-"ਬੁੱਟਰ ਤਾਂ ਰੋਕੇਂਗਾ ਨ੍ਹਾ ਪੁੱਤ?" ਤਪ ਕੌਰ ਨੇ ਪੁੱਛਿਆ।
-"ਬੁੱਟਰ ਰੁਕੂਗੀ ਮਾਈ! ਜਲਦੀ ਚੜ੍ਹ, ਟੈਮ ਨਾ ਖਰਾਬ ਕਰ, ਸਾਡੇ ਮਗਰ ਇੱਕ ਹੋਰ ਬੱਸ 'ਵਾਅਰ' ਮਾਂਗੂੰ ਚੜ੍ਹੀ ਆਉਂਦੀ ਐ, ਕਿਤੇ ਸਵਾਰੀਆਂ ਨਾ ਚੱਕ'ਲੇ ਸਾਡੀਆਂ!"

ਤਪ ਕੌਰ ਧੁਰਲੀ ਜਿਹੀ ਮਾਰ ਕੇ ਚੜ੍ਹ ਗਈ ਅਤੇ ਬੱਸ ਤੁਰ ਪਈ।

-"ਦੇਖ ਕਿਵੇਂ ਅੱਗ ਲੱਗੀ ਐ ਮੰਨੋਂ ਦੇ ਜਾਣਿਆਂ ਨੂੰ!" ਬਰਾਬਰ ਦੀ ਸੀਟ 'ਤੇ ਬੈਠੀ ਕਿਸੇ ਬੇਬੇ ਨੇ "ਬੂ-ਪਾਹਰਿਆ" ਕੀਤੀ। ਉਸ ਦਾ ਸਿਰ ਅਗਲੀ ਸੀਟ ਦੇ ਡੰਡਿਆਂ 'ਤੇ ਜਾ ਵੱਜਿਆ ਸੀ, "ਬਈ ਤੁਸੀਂ ਹੌਲ਼ੀ ਤੁਰਪੋ! ਅੱਗੇ ਜਾ ਕੇ ਦੱਸੋ ਕੀ ਦੁਸਿਹਰੇ ਦਾ ਰਾਵਣ ਸਾੜਨੈਂ ਤੁਸੀਂ!" ਬੇਬੇ "ਬੁੜ-ਬੁੜ" ਕਰੀ ਜਾ ਰਹੀ ਸੀ।
-"ਜੇ ਸਰੀਰ ਨਹੀਂ ਸਾਥ ਦਿੰਦਾ ਤਾਂ ਘਰੇ ਬੈਠਿਆ ਕਰ ਬੇਬੇ! ਕਾਹਨੂੰ ਆਬਦੀ ਵੈਰਨ ਬਣਦੀ ਐਂ?" ਕੰਡਕਟਰ ਨੇ ਟਾਂਚ ਕੀਤੀ।
-"ਵੇ ਤੂੰ ਮੈਥੋਂ ਖੌਂਸੜੇ ਨਾ ਖਾ ਲਈਂ, ਜਣਦਿਆਂ ਨੂੰ ਰੋਣਾਂ!"

ਬੱਸ ਨੇ ਪੂਰੀ ਰਫ਼ਤਾਰ ਫ਼ੜ ਲਈ ਸੀ।
ਸੀਟ 'ਤੇ ਬੈਠੀ ਤਪ ਕੌਰ ਅਚਨਚੇਤ ਆਪਣੇ ਅਤੀਤ ਨਾਲ਼ ਜਾ ਜੁੜੀ।....

......ਅਜੇ ਕੱਲ੍ਹ ਦੀ ਗੱਲ ਸੀ, ਜਦ ਤਪ ਕੌਰ ਦੀ ਡੋਲੀ ਤੁਰੀ ਸੀ। ਚਾਹੇ ਤਪ ਕੌਰ ਦੇ ਮਾਂ-ਬਾਪ ਗ਼ਰੀਬ ਹੀ ਸਨ, ਪਰ ਮਨ ਦੀਆਂ ਇੱਛਾਵਾਂ ਨੂੰ ਕੌਣ ਠੱਲ੍ਹ ਸਕਿਐ? ਮਨ ਵਿਚ ਸੁਪਨਿਆਂ, ਅਰਮਾਨਾਂ ਅਤੇ ਸਧਰਾਂ ਦੀ ਪੋਟਲੀ ਹਿੱਕ ਨਾਲ਼ ਘੁੱਟੀ ਤਪ ਕੌਰ ਸਹੁਰੀਂ ਆ ਗਈ। ਤਪ ਕੌਰ ਦੇ ਘਰਵਾਲ਼ਾ ਸੰਤ ਸਿੰਘ ਵਾਕਿਆ ਹੀ "ਸੰਤ" ਬੰਦਾ ਸੀ। ਨਾ ਕਿਸੇ ਦੀ ਚੰਗੀ ਅਤੇ ਨਾ ਮਾੜੀ! ਰੱਬ ਦੀ ਰਜ਼ਾ ਵਿਚ ਵਿਚਰਨ ਵਾਲ਼ਾ ਫ਼ਕੀਰ ਬਿਰਤੀ ਦਾ ਸਾਧੂ ਬੰਦਾ!

-"ਮੇਰੇ ਸਿਰ 'ਚ ਚਾਹੇ ਗਲ਼ੀਆਂ ਕਰੀ ਜਾਈਂ, ਕੋਈ ਪ੍ਰਵਾਹ ਨੀ! ਚਿੜੀਆਂ ਦਾ ਦੁੱਧ ਮੰਗੇਂਗੀ, ਉਹ ਵੀ ਪੈਦਾ ਕਰ ਕੇ ਦਿਊਂਗਾ, ਪਰ ਸ਼ਰੀਕੇ ਕਬੀਲੇ 'ਚ ਮੈਨੂੰ ਕੋਈ ਉਲਾਂਭਾ ਖੱਟ ਕੇ ਨਾ ਦੇਈਂ, ਤੇਰੇ ਚਰਨਾਂ 'ਚ ਮੇਰੀ ਆਹੀ ਬੇਨਤੀ ਐ!" ਪਹਿਲੀ ਰਾਤ ਉਸ ਨੇ ਇੱਕੋ-ਇੱਕ ਗੱਲ ਤਪ ਕੌਰ ਨੂੰ ਆਖੀ ਸੀ। ਤਪ ਕੌਰ ਚੁੱਪ ਰਹੀ, ਪਰ ਭੋਲ਼ੇ-ਭਾਲ਼ੇ ਪਤੀ-ਦੇਵ ਤੋਂ ਉਹ ਜਾਨ ਨਿਛਾਵਰ ਕਰਨ ਵਾਲ਼ੀ ਹੋ ਗਈ ਸੀ।

-"ਆਪਣਾ ਸੰਤ ਤਾਂ ਇਹਨੂੰ ਡੱਕਾ ਨੀ ਆਖਦਾ, ਪੂਛ-ਪੂਛ ਈ ਕਰਦਾ ਰਹਿੰਦੈ, ਐਕਣ ਤਾਂ ਇਹ ਸਿਰ 'ਤੇ ਚੜ੍ਹਜੂ!" ਇੱਕ ਦਿਨ ਕੁਪੱਤੀ ਸੱਸ ਨੇ ਆਪਣੇ ਛੜੇ ਪੁੱਤ ਧੱਤੂ ਨੂੰ ਗੁੱਝਾ ਕੰਨ ਵਿਚ ਆਖਿਆ।
-"ਸਿਰ ਕਿਵੇਂ ਚੜ੍ਹਜੂ ਬੇਬੇ? ਸਿਰ ਚੜ੍ਹੀ ਸਾਨੂੰ ਲਾਹੁੰਣੀ ਆਉਂਦੀ ਐ, ਅਸੀਂ ਕਿੱਕਰ ਤੋਂ ਕਾਟੋ ਲਾਹ ਲਈਏ, ਇਹ ਚਾਮਚੜਿੱਕ ਤਾਂ ਚੀਜ ਈ ਕੀ ਐ? ਤੂੰ ਝੋਰਾ ਨਾ ਕਰਿਆ ਕਰ, ਜੇ ਚਿਰ-ਫ਼ਿਰ ਕਰੇ, ਤਾਂ ਦੱਸੀਂ, ਇਹਨੂੰ ਤਾਂ ਪੈਰ ਥੱਲੇ ਮਸਲ਼ ਦਿਆਂਗੇ!" ਧੱਤੂ ਨੂੰ ਤਾਂ ਤਪ ਕੌਰ 'ਤੇ ਪਹਿਲਾਂ ਹੀ ਰੰਜ ਸੀ।

ਧੱਤੂ ਜਮਾਂਦਰੂ ਛੜਾ ਸੀ। ਇੱਕ ਲੱਤ ਵਿਚ ਬੱਜ ਅਤੇ ਅੱਖਾਂ 'ਚ ਭੈਂਗ ਹੋਣ ਕਾਰਨ ਕਿਸੇ ਰਿਸ਼ਤਾ ਕਰਵਾਉਣ ਵਾਲ਼ੇ ਨੇ ਲੱਤ ਨਾ ਲਾਈ ਅਤੇ ਸਰੀਰਕ ਢਾਂਚੇ ਦੀਆਂ ਜ਼ਰਬਾਂ ਤਕਸੀਮਾਂ ਵਿਚ ਧੱਤੂ ਛੜਾ ਹੀ ਰਹਿ ਗਿਆ। ਸਾਰੀ ਦਿਹਾੜ੍ਹੀ ਵਿਹਲਾ ਉਹ ਲੋਕਾਂ ਦੀਆਂ ਕੰਧਾਂ ਕੌਲ਼ਿਆਂ ਵਿਚ ਵੱਜਦਾ ਫ਼ਿਰਦਾ ਰਹਿੰਦਾ। ਹੁਣ ਜਦੋਂ ਦਾ ਉਸ ਦਾ ਛੋਟਾ ਭਰਾ ਸੰਤ ਵਿਆਹਿਆ ਗਿਆ ਸੀ, ਤਾਂ ਉਸ ਨੇ ਵਿਆਹ ਦੀ ਰਹਿੰਦੀ ਆਸ ਦੇ ਡੱਕੇ ਵੀ ਭੰਨ ਦਿੱਤੇ ਸਨ। ਦੋ ਕੁ ਦਿਨ ਉਸ ਨੇ ਤਪ ਕੌਰ ਨੂੰ ਬੜੇ ਚਾਅ ਨਾਲ਼ "ਸਤਿ ਸ੍ਰੀ ਅਕਾਲ" ਬੁਲਾਈ। ਪਰ ਜਦ ਤਪ ਕੌਰ "ਸਤਿ ਸ੍ਰੀ ਅਕਾਲ" ਤੋਂ ਅੱਗੇ ਨਾ ਵਧੀ, ਤਾਂ ਧੱਤੂ ਨੇ ਤਪ ਕੌਰ ਨਾਲ਼ ਖਾਰ ਖਾਣੀਂ ਅਤੇ ਈਰਖਾ ਕਰਨੀ ਸ਼ੁਰੂ ਕਰ ਦਿੱਤੀ।

-"ਕੰਜਰ ਦੀ ਅੱਖ ਈ ਨੀ ਮਿਲ਼ਾਉਂਦੀ!" ਧੱਤੂ ਮਨ ਵਿਚ ਖਿਝਦਾ ਅਤੇ ਕੁੜ੍ਹਦਾ ਰਹਿੰਦਾ।

ਤਪ ਕੌਰ ਨੂੰ "ਉਮੀਦਵਾਰੀ" ਹੋਈ ਤਾਂ ਖ਼ਬਰ ਮਿਲ਼ਣ 'ਤੇ ਉਸ ਦਾ ਬਾਪ ਤਪ ਕੌਰ ਨੂੰ ਲੈਣ ਆ ਗਿਆ।

-"ਅਸੀਂ ਨੀ ਤੋਰਨੀ ਚੰਦ ਸਿਆਂ! ਸਾਡਾ ਤਾਂ ਭਾਈ ਆਪ ਨੀ ਕੰਮ ਦਾ ਸਰਦਾ!" ਖਰੂਦੀ ਸੱਸ ਨੇ ਚਿੱਟਾ ਹੀ ਜਵਾਬ ਦੇ ਦਿੱਤਾ।
-"ਚੇਤ ਕੁਰੇ, ਕੁੜੀ ਦਾ ਪੈਰ ਭਾਰੈ, ਰੀਤਾਂ ਰਵਾਇਤਾਂ ਮੁਤਾਬਿਕ ਕੁੜੀ ਦਾ ਪਹਿਲਾ ਜਣੇਪਾ ਤਾਂ ਪੇਕੀਂ ਹੋਣਾ ਚਾਹੀਦੈ, ਤੂੰ ਤਾਂ ਆਪ ਸਿਆਣੀਂ ਐਂ! ਜੇ ਪਤਾ ਹੁੰਦਾ ਤੁਸੀਂ ਨਹੀਂ ਤੋਰਨੀ, ਤਾਂ ਕੁੜੀ ਦੀ ਬੇਬੇ ਇਹਨੂੰ ਨਿੱਕ-ਸੁੱਕ ਰਲ਼ਾ ਕੇ ਭੇਜ ਦਿੰਦੀ!"
-"ਮੈਂ ਇੱਕ ਆਰੀ ਕਹਿਤਾ ਬਈ ਅਸੀਂ ਨਹੀਂ ਤੋਰਨੀ, ਜਿਹੜਾ ਨਿੱਕ-ਸੁੱਕ ਰਲ਼ਾ ਕੇ ਦੇਣੈ, ਫ਼ੇਰ ਦੇ ਜਾਈਂ! ਤੂੰ ਕਿਹੜਾ ਸਿੰਘਾਪੁਰੋਂ ਆਉਣੈਂ, ਚੁੱਲ੍ਹੇ ਦੇ ਵੱਟੇ ਨਾਲ਼ ਤਾਂ ਤੂੰ ਬੈਠੈਂ!" ਉਸ ਨੇ ਬੜੇ ਰੁੱਖੇ ਅੰਦਾਜ਼ ਵਿਚ ਕਿਹਾ।

ਢੇਰੀ ਜਿਹੀ ਢਾਹ ਕੇ ਤਪ ਕੌਰ ਦਾ ਬਾਪ ਵਾਪਸ ਮੁੜ ਗਿਆ।

-"ਜੇ ਸਾਡੇ ਨਾਲ਼ ਬਣਾ ਕੇ ਰੱਖਦੀ, ਆਹ ਦੁਰਗਤੀਆਂ ਨਾ ਹੁੰਦੀਆਂ!" ਧੱਤੂ ਨੇ ਤਪ ਕੌਰ ਨੂੰ ਗੱਲ ਰੜਕਾਈ।

ਪਰ ਤਪ ਕੌਰ ਕੰਨ ਲਪੇਟ ਕੇ ਅੰਦਰ ਵੜ ਗਈ। ਕੁਝ ਨਾ ਬੋਲੀ। ਉਹ ਧੱਤੂ ਨੂੰ ਮੱਥੇ ਵੀ ਲਾਉਣਾ ਨਹੀਂ ਚਾਹੁੰਦੀ ਸੀ।
ਉਸ ਰਾਤ ਤਪ ਕੌਰ ਰੱਜ ਕੇ ਰੋਈ। ਇਤਨੀ ਸ਼ਾਇਦ ਉਹ ਜ਼ਿੰਦਗੀ 'ਚ ਪਹਿਲੀ ਵਾਰ ਰੋਈ ਸੀ।
-"ਅਜੇ ਵੀ ਮੌਕੈ! ਛੱਡ ਦੇ ਹਿੰਡ! ਸੌਖੀ ਰਹੇਂਗੀ, ਮੈਨੂੰ ਕੋਈ ਕੋਹੜ੍ਹ ਨੀ ਹੋਇਆ!" ਧੱਤੂ ਦੀ ਮਾਰੂ ਨੀਅਤ ਉਸ ਨੂੰ ਸ਼ਿਕਾਰ ਵਾਂਗ ਤਾੜ ਰਹੀ ਸੀ।

-".................।" ਤਪ ਕੌਰ ਨੇ ਆਪਣੀ ਫ਼ੌਲ਼ਾਦੀ ਚੁੱਪ ਨਾ ਤੋੜੀ।
-"ਤੇਰੇ ਗਲ਼ 'ਚੋਂ ਵੀ ਨਖਰੇ ਆਲ਼ਾ ਕਿੱਲਾ ਕੱਢਣਾ ਪੈਣੈਂ, ਲੱਤਾਂ ਦੇ ਭੂਤ ਬਾਤਾਂ ਨਾਲ਼ ਕਾਹਨੂੰ ਮੰਨਦੇ ਐ?" ਧੱਤੂ ਦੀਆਂ ਅੱਖਾਂ ਦਾ ਭੈਂਗ ਡੁਬਕ੍ਹੀਆਂ ਲਾਉਣ ਲੱਗ ਪਿਆ।
ਤਪ ਕੌਰ ਅੰਦਰ ਵੜ ਗਈ। ਉਸ ਨੇ ਫ਼ਿਰ ਮੂੰਹ ਨਾ ਖੋਲ੍ਹਿਆ।
ਤਪ ਕੌਰ ਦੇ ਦਿਨ ਪੂਰੇ ਹੋ ਗਏ।

ਸਵੇਰ ਦੀ ਉਹ ਸੁੰਡੀ ਵਾਂਗ ਤੜਪੀ ਜਾ ਰਹੀ ਸੀ। ਮਾਂ ਦੇ ਕਹਿਣ 'ਤੇ ਸੰਤ ਸਿੰਘ ਪਿੰਡ ਦੀ ਦਾਈ ਨੂੰ ਬੁਲਾ ਲਿਆਇਆ। ਦਾਈ ਨੇ ਆ ਕੇ ਸਰ੍ਹੋਂ ਦੇ ਤੇਲ ਨਾਲ਼ ਪੇਟ ਮਲ਼ਿਆ।

-"ਸੰਤ ਤੇ ਧੱਤੂ ਹੋਰੀਂ, ਸਾਰੇ ਮੇਰੇ ਹੱਥਾਂ 'ਚ ਜੰਮੇਂ ਐਂ ਪੁੱਤ!" ਪੇਟ ਮਲ਼ਦੀ ਭੋਲ਼ੀ-ਭਾਲ਼ੀ ਦਾਈ ਤਪ ਕੌਰ ਨੂੰ ਆਖ ਰਹੀ ਸੀ।
-"ਇਹਨੂੰ ਪੇਕੀਂ ਕਿਉਂ ਨਾ ਭੇਜਿਆ ਚੇਤੋ?" ਦਾਈ ਨੇ ਤਪ ਕੌਰ ਦੀ ਸੱਸ ਨੂੰ ਸੁਆਲ ਕੀਤਾ, "ਪਹਿਲਾ ਜਣੇਪਾ ਤਾਂ ਭੈਣੇ ਪੇਕੀਂ ਹੁੰਦੈ!"
-"ਪੇਕਿਆਂ ਤੋਂ ਕੋਈ ਲੈਣ ਈ ਨੀ ਆਇਆ, ਮੈਂ ਕਿਹੜੇ ਖੂਹ 'ਚ ਛਾਲ਼ ਮਾਰਦੀ?" ਸੱਸ ਨੇ ਠੁਣਾਂ ਪੇਕਿਆਂ ਸਿਰ ਭੰਨਿਆਂ। ਉਹ ਅੱਕਿਆਂ ਵਾਂਗ ਬੋਲਦੀ ਸੀ।

ਦਾਈ ਚੁੱਪ ਹੋ ਗਈ।
ਸੱਸ ਦੀ ਨਿਰੋਲ ਝੂਠੀ ਗੱਲ ਤਪ ਕੌਰ ਦਾ ਸੀਨਾਂ ਦੋਫ਼ਾੜ ਕਰ ਗਈ। ਉਹ ਜਣੇਪਾ ਪੀੜਾਂ ਦੇ ਪੱਜ ਬੁੱਕੋ-ਬੁੱਕ ਅੱਥਰੂ ਕੇਰ ਰਹੀ ਸੀ।
ਜਦ ਸੂਰਜ ਛੁਪਿਆ ਤਾਂ ਜੰਮਣ-ਪੀੜਾਂ ਨੇ ਤਪ ਕੌਰ ਅੰਦਰ ਜੁਆਲਾ-ਮੁਖੀ ਮਚਾ ਦਿੱਤੀ। ਅੰਦਰ ਦਰਦਾਂ ਦਾ ਲਾਵਾ ਮੱਚਿਆ ਤਾਂ ਉਸ ਦੀਆਂ ਚੀਕਾਂ ਨੇ ਕੰਧਾਂ ਕੰਬਣ ਲਾ ਦਿੱਤੀਆਂ। ਬਾਹਰ ਬੈਠਾ ਧੱਤੂ ਉਸ ਦੀਆਂ ਚੀਕਾਂ ਸੁਣ ਕੇ ਬਾਗੋ-ਬਾਗ ਹੋਈ ਜਾ ਰਿਹਾ ਸੀ। ਸੰਤ ਸਿੰਘ ਹੱਥ ਜੋੜੀ ਅਤੇ ਅੱਖਾਂ ਮੀਟੀ ਬੈਠਾ ਸੀ।

-"ਚੇਤ ਕੁਰੇ, ਡਾਕਦਾਰ ਨੂੰ ਬੁਲਾਓ! ਟੀਕਾ ਲੱਗ ਕੇ ਜੁਆਕ ਛੇਤੀ ਹੋਜੂ!" ਦਾਈ ਨੇ ਸੱਸ ਨੂੰ ਕਿਹਾ।

ਸੱਸ ਧੱਤੂ ਹੋਰਾਂ ਕੋਲ਼ ਬੈਠਕ ਵਿਚ ਆ ਗਈ।

-"ਜਾਹ ਵੇ ਧੱਤੂ ਡਾਕਦਾਰ ਨੂੰ ਬੁਲਾ ਕੇ ਲਿਆ!" ਚੇਤ ਕੌਰ ਨੇ ਕਿਹਾ ਤਾਂ ਸੰਤ ਸਿੰਘ ਉਠ ਖੜ੍ਹਿਆ।
-"ਮੈਂ ਜਾਨੈਂ ਬੇਬੇ, ਬਾਈ ਨੂੰ ਬੈਠਾ ਰਹਿਣ ਦੇ!" ਸੰਤ ਨੇ ਧੱਤੂ ਦੀ ਲੰਗੜੀ ਲੱਤ ਦਾ ਖਿਆਲ ਕਰ ਕੇ ਕਿਹਾ।
-"ਤੂੰ ਰਹਿਣ ਦੇ ਸੰਤ! ਮੈਂ ਜਾਨੈਂ!" ਧੱਤੂ ਬਾਹਰ ਨਿਕਲ਼ ਗਿਆ। ਉਹ ਨਵੇਂ ਦੁੱਧ ਹੋਣ ਵਾਲ਼ੀ ਮੱਝ ਵਾਂਗ ਲੰਗੜੀ ਲੱਤ ਘੁੰਮਾਉਂਦਾ ਜਾ ਰਿਹਾ ਸੀ। ਨਾ ਤਾਂ ਉਸ ਨੇ ਡਾਕਟਰ ਦੇ ਜਾਣਾ ਸੀ, ਅਤੇ ਨਾ ਹੀ ਗਿਆ। ਉਹ ਦੇਸੀ ਦਾਰੂ ਦੀ ਬੋਤਲ ਖਰੀਦ, ਘਰ ਆ ਗਿਆ।
-"ਡਾਕਦਾਰ ਦੀ ਤਾਂ ਮਾਸੀ ਮਰਗੀ ਬੇਬੇ! ਮਕਾਣ ਗਿਆ ਹੋਇਐ!" ਉਸ ਨੇ ਦੱਸਿਆ।

ਤਪ ਕੌਰ ਦਾ ਬੁਰਾ ਹਾਲ ਸੀ। ਉਸ ਦਾ ਜਿਵੇਂ ਦੂਸਰਾ ਜਨਮ ਹੋ ਰਿਹਾ ਸੀ।

-"ਇਉਂ ਤਾਂ ਚੇਤ ਕੁਰੇ ਬਹੂ ਦੀ ਜਾਨ ਨੂੰ ਖਤਰਾ ਹੋਜੂ! ਇਹਨੂੰ ਸ਼ਹਿਰ ਲੈਜੋ!" ਦਾਈ ਨੇ ਹਮਦਰਦੀ ਪ੍ਰਗਟਾਈ।
-"ਕਰਦੀ ਆਂ ਮੈਂ ਗੱਲ ਧੱਤੂ ਨਾਲ਼!" ਚੇਤ ਕੌਰ ਬਾਹਰ ਨਿਕਲ਼ ਗਈ।

ਧੱਤੂ ਚਾਰ ਪੈੱਗ ਲਾ ਕੇ "ਰਾਠ" ਬਣਿਆਂ ਬੈਠਾ ਸੀ।

-"ਭਾਗੋ ਤਾਂ ਕਹਿੰਦੀ ਇਹਨੂੰ ਸ਼ਹਿਰ ਲੈਜੋ!" ਉਸ ਨੇ ਤਿਰਛੀ ਨਜ਼ਰ ਨਾਲ਼ ਧੱਤੂ ਵੱਲ ਦੇਖਿਆ।
-"ਸ਼ਹਿਰ ਲਿਜਾਣ ਵਾਸਤੇ ਤਾਂ ਟਰਾਲੀ ਜਾਂ ਕਾਰ ਦਾ ਢਾਣਸ ਕਰਨਾ ਪਊ ਬੇਬੇ! ਮੈਂ ਡਾਕਦਾਰ ਵੱਲ ਫ਼ੇਰ ਗੇੜਾ ਮਾਰਦੈਂ, ਮਕਾਣ ਗਿਆ ਓਥੇ ਬੈਠਾ ਥੋੜ੍ਹੋ ਰਹੂ, ਕੀ ਐ ਮੁੜ ਈ ਆਇਆ ਹੋਵੇ?" ਧੱਤੂ ਨੇ ਕਿਹਾ, "ਨਾਲ਼ੇ ਸੰਤ ਓਦੋਂ ਦਾ ਪਾਠ ਕਰੀ ਜਾਂਦੈ, ਇਹਦਾ ਬਾਬਾ ਵੀ ਕੋਈ ਨਾ ਕੋਈ ਰੰਗ ਦਿਖਾਊ!" ਉਸ ਨੇ ਕੌੜਾ ਜਿਹਾ ਹੱਸ ਕੇ ਸੰਤ ਸਿੰਘ 'ਤੇ ਵਿਅੰਗ ਕਸਿਆ। ਪਰ ਸੰਤ ਕੁਝ ਨਾ ਬੋਲਿਆ।
ਧੱਤੂ ਨੇ ਤੂੜੀ ਵਾਲ਼ੇ ਅੰਦਰ ਵੜ ਕੇ ਇੱਕ ਪੈੱਗ ਹੋਰ ਅੰਦਰ ਸੁੱਟਿਆ ਅਤੇ ਖੰਘੂਰਾ ਮਾਰ ਕੇ ਬਾਹਰ ਨਿਕਲ਼ ਗਿਆ।
ਰਾਤ ਅੱਧੀ ਹੋ ਚੁੱਕੀ ਸੀ।
ਚੀਕ-ਚੀਕ ਕੇ ਤਪ ਕੌਰ ਦਾ ਗਲ਼ਾ ਘਗਿਆ ਗਿਆ ਸੀ। ਉਸ ਅੰਦਰੋਂ ਅਵਾਜ਼ ਨਹੀਂ ਨਿਕਲ਼ ਰਹੀ ਸੀ।
ਅੱਧੀ ਰਾਤੋਂ ਬਾਅਦ ਧੱਤੂ ਡਾਕਟਰ ਨੂੰ ਲੈ ਕੇ ਆਇਆ।
ਅਜੇ ਉਹ ਦਰਵਾਜੇ ਅੰਦਰ ਦਾਖ਼ਲ ਹੋਏ ਹੀ ਸਨ ਕਿ ਤਪ ਕੌਰ ਦੀ ਜਾਨ ਛੁੱਟ ਗਈ। ਬੱਚਾ ਹੋ ਗਿਆ। ਪਰ ਦਾਈ ਹੈਰਾਨ ਸੀ ਕਿ ਬੱਚਾ ਰੋਇਆ ਨਹੀਂ ਸੀ। ਉਸ ਨੇ ਬੱਚੇ ਦੇ ਦੋ-ਤਿੰਨ ਥਪੇੜੇ ਜਿਹੇ ਮਾਰੇ, ਪਰ ਬੱਚਾ ਨਾ ਰੋਇਆ। ਦਾਈ ਨੇ ਬੱਚਾ ਚੁੱਕਿਆ ਅਤੇ ਲੈਂਪ ਕੋਲ਼ ਲੈ ਗਈ। ਬੱਚਾ ਪੀਲ਼ਾ ਜ਼ਰਦ ਸੀ।
ਸੱਸ ਵੀ ਭੱਜ ਕੇ ਲੈਂਪ ਕੋਲ਼ ਆਈ।

-"ਮਰੀ ਵੀ ਬੱਚੀ ਹੋਈ ਐ!" ਦਾਈ ਨੇ ਦੁੱਖ ਜਿਹੇ ਨਾਲ਼ ਚੇਤ ਕੌਰ ਨੂੰ ਦੱਸਿਆ।

ਮਰੀ ਹੋਈ ਬੱਚੀ ਜੰਮੀ ਦੇਖ ਕੇ ਸੱਸ ਨੇ ਮੂੰਹ ਘੁੱਟ ਲਿਆ।
ਤਪ ਕੌਰ ਕਿਸੇ ਚੰਗੀ ਖ਼ਬਰ ਦੀ ਆਸ ਵਿਚ ਸੀ। ਕੰਨ ਉਸ ਦੇ ਦਾਈ ਵੱਲ ਲੱਗੇ ਹੋਏ ਸਨ।

-"ਜਿਹੋ ਜੀ ਨੀਤ ਸੀ, ਓਹੋ ਜੀ ਮੁਰਾਦ ਪਾ ਲਈ ਕੁਲੈਹਣੀ ਨੇ, ਮਰੀ ਵੀ ਕੁੜੀ ਜੰਮ ਕੇ ਸਿੱਟਤੀ!" ਸੱਸ ਦੇ ਬੋਲਾਂ ਦਾ ਬਾਣ ਉਸ ਦੇ ਕਾਲ਼ਜੇ ਵੱਜਿਆ ਅਤੇ ਉਸ ਦੀ ਧਾਹ ਨਿਕਲ਼ ਗਈ। ਉਸ ਨੇ ਮੂੰਹ 'ਤੇ ਰਜਾਈ ਲੈ ਲਈ। ਜਿਸਮਾਨੀ ਪੀੜਾਂ ਉਹ ਕਾਫ਼ੀ ਹੱਦ ਤੱਕ ਭੁੱਲ ਗਈ ਸੀ।
-"ਡਾਕਦਾਰ ਨੂੰ ਆਖ ਬਹੂ ਦੇ ਧੁਣਖਵਾਅ ਦਾ ਟੀਕਾ ਲਾਦੂ, ਬਥੇਰਾ ਵਖਤ ਭਰਿਐ ਬਿਚਾਰੀ ਨੇ!" ਦਾਈ ਨੇ ਆਖਿਆ।

ਸੱਸ ਜਿੰਨ ਵਾਂਗ ਬਾਹਰ ਆਈ।

-"ਮਰੀ ਵੀ ਕੁੜੀ ਜੰਮੀ ਐਂ!" ਉਸ ਨੇ ਸੰਤ ਸਿੰਘ ਨੂੰ ਸੁਣਾ ਕੇ ਕਿਹਾ।

ਡਾਕਟਰ ਨੇ ਲੰਬਾ ਸਾਹ ਲੈ ਕੇ ਦੁੱਖ ਵਿਚ ਨੀਂਵੀਂ ਸੁੱਟ ਲਈ।
ਸੰਤ ਸਿੰਘ ਅਹਿਲ ਬੈਠਾ ਸੀ। ਉਸ ਦੇ ਮਨ 'ਤੇ ਕੋਈ ਅਸਰ ਨਹੀਂ ਹੋਇਆ ਸੀ।

-"ਜਾਹ ਓਹਦੇ ਧੁਣਖਵਾਅ ਦਾ ਸੂਆ ਲਾ ਦੇ ਪੁੱਤ!" ਚੇਤ ਕੌਰ ਨੇ ਡਾਕਟਰ ਨੂੰ ਕਿਹਾ।
-"ਧੁਣਖਵਾਅ ਦਾ ਸੂਆ ਲਾਉਣ ਨੂੰ ਓਹਦੇ ਕਸੀਆ ਵੱਜਿਐ? ਰਹਿਣ ਦੇ! ਬਾਧੂ ਖਰਚੇ ਦਾ ਘਰ!" ਧੱਤੂ ਖਿਝ ਕੇ ਬੋਲਿਆ।
-"ਧੁਣਖਵਾਅ ਦਾ ਟੀਕਾ ਮੈਂ ਲਾ ਜਾਨੈਂ ਬਾਈ, ਪੰਜੀ ਨਾ ਦੇਈਂ!" ਤਰਸ ਦੀ ਮੂਰਤ ਬਣਿਆਂ ਡਾਕਟਰ ਬੋਲਿਆ।
-"ਤੇਰੀ ਕਿਹੜੀ ਮਾਸੀ ਗੁਜਰ ਗਈ ਇੰਦਰ?" ਚੇਤ ਕੌਰ ਨੇ ਡਾਕਟਰ ਨੂੰ ਪੁੱਛਿਆ।
-"ਮੇਰੀ ਤਾਂ ਕੋਈ ਮਾਸੀ ਨੀ ਗੁਜਰੀ, ਤਾਈ। ਸਾਰੀਆਂ ਚੜ੍ਹਦੀ ਕਲਾ 'ਚ ਐ।" ਡਾਕਟਰ ਨੇ ਕਿਹਾ ਤਾਂ ਧੱਤੂ ਮਾਂ ਵੱਲ ਪਿਆਸੇ ਕਾਂ ਵਾਂਗ ਝਾਕਿਆ। ਸੰਤ ਨੇ ਗੱਲ ਸੁਣ ਕੇ ਸਿਰ ਉਪਰ ਚੁੱਕਿਆ ਅਤੇ ਉਹ ਫ਼ਿਰ ਹੱਥ ਜੋੜ ਕੇ ਬੈਠ ਗਿਆ। ਚੇਤ ਕੌਰ ਦੇ ਮਨ 'ਤੇ ਕੋਈ ਅਸਰ ਨਾ ਹੋਇਆ। ਉਹ ਬੇਕਿਰਕ ਪੁੱਤ ਦੀ ਚਾਲ ਸਮਝ ਗਈ ਸੀ।
ਡਾਕਟਰ ਨੇ ਇੱਕ ਟੀਕਾ ਤਾਕਤ ਦਾ ਅਤੇ ਇੱਕ ਧੁਣਖਵਾਅ ਦਾ ਲਾਇਆ ਅਤੇ ਬਿਨਾ ਪੈਸੇ ਲਿਆਂ ਚਲਿਆ ਗਿਆ।
ਬੋਤਲ ਵਿਚੋਂ ਰਹਿੰਦੀ ਦਾਰੂ ਧੱਤੂ ਨੇ ਸੂਤ ਧਰੀ।
ਰਾਤ ਨੂੰ ਘਰ ਦੇ ਇੱਕ ਪਾਸੇ ਟੋਆ ਪੁੱਟ ਕੇ ਧੀ-ਧਿਆਣੀ ਨੂੰ ਦਫ਼ਨਾ ਦਿੱਤਾ ਗਿਆ। ਤਪ ਕੌਰ ਨੂੰ ਧੀ ਦਾ ਮੂੰਹ ਤੱਕ ਨਹੀਂ ਵਾਖਾਇਆ ਸੀ। ਉਹ ਸਬਰ ਸੰਤੋਖ ਆਸਰੇ ਘੁੱਟ ਵੱਟੀ ਪਈ ਸੀ। ਤਨ ਦੀ ਕਮਜ਼ੋਰੀ ਕਾਰਨ ਉਸ ਤੋਂ ਹਿੱਲਿਆ ਨਹੀਂ ਜਾ ਰਿਹਾ ਸੀ।

ਉਪਰੋਥਲ਼ੀ ਤਪ ਕੌਰ ਤਿੰਨ ਵਾਰ ਗਰਭਵਤੀ ਹੋਈ ਅਤੇ ਹਰ ਵਾਰ ਉਸ ਨਾਲ਼ ਓਹੀ ਹਾਲ ਹੁੰਦਾ ਰਿਹਾ। ਹਰ ਵਾਰ ਸੱਸ ਉਸ ਨੂੰ ਪੇਕੀਂ ਨਾ ਜਾਣ ਦਿੰਦੀ, ਉਸ ਦਾ ਜਣੇਪਾ ਸਹੁਰੀਂ ਹੀ ਹੁੰਦਾ ਅਤੇ ਬੱਚਾ ਮਰਿਆ ਹੋਇਆ ਜੰਮਦਾ! ਤਿੰਨ ਧੀਆਂ ਜੰਮੀਆਂ ਅਤੇ ਤਿੰਨੇ ਹੀ ਮਰੀਆਂ ਹੋਈਆਂ ਜੱਗ 'ਤੇ ਆਈਆਂ।
ਜਦ ਚੌਥੀ ਵਾਰ ਤਪ ਕੌਰ ਨੂੰ ਬੱਚਾ-ਬੱਚੀ ਹੋਣ ਵਾਲ਼ਾ ਹੋਇਆ ਤਾਂ ਤਪ ਕੌਰ ਨੇ ਸੰਤ ਸਿੰਘ ਨੂੰ ਆਪਣੇ ਮਨ ਦੀ ਖ਼ਾਹਿਸ਼ ਦੱਸੀ।

-"ਮੈਂ ਇਸ ਵਾਰੀ ਬੱਚਾ ਪੇਕੀਂ ਜੰਮਣਾ ਚਾਹੁੰਨੀ ਆਂ, ਜੇ ਤੂੰ ਮੈਨੂੰ ਪੇਕੀਂ ਛੱਡ ਆਵੇਂ? ਕਿਸਮਤ ਹਰ ਵਾਰੀ ਆਪਣੇ ਨਾਲ਼ ਧੱਕਾ ਕਰਦੀ ਐ, ਕੀ ਐ ਥਾਂ ਬਦਲਣ ਨਾਲ਼ ਆਪਣੇ ਨਛੱਤਰ ਵੀ ਸਿੱਧੇ ਹੋ ਜਾਣ?" ਰੱਬੀ ਰੂਹ ਸੰਤ ਸਿੰਘ ਨੇ ਫ਼ੱਟ "ਹਾਂ" ਕਰ ਦਿੱਤੀ ਅਤੇ ਮੂੰਹ ਹਨ੍ਹੇਰੇ ਸਾਈਕਲ 'ਤੇ ਚੜ੍ਹ ਤਪ ਕੌਰ ਨੂੰ ਪੇਕੀਂ ਛੱਡ ਆਇਆ।

ਮਾਂ ਅਤੇ ਧੱਤੂ ਨੇ ਝੱਜੂ ਪਾ ਲਿਆ।

-"ਤੂੰ ਸਾਲ਼ਿਆ ਮਾਂਊਂਆਂ ਜਿਆ ਕੇਰਾਂ ਈ ਪਟਿਆਲ਼ੇ ਆਲ਼ਾ ਭੂਪਾ ਬਣ ਤੁਰਿਆ, ਬੇਬੇ ਨੂੰ ਤਾਂ ਪੁੱਛ ਲੈਂਦਾ?" ਧੱਤੂ ਪ੍ਰੇਤ ਵਾਂਗ ਟੱਪਿਆ। ਪਰ ਸੰਤ ਸਿੰਘ 'ਤੇ ਕੋਈ ਅਸਰ ਨਾ ਹੋਇਆ। ਉਹ ਆਪਣੇ ਸੁਭਾਅ ਅਨੁਸਾਰ ਮਸਤ ਹੀ ਰਿਹਾ।
ਤਪ ਕੌਰ ਦੇ ਮਨ ਦੀ ਮੁਰਾਦ ਪੂਰੀ ਹੋਈ। ਉਸ ਨੇ ਲੋਗੜ ਵਰਗੇ ਮੁੰਡੇ ਨੂੰ ਜਨਮ ਦਿੱਤਾ। ਤਪ ਕੌਰ ਨੇ ਦਸ ਵਾਰ ਧਰਤੀ ਨੂੰ ਨਮਸਕਾਰ ਕੀਤੀ। ਉਸ ਦਾ ਪਿਆਰ ਦਾ ਨਾਂ "ਲੋਟਣ" ਰੱਖਿਆ ਗਿਆ।

-"ਜਿਹੋ ਜੀ ਆਪ ਐ, ਓਹੋ ਜਿਆ ਮੁੰਡਾ ਜੰਮਿਆਂ ਹੋਊ!" ਖ਼ੁਸ਼ੀ ਜਾਂ ਕੋਈ ਸ਼ਗਨ ਕਰਨ ਦੀ ਵਜਾਏ ਸੱਸ ਨੇ ਖ਼ਬਰ ਮਿਲਣ 'ਤੇ ਖੁੰਧਕ ਵਿਚ ਬੁੱਲ੍ਹ ਟੇਰੇ।

ਸ਼ਾਮ ਨੂੰ ਧੱਤੂ ਦਾਰੂ ਦੀਆਂ ਦੋ ਬੋਤਲਾਂ ਲੈ ਕੇ ਘਰ ਆਇਆ।

-"ਲੈ ਬਈ ਸੰਤ! ਸਾਰੀ ਉਮਰ ਮੈਂ ਤੈਨੂੰ ਸੁਆਲ ਨੀ ਪਾਇਆ, ਪਰ ਅੱਜ ਤੈਨੂੰ ਮੇਰੀ ਗੱਲ ਮੰਨਣੀ ਪਊ ਛੋਟੇ ਭਾਈ!"
-"ਬੋਲ?" ਸੰਤ ਸਹਿਜ ਸੁਭਾਅ ਬੋਲਿਆ।
-"ਅੱਜ ਮੈਨੂੰ ਭਤੀਜ ਹੋਏ ਦੀ ਐਨੀ ਖ਼ੁਸ਼ੀ ਐ, ਸੇਰ ਖ਼ੂਨ ਵਧ ਗਿਆ ਮੇਰਾ! ਅੱਜ ਮੇਰੇ ਨਾਲ਼ ਨਿੱਕਾ ਵੀਰ ਬਣ ਕੇ ਪੈੱਗ ਪੀਅ!"
-"ਤੈਨੂੰ ਪਤੈ ਬਈ ਮੈਂ ਤਾਂ ਕਦੇ ਪੀਤੀ ਨੀ!"
-"ਅੱਜ ਪੀਅ ਨਾ ਫ਼ੇਰ! ਕਰ ਖ਼ੁਸ਼ੀ ਸਾਂਝੀ!" ਉਸ ਨੇ ਬੋਤਲ ਅੱਗੇ ਰੱਖ ਦਿੱਤੀ।

ਸੰਤ ਕੁਝ ਨਾ ਬੋਲਿਆ। ਆਦਤ ਅਨੁਸਾਰ ਚੁੱਪ ਹੀ ਰਿਹਾ।

-"ਆਪਣੇ ਘਰ ਦੀ ਜੜ੍ਹ ਲੱਗੀ ਐ, ਲੈ ਖ਼ੁਸ਼ੀ 'ਚ ਚੱਕ ਪੈੱਗ!" ਉਸ ਨੇ ਦਾਰੂ ਦਾ ਭਰਿਆ ਗਿਲਾਸ ਸੰਤ ਦੇ ਮੂੰਹ ਨੂੰ ਲਾ ਦਿੱਤਾ।

ਬਿਨਾ ਕਿਸੇ ਹੀਲ ਹੁੱਜਤ ਦੇ ਸੰਤ ਗਿਲਾਸ ਖਿੱਚ ਗਿਆ। ਕਦੇ ਦਾਰੂ ਨਾ ਪੀਤੀ ਹੋਣ ਕਾਰਨ ਦਾਰੂ ਨੇ ਉਸ ਨੂੰ ਪੱਠਾ ਲਾ ਦਿੱਤਾ। ਹੱਥੂ ਆਉਣ ਨਾਲ਼ ਉਸ ਦਾ ਸਾਹ ਬੰਦ ਹੋ ਗਿਆ। ਸਾਗ ਦਾ ਕੌਲਾ ਉਸ ਨੇ ਸੰਤ ਅੱਗੇ ਕੀਤਾ, ਤਾਂ ਸੰਤ ਨੇ ਉਂਗਲ਼ ਨਾਲ਼ ਬਾਹਵਾ ਸਾਗ ਚੱਟ ਲਿਆ।
ਸੰਤ ਨੂੰ ਲੋਰ ਜਿਹੀ ਤਾਂ ਆਈ। ਪਰ ਉਹ ਬੋਲਿਆ ਕੁਝ ਨਹੀਂ ਸੀ। "ਬੱਸ ਇੱਕ ਹੋਰ - ਬੱਸ ਇੱਕ ਹੋਰ" ਕਰਦੇ ਧੱਤੂ ਨੇ ਸੰਤ ਨੂੰ ਪੌਣੀ ਬੋਤਲ ਪਿਆ ਦਿੱਤੀ। ਆਖਰੀ ਪੈੱਗ ਪੀਂਦਾ ਸੰਤ ਓਥੇ ਹੀ ਲੁੜਕ ਗਿਆ। ਧੱਤੂ ਨੇ ਉਸ ਦੇ ਸਿਰ ਹੇਠ ਸਿਰ੍ਹਾਣਾ ਅਤੇ ਉਪਰ ਖੇਸ ਦੇ ਦਿੱਤਾ।

-"ਵੇ ਧੱਤੂ, ਸੰਤ ਨੂੰ ਵੀ ਰੋਟੀ ਫ਼ੜਾ ਦੇ ਪੁੱਤ!" ਬੇਬੇ ਨੇ ਕਿਹਾ।
-"ਉਹ ਅੱਜ ਖ਼ੁਸ਼ੀ 'ਚ ਟੱਲੀ ਐ ਬੇਬੇ! ਓਹਨੇ ਨੀ ਰੋਟੀ ਖਾਣੀ!" ਦਾਰੂ ਨਾਲ਼ ਬਾਬੂ ਬਣਿਆਂ ਧੱਤੂ ਰੋਟੀ ਦੀ ਬੁਰਕੀ ਕੌਲੀ ਦੀ ਵਜਾਏ ਮੰਜੇ 'ਤੇ ਹੀ ਘਸਾਈ ਜਾ ਰਿਹਾ ਸੀ। ਅੱਧ ਪਚੱਧ ਰੋਟੀ ਖਾ ਕੇ ਉਸ ਨੇ ਭਾਂਡੇ ਮੰਜੇ ਹੇਠ ਕਰ ਦਿੱਤੇ ਅਤੇ ਪੈਣ ਸਾਰ ਘੁਰਾੜ੍ਹੇ ਮਾਰਨ ਲੱਗ ਪਿਆ।
ਸਵੇਰੇ ਜਦ ਬੇਬੇ ਸੰਤ ਨੂੰ ਚਾਹ ਦਾ ਗਿਲਾਸ ਦੇਣ ਗਈ ਤਾਂ ਸੰਤ ਦਾ ਮੂੰਹ ਅੱਡਿਆ ਹੋਇਆ ਅਤੇ ਅੱਖਾਂ ਖੜ੍ਹੀਆਂ ਸਨ।
ਦੇਖ ਕੇ ਬੇਬੇ ਦੀ ਭੁੱਬ ਨਿਕਲ਼ ਗਈ। ਉਸ ਦਾ ਕੀਰਨਾ ਪਿੰਡ ਦੀ ਜੂਹ ਤੱਕ ਸੁਣਿਆਂ ਸੀ।
ਧੱਤੂ ਜਾ ਕੇ ਤਪ ਕੌਰ ਨੂੰ ਲੈ ਆਇਆ। ਤਪ ਕੌਰ ਦੇ ਨਾਲ਼ ਪੇਕਿਆਂ ਤੋਂ ਮਕਾਣ ਵੀ ਆਈ ਸੀ।

ਸੰਤ ਸਿੰਘ ਦਾ ਸਸਕਾਰ ਕਰ ਦਿੱਤਾ ਗਿਆ। ਜਿਹੜਾ ਥੋੜਾ ਬਹੁਤਾ ਸੁਖ ਅਰਾਮ ਤਪ ਕੌਰ ਦੇ ਕਰਮਾਂ ਵਿਚ ਸੀ, ਉਹ ਵੀ ਅੱਜ ਸੰਤ ਸਿੰਘ ਦੀ ਚਿਖ਼ਾ ਨਾਲ਼ ਸੜ ਕੇ ਸੁਆਹ ਹੋ ਗਿਆ ਸੀ। ਆਸਾਂ ਉਮੀਦਾਂ ਦਾ ਜਨਾਜਾ ਚੁੱਕੀ ਅਤੇ ਨਵ-ਜੰਮੇ ਪੁੱਤਰ ਨੂੰ ਗਲ਼ ਲਾਈ ਉਹ ਘਰ ਆ ਗਈ ਸੀ। ਆਪਣਾ ਭਵਿੱਖ ਉਸ ਨੇ ਕੁੱਛੜ ਚੁੱਕਿਆ ਹੋਇਆ ਸੀ।

-"ਦਿਲ ਹੌਲ਼ਾ ਨਾ ਕਰੀਂ ਤਪੋ! ਹੋਇਆ ਤੇਰਾ ਸ਼ੇਰ ਦਿਨਾਂ 'ਚ ਜੁਆਨ! ਸਾਰੇ ਗਮ ਭੁੱਲ ਜਾਣਗੇ!" ਤੁਰਦੀ ਮਾਂ ਨੇ ਤਪ ਕੌਰ ਨੂੰ ਦਿਲਾਸਾ ਦਿੱਤਾ ਸੀ। ਤਪ ਕੌਰ ਨਾ ਬੋਲੀ।

ਸੰਤ ਸਿੰਘ ਤਾਂ ਜੱਗੋਂ ਕੂਚ ਕਰ ਗਿਆ ਸੀ। ਪਰ ਧੱਤੂ ਨੇ ਹੁਣ ਹੋਰ ਅੱਤ ਚੁੱਕ ਲਈ ਸੀ ਅਤੇ ਤਪ ਕੌਰ ਦਾ ਜਿਉਣਾ ਦੁੱਭਰ ਕਰ ਦਿੱਤਾ ਸੀ। ਪਰ ਹੁਣ ਸਬਰ ਨੂੰ ਸਿਰੜ ਬਣਾ ਕੇ ਤਪ ਕੌਰ ਨੇ ਲੱਕ ਬੰਨ੍ਹ ਲਿਆ ਅਤੇ ਅੰਦਰੋਂ ਕਰੜੀ ਹੋ ਗਈ। ਉਸ ਨੂੰ ਪਤਾ ਸੀ ਕਿ ਕਰਾਰੇ ਹੱਥਾਂ ਬਿਨਾ ਵੈਰੀ ਨੇ ਵਧੀਕੀਆਂ ਕਰਨੋਂ ਬਾਜ ਨਹੀਂ ਆਉਣਾ ਸੀ। ਕਿਉਂਕਿ ਧੱਤੂ ਹੁਣ ਉਸ ਦੇ ਨਾਲ਼ ਬਹੁਤਾ ਹੀ ਖਹਿ-ਖਹਿ ਲੰਘਣ ਲੱਗ ਪਿਆ ਸੀ।
ਸ਼ਾਮ ਨੂੰ ਧੱਤੂ ਦੀ ਮਾਸੀ ਨੇ ਗੇੜਾ ਮਾਰਿਆ। ਉਹ ਤਪ ਕੌਰ ਦੇ ਮੁੰਡੇ ਅਤੇ ਤਪ ਕੌਰ ਨਾਲ਼ ਬਹੁਤੀ ਹੀ ਹਮਦਰਦੀ ਜਿਹੀ ਦਿਖਾ ਰਹੀ ਸੀ।
ਰੋਟੀ ਖਾਣ ਤੋਂ ਬਾਅਦ ਮਾਸੀ ਤਪ ਕੌਰ ਦੇ ਮੁੰਡੇ ਲੋਟਣ ਨੂੰ ਗੋਦੀ ਵਿਚ ਲਈ ਬੈਠੀ ਸੀ। ਧੱਤੂ ਕਿਸੇ ਗ਼ੈਬੀ ਖ਼ੁਸ਼ੀ ਵਿਚ ਵਾਰ-ਵਾਰ ਤੂੜੀ ਵਾਲ਼ੇ ਅੰਦਰ ਜਾ ਕੇ ਰੂੜੀ-ਮਾਰਕਾ ਦਾ ਪੈੱਗ ਚਾੜ੍ਹਦਾ ਸੀ। ਪਰ ਅੱਜ ਦਾਰੂ ਉਸ ਨੂੰ ਕੌੜੀ ਨਹੀਂ ਲੱਗ ਰਹੀ ਸੀ, ਸਗੋਂ ਹੁਲ੍ਹਾਰਾ ਦੇ ਰਹੀ ਸੀ।

-"ਤਪ ਕੁਰੇ!"
-"ਹਾਂ ਮਾਸੀ ਜੀ?"
-"ਉਰ੍ਹੇ ਆ ਪੁੱਤ! ਬੈਠ ਮੇਰੇ ਕੋਲ਼ੇ, ਕੋਈ ਕਬੀਲਦਾਰੀ ਦੀ ਗੱਲ ਕਰੀਏ!" ਮਾਸੀ ਬੋਲੀ।
-"ਚਾਰ ਕੁ ਭਾਂਡੇ ਧੋਣ ਆਲ਼ੇ ਰਹਿਗੇ ਮਾਸੀ ਜੀ, ਨਬੇੜ ਕੇ ਆਈ, ਨਹੀਂ ਰਾਤ ਨੂੰ ਕੁੱਤੇ ਬਿੱਲੇ ਮੂੰਹ ਪਾਉਣਗੇ!" ਉਹ ਧੱਤੂ ਵੱਲ ਚੋਰ ਅੱਖ ਝਾਕ ਕੇ ਬੋਲੀ।
-"ਕਰ ਲੈ ਜਿਹੜੇ ਖੇਖਣ ਕਰਨੇ ਐਂ, ਇੱਕ ਨਾ ਇੱਕ ਦਿਨ ਤਾਂ ਪੰਜਾਲ਼ੀ ਹੇਠ ਆਵੇਂਗੀ!" ਧੱਤੂ ਦਾ ਮਨ ਬੋਲਿਆ।
-"ਭਾਂਡੇ ਮੈਂ ਧੋ ਲੈਨੀ ਐਂ ਤਪ ਕੁਰੇ! ਤੂੰ ਸੁਣ ਲੈ ਆਬਦੀ ਮਾਸੀ ਦੀ ਗੱਲ! ਕਿੱਡੀ ਦੂਰੋਂ ਚੱਲ ਕੇ ਆਈ ਐ!" ਸੱਸ ਨੇ ਕਿਹਾ। ਪਹਿਲੀ ਵਾਰ ਸੱਸ ਇਤਨੇ ਨਰਮ ਸ਼ਬਦਾਂ ਨਾਲ਼ ਸੰਬੋਧਨ ਹੋਈ ਸੀ।

ਹੈਰਾਨ ਹੋਈ ਤਪ ਕੌਰ ਧੱਤੂ ਦੀ ਮਾਸੀ ਦੀ ਪੈਂਦ ਆ ਬੈਠੀ।

-"ਰੱਬ ਦਾ ਕੀਤਾ ਕੋਈ ਮੋੜ ਨੀ ਸਕਦਾ ਧੀਏ ਮੇਰੀਏ! ਡਾਢੇ ਰੱਬ ਅੱਗੇ ਕਾਹਦਾ ਜੋਰ?"
-"..........।" ਤਪ ਕੌਰ ਸੁਣ ਰਹੀ ਸੀ।
-"ਤੁਰ ਗਿਆਂ ਦੇ ਨਾਲ਼ ਨੀ ਮਰਿਆ ਜਾਂਦਾ, ਜਿਉਂਦੇ ਜੀਆਂ ਨੂੰ ਵੀਹ ਅੱਕ ਚੱਬਣੇ ਪੈਂਦੇ ਐ!"
-"............।"
-"ਦੇਖ, ਆਪਣਾ ਲੋਟਣ ਰਤੀ ਭਰ ਜੁਆਕ ਐ, ਛੋਰ੍ਹ ਦੇ ਸਿਰ ਤੋਂ ਬਾਪ ਦੀ ਛਾਂ ਜਾਂਦੀ ਲੱਗੀ! ਬਾਪੂ ਤਾਂ ਬੱਚੇ ਦੇ ਸਿਰ 'ਤੇ ਧੁੱਪ ਨੀ ਜਰਦਾ, ਕੁਛ ਹੋਰ ਨਾ ਕੋਲ਼ੇ ਹੋਵੇ, ਤਾਂ ਹੱਥ ਦੀ ਛਾਂ ਕਰ ਲੈਂਦੈ!"
-"..............।"
-"ਜੇ ਮੇਰੀ ਮੰਨੇ ਤਾਂ ਆਪਣੇ ਧੱਤੂ ਨੂੰ ਸਿਰ ਧਰਲਾ! ਘਰ ਦਾ ਜੀਅ ਐ, ਨਾਲ਼ੇ ਉਹਦਾ ਘਰ ਵਸਜੂ, ਤੇ ਨਾਲ਼ੇ ਐਸ ਜੁਆਕ ਨੂੰ ਪਿਉ ਆਲ਼ਾ ਸਹਾਰਾ ਮਿਲ਼ਜੂ!"

ਸੁਣ ਕੇ ਤਪ ਕੌਰ ਸੁੰਨ ਹੋ ਗਈ। ਉਸ ਨੂੰ ਮਾਸੀ ਤੋਂ ਇਹ ਕਦਾਚਿੱਤ ਆਸ ਨਹੀਂ ਸੀ ਕਿ ਉਹ ਐਡਾ ਮੂੰਗਲ਼ਾ ਕੱਛ ਵਿਚੋਂ ਕੱਢ ਮਾਰੇਗੀ।

-"ਬੋਲ ਪੁੱਤ! ਜੇ ਤੀਮੀਂ ਦਾ ਸਿਰ ਨੰਗਾ ਹੋਵੇ, ਤਾਂ ਲੱਲੂ-ਪੰਜੂ ਲਾਲ਼ਾ ਸਿੱਟਦੇ ਮਗਰ ਲੱਗ ਤੁਰਦੇ ਐ, ਜੇ ਖਸਮ ਸਿਰ 'ਤੇ ਹੋਵੇ, ਅਗਲਾ ਡਰ ਮੰਨਦੈ!" ਮਾਸੀ ਘੋਟ-ਘੋਟ ਬੋਲ ਰਹੀ ਸੀ।
-"ਨਾਲ਼ੇ ਧੱਤੂ ਬਿਗਾਨਾ ਥੋੜ੍ਹੋ ਐ? ਆਬਦਾ ਖ਼ੂਨ ਐਂ! ਸਿਆਣੇ ਐਵੇਂ ਨੀ ਆਖਦੇ, ਬਈ ਆਬਦਾ ਮਾਰੂ, ਛਾਂਵੇਂ ਸਿੱਟੂ!" ਚੌਂਕੇ ਵਿਚੋਂ ਬੇਬੇ ਭਾਂਡੇ ਸਾਂਭਦੀ ਬੋਲੀ।
-"ਮਾਸੀ ਜੀ!" ਤਪ ਕੌਰ ਨੇ ਕਾਫ਼ੀ ਦੇਰ ਬਾਅਦ ਮੂੰਹ ਖੋਲ੍ਹਿਆ, "ਜਿਹੜੀ ਚੀਜ਼ ਨੂੰ ਅੱਖਾਂ ਨੀ ਝੱਲਦੀਆਂ, ਉਹਨੂੰ ਜੀਭ ਕੀ ਝੱਲੂ? ਮੈਨੂੰ ਸਾਰੀ ਉਮਰ ਰੰਡੇਪਾ ਕੱਟਣਾ ਮਨਜੂਰ ਐ, ਪਰ ਮੈਂ ਕਿਸੇ ਨੂੰ ਸਿਰ ਨੀ ਧਰਨਾ, ਆਪਣੀਆਂ ਬਣੀਆਂ ਆਪਣੇ ਸਿਰ 'ਤੇ ਕੱਟੂੰ!"

ਸੁਣ ਕੇ ਸਭ ਨੂੰ ਸਕਤਾ ਮਾਰ ਗਿਆ। ਮੂੰਹ ਸਿਉਂਤੇ ਗਏ। ਘਰ ਵਿਚ ਇੱਕ ਤਰ੍ਹਾਂ ਨਾਲ਼ ਹਾੜ ਬੋਲਣ ਲੱਗ ਪਿਆ। ਪਰ ਧੱਤੂ ਦੇ ਸਿਰ ਵਿਚ ਬਿਜਲੀਆਂ ਕੜਕੀ ਜਾ ਰਹੀਆਂ ਸਨ।

-"ਲੈ, ਸਾਲ਼ੀ ਕਿਵੇਂ ਨੰਬਰਦਾਰਨੀ ਬਣੀ ਫ਼ਿਰਦੀ ਐ!" ਧੱਤੂ ਨੇ ਦਿਲ 'ਚ ਉਸ ਨੂੰ ਗਾਲ਼ ਕੱਢੀ।

ਮਾਸੀ ਨੂੰ ਕਹਿਣ ਲਈ ਕੁਝ ਵੀ ਬਚਿਆ ਨਹੀਂ ਸੀ। ਉਹ ਚੁੱਪ ਕਰ ਗਈ। ਸੱਸ ਦੇ ਅੰਦਰੋਂ ਵੀ ਵਟਣੇ ਉਠੇ।
ਅਗਲੇ ਦਿਨ ਬੇਬੇ ਮਾਸੀ ਨੂੰ ਬੱਸ ਚੜ੍ਹਾਉਣ ਬੱਸ ਅੱਡੇ ਨੂੰ ਤੁਰ ਗਈ ਅਤੇ ਤਪ ਕੌਰ ਮੱਝਾਂ ਨੂੰ ਪੱਠੇ ਪਾ ਰਹੀ ਸੀ।
ਧੱਤੂ ਦੀ ਅਜੇ ਰਾਤ ਦੀ ਪੀਤੀ ਨਹੀਂ ਉਤਰੀ ਸੀ ਅਤੇ ਉਤੋਂ ਉਸ ਨੇ ਇੱਕ ਪੈੱਗ ਸਵੇਰੇ ਹੀ ਅੰਦਰ ਸੁੱਟ ਲਿਆ ਸੀ।

-"ਤੇਰੇ ਆਲ਼ੇ ਖਸਮ ਨੇ ਦਾਰੂ ਦੇ ਪੈੱਗ 'ਚ ਇੱਕ ਗੋਲ਼ੀ ਸਟਿੱਕਣੀ ਦੀ ਨੀ ਸੀ ਝੱਲੀ, ਰਾਤੋ ਰਾਤ ਰੰਡੀ ਕਰ ਗਿਆ ਸੀ ਤੈਨੂੰ, ਹੁਣ ਕਿਤੇ ਉਹ ਨਾ ਹੋਵੇ, ਬਈ ਤੇਰੀ ਆਕੜ ਭੰਨਣ ਖਾਤਰ ਤੇਰਾ ਪੁੱਤ ਵੀ ਗੱਡੀ ਚਾੜ੍ਹਨਾ ਪਵੇ!" ਦਾਰੂ ਦੇ ਨਸ਼ੇ 'ਚ ਧੱਤੂ ਨੇ ਅਜੀਬ ਅਕਾਸ਼ਬਾਣੀ ਕੀਤੀ। ਭਿਆਨਕ ਗੱਲ ਨੇ ਤਪ ਕੌਰ ਦਾ ਲਹੂ ਪੀਅ ਲਿਆ। ਉਹ ਪਥਰਾਈਆਂ ਅੱਖਾਂ ਨਾਲ਼ ਸਿੱਧੀ ਸਲੋਟ ਧੱਤੂ ਵੱਲ ਝਾਕ ਰਹੀ ਸੀ। ਉਸ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਜ਼ਾਲਮ ਧੱਤੂ ਨੇ ਸੰਤ ਨੂੰ ਕੁਛ ਦੇ ਕੇ ਮਾਰਿਆ ਹੋਵੇਗਾ?
ਤਪ ਕੌਰ ਬਰਸੀਨ ਨਾਲ਼ ਲਿੱਬੜੇ ਹੱਥੀਂ ਮੁੰਡੇ ਨੂੰ ਚੁੱਕ ਸਿੱਧੀ ਸਰਪੰਚ ਕੋਲ਼ ਚਲੀ ਗਈ।

-"ਸਰਪੈਂਚਾ, ਜੇ ਮੇਰਾ ਧਰਮ ਦਾ ਭਰਾ ਐਂ, ਤਾਂ ਮੈਨੂੰ ਅੱਡ ਕਰਵਾ ਦੇ! ਅੱਗੇ ਧੱਤੂ ਜਲਾਦ ਨੇ ਮੇਰੇ ਸਿਰ ਦਾ ਸਾਂਈਂ ਲੈ ਲਿਆ, ਹੁਣ ਕਿਤੇ ਉਹਦੀ ਬੇਈਮਾਨੀ ਦੀ ਬਿਜਲੀ ਮੇਰੇ ਪੁੱਤ 'ਤੇ ਨਾ ਡਿੱਗ ਪਵੇ!"

ਸਰਪੰਚ ਨੇ ਸ਼ਾਮ ਤੱਕ ਤਪ ਕੌਰ ਦਾ ਬਾਪ ਬੁਲਾ ਲਿਆ ਅਤੇ ਪੰਚਾਇਤ ਇਕੱਠੀ ਕਰ ਤਪ ਕੌਰ ਦਾ ਸਮਾਨ ਵੰਡ ਦਿੱਤਾ।

-"ਜੇ ਤਪ ਕੁਰ ਨੂੰ ਤੰਗ ਪ੍ਰੇਸ਼ਾਨ ਕੀਤੈ, ਤਾਂ ਸੰਤ ਦੇ ਕਤਲ ਦੀ ਰਪਟ ਮੈਂ ਠਾਣੇ ਦਿਊਂਗਾ, ਦਫ਼ਾ ਤਿੰਨ ਸੌ ਦੋ ਦੇ ਤਹਿਤ ਫ਼ਾਂਸੀ ਦੀ ਸਜ਼ਾ ਹੋਊਗੀ, ਨਹੀਂ ਉਮਰ ਕੈਦ ਤਾਂ ਵੱਟ 'ਤੇ ਪਈ ਐ, ਆਬਦਾ ਪੜ੍ਹਿਆ ਵਿਚਾਰ ਲਈਂ, ਸਾਰੀ ਜ਼ਿੰਦਗੀ ਸੀਖਾਂ ਪਿੱਛੇ ਨਿਕਲੂ, ਸੱਚ ਪੁਲ਼ਸ ਨੇ ਆਪੇ ਕੁੱਟ ਕੇ ਹੱਡਾਂ 'ਚੋਂ ਕੱਢ ਲੈਣੈ!" ਤੁਰਦੇ ਧੱਤੂ ਨੂੰ ਸਰਪੰਚ ਨੇ ਅਗਲੇ ਸੱਚ ਤੋਂ ਜਾਣੂੰ ਕਰਵਾਇਆ। ਡਰ ਦੀ ਝਰਨਾਹਟ ਸਾਰੇ ਸਰੀਰ ਨੂੰ ਚੜ੍ਹ ਗਈ ਅਤੇ ਧੱਤੂ ਨੂੰ ਮੁੜ੍ਹਕਾ ਆ ਗਿਆ।
ਤਪ ਕੌਰ ਨੇ ਕਮਰਕੱਸਾ ਕਰ ਕੇ ਤਪੱਸਿਆ ਵਾਂਗ ਆਪਣਾ ਪੁੱਤਰ ਪਾਲ਼ਣਾ ਸ਼ੁਰੂ ਕਰ ਦਿੱਤਾ।
ਪੇਟ ਬੰਨ੍ਹ ਅਤੇ ਆਪਣੀਆਂ ਖਾਹਿਸ਼ਾਂ ਨੂੰ ਜਿੰਦਰਾ ਮਾਰ ਪੁੱਤ ਨੂੰ ਬੀ.ਏ. ਕਰਵਾ ਦਿੱਤੀ।
ਪਰ ਮਾੜੀ ਕਿਸਮਤ ਤਪ ਕੌਰ ਦੀ! ਉਸ ਦੀ ਤਪੱਸਿਆ ਰਾਸ ਨਾ ਆਈ ਅਤੇ ਉਸ ਦਾ ਨਾਲਾਇਕ ਪੁੱਤਰ ਮਾੜੀ ਸੰਗਤ ਵਿਚ ਪੈ ਕੇ ਨਸ਼ਿਆਂ 'ਤੇ ਲੱਗ ਗਿਆ। ਤਪ ਕੌਰ ਨੇ ਬਥ੍ਹੇਰਾ ਜਾਭਾਂ ਦਾ ਭੇੜ੍ਹ ਕੀਤਾ, ਹੱਥ ਜੋੜੇ, ਵਾਸਤੇ ਪਾਏ, ਪਰ ਪ੍ਰਨਾਲ਼ਾ ਥਾਂ ਦਾ ਥਾਂ ਸਿਰ ਹੀ ਰਿਹਾ। ਲੋਟਣ ਦੀਆਂ ਆਦਤਾਂ ਨਾ ਬਦਲੀਆਂ, ਸਗੋਂ ਦਿਨ-ਬ-ਦਿਨ ਵਿਗੜਦੀਆਂ ਹੀ ਗਈਆਂ। ਉਹ ਆਪਣੀਆਂ ਮਰੀਆਂ ਧੀਆਂ ਨੂੰ ਯਾਦ ਕਰ-ਕਰ ਮਣ-ਮਣ ਰੋਂਦੀ। ਜਿਹੜੇ ਪੁੱਤ ਨੂੰ ਪਾਣੀ ਦੀ ਜਗਾਹ ਉਸ ਨੇ ਖ਼ੂਨ ਦੀਆਂ ਘੁੱਟਾਂ ਨਾਲ਼ ਪਾਲ਼ਿਆ, ਉਹ ਹੀ ਉਸ ਦੀਆਂ ਸਧਰਾਂ ਅਤੇ ਅਰਮਾਨਾਂ ਨੂੰ ਕੁਚਲ਼ਦਾ ਹੋਇਆ, ਜ਼ਾਲਮ ਬਣ ਤੁਰਿਆ ਅਤੇ ਨਸ਼ੇ ਲਈ ਪੈਸੇ ਮੰਗਦਾ ਅਤੇ ਪੈਸੇ ਖਾਤਰ ਉਸ ਦੀ ਧੂਹ-ਘੜ੍ਹੀਸ ਕਰਦਾ। ਪਰ ਲੋਕ-ਲਾਜ ਦੇ ਡਰੋਂ ਉਹ ਸਾਰਾ ਦੁਰਵਿਵਹਾਰ ਛੁਪਾਈ ਰੱਖਦੀ।

ਅੱਜ ਤਾਂ ਉਸ ਦੀ ਜ਼ਿੰਦਗੀ ਦੀ ਅਖੀਰ ਹੀ ਹੋ ਗਈ ਸੀ, ਜਦ ਉਸ ਦਾ ਲਹੂ ਦੀਆਂ ਘੁੱਟਾਂ ਪਿਆ-ਪਿਆ ਕੇ ਪਾਲ਼ਿਆ ਲਾਡਲਾ ਪੁੱਤਰ ਨਸ਼ੇ ਲਈ ਉਸ ਦੀ ਗੁੱਤ ਨੂੰ ਚਿੰਬੜ ਗਿਆ ਅਤੇ ਪਹਿਲਾਂ ਥੱਪੜ, ਫ਼ੇਰ ਮੁੱਕੇ ਅਤੇ ਫ਼ੇਰ ਲੱਤਾਂ ਨਾਲ਼ ਕੁੱਟਣ ਡਹਿ ਪਿਆ।

-"ਮੈਥੋਂ ਪੈਸੇ ਲਕੋ ਕੇ ਦੱਸ ਕਿਹੜੇ ਯਾਰ ਦੀਆਂ ਰੀਝਾਂ ਪੂਰੀਆਂ ਕਰਨੀਐਂ?" ਉਸ ਨੇ ਮੁੜ ਥੱਪੜਾਂ ਅਤੇ ਮੁੱਕੀਆਂ ਦਾ ਮੀਂਹ ਵਰ੍ਹਾ ਦਿੱਤਾ। ਪੁੱਤ ਦੇ ਬੋਲਾਂ ਦਾ ਅਗਨ-ਬਾਣ ਤਪ ਕੌਰ ਦੀ ਰੂਹ ਝੁਲ਼ਸ ਗਿਆ ਅਤੇ ਉਸ ਦੀ ਜ਼ਿੰਦਗੀ ਦੀਆਂ ਪੱਤੀਆਂ ਮੱਚ ਸੜ ਗਈਆਂ।

ਧਰਤੀ 'ਤੇ ਪਈ ਤਪ ਕੌਰ ਜਾਰੋ-ਜਾਰ ਰੋਈ ਜਾ ਰਹੀ ਸੀ। ਉਸ ਦੇ ਹੰਝੂ "ਤਰਿੱਪ-ਤਰਿੱਪ" ਕੰਨਾਂ 'ਤੇ ਡੁੱਲ੍ਹੀ ਜਾ ਰਹੇ ਸਨ।
ਸਾਰਾ ਦਿਨ ਉਹ ਹਾਲੋਂ ਬੇਹਾਲ ਰੋਂਦੀ ਰਹੀ। ਉਸ ਦੀ ਰੂਹ ਵੈਰਾਨ ਹੋਈ ਪਈ ਸੀ।
ਅਖੀਰ ਦਿਨ ਡੁਬਦੇ ਨਾਲ਼ ਉਸ ਨੇ ਸੰਦੂਕ ਦੇ ਉਪਰ ਬੰਨ੍ਹ ਕੇ ਰੱਖੇ ਵੀਹ ਰੁਪਈਏ ਚੁੱਕੇ ਅਤੇ ਨਾਲ਼ ਦੇ ਪਿੰਡ ਦੇ ਬੱਸ ਅੱਡੇ ਨੂੰ ਤੁਰ ਪਈ। ਉਸ ਦਾ ਜੀਅ ਪੁੱਛਿਆ ਹੀ ਜਾਣਦਾ ਸੀ। ਉਹ ਸੁੱਕੇ ਖ਼ੂਹ ਦੀ ਮੌਣ ਵਾਂਗ ਸੁੰਨ-ਮਸਾਣ ਅਤੇ ਉਜੜੀ-ਉਜੜੀ ਸੀ।
 

20/07/2016

ਹੋਰ ਕਹਾਣੀਆਂ  >>    


 
ਸੁੱਕੇ ਖੂਹ ਦੀ ਮੌਣ
ਸ਼ਿਵਚਰਨ ਜੱਗੀ ਕੁੱਸਾ
ਸਮੇਂ ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ
ਬੁੱਢੀ ਦਾਦੀ
ਸਰੁੱਚੀ ਕੰਬੋਜ, ਫਾਜਿਲਕਾ
 ਨੱਥ ਪਾਉਣੀ
ਅਨਮੋਲ ਕੌਰ, ਕਨੇਡਾ
ਸੰਸਾਰ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਲੱਛੂ ਭੂਤ
ਰਵੇਲ ਸਿੰਘ ਇਟਲੀ
ਦਾਦਾ ਜੀ ਚਲੇ ਗਏ
ਰਵੇਲ ਸਿੰਘ ਇਟਲੀ
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ
ਵਲੈਤੀ ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਜੀਵਨ ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ
ਬਿੱਲੀਆਂ
ਲਾਲ ਸਿੰਘ ਦਸੂਹਾ
ਸਭ ਅੱਛਾ ਹੈ
ਅਨਮੋਲ ਕੌਰ, ਕਨੇਡਾ
ਬੋਹੜ ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ
ਚਿੱਟੀ ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ
ਤੈਨੂੰ ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ
ਓਦੋਂ ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ
ਜ਼ਿੰਦਗੀ ਦੀ ਜੂਹ
ਭਿੰਦਰ ਜਲਾਲਾਬਾਦੀ, ਯੂ ਕੇ
ਫੇਸਬੁੱਕ
ਅਨਮੋਲ ਕੌਰ, ਕਨੇਡਾ
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ
ਕਿਹਨੂੰ, ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ
ਝਾੜੂ
ਗੁਰਮੇਲ ਬੀਰੋਕੇ, ਕਨੇਡਾ
ਧੰਦਾ ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ
ਅੰਮ੍ਰਿਤ ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਖੂਹ ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ
ਘਰ ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਸੋਗ
ਰੂਪ ਢਿੱਲੋਂ, ਲੰਡਨ
ਉਹ ਮੂਵ ਹੋ ਗਈ
ਅਨਮੋਲ ਕੌਰ, ਕਨੇਡਾ
ਗੋਲਡੀਲੌਕਸ ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ (1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ
baybus1ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ
ਵੇ ਲੋਕੋ
ਅਨਮੋਲ ਕੌਰ, ਕਨੇਡਾ
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ
 

hore-arrow1gif.gif (1195 bytes)


Terms and Conditions
Privacy Policy
© 1999-2015,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015,  5abi.com