"ਮਿਆਊਂ -ਮਿਆਊਂ"
ਗੁਰਪ੍ਰੀਤ ਕੌਰ ਗੈਦੂ, ਯੂਨਾਨ   
 (15/05/2019)

Gurpreet Gaidu


ਇਹ ਕਹਾਣੀ ਗਰੀਸ ਦੇ ਇੱਕ ਸ਼ਹਿਰ ਵਿੱਚ ਰਹਿੰਦੇ ਇੱਕ ਬਜ਼ੁਰਗ ਦੀ ਹੈ। ਵੈਸੇ ਤਾਂ ਯੂਨਾਨੀ ਹੀ ਸਿਆਣੇ ਮੰਨੇ ਗਏ ਹਨ। ਸਿਆਣੇ ਵੀ ਕਿਉਂ ਨਾ ਹੋਣ ਭਾਈ! ਮਹਾਨ ਸਿਕੰਦਰ ਵਰਗੇ ਰਾਜੇ ਦੇ ਦੇਸ਼ ਦੇ ਜੁ ਹੋਏ।
 
ਹੋਰ ਵੀ ਬਥੇਰੇ ਦਾਰਸ਼ਨਿਕ ਹੋਏ ਹਨ। ਖੈਰ ,ਆਪਾਂ ਤਾਂ ਗੱਲ ਉਸ ਬਾਬੇ ਦੀ ਕਰਨ ਲੱਗੇ ਹਾਂ ਜਿਹੜਾ ਵਿਚਾਰਾ ਕੋਈ ਮਹਾਨ ਆਦਮੀ ਨਹੀਂ ਸੀ। ਮਿਆਊਂ -ਮਿਆਊਂ ਤਾਂ ਬਿੱਲੀ ਕਰਦੀ ਹੈ , ਫਿਰ ਇਹ ਬਾਬਾ ਕਿਉਂ ਕਰਦਾ ਸੀ। ਆਓ!  ਮਿਆਊਂ- ਮਿਆਊਂ ਕਰਨ ਵਾਲੇ ਬਾਬੇ ਦੀ ਕਹਾਣੀ ਜਾਨਣ ਲਈ ਮੇਰੀ ਕਲਮ ਦੀਆਂ ਬਣਾਈਆਂ ਪੈੜਾਂ ਤੇ ਤੁਰੇ ਆਇਓ। 
 
 ਉਸ ਦੀ ਮਿਆਊਂ -ਮਿਆਊਂ ਤੋਂ ਸਾਰੇ ਤੰਗ ਆ ਚੁੱਕੇ ਸਨ। ਉਹ ਸੁਭਾ -ਸ਼ਾਮ ਇੱਕੋ ਹੀ ਰਟ ਲਾਈ ਰੱਖਦਾ ਸੀ। ਬਸ ਕੋਈ ਵੇਲਾ ਨਹੀਂ ਸੀ ਵੇਖਦਾ, ਹਰ ਵੇਲੇ ਮਿਆਊਂ -ਮਿਆਊਂ !
 
ਸੱਚ  ਹਾਂ!
ਦੁਪਹਿਰ ਅਤੇ ਰਾਤ ਵੇਲੇ ਨੂੰ ਚੁੱਪ ਕਰ ਜਾਂਦਾ ਸੀ, ਕਿਉਂਕਿ ਯੂਨਾਨ ਦੁਪਹਿਰੇ ਤਿੰਨ ਵਜੇ ਤੋਂ ਲੈ ਕੇ ਪੰਜ ਵਜੇ ਤੱਕ ਅਤੇ ਰਾਤ ਨੂੰ 10 ਵਜੇ ਤੋਂ  ਸੁਭਾ ਦੇ  ਸੱਤ ਵਜੇੱ ਤੱਕ   ਰੌਲਾ ਪਾਉਣ ਦੀ ਮਨਾਹੀ ਹੈ । ਜੇ ਉਸ ਨੂੰ ਇਸ ਸਮੇਂ ਦੀ ਸੁੱਧ -ਬੁੱਧ ਸੀ ਤਾਂ ਇਸ ਤੋਂ ਸਾਫ਼ ਜ਼ਾਹਿਰ ਸੀ ਕਿ ਉਹ ਪਾਗਲ ਤਾਂ ਨਹੀਂ ਸੀ ।
 
ਫਿਰ ਉਹ ਸਾਰਾ ਦਿਨ ਮਿਆਊਂ ਮਿਆਊਂ ਕਿਉਂ ਕਰਦਾ ਰਹਿੰਦਾ ਸੀ? ਸਾਰੇ ਬੜੇ ਹੈਰਾਨ ਸਨ ।
 
ਉਹ ਸਕੂਲ ਦੇ ਸਾਹਮਣੇ ਵਾਲੀ ਬਿਲਡਿੰਗ ਵਿੱਚ ਪਹਿਲੀ ਮੰਜ਼ਿਲ ਤੇ ਕੁਝ ਕੁ ਹਫਤੇ ਪਹਿਲਾਂ ਹੀ ਕਿਰਾਏ ਤੇ ਰਹਿਣ ਲਈ ਆਇਆ ਸੀ। ਓਦੋਂ ਉਹ ਚੰਗਾ ਭਲਾ  ਸੀ। ਮੋਟੀਆਂ- ਮੋਟੀਆਂ ਅੱਖਾਂ, ਲਾਲ ਸੂਹਾ ਰੰਗ ਅਤੇ ਵੱਡੀਆਂ -ਵੱਡੀਆਂ ਮੁੱਛਾਂ ਜੋ ਓਹਦੇ ਯੂਨਾਨੀ ਘਰਾਣੇ ਦਾ ਸਾਫ ਪਤਾ ਦਸਦੀਆਂ ਸਨ। ਵੇਖਣ ਵਿੱਚ ਬੜਾ ਸੁੱਘੜ ਸਿਆਣਾ ਅਤੇ ਜ਼ਿੰਦਗੀ ਨੂੰ ਸ਼ੌਂਕ ਸਮਝ ਕੇ ਜਿਉਣ ਵਾਲਾ ਲਗਦਾ ਸੀ।
 
ਉਹਨੂੰ ਇੱਕ ਕੁੜੀ ਅਤੇ ਮੁੰਡਾ  ਛੱਡ ਕੇ ਗਏ ਸਨ । ਇਹ ਉਹਦੇ ਭਰਾ ਦੇ ਜਵਾਕ ਸਨ। ਓਹਦੀ ਆਪਣੀ ਔਲਾਦ ਦੂਰ ਐਥਨਜ਼ ਵਿਖੇ ਰਹਿੰਦੀ ਸੀ। ਰੋਜ਼ੀ -ਰੋਟੀ ਦੇ ਕਾਰਨਾਂ ਕਰਕੇ ਸਭ ਨੂੰ ਦੂਰ ਦੁਰਾਡੇ ਚੋਗਾ ਚੁਗਣ ਜਾਣਾ ਹੀ ਪੈਂਦਾ ਹੈ। ਇਸ ਕਰਕੇ ਉਹਨਾਂ ਨੂੰ ਵੀ ਜਾਣਾ ਪਿਆ ਸੀ। ਸੋ ਆਪਣੇ ਪਿਤਾ ਨੂੰ ਉਸ ਦੇ ਭਤੀਜੀ ਤੇ ਭਤੀਜੇ ਦੀ ਦੇਖ ਰੇਖ ਹੇਠ  ਛੱਡ ਗਏ ਸਨ।
 
ਥੋੜ੍ਹੇ ਦਿਨਾਂ ਤੱਕ ਬਾਬੇ ਦਾ ਭਤੀਜਾ ਆਪਣੀ ਮਿੰਨੀ ਸਮਾਰਟ ਗੱਡੀ ਤੇ ਆਉਂਦਾ ਰਿਹਾ ਤੇ ਉਸ ਨੂੰ ਰੋਟੀ ਪਾਣੀ ਦੇ ਕੇ ਜਾਂਦਾ ਰਿਹਾ । ਰੋਟੀ ਦੇਣ ਲੱਗੇ ਨੇ ਕਿਹੜਾ ਹਾਲ-ਚਾਲ  ਪੁੱਛਣਾ ਹੁੰਦਾ ਸੀ । ਬਸ ਇੱਕ ਕੰਨ ਨੂੰ ਫੋਨ ਲਾਇਆ  ਹੁੰਦਾ ਸੀ ਤੇ ਦੂਜੇ ਹੱਥ ਨਾਲ਼ ਰੋਟੀ ਦੇ ਕੇ ਓਹਨੀਂ  ਪੈਰੀਂ ਵਾਪਸ ਹੋ ਜਾਂਦਾ ਸੀ । ਕਈ ਵਾਰੀ  ਤਾਂ ਬਾਬੇ ਦਾ ਹੱਥ ਕੋਈ ਗੱਲ ਕਹਿਣ ਵਾਸਤੇ ਅੱਡਿਆ ਹੀ ਰਹਿ ਜਾਂਦਾ ਸੀ ਤੇ ਉਹ ਵਾਪਸ ਵੀ ਚਲਾ ਜਾਂਦਾ ਸੀ । ਉਹਦੀ ਭਤੀਜੀ ਕੁਝ ਕੁ ਸਮੇਂ ਤੱਕ ਹਰ ਹਫਤੇ ਘਰ ਦੀ ਸਫਾਈ ਕਰਨ ਆਉਂਦੀ ਰਹੀ ,ਪਰ ਹੌਲੀ -ਹੌਲੀ ਸਭ ਕੁਝ ਬੰਦ ਹੋ ਗਿਆ । ਨਾ ਹੁਣ ਰੋਟੀ ਆਉਂਦੀ ਸੀ ਤੇ ਨਾ ਹੀ ਸਫਾਈ ਹੁੰਦੀ ਸੀ। ਹੁਣ ਜੇ ਹੁੰਦੀ ਸੀ ਤਾਂ ਬਸ ਮਿਆਊਂ -ਮਿਆਊਂ ਹੀ ਹੁੰਦੀ ਸੀ ।
 
ਇੱਕ  ਦਿਨ ਕਈ ਦਿਨਾਂ ਦੀ ਬੇਹੀ ਰੋਟੀ ਖਾਣ ਲੱਗਿਆਂ, ਉਸ ਨੂੰ ਅਜਿਹਾ ਹੱਥੂ ਆਇਆ ਕਿ ਐਂਬੂਲੈਂਸ  ਨੂੰ ਲੈਣ ਆਉਣਾ ਪਿਆ, ਰੋਟੀ ਕਈ ਦਿਨਾਂ ਦੀ ਬੇਹੀ ਹੋਣ ਕਰਕੇ ਆਕੜੀ ਹੋਈ ਸੀ ਅਤੇ ਇਸ ਕਰਕੇ ਓਹਦੇ ਸੰਘ ਵਿੱਚ ਫਸ ਗਈ । ਕਈ ਘੰਟੇ ਹਸਪਤਾਲ ਵਿੱਚ ਰਿਹਾ। ਹਸਪਤਾਲ ਵਾਲੇ ਹੀ ਲੈ ਕੇ ਗਏ, ਓਹੀ ਘਰ ਛੱਡ ਕੇ  ਗਏ । ਕਿਸੇ ਰਿਸ਼ਤੇਦਾਰ ਨੇ ਬਾਤ ਨਹੀਂ ਪੁੱਛੀ। 
 
ਨਾ ਕੋਈ ਭਤੀਜਾ ਤੇ ਨਾ ਹੀ ਕੋਈ ਭਤੀਜੀ ਆਉਂਦੀ ਦਿੱਸੀ। ਹਸਪਤਾਲ ਕਿਵੇਂ ਪਹੁੰਚ ਗਿਆ, ਇਹ ਵੀ ਲੋਕ  ਸੋਚ ਕੇ ਹੈਰਾਨ ਸਨ।
 
ਇੱਕ ਵਾਰੀ ਉਹ ਕਈ ਦਿਨ ਬੇ-ਹੋਸ਼ ਪਿਆ ਰਿਹਾ, ਉਸ ਨੂੰ ਸੁਪਨੇ ਵਿੱਚ ਈਸਾ ਮਸੀਹ ਦੀ ਮਾਂ  ਦੀ ਰੂਹ ਮਿਲੀ ਤੇ ਕਹਿੰਦੀ, "ਤੂੰ ਅਜੇ ਨਹੀਂ ਮਰੇਂਗਾ, ਅਜੇ ਤੇਰੀ ਜ਼ਿੰਦਗੀ  ਵਿੱਚ ਧੱਕੇ ਖਾਣੇ ਬਾਕੀ ਹਨ । ਤੇਰਾ ਹਿਸਾਬ ਕਿਤਾਬ ਅਜੇ ਪੂਰਾ ਨਹੀਂ ਹੋਇਆ।" ਉਹਨੂੰ ਕਹਿੰਦੇ ਹੋਏ ਕਿਸੇ ਨੇ ਸੁਣਿਆ ਸੀ। ਉਸ ਦੀ ਇਸ ਗੱਲ ਤੇ ਕਈ ਹੱਸ ਪੈਂਦੇ ਸਨ, ਪਰ ਕਈ ਯਕੀਨ ਵੀ ਕਰ ਲੈਂਦੇ ਸਨ। ਕਿਉਂਕਿ ਯੂਨਾਨੀ ਸੁਪਨਿਆਂ ਅਤੇ ਰੂਹਾਂ ਵਿੱਚ  ਬਹੁਤ ਵਿਸ਼ਵਾਸ ਕਰਦੇ ਹਨ ।
 
ਹੁਣ ਉਹ ਭੁੱਖਾ ਮਰਨ ਲੱਗਿਆ । ਲੋਕਾਂ ਦੀਆਂ ਮਿੰਨਤਾਂ ਤਰਲੇ ਕਰਦਾ ਕਿ ਉਹ ਉਸਦੇ ਰਿਸ਼ਤੇਦਾਰਾਂ ਨੂੰ ਫੋਨ  ਕਰ ਦੇਣ , ਉਸਨੂੰ  ਨੰਬਰ ਤਾਂ  ਯਾਦ ਸੀ , ਪਰ ਉਸਦੇ ਫੋਨ ਵਿੱਚ ਪੈਸੇ ਨਹੀਂ ਸਨ । ਕਦੇ ਕਿਸੇ ਦੇ ਮਨ ਮਿਹਰ ਪੈ ਜਾਂਦੀ ਸੀ ਤਾਂ ਗੱਲ  ਕਰਾ ਦਿੰਦੇ  ਸਨ ਤੇ  ਕਦੇ ਅਣ-ਸੁਣਿਆ ਕਰ ਦਿੰਦੇ ਸਨ।
 
ਕਈ ਵਾਰੀ ਉਹ ਆਪਣਾ ਗੁੱਸਾ ਠੰਢਾ ਕਰਨ ਲਈ  ਲੋਕਾਂ ਦੀਆਂ ਤਣੀਆਂ ਤੋਂ ਕੱਪੜੇ ਲਾਹ ਕੇ ਵੀ ਸੁੱਟ ਆਉਂਦਾ ਸੀ । ਲੋਕਾਂ ਨੇ ਕੈਮਰਿਆਂ ਰਾਹੀਂ ਪਤਾ ਲਗਾ ਲਿਆ ਸੀ ਕਿ ਇਹ ਕੰਮ ਉਸਦਾ ਹੀ ਸੀ।
 
ਉਸ ਤੋਂ ਡਰਦਿਆਂ, ਕਈਆਂ ਨੇ ਤਾਂ  ਉਸ ਬਿਲਡਿੰਗ  ਚੋਂ ਚਲੇ ਜਾਣ ਦਾ ਫੈਸਲਾ ਕਰ ਲਿਆ ਸੀ। ਓਸ ਤੋਂ ਆਲੇ-ਦੁਆਲੇ ਦੇ ਲੋਕ  ਬਹੁਤ ਤੰਗ ਆ ਚੁੱਕੇ ਸਨ । ਉਸ ਦੀ ਮਿਆਊਂ -ਮਿਆਊਂ ਦੀ ਅਵਾਜ਼ ਅਤੇ ਕੱਪੜਿਆਂ ਨੂੰ ਤਣੀ  ਤੋਂ ਲਾਹ ਕੇ ਸੁੱਟਣਾ, ਹੁਣ ਬਰਦਾਸ਼ਤ ਤੋਂ ਬਾਹਰ ਹੋ ਚੁਕਿਆ ਸੀ ।
 
ਕਈ ਵਾਰੀ ਉਸਨੂੰ ਬਹਿਸ ਕਰਦੇ ਵੀ ਸੁਣਿਆ ਸੀ ਅਤੇ ਉਹ ਵੱਖ-ਵੱਖ ਢੰਗਾਂ ਨਾਲ  ਆਪਣੀ ਸਫਾਈ ਪੇਸ਼ ਕਰਨ ਦੀ ਕੋਸ਼ਿਸ਼ ਵੀ  ਕਰਿਆ  ਕਰਦਾ ਸੀ । ਪਰ ਹੁਣ ਉਹ ਆਪਣੀਆਂ ਆਦਤਾਂ ਤੋ  ਜਿਵੇਂ ਮਜਬੂਰ  ਹੋ ਗਿਆ ਲਗਦਾ ਸੀ। ਉਹ ਆਪਣੇ-ਆਪ ਨੂੰ ਰੋਕ ਨਹੀਂ ਪਾਉਂਦਾ  ਸੀ।
 
ਉਸ ਨੂੰ ਏਥੇ ਰਹਿੰਦਿਆਂ ਅੱਠ- ਨੌਂ ਮਹੀਨੇ ਹੋ ਚੁੱਕੇ ਸਨ । ਆਂਢ-ਗੁਆਂਢ ਦੇ ਜੋ  ਬੱਚੇ  ਉਸ ਦੇ ਇਸ ਬਿਲਡਿੰਗ  ਵਿੱਚ ਆਉਣ ਵੇਲੇ  ਦੋ-ਤਿੰਨ ਮਹੀਨਿਆਂ ਦੇ  ਸਨ , ਹੁਣ ਉਹ ਸਾਲ -ਸਾਲ ਦੇ ਕਰੀਬ ਹੋਣ ਵਾਲੇ ਸਨ। ਹੁਣ ਉਹ ਵੀ ਉਸ ਨੂੰ ਸੁਣ ਕੇ ਉਸ ਦੀ ਨਕਲ ਉਤਾਰਨ ਲੱਗ ਪੈਂਦੇ ਸਨ।  ਉਹਨਾਂ ਦੇ ਮਾਤਾ-ਪਿਤਾ ਪਰੇਸ਼ਾਨ ਰਹਿਣ ਲੱਗ ਪਏ ।
 
ਸਾਰੇ ਸਕੂਲ ਦੇ ਬੱਚੇ ਵੀ ਬਰੇਕ  ਵਿੱਚ ਉਸ ਨੂੰ ਮਿਆਊਂ ਮਿਆਊਂ ਕਹਿ ਕੇ ਛੇੜਦੇ ਸਨ। ਕਈ ਵਾਰੀ ਉਸ ਨੂੰ ਅਵਾਜ਼ਾਂ ਮਾਰ ਕੇ ਤੰਗ ਵੀ ਕਰਿਆ  ਕਰਦੇ ਸਨ। ਉਸਦੀ  ਮਿਆਊਂ-ਮਿਆਊਂ ਵਿੱਚ ਭੰਗ  ਪਾਉਂਦੇ  ਤਾਂ ਉਹ ਬਾਹਰ ਬਾਲਕੋਨੀ  ਵਿੱਚ ਆ ਕੇ ਉਹਨਾਂ ਨਾਲ ਲੜਦਾ।
 
ਇਹ ਮਿਆਊਂ -ਮਿਆਊਂ ਤਾਂ ਉਸ ਦੇ ਪਾਠ ਕਰਨ ਦੇ ਬਰਾਬਰ ਸੀ। ਪਤਾ ਨਹੀਂ ਉਹਨੂੰ ਇਹ ਅਵਾਜ਼ਾਂ ਕੱਢ ਕੇ ਕੀ ਸੰਤੁਸ਼ਟੀ ਮਿਲਦੀ ਸੀ! ਉਸਦੀ ਇਸ ਮਿਆਊਂ- ਮਿਆਊਂ ਵਾਲੀ ਸਾਧਨਾ ਵਿੱਚ ਭੰਗ ਪਾਉਣਾ ਉਸ ਨੂੰ ਬਿਲਕੁਲ ਪਸੰਦ ਨਹੀਂ ਸੀ। ਭੰਗ ਪਾਉਣ ਵਾਲਿਆਂ ਨੂੰ ਉਹ ਬਖਸ਼ਦਾ ਨਹੀਂ ਸੀ । ਉਹ ਉਹਨਾਂ ਲੋਕਾਂ ਨਾਲ ਬੜਾ ਲੜਦਾ ,ਜਿਹੜੇ ਉਹਦੀ ਇਸ ਸਾਧਨਾ ਵਿੱਚ ਭੰਗ ਪਾਉਂਦੇ ਸਨ। ਪਰ ਜਿੰਨ੍ਹਾਂ ਨੇ ਓਹਨੂੰ ਇਸ ਹਾਲਤ ਤੱਕ ਪਹੁੰਚਾਇਆ, ਉਹਨਾਂ ਨਾਲ ਕੀ ਕਰਦਾ, ਕਿਵੇਂ ਲੜਦਾ?
 
ਤੁਰੇ ਜਾਂਦੇ ਰਾਹੀ ਵੀ ਉਸ ਨੂੰ ਸੁਣਕੇ  ਲਾਹਨਤਾਂ ਪਾਉਂਦੇ ਅਤੇ ਤਾੜ ਕੇ ਜਾਂਦੇ ਸਨ । ਕਈ ਵਾਰੀ ਉਹ ਪਿੱਛੋਂ ਆਵਾਜ਼ ਮਾਰ ਕੇ  ਕਹਿੰਦਾ, "ਮੈਂ ਥੋਡਾ ਕੀ ਵਿਗਾੜਿਆ ਹੈ? ਮੈਂ ਆਪਣੇ ਮੂੰਹ ਨਾਲ ਕਰਦਾ ਹਾਂ, ਥੋਡਾ ਕੀ ਜਾਂਦੈ  ਇਹਦੇ ਵਿੱਚ ਭਲਾਂ !" ਪਰ ਉਹਦੀ ਕਿਸੇ ਨੇ ਕਦੇ ਨਹੀਂ ਸੁਣੀ ਸੀ। ਸ਼ਾਇਦ ਜਿੰਨ੍ਹਾਂ ਨੇ ਸੁਣਨੀ ਸੀ ਉਹਨਾਂ ਨੇ ਨਹੀਂ  ਕਦੇ ਸੁਣੀ ਸੀ  ਵਿਚਾਰੇ ਦੀ!!
 
ਹੁਣ ਉਸ ਨੂੰ ਰਹਿੰਦਿਆਂ ਕਾਫੀ ਸਮਾਂ ਹੋ ਗਿਆ ਸੀ। ਸਾਲ ਤੋਂ ਉੱਪਰ ਕਿਰਾਇਆ ਜੁੜ ਚੁੱਕਿਆ ਸੀ। ਮਕਾਨ ਮਾਲਕ ਪਹਿਲਾਂ ਹੀ ਤੰਗ ਆ ਚੁੱਕਾ ਸੀ। ਉਸ ਦੀਆਂ ਸ਼ਿਕਾਇਤਾਂ ਸੁਣ -ਸੁਣ ਕੇ ਅੱਕਿਆ ਪਿਆ ਸੀ। ਉਸ ਨੇ ਆਲੇ ਦੁਆਲੇ ਦੇ ਲੋਕਾਂ ਦੇ ਨੱਕ ਚ ਦਮ ਕਰ ਛੱਡਿਆ ਸੀ। ਉਸ ਦੇ ਕਾਰਨ ਉਸ ਦੇ ਕਈ ਕਿਰਾਏਦਾਰ ਜਾ ਚੁੱਕੇ ਸਨ । ਉੱਤੋਂ ਇਸ ਦਾ ਸਾਲ ਭਰ ਦਾ ਕਿਰਾਇਆ ਵੀ ਬਾਕੀ ਰਹਿੰਦਾ ਸੀ । ਹੁਣ ਮਕਾਨ ਮਾਲਕ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਜਾਂ ਤਾਂ  ਕਿਰਾਇਆ ਦੇਹ, ਨਹੀਂ ਤਾਂ ਮਕਾਨ ਖਾਲੀ ਕਰ ਦੇਹ !
  
ਉਸਨੇ ਕਿਹਾ ਕਿ ਉਸ ਦੀ ਪੈਨਸ਼ਨ ਹਰ ਮਹੀਨੇ ਬੈਂਕ ਵਿੱਚ ਪੈਂਦੀ ਸੀ,ਪਰ ਨਾ ਓਹਦੇ ਕੋਲ ਏ. ਟੀ. ਐੱਮ.  ਕਾਰਡ  ਸੀ ਅਤੇ ਨਾ ਹੀ ਬੈਂਕ ਦੀ ਕਾਪੀ । ਹੁਣ ਉਹ ਕੀ ਕਰ ਸਕਦਾ ਸੀ। ਉਸ ਨੇ ਮਕਾਨ ਮਾਲਕ ਨੂੰ ਆਪਣੀ ਭਤੀਜੀ ਦਾ ਫੋਨ ਨੰਬਰ ਦੇ ਕੇ ਉਸਨੂੰ ਬੁਲਾਉਣ ਲਈ ਕਿਹਾ।
 
ਮਕਾਨ ਮਾਲਕ ਦੇ ਕਈ ਵਾਰ ਫੋਨ ਕਰਨ ਤੇ ਵੀ ਕੋਈ ਨਾ ਬਹੁੜਿਆ।
 
ਇੱਕ ਦਿਨ ਮਕਾਨ ਮਾਲਕ ਨੇ ਅੱਕ ਕੇ ਵਕੀਲ ਕੋਲੋਂ ਕੇਸ ਤਿਆਰ ਕਰਵਾ ਲਿਆ । ਹੁਣ  ਪੁਲਿਸ ਅਤੇ ਵਕੀਲ ,ਦੋਵੇਂ ਹੀ ਆ ਚੁੱਕੇ ।  ਜਦੋਂ ਉਹਨਾਂ ਨੇ ਉਹਦੀ ਭਤੀਜੀ ਨੂੰ ਫੋਨ ਕਰਕੇ  ਆਪਣੇ ਤਾਏ ਨੂੰ ਓਥੋਂ ਲੈ ਕੇ  ਜਾਣ ਦਾ ਹੁਕਮ  ਦਿੱਤਾ ਤਾਂ  ਜੁਰਮਾਨੇ ਤੋਂ  ਡਰਦੀ  ਭੱਜ ਕੇ ਓਥੇ  ਪੰਜ ਮਿੰਟ ਵਿੱਚ  ਆ ਗਈ , ਕਿਉਂਕਿ ਜੇ ਉਹ ਨਾ ਆਉਂਦੀ ਤਾਂ ਉਹਨਾਂ ਨੇ ਦੁੱਗਣਾ ਤਿੱਗਣਾ ਜ਼ੁਰਮਾਨਾ ਠੋਕ ਦੇਣਾ ਸੀ। 
 
 ਜੋ ਕਦੇ ਵਿਚਾਰੇ ਬਾਬੇ ਦੇ ਹਜ਼ਾਰਾਂ ਵਾਰ ਫੋਨ ਕਰਨ ਤੇ  ਵੀ ਨਹੀਂ ਸੀ ਆਈ । 
 
ਜਦੋਂ ਪੁਲਿਸ ਅਤੇ ਵਕੀਲ ਨੇ ਸਾਰਾ ਸਮਾਨ ਸੜਕ ਉੱਪਰ ਕਢਵਾ  ਦਿੱਤਾ ਤਾਂ ਹੁਣ ਕਿੱਥੇ ਭੱਜ ਸਕਦੀ ਸੀ! ਇੱਕ ਘੰਟੇ ਦੇ ਵਿੱਚ-ਵਿੱਚ ਸੜਕ ਤੋਂ  ਸਮਾਨ ਚੁੱਕ ਕੇ ਲੈ ਜਾਣ ਦੀ ਹਦਾਇਤ ਵੀ ਦੇ  ਦਿੱਤੀ  ਗਈ। ਹੁਣ ਜੇ ਇੱਕ ਘੰਟੇ ਦੇ ਵਿੱਚ -ਵਿੱਚ ਸਮਾਨ ਨਾ ਚੁੱਕ ਕੇ ਲਿਜਾਂਦੀ ਤਾਂ ਜੁਰਮਾਨਾ ਪੈ ਜਾਣਾ ਸੀ। ਇਸ ਕਰਕੇ ਉਹ ਕਾਹਲੀ ਨਾਲ ਪਹੁੰਚ ਚੁੱਕੀ ਸੀ।
 
 ਪੁਲਿਸ ਅਤੇ ਵਕੀਲ ਆਪਣੀ ਡਿਊਟੀ ਨਿਭਾ ਕੇ ਚਲੇ ਗਏ। ਹੁਣ  ਸੜਕ ਉੱਪਰ ਖੜ੍ਹੇ ਸਨ, ਉਹ ਬਜ਼ੁਰਗ ਅਤੇ ਉਸ ਦੀ ਭਤੀਜੀ ।
 
ਬਜ਼ੁਰਗ ਐਨਾ ਕਮਜ਼ੋਰ ਲੱਗ ਰਿਹਾ ਸੀ ਕਿ ਉਹ ਖੜ੍ਹਾ ਵੀ ਮਸਾਂ ਹੀ ਸੀ। ਉਸ ਦੀ ਪਹਿਚਾਣ ਵੀ ਮਸਾਂ ਹੀ ਰਹੀ ਸੀ। ਉਹ ਹੁਣ ਬਿਲਕੁਲ ਸੁੱਕ ਚੁੱਕਿਆ ਸੀ ।
 
ਆਸ ਪਾਸ ਦੇ ਕਈ ਲੋਕ ਵੀ ਓਥੇ ਆ ਚੁੱਕੇ ਸਨ । ਆਖਿਰ ਸਾਰਿਆਂ ਦੀ ਸਾਂਝੀ ਮੁਸੀਬਤ ਦਾ ਅੱਜ ਅੰਤ ਹੋਣ ਲੱਗਿਆ ਸੀ । ਉਹ ਸਾਰੇ ਬਹੁਤ ਖ਼ੁਸ਼ ਨਜ਼ਰ ਆ ਰਹੇ ਸਨ ।ਇੱਕ ਜੇਤੂ ਸੈਨਾ ਦੇ ਫੌਜੀਆਂ ਵਾਂਗ ਓਥੇ ਇਕੱਠੇ ਹੋਣ ਲੱਗੇ ।
 
ਉਸ ਬਜ਼ੁਰਗ ਨੂੰ ਬਹੁਤ ਸ਼ਰਮ ਆ ਰਹੀ ਸੀ । ਉਸਨੂੰ ਇੰਜ ਲੱਗ ਰਿਹਾ ਸੀ ਕਿ ਜਿਵੇਂ ਉਹ ਕਿਸੇ ਹੋਰ ਗ੍ਰਹਿ ਦਾ ਪ੍ਰਾਣੀ ਹੋਵੇ । ਸਾਰੇ ਉਸ ਵੱਲ ਬੜੀ ਓਪਰੀ ਝਾਕਣੀ ਨਾਲ਼  ਝਾਕ ਰਹੇ ਸਨ । ਉਹਨੂੰ ਧਰਤੀ ਵਿਹਲ ਨਹੀਂ ਸੀ ਦੇ ਰਹੀ।
  
ਜਦੋਂ ਲੋਕਾਂ  ਨੇ ਕਈ ਮਹੀਨਿਆਂ ਬਾਅਦ ਉਸ ਬਜ਼ੁਰਗ ਨੂੰ ਸੜਕ  ਉੱਪਰ  ਸਾਹਮਣੇ ਦੇਖਿਆ ਤਾਂ ਸਾਰਿਆਂ ਦੇ ਰੌਂਗਟੇ ਖੜ੍ਹੇ ਹੋ ਗਏ। ਕਿਉਂਕਿ ਉਹ ਹੁਣ ਉਹ ਹੱਟਾ- ਕੱਟਾ ਇਨਸਾਨ ਨਹੀਂ ਸੀ ਲੱਗ ਰਿਹਾ, ਹੁਣ ਕਮਜ਼ੋਰ ਤੇ ਲਾਚਾਰ ਲੱਗ ਰਿਹਾ ਸੀ ।
 
ਜਦੋਂ ਉਸ ਨੇ ਆਪਣੇ ਮਿਆਊਂ -ਮਿਆਊਂ ਕਰਨ ਦਾ ਕਾਰਨ ਦੱਸਿਆ ਤਾਂ ਉਹ ਜੋ ਸਾਰੇ ਉਸ ਨੂੰ ਫਿੱਟ ਲਾਹਨਤਾਂ ਪਾਉਂਦੇ ਸਨ, ਹੁਣ ਉਹਨਾਂ ਦਾ ਵੀ ਜੀ ਕਰਦਾ ਸੀ  ਕਿ ਉਹ ਆਪਣੇ ਜੁੰਡੇ ਪੁੱਟਣ ਅਤੇ ਆਪਣੇ ਆਪ ਨੂੰ ਹੀ ਲਾਹਨਤਾਂ ਪਾਉਣ। ਸਭ ਦਾ ਦਿਲ ਕਰਦਾ ਸੀ ਕਿ ਉਹਨੂੰ ਕਹਿਣ ਕਿ ਚੱਲ ਅਸੀਂ ਵੀ ਤੇਰੇ ਨਾਲ ਹੀ ਮਿਆਊਂ -ਮਿਆਊਂ ਕਰਦੇ ਹਾਂ । ਕਿਉਂਕਿ ਉਸ ਬਜ਼ੁਰਗ ਨੇ ਐਨਾ ਦਰਦ ਹੰਢਾਇਆ ਸੀ ਕਿ ਸ਼ਾਇਦ ਇਹ ਕਿਸੇ ਬੇਦਰਦ ਰਾਜੇ ਦੇ ਦਰਬਾਰ ਤੋਂ ਮਿਲੀ  ਸਜ਼ਾ ਤੋਂ ਘੱਟ  ਨਹੀਂ ਸੀ ।
 
 ਉਸ ਬਜ਼ੁਰਗ ਨੇ ਜਾਂਦੇ ਵਕਤ ਸਾਰਿਆਂ ਤੋਂ ਅੱਖਾਂ ਵਿੱਚ ਪਾਣੀ ਭਰ ਕੇ ਮੁਆਫੀ ਮੰਗੀ ਅਤੇ ਨਾਲ ਹੀ ਉਸ ਨੇ ਸਪੱਸ਼ਟ ਕਰਦੇ ਹੋਏ ਦਿਖਾਇਆ ਤਾਂ ਪਤਾ ਲੱਗਿਆ ਕਿ  ਉਸਦੀ ਖੱਬੀ ਬਾਂਹ ਕੂਹਣੀ ਕੋਲੋਂ ਥੱਲੇ ਨੂੰ ਇੰਜ  ਲਮਕ ਰਹੀ ਸੀ, ਜਿਵੇਂ ਕੋਈ ਵੱਲ ਨਾਲੋਂ  ਤੋਰੀ ਲਮਕ ਰਹੀ ਹੋਵੇ। ਉਸ ਦੀ ਇਹ ਬਾਂਹ ਕਈ ਮਹੀਨੇ ਪਹਿਲਾਂ  ਟੁੱਟ ਗਈ ਸੀ, ਜਿਸ ਦੇ ਦਰਦ ਕਾਰਨ ਉਹ ਕੁਰਲਾਉਂਦਾ ਸੀ । ਉਸਨੂੰ ਯਾਦ  ਨਹੀਂ, ਕੌਣ? ਪਰ ਕੋਈ ਆਇਆ ਸੀ ਅਤੇ ਉਸ ਨੂੰ  ਇਹੋ ਜਿਹੀ ਦਵਾਈ ਦੇ ਗਿਆ ਕਿ ਜਦੋਂ ਉਹ ਉਸ ਦਵਾਈ ਨੂੰ ਲੈਂਦਾ ਸੀ ਤਾਂ  ਉਸਨੂੰ  ਪਤਾ ਹੀ ਨਹੀਂ ਲੱਗਦਾ ਸੀ ਕਿ ਉਹ ਕਦੋਂ ਕੀ ਕਰ ਰਿਹਾ ਹੈ ? ਪਤਾ ਈ ਨਹੀਂ ਲਗਦਾ ਸੀ ਕਿ ਓਹਦਾ ਇਹ ਕੁਰਲਾਉਣਾ ਕਦੋਂ ਮਿਆਊਂ -ਮਿਆਊਂ ਵਿੱਚ ਬਦਲ ਜਾਂਦਾ ਸੀ । ਉਹ ਤਕਰੀਬਨ ਬੇ-ਸੁਰਤ ਹੀ ਰਹਿੰਦਾ ਸੀ ਤੇ ਹੁਣ ਮਕਾਨ ਮਾਲਕ ਦੀ ਕੋਸ਼ਿਸ਼ ਨਾਲ ਹੀ ਉਸ ਨੂੰ ਕੁਝ ਹੋਸ਼ ਆ ਸਕੀ ਸੀ।  ਇਸ ਲਈ ਹੁਣ ਉਸ ਨੂੰ ਸਭ ਨਾਲ  ਅੱਖਾਂ ਮਿਲਾਉਂਦੇ ਬਹੁਤ  ਸ਼ਰਮ ਆ ਰਹੀ ਸੀ।
 
ਉਸ ਦੀ ਬਾਂਹ ਆਪੇ ਠੀਕ ਹੋ ਚੁੱਕੀ ਸੀ। ਪਰ ਠੀਕ ਕਾਹਦੀ ਹੋਈ !
 
ਟੁੱਟੀ ਤਾਂ  ਹੁਣ ਵੀ ਸੀ ,ਪਰ ਦਰਦ ਗਾਇਬ ਸੀ।
  
ਇਸ ਤਰ੍ਹਾਂ ਸਮਾਜ ਵਿੱਚ ਕਈ ਘਟਨਾਵਾਂ ਹੁੰਦੀਆਂ ਹਨ, ਜਿਨ੍ਹਾਂ ਦੇ ਅਸਲੀ ਕਾਰਨਾਂ ਤੋਂ ਅਣਜਾਣ ਲੋਕ ਇੱਕ ਦੂਜੇ ਦੇ ਪਿੱਛੇ ਲੱਗ, ਕਿਸੇ ਨੂੰ ਦਿਮਾਗੀ ਤੌਰ ਤੇ ਪਰੇਸ਼ਾਨ ਕਰਦੇ ਹਨ ਤੇ ਰਿਸ਼ਤੇਦਾਰ ਕਿਸੇ ਦੀ ਲਾਚਾਰੀ ਦਾ ਗਲਤ ਫਾਇਦਾ ਉਠਾਉਂਦੇ ਹਨ ਜੋ ਕਿ ਬਹੁਤ ਦੁੱਖ ਦਾਈ ਗੱਲ ਹੈ।
 
ਰੱਬ ਇਹਨਾਂ ਨੂੰ ਸੁਮੱਤ ਬਖ਼ਸ਼ੇ !!
ਗੁਰਪ੍ਰੀਤ ਕੌਰ ਗੈਦੂ 
(ਗਰੀਸ )
 

ਧਰਤੀ ਤੇ ਸਵਰਗ 
ਗੁਰਪ੍ਰੀਤ ਕੌਰ ਗੈਦੂ, ਯੂਨਾਨ 

ਗਰੀਸ ਦੀ ਇੱਕ ਔਰਤ, ਜਿਸ ਦਾ ਨਾਮ ਪਰਸਕੇਵੀ  ਸੀ, ਆਸਟਰੇਲੀਆ ਵਿੱਚ ਆਪਣੇ ਬੇਟੇ   ਨੀਕੋ ਨਾਲ ਰਹਿੰਦੀ ਸੀ। ਜਦੋਂ ਉਹ ਗਰੀਸ ਦੇ ਕਿਸੇ ਅਦਾਰੇ ਵਿੱਚ ਕੰਮ ਕਰਨ ਤੋਂ ਬਾਅਦ  ਰਿਟਾਇਰ  ਹੋਈ ਤਾਂ ਉਸ ਨੇ ਆਪਣੇ ਬੇਟੇ ਕੋਲ ਰਹਿਣ ਦਾ ਫੈਸਲਾ ਕਰ ਲਿਆ । ਪਰਸਕੇਵੀ ਦੇ ਦੋ ਬੇਟੀਆਂ ਵੀ ਸਨ......ਜਿਨ੍ਹਾਂ ਦੇ ਨਾਮ ਜੋਈ ਅਤੇ ਸੀਆ ਸਨ ...ਉਹ ਗਰੀਸ ਵਿੱਚ ਹੀ ਆਪਣੇ -ਆਪਣੇ ਪਰਿਵਾਰਾਂ ਨਾਲ ਰਹਿੰਦੀਆਂ ਸਨ। ਉਸ ਦਾ ਘਰ ਵਾਲਾ ਬਹੁਤ ਹੀ ਵਧੀਆ ਤੇ ਨੇਕ  ਇਨਸਾਨ ਸੀ, ਜਿਸ ਦਾ ਨਾਮ ਜੌਰਗੋ  ਸੀ ਅਤੇ ਉਹ ਵੀ ਆਪਣੀ ਨੌਕਰੀ ਤੋਂ ਰਿਟਾਇਰ ਹੋ ਚੁੱਕਿਆ ਸੀ। ਪਰ ਉਹ ਗਰੀਸ ਵਿੱਚ ਹੀ ਰਹਿਣਾ ਪਸੰਦ ਕਰਦਾ ਸੀ। ਪਰ ਪਰਸਕੇਵੀ ਨੂੰ ਆਸਟਰੇਲੀਆ ਵਿੱਚ ਆਪਣੇ ਪੁੱਤਰ ਨਾਲ ਰਹਿਣਾ ਜਿਆਦਾ ਚੰਗਾ ਲਗਦਾ ਸੀ। 

ਬੇਸ਼ੱਕ ਪਰਸਕੇਵੀ ਆਪਣੇ ਸਾਰੇ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਸੀ ਪਰ ਧੀ -ਜਵਾਈ ਦੇ ਘਰ ਰਹਿਣਾ ਉਸ ਨੂੰ ਆਪਣੀ ਸ਼ਾਨ ਦੇ ਖਿਲਾਫ ਲਗਦਾ ਸੀ। ਜਿਵੇਂ ਆਪਣੇ ਇੰਡੀਆ ਵਿੱਚ ਤਾਂ ਇਹ ਆਮ ਜੀ ਗੱਲ ਹੈ, ਪਰ ਐਥੇ ਮਾਂ -ਪਿਓ ਨੂੰ  ਜਿਆਦਾਤਰ ਧੀਆਂ ਹੀ ਸਾਂਭਦੀਆਂ ਹਨ। ਪਰ ਪਰਸਕੇਵੀ ਨੇ ਇਸਦੇ ਉਲਟ ਕੀਤਾ। 
 
ਪਰਸਕੇਵੀ ਅਤੇ ਜੌਰਗੋ ਨੇ ਆਪਣੇ ਤਿੰਨੋਂ ਬੱਚਿਆਂ ਨੂੰ  ਪੜ੍ਹਾ ਲਿਖਾ ਕੇ ਵਧੀਆ ਮੁਕਾਮ ਤੇ ਪਹੁੰਚਾ ਦਿੱਤਾ ਸੀ।

ਉਸ ਦੀਆਂ ਦੋਵੇਂ  ਬੇਟੀਆਂ  ਗਰੀਸ ਵਿੱਚ ਬਹੁਤ ਵਧੀਆ ਨੌਕਰੀਆਂ ਕਰਦੀਆਂ ਸਨ ਤੇ ਬੇਟਾ ਆਸਟਰੇਲੀਆ ਵਿੱਚ ਵਧੀਆ ਨੌਕਰੀ ਕਰ ਰਿਹਾ ਸੀ। ਬੇਟਾ ਸਿਰਫ ਨੌਕਰੀ ਹੀ ਨਹੀਂ ਕਰਦਾ ਸੀ, ਸਗੋਂ ਵੱਡਾ ਅਫਸਰ ਵੀ ਸੀ। ਬਸ ਜ਼ਿੰਦਗੀ ਦੀ ਗੱਡੀ ਵਧੀਆ ਰਫਤਾਰ ਨਾਲ ਛੂਕਦੀ ਜਾ ਰਹੀ ਸੀ।

ਐਥੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਰੱਬ ਯਾਦ ਨਹੀਂ ਸੀ...ਕਿਉਂਕਿ  ਇਸ ਪਰਿਵਾਰ ਦਾ ਅਸੂਲ ਸੀ ਕਿ ਇਹ ਹਰ ਐਤਵਾਰ   ਚਰਚ ਜਾਇਆ ਕਰਦੇ ਸਨ ਅਤੇ ਹਰ ਤਿੱਥ ਤਿਉਹਾਰ ਮਨਾਇਆ ਕਰਦੇ ਸਨ, ਪੱਕੇ ਧਰਮੀ ਅਤੇ ਸੱਚੇ-ਸੁੱਚੇ ਲੋਕ ਸਨ। ਰੱਬ ਨੂੰ ਅੰਗ- ਸੰਗ ਸਮਝਦੇ ਸਨ। 
 
ਅੱਜ ਪਰਸਕੇਵੀ ਦੇ ਬੇਟੇ ਨੀਕੋ ਦਾ ਵਿਆਹ ਸੀ ਤੇ ਵਿਆਹ ਦੀ ਪਾਰਟੀ ਚੱਲ ਰਹੀ ਸੀ। ਬਹੁਤ ਉੱਚੀ ਪੱਧਰ ਤੇ ਪ੍ਰੋਗਰਾਮ ਉਲੀਕਿਆ ਗਿਆ ਸੀ ,ਸਾਰੇ ਵੱਡੇ- ਵੱਡੇ ਅਫਸਰ ਆਏ ਹੋਏ ਸਨ ਅਤੇ  ਪਾਰਟੀ ਦਾ ਆਨੰਦ ਮਾਣ ਰਹੇ ਸਨ। ਹਾਈ- ਫਾਈ ਪਰਸਨੈਲਿਟੀਆਂ,  ਇੱਕ ਤੋਂ ਇੱਕ ਚੜ੍ਹਦੀ ਕਲਾ ਵਾਲੇ ਲੋਕ ਸਨ।
 
ਚਰਚ ਵਿੱਚ ਵਿਆਹ ਵਾਲੀਆਂ ਰਸਮਾਂ ਤੋਂ  ਬਾਅਦ ਇੱਕ ਵਧੀਆ ਹੋਟਲ ਵਿੱਚ  ਡਾਂਸ ਅਤੇ ਸ਼ਰਾਬ ਦਾ ਪ੍ਰਬੰਧ ਕੀਤਾ ਗਿਆ ਸੀ । ਜਿੱਥੇ ਸਭ ਪਾਸੇ ਮਸਤੀ  ਵਾਲਾ ਮਹੌਲ ਬਣਿਆ ਹੋਇਆ ਸੀ।  ਔਰਤਾਂ ਇੰਜ ਲੱਗ ਰਹੀਆਂ ਸਨ ਜਿਵੇਂ ਆਕਾਸ਼ ਤੋਂ ਪਰੀਆਂ ਉੱਤਰ ਆਈਆਂ ਹੋਣ। ਸਭ ਨੇ ਇੱਕ ਤੋਂ ਇੱਕ ਚੜ੍ਹਦੀ ਡਰੈੱਸ  ਪਹਿਨੀ ਹੋਈ ਸੀ। ਸਾਰੇ ਜੋੜੇ ਨਾਚ ਕਰ ਰਹੇ ਸਨ ਅਤੇ ਜਾਮ ਵੀ ਚੱਲ ਰਹੇ ਸਨ ।
 
 ਐਨੇ ਨੂੰ ਰਿਵਾਜ਼ ਮੁਤਾਬਿਕ ਨਵੀਂ ਵਿਆਹੀ  ਵਹੁਟੀ ਨੇ ਸ਼ਰਾਬ ਦਾ ਜਾਮ ਸਾਰਿਆਂ ਦੇ ਜਾਮ ਨਾਲ ਟਕਰਾਉਣਾ ਸ਼ੁਰੂ ਕਰ ਦਿੱਤਾ। ਸਾਰੇ ਬੜੇ ਖੁਸ਼ੀ-ਖ਼ੁਸ਼ੀ ਇਸ ਨਜ਼ਾਰੇ ਦਾ ਆਨੰਦ ਉਠਾ ਰਹੇ ਸਨ ਤੇ ਬੇਸ਼ੱਕ ਵਹੁਟੀ ਅਤੇ ਲਾੜਾ ਦੋਵੇਂ ਵੀ ਬੜੇ ਨੂਰੋ-ਨੂਰ ਸਨ।
 
ਐਨੇ ਨੂੰ ਇੱਕ ਔਰਤ, ਜੋ ਦੁਨੀਆਂ ਤੋਂ  ਬੇਖਬਰ, ਆਪਣੀ ਦੁਨੀਆਂ ਵਿੱਚ ਮਸਤ, ਜਿਸ ਵਾਸਤੇ ਦਿਨ -ਰਾਤ , ਆਪਣਾ -ਪਰਾਇਆ, ਦੋਸਤ- ਦੁਸ਼ਮਣ, ਚੰਗਾ -ਮਾੜਾ 
 ਸਭ ਬਰਾਬਰ ਸਨ। ਖੁਸ਼ੀ ਅਤੇ ਗਮੀ ਨਾਲ ਉਸ ਦਾ ਦੂਰ-ਦੂਰ ਤੱਕ  ਕੋਈ ਵਾਸਤਾ ਨਹੀਂ ਸੀ , ਨੇ ਉਹ ਸ਼ਰਾਬ ਦਾ ਗਲਾਸ ਵਹੁਟੀ ਤੋਂ ਖੋਹਿਆ ਤੇ ਗਟਾ-ਗਟ ਪੀ ਗਈ।
 
ਸਾਰੇ ਇਹ ਘਟਨਾ ਦੇਖ ਕੇ ਹੱਕੇ-ਬੱਕੇ ਈ ਰਹਿ ਗਏ। ਸਾਰੇ ਨਾਚ ਰੁਕ ਗਏ...ਜਾਮ ਮੇਜਾਂ ਉੱਪਰ ਟਿਕਾ ਦਿੱਤੇ ਗਏ  ਅਤੇ ਚਾਰੇ ਪਾਸੇ  ਚੁੱਪ ਛਾ ਗਈ । ਸਾਰੇ ਇੱਕ ਟਕ ਉਸ ਔਰਤ ਵੱਲ ਦੇਖ ਰਹੇ ਸਨ । 
 
ਪਰ ਉਹ ਔਰਤ ਆਪਣੇ ਇਸ ਕਰਮ ਤੋਂ ਅਜੇ ਵੀ ਪੂਰੀ ਤਰ੍ਹਾਂ ਅਣਜਾਣ ਸੀ। ਉਹ ਆਪਣੀ ਹੀ ਦੁਨੀਆਂ ਵਿੱਚ ਮਸਤ ਸੀ । ਸਗੋਂ  ਉਹ ਤਾਂ ਆਪਣੀ ਪੀਤੀ ਹੋਈ  ਸ਼ਰਾਬ ਦਾ ਆਨੰਦ ਮਾਣ ਰਹੀ ਸੀ।
 
ਕਿਸੇ ਨੇ ਵੀ ਉਸ ਔਰਤ ਨੂੰ ਕੁਝ ਨਹੀਂ ਕਿਹਾ ਅਤੇ ਨਾ ਹੀ ਕਹਿ ਸਕਦਾ ਸੀ ,ਕਿਉਂਕਿ ਉਹ ਔਰਤ ਕੋਈ ਗੈਰ ਨਹੀਂ ਸੀ। ਉਹ ਉਸ ਵਿਆਂਦੜ ਕੁੜੀ ਦੀ ਸੱਸ ਹੀ ਸੀ, ਜੋ ਇਸ ਸਮੇਂ ਅਲਜ਼ਾਈਮਰ  ਦੀ ਸ਼ਿਕਾਰ ਹੋ ਚੁੱਕੀ  ਸੀ... ਇਹ ਇੱਕ ਨਾ- ਮੁਰਾਦ ਬੀਮਾਰੀ ਹੈ ਜਿਸ ਕਰਕੇ ਇਨਸਾਨ ਦੀ ਯਾਦਾਸ਼ਤ ਚਲੀ ਜਾਂਦੀ ਹੈ । ਇਸ ਦੇ ਕਈ ਕਾਰਣ ਹੋ ਸਕਦੇ ਹਨ। ਇਸ ਬੀਮਾਰੀ ਕਰਕੇ ਹੁਣ ਇਸ ਔਰਤ ਨੂੰ ਇਹ ਵੀ ਨਹੀਂ ਸੀ ਪਤਾ ਲੱਗ ਰਿਹਾ ਕਿ ਉਸ ਦੇ ਸੌ -ਸੁੱਖਾਂ ਨਾਲ ਪਾਲੇ ਹੋਏ ਪੁੱਤ ਦਾ ਅੱਜ ਕਿਸੇ ਵੱਡੀ ਅਫਸਰ ਕੁੜੀ ਨਾਲ ਵਿਆਹ  ਹੋ ਰਿਹਾ ਹੈ। ਰੱਬ ਦੀ ਮਰਜ਼ੀ ਇਹੋ ਜਿਹੀ ਹੋਈ ਕਿ ਉਹ ਆਪਣਾ ਨਾਮ ਤੱਕ ਭੁੱਲ ਚੁੱਕੀ ਸੀ।

ਪਰ ਚੰਗੀ ਕਿਸਮਤ ਨਾਲ ਬੱਚੇ ਬਹੁਤ ਲਾਇਕ ਨਿਕਲੇ ਸਨ ਅਤੇ ਸਭ ਤੋਂ ਵੱਡੀ ਗੱਲ ਸੀ ਕਿ ਦਿਲ ਦੇ ਬਹੁਤ ਚੰਗੇ ਸਨ। 
 
ਬੇਸ਼ੱਕ ਗਰੀਸ, ਆਸਟ੍ਰੇਲੀਆ  ਅਤੇ ਹੋਰ ਸਾਰੇ ਦੇਸ਼ਾਂ ਵਿੱਚ ਬਹੁਤ ਸਾਰੇ ਅਦਾਰੇ ਹਨ, ਜੋ ਅਜਿਹੇ ਬਜ਼ੁਰਗਾਂ ਨੂੰ ਸਾਂਭ ਸਕਦੇ ਹਨ, ਪਰ ਉਸ ਕਿਸਮਤ  ਵਾਲੀ ਔਰਤ ਦੇ ਬੱਚਿਆਂ ਨੇ ਇਹੀ ਫੈਸਲਾ ਕੀਤਾ ਕਿ ਅਸੀਂ ਖੁਦ ਹੀ ਆਪਣੀ ਮਾਂ ਨੂੰ  ਇਸ ਹਾਲਤ ਵਿੱਚ ਸਾਂਭਿਆ ਕਰਾਂਗੇ, ਇਸੇ ਕਰਕੇ ਉਸਦੇ ਬੇਟੇ ਨੇ ਕੁੜੀ ਵੀ ਵਿਆਹ ਵਾਸਤੇ ਓਹੋ ਜਿਹੀ ਚੁਣੀ ਸੀ ,ਜੋ ਉਸ ਦੀ ਮਾਂ ਨੂੰ ਇਸ ਹਾਲਤ ਵਿੱਚ ਪੂਰੀ ਹਮਦਰਦੀ ਅਤੇ ਪਿਆਰ ਨਾਲ ਸਾਂਭਣ ਵਿੱਚ ਉਸਦੀ ਮੱਦਦ ਕਰ ਸਕੇ। ਸ਼ਾਇਦ ਉਹ ਚੰਗੇ ਸੁਭਾਅ ਦੀ ਹੋਣ ਕਰਕੇ ਹੀ ਸਾਰੀਆਂ ਰਸਮਾਂ ਵਿੱਚੇ ਹੀ ਛੱਡ ਕੇ ਆਪਣੀ ਸੱਸ ਨੂੰ ਹੋਟਲ ਦੇ ਆਰਾਮ ਕਮਰੇ ਵਿੱਚ ਲੈ ਕੇ ਗਈ ਅਤੇ ਉਸਨੂੰ ਦਵਾਈ ਦਿੱਤੀ ਅਤੇ ਉਸ ਨੂੰ ਆਰਾਮ ਕਰਨ ਲਈ ਲਿਟਾ ਦਿੱਤਾ ਤੇ ਫਿਰ ਤੋਂ ਦੁਬਾਰਾ ਆ ਕੇ ਰਹਿੰਦੀਆਂ ਹੋਈਆਂ ਰਸਮਾਂ ਪੂਰੀਆਂ ਕੀਤੀਆਂ । ਇਸ ਤਰ੍ਹਾਂ ਇਸ ਕੁੜੀ ਦੇ ਮਾਪੇ, ਆਪਣੀ ਸੱਸ ਪ੍ਰਤੀ ਆਪਣੀ  ਬੇਟੀ ਦਾ ਅਜਿਹਾ ਵਤੀਰਾ ਵੇਖ ਕੇ ਬੜੇ ਖੁਸ਼ ਹੋਏ ਅਤੇ ਸਿਰਫ ਖ਼ੁਸ਼  ਹੀ ਨਹੀਂ ਸਗੋਂ  ਬਹੁਤ ਮਾਣ ਮਹਿਸੂਸ ਕਰ ਰਹੇ ਸਨ। ਉਸ ਨੇ ਇਕੱਲੇ ਆਪਣੇ ਪਤੀ ਦਾ ਹੀ ਨਹੀਂ  ਸਗੋਂ ਆਪਣੇ ਸਾਰੇ  ਸਹੁਰੇ ਪਰਿਵਾਰ ਅਤੇ ਆਏ ਹੋਏ ਮਹਿਮਾਨਾਂ ਦਾ ਵੀ ਮਨ ਜਿੱਤ ਲਿਆ ਸੀ। 
 
ਸਮਾਂ ਬੀਤਦਾ ਗਿਆ। ਪਰਸਕੇਵੀ ਦੀ ਹਾਲਤ ਅੱਗੇ ਨਾਲੋਂ ਵੀ ਵਿਗੜ ਚੁੱਕੀ ਸੀ। ਪਰ ਉਸਦੇ  ਬੱਚਿਆਂ ਨੇ ਉਸ ਤੋਂ ਮੂੰਹ ਨਹੀਂ ਫੇਰਿਆ। ਹੁਣ ਤਾਂ ਉਸ ਨੂੰ ਕਿਰਿਆ ਕਰਨ ਦੀ ਸੋਝੀ ਵੀ ਨਹੀਂ ਰਹੀ ਸੀ। ਕਈ ਵਾਰੀ ਨੀਕੋ ਨੇ ਆਪਣੀ ਵਹੁਟੀ ਇਲੈਣੀ  ਨੂੰ ਪੁੱਛਿਆ ਵੀ, ਕਿ ਜੇਕਰ ਉਸਨੂੰ ਕਿਸੇ ਹੈਲਪਰ  ਦੀ ਲੋੜ ਹੈ ਤਾਂ ਉਹ ਦੱਸ ਸਕਦੀ ਹੈ। ਭਾਵੇਂ ਨੌਕਰ ਚਾਕਰ ਤਾਂ ਬਥੇਰੇ  ਹੈਗੇ ਸਨ, ਪਰ ਆਪਣੀ ਸੱਸ ਦੀ ਦਵਾਈ ਬੂਟੀ ਦਾ ਖਿਆਲ ਉਹ ਆਪ ਈ ਰਖਦੀ ਸੀ। 
 
ਉਂਜ ਭਾਵੇਂ ਪਰਸਕੇਵੀ  ਦੀ ਪੈਨਸ਼ਨ ਕਾਫੀ ਵਜ਼ਨ ਵਾਲੀ ਸੀ, ਉਹ ਬੇਈਮਾਨੀ ਵੀ ਕਰ ਸਕਦੇ ਸਨ, ਜਿਵੇਂ ਅੱਜ ਕੱਲ੍ਹ ਦਾ ਦੌਰ ਚੱਲ ਰਿਹਾ ਹੈ, ਪਰ ਫਿਰ ਵੀ ਉਸ ਦੇ ਬੱਚੇ ਉਸਦੀ ਪੈਨਸ਼ਨ ਉਸ ਉੱਪਰ ਬਿਨਾਂ ਕੰਜੂਸੀ ਕਰਨ ਤੋਂ, ਖੁਲ੍ਹੀ ਖਰਚਿਆ ਕਰਦੇ ਸਨ।
 
ਅੱਜ ਕੱਲ੍ਹ ਦੇ ਕਲਯੁੱਗ ਵਿੱਚ ਮਾਂ ਪਿਓ ਨੂੰ ਕੋਈ-ਕੋਈ ਇੰਜ ਸਾਂਭਦਾ ਹੈ, ਪਰ ਮੇਰੇ ਖਿਆਲ ਵਿੱਚ ਅਜਿਹੇ ਬੱਚਿਆਂ ਦਾ ਹੋਣਾ ਮਾਂ ਪਿਓ ਲਈ ਸਵਰਗ ਤੋਂ ਘੱਟ ਨਹੀਂ ਹੈ।  ਬੇਸ਼ੱਕ ਉਹਨਾਂ ਕੋਲ ਵੀ ਸਮੇਂ ਦੀ ਬਹੁਤ ਘਾਟ ਸੀ,ਪਰ ਉਹ ਸਮਝਦੇ ਸਨ ਕਿ ਜੇ ਮਾਂ ਨੌਕਰੀ ਦੇ ਨਾਲ -ਨਾਲ ਉਹਨਾਂ ਨੂੰ  ਪਾਲ ਪਲੋਸ ਕਿ ਐਨੇ ਵਧੀਆ ਮੁਕਾਮ ਤੱਕ  ਪਹੁੰਚਾ ਸਕਦੀ ਹੈ ਤਾਂ ਅਸੀਂ ਕਿਉਂ ਨਹੀਂ ਆਪਣਾ ਫਰਜ਼  ਨਿਭਾ  ਸਕਦੇ? ਅਸੀਂ ਕਿਉਂ ਨਹੀਂ ਆਪਣੀ ਮਾਂ ਦਾ ਖਿਆਲ ਰੱਖ ਸਕਦੇ?
 
ਮੈਨੂੰ ਖਿਆਲ ਆਇਆ ਕਿ ਸਵਰਗ ਕੋਈ ਭੌਤਿਕ ਜਗ੍ਹਾ ਨਹੀਂ ਹੈ ....ਜਿਸ ਨੂੰ ਅਸੀਂ ਮੂੰਹ ਉੱਪਰ ਨੂੰ ਉਠਾ ਕੇ ਦੇਖ ਸਕੀਏ  ..... ਜੇ ਹੈ ਤਾਂ ਬਸ ਇਹੋ ਜਿਹੀਆਂ ਖੁਸ਼ੀਆਂ ਵਿੱਚ ਬੀਤਿਆ ਹੋਇਆ ਬੰਦੇ ਦਾ ਅੰਤਲਾ ਸਮਾਂ  ਹੀ ਸਵਰਗ ਹੁੰਦਾ ਹੈ।

ਭਾਵੇਂ ਪਰਸਕੇਵੀ ਲਈ ਹੁਣ ਆਪਣੇ ਪਰਾਏ ਦੀ ਪਹਿਚਾਣ ਤਾਂ ਨਹੀਂ ਰਹੀ ਸੀ  ...ਪਰ ਹਰ ਔਰਤ ਨੂੰ ਰੱਬ ਨੇ ਇੱਕ ਬਖਸ਼ਿਸ਼ ਜ਼ਰੂਰ ਬਖਸ਼ੀ ਹੈ , ਜਿਸ ਦੇ ਸਦਕੇ ਉਹ ਆਪਣੇ ਬੱਚਿਆਂ ਨੂੰ ਕਦੇ ਨਹੀਂ ਭੁੱਲਦੀ ਜਿਸ ਕਰਕੇ ਉਸ ਦਾ ਇਹ ਬੁਢਾਪਾ, ਇਸ ਬੱਚਿਆਂ ਦੇ ਰੂਪ ਵਿੱਚ ਮਿਲੀ ਡੰਗੋਰੀ ਕਰਕੇ ਸੌਖਾ ਬੀਤ ਗਿਆ। "ਜੋ ਆਇਆ ਸੋ ਚਲਸੀ" ਤੇ ਵਾਕ ਅਨੁਸਾਰ ਸਭ ਨੂੰ ਇਹ ਸੰਸਾਰ ਛੱਡ ਕੇ ਇੱਕ ਦਿਨ ਜਾਣਾ ਹੀ ਪੈਂਦਾ ਹੈ । ਠੀਕ ਓਸੇ ਤਰ੍ਹਾਂ ਹੁਣ ਭਾਗਾਂ ਵਾਲੀ ਪਰਸਕੇਵੀ ਧਰਤੀ ਵਾਲਾ ਸਵਰਗ ਮਾਣ ਕੇ ਹਮੇਸ਼ਾਂ ਵਾਸਤੇ ਸਵਰਗ ਵਾਸੀ ਹੋ ਚੁੱਕੀ ਸੀ। ਸ਼ਾਇਦ ਉਸਨੂੰ ਇਸ ਜ਼ਮਾਨੇ ਨਾਲ ਕੋਈ ਸ਼ਿਕਾਇਤ ਨਹੀਂ ਸੀ। ਉਸ ਦਾ ਪਤੀ ਵੀ ਉਸ ਦੇ ਸੂਝ ਬੂਝ ਨਾਲ ਇਸ ਧਰਤੀ ਤੇ ਸਿਰਜੇ ਹੋਏ ਸਵਰਗ ਨੂੰ ਸਲਾਮ ਕਰ ਰਿਹਾ ਸੀ। ਮੇਰੇ ਖਿਆਲ ਵਿੱਚ ਇੱਕ ਸਮਝਦਾਰ ਔਰਤ ਪਰਸਕੇਵੀ ਦਾ ਹੀ ਇਸ ਸਵਰਗ ਦੀ ਸਿਰਜਣਾ ਵਿੱਚ ਬਹੁਤ ਵੱਡਾ ਹੱਥ ਸੀ, ਜਿਸਨੂੰ ਦੇਖ ਕੇ ਹਰ ਮਾਂ- ਪਿਓ ਚਾਹੁੰਦਾ ਹੈ ਕਿ ਜੇ ਔਲਾਦ ਹੋਵੇ ਤਾਂ ਇਹੋ ਜਿਹੀ ਹੋਵੇ।
 
ਮੇਰੀ ਵਾਹਿਗੁਰੂ ਅੱਗੇ ਇਹੀ ਅਰਦਾਸ ਹੈ ਕਿ ਰੱਬ ਸਾਰਿਆਂ ਨੂੰ ਹੀ ਇਹੋ ਜਿਹੇ ਲਾਇਕ ਪੁੱਤ-ਧੀਆਂ ਦੇਵੇ, ਜਿਹੋ-ਜਿਹੇ ਪਰਸਕੇਵੀ ਤੇ ਜੌਰਗੋ ਨੂੰ  ਦਿੱਤੇ....ਤਾਂ ਕਿ ਸਾਰੇ ਮਾਪੇ ਇਹ ਧਰਤੀ ਵਾਲਾ ਸਵਰਗ ਮਾਣ ਸਕਣ!!
.....ਸ਼ਾਲਾ! ਸਾਰੇ ਮਾਪਿਆਂ ਲਈ ਇਹੀ ਧਰਤੀ ਸਵਰਗ ਬਣ ਜਾਵੇ।

ਭੈਣ ਰੱਤੋ 
ਗੁਰਪ੍ਰੀਤ ਕੌਰ ਗੈਦੂ, ਯੂਨਾਨ 

ਕਈ ਸਾਲ ਪਹਿਲਾਂ ਦੀ ਗੱਲ ਹੈ, ਓਦੋਂ ਮੈਂ ਇੰਡੀਆ ਵਿੱਚ ਬਤੌਰ ਅਧਿਆਪਕਾ ਕੰਮ ਕਰਦੀ ਸੀ ।

ਹਰ ਰੋਜ਼ ਦੀ ਤਰ੍ਹਾਂ ਮੈਂ ਸਕੂਲ ਤੋਂ ਆ ਕੇ ਅਜੇ ਮੰਜੇ ਤੇ ਬੈਠੀ ਹੀ ਸੀ ਕਿ ਉਹ ਵਿਚਾਰੀ ਆ ਕੇ ਮੇਰੇ ਕੋਲ  ਪੀੜ੍ਹੀ ਤੇ ਬੈਠ ਗਈ। ਉਹਨੇ ਹਾਲ -ਚਾਲ ਪੁਛਿਆ ਸਾਰੇ ਪਰਿਵਾਰ ਦੇ ਜੀਆਂ ਦਾ ਤੇ ਮੈਂ ਓਹਦਾ ਤੇ ਓਹਦੇ ਪਰਿਵਾਰ ਦਾ ਪੁਛਿਆ।

ਹਾਲ ਸੁਣਾਉਂਦੀ-ਸੁਣਾਉਂਦੀ  ਦੇ ਓਹਦੇ  ਅੱਖਾਂ ਵਿੱਚੋਂ ਨੀਰ ਵਹਿ ਤੁਰਿਆ , ਕਿਤੇ ਤਕੜੇ ਗਮ ਵਾਲਾ ਸਾਜ ਛਿੜ ਗਿਆ ਲਗਦਾ ਸੀ  ,ਉਹ ਕਹਿਣ ਲੱਗੀ, "ਭੈਣੇ ਪੁੱਛ ਨਾ!"
ਮੈਂ ਕਿਹਾ,"ਕੀ ਹੋਇਆ? ਕੁਝ ਦੱਸ ਤਾਂ ਸਹੀ!"

ਕਹਿੰਦੀ ,"ਪਹਿਲਾਂ ਤਾਂ ਮਾਂ ਦੇ ਪਿੱਛੇ ਲੱਗ ਕੇ ਆਪਣਾ ਘਰ ਉਜਾੜ ਲਿਆ । ਅਖੇ, ਕਹਿੰਦੀ ਹੁੰਦੀ ਸੀ, ਤੈਨੂੰ ਕਮਾਈ ਨਹੀਂ ਲਿਆ ਕੇ ਫੜਾਉਂਦਾ। ਦੋ ਪੱਥਰ ਵੀ ਮੱਥੇ ਮਾਰੇ ਰੱਬ ਨੇ!ਉਹ ਵੀ ਸਾਬਤੇ-ਸਬੂਤਰੇ ਨਹੀਂ! ਇੱਕ ਗੂੰਗੀ ਤੇ ਬੋਲੀ ਹੈ ਵਿੱਚੋਂ !

ਹੁਣ ਸਮਝ ਨਹੀਂ ਆਉਂਦੀ ਇਹਨਾਂ ਨੂੰ ਬਿਲੇ ਕਿਵੇਂ ਲਾਊਂ?"

ਉਹ ਆਪ ਮੁਹਾਰੇ ਹੀ ਸਾਰਾ ਕੁਝ ਬੋਲੀ ਜਾ ਰਹੀ ਸੀ। ਇੰਜ ਲਗਦਾ ਸੀ ਕਿ ਕਈ ਦਿਨਾਂ ਦਾ ਗੁਬਾਰ ਦਿਲ ਵਿੱਚ ਭਰਿਆ ਹੋਵੇ ਤੇ ਸ਼ਾਇਦ ਉਹਨੂੰ  ਸੁਣਨ ਵਾਸਤੇ ਕੋਈ ਅੱਜ ਮਿਲਿਆ ਹੋਵੇ!

ਵਿਚਾਰੀ ਬੜੀ ਦੁਖੀ ਸੀ । ਪਹਿਲਾਂ ਮਾਂ ਦੇ ਆਖੇ ਲਗਦੀ ਰਹੀ । ਆਪਣਾ ਘਰ ਛੱਡ ਕੇ ਦੋ ਕੁੜੀਆਂ ਲੈ ਕੇ ਪੇਕੇ ਰਹਿਣ ਲਈ ਆ ਗਈ ਸੀ । ਤਿੰਨ ਭਰਾ ਸਨ । ਤਿੰਨੇ ਹੀ ਕੁਆਰੇ ਸਨ । ਕੰਮਾਂ ਤੇ ਲੱਗੇ ਹੋਏ ਸਨ।ਕਮਾਈ ਮਾਂ ਨੂੰ  ਲਿਆ ਕੇ ਫੜਾਉਂਦੇ ਸਨ । ਘਰ ਦਾ ਗੁਜ਼ਾਰਾ  ਬੜਾ ਸ਼ਾਹੀ ਚਲਦਾ ਸੀ । ਪਿਓ ਸਿਰ ਤੇ ਨਾ ਹੋਣ ਕਰਕੇ ਮਾਂ ਦੀ ਚਲਦੀ ਸੀ । ਰੱਬ ਯਾਦ ਨਹੀਂ ਸੀ ਸਾਰੇ ਟੱਬਰ ਦੇ! ਪਰ ਸਿਆਣਿਆਂ ਦੇ ਆਖਣ ਵਾਂਗੂ ,"ਸਦਾ ਨਾ ਬਾਗੀਂ ਕੋਇਲਾਂ ਕੂਕਣ ਸਦਾ ਨਾ ਰਹਿਣ ਬਹਾਰਾਂ!"ਭਰਾਵਾਂ ਦੇ ਵਿਆਹ ਹੋ ਗਏ।ਰਾਜ ਬਦਲ ਗਏ । ਦਿਨ ਬਦਲ ਗਏ। ਭਰਾਵਾਂ ਦੀਆਂ ਉਹ ਨਜਰਾਂ ਨਾ ਰਹੀਆਂ । ਮਾਂ ਮੰਜੇ ਤੇ ਬੈਠ ਗਈ। ਭਰਾ ਅੱਡੋ- ਅੱਡ ਹੋ ਗਏ । ਧੀਆਂ ਗਲ ਨੂੰ ਆਉਣ ਲੱਗੀਆਂ । ਲੋਕ ਵੀ ਤਕਾਉਣ ਲੱਗੇ। ਇਸ ਤੋਂ ਪਹਿਲਾਂ ਕਿ ਕੋਈ ਇਹੋ ਜਿਹੀ ਗੱਲ ਵਾਪਰੇ ਓਸ ਤੋਂ ਪਹਿਲਾਂ ਹੀ ਮਾੜੇ ਚੰਗੇ ਘਰ ਦੇਖ ਕੇ ਕੁੜੀਆਂ ਆਪਣੇ- ਆਪਣੇ ਘਰਾਂ ਵਾਲੀਆਂ ਬਣਾ ਦਿੱਤੀਆਂ । ਮਾਂ ਬੀਮਾਰੀ ਨੂੰ  ਧੱਕਾ ਲਾਉਂਦੀ- ਲਾਉਂਦੀ ਥੱਕ ਚੁੱਕੀ ਸੀ ਤੇ ਇੱਕ ਦਿਨ ਹਾਰ ਮੰਨ ਕੇ ਮੌਤ ਨੂੰ ਜਿਤਾ ਗਈ ।

ਹੁਣ ਰੱਤੋ ਕੱਲ੍ਹੀ ਸੀ। ਕਹਿਣ ਨੂੰ ਭਰਾ ਭਰਜਾਈਆਂ ਜਿਉਂਦੇ ਰਹਿਣ ਪਰ ਉਂਝ ਕੰਮ ਕੋਈ ਆਉਣ ਵਾਲੇ ਨਹੀਂ ਸਨ।
ਬੜੀ ਦੁਖੀ ਹੋ ਗਈ। ਸਾਰਾ ਪੈਸਾ ਮਾਂ ਦੀ ਬੀਮਾਰੀ ਤੇ ਆਪਣੀਆਂ ਦੋ ਕੁੜੀਆਂ ਦੇ ਵਿਆਹ ਤੇ ਖ਼ਰਚ ਹੋ ਗਿਆ ।

ਘਰ ਵਿਕ ਗਿਆ । ਵਿਚਾਰੀ ਦਾ ਸਾਰਾ ਸਮਾਨ ਵਿਕ ਗਿਆ । ਏਥੋਂ ਤੱਕ ਗਰੀਬ ਹੋ ਗਈ ਸੀ ਕਿ ਬਸ ਸਿਰਫ  ਤਨ ਢੱਕਣ ਲਈ ਦੋ ਚਾਰ  ਕੱਪੜਿਆਂ ਤੋਂ ਇਲਾਵਾ ਹੁਣ ਓਹਦੇ ਕੋਲ ਕੁਝ ਵੀ ਨਹੀਂ ਸੀ ।ਉਹ ਵੀ ਓਹਦੇ ਆਪਣੇ ਨਹੀਂ ਸਨ ।ਕਈ ਸੂਟ ਤਾਂ ਮੈਥੋਂ ਲਿਜਾ ਕੇ ਪਾਇਆ ਕਰਦੀ ਸੀ ।

ਹੁਣ ਕਿਸੇ ਨੇ ਘਰ ਵਿੱਚ ਪਨਾਹ ਦਿੱਤੀ ਹੋਈ ਸੀ। ਕਿਸੇ ਦੀ ਬੈਠਕ ਵਿੱਚ ਸਮਾਨ ਰੱਖਿਆ ਹੋਇਆ ਸੀ । ਇਉਂ  ਤਾਂ ਸਾਡੇ ਪਿੰਡ ਦੇ ਲੋਕ ਬੜੇ ਦਿਆਲੂ ਹਨ। ਕਿਸੇ ਧੀ ਧਿਆਣੀ ਨੂੰ ਔਖਾ ਦੇਖ ਕੇ ਮੱਦਦ ਕਰਨੋਂ ਪਿੱਛੇ ਨਹੀਂ ਹਟਦੇ ।

"ਹੁਣ ਪਿੰਡ ਵਾਲਿਆਂ ਦੀ ਐਨੀ ਮਿਹਰਬਾਨੀ ਥੋੜ੍ਹੀ ਹੈ ਕਿ ਉਹਨਾਂ ਨੇ ਮੈਨੂੰ ਰਹਿਣ ਲਈ ਕਮਰਾ ਦੇ ਦਿੱਤਾ, ਉਹ ਵੀ ਬਿਨਾਂ ਕਿਰਾਏ ਤੋਂ! "ਉਸ ਨੇ ਫਿਰ ਮੈਨੂੰ ਆਪ ਮੁਹਾਰੇ ਹੀ ਆਖਿਆ ।

ਮੈਂ ਕਿਹਾ,"ਹਾਂ, ਇਹ ਤਾਂ ਹੈ!"
ਮੈਂ ਉਸ ਦੀ ਗੱਲ ਵਿੱਚ  ਹਾਮੀ ਭਰਦੇ ਆਖਿਆ ।
"ਹੁਣ ਮੈਥੋਂ ਕੰਮ ਵੀ ਨਹੀਂ ਹੁੰਦਾ, ਹੁਣ ਉਹ ਸਰੀਰ ਨਹੀਂ ਰਹਿ ਗਿਆ ।"

ਉਹ ਬਹੁਤ ਨਰੋਈ ਸੀ ਆਪਣੀ ਜਵਾਨੀ ਵਿੱਚ, ਕਈ ਘਰਾਂ ਦਾ ਕੰਮ ਕਰਦੀ ਸੀ । ਪਰ ਵਿਚਾਰੀ ਹੁਣ ਹੱਡੀਆਂ ਦੀ ਮੁੱਠ ਬਣ ਚੁੱਕੀ ਸੀ।
ਹੁਣ ਲੱਗਦਾ ਸੀ ਇਹ ਆਪਣਾ ਆਪ ਚੁੱਕ ਕੇ ਤੁਰੀ ਫਿਰੇ ,ਬਸ ਐਨਾ ਹੀ ਬਹੁਤ ਹੈ ।
"ਅੱਜ ਸਿਰੋਂ ਪਰ੍ਹੇ ਹੀ ਲੋੜ ਪਈ ਤੇਰੇ ਤਾਈਂ ਭੈਣੇ! "ਮੈਨੂੰ ਉਹਨੇ ਫਿਰ ਆਪ ਮੁਹਾਰੇ ਹੀ ਕਿਹਾ ।
ਮੈਥੋਂ ਉਮਰ ਵਿੱਚ ਕਾਫੀ ਵੱਡੀ ਸੀ ਪਰ ਮੈਨੂੰ ਇਜ਼ਤ ਨਾਲ ਭੈਣੇ ਕਹਿ ਕੇ ਸੱਦਿਆ ਕਰਦੀ ਸੀ ।ਬਹੁਤ ਮੋਹ ਕਰਦੀ ਸੀ ਮੇਰਾ ।

ਅਸੀਂ ਵੀ ਬਹੁਤ ਮੋਹ ਕਰਦੇ ਸੀ ਓਹਦਾ !! ਓਹਦਾ ਵੱਡਾ ਭਰਾ ਕਈ ਸਾਲ ਸਾਡੇ ਨਾਲ ਸੀਰੀ ਰਲਦਾ ਰਿਹਾ ਸੀ। ਉਹ ਵੀ ਸਾਡੇ ਸਕੇ ਭਰਾਵਾਂ ਵਾਂਗ ਰਹਿੰਦਾ ਸੀ ।
ਮੈਂ ਉਹਨੂੰ ਪੁੱਛਿਆ,"ਹਾਂ ਰੱਤੋ ਭੈਣੇ ਦੱਸ ,ਕੀ ਸਿਰੋਂ ਪਰ੍ਹੇ ਲੋੜ ਪੈ ਗਈ ਤੈਨੂੰ?ਤੂੰ ਬੇਝਿਜਕ ਹੋ ਕੇ ਦੱਸ।" 

ਥੋੜ੍ਹੀ ਨਿੰਮੋ ਝੂਣੀ ਜਿਹੀ ਹੋ ਕੇ ਕਹਿਣ ਲੱਗੀ,"ਕਹਿੰਦੀ ਹੁਣ ਤੂੰ ਕਿਸੇ ਹੋਰ ਕੋਲ ਗੱਲ ਨਾ ਕਰੀਂ! ਮੈਨੂੰ ਉਹਨਾਂ ਨੇ ਮੰਜੇ ਦਾ ਪ੍ਬੰਧ ਤਾਂ ਕਰ ਦਿੱਤਾ ਸੀ,ਜਿੰਨ੍ਹਾਂ  ਨੇ ਮੈਨੂੰ ਕਮਰਾ ਦਿੱਤਾ ਸੀ, ਪਰ ਹੁਣ ਬਿਸਤਰਾ ਵੀ ਹੈਨੀ! ਇਹ ਮੈਂ ਉਹਨਾਂ ਨੂੰ ਸੰਗਦੀ ਨੇ ਦੱਸਿਆ ਨਹੀਂ!"ਹੁਣ ਮੈਂ ਕਿਵੇਂ ਆਖਾਂ?ਤੇਰੇ ਨਾਲ ਤਾਂ ਭਲਾਂ ਹੋਰ ਗੱਲ ਹੋਈ!ਹੁਣ ਸਾਰਿਆਂ ਕੋਲ ਦੁੱਖ ਥੋੜ੍ਹਾ ਫਰੋਲਿਆ ਜਾਂਦੈ!" ਉਸ ਨੇ ਆਪਣੀ ਲੋੜ ਤਾਂ ਮੈਨੂੰ ਜ਼ਾਹਿਰ ਕਰ ਦਿੱਤੀ ਸੀ।

ਸ਼ਾਇਦ ਉਹਨੂੰ ਯਕੀਨ ਸੀ ਕਿ ਉਸਦੀ ਇਹ ਜ਼ਰੂਰਤ ਜ਼ਰੂਰ ਏਥੋਂ ਪੂਰੀ ਹੋ ਜਾਵੇਗੀ ।
ਮੈਂ ਕਿਹਾ,"ਹਾਂ ਤੇਰੀ ਗੱਲ ਤਾਂ ਸੋਲਾਂ ਆਨੇ ਸੱਚ ਹੈ ਕਿ ਸਾਰੇ ਤਾਂ ਦੁੱਖ ਨੂੰ ਸਮਝਦੇ ਵੀ ਨਹੀਂ ਭੈਣੇ!"
ਕਹਿੰਦੀ ਤੂੰ ਇੰਜ ਕਰ !ਮੈਨੂੰ ਜਾਂ ਤਾਂ ਬਿਸਤਰਾ ਦੇਦੇ ਤੇ ਜਾਂ ਪੈਸੇ ਦੇਦੇ,,,
ਮੈਂ ਤੇਰੀ ਪਾਈ ਪਾਈ ਚੁਕਾ ਦੇਵਾਂਗੀ!"

ਮੈਨੂੰ ਪਤਾ ਸੀ ਕਿ ਇਹਦੇ ਵਿੱਚ ਅਜੇ ਵੀ ਪੂਰਾ ਸਵੈਮਾਣ ਹੈ ਕਿ ਮੁਫ਼ਤ ਵਿੱਚ ਕੁਝ ਨਹੀਂ ਲੈਣਾ ।
ਪਰ ਮੈਨੂੰ ਤਾਂ ਪਤਾ ਸੀ ਕਿ ਇਸ ਤੋਂ ਵਾਪਿਸ ਕੁਝ ਵੀ ਨਹੀਂ ਹੋਣਾ!ਪਰ ਉਸਦੇ ਇਸ ਜਜ਼ਬੇ ਤੋਂ ਮੈਂ ਖ਼ੁਸ਼ ਸੀ ਕਿ ਚਲੋ ਇਮਾਨਦਾਰੀ ਤਾਂ ਅਜੇ ਵੀ ਕਾਇਮ ਹੈ ।
ਮੈਂ ਉਹਨੂੰ ਕਿਹਾ,"ਬਿਸਤਰੇ ਦੀ ਕੀ ਗੱਲ ਹੈ?ਤੂੰ ਦੱਸ ਹੋਰ ਕੀ ਚਾਹੀਦਾ ਹੈ ਤੈਨੂੰ ਭੈਣੇ ! ਬਿਸਤਰੇ ਦਾ ਕੀ ਐ?"
ਕਹਿੰਦੀ,"ਬਸ ,ਜੇ ਬਿਸਤਰਾ ਮੇਰੇ ਕੋਲ ਆ ਗਿਆ ਤਾਂ ਹੋਰ ਮੈਨੂੰ ਕੀ ਚਾਹੀਦਾ ਹੈ?"

ਸੋ ਮੈਂ ਉਸ ਦੇ ਲਈ ਇੱਕ ਵਧੀਆ ਸਿਆਲੂ ਤੇ ਹਾੜੂ ਬਿਸਤਰਾ ਕਢਵਾ ਕੇ ਕਿਸੇ ਮੁੰਡੇ ਨੂੰ ਕਿਹਾ ਕਿ ਉਸਦੇ ਘਰ ਪਹੁੰਚਦਾ ਕਰ ਦੇਵੇ।ਉਹ ਬਹੁਤ ਖ਼ੁਸ਼ ਸੀ ।ਉਹਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉਹ ਏਸ ਵਕਤ ਦੁਨੀਆਂ ਦੀ ਸਭ ਤੋਂ ਅਮੀਰ ਔਰਤ ਹੋਵੇ । ਮੈਂ ਉਸ ਦੇ ਚਿਹਰੇ ਉਪਰਲੀ ਚਮਕ ਦੇਖ ਰਹੀ ਸੀ ਤੇ  ਮੈਂ ਵੀ ਬਹੁਤ ਅਨੰਦਮਈ ਮਹਿਸੂਸ ਕਰ ਰਹੀ ਸਾਂ।ਮੈਨੂੰ ਕਿਸੇ ਤੀਰਥ ਯਾਤਰਾ ਤੋਂ ਵਾਪਿਸ ਆਉਣ ਦਾ ਆਨੰਦ ਮਹਿਸੂਸ ਹੋ ਰਿਹਾ ਸੀ।

ਉਹ ਬਹੁਤ ਅਸੀਸਾਂ ਦਿੰਦੀ ਚਲੀ ਗਈ । ਮੈਂ ਉਸ ਦੀਆਂ ਅਸੀਸਾਂ ਵਿੱਚ ਇਸ਼ਨਾਨ ਕਰ ਰਹੀ ਸੀ ।

ਕਈ ਵਾਰੀ ਮੈਨੂੰ ਰਾਤ ਨੂੰ ਪੈਣ ਵੇਲੇ ਓਹਦਾ ਚੇਤਾ ਆਉਂਦਾ ਸੀ  ਕਿ ਪਤਾ ਨਹੀਂ ਹੁਣ ਉਹ ਕਿੱਥੇ ਹੈ?ਕਿਵੇਂ ਹੈ? ਸੋਚਦੀ ਸਾਂ, ਜਦੋਂ ਇੰਡੀਆ ਗਈ ਤਾਂ ਉਸ ਨੂੰ ਜ਼ਰੂਰ ਮਿਲ ਕੇ ਆਵਾਂਗੀ। ਪਰ ਸਭ ਨੂੰ ਆਪਣੀ- ਆਪਣੀ ਵਾਟ ਮੁਕਾ ਕੇ ਇੱਕ ਦਿਨ ਮੰਜ਼ਿਲ ਤੇ ਪਹੁੰਚਣਾ ਪੈਂਦਾ  ਹੈ। ਸੋ ਰੱਤੋ ਭੈਣ ਨੇ ਵੀ ਵਾਟ ਮੁਕਾ ਕੇ ਸਾਰੇ ਫਿਕਰ ਮੁਕਾ ਲਏ ਸਨ। ਪਰ ਮੈਨੂੰ ਬਹੁਤ ਫ਼ਖ਼ਰ  ਜਿਹਾ  ਹੁੰਦਾ  ਸੀ ਕਿ ਉਹ ਭਾਂਵੇਂ ਗਰੀਬ ਸੀ ਪਰ ਜਿੰਨਾ ਚਿਰ ਜਿਉਂਦੀ ਰਹੀ ਮਾਣ ਇਜ਼ਤ ਨਾਲ ਜਿਉਂਦੀ ਰਹੀ।ਨਹੀਂ ਤਾਂ ਲੋਕ ਪਤਾ ਨਹੀਂ ਕਿਹੜੇ ਕਿਹੜੇ ਰਾਹ ਅਪਣਾ ਲੈਂਦੇ ਹਨ!ਕਈ ਵਾਰੀ ਮਾਂ ਦੇ ਮੋਹ ਦੀਆਂ ਤੰਦਾਂ ਬੱਚੇ ਦੀ ਜ਼ਿੰਦਗੀ ਨੂੰ ਨਰਕ ਵੀ ਬਣਾ ਸਕਦੀਆਂ ਹਨ,ਇਸ ਦਾ ਸਬੂਤ ਭੈਣ ਰੱਤੋ ਸੀ।

ਮਹਾਨ ਦਾਰਸ਼ਨਿਕ ਅਤੇ ਅਧਿਆਪਕ 'ਚਾਣਕਿਆ' ਦਾ ਕਹਿਣਾ ਹੈ ,"ਕੋਈ ਵੀ ਚੀਜ਼ ਹੱਦ ਤੋਂ ਵੱਧ ਜ਼ਹਿਰ ਦੇ ਬਰਾਬਰ ਹੁੰਦੀ ਹੈ ।"
ਇਹ ਗੱਲ ਇਸ ਤੋਂ ਸਾਫ਼ ਸਿੱਧ ਹੋ ਜਾਂਦੀ ਹੈ।

ਅੱਜ ਵੀ ਮੈਂਨੂੰ ਭੈਣ ਰੱਤੋ ਦਾ ਓਨਾ ਹੀ ਮੋਹ ਆਉਂਦਾ ਹੈ ਜਿੰਨਾ ਕਈ ਸਾਲ ਪਹਿਲਾਂ ਆਉਂਦਾ ਸੀ,ਭਾਵੇਂ ਉਹ ਇਸ ਦੁਨੀਆਂ ਵਿੱਚ ਨਹੀਂ ਹੈ ।ਉਹ ਤੇ ਉਸ ਦੀ ਜ਼ਿੰਦਗੀ ਤੋਂ ਮਿਲਿਆ ਸਬਕ ਮੈਨੂੰ ਸ਼ਾਇਦ ਕਦੇ ਨਹੀਂ ਭੁੱਲਣਾ ।

ਅੱਜ ਵੀ ਉਹਨੂੰ ਯਾਦ ਕਰਕੇ ਮੇਰੀਆਂ ਅੱਖਾਂ ਸਾਵਣ-ਭਾਦੋਂ ਦਾ ਰੂਪ ਧਾਰਨ ਕਰ ਲੈਂਦੀਆਂ ਹਨ ।
ਇਹੀ ਦੁਆ ਹੈ,"ਭੈਣੇ ਤੇਰੀ ਆਤਮਾ ਨੂੰ ਪਰਮਾਤਮਾ ਸ਼ਾਂਤੀ ਬਖ਼ਸ਼ੇ! 

ਮੱਖੀ
ਗੁਰਪ੍ਰੀਤ ਕੌਰ ਗੈਦੂ, ਯੂਨਾਨ
 
ਮੈਨੂੰ ਬੱਚਿਆਂ ਦੀਆਂ ਗੱਲਾਂ ਕਰਨੀਆਂ ਅਤੇ ਉਹਨਾਂ ਨਾਲ ਵਕਤ ਬਿਤਾਉਣਾ ਬਹੁਤ  ਵਧੀਆ ਲਗਦਾ ਹੈ । ਬੱਚੇ  ਕਾਮੇਡੀ  ਸਿੱਖ ਕੇ ਨਹੀਂ ਕਰਦੇ । ਉਹਨਾਂ ਦੀਆਂ ਭੋਲੀਆਂ-ਭਾਲੀਆਂ ਗੱਲਾਂ ਵਿੱਚ ਹੀ ਕਾਮੇਡੀ  ਛੁਪੀ ਹੋਈ ਹੁੰਦੀ ਹੈ । ਕਈ ਵਾਰੀ ਸਾਰਾ ਈ ਦਿਮਾਗ ਦਾ ਥਕੇਵਾਂ  ਲਾਹ  ਦਿੰਦੇ ਨੇ ਗੱਲਾਂ ਸੁਣਾ ਕੇ!

ਕੁਝ ਇਸ ਤਰ੍ਹਾਂ ਹੀ ਕੱਲ੍ਹ ਹੋਇਆ।

ਮੈਂ  ਆਪਣੀ ਇੱਕ ਸਹੇਲੀ ਨੂੰ ਕਾਫ਼ੀ ਦਿਨਾਂ ਬਾਅਦ ਮਿਲੀ। ਮੈਂ ਉਹਨੂੰ  ਪੁੱਛਿਆ,"ਕਿੱਥੇ ਸੀ ਐਨੇ ਦਿਨ?"
ਕਹਿੰਦੀ ਇੱਕ ਸੈਮੀਨਾਰ ਅਟੈਂਡ  ਕਰਨ ਗਏ ਸੀ। ਨਾਲ ਬੱਚੇ ਵੀ ਗਏ ਸੀ। ਮੈਂ ਕਿਹਾ,"ਇਹ ਤਾਂ ਬਹੁਤ ਵਧੀਆ ਗੱਲ ਐ।",,,,,,,
"ਕਾਹਦਾ ਸੀ ਸੈਮੀਨਾਰ?"
 
ਕਹਿੰਦੀ," ਮੂਜੀ ਬਾਬਾ ਜੀ ਦਾ।"
ਇਹ ਇੱਕ ਮੈਡੀਟੇਸ਼ਨ  ਕਰਵਾਉਣ ਵਾਲੇ ਬਾਬਾ ਜੀ ਹਨ।
ਮੈਂ ਪੁੱਛਿਆ  ,"ਫਿਰ ਬੱਚੇ ਕਿਵੇਂ ਟਿਕੇ ਓਥੇ ?"
ਕਹਿੰਦੀ,"ਪੁੱਛ ਈ ਨਾ ਬੱਸ!"
,,,,,,,"ਕੀ ਹੋਇਆ?"

ਕਹਿੰਦੀ, "ਪਹਿਲਾਂ ਤਾਂ ਵਾਰੀ-ਵਾਰੀ ਮੈਂ ਤੇ ਮੇਰੇ ਹਸਬੈਂਡ ਸੈਮੀਨਾਰ  ਅਟੈਂਡ  ਕਰਦੇ ਰਹੇ । ਫਿਰ ਅਸੀਂ ਕਿਹਾ ਚੱਲ ਅਖ਼ੀਰਲੇ ਦਿਨ ਥੋੜ੍ਹਾ ਜਿਹਾ ਬੱਚਿਆਂ ਨੂੰ ਵੀ ਅਟੈਂਡ ਕਰਵਾ ਲੈਂਦੇ ਹਾਂ । ਬਈ ਇਹਨਾਂ ਨੂੰ ਵੀ ਥੋੜ੍ਹੀ-ਥੋੜ੍ਹੀ ਹੁਣੇ ਤੋਂ ਹੀ ਆਦਤ ਪਾਉਣੀ ਸ਼ੁਰੂ ਕਰਦੇ ਹਾਂ।"

ਮੈਂ ਕਿਹਾ,"ਆਹ ਤਾਂ ਬਹੁਤ ਹੀ ਕਮਾਲ ਦਾ ਵਿਚਾਰ ਹੈ ।"
"ਪਰ ਓਦਾਂ ਇਹਨਾਂ ਨੇ ਓਥੇ ਰੌਲਾ ਨਹੀਂ ਪਾਇਆ!" ਮੈਂ ਪੁੱਛਿਆ ।
ਕਹਿੰਦੀ, "ਲੈ ਇਹਨਾਂ ਨੇ ਤਾਂ ਰੌਣਕਾਂ ਲਾ ਦਿੱਤੀਆਂ ਓਥੇ!"
ਮੈਂ ਕਿਹਾ, "ਉਹ ਕਿਵੇਂ?"

ਕਹਿੰਦੀ ਅਸੀਂ  ਇਹਨਾਂ ਨੂੰ ਬਾਬੇ ਬਾਰੇ ਕੁਝ ਬਾਹਲਾ ਈ  ਸਮਝਾ ਕੇ ਲੈ ਗਏ ਕਿ ਬਾਬਾ ਜੀ ਬਹੁਤ ਸੀਰੀਅਸ  ਹੁੰਦੇ ਹਨ । ਓਥੇ ਰੌਲਾ ਬਿਲਕੁਲ ਨਹੀਂ ਪਾਉਣਾ। ਓਥੇ ਆਹ ਨਹੀਂ ਕਰਨਾ, ਓਥੇ ਔਹ ਨਹੀਂ ਕਰਨਾ। ਗੱਲ ਮੁੱਕੀ ਵੀ ਬੱਚਿਆਂ ਦੇ ਮਨ ਵਿੱਚ ਬਾਬਾ ਜੀ ਦੀ ਇਹ ਇਮੇਜ਼  ਬਣ ਗਈ ਕਿ ਉਹ  ਸਾਡੇ ਵਰਗੇ ਨਹੀਂ ਹੁੰਦੇ ਹਨ ਅਤੇ ਉਹ ਸਾਡੇ ਵਰਗਾ ਕੁਝ ਵੀ ਨਹੀਂ ਕਰਦੇ ਹੁੰਦੇ ਹੋਣਗੇ ।

ਬਾਬਾ ਜੀ ਲੈਕਚਰ  ਦੇ ਰਹੇ ਸਨ ਕਿ ਅਚਾਨਕ ਬਾਬਾ ਜੀ ਦੇ ਨੱਕ ਤੇ ਮੱਖੀ ਆ ਕੇ ਬੈਠ ਗਈ। ਵੈਸੇ ਤਾਂ ਓਥੇ ਕੋਈ ਮੱਖੀ ਵਾਲਾ ਚਾਂਸ ਲਗਦਾ ਨਹੀਂ ਸੀ । ਪਰ ਪਤਾ ਨਹੀਂ ਕਿੱਥੋਂ ਦੀ ਐਂਟਰੀ  ਮਾਰ ਗਈ। ਬਾਬਾ ਜੀ ਨੇ ਦੋ-ਤਿੰਨ ਵਾਰ ਉਡਾਈ, ਪਰ ਉਹ ਫੇਰ ਆ ਕੇ ਬੈਠ ਜਾਇਆ ਕਰੇ । ਜਿਵੇਂ ਉਹ ਵੀ ਬਾਬਾ ਜੀ ਕੋਲ ਸੈਮੀਨਾਰ ਅਟੈਂਡ ਕਰਨ ਆਈ ਹੋਵੇ ਤੇ ਕਹਿੰਦੀ ਹੋਵੇ ਕਿ ਮੇਰੀ ਵੀ ਗੱਲ ਸੁਣੋ ਤੇ ਬਾਬਾ ਜੀ  ਸੰਗਤ ਵਿੱਚ ਬਿਜੀ  ਹੋਣ ਕਰਕੇ ਉਸਨੂੰ ਅਟੈਂਡ  ਨਹੀਂ ਕਰ ਪਾ ਰਹੇ ਸਨ ।

ਮੱਖੀ ਨੇ ਆਪਣਾ ਮਿਸ਼ਨ  ਜਾਰੀ ਰੱਖਿਆ। ਕਦੇ ਨਿੱਕੀ ਜਿਹੀ ਉਡਾਰੀ ਮਾਰੇ ਤੇ ਫੇਰ ਐਨ ਓਥੇ  ਈ ਆ ਕੇ  ਬੈਠ ਜਾਵੇ, ਜਿਵੇਂ ਬਾਬਾ ਜੀ ਦਾ ਨੱਕ ਓਹਦੇ ਲਈ ਇੱਕ ਖਾਸ  ਮਿਸ਼ਨ  ਲਈ ਮਿਥਿਆ ਹੋਇਆ ਟਾਵਰ  ਹੋਵੇ। ਤਨ ਮਨ ਦਾ ਪੂਰਾ  ਜ਼ੋਰ ਲਾ ਦਿੱਤਾ ਤੇ ਆਖਿਰ ਕਾਮਯਾਬ ਹੋ ਈ ਗਈ।  ਬਾਬਾ ਜੀ 'ਤੇ ਨੱਕ ਤੇ ਖੁਰਕ ਹੋਣ ਲੱਗ ਪਈ ।ਜਦੋਂ ਵਿਚਾਰੇ ਬਾਬਾ ਜੀ ਨੂੰ ਨਾ ਈ ਸਰਿਆ ਤੇ ਆਖਰੀ ਵਾਰ ਹੱਥ ਨਾਲ ਉਡਾਉਂਦਿਆਂ ਲੱਗਿਆ ਹੋਣੈ ,ਬਈ ਹੁਣ ਹੋਰ ਕੋਈ ਚਾਰਾ ਨਹੀਂ ਚੱਲਣਾ ਤੇ ਹੁਣ ਤਾਂ ਖੁਰਕ ਕਰਨੀ ਪਊ ਤਾਂ ਵਿਚਾਰੇ ਖੁਰਕ ਕਰਨ ਲੱਗ ਪਏ। ਜਦੋਂ ਈ ਉਹਨਾਂ ਨੇ ਹੌਲੀ ਕੇ ਦੇਣੇ ਹੱਥ ਨੱਕ ਕੋਲ ਲਿਜਾ ਕੇ ਖੁਰਕ ਕਰਨੀ ਸ਼ੁਰੂ ਕੀਤੀ ਤਾਂ ਮੇਰੇ ਆਹ ਛੋਟੇ ਨੇ ਉੱਚੀ ਦੇਣੇ ਰੌਲਾ ਪਾ ਦਿੱਤਾ ।"
ਕਹਿੰਦਾ, "ਉਹ ਬਾਬਾ ਜੀ ਦੇ ਵੀ ਆਪਣੇ ਵਾਂਗੂ ਖੁਰਕ ਹੁੰਦੀ ਐ।"

ਬਸ ਫੇਰ ਕੀ ਸੀ।

ਐਨੇ ਸ਼ਾਂਤੀ ਦੇ ਮਾਹੌਲ ਵਾਲਾ ਹਾਲ ਹਾਸਿਆਂ ਨਾਲ ਗੂੰਜ ਉੱਠਿਆ। ਸਾਰੇ ਬਹੁਤ ਹੱਸੇ। ਬਾਬਾ ਜੀ ਵੀ ਹੱਸਣ ਲੱਗ ਪਏ ।

ਫਿਰ ਬਾਬਾ ਜੀ ਨੇ ਇਹਨੂੰ ਸਟੇਜ  'ਤੇ ਬੁਲਾਇਆ ਤੇ ਬੜਾ ਪਿਆਰ ਦਿੱਤਾ, ਨਾਲ ਹੀ ਇਸ ਨੂੰ  ਉਦਾਹਰਣ ਦੇ ਤੌਰ ਤੇ ਵਰਤਦੇ ਹੋਏ ਕਿਹਾ ਕਿ ਇਹ ਭੋਲਾਪਨ  ਹੀ ਕੁਦਰਤ ਚਾਹੁੰਦੀ ਹੈ । ਸਾਡੇ ਸਾਰਿਆਂ ਅੰਦਰ ਵੀ ਇੱਕ ਬਚਪਨ ਛੁਪਿਆ ਹੁੰਦਾ ਹੈ ਜਿਸ ਨੂੰ ਅਸੀਂ ਕੁਝ ਦੁਨਿਆਵੀ ਕੰਮਾਂ ਕਾਰਾਂ ਕਰਕੇ ਦਬਾ ਦਿੰਦੇ ਹਾਂ । ਸਾਨੂੰ ਵੀ ਕਦੇ-ਕਦੇ ਉਹ ਬਚਪਨ ਨੂੰ ਮਾਨਣਾ ਚਾਹੀਦਾ ਹੈ । ਜੇ ਇਹ ਨਹੀਂ ਹੋ ਸਕਦਾ ਤਾਂ ਘੱਟੋ- ਘੱਟ ਥੋੜ੍ਹਾ ਜਿਹਾ ਸਮਾਂ ਬੱਚਿਆਂ ਨਾਲ ਜ਼ਰੂਰ ਬਿਤਾਉਣਾ ਚਾਹੀਦਾ ਹੈ ।

ਮੈਨੂੰ ਤਾਂ ਦੋਸਤੋ ਬਹੁਤ ਵਧੀਆ ਲਗਦਾ ਹੈ ਬੱਚਿਆਂ ਨਾਲ ਗੱਲਬਾਤ ਕਰਨੀ ਤੇ ਉਹਨਾਂ ਦੀਆਂ ਨਿੱਕੀਆਂ -ਨਿੱਕੀਆਂ ਗੱਲਾਂ ਨੋਟ ਕਰਨੀਆਂ ਤੇ ਉਹਨਾਂ ਦਾ ਆਨੰਦ ਲੈਣਾ। ਤੁਹਾਡੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ।

20/05/2019

 

ਨੱਨ੍ਹੀ ਕਹਾਣੀ >>          ਹੋਰ ਕਹਾਣੀਆਂ  >>    


 
"ਮਿਆਊਂ -ਮਿਆਊਂ"
ਗੁਰਪ੍ਰੀਤ ਕੌਰ ਗੈਦੂ, ਯੂਨਾਨ
ਖੋਜ
ਅਨਮੋਲ ਕੌਰ, ਕਨੇਡਾ  
athruਬੋਲਦੇ ਅੱਥਰੂ
ਅਜੀਤ ਸਤਨਾਮ ਕੌਰ  
ਚਸ਼ਮ ਦੀਦ ਗੁਵਾਹ
ਰਵੇਲ ਸਿੰਘ ਇਟਲੀ
ਕੂੰਜਾਂ ਦਾ ਕਾਫ਼ਲਾ
ਅਜੀਤ ਸਤਨਾਮ ਕੌਰ  
lahuਇਹ ਲਹੂ ਮੇਰਾ ਹੈ
ਅਜੀਤ ਸਤਨਾਮ ਕੌਰ  
chachaਚਾਚਾ ਸਾਧੂ ਤੇ ਮਾਣਕ
ਬਲਰਾਜ ਬਰਾੜ, ਕਨੇਡਾ
susਸੱਸ ਬਨਾਮ ਮਾਂ
ਰੁਪਿੰਦਰ ਸੰਧੂ, ਮੋਗਾ 
hoshਹੋਸ਼
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
teeyanਤੀਆਂ ਤੀਜ ਦੀਆਂ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਚਾਨਣ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
nashaਨਸ਼ੇ ਦੀ ਲੱਤ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਘਰ ਦਾ ਰਖਵਾਲਾ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਤੀਰ ਜਾਂ ਤੁੱਕਾ
ਸ਼ਿਵਚਰਨ ਜੱਗੀ ਕੁੱਸਾ, ਲੰਡਨ 
pipalਰੌਣਕੀ  ਪਿੱਪਲ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
udeekਉਡੀਕ ਅਜੇ ਬਾਕੀ ਹੈ...
ਪਰਮਿੰਦਰ ਕੌਰ, ਅੰਬਾਲਾ 
ਕੰਨਿਆ- ਪੂਜਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
ਆਈਸੋਲੇਟਿਡ ਵਾਰਡ
ਰਿੰਪੀ ਖਿਲਨ, ਦਿੱਲੀ
ਬਹੁਤੀ ਬੀਤੀ ਥੋੜ੍ਹੀ ਰਹਿ ਗਈ
ਸੰਦੀਪ ਕੁਮਾਰ ਨਰ, ਬਲਾਚੌਰ
"ਮੈਂ ਹੈ ਤਾਂ ਹੈਗੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਗੱਲਾਂ ਦੀ ਮੌਤ
ਅਨਮੋਲ ਕੌਰ, ਕਨੇਡਾ
ਰਾਜੇ ਸ਼ੀਂਹ ਮੁਕੱਦਮ ਕੁੱਤੇ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਖੌਫ਼ਨਾਕ ਇਰਾਦਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਬੁਝਦੇ ਦੀਵੇ ਦੀ ਲੋਅ
ਵਰਿੰਦਰ ਕੌਰ ਰੰਧਾਵਾ, ਬਟਾਲਾ
ਆਥਣ ਦਾ ਹੌਂਕਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਦੋ ਮੂੰਹਾਂ
ਵਰਿੰਦਰ ਕੌਰ ਰੰਧਾਵਾ, ਬਟਾਲਾ
ਮਜਬੂਰ
ਸੱਤੀ ਅਟਾਲਾਂ ਵਾਲਾ
ਇਸ਼ਕ
ਵਰਿੰਦਰ ਕੌਰ ਰੰਧਾਵਾ, ਬਟਾਲਾ
ਲਾਚਾਰ
ਸੰਦੀਪ ਕੁਮਾਰ
ਸੂਰਜ ਮੰਡਲ ਤੋਂ ਵਿਸ਼ਾਲ
ਅਮਨਦੀਪ ਸਿੰਘ, ਅਮਰੀਕਾ
ਝੁਰੜੀਆਂ ਵਿੱਚੋਂ ਝਲਕਦੀ ਮਮਤਾ
ਅਜੀਤ ਸਤਨਾਮ ਕੌਰ
ਮੀਨਾ ਬੂਟੀਕ
ਅਜੀਤ ਸਿੰਘ ਭੰਮਰਾ ਫਗਵਾੜਾ
ਸੁੱਕੇ ਖੂਹ ਦੀ ਮੌਣ
ਸ਼ਿਵਚਰਨ ਜੱਗੀ ਕੁੱਸਾ
ਸਮੇਂ ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ
ਬੁੱਢੀ ਦਾਦੀ
ਸਰੁੱਚੀ ਕੰਬੋਜ, ਫਾਜਿਲਕਾ
 ਨੱਥ ਪਾਉਣੀ
ਅਨਮੋਲ ਕੌਰ, ਕਨੇਡਾ
ਸੰਸਾਰ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਲੱਛੂ ਭੂਤ
ਰਵੇਲ ਸਿੰਘ ਇਟਲੀ
ਦਾਦਾ ਜੀ ਚਲੇ ਗਏ
ਰਵੇਲ ਸਿੰਘ ਇਟਲੀ
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ
ਵਲੈਤੀ ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਜੀਵਨ ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ
ਬਿੱਲੀਆਂ
ਲਾਲ ਸਿੰਘ ਦਸੂਹਾ
ਸਭ ਅੱਛਾ ਹੈ
ਅਨਮੋਲ ਕੌਰ, ਕਨੇਡਾ
ਬੋਹੜ ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ
ਚਿੱਟੀ ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ
ਤੈਨੂੰ ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ
ਓਦੋਂ ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ
ਜ਼ਿੰਦਗੀ ਦੀ ਜੂਹ
ਭਿੰਦਰ ਜਲਾਲਾਬਾਦੀ, ਯੂ ਕੇ
ਫੇਸਬੁੱਕ
ਅਨਮੋਲ ਕੌਰ, ਕਨੇਡਾ
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ
ਕਿਹਨੂੰ, ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ
ਝਾੜੂ
ਗੁਰਮੇਲ ਬੀਰੋਕੇ, ਕਨੇਡਾ
ਧੰਦਾ ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ
ਅੰਮ੍ਰਿਤ ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਖੂਹ ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ
ਘਰ ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਸੋਗ
ਰੂਪ ਢਿੱਲੋਂ, ਲੰਡਨ
ਉਹ ਮੂਵ ਹੋ ਗਈ
ਅਨਮੋਲ ਕੌਰ, ਕਨੇਡਾ
ਗੋਲਡੀਲੌਕਸ ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ (1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ
baybus1ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ
ਵੇ ਲੋਕੋ
ਅਨਮੋਲ ਕੌਰ, ਕਨੇਡਾ
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ
 

hore-arrow1gif.gif (1195 bytes)


Terms and Conditions
Privacy Policy
© 1999-2019,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2019,  5abi.com