ਸਾਡੇ ਘਰ ਤੋਂ ਥੋੜ੍ਹੀ ਕੁ ਦੂਰ ਇਕ ਘਰ ਸੀ ਜਿੱਥੇ ਇਕ ਪਰਿਵਾਰ ਰਹਿੰਦਾ ਸੀ।
ਪਰਿਵਾਰ ਵਿੱਚ ਪਤੀ-ਪਤਨੀ, ਉਹਨਾਂ ਦੇ ਚਾਰ ਬੱਚੇ ਤੇ ਉਹਨਾਂ ਦੀ ਬੁੱਢੀ ਦਾਦੀ
ਰਹਿੰਦੇ ਸਨ। ਪੂਰੇ ਘਰ ਵਿਚ ਉਸ ਬੁੱਢੀ ਦਾਦੀ ਦੀ ਕੋਈ ਕਦਰ ਨਹੀਂ ਸੀ। ਇਥੋਂ ਤੱਕ
ਕਿ ਉਸ ਦਾ ਸਕਾ ਪੁੱਤਰ ਤੱਕ ਵੀ ਉਸ ਨੂੰ ਧੁਤਕਾਰ ਦਿੰਦਾ ਸੀ।
ਇਕ ਕਟੋਰਾ ਦੇ ਰੱਖਿਆ ਸੀ, ਉਸ ਬੁੱਢੀ ਦਾਦੀ ਨੂੰ। ਉਸ ਵਿਚ ਸਵੇਰ ਦੀ ਚਾਹ ਤੋਂ
ਲੈ ਕੇ ਰਾਤ ਦੀ ਰੋਟੀ ਲਈ, ਜਦ ਤੱਕ ਉਹ ਨੂੰਹ ਕੋਲ ਉਹ ਕਟੋਰਾ ਲੈ ਕੇ ਨਹੀਂ ਆਉਂਦੀ
ਸੀ ਉਦੋਂ ਤੱਕ ਉਸਨੂੰ ਖਾਣ ਨੂੰ ਕੁਝ ਨਹੀਂ ਸੀ ਮਿਲਦਾ। ਅਪਣੇ ਹੀ ਘਰ ਵਿਚ ਉਹ
ਬੁੱਢੀ ਦਾਦੀ ਭਿਖਾਰੀਆਂ ਦੀ ਤਰ੍ਹਾਂ ਰਹਿੰਦੀ ਸੀ। ਅਗਰ ਉਹ ਆਪਣੇ ਪੋਤਰੇ
-ਪੋਤਰੀਆਂ ਕੋਲੋਂ ਕੋਈ ਚੀਜ਼ ਮੰਗਦੀ ਅੱਗੋਂ ਉਹ ਵੀ ਉਸਨੂੰ ਅੱਖਾਂ ਵਿਖਾਉਂਦੇ।
ਦੀਵਾਲੀ ਦਾ ਸ਼ੁਭ ਦਿਨ ਸੀ। ਆਸ-ਪੜੋਸ ਵਿੱਚ ਮਿਠਾਈਆਂ ਵੰਡੀਆਂ ਜਾ ਰਹੀਆਂ ਸਨ।
ਬੁੱਢੀ ਮਾਂ ਦਾ ਦਿਲ ਵੀ ਮਿਠਾਈ ਖਾਣ ਨੂੰ ਕੀਤਾ। ਉਸਦੇ ਸਾਹਮਣੇ ਸਭ ਮਿਠਾਈ ਖਾ
ਰਹੇ ਸਨ, ਪਰ ਉਸ ਨੂੰ ਮਿਠਾਈ ਖਾਣ ਨੂੰ ਕਿਸੇ ਨੇ ਨਾ ਦਿੱਤੀ। ਆਖਿਰਕਾਰ ਉਹ ਖੁਦ
ਰਸੋਈ ਵਿਚ ਗਈ ਅਤੇ ਆਪਣੇ ਖਾਣ ਲਈ ਇਕ ਟੁਕੜਾ ਮਿਠਾਈ ਦਾ ਆਪਣੇ ਕਟੋਰੇ ਵਿੱਚ ਪਾ
ਕੇ ਕਮਰੇ ਵਿੱਚ ਲੈ ਆਈ। ਜਿਵੇਂ ਹੀ ਉਹ ਬੈਠ ਕੇ ਮਿਠਾਈ ਖਾਣ ਹੀ ਲੱਗੀ ਸੀ ਕਿ ਉਸ
ਦੀ ਨੂੰਹ ਨੇ ਵੇਖ ਲਿਆ ਤੇ ਜਲਦੀ ਨਾਲ ਮਿਠਾਈ ਦਾ ਟੁੱਕੜਾ ਖੋਹਦੇਂ ਹੋਏ ਉਸ ਨੂੰ
ਬਹੁਤ ਖਰੀਆਂ-ਖੋਟੀਆਂ ਸੁਣਾਉਣ ਲੱਗ ਪਈ। ਇਥੋਂ ਤੱਕ ਕਿ ਨੂੰਹ ਨੇ ਉਸਨੂੰ ਚੋਰ ਵੀ
ਕਹਿ ਦਿੱਤਾ। ਜੋ ਬੁੱਢੀ ਦਾਦੀ ਤੋਂ ਬਰਦਾਸ਼ਤ ਨਾ ਹੋ ਸਕਿਆ।
ਅਗਲੀ ਸਵੇਰ ਜਦ ਪੂਰਾ ਸੂਰਜ ਨਿਕਲ ਆਉਣ ਤੇ ਵੀ ਉਹ ਬੁੱਢੀ ਦਾਦੀ ਆਪਣੇ ਕਮਰੇ
ਚੋਂ ਬਾਹਰ ਨਾ ਆਈ ਤਾਂ ਨੂੰਹ ਨੇ ਕਮਰੇ ਵਿੱਚ ਜਾ ਕੇ ਦੇਖਿਆ ਕਿ ਮਾਂ ਤਾਂ ਮਰ
ਚੁੱਕੀ ਹੈ।
ਪੂਰੇ ਵਿਧੀ-ਵਿਧਾਨ ਨਾਲ ਮਾਂ ਦਾ ਕਿਰਿਆ-ਕਰਮ ਕੀਤਾ ਗਿਆ । ਅੱਜ ਉਹ ਆਪਣੀ ਮਾਂ
ਦੀਆਂ ਅਸਥੀਆਂ ਵਿਸਰਜਨ ਕਰਕੇ ਪੂਰਾ ਪਰਿਵਾਰ ਘਰ ਪਰਤਿਆ ਸੀ ਤੇ ਬੁੱਢੀ ਮਾਈ ਦੀ
ਨੂੰਹ ਘਰ-ਘਰ ਵਿੱਚ ਜਾ ਕੇ ਅਪਣੇ ਗੁਆਂਢੀਆਂ ਨੂੰ ਦੱਸ ਰਹੀ ਸੀ, "ਅਸੀਂ ਪੂਰਾ ਤੀਹ
ਹਜ਼ਾਰ ਰੁਪਏ ਲਾ ਕੇ ਆਏ ਹਾਂ ਮਾਂ ਜੀ ਦੀਆਂ ਅਸਥੀਆਂ ਵਿਸਰਜਨ ਤੇ।" ਫਿਰ ਉਹਨਾਂ
ਵਿੱਚੋਂ ਇੱਕ ਔਰਤ ਨੇ ਉਸ ਦੀ ਸ਼ੇਖੀ ਦਾ ਜਵਾਬ ਦਿੰਦੇ ਹੋਏ ਕਿਹਾ, "ਅਗਰ ਤੀਹ ਹਜ਼ਾਰ
ਦਾ ਪੰਜਵਾਂ ਹਿੱਸਾ ਵੀ ਲਾ ਕੇ ਦਿਲ ਨਾਲ ਉਸਦੀ ਸੇਵਾ ਕਰਦੇ ਤਾਂ ਅੱਜ ਉਹ ਬੁੱਢੀ
ਮਾਈ ਐਦਾ ਭੁੱਖ ਤੇ ਤਿਰਸਕਾਰ ਵਾਲੀ ਮੌਤ ਤਾਂ ਨਾ ਮਰਦੀ। ਮਰਨ ਤੋਂ ਪਹਿਲਾਂ
ਤੁਹਾਨੂੰ ਦੁਆਵਾਂ ਦਿੰਦੀ ਜਾਂਦੀ । ਆਖਿਰ ਸਭ ਕੁਝ ਤਾਂ ਆਪਣਾ ਉਸਨੇ ਤੁਹਾਨੂੰ ਦੇ
ਦਿੱਤਾ ਸੀ। ਆਪਣੀ ਜ਼ਮੀਨ-ਜਾਇਦਾਦ, ਘਰ-ਬਾਰ ਸਭ ਕੁਝ ਤਾਂ ਉਸਦਾ ਤੁਹਾਡਾ ਸੀ ਤੇ
ਬਦਲੇ ਵਿੱਚ ਉਸਨੇ ਕੀ ਚਾਹਿਆ ਸੀ, ਦੋ ਵਕਤ ਦੀ ਚੰਗੀ ਰੋਟੀ ਤੇ ਆਦਰ-ਸਤਿਕਾਰ। ਪਰ,
ਉਸਨੂੰ ਬਦਲੇ ਵਿੱਚ ਕੀ ਮਿਲਿਆ ਹਰ ਰੋਜ ਦਾ ਅਪਮਾਨ ਤੇ ਤਿਰਸਕਾਰ। ਤੁਸੀਂ ਤਾਂ
ਉਸਨੂੰ ਉਸਦੇ ਘਰ ਵਿਚ ਹੀ ਭਿਖਾਰੀ ਬਣਾ ਕੇ ਬਿਠਾ ਦਿੱਤਾ ਸੀ।"
ਉਸ ਔਰਤ ਦੇ ਇਹਨਾਂ ਬੋਲਾਂ ਨੂੰ ਸੁਣ ਬੁੱਢੀ ਮਾਈ ਦੀ ਨੂੰਹ ਸ਼ਰਮਿੰਦਗੀ ਮਹਿਸੂਸ
ਕਰਦੀ ਹੋਈ ਬਿਨਾਂ ਕੁਝ ਬੋਲੇ ਉੱਥੋਂ ਚਲੀ ਆਈ।
ਮਰਨ ਦੇ ਬਾਅਦ ਬਜ਼ੁਰਗਾਂ ਦਾ ਸ਼ਰਾਧ ਕਰਨ ਨਾਲ, ਉਹਨਾਂ ਦੇ ਨਾਮ ਤੇ ਪੁੰਨ-ਦਾਨ
ਕਰਨ ਦਾ ਕੀ ਫਾਇਦਾ ਜੇਕਰ ਜੀਉਂਦੇ-ਜੀ ਅਸੀਂ ਉਹਨਾਂ ਦੀ ਸੇਵਾ ਨਹੀਂ ਕਰ ਸਕਦੇ। ਕੀ
ਫਾਇਦਾ ਹੈ ਇਹ ਝੂਠੇ ਅਡੰਬਰ ਕਰਨ ਦਾ, ਅਗਰ ਜਿਊਂਦੇ ਜੀ ਉਹਨਾਂ ਨੂੰ ਉਹ ਆਦਰ ਤੇ
ਪਿਆਰ ਨਾ ਦਿੱਤਾ ਜਿਸ ਤੇ ਉਹਨਾਂ ਦਾ ਅਧਿਕਾਰ ਹੈ।
|