ਬੋਲਦੇ ਅੱਥਰੂ
ਅਜੀਤ ਸਤਨਾਮ ਕੌਰ  
 (05/05/2019)

ajit-satnamK0


athru"ਹਾਏ…! ਆਹ ਕੀ…? ਮਾਂ ਤਾਂ ਜਿੰਦਾ ਹੈ…!" ਨੂੰਹ ਦੇ ਆਚੰਭਾ ਭਰੇ ਸ਼ਬਦਾਂ ਨਾਲ ਹੀ ਘਰ ਵਿੱਚ ਛਾ ਗਈ ਨਿਰਾਸ਼ਾ ਨੂੰ ਅਰਧ-ਬੇਹੋਸ਼ੀ ਦੀ ਹਾਲਤ ਵਿੱਚ ਪਈ ਸਵਿੰਦ ਕੌਰ ਬੰਦ ਅੱਖਾਂ ਵਿੱਚੋਂ ਵੀ ਸਾਫ਼ ਦੇਖ ਰਹੀ ਸੀ।  ਬੱਚਿਆਂ ਨੂੰ ਮੇਰੀ ਜਿਉਂਦੀ ਦਾ ਇਤਨਾ ਦੁੱਖ ਕਿਉਂ ਹੈ…? ਕੀ ਇਹ ਮੈਨੂੰ ਮਰੀ  ਹੀ ਚਾਹੁੰਦੇ ਨੇ…? ਪਰ ਮੈਂ ਤਾਂ ਇਹਨਾਂ ਦਾ ਕਦੇ ਕੋਈ ਮਾੜਾ ਨਹੀਂ ਸੀ ਕੀਤਾ…! ਨਿੱਤ ਇਹਨਾਂ ਦੇ ਸੌ ਕੰਮ ਸੰਵਾਰਦੀ ਸੀ। ਕੀ ਹੋ ਗਿਆ ਹੁਣ ਮੈਂ ਬਿਰਧ ਹੋ ਗਈ…? ਜੇ ਕੁਝ ਹੋਰ ਨਹੀਂ ਕਰ ਸਕਦੀ, ਮੰਜੇ 'ਤੇ ਬੈਠੀ ਇਹਨਾਂ ਲਈ ਅਰਦਾਸਾਂ ਤਾਂ ਕਰਦੀ ਹਾਂ ਨ੍ਹਾਂ…?

"ਜਾਨ ਛੁੱਟਦੀ, ਕੰਮ ਨਿਬੜਦਾ…! ਨਾਲ਼ੇ ਆਪ ਤੰਗ ਹੁੰਦੀ ਹੈ ਨਾਲ਼ੇ ਸਾਨੂੰ ਕਰਦੀ ਹੈ…!"

"ਮੈਂ ਤਾਂ ਲੱਕੜਾਂ ਲਈ ਵੀ ਆਖ ਆਇਆ ਸੀ…!" ਪੁੱਤ ਦੇ ਮੂੰਹੋਂ ਕੁਪੱਤੇ ਬੋਲ ਸੁਣ ਕੇ ਉਸ ਦੇ ਦਿਲ ਵਿੱਚੋਂ ਉਠੀ ਟੀਸ ਸਾਰੇ ਸਰੀਰ ਵਿੱਚ ਕੈਂਸਰ ਵਾਂਗ ਫ਼ੈਲ ਗਈ! ਆਪਣੀ ਜੰਮੀ ਔਲਾਦ ਨੂੰ ਮਾਂ ਤੋਂ ਬੇਹਤਰ ਕੌਣ ਜਾਣ ਸਕਦਾ ਹੈ?  ਜ਼ਰਾ ਅੱਖ ਫ਼ਰਕੀ ਅਤੇ ਅੱਖਾਂ ਹੰਝੂਆਂ ਨਾਲ ਭਰ ਗਈਆਂ । ਹੰਝੂਆਂ ਨਾਲ ਭਰੀਆਂ ਅੱਖਾਂ ਵਿੱਚੋਂ ਕੋਲ ਖੜ੍ਹਾ ਪਰਿਵਾਰ ਧੁੰਦਲ਼ਾ ਦਿਸਣ ਲੱਗ ਪਿਆ, ਪਰ ਅਤੀਤ ਸ਼ੀਸ਼ੇ ਵਾਂਗ ਸਾਫ਼, ਬਿਲਕੁਲ ਸਪੱਸ਼ਟ ਹੋ ਸਾਹਮਣੇ ਆ ਖੜ੍ਹਿਆ।…

"ਚੱਲ ! ਬੱਸ ਕਰ ਹੁਣ ਰੋਣਾਂ ਧੋਣਾਂ, ਅੱਜ ਤੂੰ ਡੋਲੀ ਚੜ੍ਹ ਮੇਰੇ ਘਰ ਆਈ ਹੈਂ ਤੇ ਹੁਣ ਆਪਾਂ ਮਿਲ ਕੇ ਇੱਕ ਨਵਾਂ ਜੀਵਨ ਸ਼ੁਰੂ ਕਰੀਏ!" ਮੋਹਣ ਸਿੰਘ, ਉਸ ਦਾ ਘਰਵਾਲਾ, ਜੋ ਅੱਜ ਹੀ ਡੋਲੀ ਲੈ ਸਵਿੰਦ ਨੂੰ "ਆਪਣੀ" ਬਣਾ ਕੇ ਆਪਦੇ ਘਰ ਲਿਆਇਆ ਸੀ, ਨੇ ਆਪਦਾ ਹੱਕ ਜਿਹਾ ਜਤਾਉਂਦੇ ਹੋਏ ਕਿਹਾ। ਅੱਖਾਂ ਦੀ ਬਰਸਾਤ ਜਿਵੇਂ ਖ਼ਤਮ ਹੀ ਨਹੀਂ ਸੀ ਹੋਣਾ ਚਾਹੁੰਦੀ। ਧੁੰਦਲ਼ਾ ਜਿਹਾ ਅੱਲ੍ਹੜ ਉਮਰ ਦਾ ਇੱਕ ਵਾਕਿਆ ਯਾਦ ਆ ਗਿਆ।….

"ਵੇਖ ਸਵਿੰਦ, ਹੁਣ ਤੂੰ ਸਿਆਣੀ ਹੋ ਰਹੀ ਹੈਂ, ਕੱਲ੍ਹ ਆਪਣੇ ਘਰ ਜਾਵੇਂਗੀ, ਸਾਡੀ ਜਿੰਮੇਵਾਰੀ ਤੇਰੇ ਵਿਆਹ ਤਿੱਕ ਹੀ ਹੈ, ਜਦੋਂ ਤੇਰੀ ਡੋਲੀ ਐਸ ਘਰ ਤੋਂ ਚਲੀ ਗਈ, ਤੇ ਮੁੜ ਕੋਈ ਸ਼ਿਕਾਇਤ ਨਾ ਆਵੇ, ਸਾਡੇ ਕੋਲ ਖੁਸ਼ ਹੋ ਕੇ ਹੀ ਮਿਲਣ ਗਿਲਣ ਆਈਂ। ਜਿਸ ਘਰ ਗਈ, ਓਥੋਂ ਤੇਰੀ ਅਰਥੀ ਹੀ ਨਿਕਲੇ!" ਜਵਾਨ ਹੁੰਦੀ ਸਵਿੰਦ ਨੂੰ ਮਾਂ ਦੀਆਂ ਸਾਰੀਆਂ ਗੱਲਾਂ ਓਸ ਵੇਲੇ ਸਮਝ ਨਹੀ ਸੀ ਆ ਰਹੀਆਂ। ਪਰ ਅੱਜ ਮੋਹਣ ਸਿੰਘ ਦੇ ਦੋ ਬੋਲਾਂ ਨਾਲ ਹੀ ਮਾਂ ਦੀ ਓਸ ਵੇਲੇ ਕਹੀਆਂ ਗਈਆਂ ਬੇਤੁਕੀਆਂ ਜਿਹੀਆਂ ਗੱਲਾਂ ਦਾ ਸਾਰਾ ਮਤਲਬ ਸਮਝ ਆ ਰਿਹਾ ਸੀ। ….ਮੇਰੇ ਮਾਪੇ, ਭੈਣ, ਭਰਾ, ਉਹ ਘਰ, ਸਭ ਮੇਰੇ ਨਹੀਂ ਸੀ… ਮੇਰਾ ਸਫ਼ਰ ਤਾਂ ਹੁਣ ਸ਼ੁਰੂ ਹੋ ਰਿਹਾ ਸੀ। ਭਾਵੇਂ ਅੱਖਾਂ ਵਿੱਚ ਹੰਝੂ ਸੀ, ਪਰ ਮਨ ਨੂੰ ਸਕੂਨ ਆ ਗਿਆ ਕਿ ਆਪਣਾ ਕਹਿਣ ਨੂੰ ਹੁਣ ਮੇਰਾ ਵੀ ਘਰ ਹੋਊਗਾ। ਹਾਲਾਂਕਿ ਕਿਸੇ ਵੀ ਧੀ ਲਈ ਇਹ ਗੱਲ ਬਹੁਤ ਹੀ ਪੀੜਾਦਾਇਕ ਹੁੰਦੀ ਹੈ ਕਿ ਕਿਵੇਂ ਪਿਛਲੇ ਸਾਰੇ ਰਿਸ਼ਤੇ ਚਾਰ "ਫ਼ੇਰਿਆਂ" ਨਾਲ ਹੀ ਆਪਣਾ ਹੱਕ ਬਦਲ ਲੈਂਦੇ ਹਨ। ਪਰ ਸਮਾਜਿਕ ਪ੍ਰੰਪਰਾਵਾਂ ਨੂੰ ਚਲਾਣ ਲਈ ਖਾਮੋਸ਼ੀ ਨਾਲ ਸਭ ਸਵੀਕਾਰਨਾ ਹੀ ਪੈਦਾ ਹੈ।

ਮੋਹਣ ਸਿੰਘ ਨੇ ਧੀਮੇ ਜਹੀ ਸਵਿੰਦ ਦਾ ਹੱਥ ਦੱਬਿਆ ….ਤੇ ਜਿਵੇਂ ਉਹ ਪੇਕਿਆਂ ਤੋਂ ਸਿੱਧੀ ਸਹੁਰੇ ਘਰ ਆ ਡਿੱਗੀ ਹੋਵੇ। ਵਿਆਹ ਦੇ ਢੋਲ-ਢਮੱਕੇ ਦੇ ਨਾਲ ਹੀ ਆਪਣੇ ਨਵੇਂ ਜੀਵਨ ਵਿੱਚ ਵੀ ਸੰਗੀਤ ਵੱਜਣ ਲੱਗ ਪਿਆ। ਇਸ ਸੰਗੀਤ ਵਿੱਚ ਕਦੋਂ ਕਿਲਕਾਰੀਆਂ ਅਤੇ ਲੋਰੀਆਂ ਦੇ ਸੁਰ ਰਲ ਗਏ, ਸਵਿੰਦ ਕੌਰ ਨੂੰ ਪਤਾ ਹੀ ਨਹੀਂ ਲੱਗਿਆ। ਉਹ ਤਾਂ ਹਜੇ ਆਪਣੇ ਆਪ ਨੂੰ ਵੀ ਬਾਲੜੀ ਜਿਹੀ ਹੀ ਮਹਿਸੂਸ ਕਰਦੀ ਸੀ। ਘਰ ਦੇ ਢੇਰ ਸਾਰੇ ਚੁੱਲ੍ਹੇ-ਚੌਂਕੇ ਦੇ ਕੰਮ ਨਾਲ ਨਾਲ ਵੱਡੇ ਪਰਿਵਾਰ ਦੀ ਸਾਰ ਸੰਭਾਲ, ਸਭ ਨੂੰ ਖੁਸ਼ ਰੱਖਣਾ, ਮੰਜੇ 'ਤੇ ਪਏ ਦਾਦੇ ਸਹੁਰੇ ਦੀ ਦੇਖ-ਭਾਲ ਤਾਂ ਦਿਨ ਰਾਤ ਹੀ ਕਰਨੀ ਪੈਂਦੀ ਸੀ। ਸੁੱਖ ਨਾਲ ਆਪਦੇ ਵੀ ਚਾਰ ਜੁਆਕ ਹੋ ਗਏ ਸੀ। ਸਵਿੰਦ ਨੂੰ ਪਤਾ ਹੀ ਨਹੀਂ ਚੱਲਿਆ ਕਿ ਜ਼ਿੰਦਗੀ ਜੀਵੀਂ ਹੈ? ਯਾਂ ਕੀ ਬੀਤੀ ਹੈ?? ਆਪਦੇ ਨਿਆਣੇ ਪਾਲ਼ਦੇ-ਪਾਲ਼ਦੇ ਮੱਥੇ ਦੀ ਲੱਟ ਚਿੱਟੀ ਹੋ ਗਈ, ਜਿਸ ਨੂੰ ਅੱਜ ਸ਼ੀਸ਼ੇ ਵਿੱਚ ਵੇਖ ਕੇ ਉਸ ਨੇ ਇੱਕ ਠੰਢਾ ਜਿਹਾ ਸਾਹ ਭਰਿਆ ਅਤੇ ਹੱਥ ਜੋੜ ਕੇ ਕਿਹਾ ਕਿ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਨਿਆਣੇ ਹੁਣ ਸਿਆਣੇ ਹੋ ਚੱਲੇ ਹਨ। ਬੱਚਿਆਂ ਦੇ ਵਿਆਹਾਂ ਦੀਆਂ ਗੱਲਾਂ ਘਰ ਵਿੱਚ ਚੱਲ ਰਹੀਆਂ ਸਨ।

"ਸਵਿੰਦ, ਮੈਨੂੰ ਤੇ ਆਪਣੇ ਵੱਡੇ ਮੁੰਡੇ ਦਾ ਰਿਸ਼ਤਾ ਪਸੰਦ ਆਇਆ ਹੈ, ਤੂੰ ਕਿ ਕਹਿੰਦੀ ਹੈਂ?" ਪਤੀਦੇਵ ਨੇ ਹਾਂਮ੍ਹੀਂ ਭਰਵਾਉਣ ਦੇ ਮਕਸਦ ਨਾਲ ਗੁਰਦਿੱਤੇ ਪੁੱਤਰ ਦੇ ਆਏ ਰਿਸ਼ਤੇ ਦੀ ਗੱਲ ਸਾਂਝੀਂ ਕੀਤੀ।

"ਹਾਂਜੀਂ, ਰਿਸ਼ਤਾ ਉਹਨਾਂ ਨੇ ਆਪ ਹੀ ਮੰਗਿਆ ਹੈ, ਸਾਡੇ ਲਈ ਤੇ ਮਾਣ ਦੀ ਗੱਲ ਹੈ।" ਚਿਹਰੇ 'ਤੇ ਚਮਕ ਜਿਹੀ ਆ ਗਈ। ਸਵਿੰਦ ਦੇ ਜਿਵੇਂ ਆਪਣੇ ਸੱਸ ਹੋਣ ਦੀ ਰਾਹ ਤੱਕ ਰਹੀ ਸੀ । ਜਲਦ ਹੀ ਘਰ ਦਾ ਮਾਹੌਲ ਸ਼ਹਿਨਾਈ ਵਿੱਚ ਬਦਲ ਗਿਆ। ਨੂੰਹ ਘਰ ਆਈ ਤੇ ਜਿਵੇਂ ਸਵਿੰਦ ਨੂੰ ਆਪਣੀ ਵਿਦਾਈ ਯਾਦ ਆ ਗਈ। ਨਾਲ ਹੀ ਨੂੰਹ ਵਾਸਤੇ ਮੋਹ ਨਾਲ ਮਨ ਭਰ ਆਇਆ। ਮੈਂ ਵੀ ਆਪਦੇ ਸਾਰੇ ਪਰਿਵਾਰ ਨੂੰ ਛੱਡ ਕੇ ਆਈ ਸੀ ਤੇ ਅੱਜ ਇਹ ਵੀ ਮੇਰੇ ਪੁੱਤ ਦਾ ਘਰ ਵਸਾਉਣ ਆ ਗਈ ਹੈ। ਬਹੁਤ ਖੁਸ਼ ਸੀ, ਉਡੀ ਫ਼ਿਰਦੀ ਸੀ ਆਪਣੇ ਪੁੱਤ ਦਾ ਘਰ ਵਸਾ ਕੇ!

"ਸੁਣਦੇ ਹੋ, ਮੇਰਾ ਜੋ ਸੋਨਾਂ ਹੈ, ਓਸ ਵਿੱਚੋਂ ਮੈਂ ਸੋਨੇ ਦੀ ਗਾਂਨੀ ਤੇ ਕਾਂਟੇ ਬਹੂ ਨੂੰ "ਮੱਥਾ ਟਿਕਾਈ" ਦੀ ਰਸਮ ਵਿੱਚ ਦੇ ਦਵਾਂ? ਬਾਕੀ ਦਾ ਦੂਜੇ ਬੱਚਿਆਂ ਵਿੱਚ ਵੰਡ-ਦੂੰਗੀ?" ਖੁਸ਼ੀ ਨਾਲ ਅੱਜ ਸਭ ਕੁਝ ਨਿਛਾਵਰ ਕਰਨ ਨੂੰ ਜਿਵੇਂ ਤਿਆਰ ਹੀ ਬੈਠੀ ਸੀ।

"ਕਮਲੀ ਨਾ ਬਣ…! ਬਹੂ ਦੇ ਨਿਵੇਤ ਦਾ ਸੋਨਾ ਉਹਨੂੰ ਪਾ ਦਿੱਤਾ ਹੈ, ਤੂੰ ਆਪਣਾ ਆਪਦੇ ਕੋਲ ਰੱਖ, ਤੇਰੇ ਔਖੇ ਵੇਲੇ ਕੰਮ ਆਉਗਾ", ਮੋਹਣ ਸਿੰਘ ਜਿਵੇਂ ਕੁਝ ਇਸ਼ਾਰੇ ਵਿੱਚ ਸਮਝਾਉਣਾ ਚਾਹੁੰਦਾ ਸੀ ਕਿ ਨੂੰਹਾਂ ਨੂੰ ਕਾਬੂ ਰੱਖਣ ਦੇ ਵੀ ਕੁਝ ਅਸੂਲ ਹੁੰਦੇ ਹਨ। ਇਸ ਪਾਸਿਓਂ ਸਵਿੰਦ ਭੋਲ਼ੀ ਹੀ ਸੀ, "ਜੋ ਕੁਝ ਹੈ, ਇਹਨਾਂ ਦਾ ਹੀ ਤੇ ਹੈ! ਅੱਜ ਕੀ ਤੇ ਕੱਲ੍ਹ ਕੀ, ਮੈਨੂੰ ਰੀਝ ਆਉਂਦੀ ਹੈ!" ਪਤੀਦੇਵ ਨੇ ਸੁਆਲੀਆ ਨਜ਼ਰਾਂ ਨਾਲ ਸਵਿੰਦ ਨੂੰ ਵੇਖਦੇ ਹੋਏ ਸਲਾਹ ਦਿੱਤੀ, "ਭਾਗਵਾਨੇ ਜੇ ਮੈਨੂੰ ਕੁਝ ਹੋ ਗਿਆ, ਤੇ ਐਸ ਸੋਨੇ ਨੇ ਹੀ ਤੇਰੀ ਕਦਰ ਪਵਾਉਣੀ ਹੈ ਘਰ ਵਿੱਚ!" ਸਵਿੰਦ ਨੇ ਮੂੰਹ 'ਤੇ ਹੱਥ ਰੱਖ ਦਿੱਤਾ, "ਅੱਜ ਤੇ ਆਹ ਗੱਲ ਕਹਿ ਦਿੱਤੀ, ਅੱਗੋਂ ਕਦੇ ਨਾ ਕਿਹੋ, ਮੈਂ ਤੁਹਾਡੇ ਹੱਥੀਂ ਹੀ ਜਾਣਾ ਹੈ ਇਸ ਦੁਨੀਆਂ ਤੋਂ!" ਉਸ ਦੀਆਂ ਅੱਖਾਂ ਭਰ ਆਈਆਂ ਤੇ ਪਤੀ-ਪ੍ਰਮੇਸ਼ਰ ਦੇ ਮੋਢੇ 'ਤੇ ਸਿਰ ਲਾ ਲਿਆ, "ਮੈਨੂੰ ਮੇਰੇ ਬੱਚਿਆਂ ਤੋਂ ਆਹ ਸੋਨਾ ਜ਼ਿਆਦਾ ਪਿਆਰਾ ਨਹੀਂ, ਹੱਥੀ ਦੇ ਦਿਊਂਗੀ ਤੇ ਖੁਸ਼ ਹੋਣਗੀਆਂ, ਪਿੱਛੋਂ ਕਿਸ ਨੇ ਦੇਖਿਆ ਹੈ?"

"ਚੱਲ ਬਾਬਾ, ਜਿਵੇਂ ਤੂੰ ਖੁਸ਼!" ਸਵਿੰਦ ਦੇ ਹੰਝੂ ਪੂੰਝਦੇ ਹੋਏ ਮੋਹਣ ਬੋਲਿਆ। ਜਦ ਬਹੂ ਨਿਰਮਲ ਕੌਰ ਮੱਥਾ ਟੇਕਣ ਆਈ, ਆਪਣੀ ਬੁੱਕਲ਼ ਵਿੱਚ ਲਕੋਏ ਸੋਨੇ ਦੇ ਗਹਿਣੇ ਬਹੂ ਦੀ ਝੋਲੀ ਵਿੱਚ ਪਾ ਦਿੱਤੇ ਅਤੇ ਅਸੀਸਾਂ ਅਤੇ ਦੁਆਵਾਂ ਦਾ ਹੜ੍ਹ ਲਿਆ ਦਿੱਤਾ। ਘਰ ਵਿੱਚ ਚਹਿਲ-ਪਹਿਲ ਵਧ ਗਈ ਸੀ। ਸਾਲ ਲਾਡ ਪਿਆਰ ਵਿੱਚ ਹੀ ਗੁਜ਼ਰ ਗਿਆ। ਲੱਗਦੇ ਸਾਲ ਨੂੰ ਨਿਰਮਲ ਦਾ ਪੈਰ ਭਾਰੀ ਹੋ ਗਿਆ। ਮੂਲ਼ ਨਾਲੋਂ ਵਿਆਜ਼ ਜ਼ਿਆਦਾ ਪਿਆਰਾ ਹੁੰਦਾ ਹੈ, ਅਤੇ ਹੁਣ ਸਵਿੰਦ ਦਾ ਸਾਰਾ ਸਮਾਂ ਬਹੂ ਦੇ ਇਰਦ- ਗਿਰਦ ਪ੍ਰਕਰਮਾਂ ਕਰਦਿਆਂ ਹੀ ਗੁਜਰਦਾ। ਕੀ ਖਾਣੈਂ? ਕਦੋਂ ਖਾਣੈਂ? ਸੌਣਾ, ਉਠਣਾ, ਬੈਠਣਾ, ਸਭ ਦਾ ਖਿਆਲ ਰੱਖਦੀ, ਜਿਵੇਂ ਨਵੇਂ 'ਜੀਅ' ਦੇ "ਸੁਆਗਤ" ਦੀ ਹਰ ਵੇਲੇ ਤਿਆਰੀ ਕਰ ਰਹੀ ਹੋਵੇ। ਭਾਗਾਂ ਭਰਿਆ ਦਿਨ ਆਇਆ, ਤੇ ਨੌਂ ਮਹੀਨੇ ਦੀ ਸੇਵਾ ਤੋਂ ਬਾਅਦ ਸਵਿੰਦ ਨੂੰ ਇੱਕ ਗੁਲਾਬੀ ਹੱਥਾਂ ਵਾਲੀ ਕੋਮਲ ਜਿਹੀ ਰਾਜਕੁਮਾਰੀ ਦੀ ਦਾਦੀ ਬਣਨ ਦਾ ਸੁਭਾਗ ਮਿਲਿਆ।

ਦਿਨ ਗੁਜ਼ਰਦਿਆਂ ਆਪਣਾ ਪਰਿਵਾਰ ਵਧਣ-ਫ਼ੁੱਲਣ ਲੱਗ ਪਿਆ। ਨਿੱਕੀ ਜਿਹੀ ਜੁਆਕੜੀ ਪੋਤੀ ਪਾਲ਼ਦੇ ਹੋਏ ਆਪਣੀ ਧੀ ਦੇ ਵਿਆਹ ਦਾ ਖ਼ਿਆਲ ਆਉਣ ਲੱਗ ਪਿਆ। ਤਿੰਨੋਂ ਪੁੱਤਰ ਆਪਣੇ-ਆਪਣੇ ਕੰਮ ਧੰਦੇ ਲੱਗੇ ਸੀ। ਪਰ ਕੋਮਲ ਵੀ ਪੜ੍ਹ ਰਹੀ ਸੀ। ਘਰ ਵਿਚ ਲਾਡਲੀ ਸੀ ਤੇ ਜ਼ਿਆਦਾ ਕੋਈ ਕੁਝ ਆਖਦਾ ਵੀ ਨਹੀਂ ਸੀ। ਪਰ ਸਵਿੰਦ ਸੋਚ ਕੇ ਬੈਠੀ ਸੀ ਕਿ ਇਸ ਵਾਰ ਕੋਮਲ ਨਾਲ ਵਿਆਹ ਦਾ ਜ਼ਿਕਰ ਜ਼ਰੂਰ ਕਰੇਗੀ। ਦਿਵਾਲੀ ਦੀ ਛੁੱਟੀਆਂ 'ਤੇ ਜਦ ਕੋਮਲ ਘਰ ਆਈ ਤਾਂ ਮਾਂ ਨੇ ਮੌਕਾ ਦੇਖ ਕੇ ਉਸ ਨੂੰ ਟਹਿਆ ।

"ਦੇਖ ਪੁੱਤ, ਹਰ ਕੰਮ ਆਪਦੇ ਸਮੇਂ 'ਤੇ ਹੀ ਸੋਭਦੇ ਹਨ, ਤੇਰੇ ਹੱਥ ਪੀਲੇ ਕਰਣ ਦਾ ਵੀ ਸਮਾਂ ਆ ਗਿਆ ਹੈ, ਆਹੀ ਸਾਲ ਪੂਰਾ ਕਰ, ਤੇ ਅਸੀ ਵੀ ਸੁਰਖਰੂ ਹੋਈਏ!"

"ਕੀ ਮਤਲਬ ਹੈ ਤੇਰਾ ਮਾਂ…? ਮੇਰੇ ਵਿਆਹ ਬਾਰੇ ਤੇ ਸੋਚਿਓ ਜੇ ਵੀ ਨਾਂ…! ਮੇਰੀ ਡਿਗਰੀ ਪੂਰੀ ਹੋਣ ਤੋਂ ਬਾਅਦ ਮੈਂ ਪ੍ਰਰੈਕਟਿਸ ਕਰਕੇ ਕੈਰੀਅਰ ਬਣਾਉਣੈ, ਨਾ ਕਿ ਵਿਆਹ ਕਰਵਾ ਕੇ ਕਿਸੇ ਦੀ ਗੁਲਾਮ ਬਣਨਾ ਹੈ!" ਸਾਰਾ "ਫ਼ਿਊਚਰ ਪਲਾਨ" ਕੋਮਲ ਨੇ ਇੱਕ ਸਾਹ ਵਿਚ ਮਾਂ ਨੂੰ ਦੱਸ ਮਾਰਿਆ। ਆਪਣੀ ਧੀ ਦੇ ਜ਼ਿੱਦੀ ਸੁਭਾਅ ਨੂੰ ਉਹ ਚੰਗੀ ਤਰ੍ਹਾਂ ਜਾਣਦੀ ਸੀ। ਰਾਤ ਨੂੰ ਸਾਰੀ ਗੱਲ ਪਤੀਦੇਵ ਨੂੰ ਦੱਸੀ। ਸੁਣਕੇ ਮੋਹਣ ਸਿੰਘ ਉਦਾਸ ਹੋ ਗਿਆ ਸੀ। ਪਰ ਹਾਉਕਾ ਜਿਹਾ ਭਰ ਕੇ ਬੋਲਿਆ, "ਧੀ ਦਾ ਧਨ ਹੈ, ਘਰੋਂ ਧੱਕੇ ਨਾਲ ਤਾਂ ਨਹੀਂ ਕੱਢ ਸਕਦੇ? ਕਰ ਲੈਣ ਦੇ ਜੋ ਕਰਨਾ ਚਾਹੁੰਦੀ ਹੈ।" ਅੱਖਾਂ ਬੰਦ ਕਰ ਕੇ ਕਿਸੇ ਗਹਰੀ ਸੋਚ ਵਿੱਚ ਖੋਅ ਗਿਆ। ਪਰ ਕੋਲ ਪਈ ਸਵਿੰਦ ਟਿਕ-ਟਿਕੀ ਲਗਾਏ ਛੱਤ ਵੱਲ ਵੇਖਦੀ ਹੋਈ ਇੱਕ ਅਣਜਾਣ ਜਿਹੀ ਚਿੰਤਾ ਵਿੱਚ ਖੁੱਭ ਗਈ। ਪੋਤੀ ਦੋ ਸਾਲ ਦੀ ਹੋ ਗਈ ਸੀ। ਹੁਣ ਦੂਜੇ ਪੁੱਤਰ ਦੇ ਵਿਆਹ ਬਾਰੇ ਫ਼ਿਕਰ ਕਰਨ ਲੱਗ ਪਈ। ਭੂਆ ਸੱਸ ਆਈ ਨੂੰ ਵੇਖ ਕੇ ਸਵਿੰਦ ਨੂੰ ਲੱਗਿਆ ਜਿਵੇਂ ਮਨ ਦੀ ਮੁਰਾਦ ਪੂਰੀ ਹੋ ਗਈ। ਖਾਣੇਂ ਤੋਂ ਵਿਹਲੀ ਹੋ ਕੇ ਉਹ ਲੰਮੀ ਪਈ ਭੂਆ ਸੱਸ ਦੇ ਪੈਰਾਂ ਵੱਲ ਆ ਬੈਠ ਗਈ ਅਤੇ ਮੰਨ ਦੀ ਗੰਢ ਖੋਲ੍ਹ ਦਿੱਤੀ।

"ਤੂੰ ਫ਼ਿਕਰ ਕਾਹਦੀ ਕਰਦੀ ਏਂ? ਰਿਸ਼ਤਿਆਂ ਦਾ ਕਿਹੜਾ ਕਾਲ ਪਿਆ ਏ??"
"ਮੇਰੇ ਮਨ ਤੋਂ ਤਾਂ ਤੁਸਾਂ ਬੋਝ ਹੀ ਲਾਹ ਦਿੱਤਾ ਭੂਆ ਜੀ!"
"ਬੱਸ, ਤੂੰ ਤਿਆਰੀ ਖਿੱਚ ਕੁੜ੍ਹੇ!"

ਮਹੀਨੇ ਵਿੱਚ ਹੀ ਬਹੁਤ ਉੱਚੇ ਘਰ ਦਾ ਰਿਸ਼ਤਾ ਭੂਆ ਨੇ ਵਿਚੋਲਣ ਬਣ ਕਰਵਾ ਦਿੱਤਾ। ਭੁਆ ਦਾ ਪਰਤਾਪ ਸੀ, ਗੱਲ ਬਿਨਾ ਕਿਸੇ ਮੀਣ-ਮੇਖ ਤੋਂ ਸਿਰੇ ਲੱਗ ਗਈ। ਮੁੜ ਇੱਕ ਵਾਰ ਫੇਰ ਘਰ ਵਿੱਚ ਧੂੰਮ-ਧੜੱਕਾ ਮੱਚਿਆ ਅਤੇ ਵੱਡੇ ਘਰ ਦੀ ਕੁੜੀ ਨੂੰਹ ਬਣ ਆ ਗਈ। ਦੂਜੇ ਪੁੱਤ ਦਾ ਘਰ ਵਸਾਉਣ ਲਈ। ਸਵਿੰਦ ਨੇ ਬੜੇ ਚਾਅ ਨਾਲ ਬੁੱਕਲ਼ ਵਿੱਚ ਦੂਜੀ ਨੂੰਹ ਦੇ "ਮੱਥਾ ਟਿਕਾਈ" ਵਾਸਤੇ ਦੇਣ ਲਈ ਆਪਦੇ ਕੁਝ ਗਹਿਣੇ ਲਕੋਈ ਖੜ੍ਹੀ, ਬੜੀ ਬੇਤਾਬੀ ਨਾਲ ਨੂੰਹ ਦੀ ਰਾਹ ਦੇਖ ਰਹੀ ਸੀ। ਬੇਸਬਰੀ ਨਾਲ ਕਦੇ ਪਤੀਦੇਵ ਵੱਲ ਵੇਖ ਲੈਦੀਂ ਸੀ ਅਤੇ ਕਦੇ ਬੂਹੇ ਵੱਲ। ਸੋਚ ਰਹੀ ਸੀ ਕਿ ਔਰਤ ਨੂੰ ਆਪਣੇ ਗਹਿਣੇ ਗੱਟੇ ਨਾਲ ਬਹੁਤ ਪਿਆਰ ਹੁੰਦਾ ਹੈ, ਪਰ ਔਲਾਦ ਦੇ ਸਾਹਮਣੇ ਉਸ ਦੀ ਵੀ ਚਮਕ ਘੱਟ ਜਾਂਦੀ ਹੈ। ਕਾਫ਼ੀ ਦੇਰ ਉਡੀਕਣ ਤੋਂ ਬਾਅਦ ਪੁੱਤ ਨੂੰ ਹਾਕ ਮਾਰੀ, "ਚੰਨਿਆਂ, ਵੇ ਤੇਰੀ ਬਹੂ ਕਿੱਥੇ ਆ? ਮੈਂ ਸ਼ਗਨ ਫੜੀ ਬੈਠੀ ਹਾਂ!"

"ਮਾਂ ਉਹ ਤਾਂ ਪੈਗੀ, ਥੱਕੀ ਪਈ ਸੀ!" ਮੁੰਡੇ ਨੇ ਮੀਸਣਾ ਜਿਹਾ ਬਣ ਕੇ ਉਤਰ ਦਿੱਤਾ।
ਮੋਹਣ ਸਿੰਘ ਦੇ ਕੁਝ ਬੋਲਣ ਤੋਂ ਪਹਿਲਾ ਹੀ ਬੋਲ ਪਈ।

"ਆਹੋ! ਬੰਦਾ ਥੱਕ ਤਾਂ ਜਾਂਦਾ ਹੀ ਹੈ, ਚਲ ਮੈਂ ਹੀ ਸ਼ਗਨ ਫੜਾ ਆਉਂਦੀ ਹਾਂ, ਆਖਰ ਮੇਰੀ ਨੂੰਹ ਹੈ!" ਆਖ ਕੇ ਉਹ ਨਵੀਂ ਨੂੰਹ ਸਵੀਟੀ ਦੇ ਕਮਰੇ ਵੱਲ ਟੁਰ ਪਈ । 
ਸਵੀਟੀ ਮੱਥੇ 'ਤੇ ਹੱਥ ਰੱਖ ਲੇਟੀ ਜਿਵੇਂ ਸਿਰਫ਼ ਆਪਣੇ ਪਤੀ ਚੰਨਣ ਸਿੰਘ ਦਾ ਇੰਤਜਾਰ ਕਰ ਰਹੀ ਸੀ ।

"ਕੀ ਗੱਲ ਪੁੱਤ, ਥੱਕ ਗਈ ਲੱਗਦੀ ਹੈਂ?" ਸੱਸ ਦਾ ਚਾਅ ਅਤੇ ਮਮਤਾ ਉਬਲ਼ ਉਬਲ਼ ਪੈਂਦੀ ਸੀ।
"ਹੂੰ…!" ਬੱਸ ਇਤਨਾ ਹੀ ਜਵਾਬ ਮਿਲਿਆ ਸਵੀਟੀ ਤੋਂ!
"ਮੈਂ ਉਡੀਕਦੀ ਸੀ ਸ਼ਗਨ ਦੇਣ ਲਈ ਮੱਥਾ ਟੇਕ…!" ਸ਼ਬਦ ਸਵਿੰਦ ਦੇ ਗਲੇ ਵਿੱਚ ਅਟਕ ਗਏ। ਕਿਉਂਕਿ ਬਹੂ ਨੇ ਤੇ ਉਠ ਕੇ ਬੈਠਣ ਦੀ ਵੀ ਤਕਲੀਫ਼ ਨਹੀਂ ਸੀ ਕੀਤੀ।
"ਲੈ ਪੁੱਤ, ਮੇਰੀ ਪੂੰਜੀ ਵਿੱਚੋਂ ਤੇਰਾ ਹਿੱਸਾ!"

"ਤੁਸੀਂ ਮੈਨੂੰ ਸੈੱਟ ਪਾਅ ਤਾਂ ਦਿੱਤਾ ਸੀ? ਮੇਰੇ ਮਾਪਿਆਂ ਨੇ ਬਥੇਰਾ ਦੇ ਦਿੱਤਾ ਮੈਨੂੰ, ਤੁਸੀ ਆਪਣਾ ਆਪਣੇ ਕੋਲ਼ ਰੱਖੋ!"
"ਮੈਂ ਹੁਣ ਬੁੱਢੇ ਬਾਰੇ ਕਿਸ ਨੂੰ ਵਖਾਉਣੇ ਨੇ? ਥੋਡੀ ਤਾਂ ਉਮਰ ਹੈ।" ਆਖ ਕੇ ਗਹਿਣੇ ਬਹੂ ਦੇ ਅੱਗੇ ਰੱਖ ਕੇ ਕਮਰੇ ਤੋਂ ਬਾਹਰ ਆ ਗਈ। ਮੋਹਣ ਸਿੰਘ ਨੇ ਕੁਝ ਸ਼ੱਕੀ ਨਜ਼ਰਾਂ ਨਾਲ ਵੇਖਿਆ, ਪਰ ਉਹ ਕੁਝ ਨਹੀਂ ਬੋਲੀ। ਪਰ ਉਸ ਦੀ ਖ਼ਾਮੋਸ਼ੀ ਨੇ ਸਭ ਬਿਆਨ ਕਰ ਦਿੱਤਾ ਸੀ।

ਵਕਤ ਜਿਵੇਂ ਖੰਭ ਲਾ ਕੇ ਉਡ ਰਿਹਾ ਸੀ।
ਤੀਜੇ ਪੁੱਤ ਦੇ ਵਿਆਹ ਦਾ ਖਿਆਲ ਆਇਆ ਤੇ ਸ਼ਾਮ ਦੇ ਵੇਲੇ ਜੀਵਨ ਸਿੰਘ ਕੋਲ ਬੈਠ ਕੇ ਵਿਆਹ ਲਈ ਟੋਹਿਆ ।
"ਹਾਂ ਮਾਂ ਮੈਂ ਵੀ ਸੋਚ ਹੀ ਰਿਹਾ ਸੀ ਕਿ ਤੇਰੇ ਨਾਲ ਗੱਲ ਕਰਾਂ? ਮੇਰੇ ਨਾਲ ਜੋ ਸ਼ਾਨੋ ਪੜ੍ਹਦੀ ਸੀ, ਮੇਰੀ ਤੇ ਓਸ ਦੀ ਦੋਸਤੀ ਹੈ, ਮੈਂ ਉਸ ਨਾਲ ਹੀ ਵਿਆਹ ਕਰਵਾਉਣਾ ਚਾਹੁੰਦਾ ਹਾਂ!" ਪੁੱਤ ਨੇ ਪਿਟਾਰੀ ਖੋਲ੍ਹ ਮਾਂ ਅੱਗੇ ਰੱਖ ਦਿੱਤੀ।

"ਤੂੰ ਤਾਂ ਮੈਨੂੰ ਬਾਹਲਾ ਹੀ ਸੁਖਾਲਾ ਕਰ ਦਿੱਤਾ ਪੁੱਤ! ਲੈ, ਮੈਂ ਕੱਲ੍ਹ ਹੀ ਤੇਰੇ ਬਾਪੂ ਨਾਲ ਗੱਲ ਕਰਦੀ ਹਾਂ।" ਆਖ ਕੇ ਉਸ ਨੇ ਸੁਖ ਦਾ ਸਾਹ ਲਿਆ ।
"ਕੁੜੀ ਵਾਲੇ ਪਹਿਲਾਂ ਹੀ ਤਿਆਰ ਨੇ, ਤੁਸੀ ਆਪਦਾ ਦੇਖ ਲਵੋ!" ਜੀਵਨ ਵੱਲੋਂ ਜਿਵੇਂ ਲੱਗਭੱਗ ਸਭ ਤੈਅ ਹੋਇਆ ਹੀ ਜਾਪਦਾ ਸੀ। ਪਤੀ ਦੀ ਤਬੀਅਤ ਜ਼ਿਆਦਾਤਰ ਖਰਾਬ ਹੀ ਰਹਿਣ ਕਰ ਕੇ ਸਭ ਨਿਆਣੇ ਜਲਦ ਹੀ ਵਿਆਹ ਕੇ ਫ਼ਾਰਗ ਹੋਣਾ ਚਾਹੁੰਦੀ ਸੀ। ਧੀ ਅਜੇ ਵੀ ਕੋਈ ਲੜ ਪੱਲਾ ਨਹੀ ਸੀ ਫੜਾ ਰਹੀ। ਉਸ ਦੀ ਵਿਆਹ ਵਿੱਚ ਕੋਈ ਰੁਚੀ ਨਹੀਂ ਲੱਗਦੀ ਸੀ। ਪਰ ਉਸ ਨੇ ਕਦੇ ਕੋਈ ਠੋਸ ਕਾਰਨ ਵੀ ਨਹੀ ਸੀ ਦੱਸਿਆ। ਤੀਜੇ ਪੁੱਤ ਦੇ ਵਿਆਹ ਦੀ ਤਿਆਰੀ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਸੀ। ਕਿੰਨੇ ਦਿਨਾਂ ਦੀ ਤਿਆਰੀ ਤੋਂ ਬਾਅਦ ਅੱਜ ਜੰਝ ਚੜ੍ਹਾAਣ ਦਾ ਦਿਨ ਆਇਆ ਕਿ ਅਚਾਨਕ ਪਤੀ ਮੋਹਣ ਸਿੰਘ ਦੀ ਤਬੀਅਤ ਪਹਿਲਾਂ ਨਾਸਾਜ਼ ਹੋਈ ਅਤੇ ਫ਼ਿਰ ਜ਼ਿਆਦਾ ਹੀ ਵਿਗੜ ਗਈ।
"ਜਾਹ, ਤੂੰ ਪਹਿਲਾਂ ਡਾਕਟਰ ਬੁਲਾ ਲਿਆ, ਜੰਝ ਥੋੜ੍ਹੀ ਦੇਰ ਨਾਲ ਚੜ੍ਹ ਜਾਉਗੀ।" ਪਤੀਦੇਵ ਵੱਲ ਵੇਖ ਕੇ ਉਸ ਨੇ ਫ਼ਿਕਰ ਨਾਲ ਕਿਹਾ।

"ਹਾਂਜੀ, ਤੋਰ ਦਿੱਤਾ ਮੁੰਡਾ।"

ਮੋਹਣ ਸਿੰਘ ਨੂੰ ਕੁਝ ਲੋੜੀਂਦੀਆਂ ਦੁਆਈਆਂ ਦੇ ਕੇ ਪੁੱਤ ਦੇ ਵਿਆਹ ਦੀਆਂ ਬਾਕੀ ਰਸਮਾਂ ਪੂਰੀਆਂ ਕੀਤੀਆਂ ਗਈਆਂ। ਡੋਲੀ ਘਰ ਆ ਗਈ। ਪਰ ਅੱਜ ਨੂੰਹ ਨੂੰ "ਮੱਥਾ ਟਿਕਾਈ" ਦੇਣ ਵਿੱਚ ਸਵਿੰਦ ਦਾ ਕੁਝ ਖ਼ਾਸ ਉਤਸ਼ਾਹ ਨਹੀਂ ਸੀ।

"ਦਿੱਲ ਕਿਉਂ ਢਾਹੀ ਬੈਠੀ ਹੈਂ? ਚੱਲ, ਕਢ ਉਹ ਨੂੰਹ ਦੇ ਹਿੱਸੇ ਦੇ ਗਹਿਣੇ!" ਸਵਿੰਦ ਦੇ ਮਨ ਦਾ ਮਾਹੌਲ ਬਦਲਣ ਲਈ ਮੋਹਣ ਸਿੰਘ ਨੇ ਕਿਹਾ।
"ਹੂੰ…! ਪਰ ਅੱਜ ਮੇਰਾ ਚਿੱਤ ਕਰਦਾ ਹੈ ਕਿ ਤੁਹਾਡੇ ਹੱਥੋਂ ਸ਼ਗਨ ਦੁਵਾਊਂ।" ਸਵਿੰਦ ਕੌਰ ਬੋਲੀ।
"ਬੱਸ਼….???? ਚੱਲ, ਬੁਲਾ ਬਹੂ ਨੂੰ, ਮਾਰ ਵਾਜ!" ਮੋਹਣ ਸਿੰਘ ਉਸ ਦਾ ਉਦਾਸ ਚਿਹਰਾ ਨਹੀਂ ਸੀ ਵੇਖ ਸਕਦਾ।

ਸਭ ਕੁਝ ਨਿੱਬੜ ਗਿਆ। ਮਹਿਮਾਨ ਵਾਪਿਸ ਮੁੜ ਗਏ। ਸਵਿੰਦ ਦਾ ਪਰਿਵਾਰ ਵੱਡਾ ਹੋ ਗਿਆ ਸੀ। ਬੱਚਿਆਂ ਦੇ ਫ਼ਿਕਰਾਂ ਵਿੱਚ ਸਮਾਂ ਤੇਜੀ ਨਾਲ ਭੱਜ ਰਿਹਾ ਸੀ। ਵੱਡੇ ਪੁੱਤ ਦੇ ਤਿੰਨ ਨਿਆਣੇ ਹੋ ਗਏ ਹਨ। ਵਿਚਲੇ ਦੇ ਦੋ ਅਤੇ ਨਿੱਕੇ ਦੇ ਵੀ ਤਿੰਨ ਨਿਆਣੇ ਸਨ। ਸਾਰਾ ਦਿਨ ਪੋਤੇ-ਪੋਤੀਆਂ ਦੇ ਕੰਮ ਤੋਂ ਵੇਹਲ ਹੀ ਨਹੀ ਸੀ ਮਿਲਦੀ। 

"ਹਾਏ ਰੱਬਾ…..!! ਹਾਏ ਨੀ ਮੈਂ ਮਰ ਗਈ….!" ਅਚਾਨਕ ਇੱਕ ਚੀਖ ਜਿਹੀ ਆਈ ਬਹੂ ਦੇ ਕਮਰੇ ਵਿੱਚੋਂ!
"ਕੀ ਹੋਇਆ ਗੁੱਡੂ….?" ਸਵਿੰਦ ਦੀਆਂ ਅੱਖਾਂ ਡਰ ਨਾਲ਼ ਖੜ੍ਹ ਗਈਆਂ।

"ਜੀਵਨ ਜੀ ਦਾ ਐਕਸੀਡੈਂਟ ਹੋ ਗਿਆ, ਤੇ ਮੌਕੇ ਤੇ ਹੀ ਮੌਤ ਹੋ ਗਈ…! ਹਾਏ ਨੀ ਮੈਂ ਮਰ ਗਈ…!" ਗੁੱਡੂ ਨੇ ਬਿਨਾ ਕੋਈ ਭੂਮਿਕਾ ਬੰਨ੍ਹੇ ਕੀਰਨਿਆਂ ਦੇ ਪੱਥਰ ਵਗਾਹ ਮਾਰੇ।
"…………….।" ਸਾਰੇ ਘਰ ਵਿਚ ਭਾਜੜ ਪੈ ਗਈ। ਕੋਹਰਾਮ ਮੱਚ ਗਿਆ। ਪਰ ਮੋਏ ਹੋਏ ਨੂੰ ਕਿਸੇ ਨੇ ਕੀ ਬਚਾਣਾ ਸੀ?
"ਹਾਏ ਵੇ ਮੇਰੇ ਸ਼ੇਰਾ, ਆਹ ਕੀ ਹੋ ਗਿਆ…? ਮੇਰੀ ਜਾਨ ਕਿਉਂ ਨਾ ਚਲੀ ਗਈ…? ਮੈਂ ਕਿਉਂ ਨਾ ਮਰ ਗਿਆ ਓਏ ਮੇਰਿਆ ਰੱਬਾ…!" ਧਾਹਾਂ ਮਾਰਦੇ ਮੋਹਣ ਸਿੰਘ ਨੂੰ ਸਾਹ ਨਹੀਂ ਸੀ ਆ ਰਿਹਾ।
"ਵੇ ਮੇਰੇ ਜੀਵਣ ਜੋਗਿਆ, ਮੈਂ ਤੇ ਤੇਰਾ ਨਾਮ "ਜੀਵਨ" ਰੱਖਿਆ, ਤੇ ਤੂੰ ਓਹ ਵੀ ਨਹੀਂ ਨਿਭਾਇਆ…!" ਵਾਰੋ-ਵਾਰੀ ਦੋਵੇਂ ਮਾਂ ਬਾਪ ਨਿਹੱਥੇ ਜਿਹੇ ਹੋਏ ਤੜਫ਼ ਰਹੇ ਸਨ। ਘਰ ਦੀਆਂ ਕੰਧਾਂ ਵੀ ਕੁਰਲਾ ਰਹੀਆਂ ਸਨ। ਖਿੱਲਰੇ ਵਾਲ਼, ਰੋ-ਰੋ ਨਿਢਾਲ ਹੋਈਆਂ ਅੱਖਾਂ, ਪੱਤਝੜ ਰੁੱਤ ਦੇ ਪੱਤੇ ਵਾਂਗ ਸੁੱਕੇ ਬੁੱਲ੍ਹ, ਬੇਹਾਲ ਜਿਹੀ ਹੋ ਕੇ ਡਿੱਗੀ ਪਈ ਸੀ ਸ਼ਾਨੋ। ਜੀਵਨ ਬਿਨਾ ਹੁਣ ਕਾਹਦਾ ਜਿਉਣਾ?? ਭਵਿੱਖ ਦੇ ਖੌਫ਼ ਨਾਲ ਉਜੜੀਆਂ ਅੱਖਾਂ ਨਾਲ ਇੱਕ ਸਾਰ ਟਿਕਟਿਕੀ ਲਗਾ ਕੇ ਜਿਵੇਂ ਕੰਧ ਦੇ ਪਾਰ ਦੇਖਣਾ ਚਾਹੁੰਦੀ ਸੀ। ਗੋਦ ਲਈ ਬਾਲੜੀ ਨੂੰ ਤਾਂ ਆਹ ਵੀ ਨਹੀ ਸੀ ਪਤਾ ਕਿ ਓਸ ਦੇ ਬਾਪ ਨਾਲ ਕੀ ਭਾਣਾ ਵਾਪਰ ਗਿਆ ਸੀ?

ਵਿਗੜੇ ਹਾਲਾਤਾਂ ਦੇ ਕਸਾਅ ਕਾਰਨ ਪ੍ਰੇਮ ਦੀ ਤੰਦ ਟੁੱਟ ਗਈ।
ਅਗਲੇ ਦਿਨ ਜੀਵਨ ਦਾ ਸਸਕਾਰ ਕਰ ਦਿੱਤਾ ਗਿਆ।  ਘਰ ਦੇ ਬਨੇਰਿਆਂ ਉਪਰ ਕਹਿਰਾਂ ਦੀ ਮੌਤ ਕੂਕ ਰਹੀ ਸੀ।
ਪੁੱਤ ਦੀ ਮੌਤ ਤੋਂ ਬਾਅਦ ਮੋਹਣ ਸਿੰਘ ਢੇਰੀ ਢਾਹ ਗਿਆ ਸੀ। ਸਾਰਾ ਦਿਨ ਮੰਜੇ ਤੇ ਪਿਆ ਵਿਹੜ੍ਹੇ ਵਿਚ ਉਦਾਸ, ਨਿਰਾਸ਼ ਅੱਖਾਂ ਨਾਲ ਝਾਕਦਾ ਰਹਿੰਦਾ। ਪਰ ਸਵਿੰਦ ਕੌਰ ਕੋਲ਼ ਹੁਣ ਸਿਰ ਖੁਰਕਣ ਦੀ ਵੀ ਵੇਹਲ ਨਹੀਂ ਸੀ। ਸਵਿੰਦ ਨੂੰ ਸਾਰੀ ਉਮਰੇ ਅਰਾਮ ਦਾ ਸਾਹ ਨਹੀਂ ਮਿਲਿਆ। ਪਹਿਲਾਂ ਵੱਡੀ ਕਬੀਲਦਾਰੀ, ਫੇਰ ਆਪਦੇ ਨਿਆਣੇ, ਹੁਣ ਪੋਤੇ ਪੋਤੀਆਂ ਅਤੇ ਅੰਦਰ ਬਾਹਰ ਦੇ ਸੌ ਕੰਮ।

"ਸਵਿੰਦ, ਮੈਨੂੰ ਅੱਜ ਤੇਰੇ ਵੱਲ ਦੇਖ ਕੇ ਲੱਗਦਾ ਹੈ ਕਿ ਮੈਂ ਤੈਨੂੰ ਅਰਾਮ ਅਤੇ ਸੁਖ ਦੀਆਂ ਘੜ੍ਹੀਆਂ ਨਹੀਂ ਦੇ ਸਕਿਆ, ਮੈਨੂੰ ਮਾਫ਼ ਕਰ ਦੇਵੀ।" ਬੇਵੱਸ ਮੋਹਣ ਸਿੰਘ ਨੇ ਹੱਥ ਜਿਹੇ ਜੋੜ ਲਏ। ਅੱਜ ਪਹਿਲੀ ਵਾਰ ਆਪਣੀ ਘਰਵਾਲੀ ਅੱਗੇ ਉਸ ਨੇ ਤਰਲਾ ਜਿਹਾ ਕੀਤਾ ਸੀ।

ਪਤੀਦੇਵ ਦੇ ਦੋਵੇਂ ਹੱਥਾਂ ਨੂੰ ਫ਼ੜ ਉਸ ਨੇ ਘੁੱਟ ਕੇ ਆਪਣੇ ਕਲੇਜ਼ੇ ਨਾਲ਼ ਲਾ ਲਿਆ, "ਕੀ ਕਮਲ਼ੀਆਂ ਜਿਹੀਆਂ ਮਾਰੀ ਜਾਂਦੇ ਹੋ?" ਅੱਖਾਂ ਭਰ ਕੇ ਸਵਿੰਦ ਬੋਲੀ, "ਭਰਿਆ ਭਰਾਇਆ ਘਰ ਤੇ ਕਿੱਡਾ ਖਿੜਿਆ ਪਰਿਵਾਰ ਮੈਨੂੰ ਦਿੱਤਾ ਹੈ!" ਕਮਰੇ ਦੇ ਇੱਕ ਖੂੰਜੇ ਮੱਖੀ ਵਾਂਗ ਲੱਗਿਆ ਮੋਹਣ ਸਿੰਘ ਅੱਜ ਪੁਰਾਣੀਆਂ ਯਾਦਾਂ ਦੇ ਖੂਹ ਨੂੰ ਗੇੜ ਰਿਹਾ ਸੀ, ਜਿਵੇਂ ਇੱਕ ਵਾਰ ਫੇਰ ਸਵਿੰਦ ਨਾਲ ਬੀਤਿਆ ਵਕਤ ਯਾਦ ਕਰ ਮਨ ਨੂੰ ਸਮਝਾਉਣਾ ਚਾਹੁੰਦਾ ਹੋਵੇ?

ਸਵੇਰੇ ਜਦ ਪ੍ਰੀਵਾਰ ਉਠਿਆ ਤਾਂ ਮੋਹਣ ਸਿੰਘ ਦੇ ਜੁੜੇ ਹੋਏ ਹੱਥ ਛਾਤੀ 'ਤੇ ਪਏ ਸਨ ਅਤੇ ਗਰਦਨ ਸਿਰਹਾਣੇ ਤੋਂ ਥੱਲੇ ਲੁੜਕ ਗਈ ਸੀ। ਆਪਣਾ ਬਿਸਤਰਾ ਛੱਡਣ ਤੋਂ ਪਹਿਲਾ ਸਵਿੰਦ ਨੇ ਇੱਕ ਨਜ਼ਰ ਪਤੀ ਵੱਲ ਮਾਰੀ ਅਤੇ ਨਾਲ ਹੀ ਉਸ ਦੀ ਚੀਖ਼ ਨਿਕਲ ਗਈ, "ਵੇ ਨਿਆਣਿਓਂ….! ਦੇਖੋ ਵੇ ਤੁਹਾਡੇ ਬਾਪੂ ਨੂੰ ਕੀ ਹੋ ਗਿਆ…! ਭੱਜ ਕੇ ਆਓ ਤੇ ਵੇਖੋ ਜ਼ਰਾ…!" ਅਵਾਜ਼ਾਂ ਮਾਰਦੀ ਸਵਿੰਦ ਦੇ ਸਾਹ ਨਾਲ਼ ਸਾਹ ਨਹੀਂ ਸੀ ਰਲ਼ਦੇ। ਸਾਰੇ ਹਜੇ ਘਰ ਹੀ ਸੀ। ਭਾਵੇਂ ਸਵਿੰਦ ਬਿਮਾਰ ਪਤੀ ਦੀ ਸੇਵਾ ਕਰਦੀ ਸੀ, ਪਰ ਮੰਜੇ 'ਤੇ ਪਏ ਪਤੀ ਦਾ ਵੀ ਰੱਬ ਵਰਗਾ ਆਸਰਾ ਸੀ ਅਤੇ ਹੌਂਸਲੇ ਉਡਾਰੀ ਮਾਰਦੇ ਸੀ। ਪਰ ਅੱਜ ਜਿਵੇਂ ਕਿਸੇ ਨੇ ਖੰਭ ਕੱਟ ਕੇ ਅਸਮਾਨੋਂ ਜ਼ਮੀਨ 'ਤੇ ਤੜਫ਼ਣ ਲਈ ਸੁੱਟ ਦਿੱਤਾ ਹੋਵੇ। ਸੱਚ ਹੀ ਤੇ ਹੈ, ਕਿ ਕਦੇ ਕੁਝ ਰੁਕਿਆ ਹੈ ਕਿਸੇ ਦੇ ਦੁਨੀਆਂ ਤੋਂ ਜਾਣ ਤੋਂ ਬਾਅਦ? "ਜੀਅ" ਤਾਂ ਜਹਾਨੋਂ ਚਲਿਆ ਗਿਆ, ਪਰ ਕਿੰਨੀਆਂ ਹੀ ਰਸਮਾਂ ਕਰਨੀਆਂ ਪੈਂਦੀਆਂ ਹਨ ਉਸ ਦੀ "ਆਖਰੀ" ਵਿਦਾਈ ਲਈ। ਸਭ ਕੁਝ ਹੌਲੀ-ਹੌਲੀ ਨਿਬੜ ਰਿਹਾ ਸੀ। ਰੋ-ਰੋ ਸੁੱਜੀਆਂ ਅੱਖਾਂ ਨਾਲ ਦੇਖਦੀ ਸਵਿੰਦ ਨਾ ਜਾਣੇ ਕਿਹੜੀਆਂ ਸੋਚਾਂ ਵਿੱਚ ਡੁੱਬੀ ਜਾ ਰਹੀ ਸੀ? ਪਰਿਵਾਰ ਭਾਵੇਂ ਭਰਪੂਰ ਸੀ, ਪਰ ਮੋਹਣ ਸਿੰਘ ਜਿਵੇਂ ਉਸ ਦਾ ਸਾਰਾ ਉਤਸਾਹ ਆਪਣੇ ਨਾਲ ਹੀ ਲੈ ਗਿਆਂ ਸੀ।

ਇੱਕ ਦਿਨ !
"ਬੇਬੇ, ਮੈਂ ਨੌਕਰੀ ਕਰਨਾ ਚਾਹੁੰਨੀ ਹਾਂ, ਕੁਝ ਫ਼ਾਰਮ ਮੈਂ ਭਰੇ ਸੀ ਤੇ ਮੈਨੂੰ ਇੰਟਰਵਿਊ ਲਈ ਬੁਲਾਇਆ ਹੈ!" ਨੂੰਹ ਨੇ ਅਚਾਨਕ ਕੱਛ ਵਿੱਚੋਂ ਮੂੰਗਲ਼ੀ ਚਲਾਈ।
"ਜੇ ਤੂੰ ਫ਼ਾਰਮ ਭਰ ਕੇ ਪੁੱਛ ਰਹੀ ਹੈਂ, ਤੇ ਮਨ ਬਣਾ ਹੀ ਲਿਆ ਹੋਣਾ?" ਸਵਿੰਦ ਕੌਰ ਨੇ ਸੰਖੇਪ ਕਿਹਾ।
"ਹਾਂਜੀ, ਬੱਚਿਆਂ ਦੇ ਖਰਚੇ ਵਧ ਰਹੇ ਹਨ, ਮੈਂ ਚਾਰ ਦਿਵਾਰੀ ਵਿੱਚ ਵੀ ਰਹਿ ਕੇ ਅੱਕ ਗਈ ਹਾਂ। ਜਾਣ ਵਾਲੇ ਤੋਂ ਬਾਅਦ ਵੀ ਤੇ ਆਪਣੇ ਲਈ ਜਿਉਣਾਂ ਪੈਂਦਾ ਹੈ।"
"ਕਰੋ ਜੋ ਚੰਗਾ ਲੱਗਦਾ ਹੈ, ਪੁੱਤ!" ਆਪਣੀ ਬੇਬਸੀ ਨੂੰ ਸਵਿੰਦ ਜਾਣਦੀ ਸੀ।

ਅੱਜ ਤਿੰਨ ਦਿਨ ਤੋਂ ਸਿਰ ਵਾਹੁੰਣ ਦੀ ਵੇਹਲ ਨਹੀ ਮਿਲੀ ਸਵਿੰਦ ਕੌਰ ਨੂੰ। ਸ਼ਾਨੋ ਆਪਣੇ ਤਿੰਨੇ ਨਿਆਣੇ ਸੱਸ ਦੇ ਹਵਾਲੇ ਕਰ, ਨੌਕਰੀ ਨੂੰ ਖਿਸਕ ਜਾਂਦੀ ਸੀ। ਆਪਦੇ ਬੱਚੇ ਪਾਲ-ਪੋਸ ਕੇ ਸਿਰੇ ਲਾਏ ਤੇ ਹੁਣ ਨਵੇਂ ਸਿਰੇ ਤੋਂ ਫੇਰ ਜ਼ਿੰਮੇਵਾਰੀਆਂ ਵਿੱਚ ਪੈ ਗਈ ਸੀ। ਕਿਸੇ ਨੂੰ ਸਕੂਲ ਲਈ ਤਿਆਰ ਕਰਨਾ, ਕਿਸੇ ਲਈ ਖਾਣ ਲਈ ਬਨਾਉਣਾ, ਨਹਾਉਣਾ, ਸੁਆਉਣਾ ਸੌ ਕੰਮ ਚੁੱਪ-ਚਾਪ ਕਰਦੀ ਰਹਿੰਦੀ। ਆਖਦੀ ਵੀ ਤੇ ਕਿਸ ਨੂੰ….?? ਕਿਸ ਨੂੰ ਉਲਾਂਭਾ ਦਿੰਦੀ…?? ਮੋਏ ਪੁੱਤ ਦੇ ਜੁਆਕ ਸਨ। ਇਹਨਾਂ ਵਿੱਚੋਂ ਹੀ ਉਹ ਆਪਣੇ ਦੁਨੀਆਂ ਤੋਂ ਗਏ ਪੁੱਤ ਦੇ ਪਿਆਰ ਦੇ ਨਿੱਘ ਨੂੰ ਮਾਣ ਲੈਂਦੀ। ਜੀਵਨ ਦੇ ਬੱਚਿਆਂ ਦੀ ਸਾਰ ਸੰਭਾਲ ਹੁੰਦੀ ਵੇਖ ਹੁਣ ਦੂਜੀਆਂ ਨੂੰਹਾਂ ਵੀ ਆਪਣੇ ਨਿਆਣੇ ਦਾਦੀ ਕੋਲ ਟੋਰ ਦਿੰਦੀਆਂ।
 
"ਮੈਂ ਜ਼ਰਾ ਲੱਕ ਸਿੱਧਾ ਕਰ ਲਵਾਂ, ਬਾਹਰ ਧੁੱਪ ਬਹੁਤ ਹੈ ਬੇਬੇ, ਆਪਣੇ ਕੋਲ ਹੀ ਖਿਡਾ-ਲੋ!"
"ਸਕੂਲ ਦੀ ਛੁੱਟੀ ਹੋ ਗਈ ਹੈ, ਬੇਬੇ ਜ਼ਰਾ ਨਿਆਣਿਆਂ ਨੂੰ ਲੈ ਆਓ!"
"ਰੋਟੀ ਨੂੰ ਦੇਰ ਹੋ ਰਿਹਾ ਹੈ, ਬੇਬੇ ਇਹਨਾਂ ਨੂੰ ਸਾਂਭੋ ਥੋੜੀ ਦੇਰ!"

"ਅਸੀ ਦੋਵੇਂ ਬਾਹਰ ਜਾ ਰਹੇ ਹਾਂ ਬੇਬੇ, ਨਿਆਣੇ ਤੁਹਾਡੇ ਕੋਲ ਹਨ, ਟੈਮ ਸਿਰ ਕੁਝ ਖਾਣ ਨੂੰ ਦੇ ਦਿਓ ਜੇ!" ….ਤੇ ਸੁਣਦੀ-ਸੁਣਦੀ ਬੇਬੇ ਊਰੀ ਵਾਂਗ ਘੁੰਮਦੀ ਰਹਿੰਦੀ। ਨੂੰਹਾਂ ਉਸ ਨੂੰ ਗੇਵੇ ਪਾਈ ਰੱਖਦੀਆਂ। ਕਦੇ ਬਜ਼ਾਰ, ਕਦੇ ਆਹ, ਤੇ ਕਦੇ ਉਹ! ਨੂੰਹਾਂ ਨੇ ਜਿਵੇਂ ਰੀਸ ਬੰਨ੍ਹੀ ਸੀ ਕਿ ਕਿਹੜੀ ਆਪਦੇ ਨਿਆਣੇ ਜ਼ਿਆਦਾ ਦਾਦੀ ਕੋਲ ਰੱਖੇਗੀ?
"ਮੇਰੇ ਸਰੀਰ 'ਚ ਹੁਣ ਓਹ ਅਣਸ ਨਹੀਂ ਹੈ, ਆਪਦੇ ਨਿਆਣੇ ਆਪ ਸਾਂਭੋ ਭਾਈ!" ਆਪਣੇ ਬੁੱਢੇ ਹੁੰਦੇ ਸ਼ਰੀਰ 'ਤੇ ਤਰਸ ਜਿਹਾ ਖਾ ਕੇ ਅੱਜ ਸਵਿੰਦ ਨੇ ਹੌਂਸਲਾ ਕਰ ਬੋਲ ਹੀ ਦਿੱਤਾ।
"ਸ਼ਾਨੋ ਦੇ ਨਿਆਣੇ ਤਾਂ ਬੜੀ ਰੀਝ ਨਾਲ ਕਲੇਜੇ ਨਾਲ ਲਾਈ ਰੱਖਦੀ ਹੈ, ਸਾਡੇ ਤੇ ਕੁਝ ਲੱਗਦੇ ਹੀ ਨਹੀਂ ਐ ਜਿਵੇਂ!" ਵੱਡੀ ਨੂੰਹ ਭਰੀ-ਪੀਤੀ ਹੀ ਬੈਠੀ ਸੀ। ਵਿਚਲੀ ਨੂੰਹ ਨੇ ਵੀ ਆ ਹਾਜ਼ਰੀ ਲਾਈ, "ਆਹੋ, ਹੁਣ ਤੇਰੇ ਕੋਲ ਹੈ ਵੀ ਕੀ ਸਾਨੂੰ ਦੇਣ ਨੂੰ, ਇੱਕ ਨਿਆਣੇ ਹੀ ਤੇ ਸਾਂਭਣੇ ਹੁੰਦੇ ਨੇ!"

ਕੁਝ ਨਹੀਂ ਸੁੱਝਿਆ ਜਵਾਬ ਦੇਣ ਨੂੰ! ਬੱਸ ਚੇਤੇ ਆ ਗਿਆ ਆਪਣੇ ਸੋਹਣੇ ਸਰਦਾਰ ਦਾ ਚਿਹਰਾ! ਮੁਸਕੁਰਾ ਕੇ ਬੋਲਿਆ ਸੀ, "ਨਾ ਦੇਹ ਆਪਣੇ ਗਹਿਣੇ ਕਿਸੇ ਨੂੰਹ ਨੂੰ, ਉਹਨਾਂ ਦੇ ਕੋਲ ਆਪਦੇ ਹੈਗੇ ਨੇ…। ਸ਼ਾਇਦ ਨੂੰਹਾਂ ਕੋਲ ਕੀਮਤ ਪਾਉਣ ਲਈ ਸੱਸ ਕੋਲ ਕੁਝ ਹੋਣਾ ਹੀ ਚਾਹੀਦਾ ਹੈ…!" 

ਪਰ ਚੱਲ ਕੋਈ ਨਾ, ਰੋਟੀ ਤੇ ਮਿਲੀ ਹੀ ਜਾਂਦੀ ਹੈ…। ਸੋਚ ਕੇ ਉਸ ਨੇ ਆਪਣੇ ਆਪ ਨੂੰ ਤਸੱਲੀ ਜਿਹੀ ਦੇ ਲਈ ਸੀ। ਆਪਦੀ ਸ਼ਕਤੀ ਤੋਂ ਜ਼ਿਆਦਾ ਕੰਮ ਕਰਕੇ ਨੂੰਹਾਂ ਨੂੰ ਖੁਸ਼ ਕਰਨ ਦੀ ਹਰ ਜੋਰ ਕੋਸ਼ਿਸ਼ ਕਰਦੀ ਕਿ ਮੇਰੇ ਦੁਨੀਆਂ ਤੋਂ ਜਾਣ 'ਤੇ ਅਫ਼ਸੋਸ ਕਰਨਗੀਆਂ ਕਿ ਬੇਬੇ ਆਹ ਕਰਦੀ ਸੀ, ਬੇਬੇ ਓਹ ਕਰਦੀ ਸੀ। ਇੱਕ ਮਿੱਠੀ ਜਿਹੀ ਮੁਸਕੁਰਾਹਟ ਛਾ ਗਈ ਅਣਵੇਖੇ ਜਿਹੇ ਭਵਿੱਖ ਨੂੰ ਸੋਚ ਕੇ, ਕਿ ਮਰਨ ਤੋਂ ਬਾਦ ਮੇਰੀ ਫੋਟੋ 'ਤੇ ਹਾਰ ਪਾ ਕੇ ਅਫ਼ਸੋਸ ਜ਼ਰੂਰ ਕਰਿਆ ਕਰਨਗੇ, ਕਿ ਮਾਂ ਸਾਡੇ ਕਿੰਨੇ ਕੰਮ ਸਵਾਰ ਦਿੰਦੀ ਸੀ। ਬੱਚੇ ਜੰਮੇ, ਪਾਲ਼ੇ, ਵਿਆਹੇ, ਫੇਰ ਸਾਰਾ ਕੁਝ ਵੀ ਦੇ ਦਿੱਤਾ, ਹਾਲੇ ਵੀ ਆਪਣੀ ਸਮਰੱਥਾ ਤੋਂ ਵੱਧ ਕੰਮ ਕਰਕੇ ਆਪਣਾ ਮੁੱਲ ਪਵਾਉਣ ਦੀ ਲੋੜ ਸੀ…
?
ਇਸ ਸਵਾਲ ਦਾ ਜਵਾਬ ਮਿਲ ਗਿਆ ਸੀ ਸਵਿੰਦ ਨੂੰ! ਅੱਖਾਂ ਬੰਦ ਸੀ। ਪਰ ਹੰਝੂਆਂ ਨਾਲ ਭਰੀਆਂ ਸੀ। ਬੰਦ ਅੱਖਾਂ ਵਿੱਚੋਂ ਵੀ ਔਲਾਦ ਵਿੱਚ ਫੈਲੀ ਨਿਰਾਸ਼ਾ ਨੂੰ ਸਾਫ਼ ਦੇਖ ਪਾ ਰਹੀ ਸੀ। ਅੱਖਾਂ ਖੋਲ੍ਹਣ ਦੀ ਹਿੰਮਤ ਨਹੀ ਜੁਟਾ ਪਾਈ ਕਿ ਆਪਣੇ ਜਿਉਂਦੇ ਹੋਣ ਦੀ ਖੁਸ਼ੀ ਕਿਸ ਨੂੰ ਜ਼ਾਹਿਰ ਕਰੇ….??? ਬੱਸ …!! ਉਸ ਦੇ ਜਿਉਂਦੇ ਹੋਣ ਦੇ ਅਫ਼ਸੋਸ ਵਿੱਚ ਇੱਕ ਹੰਝੂ ਅੱਖ ਦੇ ਕੋਨੇ ਤੋਂ ਖ਼ਾਮੋਸ਼ ਜਿਹਾ ਬਾਹਰ ਨਿਕਲ ਕੇ ਝੁਰੜੀਆਂ ਵਿੱਚ ਨੂੰ ਵਗ ਤੁਰਿਆ।

 

ਨੱਨ੍ਹੀ ਕਹਾਣੀ >>          ਹੋਰ ਕਹਾਣੀਆਂ  >>    


 
athruਬੋਲਦੇ ਅੱਥਰੂ
ਅਜੀਤ ਸਤਨਾਮ ਕੌਰ  
ਚਸ਼ਮ ਦੀਦ ਗੁਵਾਹ
ਰਵੇਲ ਸਿੰਘ ਇਟਲੀ
ਕੂੰਜਾਂ ਦਾ ਕਾਫ਼ਲਾ
ਅਜੀਤ ਸਤਨਾਮ ਕੌਰ  
lahuਇਹ ਲਹੂ ਮੇਰਾ ਹੈ
ਅਜੀਤ ਸਤਨਾਮ ਕੌਰ  
chachaਚਾਚਾ ਸਾਧੂ ਤੇ ਮਾਣਕ
ਬਲਰਾਜ ਬਰਾੜ, ਕਨੇਡਾ
susਸੱਸ ਬਨਾਮ ਮਾਂ
ਰੁਪਿੰਦਰ ਸੰਧੂ, ਮੋਗਾ 
hoshਹੋਸ਼
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
teeyanਤੀਆਂ ਤੀਜ ਦੀਆਂ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਚਾਨਣ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
nashaਨਸ਼ੇ ਦੀ ਲੱਤ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਘਰ ਦਾ ਰਖਵਾਲਾ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਤੀਰ ਜਾਂ ਤੁੱਕਾ
ਸ਼ਿਵਚਰਨ ਜੱਗੀ ਕੁੱਸਾ, ਲੰਡਨ 
pipalਰੌਣਕੀ  ਪਿੱਪਲ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
udeekਉਡੀਕ ਅਜੇ ਬਾਕੀ ਹੈ...
ਪਰਮਿੰਦਰ ਕੌਰ, ਅੰਬਾਲਾ 
ਕੰਨਿਆ- ਪੂਜਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
ਆਈਸੋਲੇਟਿਡ ਵਾਰਡ
ਰਿੰਪੀ ਖਿਲਨ, ਦਿੱਲੀ
ਬਹੁਤੀ ਬੀਤੀ ਥੋੜ੍ਹੀ ਰਹਿ ਗਈ
ਸੰਦੀਪ ਕੁਮਾਰ ਨਰ, ਬਲਾਚੌਰ
"ਮੈਂ ਹੈ ਤਾਂ ਹੈਗੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਗੱਲਾਂ ਦੀ ਮੌਤ
ਅਨਮੋਲ ਕੌਰ, ਕਨੇਡਾ
ਰਾਜੇ ਸ਼ੀਂਹ ਮੁਕੱਦਮ ਕੁੱਤੇ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਖੌਫ਼ਨਾਕ ਇਰਾਦਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਬੁਝਦੇ ਦੀਵੇ ਦੀ ਲੋਅ
ਵਰਿੰਦਰ ਕੌਰ ਰੰਧਾਵਾ, ਬਟਾਲਾ
ਆਥਣ ਦਾ ਹੌਂਕਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਦੋ ਮੂੰਹਾਂ
ਵਰਿੰਦਰ ਕੌਰ ਰੰਧਾਵਾ, ਬਟਾਲਾ
ਮਜਬੂਰ
ਸੱਤੀ ਅਟਾਲਾਂ ਵਾਲਾ
ਇਸ਼ਕ
ਵਰਿੰਦਰ ਕੌਰ ਰੰਧਾਵਾ, ਬਟਾਲਾ
ਲਾਚਾਰ
ਸੰਦੀਪ ਕੁਮਾਰ
ਸੂਰਜ ਮੰਡਲ ਤੋਂ ਵਿਸ਼ਾਲ
ਅਮਨਦੀਪ ਸਿੰਘ, ਅਮਰੀਕਾ
ਝੁਰੜੀਆਂ ਵਿੱਚੋਂ ਝਲਕਦੀ ਮਮਤਾ
ਅਜੀਤ ਸਤਨਾਮ ਕੌਰ
ਮੀਨਾ ਬੂਟੀਕ
ਅਜੀਤ ਸਿੰਘ ਭੰਮਰਾ ਫਗਵਾੜਾ
ਸੁੱਕੇ ਖੂਹ ਦੀ ਮੌਣ
ਸ਼ਿਵਚਰਨ ਜੱਗੀ ਕੁੱਸਾ
ਸਮੇਂ ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ
ਬੁੱਢੀ ਦਾਦੀ
ਸਰੁੱਚੀ ਕੰਬੋਜ, ਫਾਜਿਲਕਾ
 ਨੱਥ ਪਾਉਣੀ
ਅਨਮੋਲ ਕੌਰ, ਕਨੇਡਾ
ਸੰਸਾਰ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਲੱਛੂ ਭੂਤ
ਰਵੇਲ ਸਿੰਘ ਇਟਲੀ
ਦਾਦਾ ਜੀ ਚਲੇ ਗਏ
ਰਵੇਲ ਸਿੰਘ ਇਟਲੀ
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ
ਵਲੈਤੀ ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਜੀਵਨ ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ
ਬਿੱਲੀਆਂ
ਲਾਲ ਸਿੰਘ ਦਸੂਹਾ
ਸਭ ਅੱਛਾ ਹੈ
ਅਨਮੋਲ ਕੌਰ, ਕਨੇਡਾ
ਬੋਹੜ ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ
ਚਿੱਟੀ ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ
ਤੈਨੂੰ ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ
ਓਦੋਂ ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ
ਜ਼ਿੰਦਗੀ ਦੀ ਜੂਹ
ਭਿੰਦਰ ਜਲਾਲਾਬਾਦੀ, ਯੂ ਕੇ
ਫੇਸਬੁੱਕ
ਅਨਮੋਲ ਕੌਰ, ਕਨੇਡਾ
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ
ਕਿਹਨੂੰ, ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ
ਝਾੜੂ
ਗੁਰਮੇਲ ਬੀਰੋਕੇ, ਕਨੇਡਾ
ਧੰਦਾ ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ
ਅੰਮ੍ਰਿਤ ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਖੂਹ ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ
ਘਰ ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਸੋਗ
ਰੂਪ ਢਿੱਲੋਂ, ਲੰਡਨ
ਉਹ ਮੂਵ ਹੋ ਗਈ
ਅਨਮੋਲ ਕੌਰ, ਕਨੇਡਾ
ਗੋਲਡੀਲੌਕਸ ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ (1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ
baybus1ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ
ਵੇ ਲੋਕੋ
ਅਨਮੋਲ ਕੌਰ, ਕਨੇਡਾ
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ
 

hore-arrow1gif.gif (1195 bytes)


Terms and Conditions
Privacy Policy
© 1999-2019,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2019,  5abi.com