ਇੱਕ ਵਾਰ ਦੀ ਗੱਲ ਹੈ, ਗੋਲਡੀਲੌਕਸ ਨਾਂ ਦੀ ਇੱਕ ਛੋਟੀ ਜਿਹੀ ਕੁੜੀ ਸੀ। ਇੱਕ
ਦਿਨ ਸਵੇਰੇ ਉਹ ਸੈਰ ਕਰਨ ਨਿੱਕਲੀ ਤਾਂ ਘੁੰਮਦੀ ਘੁਮਾਉਂਦੀ ਜੰਗਲ ਵਿੱਚ ਭਟਕ
ਗਈ...
ਉਸ ਜੰਗਲ ਵਿੱਚ ਇੱਕ ਘਰ ਸੀ, ਜਿਸ ਵਿੱਚ ਤਿੰਨ ਰਿੱਛ ਰਹਿੰਦੇ ਸੀ - ਡੈਡੀ ਰਿੱਛ,
ਮੰਮੀ ਰਿੱਛ ਅਤੇ ਬੇਬੀ ਰਿੱਛ । ਸਵੇਰੇ ਉਹ ਉੱਠੇ ਤਾਂ ਡੈਡੀ ਰਿੱਛ ਨੇ ਨਾਸ਼ਤੇ ਵਿੱਚ ਦਲੀਆ
ਬਣਾਇਆ । ਜਦੋਂ ਰਿੱਛ ਦਲੀਆ ਖਾਣ ਲੱਗੇ ਤਾਂ ਉਹ ਬਹੁਤ ਗਰਮ ਸੀ । ਉਹਨਾਂ ਨੇ ਸੋਚਿਆ ਕਿ
ਜਦ ਤੱਕ ਦਲੀਆ ਠੰਡਾ ਹੁੰਦਾ ਹੈ ਉਹ ਸੈਰ ਕਰ ਆਉਂਦੇ ਹਨ । ਉਹ ਸੈਰ ਕਰਨ ਨਿੱਕਲ ਗਏ ਪਰ ਘਰ
ਦਾ ਦਰਵਾਜ਼ਾ ਬੰਦ ਕਰਨਾ ਭੁੱਲ ਗਏ ।
ਥੋੜੀ ਦੇਰ ਬਾਅਦ ਗੋਲਡੀਲੌਕਸ ਉੱਥੇ ਪਹੁੰਚੀ ਤਾਂ ਉਸਨੇ ਘਰ ਦਾ ਦਰਵਾਜ਼ਾ ਖੁੱਲਾ ਦੇਖਿਆ
ਤਾਂ ਉਹ ਅੰਦਰ ਚਲੀ ਗਈ । ਉਸਨੇ ਮੇਜ਼ ਤੇ ਦਲੀਏ ਦੀਆਂ ਭਰੀਆਂ ਤਿੰਨ ਕਟੋਰੀਆਂ ਵੇਖੀਆਂ ।
ਗਰਮਾ-ਗਰਮ ਦਲੀਏ ਦੀ ਖੁਸ਼ਬੋ ਨਾਲ ਉਸਦੇ ਮੁੰਹ ਵਿੱਚ ਪਾਣੀ ਭਰ ਆਇਆ । ਉਸਨੇ ਪਹਿਲੀ ਕਟੋਰੀ
ਵਿੱਚੋਂ ਇੱਕ ਚਮਚਾ ਭਰ ਕੇ ਸਵਾਦ ਦੇਖਿਆ । ਗਰਮ ਗਰਮ ਦਲੀਏ ਨਾਲ ਉਸਦੀ ਜੀਭ ਜਲ ਗਈ । ਉਹ
ਚੀਖ ਕੇ ਬੋਲੀ - 'ਇਹ ਦਲੀਆ ਬਹੁਤ ਗਰਮ ਹੈ!'
ਫੇਰ ਉਸਨੇ ਦੂਸਰੀ ਕਟੋਰੀ ਵਿੱਚੋਂ ਇੱਕ ਚਮਚਾ ਖਾਧਾ । ਪਰ ਉਹ ਬਹੁਤ ਠੰਡਾ ਸੀ । ਉਹ
ਬੋਲੀ - 'ਇਹ ਦਲੀਆ ਬਹੁਤ ਠੰਡਾ ਹੈ!'
ਫੇਰ ਉਸਨੇ ਤੀਸਰੀ ਕਟੋਰੀ ਵਿੱਚੋਂ ਇੱਕ ਚਮਚਾ ਖਾਧਾ । ਉਹ ਨਾਂ ਬਹੁਤਾ ਗਰਮ ਸੀ ਅਤੇ
ਨਾਂ ਹੀ ਬਹੁਤਾ ਠੰਡਾ । 'ਇਹ ਦਲੀਆ ਬਿਲਕੁਲ ਠੀਕ ਹੈ!' ਇਹ ਕਹਿ ਕੇ ਉਹ ਸਾਰੀ ਕਟੋਰੀ ਖਾ
ਗਈ ।
ਫੇਰ ਉਹ ਉੱਪਰ ਗਈ ਜਿਥੇ ਤਿੰਨੇ ਰਿੱਛ ਸੌਂਦੇ ਸਨ । ਉਸਨੇ ਉੱਥੇ ਤਿੰਨ ਬਿਸਤਰੇ ਵਿਛੇ
ਦੇਖੇ । ਸੈਰ ਕਰਕੇ ਉਹ ਬਹੁਤ ਥੱਕ ਚੁੱਕੀ ਸੀ । ਉਸਦਾ ਮਨ ਅਰਾਮ ਕਰਨ ਨੂੰ ਕੀਤਾ...
ਪਹਿਲਾਂ ਉਹ ਡੈਡੀ ਰਿੱਛ ਦੇ ਬਿਸਤਰੇ ਤੇ ਲੇਟੀ । 'ਇਹ ਬਿਸਤਰਾ ਬਹੁਤ ਸਖਤ ਹੈ!' ਉਹ
ਬੋਲੀ ।
ਫੇਰ ਉਹ ਮੰਮੀ ਰਿੱਛ ਦੇ ਬਿਸਤਰੇ ਤੇ ਲੇਟੀ । 'ਇਹ ਬਿਸਤਰਾ ਬਹੁਤ ਨਰਮ ਹੈ!' ਉਸਨੇ ਕਿਹਾ
।
ਫੇਰ ਉਹ ਬੇਬੀ ਰਿੱਛ ਦੇ ਬਿਸਤਰੇ ਤੇ ਲੇਟੀ । 'ਇਹ ਬਿਸਤਰਾ ਬਿਲਕੁਲ ਠੀਕ ਹੈ!' ਇੰਨਾ
ਕਹਿੰਦਿਆਂ ਉਹ ਪਲਕ ਝਪਕਦਿਆਂ ਹੀ ਸੌਂ ਗਈ..
ਜਦੋਂ ਤਿੰਨੇ ਰਿੱਛ ਵਾਪਿਸ ਆਏ ਤਾਂ ਉਹਨਾਂ ਨੇ ਦੇਖਿਆ ਕਿ ਕੋਈ ਜਾਣਾ ਉਹਨਾਂ ਦਾ ਦਲੀਆ
ਖਾ ਰਿਹਾ ਸੀ ...
'ਕੋਈ ਮੇਰਾ ਦਲੀਆ ਖਾ ਰਿਹਾ ਸੀ !' ਡੈਡੀ ਰਿੱਛ ਬੋਲਿਆ ।
'ਮੇਰਾ ਵੀ !' ਮੰਮੀ ਰਿੱਛ ਬੋਲੀ ।
'ਦੇਖੋ! ਕੋਈ ਮੇਰਾ ਦਲੀਆ ਸਾਰਾ ਖਾ ਗਿਆ!' ਬੇਬੀ ਰਿੱਛ ਚੀਖਿਆ ...
ਚਲੋ ਉੱਪਰ ਜਾ ਕੇ ਦੇਖਦੇ ਹਾਂ । ਤਿੰਨੇ ਰਿੱਛ ਫੇਰ ਉੱਪਰ ਆਪਣੇ ਸੌਂਣ ਵਾਲੇ ਕਮਰੇ ਵਿੱਚ
ਗਏ । ਡੈਡੀ ਰਿੱਛ ਨੇ ਦੇਖਿਆ ਕਿ ਉਸਦੇ ਬਿਸਤਰੇ ਤੇ ਸਿਲਵਟਾਂ ਪਾਈਆਂ ਹੋਇਆ ਹਨ ।
'ਕੋਈ ਮੇਰੇ ਬਿਸਤਰੇ ਤੇ ਸੁੱਤਾ ਪਿਆ ਸੀ!' ਉਹ ਬੋਲਿਆ ।
'ਹਾਂ ਮੇਰੇ ਵੀ!' ਮੰਮੀ ਰਿੱਛ ਬੋਲੀ!
'ਦੇਖੋ! ਕੋਈ ਮੇਰੇ ਬਿਸਤਰੇ ਤੇ ਸੁੱਤਾ ਪਿਆ ਹੈ!' ਬੇਬੀ ਰਿੱਛ ਚੀਖਿਆ ...
ਇੰਨੇ ਤੂੰ ਆਵਾਜਾਂ ਸੁਣ ਕੇ ਗੋਲਡੀਲੌਕਸ ਤ੍ਰਭਕ ਦੇਣੀ ਉਠ ਪਈ । ਉਸਨੇ ਤਿੰਨ ਰਿੱਛ
ਦੇਖੇ ਤਾਂ ਉੱਚੀ ਦੇਣੀ ਚੀਖੀ ...
'ਬਚਾਓ!' ਉਹ ਬਿਸਤਰੇ ਤੋਂ ਕੁੱਦੀ ਅਤੇ ਉਥੋਂ ਮਿੰਟਾਂ ਵਿੱਚ ਹੀ ਬਾਹਰ ਨਠ ਗਈ । ਤਿੰਨੇ
ਰਿੱਛ ਅੱਖਾਂ ਅੱਡੀ ਹੈਰਾਨ ਦੇਖਦੇ ਰਹਿ ਗਏ!
ਗੋਲਡੀਲੌਕਸ ਦੁਬਾਰਾ ਫਿਰ ਕਦੇ ਇਸ ਤਰ੍ਹਾਂ ਕਿਸੇ ਦੇ ਘਰ ਨਹੀਂ ਗਈ!
Bonus Fact : ਤਾਰਾ ਵਿਗਿਆਨੀ ਅੱਜ ਕੱਲ੍ਹ ਗੋਲਡੀਲੌਕਸ ਬਾਹਰੀ-ਗ੍ਰਹਿ
(Goldilocks exoplanets) ਲਭ ਰਹੇ ਹਨ, ਜੋ ਸਾਡੇ ਸੌਰ-ਮੰਡਲ ਤੋਂ ਬਾਹਰ ਦੇ ਤਾਰਿਆਂ
ਵਿੱਚ ਹਨ । ਇਹ ਉਹ ਗ੍ਰਹਿ ਨ ਜੋ ਆਪਣੇ ਸੂਰਜ ਤੋਂ ਧਰਤੀ ਵਾਂਗ ਸਹੀ ਦੂਰੀ ਅਤੇ ਹਨ, ਜੋ
ਨਾਂ ਤਾਂ ਬਹੁਤੇ ਗਰਮ ਅਤੇ ਨਾਂ ਹੀ ਬਹੁਤੇ ਠੰਡੇ ਹਨ ਅਤੇ ਜਿਨ੍ਹਾਂ ਤੇ ਜੀਵਨ ਦੀ ਹੋਂਦ
ਹੋ ਸਕਦੀ ਹੈ ! |