- ਲਘੂ ਕਹਾਣੀ -


 

ਬਾਪੂ
ਡਾ: ਬਲਦੇਵ ਸਿੰਘ ਖਹਿਰਾ

ਗੁਰੀ ਅਤੇ ਘਰਵਾਲ਼ੀ ਰਾਜ ਦਾ ਕਈ ਦਿਨਾਂ ਤੋਂ ਕਲੇਸ਼ ਚੱਲ ਰਿਹਾ ਸੀ। ਕਾਰਨ ਸੀ ਗੁਰੀ ਦਾ ਬਾਪੂ। ਰਾਜ ਵਾਰ ਵਾਰ ਕਹਿ ਰਹੀ, “ ਸਾਰਾ ਦਿਨ ਖਊਂ ਖਊਂ ਕਰਦੇ ਆਪਣੇ ਬਾਪੂ ਨੂੰ ਜਾਂ ਤਾਂ ਪਿੰਡ ਦੇ ਰਾਹ ਤੋਰ ਜਾਂ ਕਿਸੇ ਬਿਰਧ-ਘਰ ਦਾਖ਼ਿਲ ਕਰਾ।“

“ ਵੇਖ ਰਾਜ! ਮੇਰੇ ਮਾਂ ਪਿਓ ਨੇ ਆਪਣੀਆਂ ਜੱਦੀ ਜ਼ਮੀਨਾਂ ਵੇਚ ਕੇ ਮੈਨੂੰ ਏਥੇ ਕੈਨੇਡਾ ਭੇਜਿਆ, ਫਿਰ ਆਪਣਾ ਵਿਆਹ ਕੀਤਾ, ਪਿੱਛੇ ਤਿੰਨ ਕਿੱਲੇ ਬਚੇ ਸੀ, ਜਿਸ ’ਤੇ ਉਹ ਗੁਜ਼ਾਰਾ ਕਰਦੇ ਰਹੇ, ਆਪਾਂ ਕੋਈ ਖਰਚਾ ਵੀ ਨਹੀਂ ਭੇਜਿਆ।”

“ ਏਥੇ ਤਾਂ ਆਪਣਾ ਗੁਜ਼ਾਰਾ ਮਸਾਂ ਚੱਲਦਾ, ਪਿੱਛੇ ਕਿੱਥੋਂ ਭੇਜਦੇ?” ਰਾਜ ਦੇ ਮੱਥੇ ’ਤੇ ਤਿਊੜੀਆਂ ਪੈ ਗਈਆਂ, “ ਮੈਂ ਏਹਦੀ ਟੋਕਾ-ਟੋਕੀ ਹੋਰ ਨਹੀਂ ਬਰਦਾਸ਼ਤ ਕਰ ਸਕਦੀ, ਨਾ ਕੋਈ ਪ੍ਰਾਈਵੇਸੀ ਐ ਘਰ ’ਚ, ਮੈਂ ਘਰੋਂ ਚਲੀ ਜਾਊਂ ਜਾਂ ਤੇਰੇ ਸਿਰ ਚੜ੍ਹ ਕੇ ਮਰ ਜਾਊਂ!”

“ ਸ਼ਾਂਤੀ ਨਾਲ਼ ਮੇਰੀ ਗੱਲ ਸੁਣ! ਪਿਛਲੇ ਸਾਲ ਮਾਂ ਪੂਰੀ ਹੋ ਗਈ, ਹੁਣ ਬਾਪੂ ਕਿਵੇਂ ਰਹੂ ਪਿੰਡ ’ਕੱਲਾ?”
“ ਨਾ ‘ਕੱਲੇ ਨੂੰ ਕਾਂ ਪੈਂਦੇ ਐ, ਸਾਰਾ ਭਾਈਚਾਰਾ ਓਥੇ ਐ।” ਰਾਜ ਦਾ ਗੁੱਸਾ ਅਸਮਾਨ ਚੜ੍ਹ ਗਿਆ।
“ ਚੰਗਾ ਫਿਰ ਮੈਂ ਈ ਜਾਨੀ ਆਂ।” ਗੁਰੀ ਨੂੰ ਚੁੱਪ ਅਤੇ ਅਹਿਲ ਦੇਖ ਕੇ ਉਹ ਬੈਗ ਵਿੱਚ ਕੱਪੜੇ ਪਾਉਣ ਲੱਗ ਪਈ।
“ ਓਇ ਠਹਿਰ! ਕਰਦਾਂ ਕੁਸ਼!” ਗੁਰੀ ਨੇ ਆਖ਼ਿਰ ਦੁਖੀ ਹੋ ਕੇ ਹਾਰ ਮੰਨ ਲਈ।

ਨਾ ਤਾਂ ਬਾਪੂ ਨੂੰ ਵਾਪਿਸ ਭੇਜਣ ਲਈ ਟਿਕਟ ਦੇ ਪੈਸੇ ਸਨ ਤੇ ਨਾ ਉਹਨੂੰ ਬਿਰਧ-ਘਰ ਦਾਖ਼ਿਲ ਕਰਵਾ ਸਕਦਾ ਸੀ। ਚਾਰ ਡਾਲਰ ਵਾਧੂ ਹੁੰਦੇ ਤਾਂ ਉਹਨੂੰ ਛੋਟੀ ਬੇਸਮੈਂਟ ਵਿੱਚ ਰੱਖ ਲੈਂਦਾ। ਨਾ ਚਾਹੁੰਦਿਆਂ ਹੋਇਆਂ ਵੀ ਉਹਨੂੰ ਕੌੜਾ ਫ਼ੈਸਲਾ ਲੈਣਾ ਪੈ ਗਿਆ।

“ ਚੱਲ ਬਾਪੂ! ਅੱਜ ਤੈਨੂੰ ਕਨੇਡਾ ਦੇ ਸ਼ਹਿਰੋਂ ਬਾਹਰਲੇ ਨਜ਼ਾਰੇ ਦਿਖਾ ਕੇ ਲਿਆਉਨਾਂ!”

ਪੱਗ ਬੰਨ੍ਹਦਾ ਬਾਪੂ ਹੈਰਾਨ ਵੀ ਸੀ ਤੇ ਖ਼ੁਸ਼ ਵੀ।
ਸ਼ਹਿਰੋਂ ਬਾਹਰ ਸੁੰਨੀ ਸੜਕ ’ਤੇ ਗੁਰੀ ਨੇ ਸੜਕ ਕਿਨਾਰੇ ਇੱਕ ਛੋਟਾ ਜਿਹਾ ਰੈਸਟੋਰੈਂਟ ਦੇਖਿਆ। ਕਾਰ ਪਾਰਕ ਕਰਕੇ ਬੋਲਿਆ, “ ਚੱਲ ਬਾਪੂ! ਦੋ ਘੜੀ ਬੈਠ ਲਈਏ ਤੇ ਚਾਹ ਦਾ ਘੁੱਟ ਪੀ ਲਈਏ!”

ਬਾਪੂ ਨੂੰ ਬਿਠਾ ਕੇ ਉਸ ਰੈਸਟੋਰੈਂਟ ਵਾਲ਼ੇ ਨੂੰ ਵੀਹ ਡਾਲਰ ਦਾ ਨੋਟ ਫਵਾਉਂਦਿਆਂ ਆਖਿਆ, “ ਬਜ਼ੁਰਗ ਨੂੰ ਚਾਹ ਤੇ ਕੁਸ਼ ਖਾਣ ਨੂੰ ਦੇ ਦਈਂ, ਮੈਂ ਛੋਟਾ ਜਿਹਾ ਕੰਮ ਕਰ ਕੇ ਅੱਧੇ ਘੰਟੇ ਵਿੱਚ ਆਇਆ।”

ਡੌਰ ਭੌਰ ਹੋਏ ਬਾਪੂ ਨੂੰ ਏਧਰ ਓਧਰ ਦੇਖਦਾ ਛੱਡ ਗੁਰੀ ਬਾਹਰ ਨਿੱਕਲ਼ ਕੇ ਘਰ ਵੱਲ ਚੱਲ ਪਿਆ, ਉਹਦੇ ਤੋਂ ਆਪਣਾ ਰੋਣਾ ਕਾਬੂ ਨਹੀਂ ਸੀ ਹੋ ਰਿਹਾ। ਸ਼ਹਿਰ ਪਹੁੰਚ ਕੇ ਉਹ ਪੱਬ ਵਿੱਚ ਵੜ ਗਿਆ, ਜਦੋਂ ਬਾਹਰ ਨਿੱਕਲ਼ਿਆ ਤਾਂ ਰੌਣਕ ਘਟ ਗਈ ਸੀ, ਰਾਤ ਦੇ ਗਿਆਰਾਂ ਵੱਜ ਗਏ ਸਨ।  ਘਰ ਪਹੁੰਚ ਕੇ ਦਰਵਾਜ਼ੇ ’ਤੇ ਦਸਤਕ ਦਿੱਤੀ ਤਾਂ ਦਰਵਾਜ਼ਾ ਇਕਦਮ ਖੁੱਲ੍ਹ ਗਿਆ, ਸਾਹਮਣੇ ਬਾਪੂ ਖੜ੍ਹਾ ਸੀ। ਗੁਰੀ ਨੇ ਦੋ ਤਿੰਨ ਵਾਰ ਅੱਖਾਂ ਮਲ਼ੀਆਂ, ਝਪਕੀਆਂ, ਸੱਚਮੁਚ ਬਾਪੂ ਹੀ ਸੀ। ਗੁਰੀ ਦੀ ਧਾਹ ਨਿੱਕਲ਼ ਗਈ, ਪੈਰਾਂ ਵੱਲ ਹੁੰਦੇ ਨੂੰ ਬਾਪੂ ਨੇ ਗਲ਼ ਨਾਲ਼ ਲਾ ਲਿਆ।

“ ਪਾਗਲਾ! ਇਹ ਕੀ ਕਮਲ਼ ਮਾਰਨ ਲੱਗਾ ਸੀ, ਮੇਰੀ ਮਿੱਟੀ ਰੋਲ਼ ਦੇਣੀ ਸੀ, ਨਾਲ਼ੇ ਆਵਦੀ ਇੱਜ਼ਤ, ਮੈਨੂੰ ਕਿਤੇ ਪਤਾ ਨਹੀਂ ਘਰ ’ਚ ਕੀ ਹੁੰਦੈ? ਆਹ ਫੜ ਮੇਰੀ ਛਾਪ ਤੇ ਕੜਾ, ਕੱਲ੍ਹ ਨੂੰ ਮੇਰੀ ਟਿਕਟ ਕਰਾ ਦੇ!”
 
ਡਾ.ਬਲਦੇਵ ਸਿੰਘ ਖਹਿਰਾ
12573, 70 ਏ ਐਵੇਨਿਊ, ਸਰੀ,
ਬ੍ਰਿਟਿਸ਼ ਕੋਲੰਬੀਆ ਕੈਨੇਡਾ,
Phone:236 518 5952  drbaldevkhaira@gmail.com


ਮਾਂ-ਦਿਵਸ

ਡਾ.ਬਲਦੇਵ ਸਿੰਘ ਖਹਿਰਾ   (08/05/2023)

ਸਾਰਾ ਦਿਨ ਬੱਚਿਆਂ ਦੀ ਮਰਜ਼ੀ ਅਨੁਸਾਰ ‘ਮਦਰਜ਼-ਡੇ’ ਮਨਾਉਣ ਤੋਂ ਬਾਅਦ ਘਰ ਪਰਤੇ ਤਾਂ ਰਮੇਸ਼ ਸ਼ੁਕਲਾ ਕਾਫੀ ਥਕਾਵਟ ਮਹਿਸੂਸ ਕਰ ਰਹੇ ਸੀ। ਛੇਤੀ ਛੇਤੀ ਬੈਡਰੂਮ ਵੱਲ ਵਧੇ ਤਾਂ ਅਚਾਨਕ ਸਾਹਮਣੇ ਫੋਟੋ ਦੇਖ ਕੇ ਮਾਂ ਯਾਦ ਆਈ…“ ਮਾਂ.....?”…ਉਹ ਤਾਂ ਵਧੇ ਬਲੱਡ-ਪਰੈਸ਼ਰ ਤੇ ਸ਼ੱਕਰ-ਰੋਗ ਦੀ ਝੰਬੀ ਤਿੰਨ ਦਿਨਾਂ ਤੋਂ ਹਲਕੇ ਹਾਰਟ-ਅਟੈਕ ਕਾਰਨ ਹਸਪਤਾਲ ਦਾਖ਼ਲ ਸੀ, ਮੁੜਦਿਆਂ ਉਹਨੂੰ ਦੇਖਣ ਜਾਣਾ ਤਾਂ ਯਾਦ ਹੀ ਨਹੀਂ ਰਿਹਾ, “ ਆਹ ਬੱਚਿਆਂ ਨੇ ਮੱਤ ਈ ਮਾਰ’ਤੀ! ਹੁਣ ਹਸਪਤਾਲ ਤਾਂ ਜਾ ਨਹੀਂ ਹੋਣਾ, ਚਲੋ! ਫੋਨ ’ਤੇ ਹੀ ਹਾਲ-ਚਾਲ ਪੁੱਛ ਲੈਨਾਂ!”

ਹਸਪਤਾਲ ਦਾ ਨੰਬਰ ਮਿਲ਼ਾਉਂਦੇ ਉਹ ਸੋਚ ਰਹੇ ਸੀ, “ ਮਾਂ ਨੇ ਕਿੰਨਾ ਯਾਦ ਕੀਤਾ ਹੋਏਗਾ! ਕਿੰਨਾ ਮਿੱਸ ਕੀਤਾ ਹੋਏਗਾ!”
“ ਹੈਲੋ ! ਹੈਲੋ! ਮੈਂ ਮਿਸਿਜ਼ ਸ਼ੁਕਲਾ ਆਈ ਮੀਨ ਰਤਨਾ ਦੇਵੀ ਜੀ ਨਾਲ ਗੱਲ ਕਰਨੀ!”
ਮਾਂ ਫੋਨ ਚੁੱਕਦਿਆਂ ਹੀ ਬੋਲੀ, “ ਹਾਂ ਹਾਂ! ਰਮੇਸ਼! ਤੇਰਾ ਕੀ ਹਾਲ ਐ ਪੁੱਤ? ਸਾਰਾ ਦਿਨ ਤੈਨੂੰ ਉਡੀਕ ਉਡੀਕ… ਕਿਸੇ ਜ਼ਰੂਰੀ ਕੰਮ ’ਚ ਫਸ ਗਿਆ ਹੋਏਂਗਾ! ਘਰੇ ਸਭ ਠੀਕ ਐ ਨਾ ਪੁੱਤ?”
“ ਹੈਪੀ ਮਦਰਜ਼ ਡੇ ਮਾਂ!” ਰਮੇਸ਼ ਮਸਾਂ ਹੀ ਬੋਲਿਆ।
 “ ਹਾਂ! ਅੱਜ ਨਰਸਾਂ ਵੀ ਪੁੱਛਦੀਆਂ ਸੀ, ਅਖੇ, ‘ਅੱਜ ਤਾਂ ਖ਼ਾਸ ਦਿਨ ਐ! ਤੁਹਾਡਾ ਕੋਈ ਬੱਚਾ ਨਹੀਂ ਆਇਆ?”
 “ ਮਾਂ! ਘਰ ਦੇ ਜ਼ਰੂਰੀ ਕੰਮਾਂ ਕਰਕੇ ਆ ਨਹੀਂ ਹੋਇਆ!”
“ ਚੰਗਾ ਪੁੱਤ! ਬੜੀ ਥੱਕੀ ਥੱਕੀ ’ਵਾਜ ਐ ਤੇਰੀ, ਸੁਖੀ ਵਸੋ! ਸੌਂ ਜਾਓ!”
ਮਾਂ ਅਸਲੀਅਤ ਮਹਿਸੂਸ ਕਰਦੀ ਬੋਲੀ।
 
ਚੜ੍ਹਦਾ ਉੱਤਰਦਾ ਰੰਗ
ਡਾ.ਬਲਦੇਵ ਸਿੰਘ ਖਹਿਰਾ (08/05/2023)

ਦਾਤਾਰ ਸਿੰਘ ਮਾਂ-ਦਿਵਸ ਸਬੰਧੀ ਕਵੀ ਸੰਮੇਲਨ ਵਿੱਚ ਹਾਜ਼ਰੀ ਭਰ ਕੇ ਮੁੜਦਾ ਹੋਇਆ ਸੋਚਦਾ ਹੀ ਆ ਰਿਹਾ ਸੀ। ਉਸ ਕਵਿੱਤਰੀ ਨੇ ਮਾਂ ਬਾਰੇ ਕਿੰਨੀ ਭਾਵ-ਪੂਰਨ ਅਤੇ ਮਾਂ-ਪ੍ਰੇਮ ਨਾਲ਼ ਭਰੀ ਹੋਈ ਕਵਿਤਾ ਸੁਣਾਈ ਸੀ। ਸੰਚਾਲਕ ਨੇ ਵੀ ਕਿੰਨੀ ਅਰਥ-ਭਰਪੂਰ ਗੱਲ ਕਹੀ ਸੀ, “ ਜਦੋਂ ਮਾਂ ਸੀ ੳਦੋਂ ਉਸਦੇ ਮਹੱਤਵ ਬਾਰੇ ਪਤਾ ਨਹੀਂ ਸੀ…ਜਦੋਂ ਮਹੱਤਵ ਪਤਾ ਲੱਗਿਆ…ਤਾਂ ਮਾਂ ਨਹੀਂ ਸੀ।”

ਇਹਨਾਂ ਸੋਚਾਂ ਵਿੱਚ ਡੁੱਬਿਆ ਉਹ ਘਰ ਦੀ ਦਹਿਲੀਜ਼ ’ਤੇ ਪਹੁੰਚ ਗਿਆ, ਆਪਣੀ ਮਾਂ…ਉਸਦੀ ਆਪਣੀ ਮਾਂ... ਦਰਵਾਜ਼ੇ ਕੋਲ਼ ਮੰਜੀ ’ਤੇ  ਬੜੀ  ਹੀ ਤਰਸਯੋਗ ਹਾਲਤ ਵਿੱਚ ਪਈ ਸੀ। ਕੱਪੜੇ ਮੈਲ਼ੇ-ਕੁਚੈਲ਼ੇ…ਬਿਸਤਰਾ ਤਾਂ ਪਤਾ ਨਹੀਂ ਕਦੋਂ ਝਾੜਿਆ ਧੋਤਾ ਹੋਏਗਾ। ਇੱਕ ਵਾਰੀ ਤਾਂ ਚਿੱਤ ਕੀਤਾ ਕਿ ਅੱਗੇ ਵਾਂਗ ਹੀ ਨੱਕ ਘੁੱਟ ਕੇ ਛੇਤੀ ਨਾਲ਼ ਕੋਲੋਂ ਲੰਘ ਜਾਵੇ, ਪਰ ਅੱਜ ਦਾ ਤਾਜ਼ਾ ਗਿਆਨ ਅਤੇ ਵਿਚਾਰ ਹਾਵੀ ਹੋ ਗਏ। ਮਾਂ ਦੇ ਪੈਰਾਂ ਵੱਲ ਬੈਠਦਾ ਬੋਲਿਆ, “ ਮਾਂ! ਓ ਮਾਂ…ਕੀ ਹਾਲ ਐ?”

ਠਠੰਬਰ ਕੇ ਮਾਂ ਉਠ ਬੈਠੀ, ਪੁੱਤਰ ਨੂੰ ਕੋਲ਼ ਬੈਠਾ ਦੇਖ ਅਸਚਰਜ ਭਰੀ ਖ਼ੁਸ਼ੀ ਨਾਲ਼ ਮੁਸਕੁਰਾਉਣ ਲੱਗੀ।

“ਮਾਂ! ਮੈਂ ਤਾਂ ਅੱਜ ਤਾਂਈਂ ਭੁੱਲਿਆ ਈ ਰਿਹਾ,ਅਸਲੀ ਸੁੱਖ ਤਾਂ ਮਾਂ ਦੇ ਚਰਨਾਂ ‘ਚ ਹੁੰਦੈ, ਤੇਰੀ ਸੇਵਾ ਹੁਣ ਮੈਂ ਕਰੂੰਗਾ ਮਾਂ! ਤੂੰ ਮੈਨੂੰ ਬਾਹਲੀਆਂ ਸਾਰੀਆਂ ’ਸੀਸਾਂ ਦਈਂ!”
ਮਾਂ ਦੀ ਮਮਤਾ ਅੱਖਾਂ ਰਾਹੀਂ ਵਗ ਤੁਰੀ, ਪੁੱਤ ਦੇ ਸਿਰ ਨੂੰ ਪਲ਼ੋਸਦੀ ਹੋਈ ਦੇ ਬੋਲ ਅੱਥਰੂਆਂ ਵਿੱਚ ਹੀ ਘੁਲ਼  ਗਏ।

ਅੰਦਰੋਂ ਉਚੀ ਉਚੀ ਬੋਲਣ ਦੀਆਂ ਆਵਾਜ਼ਾਂ ਕੰਨੀ ਪੈਣ ਲੱਗੀਆਂ, “ ਸਵੇਰ  ਦਾ  ਗਿਆ ਦੁਪਹਿਰੋਂ  ਬਾਅਦ ਮੁੜਿਐ…ਤੇ ਹੁਣ ਬੂਹੇ ’ਤੇ ਈ ਪੈਰਾਂ ’ਚ ਸੰਗਲ ਪੈ’ਗੇ।”
ਐਨੇ ਨੂੰ ਛੋਟਾ ਮੁੰਡਾ ਅਮਨ ਬਾਹਰ ਆ ਕੇ ਬੋਲਿਆ,“ ਪਾਪਾ! ਪਾਪਾ! ਮੰਮੀ ਕਹਿੰਦੀ ਐ, ਮੇਰੀ ਤਬੀਅਤ ਬਹੁਤ ਖਰਾਬ ਐ।”
ਦਾਤਾਰ ਸਿੰਘ  ਚੁੱਪ-ਚਾਪ ਉਠ ਕੇ ਅੰਦਰ ਨੂੰ ਤੁਰ ਪਿਆ, ਹੁਣੇ ਹੁਣੇ ਉਮੜੇ ਮਾਂ ਦੇ ਪਿਆਰ ਦਾ ਰੰਗ ਇੱਕ ਦਮ ਉੱਤਰ ਗਿਆ।

ਡਾ.ਬਲਦੇਵ ਸਿੰਘ ਖਹਿਰਾ
12573, 70 ਏ ਐਵੇਨਿਊੇ, ਸਰੀ, ਬ੍ਰਿਟਿਸ਼ ਕੋਲੰਬੀਆ,ਕੈਨੇਡਾ
ਫੋਨ:1 236 518 5952, ਈਮੇਲ:drbaldevkhaira@gmail.com


ਡੁੱਡ ਬਜੂੜੇ
ਰਵੇਲ ਸਿੰਘ  (01/05/2023)

 ਬੈਂਕ ਵਿੱਚ ਲੈਣ ਦੇਣ ਕਰਨ ਵਾਲਿਆਂ ਦਾ ਕਾਫੀ ਭੀੜ ਭੜੱਕਾ ਹੈ। ਹਰ ਕਿਸੇ ਨੂੰ ਜਿਵੇਂ ਆਪੋ ਧਾਪੀ ਹੀ ਪਈ ਹੋਈ ਹੈ।
ਕੋਈ ਆਪਣੀ ਵਾਰੀ ਦੀ ਉਡੀਕ ਕਰਨ ਦੀ ਖੇਚਲ ਕਰਨ ਨੂੰ ਤਿਆਰ ਨਹੀਂ ।

ਕਈ ਲੋਕ ਇੱਕ ਦੂਸਰੇ ਤੋਂ ਕਾਹਲੀ ਕਾਹਲੀ ਕਾਹਲੀ ਆਪਣੀਆਂ ਪਾਸ ਬੁੱਕਾਂ ਰਕਮ ਕੱਢਵਾਉਣ ਵਾਲੇ ਫਾਰਮ ਭਰਵਾਉਣ ਲਈ ਕਾਉਂਟਰ ਤੇ ਬੈਠੀ ਹੇਈ ਬੈਂਕ ਮੁਲਾਜ਼ਮ ਕੁੜੀ ਵੱਲ ਧੱਕ ਰਹੇ ਹਨ ।

ਇਨ੍ਹਾਂ ਵਿੱਚ ਕਈ ਐਸੇ ਵੀ ਹਨ ਜੋ ਆਪਣੇ ਫਾਰਮ ਆਪ ਵੀ ਭਰ ਸਕਦੇ ਹਨ। ਪਰ ਉਹ ਇਹ ਕੰਮ ਆਪ ਕਰਨ ਦੀ ਬਜਾਏ ਇਹ ਕੰਮ ਬੈਂਕ ਵਾਲਿਆਂ ਦੀ ਡਿਉਟੀ ਹੀ ਸਮਝਦੇ ਹਨ। ਬੈਂਕ ਵਿੱਚ ਕੰਮ ਕਰਨ ਵਾਲੀ  ਉਹ ਵਿਚਾਰੀ ਕੁੜੀ ਉਸ ਵੱਲ ਉਲਰਦੀਆਂ ਪਾਸ ਬੁੱਕਾਂ ਨੂੰ ਫੜ ਕੇ ਪੈਸੇ ਕਢਵਾਉਂਣ, ਜਮ੍ਹਾਂ ਕਰਾਉਣ ਵਾਲੇ ਲੋਕਾਂ ਦੇ ਝੁਰਮਟ ਵਿੱਚ ਘਿਰੀ ਬੈਠੀ ਉਹ ਕੁੜੀ  ਫਾਰਮ ਭਰ ਰਹੀ ਹੈ ।

ਏਨੇ ਨੂੰ  ਇੱਕ ਅਜੀਬ ਕਿਸਮ ਦਾ ਅੰਗ ਹੀਨ ਵਿਅਕਤੀ ਵੀਲ ਚੇਅਰ ਤੇ ਬੈਠਾ ਬੈਂਕ ਵਿੱਚ ਆਉਂਦਾ ਹੈ । ਵੀਲ ਚੇਅਰ ਤੇ ਬੈਠੇ ਚਾਲੀ ਕੁ ਵਰ੍ਹਿਆਂ ਦੇ ਇਸ ਅੰਗ ਹੀਣ ਸ਼ਖਸ ਜਿਸ ਦੀਆਂ ਹੱਥਾਂ ਪੈਰਾਂ ਦੀਆਂ ਉੰਗਲਾਂ  ਮੁੜੀਆਂ ਹੋਈਆਂ ਹੋਈਆਂ ਹਨ। ਉਹ ਆਉਂਦੇ ਹੀ ਵੀਲ ਚੇਅਰ ਤੇ ਬੈਠਿਆਂ ਹੀ ਰਕਮ ਕਢਵਾਉਣ ਵਾਲੇ ਫਾਰਮ ਨੂੰ ਆਪ ਆਪਣੇ ਉੰਗਲਾਂ ਮੁੜੇ  ਦੋਹਾਂ ਹੱਥਾਂ ਨਾਲ ਆਪਣੀ ਜੇਬ ਵਿੱਚੋਂ ਪੈੱਨ ਕੱਢ ਕੇ ਉਹ ਆਪ ਆਪਣਾ ਫਾਰਮ ਭਰ ਕੇ ਰਕਮ ਕਢਵਾਉਣ ਵਾਲੀ ਕਿਤਾਰ ਵਿੱਚ ਵੀਲ ਚੇਅਰ ਤੇ  ਬੈਠਾ ਹੀ ਜਾ ਲੱਗਦਾ ਹੈ।
 ਸਾਰਿਆਂ ਨੂੰ ਆਪੋ ਆਪਣੀ  ਪਈ ਹੋਈ ਹੈ। ਕਿਸੇ ਵਿੱਚ ਉਸ ਅੰਗ ਹੀਨ ਅਪਾਹਜ ਨੂੰ ਪਹਿਲ ਦੇਣ ਦੀ ਹਿੰਮਤ ਨਹੀਂ ਪੈ ਰਹੀ ਹੈ ।

ਆਪਣੀ ਵਾਰੀ ਸਿਰ ਖਲੋ ਕੇ  ਉਹ ਅਪਾਹਜ, ਡੁੱਡ ਬਜੂੜਾ, ਜਿਹਾ ਬੰਦਾ ਜਦੋਂ  ਵੀਲ ਚੇਅਰ  ਤੇ ਬੈਠਾ ਆਪਣੇ ਦੋਹਾਂ  ਮੁੜੇ ਹੋਏ ਹੱਥਾਂ ਨਾਲ ਆਪਣੀ ਕਢਵਾਈ ਗਈ ਰਕਮ ਨੂੰ ਗਿਣ ਰਿਹਾ ਹੈ ਤਾਂ ਇਸ ਵੱਲ ਵੇਖ ਕੇ ਮੈਂ ਸੋਚ ਰਿਹਾ ਹਾਂ  ਕਿ ਇਹ ਅਪਾਹਜ ਸ਼ਖਸ ,ਡੁੱਡ ਬਜੂੜਾ, ਨਹੀਂ ਸਗੋਂ ਅਪਾਹਜ, ਡੁੱਡ ਬਜੂੜੇ ਤਾਂ ਉਹ ਹਨ ਜੋ ਚੰਗੇ ਭਲੇ ਹੱਥਾਂ ਪੈਰਾਂ ਦੇ ਹੁੰਦਿਆਂ, ਦੂਜਿਆਂ ਦੀ ਕਿਸੇ ਦੀ ਮਦਦ ਕਰਨ ਦੀ ਬਜਾਏ ਦੂਜਿਆਂ ਤੇ ਨਿਰਭਰ ਰਹਿੰਦੇ ਹਨ।


ਸਰਦੀਆਂ ਦੀਆਂ ਇੱਕ ਤ੍ਰਕਾਲਾਂ

ਰਵੇਲ ਸਿੰਘ  (16/12/2022)

ਬੱਸਾਂ ਦੇ ਭੀੜ ਭੜੱਕੇ ਵਾਲੇ ਸਫਰ ਤੋਂ ਬਚਣ ਲਈ ਜਵੰਦ ਸਿੰਘ ਕਿਤੇ ਵੀ ਜਾਣ ਵੇਲੇ ਆਪਣੇ  ਸਕੂਟਰ ਤੇ ਜਾਣ ਨੂੰ ਹੀ ਪਹਿਲ ਦੇਂਦਾ ਸੀ।ਲੰਮੇ ਸਫਰ ਵੇਲੇ ,  ਸਰਦੀਆਂ ਦੀ ਰੁੱਤ ਹੋਵੇ   ਉਹ ਰਸਤੇ ਵਿੱਚ ਕੁਝ ਸਫਰ ਕਰ ਕੇ  ਕੋਈ ਧੁੱਪ ਵਾਲੀ ਨਿੱਘੀ ਥਾਂ ਵੇਖ ਕੇ ਕੁਝ ਪਲ ਜ਼ਰੂਰ ਠਹਿਰ ਜਾਂਦਾ, ਇਸੇ ਤਰ੍ਹਾਂ ਇਸੇ ਤਰ੍ਹਾਂ ਹੀ ਗਰਮੀਆਂ ਦੀ ਰੁੱਤੇ ਉਹ ਕਿਸੇ ਸੰਘਣੇ ਛਾਂ ਦਾਰ ਰੁੱਖ ਹੇਠਾਂ ਕੁਝ ਪਲ  ਰੁਕ ਕੇ  ਆਰਾਮ ਕਰਨਾ ਨਾ ਭੁੱਲਦਾ।

ਹੁਣ ਇਹ ਤਾਂ ਜਿਵੇਂ ਉਸ ਦੀ ਆਦਤ ਹੀ ਬਣ ਗਈ ਸੀ।

ਪਰ ਕਈ ਵਾਰ ਮਜਬੂਰੀ ਵੱਸ ਉਸ ਨੂੰ ਕਿਸੇ ਕੰਮ ਤੋਂ ਵਾਪਸੀ ਵੇਲੇ ਅਕਸਰ ਦੇਰੀ ਹੋ ਜਾਂਦੀ ਸੀ ਤਾਂ ਰਸਤੇ ਵਿੱਚ ਉਸ ਲਈ ਮੁਸ਼ਕਲ ਹੋ ਜਾਂਦਾ।ਇਸੇ ਤਰਾਂ ਹੀ ਨਾਲ ਦੇ ਸ਼ਹਿਰ ਵਿੱਚ ਖਰੀਦੇ ਪਲਾਟ ਦੀ ਕਿਸ਼ਤ ਜਮਾ ਕਰਵਾ ਕੇ ਘਰ ਨੂੰ ਪੋਹ ਦੇ ਠੰਡੇ ਕਕਰੀਲੇ ,ਮਹੀਨੇ ਦੀਆਂ ਤ੍ਰਕਾਲਾਂ ਨੂੰ ਜਦੋਂ ਉਹ ਵਾਪਸ ਘਰ ਨੂੰ ਆ ਰਿਹਾ ਸੀ ਤਾਂ ਪੈਰ ਪੈਰ ਤੇ ਵੱਧ ਰਹੀ ਠੰਡ ਕਰਕੇ ਉਸ ਲਈ ਔਖਾ ਹੋ ਰਿਹਾ ਸੀ।

ਅੱਜ ਉਹ ਦਸਤਾਨੇ ਵੀ ਘਰ ਹੀ ਭੁੱਲ ਆਇਆ ਸੀ।ਨਾਲ ਹੀ ਧੁੰਦ ਵੀ ਆਪਣਾ  ਰੂਪ ਵਿਖਾਂਉਂਦੀ,ਪੈਰ ਪੈਰ ਸੰਘਣੀ ਹੁੰਦੀ ਜਾ ਰਹੀ ਸੀ। ਸਕੂਟਰ ਚਲਾਉਂਦਿਆਂ ਉਸ ਦੇ ਹੱਥ ਠੰਡ ਨਾਲ ਸੁੰਨ ਹੁੰਦੇ ਜਾ ਰਹੇ ਸਨ,ਤੇ ਉਸ ਨੂੰ ਡਰ ਸੀ ਕਿ ਕਿਤੇ ਸਕੂਟਰ ਦਾ ਹੈਂਡਲ ਉਸ ਦੇ ਕਾਬੂ ਤੋਂ ਬਾਹਰ ਹੋ ਜਾਣ ਕਰਕੇ ਕੋਈ ਹੋਰ ਬਿਪਤਾ ਨਾ ਖੜੀ ਹੋ ਜਾਵੇ।
ਇਸ ਲਈ ਉਹ ਜਾਂਦਿਆਂ ਜਾਂਦਿਆਂ ਏਧਰ ਓਧਰ ਕਿਸੇ ਢਾਬੇ ਦੀ ਭਾਲ ਵਿੱਚ ਸੀ,ਜਿੱਥੇ ਕੁਝ ਪਲ ਠਹਿਰ ਕੇ ਕੁਝ ਚਾਹ ਸ਼ਾਹ ਪੀਣ ਦੇ ਬਹਾਨੇ ਆਪਣੇ ਹੱਥ ਗਰਮ ਕਰ ਲਏ,ਪਰ ਇਸ ਮੰਤਵ ਲਈ ਉਸ ਨੂੰ ਕੋਈ ਢਾਬਾ ਵੀ ਸੜਕ ਕਿਨਾਰੇ ਨਜਰ ਨਹੀਂ ਆ ਰਿਹਾ ਸੀ।

ਅਜੇ ਉਹ ਥੋੜ੍ਰੀ ਹੀ ਦੂਰ ਗਿਆ ਸੀ ਕਿ ਉਸ ਨੂੰ ਸੜਕ ਦੇ  ਕਿਨਾਰੇ ਇਕ ਸਾਦ ਮੁਰਾਦਾ ਘਰ ਨਜ਼ਰ ਆਇਆ,ਜੋ ਵੇਖਣ ਕਿਸੇ ਕਿਸਾਨ ਦਾ ਘਰ ਜਾਪਦਾ  ਸੀ।
ਸੂਰਜ ਦੀ ਟਿੱਕੀ ਲਾਲ ਆਪਣਾ ਸੂਹਾ ਰੰਗ ਵਿਖਾ ਕੇ  ਹੁਣ ਹੋਲੀ ਹੋਲੀ,ਪੱਛਮ ਦਿਸ਼ਾ ਵੱਲ ਸਰਕਦੀ ਜਾ ਰਹੀ ਸੀ।

ਸੜਕ ਦੇ ਕਿਨਾਰੇ ਘਰ ਦੇ ਬਾਹਿਰ ਕੰਧ ਦੇ ਨਾਲ ਮਿੱਟੀ ਦੇ ਚੁਲ੍ਹੇ  ਵਿੱਚ ਅੱਗ ਬਾਲ ਕੇ ਉੱਪਰ ਤਵਾ ਰੱਖ ਕੇ ਇਕ ਅਧਖੜ ਉਮਰ ਦੀ ਤੀਂਵੀਂ ਲੱਕੜ ਦੀ ਚੋਂਕੀ ਤੇ ਬੈਠੀ  ਰੋਟੀਆਂ ਪਕਾ ਰਹੀ ਸੀ,ਚੁਲ੍ਹੇ ਵਿੱਚੋਂ ਧੂਆਂ ਧੁੰਦ ਨਾਲ ਜੂਝਦੇ ਅਸਮਾਨ ਵੱਲ ਨੂੰ ਜਾ ਰਿਹਾ ਸੀ ਤੇ ਅੱਗ ਦੇ ਘਟਦੇ ਵੱਧਦੇ ਭਾਂਬੜਾਂ ਨੂੰ ਵੇਖ ਕੇ ਉਸ ਦਾ ਮਨ ਅੱਗ ਸੇਕਣ ਨੂੰ ਮਚਲ ਰਿਹਾ ਸੀ।

ਉਸ ਨੇ ਸਕੂਟਰ ਰੋਕ ਤਾਂ ਲਿਆ ਪਰ ਘਰ ਤੋਂ ਬਾਹਰ ਕੱਲੀ ਕਾਹਰੀ  ਤੀਵੀਂ ਵੇਖ ਕੇ ਉਸ ਨੂੰ ਆਪਣੀ ਸਮੱਮਿਆ ਦੱਸਣੋਂ ਵੀ ਉਹ  ਝਿਜਕ ਰਿਹਾ ਸੀ। ਆਖਰ ਆਪਣੀ ਹਾਲਤ ਵੇਖਦਿਆਂ ਉਸ ਨੇ  ਹੌਸਲਾ ਕਰ ਕੇ ਕਿਹਾ ਭੈਣ ਜੀ ਠੰਡ ਬਹੁਤ ਲੱਗ  ਰਹੀ ਹੈ ਕੀ ਮੈਂ ਏਥੇ ਕੁਝ ਪਲ ਰੁਕ ਸਕਦਾ ਹਾਂ।
ਭਲਾ ਹੋਵੇ ਉਸ ਨੇਕ ਔਰਤ ਦਾ, ਉਹ ਉਸ ਦੀ ਗੱਲ ਸੁਣ ਕੇ ਬੜੇ ਸਹਿਜ ਭਾਅ ਨਾਲ ਕਹਿਣ ਲੱਗੀ , ਕੋਈ ਗੱਲ ਨਹੀਂ ਠਹਿਰੋ ਭਰਾ ਜੀ ਮੈਂ ਹੁਣੇ ਤੁਹਾਡਾ ਅੱਗ ਸੇਕਣ ਦਾ ਪ੍ਰਬੰਧ ਕਰ ਦੇਂਦੀ ਹਾਂ, ਤੇ ਘਰ ਵੱਲ ਉੱਚੀ ਆਵਾਜ਼ ਦੇ ਕੇ ਬੋਲੀ ਵੇ ਜੀਤੂ ਜਰਾ ਬਾਹਰ ਆ ਤੇ ਅੰਕਲ ਨੂੰ ਅੱਗ ਬਾਲ ਕੇ  ਅੱਗ ਸੇਕਣ ਦਾ ਪ੍ਰਬੰਧ ਕਰ ਦੇ, ਵੇਖੇਂ ਨਾ ਕਿਵੇਂ ਠੰਡ ਨਾਲ ਸੁੰਗੜੇ ਹੋਏ ਨੇ। ਉਸ ਨੇ ਝੱਟ ਇਕ ਪਾਸੇ ਖੁਲ੍ਹੇ ਥਾਂ ਤੇ ਕੁੱਝ ਇੱਟਾਂ ਰੱਖ ਕੇ  ਵਿੱਚ ਕੁੱਝ ਬਲਦੀਆਂ ਲੱਕੜਾਂ ਕੋਲ਼ੇ ਤੇ ਪਾਥੀਆਂ ਰੱਖ ਕੇ  ਅੱਗ ਸੇਕਣ ਦਾ ਪ੍ਰਬੰਧ ਕਰ ਦਿੱਤਾ।
ਅੱਗ ਦੇ ਸੇਕ ਨਾਲ ਉਸ ਦੀ ਹਾਲਤ ਕੁਝ ਠੀਕ ਹੋਈ ਤਾਂ ਏਨੇ ਨੂੰ ਪ੍ਰਿਵਾਰ ਦੇ ਜੀ ਵੀ ਕੰਮ ਕਰਦੇ ਬਾਹਰੋਂ  ਘਰ ਆਏ, ਤੇ ਉਸ ਨੂੰ ਵੇਖ ਕੇ ਕਹਿਣ ਲੱਗੇ ਕੇ ਭਾ ਜੀ ਠੰਡ ਬਹੁਤ ਹੈ ਅੱਜ ਆਪਣਾ ਘਰ ਜਾਣ ਕੇ ਏਥੇ ਹੀ  ਰਹੋ.ਜੋ ਰੁੱਖੇ ਮਿੱਸਾ ਹੈ ਹਾਜ਼ਰ ਹੈ।ਉਹ ਉਨ੍ਹਾਂ ਦੀ ਇਸ ਫਰਾਖ ਦਿਲੀ ਤੇ ਬਹੁਤ ਖੁਸ਼ ਹੋਇਆ।
ਉਹ ਆਪਣੀ ਮਜਬੂਰੀ ਦਸ ਕੇ ਜਦ ਘਰ ਪੁੱਜਾ ਤਾਂ ਰਜਾਈ ਦੇ ਨਿੱਘ ਵਿੱਚ ਪਿਆਂ ਤੇ ਹੋਰ ਸੁੱਖ ਸਹੂਲਤਾਂ ਹੋਣ ਤੇ  ਵੀ ਉਸ ਨੂੰ ਉਸ ਸਾਦ ਮੁਰਾਦੇ ਸਿੱਧੇ ਪੱਧਰੇ ਘਰ ਪ੍ਰਿਵਾਰ ਦੇ ਜੀਆਂ ਦੇ ਨਿੱਘੇ  ਵਰਤਾਅ ਦੀ  ਯਾਦ ਵਾਰ ਵਾਰ ਆ ਰਹੀ ਸੀ।

ਮਹਾਦਾਨੀ
ਸੁਖਵਿੰਦਰ ਕੌਰ ‘ਹਰਿਆਓ’

ਭੂਰੋ ਅਤੇ ਭੋਲੀ ਸਰਦਾਰ ਕਰਨੈਲ ਸਿਓਂ ਦੇ ਖੇਤ ਵਿੱਚੋਂ ਖੜੇ ਕਣਕ ਦੇ ਗਾਹੜ ‘ਚੋਂ ਬੱਲੀਆਂ ਚੁੱਗ ਰਹੀਆਂ ਸਨ। ਇੰਨੇ ਨੂੰ ਕਰਨੈਲ ਸਿਓਂ ਆ ਗਿਆ। “ਨੀ ਆ ਕਿਹੜੀਆਂ ਤੁਸੀਂ, ਖੇਤ ‘ਚੋਂ ਬਾਹਰ ਨਿਕਲੋ। ਇੱਥੇ ਹੀ ਕਰੋ ਖਾਲੀ ਬੋਰੀਆਂ। ਕਿਵੇਂ ਉਜਾੜਾ ਕੀਤਾ ਐ। ਕੰਪਾਈਨ ਮਗਰੋਂ ਵੱਢ ਕੇ ਨਿਕਲਦੀ ਐ, ਕਤੀੜ ਪਹਿਲਾਂ ਆ ਜਾਂਦੀ ਐ”, ਕਰਨੈਲ ਸਿਓਂ ਨੇ ਦਬਕਾਉਂਦਿਆਂ ਕਿਹਾ।

“ਸਰਦਾਰਾ ਕਣਕ ਤਾਂ ਤੇਰੀ ਵੱਢੀ ਪਈ ਐ। ਤੇਰੇ ਕਾਹਦਾ ਘਾਟਾ, ਸਾਡੇ ਦੋ ਸੇਰ ਦਾਣੇ ਕੰਮ ਆ ਜਾਣਗੇ। ਤੈਨੂੰ ਜਵਾਕ ਵੀ ਅਸੀਸਾਂ ਦੇਣਗੇ”, ਭੂਰੋ ਨੇ ਤਰਲੇ ਨਾਲ ਕਿਹਾ।

“ਸਿਟੋ ਬੋਰੀਆਂ, ਜਾਤ ਕਿਹੜਾ ਸੁਣਦੀ ਹੈਗੀ। ਤੁਸੀਂ ਬੀਜ ਕੇ ਗਈਆਂ ਸੀ। ਦਿਹਾੜੀ ਕਰਕੇ ਖਾਵੋ। ਬਾਹਰ ਨਿਕਲੋ…”, ਕਰਨੈਲ ਸਿਓਂ ਨੇ ਗੁੱਸੇ ਨਾਲ ਕਿਹਾ। ਭੁਰੋ ਤੇ ਭੋਲੀ ਨੇ ਬੋਰੀਆਂ ਵਿਚਲੀਆਂ ਬੱਲੀਆਂ ਉੱਥੇ ਹੀ ਢੇਰੀ ਕਰ ਦਿੱਤੀਆਂ।

“ਨਹੀਂ ਭੋਲੀ ਕੱਲ੍ਹ ਗੁਰਦੁਆਰੇ ਬਾਬਾ ਬੋਲਿਆ ਸੀ ਬਈ ਕਰਨੈਲ ਸਿਓਂ ਨੇ ਗੁਰਦੂਆਰੇ ਪੰਜ ਕੁਆਂਟਲ ਕਣਕ ਦਾਨ ਕੀਤੀ ਐ। ਜੇ ਆਪਣੀਆਂ ਚੁੱਗੀਆਂ ਬੱਲੀਆਂ ਆਪਾਂ ਨੂੰ ਹੀ ਦੇ ਦਿੰਦਾ ਆਪਣੇ ਢਿੱਡ ਵੀ ਅਸੀਸਾਂ ਦਿੰਦੇ”।

“ਨੀ ਭੂਰੋ ਤੂੰ ਤਾਂ ਕਮਲੀ ਐ। ਹੁਣ ਉਹ ਲੋਕ ਨਾ ਰਹੇ। ਚੌਧਰ ਦਾ ਟੈਮ ਐ। ਗੁਰਦੁਆਰੇ ਕਣਕ ਤਾਂ ਦਿੱਤੀ ਉੱਥੇ ਤਾਂ ਸਰਦਾਰ ਦਾ ਨਾਂਓ ਪੱਥਰ ‘ਤੇ ਲਿਖਿਆ ਆ ਜਾਵੇਗਾ। ਆਪਣੀਆਂ ਅਸੀਸਾਂ ਦਾ ਉਹਨੇ ਅਚਾਰ ਪਾਣਾ। ਆਪਾਂ ਗਰੀਬ, ਉੱਥੇ ਸਾਰੀ ਦੁਨੀਆ ‘ਚ ਦਾਨੀ ਕਹਾਉਣਾ। ਪੱਥਰ ‘ਤੇ ਨਾਂਓ ਸਾਰੀ ਦੁਨੀਆ ਪੜ੍ਹੇਗੀ ਤੇ ਆਪਾਂ ਨੂੰ ਤਾਂ ਰੇਤੇ ‘ਤੇ ਵੀ ਨਹੀਂ ਲਿਖਣਾ ਆਉਂਦਾ। ਤੁਰ ਆ ਚੁਪ ਕਰਕੇ, ਰੱਬ ਤੇ ਡੋਰੀਆਂ ਰੱਖ”, ਭੋਲੀ ਨੇ ਕਿਹਾ।

"ਨੀ ਰੱਬ ਕਿਹੜਾ… ਹੁਣ ਤਾਂ ਰੱਬ ਵੀ ਪੱਥਰਾਂ ਤੇ ਨਾਂਓ ਪੜ੍ਹ ਕੇ ਹੀ ਭਲਾ ਕਰਦਾ ਐ। ਰੱਬ ਤਾਂ ਖਰੀਦ ਲਿਆ ਇਨ੍ਹਾਂ ਪੈਸੇ ਵਾਲਿਆਂ ਨੇ”, ਭੂਰੋ ਨੇ ਉੱਥੇ ਖਾਲੀ ਬੋਰੀ ਸੁੱਟਦਿਆਂ ਕਿਹਾ ‘ਤੇ ਪੈਰ ਘਸੀੜਦੀ ਹੋਈ ਪਿੰਡ ਵੱਲ ਤੁਰ ਪਈ।
ਸੁਖਵਿੰਦਰ ਕੌਰ ‘ਹਰਿਆਓ’
ਉਭੱਵਾਲ, ਸੰਗਰੂਰ8427405492


ਹੰਝੂ ਬਣੇ ਸੁਪਨੇ

ਸੁਖਵਿੰਦਰ ਕੌਰ ‘ਹਰਿਆਓ’

ਰਾਣੋ ਤੋਂ ਮਕਾਨ ਮਾਲਕਣ ਨੇ ਘਰ ਦੀ ਸਫ਼ਾਈ ਕਰਵਾਈ। ਜਾਣ ਲੱਗਿਆਂ ਦੀਵਾਲੀ ਮਨਾਉਣ ਖ਼ਾਤਿਰ ਪੰਜ ਸੌ ਰੁਪਏ ਰਾਣੋ ਨੂੰ ਦੇ ਦਿੱਤੇ। ਰਾਣੋ ਸਾਰੇ ਰਾਹ ਹੱਥ ‘ਚ ਨੋਟ ਨੂੰ ਘੁੱਟ-ਘੁੱਟ ਫੜੀ ਖਿਆਲਾਂ ਵਿੱਚ ਡੁੱਬਦੀ ਜਾ ਰਹੀ ਸੀ। ਉਹ ਇਕੱਲੀ ਹੀ ਮੁਸਕਰਾਉਂਦੀ ਹੋਈ ਸੋਚ ਰਹੀ ਸੀ, ‘ਚਲੋ ਬੀਬੀ ਧੀ ਦਾ ਸੋਹਣਾ ਜਿਹਾ ਸੂਟ ਆ ਜਊ, ਰਾਜੂ ਦੀਆਂ ਚੱਪਲਾਂ ਵੀ ਟੁੱਟੀਆਂ ਪਈਆਂ ਨੇ, ਨਵੀਆਂ ਚੱਪਲਾਂ ਪਾ ਕੇ ਖੁਸ਼ ਹੋ ਜਊ। ਰਹਿੰਦੇ ਪੈਸਿਆਂ ਦੇ ਦੀਵਾਲੀ ਵਾਲੇ ਦਿਨ ਲੱਡੂ ਲਿਆ ਦੇਵਾਂਗੀ। ਕੋਈ ਵਧੀਆ ਜਿਹੀ ਸਬਜੀ ਵੀ ਲੈ ਆਵਾਂਗੀ, ਬਾਲ ਵਿਚਾਰੇ ਰੋਜ਼ ਚੱਟਣੀ ਤੇ ਅਚਾਰ ਨਾਲ ਖਾਂਦੇ ਆ’। ਸੋਚਾਂ ਸੋਚਦਿਆਂ ਰਾਣੋ ਘਰ ਪਹੁੰਚ ਗਈ।

ਰਾਜੂ ਤੇ ਦੀਪੀ ਮਾਂ ਨੂੰ ਵੇਖ ਕੇ ਖੁਸ਼ ਹੋ ਗਏ। ਉਸ ਨੇ ਆਪਣੇ ਬੱਚਿਆਂ ਨੂੰ ਪੰਜ ਸੌ ਦਾ ਨੋਟ ਖੁਸ਼ੀ-ਖੁਸ਼ੀ ਵਿਖਾਇਆ। ਇੰਨੇ ਨੂੰ ਉਸ ਦਾ ਘਰਵਾਲਾ ਉਠਿਆ ਤੇ ਰਾਣੋ ਦੇ ਹੱਥਾਂ ‘ਚੋਂ ਪੰਜ ਸੌ ਦਾ ਨੋਟ ਖੋਹ ਕੇ ਬਾਹਰ ਵੱਲ ਤੁਰ ਗਿਆ। ਰਣੋ ਰੌਂਦੀ ਕਲਪਦੀ ਦਰਵਾਜੇ ਤੱਕ ਪੈਸੇ ਫੜਨ ਲਈ ਭੱਜੀ, ਪਰ ਉਹ ਰਾਣੋ ਨੂੰ ਧੱਕਾ ਦੇ ਕੇ ਸੁਟ ਗਿਆ। ਦਸ ਕੁ ਮਿੰਟਾਂ ਬਾਅਦ ਮਹਿੰਗੀ ਸ਼ਰਾਬ ਲੈ ਕੇ ਘਰ ਮੁੜਿਆ। ਮੇਜ਼ ‘ਤੇ ਧਰਕੇ ਗ਼ਲਾਸ ‘ਚ ਸ਼ਰਾਬ ਪਾ ਕੇ ਪੀਣ ਲੱਗਾ। ਰਾਣੋ ਬੱਚਿਆਂ ਨੂੰ ਕਲਾਵੇ ‘ਚ ਲੈ ਕੇ ਇਹ ਸਭ ਵੇਖਦੀ ਰਹੀ। ਉਸਨੂੰ ਲੱਗਿਆ ਜਿਵੇਂ ਉਸਦਾ ਪਤੀ ਰਾਣੋ ਤੇ ਬੱਚਿਆਂ ਦੀਆਂ ਰੀਝਾਂ ਨੂੰ ਗਟਾ-ਗਟ ਪੀ ਰਿਹਾ ਹੋਵੇ। ਰਾਣੋ ਦੇ ਸੁਪਨੇ ਉਸ ਦੀਆਂ ਅੱਖਾਂ ‘ਚੋਂ ਹੰਝੂ ਬਣ ਵਹਿ ਤੁਰੇ…।

ਸੁਖਵਿੰਦਰ ਕੌਰ ‘ਹਰਿਆਓ’
ਉਭੱਵਾਲ, ਸੰਗਰੂਰ
8427405492
03/04/2022

ਜੇ ਤੁਸੀਂ ਕਹਿੰਦੇ ਓ ਤਾਂ
ਰਵੇਲ ਸਿੰਘ

ਇੱਕ ਦਿਨ ਮੈਨੂੰ ਬੇਟੇ ਦਾ ਬਾਹਰੋਂ ਫੋਨ ਆਇਆ ਕਿ ਅਸਾਂ ਦੋਹਾਂ ਜੀਆਂ ਨੇ ਪੁਲਸ ਰੀਪੋਰਟ ਐਪਲਾਈ ਕੀਤੀ ਹੋਈ ਹੈ, ਖਿਆਲ ਰੱਖਣਾ,ਅਤੇ ਵੇਲੇ ਸਿਰ ਰੀਪੋਰਟ ਕਰਵਾ ਦੇਣੀ।
ਇੱਕ ਦਿਨ ਠਾਣਿਉਂ ਫੋਨ ਆਇਆ ਕਿ ਤੁਹਾਡੀ ਨੂੰਹ ਦੇ ਕਾਗਜ਼ਾਤ ਪੁਲਿਸ ਦੀ ਵੈਰੀਫੀਕੇਸ਼ਨ ਬਾਰੇ ਆਏ ਹੋਏ ਹਨ ਮੈਂ ਲੈ ਕੇ ਜ਼ਰੂਰੀ ਕਾਰਵਾਈ ਕਰਨ ਲਈ ਆ ਰਿਹਾ ਹਾਂ , ਤੁਸੀਂ ਘਰ ਹੀ ਰਹਿਣਾ,ਮੈਂ ਆਪਣੇ ਭਰਾ ਨਾਲ ਗੱਲ ਕੀਤੀ ਉਹ ਕਹਿਣ ਲੱਗਾ ਕਿ ਦੋਹਾਂ ਦੀ ਇਕੱਠੀ ਆ ਜਾਣ ਦੇਣੀ ਸੀ , ਇਨ੍ਹਾਂ ਨੇ ਇੱਕ ਲਈ ਵੀ 500 ਰੁਪੈ ਲੈਣੇ ਹਨ ਤੇ ਦੋਹਵਾਂ ਲਈ ਵੀ ਓਨੇ ਹੀ ਲੈਣੇ ਹਨ।ਮੈਂ ਫੋਨ ਤੇ ਫੋਨ ਕਰਨ ਵਾਲੇ  ਨੂੰ ਦੁਬਾਰਾ ਪੁੱਛਿਆ ਤਾਂ ਉਹ ਕਹਿਣ ਲੱਗਾ ਕੇ ਮੇਰੇ ਪਾਸ ਤਾਂ ਅਜੇ ਸਿੱਰਫ ਇੱਕੋ ਦੀ ਆਈ ਹੈ।
ਉਹ ਥੋੜ੍ਹੀ ਦੇਰ ਬਾਅਦ ਉਹ ਮੇਰੇ ਘਰ ਆ ਗਿਆ।ਜੋ ਮੇਰੇ ਨਾਲ ਦੇ ਪਿੰਡ ਦਾ ਹੀ ਰਹਿਣ ਵਾਲਾ ਸੀ। ਲੋੜੀਂਦੇ ਸਬੂਤ ਲੈਣ ਤੋਂ ਬਾਅਦ ਜਦੋਂ ਮੈਂ ਉਸ ਨੂੰ 500 ਦਾ ਨੋਟ ਦੇਣ ਲੱਗਾ ਤਾਂ ਉਹ ਹੱਸਦਾ ਹੋਇਆ ਮੇਰੇ ਭਰਾ ਵੱਲ ਝਾਕਦਾ ਹੋਇਆ ਕਹਿਣ ਲੱਗਾ ਕਿ ਰਹਿਣ ਦਿਓ ਇਹ ਸਾਡੇ ਆਪਣੇ ਹੀ ਬੇੰਦੇ ਹਨ। ਮੈਂ ਨੋਟ ਟੇਬਲ ਤੇ ਹੀ ਪਿਆ ਰਹਿਣ ਦਿੱਤਾ।ਪੁਲਸ ਵਾਲਾ ਕਦੇ ਸਾਡੇ ਵੱਲ ਤੇ ਕਦੇ 500 ਦੇ ਨੋਟ ਵੱਲ ਵੇਖੀ ਜਾ ਰਿਹਾ ਸੀ ਮੈਂ ਉਸ ਦੀ ਨੀਯਤ ਨੂੰ ਭਾਂਪਦੇ ਹੋਏ ਕਿਹਾ ਕਿ ਲਓ ਰੱਖ ਲਓ ਤਾਂ ਉਸ ਨੇ ਇਹ ਕਹਿੰਦੇ ਹੋਏ ਨੋਟ ਫੜ ਕੇ ਜੇਬ ਵਿੱਚ ਪਾਉੰਦੇ ਕਿਹਾ ” ਚੰਗਾ ਜੇ ਤੁਸੀਂ ਕਹਿੰਦੇ ਓ ਤਾਂ ਲੈ ਹੀ ਲੈਂਦੇ ਹਾਂ”।
ਮੈਂ ਕਦੇ ਆਪਣੀ ਮੂਰਖਤਾ ਵੱਲ ਅਤੇ ਕਦੇ ਉਸ ਦੀ ਚੁਸਤੀ ਬਾਰੇ ਸੋਚ ਰਿਹਾ ਸਾਂ।
29/01/22

ਮੁਰਗੀ
ਰੋਹਿਤ ਕੁਮਾਰ

ਅਰਾਮ ਨਾਲ ਆਪਣੇ ਕਮਰੇ ਵਿੱਚ ਬੈਠੀ ਤਮੰਨਾ ਦਾ ਧਿਆਨ ਉਸ ਵਕਤ ਟੁੱਟਿਆ ਜਦੋਂ ਉਸਦੇ ਕੰਨਾਂ ਵਿੱਚ ਹਲਕੀ-ਹਲਕੀ ਕਿਸੇ ਦੇ ਰੋਣੇ ਦੀ ਅਵਾਜ਼ ਪੈ ਰਹੀ ਸੀ। ਕੁਝ ਦੇਰ ਤਮੰਨਾ ਆਪਣੇ ਮਨ ਦੇ ਵਿੱਚ ਹੀ ਅੰਦਾਜ਼ਾ ਲਗਾਉਂਦੀ ਰਹੀ ਫਿਰ ਉਹ ਆਪਣੇ ਪਲੰਘ ਤੋਂ ਉੱਠੀ ਅਤੇ ਕਮਰੇ ਵਿੱਚੋਂ ਬਾਹਰ ਆ ਗਈ। ਜਦ ਉਸਨੇ ਕਮਰੇ ਵਿੱਚੋਂ ਬਾਹਰ ਆ ਕੇ ਉਸੇ ਸੇਧ ਵਿੱਚ ਤੁਰਨਾ ਸ਼ੁਰੂ ਕੀਤਾ ਜਿਧਰੋਂ ਉਹੋ ਰੋਣੇ ਦੀ ਅਵਾਜ਼ ਉਸਦੇ ਕੰਨਾਂ ਵਿੱਚ ਹਜੇ ਵੀ ਪਈ ਜਾ ਰਹੀ ਸੀ। ਇੱਕ ਕਮਰੇ ਦੇ ਮੋਹਰੇ ਜਾ ਕੇ ਅਚਾਨਕ ਤਮੰਨਾ ਰੁਕ ਗਈ ਜਦ ਉਸਨੇ ਸਾਹਮਣੇ ਦੇਖਿਆ ਤਾਂ ਇੱਕ 13-14 ਸਾਲ ਦੀ ਕੁੜੀ ਪਾਣੀ ਵਾਲੇ ਟੱਬ ਵਿੱਚ ਪੈਰਾਂ ਭਾਰ ਬੈਠੀ ਹੋਈ ਸੀ।
                ਇਸ ਦ੍ਰਿਸ਼ ਨੂੰ ਦੇਖਕੇ ਤਮੰਨਾ ਨੂੰ ਰਾਤੀਂ ਕੁੜੀਆਂ ਵੱਲੋਂ ਦੱਸੀ ਇਹ ਗੱਲ ਚੇਤੇ ਆ ਗਈ ਕਿ 'ਕੋਠੇ ਤੇ ਇੱਕ ਨਵੀਂ ਕੁੜੀ ਲਿਆਂਦੀ ਗਈ ਹੈ।' ਤਮੰਨਾ ਨੇ ਜਦ ਹੋਰ ਅੱਗੇ ਜਾ ਕੇ ਦੇਖਿਆ ਤਾਂ ਪਾਣੀ ਦਾ ਉਹ ਟੱਬ ਜਿਸ ਵਿੱਚ ਕੁੜੀ ਬੈਠੀ ਸੀ ਜਾਂ ਬਿਠਾਈ ਗਈ ਸੀ ਪੂਰਾ ਲਾਲ ਰੰਗ ਨਾਲ ਭਰ ਗਿਆ ਸੀ ਇਸ ਲਾਲ ਪਾਣੀ ਨੂੰ ਦੇਖ ਕੇ ਤਮੰਨਾ ਨੇ ਘੁੱਟ ਕੇ ਅੱਖਾਂ ਬੰਦ ਕਰ ਲਈਆਂ ਪਲ ਮਗਰੋਂ ਜਦ ਉਸਨੇ ਅੱਖਾਂ ਖੋਹਲ ਕੇ ਦੇਖਿਆ ਤਾਂ ਟੱਬ ਦੇ ਅੰਦਰਲਾ ਪਾਣੀ ਉਵੇਂ ਦਾ ਉਵੇਂ ਲਾਲ ਰੰਗ ਦਾ ਹੀ ਸੀ। ਫਿਰ ਤਮੰਨਾ ਨੇ ਬਾਂਹ ਤੋਂ ਫੜ ਕੇ ਉਸ ਪਾਣੀ ਵਿੱਚ ਬੈਠੀ ਕੁੜੀ ਨੂੰ ਬਾਹਰ ਕੱਢਣਾ ਚਾਹਿਆ ਪਰ ਡਰੀ-ਡਰੀ ਤੇ ਸਹਿਮੀ ਜਿਹੀ ਹੋਣ ਕਰਕੇ ਕੁਝ ਝਕਦੀ ਹੋਈ ਉਹ ਬਾਹਰ ਨਿਕਲੀ ਤਾਂ ਤਮੰਨਾ ਨੇ ਬੈਂਚ ਦੇ ਉਪਰ ਬਿਛੇ ਇੱਕ ਕੱਪੜੇ ਨੂੰ ਚੁੱਕ ਕੇ ਉਸਦੇ ਨੰਗੇ ਸਰੀਰ ਤੇ ਲਪੇਟ ਦਿੱਤਾ। ਜਦ ਨੂੰ ਪਿੱਛਿਓਂ ਪਾਨ ਹੱਥ ਵਿੱਚ ਫੜੀ ਖਾਲਾ ਆ ਗਈ।
                'ਇਹ ਤਮੰਨਾ ਕੀ ਕਰਦੀਂ ਇੱਥੇ ਚੱਲ ਆਪਣੇ ਕਮਰੇ ਵਿੱਚ ਨਾਲੇ ਕੁੜੀਏ ਮੁੱਕਿਆ ਨੀ ਤੇਰਾ ਰੌਣਾ-ਧੋਣਾ?
                ''ਖਾਲਾ ਉਸ ਨੂੰ ਦਰਦ ਹੋ ਰਹੀ ਹੈ ਸਮਝੋ ਗੱਲ ਨੂੰ ਅਰਾਮ ਕਰਨ ਦਿਊ ਇਸਨੂੰ.....
                'ਅਰਾਮ-ਅਰੂਮ ਕੋਈ ਨੀ ਸੇਠ ਪਸੰਦ ਕਰਕੇ ਗਿਆ ਇਹਨੂੰ ਅਗਲਾ 1500 ਦੇ ਗਿਆ......
                ''ਪਰ ਮਾਸੀ ਉਸਦੀ ਸਿਹਤ ਤੇ ਨਾਲ ਇਹ ਖੂਨ....
                ''ਬਸ-ਬਸ ਇਹ ਕੁਝ ਨੀ ਪਤਾ ਮੈਨੂੰ ਕੁੜੀਏ ਤਿਆਰ ਰਹਿ ਤੂੰ।
                ਜਾਂਦੀ ਹੋਈ ਖਾਲਾ ਨੂੰ ਦੇਖ ਕੇ ਤਮੰਨਾ ਨੇ ਦੰਦ ਕਿਰਚੇ 'ਮੁਰਗੀਆਂ ਵਾਂਗੂ ਕਦੇ ਦਾਣਾ ਪਾ ਦਿੰਦੀ ਆ ਕਦੇ ਧੌਣ ਮਰੋੜ ਦਿੰਦੀ ਆ।'
 13/12/2021
ਸੰਪਰਕ:- +91 8427447434


ਕਲੰਕ

ਰੋਹਿਤ ਕੁਮਾਰ
               
ਜਿੱਦਾਂ ਹੀ ਦਗੜ-ਦਗੜ ਦੀ ਅਵਾਜ਼ ਅੰਜਨਾ ਦੇ ਕੰਨਾਂ ਵਿੱਚ ਪਈ ਤਾਂ ਉਸਨੂੰ ਕੁਛ ਹੀ ਪਲਾਂ ਵਿੱਚ ਪਤਾ ਲੱਗ ਗਿਆ ਕੀ ਅੱਜ ਕੋਠੇ ਤੇ ਪੁਲਿਸ ਦੀ ਰੇਡ ਪੈ ਗਈ ਸੀ। ਇਸ ਤਰਾਂ ਪਹਿਲਾਂ ਵੀ ਕਈ ਵਾਰ ਹੋ ਚੁੱਕਾ ਸੀ ਪੁਲਿਸ ਦੀ ਰੇਡ ਪੈਂਦੀ ਹੁੰਦੀ ਸੀ ਪਰ ਖਾਲਾ ਦਾ ਸ਼ਹਿਰ ਦੇ ਸੇਠਾਂ, ਸ਼ਾਹੂਕਾਰਾਂ ਅਤੇ ਨੇਤਾਵਾਂ ਨਾਲ ਅਸਲ-ਰਸ਼ੂਖ ਹੋਣ ਕਰਕੇ ਜਲਦੀ ਹੀ ਨਬੇੜਾ ਹੋ ਕੇ ਸਭ ਪਹਿਲਾਂ ਵਾਂਗੂੰ ਹੋ ਜਾਂਦਾ ਸੀ।
                ਹੁਣ ਵੀ ਜਦੋਂ ਪੁਲਿਸ ਦੀ ਰੇਡ ਪਈ ਤਾਂ ਪਲੰਗ ਤੇ ਲੰਮੀ ਪਈ ਅੰਜਨਾ ਨੇ ਫਟਾ-ਫਟ ਨਾਲ ਲੇਟਿਓ ਉਮੇਸ਼ ਨੂੰ ਉਠਾਇਆ ਤਾਂ ਫਟਾ-ਫਟ ਉਸਨੂੰ ਸਾਰੀ ਗੱਲ ਸਮਝਾ ਦਿੱਤੀ। ਸੁਣਦੇ ਸਾਰ ਉਮੇਸ਼ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿਉਂਕਿ ਅੰਜਨਾ ਨੇ ਉਹਲੇ ਹੋ ਕੇ ਦੇਖ ਲਿਆ ਸੀ ਕਿ ਪੁਲਿਸ ਵਾਲੇ ਆਏ ਹੋਏ ਗਾਹਕਾਂ ਨੂੰ ਵੀ ਦਬੋਜ ਕੇ ਜੀਪ ਵਿੱਚ ਬਿਠਾਈ ਜਾ ਰਹੇ ਹਨ।
                ਫਿਰ ਅੰਜਨਾ ਅੱਖ ਬਚਾ ਕੇ ਉਮੇਸ਼ ਨੂੰ ਨਾਲ ਲੈ ਕੇ ਫਟਾ-ਫਟ ਕਮਰੇ ਵਿੱਚੋਂ ਨਿਕਲ ਗਈ ਤੇ ਪਿਛਲੇ ਪਾਸੇ ਵੱਲ ਚਲੀ ਗਈ। ਕਮਰਿਆਂ ਤੋਂ ਦੂਰ ਇਸ ਜਗਾਹ ਵਿੱਚ ਫਾਲਤੂ ਸਮਾਨ ਰੱਖਿਆ ਹੋਇਆ ਸੀ। ਅੰਜਨਾ ਨੇ ਇੱਕ ਅਲਮਾਰੀ ਨੂੰ ਧੱਕਾ ਲਾਉਣਾ ਸ਼ੁਰੂ ਕਰ ਦਿੱਤਾ। ਜਦ ਉਹ ਅਲਮਾਰੀ ਨੂੰ ਪਾਸੇ ਕਰ ਹਟੇ ਤਾਂ ਨੀਵਾਂ ਜਿਹਾ ਇੱਕ ਦਰਵਾਜ਼ਾ ਸੀ ਕੋਠੇ ਤੋਂ ਪਿਛਲੀ ਗਲੀ ਵੱਲ ਖੁੱਲਦਾ ਸੀ ਉਸ ਦਰਵਾਜ਼ੇ ਵੱਲ ਦੇਖ ਕੇ ਅੰਜਨਾ ਨੇ ਉਮੇਸ਼ ਨੂੰ ਲੰਘ ਜਾਣ ਲਈ ਕਿਹਾ। ''ਛੇਤੀ ਕਰੋ ਇਹ ਦਰਵਾਜ਼ਾ ਬਾਹਰ ਵੱਲ ਜਾਂਦਾ ਜਾਓ।
                'ਪਰ ਅੰਜਨਾ ਤੂੰ ਵੀ ਚੱਲ ਤੈਨੂੰ ਵੀ ਮੌਕਾ ਇੱਥੋਂ ਭੱਜ ਨਿਕਲ ਕਿਤੇ।
                ''ਨਹੀਂ ਮੈਂ ਨਹੀਂ ਜਾ ਸਕਦੀ ਨਾਲੇ ਇਸ ਦਰਵਾਜ਼ੇ ਦਾ ਕਿਸੇ ਨੂੰ ਵੀ ਨੀ ਪਤਾ ਮੈਨੂੰ ਤਾਂ ਕਿਸੇ ਨੌਕਰਾਣੀ ਨੇ ਦੱਸਿਆ ਸੀ ਅੱਜ ਕੰਮ ਆ ਗਿਆ।
                ''ਫਿਰ ਤੂੰ ਇਸ ਨੂੰ ਆਪਣੇ ਭੱਜਣ ਲਈ ਕਿਉਂ ਨਹੀਂ ਵਰਤਿਆ?
                ''ਬਹੁਤੀਆਂ ਗੱਲਾਂ ਨਾ ਕਰੋ ਜਾਉ ਤੁਸੀਂ ਜੇ ਫੜੇ ਗਏ ਤਾਂ ਬਦਨਾਮ ਹੋ ਜਾਉਗੇ ਮੇਰੇ ਤਾਂ ਕਲੰਕ ਲੱਗਾ ਹੀ ਆ ਤੁਸੀਂ ਤਾਂ ਜਾਓ ਜਾਓ ਰੁਕੋ ਨਾ ਜਾਓ।
 ਸੰਪਰਕ-+91 8427447434
15/07/2021
 


ਮੇਰਾ ਉਜੜਦਾ ਦੇਸ

ਡਾ.ਬਲਦੇਵ ਸਿੰਘ ਖਹਿਰਾ

ਵਰਿੰਦਰਪਾਲ ਨੇ ਬੈੱਡ ’ਤੇ ਬੈਠਦਿਆਂ ਬੇਸਮੈਂਟ ਦੀ ਦਿੱਖ ਅਤੇ ਖਾਣ-ਪੀਣ ਦੀਆਂ ਚੀਜ਼ਾਂ ਦਾ ਜ਼ਾਇਜ਼ਾ ਲੈਂਦਿਆਂ ਸੋਚਿਆ ਕਿ ਅਜਮੇਰ ਪਹੁੰਚਣ ਵਾਲਾ ਹੀ ਹੋਣੈ। ਤਦੇ ਹਲਕੀ ਜਿਹੀ ਦਸਤਕ ਹੋਈ ਤੇ ਉਹਨੇ ਤੁਰੰਤ ਬੂਹਾ ਖੋਲ੍ਹ ਕੇ ਆਪਣੇ ਬਚਪਨ ਦੇ ਯਾਰ ਤੇ ਸਹਿਪਾਠੀ ਨੂੰ ਬਾਹਾਂ ਖੋਲ੍ਹ ਕੇ ਜੱਫੀ ਵਿੱਚ ਘੁੱਟ ਲਿਆ। ਕਿੰਨੇ ਚਿਰ ਬਾਅਦ ਉਸਦੇ ਮੂੰਹੋਂ ਨਿੱਕਲਿਆ, “ ਸ਼ੁਕਰ ਐ ਰੱਬਾ! ਏਸ ਕਨੇਡਾ ਦੀ ਧਰਤੀ ’ਤੇ ਮੈਨੂੰ ਮੇਰਾ ਵਿਛੜਿਆ ਯਾਰ ਮਿਲਾ’ਤਾ”

ਅਜਮੇਰ ਵੀ ਡਾਢਾ ਖੁਸ਼ ਸੀ, ਉਹਨੂੰ ਬੈੱਡ ਉੱਤੇ ਬਿਠਾਉਂਦਿਆਂ ਵਰਿੰਦਰ ਬੋਲਿਆ,
“ ਸਫਰ ’ਚ ਥੱਕ ਗਿਆ ਹੋਵੇਂਗਾ, ਪਹਿਲਾਂ ਦੱਸ ਜੂਸ ਜਾਂ ਚਾਹ ਕੀ ਪੀਏਂਗਾ?”
“ ਥਕਾਵਟ ਤਾਂ ਮਿੱਤਰਾ! ਤੈਨੂੰ ਦੇਖ ਕੇ ਈ ਲੱਥ ਗਈ, ਬਸ ਪਾਣੀ ਦਾ ਗਲਾਸ..”

ਪਾਣੀ ਦੇਖਦਿਆਂ ਹੀ ਉਹਦੀਆਂ ਅੱਖਾਂ ਵਿੱਚ ਚਮਕ ਆ ਗਈ, “ ਆ ਹਾ ਪਾਣੀ!..” ਕਹਿਕੇ ਇਕੋ ਡੀਕ ਨਾਲ ਗਲਾਸ ਖਾਲੀ ਕਰਦਾ ਬੋਲਿਆ,“ ਇਹ ਪਾਣੀ ਤਾਂ ਸਾਡੇ ਲਈ ਵਡਮੁੱਲੀ ਦਾਤ ਬਣ ਗਈ ਐ, ਲਿਆ ਯਾਰ, ਹੋਰ ਲਿਆ..”
“ ਤਿਹਾਏ ਜੱਟ ਕਟੋਰਾ ਲੱਭਾ, ਪਾਣੀ ਪੀ ਪੀ ਆਫਰਿਆ..”ਵਰਿੰਦਰ ਚਹਿਚਹਾਇਆ ਤੇ ਦੋਵੇਂ ਖਿੜਖਿੜਾ ਕੇ ਹੱਸ ਪਏ।

ਅਗਲੇ ਹੀ ਪਲ ਅਜਮੇਰ ਸੰਜੀਦਾ ਹੋ ਗਿਆ, “ ਕਾਫੀ ਚਿਰ ਪਹਿਲਾਂ ਕਿਸੇ ਸਾਇੰਸਦਾਨ ਨੇ ਭਵਿੱਖਬਾਣੀ ਕੀਤੀ ਸੀ ਕਿ ਪੰਜਾਬ ਮਾਰੂਥਲ ਬਣ ਜਾਏਗਾ, ਹੁਣ ਤਾਂ ਪਰਤੱਖ ਦਿਸਣ ਲੱਗ ਪਿਐ”
“ ਮਾਰੂਥਲ? ਤੇ ਉਹ ਵੀ ਪੰਜਾਬ? ਪੰਜਾਂ ਦਰਿਆਵਾਂ ਦੀ ਧਰਤੀ? ਇਹ ਕਿਵੇਂ ਹੋ ਸਕਦੈ?”
“ ਏਹੋ ਤਾਂ ਦੁੱਖ ਭਰੀ ਦਾਸਤਾਂ ਹੈ ਅਜਮੇਰ! ਤੈਨੂੰ ਕਿਹੜਾ ਪਤਾ ਨਹੀਂ? ਸਰਕਾਰਾਂ ਦੀਆਂ ਕੋਝੀਆਂ ਚਾਲਾਂ, ਪਹਿਲਾਂ ਪੰਜਾਬ ਦੇ ਦਰਿਆਵਾਂ ਦੇ ਪਾਣੀ ਵੱਡੀਆਂ ਨਹਿਰਾਂ ਰਾਹੀਂ ਰਾਜਸਥਾਨ ਤੇ ਹਰਿਆਣੇ ਨੂੰ ਦੇ ਦਿੱਤੇ, ਫਿਰ ਹਰੀ ਕਰਾਂਤੀ ਦੇ ਨਾਂ ’ਤੇ ਦੇਸ਼ ਦਾ ਢਿੱਡ ਭਰਨ ਲਈ ਪੰਜਾਬੀਆਂ ਨੂੰ ਉਹ ਫਸਲਾਂ ਬੀਜਣ ’ਤੇ ਲਾ ਦਿੱਤਾ ਜਿਹੜੀਆਂ ਅਸੀਂ ਬਹੁਤਾ ਕਰ ਕੇ ਖਾਂਦੇ ਵੀ ਨਹੀਂ, ਉਹਨਾਂ ਲਈ ਮਹਿੰਗੀਆਂ ਖਾਦਾਂ, ਕੀਟਨਾਸ਼ਕ ਦਵਾਈਆਂ ਆ’ਗੀਆਂ,”
“ ਹਾਂ ਇਹ ਸਭ ਤਾਂ ਮੈਂ ਵੀ ਦੇਖਿਆ, ਪਰ ਸਮਝ ਹੁਣ ਆ ਰਹੀ ਹੈ”ਵਰਿੰਦਰਪਾਲ ਨੇ ਹੁੰਗਾਰਾ ਭਰਿਆ।

“ ਬਸ ਯਾਰਾ! ਇਸ ਵਰਤਾਰੇ ਨਾਲ ਖੇਤੀ ਦੇ ਖਰਚੇ ਬਹੁਤ ਵਧ ਗਏ, ਫਸਲਾਂ ਵੇਚਣ ਦਾ ਮੁੱਲ ਉਨਾ ਮਿਲਿਆ ਕੋਈ ਨਾ, ਕਰਜ਼ਾਈ ਹੋਗੇ ਕਿਸਾਨ, ਧਾਨ ਨੂੰ ਪਾਣੀ ਦੇਣ ਲਈ ਦੂਹੋ ਦੂਹ ਚਲਦੀਆਂ ਮੋਟਰਾਂ, ਧਰਤੀ ਹੇਠਲਾ ਪਾਣੀ ਮੁੱਕਣ ਲੱਗਿਆ,ਹੁਣ ਤਾਂ ਦੂਜੇ ਪੱਤਣ ਦਾ ਪਾਣੀ ਵੀ ਮੁੱਕਣ ਵਾਲੈ, ”

ਵਰਿੰਦਰ ਸੁਣ ਕੇ ਸਕਤੇ ਵਿੱਚ ਆ ਗਿਆ।ਅਜਮੇਰ ਜਿਵੇਂ ਨੱਕੋ ਨੱਕ ਭਰਿਆ ਪਿਆ ਸੀ,
“ ਉਤੋਂ ਦ੍ਰਖਤ ਵੱਢ ਵੱਢ ਮੁਕਾ ’ਤੇ, ਫੈਕਟਰੀਆਂ ਦਾ ਗੰਦਾ ਪਾਣੀ, ਖੇਹ ਸੁਆਹ ਸਭ ਨਦੀਆਂ ਨਾਲਿਆਂ ’ਚ.. ਪੀਣ ਵਾਲਾ ਪਾਣੀ ਦੂਸ਼ਿਤ ਹੋ ਗਿਆ,ਕੈਂਸਰ ਫੈਲ ਗਿਆ, ਨਿੱਤ ਕੋਈ ਨਵੀਂ ਖਬਰ, ਮਾੜੀ ਤੋਂ ਮਾੜੀ..ਮੌਤਾਂ..ਖੁਦਕੁਸ਼ੀਆਂ..” ਅਜਮੇਰ ਦਾ ਹਉਕਾ ਨਿੱਕਲ ਗਿਆ।

ਵਰਿੰਦਰਪਾਲ ਉਹਦੇ ਮੋਢੇ ’ਤੇ ਹੱਥ ਧਰਦਾ ਬੋਲਿਆ, “ ਸੋਚਿਆ ਨਹੀਂ ਸੀ ਕਿ ਹਾਲਾਤ ਇਉਂ ਬਦ ਤੋਂ ਬਦਤਰ ਹੋ ਜਾਣਗੇ, ਚਲ ਛੱਡ, ਪਰਿਵਾਰ ਦੀ ਸੁਖਸਾਂਦ ਸੁਣਾ”
“ ਪਰਿਵਾਰ ਦੀ ਕੀ ਸੁਣਾਵਾਂ? ਪਿੰਡ ’ਚ ਪੀਣ ਦਾ ਪਾਣੀ ਨਹੀਂ ਰਿਹਾ, ਲੋਕੀ ਚਾਰ ਪੰਜ ਕਿਲੋਮੀਟਰ ’ਤੇ ਨਹਿਰ ਕੋਲ ਲੱਗੇ ਹੈਡਪੰਪ ਤੋਂ ਪਾਣੀ ਲਿਆਉਂਦੇ ਐ ਜਾਂ ਰੇੜ੍ਹੀ ਵਾਲਿਆਂ ਤੋਂ ਮੁੱਲ ਲੈਂਦੇ ਐ, ਮੇਰੀ ਮਾਂ ਮੇਰੇ ਦੋਵੇਂ ਭਤੀਜਿਆਂ ਨੂੰ ਲੈ ਕੇ ਦੁਰੇਡੇ ਜ਼ਿਲ੍ਹੇ ’ਚ ਪੈਂਦੇ ਆਵਦੇ ਪੇਕੇ ਚਲੀ ਗਈ, ਪਿੰਡ ਸਿਰਫ ਬਾਪੂ ਤੇ ਮੇਰਾ ਛੋਟਾ ਭਰਾ ਭਰਜਾਈ ਰਹਿ ਗਏ, ਵਰਿੰਦਰ! ਬਸ ਏਸੇ ਨੂੰ ਪਰਵਾਸ ਕਹਿੰਦੇ ਨੇ, ਮੇਰਾ ਦੇਸ ਉੱਜੜ ਰਿਹੈ” ਅਜਮੇਰ ਤੋਂ ਆਪਣਾ ਰੋਣਾ ਰੋਕਿਆ ਨਹੀਂ ਜਾ ਰਿਹਾ ਸੀ।
06/07/2021

ਡਾ: ਬਲਦੇਵ ਸਿੰਘ ਖਹਿਰਾ
12573, 70 ਏ ਐਵੇਨਿਊ,
ਸਰੀ, ਬ੍ਰਿਟਿਸ਼ ਕੋਲੰਬੀਆ
ਕੈਨੇਡਾ,        
001 236 518 5952


ਬਲੀ

ਰੋਹਿਤ ਕੁਮਾਰ
 
ਮਨੋਹਰ ਪਿਛਲੇ ਦੋ ਕੁ ਸਾਲਾਂ ਤੋਂ ਅੰਬਿਕਾ ਕੋਲ ਆਉਂਦਾ ਸੀ। ਜਦੋਂ ਤੋਂ ਅੰਬਿਕਾ ਦੇ ਪਲੰਘ ਤੇ ਆਉਣ ਲੱਗਾ ਸੀ ਉਸ ਦਿਨ ਤੋਂ ਬਾਅਦ ਮੁੜ ਕਿਸੇ ਨੇ ਮਨੋਹਰ ਨੂੰ ਨਾ ਤਾਂ ਕਿਸੇ ਹੋਰ ਕੁੜੀ ਨਾਲ ਗੱਲ ਕਰਦੇ ਦੇਖਿਆ ਸੀ ਤੇ ਨਾ ਹੀ ਕਿਸੇ ਹੋਰ ਕੁੜੀ ਦੇ ਕਮਰੇ ਵਿੱਚ ਉਸਦੇ ਪਲੰਘ ਤੇ ਦੇਖਿਆ ਸੀ। ਅੱਜ ਜਾਣ ਲੱਗੇ ਨੇ ਮਨੋਹਰ ਨੇ ਇੱਕ ਅਲੱਗ ਹੀ ਤਰਾਂ ਦੀ ਜ਼ਿਦ ਕੀਤੀ ਸੀ ਅੰਬਿਕਾ ਕੋਲ ''ਅੰਬਿਕਾ ਤੂੰ ਕੱਲ ਮੇਰੇ ਦੱਸੇ ਪਤੇ ਤੇ ਆਵੀਂ ਤੈਨੂੰ ਮੇਰੀ ਸਹੁੰ ਲੱਗੇ।'' ਪਤਾ ਨੀ ਕਿਉਂ ਪਰ ਨਾ ਚਾਹੁੰਦੇ ਹੋਏ ਵੀ ਅੰਬਿਕਾ ਖਾਲਾ ਨੂੰ ਬਿਨਾਂ ਦੱਸੇ ਹੀ ਅੱਖ ਬਚਾ ਕੇ ਨਾਲ ਦੀ ਕਿਸੇ ਕੁੜੀ ਨੂੰ ਦੱਸ ਕੇ ਬਾਹਰ ਚਲੀ ਗਈ।

ਜਦ ਅੰਬਿਕਾ ਮਨੋਹਰ ਦੇ ਦੱਸੇ ਹੋਏ ਪਤੇ ਤੇ ਗਈ ਤਾਂ ਉਸਨੇ ਦਰਵਾਜ਼ਾ ਖੜਕਾਇਆ ਅੰਦਰੋਂ ਮਨੋਹਰ ਨੇ ਖੋਲਿਆ ਤਾਂ ਸਾਹਮਣੇ ਦੇਖ ਕੇ ਅੰਬਿਕਾ ਦੇ ਹੋਸ਼ ਉਡ ਗਏ ਮੇਜ਼ ਦੇ ਆਲੇ-ਦੁਆਲੇ ਕਰੀਬ 10 ਜਣੇ ਬੈਠੇ ਦਾਰੂ ਪੀ ਰਹੇ ਸੀ। ਇਸ ਤੋਂ ਪਹਿਲਾਂ ਕੀ ਅੰਬਿਕਾ ਕੁਛ ਸਮਝ ਪਾਉਂਦੀ ਮਨੋਹਰ ਨੇ ਦਰਵਾਜ਼ੇ ਦੀ ਕੁੰਡੀ ਲਗਾ ਦਿੱਤੀ।

ਫਿਰ ਸਾਰੇ ਮੁੰਡੇ ਅਜ਼ੀਬੋ-ਗਰੀਬ ਤਰਾਂ ਦਾ ਹਾਸਾ ਹੱਸਣ ਲੱਗ ਪਏ ਤਾਂ ਅੰਬੀਕਾ ਦੇ ਸਿਰ ਨੂੰ ਚੱਕਰ ਆਉਣ ਲੱਗ ਪਏ ਉਹਨਾਂ ਵਿੱਚੋਂ ਇੱਕ ਮੁੰਡੇ ਨੇ ਸ਼ਰਾਬ ਦੇ ਦੋ ਤਿੰਨ ਗਲਾਸ ਅੰਬਿਕਾ ਦੇ ਉਪਰ ਡੋਲਤੇ ਫਿਰ ਸਾਰੇ ਤਾੜੀਆਂ ਮਾਰ-ਮਾਰ ਨੱਚਣ ਲੱਗ ਪਏ। ਉਸ ਵਕਤ ਅੰਬੀਕਾ ਦੇ ਪੈਰੋਂ ਜ਼ਮੀਨ ਨਿਕਲ ਗਈ ਜਦ ਮਨੋਹਰ ਦੇ ਕਹਿਣ ਤੇ ਇੱਕ ਮੁੰਡੇ ਨੇ ਅੰਬੀਕਾ ਦੀ ਸਾੜੀ ਦਾ ਲੜ ਖਿੱਚਣਾ ਸ਼ੁਰੂ ਕਰਤਾ ਸਾਰੇ ਅੰਬੀਕਾ ਦੇ ਇਰਦ-ਗਿਰਦ ਨੱਚਣ ਲੱਗ ਪਏ ਜਦ ਨੂੰ ਇੱਕ ਜ਼ੋਰਦਾਰ ਧੱਕਾ ਦਰਵਾਜ਼ੇ ਨੂੰ ਵੱਜਾ ਤੇ ਖਾਲਾ ਦੋ-ਚਾਰ ਹੱਟੇ ਕੱਟੇ ਬੰਦਿਆਂ ਨੂੰ ਲੈ ਕੇ ਅੰਦਰ ਆ ਗਈ ਜਿਸਨੂੰ ਦੇਖਕੇ ਅੰਬੀਕਾ ਦੀਆਂ ਅੱਖਾਂ ਵਿੱਚ ਚਮਕ ਆ ਗਈ ਤੇ ਉਸਨੇ ਅੱਧ-ਖੁੱਲੀ ਸਾੜੀ ਫਿਰ ਤੋਂ ਬੰਨ ਲਈ ਤੇ ਉਹ ਭੱਜੀ-ਭੱਜੀ ਰੋਂਦੀ ਖਾਲਾ ਦੇ ਗਲ਼ ਲੱਗ ਗਈ। ''ਮਾਸੀ ਸ਼ੁਕਰ ਆ ਤੁਸੀਂ ਆ ਗਏ ਨਹੀਂ ਤਾਂ ਇਹਨੀ 10-10 ਬੁੱਚੜਾਂ ਨੇ ਮੇਰਾ ਮਾਸ ਨੋਚ ਲੈਣਾ ਸੀ।'' ਉਹਨਾਂ ਵਿੱਚੋਂ ਇੱਕ ਮੁੰਡਾ ਬੋਲ ਪਿਆ। ''ਖਾਲਾ ਪੈਸੇ ਲੈ ਲਈਂ ਜਿੰਨੇ ਮਰਜ਼ੀ ਇਹਨੂੰ ਸਾਡੇ ਕੋਲ ਛੱਡਦੇ ਹਜੇ।'' ''ਖਬਰਦਾਰ ਮੂੰਹ ਬੰਦ ਕਰ ਇਹ ਮੇਰੀਆਂ ਧੀਆਂ ਆ ਬੇਸ਼ੱਕ ਮੈਂ ਧੰਦਾ ਕਰਾਉਂਦੀ ਆਂ ਪਰ ਮੈਂ ਇਹਨਾਂ ਦੀ ਬਲੀ ਨੀ ਦੇ ਸਕਦੀ ਤੇ ਉਹ ਵੀ ਤੁਹਾਡੇ ਵਰਗੇ ਸ਼ੈਤਾਨਾਂ ਨੂੰ ਤਾਂ ਕਦੇ ਵੀ ਨਹੀਂ।
 05/07/2021
ਸੰਪਰਕ-+91 8427447434


ਸਮੇਂ ਦਾ ਕਹਿਰ
ਰੋਹਿਤ ਕੁਮਾਰ
 
ਦਰਵਾਜ਼ਾ ਖੋਲ ਕੇ ਕੋਈ ਅੰਦਰ ਆਇਆ ਤਾਂ ਵਿਜੈਤੀ ਦੀ ਸੋਚਾਂ ਦੀ ਲੜੀ ਟੁੱਟੀ। ਸਾਹਮਣੇ ਖੜਾ ਬੰਦਾ ਵੇਖ ਕੇ ਵਿਜੈਤੀ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਪਰ ਉਸਨੇ ਸਾਹਮਣੇ ਵਾਲੇ ਨੂੰ ਕੁਛ ਵੀ ਮਹਿਸੂਸ ਨਾ ਹੋਣ ਦਿੱਤਾ। ਕਮਰੇ ਵਿੱਚ ਖੜਾ ਬੰਦਾ ਜੋ ਦਾਰੂ ਦੇ ਨਸ਼ੇ ਵਿੱਚ ਟੁੰਨ ਸੀ ਉਸਦੀਆਂ ਅੱਖਾਂ ਵੀ ਨਹੀਂ ਸੀ ਖੁੱਲ ਰਹੀਆਂ ਫਿਰ ਵੀ ਉਹ ਭਾਰੇ-ਭਾਰੇ ਪੈਰ ਪੱਟਦਾ ਵਿਜੈਤੀ ਵੱਲ ਨੂੰ ਆ ਰਿਹਾ ਸੀ ਫਿਰ ਇਕਦਮ ਹੀ ਉਸਨੇ ਵਿਜੈਤੀ ਨੂੰ ਬਾਹਾਂ ਵਿੱਚ ਜਕੜ ਲਿਆ ਤੇ ਪਲੰਘ ਤੇ ਨਾਲ ਬਿਠਾ ਲਿਆ।

                'ਮੂੰਹ ਐਧਰ ਨੂੰ ਕਰ ਸੰਗਦੀ ਆਂ?
                ''ਨਾ ਸੰਗਣਾ ਕਿਉਂ ਸੰਗ ਦੀ ਕੋਈ ਜਗਾਹ ਨੀ ਸਾਡੇ ਕੰਮ ਵਿੱਚ।
                'ਫਿਰ ਕੁਛ ਬੋਲ ਵੀ ਪੈੱਗ ਲਾਊਂਗੀ ਲਿਆ ਗਿਲਾਸ।
                ਨਾ ਚਾਹੁੰਦੇ ਹੋਏ ਵੀ ਵਿਜੈਤੀ ਨੇ ਦਾਰੂ ਪੀ ਲਈ ਤੇ ਦਾਰੂ ਪੀਣ ਤੋਂ ਬਾਅਦ ਉਹ ਵੀ ਨਸ਼ੇ ਵਿੱਚ ਝੂਮਣ ਲੱਗ ਪਈ।
                ਫਿਰ ਉਸ ਬੰਦੇ ਨੇ ਇੱਕੋ ਗੇੜੇ ਵਿੱਚ ਵਿਜੈਤੀ ਦੀ ਸਾੜੀ ਲਾਹ ਕੇ ਪਰੇ ਮਾਰੀ ਤੇ ਉਸਤੋਂ ਬਾਅਦ ਕੁਝ ਹੋਰ ਕੱਪੜੇ ਵੀ ਵਾਰੋ-ਵਾਰੀ ਸਾੜੀ ਦੇ ਉਪਰ ਡਿੱਗੇ।

ਸਵੇਰ ਹੋਈ ਤਾਂ ਵਿਜੈਤੀ ਨੇ ਦੇਖਿਆ ਉਹ ਬੰਦਾ ਕਿਧਰੇ ਵੀ ਨਹੀਂ ਸੀ। ਵਿਜੈਤੀ ਨੇ ਸਾਹਮਣੇ ਦਿਵਾਰ ਤੇ ਲੱਗੀ ਫੋਟੋ ਵੱਲ ਦੇਖ ਕੇ ਹੱਥ ਜੋੜੇ। ''ਸ਼ੁਕਰ ਆ ਤੇਰਾ ਪ੍ਰਮਾਤਮਾ ਕੀ ਉਹ ਹੈ ਨੀਂ ਨਹੀਂ ਤਾਂ ਮੈਂ ਉਸ ਨਾਲ ਅੱਖਾਂ ਕਿੱਦਾਂ ਮਿਲਾਉਣੀਆਂ ਸੀ ਮੈਂ ਤਾਂ ਰਾਤ ਵੀ ਸ਼ਰਾਬ ਦਾ ਸਹਾਰਾ ਲੈ ਕੇ ਸਮਾਂ ਕੱਟਿਆ ਉਸਨੂੰ ਤਾਂ ਸ਼ਰਾਬ ਦੇ ਨਸ਼ੇ ਵਿੱਚ ਪਤਾ ਹੀ ਨਹੀਂ ਸੀ ਕਿ ਜਿਸਨੂੰ ਉਹ ਜਾਨ-ਜਾਨ ਕਹਿ ਕੇ ਚੁੰਮੀ ਜਾ ਰਿਹਾ ਹੈ ਉਹ ਅਸਲ ਵਿੱਚ ਕਈ ਸਾਲ ਪਹਿਲਾਂ ਉਸੇ ਦੇ ਹੀ ਗੁਆਂਢ ਵਿੱਚ ਰਹਿ ਰਹੀ ਉਹ ਬੱਚੀ ਹੈ ਜਿਸਨੂੰ ਉਹ ਚਾਕਲੇਟ ਟਾਫੀਆਂ ਦਿਆ ਕਰਦਾ ਸੀ ਪਰ ਅੱਜ ਸਮੇਂ ਦੇ ਕਹਿਰ ਨੇ ਮੈਨੂੰ ਕੀ ਬਣਾਤਾ?
 ਸੰਪਰਕ:-+91 8427447434
20/06/2021


ਖੁਰ ਰਹੀਆਂ ਦੁਸ਼ਮਣੀਆਂ

ਡਾ.ਬਲਦੇਵ ਸਿੰਘ ਖਹਿਰਾ, ਕਨੇਡਾ

ਕੈਲੇ ਅਤੇ ਝਾਂਜੀ ਦੇ ਪਰਿਵਾਰਾਂ ਵਿੱਚ ਜ਼ਮੀਨੀ ਝਗੜੇ ਕਾਰਨ ਕਾਫੀ ਦੂਰੀਆਂ ਬਣ ਗਈਆਂ ਸਨ, ਵਾਹ ਲੱਗਦੀ ਉਹ ਇਕ ਦੂਜੇ ਦੇ ਮੱਥੇ ਨਾ ਲੱਗਦੇ। ਪੇਸ਼ੀ ਵੇਲੇ ਵੀ ਵਕੀਲਾਂ ਨੂੰ ਕਹਿੰਦੇ ਕਿ ਸਾਨੂੰ ਵੱਖ ਵੱਖ ਹੀ ਅੰਦਰ ਬੁਲਾਇਆ ਜਾਵੇ, ਏਥੋਂ ਤੱਕ ਕਿ ਬੱਸ ਵਿੱਚ ਚੜ੍ਹਨ ਵੇਲੇ ਵੀ ਵਿਰੋਧੀ ਨੂੰ ਪਹਿਲਾਂ ਬੈਠਾ ਦੇਖ ਕੇ ਦੂਜਾ ਤੁਰੰਤ ਉਤਰ ਜਾਂਦਾ। ਇਸੇ ਦੌਰਾਨ ਸਰਕਾਰ ਵਲੋਂ ਕਿਸਾਨ-ਮਾਰੂ ਕਾਨੂੰਨ ਬਣਾ ਦਿੱਤੇ ਗਏ, ਪਿੰਡਾਂ ਵਿਚ ਵਿਰੋਧ ਸ਼ੁਰੂ ਹੋ ਗਿਆ। ਝਾਂਜੀ ਹੋਰਾਂ ਦਾ ਟਰੈਕਟਰ ਦਿੱਲੀ ਧਰਨੇ ਪ੍ਰਦਰਸ਼ਨ ’ਤੇ ਜਾਂਦਾ ਦੇਖ ਕੇ ਕੈਲਾ ਨਹੀਂ ਗਿਆ।

ਅਗਲੇ ਦਿਨ ਉਹ ਲਾਗਲੇ ਪਿੰਡ ਤੋਂ ਜਾਂਦੀ ਟਰਾਲੀ ਉੱਤੇ ਦਿੱਲੀ ਲਈ ਰਵਾਨਾ ਹੋ ਗਿਆ, ਰਾਹ ਵਿੱਚ ਟਰੈਕਟਰ ਖਰਾਬ ਹੋ ਗਿਆ, ਮੁਰੰਮਤ ਆਦਿ ਕਰ ਕੇ ਉਹ ਹੋਰ ਪਛੜ ਗਏ। ਪਹਿਲਾਂ ਗਏ ਟਰੈਕਟਰਾਂ ਟਰਾਲੀਆਂ ਨੂੰ ਪੁਲਸ ਦੇ ਬੈਰੀਕੇਡਾਂ ਨੇ ਰੋਕ ਲਿਆ ਸੀ ਤੇ ਕਾਫੀ ਜਦੋਜਹਿਦ ਬਾਅਦ ਉਹ ਅੱਗੇ ਜਾਣ ਵਿੱਚ ਸਫ਼ਲ ਹੋਏ ਸਨ। ਪਾਣੀਪੱਤ ਨੇੜੇ ਕਾਫਿਲੇ ਨੂੰ ਲੰਗਰ ਪਾਣੀ ਛਕਣ ਤੇ ਆਰਾਮ ਕਰਨ ਲਈ ਰੋਕ ਲਿਆ ਗਿਆ ਸੀ।

ਜਦੋਂ ਕੈਲੇ ਹੋਰੀਂ ਉਥੇ ਪਹੁੰਚੇ ਤਾਂ ਪਹਿਲਾਂ ਵਾਲੇ ਟਰੈਕਟਰ ਟਰਾਲੀਆਂ ਤੁਰਨ ਲੱਗੇ ਸਨ, ਪਰ ਇਹਨਾਂ ਨੂੰ ਦੇਖ ਕੇ ਇਕੱਠੇ ਚੱਲਣ ਵਾਸਤੇ ਰੁਕ ਗਏ। ਕੈਲੇ ਹੋਰੀਂ ਕਾਫੀ ਥੱਕ ਗਏ ਸਨ, ਇਸ ਲਈ ਉੱਤਰ ਕੇ ਸੜਕ ਕਿਨਾਰੇ ਲੰਮੇ ਪੈ ਗਏ। ਪਹਿਲਾਂ ਖੜ੍ਹੇ ਕਾਫਿਲੇ ਵਿਚੋਂ ਕੁਝ ਜੁਆਨ ਇਹਨਾਂ ਵਾਸਤੇ ਚਾਹ ਬਿਸਕੁਟ ਲੈ ਕੇ ਆ ਗਏ। “ ਵੀਰ ਜੀ ! ਚਾਹ ਲੈ ਲਓ” ਦੀ ਆਵਾਜ਼ ਸੁਣ ਕੇ ਕੈਲੇ ਨੇ ਅੱਖਾਂ ਖੋਲ੍ਹੀਆਂ, ਝਾਂਜੀ ਨੂੰ ਸਾਹਮਣੇ ਦੇਖ ਕੇ ਇਕ ਵਾਰ ਤਾਂ ਉਹਨੇ ਅੱਖਾਂ ਦੁਬਾਰਾ ਮੀਚ ਲਈਆਂ, ਫਿਰ ਕੋਈ ਝਟਕਾ ਲੱਗਣ ਵਾਂਗ ਉੱਠਿਆ, ਮੁਸਕੁਰਾਉਂਦੇ ਹੋਏ ਚਾਹ ਫੜੀ ਤੇ ਗਰਮ ਗਰਮ ਘੁੱਟ ਅੰਦਰ ਸੁੱਟ ਕੇ ਉਹਦੇ ਨਾਲ ਹੀ ਸੇਵਾ ਵਿਚ ਜੁਟ ਗਿਆ। ਅਗਲੇ ਪੜਾਅਵਾਂ ਉਤੇ ਵੀ ਦੋਵੇਂ ਰਲ ਕੇ ਸੇਵਾ ਕਰਦੇ ਰਹੇ।

ਕੁੰਡਲੀ ਬਾਰਡਰ ਉੱਤੇ ਪਹਿਲਾਂ ਹੀ ਲੰਗਰ ਲੱਗਿਆ ਹੋਇਆ ਸੀ, ਦੋਵੇਂ ਨਾਲੋ ਨਾਲ ਬਹਿ ਕੇ ਪਰਸ਼ਾਦਾ ਛਕਣ ਲੱਗੇ। ਅਚਾਨਕ ਕੈਲਾ, ਝਾਂਜੀ ਦੇ ਕੰਨ ਕੋਲ ਮੂੰਹ ਕਰ ਕੇ ਬੋਲਿਆ, “ ਬਾਈ! ਆਪਾਂ ਪਿੰਡ ਮੁੜ ਕੇ ਆਪਣੇ ਸਾਰੇ ਕੇਸ ਵਾਪਿਸ ਲੈ ਲਵਾਂਗੇ ”

ਜ਼ਰੂਰ..ਜ਼ਰੂਰ..” ਝਾਂਜੀ ਨੇ ਹਥਲੀ ਬੁਰਕੀ ਥਾਲੀ ਵਿਚ ਰੱਖ ਕੇ ਕੈਲੇ ਦਾ ਹੱਥ ਘੁੱਟ ਲਿਆ।
16/06/2021

 
ਡਰ ਤੋਂ ਅਰਦਾਸ ਤੱਕ
ਡਾ.ਬਲਦੇਵ ਸਿੰਘ ਖਹਿਰਾ, ਕਨੇਡਾ
 
“ ਮੈਂ ਨੇ ਕਿਤਨਾ ਸ਼ੋਰ ਮਚਾਇਆ ਕਿ ਲੜਕੀ ਕੋ ਇਤਨੀ ਦੂਰ ਨੌਕਰੀ ਕਰਨੇ ਮਤ ਭੇਜੋ, ਲੇਕਿਨ ਮੇਰੀ ਕੋਈ ਸੁਨੇ ਤਬ ਨਾ! ਦਿਨ ਮੇਂ ਤੋ ਮਾਨਾ ਸਹੀ ਹੈ, ਲੇਕਿਨ ਯੇ ਰਾਤ ਕੋ ਨੌ ਵਜੇ ਤਕ ਮਾਲ ਮੇਂ ਕਾਮ? ਊਪਰ ਸੇ ਜ਼ਮਾਨਾ ਕਿਤਨਾ ਖਰਾਬ ਹੈ..” ਕੁਸ਼ੱਲਿਆ ਆਪਣੇ ਪਤੀ ਓਮ ਨੂੰ ਸ਼ਿਕਾਇਤੀ ਲਹਿਜ਼ੇ ਵਿੱਚ ਬੋਲੀ।

ਓਮ ਵੀ ਘੜੀ ਦੇਖਦਾ ਫਿਕਰ ਜਿਹੇ ਵਿੱਚ ਬੋਲਿਆ, “ ਹੂੰਅ..ਇਬ ਤੋ ਗਿਆਰਾਂ ਵੱਜ ਗਏ ”

ਤਦੇ ਫੋਨ ਦੀ ਘੰਟੀ ਖੜਕੀ, ਓਪਰਾ ਨੰਬਰ ਦੇਖ ਕੇ ਦੋਵੇਂ ਘਬਰਾ ਗਏ , “ ਹੇ ਮਈਆ ਸ਼ੇਰਾਂ ਵਾਲੀ! ਯੇ ਕਿਸ ਕਾ ਫੋਨ ਹੈ?...”

ਦੂਜੀ ਤਰਫੋਂ ਬੇਟੀ ਰਾਗਿਨੀ ਦੀ ‘ਹੈਲੋ’ ਸੁਣ ਕੇ ਕੁਝ ਤਸੱਲੀ ਹੋਈ, “ ਬੇਟੀ, ਤੂ  ਕਹਾਂ ਹੈਂ? ਬੜੀ ਟੈਂਸ਼ਨ ਹੋ ਰਹੀ ਥੀ, ਊਪਰ ਸੇ ਯੇ ਬਾਰਿਸ਼..”

“ ਮੰਮੀ! ਵਰੀ ਨਾ ਕਰੋ, ਆਈ ਐਮ ਓ.ਕੇ, ਰਾਸਤੇ ਮੇਂ ਸਕੂਟੀ ਖਰਾਬ ਹੋ ਗਈ, ਆਪ ਕੋ ਫੋਨ ਕਰਨੇ ਲਗੀ ਤੋ ਵੋ ਭੀ ਬੰਦ ਥਾ, ਸ਼ਾਇਦ ਪਾਨੀ ਚਲਾ ਗਿਆ ਅੰਦਰ, ਫਿਰ ਕੁਛ ਭਲੇ ਲੋਗੋਂ ਨੇ ਮੇਰੀ ਹੈਲਪ ਕੀ, ਯੇ ਉਨਹੀਂ ਕਾ ਫੋਨ ਹੈ, ਦਸ ਪੰਦਰਾਂ ਮਿੰਟ ਮੇਂ ਘਰ ਪਹੁੰਚ ਜਾਊਂਗੀ”

ਅੱਧੇ ਘੰਟੇ ਬਾਅਦ ਕੁੜੀ ਘਰ ਪਹੁੰਚ ਗਈ।

“ ਤੇਰਾ ਲਾਖ ਲਾਖ ਸ਼ੁਕਰ ਹੈ ਮਾਤਾ ਰਾਣੀ!” ਕਹਿੰਦੀ ਕੁਸ਼ੱਲਿਆ ਪਿਓ ਧੀ ਵੱਲ ਹੋ ਗਈ, “ ਅਬ ਤੁਮ ਦੋਨੋਂ ਸੁਨ ਲੋ, ਬਹੁਤ ਹੋ’ਗੀ ਨੌਕਰੀ, ਛੋੜ ਦੋ ਅਭੀ ਸੇ,ਇਤਨੀ ਰਾਤ ਗਏ ਅਕੇਲੀ ਲੜਕੀ” ਮਾਂ ਤੋਂ ਫਿਕਰ ਸਾਂਭਿਆ ਨਹੀਂ ਜਾ ਰਿਹਾ ਸੀ।

“ ਯੇ ਜਬ ਸੇ ਕਿਸਾਨੋ ਨੇ ਅਪਨੇ ਕਸਬੇ ਮੇਂ ਡੇਰਾ ਡਾਲਾ ਹੈ, ਮਾਹੌਲ ਅਜੀਬ ਸਾ ਹੋ ਗਿਆ ਹੈ, ਮੁਝੇ ਤੋ ਇਨਕੇ ਚਿਹਰੇ ਔਰ ਚਾਲ-ਢਾਲ ਦੇਖ ਕਰ ਹੀ ਡਰ ਲਗਤਾ ਹੈ ”
ਰਾਗਿਨੀ ਨੇ ਇਕਦਮ ਮਾਂ ਦੇ ਮੂੰਹ ’ਤੇ ਹੱਥ ਧਰ ਦਿੱਤਾ, “ ਮੰਮੀ! ਐਸਾ ਕੁਛ ਭੀ ਨਹੀਂ ਹੈ, ਬਹੁਤ ਹੀ ਅੱਛੇ ਲੋਗ ਹੈਂ, ਮੈਂ ਗੀਲੇ ਕਪੜੇ ਬਦਲ ਕਰ ਸਬ ਬਤਾਤੀ ਹੂੰ ” ਫਿਰ ਖਿੜਕੀ ਖੋਲ੍ਹ ਕੇ ਬਾਹਰ ਟਰੈਕਟਰ ਉੱਤੇ ਬੈਠੇ ਮੁੰਡਿਆਂ ਵੱਲ ਹੱਥ ਜੋੜ ਕੇ ਜਾਣ ਦਾ ਇਸ਼ਾਰਾ ਕਰਦੀ ਹੋਈ ਆਪਣੇ ਕਮਰੇ ਵੱਲ ਚਲੀ ਗਈ।

ਜਦੋਂ ਨੂੰ ਰਾਗਿਨੀ ਵਾਪਿਸ ਆਈ ਕੁਸ਼ੱਲਿਆ ਗਰਮ ਗਰਮ ਖਾਣਾ ਲੈ ਆਈ ਸੀ,  ਥਾਲੀ ਫੜ ਕੇ ਸੋਫੇ ਉਤੇ ਬਹਿੰਦੀ ਰਾਗਿਨੀ ਬੋਲੀ, “ ਮੰਮੀ! ਯੇ ਲੋਗ ਏਕ ਬੰਦ ਦੁਕਾਨ ਕੇ ਸਾਮਨੇ ਆਗ ਜਲਾ ਕਰ ਖੜੇ ਥੇ, ਮੁਝੇ ਸਕੂਟੀ ਧਕੇਲ ਕਰ ਲਿਜਾਤੇ ਦੇਖ ਕਰ ਮੇਰੀ ਤਰਫ ਆ ਗਏ, ਉਸ ਸਮੇਂ ਮੁਝੇ ਭੀ ਬਹੁਤ ਡਰ ਲਗਾ, ਲੇਕਿਨ ਕੁਛ ਦੇਰ ਬਾਦ ਮੈਂ ਨਿਸ਼ਚਿੰਤ ਹੋ ਕਰ ਉਨ ਕੇ ਥਰਮਸ ਸੇ ਗਰਮ ਚਾਏ ਪੀ ਰਹੀ ਥੀ ਔਰ ਦੋ ਜਨ ਸਕੂਟੀ ਸਟਾਰਟ ਕਰਨੇ ਕਾ ਯਤਨ ਕਰ ਰਹੇ ਥੇ, ਜਬ ਨਾ ਹੂਆ ਤੋਂ ਕਹੀਂ ਸੇ ਮਕੈਨਿਕ ਕੋ ਲੇ ਆਏ ”

“ ਅੱਛਾ?…ਐਸਾ..?” ਮਾਤਾ ਪਿਤਾ ਅਚੰਭੇ ਨਾਲ ਇਕੱਠੇ ਹੀ ਬੋਲੇ।
“ ਔਰ ਕਿਆ! ਜਬ ਸਕੂਟੀ ਠੀਕ ਹੋ ਗਈ ਤੋ ਮੁਝੇ ਘਰ ਤਕ ਛੋੜਨੇ ਆਏ ”
“ ਹੇ ਪ੍ਰਭੂ! ਇਨ ਦੇਵਤਾ ਤੁਲ ਲੋਗੋਂ ਕੀ ਸਮੱਸਿਆ ਜਲਦੀ ਦੂਰ ਕਰ ਦੇਨਾ ”
ਅਰਦਾਸ ਕਰਦੀ ਮਾਂ ਸ਼ੁਕਰਾਨੇ ਅਤੇ ਸਕੂਨ ਨਾਲ ਭਰੀ ਹੋਈ ਸੀ।
16/06/2021

 
ਅਸਮਾਨ ਛੋਂਹਦੇ ਜਜ਼ਬੇ
ਡਾ.ਬਲਦੇਵ ਸਿੰਘ ਖਹਿਰਾ, ਕਨੇਡਾ
 
“ ਓਇ ਟਾਂਡੀ! ਤੂੰ?” ਹੈਰਾਨ ਹੋਏ ਸੁੱਖੇ ਨੇ ਆਪਣੇ ਬਚਪਨ ਦੇ ਆੜੀ ਨੂੰ ਜੱਫੀ ਪਾ ਲਈ।
“ ਹਾਂ, ਲੈ ਦੇਖ ਲੈ, ਆ ਗਿਆਂ, ਤੁਸੀਂ ਤਾਂ ਅਪਾਹਜ ਦੱਸ ਕੇ ਮੈਨੂੰ ਆਵਦੇ ਨਾਲ ਟਰਾਲੀ ’ਤੇ ਨਹੀਂ ਲਿਆਏ ਸੀ ”
“ ਯਾਰ, ਉਹ ਤਾਂ ਅਸੀ ਅਣਕਿਆਸੇ ਹਾਲਾਤ ਤੇ ਤੇਰੀਆ ਤਕਲੀਫਾਂ ਬਾਰੇ ਸੋਚਕੇ..ਤੂੰ ਤਾਂ ਕਮਾਲ ਕਰ’ਤੀ..ਹੋਰ ਸੁਣਾ ਪਿੰਡ ਦਾ, ਟੱਬਰ ਦਾ ਕੀ ਹਾਲ ਚਾਲ ਐ?”
“ ਮੈਨੂੰ ਤਾਂ ਪਿੰਡੋਂ ਤੁਰੇ ਨੂੰ ਸੱਤ ਦਿਨ ਹੋ’ਗੇ, ਸ਼ੁਕਰ ਐ ਥੋਡੇ ਕੋਲ ਪਹੁੰਚ ਗਿਆਂ, ਨਹੀਂ ਤਾਂ ਬਾਈ! ਨਾ ਅੱਗੇ ਨਾ ਪਿਛੇ, ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਸੀ ਕਿ ਟਾਂਡੀ ਸਿਹੁੰ..ਚਲ ਛੱਡ, ਲੰਮੀ ਕਹਾਣੀ ਐ, ਫੇਰ ਦੱਸੂੰ?”
“ ਆਹੋ, ਚਲ ਪਹਿਲਾਂ ਲੰਗਰ ਵੱਲ ਚੱਲੀਏ, ਕੋਈ ਚਾਹ-ਪਾਣੀ ਛਕ..”
“ ਵੀਰੇ! ਚਾਹ ਪਾਣੀ ਤਾਂ ਬਾਬੇ ਦੀ ਫੁੱਲ ਕਿਰਪਾ, ਛੜਕ ’ਤੇ, ਬਾਰਡਰ ’ਤੇ,ਪਿੰਡਾਂ ਸ਼ਹਿਰਾਂ ਵਾਲਿਆਂ ਨੇ ਖੁਆ ਖੁਆ ਕੇ ਨਿਸ਼ਾ ਲਿਆ’ਤੀ, ਸਭ ਮੇਰੇ ਆਹ ਕਿਰਸਾਨੀ ਝੰਡੇ ਨੂੰ ਮਿਲਿਆ ਪਿਆਰ ਐ..”

ਸੁੱਖਾ ਉਹਦੇ ਟਰਾਈਸਾਈਕਲ ਨੂੰ ਹੱਥਾਂ ਨਾਲ ਧੱਕਣ ਲੱਗ ਪਿਆ, ਗੱਲਾਂ ਕਰਦੇ ਉਹ ਆਪਣੀ ਟਰਾਲੀ ਕੋਲ ਪਹੁੰਚ ਗਏ, ਪਿੰਡ ਵਾਲਿਆਂ ਨੇ ਟਾਂਡੀ ਦਾ ਭਰਵਾਂ ਸੁਆਗਤ ਕੀਤਾ। ਸਾਰੇ ਉਹਨੂੰ ‘ ਜਾਗਰ ਸੀਰੀ ਦਾ ਮੁੰਡਾ ’ ਕਰਕੇ ਹੀ ਜਾਣਦੇ ਸਨ, ‘ ਟਾਂਡੀ ’ ਨਾਂ ਤਾਂ ਉਹਦੇ ਯਾਰਾਂ ਨੇ ਉਹਦੇ ਪਤਲੇ ਟਾਂਡੇ ਵਰਗੇ ਸਰੀਰ ਕਰਕੇ ਧਰ ਲਿਆ ਸੀ।

ਇਕ ਬਜ਼ੁਰਗ ਜੋ ਸੱਥ ਵਿੱਚ ਬੈਠਾ ਟਾਂਡੀ ਤੋਂ ਅਖਬਾਰ ਸੁਣਦਾ ਹੁੰਦਾ ਸੀ, ਉਹਦਾ ਮੋਢਾ ਥਾਪੜਦਾ ਬੋਲਿਆ, “ ਪੁੱਤ, ਤੂੰ ਕਿਉਂ ਆਵਦੀ ਜਾਨ ਖ਼ਤਰੇ ’ਚ ਪਾ ਕੇ ’ਕੱਲਾ ਈ ਘਰੋਂ ਤੁਰ ਪਿਆ?”
“ ਬਾਪੂ! ਜਿੰਨਾ ਕਰਜ਼ਾ ਪੰਜਾਬ ਦੀ ਜੰਮਣ ਭੋਇੰ ਦਾ ਤੁਹਾਡੇ ’ਤੇ ਐ, ਉਹਤੋਂ ਕਿਤੇ ਵੱਧ  ਮੇਰੇ ’ਤੇ ਐ, ਮੈਂ ਕਿਵੇਂ ਪਿੱਛੇ ਰਹਿੰਦਾ? ਕੀਹ ਹੋਇਆ ਜੇ ਮੈਂ ਤੁਰ ਫਿਰ ਨਹੀਂ ਸਕਦਾ ”
“ ਓਇ! ਤੇਰਾ ਵੱਧ ਕਰਜ਼ਾ ਕਿਵੇਂ ਹੋ ਗਿਆ, ਤੂੰ ਕਿਸੇ ਤੋਂ ਕਰਜ਼ਾ ਲਿਐ?” ਸੁੱਖਾ ਉਹਦੇ ਵੱਲ ਉਲਰਿਆ।
“ ਵੀਰੇ! ਧਰਤੀ ਮਾਂ ਤੋਂ ਇਲਾਵਾ ਇਹਦੇ ਜਾਇਆਂ ਦਾ, ਰੱਬ ਵਰਗੇ ਜੱਟਾਂ ਕਿਰਸਾਨਾਂ ਦਾ ਦੇਣ ਮੈਂ ਕਿਵੇਂ ਦੇਵਾਂ? ਜਦੋਂ ਖੇਤਾਂ ਵੱਲ ਜਾਂਦਾ ਸੀ ਛੱਲੀਆਂ, ਮੂਲੀਆਂ, ਗੋਂਗਲੂ, ਗੰਨੇ ਮੇਰੀ ਸੈਕਲੀ ’ਤੇ ਟੰਗ ਦਿੰਦੇ ਸੀ ”
“ ਯਾਰਾ! ਆ ਤਾਂ ਗਿਐਂ, ਮੁਸੀਬਤ ’ਚ ਤੈਥੋਂ ਭੱਜਿਆ ਵੀ ਨਹੀਂ ਜਾਣਾ..” ਕੋਲੋਂ ਹੀ ਇਕ ਹੋਰ ਮਖੌਲੀਆ ਦੋਸਤ ਉਹਦਾ ਹੱਥ ਫੜਦਾ ਬੋਲਿਆ।
“ ਓਇ! ਭੱਜੂ ਕਿਹੜਾ? ਮੈਂ ਤਾਂ ਤੇਰੇ ਵੱਲ ਆਉਂਦੀ ਮੁਸੀਬਤ ਨੂੰ ਜੱਫਾ ਪਾ ਲੈਣੈ, ਦੇਖੀ ਜਾਈਂ, ਪਹਿਲੀ ਲਾਠੀ, ਪਹਿਲੀ ਗੋਲੀ ਮੈਂ ਖਾਊਂ..”
 
ਡਾ. ਬਲਦੇਵ ਸਿੰਘ ਖਹਿਰਾ
12573, 70 ਏ ਐਵੇਨਿਊੇ, ਸਰੀ, ਬ੍ਰਿਟਿਸ਼ ਕੋਲੰਬੀਆ,ਕੈਨੇਡਾ
ਫੋਨ:1 236 518 5952
ਈਮੇਲ: drbaldevkhaira@gmail.com

 
ਜਖ਼ਮ

ਰੋਹਿਤ ਕੁਮਾਰ
               
                ਖਾਲਾ ਸੋਫੇ ਤੇ ਢਾਸਣਾ ਲਾਈ ਪਾਨ ਖਾ ਰਹੀ ਸੀ ਜਦ ਉਸਨੇ ਸਾਹਮਣੇ ਦੇਖਿਆ ਤਾਂ ਇੱਕ ਕੁੜੀ ਮੂੰਹ ਲਮਕਾਈ ਖੜੀ ਸੀ।
                'ਕੀ ਹੋਇਆ ਨਰੈਣੀ ਤੂੰ ਚੁੱਪ-ਚਾਪ ਜਿਹੀ ਕਿਉਂ ਆਂ?
                ''ਖਾਲਾ ਮੇਰੇ ਹਨਾ ਮੇਰੇ....
                ''ਕੀ ਮੇਰੇ ਮੇਰੇ ਬੋਲ ਕੇ ਦੱਸ ਚੰਗੀ ਤਰਾਂ।
                ''ਖਾਲਾ ਰਾਤੀਂ ਮੇਰੇ ਪ੍ਰਭਾਕਰ ਨੇ ਜਲਦੀ ਸਿਗਰੇਟ ਲਗਾ ਦਿੱਤੀ ਹੁਣ ਮੇਰੇ ਹੱਥ ਜਿੱਡਾ ਨਿਸ਼ਾਨ ਪਿਆ ਆ ਬਹੁਤ ਜਲਨ ਹੁੰਦੀ ਆ ਮਾਸੀ।
                'ਚੱਲ ਐਨੀ ਪ੍ਰਵਾਹ ਨੀ ਕਰੀਦੀ ਤੂੰ ਕੋਈ ਦਵਾਈ ਲਗਾ ਲਾ ਜਾਂ ਫਿਰ ਕੋਲਗੇਟ ਲਾਲਾ ਉਹ ਠੰਢੀ ਹੁੰਦੀ ਉਸਦੇ ਨਾਲ ਤੈਨੂੰ ਅਰਾਮ ਆ ਜਾਊ। 
                ''ਉਹ ਤਾਂ ਠੀਕ ਆ ਖਾਲਾ ਪਰ ਤੁਸੀਂ ਪ੍ਰਭਾਕਰ ਨੂੰ ਝਾੜਿਓ ਉਸਨੂੰ ਐਦਾਂ ਨਹੀਂ ਸੀ ਕਰਨਾ ਚਾਹੀਦਾ।
                ''ਝਾੜਨਾ ਕੀ ਉਸਦੇ ਗੋਲੀ ਮਾਰ ਦਵਾਂ ਹੁਣ ਨਸ਼ੇ ਵਿੱਚ ਕਈ ਸ਼ਰਾਰਤਾਂ ਕਰਦਾ ਬੰਦਾ ਨਾਲੇ ਉਹ ਪੱਕਾ ਗਾਹਕ ਆ ਕਿਉਂ ਤੋੜਨਾ ਉਸਨੂੰ? 
                ''ਖਾਲਾ ਫਿਰ ਐਦਾਂ ਕਰੀਂ ਦੋ ਕੁ ਦਿਨ ਮੈਨੂੰ ਆਰਾਮ ਕਰਨ ਦਵੀਂ ਨਾਲ਼ੇ ਜਖ਼ਮ ਠੀਕ ਹੋ ਜਾਊ।
                ''ਹੂੰ ਠੀਕ ਹੈ ਕੋਈ ਨਾ ਜਾਹ ਅਰਾਮ ਕਰ।
                ਜਦੋਂ ਨਰੈਣੀ ਕਮਰੇ ਵਿੱਚੋਂ ਬਾਹਰ ਨਿਕਲਣ ਲੱਗੀ ਤਾਂ ਇੱਕ ਹੋਰ ਕੁੜੀ ਅੰਦਰ ਆਈ। 
                ''ਖਾਲਾ ਉਹ ਪ੍ਰਭਾਕਰ ਆਇਆ ਨਰੈਣੀ ਦੇ ਕਮਰੇ ਵਿੱਚ ਬੈਠਾ ਆਹ ਪੈਸੇ ਫੜਾਏ ਉਸਨੇ।
                ਸੁਣਕੇ ਨਰੈਣੀ ਦੇ ਪੈਰ ਹਿੱਲ ਗਏ ਪਰ ਉਹ ਖਾਲਾ ਦੇ ਮੂੰਹ ਵੱਲ ਦੇਖੀ ਗਈ। ਨੋਟ ਗਿਣਨ ਤੋਂ ਬਾਅਦ ਖਾਲਾ ਨਰੈਣੀ ਨੂੰ ਬੋਲੀ। 'ਚੱਲ ਅੱਜ ਚਲ ਜਾ ਉਸੇ ਕੋਲ ਕੱਲ ਤੋਂ ਅਰਾਮ ਕਰ ਲਵੀਂ।'
                ਸੁਣ ਕੇ ਨਰੈਣੀ ਨੇ ਅੱਖਾਂ ਭਰ ਲਈਆਂ ਜਦ ਉਹ ਕਮਰੇ ਵਿੱਚ ਗਈ ਪ੍ਰਭਾਕਰ ਸਿਗਰੇਟ ਪੀ ਰਿਹਾ ਸੀ ਜਿਸਨੂੰ ਦੇਖ ਕੇ ਨਰੈਣੀ ਦਾ ਜਖ਼ਮ ਫਿਰ ਤੋਂ ਰਿਸਣ ਲੱਗ ਪਿਆ।
22/05/2021 
ਸੰਪਰਕ: 8427447434


ਸ਼ਮਸ਼ਾਨ

ਰੋਹਿਤ ਕੁਮਾਰ

ਨਮੀਤਾ ਆਪਣੇ ਕਮਰੇ ਵਿੱਚ ਪਲੰਘ ਤੇ ਬੈਠੀ ਸਿਗਰੇਟ ਦੇ ਲੰਮੇ-ਲੰਮੇ ਕਸ਼ ਖਿੱਚ ਰਹੀ ਸੀ ਨਾਲ-ਨਾਲ ਹੀ ਉਹ ਸੋਚਾਂ ਦੇ ਸਾਗਰਾਂ ਵਿੱਚ ਡੁੱਬੀ ਜਾ ਰਹੀ ਸੀ। ਅਚਾਨਕ ਨਮੀਤਾ ਦੀ ਸੁਰਤ ਟੁੱਟੀ ਜਦ ਉਸਨੇ ਕਿਸੇ ਦੀਆਂ ਸਿਸਕੀਆਂ ਦੀ ਅਵਾਜ਼ ਸੁਣੀ। ਨਮੀਤਾ ਫਟਾ-ਫਟ ਆਪਣੇ ਪਲੰਘ ਤੋਂ ਉੱਠੀ ਉਸਨੇ ਆਸੇ-ਪਾਸੇ ਨਜ਼ਰ ਮਾਰੀ ਪਰ ਉਸਨੂੰ ਕੋਈ ਨਜ਼ਰ ਨਾ ਆਇਆ। ਫਿਰ ਜਦੋਂ ਉਸਨੇ ਚੰਗੀ ਤਰਾਂ ਧਿਆਨ ਲਾ ਕੇ ਸੁਣਿਆ ਤਾਂ ਉਸਨੂੰ ਅਹਿਸਾਸ ਹੋਇਆ ਕੀ ਰੋਣ ਦੀ ਆਵਾਜ਼ ਉਸਦੇ ਪਲੰਘ ਕੋਲੋਂ ਆ ਰਹੀ ਹੈ ਜਦ ਉਸਨੇ ਝੁਕਕੇ ਦੇਖਿਆ ਤਾਂ ਇੱਕ 14-15 ਸਾਲਾਂ ਦੀ ਕੁੜੀ ਉਸਦੇ ਪਲੰਘ ਥੱਲੇ ਲੁਕੀ ਪਈ ਸੀ। ਨਮੀਤਾ ਨੇ ਉਸਨੂੰ ਪਿਆਰ ਨਾਲ ਬਾਹਰ ਕੱਢ ਕੇ ਆਪਣੇ ਨਾਲ ਪਲੰਘ ਤੇ ਬਿਠਾ ਲਿਆ।

'ਇਹ ਕੁੜੀਏ ਤੂੰ ਰੋ ਕਿਉਂ ਰਹੀ ਆਂ ਨਾਲੇ ਐਥੇ ਕਿਉਂ ਲੁਕੀ ਪਈ ਸੀ?
''ਦੀਦੀ ਮੈਂ ਘਰ ਜਾਣਾ ਮੈਨੂੰ ਨੀ ਪਤਾ ਮੈਨੂੰ ਐਥੇ ਕਿਉਂ ਰੱਖਿਆ?
'ਹਾ-ਹਾ-ਹਾ ਭੋਲੀ ਕੁੜੀ ਤੂੰ ਐਥੋਂ ਘਰ ਨੀ ਸਿੱਧਾ ਸ਼ਮਸ਼ਾਨ ਦਾ ਈ ਰਾਹ ਨਿਕਲਦਾ ਆ ਖਾਲਾ ਤੋਂ ਤੂੰ ਬਚ ਨੀ ਸਕਦੀ।
'ਦੀਦੀ ਤੁਸੀਂ ਵੀ ਨੀ ਬਚਾ ਸਕਦੇ ਮੈਨੂੰ?
''ਲੈ ਦੱਸ ਭਲਾ ਮੈਨੂੰ ਤਾਂ ਆਪ ਐਥੇ ਕੈਦ ਕੱਟਦੀ ਨੂੰ 10 ਸਾਲ ਹੋ ਗਏ ਆ।'' 

ਅਗਲੀ ਗੱਲ ਉਸ ਕੁੜੀ ਦੇ ਮੂੰਹ ਵਿੱਚ ਹੀ ਸੀ ਕੀ ਕੁੱਝ ਹੱਟੇ-ਕੱਟੇ ਬੰਦੇ ਕਮਰੇ ਵਿੱਚ ਆਏ ਤੇ ਨਮੀਤਾ ਦੇ ਲੱਖ ਰੋਕਣ ਤੇ ਵੀ ਉਸ ਕੁੜੀ ਨੂੰ ਧੂਹ ਕੇ ਦੂਸਰੇ ਕਮਰੇ ਵਿੱਚ ਲੈ ਗਏ ਤੇ ਉਸਨੂੰ ਅੰਦਰ ਛੱਡ ਕੇ ਬਾਹਰੋਂ ਕੁੰਡੀ ਲਾ ਕੇ ਪਤਾ ਨੀ ਕਿੱਧਰ ਚਲੇ ਗਏ।

ਜਦ ਉਸ ਕੁੜੀ ਨੇ ਸਾਹਮਣੇ ਦੇਖਿਆ ਤਾਂ ਇੱਕ ਵੱਡੇ ਢਿੱਡ ਵਾਲਾ ਬੰਦਾ ਜਿਵੇਂ ਉਸਨੂੰ ਨਿਗਲ ਜਾਣ ਲਈ ਤਿਆਰ ਬੈਠਾ ਹੋਵੇ ਉਹ ਵਾਰ-ਵਾਰ ਉਸਨੂੰ ਪਲੰਘ ਤੇ ਆਉਣ ਲਈ ਕਹਿ ਰਿਹਾ ਸੀ। ਜਿੱਦਾਂ ਹੀ ਕੁੜੀ ਦੀ ਨਜ਼ਰ ਪਲੰਘ ਤੇ ਪਈ ਉਸਦੇ ਕੰਨੀਂ ਨਮੀਤਾ ਦੇ ਬੋਲ ਗੂੰਜਣ ਲੱਗੇ। 'ਐਥੋਂ ਘਰ ਨੀਂ ਸ਼ਮਸ਼ਾਨ ਦਾ ਰਾਹ ਨਿਕਲਦਾ' ਫਿਰ ਉਹ ਲਾਸ਼ ਜਹੀ ਬਣੀ ਖੜੀ ਰਹੀ ਤੇ ਭਾਰੇ ਢਿੱਡ ਵਾਲਾ ਉਸਨੂੰ ਖੂਨੀ ਹਾਸਾ ਹੱਸਦਾ ਚੁੱਕ ਕੇ ਪਲੰਘ ਤੇ ਲੈ ਗਿਆ।
 
ਸੰਪਰਕ:84 27 44 74 34
16/05/2021

ਕਾਸ਼
ਰੋਹਿਤ ਕੁਮਾਰ
 
ਬਾਲਾਂ ਨੂੰ ਕਲਿੱਪ ਲਗਾਉੁਣ ਤੋਂ ਬਾਅਦ ਸਰੋਜੀਨੀ ਨੇ ਸਿਗਰੇਟ ਜਲਾਈ ਤੇ ਮੂੰਹ ਵਿੱਚ ਪਾ ਲਈ ਜਦ ਨੂੰ ਅੱਖ ਝਮੱਕਣ ਦੇ ਸਮੇਂ ਨਾਲ ਹੀ ਉਸਦੇ ਨਾਲ ਲੰਮੇ ਪਏ ਉਦਿਤ ਨੇ ਉਸਦੇ ਮੂੰਹੋਂ ਸਿਗਰੇਟ ਕੱਢ ਕੇ ਪਰੇ ਮਾਰੀ।

''ਤੂੰ ਅੱਜ ਤੋਂ ਸਿਗਰੇਟ ਨਹੀਂ ਪੀਊਂਗੀ ਸੁਣ ਗਿਆ ਨਾ?
 ''ਕੀ ਹੋਇਆ ਦੱਸੋ ਤਾਂ ਸਹੀ?
''ਮੈਂ ਕਹਿਤਾ ਨਾ ਨਹੀਂ ਪੀਣੀ ਨਹੀਂ ਤਾਂ ਮੈਂ ਨੀ ਅੱਗੇ ਤੋਂ ਆਉਣਾ।
''ਅੱਛਾ ਬਾਬਾ ਨਹੀਂ ਪੀਂਦੀ ਹੁਣ ਗੁੱਸਾ ਛੱਡੋ। 

ਐਨਾ ਕਹਿ ਕੇ ਸਰੋਜੀਨੀ ਨੇ ਸਿਗਰੇਟ ਪੀਣ ਤੋਂ ਤੌਬਾ ਕੀਤੀ ਤੇ ਉਦਿਤ ਨੇ ਉਸਨੂੰ ਗਲੇ ਲਾ ਲਿਆ। 'ਮੈਂ ਵੀ ਨੀ ਪੀਂਦਾ ਹੁਣ ਸਿਗਰੇਟ ਤੈਨੂੰ ਤਾਂ ਰੋਕਤਾ।'

ਕੁਝ ਸਮਾਂ ਬੀਤਿਆ ਤਾਂ ਅਚਾਨਕ ਉਦਿਤ ਉਸ ਸਮੇਂ ਆ ਗਿਆ ਜਦੋਂ ਸਰੋਜਿਨੀ ਦੇ ਹੱਥ ਵਿੱਚ ਦਾਰੂ ਦਾ ਗਿਲਾਸ ਸੀ ਉਸਨੇ ਇੱਕ ਘੂਰ ਵੱਟੀ ਤੇ ਸਰੋਜਿਨੀ ਦੇ ਹੱਥੋਂ ਦਾਰੂ ਦਾ ਗਿਲਾਸ ਫੜ ਕੇ ਇੱਕ ਕੋਨੇ ਵਿੱਚ ਜਾ ਕੇ ਡੋਲ ਦਿੱਤਾ।

''ਸਰੋਜੀਨੀ ਅੱਜ ਤੋਂ ਤੇਰੀ ਸ਼ਰਾਬ ਵੀ ਬੰਦ ਹੁਣ ਮੁੜ ਕੇ ਕਦੇ ਸ਼ਰਾਬ ਨੀ ਪੀਣੀ ਤੂੰ।
''ਕਿਉਂ ਤੁਸੀਂ ਵੀ ਛੱਡਤੀ ਸ਼ਰਾਬ ਪੀਣੀ?
'ਹੋਰ ਕੀ ਮੈਂ ਛੱਡੀ ਆ ਤਾਂ ਹੀ ਤੇਰੀ ਵੀ ਛਡਾਤੀ।

ਫਿਰ ਅਚਾਨਕ ਹੀ ਉਦਿਤ ਕੋਠੇ ਤੇ ਆਉਣੋਂ ਬਿਲਕੁਲ ਹਟ ਗਿਆ ਸਰੋਜੀਨੀ ਦੇ ਕੰਨੀ ਕੁਝ ਕੁੜੀਆਂ ਦੀਆਂ ਗੱਲਾਂ ਪਈਆਂ। 'ਸੁਣਿਆ ਉਦਿਤ ਦਾ ਵਿਆਹ ਹੋ ਗਿਆ। ਉਸਨੇ ਪਹਿਲਾਂ ਸਿਗਰੇਟਾਂ ਛੱਡੀਆਂ ਫਿਰ ਦਾਰੂ ਛੱਡੀ ਫਿਰ ਵਿਆਹ ਕਰਾ ਲਿਆ ਤਾਂ ਐਥੇ ਆਉਣਾ ਵੀ ਛੱਡਤਾ।' 

ਹੁਣ ਸਰੋਜੀਨੀ ਸੋਚ ਰਹੀ ਸੀ ਕਿ ਕਾਸ਼ ਸਿਗਰੇਟ ਤੇ ਦਾਰੂ ਛਡਾਉਣ ਵਾਲਾ ਉਦਿਤ ਉਸ ਕੋਲੋਂ ਇਸ ਧੰਦੇ ਵਾਲਾ ਪਲੰਘ ਵੀ ਛੁਡਾ ਦਿੰਦਾ।
 
ਲੇਖਕ: ਰੋਹਿਤ ਕੁਮਾਰ
ਸੰਪਰਕ ਨੰਬਰ : 8427447434
15/05/2021


ਆਪਣੀ ਮਾਂ-ਬੋਲੀ
 ਡਾ. ਬਲਦੇਵ ਸਿੰਘ ਖਹਿਰਾ

ਹਰਮੇਸ਼ ਅਤੇ ਡੌਨੀ ਨਾ ਸਿਰਫ ਗੁਆਂਢੀ ਸਨ ਸਗੋਂ ਹਮਜਮਾਤੀ ਵੀ ਸਨ ਤੇ ਦੋਵੇਂ ਹੀ ਪੜ੍ਹਾਈ ਵਿਚ ਹੁਸ਼ਿਆਰ। ਇਸ ਸਾਲ ਦੀ ਬਹੁ-ਭਾਸ਼ੀ ਵਾਦਵਿਵਾਦ ਪ੍ਰਤੀਯੋਗਤਾ ਵਿਚ ਪਰਿਵਾਰ ਵਲੋਂ ਮਿਲੀ ਹੱਲਾਸ਼ੇਰੀ ਅਤੇ ਸਹਾਇਤਾ ਕਰਕੇ ਦੋਵੇਂ ਜ਼ਿਲਾ ਪੱਧਰ ਦੇ ਆਖਿਰੀ ਗੇੜ ਵਿਚ ਪਹੁੰਚ ਗਏ। ਹਰਮੇਸ਼ ਦੀ ਮਾਂ ਪੰਜਾਬੀ ਸੱਭਿਆਚਾਰ ਤੇ ਮਾਂ-ਬੋਲੀ ਨਾਲ ਜੁੜੀ ਸੂਝਵਾਨ ਸੁਆਣੀ ਸੀ ਤੇ ਉਹਨੇ ਆਪਣੇ ਪੁੱਤਰ ਨੂੰ ਪੰਜਾਬੀ-ਵਿਸ਼ੇ ’ਤੇ ਹੀ ਬੋਲਣ ਲਈ ਕਿਹਾ ਸੀ, ਜਦੋਂ ਕਿ ਡੌਨੀ ਦੀ ਮਾਂ ਆਪਣੇ-ਆਪ ਨੂੰ ਨਵੇਂ ਜ਼ਮਾਨੇ ਦੀ ਅਗਾਂਹਵਧੂ ਔਰਤ ਸਮਝਦੀ ਹੋਈ ਅੰਗਰੇਜ਼ੀ ਨੂੰ ਤਰਜੀਹ ਦਿੰਦੀ ਸੀ ਤੇ ਡੌਨੀ ਨੇ ਆਪਣੀ ਮਾਂ ਦੀ ਸਹਾਇਤਾ ਨਾਲ ਅੰਗਰੇਜ਼ੀ ਵਿਸ਼ੇ ਵਾਲੇ ਲੇਖ ਨੂੰ ਰਟ ਲਿਆ ਸੀ। ਹੁਣ ਦੋਵਾਂ ਪਰਿਵਾਰਾਂ ਦਾ ਵੱਕਾਰ ਦਾਅ ’ਤੇ ਲੱਗਾ ਸੀ ।

ਆਖਿਰੀ ਗੇੜ ਵਾਸਤੇ ਦੋਵੇ ਮਾਵਾਂ ਆਪਣੇ ਪੁੱਤਰਾਂ ਨਾਲ ਲਾਗਲੇ ਸ਼ਹਿਰ ਬਠਿੰਡਾ ਪਹੁੰਚ ਗਈਆਂ।  ਦੋਵਾਂ ਮੁੰਡਿਆਂ ਦਾ ਉਤਸ਼ਾਹ ਤੇ ਪੇਸ਼ਕਾਰੀ ਦੇਖਣ ਵਾਲੀ ਸੀ, ਪਰ ਪਹਿਲੇ ਸਥਾਨ ਵਾਸਤੇ ਦੋਵਾਂ ਦੇ ਇਕੋ ਜਿੰਨੇ ਨੰਬਰ ਆ ਗਏ। ਜੱਜਾਂ ਨੇ ਫ਼ੈਸਲਾ ਲਿਆ ਕਿ ਦੋਹਾਂ ਨੂੰ ਉਹਨਾਂ ਦੇ ਵਿਸ਼ੇ ਸਬੰਧੀ ਤਿੰਨ ਤਿੰਨ ਸਵਾਲ ਪੁੱਛੇ ਜਾਣ, ਜਿਹੜਾ ਤਸੱਲੀਬਖ਼ਸ਼ ਜਵਾਬ ਦੇਵੇਗਾ, ਉਹ ਪਹਿਲੇ ਸਥਾਨ ਉਤੇ ਹੋਵੇਗਾ। ਪਹਿਲਾ ਸਵਾਲ ਅੰਗਰੇਜ਼ੀ ਵਿਚ ਡੌਨੀ ਨੂੰ ਪੁਛਿਆ ਗਿਆ, ਉਹਨੇ ਅਟਕਦੇ ਅਟਕਦੇ ਜਵਾਬ ਤਾਂ ਦੇ ਦਿੱਤਾ ਪਰ ਉਹ ਬਹੁਤਾ ਤਸੱਲੀ ਬਖ਼ਸ਼ ਨਹੀਂ ਸੀ। ਦੂਜਾ ਸਵਾਲ ਆਉਂਦੇ ਹੀ ਉਹਦਾ ਸਵੈ-ਵਿਸ਼ਵਾਸ਼ ਸਾਥ ਛੱਡ ਗਿਆ ਤੇ ਉਹ ਦਰਸ਼ਕਾਂ ਵਿਚ ਬੈਠੀ ਮਾਂ ਵੱਲ ਦੇਖਦਾ ਹਕਲਾਉਂਦਾ ਜਿਹਾ ਬੋਲਿਆ, “ ਜਵਾਬ ਤਾਂ ਆਉਂਦੈ, ਪਰ ਕੀ ਮੈਂ ਪੰਜਾਬੀ ਵਿਚ ਜਵਾਬ ਦੇ ਸਕਦਾਂ?”

“ ਨਹੀਂ, ਤੁਹਾਡਾ ਵਿਸ਼ਾ ਇੰਗਲਿਸ਼ ਹੈ, ਇੰਗਲਿਸ਼ ਵਿਚ ਹੀ ਜਵਾਬ ਦਿਓ ”

ਹਰਮੇਸ਼ ਨੇ ਪੰਜਾਬੀ ਵਿਚ ਪੁੱਛੇ ਗਏ ਸਵਾਲਾਂ ਦੇ ਬੇਹੱਦ ਤਸੱਲੀਬਖ਼ਸ਼ ਜਵਾਬ ਦਿੱਤੇ ਤੇ ਉਹਨੂੰ ਜੇਤੂ ਕਰਾਰ ਕਰ ਦਿੱਤਾ ਗਿਆ। ਡੌਨੀ ਨੂੰ ਆਪਣੀ ਮਾਂ ਉਤੇ ਬਹੁਤ ਗੁੱਸਾ ਚੜ੍ਹਿਆ ਤੇ ਉਹ ਉਸ ਨੂੰ ਬਿਨਾਂ ਬੁਲਾਏ ਦੂਜਾ ਇਨਾਮ ਲੈ ਕੇ ਹਾਲ ਵਿਚੋਂ ਬਾਹਰ ਨਿੱਕਲ ਗਿਆ।
20/10/2019


ਗੁੱਡੀਆਂ

ਅਮਰਦੀਪ ਕੌਰ

ਰੇਸ਼ਮਾ ਤੇ ਸੁਸ਼ਮਾ ਗੁੱਡੀਆਂ ਨਾਲ ਖੇਡ ਰਹੀਆਂ ਸਨ। ਖੇਡਦੇ ਖੇਡਦੇ ਦੋਹਾਂ ਨੇ ਆਪਣੀਆਂ ਗੁੱਡੀਆਂ ਇੱਕ ਦੂਜੇ ਨਾਲ ਵਟਾ ਲਈਆਂ ਤੇ ਇੱਕ ਦੂਜੇ ਨਾਲ ਵਾਅਦਾ ਵੀ ਕੀਤਾ ਕਿ ਉਹ ਇੱਕ ਦੂਜੇ ਦੀਆਂ ਗੁੱਡੀਆਂ ਸਾਂਭ ਕੇ ਰੱਖਣਗੀਆਂ। ਦੋਵੇਂ ਇੱਕ ਦੂਜੇ ਦੀਆਂ ਗੁੱਡੀਆਂ ਨੂੰ ਪਿਆਰ ਕਰ ਰਹੀਆਂ ਸਨ। ਉੱਧਰੋਂ ਭੱਜਦੇ ਭੱਜਦੇ ਗੁਆਂਢੀਆਂ ਦੇ ਮੁੰਡੇ ਮੋਂਟੀ ਤੇ ਸਨੀ ਆਏ ਤੇ ਦੋਵਾਂ ਦੇ ਹੱਥਾਂ ਦੀਆਂ ਗੁੱਡੀਆਂ ਹਥਿਆਉਣ ਦੀ ਸੋਚਣ ਲੱਗੇ। ਉਹਨਾਂ ਨੇ ਇੱਕ ਯੋਜਨਾ ਬਣਾਈ ਤੇ ਮੋਂਟੀ ਰੇਸ਼ਮਾ ਕੋਲ ਜਾ ਕੇ ਉਸ ਦੇ ਕੰਨ ਚਂ ਕਹਿਣ ਲੱਗਾ ਕਮਲੀਏ ਤੇਰੀ ਗੁੱਡੀ ਤਾਂ ਉਹਦੀ ਗੁੱਡੀ ਨਾਲੋਂ ਕਿਤੇ ਸੁਹਣੀ ਹੈ ਤੂੰ ਕਾਹਤੋਂ ਉਸ ਦੀ ਗੁੱਡੀ ਲਈ ਹੈ ? ਇਹੀ ਗੱਲ ਦੂਜੇ ਪਾਸੇ ਸਨੀ ਨੇ ਸੁਸ਼ਮਾ ਦੇ ਕੰਨ ਵਿੱਚ ਕਹੀ। ਦੋਵੇਂ ਸਹੇਲੀਆਂ ਜੋ ਕਿ ਕੁਝ ਦੇਰ ਪਹਿਲਾਂ ਇੰਨੀ ਚੰਗੀ ਤਰ੍ਹਾਂ ਹੱਸ ਖੇਡ ਰਹੀਆਂ ਸਨ, ਇਕਦਮ ਲੜਣ ਲੱਗ ਪਈਆਂ ਤੇ ਇੱਕ ਦੂਜੇ ਦੇ ਹੱਥੋਂ ਆਪਣੀ ਆਪਣੀ ਗੁੱਡੀ ਖੋਹ ਕੇ ਦੂਜੀ ਦੀ ਗੁੱਡੀ ਦੀਆਂ ਬੁਰਾਈਆਂ ਕਰਨ ਲੱਗ ਪਈਆਂ। ਲੜਦਿਆਂ ਲੜਦਿਆਂ ਪਤਾ ਹੀ ਨਾ ਲੱਗਾ ਕਿ ਕਦੋਂ ਗੁੱਡੀਆਂ ਸੁੱਟ ਉਹ ਹੱਥੋਂ ਪਾਈ ਹੋ ਗਈਆਂ। ਮੋਂਟੂ ਤੇ ਸੰਨੀ ਨੇ ਗੁੱਡੀਆਂ ਚੁੱਕੀਆਂ ਤੇ ਦੌੜਦੇ ਬਣੇ। ਇਹ ਸਾਰਾ ਨਜ਼ਾਰਾ ਸੂਬੇਦਾਰ ਕੇਵਲ ਸਿੰਘ ਵੀ ਦੇਖ ਰਿਹਾ ਸੀ ਜੋ 1971 ਦੀ ਜੰਗ ਵਿੱਚ ਆਪਣੀਆਂ ਦੋਵੇਂ ਲੱਤਾਂ ਗੁਆ ਚੁੱਕਾ ਸੀ। ਉਸ ਨੂੰ ਇੰਝ ਮਹਿਸੂਸ ਹੋਇਆ ਜਿਵੇਂ ਰੇਸ਼ਮਾ ਮੁਸਲਮਾਨ ਹੋਵੇ ਤੇ ਸੁਸ਼ਮਾ ਹਿੰਦੂ ਤੇ ਉਹਨਾਂ ਦੀਆਂ ਗੁੱਡੀਆਂ 1947 ਤੋਂ ਪਹਿਲਾਂ ਦਾ ਭਾਰਤ । ਮੋਂਟੀ ਤੇ ਸਨੀ ਉਹ ਅੰਗਰੇਜ਼ ਸਨ ਜਿਨ੍ਹਾਂ ਨੇ ਭਾਰਤ ਨੂੰ ਹਥਿਆਉਣ ਲਈ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਦੰਗੇ ਕਰਾ ਕੇ ਉਹਨਾਂ ਨੂੰ ਹਮੇਸ਼ਾ ਲਈ ਇੱਕ ਦੂਜੇ ਤੋਂ ਵੱਖ ਕਰ ਦਿੱਤਾ ਸੀ ਤੇ ਅੱਜ ਮੁਲਕਾਂ ਦੀ ਵੰਡ ਤੋਂ ਬਾਅਦ ਵੀ ਚਾਹੇ ਅੰਗਰੇਜ਼ ਚਲੇ ਗਏ ਹਨ ਪਰ ਮੋਂਟੂ ਤੇ ਸਨੀ ਵਰਗੇ ਲੋਕ ਨਹੀਂ। ਅੱਜ ਵੀ ਜਦੋਂ ਵੀ ਕਿਸੇ ਮੋਂਟੂ ਤੇ ਸਨੀ ਨੂੰ ਹਿੰਦੁਸਤਾਨ ਰੂਪੀ ਗੁੜੀਆ ਚਾਹੀਦੀ ਹੁੰਦੀ ਹੈ ਤਾਂ ਉਹ ਫਿਰ ਰੇਸ਼ਮਾ ਤੇ ਸੁਸ਼ਮਾ ਨੂੰ ਇੱਕ ਦੂਜੇ ਦੇ ਖਿਲਾਫ਼ ਕਰਕੇ ਉਹਨਾਂ ਦਾ ਧਿਆਨ ਆਪਣੀ ਆਪਣੀ ਗੁੱਡੀਆਂ ਵੱਲੋਂ ਹਟਾ ਕੇ ਉਹਨਾਂ ਨੂੰ ਲੜਵਾਉਂਦੇ ਹਨ ਤੇ ਭਾਰਤ ਰੂਪੀ ਗੁੱਡੀ ਨੂੰ ਹਥਿਆਉਣ ਦੀ ਕੋਸ਼ਿਸ਼ ਕਰਦੇ ਹਨ ਜਿਸ ਵਿੱਚ ਉਹ ਰੇਸ਼ਮਾ ਤੇ ਸੁਸ਼ਮਾ ਵਰਗਿਆਂ ਦੀਆਂ ਬੇਵਕੂਫ਼ੀਆਂ ਕਰਕੇ ਕਾਮਯਾਬ ਵੀ ਹੁੰਦੇ ਹਨ ਤੇ ਇਸ ਸਭ ਵਿੱਚ ਕੁਰਬਾਨ ਹੁੰਦੇ ਹਨ ਸੂਬੇਦਾਰ ਕੇਵਲ ਸਿੰਘ ਵਰਗੇ ਲੋਕ ।
21/03/2019

ਮਿੱਟੀ 'ਚ ਰੁਲਦੇ ਲਾਲ
ਡਾ ਬਲਦੇਵ ਸਿੰਘ ਖਹਿਰਾ, ਮੋਹਾਲੀ

ਟਹਿਲ  ਸਿੰਘ ਨੂੰ ਜਦੋਂ ਗਣਤੰਤਰ-ਦਿਵਸ ਸਮਾਰੋਹ ਦੇ ਜਸ਼ਨਾਂ ਬਾਰੇ ਪਤਾ ਲੱਗਿਆ ਤਾਂ ਦੇਸ਼-ਪ੍ਰੇਮ ਹੁਲਾਰੇ ਮਾਰਨ ਲੱਗਾ । ਉਸਨੇ ਪੱਕਾ ਮਨ ਬਣਾਇਆ ਕਿ ਇਸ ਵਾਰ ਉਹ ਰਾਜਧਾਨੀ ਵਿਖੇ ਇਸ ਸਮਾਰੋਹ ਵਿੱਚ ਜ਼ਰੂਰ ਸ਼ਾਮਿਲ ਹੋਏਗਾ। ਆਜ਼ਾਦੀ ਲਈ ਉਸ ਦਸ ਸਾਲ ਦੇ ਸਮੇ 'ਚ ਅਨੇਕਾਂ ਵਾਰ ਜੇਲ੍ਹ ਯਾਤਰਾ ਕੀਤੀ। ਕੁੱਟ ਮਾਰ 'ਤੇ ਤਸ਼ੱਦਦ ਨਾਲ ਉਸਦਾ ਖੱਬਾ ਗੋਡਾ ਨਕਾਰਾ ਹੋ ਗਿਆ ਅਤੇ ਉਹ ਫਹੁੜੀਆਂ ਨਾਲ ਤੁਰਨ ਲਈ ਮਜਬੂਰ ਹੋ ਗਿਆ। ਟਹਿਲ ਸਿੰਘ ਦੇ ਇਸ ਪ੍ਰੋਗਰਾਮ ਨੂੰ ਦੇਖ ਕੇ ਦੋ ਹੋਰ ਸੁਤੰਤਰਤਾ ਸੈਨਾਨੀ ਵੀ ਸਮਾਰੋਹ ਵਿੱਚ ਸਾਮਿਲ ਹੋਣ ਲਈ ਸੰਗ ਹੋ ਗਏ ਤੇ ਚਾਰ ਗਭਰੇਟ ਵੀ।

ਸਮਾਰੋਹ ਸ਼ੁਰੂ ਹੋਣ ਤੋਂ ਘੰਟਾ ਪਹਿਲਾਂ ਹੀ ਇਹ ਕਾਫਿਲਾ ਸਟੇਡੀਅਮ ਦੇ ਗੇਟ ਉੱਤੇ ਪਹੁੰਚ ਗਿਆ। ਸੁਰੱਖਿਆ ਅਮਲੇ ਨੇ ਉਹਨਾਂ ਨੂੰ ਰੋਕ ਕੇ ਕੋਈ ਸ਼ਨਾਖਤੀ ਕਾਰਡ ਜਾਂ ਕਾਗ਼ਜ਼-ਪੱਤਰ ਦਿਖਾਉਣ ਲਈ ਕਿਹਾ।

“ਸਭ ਕੁਝ ਸੀ ਜਨਾਬ ! ਹੁਣ ਤਾਂ ਆਹ ਸੱਟਾਂ ਦੇ ਨਿਸ਼ਾਨਾਂ ਤੇ ਫਹੁੜੀਆਂ ਨੂੰ ਹੀ ਸ਼ਨਾਖਤੀ ਨਿਸ਼ਾਨ ਸਮਝ ਲਓ, ਪਿਛਲੇ ਸਾਲ ਦੇ ਹੜ੍ਹਾਂ ਵਿੱਚ ਘਰਦੇ ਸਮਾਨ ਨਾਲ ਸਭ ਕੁਝ ਰੁੜ੍ਹ ਗਿਆ, ਹੁਣ ਕੋਈ ਬਣਾ ਕੇ ਨਹੀਂ ਦਿੰਦਾ ” ਰੋਣ-ਹਾਕਾ ਹੋਇਆ ਉਹ ਅਫਸਰਾਂ ਅੱਗੇ ਹੱਥ ਜੋੜੀ ਖੜ੍ਹਾ ਸੀ । ਏਨੇ ਨੂੰ ਸਾਇਰਨ ਵਜਾਉਂਦੀ ਕਾਰ ਆ ਕੇ ਰੁਕੀ। ਉੱਚ-ਅਧਿਕਾਰੀ ਨੂੰ ਸਲੂਟ ਵੱਜੇ,“ ਆਹ ਕੀ ਮੰਗਤੇ ਜਿਹੇ 'ਕੱਠੇ ਕਰੀ ਖੜ੍ਹੇ ਓ, ਮੰਤਰੀਆਂ ਦੇ ਆਉਣ ਦਾ ਟਾਈਮ ਹੋ ਚੱਲਿਐ, ਭਜਾਓ ਇਹਨਾਂ ਨੂੰ ਏਥੋਂ ”

ਹੁਕਮ ਹੋਣ ਦੀ ਦੇਰ ਸੀ ਕਿ ਚਾਰ ਪੰਜ ਸਿਪਾਹੀ ਡੰਡੇ ਲੈ ਕੇ ਉਹਨਾਂ ਵੱਲ ਲਪਕੇ, ਟਹਿਲ ਸਿੰਘ ਤੇ ਸਾਥੀ ਜਿਧਰ ਰਾਹ ਲੱਭਿਆ ਭੱਜ ਪਏ। ਟਹਿਲ ਸਿੰਘ ਅੜ੍ਹਕ ਕੇ ਡਿੱਗ ਪਿਆ, ਮੱਥੇ ਵਿੱਚੋਂ ਖੂਨ ਵਗਣ ਲੱਗਿਆ। ਗੋਡਿਆਂ ਤੇ ਲੱਗੀਆਂ ਰਗੜਾਂ ਦੇ ਦਰਦ ਨਾਲ ਮਸਾਂ ਹੀ ਉੱਠਿਆ, ਪੱਗ ਚੁੱਕ ਕੇ ਸਿਰ ਤੇ ਰੱਖੀ ,ਫਿਰ ਫਹੁੜੀ ਸਿਪਾਹੀ ਵੱਲ ਉਲਾਰਦਾ ਚੀਕਿਆ, “ੳਇ ਕੁਝ ਤਾਂ ਸ਼ਰਮ ਕਰੋ, ਅਜੇ ਪੰਜ ਸਾਲ ਪਹਿਲਾਂ ਤਾਂ ਸਰਕਾਰ ਨੇ ਸਾਨੂੰ ਏਥੇ ਈ  ਸਨਮਾਨਿਤ ਕੀਤਾ ਸੀ ਤੇ ਅੱਜ ਤੁਸੀਂ ਸਾਨੂੰ ਮਿੱਟੀ 'ਚ ਰੋਲਦੇ ਓ !”
 24/01/2019

ਮੇਰਾ ਪਿਆਰ
ਸੁਖਪਾਲ ਸਿੰਘ  (ਭਾਗ ਪਹਿਲਾ)

ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਜਦੋਂ ਮੇਰੇ ਪਿਤਾ ਜੀ ਕਾਫੀ ਬਿਮਾਰ ਰਹਿਣ  ਲੱਗ ਪਏ ਸਨ  ਤੇ ਮਜਬੂਰੀ 'ਚ ਮੈਨੂੰ ਪੜਾਈ ਛੱਡ ਕੇ ਕੰਮ ਤੇ ਲੱਗਣਾ ਪਿਆ।
ਮੈਨੂੰ ਹੁਣ ਤੱਕ ਕੰਮ ਕਰਦੇ ਨੂੰ 2 ਸਾਲ ਹੋ ਚੁੱਕੇ ਸਨ। ਘਰ ਦੀ ਸਥਿਤੀ  ਕਾਫੀ ਠੀਕ ਸੀ। ਅਸੀ ਤਿੰਨ ਬੰਦੇ ਇੱਕਠੇ ਕੰਮ ਕਰਦੇ ਸੀ ਸਾਰਾ ਦਿਨ ਹੱਸਦੇ ਖੇਡਦਿਆਂ ਦਾ ਲੰਘਦਾ ਕੋਈ ਫਿਕਰ ਨਹੀ ਸੀ। ਤੇ ਇਕ  ਦਿਨ ਜਦ ਮੈਂ  ਕੰਮ ਕਰ ਰਿਹਾ  ਸੀ  ਤਾਂ ਮੇਰੇ ਫੋਨ ਦੀ ਘੰਟੀ ਵੱਜੀ ਅੱਗਿਓਂ ਇਕ ਜਾਣੀ ਪਹਿਚਾਣੀ ਆਵਾਜ ਸੀ। ਜਦ ਉਸ ਨੇ ਆਪਣਾ ਨਾਂ ਸਰਵੀ (ਬਦਲਿਆ ਹੋਇਆ ਨਾਮ)  ਦੱਸਿਆ ਤਾਂ ਮੇਰੇ ਅੰਦਰ  ਮੰਨੋ ਤੁਫਾਨ ਜਾ ਉਠਿਆ ਇਕ ਅਜੀਬ ਜੀ ਲਹਿਰ ਤੇ ਉਸ ਨਾਮ ਨਾਲ ਜੁੜੀਆਂ ਕਈ ਯਾਦਾਂ ਮੇਰੀਆਂ ਅੱਖਾਂ ਅੱਗੇ ਆ ਗਈਆਂ। ਤੇ ਜਦ ਉਸ ਨੇ ਦੱਸਿਆ ਕਿ ਉਹ  ਆਪਣੇ ਭੂਆ ਜੀ ਦਾ ਪਤਾ ਲੈਣ ਆ ਰਹੀ ਹੈ ਤਾਂ ਮੇਰੀ ਖੁਸ਼ੀ ਦੀ ਕੋਈ ਥਾਂ ਨਾ ਰਹੀ। (ਚਾਹੇ ਹੁਣ ਉਹ ਦੋ ਬੇਟੀਆਂ ਦੀ ਮਾਂ ਹੈ ਅੱਜ ਤੋੰ 6 ਸਾਲ ਪਹਿਲਾਂ  ਜਦੋਂ ਮੈਂ  ਆਪਣੇ ਨਾਨਕੇ ਛੁੱਟੀਆਂ ਮਨਾਉਣ ਲਈ ਜਾਇਆ ਕਰਦਾ ਸੀ ਅਤੇ ਉਹ ਆਪਦੀ ਭੂਆ ਕੋਲ ਪੜਦੀ ਸੀ। ਮੈਂ ਅਕਸਰ ਉਸ ਨੂੰ  ਦੇਖਿਆ  ਕਰਦਾ ਸੀ। ਉਸ  ਦਾ ਘਰ ਮੇਰੇ  ਨਾਨਕਿਆ ਦੇ ਘਰ ਨੇੜੇ ਸੀ। ਜਿਸ ਕਾਰਨ ਮੈੰ ਅਕਸਰ ਉਨ੍ਹਾਂ ਦੇ ਘਰ ਚਲਾ ਜਾਂਦਾ ਸੀ। ਇਕ ਵਾਰ ਜਦ ਉਸ ਦੇ ਭਰਾ ਦਾ ਵਿਆਹ ਸੀ ਤਾਂ ਮੈਂ ਵੀ ਉਨ੍ਹਾਂ  ਨਾਲ  ਉਸ ਦੇ ਪਿੰਡ ਗਿਆ ਤੇ ਜਦ ਵਿਆਹ ਤੋਂ ਬਾਅਦ ਵਾਪਸ ਆ ਰਹੇ ਸੀ ਤਾਂ ਮੈਂ ਦਿਲ ਜਾ ਕਰ ਕੇ ਉਸ ਨੂੰ ਆਪਣੇ ਦਿਲ ਦੀ ਗੱਲ ਕਹਿ ਦਿੱਤੀ ਪਰ ਉਸ ਨੇ ਕੋਈ ਜਵਾਬ ਨਾ ਦਿੱਤਾ । ਕਿਉਂਕਿ ਮੇਰੀਆਂ ਛੁੱਟੀਆਂ ਹੁਣ ਖਤਮ ਹੋ ਗਈਆਂ ਸਨ ਤੇ ਮੈਂ ਅਗਲੇ ਦਿਨ ਪਿੰਡ ਚਲਾ ਗਿਆ। ਉਸ ਤੋਂ ਬਾਅਦ ਸਾਨੂੰ  ਮਿਲਣ ਦਾ ਟਾਈਮ ਨਹੀ ਮਿਲਿਆ ਤੇ ਮੇਰੇ ਪਿਛੋਂ ਉਸਦੇ ਘਰਦਿਆਂ ਨੇ ਉਸ ਦਾ ਵਿਆਹ ਕਰ ਦਿੱਤਾ।

ਇਹਨਾਂ ਸਾਲਾਂ ਦੌਰਾਨ ਅਸੀਂ ਕਈ ਵਾਰ ਮਿਲੇ ਤਾਂ ਸੀ ਪਰ ਕਦੀ ਕੋਈ ਪਿਆਰ ਵਾਲੀ ਗੱਲ ਗੱਲ ਨਹੀਂ ਸੀ ਕੀਤੀ ਸੀ ਤੇ ਅੱਜ ਉਸ ਨੇ ਮੇਰੀ 6 ਸਾਲ ਪਹਿਲਾਂ ਵਾਲੀ ਗੱਲ ਦਾ ਜਵਾਬ ਦਿੱਤਾ ਕਿ ਉਹ ਮੈਨੂੰ ਉਸ ਸਮੇਂ ਵੀ ਪਿਆਰ  ਕਰਦੀ ਸੀ ਤੇ ਹੁਣ ਵੀ ਕਰਦੀ ਹੈ।

ਉਹ ਆਪਣੀ ਭੂਆ ਦਾ ਪਤਾ  ਲੈ ਕੇ  ਚਲੀ ਗਈ ਤੇ  ਅਗਲੇ ਦਿਨ ਮੈਂ ਵੀ ਪਿੰਡ ਆ ਗਿਆ। ਉਸ ਤੋਂ ਬਾਅਦ ਸਾਡੀ ਰੋਜ ਫੌਨ ਤੇ ਗੱਲ ਹੋਣ ਲੱਗੀ। ਉਸ ਨੇ ਦੱਸਿਆ ਕਿ ਉਸ ਦੇ ਘਰ ਵਾਲਾ ਕਦੀ ਕਦੀ ਦਾਰੂ ਪੀ ਲੈਂਦੇ ਜਿਸ ਕਰਕੇ ਉਹ ਉਸ ਨੂੰ ਚੰਗਾ ਨਹੀਂ ਲਗਦਾ ਦੋ ਧੀਆਂ ਨੇ ਵੱਡੀ ਹਰਪ੍ਰੀਤ ਤੇ ਛੋਟੀ ਪਰਮੀ (ਬਦਲੇ ਹੋਏ ਨਾਂ )। ਦਿਨ ਵਿਚ ਅਸੀ ਕਾਫੀ ਸਮੇਂ ਤੱਕ  ਗੱਲਾਂ ਕਰਦੇ। ਉਹ ਹਸਦੀ ਬਹੁਤ ਸੀ ਤੇ ਹਸਦੀ ਪਿਆਰੀ ਵੀ ਬਹੁਤ ਲਗਦੀ ਸੀ। ਪਰ ਮੈਨੂੰ ਨਹੀਂ ਪਤਾ ਸੀ ਕਿ ਉਸਦਾ ਹੱਸਣਾ ਮੈਨੂੰ ਇਨਾ ਰੁਲਾਏਗਾ...  (04/10/2018)

ਗੂੜ੍ਹ ਗੱਲਾਂ
ਨਿਸ਼ਾਨ ਸਿੰਘ ਰਾਠੌਰ (ਡਾ.)
 
ਭਾਪਾ ਜੀ, ਇੱਕ ਗੱਲ ਪੁੱਛਾਂ? ਚੌਥੀ ਕਲਾਸ ਵਿਚ ਪੜ੍ਹਦੇ ਹਰਮਨ ਨੇ ਆਪਣੇ ਭਾਪੇ ਸੁਲੱਖਣ ਸਿੰਘ ਨੂੰ ਪੁੱਛਿਆ।
 
ਹਾਂ ਪੁੱਤ, ਪੁੱਛ ਕੀ ਗੱਲ ਹੈ? ਸੁਲੱਖਣ ਸਿੰਘ ਨੇ ਹਰਮਨ ਦੇ ਸਿਰ ਉੱਪਰ ਪਿਆਰ ਨਾਲ ਹੱਥ ਫੇਰਦਿਆਂ ਕਿਹਾ।
 
ਭਾਪਾ ਜੀ, ਅਸੀਂ ਸਰਕਾਰੀ ਸਕੂਲ 'ਚ ਪੜ੍ਹਦੇ ਹਾਂ। ਕੱਲ ਗੁਪਤਾ ਅੰਕਲ ਦਾ ਬੇਟਾ (ਅੰਕੁਰ) ਆਖ ਰਿਹਾ ਸੀ ਕਿ ਮੇਰੇ ਪਾਪਾ ਵੱਡੇ ਸਰਕਾਰੀ ਅਫ਼ਸਰ ਹਨ। ਇਸ ਲਈ ਅਸੀਂ ਵੱਡੇ ਪ੍ਰਾਈਵੇਟ ਸਕੂਲ ਵਿਚ ਪੜ੍ਹਦੇ ਹਾਂ।
 
ਅੱਛਾ ! ਹੋਰ ਕੀ ਕਿਹਾ ਸੀ, ਗੁਪਤਾ ਜੀ ਦੇ ਬੇਟੇ ਨੇ? ਸੁਲੱਖਣ ਨੇ ਹਰਮਨ ਤੋਂ ਪੂਰੀ ਗੱਲ ਬਾਰੇ ਪੁੱਛਿਆ।
 
ਉਹ ਕਹਿੰਦਾ ਸੀ ਤੇਰੇ ਪਾਪਾ ਪ੍ਰਾਈਵੇਟ ਕੰਪਨੀ 'ਚ ਕੰਮ ਕਰਦੇ ਹਨ ਤਾਹੀਂਓ ਤੁਸੀਂ ਸਰਕਾਰੀ ਸਕੂਲ 'ਚ ਪੜ੍ਹਦੇ ਹੋ। ਹਰਮਨ ਨੇ ਮਾਸੂਮੀਅਤ ਨਾਲ ਸਾਰੀ ਗੱਲ ਦੱਸ ਦਿੱਤੀ।
 
ਬੇਟਾ, ਅੱਜ ਕੱਲ ਇਉਂ ਹੀ ਹੁੰਦੈ। ਸਰਕਾਰੀ ਅਫ਼ਸਰਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਅਤੇ ਪ੍ਰਾਈਵੇਟ ਮੁਲਾਜ਼ਮਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਹਨ। ਇਹੀ ਕੌੜਾ ਸੱਚ ਹੈ।
 
ਹਰਮਨ ਨੂੰ ਆਪਣੇ ਭਾਪੇ ਦੀਆਂ 'ਗੂੜ੍ਹ ਗੱਲਾਂ' ਸਮਝ ਨਾ ਆਈਆਂ ਅਤੇ ਉਹ ਬਿਨਾਂ ਕੋਈ ਹੋਰ ਸੁਆਲ ਪੁੱਛੇ ਆਪਣਾ ਬਸਤਾ ਚੁੱਕ ਕੇ ਸਕੂਲ ਵੱਲ ਨੂੰ ਤੁਰ ਪਿਆ।
 17/09/2018

 

ਨਿੱਕਾ ਜੱਜ
ਰਵੇਲ ਸਿੰਘ ਇਟਲੀ

ਕੱਲ ਮੈਂ ਅਤੇ ਮੇਰੀ ਘਰ ਵਾਲੀ ਜਦੋਂ ਕਿਸੇ ਛੋਟੀ ਮੋਟੀ ਗੱਲੇ ਉੱਚੀ ਉੱਚੀ ਬੋਲ ਰਹੇ ਸਾਂ ਤਾਂ ਸਾਡੇ ਕੋਲ ਬੈਠਾ ਹੋਇਆ ਸਾਡਾ ਛੋਟਾ ਪੋਤਾ ਗੁਰਬਾਜ਼ ਸਾਨੂੰ ਵੇਖ ਕੇ ਵਿੱਚੋਂ ਬੋਲਿਆ, ਚੁੱਪ ਕਰੋ ਤੁਸੀਂ ਦੋਵੇਂ ਲੜਾਈ ਕਿਉਂ ਕਰਦੇ ਪਏ ਹੋ। ਅਸੀਂ ਉੱਸ ਦੀ ਗੱਲ ਸੁਣ ਕੇ ਦੋਵੇਂ ਚੁੱਪ ਕਰ ਗਏ। ਮੈਂ ਕਿਹਾ ਬੇਟਾ ਮੈਂ ਤਾਂ ਕੁੱਝ ਨਹੀਂ ਕਹਿੰਦਾ ਤੇਰੀ ਦਾਦੀ ਮਾਂ ਤਾਂ ਐਵੇਂ ਮੇਰੇ ਨਾਲ ਬੋਲਦੀ ਰਹਿੰਦੀ ਹੈ। ਉਹ ਕਹਿਣ ਲੱਗਾ ਨਹੀਂ ,ਤੁਸੀਂ, ਦੋਵੇਂ ਹੀ ਕਸੂਰ ਵਾਰ ਹੋ। ਮੈਂ ਕਿਹਾ ਅਸੀਂ ਦੋਵੇਂ ਤੇਰੇ ਕੋਲੋਂ ਮਾਫੀ ਮੰਗਦੇ ਹਾਂ। ਉਹ ਕਹਿਣ ਲੱਗਾ ਮੇਰੇ ਕੋਲੋਂ ਨਹੀਂ ਤੁਸੀਂ ਦੋਵੇਂ ਹੀ ਇੱਕ ਦੂਜੇ ਕੋਲੋਂ ਮਾਫੀ ਮੰਗੋ, ਨਹੀਂ ਤਾਂ ਮੈਂ ਤੁਹਾਡੇ ਨਾਲ ਬੋਲਣਾ ਬੰਦ ਕਰ ਦਿਆਂ ਗਾ। ਨਿੱਕੇ ਜੱਜ ਨੇ ਝੱਟ ਆਪਣਾ ਫੈਸਲਾ ਸੁਣਾ ਦਿੱਤਾ।

ਜਦੋਂ ਅਸੀਂ ਦੋਵੇਂ ਜਦੋਂ ਇੱਕ ਦੂਜੇ ਕੋਲੋਂ ਮਾਫੀ ਮੰਗਾਂ ਰਹੇ ਸਾਂ ਤਾਂ ਉਹ  ਫੋਨ ਤੇ ਕੋਈ ਗੇਮ ਖੇਡਦਾ ਹੋਇਆ ਨਾਲੋ ਨਾਲ  ਸਾਡੇ ਵੱਲ ਵੀ ਵੇਖੀ ਜਾ ਰਿਹਾ ਸੀ। ਉਹ ਆਪਣਾ ਕੰਮ ਛਡ ਕੇ ਸਾਡੇ ਵਿਚਕਾਰ ਆ ਕੇ ਸਾਨੂੰ ਲਾਡ ਪਿਆਰ ਕਰਦਾ ਕਹਿਣ ਲੱਗਾ ਕਿ ਦਾਦਾ ਜੀ ਵੇਖ ਲਉ ਮੁੜ ਲੜਾਈ ਨਹੀਂ ਕਰਨੀ। ਉੱਸ ਨੂੰ ਬੜੇ ਪਿਆਰ ਨਾਲ  ਘੁੱਟ ਕੇ ਗਲੇ ਲਗਾ ਕੇ ਕਿਹਾ ਠੀਕ ਹੈ ਬੇਟਾ ਹੁਣ ਅਸੀਂ ਲੜਾਈ ਨਹੀਂ ਕਰਾਂਗੇ।  ਉਹ ਸਾਨੂੰ ਛੱਡ ਕੇ ਫਿਰ ਫੋਨ ਤੇ ਚੁੱਪ ਚਾਪ ਆਪਣੀ ਗੇਮ ਵਿੱਚ ਮਸਤ ਹੋ ਗਿਆ। ਕੱਲ ਦੀ ਉਸ ਦੀ ਇਹ ਛੋਟੀ ਜਿਹੀ ਗੱਲ ਮੇਰੇ ਲਈ ਵੱਡੇ ਅਰਥਾਂ ਵਾਲੀ ਜਾਪ ਰਹੀ ਸੀ।

ਹੁਣ ਮੈਨੂੰ ਇੱਸ ਨਿੱਕੇ ਜੱਜ ਦੇ ਕੀਤੇ ਗਏ ਇੱਸ ਫੈਸਲੇ ਤੋਂ ਕਿਸੇ ਵੱਡੇ ਇਨਸਾਫ ਪਸੰਦ ਜੱਜ ਦਾ ਭਵਿੱਖ  ਨਜ਼ਰ ਆ ਰਿਹਾ ਸੀ।
08/06/2018

ਪਛਤਾਵੇ ਦੇ ਹੰਝੂ
ਡਾ: ਨਿਸ਼ਾਨ ਸਿੰਘ ਰਾਠੌਰ

ਸੁਰਜਨ ਸਿੰਘ ਆਪਣੀ ਘਰਵਾਲੀ ਹਰਜੀਤ ਕੌਰ ਨਾਲ ਬਾਜ਼ਾਰ ਨੂੰ ਤੁਰਿਆ ਤਾਂ ਪਿੰਡ ਦੇ ਮੋੜ ਉੱਤੇ ਲੋਕਾਂ ਦੀ ਭੀੜ ਦੇਖ ਕੇ ਆਪਣਾ ਸਕੂਟਰ ਹੋਲ਼ੀ ਕਰ ਲਿਆ।
'ਚਲੋ ਜੀ, ਆਪਾਂ ਨੂੰ ਦੇਰ ਹੋ ਜਾਣੀ ਹੈ।' ਹਰਜੀਤ ਕੌਰ ਨੇ ਸਕੂਟਰ ਦੇ ਪਿੱਛੇ ਬੈਠਿਆਂ ਕਾਹਲੀ ਨਾਲ ਕਿਹਾ।
'ਲੱਗਦੈ, ਕਿਸੇ ਦਾ ਐਕਸੀਡੈਂਟ ਹੋ ਗਿਆ ਹੈ!' ਸੁਰਜਨ ਸਿੰਘ ਨੇ ਆਪਣਾ ਸਕੂਟਰ ਲਗਭਗ ਰੋਕਦਿਆਂ ਕਿਹਾ।
'ਛੇਤੀ ਚਲੋ ਇੱਥੋਂ, ਆਪਾਂ ਕੀ ਲੈਣੈ, ਖ਼ਬਰੇ ਕੌਣ ਹੋਊ'
'ਪਰ, ਦੇਖ ਤਾਂ ਲੈਣ ਦੇ, ਕੌਣ ਆ'
'ਤੁਸੀਂ ਚਲੋ।' ਹਰਜੀਤ ਕੌਰ ਦੇ ਗੁੱਸੇ ਨਾਲ ਕਹਿਣ ਤੇ ਸੁਰਜਨ ਸਿੰਘ ਨੇ ਮੁੜ ਤੋਂ ਆਪਣਾ ਸਕੂਟਰ ਤੇਜ਼ ਕਰ ਲਿਆ। ਕੁਝ ਚਿਰ ਮਗਰੋਂ ਬਾਜ਼ਾਰ ਵਿੱਚ ਘੁੰਮਦਿਆਂ ਸੁਰਜਨ ਸਿੰਘ ਦੇ ਮੋਬਾਈਲ ਦੀ ਘੰਟੀ ਵੱਜੀ;
'ਤਾਇਆ, ਪਰਲੋ ਆ ਗਈ, ਆਪਣਾ ਛਿੰਦਾ ਐਕਸੀਡੈਂਟ ਵਿੱਚ ਚੜ੍ਹਾਈ ਕਰ ਗਿਆ।' ਸੁਰਜਨ ਦੇ ਭਤੀਜੇ ਬਲਕਾਰ ਨੇ ਰੋਂਦਿਆਂ ਕਿਹਾ।
'ਨਹੀਂ, ਇਹ ਨਹੀਂ ਹੋ ਸਕਦਾ, ਕਦੋਂ ਤੇ ਕਿੱਥੇ ਹੋਇਆ ਐਕਸੀਡੈਂਟ?'
'ਆਪਣੇ ਪਿੰਡੇ ਦੇ ਮੋੜ 'ਤੇ!'
'ਹੈਂ, ਅਸੀਂ ਹੁਣੇ ਉੱਥੋਂ ਲੰਘ ਕੇ ਆਏ ਸਾਂ!'
'ਹਾਂ ਤਾਇਆ, ਹੁਣੇ ਹੋਇਆ ਐਕਸੀਡੈਂਟ। ਅਸੀਂ ਸ਼ਹਿਰ ਹੀ ਆਂ, ਡਾਕਟਰ ਕਹਿੰਦੈ 'ਜੇ ਕੁਝ ਚਿਰ ਪਹਿਲਾਂ ਲੈ ਆਉਂਦੇ ਤਾਂ ਸ਼ਾਇਦ!'
'ਹਾਏ ਉਏ, ਅਸੀਂ ਰੁਕੇ ਕਿਉਂ ਨਾ' ਉੱਥੇ ਤਾਂ ਸਾਡਾ ਹੀ ਪੁੱਤ ਪਿਆ ਤੜਫ਼ ਰਿਹਾ ਸੀ!' ਸੁਰਜਨ ਅਤੇ ਹਰਜੀਤ ਦੀਆਂ ਅੱਖਾਂ ਵਿੱਚੋਂ ਪਛਤਾਵੇ ਦੇ ਹੰਝੂਆਂ ਦਾ ਹੜ੍ਹ ਵਹਿ ਤੁਰਿਆ। (07/06/2018)
 
# 1054/1, ਵਾ: ਨੰ: 15- ਏ,
ਭਗਵਾਨ ਨਗਰ ਕਾਲੌਨੀ, ਪਿੱਪਲੀ, ਕੁਰੂਕਸ਼ੇਤਰ।
ਸੰਪਰਕ 75892- 33437


ਕਾਨੂੰਨ ਦੀ ਕਿਤਾਬ

ਡਾ. ਨਿਸ਼ਾਨ ਸਿੰਘ ਰਾਠੌਰ

nishanਹੈਲੋ, ਸਦਰ ਥਾਣੇ ਤੋਂ ਹੌਲਦਾਰ ਮੱਖਣ ਸਿੰਘ ਬੋਲਦਾਂ, ਮੈਂ। ਮੱਖਣ ਸਿੰਘ ਨੇ ਸ਼ਾਮ ਦੇ ਸਮੇਂ ਬਲਦੇਵ ਸਿੰਘ ਨੂੰ ਫ਼ੋਨ ਕਰਦਿਆਂ ਕਿਹਾ। ਜੀ, ਦੱਸੋ? ਬਲਦੇਵ ਸਿੰਘ ਨੇ ਅੱਗੋਂ ਕੰਮ ਪੁੱਛਿਆ। ਤੁਹਾਡੇ ਪਾਸਪੋਸਟ ਦੀ ਇਨਕੁਆਰੀ ਆਈ ਹੋਈ ਹੈ। ਹੌਲਦਾਰ ਮੱਖਣ ਸਿੰਘ ਨੇ ਕਿਹਾ। ਜਨਾਬ, ਮੈਂ ਕੱਲ ਆਵਾਂਗਾ ਥਾਣੇ। ਬਲਦੇਵ ਸਿੰਘ ਨੇ ਕਿਹਾ। ਠੀਕ ਹੈ, ਗਿਆਰਾਂ ਕੂ ਵਜੇ ਆ ਜਾਣਾ, ਮੈਂ ਥਾਣੇ ਹੀਂ ਮਿਲਾਂਗਾ। ਜੀ। ਆਖ ਕੇ ਬਲਦੇਵ ਨੇ ਫ਼ੋਨ ਕੱਟ ਦਿੱਤਾ। ਅਗਲੇ ਦਿਨ ਹੌਲਦਾਰ ਮੱਖਣ ਸਿੰਘ ਦੇ ਕਹੇ ਮੁਤਾਬਕ ਬਲਦੇਵ ਸਿੰਘ ਠੀਕ ਗਿਆਰਾਂ ਵਜੇ ਸਦਰ ਥਾਣੇ ਪਹੁੰਚ ਗਿਆ। ਹੌਲਦਾਰ ਮੱਖਣ ਸਿੰਘ ਨੇ ਉਸ ਨੂੰ ਇੱਕ ਫ਼ਾਰਮ ਦਿੱਤਾ ਤੇ ਆਖਿਆ; ਇਸ ਫ਼ਾਰਮ ਤੇ ਪਿੰਡ ਦੇ ਸਰਪੰਚ ਦੇ ਦਸਖ਼ਤ ਅਤੇ ਦੋ ਗਵਾਹਾਂ ਦੇ ਦਸਖ਼ਤ ਕਰਵਾ ਲਿਆਉਣਾ। ਜਨਾਬ, ਇੰਨਾ ਕੁਝ ਨਹੀਂ ਹੋਣਾ, ਮੈਥੋਂ। ਇਹ ਤਾਂ ਜੀ ਕਾਨੂੰਨ ਦੀ ਕਿਤਾਬ ਦਾ ਸਿਧਾਂਤ ਹੈ, ਇਹ ਤਾਂ ਕਰਵਾਉਣਾ ਪੈਣੈ। ਕੋਈ ਹੱਲ ਕੱਢੋ, ਮੈਨੂੰ ਪਾਸਪੋਰਟ ਛੇਤੀ ਚਾਹੀਦੈ, ਨਾਲੇ ਮੇਰੇ ਕੋਲ ਟੈਮ ਵੀਂ ਨਹੀਂ ਹੁੰਦਾ ਇੰਨਾ। ਬਲਦੇਵ ਸਿੰਘ ਨੇ ਤਰਲੇ ਜਿਹੇ ਨਾਲ ਕਿਹਾ। ਇੱਕ ਹਜ਼ਾਰ ਰੁਪੱਈਆ ਲੱਗੂਗਾ, ਫਿਰ। ਹੌਲਦਾਰ ਮੱਖਣ ਸਿੰਘ ਨੇ ਕਿਹਾ। ਆਹ ਲਓ ਜਨਾਬ ਹਜ਼ਾਰ ਰੁਪੱਈਆ ਤੇ ਕੰਮ ਕਰਾਓ। ਬਲਦੇਵ ਨੇ ਇੱਕ ਹਜ਼ਾਰ ਦਾ ਨੋਟ ਹੌਲਦਾਰ ਮੱਖਣ ਸਿੰਘ ਦੀ ਤਲੀ ਤੇ ਰੱਖਦਿਆਂ ਕਿਹਾ। ਜਾਓ, ਨਜ਼ਾਰੇ ਲਓ, ਇੱਕ ਹਫ਼ਤੇ ਦੇ ਅੰਦਰ ਪਾਸਪੋਰਟ ਤੁਹਾਡੇ ਘਰੇ ਪਹੁੰਚ ਜਾਊਗਾ!

ਬਲਦੇਵ ਸਿੰਘ ਹੱਸ ਕੇ ਥਾਣੇ ਤੋਂ ਬਾਹਰ ਨਿਕਲ ਆਇਆ ਤੇ ਹੌਲਦਾਰ ਮੱਖਣ ਸਿੰਘ ਮੁੜ ਕਾਨੂੰਨ ਦੀ ਕਿਤਾਬ ਵਿੱਚ ਮਸ਼ਰੂਫ ਹੋ ਗਿਆ।
 
# 1054/1, ਵਾ. ਨੰ. 15- ਏ, ਭਗਵਾਨ ਨਗਰ ਕਾਲੌਨੀ, ਪਿੱਪਲੀ, ਕੁਰੂਕਸ਼ੇਤਰ। *ਸੰਪਰਕ 75892- 33437


ਕਾਨੂੰਨ ਦਾ ਸੁਧਾਰ
ਸੁਖਵਿੰਦਰ ਕੌਰ 'ਹਰਿਆਓ'

       sukhwinder"ਰੁਕੋ…ਰੁਕੋ", ਥਾਣੇਦਾਰ ਦੀ ਆਵਾਜ਼ ਸੁਣ ਕੇ ਮੈਂ ਡਰ ਗਿਆ ਤੇ ਮੋਟਰ ਸਾਇਕਲ ਰੋਕ ਲਿਆ।
       "ਹਾਂਜੀ ਜਨਾਬ…ਦਸੋ?", ਮੈਂ ਹੈਰਾਨੀ ਨਾਲ ਪੁੱਛਿਆ।
"ਸਾਲਿਆ ਤੂੰ ਸ਼ਰੇਆਮ ਕਾਨੂੰਨ ਦੀ ਉਲੰਘਣਾ ਕਰ ਰਿਹੈ। ਹੱਥਾਂ ਤੇ ਚੁਕੀ ਫਿਰਦੈ ਤੇ ਪੁਛਦੈ ਸਾਨੂੰ…ਬਈ ਦਸੋ", ਥਾਣੇਦਾਰ ਆਪਣੀ ਵਰਦੀ ਦਾ ਰੋਹਬ ਦਿਖਾ ਰਿਹਾ ਸੀ। ਮੈਂ ਤੇ ਮੇਰੇ ਨਾਲ ਦੇ ਦੋਵੇਂ ਦੋਸਤ ਹੈਰਾਨ ਤੇ ਪਰੇਸ਼ਾਨ ਸੀ।
      "ਓਏ…ਸਾਲਿਓ ਤਿੰਨ ਜਣੇ ਮੋਟਰ ਸਾਇਕਲ ਤੇ ਟਰਾਈ ਮਾਰਦੇ ਫਿਰਦੈ ਹੋ। ਪਤੈ ਤਿੰਨ ਸਵਾਰੀ ਅਲਾਊਡ ਨਹੀਂ ਹੈ, ਇਹ ਕਾਨੂੰਨ ਦਾ ਵਿਰੋਧ ਹੈ। ਜਦੋਂ ਐਕਸੀਡੈਂਟ ਹੋ ਜਾਂਦੈ ਫਿਰ ਆ ਜਾਨੇ ਓ ਰਿਪੋਰਟ ਲਿਖਾਉਣ…ਠਾਣੇ ਚੱਲੋ। ਓਏ ਸਾਲਿਆਂ ਤੋਂ ਮੋਟਰ ਸਾਇਕਲ ਲਵੋ ਤੇ ਤਿੰਨਾਂ ਨੂੰ ਕਰੋ ਅੰਦਰ", ਥਾਣੇਦਾਰ ਨੇ ਆਪਣੇ ਸਿਪਾਹੀਆਂ ਨੂੰ ਡੰਡੇ ਦੇ ਇਸ਼ਾਰੇ ਨਾਲ ਕਿਹਾ। ਅਸੀਂ ਖੁਸਰ-ਮੁਸਰ ਕੀਤੀ ਤੇ ਹੌਲੀ ਜਿਹੇ ਥਾਣੇਦਾਰ ਦੇ ਹੱਥ ਤੇ ਪੰਜ-ਪੰਜ ਸੌ ਦੇ ਦੋ ਨੋਟ ਧਰ ਦਿੱਤੇ। ਦੇਖ ਕੇ ਉਸ ਦੀਆਂ ਵਾਛਾਂ ਖਿੜ ਗਈਆਂ।
      "ਠੀਕ ਐ…ਠੀਕ ਐ ਲੰਘ ਜਾਵੋ", ਥਾਣੇਦਾਰ ਨੇ ਹਵਾ ਦੇ ਰੁਖ ਵਾਂਗ ਬਦਲਦਿਆਂ ਮੁਸਕਰਾ ਕੇ ਕਿਹਾ ਤੇ ਅਸੀਂ ਮੋਟਰ ਸਾਇਕਲ ਚੁਕਿਆ ਤੇ ਤੁਰ ਪਏ। ਸੋਚਿਆ, 'ਯਾਰ ਮੈਨੂੰ ਤਾਂ ਅੱਜ ਪਤਾ ਲੱਗਿਆ ਬਈ ਕਾਨੂੰਨ ਦਾ ਸੁਧਾਰ ਕਿਵੇਂ ਕਰਦੇ ਨੇ। ਥਾਣੇਦਾਰ ਦੀ ਜੇਬ ਹੀ ਕਾਨੁੰਨ ਦੀ ਕਿਤਾਬ ਹੈ ਜੇ ਓਹ ਖੁਸ਼ ਤਾਂ...ਕਾਨੂੰਨ ਖੁਸ਼'। (21/05/2018)
 
-ਸੁਖਵਿੰਦਰ ਕੌਰ 'ਹਰਿਆਓ'
ਉਭੱਵਾਲ, ਸੰਗਰੂਰ
8427405492


ਸੱਚੀ ਸ਼ਰਧਾਜਲੀ !

ਡਾ ਨਿਸ਼ਾਨ ਸਿੰਘ ਰਾਠੌਰ  (10/05/2018)

nishanਫ਼ੌਜ ਵਿੱਚੋਂ ਛੁੱਟੀ ਕੈਂਸਲ ਹੋਣ ਦੀ ਖ਼ਬਰ ਮਿਲਦਿਆਂ ਸਾਰ ਹੀ ਸਿਪਾਈ ਸੂਬਾ ਸਿੰਘ ਆਪਣਾ ਸਾਮਾਨ ਚੁੱਕ ਕੇ ਰੇਲਵੇ ਸਟੇਸ਼ਨ ਨੂੰ ਚੱਲ ਪਿਆ। ਘਰਦਿਆਂ ਨੂੰ ਛੇਤੀ ਹੀ ਮੁੜ ਆਉਣ ਦਾ ਦਿਲਾਸਾ ਦੇ ਕੇ ਉਹ ਰੇਲਗੱਡੀ ਵਿੱਚ ਚੜ੍ਹ ਗਿਆ ਪਰ, ਭੀੜ ਜਿਆਦਾ ਹੋਣ ਕਰਕੇ ਉਸ ਨੂੰ ਸੀਟ ਨਾ ਮਿਲੀ। ਉਹ ਦਰਵਾਜ਼ੇ ਦੇ ਕੋਲ ਖੜ੍ਹਾ ਹੋ ਕੇ ਆਪਣੀ ਡਿਊਟੀ ਨੂੰ ਪਰਤ ਰਿਹਾ ਸੀ। ਥੋੜ੍ਹੀ ਦੇਰ ਮਗਰੋਂ ਉਹ ਸੀਟ ਭਾਲਣ ਲਈ ਡੱਬੇ ਦੇ ਅੰਦਰ ਵੜ੍ਹਿਆ ਤਾਂ ਸੀਟ ਤੇ ਬੈਠੀਆਂ ਬਹੁਤੀਆਂ ਸਵਾਰੀਆਂ, ਸੂਬਾ ਸਿੰਘ ਨੂੰ ਆਪਣੀਆਂ ਸੀਟਾਂ ਤੋਂ ਅੱਗੇ ਹੋਣ ਨੂੰ ਤਾੜ੍ਹਨਾ ਕਰਨ ਲੱਗ ਪੈਂਦੀਆਂ ਸਨ। ਉਹ ਇੱਕ ਬਾਬੂ ਦੀ ਸੀਟ ਕੋਲ ਜਾ ਖੜ੍ਹਿਆ, ਜਿਹੜਾ ਆਪਣੇ ਬੱਚਿਆਂ ਨਾਲ ਕਾਫ਼ੀ ਖੁੱਲੀ ਜਗ੍ਹਾ 'ਤੇ ਬੈਠਾ ਕੁਝ ਖਾ ਰਿਹਾ ਸੀ। "ਫ਼ੌਜੀ ਸਾਹਬ, ਅੱਗੇ ਨੂੰ ਤੁਰੋ। ਇੱਥੇ ਜਗ੍ਹਾ ਨਹੀਂ ਹੈ।" ਰਮੇਸ਼ ਚੰਦ, ਸੂਬਾ ਸਿੰਘ ਨੂੰ ਬਾਹਲਾ ਤੱਤਾ ਬੋਲਿਆ। "ਠੀਕ ਹੈ ਸੇਠ ਜੀ।" ਕਹਿ ਕੇ ਸੂਬਾ ਸਿੰਘ ਅੱਗੇ ਨੂੰ ਤੁਰ ਪਿਆ। ਰਮੇਸ਼ ਚੰਦ ਦੀ ਇਹ ਗੱਲ ਸੁਣ ਕੇ ਨਾਲ ਬੈਠੇ ਉਸਦੇ ਪੁੱਤਰ (ਟੋਨੀ) ਨੂੰ ਬਹੁਤ ਬੁਰਾ ਲੱਗਾ ਪਰ ਆਪਣੇ ਪਿਤਾ ਦੇ ਡਰੋਂ ਉਹ ਬੋਲਿਆ ਕੁਝ ਨਾ। ਇਸ ਤਰ੍ਹਾਂ ਸੂਬਾ ਸਿੰਘ ਨੂੰ ਸਾਰੀਆਂ ਸਵਾਰੀਆਂ ਨੇ ਫ਼ੌਜੀ ਵਰਦੀ ਵਿੱਚ ਸੀਟ ਭਾਲਦਿਆਂ ਦੇਖਿਆ ਪਰ ਆਪਣੀ ਸੀਟ ਦੇ ਲਾਗੇ ਕਿਸੇ ਨੇ ਵੀਂ ਫਟਕਣ ਨਹੀਂ ਦਿੱਤਾ। ਤੀਜੇ ਦਿਨ ਸ਼ਾਮ ਦੇ ਸਮੇਂ, ਰਮੇਸ਼ ਚੰਦ ਆਪਣੇ ਬੱਚਿਆਂ ਨਾਲ ਬੈਠਾ ਟੀ ਵੀ ਦੇਖ ਰਿਹਾ ਸੀ ਤਾਂ ਸਿਪਾਹੀ ਸੂਬਾ ਸਿੰਘ ਦੀ ਦੇਸ਼ ਦੇ ਬਾਰਡਰ 'ਤੇ ਦੁਸ਼ਮਣਾਂ ਨਾਲ ਲੜ੍ਹਦਿਆਂ ਸ਼ਹਾਦਤ ਦੀ ਖ਼ਬਰ ਆਈ। ਰਮੇਸ਼ ਚੰਦ ਨੇ ਦੇਸ਼ ਲਈ ਆਪਣੀ ਜਾਨ ਵਾਰਨ ਵਾਲੇ ਬਹਾਦਰ ਸਿਪਾਹੀ ਸੂਬਾ ਸਿੰਘ ਨੂੰ 'ਸੱਚੀ ਸ਼ਰਧਾਜਲੀ' ਦਿੰਦਿਆਂ ਸਲੂਟ ਮਾਰਿਆ ਅਤੇ ਆਪਣੀ ਜਗ੍ਹਾ 'ਤੇ ਖੜ੍ਹਾ ਹੋ ਗਿਆ। ਉਸ ਦੇ ਨੇੜੇ ਖੜ੍ਹੇ ਉਸਦੇ ਪੁੱਤਰ (ਟੋਨੀ) ਨੂੰ ਇਸ 'ਸੱਚੀ ਸ਼ਰਧਾਜਲੀ' ਦੀ ਸਮਝ ਨਾ ਆਈ!!!

"ਕਾਸ਼ ! ਉਸ ਦਿਨ ਵੀਂ ਪਿਤਾ ਜੀ ਫ਼ੌਜੀ ਵੀਰ ਨੂੰ, ਆਪਣੇ ਨਾਲ ਸੀਟ ਤੇ ਬਿਠਾ ਲੈਂਦੇ ਤਾਂ ਸ਼ਾਇਦ ਅਸਲ ਵਿੱਚ ਉਹੀ 'ਸੱਚੀ ਸ਼ਰਧਾਜਲੀ' ਹੁੰਦੀ !!!" ਇਹ ਸੋਚਦਿਆਂ ਟੋਨੀ ਬਾਹਰ ਨੂੰ ਤੁਰ ਪਿਆ। ਰਮੇਸ਼ ਚੰਦ ਅਜੇ ਵੀ ਆਪਣੀ ਜਗ੍ਹਾ ਤੇ ਖੜ੍ਹਾ ਸੀ ਜਿਵੇਂ 'ਸੱਚੀ ਸ਼ਰਧਾਜਲੀ' ਵਾਲਾ ਫ਼ਰਜ਼ ਅਜੇ ਪੂਰਾ ਨਹੀਂ ਸੀ ਹੋਇਆ।

ਸੰਪਰਕ 75892- 33437

ਕਾਤਲਾਂ ਦਾ ਘਰ
ਡਾ ਨਿਸ਼ਾਨ ਸਿੰਘ ਰਾਠੌਰ

'ਇਹ ਤਾਂ ਭਾਈ, ਕਾਤਲਾਂ ਦਾ ਘਰ ਐ।' ਬਲਵੰਤ ਕੌਰ ਨੇ ਪਿੰਡ ਵਿੱਚ ਕਿਸੇ ਦੇ ਘਰ ਦਾ ਰਾਹ ਪੁੱਛਣ ਵਾਲੇ ਰਾਹਗੀਰ ਨੂੰ ਕਿਹਾ।
'ਅੱਛਾ !!! ਉਹ ਕਿਵੇਂ?' ਰਾਹਗੀਰ ਨੇ ਹੈਰਾਨ ਹੁੰਦਿਆਂ ਪੁੱਛਿਆ।
'ਹਾਂ ਭਾਈ, ਇਹਨਾਂ ਦੇ ਵੱਡੇ ਦਾਦੇ ਨੇ ਕਿਸੇ ਜ਼ਮਾਨੇ ਵਿੱਚ ਬੰਦਾ ਮਾਰਿਆ ਸੀ, ਉਦੋਂ ਤੋਂ ਹੀ ਇਹਨਾਂ ਦੇ ਘਰ ਨੂੰ 'ਕਾਤਲਾਂ ਦਾ ਘਰ' ਕਿਹਾ ਜਾਂਦੈ।' ਬਲਵੰਤ ਕੌਰ ਨੇ ਰਾਹਗੀਰ ਨੂੰ ਸਾਰੀ ਗੱਲ ਦੱਸਿਆਂ ਕਿਹਾ।
'ਅੱਛਾ !!!' ਰਸਤਾ ਪੁੱਛਣ ਵਾਲਾ ਸੱਚਮੁਚ ਹੈਰਾਨ ਸੀ। ਉਹ ਕੁਝ ਬੋਲਦਾ ਇਸ ਤੋਂ ਪਹਿਲਾਂ ਹੀ ਕੋਲ ਖੜ੍ਹਾ ਉਸਦਾ ਮੁੰਡਾ ਛਿੰਦਾ ਬੋਲ ਪਿਆ;
'ਬੇਬੇ, ਛੇਤੀ ਤਿਆਰ ਹੋ, ਆਪਾਂ ਸ਼ਹਿਰ ਜਾਣੈ।'
'ਹਾਂ ਭਾਈ ਹੁੰਦੀ ਆਂ, ਇਸ ਵਾਰ ਫੇਰ ਕੁੜੀ ਆ ਭਾਈ, ਇਹਦੀ ਜਨਾਨੀ ਦੀ ਕੁੱਖ 'ਚ, ਅਸੀਂ ਸ਼ਹਿਰ ਜਾਣਾ ਹੈ ਉਸ ਨੂੰ !!!'
ਓਪਰੇ ਰਾਹਗੀਰ ਨੇ ਆਪਣਾ ਮੱਥਾ ਆਪਣੇ ਹੱਥ ਨਾਲ ਘੁੱਟ ਲਿਆ ਤੇ ਹੋਲੀ ਜਿਹੇ ਬੋਲਿਆ;
'ਬੇਬੇ, ਕਾਤਲਾਂ ਦਾ ਘਰ ਤਾਂ ਤੁਹਾਡਾ ਹੈ !!!'
'ਵੇ ਜਾ ਤੂੰ, ਆਪਣਾ ਕੰਮ ਕਰ।' ਗੁੱਸੇ ਨਾਲ ਆਖ ਕੇ ਬਲਵੰਤ ਕੌਰ ਤਿਆਰ ਹੋਣ ਲਈ ਆਪਣੇ ਘਰ ਨੂੰ ਤੁਰ ਪਈ।
ਰਾਹਗੀਰ ਇਹ ਸੋਚਦਿਆਂ ਅੱਗੇ ਨੂੰ ਤੁਰ ਪਿਆ ਕਿ ਅਸਲ ਵਿੱਚ 'ਕਾਤਲਾਂ ਦਾ ਘਰ' ਕਿਹੜਾ ਹੈ? 

# 1054/1, ਵਾ ਨੰ 15- ਏ,
ਭਗਵਾਨ ਨਗਰ ਕਾਲੌਨੀ,
ਪਿੱਪਲੀ,
ਕੁਰੂਕਸ਼ੇਤਰ।
ਮੋਬਾ 075892- 33437

 ਭਟਕਣ
ਵਰਿੰਦਰ ਕੌਰ ਰੰਧਾਵਾ, ਬਟਾਲਾ

varinderਗੋਰਖੀ ਗੁੱਸੀਲੇ ਜਿਹੇ ਸੁਭਾਅ ਦੀ ਕੁੜੀ ਸੀ।  ਉਸ ਦਾ ਵਿਆਹ ਅਸ਼ੋਕ ਨਾਂਉਂ ਦੇ ਪੜੇ-ਲਿਖੇ ਫੌਜੀ ਨਾਲ ਹੋ ਗਿਆ ਸੀ, ਜਿਹੜਾ ਕਿ ਬਾਹਲਾ ਹੀ ਸੁਲਝਿਆ ਹੋਇਆ ਸਮਝਦਾਰ ਇਨਸਾਨ ਸੀ।  ਵਿਆਹ ਤੋਂ ਦੋ ਕੋ ਵਰੇ ਬਾਅਦ ਗੋਰਖੀ ਤੇ ਅਸ਼ੋਕ ਦੇ ਘਰ ਧੀ ਨੇ ਜਨਮ ਲਿਆ।  ਧੀ ਦੀ ਆਮਦ ਤੇ ਰੱਬ ਦੀ ਦਾਤ ਸਮਝਕੇ ਅਸ਼ੋਕ ਤਾਂ ਖੁਸ਼ ਸੀ, ਪਰ ਗੋਰਖੀ ਦੇ ਮੱਥੇ ਉਤੇ ਵੱਟ ਜਿਹੇ ਸਨ।

ਤਿੰਨ ਕੋ ਵਰੇ ਧੀ ਦਾ ਪਾਲਣ-ਪੋਸਣ ਕਰਦਿਆਂ ਲੰਘ ਗਏ ਤਾਂ ਉਨਾਂ ਦੇ ਘਰ ਦੋਬਾਰਾ ਬੱਚੇ ਨੇ ਜਨਮ ਲੈ ਲਿਆ। ਜਦ ਵੇਖਿਆ ਕਿ ਇਹ ਵੀ ਧੀ ਹੀ ਸੀ ਤਾਂ ਗੋਰਖੀ ਤਾਂ ਜਾਣੋ ਫੁਟ-ਫੁਟਕੇ ਰੋਣ ਹੀ ਲੱਗ ਪਈ।  ਗੋਰਖੀ ਨੂੰ ਰੋਂਦੀ ਵੇਖ ਕੇ ਇਸ ਬਾਰ ਅਸ਼ੋਕ ਵੀ ਕੁਝ ਦੁਖੀ ਜਿਹਾ ਹੋ ਗਿਆ ਸੀ।  ਉਹ ਗੋਰਖੀ ਨੂੰ ਗਲ ਨਾਲ ਲਾ ਕੇ ਦਿਲਾਸਾ ਦਿੰਦਿਆਂ ਆਖਦਾ, 'ਕੋਈ ਨਾ ਗੋਰੀ, ਧੀਆਂ ਵੀ ਤਾਂ ਪੁੱਤਾਂ ਵਾਂਗ ਹੀ ਹੁੰਦੀਆਂ ਹਨ, ਤੂੰ ਕਿਉੁਂ ਅਤੇ ਕਿਸ ਗੱਲ ਦਾ ਫਿਕਰ ਕਰਦੀ ਏਂ ?'

ਪਰ ਗੋਰਖੀ ਕਿੱਥੋਂ ਸਮਝਣ ਵਾਲੀ ਸੀ। ਸ਼ਰੀਕਾਂ ਵੱਲ ਵੇਖ-ਵੇਖ ਝੁਰਦੀ ਰਹਿੰਦੀ ਸੀ।  ਕਰਤਾਰੋ ਦੇ ਦੋ ਪੁੱਤ !  ਮਿੰਧੋ ਦੇ ਤਿੰਨ ਪੁੱਤ ਅਤੇ ਸ਼ਿੰਦੋ ਦੇ ਪੰਜ !  ਪਰ ਮੇਰੀ ਕਿਸਮਤ-ਮਾਰੀ ਦੀ ਗੋਦੀ ਇਕ ਵੀ ਨਹੀ!  ਦੋ ਧੀਆਂ ਤੋਂ ਬਾਅਦ ਗੋਰਖੀ ਦੀ ਭਟਕਣ ਹੋਰ ਵੀ ਵਧ ਗਈ ਸੀ।  ਉਹ ਕਦੀ ਕਿਸੇ ਡਾਕਟਰ ਕੋਲ ਜਾਂਦੀ ਅਤੇ ਕਦੀ ਕਿਸੇ ਸਿਆਣੇ ਕੋਲ।  ਥਾਂ-ਥਾਂ ਤੇ ਭਟਕਣ ਨਾਲ ਹੱਥ-ਪੱਲੇ ਉਸ ਦੇ ਕੁਝ ਵੀ ਨਹੀ ਸੀ ਪੈ ਰਿਹਾ, ਪਰ ਉਲਟਾ ਇਹ ਭਟਕਣ ਉਸ ਨੂੰ ਸਰੀਰਕ ਪੱਖੋਂ ਕਮਜ਼ੋਰ ਕਰੀ ਜਾ ਰਹੀ ਸੀ।

ਅਸ਼ੋਕ ਜਦੋਂ ਵੀ ਛੁੱਟੀ ਆਉਂਦਾ ਉਸਨੂੰ ਬੜਾ ਸਮਝਾਉਂਦਾ ਕਿ ਧੀਆਂ ਵੱਲ ਜਰਾ ਧਿਆਨ ਦਿਆ ਕਰ। ਪਰ, ਗੋਰਖੀ ਅੱਗੋਂ ਅਸ਼ੋਕ ਵੱਲ ਭਰੀਆਂ ਅੱਖਾਂ ਨਾਲ ਵੇਖਦੀ ਬੋਲਦੀ, 'ਦੇਖੋ ਜੀ, ਜਿਵੇਂ ਸੁਰਿੰਦਰ ਦਾ ਪੁੱਤਰ ਉਸ ਨਾਲ ਮੋਢੇ ਨਾਲ ਮੋਢਾ ਜੋੜਕੇ ਚੱਲਦੈ, ਕੀ ਆਪਦਾ ਜੀਅ ਨਈ ਕਰਦਾ ਕਿ ਮੇਰਾ ਵੀ ਕੋਈ ਪੁੱਤ ਹੋਵੇ ਤਾਂ ਮੇਰੀ ਬਰਾਬਰ ਦੀ ਬਾਂਹ ਬਣ ਕੇ ਖੜੇ ਮੇਰੇ ਨਾਲ।'  ਅਸ਼ੋਕ ਆਖਦਾ, 'ਗੋਰੀ ਇਹ ਤਾਂ ਰੱਬ ਦੀ ਕਰਨੀ ਹੈ।  ਧੀਆਂ ਹੀ ਮੇਰੇ ਲਈ ਪੁੱਤ ਨੇ, ਹੁਣ।  ਗੋਰਖੀ, ਅਸ਼ੋਕ ਨੂੰ ਨਾਲ ਲੈਕੇ ਜਬਰਦਸਤੀ ਡਾਕਟਰਾਂ ਕੋਲ ਜਾਂਦੀ ਰਹਿੰਦੀ।  ਦਵਾਈਆਂ ਖਾ ਖਾ ਕੇ ਅਤੇ ਵੱਖੋ-ਵੱਖਰੇ ਦੇਸੀ ਨੁਸਖਿਆਂ ਨਾਲ ਇਕ ਤਾਂ ਪੈਸਾ ਖਰਚ ਹੋ ਰਿਹਾ ਸੀ ਅਤੇ ਦੂਜੇ ਉਹ ਅੰਦਰੂਨੀ ਬੀਮਾਰੀਆਂ ਦਾ ਸ਼ਿਕਾਰ ਬਣੀ ਜਾ ਰਹੀ ਸੀ।  ਦਿਨ-ਬ-ਦਿਨ ਉਸ ਦੀ ਹਾਲਤ ਵਿਗੜਦੀ ਹੀ ਜਾ ਰਹੀ ਸੀ। ਡਾਕਟਰਾਂ ਨੇ ਵੀ ਅਸ਼ੋਕ ਨੂੰ ਹੁਣ ਸਪਸ਼ਟ ਦੱਸ ਦਿੱਤਾ ਸੀ ਕਿ ਗੋਰਖੀ ਦੇ ਹੁਣ ਹੋਰ ਕੋਈ ਔਲਾਦ ਨਹੀ ਹੋ ਸਕੇਗੀ।  ਪਰ, ਅਸ਼ੋਕ ਇਹ ਸੱਚ ਗੋਰਖੀ ਨੂੰ ਨਹੀ ਸੀ ਦੱਸ ਸਕਦਾ, ਕਿਉਂਕਿ ਉਸ ਨੂੰ ਡਰ ਸੀ ਕਿ ਉਹ ਕਿਤੇ ਗੋਰਖੀ ਨੂੰ ਹੀ ਹੱਥੋਂ ਨਾ ਗਵਾ ਬੈਠੇ, ਐਸਾ ਕੁਝ ਦੱਸਕੇ।

ਆਖਰ ਉਹ ਕੁਝ ਹੀ ਹੋਇਆ ਜਿਸਦਾ ਡਰ ਹੀ ਸੀ। ਇਕ ਦਿਨ ਗੋਰਖੀ ਦੀ ਤਬੀਅਤ ਬਾਹਲੀ ਵਿਗੜ ਗਈ।  ਮਰਨ ਵਾਲਾ ਹੀ ਹੋ ਗਿਆ ਸੀ, ਉਸ ਦਾ ਹਾਲ।  ਗੋਰਖੀ ਦੇ ਮੱਥੇ ਉਤੇ ਹੱਥ ਰੱਖਕੇ ਅਸ਼ੋਕ ਧਾਹ ਮਾਰ ਕੇ ਰੋ ਉਠਿਆ ਤੇ ਬੋਲਿਆ, 'ਦੇਖ ਗੋਰੀ, ਤੇਰੀ ਪੁੱਤ ਪਾਉਣ ਦੀ ਭਟਕਣ ਸਾਡਾ ਸਾਰਾ ਟੱਬਰ ਰੋਲ ਰਹੀ ਹੈ।  ਤੂੰ ਮੇਰੇ ਤੋਂ ਦੂਰ ਨਾ ਹੋ ਜਾਵੀਂ।'    
  
ਉਧਰ ਗੋਰਖੀ ਨੂੰ ਵੀ ਅਹਿਸਾਸ ਹੋ ਚੱਲਿਆ ਸੀ ਕਿ ਉਸ ਦੀ ਪੁੱਤਰ ਹਾਸਲ ਕਰਨ ਦੀ ਖਾਹਸ਼, ਉਸ ਨੂੰ ਅਤੇ ਉਸਦੇ ਸਾਰੇ ਟੱਬਰ ਨੂੰ ਰੋਲ ਰਹੀ ਹੈ। ਅੱਖਾਂ ਸਦਾ ਲਈ ਬੰਦ ਕਰਦੀ ਹੋਈ ਗੋਰਖੀ ਬੋਲੀ, 'ਦੇਖੋ ਜੀ, ਮੈਨੂੰ ਨਹੀ ਸੀ ਪਤਾ ਕਿ ਮੇਰੀਆਂ ਆਸਾਂ-ਉਮੀਦਾਂ ਮੇਰੀ ਭਟਕਣ ਬਣ ਜਾਣਗੀਆਂ', ਕਹਿੰਦੇ-ਕਹਿੰਦਿਆਂ ਗੋਰਖੀ ਅਗਲੇ ਹੀ ਪਲ ਅਸ਼ੋਕ ਦੀਆਂ ਬਾਹਾਂ ਵਿਚ ਲੁਟਕ ਗਈ। (10/04/2018)

ਵਰਿੰਦਰ ਕੌਰ ਰੰਧਾਵਾ , ਜੈਤੋ ਸਰਜਾ, ਬਟਾਲਾ (ਗੁਰਦਾਸਪੁਰ) (9646852416)

sarabjit

ਨੰਨਾ ਮਹਿਮਾਨ
ਸਰਬਜੀਤ ਕੌਰ ਹਾਜੀਪੁਰ

ਗੁਰਕ੍ਰਿਪਾਲ ਸਿੰਘ ਦੇ ਘਰ ਨੰਨਾ ਮਹਿਮਾਨ ਆਉਣ ਵਾਲਾ ਸੀ । ਪਰ ਉਨ੍ਹਾਂ ਦੋਹਾਂ ਜੀਆ ਨੂੰ ਕੋਈ ਖਾਸ ਖੁਸ਼ੀ ਨਹੀਂ ਸੀ ਕਿਉਂਕਿ ਉਸ ਦੇ ਘਰ ਪਹਿਲਾਂ ਹੀ ਦੋ ਧੀਆਂ ਸਨ। ਬੇਸ਼ਕ ਉਹ ਆਪਣੀਆਂ ਧੀਆਂ ਨੂੰ ਜਾਨੋਂ ਵੱਧ ਕੇ ਪਿਆਰ ਕਰਦਾ ਸੀ, ਪਰ ਪੁੱਤਰ ਦਾ ਲਾਲਚ ਕਿਸ ਨੂੰ ਨਹੀਂ ਹੁੰਦਾ । ਤਿੰਨ ਮਹੀਨੇ ਬੀਤ ਚੁੱਕੇ ਸਨ,  ਕਾਫੀ ਸੋਚ ਵਿਚਾਰ ਤੋਂ ਬਾਅਦ  ਉਨ੍ਹਾਂ ਨੇ ਚੈਕਅੱਪ ਕਰਵਾਉਣ ਦਾ ਇਰਾਦਾ ਬਣਾ ਲਿਆ । ਅੱਗੇ ਦੀ ਅੱਗੇ ਸਿਫਾਰਿਸ਼ ਪਵਾ ਕੇ ਡਾਕਟਰ ਨਾਲ ਸੰਪਰਕ ਕੀਤਾ ।

ਅੱਜ ਉਹ ਦਿਨ ਆ ਗਿਆ ਸੀ ਜਦੋਂ ਪਤਾ ਲੱਗ ਜਾਣਾ ਸੀ ਨੰਨਾ ਮਹਿਮਾਨ ਧੀ ਹੈ ਜਾਂ ਪੁੱਤਰ! ਪਰ ਅੰਦਰ ਹੀ ਅੰਦਰ ਗੁਰਕ੍ਰਿਪਾਲ ਸਿੰਘ ਬਹੁਤ ਹੀ ਡਰਿਆ ਹੋਇਆ ਸੀ। ਡਾਕਟਰ ਨੇ ਗੁਰਕ੍ਰਿਪਾਲ ਨੂੰ  ਵਧਾਈ ਦਿੰਦੇ ਹੋਏ ਕਿਹਾ " ਮੁਬਾਰਕ ਹੋਵੇ ਇਸ ਵਾਰ ਪੁੱਤਰ ਹੈ"। ਗੁਰਕ੍ਰਿਪਾਲ ਸਿੰਘ ਦੀ ਖੁਸ਼ੀ ਦਾ ਕੋਈ ਅੰਤ ਨਾ ਰਿਹਾ ਕਦੇ ਡਾਕਟਰ ਦਾ ਧੰਨਵਾਦ ਕਰੇ, ਕਦੇ ਪਤਨੀ ਦਾ ਮੱਥਾ ਚੁੰਮੇ ਤੇ ਕਦੇ ਧੀਆਂ ਨੂੰ ਹਵਾ ਵਿੱਚ ਲਹਿਰਾਂ ਰਿਹਾ ਸੀ । ਖੁਸ਼ੀ ਦਾ ਕੋਈ ਹੱਦ ਬੰਨਾ ਨਹੀਂ ਸੀ । ਵੱਡੀ ਧੀ ਆਪਣੇ ਪਿਤਾ ਨੂੰ ਬੜੇ ਗੌਰ ਨਾਲ ਦੇਖ ਰਹੀ ਸੀ , ਦੇਖਦੇ -ਦੇਖਦੇ ਉਹ ਰੋਣ ਲੱਗ ਪਈ। ਗੁਰਕ੍ਰਿਪਾਲ ਨੇ ਧੀ ਨੂੰ ਗਲਵਕੜੀ ਵਿੱਚ ਲਿਆ ਤੇ ਪਿਆਰ ਕਰਦੇ ਹੋਏ ਕਿਹਾ , "ਤੂੰ ਮੇਰਾ ਵੱਡਾ ਪੁੱਤਰ ਏ, ਤੁਹਾਡੀ ਜਗ੍ਹਾਂ ਹਮੇਸ਼ਾ ਉਪਰ ਰਹੇਗੀ , ਤੁਸੀਂ ਦੋਨੋਂ ਮੇਰੀਆਂ ਰਾਣੀਆਂ ਧੀਆਂ ਹੋ ।" ਉਸਦੀ ਧੀ ਨੇ ਅੱਖਾਂ ਪੂੰਝਦੇ ਹੋਏ ਕਿਹਾ , " ਪਾਪਾ,  ਮੈਨੂੰ ਪਤਾ ਤੁਸੀਂ ਸਾਨੂੰ ਬਹੁਤ ਪਿਆਰ ਕਰਦੇ ਹੋ , ਬਸ ਮੇਰੇ ਦਿਲ ਵਿੱਚ ਕੁੱਝ ਸਵਾਲ ਆਏ ਸੀ , ਜਿਸ ਕਾਰਣ ਮੈਨੂੰ ਰੋਣ ਆ ਗਿਆ ।"

ਜਦ ਗੁਰਕ੍ਰਿਪਾਲ ਸਿੰਘ ਨੇ ਕਾਰਣ ਪੁੱਛਿਆ ਤੇ ਉਸਨੇ ਕਿਹਾ , " ਪਾਪਾ ਮੈਨੂੰ ਵੀ ਵੀਰ ਦੇ ਆਉਣ ਦੀ ਬਹੁਤ ਖੁਸ਼ੀ ਹੈ, ਮੈਂ ਵੀ ਰੋਜ ਅਰਦਾਸਾਂ ਕਰਦੀ ਸੀ ਵੀਰ ਲਈ, ਪਰ ਪਾਪਾ ਮੈਨੂੰ ਬਹੁਤ ਡਰ ਲੱਗ ਰਿਹਾ ਹੈ। " ਕਿਸ ਗੱਲ ਦਾ ਡਰ ਪੁੱਤਰ ਜੀ ,? ਗੁਰਕ੍ਰਿਪਾਲ ਨੇ ਬੜੇ ਅਚੰਭੇ ਨਾਲ ਪੁੱਛਿਆ ।" ਤੇ ਉਸਦੀ ਧੀ ਨੇ ਕਿਹਾ , " ਪਾਪਾ ਕਿਤੇ ਇੰਝ ਨਾ ਹੋਵੇ ਕਿ ਆਪਣੀਆਂ ਭੈਣਾਂ ਦੀਆਂ ਕੀਤੀਆਂ ਹੋਈਆਂ ਅਰਦਾਸਾਂ ਦੀ ਕੋਈ ਅਹਿਮੀਅਤ ਨਾ ਰਹੇ ਤੇ ਮਾਪਿਆਂ ਦਾ ਬੁਢੇਪਾ ਰੋਲ ਦੇਵੇ ਸਾਡਾ ਵੀਰ,  ਇਸ ਗੱਲ ਦਾ ਡਰ ਲੱਗਦਾ ਏ ਕਿ ਕਿਤੇ ਮੇਰਾ ਵੀਰ ਵੱਡਾ ਹੋ ਕੇ ਨਸ਼ੇੜੀ ਨਾ ਬਣ ਜਾਵੇ , ਕਿਤੇ ਬਲਾਤਕਾਰੀ ਵਾਲਾ ਕਲੰਕ ਆਪਣੇ ਮੱਥੇ ਨਾ ਲਵਾ ਲਵੇ ।"

ਪਾਪਾ ਇੱਕ ਗੱਲ ਤੇ ਦੱਸੋ ਮੈਨੂੰ , "ਜਿਵੇਂ ਲੋਕ ਧੀਆਂ ਨੂੰ ਕੁੱਖਾਂ ਵਿੱਚ ਮਾਰਦੇ ਨੇ , ਉਵੇਂ ਪੁੱਤਾਂ ਨੂੰ ਨਹੀਂ ਕੁੱਖਾਂ ਵਿੱਚ ਮਾਰ ਸਕਦੇ ।" ਧੀਆਂ ਨੂੰ ਤੇ ਇਹਨਾਂ ਪੁੱਤਰਾਂ ਕਰਕੇ ਲੋਕ ਕੁੱਖਾਂ ਵਿੱਚ ਮਾਰਦੇ ਨੇ , ਕਿਸੇ ਨੂੰ ਪੁੱਤ ਚਾਹੀਦਾ ਹੁੰਦਾ , ਕੋਈ ਗਰੀਬ ਹੁੰਦਾ ਦਾਜ ਨਹੀਂ ਦੇ ਸਕਦਾ ਤੇ ਕੋਈ ਐਸ ਡਰ ਤੋਂ ਕਿ ਕਿਤੇ ਮੇਰੀ ਧੀ ਨਾਲ ਬਲਾਤਕਾਰ ਨਾ ਹੋ ਜਾਵੇ ।"  ਪੁੱਤ ਕਿੰਨਾ ਕੁੱਝ ਕਰਦੇ ਨੇ ਫਿਰ ਲੋਕ ਇਨ੍ਹਾਂ ਨੂੰ ਕੁੱਖਾਂ ਵਿੱਚ ਕਿਉਂ ਨਹੀਂ ਮਾਰਦੇ ? 

ਧੀ ਦੀਆਂ ਗੱਲਾਂ ਸੁਣ ਕੇ ਗੁਰਕ੍ਰਿਪਾਲ ਦੇ ਅਥਰੂ ਵਹਿ ਰਹੇ ਸਨ, ਕੋਲ ਖੜ੍ਹੇ ਸਾਰੇ ਲੋਕਾਂ ਦੇ ਲੂੰ -ਕੰਡੇ ਖੜ੍ਹੇ ਹੋ ਗਏ । ਅੰਤ ਵਿੱਚ ਸਰਬ ਇਹੀ ਕਹਿਣਾ ਚਾਹੁੰਦੀ ਹੈ ਕਿ :-
"ਲੋਕ ਧੀਆਂ ਜਮਣ ਤੋਂ ਡਰਦੇ ਸੀ ,
ਹੁਣ ਪੁੱਤ ਜਮਣ ਤੋਂ ਡਰਨਗੇ ! !
ਕਦੇ ਧੀਆਂ ਕੁੱਖਾਂ ਵਿੱਚ ਮਰਦੀਆਂ ਸੀ
"ਸਰਬ" ਉਹ ਦਿਨ ਦੂਰ ਨਹੀਂ
ਜਦ ਪੁੱਤ ਕੁੱਖਾਂ ਵਿੱਚ ਮਰਨਗੇ . . ਜਦ ਪੁੱਤ ਕੁੱਖਾਂ ਵਿੱਚ ਮਰਨਗੇ ! !
ਹੋ ਸਕੇ ਤੇ ਮੈਨੂੰ ਮੁਆਫ ਕਰ ਦਿਓ ।

ਭੇਜਣਵਾਲਾ: hrjtkatil@gmail.com 
(13/02/2018)


ਗਿਰਗਿਟਾਂ
ਡਾ: ਬਲਦੇਵ ਸਿੰਘ ਖਹਿਰਾ, ਮੋਹਾਲੀ

ਅਗਲੇ ਦਿਨ ਦਾ ਵਿਆਹ ਸੀ, ਸਾਰੀਆਂ ਤਿਆਰੀਆਂ ਮੁਕੰਮਲ ਸਨ। ਸਵੇਰ ਤੋਂ ਹੀ ਨਾਲ ਦੇ ਪਾਰਕ  ਵਿੱਚ ਸ਼ਾਮਿਆਨੇ ਵਗੈਰਾ ਲੱਗ ਰਹੇ ਸਨ। ਰਸਦ-ਭਾਂਡੇ ਸਭ ਪਹੁੰਚ ਗਏ, ਰਿਸ਼ਤੇਦਾਰਾਂ ਨਾਲ ਘਰ ਭਰ ਗਿਆ। ਢੋਲਕੀ ਵੱਜ ਰਹੀ ਸੀ, ਸੁਹਾਗ ਗਾਏ ਜਾ ਰਹੇ ਸਨ ਕਿ ਅਚਾਨਕ ਲੜਕੀ ਦੇ ਦਾਦਾ ਜੀ ਨੂੰ ਦਿਲ ਦਾ ਦੌਰਾ ਪੈ ਗਿਆ। ਹਸਪਤਾਲ ਪਹੁੰਚਦਿਆਂ ਹੀ ਸਰੀਰ ਛੱਡ ਗਏ, ਬੜੀ ਸਮੱਸਿਆ ਖੜ੍ਹੀ ਹੋ ਗਈ। ਨਾਲ ਆਏ ਨਜ਼ਦੀਕੀ ਰਿਸ਼ਤੇਦਾਰਾਂ ਨੇ ਸੁਝਾਅ ਦਿੱਤਾ , “ ਲਾਸ਼ ਮਾਰਚਰੀ ਵਿਚ ਹੀ ਪਈ ਰਹਿਣ ਦਿਓ! ਕੱਲ੍ਹ ਕੁੜੀ ਤੋਰ ਕੇ ਸਸਕਾਰ ਕਰ ਦੇਣਾ” ਮਜਬੂਰੀ ਵੱਸ ਮੰਨਣਾ ਪੈ ਗਿਆ, ਵਿਆਹ ਧੂਮ-ਧਾਮ ਨਾਲ ਹੋਇਆ, ਗਿੱਧੇ, ਮਸ਼ਕਰੀਆਂ, ਹਾਸੇ, ਰੌਣਕ ਦਾ ਮਾਹੌਲ ਸਾਰੇ ਮੁਹੱਲੇ ਵਿੱਚ ਬਣਿਆ ਰਿਹਾ।

ਸਭ ਕੁਝ ਸਾਂਭ-ਸਮੇਟ ਕੇ ਮੌਤ ਦੀ ਖਬਰ ਖੋਲ੍ਹੀ ਗਈ। ਬਿਜਲੀ ਦਾ ਸਵਿੱਚ ਆਨ  ਕਰਨ ਵਾਂਗ ਹੀ ਖੁਸ਼ੀ ਦਾ ਮਾਹੌਲ ਮਾਤਮ ਵਿਚ ਬਦਲ ਗਿਆ, ਤੀਵੀਂਆਂ ਕੀਰਨੇ ਪਾਉਣ ਲੱਗੀਆਂ, ਮਰਦ ਮਸੋਸੇ ਜਿਹੇ ਮੂੰਹ ਲੈ ਕੇ ਸੱਥਰ ’ਤੇ ਬਹਿ ਗਏ।
07/11/17


ਕਾਹਲੀ
ਡਾ: ਬਲਦੇਵ ਸਿੰਘ ਖਹਿਰਾ, ਮੋਹਾਲੀ

“ ੳਇ ਧੀਨੂ! ਆਹ ਸਵੇਰੇ ਸਵੇਰੇ ਬੋਰੀ ਭਰਕੇ ਕੀ ਲੈ ਆਇਆਂ ਸ਼ਹਿਰੋਂ?”
“ ਪੁੱਛ ਨਾ ਯਾਰ! ਅੱਜ ਸ਼ਹਿਰ ਦੁੱਧ ਪਾ ਕੇ ਆਉਂਦੇ ਨੇ ਦੇਖਿਆ ਰਾਹ’ਚ ਇਕ ਟਰੱਕ ਉਲਟਿਆ ਪਿਆ, ਆਸੇ ਪਾਸੇ ਸੇਬ ਹੀ ਸੇਬ ਖਿਲਰੇ ਪਏ, ਮੈਂ ਬੋਰੀ ਭਰ ਲਈ, ਕੁਸ਼ ਦਿਨ ਨਿਆਣੇ ਮੌਜ ਕਰਨਗੇ, ਨਹੀਂ ਤਾਂ ਮੈਂ ਕਿਤੇ ਜੁਆਕਾਂ ਨੂੰ ਸਿਓ ਖੁਆਉਣ ਜੋਗਾਂ?”

“ ਆਹ ਤਾਂ ਤੂੰ ਸੋਹਣਾ ਕੀਤਾ, ਪਰ ਧੀਨੂ! ਉਥੇ ਟਰੱਕ ਡਰੈਵਰ ਜਾਂ ਹੋਰ ਕੋਈ ਬੰਦਾ ਨਹੀਂ ਸੀ?”
“ ਨਾ ਬਈ! ਉਥੇ ਤਾਂ ਕੋਈ ਨਹੀਂ ਸੀ, ਨਾ ਈ ਕੋਈ ਟਰੱਕ ਕਾਰ ਵਾਲਾ ਰੁਕ ਰਿਹਾ ਸੀ, ਹਾਂ.. ਟਰੱਕ ਵਿਚੋਂ ਹੂੰਅ..ਹੂੰਅ ਦੀ ’ਵਾਜ ਤਾਂ ਸ਼ੈਦ ਸੁਣੀ ਸੀ, ਪਰ ਮੈਨੂੰ ਕਾਹਲੀ ਸੀ..ਮੈਂ ਅੱਗੇ ਹੋ ਕੇ ਦੇਖਿਆ ਈ ਨਹੀਂ”
07/11/17

ਡਾ:ਬਲਦੇਵ ਸਿੰਘ ਖਹਿਰਾ #658, ਫੇਜ਼-3 ਬੀ-1,ਮੋਹਾਲੀ-160059,ਭਾਰਤ
ਮੋਬਾਈਲ: 919872007658,ਘਰ: 0172-4623658
ਅੱਜਕਲ੍ਹ ਸਰੀ,ਕੈਨੇਡਾ ਫੋਨ:604 763 1658
email: drbaldevkhaira@gmail.com

 

ਵੀਰਾਨਗੀ
ਵਰਿੰਦਰ ਕੌਰ ਰੰਧਾਵਾ, ਬਟਾਲਾ

ਰੂਪ ਸਕਲ-ਸੂਰਤੋ ਬਹੁਤ ਸੁਹਣੀ-ਸੁਨੱਖੀ ਲੱਗਦੀ ਸੀ। ਘਰ ਵਾਲਿਆਂ ਨਿਆਣੀ-ਉਮਰੇ ਹੀ ਵਿਆਹ ਕਰ ਦਿੱਤਾ ਸੀ ਉਸ ਦਾ। ਡੇਢ ਕੁ ਸਾਲ ਬਾਅਦ ਰੂਪ ਦੇ ਘਰੇ ਪੁੱਤਰ ਨੇ ਜਨਮ ਲਿਆ। ਘਰ ਦੇ ਹਾਲਾਤ ਵੀ ਕੁਝ ਚੰਗੇ ਨਹੀ ਸਨ। ਰੂਪ ਦੇ ਘਰ ਵਾਲਾ ਨਸੇ ਦੀ ਲਤ ਕਾਰਨ ਕੋਈ ਕੰਮ-ਕਾਰ ਨਹੀ ਸੀ ਕਰਦਾ। ਰੂਪ ਸਿਲਾਈ-ਕਢਾਈ ਦਾ ਕੰਮ ਕਰਕੇ ਆਪਣਾ ਪੁੱਤਰ ਪਾਲ ਰਹੀ ਸੀ।

ਰੱਬ ਨੂੰ ਖੌਰੇ ਕੀ ਮੰਨਜੂਰ ਸੀ ਕਿ ਰੂਪ ਦਾ ਪੁੱਤਰ ਅਜੇ ਗੋਦੀ ਹੀ ਸੀ ਕਿ ਉਸ ਦੇ ਘਰ ਵਾਲੇ ਦੀ ਵੱਧ ਨਸੇ ਕਾਰਨ ਮੌਤ ਹੋ ਗਈ। ਸੱਸ ਨੇ ਸਣੇ ਪੁੱਤ ਰੂਪ ਨੂੰ ਘਰੋ ਕੱਢ ਦਿੱਤਾ। ਪੇਕੇ ਮੁੜੀ ਰੂਪ ਇੰਝ ਹੀ ਸਿਲਾਈ-ਕਢਾਈ ਦਾ ਕੰਮ ਕਰਦੀ ਰਹੀ। ਕਈ ਰਿਸਤੇਦਾਰ ਰੂਪ ਦੀ ਮਾਂ ਨੂੰ ਆਖਦੇ, ਇਸ ਦੀ ਅਜੇ ਉਮਰ ਹੀ ਕੀ ਹੈ, ਦੂਜਾ ਵਿਆਹ ਕਰ ਦਿਓ ਰੂਪ ਦਾ। ਪਰ, ਰੂਪ ਆਪਣੇ ਪੁੱਤਰ ਦੇ ਮੂੰਹ ਵੱਲ ਵੇਖ ਕੇ ਕੋਰੀ ਨਾਂਹ ਕਰ ਦਿੰਦੀ ਕਿ ਮੈਨੂੰ ਤਾਂ ਆਪਣਾ ਬਣਾਉਣ ਵਾਲੇ ਹਜਾਰਾਂ ਮਿਲ ਜਾਣਗੇ, ਪਰ ਇਸ ਨੰਨੀ ਜਿਹੀ ਜਾਨ ਨੂੰ ਕਿਸੇ ਨਹੀ ਅਪਨਾਉਣਾ।

ਇੰਝ ਹੀ ਵਰੇ ਬੀਤਦੇ ਗਏ। ਪੁੱਤਰ ਵੱਡਾ ਹੋਣ ਲੱਗਿਆ ਤੇ ਉਧਰ ਰੂਪ ਦੀ ਉਮਰ ਢਲਣ ਲੱਗੀ। ਕਦੀ-ਕਦੀ ਰੂਪ ਨੂੰ ਦੁਨੀਆਂ ਵੀਰਾਨ ਜਿਹੀ ਲੱਗਦੀ, ਪਰ ਫਿਰ ਉਹ ਸੋਚਦੀ ਉਸ ਦਾ ਪੁੱਤ ਏਕਮ ਹੀ ਉਸ ਦੀ ਜਿੰਦਗੀ ਹੈ। ਜਦ ਪੁੱਤਰ ਜਵਾਨ ਹੋ ਗਿਆ ਤਾਂ ਉਹ ਵੀ ਆਪਣੇ ਕੰਮਾਂ-ਕਾਰਾਂ ਵਿਚ ਰੁੱਝ ਗਿਆ। ਘਰ ਤੋ ਦੂਰ ਬਾਹਰਲੇ ਸਹਿਰ ਨੌਕਰੀ ਕਰਦੇ ਪੁੱਤਰ ਨੇ ਆਪਣੀ ਮਨ-ਮਰਜੀ ਨਾਲ ਵਿਆਹ ਕਰਵਾ ਲਿਆ। ਰੂਪ ਨੇ ਮੱਥੇ ਵੱਟ ਪਾਉਣ ਦੀ ਬਜਾਇ ਖਿੜੇ ਮੱਥੇ ਨੂੰਹ-ਪੁੱਤਰ ਦਾ ਸਵਾਗਤ ਕੀਤਾ।

ਹਫਤਾ ਛੁੱਟੀ ਕੱਟਣ ਤੋ ਬਾਅਦ ਏਕਮ ਆਖਣ ਲੱਗਿਆ, 'ਮੰਮੀ ਤੁਸੀ ਵੀ ਸਾਡੇ ਨਾਲ ਸਹਿਰ ਚੱਲੋ, ਇੱਥੇ ਕੀ ਕਰਨਾ ਤੁਸੀ ਇਕੱਲਿਆਂ ਨੇ।' ਰੂਪ ਆਪਣੇ ਲਾਡਲੇ ਏਕਮ ਦੀ ਗੱਲ ਸੁਣ ਕੇ ਖੁਸ ਹੋ ਗਈ। ਦਿਲੋ ਦਿਲ ਮਾਲਕ ਦਾ ਸੁਕਰਾਨਾ ਕਰਨ ਲੱਗੀ ਜਿਸ ਨੇ ਏਕਮ ਦੇ ਮਨ ਵਿਚ ਮਾਂ ਪ੍ਰਤੀ ਐਨੀ ਹਮਦਰਦੀ ਜਗਾਈ। ਪਰ, ਅਗਲੇ ਹੀ ਪੱਲ ਰੂਪ ਦਾ ਧਿਆਨ ਅਚਾਨਕ ਹੀ ਏਕਮ ਦੀ ਘਰ ਵਾਲੀ ਵੱਲ ਪਿਆ, ਜਿਹੜੀ ਕਿ ਏਕਮ ਨੂੰ ਅੱਖਾਂ ਨਾਲ ਘੂਰ ਰਹੀ ਸੀ। ਰੂਪ ਸਾਰੀ ਗੱਲ ਸਮਝ ਗਈ ਸੀ। ਉਸ ਦਾ ਮੂਡ ਦੇਖਦੇ ਸਾਰ ਰੂਪ ਨੇ ਹੌਲੀ ਜਿਹੇ ਉਦਾਸ ਜਿਹੀ ਸੁਰ ਵਿਚ ਕਹਿ ਦਿੱਤਾ, 'ਏਕਮ ਪੁੱਤ, ਮੈ ਕੀ ਕਰਨਾ ਹੈ, ਸਹਿਰ ਜਾ ਕੇ। ਤੁਸੀ ਤਾਂ ਦੋਨਾਂ ਨੇ ਆਪੋ-ਆਪਣੀ ਨੌਕਰੀ ਤੇ ਚਲੇ ਜਾਣਾ ਹੈ, ਮੈ ਬੁੱਢੀ ਐਵੇ ਘਰੇ ਸੋਚਾਂ ਸੋਚਦੀ ਰਹੂੰ ਬੈਠੀ।' ਏਕਮ ਦੀ ਘਰ ਵਾਲੀ ਨੇ ਝੱਟ-ਪਟ ਮੌਕਾ ਸੰਭਾਲ ਲਿਆ ਤੇ ਛੇਤੀ ਨਾਲ ਬੋਲ ਪਈ, 'ਹਾਂ- ਹਾਂ ਮੰਮੀ ਜੀ ਠੀਕ ਤਾਂ ਕਹਿ ਰਹੇ ਹਨ, ਐਵੇ ਵਿਚਾਰੇ ਅੱਕ-ਥੱਕ ਜਾਇਆ ਕਰਨਗੇ ਇਕੱਲੇ ਘਰੇ ਬੈਠੇ।' ਅੱਗੋ ਏਕਮ ਨੇ ਵੀ ਹਾਂ ਚ ਹਾਂ ਮਿਲਾ ਕੇ ਵਾਪਿਸ ਜਾਣ ਦੀ ਤਿਆਰੀ ਕਰ ਲਈ।

ਪੁੱਤਰ ਅਤੇ ਨੂੰਹ ਦੇ ਤੁਰ ਜਾਣ ਮਗਰੋ ਰੂਪ ਸੀਸੇ ਵਿਚ ਕਦੀ ਆਪਣਾ ਝੁਰੜੀਆਂ ਭਰਿਆ ਚਿਹਰਾ ਤੱਕਦੀ ਅਤੇ ਕਦੇ ਰਿਸਤੇਦਾਰਾਂ ਦੀਆਂ ਪੁਰਾਣੀਆਂ ਗੱਲਾਂ ਚੇਤੇ ਕਰਦੀ, ਜੋ ਉਹ ਰੂਪ ਨੂੰ ਕਿਹਾ ਕਰਦੇ ਸਨ, 'ਹੁਣ ਵਿਆਹ ਕਰਵਾ ਲੈ, ਉਮਰ ਹੈ ਤੇਰੀ। ਪੁੱਤਰ ਨੇ ਜਵਾਨ ਹੋਕੇ ਰੁੱਝ ਜਾਣਾ ਆਪਣੀ ਹੀ ਦੁਨੀਆਂ ਵਿਚ।' ਪਰ, ਉਦੋ ਰੂਪ ਨਹੀ ਸੀ ਸਮਝਦੀ ਉਨਾਂ ਦੀਆਂ ਗੱਲਾਂ ਅਤੇ ਦਿੱਤੀਆਂ ਮੱਤਾਂ ਨੂੰ। ਅੱਜ ਰੂਪ ਨੂੰ ਹੌਕਿਆ ਨਾਲ ਅਹਿਸਾਸ ਹੋ ਰਿਹਾ ਸੀ ਕਿ ਜ਼ਿੰਦਗੀ ਵਿਚ ਵੀਰਾਨਗੀ ਕੀ ਹੁੰਦੀ ਹੈ। ਹੁਣ ਨਿੱਕੇ ਜਿਹੇ ਘਰ ਵਿਚ ਨਾ ਏਕਮ ਦੀ ਅਵਾਜ ਸੀ : ਨਾ ਰੂਪ ਦੀਆਂ ਏਕਮ ਨੂੰ ਝਿੜਕਾਂ ਅਤੇ ਪਿਆਰ। ਬੇਵੱਸ ਕੰਧਾਂ ਅਤੇ ਰੂਪ ਦੀਆਂ ਡੂੰਘੀਆਂ ਅੱਖਾਂ ਵਿਚ ਸਦੀਆਂ ਦੀ ਵੀਰਾਨਗੀ ਸੀ।
30/10/17

 

ਫ਼ਕੀਰੀ ਰੂਹ
ਵਰਿੰਦਰ ਕੌਰ ਰੰਧਾਵਾ, ਬਟਾਲਾ

ਚਾਚਾ ਕਰਤਾਰਾ ਚੰਗੇ-ਚੋਖੇ ਘਰ ਦਾ ਪੁੱਤ ਸੀ। ਪੁਰਾਣਾ ਵਕਤ ਸੀ : ਪੜਾਈ- ਲਿਖਾਈ ਵੱਲ ਧਿਆਨ ਨਹੀ ਸੀ ਦਿੰਦਾ ਕੋਈ। ਮਾਂ, ਬਿਮਾਰੀ ਨਾਲ ਲੜਦੀ ਰੱਬ ਘਰੇ ਤੁਰ ਗਈ ਸੀ। ਬਾਪੂ ਕੰਮਾਂ-ਕਾਰਾਂ ਵੱਲ ਰੁੱਝਿਆ ਰਹਿੰਦਾ ਸੀ। ਕਰਤਾਰਾ ਬਾਹਲਾ ਚੁਸਤ-ਚਲਾਕ ਨਹੀ ਸੀ। ਉਹ ਖੌਰੇ ਕਿਸ ਦੁਨੀਆਂ ਵਿਚ ਗੁਆਚਾ ਰਹਿੰਦਾ ਸੀ, ਅੱਠੇ ਪਹਿਰ। ਜੇਕਰ ਭਾਬੀਆਂ ਨੇ ਰੋਟੀ ਟੁੱਕ ਦੇ ਦੇਣਾ ਤਾਂ ਰੱਬ ਦਾ ਨਾਂਓ ਲੈ ਕੇ ਖਾ ਲੈਂਦਾ ਸੀ, ਨਹੀ ਤਾਂ ਆਪਣੀ ਹੀ ਮਸਤੀ ਵਿਚ ਕੁਝ-ਨਾ-ਕੁਝ ਗੁਣ-ਗੁਣਾਉਦਾ ਰਹਿੰਦਾ। ਗਾਉਣ ਲਈ ਉਸ ਦੀ ਅਵਾਜ਼ ਇੰਨੀ ਸੁਰੀਲੀ ਤੇ ਖਿੱਚ ਵਾਲੀ ਸੀ ਕਿ ਜੋ ਵੀ ਸੁਣਦਾ, ਉਹ ਸ਼ਾਂਤ ਜਿਹਾ ਹੋ ਕੇ ਬੈਠ ਜਾਂਦਾ। ਦੂਜੇ ਪਾਸੇ ਕੋਈ ਵੀ ਉਸ ਦਾ ਰਿਸ਼ਤਾ ਕਰਨ ਘਰੇ ਆਉਂਦਾ ਤਾਂ ਭਾਬੀਆਂ ਆਖ ਦਿੰਦੀਆਂ, 'ਕਰਤਾਰਾ ਖੁਦ ਤਾਂ ਵਿਹਲਾ ਫਿਰਦੈ, ਟੱਬਰ ਨੂੰ ਕਿਵੇਂ ਪਾਲ ਲਵੇਗਾ !' ਕਰਤਾਰੇ ਨੂੰ ਖੁਦ ਨੂੰ ਵੀ ਕੋਈ ਖਿੱਚ ਨਹੀ ਸੀ ਕਿ ਉਸ ਦਾ ਵਿਆਹ ਹੋਵੇ। ਉਹ ਮਸਤ-ਮੌਲਾ ਫ਼ੱਕਰ ਬੰਦਾ ਸੀ। ਬੋਲਦਾ ਰਹਿੰਦਾ, 'ਮਾਂ ਵੀ ਤਾਂ ਛੱਡ ਕੇ ਤੁਰ ਗਈ ਹੈ, ਸਾਨੂੰ। ਇੰਝ ਸਭ ਨੇ ਤੁਰ ਹੀ ਜਾਣਾ ਹੈ, ਕੀ ਕਰਨੇ ਮੈਂ ਰਿਸ਼ਤੇ-ਨਾਤੇ।' ਉਸ ਫ਼ਕੀਰੀ ਜਿਹੀ ਰੂਹ ਨੂੰ ਦੁਨੀਆਂ ਦੇ ਵਿਖਾਵੇ-ਵਿਖੋਵੇ ਨਾਲ ਕੋਈ ਫਰਕ ਨਹੀ ਸੀ ਪੈਂਦਾ। ਜਿਸ ਵੀ ਕਿਸੇ ਨੇ ਜੋ ਵੀ ਕੰਮ-ਕਾਰ ਨੂੰ ਆਖ ਦੇਣਾ ਤਾਂ ਉਸ ਨੇ ਚੁੱਪ-ਚਾਪ ਕਰ ਦੇਣਾ।

ਇਕ ਦਿਨ ਭਾਬੀਆਂ ਨੇ ਆਪੋ-ਵਿੱਚੀ ਸਲਾਹ ਲਾ ਕੇ ਵਿਓਂਤ ਬਣਾਈ ਕਿ ਵਿਆਹ ਤਾਂ ਇਸਦਾ ਹੋਣਾ ਨਹੀ ਹੈ, ਕਿਉੁਂ ਨਾ ਇਸਦੇ ਹਿੱਸੇ ਦੀ ਜਮੀਨ ਪਿਆਰ ਨਾਲ ਆਪਣੇ ਨਾਂਓਂ ਹੀ ਕਰਵਾ ਲਈਏ। ਭਰਾ ਵੀ ਭਾਬੀਆਂ ਮਗਰ ਲੱਗ ਕੇ ਪਟਵਾਰੀ ਨੂੰ ਘਰ ਹੀ ਲੈ ਆਏ। ਅਖੇ, 'ਸੁਣ ਕਰਤਾਰਿਆ ! ਤੈਨੂੰ ਜਮੀਨਾਂ ਅਤੇ ਸਾਕਾਂ ਨਾਲ ਤਾਂ ਕੋਈ ਮੋਹ-ਤੇਹ ਹੈ ਨਹੀ, ਤੂੰ ਆਪਣੇ ਹਿੱਸੇ 'ਚ ਆਉਂਦੀ ਜਮੀਨ ਸਾਡੇ ਹਿੱਸੇ ਵੰਡ ਦੇ।' ਸੁਣ ਕੇ ਕਰਤਾਰੇ ਨੇ ਆਖਿਆ, 'ਲੈ ਭਾਬੀ, ਆਹ ਕੀ ਗੱਲ ਕੀਤੀ : ਲਿਆ ਦੱਸ, ਕਿੱਥੇ ਲਾਵਾਂ ਅੰਗੂਠਾ !'

ਉਸ ਦੇ ਮੂੰਹੋਂ ਇੰਨਾ ਸ਼ਬਦ ਅਜੇ ਨਿਕਲਿਆ ਹੀ ਸੀ ਕਿ ਇੰਨੇ ਨੂੰ ਬਾਪੂ ਵੀ ਘਰੇ ਆ ਵੜਿਆ। ਉਸ ਨੇ ਸੁਣ ਲਿਆ ਸੀ ਕਰਤਾਰੇ ਨੂੰ ਐਸਾ ਕੁਝ ਕਹਿੰਦਿਆ। ਉਹ ਅੱਗ ਬਬੂਲਾ ਹੋਇਆ ਭੜਕ ਕੇ ਬੋਲਿਆ, 'ਕਿਹੜੇ ਵਰਕਿਆਂ ਉਤੇ ਅੰਗੂਠਾ ਲਾਈ ਜਾਨੈ ਭਲਿਆਮਾਣਸਾ ! ਕੱਲ ਨੂੰ ਸਿਰ ਕਿੱਥੇ ਲਕੋਣਾ ਈ !'

ਕਰਤਾਰਾ ਆਪਣੇ ਹੀ ਰੌਂ ਵਿਚ ਇਕੋ ਹੀ ਸਾਹੇ ਬੋਲ ਗਿਆ-
'ਸਾਡੀ ਰੂਹ ਵੀ ਫ਼ਕੀਰੀ, ਸਾਡੀ ਦੇਹ ਵੀ ਫ਼ਕੀਰੀ,
ਕੀ ਕਰਨੀ ਏ ਅਸੀਂ, ਚਾਰ ਟਕਿਆਂ ਦੀ ਜੀਰੀ।'
21/10/17

ਹਾਦਸਾ
ਵਰਿੰਦਰ ਕੌਰ ਰੰਧਾਵਾ, ਬਟਾਲਾ

ਉਫ ! ਤੋਬਾ ! ਮੇਰੀ ਤੋਬਾ ! ਮਾਰਧਾੜ ਅਤੇ ਰੌਲੇ-ਰੱਪਿਆਂ ਦੇ ਉਹ ਦਿਨ ਕਿੰਨੇ ਭਿਆਨਕ, ਖਤਰਨਾਕ, ਖੌਫਨਾਕ ਅਤੇ ਜਾਨ-ਲੇਵਾ ਦਿਨ ਸਨ ਕਿ ਚੰਗੀਆਂ-ਭਲੀਆਂ ਵਸਦੀਆਂ-ਰਸਦੀਆਂ ਖੁਸ਼ਹਾਲ ਜ਼ਿੰਦਗੀਆਂ, ਜਾਤਾਂ-ਪਾਤਾਂ ਅਤੇ ਧਰਮਾਂ 'ਚ ਵੰਡਾਂ ਨੂੰ ਲੈਕੇ ਦੰਗੇ-ਫਸਾਦ ਕਰਦੀਆਂ ਆਪਸ ਵਿਚ ਹੀ ਉਲਝ ਗਈਆਂ ਸਨ। ਪਤਾ ਹੀ ਨਹੀ ਸੀ ਲੱਗਦਾ ਕਿ ਅਗਲੇ ਹੀ ਪਲਾਂ 'ਚ ਕਿੱਥੇ, ਕੀ ਭਾਣਾ ਵਰਤ ਜਾਣਾ ਹੈ ਅਤੇ ਕਿਹੋ ਜਿਹੀ ਤਸਵੀਰ ਬਣ ਜਾਣੀ ਹੈ, ਵਸਦੇ-ਰਸਦੇ ਪਿੰਡ ਜਾਂ ਸ਼ਹਿਰ ਦੀ। ਭੈਣਾਂ-ਭਰਾਵਾਂ ਵਾਂਗ ਰਹਿ ਰਹੇ ਲੋਕਾਂ ਨੂੰ ਨਫਰਤਾਂ ਭਰੀ ਵਗਦੀ ਇਸ ਹਵਾ ਨੇ ਇਕ ਦੂਜੇ ਦਾ ਕੱਟੜ ਵੈਰੀ ਬਣਾ ਕੇ ਰੱਖ ਦਿੱਤਾ ਸੀ। ਚੌਵੀ ਘੰਟੇ ਚਾਰੋ ਪਾਸੇ ਹਾਹਾਕਾਰ ਜਿਹੀ ਹੀ ਮਚੀ ਰਹਿੰਦੀ। ਚੀਕਾਂ-ਕੁਰਲਾਹਟਾਂ ਅਤੇ ਬੰਬ ਧਮਾਕਿਆਂ ਦੀਆਂ ਅਵਾਜਾਂ ਕੰਨਾਂ ਅਤੇ ਹਿਰਦੇ ਨੂੰ ਚੀਰਦੀਆਂ ਰਹਿੰਦੀਆਂ।

ਨਿਹਾਲ ਸਿੰਘ ਅਤੇ ਉਸ ਦੇ ਦੋਸਤਾਂ ਦੀ ਬਦ-ਕਿਸਮਤੀ ਕਿ ਉਹ ਨਫਰਤਾਂ ਭਰੀ ਇਸ ਜਹਿਰੀਲੀ ਹਵਾ ਦੌਰਾਨ, ਸਰਦਾਰ-ਦੋਸਤਾਂ ਦੀ ਮੰਡਲੀ, ਰੇਲ-ਗੱਡੀ ਵਿਚ ਸਫਰ ਕਰ ਰਹੇ ਸਨ। ਦੰਗੇ-ਬਾਜੀਆਂ ਦਾ ਟੋਲਾ ਦਗੜ-ਦਗੜ ਕਰਦਾ ਰੇਲ-ਗੱਡੀ ਵਿਚ ਘੁੰਮ ਰਿਹਾ ਸੀ। ਉਹ ਸ਼ਰੇਆਮ ਸਰਦਾਰਾਂ ਨੂੰ ਲਲਕਾਰਦੇ ਬੋਲ ਰਹੇ ਸਨ, 'ਜੋ ਸਰਦਾਰ ਲੋਕ ਹਨ, ਜੇਕਰ ਉਹਨਾਂ ਨੂੰ ਜਾਨਾਂ ਪਿਆਰੀਆਂ ਹਨ ਤਾਂ ਸਿਰ ਦੇ ਕੇਸ ਅਤੇ ਮੂੰਹ ਤੋਂ ਦਾਹੜੀਆਂ ਕਟਵਾ ਲੈਣ ਅਤੇ ਸਿਗਰਟਾਂ ਪੀਣ ਲੱਗ ਜਾਣ।'

ਰੱਬ ਜਾਣੇ, ਉਸ ਵਕਤ ਨਿਹਾਲ ਸਿੰਘ ਅਤੇ ਉਸ ਦੇ ਦੋਸਤਾਂ ਦੇ ਦਿਲਾਂ ਦੀ ਕੀ ਸਥਿੱਤੀ ਸੀ, ਉਨਾਂ ਨੂੰ ਉਸ ਵਕਤ ਆਪਣੀ ਜਾਨ ਦਾ ਡਰ ਸੀ ਜਾਂ ਆਪਣੇ ਪਰਿਵਾਰਾਂ ਦੀ ਚਿੰਤਾ-ਫਿਕਰ ਸੀ। ਸੁਣਦੇ ਸਾਰ ਹੀ ਨਿਹਾਲ ਸਿੰਘ ਅਤੇ ਉਸ ਦੇ ਦੋਸਤਾਂ ਨੇ ਰੇਲ-ਗੱਡੀ ਵਿਚ ਹੀ ਆਪਣੇ ਕੇਸ ਅਤੇ ਦਾਹੜੀਆਂ ਕੱਟ ਲਈਆਂ ਅਤੇ ਸਿਗਰਟਾਂ ਪੀਣੀਆਂ ਸ਼ੁਰੂ ਕਰ ਕੇ ਉਨਾਂ ਸਭਨਾਂ ਨੇ ਮੌਕੇ ਨੂੰ ਸੰਭਾਲ ਲਿਆ।

ਉਹ ਜਹਿਰੀਲੀ ਵਗਦੀ ਇਸ ਹਵਾ ਵਿਚੋਂ ਜਿਵੇਂ-ਕਿਵੇਂ ਜਾਨਾਂ ਬਚਾ ਕੇ ਆਪੋ-ਆਪਣੇ ਘਰੀਂ ਪਰਤੇ। ਨਿਹਾਲ ਸਿੰਘ ਦੀ ਤਾਂ ਜਿਉਂ ਬਸ ਜ਼ਿੰਦਗੀ ਹੀ ਬਦਲ ਗਈ ਸੀ, ਹੁਣ। ਅੱਖਾਂ ਸਾਹਮਣੇ ਵੇਖੇ ਹਾਦਸੇ, ਵਿਲਕਦੀਆਂ ਮਾਵਾਂ, ਭੈਣਾਂ ਅਤੇ ਧੀਆਂ ਦੀਆਂ ਚੀਕਾਂ ਦਿਨ-ਰਾਤ ਉਸਦੇ ਕੰਨਾਂ ਵਿਚ ਗੂੰਜਦੀਆਂ ਸ਼ੋਰ-ਸ਼ਰਾਬਾ ਪਾਈ ਰੱਖਦੀਆਂ ਸਨ। ਉਹ ਤਾਂ ਜਿਉਂ ਬਸ ਪਾਗਲਾਂ ਦਾ ਵੀ ਪਾਗਲ ਹੀ ਬਣ ਬੈਠ ਗਿਆ ਸੀ, ਹੁਣ। ਉਸ ਨੇ ਪਰਿਵਾਰ ਦਾ ਪਾਲਣ-ਪੋਸਣ ਤਾਂ ਕੀ ਕਰਨਾ ਸੀ, ਵਿਚਾਰੇ ਨੇ ਆਪਣੀ ਹੀ ਸ਼ਕਲ-ਸੂਰਤ ਅਤੇ ਸੁੱਧ-ਬੁੱਧ ਗਵਾ ਲਈ ਸੀ। ਹਰਦਮ ਉਸ ਦੇ ਮੂੰਹ ਨੂੰ ਲੱਗੀ ਰਹਿੰਦੀ ਸਿਗਰਟ ਉਸ ਦੀ ਪੱਕੀ ਸਾਥਣ ਹੋ ਗਈ ਸੀ। ਉਹ ਆਪਣੇ-ਆਪ ਨਾਲ ਹੀ ਗੱਲਾਂ ਮਾਰਦਾ ਰਹਿੰਦਾ। ਨਾ ਘਰ ਵਾਲੀ ਦਾ ਫਿਕਰ ਅਤੇ ਨਾ ਹੀ ਜੁਆਕਾਂ ਦਾ ਤੇਹ। ਕੰਮ ਤਾਂ ਕਿਆ ਹੀ ਕਰਨਾ ਸੀ ਉਸ ਨੇ, ਭਲਾ।

ਨਿਹਾਲ ਸਿੰਘ ਦੀ ਮਾਤਾ ਰੱਬ ਨੂੰ ਮੰਨਣ ਵਾਲੀ ਧਾਰਮਿਕ ਰੂਹ ਸੀ। ਸਾਊ ਜਿਹੀ ਬੀਬੀ ਕਈ ਬਾਰ ਆਪਣੇ ਪੁੱਤਰ ਨਿਹਾਲ ਸਿੰਘ ਦਾ ਸਿਰ ਆਪਣੀ ਗੋਦੀ 'ਚ ਧਰ ਪਲੋਸਦੀ ਅਤੇ ਕਹਿੰਦੀ, 'ਨਿਹਾਲਿਆ ਕੁਝ ਤਾਂ ਹੋਸ਼ ਕਰ ਪੁੱਤ! ਵੇਖ ਸਾਰਾ ਟੱਬਰ ਤੇਰੇ ਸਿਰ ਤੇ ਹੈ!' ਪਰ, ਨਿਹਾਲ ਸਿੰਘ ਨੂੰ ਬੇਬੇ ਦਾ ਇਹ ਸਾਰਾ ਕੁਝ ਕਿੱਥੋਂ ਸੁਣਦਾ ਸੀ। ਉਸ ਨੂੰ ਤਾਂ ਚੱਲਦੀ ਰੇਲ-ਗੱਡੀ ਵਿਚ ਕਤਲੇਆਮ ਦਾ ਹਾਦਸਾ ਅਤੇ ਸਿਗਰਟ ਦਾ ਧੂੰਆਂ ਹੀ ਬਸ ਚੇਤੇ ਰਹਿ ਗਿਆ ਸੀ।

ਅੱਖਾਂ ਸਾਹਮਣੇ ਗੁਜਰਿਆ ਹਾਦਸਾ ਨਿਹਾਲ ਸਿੰਘ ਨੂੰ ਜਿਊਂਦੀ ਲਾਸ਼ ਬਣਾ ਗਿਆ ਸੀ। ਉਹ ਤੁਰਿਆ ਤਾਂ ਜਰੂਰ ਫਿਰਦਾ ਸੀ, ਪਰ ਖੌਰੇ ਕੀ ਅਤੇ ਕਿਹਨਾਂ ਸੋਚਾਂ ਵਿਚ ਡੁੱਬਿਆ ਰਹਿੰਦਾ। ਫਿਰ, ਇਕ ਦਿਨ ਐਸਾ ਆ ਬੀਤਿਆ ਕਿ ਇਹੀ ਹਾਦਸਾ ਨਿਹਾਲ ਸਿੰਘ ਦੀ ਮੌਤ ਦਾ ਕਾਰਨ ਬਣ ਗੁਜਰਿਆ। ਸੋਚਾਂ 'ਚ ਗੁਆਚਾ ਰਹਿਣ ਵਾਲਾ ਨਿਹਾਲ ਸਿੰਘ ਆਖਰ ਇਕ ਹਾਦਸਾ ਬਣ ਕੇ ਜਾਤਾਂ-ਪਾਤਾਂ ਅਤੇ ਮਜਬਾਂ-ਧਰਮਾਂ ਵਿਚ ਵੰਡੀ ਇਸ ਦੁਨੀਆਂ ਤੋਂ ਗੁਆਚ ਹੀ ਗਿਆ।
10/09/17

ਸੁਨੱਖਾ
ਵਰਿੰਦਰ ਕੌਰ ਰੰਧਾਵਾ,  ਬਟਾਲਾ

ਅਰਨੁਵ ਬਾਹਰਲੀ ਦਿੱਖ ਤੋਂ ਬਾਹਲਾ ਹੀ ਸੁਹਣਾ-ਸੁਨੱਖਾ ਤੇ ਦਿਲਕਸ਼ ਗੱਭਰੂ ਸੀ। ਉਸ ਦੀ ਖੂਬਸੂਰਤੀ ਦੀ ਗਲੀ-ਮੁਹੱਲੇ ਵਿਚ ਵੀ ਪੂਰੀ ਚਰਚਾ ਸੀ ਅਤੇ ਉਸ ਦੇ ਕਾਲਜ ਵਿਚ ਵੀ। ਫਿਰ, ਦੂਜੇ ਉਹ ਅਮੀਰ ਘਰਾਣੇ ਦਾ ਵੀ ਸੀ। ਉਸਦੀ ਸ਼ਕਲ-ਸੂਰਤ ਅਤੇ ਉਸਦੀ ਅਮੀਰਾਤ ਨੂੰ ਵੇਖਕੇ ਹਰ ਕੁੜੀ ਉਸਤੇ ਮੋਹਿਤ ਹੋ ਜਾਂਦੀ।

ਕਾਲਿਜ ਦੀ ਪੜਾਈ ਪੂਰੀ ਹੋਈ ਤਾਂ ਉਸ ਦੇ ਵਿਆਹ ਦੀ ਗੱਲ ਚੱਲ ਪਈ। ਜਿੰਨੀਆਂ ਵੀ ਕੁੜੀਆਂ ਉਸ ਨੂੰ ਵਿਖਾਉਂਦੇ, ਸਭੇ ਰੀਜੈਕਟ ਕਰੀ ਜਾ ਰਿਹਾ ਸੀ, ਉਹ। ਕਿਸੇ ਨੂੰ ਰੰਗ-ਰੂਪ ਵਜੋਂ ਰੀਜੈਕਟ ਕਰ ਦਿੰਦਾ : ਕਿਸੇ ਨੂੰ ਉਸ ਦੀ ਗੱਲ-ਬਾਤ ਦੇ ਤੌਰ-ਤਰੀਕੇ ਤੋਂ : ਕਿਸੇ ਨੂੰ ਉਸ ਦੇ ਪਹਿਰਾਵੇ ਅਤੇ ਕਿਸੇ ਨੂੰ ਉਸ ਦੀ ਪ੍ਰਸਨਲਟੀ ਦੇ ਪੱਖ ਤੋਂ। ਬਾਹਲਾ ਸੁਹਣਾ-ਸੁਨੱਖਾ ਤੇ ਅਮੀਰ ਹੋਣ ਕਾਰਨ ਉਸ ਨੂੰ ਆਪਣੀ ਸੁੰਦਰਤਾ ਉਤੇ ਹੱਦੋਂ ਵੱਧ ਘੁਮੰਡ ਅਤੇ ਹੰਕਾਰ ਸੀ।

ਅੱਜ ਦਾਮਿਨੀ ਨਾਂਓਂ ਦੀ ਜਿਸ ਕੁੜੀ ਨਾਲ ਅਰਨੁਵ ਦੇ ਰਿਸ਼ਤੇ ਦੀ ਗੱਲ ਲਈ ਇਕੱਠੇ ਹੋਏ ਸਨ, ਉਹ ਕੁੜੀ ਪੜੀ-ਲਿਖੀ ਅਤੇ ਅਗਾਂਹ-ਵਧੂ ਵਿਚਾਰਾਂ ਵਾਲੀ ਸਮਝਦਾਰ ਕੁੜੀ ਸੀ। ਅਰਨੁਵ ਤੇ ਦਾਮਿਨੀ ਨੂੰ ਜਦੋਂ ਪਰਿਵਾਰ ਵਲੋਂ ਕੁਝ ਪੱਲ ਅੱਡਰੇ ਹੋ ਕੇ ਗੱਲ ਕਰਨ ਲਈ ਦਿੱਤੇ ਗਏ ਤਾਂ ਉਸ ਦੌਰਾਨ ਉਨਾਂ ਦੋਵਾਂ ਵਿਚ ਬਹਿਸ ਜਿਹੀ ਹੋ ਗਈ। ਬਹਿਸ ਕਰਦਾ ਅਰਨੁਵ ਬੜੇ ਮਾਣ ਨਾਲ ਗਰਦਨ ਅਕੜਾ-ਅਕੜਾ ਕੇ ਕਹਿ ਰਿਹਾ ਸੀ, 'ਮੈਂ ਅਮੀਰ ਘਰ ਦਾ ਇਕਲੌਤਾ ਲਾਡਲਾ ਹਾਂ। ਜਮੀਨ-ਜਾਇਦਾਦ, ਗੱਡੀਆਂ-ਕਾਰਾਂ ਅਤੇ ਜੀਵਨ ਦੀਆਂ ਹੋਰ ਸਭੇ ਸੁੱਖ-ਸਹੂਲਤਾਂ ਮੇਰੇ ਕੋਲ ਹਨ। ਜਿਸ ਵੀ ਕੁੜੀ ਉਤੇ ਉਂਗਲ ਰੱਖਾਂ, ਉਹੀ ਕੁੜੀ ਬੜੇ ਅਰਾਮ ਨਾਲ ਮਿਲ ਜਾਵੇਗੀ ਮੈਨੂੰ। ਕੁੜੀਆਂ ਤਾਂ ਅੱਗੇ-ਪਿੱਛੇ ਤਰਲੇ ਮਾਰਦੀਆਂ ਹਨ, ਮੇਰੇ।'

ਅਰਨੁਵ ਦੇ ਲੈਕਚਰ ਨੂੰ ਦਾਮਿਨੀ ਚੁੱਪ-ਚਾਪ ਸੁਣਦੀ ਰਹੀ। ਉਹ ਆਖਰ 'ਚ ਬੋਲੀ, 'ਮੈਂ ਮੰਨਦੀ ਹਾਂ ਕਿ ਤੁਸੀਂ ਬਾਹਲੇ ਹੀ ਅਮੀਰ ਅਤੇ ਸੁਹਣੇ-ਸੁਨੱਖੇ ਹੋ, ਪਰ ਇਹ ਜੋ ਬਾਹਰਲੀ ਸੁੰਦਰਤਾ ਹੈ, ਇਹ ਤਾਂ ਕੁਝ ਦਿਨਾਂ ਦੀ ਵੀ ਹੋ ਸਕਦੀ ਹੈ ਅਤੇ ਕੁਝ ਪਲਾਂ ਦੀ ਵੀ। ਮੈਂ ਇਹ ਵੀ ਮੰਨਦੀ ਹਾਂ ਕਿ ਆਪ ਨੂੰ ਬਾਹਲੀਆਂ ਕੜੀਆਂ ਹਾਂ ਵੀ ਬੋਲ ਦੇਣਗੀਆਂ। ਪਰ, ਮੈਨੂੰ ਜੀਵਨ-ਸਾਥੀ ਉਹ ਚਾਹੀਦਾ ਹੈ ਜੋ ਮੈਨੂੰ ਅਤੇ ਮੇਰੀਆਂ ਭਾਵਨਾਵਾਂ ਨੂੰ ਸਮਝ ਸਕੇ ਅਤੇ ਭਾਵਨਾਵਾਂ ਦੀ ਕਦਰ ਕਰ ਸਕੇ। ਮੇਰੇ ਨਾਲ ਕਦਮ ਮਿਲਾ ਕੇ ਤੁਰ ਸਕੇ, ਨਾ ਕਿ ਹਰ ਪੱਲ, ਹਰ ਘੜੀ ਆਪਣੀ ਹੈਸੀਅਤ ਦਾ ਘੁਮੰਡ ਹੀ ਦਿਖਾਉਂਦਾ ਰਹੇ, ਮੈਨੂੰ। ਮੇਰੀ ਨਜ਼ਰ ਅਤੇ ਮੇਰੀ ਸਮਝ ਵਿਚ ਸੁਨੱਖਾ ਉਹ ਨਹੀ ਜੋ ਸ਼ਕਲੋਂ ਸੁਨੱਖਾ ਹੈ, ਬਲਕਿ ਅਸਲੀ ਸੁਨੱਖਾ ਅਤੇ ਖੂਬਸੂਰਤ ਉਹ ਹੈ ਜਿਸ ਦੀ ਸੋਚ ਅਤੇ ਦਿਲ ਸਾਫ-ਸੁਥਰਾ, ਸੁੱਚੇ ਜਲ ਵਰਗਾ ਪਾਕਿ-ਪਵਿੱਤਰ ਨਿਰਮਲ ਹੈ। ਅਮੀਰ ਉਹ ਨਹੀ, ਜਿਸ ਕੋਲ ਗੱਡੀਆਂ-ਮੋਟਰਾਂ ਅਤੇ ਬੰਗਲੇ ਹਨ, ਬਲਕਿ ਅਮੀਰ ਉਹ ਹੈ, ਜਿਸ ਦੀ ਸੋਚ ਅਤੇ ਅਕਲ ਅਮੀਰ ਹੈ। ਐਸਾ ਇਨਸਾਨ ਮੇਰੇ ਲਈ ਦੁਨੀਆਂ ਦਾ ਸਭ ਤੋਂ ਸੁੰਦਰ ਅਤੇ ਸੁਨੱਖਾ ਇਨਸਾਨ ਹੈ, ਨਾ ਕਿ ਘੁਮੰਡੀ, ਹੰਕਾਰੀ ਅਤੇ ਦਿਲ ਦਾ ਕਾਲਾ ਇਨਸਾਨ। ਮੈਂ ਜਰਾ ਵੀ ਪਸੰਦ ਨਹੀ ਕਰਦੀ, ਐਸੇ ਘੁਮੰਡੀ, ਹੰਕਾਰੀ ਅਤੇ ਦਿਲ ਦੇ ਕਾਲੇ ਇਨਸਾਨ ਨੂੰ' ਬੜੇ ਧੀਰਜ ਅਤੇ ਠੰਢੇ ਸੁਭਾਅ ਨਾਲ ਕਹਿੰਦਿਆਂ ਉਹ ਕਮਰੇ ਤੋਂ ਬਾਹਰ ਆ ਗਈ। ਦਾਮਿਨੀ ਨੇ ਬਾਹਰ ਆ ਕੇ ਜਿਉਂ ਹੀ ਬੜੇ ਠਰੰਮੇ ਅਤੇ ਸ਼ਾਂਤੀ-ਪੂਰਵਕ ਇਹ ਗੱਲ ਦੋਨਾਂ ਪਰਿਵਾਰਾਂ ਵਿਚ ਦੁਹਰਾਈ ਤਾਂ ਅਰਨੁਵ ਅਤੇ ਉਸ ਦੇ ਮਾਪਿਆਂ ਨੂੰ ਮੂੰਹ ਉਤਾਂਹ ਨੂੰ ਚੁੱਕਣ ਨੂੰ ਨਹੀ ਸੀ ਮਿਲ ਰਿਹਾ।
16/08/17

ਨਮੋਸ਼ੀ
ਵਰਿੰਦਰ ਕੌਰ ਰੰਧਾਵਾ,  ਬਟਾਲਾ

ਲਾਜੋ ਘਰ-ਗ੍ਰਹਿਸਥੀ ਵਿਚ ਰੁੱਝੀ ਰਹਿਣ ਵਾਲੀ ਸਾਊ ਜਿਹੀ ਤੀਂਵੀ ਆਪਣੇ ਹੀ ਖਿਆਲਾਂ ਵਿਚ ਗੋਤੇ ਖਾਂਦੀ ਮਸਤ-ਮੌਲਾ ਜਿਹੀ ਰਹਿੰਦੀ ਸੀ। ਇਸ ਦੁਨੀਆਂ ਤੋਂ ਜਿਉਂ ਵੱਖਰੀ ਜਿਹੀ ਹੀ ਕੋਈ ਦੁਨੀਆ ਹੋਵੇ, ਉਸਦੀ। ਨਾ ਕਿਸੇ ਦੇ ਘਰ ਆਉਣਾ-ਜਾਣਾ ਅਤੇ ਨਾ ਹੀ ਵਾਧੂ ਬੋਲਣਾ। ਉਸ ਦੀ ਗੋਦ ਕੋਈ ਔਲਾਦ ਨਹੀ ਸੀ। ਸੱਸ-ਸਹੁਰੇ ਅਤੇ ਘਰ ਵਾਲੇ ਦੀਆਂ ਨਿੱਕੀ-ਨਿੱਕੀ ਗੱਲ ਤੇ ਪੈਂਦੀਆਂ ਝਿੜਕਾਂ-ਫਿਟਕਾਰਾਂ ਉਸ ਦਾ ਹਿਰਦਾ ਵਲੂੰਧਰ ਕੇ ਰੱਖ ਦਿੰਦੀਆਂ। ਇਕੱਲੀ ਬੈਠੀ, ਸੋਚਾਂ 'ਚ ਡੁੱਬੀ ਕਈ ਬਾਰ ਰੱਬ ਨੂੰ ਉਲਾਂਭਾ ਜਿਹਾ ਦਿੰਦੀ ਉਹ ਕਹਿੰਦੀ, 'ਡਾਹਢਿਆ ! ਮੇਰੀ ਗੋਦੀ ਕੋਈ ਜੁਆਕ ਕਿਓਂ ਨਾ ਦਿੱਤਾ ਤੈਂ ! ਇਕਨਾਂ ਨੂੰ ਐਨੇ ਦੇ ਰੱਖੇ ਹਨ ਕਿ ਉਨਾਂ ਤੋਂ ਸੰਭਾਲੇ ਵੀ ਨਹੀ ਜਾ ਰਹੇ, ਪਰ ਮੇਰੀ ਗੋਦੀ ਇਕ ਵੀ ਨਹੀ ਪਾਇਆ ਤੈਂ ! ਮੇਰੀ ਗੋਦ ਸੱਖਣੀ ਹੀ ਕਿਓਂ ! ਦੱਸੀਂ ਜਰਾ ਮੈਂ ਕੀ ਚੁਰਾ ਲਿਆ ਹੈ ਤੇਰਾ !' ਪਰ, ਫਿਰ ਵਿਚਾਰੀ ਸਬਰ ਦਾ ਘੁੱਟ ਭਰ ਕੇ, ਇਕ ਨੁੱਕਰੇ ਲੱਗ ਚੁੱਪ ਕਰ ਕੇ ਬੈਠ ਜਾਂਦੀ। ਬਸ ਕੰਮ-ਕਾਰ 'ਚ ਰੁੱਝੀ ਹੋਈ ਹੀ ਦਿਨ-ਕਟੀ ਕਰੀ ਜਾ ਰਹੀ ਸੀ, ਉਹ। ਕਈ ਬਾਰ ਸੱਸ ਅੱਕੀ ਹੋਈ ਕੌੜੇ ਬੋਲ ਬੋਲਦਿਆਂ ਆਖਦੀ, 'ਕਰਮਾਂ ਮਾਰੀਏ ਮਰ ਮੁੱਕ ਹੀ ਜਾ! ਮੈਂ ਆਪਣੇ ਪੁੱਤ ਦਾ ਵਿਆਹ ਹੀ ਕਰ ਦੇਵਾਂ ਦੂਜਾ।'

ਲਾਜੋ ਇਹ ਸਭੇ ਕੁਝ ਦਿਲ ਉਤੇ ਪੱਥਰ ਰੱਖ ਕੇ ਸੁਣ ਅਤੇ ਸਹਿ ਜਾਂਦੀ। ਉਸ ਨੁੰ ਬਾਹਲੀ ਨਮੋਸ਼ੀ ਜਿਹੀ ਉਸ ਵੇਲੇ ਮਾਰਦੀ, ਜਦੋਂ ਕਿਸੇ ਆਏ-ਗਏ ਦੇ ਬੈਠੇ ਸਾਹਮਣੇ ਵੀ ਉਸ ਦੀ ਸੁੰਨੀ ਗੋਦ ਨੂੰ ਲਾਹਨਤਾਂ ਮਿਲਦੀਆਂ। ਜੇਕਰ ਅੱਕ ਕੇ ਕਦੀ ਉਹ ਜੁਆਕ ਗੋਦ ਲੈਣ ਦੀ ਗੱਲ ਕਰਦੀ ਤਾਂ ਉਸ ਦੇ ਘਰ ਵਾਲਾ ਠਾਹ ਕਰਦੀ ਚਪੇੜ ਛੱਡਦਿਆਂ ਆਖਦਾ, 'ਖੋਟ ਤੇਰੇ ਵਿਚ ਹੈ, ਅਸੀਂ ਕਾਹਤੋਂ ਗੋਦ ਲਈਏ ਜੁਆਕ !'

ਅਖੀਰ, ਇਕ ਦਿਨ ਘਰਦਿਆਂ ਨੇ ਚੋਰੀ ਜਿਹੇ, ਚੁੱਪ-ਚੁਪੀਤੇ ਸੁੱਖੇ ਦਾ ਦੂਜਾ ਵਿਆਹ ਕਰ ਹੀ ਦਿੱਤਾ। ਲਾਜੋ ਨੂੰ ਗੱਲ ਦੀ ਭਾਫ ਤੱਕ ਵੀ ਨਾ ਕੱਢੀ ਗਈ। ਉਸ ਵਿਚਾਰੀ ਕਰਮਾਂ-ਮਾਰੀ ਨੂੰ ਖਬਰਾਂ ਹੀ ਉਸ ਵਕਤ ਹੋਈਆਂ ਜਦੋਂ ਨਵ-ਵਿਆਹੀ ਘਰ ਦੀਆਂ ਦਹਿਲੀਜਾਂ ਪਾਰ ਕਰ ਰਹੀ ਸੀ। ਉਧਰ ਚਾਵਾਂ ਤੇ ਸਧਰਾਂ ਨਾਲ ਤਰਾਂ-ਤਰਾਂ ਦੇ ਸ਼ਗਨ-ਵਿਹਾਰ ਕੀਤੇ ਜਾ ਰਹੇ ਸਨ ਅਤੇ ਇੱਧਰ ਲਾਜੋ ਨਮੋਸ਼ੀ ਦੀ ਮਾਰੀ ਹੀ ਪੱਥਰ ਜਿਹਾ ਹੋ ਗਈ ਸੀ।
11/08/17


ਮੋਹ ਦੀਆਂ ਤੰਦਾਂ
ਰਮਿੰਦਰ ਫਰੀਦਕੋਟੀ

ਗੁਰਸ਼ਰਨ ਸਿਓਂ ਮਿਹਨਤੀ, ਆਪਣੇ ਕਿੱਤੇ ‘ਚ ਨਿਪੁੰਨ ਤੇ ਕੰਮ ਕਾਜ ਵਿੱਚ ਮਸਤ ਰਹਿਣ ਵਾਲਾ ਇਨਸਾਨ ਤੇ ਪਤਾ ਹੀ ਨਹੀਂ ਚੱਲਿਆ ਕਦੋਂ ਜ਼ਿੰਦਗੀ ਦੇ 50 ਸਾਲ ਅੱਖ ਦੇ ਫੋਰ ‘ਚ ਹੀ ਉਡਾਰੀ ਮਾਰ ਗਏ। ਇਕ ਦਿਨ ਅਚਾਨਕ ਚਾਅ ਜਿਹਾ ਚੜਿਆ ਕਿ ਨਾਨਕੀ ਮਿਲ ਆਵਾਂ। ਗੱਡੀ ਸਟਾਰਟ ਕੀਤੀ ਤੇ ਤੁਰ ਪਏ ਪਰਿਵਾਰ ਸਮੇਤ ਨਾਨਕਿਆਂ ਦੇ ਰਾਹ ਤੇ। ਮਨ ਬੜਾ ਹੀ ਪ੍ਰਸੰਨ ਸੀ ਤੇ ਅਚਾਨਕ ਅੰਦਰੂਨੀ ਆਤਮਾ ਜੁੜ ਗਈ ਪੁਰਾਣੀਆਂ ਯਾਦਾਂ ਨਾਲ, ਕਿਵੇਂ ਨਾਨੇ-ਨਾਨੀ ਨੇ ਚਾਅ ਕਰਨੇ ਦੋਹਤੇ ਦੇ ਆਉਣ ਤੇ ਅਤੇ ਨਿੱਕਾ ਰਾਮ ਗੁਰੀ ਲੈ ਕੇ ਬਲਾਉਣਾ ਮੈਨੂੰ। ਨਾਨੀ ਦੇ ਘਿਓ ਵਾਲੇ ਪਰੌਂਠੇ ਨਘੋਚਾਂ ਕਰ-ਕਰ ਖਾਣੇ ਵਿਚਾਰੀ ਬੁਰਕੀਆਂ ਪਾਉਂਦੀ ਮੱਲੋ-ਮੱਲੀ ਮੂੰਹ ‘ਚ ਤੇ ਉਧਰ ਨਾਨਾ ਜੀ ਨਾਲ ਕਿਤੇ ਸਾਈਕਲ ਦੀਆਂ ਤਾਰਾਂ ਸਾਫ਼ ਕਰਨ ਲੱਗ ਜਾਣਾ, ਦੁਪਹਿਰੇ ਤਾਸ਼ ਕੁੱਟਣੀ ਤੇ ਸ਼ਾਮੀ ਜਾਣਾ ਨਰਮਾ ਸੀਲਣ ਤੇ ਰਾਤ ਦੇਰ ਤੱਕ ਬੂਟੇ ਸਿੱਧੇ ਕਰਦੇ ਫਿਰਨਾ। ਜਦੋਂ ਮਾਂ ਬਾਪ ਨੇ ਅਗਲੇ ਦਿਨ ਲੈਣ ਜਾਣਾ ਨਾਨੀ ਨੇ ਮੱਲੋ ਮੱਲੀ ਰੱਖ ਲੈਣਾ ਇਹ ਕਹਿਕੇ ਮਸਾਂ-ਮਸਾਂ ਆਇਆ ਸੁੱਖ ਨਾਲ ਦੋਹਤਾ ਮੇਰਾ।

ਅਚਾਨਕ ਬਰੇਕ ਮਾਰੀ ਤੇ ਦੇਖਿਆ ਆ ਗਿਆ ਨਾਨਕਿਆਂ ਦਾ ਨਵਾਂ ਘਰ। ਮਾਮਿਆਂ ਦੀਆਂ ਵੱਖ ਵੱਖ ਕੋਠੀਆਂ ਪਾਈਆਂ ਸੁੱਖ ਨਾਲ। ਉਤਰਨ ਤੇ ਹੀ ਖਾਲੀਪਨ ਜਿਹਾ ਮਹਿਸੂਸ ਹੋਇਆ ਇੰਞ ਪ੍ਰਤੀਤ ਹੋਇਆ ਜਿਵੇਂ ਚਾਅ ਮਲਾਰ ਨਹੀਂ ਕੀਤੇ ਅੱਜ ਦੋਹਤੇ ਦੇ ਆਉਣ ਤੇ। ਚਾਹ ਪਾਣੀ ਪੀਣ ਉਪਰੰਤ ਮਾਮੀ ਫਟਾ-ਫਟ ਬੋਲੀ ਕਾਕਾ ਕਦੋਂ ਕੁ ਜਾਣਾ ਵਾਪਿਸ ਅੱਜ ਸ਼ਾਮੀ। ਮਾਮੇ ਵਿਚਾਰੇ ਕਬੀਲਦਾਰੀ ‘ਚ ਉਲਝੇ ਇਉਂ ਪ੍ਰਤੀਤ ਹੋਇਆ ਜਿਵੇਂ ਜ਼ਿੰਦਗੀ ਦੀ ਦੌੜ ਨੇ ਹੰਭਾ ਦਿੱਤੇ ਹੋਣ। ਜਾਣਾ ਹੀ ਹੈ ਮਾਮੀ ਜੀ ਜਲਦੀ ਬੜਾ ਜ਼ਰੂਰੀ ਕੰਮ ਹੈ ਘਰ। ਬੱਸ ਏਨਾ ਕਹਿ ਕੇ ਆਸ਼ੀਰਵਾਰ ਲਿਆ ਤੇ ਤੁਰਨ ਲੱਗਿਆ ਅੱਖਾਂ ਵਿੱਚੋਂ ਵਗਦਾ ਹੰਝੂਆਂ ਦਾ ਦਰਿਆ ਇਹ ਪੁੱਛ ਰਿਹਾ ਸੀ ਕਿ ਕਿੱਥੇ ਹੈ ਉਹ ਨਾਨੇ-ਨਾਨੀ ਵਾਲੀਆਂ ਮੋਹ ਦੀਆਂ ਤੰਦਾਂ ਜਿਹਨਾਂ ਦੀ ਬੁਸ਼ਾਰ ਨਿੱਕੇ ਹੁੰਦੇ ਤੇਰੇ ਤੇ ਹੁੰਦੀ ਸੀ।

ਰਮਿੰਦਰ ਫਰੀਦਕੋਟੀ
3 ਫਰੈਂਡਜ਼ ਐਵੀਨਿਊ,
ਨਿਊ ਹਰਿੰਦਰਾ ਨਗਰ, ਫ਼ਰੀਦਕੋਟ।
ਮੋਬਾ : 98159-53929


ਗੁਲਾਮਾਂ ਦਾ ਸਰਦਾਰ
 ਸੁਖਵਿੰਦਰ ਕੌਰ 'ਹਰਿਆਓ'

ਥਾਣੇਦਾਰ ਹਾਕਮ ਸਿੰਘ ਦੀ ਡਿਊਟੀ ਉਸ ਦੇ ਸ਼ਹਿਰ ਵਿਚ ਪੈਂਦੇ ਪਿੰਡ ਮਾਜਰੀ ਦੇ ਅਗਾਹਵਧੂ ਤੇ ਸਬਜੀਆਂ ਦੀ ਕਾਸ਼ਤ ਵਿੱਚ ਪਹਿਲੇ ਨੰਬਰ ਤੇ ਆਏ ਕਿਸਾਨ ਜੈਮਲ ਸਿੰਘ ਦਾ ਆਜ਼ਾਦੀ ਦਿਹਾੜੇ 'ਤੇ ਮੁੱਖ ਮੰਤਰੀ ਵਲੋਂ ਸਨਮਾਨ ਕੀਤੇ ਜਾਣ ਦੀ ਸੂਚਨਾ ਪਹਿਚਾਉਣ ਦੀ ਲਾਈ ਗਈ ਸੀ। ਥਾਣੇਦਾਰ ਪਿੰਡ ਮਾਜਰੀ ਪਹੁੰਚਿਆ। ਕਿਸੇ ਤੋਂ ਉਸਨੇ ਕਿਸਾਨ ਜੈਮਲ ਸਿੰਘ ਦਾ ਘਰ ਪੁੱਛਿਆ। ਪਤਾ ਦੱਸਣ ਵਾਲੇ ਨੇ ਚਿੱਟੀ ਤਿੰਨ ਮੰਜਲੀ ਕੋਠੀ ਵੱਲ ਇਸ਼ਾਰਾ ਕੀਤਾ। ਥਾਣੇਦਾਰ ਹੈਰਾਨ ਸੀ ਕਿ ਇੱਕ ਕਿਸਾਨ ਇੰਨਾ ਅਮੀਰ…! ਸੋਚਦਿਆਂ-ਸੋਚਦਿਆਂ ਗੱਡੀ ਗੇਟ ਅੱਗੇ ਜਾ ਖੜੀ ਕੀਤੀ। ਅੰਦਰ ਏ.ਸੀ. ਰੂਮ 'ਚ ਮਹਿੰਗੇ ਸੋਫ਼ੇ 'ਤੇ ਕਿਸਾਨ ਜੈਮਲ ਸਿੰਘ ਅਖ਼ਬਾਰ ਪੜ੍ਹ ਰਿਹਾ ਸੀ। ਥਾਣੇਦਾਰ ਨੇ ਸ਼ਤਿ ਸ਼੍ਰੀ ਅਕਾਲ ਬੁਲਾਉਣ ਤੋਂ ਬਾਅਦ ਸਨਮਾਨਿਤ ਕੀਤੇ ਜਾਣ ਦੀ ਖ਼ਬਰ ਜੈਮਲ ਸਿੰਘ ਨੂੰ ਦਿੱਤੀ। ਜੈਮਲ ਸਿੰਘ ਖੁਸ਼ ਹੋ ਗਿਆ।

"ਜੈਮਲ ਸਿੰਘ ਜੀ ਕੁੱਝ ਸਾਲ ਪਹਿਲਾਂ ਤਾਂ ਇਹ ਕੋਠੀ 'ਤੇ ਸ਼ਾਨੋ-ਸ਼ੌਕਤ ਨਹੀਂ ਸੀ। ਫਿਰ ਕੀ ਚਮਤਕਾਰ ਹੋਇਆ?", ਥਾਣੇਦਾਰ ਨੇ ਹੈਰਾਨੀ ਨਾਲ ਪੁੱਛਿਆ।

"ਆਓ ਦਿਖਾਵਾਂ", ਕਹਿ ਕੇ ਕਿਸਾਨ ਜੈਮਲ ਸਿੰਘ ਥਾਣੇਦਾਰ ਨੂੰ ਖੇਤ ਵੱਲ ਲੈ ਤੁਰਿਆ। ਖੇਤ ਵਿੱਚ 40-50 ਦੇ ਕਰੀਬ ਮਜ਼ਦੂਰ ਸਿਰ ਸੁੱਟ ਕੇ ਕੰਮ ਕਰ ਰਹੇ ਸਨ। ਕੋਈ ਸਬਜੀਆਂ ਤੋੜ ਰਿਹਾ ਸੀ, ਕੋਈ ਛਾਂਟ ਰਿਹਾ ਸੀ ਤੇ ਕੋਈ ਸਬਜੀਆਂ ਥੈਲਿਆਂ 'ਚ ਭਰ ਰਿਹਾ ਸੀ।

"ਜੈਮਲ ਸਿੰਘ ਜੀ ਆਮਦਨ ਦੇ ਨਾਲ-ਨਾਲ ਖ਼ਰਚ ਵੀ ਤਾਂ ਕਾਫ਼ੀ ਆ ਜਾਂਦਾ ਹੋਵੇਗਾ, ਮਜ਼ਦੂਰਾਂ ਦੀ ਦਿਹਾੜੀ ਵੀ ਤਾਂ ਮਹਿੰਗੀ ਐ", ਥਾਣੇਦਾਰ ਨੇ ਕਿਹਾ।

"ਨਹੀਂ…ਨਹੀਂ ਥਾਣੇਦਾਰ ਜੀ, ਇਹੀ ਤਾਂ ਮੇਰੀ ਤਰੱਕੀ ਦਾ ਭੇਤ ਐ। ਜੇਕਰ ਖ਼ਰਚਾ ਦੇਣਾ ਹੁੰਦਾ ਤਾਂ ਫਿਰ ਕਿੰਨੀ ਕੁ ਆਮਦਨੀ ਹੁੰਦੀ । ਆਪਣੀ ਪਹੁੰਚ ਵਧਿਆ ਹੈ। ਨਸ਼ੇ-ਪਤੇ ਤੇ ਸਾਰੇ ਗੁਲਾਮ ਬਣਾਏ ਹੋਏ ਐ। ਜੇਕਰ ਕੰਮ ਕਰਨਗੇ ਤਾਂ ਹੀ ਨਸ਼ਾ ਮਿਲੂ। ਨਸ਼ਾ ਕਿਹੜਾ ਆਪਾਂ ਪੈਸੇ ਲਾ ਕੇ ਖ੍ਰੀਦਣਾ ਐ, ਮੰਤਰੀ ਜੀ ਨਾਲ ਚੰਗੀ ਉਠਣੀ ਬੈਠਣੀ ਐ। ਵੋਟਾਂ ਵੇਲੇ ਆਪਾਂ ਉਹਨਾਂ ਦਾ ਕੰਮ ਸਾਰ ਦਿੰਨੇ ਆਂ, ਬਦਲੇ ਵਿੱਚ ਉਹ ਮੇਰੇ ਤੇ ਕਿਰਪਾ ਕਰਦੇ ਹਨ", ਜੈਮਲ ਸਿੰਘ ਨੇ ਮੁੱਛਾਂ ਨੂੰ ਵੱਟ ਦਿੰਦਿਆਂ ਕਿਹਾ। ਥਾਣੇਦਾਰ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਜ਼ਾਦੀ ਦੇ ਦਿਹਾੜੇ 'ਤੇ ਸਨਮਾਨ ਕਿਸਦਾ ਹੋ ਰਿਹਾ ਹੈ ਇੱਕ ਅਗਾਹਵਧੂ ਕਿਸਾਨ ਦਾ……ਜਾਂ ਗੁਲਾਮਾਂ ਦੇ ਸਰਦਾਰ ਦਾ! ਥਾਣੇਦਾਰ ਮਜ਼ਦੂਰਾਂ ਦੇ ਚਿਹਰਿਆਂ ਵੱਲ ਗਹੁ ਨਾਲ ਤੱਕਣ ਲੱਗਿਆ ਜਿਵੇਂ ਉਹਨਾਂ ਦੀਆਂ ਅੱਖਾਂ ਵਿੱਚੋਂ ਆਪਣੇ ਸਵਾਲ ਦਾ ਜਵਾਬ ਭਾਲ ਰਿਹਾ ਹੋਵੇ।

- ਸੁਖਵਿੰਦਰ ਕੌਰ 'ਹਰਿਆਓ'
ਉੱਭਾਵਾਲ, ਸੰਗਰੂਰ
+91-8427405492

12/08/17


 ਨੱਨ੍ਹੀ ਕਹਾਣੀ
ਮਜਬੂਰ

ਸੱਤੀ ਅਟਾਲਾਂ ਵਾਲਾ

 


 

 ਮਜਦੂਰ ਔਰਤ 'ਤੇ ਠੇਕੇਦਾਰ ਬਿਜਲੀ ਵਾਂਗ ਗਰਜਦਾ ਹੋਇਆ ਬੋਲਿਆ, 'ਉਠ ਨੀ ਉਠ, ਸਾਰਾ ਦਿਨ ਬੱਚੇ ਨੂੰ ਲੈ ਕੇ ਬੈਠੀ ਰਹੇਗੀ। ਚੱਲ ਕੰਮ ਕਰ।'

'ਸਾਹਿਬ ਹੁਣੇ ਬੈਠੀ ਸੀ। ਬੱਚੇ ਨੂੰ ਭੁੱਖ ਲੱਗੀ ਸੀ।' ਮਜਦੂਰ ਔਰਤ ਥਥਲਾਓਦੀ ਹੋਈ ਬੋਲੀ। ਆਪਣੇ ਕੱਪੜੇ ਸੰਵਾਰਦੀ ਹੋਈ ਔਰਤ ਉਠ ਖੜੀ ਤੇ ਕੰਮ ਕਰਨ ਲੱਗ ਪਈ। ਪਰ, ਪਰਨੇ ਦੀ ਛਾਂਵੇ ਪਏ ਬੱਚੇ ਦੀਆਂ ਲੇਰਾਂ ਰੇਲ ਗੱਡੀ ਦੀਆਂ ਚੀਕਾਂ ਵਾਂਗ ਅਜੇ ਵੀ ਜਾਰੀ ਸਨ ।

ਏਨੇ ਨੂੰ ਇਕ ਕਾਰ ਆ ਕੇ ਰੁੱਕੀ। ਕਾਰ ਚੋ ਠੇਕੇਦਾਰ ਦਾ ਲੜਕਾ ਨਿਕਲਿਆ ਤੇ ਬਣ ਰਹੀ ਇਮਾਰਤ ਨੂੰ ਦੇਖਣ ਲੱਗ ਪਿਆ । ਠੇਕੇਦਾਰ ਬੋਲਿਆ, 'ਚੱਲ ਪੁੱਤ ਚੱਲ, ਗੱਡੀ 'ਚ ਬੈਠ, ਬਾਹਰ ਧੁੱਪ ਬਹੁਤ ਹੈ ।' ਠੇਕੇਦਾਰ ਦੇ ਇਹ ਬੋਲ ਮਜਦੂਰ ਔਰਤ ਦੇ ਸੀਨੇ 'ਚ ਤੀਰਾਂ ਵਾਂਗ ਜਾ ਖੁੱਭੇ, ਪਰ ਉਹ ਕਰ ਵੀ ਕੀ ਸਕਦੀ ਸੀ। ਉਹ ਤਾਂ ਦੋ ਵੇਲੇ ਦੀ ਰੋਟੀ ਹੱਥੋ ਮਜਬੂਰ ਸੀ ।

ਸੱਤੀ ਅਟਾਲਾਂ ਵਾਲਾ (ਹੁਣ ਦੁਬੱਈ, ਵਟਸ-ਅਪ ਨੰਬਰ
971544713889)

23/05/2017

ਨੱਨ੍ਹੀ ਕਹਾਣੀ >>          ਹੋਰ ਕਹਾਣੀਆਂ  >>    


 
ਮਜਬੂਰ
ਸੱਤੀ ਅਟਾਲਾਂ ਵਾਲਾ
ਇਸ਼ਕ
ਵਰਿੰਦਰ ਕੌਰ ਰੰਧਾਵਾ, ਬਟਾਲਾ
ਲਾਚਾਰ
ਸੰਦੀਪ ਕੁਮਾਰ
ਸੂਰਜ ਮੰਡਲ ਤੋਂ ਵਿਸ਼ਾਲ
ਅਮਨਦੀਪ ਸਿੰਘ, ਅਮਰੀਕਾ
ਝੁਰੜੀਆਂ ਵਿੱਚੋਂ ਝਲਕਦੀ ਮਮਤਾ
ਅਜੀਤ ਸਤਨਾਮ ਕੌਰ
ਮੀਨਾ ਬੂਟੀਕ
ਅਜੀਤ ਸਿੰਘ ਭੰਮਰਾ ਫਗਵਾੜਾ
ਸੁੱਕੇ ਖੂਹ ਦੀ ਮੌਣ
ਸ਼ਿਵਚਰਨ ਜੱਗੀ ਕੁੱਸਾ
ਸਮੇਂ ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ
ਬੁੱਢੀ ਦਾਦੀ
ਸਰੁੱਚੀ ਕੰਬੋਜ, ਫਾਜਿਲਕਾ
 ਨੱਥ ਪਾਉਣੀ
ਅਨਮੋਲ ਕੌਰ, ਕਨੇਡਾ
ਸੰਸਾਰ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਲੱਛੂ ਭੂਤ
ਰਵੇਲ ਸਿੰਘ ਇਟਲੀ
ਦਾਦਾ ਜੀ ਚਲੇ ਗਏ
ਰਵੇਲ ਸਿੰਘ ਇਟਲੀ
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ
ਵਲੈਤੀ ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਜੀਵਨ ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ
ਬਿੱਲੀਆਂ
ਲਾਲ ਸਿੰਘ ਦਸੂਹਾ
ਸਭ ਅੱਛਾ ਹੈ
ਅਨਮੋਲ ਕੌਰ, ਕਨੇਡਾ
ਬੋਹੜ ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ
ਚਿੱਟੀ ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ
ਤੈਨੂੰ ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ
ਓਦੋਂ ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ
ਜ਼ਿੰਦਗੀ ਦੀ ਜੂਹ
ਭਿੰਦਰ ਜਲਾਲਾਬਾਦੀ, ਯੂ ਕੇ
ਫੇਸਬੁੱਕ
ਅਨਮੋਲ ਕੌਰ, ਕਨੇਡਾ
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ
ਕਿਹਨੂੰ, ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ
ਝਾੜੂ
ਗੁਰਮੇਲ ਬੀਰੋਕੇ, ਕਨੇਡਾ
ਧੰਦਾ ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ
ਅੰਮ੍ਰਿਤ ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਖੂਹ ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ
ਘਰ ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਸੋਗ
ਰੂਪ ਢਿੱਲੋਂ, ਲੰਡਨ
ਉਹ ਮੂਵ ਹੋ ਗਈ
ਅਨਮੋਲ ਕੌਰ, ਕਨੇਡਾ
ਗੋਲਡੀਲੌਕਸ ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ (1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ
baybus1ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ
ਵੇ ਲੋਕੋ
ਅਨਮੋਲ ਕੌਰ, ਕਨੇਡਾ
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ
 

hore-arrow1gif.gif (1195 bytes)


Terms and Conditions
Privacy Policy
© 1999-2015,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015,  5abi.com