ਅੱਲਾਹ ਦੀਆਂ ਕੰਜਕਾਂ (ਯਾਦਾਂ ਦੀ ਵਿਰਾਸਤ)
ਅਜੀਤ ਸਤਨਾਮ ਕੌਰ, ਲੰਡਨ   
 (06/06/2019)

ajit satnam


kanjkanਸ਼ਾਮ ਹੁੰਦੇ ਹੀ ਘਰ ਵਿੱਚ ਪੂਜਾ ਪਾਠ ਦੀ ਚਹਿਲ-ਪਹਿਲ ਵਧ ਗਈ ਸੀ। ਫੁੱਲਾਂ ਦੀਆਂ ਮਾਲਾਵਾਂ, ਦੀਵੇ, ਧੂਫ਼ਾਂ, ਹਵਨ ਸਮੱਗਰੀ, ਮਾਤਾ ਦਾ ਸ਼ਿੰਗਾਰ, ਮਾਤਾ ਦੀ ਚੁੰਨੀ…. ਅਤੇ ਹੋਰ ਵੀ ਬੜਾ ਕੁਝ। ਕਿਸੇ ਵੀ ਤਿਉਹਾਰ ਮੌਕੇ ਦਿੱਲੀ ਦੀਆਂ ਗਲੀਆਂ ਦਾ ਮਾਹੌਲ "ਰੰਗੀਨ" ਹੋ ਜਾਂਦਾ ਹੈ। ਲੋਕ ਤਿਉਹਾਰਾਂ ਨੂੰ ਮਾਣਦੇ ਅਤੇ ਜ਼ਿੰਦਗੀ ਦਾ ਲੁਤਫ਼ ਲੈਂਦੇ ਨੇ!

"ਭੈਣ ਜੀ, ਕੀ ਗੱਲ ਹੈ, ਬੜੀ ਤਿਆਰੀ ਹੋ ਰਹੀ ਹੈ, ਕੋਈ ਖ਼ਾਸ ਪ੍ਰੋਗਰਾਮ ਹੈ?" ਮੈਂ ਕਈ ਸਾਲਾਂ ਬਾਦ ਕੱਤੇ ਦੇ ਮਹੀਨੇ ਜਦ ਭਾਰਤ ਗਈ ਅਤੇ ਦਿੱਲੀ ਆਪਣੀ ਭੈਣ ਦੇ ਘਰ ਵਿੱਚ ਹੋ ਰਹੀ ਤਿਆਰੀ ਨੂੰ ਵੇਖ ਕੇ ਆਚੰਭੇ ਜਿਹੇ ਨਾਲ ਸੁਆਲ ਕੀਤਾ।

"ਵੱਡੀਏ ਵਲੈਤਣੇ, ਤੈਨੂੰ ਪਤਾ ਨਹੀਂ? ਕੱਲ੍ਹ ਤੋਂ ਨਵਰਾਤਰੇ ਸ਼ੁਰੂ ਹਨ ਤੇ ਸਵੇਰੇ ਹੀ ਪੂਜਾ ਸੁਰੂ ਹੋ ਜਾਊਗੀ, ਇਸ ਲਈ ਕੱਲ੍ਹ ਦੀ ਸਾਰੀ ਤਿਆਰੀ ਰਾਤ ਸੌਣ ਤੋਂ ਪਹਿਲਾਂ ਹੀ ਕਰਨੀ ਹੈ।" ਬਬਲੀ ਭੈਣ ਜੀ ਨੇ ਸਿਰਜੇ ਮਾਹੌਲ ਦੀ ਤਮਾਮ ਜਾਣਕਾਰੀ ਸਾਂਝੀ ਕਰਦਿਆਂ ਕਿਹਾ। "ਬਬਲੀ" ਮੇਰੀ ਇਕਲੌਤੀ ਵੱਡੀ ਭੈਣ ਜੀ ਦਾ ਪ੍ਰੀਵਾਰਕ "ਲਾਡ" ਦਾ ਨਾਮ ਹੈ।

"ਓਹ….!! ਮੈਨੂੰ ਤੇ ਲੱਗਦਾ ਮੁੱਦਤਾਂ ਹੀ ਹੋ ਗਈਆਂ ਹਨ ਇਹਨਾਂ ਰੀਤੀ-ਰਿਵਾਜਾਂ, ਤਿਉਹਾਰਾਂ ਨੂੰ ਇੰਨੇ ਉਤਸ਼ਾਹ ਨਾਲ ਮਨਾਏ ਹੋਏ! ਬੱਸ "ਵਰਕ ਇੱਜ਼ ਵਰਸ਼ਿਪ" ਹੀ ਪੱਲੇ ਰਹਿ ਗਿਆ ਮੇਰੇ ਲਈ ਤੇ ਲੰਡਨ ਦੀ ਧਰਤੀ 'ਤੇ।" ਮੈਂ ਆਪਣੀ ਮਸਰੂਫ਼ ਜ਼ਿੰਦਗੀ ਦਾ ਤਾਣਾ-ਬਾਣਾ ਫ਼ਰੋਲਿਆ।

"ਚੱਲ! ਫੇਰ ਤੇ ਤੈਨੂੰ ਵੀ ਮੈਂ ਨੌਂ ਦਿਨ ਪੂਰਾ ਸ਼ਾਮਲ਼ ਰੱਖਾਂਗੀ, ਜ਼ਰਾ ਜਲਦੀ ਉਠਣਾ ਪੈਣਾਂ ਸਵੇਰੇ।" ਇਤਨਾ ਆਖ ਕੇ ਭੈਣ ਜੀ ਸ਼ਰਾਰਤ ਨਾਲ ਹੱਸ ਪਏ, ਕਿਉਂਕਿ ਭਾਰਤ ਆ ਕੇ ਅਸੀਂ ਇੱਕੋ ਐਲਾਨ ਕਰ ਦਿੰਦੇ ਹਾਂ ਕਿ ਸਾਨੂੰ ਸਵੇਰੇ ਜਲਦੀ ਨਾ ਉਠਾਇਓ! ਅਸੀ ਲੰਡਨ ਵਿੱਚ ਸਦਾ ਹੀ ਸਵੇਰੇ ਉਠ ਅਣੀਂਦਰੇ ਹੀ ਕੰਮਾਂ 'ਤੇ ਤੁਰ ਪੈਂਦੇ ਹਾਂ, ਹੁਣ ਨੀਂਦ ਪੂਰੀ ਕਰਨੀ ਹੈ।

"ਕਿਉਂ ਨਹੀਂ ਭੈਣ ਜੀ? ਕਿੰਨੇ ਅਰਸੇ ਬਾਅਦ ਤਾਂ ਮੈਨੂੰ ਮੌਕਾ ਮਿਲਿਆ ਹੈ ਆਹ ਸਭ ਤਿਉਹਾਰ ਮੁੜ ਵੇਖਣ ਦਾ।" ਮੈਂ ਇਤਨਾ ਆਖ ਆਪਣੀਆਂ ਯਾਦਾਂ ਵਿੱਚ "ਓਸ ਭਾਰਤ" ਨੂੰ ਖੋਜਣ ਲੱਗ ਪਈ ਜਿਸ ਭਾਰਤ ਨੂੰ ਮੈਂ ਕਈ ਵਰ੍ਹੇ ਪਹਿਲਾਂ ਛੱਡ ਕੇ ਸੱਤ ਸਮੁੰਦਰੋਂ ਪਾਰ ਦੀ ਧਰਤੀ 'ਤੇ ਗਈ ਸੀ। ਜਦੋਂ ਦਾ ਭਾਰਤ ਛੱਡਿਆ ਹੈ, ਕੱਤੇ ਦੇ ਮਹੀਨੇ ਸ਼ਾਇਦ ਮੈਂ ਪਹਿਲੀ ਵਾਰ ਆਈ ਸਾਂ। ਓਦੋਂ ਤੋਂ ਲੈ ਕੇ ਹੁਣ ਤੱਕ ਦੇ ਮਾਹੌਲ ਵਿੱਚ ਬਹੁਤ ਅੰਤਰ ਆ ਗਿਆ ਹੈ। ਲੋਕਾਂ ਦਾ ਖਾਣਾਂ ਬਹੁਤ ਵੰਨਗੀਆਂ ਵਾਲਾ ਅਤੇ ਬਾਣਾਂ ਬਹੁਤ ਡਿਜਾਈਨਾਂ ਵਾਲਾ ਹੋ ਗਿਆ ਹੈ। ਖਾਣੇਂ ਅਤੇ ਬਾਣੇਂ ਵਿੱਚ ਸਾਦਗੀ ਘਟ ਗਈ ਹੈ, ਤੜਕ-ਭੜ੍ਹਕ ਘੁੱਸ-ਪੈਂਠ ਕਰ ਗਈ ਹੈ। ਜਦ ਵੀ ਮੈਂ ਭਾਰਤ ਆਉਂਦੀ ਹਾਂ, ਭੈਣ ਜੀ ਮੇਰੇ ਕੋਲ ਹੀ ਸੌਂਦੇ ਹਨ, ਦੇਰ ਰਾਤ ਤੱਕ ਅਸੀਂ ਪੁਰਾਣੀਆਂ ਅਤੇ ਨਵੀਆਂ ਘਰ ਪਰਿਵਾਰ ਦੀਆਂ ਗੱਲਾਂ ਅਤੇ ਯਾਦਾਂ ਦੇ ਖੂਹ ਗੇੜ ਲੈਂਦੇ ਹਾਂ। ਕਿਉਂਕਿ ਅੱਜ ਪੂਜਾ ਦਾ ਮਾਹੌਲ ਦੇਖਿਆ ਸੀ, ਇਸ ਲਈ ਲੰਮਾ ਪਏ ਮੈਂ ਬਚਪਨ ਦਾ ਜ਼ਿਕਰ ਛੇੜ ਲਿਆ।

"ਤੁਹਾਨੂੰ ਯਾਦ ਹੈ ਭੈਣ ਜੀ ਮਾਂ ਦੱਸਦੀ ਹੁੰਦੀ ਹੈ ਕਿ ਤੁਸੀ ਮੈਨੂੰ ਰੱਬ ਕੋਲੋਂ "ਮੰਗ ਕੇ" ਲਿਆ ਸੀ, ਅੱਜ ਓਹੀ ਵਾਕਿਆ ਸੁਣਾ ਦਿਓ!" ਮੈਨੂੰ ਯਾਦ ਆ ਗਿਆ ਕਿ ਮਾਂ ਦਾ ਕਈ ਵਾਰ ਮੈਨੂੰ ਮੇਰੀ ਕਿਸੇ ਜ਼ਿਦ 'ਤੇ ਝਿੜਕ ਕੇ ਕਹਿਣਾ ਕਿ ਮੇਰੀ ਦੋ ਪੁੱਤਰ ਤੇ ਇੱਕ ਧੀ ਤੋਂ ਬਾਅਦ ਹੋਰ ਸੰਤਾਨ ਦੀ ਕੋਈ ਇੱਛਾ ਨਹੀਂ ਸੀ, ਤੂੰ ਤਾਂ "ਬਬਲੀ" ਦੀਆਂ ਅਰਦਾਸਾਂ ਕਰਕੇ ਆਈ ਹੈਂ ਮੇਰੇ ਘਰ….। ਔਲਾਦ ਕਦੇ ਵੀ ਮਾਂ ਪਿਉ ਵਾਸਤੇ ਬਹੁਤੀ ਜਾਂ ਵਾਧੂ ਨਹੀਂ ਹੁੰਦੀ, ਮੈਂ ਸਭ ਤੋਂ ਛੋਟੀ ਹੋਣ ਕਰਕੇ ਜ਼ਿਆਦਾ ਲਾਡਲੀ ਰਹੀ ਹਾਂ, ਪਰ ਛੋਟੀ ਹੋਣ ਦਾ ਇੱਕ ਨੁਕਸਾਨ ਹੋਰ ਵੀ ਸੀ ਕਿ ਭੈਣ ਜੀ ਦੀ ਕੋਈ ਵੀ ਚੀਜ਼ ਕੁਝ ਚਿਰ ਬਾਅਦ ਮੈਨੂੰ ਦੇ ਦਿੱਤੀ ਜਾਂਦੀ ਸੀ ਕਿ ਹੁਣ ਛੋਟੀ ਹੋ ਗਈ ਹੈ, ਨਿੱਕੀ ਦੇ ਕੰਮ ਆ ਜਾਉਗੀ। ਭੈਣ ਜੀ ਦੇ ਵਿਆਹ ਤੋਂ ਬਾਦ ਮੈਨੂੰ ਓਹਨਾਂ ਦੀ ਅਲਮਾਰੀ, ਕੱਪੜੇ ਅਤੇ ਸਾਇਕਲ ਮਿਲ ਗਿਆ ਸੀ। ਮੈਂ ਭੈਣ ਜੀ ਦੀ ਹਰ ਚੀਜ਼ ਨੂੰ ਬਹੁਤ ਸੌਂਕ ਨਾਲ ਅਪਨਾਉਂਦੀ ਸੀ। ਪਰ ਸ਼ਾਇਦ ਜ਼ਮਾਨਾ ਬਦਲਣ ਦੇ ਕਾਰਨ ਅੱਜ ਦੇ ਬੱਚੇ ਇੰਨਾਂ ਹੌਸਲਾ ਸ਼ਾਇਦ ਨਹੀਂ ਕਰ ਸਕਣਗੇ, ਇਹਨਾਂ ਨੂੰ ਸਭ ਕੁਝ ਨਵਾਂ ਤੇ ਬਰਾਬਰ ਦਾ ਚਾਹੀਦਾ ਹੁੰਦਾ ਹੈ, ਮੇਰੇ ਮਨ ਵਿੱਚ ਇੰਜ ਹੀ ਖਿਆਲ ਆ ਗਿਆ ਸੀ। ਬੈੱਡ 'ਤੇ ਪੈਂਦਿਆਂ ਹੀ ਮੈਨੂੰ ਯਾਦ ਆ ਗਿਆ ਕਿ ਭੈਣ ਜੀ ਦੇ ਵਿਆਹ ਤੱਕ ਮੈਂ ਉਹਨਾਂ ਕੋਲ ਹੀ ਸੌਂਦੀ ਸੀ। ਮੈਨੂੰ ਮੇਰੀ ਮਾਂ ਨੇ ਜਨਮ ਦਿੱਤਾ, ਪਰ ਮੈਂ ਭੈਣ ਜੀ ਦੀ ਅਰਦਾਸ ਕਰਕੇ ਅੱਜ ਭੈਣ ਦੀ ਬੁੱਕਲ ਵਿੱਚ ਹਾਂ।

"ਚਲੋ ਦੱਸੋ ਕਿਵੇਂ ਮੰਗਿਆ ਸੀ ਮੈਨੂੰ ਬਾਬਾ ਜੀ ਕੋਲੋਂ?" ਮੈਂ ਆਪਣਾ ਸਿਰ ਸਿਰਹਾਣੇ 'ਤੇ ਟਿਕਾਉਦੇ ਹੋਏ ਭੈਣ ਜੀ ਵੱਲ ਮੂੰਹ ਘੁੰਮਾ ਲਿਆ। ਭੈਣ ਜੀ ਨੇ ਮੇਰੇ ਸਿਰ 'ਤੇ ਪਿਆਰ ਨਾਲ ਹੱਥ ਫ਼ੇਰਿਆ ਤੇ ਦੱਸਣਾਂ ਸ਼ੁਰੂ ਕੀਤਾ, "ਮੈਨੂੰ ਆਹ ਅਰਦਾਸ ਤੇ ਅੱਜ ਤੱਕ ਯਾਦ ਹੈ….. ਹੇ ਰੱਬ ਜੀ!!! ਮੈਨੂੰ ਵੀ ਇੱਕ ਭੈਣ ਬਖਸ਼ ਦਿਓ, ਮੈਂ ਵੀ "ਵੀਰੋ ਅਤੇ ਭੋਲੀ" ਨੂੰ ਕੁੱਟ ਕੇ ਭਜਾ ਦਿਆ ਕਰੂੰਗੀ, ਬੜਾ ਤੰਗ ਕਰਦੀਆਂ ਨੇ!" ਬਬਲੀ ਭੈਣ ਜੀ ਠੰਢੇ ਜਿਹੇ ਸਾਹ ਲੈ ਕੇ ਅਤੀਤ ਦਾ ਬੂਹਾ ਖੋਲ੍ਹਣ ਲੱਗ ਪਏ।

ਵੀਰੋ ਅਤੇ ਭੋਲੀ ਸਾਡੇ ਗੁਆਂਢ 'ਚ ਦੋ ਬੱਚੀਆਂ ਸਾਡੇ ਬਚਪਨ ਦੇ ਸਮੇਂ ਰਹਿੰਦੀਆਂ ਸਨ। ਭੈਣ ਜੀ ਉਹਨਾਂ ਨਾਲ ਖੇਡਣ ਜਾਂਦੇ ਸੀ। ਪਰ ਜ਼ਿਆਦਾਤਰ ਉਹ ਦੋਵੇਂ ਭੈਣਾਂ ਏਕਾ ਕਰ ਭੈਣ ਜੀ 'ਤੇ ਭਾਰੂ ਹੋ ਜਾਂਦੀਆਂ ਅਤੇ ਰੁਆ ਕੇ ਭੈਣ ਜੀ ਨੂੰ ਭਜਾ ਦਿੰਦੀਆਂ ਸਨ। ਆਪਣੀ ਇਸ ਜਿੱਤ 'ਤੇ ਮੂੰਹ ਬਣਾ-ਬਣਾ ਕੇ ਚਿੜਾਉਂਦੀਆ ਵੀ ਸਨ। ਇਸੀ ਖੁੰਧਕ ਵਿੱਚ ਇੱਕ ਦਿਨ ਭੈਣ ਜੀ ਮਾਂ ਕੋਲ ਰੋਂਦੂ ਜਿਹਾ ਮੂੰਹ ਲੈ ਕੇ ਬੈਠ ਗਈ ਅਤੇ ਪੁੱਛਣ ਲੱਗ ਪਈ, "ਮਾਂ, ਤੁਸੀ ਮੈਨੂੰ ਕਿੱਥੋਂ ਲਿਆ ਹੈ?"

"ਰੱਬ ਕੋਲੋ! ਬਾਬਾ ਜੀ ਕੋਲੋਂ ਅਰਦਾਸ ਕਰਕੇ!!" ਮਾਂ ਨੇ ਆਮ ਜਿਹਾ ਰਵਾਇਤੀ ਜਵਾਬ ਦਿੱਤਾ।
"ਰੱਬ, ਸਭ ਕੁਝ ਦੇ ਦਿੰਦਾ ਹੈ ਕੀ?" ਭੋਲੇ ਜਿਹੇ ਸਵਾਲ ਨਾਲ ਭੈਣ ਜੀ ਦੀ ਅੱਖਾਂ ਵਿੱਚ ਚਮਕ ਆ ਗਈ।

"ਹਾਂ! ਤੈਨੂੰ ਵੀ ਤੇ ਰੱਬ ਕੋਲੋਂ ਲਿਆ ਹੈ, ਮੈਂ ਕਿਹਾ ਬਾਬਾ ਜੀ ਮੈਨੂੰ ਇੱਕ ਪਿਆਰੀ ਜਿਹੀ ਧੀ ਰਾਣੀ ਦੇ ਦਿਓ, ਤੇ ਰੱਬ ਨੇ ਤੈਨੂੰ ਮੇਰੇ ਘਰ ਭੇਜ ਦਿੱਤਾ!" ਮਾਂ ਨੇ ਲਾਡ ਨਾਲ ਭੈਣ ਜੀ ਨੂੰ ਕਿਹਾ ਅਤੇ ਜੱਫ਼ੀ ਵਿੱਚ ਲੈ ਲਿਆ। ਨਿਆਣੀ ਉਮਰ ਵਿੱਚ ਇਸ ਗੱਲ ਨੇ ਭੈਣ ਜੀ ਦੇ ਮਨ ਉਪਰ ਬਹੁਤ ਅਸਰ ਕੀਤਾ। ਮਾਂ ਦੀ ਗੱਲ 'ਤੇ ਯਕੀਨ ਕਰ ਰੱਬ ਕੋਲੋਂ ਇੱਕ ਭੈਣ ਮੰਗਣ ਲਈ ਆਪਣੇ ਛੋਟੇ-ਛੋਟੇ ਹੱਥਾਂ ਨੂੰ ਜੋੜ ਕੇ ਮਾਸੂਮ ਜਿਹੇ ਮੁੱਖ ਨਾਲ "ਰੱਬ ਜੀ" ਨੂੰ ਅਰਦਾਸ ਕਰਨ ਲੱਗੀ। ਉਚੀ-ਉਚੀ ਬੋਲ ਕੇ, "ਬਾਬਾ ਜੀ, ਮੈਨੂੰ ਵੀ ਇੱਕ ਭੈਣ ਦੇ ਦਿਓ! ਫੇਰ ਮੈਂ ਵੀ ਜਿੱਤ ਜਾਇਆ ਕਰੂੰਗੀ ਵੀਰੋ ਅਤੇ ਭੋਲੀ ਤੋਂ।"

ਮਾਂ, ਕੋਲ ਬੈਠੀ ਸਭ ਸੁਣ ਰਹੀ ਸੀ ਅਤੇ ਬਚਪਨੇ ਦੀਆਂ ਗੱਲਾਂ 'ਤੇ ਮੁਸਕੁਰਾ ਰਹੀ ਸੀ। ਭੈਣ ਜੀ ਫੇਰ ਮਾਂ ਕੋਲ ਆ ਕੇ ਬੋਲੀ, "ਮਾਂ, ਹੁਣ ਮੈਂ ਵੀ ਇੱਕ ਹੋਰ ਭੈਣ ਰੱਬ ਜੀ ਕੋਲੋਂ ਮੰਗ ਲਈ ਹੈ, ਹੁਣ ਮਜ਼ਾ ਚਖਾਊਂਗੀ ਭੋਲੀ ਅਤੇ ਵੀਰੋ ਦੀਆਂ ਬੱਚੀਆਂ ਨੂੰ!" ਮਾਂ ਬਚਪਨ ਦੀ ਮਾਸੂਮੀਅਤ ਨੂੰ ਦੇਖ ਕੇ ਗਦ-ਗਦ ਹੋ ਗਈ। ਪਰ ਬੋਲੀ ਕੁਝ ਨਹੀਂ ਕਿਉਂਕਿ ਹੋਰ ਬੱਚੇ ਦੀ ਉਹਨਾਂ ਨੂੰ ਚਾਹਤ ਨਹੀਂ ਸੀ। ਅਗਲੇ ਮਹੀਨੇ ਪਾਪਾ ਜੀ ਨੇ "ਨਸਬੰਦੀ ਪਲਾਨ" ਵਿੱਚ ਆਪਣਾ ਨਾਮ ਪਹਿਲਾਂ ਹੀ ਲਿਖਾ ਦਿੱਤਾ ਸੀ।
 
ਅਸੀਂ ਬਹੁਤ ਵਾਰ "ਅਰਦਾਸ" ਦੀ ਤਾਕਤ ਦੇ ਕਰਿਸ਼ਮੇਂ ਸੁਣੇ ਸੀ। ਮੇਰਾ ਜਨਮ ਵੀ ਕੁਝ ਹੱਦ ਤੱਕ ਭੈਣ ਜੀ ਵੱਲੋਂ ਕੀਤੀ ਅਰਦਾਸ ਦੀ ਹੀ ਦੇਣ ਸੀ। ਮੈਂ ਸਦਾ ਹੀ ਭੈਣ ਜੀ ਦੀ ਰਿਣੀ ਹਾਂ ਕਿ ਉਹਨਾਂ ਦੀ ਮਾਸੂਮ ਅਰਦਾਸ 'ਤੇ ਰੱਬ ਨੇ ਤਰਸ ਕਰ ਮੈਨੂੰ ਇਤਨੇ ਯੋਗ ਮਾਪੇ, ਦੋ ਪਿਆਰੇ ਭਰਾ, ਦੇਵੀ ਵਰਗੀ ਭੈਣ ਅਤੇ ਬਹੁਤ ਅਮੀਰੀ ਵਾਲਾ ਬਚਪਨ ਦਿੱਤਾ। ਭੈਣ ਜੀ ਨੇ ਜਦ ਵੀ ਮੈਨੂੰ ਉਪਰੋਕਤ ਵਾਕਿਆ ਸੁਣਾਇਆ ਮੈਂ ਹਮੇਸ਼ਾ ਭਾਵੁਕ ਹੋ ਜਾਂਦੀ। ਮੈਂ ਭੈਣ ਜੀ ਦਾ ਹੱਥ ਫੜ ਕੇ ਚੁੰਮ ਲਿਆ, ਜਿਵੇਂ ਧੰਨਵਾਦ ਲਈ ਸ਼ਬਦ ਲੱਭ ਰਹੀ ਹੋਵਾਂ। ਮਾਹੌਲ ਜਿਵੇਂ ਦੋ ਭੈਣਾਂ ਦੇ ਪਿਆਰ ਨਾਲ ਲਬਾ-ਲਬ ਭਰ ਗਿਆ ਸੀ। ਸਨੇਹ ਦੀ ਮਦਹੋਸ਼ੀ ਵਿੱਚ ਹੌਲੀ-ਹੌਲੀ ਅੱਖਾਂ ਬੰਦ ਹੋਣ ਲੱਗ ਪਈਆਂ ਅਤੇ ਓਦੋਂ ਹੀ ਸੁਰਤ ਮੁੜੀ ਜਦ ਸਵੇਰੇ ਅੰਮ੍ਰਿਤ ਵੇਲੇ ਚਾਰ ਵਜੇ ਭੈਣ ਜੀ ਕੋਲੋਂ ਉਠ ਕੇ ਨਹਾਉਣ ਲਈ ਚਲੇ ਗਏ।
 
"ਬੇਬੂ….!" ਭੈਣ ਜੀ ਮੈਨੂੰ ਇਸ ਨਾਮ ਨਾਲ ਹੀ ਬੁਲਾਉਂਦੇ ਨੇ, "ਬੇਬੂ ਉਠ! ਮੈਂ ਨਹਾ ਲਈ ਹੁਣ ਤੁੰ ਨਹਾ ਤੇ ਆਪਾਂ ਪੂਜਾ ਦੀ ਤਿਆਰੀ ਕਰੀਏ!" ਆਖਦੇ ਹੋਏ ਭੈਣ ਜੀ ਨੇ ਮੇਰੀ ਚਾਦਰ ਹਿਲਾਈ ਅਤੇ ਪੂਜਾ ਦੀ ਤਿਆਰੀ ਲਈ ਚਲੇ ਗਏ। ਮੇਰੇ ਲਈ ਔਖਾ ਹੋ ਰਿਹਾ ਸੀ ਇੰਨੀ ਸਵੇਰੇ ਉਠਣਾ। ਮੈਂ ਪਾਸਾ ਜਿਹਾ ਮਾਰ ਸੋਚਣ ਲੱਗ ਪਈ ਕਿ ਅਸੀਂ ਵਿਦੇਸ਼ਾਂ ਵਿੱਚ ਇਸ ਲਈ ਜਲਦੀ ਉਠਦੇ ਹਾਂ ਕਿ ਕੰਮਾਂ ਕਾਰਾਂ 'ਤੇ ਸਮੇਂ ਸਿਰ ਪਹੁੰਚ ਸਕੀਏ। ਪਰ ਇੱਥੇ ਆ ਸਾਰੇ ਲੋਕ ਚਾਹੇ ਸਾਰਾ ਦਿਨ ਘਰ ਹੀ ਰਹਿੰਦੇ ਹਨ, ਪਰ ਪੂਜਾ ਪਾਠ ਅਤੇ ਨਿੱਤਨੇਮ  ਕਰਨ ਵਾਸਤੇ ਇਤਨੀ ਜਲਦੀ ਉਠ ਜਾਂਦੇ ਹਨ। ਪਤਾ ਨਹੀ "ਕਰਮ ਹੀ ਪੂਜਾ ਹੈ ਜਾਂ ਪੂਜਾ ਹੀ ਰੱਬ ਹੈ" ਆਹੀ ਵਿਚਾਰਦੀ ਮੈਂ ਉਠ ਬੈਠੀ ਅਤੇ ਨਹਾ ਕੇ ਆਪਣੀ ਹਾਜ਼ਰੀ ਪੂਜਾ ਵਿੱਚ ਲਾਉਣ ਲਈ ਭੈਣ ਜੀ ਕੋਲ ਆ ਗਈ।

"ਤੂੰ ਸਜਾਵਟ ਕਰ ਲੈ, ਤੇ ਮੈਂ ਪੂਜਾ ਸਥਾਨ ਦੀ ਸਫ਼ਾਈ ਕਰ ਲੈਂਦੀ ਹਾਂ।" ਮੈਨੂੰ ਫੁੱਲਾਂ ਦੀਆਂ ਮਾਲਾਵਾਂ ਦੇ ਕੇ ਭੈਣ ਜੀ ਬੋਲੇ। ਥੋੜ੍ਹੀ ਦੇਰ ਬਾਅਦ ਨਵਰਾਤਰੇ ਦੀ ਪੂਜਾ ਅਤੇ ਆਰਤੀ ਦਾ ਕੰਮ ਪੂਰਾ ਕਰ ਕੇ ਭੈਣ ਜੀ ਨੇ ਮੈਨੂੰ ਨਾਸ਼ਤਾ ਦਿੱਤਾ। ਨਾਸ਼ਤਾ ਕਰਦੇ ਹੋਏ ਮੈਂ ਉਹਨਾਂ ਨੂੰ ਨਾਸ਼ਤੇ ਦੀ ਸੁਲਾਹ ਮਾਰੀ, "ਤੁਸੀਂ ਨੀ ਨਾਸ਼ਤਾ ਕਰਨਾ?"
"ਨਹੀਂ, ਮੇਰਾ ਵਰਤ ਹੈ ਤੇ ਨੌਂ ਦਿਨ ਮੈਂ ਦਿਨੇ ਕੁਝ ਨਹੀਂ ਖਾਣਾ! ਸ਼ਾਮ ਨੂੰ "ਵਰਤ ਵਾਲਾ ਖਾਣਾਂ" ਖਾਊਂਗੀ ਤੂੰ ਵੀ ਸ਼ਾਮੀ ਮੇਰੇ ਨਾਲ ਵਰਤ ਵਾਲਾ ਖਾਣਾਂ ਖਾਈਂ।" ਭੈਣ ਜੀ ਨੇ ਆਪਣੀ ਆਸਥਾ ਦਰਸਾਉਂਦੇ ਹੋਏ ਕਿਹਾ।

ਇਹ ਤਾਂ ਸੋਨੇ 'ਤੇ ਸੁਹਾਗਾ ਸੀ ਮੇਰੇ ਲਈ! ਮੈਂ ਸਾਰਾ ਦਿਨ ਭਾਂਤ-ਸੁਭਾਂਤੀਆਂ ਵਸਤਾਂ ਖਾਣੀਆਂ ਤੇ ਸ਼ਾਮੀ ਸ਼ਪੈਸ਼ਲ ਵਰਤ ਦਾ ਖਾਣਾ ਵੀ ਮਿਲੇਗਾ! ਸਵੇਰੇ ਦਸ ਕੁ ਵਜੇ ਅਸੀਂ ਮੰਦਰ ਚਲੇ ਗਏ, ਕਿਉਂਕਿ ਨਵਰਾਤਰੇ ਦੇ ਦਿਨਾਂ ਵਿੱਚ ਮੰਦਰ ਵਿੱਚ ਬਹੁਤ ਰੌਣਕ ਅਤੇ ਚਹਿਲ-ਪਹਿਲ ਰਹਿੰਦੀ ਹੈ। ਮੰਦਰ ਦੇ ਬਾਹਰ ਹੱਥਾਂ ਵਿੱਚ ਬਾਟੇ ਲਈ ਬੱਚੇ ਲਾਈਨ ਬਣਾਈ ਬੈਠੇ ਸੀ। ਧਾਰਮਿਕ ਦਾਨੀ ਲੋਕਾਂ ਦੇ ਖਾਣੇ ਦੀ ਆਸ ਲਾਈ। ਮੰਦਰ ਭਾਂਤ-ਭਾਂਤ ਦੀਆਂ ਬੱਤੀਆਂ ਨਾਲ ਸਜ਼ਾਇਆ ਹੋਇਆ ਸੀ। ਜੋਰ-ਜੋਰ ਦੀ ਭਜਨ ਗਾਏ ਜਾ ਰਹੇ ਸੀ। ਕੀਮਤੀ ਕੱਪੜੇ ਅਤੇ ਗਹਿਣਿਆਂ ਨਾਲ ਸੱਜੀਆਂ ਬੀਬੀਆਂ ਦੀਆਂ ਥਾਲੀਆਂ ਵੀ ਪਕਵਾਨਾਂ ਨਾਲ ਭਰੀਆਂ, ਖੂਬ ਸਜ ਰਹੀਆਂ ਸਨ। ਪੰਡਤ ਜੀ ਸਜ-ਧਜ ਵੇਖ ਕੇ ਥਾਲੀ ਨੂੰ ਫੜਦੇ ਅਤੇ ਨਾਲ ਦੀ ਨਾਲ ਭੋਗ ਲੁਆ ਰਹੇ ਸਨ। ਮੈਂ ਸਾਰੇ ਨਜ਼ਾਰੇ ਨੂੰ ਬਹੁਤ ਧਿਆਨ ਨਾਲ ਵੇਖ ਰਹੀ ਸੀ। ਭਜਨ ਤੋਂ ਧਿਆਨ ਹਟਾ ਕੇ ਮੈਂ ਆਪਣੀ ਗਰਦਣ ਘੁੰਮਾ ਮੰਦਰ ਦੀ ਸਜਾਵਟ ਦੇਖਣ ਲੱਗ ਪਈ। ਮਾਤਾ ਰਾਣੀ ਦੇ ਗਹਿਣੇਂ, ਵਸਤਰ, ਚਾਂਦੀ ਦਾ ਛਤਰ, ਫੁੱਲਾਂ ਅਤੇ ਬਿਜਲੀ ਦੀਆਂ ਸੁੰਦਰ ਲੜੀਆਂ, ਕਾਫ਼ੀ ਪੈਸਾ ਲਾਇਆ ਦਿਸ ਰਿਹਾ ਸੀ। ਭੈਣ ਜੀ ਨੇ ਥਾਲੀ ਦੇ ਪਕਵਾਨ ਪੰਡਤ ਜੀ ਨੂੰ ਭੋਗ ਲਾਉਣ ਲਈ ਦਿੱਤੇ ਅਤੇ ਮੈਂ ਵੀ ਪ੍ਰਸ਼ਾਦ ਲਿਆ ਤੇ ਭੈਣ ਜੀ ਨਾਲ ਘਰ ਵਾਪਸ ਤੁਰ ਪਈ। ਇੱਕ-ਇੱਕ ਦਿਨ ਕਰਕੇ ਨਵਰਾਤਰੇ ਦੀ ਪੂਜਾ ਸੰਪੂਰਤਾ ਵੱਲ ਵਧ ਰਹੀ ਸੀ। ਹਰ ਰੋਜ਼ ਚਹਿਲ-ਪਹਿਲ ਵਧ ਰਹੀ ਸੀ ਕਿ ਅੱਜ ਕਿੰਨ੍ਹਵਾਂ ਨਵਰਾਤਰਾ ਹੈ, ਤੇ ਕੱਲ੍ਹ ਕਿੰਨ੍ਹਵਾਂ?

…..ਅੱਜ ਅਸ਼ਟਮੀ ਸੀ। ਨਵਰਾਤਿਆਂ ਦੇ ਅੱਠਵੇਂ ਦਿਨ ਨੂੰ "ਅਸ਼ਟਮੀ" ਆਖਦੇ ਹਨ। ਇਸ ਦਿਨ ਪੂਜਾ ਦੇ ਨਾਲ ਜਾਗਰਣ ਦੀ ਵੀ ਖੇਚਲ ਵਧ ਜਾਂਦੀ ਹੈ। ਰਾਤ ਦੇਰ ਤੱਕ ਜੋਰ-ਸ਼ੋਰ ਨਾਲ ਮਾਤਾ ਦੀਆਂ ਭੇਟਾਂ ਗਾਈਆਂ ਜਾਣੀਆਂ ਸਨ। ਨਾਲ ਨਾਚ-ਗਾਇਨ ਅਤੇ ਭਜਨ ਬੰਦਗੀ ਵੀ ਹੋਣੀ ਸੀ। ਮੈਂ ਵੀ ਮੰਦਰ ਦੇ ਜਾਗਰਣ 'ਤੇ ਗਈ। ਉਥੇ ਤਕਰੀਬਨ ਪੰਜਾਬੀ ਅਤੇ ਹਿੰਦੂ ਸੰਗਤਾਂ ਸਨ। ਜਾਗਰਣ ਦੀ ਸਮਾਪਤੀ ਤੋਂ ਬਾਅਦ ਭੰਡਾਰਾ ਵਰਤਾਇਆ ਗਿਆ। ਪ੍ਰਸ਼ਾਦ ਦੇ ਰੂਪ ਵਿੱਚ ਬਹੁਤ ਕੁਝ ਵੰਨ-ਸੁਵੰਨਾਂ! ਫ਼ਲ, ਮੇਵੇ ਅਤੇ ਪਕਵਾਨਾਂ ਦੀ ਜਿਵੇਂ ਬਰਖਾ ਹੋ ਰਹੀ ਸੀ। ਸ਼ਾਇਦ ਆਸਤਿਕ ਲੋਕਾਂ ਵਿੱਚ ਚੜ੍ਹਾਵੇ ਦੀ ਹੋੜ ਲੱਗੀ ਸੀ। ਭੈਣ ਜੀ ਦਾ ਉਤਸਾਹ ਵੀ ਚਰਮ-ਸੀਮਾਂ 'ਤੇ ਸੀ, ਕਿਉਂਕਿ ਕੱਲ੍ਹ "ਨੌਂਮੀਂ" ਸੀ। ਯਾਨੀ ਨੌਂਵਾਂ ਦਿਨ! ਸਵੇਰੇ "ਕੰਜਕਾ" ਦੀ ਪੂਜਾ ਹੋਣੀ ਸੀ ਅਤੇ ਫ਼ੇਰ ਨਵਰਾਤਰਿਆਂ ਦੀ ਸਮਾਪਤੀ ਹੋ ਜਾਣੀ ਸੀ।

"ਨੌਂਮੀਂ ਕਰ ਕੇ ਕੱਲ੍ਹ ਸਵੇਰੇ ਕੰਮ ਜ਼ਿਆਦਾ ਹੋਣਾ! ਕੰਜਕਾਂ ਪੂਜਣੀਆਂ ਨੇ!  ਤੂੰ ਵੀ ਕੰਜਕ-ਪੂਜਾ ਕਰ ਲਈਂ ਮੇਰੇ ਨਾਲ!" ਭੈਣ ਜੀ ਨੇ ਨੌਂਵੇਂ ਦਿਨ ਦੀ ਮਹੱਤਤਾ ਵਿਖਾਂਦਿਆਂ ਕਿਹਾ।
"ਖਾਸ ਕਿਉਂ ਹੈ ਨੌਂਮੀਂ ਦਾ ਦਿਨ? ਕੀ ਹੁੰਦਾ ਹੈ ਨੌਂਮੀਂ ਨੂੰ?" ਹਾਲਾਂਕਿ ਮੈਨੂੰ ਕੁਝ-ਕੁਝ ਪਤਾ ਸੀ। ਭੈਣ ਜੀ ਕੋਲੋਂ ਕੁਝ ਹੋਰ ਨਵਾਂ ਸੁਣਨ ਲਈ ਮੈਂ ਪੁੱਛਿਆ।

"ਛੋਟੀਆਂ-ਛੋਟੀਆਂ ਬੱਚੀਆਂ ਦੀ ਪੂਜਾ ਦੇਵੀ ਰੂਪ ਮੰਨ ਕੇ ਕੀਤੀ ਜਾਂਦੀ ਹੈ, ਤੇ ਆਸਥਾ ਕਰ ਕੇ ਮੰਨਿਆਂ ਜਾਂਦਾ ਹੈ ਕਿ ਦੇਵੀ ਮਾਤਾ ਖੁਦ ਕੰਨਿਆ ਰੂਪ 'ਚ ਘਰ ਚਰਨ ਪਾਉਣ ਆਈ ਹੈ, ਤੂੰ ਵੀ ਅਸ਼ੀਰਵਾਦ ਲੈਣਾਂ ਹੈ ਉਨ੍ਹਾਂ ਤੋਂ, ਚੰਗਾ?" ਭੈਣ ਜੀ ਨੇ ਨਾਲ ਹੀ ਫੁਰਮਾਣ ਕੀਤਾ।

ਅਗਲੇ ਦਿਨ ਸਵੇਰੇ ਸਾਰੇ ਪਰਿਵਾਰ ਨੂੰ ਜਲਦੀ ਉਠਾ ਦਿੱਤਾ ਗਿਆ। ਲੰਮੀ ਪੂਜਾ ਚੱਲੀ। ਨਾਲ ਹੀ ਰਸੋਈ ਵਿੱਚ ਭਾਂਡੇ ਖੜਕਣ ਲੱਗ ਪਏ। ਪ੍ਰਸ਼ਾਦ ਅਤੇ ਭੋਗ ਦਾ ਇੰਤਜ਼ਾਮ ਹੋ ਰਿਹਾ ਸੀ।

"ਬੇਬੂ, ਲੱਗਭੱਗ ਸਾਰਾ ਕੰਮ ਨਿੱਬੜ ਗਿਆ ਹੈ, ਤੂੰ ਕੁਝ ਪੂੜੀਆਂ ਵੇਲ ਕੇ ਤਲਣੀਆਂ ਸੁਰੂ ਕਰ, ਮੈਂ ਜ਼ਰਾ ਮੰਦਰ ਦੇ ਬਾਹਰੋਂ "ਕੰਜਕਾਂ" ਬੁਲਾ ਲਿਆਵਾਂ, ਪੂਜਣ ਲਈ!" ਆਖ ਕੇ ਭੈਣ ਜੀ ਬਾਹਰ ਨੂੰ ਕਾਹਲੀ ਨਾਲ ਤੁਰ ਗਏ। ਮੰਦਰ ਦੇ ਬਾਹਰ ਜਿਵੇਂ ਪੂਜਣ ਦੇ ਇੰਤਜ਼ਾਰ ਵਿੱਚ ਬੈਠੀਆਂ ਬੱਚੀਆਂ  ਦਾ "ਕੋਟਾ" ਕਿਤੇ ਖ਼ਤਮ ਨਾ ਹੋ ਜਾਵੇ। ਕੁਝ ਦੇਰ ਬਾਦ ਭੈਣ ਜੀ ਕਰੀਬ ਦਸ ਕੁ ਬੱਚੀਆਂ ਨੂੰ ਨਾਲ ਲੈ ਕੇ ਘਰ ਮੁੜ ਆਏ। ਡਰਾਇੰਗ ਰੂਮ ਵਿੱਚ ਫ਼ਰਸ਼ ਸਾਫ਼ ਕਰ ਕੇ ਲੰਗਰ ਲਈ ਚਾਦਰਾਂ ਵਿਛਾਈਆਂ ਹੋਈਆਂ ਸਨ। ਬੱਚੀਆਂ ਨੂੰ ਕਤਾਰ ਲਗਵਾ ਕੇ ਉਥੇ ਬਿਠਾ ਦਿੱਤਾ ਗਿਆ। ਇੱਕ ਵੱਡੀ ਪਰਾਤ ਵਿੱਚ ਪਾਣੀ ਲਿਆ ਕੇ ਹਰ ਇੱਕ ਕੰਨਿਆਂ ਦੇ ਪੈਰ ਪਰਾਂਤ ਵਿੱਚ ਰੱਖ ਕੇ ਧੁਆਏ, ਅਤੇ ਫ਼ਿਰ ਤੌਲੀਏ ਨਾਲ ਸਾਫ਼ ਕੀਤੇ। ਕੰਜਕਾਂ ਦੇ ਮੱਥੇ 'ਤੇ ਤਿਲਕ ਲਗਾ, ਕਲਾਰੀ 'ਤੇ ਮੌਲੀ ਬੰਨ੍ਹੀ। ਇਹ ਬ੍ਰਿਤਾਂਤ ਵੇਖ ਕੇ ਮੇਰੇ ਮਨ ਨੂੰ ਬੜਾ ਸਕੂਨ ਜਿਹਾ ਮਿਲ ਰਿਹਾ ਸੀ, ਤਸੱਲੀ ਜਿਹੀ ਹੋ ਰਹੀ ਸੀ ਕਿ ਚਲੋ ਧਰਮ ਦੇ ਨਾਮ 'ਤੇ ਹੀ ਸਹੀ, ਇਹ ਲੋੜਵੰਦ ਬੱਚੇ ਕੋਠੀਆਂ ਵਿੱਚ ਮਾਣ ਤਾਂ ਪਾ ਰਹੇ ਸਨ।
 
"ਚਲੋ, ਪ੍ਰਸ਼ਾਦ ਕੀ ਥਾਲੀ ਲਗਨੇ ਤਕ ਤੁਮ ਮਾਤਾ ਕੀ ਕੋਈ ਭੇਂਟ ਸੁਨਾਓ।" ਮੈਂ ਮਾਹੌਲ ਨੂੰ ਆਨੰਦਿਤ ਕਰਨ ਲਈ ਬੱਚਿਆਂ ਨੂੰ ਕਿਹਾ। ਪਰ ਆਹ ਤਾਂ ਹੋਰ ਵੀ ਕਮਾਲ ਸੀ ਕਿ ਬੱਚੀਆਂ ਨੂੰ ਭੇਟਾਂ ਗਾਉਣੀਆਂ ਵੀ ਆਉਂਦੀਆਂ ਸੀ। ਉਹ ਭੇਟਾਂ ਗਾ ਰਹੀਆਂ ਸਨ ਅਤੇ ਮੈਂ ਤਾੜੀਆਂ ਮਾਰ-ਮਾਰ ਓਹਨਾਂ ਦਾ ਸਾਥ ਦੇ ਰਹੀ ਸੀ, ਆਪਣਾਂ ਸਿਰ ਹਿਲਾ-ਹਿਲਾ ਕੇ ਮਜ਼ਾ ਲੈ ਰਹੀ ਸੀ। ਮੈਨੂੰ ਪ੍ਰਸੰਨ ਵੇਖ ਕੇ ਬੱਚੀਆਂ ਖੁਸ਼ ਹੋ ਰਹੀਆਂ ਸਨ ਅਤੇ ਹੋਰ ਜ਼ਿਆਦਾ ਉਤਸ਼ਾਹ ਨਾਲ ਮੁਸਕੁਰਾਉਂਦੇ ਹੋਏ ਗਾ ਰਹੀਆਂ ਸਨ।

"ਆਹ ਦੋ ਕੰਨਿਆਂ ਜ਼ਿਆਦਾ ਛੋਟੀਆਂ ਨੇ, ਹੈ ਨਾ ਮਾਸੀ?" ਮੇਰੇ ਭਾਣਜੇ ਇੰਦਰ ਨੇ ਮੈਨੂੰ ਕਿਹਾ ਅਤੇ ਪ੍ਰਸ਼ਾਦ ਦੀਆਂ ਥਾਲੀਆਂ ਲੱਗਾਉਣ ਲੱਗ ਪਿਆ। ਥਾਲ ਵਿੱਚ ਆਲੂ ਦੀ ਸਬਜ਼ੀ, ਕਾਲੇ ਛੋਲੇ, ਹਲਵਾ ਅਤੇ ਪੂੜੀਆਂ ਵਰਤਾਈਆਂ ਗਈਆਂ। ਕੰਜਕਾਂ ਆਨੰਦ ਨਾਲ ਖਾ ਰਹੀਆਂ ਸਨ। ਸਾਰਾ ਪਰਿਵਾਰ ਉਹਨਾਂ ਦੇ ਆਲੇ ਦੁਆਲੇ ਬੜੇ ਪ੍ਰੇਮ, ਬੜੀ ਭਾਵਨਾ ਨਾਲ ਸੇਵਾ ਕਰ ਰਿਹਾ ਸੀ। ਸਭ ਕੰਨਿਆਂਵਾਂ ਆਪਣੀ ਥਾਲੀ ਦਾ ਖਾਣਾਂ ਪੂਰਾ ਨਹੀਂ ਸੀ ਖਾ ਸਕੀਆਂ ਅਤੇ ਆਪਣੀ-ਆਪਣੀ ਜੇਬ ਵਿੱਚੋਂ ਪਲਾਸਟਿਕ ਦੇ ਲਿਫ਼ਾਫ਼ੇ ਕੱਢ ਕੇ ਉਹਨਾਂ ਵਿੱਚ ਬਚਿਆ ਖਾਣਾਂ ਪਾਉਣ ਲੱਗ ਪਈਆਂ। ਮੇਰੀ ਭਾਣਜੀ ਗਗਨ ਨੇ ਉਹਨਾਂ ਛੋਟੀਆਂ-ਛੋਟੀਆਂ ਬੱਚੀਆਂ ਦੀ ਖਾਣਾਂ ਪੈਕ ਕਰਨ ਵਿੱਚ ਮੱਦਦ ਕੀਤੀ।

"ਹੁਣ ਸਾਰੇ ਵਾਰੀ ਸਿਰ ਕੰਜਕਾਂ ਨੂੰ ਮੱਥਾ ਟੇਕ ਲਵੋ!" ਭੈਣ ਜੀ ਨੇ ਇੱਕ-ਇੱਕ ਸੇਬ ਦੇ ਨਾਲ ਦਸ-ਦਸ ਰੁਪਏ ਦਿੰਦੇ ਹੋਏ ਕੰਜਕਾਂ ਨੂੰ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ। ਜਿਵੇਂ ਹੀ ਭੈਣ ਜੀ ਬੱਚੀ ਦੀ ਝੋਲੀ ਵਿੱਚ ਦਾਨ ਪਾ ਉਸ ਦੇ ਪੈਰਾਂ 'ਤੇ ਮੱਥਾ ਟੇਕਦੇ, ਤਾਂ ਉਹ ਕੰਜਕ, "ਆਪ ਕੀ ਮੁਰਾਦ ਪੂਰੀ ਹੋ!" ਆਖ ਕੇ ਸਿਰ 'ਤੇ ਹੱਥ ਰੱਖ ਦਿੰਦੀ ਸੀ। ਇੰਜ ਲੱਗਦਾ ਸੀ ਜਿਵੇਂ ਸਾਲੋ ਸਾਲ ਦੀ ਪਰੈਕਟਿਸ ਹੋਈ ਪਈ ਸੀ ਇਹਨਾਂ ਛੋਟੀਆਂ-ਛੋਟੀਆਂ ਬੱਚੀਆਂ ਨੂੰ ਆਹ ਡਾਇਲਾਗ ਬੋਲਣ ਦੀ। ਭੈਣ ਜੀ ਤੋਂ ਬਾਅਦ ਪਰਿਵਾਰ ਦੇ ਦੂਜੇ ਲੋਕਾਂ ਨੇ ਵੀ ਆਪਣੀ ਸ਼ਰਧਾ ਅਨੁਸਾਰ ਕੁਝ ਨਾ ਕੁਝ ਦੇ ਕੇ ਮੱਥਾ ਟੇਕਣ ਦੀ ਪ੍ਰੰਪਰਾ ਨੂੰ ਨਿਭਾਹਿਆ।

"ਮਾਸੀ, ਹੁਣ ਤੁਸੀਂ ਮੱਥਾ ਟੇਕ ਲਓ ਤੇ ਮੈਂ ਤੁਹਾਡੀ ਵੀਡੀਓ ਬਣਾਉਂਦਾ ਹਾਂ, ਲੰਡਨ ਜਾ ਕੇ ਵਿਖਾਇਓ ਜੇ!" ਭਾਣਜੇ ਇੰਦਰ ਨੇ ਕਿਹਾ।
"ਗੁੱਡ ਆਈਡੀਆ!" ਮੈਂ ਚੰਚਲ ਜਿਹੀ ਬਣ ਕੇ ਜਵਾਬ ਦਿੱਤਾ।

"ਜੈ ਮਾਤਾ ਕੀ! ਦੇਖੋ ਇਸ ਫ਼ੋਨ ਮੇਂ ਮੈਂ ਤੁਮਹਾਰੀ ਪਿਕਚਰ ਬਨਾ ਕੇ ਬਿਦੇਸ ਮੇਂ ਲੈ ਜਾਊਂਗੀ, ਇਸ ਲਿਏ ਤੁਮ ਸਭ ਮੇਰੇ ਸਵਾਲੋਂ ਕੇ ਜਵਾਬ ਦੇਨਾ। ਮੈਂ ਤੁਮਹਾਰੇ ਨਾਮ ਸੇ ਤੁਮਕੋ ਯਾਦ ਰਖੂੰਗੀ, ਠੀਕ ਹੈ?" ਮੇਰੇ ਇੰਜ ਕਹਿਣ 'ਤੇ ਬੱਚੀਆਂ ਕੁਝ ਸ਼ਰਮਾਉਂਦੇ ਅਤੇ ਕੁਝ ਮੁਸਕੁਰਾਉਂਦੇ ਹੋਏ  ਆਪਣੀ ਖੁਸ਼ੀ ਜ਼ਾਹਿਰ ਕਰਨ ਲੱਗ ਪਈਆਂ, ਜਿਵੇਂ ਕਿ ਇੰਜ ਦਾ ਅਵਸਰ ਉਹਨਾਂ ਨੂੰ ਪਹਿਲੀ ਵਾਰ ਮਿਲਿਆ ਸੀ। ਮੈਂ ਪਹਿਲੀ ਕੰਜਕ ਦੇ ਪੈਰਾਂ 'ਤੇ ਮੱਥਾ ਟੇਕਣ ਦੀ ਸ਼ੁਰੂਆਤ ਕੀਤੀ। ਕੁਝ ਰੁਪਏ ਦਾਨ ਦੇ ਕੇ ਮੱਥਾ ਟੇਕਿਆ ਅਤੇ ਤਸੱਲੀ ਨਾਲ ਬੈਠ ਕੇ ਹਰ ਕੰਜਕ ਨਾਲ ਥੋੜ੍ਹੀ ਬਹੁਤ ਗੱਲ ਕੀਤੀ।

"ਜੈ ਮਾਤਾ ਕੀ! ਕਿਆ ਨਾਮ ਹੈ ਤੁਮਹਾਰਾ?" ਮੈਂ ਦੋਸਤੀ ਦੇ ਲਹਿਜੇ ਵਿੱਚ ਪੁੱਛਿਆ।
"ਸੀਤਲ ਕੁਮਾਰੀ।" ਬੱਚੀ ਨੇ ਤੁਰੰਤ ਉਤਰ ਦਿੱਤਾ। ਕੌਣ-ਕੋਣ ਹੈ ਘਰ ਵਿੱਚ? ਸਕੂਲ ਜਾਂਦੀ ਹੈਂ? ਮਾਂ ਕੀ ਕਰਦੀ ਹੈ? ਕਿੰਨੇ ਭਰਾ-ਭੈਣ ਹੋ? ਕੁਝ ਇੰਜ ਦੇ ਸਵਾਲ ਮੈਂ ਲੱਗਭਗ ਸਾਰੀਆਂ ਬੱਚੀਆਂ ਨੂੰ ਪੁੱਛ ਰਹੀ ਸੀ।

"ਮੇਰਾ ਨਾਮ ਨਜ਼ਮਾ ਬਾਨੋਂ ਹੈ।" ਇਸ ਜਵਾਬ ਨੇ ਮੈਨੂੰ ਚੌਂਕਾ ਜਿਹਾ ਦਿੱਤਾ। ਮਤਲਬ ਕਿ ਆਹ "ਦੇਵੀ ਪੂਜਾ" ਵਿੱਚ "ਮਾਤਾ ਬਣ" ਅਸ਼ੀਰਵਾਦ ਦੇਣ ਵਾਲੀ ਕੰਜਕ ਮੁਸਲਿਮ ਬੱਚੀ ਹੈ?
"ਤੇਰੀ ਮਾਂ ਕੋ ਪਤਾ ਹੈ ਕਿ ਤੁਮ ਆਜ ਮਾਤਾ ਕੀ ਪੂਜਾ ਮੇਂ ਆਈ ਹੋ?" ਮੈਂ ਪੁੱਛ ਹੀ ਲਿਆ।
"ਹਮ ਮੰਦਿਰ ਕੇ ਬਾਹਰ ਭੀ ਤੋ ਬੈਠਤੇ ਹੈਂ, ਪ੍ਰਸ਼ਾਦ ਕੇ ਲਿਏ, ਮਾਂ ਕੋ ਪਤਾ ਹੈ।" ਨਜ਼ਮਾ ਨੇ ਜਿਵੇਂ ਬੇਬਾਕ ਸ਼ਪੱਸਟੀਕਰਨ ਦਿੱਤਾ।
"ਤੁਮ ਮੰਦਿਰ ਕੇ ਅੰਦਰ ਭੀ ਜਾਤੀ ਹੋ ਕਭੀ?" ਮੈਂ ਆਪਣੇ ਆਪ ਨੂੰ ਹੀ ਤਸੱਲੀ ਦੇਣ ਵਾਸਤੇ ਪੁੱਛ ਲਿਆ।
"ਨਹੀਂ, ਹਮ ਮੁਸਲਿਮ ਹੈਂ…।" ਸ਼ਾਇਦ ਮਾਸੂਮ ਉਮਰ ਵਿੱਚ ਵੀ ਨਜ਼ਮਾ ਨੂੰ ਇਨਸਾਨਾਂ 'ਤੇ ਧਰਮ ਦੀ ਮੋਹਰ ਲੱਗਣ ਦਾ ਕੁਝ-ਕੁਝ ਪਤਾ ਸੀ। ਮੈਂ ਥੋੜ੍ਹੀ ਉਤੇਜਿਤ ਹੋ ਨਜ਼ਮਾ ਨੂੰ ਹੋਰ ਵੀ ਸਵਾਲ ਪੁੱਛੇ। ਉਸ ਬੱਚੀ ਨੇ ਕਿਹਾ ਕਿ ਅਸੀਂ ਤਿੰਨ ਜਾਣੀਆਂ ਹਾਂ ਇੱਥੇ। ਓਹ ਮਦੀਹਾ ਮਿਰਜ਼ਾ ਹੈ, ਅਤੇ ਨਾਲ ਬੈਠੀ ਲਾਲ ਕੁਰਤੇ ਵਾਲੀ ਬੱਚੀ ਸਲਮਾ ਬੇਗ ਹੈ। ਅਸੀਂ ਕੋਲ-ਕੋਲ ਰਹਿੰਦੇ ਹਾਂ। ਫ਼ੇਰ ਮੈਂ ਦੂਜੀ ਦੋਵੇਂ ਬੱਚੀਆਂ ਕੋਲ ਜਾ ਕੇ ਵੀ ਕਈ ਸਵਾਲ ਪੁੱਛੇ!

"ਪੂਨਮ ਔਰ ਸੀਤਲ ਮੇਰੀ ਪੱਕੀ ਸਹੇਲੀਆਂ ਹੈਂ, ਹਮ ਸਭ ਇਕੱਠੇ ਖੇਲਤੇ ਹੈ।" ਸਲਮਾ ਬੇਗ ਨੇ ਬੜੀ ਇਮਾਨਦਾਰੀ ਅਤੇ ਮਾਸੂਮੀਅਤ ਨਾਲ ਖੁੱਲ੍ਹ ਕੇ ਕਿਹਾ। ਮੇਰਾ ਮਨ ਉਦਾਸੀ ਨਾਲ ਧੁਆਂਖਿਆ ਗਿਆ ਸੀ। ਇਹ ਸੋਚ ਕੇ ਕਿ ਅਸੀਂ ਆਪਣੇ ਰਿਸ਼ਤਿਆਂ ਵਿੱਚ ਇਹਨਾਂ ਮਾਸੂਮਾਂ ਵਾਂਗ ਇਮਾਨਦਾਰ ਕਿਉਂ ਨਹੀਂ ਹੋ ਸਕਦੇ?

…."ਜੈ ਮਾਤਾ ਕੀ" ਕਹਿ ਮੈਂ ਆਪਣਾਂ ਸਿਰ ਉਸ ਕੰਜਕ ਸਲਮਾ ਬੇਗ ਦੇ ਪੈਰਾਂ 'ਤੇ ਰੱਖ ਸ਼ਰਧਾ ਅਰਪਨ ਕੀਤੀ। ਇੱਕ ਐਸੀ ਸ਼ਕਤੀ ਕੋਲੋਂ ਆਸ਼ੀਰਵਾਦ ਲੈਣ ਲਈ, ਜਿਸ ਦਾ ਧਰਮ ਨਾਲ ਕੋਈ ਰਿਸ਼ਤਾ ਨਾਤਾ ਨਹੀਂ ਸੀ। …..ਕਿੰਨਾਂ ਸੱਚ ਹੈ ਕਿ ਬਚਪਨ ਨੂੰ ਮਾਨੁੱਖੀ ਭੇਦ-ਭਾਵ ਦਾ ਕੋਈ ਪਤਾ ਨਹੀਂ ਹੁੰਦਾ। ਸ਼ਾਇਦ ਤਾਂ ਹੀ ਕਹਿੰਦੇ ਹਨ ਕਿ ਬੱਚੇ "ਰੱਬ ਦਾ ਰੂਪ" ਹੁੰਦੇ ਨੇ! "ਜੈ ਮਾਤਾ ਕੀ - ਜੈ ਮਾਤਾ ਕੀ" ਦੇ ਜੈਕਾਰੇ ਬੋਲਦੀਆਂ ਹੋਈਆਂ ਬੱਚੀਆਂ ਲਾਈਨ ਬਣਾ ਕੇ ਬੂਹਿਓਂ ਬਾਹਰ ਚਲੀਆਂ ਗਈਆਂ ਅਤੇ ਜਾਂਦੇ ਹੋਏ ਮੈਨੂੰ ਕਿੰਨੇ ਹੀ ਸਮਾਜ ਅਤੇ ਧਰਮ ਦੇ ਅਣ-ਸੁਲਝੇ ਸਵਾਲਾਂ ਵਿੱਚ ਉਲਝਾ ਗਈਆਂ।  ਮੈਂ ਬਾਲਕੋਨੀ ਵਿੱਚ ਹੱਥ ਜੋੜੀ ਖੜ੍ਹੀ "ਦੇਵੀ ਰੂਪ" ਬੱਚਿਆਂ ਨੂੰ ਜਾਂਦੇ ਹੋਏ ਦੇਖ ਰਹੀ ਸੀ, ਅਤੇ ਮੇਰੀਆਂ ਅੱਖਾਂ ਦੀਆਂ ਪਲਕਾਂ ਉਪਰ ਪਤਾ ਨਹੀਂ ਕਿਉਂ ਕਿਸੇ ਵੈਰਾਗ ਦੇ ਹੰਝੂ ਕੰਬ ਰਹੇ ਸਨ! ਮੇਰੇ ਦੇਖਦੇ-ਦੇਖਦੇ ਉਹ ਬੱਚੀਆਂ  "ਕੰਜਕਾਂ ਦੇ ਜਾਮੇਂ" ਵਿੱਚੋ ਨਿਕਲ ਕੇ ਹਿੰਦੂ ਦੀ ਬੇਟੀ ਅਤੇ ਮੁਸਲਿਮ ਦੀ ਬੇਟੀ ਬਣ ਸ਼ਹਿਰ ਦੀ ਗਲੀਆਂ ਵਿੱਚ ਅਲੋਪ ਹੋ ਗਈਆਂ।….

 

ਨੱਨ੍ਹੀ ਕਹਾਣੀ >>          ਹੋਰ ਕਹਾਣੀਆਂ  >>    


 
ਬਚਪਨ ਦੇ ਬੇਰ
ਅਜੀਤ ਸਿੰਘ ਭੰਮਰਾ
kanjkanਅੱਲਾਹ ਦੀਆਂ ਕੰਜਕਾਂ
ਅਜੀਤ ਸਤਨਾਮ ਕੌਰ, ਲੰਡਨ
"ਮਿਆਊਂ -ਮਿਆਊਂ"
ਗੁਰਪ੍ਰੀਤ ਕੌਰ ਗੈਦੂ, ਯੂਨਾਨ
ਖੋਜ
ਅਨਮੋਲ ਕੌਰ, ਕਨੇਡਾ  
athruਬੋਲਦੇ ਅੱਥਰੂ
ਅਜੀਤ ਸਤਨਾਮ ਕੌਰ  
ਚਸ਼ਮ ਦੀਦ ਗੁਵਾਹ
ਰਵੇਲ ਸਿੰਘ ਇਟਲੀ
ਕੂੰਜਾਂ ਦਾ ਕਾਫ਼ਲਾ
ਅਜੀਤ ਸਤਨਾਮ ਕੌਰ  
lahuਇਹ ਲਹੂ ਮੇਰਾ ਹੈ
ਅਜੀਤ ਸਤਨਾਮ ਕੌਰ  
chachaਚਾਚਾ ਸਾਧੂ ਤੇ ਮਾਣਕ
ਬਲਰਾਜ ਬਰਾੜ, ਕਨੇਡਾ
susਸੱਸ ਬਨਾਮ ਮਾਂ
ਰੁਪਿੰਦਰ ਸੰਧੂ, ਮੋਗਾ 
hoshਹੋਸ਼
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
teeyanਤੀਆਂ ਤੀਜ ਦੀਆਂ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਚਾਨਣ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
nashaਨਸ਼ੇ ਦੀ ਲੱਤ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਘਰ ਦਾ ਰਖਵਾਲਾ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਤੀਰ ਜਾਂ ਤੁੱਕਾ
ਸ਼ਿਵਚਰਨ ਜੱਗੀ ਕੁੱਸਾ, ਲੰਡਨ 
pipalਰੌਣਕੀ  ਪਿੱਪਲ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
udeekਉਡੀਕ ਅਜੇ ਬਾਕੀ ਹੈ...
ਪਰਮਿੰਦਰ ਕੌਰ, ਅੰਬਾਲਾ 
ਕੰਨਿਆ- ਪੂਜਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
ਆਈਸੋਲੇਟਿਡ ਵਾਰਡ
ਰਿੰਪੀ ਖਿਲਨ, ਦਿੱਲੀ
ਬਹੁਤੀ ਬੀਤੀ ਥੋੜ੍ਹੀ ਰਹਿ ਗਈ
ਸੰਦੀਪ ਕੁਮਾਰ ਨਰ, ਬਲਾਚੌਰ
"ਮੈਂ ਹੈ ਤਾਂ ਹੈਗੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਗੱਲਾਂ ਦੀ ਮੌਤ
ਅਨਮੋਲ ਕੌਰ, ਕਨੇਡਾ
ਰਾਜੇ ਸ਼ੀਂਹ ਮੁਕੱਦਮ ਕੁੱਤੇ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਖੌਫ਼ਨਾਕ ਇਰਾਦਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਬੁਝਦੇ ਦੀਵੇ ਦੀ ਲੋਅ
ਵਰਿੰਦਰ ਕੌਰ ਰੰਧਾਵਾ, ਬਟਾਲਾ
ਆਥਣ ਦਾ ਹੌਂਕਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਦੋ ਮੂੰਹਾਂ
ਵਰਿੰਦਰ ਕੌਰ ਰੰਧਾਵਾ, ਬਟਾਲਾ
ਮਜਬੂਰ
ਸੱਤੀ ਅਟਾਲਾਂ ਵਾਲਾ
ਇਸ਼ਕ
ਵਰਿੰਦਰ ਕੌਰ ਰੰਧਾਵਾ, ਬਟਾਲਾ
ਲਾਚਾਰ
ਸੰਦੀਪ ਕੁਮਾਰ
ਸੂਰਜ ਮੰਡਲ ਤੋਂ ਵਿਸ਼ਾਲ
ਅਮਨਦੀਪ ਸਿੰਘ, ਅਮਰੀਕਾ
ਝੁਰੜੀਆਂ ਵਿੱਚੋਂ ਝਲਕਦੀ ਮਮਤਾ
ਅਜੀਤ ਸਤਨਾਮ ਕੌਰ
ਮੀਨਾ ਬੂਟੀਕ
ਅਜੀਤ ਸਿੰਘ ਭੰਮਰਾ ਫਗਵਾੜਾ
ਸੁੱਕੇ ਖੂਹ ਦੀ ਮੌਣ
ਸ਼ਿਵਚਰਨ ਜੱਗੀ ਕੁੱਸਾ
ਸਮੇਂ ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ
ਬੁੱਢੀ ਦਾਦੀ
ਸਰੁੱਚੀ ਕੰਬੋਜ, ਫਾਜਿਲਕਾ
 ਨੱਥ ਪਾਉਣੀ
ਅਨਮੋਲ ਕੌਰ, ਕਨੇਡਾ
ਸੰਸਾਰ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਲੱਛੂ ਭੂਤ
ਰਵੇਲ ਸਿੰਘ ਇਟਲੀ
ਦਾਦਾ ਜੀ ਚਲੇ ਗਏ
ਰਵੇਲ ਸਿੰਘ ਇਟਲੀ
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ
ਵਲੈਤੀ ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਜੀਵਨ ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ
ਬਿੱਲੀਆਂ
ਲਾਲ ਸਿੰਘ ਦਸੂਹਾ
ਸਭ ਅੱਛਾ ਹੈ
ਅਨਮੋਲ ਕੌਰ, ਕਨੇਡਾ
ਬੋਹੜ ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ
ਚਿੱਟੀ ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ
ਤੈਨੂੰ ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ
ਓਦੋਂ ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ
ਜ਼ਿੰਦਗੀ ਦੀ ਜੂਹ
ਭਿੰਦਰ ਜਲਾਲਾਬਾਦੀ, ਯੂ ਕੇ
ਫੇਸਬੁੱਕ
ਅਨਮੋਲ ਕੌਰ, ਕਨੇਡਾ
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ
ਕਿਹਨੂੰ, ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ
ਝਾੜੂ
ਗੁਰਮੇਲ ਬੀਰੋਕੇ, ਕਨੇਡਾ
ਧੰਦਾ ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ
ਅੰਮ੍ਰਿਤ ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਖੂਹ ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ
ਘਰ ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਸੋਗ
ਰੂਪ ਢਿੱਲੋਂ, ਲੰਡਨ
ਉਹ ਮੂਵ ਹੋ ਗਈ
ਅਨਮੋਲ ਕੌਰ, ਕਨੇਡਾ
ਗੋਲਡੀਲੌਕਸ ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ (1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ
baybus1ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ
ਵੇ ਲੋਕੋ
ਅਨਮੋਲ ਕੌਰ, ਕਨੇਡਾ
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ
 

hore-arrow1gif.gif (1195 bytes)


Terms and Conditions
Privacy Policy
© 1999-2019,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2019,  5abi.com