5_cccccc1.gif (41 bytes)

ਅੰਮ੍ਰਿਤ ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ


ਸ਼ਮਸ਼ੇਰ ਸਿੰਘ ਅਗਲੇ ਹਫਤੇ ਅੱਸੀਆਂ ਵਰ੍ਹਿਆਂ ਦਾ ਹੋ ਜਾਵੇਗਾ। ਪਤਾ ਨਹੀਂ ਸਵੇਰ ਤੋਂ ਹੀ ਉਹ ਕਿਉਂ ਪੁਰਾਣੀਆਂ ਗੱਲਾਂ ਯਾਦ ਕਰਕੇ ਡੂੰਘੇ ਹਾਉਕੇ ਭਰ ਕੇ ਉਦਾਸ ਹੋ ਗਿਆ। ਉਨ੍ਹੇ ਚੇਤੇ ਕੀਤਾ ਜਦੋ ਉਹ ਭਾਖੜਾ-ਨੰਗਲ ਡੈਮ ਦੀ ਉਸਾਰੀ ਸਮੇ ਖ਼ਤਰਨਾਕ ਪਹਾੜੀਆਂ ਦੀਆਂ ਉੱਚੀਆਂ ਨੀਵੀਆਂ ਡਲਾਣਾਂ ਤੇ ਬਿਨਾ ਕਿਸੇ ਡਰ ਭੈ ਤੋਂ ‘ਯੂਕਲਿਡ’ ਚਲਾ ਕੇ ਡੈਮ ਦੀ ਉਸਾਰੀ ‘ਚ ਪੂਰਾ ਯੋਗਦਾਨ ਪਾਉਂਦਾ ਹੁੰਦਾ ਸੀ। ਉਹਨੂੰ ਇਹ ਵੀ ਯਾਦ ਆਇਆ ਕਿ ਇਕ ਦਿਨ ਅਮਰੀਕਾ ਤੋਂ ਆਏ ਨਿਗਰਾਨ ‘ਹਾਰਵੇ ਸਲੋਕਮ’ ਸਾਹਿਬ ਨੇ ਉਹਦਾ ਕੰਮ ਦੇਖ ਕੇ ਖ਼ੁਸ਼ੀ ਪ੍ਰਗਟਾਉਂਦਿਆਂ ਉਹਦੇ ਨਾਲ ਹੱਥ ਮਿਲਾਇਆ ਸੀ ਤੇ ਕਿਹਾ ਸੀ,‘ਸ਼ਮਸ਼ੇਰ ਸਿੰਘ, ਤੁਹਾਡੇ ਜਿਹੇ ਅਣਥੱਕ ਮਿਹਨਤ-ਕਸ਼ਾਂ ਸਦਕਾ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਇਸ ਡੈਮ ਦੇ ਅੰਮ੍ਰਿਤ ਜਲ ਨੂੰ ਵਰਤ ਕੇ ਦੇਸ਼ ਦੇ ਹੋਰ ਕਰੋੜਾਂ ਲੋਕਾਂ ਦੇ ਜੀਵਨ ‘ਚ ਖੁਸ਼ਹਾਲੀ ਭਰ ਦੇਣਗੀਆਂ।’ ਇਹ ਪ੍ਰੇਰਿਕ ਸ਼ਬਦ ਸੁਣ ਕੇ ਉਹਨੂੰ ਲਗਿਆ ਸੀ ਜਿਵੇਂ ਕੋਈ ਸੱਤਵਾਂ ਅਸਮਾਨ ਛੂਹ ਲਿਆ ਹੋਵੇ। ਨਾਲ ਆਏ ਚੀਫ ਇੰਜਨੀਅਰ ਤੇ ਹੋਰ ਉੱਚ ਅਫਸਰ ਵੀ ਖੁਸ਼ ਸਨ ਕਿ ਵੱਡੇ ਸਾਹਿਬ ਬੰਨ੍ਹ ਉਸਾਰੀ ਕਾਮਿਆ ਦੇ ਕੰਮ ਨੁੰ ਦੇਖ ਕੇ ਬੜੇ ਪ੍ਰਭਾਵਿਤ ਹੋਏ ਸੀ।

ਉਸ ਨੂੰ ਅਕਤੂਬਰ 1963 ਦਾ ਸਮਾਰੋਹ ਵੀ ਯਾਦ ਆਇਆ ਜਦ ਇਸ ਡੈਮ ਨੂੰ ਓਸ ਵੇਲੇ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨੇਹਰੂ ਨੇ ਰਾਸ਼ਟਰ ਦੇ ਨਾਮ ਸਮਰਪਿਤ ਕਰਦੇ ਕਿਹਾ ਸੀ ਕਿ ਕੋਈ ਵੀ ਇਸ ਡੈਮ ਤੋਂ ਪ੍ਰੇਰਤ ਹੋ ਕੇ ਸ਼ਰਧਾ ਨਾਲ ਇਸ ਨੂੰ ਗੁਰਦਵਾਰਾ, ਮੰਦਰ ਜਾਂ ਮਸਜਦ ਕਹਿ ਸਕਦਾ ਹੈ।

ਇਹ ਵੀ ਇਕ ਇਤਫਾਕ ਹੀ ਹੈ ਕਿ ਏਸ ਡੈਮ ਦੀ ਵਰ੍ਹੇ ਗੰਢ ਵੀ ਸ਼ਮਸ਼ੇਰ ਸਿੰਘ ਦੇ ਜਨਮ ਦਿਨ 22 ਅਕਤੂਬਰ ਦੇ ਨਾਲ ਹੀ ਮਿਲਦੀ ਹੈ। ਇਸ ਵਾਰ ਉਹ ਏਸ ਸਾਲ ਅੱਸੀਆਂ ਦਾ ਹੋ ਜਾਵੇਗ। ਸ਼ਮਸ਼ੇਰ ਸਿੰਘ ਆਪਣੇ ਜਨਮ ਦਿਨ ਦੇ ਨਾਲ ਨਾਲ ਇਸ ਡੈਮ ਦੀ ਸੁਰਿੱਖਆ ਸਦਾ ਪਰਮਾਤਮਾ ਕੋਲੋਂ ਮੰਗਦਾ ਆ ਰਿਹਾ ਹੈ। ਪਰ ਹੁਣ ਉਹ ਆਪਣਾ ਜਨਮ ਦਿਨ ਮਨਾਉਣ ਦੇ ਚਕੱਰਾਂ ਤੋਂ ਮੁਕਤ ਹੋਣਾ ਚਾਹੁੰਦਾ ਸੀ, ਸ਼ਾਇਦ ਕੁਝ ਉਸ ਦੇ ਜੀਵਨ ਵਿਚ ਅਣਸੁਖਾਵੀਆਂ ਪ੍ਰਸਥਿਤੀਆ ਦਾ ਆਉਣਾ ਤੇ ਦੂਜੇ ਉਦ੍ਹੀ ਘਰ ਵਾਲੀ ਦੀ ਦਿਨ ਬਦਿਨ ਨਿੱਘਰਦੀ ਦਮਾਗ਼ੀ ਹਾਲਤ।

ਨੋਕਰੀ ਸਮੇਂ ਹੀ ਸ਼ਮਸ਼ੇਰ ਸਿੰਘ ਨੇ ਆਪਣੇ ਇੱਕਲੋਤਰੇ ਪੁੱਤਰ ਜਗਤਾਰ ਸਿੰਘ ਨੂੰ ਵਿਸਕਾਂਨਸਿਨ ਯੂਨੀਵਰਸਿਟੀ-ਮੈਡਿਸਨ ਵਿਚ ਉੱਚ ਦਰਜੇ ਦੀ ਪੜ੍ਹਾਈ ਕਰਨ ਲਈ ਭੇਜ ਦਿਤਾ ਸੀ। ਜਿਸ ਨੇ ਪੜ੍ਹਾਈ ਪੂਰੀ ਕਰਨ ਤੇ ਓਥੇ ਹੀ ਨੌਕਰੀ ਕਰ ਲਈ ਸੀ ਤੇ ਇਕ ਸਹਿ ਪਾਠਣ ਗੋਰੀ ਸਟੈਲਾ ਨਾਲ ਸ਼ਾਦੀ ਰਚਾ ਲਈ ਸੀ। ਪਿਤਾ ਦੀ ਸੇਵਾ ਮੁਕਤੀ ਹੋਣ ਤੇ ਉਨ੍ਹੇ ਮਾਂ ਬਾਪ ਆਪਣੇ ਕੋਲ ਬੁਲਾ ਲਏ ਪਰ ਸਟੈਲਾ ਨੂੰ ਇਹ ਚੰਗਾ ਨਾ ਲਗਿਆ ਸੀ। ਉਹ ਤਾਂ ਉਨ੍ਹਾਂ ਨੂੰ ਵਿਸਥਾਰਿਤ ਪ੍ਰਵਾਰ ਮੰਨਦੀ ਸੀ ਜੋ ਉਹਦੇ ਸਮਾਜ ‘ਚ ਠੀਕ ਗਿਣਿਆ ਜਾਂਦਾ ਹੈ ਪਰ ਆਪਣੀ ਸੰਸਕਿਰਤੀ ਵਿਚ ਨਹੀਂ। ਉਹ ਤਾਂ ਆਪਣੇ ਹੀ ਪ੍ਰਵਾਰ ਵਿਚ ਸਵਤੰਤਰ ਰਹਿਣਾ ਚਾਹੰਦੀ ਸੀ ਨਾ ਕਿ ਆਪਣੇ ਨਾਲ ਦੂਜੇ ਪ੍ਰਵਾਰ ਦੇ ਬੰਧਨ ਬੰਨ੍ਹੇ।

ਘਰ ਵਿਚ ਜਦ ਹਾਲਾਤ ਬਹੁਤੇ ਖ਼ਰਾਬ ਹੋਣ ਲਗੇ ਤਾਂ ਇਸ ਬਾਰੇ ਜਗਤਾਰ ਨੇ ਆਪਣੇ ਮਾਤਾ ਪਿਤਾ ਨਾਲ ਗੱਲ ਕੀਤੀ। ਸਭ ਨੇ ਸੋਚ ਵਿਚਾਰ ਪਿਛੋਂ ਇਹੋ ਹੱਲ ਲੱਭਿਆ ਕਿ ਉਹ ਨੌਕਰੀ ਕਰ ਲੈਣ। ਉਨ੍ਹੀ ਦਿਨੀਂ ਇਮਗਿਰੇਸ਼ਨ ਕਾਨੂੰਨ ਬਹੁਤੇ ਸਖ਼ਤ ਨਹੀਂ ਹੁੰਦੇ ਸਨ । ਸ਼ਮਸ਼ੇਰ ਸਿੰਘ ਨੇ ਜਨਰਲ ਮੋਟਰਜ ਦੇ ਅਸੈਂਬਲੀ ਪਲਾਂਟ ਵਿਚ ਨੋਕਰੀ ਕਰ ਲਈ ਤੇ ਸ਼ਮਸ਼ੇਰ ਸਿੰਘ ਤੋਂ ‘ਸੈਮ’ ਬਣ ਗਏ। ਕਈ ਸਾਲ ਨੋਕਰੀ ਕਰਨ ਪਿਛੋਂ ਆਪਣਾ ਘਰ ਬਣਾ ਲਿਆ ਤੇ ਇਸ ਤਰ੍ਹਾਂ ਪੁੱਤ ਦੀ ਗ੍ਰਿਹਸਥੀ ਵੀ ਟੁੱਟਣੋ ਬਚਾ ਲਈ।

ਸੈਮ ਦੀ ਜ਼ਿੰਦਗੀ ਸਾਂਵੀਂ ਪੱਧਰੀ ਤੋਰ ਤੁਰ ਰਹੀ ਸੀ ਪਰ ਪਿੱਛਲੇ ਕੁਝ ਸਾਲਾਂ ਤੋਂ ਉਸ ਦੀ ਘਰ ਵਾਲੀ ਅਲਜਾਇਮਰ ਰੋਗ - ਯਾਦ ਸ਼ਕਤੀ ਭੁੱਲਣ ਵਾਲੀ ਦਿਮਾਗ਼ੀ ਬੀਮਾਰੀ- ‘ਚ ਗ੍ਰੱਸੀ ਗਈ ਸੀ ਤੇ ਨਾਲ ਹੀ ਨਸਾਂ ਦੀ ਕਮਜ਼ੋਰੀ ਕਾਰਨ ਉਸ ਦੇ ਹੱਥ ਪੈਰ ਵੀ ਆਪਣੇ ਆਪ ਹਿੱਲਣੇ ਸ਼ਰੂ ਹੋ ਗਏ ਸੀ। ਉਸ ਦੀ ਚਾਲ ‘ਚ ਵੀ ਸੰਤੁਲਣ ਨਾ ਰਿਹਾ। ਗੱਲ ਕੀ ਹੁਣ ਉਹ ਕਰਮ ਕੌਰ ਨੂੰ ਕਦੇ ਵੀ ਇੱਕਲੀ ਨਹੀਂ ਛੱਡ ਸਕਦਾ ਸੀ। ਸੋ ਮਜਬੂਰੀ ਕਾਰਨ ਨੌਕਰੀ ਤੋਂ ਅਸਤੀਫਾ ਦੇਣਾ ਪਿਆ। ਬਸ, ਸੈਮ ਦੀ ਜ਼ਿੰਦਗੀ ਸੁਨਾਮੀ ਦੀ ਮਾਰ ਹੇਠ ਆ ਗਈ। ਉਹ ਜੋ ਕਦੇ ਪਹਾੜਾਂ ਨੂੰ ਤੋੜ ਕੇ, ਵਗਦੇ ਦਰਿਆਵਾਂ ਦਾ ਵੈਹਿਣ ਮੋੜਨ ਦਾ ਸਮਰੱਥਕ ਸੀ, ਅਜ ਲਾਚਾਰ ਹੋ ਕੇ ਆਪਣੀ ਪੱਤਨੀ ਦੇ ਪੱਲਤਣ ਚਹਿਰੇ ਨੂੰ ਗੌਰ ਨਾਲ ਤੱਕਦਾ ਰਹਿੰਦਾ ਜੋ ਕਦੇ ਗੋਰਾ ਨਿਛਹੋ ਹੁੰਦਾ ਸੀ ਤੇ ਹੁਣ ਦਿਨੋ ਦਿਨ ਸਲੇਟੀ ਰੰਗ ਵਟਾਉਂਦਾ ਜਾ ਰਿਹਾ ਸੀ। ਸੈਮ ਨੂੰ ਉਹਦੀ ਜ਼ਿੰਦਗੀ  ਦੀ ਹਰ ਸਵੇਰ ਇਕ ਕਿਸ਼ਤ ਜਿਹੀ ਲਗਦੀ। ਪਤਾ ਨਹੀਂ ਇਹ ਨਵੀਂ ਕਿਸ਼ਤ ਕਿੱਦਣ ਆਖ਼ੀਰਲੀ ਕਿਸ਼ਤ ਹੋ ਨਿੱਬੜੇ?

ਜਿਉਂ ਜਿਉਂ ਬੀਮਾਰੀ ਵੱਧ ਰਹੀ ਸੀ ਕਰਮ ਕੌਰ ਓਨੀਂ ਹੀ ਪ੍ਰੇਸ਼ਾਨ, ਨਿਡਾਲ ਤੇ ਬੇਚੈਣ ਰਹਿਣ ਲਗ ਪਈ ਸੀ। ਬਹੁਤਾ ਸਮਾ ਤਾਂ ਨੀਂਦ ਦੀਆਂ ਗੋਲੀਆਂ ਖਾ ਕੇ ਆਪਣੇ ਉੱਤੇ ਕੰਬਲ ਲੈ ਕੇ ਅੱਧਮੋਈ ਜਿਹੀ ਬਣੀ ਬਿਸਤਰੇ ਤੇ ਪਈ ਰਹਿੰਦੀ। ਜਦੋ ਦਵਾਈ ਦਾ ਅਸਰ ਘੱਟਣਾ ਸ਼ੁਰੂ ਹੋ ਜਾਂਦਾ ਤਾਂ ਆਪਣੇ ਆਪ ਨਾਲ ਇਕੋ ਗੱਲ ਦੀ ਹੀ ਰੱਟ ਲਾਕੇ ਕਹਿੰਦੀ ਰਹਿੰਦੀ, ‘ਹਾਏ! ਮੈਨੂੰ ਸਾਰੇ ਕਿਉਂ ਬੁਰਾ ਸਮਝਦੇ ਨੇ। ਮੈਂ ਬੀਮਾਰ ਨਹੀਂ। ਪਰ ਜੇ ਸੱਚੀ ਮੁੱਚੀ ਹੀ ਮੈਨੂੰ ਕੋਈ ਬੀਮਾਰੀ ਹੈ ਤਾਂ ਡਾਕਟਰ ਮੇਰੀ ਬੀਮਾਰੀ ਲੱਭ ਕੇ ਸਹੀ ਇਲਾਜ ਕਿਉਂ ਨਹੀ ਕਰਦੇ? ਲਗਦਾ ਸਾਰੇ ਮੈਨੂੰ ਏਵੇਂ ਦੀ ਬੀਮਾਰ ਤੇ ਬਹਾਨੇ ਬਾਜ ਕਹਿੰਦੇ ਨੇ। ਭਲਾ ਕਦੇ ਕੋਈ ਬੀਮਾਰ ਬਹਾਨੇ ਬਾਜ਼ੀ ਕਰਦਾ?’ ਉਹ ਅਜਿਹਾ ਸਦਾ ਬੋਲਦੀ ਰਹਿੰਦੀ ਪਰ ਪੁੱਛਣ ਤੇ ਕੁਝ ਯਾਦ ਨਾ ਆਉਂਦਾ ਕਿ ਉਨ੍ਹੇ ਪਹਿਲਾਂ ਕੀ ਬੋਲਿਆ ਸੀ। ਅਜਿਹਾ ਕਹਿ ਕਹਿ ਕੇ ਉਹ ਜਿਥੇ ਵੀ ਬੈਠੀ ਹੁੰਦੀ, ਢੈ ਢੇਰੀ ਹੋ ਜਾਂਦੀ।

ਜਿਥੋਂ ਤਕ ਉਹਦੇ ਇਲਾਜ ਦਾ ਸੰਬਧ ਸੀ, ਉਹ ਬਹੁਤ ਤਸੱਲੀ ਬਖ਼ਸ਼ ਚਲ ਰਿਹਾ ਸੀ। ਹਰੇਕ ਮਹੀਨੇ ਈ.ਈ.ਸੀ ਕਰਵਾਈ ਜਾਂਦੀ ਤੇ ਉਸ ਦੇ ਆਧਾਰ ਤੇ ਨੀਊਰੌਲੋਜਿਸਟ ਦਵਾਈਆਂ ਦਾ ਅਦਲ ਬਦਲ ਵੀ ਕਰਦਾ ਰਹਿੰਦਾ ਸੀ। ਜਦ ਉਸ ਨੂੰ ਡਾਕਟਰ ਕੋਲੇ ਰੋਟੀਨ ਮੁਆਇਨੇ ਲਈ ਲਿਜਾਇਆ ਜਾਂਦਾ ਤਾਂ ਉਹ ਉਸ ਨੂੰ ਇਕੋ ਸਵਾਲ ਬਾਰ ਬਾਰ ਪੁੱਛਦੀ, ‘ਮੈਂ ਤਾਂ ਬਾਥ ਰੂਮ ਜਾਣਾ ਵੀ ਭੁੱਲ ਗਈ ਹਾਂ, ਮੈਨੂੰ ਇਹ ਕੀ ਹੋ ਗਿਆ। ਡਾ: ਮੈਂ ਮਰਨਾ ਚਾਹੁੰਦੀ ਹਾਂ। ਮੈਂ ਹੁਣ ਹੋਰ ਜਿਉਣਾ ਨਹੀਂ ਚਾਹੁੰਦੀ। ਮੈਂ ਸਭ ਤੇ ਭਾਰ ਬਣੀ ਹੋਈ ਹਾਂ, ਸਭ ਨੂੰ ਤੰਗ ਕਰਦੀ ਹਾਂ। ਦਿਲੋਂ ਮੈਨੂੰ ਵੀ ਕੋਈ ਪਿਆਰ ਨਹੀਂ ਕਰਦਾ। ਸਾਰੇ ਉਤੋਂ ਉਤੋਂ ਦਿਖਾਵਾ ਕਰਦੇ ਨੇ।’ ਇਹ ਕਹਿ ਕੇ ਉਹ ਉਦਾਸੀਨਤਾ ਦੀ ਡੂੰਘਾਈਆਂ ‘ਚ ਚਲੀ ਜਾਂਦੀ ਤੇ ਨਿੱਕੇ ਨਿੱਕੇ ਹੌਕੇ ਲੈ ਕੇ ਬੱਚਿਆ ਵਾਂਘ ਡੁਸਕਣ ਲੱਗ ਪੈਂਦੀ।

ਡਾਕਟਰ ਸਭ ਕੁਝ ਜਾਣਦਾ ਹੋਇਆ ਵੀ ਉਸ ਨੂੰ ਧੀਰਜ ਦਿੰਦਾ। ਕਰਮ ਕੌਰ ਉਸ ਦੇ ਮੂੰਹ ਵਲ ਅਵਿਸ਼ਵਾਸ਼ ਭਰੀ ਤੱਕਣੀ ਨਾਲ ਦੇਖਦੀ ਰਹਿੰਦੀ। ਉਸ ਦੀਆਂ ਤਰਸਯੋਗ ਅੱਖਾਂ ਚੋਂ ਉੱਪਜੀ ਦਰਦ ਦੀ ਵੇਦਨਾ ਡਾਕਟਰ ਚੰਗੀ ਤਰ੍ਹਾਂ ਸਮਝਦਾ ਸੀ,ਪਰ ਉਹਨੂੰ ਸਚਾਈ ਦੱਸਣੋ ਸੰਕੋਚ ਕਰਦਾ ਰਹਿੰਦਾ।

ਡਾ: ਨੇ ਡੂੰਘਾ ਹੌਕਾ ਭਰਿਆ ਤੇ ਸ਼ਮਸ਼ੇਰ ਸਿੰਘ ਨੂੰ ਮਸ਼ਵਰਾ ਦਿੰਦਿਆ ਕਿਹਾ, ‘ਜੋ ਦਵਾਈਆਂ ਚਲ ਰਹੀਆਂ ਹਨ ਉਹ ਤਾਂ ਠੀਕ ਨੇ। ਪਰ ਦਵਾਈਆਂ ਦੇ ਨਾਲ ਨਾਲ ਇਨ੍ਹਾਂ ਦਾ ਇੱਕਲਾਪਣ ਦੂਰ ਕਰਨਾ ਬਹੁਤ ਜ਼ਰੂਰੀ ਹੈ। ਇਹ ਆਪਣੇ ਆਪ ਵਿਚ ਹੀ ਬੰਦ ਹੋ ਕੇ ਰਹਿ ਗਏ ਨੇ; ਕਕੂਨ ਦੀ ਤਰ੍ਹਾਂ। ਲੋਕਾਂ ਦੇ ਨਾਲ ਮੇਲ ਮਿਲਾਪ, ਟੈਲੀਫੋਨ ਦਵਾਰਾ ਗੱਲਾਂ ਬਾਤਾਂ ਕਰਨੀਆਂ ਤੇ ਟੀ ਵੀ ਦੇਖਣਾ ਆਦਿ ਇਨ੍ਹਾਂ ਦੀ ਸਹਿਤਯਾਬੀ ਲਈ ਬਹਿਤਰ ਸਿੱਧ ਹੋਵੇਗਾ। ਤੁਸੀਂ ਇਹ ਗੱਲ ਤਾਂ ਸੁਣੀ ਹੋਈ ਹੈ ਕਿ ਕੱਛੂ ਕੁੰਮੇ ਨੂੰ ਤੁਰਨ ਲਈ ਆਪਣੀਆਂ ਅੱਖਾਂ ਤੇ ਲੱਤਾਂ ਤਾਂ ਖੋਪਰੀ ਤੋਂ ਬਾਹਰ ਕੱਢਣੀਆਂ ਪੈਂਦੀਆਂ ਹੀ ਨੇ। ਸੋ ਤੁਸੀਂ ਇਹ ਜ਼ਰੂਰ ਕਰੋ। ਮੇਰੇ ਖਿਆਲ ਅਨੁਸਾਰ ਇਹ ਬਹੁਤ ਗੁਣਕਾਰੀ ਰਹੇਗਾ। ਚੰਗਾ ਰੱਬ ਭਲੀ ਕਰੇ।’

ਇਕ ਦਿਨ ਕੁਝ ਇੰਜ ਵਾਪਰਿਆ ਕਿ ਸੈਮ ਫਾਰਮੇਸੀ ਤੋਂ ਦਵਾਈਆਂ ਦੇ ਰੀਫਿਲ ਲੈਣ ਗਿਆ ਹੋਇਆ ਸੀ ਤੇ ਕਰਮ ਕੌਰ ਨੂੰ ਘਰ ਇਕੱਲੀ ਛੱਡਣਾ ਪੈ ਗਿਅ ਸੀ। ਅਚਾਣਿਕ ਉਹਦੀ ਅੱਧ ਕੱਚੀ ਨੀਂਦ ਖੁਲ ਗਈ। ਕਮਰੇ ਵਿਚ ਆਪਣੇ ਆਪ ਨੂੰ ਇਕੱਲੀ ਦੇਖ ਕੇ ਘਬਰਾ ਗਈ। ਸਾਹੋ ਸਾਹ, ਪਸੀਨੋ ਪਸੀਨੇ ਹੋ ਗਈ। ਫਰਿੱਜ ਦੇ ਖੜਾਕੇ ਨੇ ਉਸ ਨੂੰ ਹੋਰ ਡਰਾ ਦਿਤਾ। ਉਹ ਬਿਸਤਰੇ ਤੋਂ ਉੱਠ ਕੇ ਕਲੌਜਿ਼ਟ ‘ਚ ਜਾ ਕੇ ਲੁੱਕਣਾ ਚਾਹੁੰਦੀ ਸੀ। ਜਿਉਂ ਹੀ ਉਨ੍ਹੇ ਉੱਠਣ ਦਾ ਹੰਭਲਾ ਮਾਰਿਆ, ਨਾਈਟ ਸਟੈਂਡ ਤੇ ਸੌਣ ਵਾਲੀ ਦਵਾਈ ਦੀ ਸ਼ੀਸ਼ੀ ਹੱਥ ‘ਤੇ ਆ ਡਿੱਗੀ। ਉਨ੍ਹੇ ਜਾਣੇ ਜਾਂ ਅਣਜਾਣੇ ‘ਚ ਢੱਕਣ ਖੋਲ੍ਹਿਆ ਤੇ ਕਈ ਗੋਲੀਆ ਮੂੰਹ ਵਿਚ ਪਾਕੇ ਚਿੱਥਣ ਲਗ ਪਈ ਤੇ ਫਿਰ ਕੁਝ ਚਿਰ ਪਿਛੋਂ ਬੇਹੋਸ਼ੀ ‘ਚ ਧੜੱਮ ਕਰਦੀ ਡਿੱਗ਼ ਪਈ। ਇਹ ਤਾਂ ਰੱਬ ਹੀ ਜਾਣਦਾ ਕਿ ਕਰਮ ਕੌਰ ਖ਼ੁਦ ਕੁਸ਼ੀ ਕਰਨਾ ਚਾਹੁੰਦੀ ਸੀ ਜਾਂ ਗ਼ਲਤੀ ਨਾਲ ਬੀਮਾਰੀ ਕਾਰਨ ਹੋ ਗਿਆ। ਪਰ ਜੋ ਵੀ ਹੋਇਆ ਬਹੁਤ ਦੁੱਖਦਾਈ ਸੀ।

ਕੁਦਰਤੀਂ ਸ਼ਮਸ਼ੇਰ ਸਿੰਘ ਛੇਤੀ ਹੀ ਘਰ ਵਾਪਸ ਆ ਗਿਆ ਸੀ। ਉਹ ਇਹ ਸਭ ਕੁਝ ਦੇਖਕੇ ਪਹਿਲਾਂ ਤਾਂ ਬਹੁਤ ਘਬਰਾਇਆ ਪਰ ਛੇਤੀ ਹੀ ਆਪਣੇ ਆਪ ‘ਤੇ ਕਾਬੂ ਪਾ ਕੇ 911 ਨੂੰ ਫੋਨ ਕੀਤਾ। ਸਮੇਂ ਸਿਰ ਮੌਕਾ ਸੰਭਾਲ ਲਿਆ ਗਿਆ। ਹਸਪਤਾਲ ‘ਚ ਡਾਕਟਰਾਂ ਨੇ ਕਰਮ ਕੌਰ ਦਾ ਮੇਹਦਾ ਸਾਫ਼ ਕਰਕੇ ਉਹਨੂੰ ਬਚਾ ਲਿਆ। ਇਹ ਖ਼ਬਰ ਸੁਣ ਕੇ ਜਗਤਾਰ ਤੇ ਸਟੈਲਾ ਵੀ ਹਸਪਤਾਲ ਪਹੁੰਚ ਗਏ ਸੀ। ਸੈਮ ਨੇ ਸਾਰੀ ਗੱਲ ਉਨ੍ਹਾਂ ਨੂੰ ਦੱਸੀ। ਜਗਤਾਰ ਸਿੰਘ ਮਾਂ ਦੀ ਹਾਲਤ ਦੇਖਕੇ ਜਿਵੇਂ ਜਿਊਂਦਾ ਹੀ ਮਰ ਗਿਆ ਹੋਵੇ। ਹੁਣ ਤਕ ਉਹ ਸਟੈਲਾ ਦੇ ਦਬਾ ਹੇਠ ਪਿੱਸ ਚੁੱਕਾ ਸੀ। ਸ਼ਮਸ਼ੇਰ ਸਿੰਘ ਇਹ ਭਲੀ ਭਾਂਤ ਜਾਣਦਾ ਸੀ ਪਰ ਉਹ ਇਸ ਸਮੇਂ ਇਸ ਵਿਸ਼ੇ ਤੇ ਕੋਈ ਗੱਲ ਕਰਨੀ ਨਹੀਂ ਚਾਹੁੰਦਾ ਸੀ।

ਇਹ ਤੇ ਪਰਮਾਤਮਾ ਹੀ ਜਾਣਦਾ ਹੈ ਕਿ ਪਤਾ ਨਹੀਂ ਸਟੈਲਾ ਦੇ ਮਨ ਵਿਚ ਕੀ ਵਿਚਾਰ ਉੱਠੇ ਕਿ ਉਹ ਬੇਹੋਸ਼ ਪਈ ਕਰਮ ਕੌਰ ਦੇ ਬੈਡ ਕੋਲ ਆ ਬੈਠੀ ਤੇ ਆਪਣਾ ਹੱਥ ਉਹਦੇ ਸਿਰ ਤੇ ਪਿਆਰ ਨਾਲ ਫੇਰਨ ਲਗੀ। ਉਹਦੀਆਂ ਅੱਖਾਂ ਵਿਚ ਜਿਵੇਂ ਧੀਆਂ ਵਾਲਾ ਮੌਹ ਫੁੱਟ ਪਿਆ ਹੋਵੇ। ਸੈਮ ਤੇ ਜਗਤਾਰ ਸਵਾਲੀਆ ਅੱਖਾਂ ਨਾਲ ਇਕ ਦੂਜੇ ਵੱਲ ਦੇਖਣ ਲਗੇ। ਕੋਈ ਵੀ ਇਕ ਦੂਜੇ ਨਾਲ ਗੱਲ ਬਾਤ ਨਹੀਂ ਕਰਦਾ ਸੀ। ਕਮਰੇ ਵਿਚ ਮੌਤ ਜਿਹੀ ਚੁੱਪ ਛਾਈ ਹੋਈ ਸੀ। ਕੁਝ ਚਿਰ ਉੱਥੇ ਰੁੱਕਣ ਪਿਛੋਂ ਜਗਤਾਰ ਤੇ ਸਟੈਲਾ ਚਲੇ ਗਏ।

ਅਗਲੀ ਸਵੇਰ ਕਰਮ ਕੌਰ ਹੋਸ਼ ਵਿਚ ਆ ਗਈ ਸੀ। ਬੀਤੀ ਰਾਤ ਕੀ ਹੋਇਆ, ਇਸ ਬਾਰੇ ਉਸ ਨੂੰ ਕੋਈ ਗਿਆਨ ਨਹੀਂ ਸੀ। ਸੈਮ ਨੇ ਆਪਣੇ ਬੇਟੇ ਨੂੰ ਫੋਨ ਤੇ ਦੱਸ ਦਿੱਤਾ ਕਿ ਸ਼ਾਮ ਨੂੰ ਹਸਪਤਾਲ ਤੋਂ ਡਿਸਚਾਰਜ ਸਲਿੱਪ ਮਿਲ ਜਾਵੇਗੀ ਤੇ ਅਸੀਂ ਆਪਣੇ ਘਰ ਵਾਪਸ ਚਲੇ ਜਾਵਾਂਗੇ। ਤੁਸੀਂ ਹੁਣ ਹਸਪਤਾਲ ਆਉਣ ਦੀ ਖੇਚਲ ਨਾ ਕਰਨਾ। ਅਸਲ ‘ਚ ਇਹ ਫੋਨ ਜਗਤਾਰ ਦੀ ਥਾਂ ਸਟੈਲਾ ਨੇ ਸੁਣਿਆ ਜਿਸ ਨੇ ਜਵਾਬ ਵਿਚ ਕਿਹਾ ਕਿ ਠੀਕ ਹੈ ਪਰ ਡੈਡੀ, ਅਸੀਂ ਹਸਪਤਾਲ ਮੱਮੀ ਨੂੰ ਮਿਲਣ ਜ਼ਰੂਰ ਆਵਾਂਗੇ।

ਸੈਮ ਹੈਰਾਨ ਸੀ ਕਿ ਸਟੈਲਾ ਨੇ ਅਜ ਉਸ ਨੂੰ ਕਿਵੇਂ ‘ਡੈਡੀ’ ਕਹਿ ਦਿਤਾ ਹੈ ਤੇ ਹਸਪਤਾਲ ਖ਼ਬਰ ਲੈਣ ਵੀ ਆ ਰਹੀ ਹੈ।

ਕਰਮ ਕੌਰ ਨੂੰ ਹਸਪਤਾਲ ਚੋਂ ਛੁੱਟੀ ਮਿਲ ਗਈ। ਜਗਤਾਰ ਤੇ ਸਟੈਲਾ ਵੀ ਪੁਹੰਚ ਚੁੱਕੇ ਸਨ। ਕਰਮ ਕੌਰ ਨੂੰ ਵੀਲ੍ਹ ਚੇਅਰ ਦੀ ਮਦਦ ਨਾਲ ਸ਼ਮਸ਼ੇਰ ਸਿੰਘ ਦੀ ਕਾਰ ਵਿਚ ਬਿੱਠਾ ਦਿਤਾ ਗਿਆ। ਜਦ ਸ਼ਮਸ਼ੇਰ ਸਿੰਘ ਕਾਰ ਡਰਾਇਵ ਕਰਨ ਲਗਾ ਤਾਂ ਜਗਤਾਰ ਨੇ ਕਿਹਾ, ‘ਪਾਪਾ, ਕਾਰ ਦੀ ਚਾਬੀ ਮੈਨੂੰ ਦੇ ਦੇਵੋ। ਮੈਂ ਮੰਮੀ ਨੂੰ ਆਪ ਛੱਡ ਕੇ ਆਵਾਂਗਾ ਤੇ ਤੁਸੀ ਸਟੈਲਾ ਨਾਲ ਜਾ ਕੇ ਬੈਠ ਜਾਵੋ।’

ਕੁਝ ਝਿੱਝਕ ਪਿਛੋਂ ਸੈਮ ਸਟੈਲਾ ਦੇ ਨਾਲ ਦੀ ਸੀਟ ਤੇ ਜਾ ਬੈਠਾ। ਸਟੈਲਾ ਨੇ ਬੜੇ ਪਿਆਰ ਤੇ ਸਤਿਕਾਰ ਨਾਲ ਸੈਮ ਨੂੰ ਆਪਣੇ ਨਾਲ ਬਿੱਠਾ ਲਿਆ। ਕਾਰ ਦੇ ਚੱਲਣ ਨਾਲ ਹੀ ਸਟੈਲਾ ਬੋਲੀ, ‘ਪਿਆਰੇ ਡੈਡੀ, ਮੈਂ ਤੁਹਾਡੇ ਦੋਹਾਂ ਨਾਲ ਜੋ ਬੁਰਾ ਵਰਤਾਉ ਕੀਤਾ ਹੈ, ਉਸ ਲਈ ਮੈਂ ਦਿਲੋਂ ਖਿ਼ਮਾ ਮੰਗਦੀ ਹਾਂ। ਮੈਂਨੂੰ ਹੁਣ ਸਮਝ ਆ ਗਈ ਹੈ ਕਿ ਉਹ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗ਼ੱਲਤੀ ਸੀ। ਮੈਂ ਅਪਰਾਧੀ ਹਾਂ। ਮੇਰੇ ਦੁਰਵਿਹਾਰ ਦਾ ਅਸਰ ਮੰਮੀ ਦੇ ਦਿਮਾਗ਼ ਤੇ ਪਿਆ ਹੈ, ਜੋ ਇਹ ਕਸ਼ਟ ਭੋਗ ਰਹੇ ਨੇ। ਮੈਂ ਤਨੋ-ਮਨੋ ਸਿਦਕ ਦਿਲੀ ਨਾਲ ਉਨ੍ਹਾਂ ਦੀ ਸੇਵਾ ਆਪਣੇ ਕੋਲ ਰੱਖ ਕੇ ਕਰਨੀ ਚਾਹੁੰਦੀ ਹਾਂ। ਆਪਣੇ ਦਿਲ ਤੋਂ ਬੋਝ ਉਤਾਰਣਾ ਚਾਹੁੰਦੀ ਹਾਂ। ਜਗਤਾਰ ਤੋਂ ਮੈਂ ਤੁਹਾਡੇ ਰਸਮੋ ਰਿਵਾਜਾਂ ਬਾਰੇ ਬਹੁਤ ਜਾਣਕਾਰੀ ਲੈ ਚੁੱਕੀ ਹਾਂ। ਇਹ ਸਭ ਦੇਖਕੇ ਮੇਰੀਆਂ ਅੱਖਾਂ ਖੁੱਲ ਗਈਆਂ ਨੇ। ਮੈਨੂੰ ਹੁਣ ਵਿਸਥਾਰਿਤ ਪ੍ਰਵਾਰ ਦੀ ਮਹੱਤਤਾ ਦਾ ਪਤਾ ਲਗ ਚੁੱਕਾ ਹੈ।’

ਸੈਮ ਹੈਰਾਨ ਸੀ। ਉਹਨੂੰ ਕੁਝ ਸੁੱਝ ਨਹੀਂ ਰਿਹਾ ਸੀ। ਉਹਦੀ ਚੁੱਪ ਹੀ ਸ਼ਾਇਦ ਪਰਵਾਨਗੀ ਵਰਗੀ ਹੋਵੇ। ਕੁਝ ਦੇਰ ਪਿਛੋ਼ ਉਹ ਏਨਾ ਹੀ ਕਹਿ ਸਕਿਆ, ‘ਬੇਟਾ, ਇਸ ਵਿਚ ਤੇਰਾ ਕੋਈ ਦੋਸ਼ ਨਹੀਂ। ਦੋ ਵੱਖ ਵੱਖ ਸੰਸਕ੍ਰਿਤੀਆਂ ਦੇ ਮੁੱਲਾਂ ਨੂੰ ਸੱਮਝਣ ਦੀ ਬੜੀ ਲੋੜ ਹੁੰਦੀ ਹੈ। ਚਲੋ, ਅਜੇ ਵੀ ਤੁਸੀਂ ਠੀਕ ਸਮੇਂ ਜਾਣ ਲਿਆ ਹੈ। ਮੈਂ ਤੁਹਾਡੀ ਸੋਚ ਤੇ ਖੁਸ਼ ਹਾਂ, ਤੁਸੀ ਜੋ ਕਿਹਾ ਹੈ ਤੇ ਅਗੋ ਤੋਂ ਜੋ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ। ਮੈਂ ਤੇ ਕੇਵਲ ‘ਤੁਹਾਡਾ ਧੰਨਵਾਦ’ ਕਹਿ ਸਕਦਾ ਹਾਂ।

ਘਰ ਦਾ ਮਾਹੌਲ ਫਿਰ ਨਵੇਂ ਸਿਰੇ ਤੋਂ ਸਾਜ਼ਗਾਰ ਹੋ ਗਿਆ। ਕਰਮ ਕੌਰ ਦੀ ਦੇਖ ਭਾਲ ਪਹਿਲਾਂ ਨਾਲੋ ਚੰਗੇਰੀ ਸਾਰਿਆ ਦੇ ਹੱਥੋਂ ਹੋਣ ਲਗੀ।

ਇਕ ਦਿਨ ਜਗਤਾਰ ਡੈਡੀ ਨੂੰ ਕਹਿਣ ਲਗਾ,‘ਡੈਡੀ, ਇਸ ਸਾਲ ਤੁਹਾਡੀ ਅੱਸੀਵੀ ਵਰ੍ਹੇ ਗੰਢ 22 ਅਕਤੁਬਰ ਨੂੰ ਆਪਾਂ ਸਾਰੇ ਰਲ ਕੇ ਬੜੀ ਧੂਮ ਧਾਮ ਨਾਲ ਮਨਾਵਾਂਗੇ ਤੇ ਕੇਕ ਦੀ ਪਹਿਲੀ ਗਰਾਹੀ ਬੇਬੇ ਦੇ ਹੱਥੋਂ ਤੁਹਾਡੇ ਮੂੰਹ ‘ਚ ਪਵਾਵਾਂਗੇ।

‘ਓ ਪੁੱਤਾ, ਮੇਰਾ ਜਨਮ-ਮਰਨ ਵਾਲਾ ਦਿਨ ਤਾਂ ਤੇਰੀ ਮਾਤਾ ਦੇ ਹੱਥੋਂ ਨਿੱਤ ਹੁੰਦਾ ਸੀ। ਹੁਣ ਜਿਵੇਂ ਤੁਹਾਡਾ ਜੀ ਕਰੇ ਕਰ ਲਿਓ। ਮੈਨੂੰ ਇਸ ਤੋਂ ਵੱਧ ਹੋਰ ਖੁਸ਼ੀ ਕੀ ਹੋ ਸਕਦੀ ਹੈ? ਪਰ ਹਾਂ, ਇਕ ਗੱਲ ਮੈਂ ਤੁਹਾਨੂੰ ਜ਼ਰੂਰ ਦੱਸ ਦੇਵਾਂ, ‘ਆਪਾਂ ਆਪਣੇ ਭਾਖੜਾ ਡੈਮ ਦੀ ਵਰ੍ਹੇ ਗੰਢ ਮੇਰੀ ਆਪਣੀ ਵਰ੍ਹੇ ਗੰਢ ਵਾਲੀ ਨਾਲੋ ਕਿਤੇ ਵੱਧੀਆ ਮਨਾਉਣੀ ਹੈ। ਉਹ ਸੁੱਖ ਨਾਲ ਸਦਾ ਨਰੋਇਆ ਰਹੇ ਤੇ ਅੰਮ੍ਰਿਤ ਦੇ ਸੋਮੇ ਵੰਡਦਾ ਰਹੇ-ਬਸ ਵੰਡਦਾ ਹੀ ਰਹੇ। ਤੁਸੀਂ ਵੀ ਤਾਂ ਸਾਡੇ ਭਾਖੜਾ ਡੈਮ ਹੋ।’

‘ਬਾਪੂ ਜੀ, ਤੁਸੀ ਫਿਕਰ ਨਾ ਕਰੋ। ਸਭ ਅਗਲੀਆ ਪਿੱਛਲੀਆਂ ਕਸਰਾ ਕੱਢ ਦੇਵਾਂਗੇ।’ਸਟੈਲਾ ਤੇ ਜਗਤਾਰ ਦੋਨਾਂ ਨੇ ਇਕ ਸੁਰ ‘ਚ ਕਿਹਾ।

ਸੈਮ ਨੂੰ ਮਹਿਸੂਸ ਹੋਇਆ ਕਿ ਸਟੈਲਾ ਪੱਛਮੀ ਸਭਿਆਚਾਰ ਅਤੇ ਪੂਰਬੀ ਸੱਭਿਆਚਾਰ ਦੀ ਸੰਯੋਜਨ ਹੈ। ਇਨ੍ਹਾਂ ਦੋਨਾਂ ਸਭਿਆਤਾਵਾਂ ਵਿਚ ਆਪਣੇ ਆਪ ਨੂੰ ਸਾਧ ਕੇ ਉਹ ਸਾਡੇ ਘਰ ਦੀ ‘ਗੋਬਿੰਦ ਸਾਗਰ’ ਬਣ ਗਈ ਹੈ ਤੇ ਅੰਮ੍ਰਿਤ ਦੇ ਸੋਮੇ ਵੰਡਣ ਦੇ ਸਮਰੱਥ ਹੋ ਗਈ ਹੈ। ਇਹ ਸਭ ਕੁਝ ਖੁਸ਼ੀ ਖੁਸ਼ੀ ਦੱਸਣ ਲਈ ਸ਼ਮਸ਼ੇਰ ਸਿੰਘ ਉਰਫ ‘ਸੈਮ’ ਕਰਮ ਕੌਰ ਦੇ ਹੋਰ ਨੇੜੇ ਹੋ ਬੈਠਾ।

31/01/2014

ਹੋਰ ਕਹਾਣੀਆਂ  >>    


ਅੰਮ੍ਰਿਤ ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਖੂਹ ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ
ਘਰ ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਸੋਗ
ਰੂਪ ਢਿੱਲੋਂ, ਲੰਡਨ
ਉਹ ਮੂਵ ਹੋ ਗਈ
ਅਨਮੋਲ ਕੌਰ, ਕਨੇਡਾ
ਗੋਲਡੀਲੌਕਸ ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ (1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ
baybus1ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ
ਵੇ ਲੋਕੋ
ਅਨਮੋਲ ਕੌਰ, ਕਨੇਡਾ
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ

5_cccccc1.gif (41 bytes)

hore-arrow1gif.gif (1195 bytes)


Terms and Conditions
Privacy Policy
© 1999-2013,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2013,  5abi.com