ਹਿਮਾਚਲ ਦੀਆਂ ਵਾਦੀਆਂ ਦੇ ਵਸਨੀਕ ਜੋਗਿੰਦਰ ਫੌਜੀ ਦੀ ਧੀ ਖੁਸ਼ਬੂ, ਨਿਰੀ ਕੋਮਲ ਕਲੀ
ਵਾਂਗਰਾਂ ਸੀ। ਇਕਲੌਤੀ ਧੀ ਪਿਓ ਲਈ ਜਿਗਰ ਦਾ ਟੁੱਕੜਾ ਸੀ। ਪਿਤਾ ਦੇ ਫੌਜੀ ਹੋਣ ਸਦਕਾ ਘਰ
ਵਿਚ ਸਦਾ ਹੀ ਦੇਸ਼-ਪਿਆਰ ਦਾ ਮਹੌਲ ਬਣਿਆ ਰਹਿੰਦਾ ਸੀ। ਕਦੀ-ਕਦੀ ਖੁਸਬੂ ਦੇ ਪਾਪਾ ਡਿਯੁਟੀ
ਤੋਂ ਆਥਣ ਵੇਲੇ ਘਰ ਆਉਂਦੇ ਅਤੇ ਕਦੀ-ਕਦੀ ਡਿਯੁਟੀ ਰਾਤ ਦੀ ਹੋਣ ਕਰਕੇ ਅਗਲੀ ਸਵੇਰ ਸਾਝਰੇ
ਹੀ ਘਰ ਆ ਜਾਂਦੇ। ਖੁਸਬੂ ਦੀਆਂ ਨਜਰਾਂ ਆਥਣ ਵੇਲੇ ਤੋਂ ਹੀ ਬਰੂਹਾਂ ਵੱਲ ਲੱਗੀਆਂ
ਰਹਿੰਦੀਆਂ। ਉਹ ਵੇਖਦੀ ਰਹਿੰਦੀ ਕਿ ਕਦੋਂ ਪਾਪਾ ਦੀਆਂ ਬਾਹਾਂ ਦਾ ਹਾਰ ਉਸ ਨੂੰ ਆਣ ਆਪਣੇ
ਕਲਾਵੇ ਵਿਚ ਲੈ ਲਵੇ। ਮਾਸੂਮ ਧੀ ਨਿੱਕੀਆਂ-ਨਿੱਕੀਆਂ ਤੋਤਲੀਆਂ ਗੱਲਾਂ ਨਾਲ ਬਾਪ ਦਾ
ਹੌਸਲਾ ਹੋਰ ਵੀ ਵਧਾ ਦਿੰਦੀ।
ਅੱਜ ਅਚਾਨਕ ਅਂਮਰਜੰਸੀ ਹਾਲਾਤਾਂ ਵਿਚ ਕੁਝ ਦਿਨਾਂ ਲਈ ਫੌਜੀ ਦੀ ਡਿਊਟੀ ਬਾਹਰਲੇ
ਇਲਾਕੇ ਵਿਚ ਲਗਾ ਦਿੱਤੀ ਗਈ ਸੀ। ਜਦ ਘਰੇ ਆ ਕੇ ਉਸ ਨੇ ਆਪਣੀ ਘਰ ਵਾਲੀ ਨੀਲਮ ਅਤੇ ਧੀ
ਖੁਸ਼ਬੂ ਨੂੰ ਦੱਸਿਆ ਤਾਂ ਸੁਣ ਕੇ ਉਹ ਉਦਾਸ ਜਿਹੀਆਂ ਹੋ ਗਈਆਂ। ਫੌਜੀ ਨੇ ਦੋਵਾਂ ਨੂੰ
ਕਲਾਵੇ ਵਿਚ ਲੈਕੇ ਸਮਝਾਇਆ, 'ਦੇਸ਼ ਦੀ ਰੱਖਿਆ ਕਰਨਾ ਹੀ ਇਕ ਸੱਚੇ ਫੌਜੀ ਦਾ ਕਰਤੱਵ ਹੁੰਦਾ
ਹੈ। ਫਿਰ, ਮੈਂ ਕਿਹੜਾ ਉਥੇ ਪੱਕੇ ਬੈਠੇ ਰਹਿਣਾ ਹੈ, ਬਸ ਹਫਤੇ-ਦਸ ਦਿਨ ਦੀ ਗੱਲ ਹੈ, ਮੈਂ
ਆਇਆ-ਕੁ-ਆਇਆ।'
ਨੰਨੀ ਜਿਹੀ ਖੁਸਬੂ, ਪਾਪਾ ਦਾ ਬੈਗ ਪੈਕ ਕਰਨ ਬੈਠ ਤਾਂ ਗਈ, ਪਰ ਨੈਣਾਂ ਵਿਚ ਖਾਰੇ
ਹੰਝੂ ਥੰਮ•ੇ ਨਹੀ ਸਨ ਜਾ ਰਹੇ। ਜੋਗਿੰਦਰ ਬੜੇ ਪਿਆਰ ਨਾਲ ਧੀ ਨੂੰ ਗੋਦ 'ਚ ਲੈਕੇ ਪੁੱਛਣ
ਲੱਗਿਆ, 'ਕੀ ਚਾਹੀਦਾ ਹੈ, ਮੇਰੇ ਪੁੱਤਰ ਨੂੰ ? ਮੈ ਵਾਪਿਸੀ ਵਕਤ ਮਨ-ਪਸੰਦ ਚੀਜ ਲੈਕੇ
ਆਵਾਂਗਾ, ਆਪਣੇ ਪੁੱਤਰ ਲਈ।' ਨੰਨੀ ਖੁਸ਼ਬੂ ਬੋਲੀ, 'ਪਾਪਾ ! ਮੈਨੂੰ ਤਾਂ ਤੁਸੀਂ ਚਾਹੀਦੇ
ਹੋ, ਬਸ ਤੁਸੀਂ ਹੀ। ਹੋਰ ਕੁਝ ਨਹੀ।' ਖੁਸ਼ਬੂ ਨੂੰ ਪਤਾ ਸੀ ਕਿ ਮੇਰੇ ਪਾਪਾ ਮੇਰੇ ਕੋਲ
ਹੋਣਗੇ ਤਾਂ ਮੈਨੂੰ ਆਪਣੇ-ਆਪ ਮਿਲ ਜਾਣਾ ਹੈ ਸਭੇ ਕੁਝ।
ਨੰਨੀ-ਮੁੰਨੀ ਖੁਸ਼ਬੂ ਦੀ ਇੰਨੀ ਵਿੱਤੋਂ ਵੱਡੀ ਸਿਆਣੀ ਗੱਲ ਸੁਣ ਕੇ ਪਾਪਾ ਹੈਰਾਨ ਸੀ।
ਧੀ ਨੂੰ ਘੁੱਟ ਕੇ ਗਲ ਨਾਲ ਲਾਉਦਿਆਂ ਉਹ ਬੋਲਿਆ, 'ਮੇਰਾ ਪੁੱਤਰ ਤਾਂ ਬਹੁਤ ਸਿਆਣਾ ਹੋ
ਗਿਆ ਹੈ, ਹੁਣ।'
ਜੋਗਿੰਦਰ ਨੇ ਖਾਣਾ ਖਾਧਾ। ਖੁਸ਼ਬੂ ਦਾ ਮੱਥਾ ਚੁੰਮਿਆ ਅਤੇ ਜਲਦੀ ਵਾਪਿਸ ਆਉਣ ਦਾ
ਵਾਅਦਾ ਕਰਦਾ ਹੋਇਆ ਘਰੋਂ ਵਿਦਾ ਹੋ ਗਿਆ। ਜਾਣ ਤੋਂ ਕੁਝ ਦਿਨਾਂ ਤੱਕ ਤਾਂ ਜਗਿੰਦਰ ਦਾ
ਕਦੀ-ਕਦੀ ਖਤ ਆ ਜਾਂਦਾ ਰਿਹਾ ਅਤੇ ਇਕ ਬਾਰ ਕਿਸੇ ਛੁੱਟੀ ਆਏ ਫੌਜੀ ਹੱਥੀਂ ਸੁੱਖ-ਸੁਨੇਹਾ
ਵੀ ਆਇਆ। ਪਰ, ਜਿਉਂ-ਜਿਉਂ ਸਮਾਂ ਗੁਜਰਦਾ ਗਿਆ, ਖਤਾਂ ਅਤੇ ਸੁਨੇਹਿਆਂ ਦਾ ਸਿਲਸਿਲਾ ਵੀ
ਢਿੱਲਾ ਜਿਹਾ ਪੈ ਗਿਆ।
ਅਚਾਨਕ ਇਕ ਦਿਨ ਟੀ. ਵੀ. ਉਤੇ ਖਬਰ ਆਈ ਕਿ ਕੁਝ ਫੌਜੀ ਜਵਾਨ ਦੁਸ਼ਮਣ ਨਾਲ ਮੁੱਠ-ਭੇੜ
ਵਿਚ ਸ਼ਹੀਦ ਹੋ ਗਏ ਹਨ। ਖਬਰ ਸੁਣਦਿਆਂ ਹੀ ਖੁਸ਼ਬੂ ਅਤੇ ਉਸ ਦੀ ਮਾਂ ਤਾਂ ਜਾਣੋ ਘੁਮੇਟਾ ਖਾ
ਕੇ ਡਿੱਗ ਹੀ ਪਈਆਂ। ਦੋਵਾਂ ਦਾ ਹਾਲ ਇਕ ਦੂਜੇ ਤੋਂ ਵੱਧ ਬੁਰਾ ਸੀ। ਉਨਾਂ ਨੂੰ ਆਪਣੀ
ਜ਼ਿੰਦਗੀ ਉਜੜ ਗਈ ਜਾਪਦੀ ਸੀ।
ਪਰ, ਦੂਜੇ ਪਾਸੇ ਖਬਰਾਂ ਵਿਚ ਸ਼ਹੀਦ ਹੋਏ ਫੌਜੀਆਂ ਦੇ ਨਾਂਓਂ ਨਹੀ ਸਨ ਲਏ ਗਏ, ਜਿਸ
ਕਰਕੇ ਕੁਝ-ਕੁਝ ਆਸ ਵੀ ਬਣੀ ਹੋਈ ਸੀ, ਜੋਗਿੰਦਰ ਦੇ ਵਾਪਿਸ ਮੁੜਨ ਦੀ। ਇਕ ਤਾਂਘ ਭਰੀ
ਆਸ-ਉਮੀਦ ਮਨ 'ਚ ਲੈਕੇ ਖੁਸ਼ਬੂ ਨਿੱਤ ਆਥਣ ਵੇਲੇ ਆਪਣੇ ਘਰ ਦੀਆਂ ਬਰੂਹਾਂ 'ਚ ਬੈਠ ਪਾਪਾ
ਨੂੰ ਉਡੀਕਣ ਲੱਗ ਜਾਂਦੀ। ਉਸ ਨੂੰ ਆਥਣ ਵੇਲੇ ਪਾਪਾ ਦੇ ਆਉਣ ਦਾ ਬਾਰ-ਬਾਰ ਝੌਲਾ ਜਿਹਾ
ਪੈਂਦਾ ਰਹਿੰਦਾ। ਕੋਈ ਅਜਨਬੀ ਵੀ ਆਥਣ ਵੇਲੇ ਉਸ ਦੀਆਂ ਬਰੂਹਾਂ ਵੱਲ ਨੁੰ ਆਉਂਦਾ ਉਸ ਦੀ
ਨਜਰੀ ਪੈ ਜਾਂਦਾ ਤਾਂ ਉਸ ਨੂੰ ਇੰਝ ਲੱਗਦਾ ਜਿਵੇਂ ਉਸ ਦੇ ਪਾਪਾ ਹੀ ਫੌਜੀ ਵਰਦੀ ਪਾਈ ਆ
ਰਹੇ ਹੋਣ ਅਤੇ ਪਲਾਂ-ਛਿਣਾਂ ਵਿਚ ਹੀ ਆਕੇ ਉਸ ਨੂੰ ਕਲਾਵੇ ਵਿਚ ਲੈ ਲੈਣ ਵਾਲੇ ਹੀ ਹੋਣ।
ਪਰ, ਰਾਹਗੀਰ ਬਰੂਹਾਂ ਟੱਪ ਅੱਗੇ ਨਿਕਲ ਜਾਂਦਾ ਤਾਂ ਉਸ ਦਾ ਦਿਲ ਟੁੱਟ ਜਾਂਦਾ : ਕਿਉਕਿ
ਇਹ ਤਾਂ ਮਹਿਜ ਇਕ ਭਰਮ ਹੀ ਹੁੰਦਾ ਸੀ, ਨੰਨੀ ਮੁੰਨੀ ਖਸ਼ਬੂ ਦਾ। ਮਾਂ ਜਦ ਵੀ ਖੁਸ਼ਬੂ ਨੂੰ
ਬਰੂਹਾਂ 'ਚੋਂ ਅੰਦਰ ਆਉਣ ਲਈ ਆਖਦੀ ਤਾਂ ਖੁਸ਼ਬੂ ਧੀਮੀ ਜਿਹੀ ਅਵਾਜ ਵਿਚ ਬੋਲਦੀ, 'ਮੰਮੀ
ਤੁਸੀ ਰੋਟੀ ਬਣਾ ਲਓ, ਮੈਂ ਇੰਤਜਾਰ ਕਰਦੀ ਹਾਂ ਪਾਪਾ ਦਾ, ਅੱਜ ਉਹ ਆ ਹੀ ਜਾਣਗੇ, ਜਰੂਰ।'
ਆਥਣ ਵੇਲੇ ਬਰੂਹੀਂ ਜਾ ਬੈਠਣਾ ਅਤੇ ਆਪਣੇ ਪਾਪਾ ਦੀ ਇੰਤਜਾਰ ਕਰਨਾ ਨਿੱਤ ਦਾ ਕੰਮ ਹੀ
ਸੀ ਖੁਸ਼ਬੂ ਦਾ। ਪਰ, ਜਦ ਪਾਪਾ ਨਾ ਆਉਂਦੇ ਤਾਂ ਬੇ-ਵੱਸ ਹੋ ਕੇ ਭੁੱਬਾਂ ਮਾਰ ਰੋਂਦੀ
ਖੁਸ਼ਬੂ ਵੇਖੀ ਨਾ ਜਾਂਦੀ। ਉਧਰ ਉਸ ਦੀ ਮਾਂ ਵੀ ਅੱਡਰੇ ਕਮਰੇ 'ਚ ਜਾਕੇ ਉਸ ਤੋਂ ਲੁਕ ਕੇ
ਅੱਥਰੂ ਕੇਰਦਿਆਂ ਆਪਣਾ ਦਿਲ ਹੌਲਾ ਕਰ ਲੈਦੀ।
ਬੇਸ਼ਕ ਉਹ ਦੋਵੇ ਮਾਵਾਂ-ਧੀਆਂ ਹੁਣ ਉਦਾਸ ਤਾਂ ਹਰ ਵਕਤ, ਹਰ ਪੱਲ ਹੀ ਰਹਿਣ ਲੱਗ ਪਈਆਂ
ਸਨ ਪਰ, ਫਿਰ ਵੀ ਆਥਣ ਦੇ ਵੇਲੇ ਪਤਾ ਨਹੀ ਕਿਉਂ ਉਡੀਕ ਜਿਹੀ ਦੀਆਂ ਘੜੀਆਂ ਬਣ ਜਾਂਦੀਆਂ
ਸਨ, ਉਨਾਂ ਲਈ। ਆਥਣ ਆਥਣ ਵਿਚ ਕਿੰਨਾ ਢੇਰ ਸਾਰਾ ਬਦਲਾਓ ਆ ਗਿਆ ਸੀ, ਹੁਣ। ਇਕ ਆਥਣ ਵੇਲਾ
ਉਹ ਵੀ ਹੋਇਆ ਕਰਦਾ ਸੀ ਜਦੋਂ ਆਥਣ ਨੂੰ ਰੌਣਕਾਂ ਲੱਗ ਜਾਇਆ ਕਰਦੀਆਂ ਸਨ ਇਸੇ ਹੀ ਵਿਹੜੇ
ਵਿਚ। ਪਰ, ਅੱਜ ਇਕ ਇਹ ਵੀ ਵਕਤ ਆ ਗਿਆ ਸੀ ਕਿ ਅੱਜ ਦੀ ਹਰ ਆਥਣ ਹੌਂਕਾ ਹੀ ਬਣਕੇ ਰਹਿ ਗਈ
ਸੀ, ਖੁਸ਼ਬੂ ਅਤੇ ਨੀਲਮ ਲਈ।
ਵਰਿੰਦਰ ਕੌਰ ਰੰਧਾਵਾ,
ਜੈਤੋ ਸਰਜਾ,
ਬਟਾਲਾ (ਗੁਰਦਾਸਪੁਰ)
(9646852416) |