"ਤੈਨੂੰ ਦੂਰ ਵਿਆਹੂੰ," ਮੈਨੂੰ ਅਕਸਰ ਸੁਣਨ ਨੂੰ ਮਿਲਦਾ।
"ਤੈਨੂੰ ਦੂਰ ਵਿਆਹੂੰ," ਜਦੋਂ ਮੈਂ ਮਾਂ ਤੋਂ ਕੁਝ ਖਾਣ ਲਈ ਮੰਗਦੀ ਜਾਂ ਫਿਰ ਮੇਰੀ
ਆਵਾਜ਼ ਕਿਸੇ ਹੋਰ ਗੱਲੋਂ ਬਾਪੂ ਦੇ ਕੰਨੀਂ ਜਾ ਪੈਂਦੀ।
" ਤੈਨੂੰ ਦੂਰ ਵਿਆਹੂੰ"। ਸ਼ਬਦ ਮੇਰੇ ਲਈ ਸੌਗਾਤ
ਹੀ ਸਨ। ਬਾਪੂ ਮੇਰੇ ਨਾਲ ਕੋਈ ਹੋਰ ਗੱਲ ਤਾਂ ਕਰਦਾ ਨਹੀਂ ਸੀ। ਭਾਵੇਂ ਇਹ ਸ਼ਬਦ
ਮੇਰੇ ਮਨ ਨੂੰ ਚੰਗੇ ਨਹੀਂ ਲੱਗਦੇ ਸਨ ਪਰ ਮਨ ਨੂੰ ਇਕ ਤਸੱਲੀ ਸੀ ਕਿ ਬਾਪੂ ਦੀ
ਜ਼ੁਬਾਨ ਤੇ ਮੇਰੇ ਲਈ…?
ਅੱਖਾਂ ਭਰੀ ਮੈਂ ਇਹਨਾਂ ਪਲਾਂ ਨੂੰ ਚੇਤੇ ਕਰ ਰਹੀ ਸਾਂ। ਅੱਜ ਮੈਂ ਬਾਪੂ ਨੂੰ
ਜਾ ਕੇ ਆਖਾਂਗੀ, "ਆ ਉੱਠ ਦੇਖ ਬਾਪੂ। ਮੈਂ ਦੂਰੋਂ ਆਈ ਹਾਂ ਤੈਨੂੰ ਮਿਲਣ"। ਜੇ ਨਾ
ਉੱਠਿਆ ਤਾਂ ਬਾਹੋਂ ਫੜ ਉਠਾਵਾਂਗੀ ਤੇ ਪੁੱਛਾਂਗੀ, "ਬਾਪੂ ਲੈ ਲਿਆ ਬਦਲਾ ਕਿਸੇ
ਜਨਮ ਦਾ। ਕੱਢ ਲਈ ਦਿਲ ਦੀ ਭੜਾਸ। ਹੋ ਗਿਆ ਦਿਲ ਰਾਜ਼ੀ ਤੇਰਾ। ਮੈਨੂੰ ਦੂਰ ਵਿਆਹ
ਕੇ।" ਫਿਰ ਇਕ ਸੱਚ ਨੇ ਮੈਨੂੰ ਸੁਪਨੇ 'ਚੋਂ ਕੱਢ ਕੇ ਹਕੀਕਤ ਵਿੱਚ ਲਿਆਂਦਾ।
'ਬਾਪੂ ਨੂੰ ਕਿਥੋਂ ਉਠਾ ਲਏਗੀ। ਉਹ ਤਾਂ ਸੌਂ ਗਿਆ ਗੂੜੀ ਨੀਂਦਰੇ ਅੱਜ'। ਦਿਲ
ਕਰਦਾ ਸੀ ਖੰਭ ਲਾ ਕੇ ਉੱਡ ਜਾਵਾਂ ਤੇ ਬਾਪੂ ਦੀ ਲੋਥ ਤੇ ਧਾਹਾਂ ਮਾਰ ਕੇ ਰੋਵਾਂ।
ਪਰ ਗੱਡੀ ਤਾਂ ਆਪਣੀ ਚਾਲੇ ਤੁਰੀ ਜਾ ਰਹੀ ਸੀ। ਭਾਵੇਂ ਬਾਪੂ ਦੇ ਦਿਲ ਵਿੱਚ ਮੇਰੇ
ਲਈ ਕੋਈ ਥਾਂ ਨਹੀਂ ਸੀ ਪਰ ਮੇਰੇ ਲਈ ਤਾਂ ਉਹ ਪਿਓ ਸੀ । ਜਿਸ ਪਿਓ ਨੇ ਮੈਨੂੰ ਨਾ
ਕਦੇ ਧੀ ਵਾਲਾ ਦਰਜਾ ਦਿੱਤਾ ਤੇ ਨਾ ਹੀ ਕਦੀ ਪਿਆਰ।
ਹੰਝੂ ਆਪ ਮੁਹਾਰੇ ਅੱਖੋਂ ਬਾਹਰ ਆ ਗਏ। ਮੈਂ ਆਪਣੇ ਰੁਮਾਲ ਨਾਲ ਹੰਝੂਆਂ ਨੂੰ
ਬੋਚਿਆ। ਮੇਰੇ ਨਾਲ ਕਿਹੜਾ ਕੋਈ ਹੋਰ ਸੀ ਜਿਹੜਾ…। ਆਸ-ਪਾਸ ਬੈਠੇ ਲੋਕਾਂ ਦੀ
ਨਿਗਾਹ ਮੇਰੇ ਵੱਲ ਘੁੰਮ ਰਹੀ ਸੀ। ਉਹਨਾਂ ਵਿਚ ਮੇਰੇ ਨੇੜੇ ਬੈਠੇ ਲੋਕ ਦੇਸ਼ ਦੇ
ਕਿਸੇ ਹੋਰ ਹੀ ਕੋਨੇ ਦੇ ਲੱਗਦੇ ਸਨ । ਉਹਨਾਂ ਦੀਆਂ ਗੱਲਾਂ ਮੇਰੀ ਸਮਝ ਤੋਂ ਬਾਹਰ
ਸਨ।
ਮੈਂ ਆਪਣਾ ਮੋਬਾਇਲ ਕੱਢ ਕੇ ਵੱਡੇ ਭਰਾ ਦਾ ਨੰਬਰ ਮਿਲਾਇਆ।"ਵੀਰ ਮੈਨੂੰ ਸਟੇਸ਼ਨ
ਤੋਂ ਆ ਕੇ ਲੈ ਜਾਈਂ। ਲਾਗੇ ਆ ਕੇ ਫਿਰ ਫੋਨ ਕਰ…।" ਮੇਰੀ ਗੱਲ ਨੂੰ ਵਿੱਚੋਂ ਹੀ
ਕੱਟਦੇ ਹੋਏ ਉਹ ਬੋਲਿਆ, " ਨਹੀਂ ਜੀਤੀਏ! ਸਾਥੋਂ ਆ ਨਹੀਂ ਹੋਣਾ। ਤੂੰ ਆਪੇ ਆ
ਜਾਈਂ। ਨਾਲੇ ਤੈਨੂੰ ਵੀ ਰਾਹ ਦਾ ਪਤਾ…। ਸਾਡਾ ਤਾਂ ਆਪਣਾ ਨੀਂ ਪਤਾ ਕਦੋਂ ਤੁਰੀਏ?
ਘਰੇ ਮਿਸਤਰੀ ਲਾਇਆ ਹੋਇਆ। ਦਿਹਾੜੀ ਤਾਂ ਪੂਰੀ ਕਰਵਾਉਣੀ ਐ ਨਾ ਹੁਣ।" ਭਰਾ ਇਕੋ
ਸਾਹ ਵਿੱਚ ਆਪਣੀ ਮਜ਼ਬੂਰੀ ਸੁਣਾ ਗਿਆ। ਫਿਰ ਸੋਚਿਆ ਦੂਜੇ ਭਰਾ ਨੂੰ ਆਖ ਦਿੰਦੀ
ਹਾਂ। ਪਰ ਮਨ ਵਿਚ ਔੜੀ ਕਿ ਪਤਾ ਨਹੀਂ ਉਹ ਕੀ ਜਵਾਬ ਦੇਊ? ਇਹ ਸੋਚ ਕੇ ਮੈਂ
ਮੋਬਾਇਲ ਪਰਸ ਵਿੱਚ ਪਾ ਲਿਆ। 'ਬਾਪੂ ਨੂੰ ਜਾ ਕੇ ਪੁੱਛਾਂਗੀ ਕਿ ਬਾਪੂ ਤੇਰੇ
ਪੁੱਤਾਂ ਨੇ ਕਿੰਨੀ ਕੁ ਸੇਵਾ ਕੀਤੀ ਤੇਰੀ। ਸ਼ੇਰ ਆਖਦਾ ਹੁੰਦਾ ਸੀ ਉਦੋਂ ਤਾਂ। ਹੁਣ
ਤੇਰੇ ਸ਼ੇਰ…।'
ਮੈਨੂੰ ਤਾਂ ਬਾਪੂ ਸ਼ਾਇਦ ਦੁਨੀਆਂ 'ਚ ਆਉਣ ਹੀ ਨਾ ਦਿੰਦਾ। ਜਾਂ ਫਿਰ ਆਉਦਿਆਂ
ਹ੍ਹੀ ਗਲਾ ਘੁੱਟ ਕੇ ਮਾਰ ਦਿੰਦਾ। ਬਾਪੂ ਦੀ ਜਿਹਨਾਂ ਨਾਲ ਬਹਿਣੀ-ਉੱਠਣੀ ਸੀ ਉਹ
ਅੱਤ ਦੀ ਨਸ਼ੇੜੀ ਸੀ। ਭਾਵੇਂ ਬਾਪੂ ਆਪ ਸਰਾਬ ਤੋਂ ਬਿਨਾਂ ਕੋਈ ਹੋਰ ਨਸ਼ਾ ਨਹੀਂ
ਕਰਦਾ ਸੀ ਪਰ ਯਾਰੀ ਤਾਂ ਚੰਦਰੇ ਲੋਕਾਂ ਨਾਲ ਸੀ। ਉਸ ਰਾਤ ਮਾਂ ਦਾ ਚਿੱਤ ਬਹੁਤ
ਘਬਰਾ ਰਿਹਾ ਸੀ। ਅਜੇ ਥੋੜ੍ਹੇ ਹੀ ਟੱਪੇ ਸਨ ਤੇ ਮਾਂ ਨੇ ਬਾਪੂ ਨੂੰ ਨਹੀਂ ਦੱਸਿਆ
ਸੀ ਅਜੇ। ਮੈਂ ਮਾਂ ਦੇ ਪੇਟ ਵਿਚ ਆ ਗਈ ਸਾਂ। ਮਾਂ ਨੂੰ ਗੋਲੀ ਲਿਆ ਕੇ ਦੇਣ ਦਾ ਆਖ
ਬਾਪੂ ਘਰੋਂ ਨਿਕਲਿਆ ਸੀ। ਪਰ ਗੋਲੀ ਲਿਆਉਣ ਦੀ ਥਾਂ ਆਪਣੇ ਯਾਰਾਂ ਦੀ ਢਾਣੀ ਵਿਚ ਆ
ਬੈਠਾ। ਮਾਂ ਦੋ ਘੰਟੇ ਉਡੀਕਦੀ ਰਹੀ। ਜੁੰਡਲੀ ਦੀ ਆਪਸ ਵਿਚ ਲੜਾਈ ਹੋ ਗਈ। ਨਸ਼ੇ ਨੇ
ਹੋਸ਼ ਭੁਲਾ ਦਿੱਤੇ। ਬਾਪੂ ਥੋੜ੍ਹਾ ਹੋਸ਼ ਵਿਚ ਸੀ ਤੇ ਉਸਨੇ ਬੜਾ ਸਮਝਾਇਆ ਬੁਝਾਇਆ।
ਪਰ ਹੱਥੋਂ-ਪਾਈ ਹੁੰਦਿਆਂ ਇਕ ਜਣਾ ਬੁੜਕ ਗਿਆ। ਪੁਲਿਸ ਨੇ ਸਾਰੀ ਜੁੰਡਲੀ ਨੂੰ ਕਤਲ
ਦੇ ਕੇਸ 'ਚ ਅੰਦਰ ਕਰ ਦਿੱਤਾ।
ਜਦੋਂ ਬਾਪੂ ਬਾਹਰ ਆਇਆ ਤਾਂ ਮਾਂ ਮੈਨੂੰ ਵੇਖ ਜ਼ਹਿਰ ਉਗਲਣ ਲੱਗਿਆ। "ਮੇਰੇ
ਪਿੱਛੋਂ ਕਿੱਥੇ ਯਾਰੀਆਂ ਪਾ ਲਈਆਂ? ਕੀਹਦਾ ਪਾਪ…?" ਮਾਂ ਲਈ ਇਹ ਸ਼ਬਦ ਅਸਹਿ ਸਨ ਪਰ
ਆਪਣੀ ਔਲਾਦ ਦਾ ਸਬੂਤ ਉਸ ਨੇ ਦੇ ਦਿੱਤਾ। ਫਿਰ ਬਾਪੂ ਨੇ ਨਵਾਂ ਢੋਂਗ ਕੱਢ ਲਿਆ।
"ਇਸ ਮਨਹੂਸ ਕਰਕੇ ਮੈਨੂ ਜੇਲ੍ਹ ਜਾਣਾ ਪੈ ਗਿਆ। ਇਹ ਤੇਰੇ ਢਿੱਡ 'ਚ ਵੜੀ ਤੇ ਮੈਂ
ਜੇਲ੍ਹ…। ਸਾਡੇ ਖਾਨਦਾਨ ਨੇ ਕਦੇ ਥਾਣਿਆਂ ਦਾ ਮੂੰਹ ਨੀਂ ਵੇਖਿਆ ਸੀ। ਇਹਨੂੰ ਮੇਰੇ
ਤੋਂ ਪਰ੍ਹੇ ਹੀ ਰੱਖੀਂ। ਮੇਰੇ ਮੂਹਰੇ ਨਾ ਆਉਣ ਦੇਈਂ ਇਹਨੂੰ।" ਬਾਪੂ ਨੂੰ ਮੈਂ
ਪੁੱਛਣਾ ਚਾਹੁੰਦੀ ਸਾਂ ਕਿ ਉਹ ਜੇਲ੍ਹ ਗਿਆ ਤਾਂ ਆਪਣੀ ਗਲਤੀ ਕਰਕੇ ਮੇਰੇ ਜੰਮਣ
ਕਰਕੇ ਕਿੰਝ…? ਮੈਨੂੰ ਮਨਹੂਸ ਆਖ ਕੇ ਉੁਹ ਆਪਣੇ ਗੁਨਾਹ ਲੁਕਾ ਲੈਣਾ ਚਾਹੁੰਦਾ ਸੀ।
ਸਮੇਂ ਦੀ ਤਾਣੀ ਵਿੱਚ ਮੈਂ ਵੇਲ ਵਾਂਗ ਵਧਣ ਲੱਗੀ। ਮਾਂ ਮੇਰ ਖੰਭਾਂ ਨੂੰ
ਪਰਵਾਜ਼ ਦੇਣਾ ਚਾਹੁੰਦੀ ਸੀ। ਪਰ ਬਾਪੂ ਦੇ ਡਰ ਨੇ ਮੇਰੇ ਖੰਭਾਂ ਨੂੰ ਖੁੱਲਣ ਲਈ
ਇਜ਼ਾਜਤ ਹੀ ਨਹੀਂ ਦਿੱਤੀ। ਮੈਥੋਂ ਵੱਡੇ ਦੋ ਭਰਾਵਾਂ ਲਈ ਬਾਪੂ ਹੱਥੀਂ ਛਾਵਾਂ
ਕਰਦਾ। ਚੰਗੇ ਸਕੂਲਾਂ ਵਿੱਚ ਪੜਾਉਣ ਮਗਰੋਂ ਕਾਲਜਾਂ ਵੱਲ ਤੋਰਿਆ। ਮਾਂ ਨੇ ਬੜੀ
ਮੁਸ਼ਕਿਲ ਨਾਲ ਮੈਨੂੰ ਪੰਜਵੀਂ ਕਰਵਾਈ। ਬਾਪੂ ਦੀ ਨਫਰਤ ਮੈਨੂੰ ਸੋਚਣ ਲਈ ਮਜਬੂਰ
ਕਰਦੀ ਸੀ ਕਿ ਬਾਪੂ ਮੇਰੇ ਨਾਲ ਐਨਾ ਵਿਤਕਰਾ ਕਿਉਂ ਕਰਦਾ। ਮੇਰੇ ਤੇ ਮੇਰੇ ਭਰਾਵਾਂ
ਵਿੱਚ ਜੋ ਫਰਕ ਸੀ ਉਹ ਬਾਪੂ ਦੀ ਨਜ਼ਰ ਵਿੱਚ ਬਹੁਤ ਵੱਡਾ ਸੀ।
ਜੇ ਮੈਂ ਮਾਂ ਨਾਲ ਕੋਈ ਗੱਲ ਕਰ ਰਹੀ ਹੁੰਦੀ ਤੇ ਬਾਪੂ ਦੇ ਕੰਨੀਂ ਪੈ ਜਾਂਦੀ
ਤਾਂ ਉਹ ਝੱਟ ਅੱਗ ਬਬੂਲਾ ਹੋ ਉੱਠਦਾ, "ਬੋਲ ਲੈ ਜਿਨ੍ਹਾਂ ਬੋਲਣਾ ਤੂੰ। ਤੈਨੂੰ
ਤਾਂ ਮੈਂ ਐਸੇ ਥਾਂ ਵਿਆਹੂੰ ਜਿਥੋਂ ਤੂੰ ਨਾ ਕਦੇ ਆ ਸਕੇਂ ਤੇ ਨਾ ਹੀ ਤੇਰੇ ਬੋਲ
ਸਾਡੇ ਕੰਨੀਂ ਪੈਣ। ਮਾਂ ਦੀਆਂ ਸੀਨੇ ਵਿਚਲੀਆਂ ਸਿਸਕੀਆਂ ਆਖ ਰਹੀਆਂ ਹੁੰਦੀਆਂ ਕਿ
ਤੇਰੇ ਕੰਨਾਂ ਨੂੰ ਹੀ ਬੋਲ ਚੰਗੇ ਨਹੀਂ ਲੱਗਦੇ। ਮੈਂ ਤਾਂ ਢਿੱਡੋਂ ਜਣੀ ਐ। ਮੇਰ
ਦਿਲ ਤੋਂ ਪੁੱਛ ਕੇ ਦੇਖ। ਮੈ ਕਿਵੇਂ ਦੂਰ…।" ਫਿਰ ਮਾਂ ਮੇਰੇ ਚਿਹਰੇ ਤੋਂ ਪੜ੍ਹਨਾ
ਚਾਹੁੰਦੀ ਕਿ ਮੇਰੇ ਉੱਤੇ ਬਾਪੂ ਦੇ ਤਿੱਖੇ ਬੋਲਾਂ ਦਾ ਕੀ ਅਸਰ ਪੈਂਦਾ ਹੈ। ਪਰ
ਮੇਰੇ ਚਿਹਰੇ ਤੇ ਚਿੰਤਾ ਦੀ ਕੋਈ ਲਕੀਰ ਨਾ ਵੇਖ ਕੇ ਆਪਣੇ ਬੋਝ ਤੋਂ ਸੁਰਖੁਰੂ ਹੋ
ਜਾਂਦੀ। ਬਾਪੂ ਦੀ ਬੇਰੁਖੀ ਦਾ ਮੇਰੇ ਤੇ ਕੋਈ ਅਸਰ ਤਾਂ ਹੀ ਪੈ ਸਕਦਾ ਸੀ ਜੇ ਮੈ
ਕਦੇ ਬਾਪੂ ਦਾ ਪਿਆਰ ਮਾਣਿਆ ਹੁੰਦਾ। ਜਦ ਤੋਂ ਬਾਪੂ ਨਾਲ ਵਾਹ ਪਿਆ ਸੀ ਸਿਰਫ
ਗਾਲ੍ਹਾਂ ਹੀ ਤਾਂ ਨਸੀਬ ਹੋਈਆਂ ਸਨ। ਕਦੀ ਪਿਆਰ ਮਿਲਿਆ ਹੁੰਦਾ ਤਾਂ ਬਾਪੂ ਦੇ
ਪਿਆਰ ਦੀ ਅੱਖ ਪਛਾਣਦੀ। ਵੀਰੇ ਗਲਤੀ ਕਰਦੇ ਤਾਂ ਬਾਪੂ ਨੂੰ ਕੋਈ ਦੁੱਖ ਨਾ ਹੁੰਦਾ
ਤੇ ਮੈਂ ਜਿਵੇਂ ਗਲਤੀਆਂ ਦਾ ਪੁਤਲਾ।
ਮਾਂ ਕਿਹੜਾ ਪਿੱਛੋਂ ਸੁਖੀ ਆਈ ਸੀ। ਮਾਂ ਚਾਰ ਸਾਲਾਂ ਦੀ ਸੀ ਜਦੋਂ ਉਸਦਾ ਪਿਓ
ਜਹਾਨੋਂ ਤੁਰ ਗਿਆ ਸੀ। ਮਾਂ ਦੀ ਮਾਂ (ਮੇਰੀ ਨਾਨੀ) ਨੂੰ ਉਸਦੇ ਪੇਕੇ ਲੈ ਗਏ ਤੇ
ਕਿਤੇ ਹੋਰ ਤੋਰ ਦਿੱਤਾ। ਮਾਂ ਨੂੰ ਉਸਦੇ ਚਾਚਿਆਂ ਨੇ ਪਾਲਿਆ ਤੇ ਵਿਆਹਿਆ। ਇਕ ਤਾਂ
ਚਾਚੇ ਡੰਗ ਟਪਾਊ ਸੀ ਤੇ ਉੱਤੋਂ ਅੜ੍ਹਬੀ ਬਾਪੂ ਟੱਕਰ ਪਿਆ। ਫੇਰ ਕੀ ਸੀ? ਦੋਨਾਂ
ਧਿਰਾਂ ਨੇ ਹੀ ਬਿਨਾਂ ਵਜ੍ਹਾ ਹੀ ਬਹਾਨਾ ਲੱਭਿਆ ਤੇ ਇਕ-ਦੂਜੇ ਨਾਲ ਮੇਲ-ਮਿਲਾਪ
ਬੰਦ ਕਰ ਦਿੱਤਾ। ਬਾਪੂ ਦੀ ਕਿਹੜੀ ਆਪਣੇ ਸ਼ਰੀਕੇ ਕਬੀਲੇ ਨਾਲ ਬਹੁਤੀ ਬਣਦੀ ਸੀ।
ਗੱਡੀ ਦੀ 'ਕੂਅ-ਕੂਅ' ਨੇ ਮੈਨੂੰ ਯਾਦਾਂ ਦੀ ਨੀਂਦ ਤੋਂ ਉਠਾ ਦਿੱਤਾ। ਗੱਡੀ
ਰੁਕ ਗਈ ਸੀ ਕੋਈ ਸਟੇਸ਼ਨ ਸੀ ਆਇਆ। ਗੁਰਦੁਆਰੇ ਦੇ ਦਰਸ਼ਨਾਂ ਲਈ ਸੰਗਤ ਸੀ ਆਈ ਹੋਈ।
ਮੈਂ ਫਿਰ ਕਿਸੇ ਯਾਦ ਦੇ ਕੋਨੇ ਨਾਲ ਜਾ ਜੁੜੀ। ਮੈਨੂੰ ਤਾਂ ਬਾਪੂ ਦੀ ਕੈਦ ਵਿਚ
ਕਿਸੇ ਗੁਰਦੁਆਰੇ ਜਾਣ ਦੀ ਇਜ਼ਾਜਤ ਨਹੀਂ ਸੀ। ਮੇਰੇ ਆਨੰਦ-ਕਾਰਜਾਂ ਵਾਲੇ ਦਿਨ ਬਾਪੂ
ਪਤਾ ਨਹੀਂ ਮੈਨੂੰ ਕਿਵੇਂ ਲੈ ਗਿਆ ਸੀ। 'ਆਨੰਦ-ਕਾਰਜ' ਜਿਹਨਾਂ ਦੇ ਅਰਥ ਉਦੋਂ ਮੈਂ
ਕੀ ਜਾਣਦੀ ਸੀ? ਨਾ ਕੋਈ ਰਸਮ? ਨਾ ਕੋਈ ਸ਼ਗਨ-ਵਿਹਾਰ?
'ਚੂੜੀਆਂ ਲਉ ਚੂੜੀਆਂ' ਆਵਾਜ਼ ਦਿੰਦਾ ਵਣਜਾਰਾ ਆਇਆ ਸੀ ਗਲੀ ਵਿਚ। ਪਤਾ ਨਹੀਂ
ਕਿਥੋਂ ਮੈਨੂੰ ਚਾਅ ਚੜ੍ਹਿਆ ਉਸ ਦਿਨ। ਮੈਂ ਮਾਂ ਨੂੰ ਕਿਹਾ, "ਬੀਬੀ! ਚੂੜੀਆਂ ਲੈ
ਦੇ। ਲਾਲ ਜਾਂ ਹਰੇ ਰੰਗ ਦੀਆਂ। ਕੱਚ ਦੀਆਂ। ਮਾਂ ਸਿਰ ਤੇ ਪਾਥੀਆਂ ਦਾ ਟੋਕਰਾ ਲੈ
ਕੇ ਚੁੱਲ੍ਹੇ ਮੂਹਰੇ ਰੱਖਣ ਜਾ ਰਹੀ ਸੀ। ਵਿਚਾਰੀ ਨੇ ਝੱਟ ਥਾਏਂ ਹੀ ਟੋਕਰਾ ਧਰ
ਵਣਜਾਰੇ ਨੂੰ ਸੱਦ ਮਾਰ ਲਈ। ਵਣਜਾਰੇ ਨੇ ਮੇਰੀ ਸੱਜੀ ਵੀਣੀ ਵਿੱਚ ਹਰੀਆਂ ਚੂੜੀਆਂ
ਚੜ੍ਹਾ ਦਿੱਤੀਆਂ। ਖੱਬੀ ਬਾਂਹ ਵਿਚ ਚੂੜੀਆਂ ਚੜਾਉਣ ਲਈ ਮੈਂ ਉਸਦੇ ਅੱਗੇ ਅਜੇ
ਕੀਤੀ ਹੀ ਸੀ ਕਿ ਬਾਪੂ ਬਾਹਰੋਂ ਆ ਗਿਆ। ਉਸ ਦੀਆਂ ਅੱਖਾਂ ਵਿਚ ਲਾਲੀ ਸਾਫ ਨਜ਼ਰ ਆ
ਰਹੀ ਸੀ। ਉਸਨੇ ਮੇਰੀ ਵੰਗਾਂ ਵਾਲੀ ਬਾਹੋਂ ਫੜ੍ਹ ਖੜ੍ਹਾ ਕਰ ਲਿਆ ਤੇ ਕੌਅਲੇ ਨਾਲ
ਦੋ-ਤਿੰਨ ਵਾਰ ਮਾਰਿਆ। ਮੇਰੀਆਂ ਚੂੜੀਆਂ ਦੇ ਤੜਕ-ਤੜਕ ਕਰ ਕੇ ਟੁਕੜੇ ਹੋ ਗਏ।
ਮੇਰੀ ਵੀਣੀ ਵਿਚ ਵੰਗਾਂ ਦੇ ਟੁਕੜੇ ਖੁੱਭਣ ਨਾਲ ਖੂਨ ਵਗਣ ਲੱਗਾ। ਖੂਨ ਦੇ ਤੁਪਕੇ
ਤਿਪ-ਤਿਪ ਕਰਦੇ ਹੇਠਾਂ ਡਿੱਗੇ ਵੰਗਾਂ ਦੇ ਹਰੇ ਟੋਟਿਆਂ ਨੂੰ ਲਾਲ ਕਰਨ ਲੱਗੇ। ਮਾਂ
ਨੇ ਗਲ਼ ਵਾਲੀ ਚੁੰਨੀ ਨਾਲ ਮੇਰੀ ਬਾਂਹ ਨੂੰ ਵਲ੍ਹੇਟ ਲਿਆ। ਵਿਹੜੇ ਵਿੱਚ ਆਉਂਦੇ
ਬਾਪੂ ਨੇ ਪਾਥੀਆਂ ਵਾਲੇ ਟੋਕਰੇ ਨੂੰ ਪੈਰ ਮਾਰ ਸਾਰੇ ਵਿਹੜੇ ਵਿਚ ਖਿਲਾਰ ਦਿੱਤਾ।
ਉੱਚੀ-ਉੱਚੀ ਬੋਲਣ ਲੱਗਾ। "ਕਿਵੇਂ ਚਾਅ ਚੜ੍ਹਿਆ ਵੰਗਾਂ ਦਾ? ਤੇਰੇ ਗਲ਼ ਫਾਹਾ
ਪਾਉਣਾ ਹੀ ਪੈਣਾ ਮੈਨੂੰ।" ਬੁੜਬੜਾਉਦਾ ਬਾਪੂ ਬਾਹਰ ਨੂੰ ਨਿਕਲ ਗਿਆ। ਮਾਂ ਪਾਥੀਆਂ
'ਕੱਠੀਆਂ ਕਰਨ ਲੱਗੀ। ਮੈਂ ਤਾਂ ਇਸ ਟੋਕਰੇ ਵਾਂਗਰ ਹੀ ਸੀ ਜਿਵੇਂ ਜੀਅ ਕਰਦਾ ਠੇਡਾ
ਮਾਰ ਦਿੰਦਾ ਬਾਪੂ।
ਸ਼ਾਮੀ ਬਾਪੂ ਘਰ ਪਰਤਿਆ ਤੇ ਮਾਂ ਨੂੰ ਦੋ-ਤਿੰਨ ਦਿਨ ਬਾਹਰ ਜਾਣ ਦਾ ਆਖ ਤੁਰ
ਗਿਆ। ਤੀਜੇ ਦਿਨ ਬਾਪੂ ਰਾਤ ਦਿਨ ਢਲੇ ਘਰ ਪਰਤਿਆ। ਆਪਣੇ ਹੱਥ ਵਿਚਲਾ ਲਿਫਾਫਾ ਮਾਂ
ਦੇ ਮੂਹਰੇ ਕਰਦਾ ਬੋਲਿਆ, "ਸੂਟ ਆ ਇਹਦੇ ਵਿਚ। ਰਾਤੋ-ਰਾਤ ਤਿਆਰ ਕਰ ਲੈ। ਸਵੇਰੇ
'ਨੰਦ ਦੇਣੇ ਆ।" "ਐਨੀ ਛੇਤੀ। ਅਜੇ ਇਹਦੀ ਉਮਰ…"। ਮਾਂ ਦੇ ਵਾਕ ਨੂੰ ਪੂਰਾ ਹੋਣ
ਤੋਂ ਪਹਿਲਾਂ ਵਿਚੋਂ ਟੋਕਦੇ ਹੋਏ ਬਾਪੂ ਬੋਲਿਆ, "ਮੈਂ ਤੇਰੀ ਬਕਵਾਸ ਨੀਂ ਸੁਣਨੀ।
ਮੈਂ ਜੋ ਕਹਿ 'ਤਾ ਉਹੀ ਹੋਣੈ।" ਅੱਗੋਂ ਮਾਂ ਦੀ ਹਿੰਮਤ ਹੀ ਨਹੀਂ ਪਈ ਕਿ ਉਹ ਬਾਪੂ
ਤੋਂ ਕੁਝ ਪੁੱਛ ਸਕਦੀ।
'ਕਿੱਥੇ ਭੇਜਣ ਲੱਗਾਂ ਮੇਰੀ ਧੀ ਨੂੰ? ਮੁੰਡਾ ਕਿਹੋ ਜੇਹਾ? ਕੀ ਕਰਦੈ?
ਪਰਿਵਾਰ…? ਪਿੰਡ…? ਅੱਗਾ-ਪਿੱਛਾ…?' ਸਾਰੇ ਪ੍ਰਸ਼ਨ ਮਾਂ ਦੇ ਸੀਨੇ ਵਿਚ
ਪ੍ਰਸ਼ਨ-ਚਿੰਨ ਬਣ ਕੇ ਰਹਿ ਗਏ। ਮਾਂ ਨੇ ਮੇਰੇ ਵੱਲ ਗੌਰ ਨਾਲ ਤੱਕਿਆ ਜਿਵੇਂ
ਰਾਤੋ-ਰਾਤ ਉਹ ਮੇਰੀ ਕੱਚੀ ਉਮਰ ਪਕਾਉਣਾ ਚਾਹੁੰਦੀ ਹੋਵੇ। ਮੁੜ ਉਸਨੇ ਪੇਟੀ ਦੇ
ਵਿਛਾੜ ਥੱਲਿਉਂ ਸੌ ਰੁਪਏ ਦਾ ਇਕ ਨੋਟ ਚੁੱਕਿਆ। "ਮੈਂ ਹੁਣੇ ਆਉਂਨੀ ਆਂ," ਆਖਦੀ
ਮਾਂ ਬਾਹਰ ਨੂੰ ਤੁਰ ਗਈ। ਮੈਂ ਆਪਣੇ ਸਾਹਮਣੇ ਪਏ ਲਾਲ ਸੂਟ ਨੂੰ ਵੇਖਿਆ। ਨਾ ਮੇਰੇ
ਚਿਹਰੇ ਤੇ ਕੋਈ ਖੁਸ਼ੀ ਸੀ ਤੇ ਨਾ ਹੀ ਕੋਈ ਦੁੱਖ। ਮੇਰੇ ਚਿੱਤ 'ਚ ਇਕ ਖਿਆਲ ਜਰੂਰ
ਉੱਭਰਿਆ ਸੀ ਸ਼ਾਇਦ ਬਾਪੂ ਦੇ ਪਿੰਜਰੇ 'ਚੋਂ ਨਿਕਲ ਕੇ…।
ਥੋੜ੍ਹੇ ਚਿਰ ਮਗਰੋਂ ਮਾਂ ਵਾਪਸ ਮੁੜ ਆਈ। ਲਾਲ ਰੰਗ ਦੀਆਂ ਚੂੜੀਆਂ ਤੇ ਮਹਿੰਦੀ
ਲੈ ਕੇ ਆਈ ਸੀ। ਅੱਜ ਪਹਿਲੀ ਵੇਰ ਮਾਂ ਨੇ ਹੱਟੀ ਤੇ ਜਾਣ ਦਾ ਹੀਆ ਪਤਾ ਨੀਂ ਕਿਵੇਂ
ਕਰ ਲਿਆ ਸੀ। ਉਸਨੇ ਕੌਲੀ ਲੈ ਕੇ ਮਹਿੰਦੀ ਭਿਉਂ ਦਿੱਤੀ। ਮੁੜ ਮਾਂ ਸੂਟ ਕੱਟਣ ਬੈਠ
ਗਈ। ਠੰਡੀ ਮਿੱਠੀ ਰੁੱਤ ਸੀ। ਸੂਟ ਕੱਟ ਕੇ ਉਸਨੇ ਮੈਨੂੰ ਰਜਾਈ ਦੇ ਕੇ ਮੰਜੇ ਤੇ
ਬਿਠਾ ਦਿੱਤਾ। ਬਾਹਰੋਂ ਬਹੁਕਰ ਦਾ ਇਕ ਤੀਲਾ ਲੈ ਆਈ ਤੇ ਮੇਰੇ ਹੱਥਾਂ ਤੇ ਮਹਿੰਦੀ
ਨਾਲ ਵੇਲ-ਬੂਟੇ ਵਾਹੁਣ ਲੱਗੀ। ਨਾਲ ਹੀ ਮੂੰਹੋਂ 'ਵਾਹਿਗੁਰੂ-ਵਾਹਿਗੁਰੂ' ਉਚਾਰਨ
ਲੱਗੀ। ਰੱਬ ਦਾ ਨਾਂ ਉਚਾਰਦੀ ਹੋਈ ਮਨ ਅੰਦਰ ਉਹ ਮੇਰੀ ਅਗਲੀ ਜਿੰਦਗੀ ਦੇ ਸੁੱਖ
ਦੀਆਂ ਦੁਆਵਾਂ ਕਰ ਰਹੀ ਸੀ।
'ਧੀਏ ਮੈਨੂੰ ਮਾਫ ਕਰ ਦੇਈਂ। 12 ਸਾਲ ਦੀ ਵੀ ਕੋਈ ਉਮਰ ਹੁੰਦੀ ਹੈ ਵਿਆਹੁਣ
ਦੀ? ਮੇਰਾ ਵੱਸ ਨੀਂ ਚੱਲਦਾ। ਰੱਬ ਤੈਨੂੰ ਸੁੱਖ ਦੇਵੇ। ਇਸ ਨਰਕ ਚੋ ਨਿਕਕਲ ਚੱਲੀ
ਐ, ਇਕ ਗੱਲੋਂ ਚੰਗਾ ਹੋ ਗਿਆ।' ਮਾਂ ਆਪਣੇ ਮਨ ਨਾਲ ਗੱਲਾਂ ਕਰ ਕੇ ਆਪਣੇ-ਆਪ ਨੂੰ
ਤਸੱਲੀ ਦੇ ਖੁਸ਼ ਸੀ ਜਿਵੇਂ ਉਹ ਕਿਸੇ ਬੋਝ ਤੋਂ ਸੁਰਖ਼ੁਰੂ ਹੋ ਜਾਣ ਚਾਹੁੰਦੀ ਹੋਵੇ।
ਪਰ ਅੰਦਰਲੇ ਸੀਨੇ ਦੀ ਹੂਕ ਦੱਸਦੀ ਸੀ ਕਿ ਉਹ ਮਾਂ ਵਾਲੇ ਦਰਦ ਤੋਂ ਵੰਚਿਤ ਨਹੀਂ
ਹੋ ਸਕੀ ਸੀ। ਮਾਂ ਨੇ ਵਿੰਗੇ ਟੇਡੇ ਫੁੱਲ-ਬੂਟੇ ਮੇਰੇ ਹੱਥਾਂ ਤੇ ਵਾਹ ਦਿੱਤੇ।
ਮਹਿੰਦੀ ਲਾ ਕੇ ਉਹ ਸੂਟ ਸਿਉਣ ਬਹਿ ਗਈ।
ਸਵੇਰੇ ਸਵੱਖਤੇ ਮਾਂ ਨੇ ਮੈਨੂੰ ਜਗਾ ਕੇ ਨਹਾਉਣ ਲਈ ਕਿਹਾ। ਨਾ ਕੋਈ ਸਖੀ। ਨਾ
ਕੋਈ ਰਿਸ਼ਤੇਦਾਰ। ਮਾਂ ਕੱਲੀ ਨੇ ਵੱਟਣਾ ਮੱਲਿਆ। ਉਹ ਆਪਣੇ ਵੱਲੋਂ ਜਿੰਨੇ ਹੋ ਸਕਦੇ
ਸਨ ਉਹ ਸ਼ਗਨ-ਵਿਹਾਰ ਕਰਨਾ ਚਾਹੁੰਦੀ ਸੀ। ਇਹ ਵੀ ਕੋਈ ਵਿਆਹ ਸੀ। ਜਿੱਥੇ ਮੈਂ ਤੇ
ਮਾਂ ਹੀ ਮੇਲ ਸੀ। ਨਾ ਕੋਈ ਗੀਤ। ਨਾ ਰੌਲਾ-ਰੱਪਾ। ਨਾ ਮੈਂ ਮਾਈਂਏ ਬੈਠੀ ਤੇ ਨਾ
ਹੀ…। ਬਾਪੂ ਨੇ ਸਾਨੂੰ ਦੋਨਾਂ ਨੂੰ ਕਾਰ 'ਚ ਬਿਠਾਇਆ ਤੇ ਇਕ ਗੁਰਦੁਆਰੇ ਵਿਚ ਲੈ
ਗਿਆ। ਮੇਰਾ ਚਿਹਰਾ ਅੱਧਾ ਘੁੰਡ ਕੱਢ ਕੇ ਲੁਕਾ ਦਿੱਤਾ। ਮੇਰੀ ਧੌਣ ਵੀ ਨੀਵੀਂ ਸੀ।
ਮੈਂ ਚੋਰ ਅੱਖਾਂ ਨਾਲ ਚੁੰਨੀ ਵਿਚੋਂ ਝਾਤੀ ਮਾਰ ਕੇ ਕੁਝ ਤੱਕਣਾ ਚਾਹਿਆ। ਬਸ
ਦੋ-ਤਿੰਨ ਓਪਰੇ ਚਿਹਰੇ ਨਜਰ ਆਏ। ਬਾਪੂ ਨੇ ਵੀਰਾਂ ਨੂੰ ਵੀ ਨਹੀਂ ਬੁਲਾਇਆ ਸੀ।
ਪਤਾ ਨਹੀਂ ਉੁਹਨਾਂ ਨੂੰ ਵੀ ਵਿਆਹ ਬਾਰੇ ਪਤਾ ਸੀ ਕਿ ਨਹੀਂ। ਜੇ ਉਹ ਵਿਆਹ ਬਾਰੇ
ਕੁਝ ਜਾਣਦੇ ਵੀ ਹੋਏ ਤਾਂ ਕੀ? ਉਹ ਵੀ ਤਾਂ ਬਾਪੂ ਦੀ ਬੋਲੀ ਹੀ ਬੋਲਦੇ ਸਨ। ਬਾਪੂ
ਉਹਨਾਂ ਦੀ ਹਰ ਰੀਝ ਜੁ ਪੂਰੀ ਕਰਦਾ ਸੀ।
ਅਚਾਨਕ ਗੱਡੀ ਦੀ ਚੀਕ ਨੇ ਮੈਨੂੰ ਯਾਦਾਂ ਦੇ ਭਵਜਲ 'ਚੋਂ ਬਾਹਰ ਕੱਢਿਆ। ਬਾਹਰ
ਤੱਕਿਆ। ਮੇਰਾ ਸਟੇਸ਼ਨ ਆ ਗਿਆ ਸੀ। ਮੈਂ ਆਪਣੇ ਸਾਮਾਨ ਵਾਲਾ ਬੈਗ ਚੁੱਕਿਆ ਤੇ
ਸਟੇਸ਼ਨ ਤੋਂ ਬਾਹਰ ਆ ਗਈ। ਰਿਕਸ਼ਾ ਲੈ ਬੱਸ ਅੱਡੇ ਤੇ ਪਹੁੰਚੀ। ਆਪਣੇ ਪਿੰਡ ਵਾਲੀ
ਬੱਸ ਦਾ ਪਤਾ ਕਰ ਬੈਠ ਗਈ। ਅੱਧੇ ਘੰਟੇ ਤੀਕ ਆਪਣੇ ਘਰ ਪਹੁੰਚ ਜਾਣਾ ਸੀ। 'ਆਪਣਾ
ਘਰ' ਤਾਂ ਬਾਪੂ ਨੇ ਕਦੀ ਮੇਰਾ ਹੋਣ ਹੀ ਨਹੀਂ ਦਿੱਤਾ।
ਆਨੰਦ-ਕਾਰਜਾਂ ਮਗਰੋਂ ਮੈਨੂੰ ਤੋਰ ਦਿੱਤਾ। ਤੋਰਨ ਲੱਗਿਆਂ ਮਾਂ ਨੇ ਬਾਪੂ ਦੀ
ਪਰਵਾਹ ਕੀਤੇ ਬਗੈਰ ਹੀ ਮੈਨੂੰ ਧਾਹ ਗਲਵੱਕੜੀ ਪਾ ਲਈ। ਮਾਂ ਦੀਆਂ ਭੁੱਬਾਂ
ਨਿਕਲ-ਨਿਕਲ ਜਾਂਦੀਆਂ ਸਨ। ਮੈਂ ਤਾਂ ਪੱਥਰ ਬਣੀ ਖੜ੍ਹੀ ਰਹੀ। ਬਾਪੂ ਲਈ ਤਾਂ ਮੈਂ
ਸਿਰਫ ਪੱਥਰ ਹੀ ਸੀ ਅੱਜ ਤੋਂ ਤਾਂ ਬਾਪੂ ਪੱਥਰ ਤੋਂ ਵੀ ਆਜ਼ਾਦ ਹੋ ਚੱਲਿਆ ਸੀ।
ਭਾਵੇਂ ਕਿ ਪੱਥਰ ਤਾਂ ਉਸਦਾ ਗੁਲਾਮ ਰਿਹਾ ਸੀ। ਅੱਜ ਤੀਕ ਮੈਂ ਬਾਪੂ ਨੂੰ ਕਦੀ
ਪੂਰੀ ਤਰ੍ਹਾਂ ਤੱਕਿਆ ਨਹੀਂ ਸੀ ਬਾਪੂ ਨੇ ਤਾਂ ਮੈਨੂੰ ਤੱਕਣ ਹੀ ਕੀ ਸੀ? ਬੱਸ ਇਕ
ਛੇ ਫੁੱਟਾ, ਗਿੱਠ ਦੀ ਦਾੜੀ ਵਾਲਾ ਪਰਛਾਵਾਂ ਮੇਰੇ ਜ਼ਿਹਨ 'ਚ ਸੀ।
ਕਦੇ ਰੇਲ, ਕਦੇ ਬੱਸ ਤੇ ਕਦੇ ਰਿਕਸ਼ੇ ਵਿਚ ਚੜ੍ਹਨ ਉਤਰਨ ਮਗਰੋਂ ਮੈਂ ਇਕ ਘਰ
ਵਿੱਚ ਆ ਗਈ ਸੀ। ਰਾਤ ਵੀ ਰਾਹ ਵਿਚ ਲੰਘ ਗਈ ਸੀ। ਅਗਲੇ ਦਿਨ ਦੀ ਦੁਪਹਿਰ ਵੀ ਲੰਘ
ਚੱਲੀ ਸੀ। ਘਰ ਵੜਨੋਂ ਪਹਿਲਾਂ ਤੇਲ ਚੋਅ ਕੇ ਮੇਰਾ ਸੁਆਗਤ ਕੀਤਾ ਗਿਆ। ਮਾਂ ਦੀਆਂ
ਦੁਆਵਾਂ ਲੇਖੇ ਲੱਗ ਗਈਆਂ। ਸਹੁਰਾ ਘਰ ਮੇਰੇ ਲਈ ਸਵਰਗ ਨਿਕਲਿਆ। ਪਤੀ ਬਸ ਪੰਜ-ਛੇ
ਸਾਲ ਵੱਡਾ ਸੀ ਤੇ ਖੱਬੀ ਲੱਤ ਤੋਂ ਥੋੜ੍ਹਾ ਲੰਗਾ ਕੇ ਤੁਰਦਾ ਸੀ। ਸਹੁਰਾ ਮੇਰਾ
ਨਿਰਾ ਦੇਵਤਾ ਸੀ। ਦਿਨ-ਰਾਤ ਅਸੀਸਾਂ ਨਾਲ ਮੇਰੀ ਝੋਲੀ ਭਰ ਦਿੰਦਾ ਸੀ। ਬਾਪੂ ਦੇ
ਪਿਆਰ ਤੋਂ ਕੋਰੀ ਮੇਰੀ ਆਤਮਾ ਨੇ ਸਕੂਨ ਮਹਿਸੂਸ ਕੀਤਾ ਸੀ। ਕਿਤੋਂ ਤਾਂ ਝੋਲੀ
ਵਿੱਚ ਖ਼ੈਰਾਤ ਪਈ ਸੀ। ਸੱਸ ਹੁੰਦੀ ਤਾਂ ਮਾਂ ਵਾਲੀ ਥਾਂ ਨੂੰ ਪੂਰਾ ਕਰ ਦਿੰਦੀ।
ਸਮਾਂ ਲੰਘਦਾ ਜਾ ਰਿਹਾ ਸੀ ਪਰ ਕਦੀ-ਕਦੀ ਮਾਂ ਦੀ ਯਾਦ ਸੀਨੇ ਨੂੰ ਧੂਹ ਪਾਉਂਦੀ।
ਚਾਰ ਸਾਲਾਂ ਵਿਚ ਮੈਂ ਇਕ ਮੁੰਡੇ ਕੁੜੀ ਦੀ ਮਾਂ ਬਣ ਗਈ। ਮਾਂ ਬਣਨ ਮਗਰੋਂ ਮਾਂ ਦੀ
ਹੋਰ ਵੀ ਜਿਆਦਾ ਯਾਦ ਆਉਂਦੀ। ਮੇਰੇ ਚੋਰੀ-ਚੋਰੀ ਡਿੱਗਦੇ ਅੱਥਰੂਆਂ ਨੂੰ ਮੇਰੇ
ਸਗੁਰੇ ਨੇ ਇਕ ਦਿਨ ਬੋਚ ਲਿਆ। ਉਸਨੇ ਮੈਨੂੰ ਕਿਹਾ, " ਧੀਏ ਮੈਂ ਨਹੀਂ ਜਾਣਦਾ
ਤੇਰਾ ਪਿੰਡ ਕਿਹੜਾ? ਸਾਨੂੰ ਤੇਰੇ ਬਾਪ ਨਾਲ ਮਿਲਾਉਣ ਵਾਲਾ ਵੀ 'ਗਾਹਾਂ ਦੀ 'ਗਾਂਹ
ਸੀ ਕੋਈ। ਉਹਦਾ ਮੈਨੂੰ ਕੋਈ ਥਹੁ-ਪਤਾ ਨੀਂ। ਉਹਨੇ ਇਕ ਗੱਲ ਮੁਕਾਈ ਸੀ । ਬਸ
ਤੈਨੂੰ ਤੇਰੇ ਪੇਕੇ ਪਿੰਡ ਬਾਰੇ ਨਾ ਕੁਝ ਪੁੱਛਣਾ ਨਾ ਕਦੇ ਤੈਨੂੰ ਜਾਣ ਦੇਣਾ। ਜੇ
ਤੈਨੂੰ ਆਪਣੇ ਘਰ ਦੀ ਬਹੁਤੀ ਯਾਦ ਆਉਂਦੀ ਐ ਤਾਂ ਆਪਾਂ ਤੈਨੂੰ ਮਿਲਵਾ ਲਿਆਉਦੇ ਆਂ।
ਮੈਨੂੰ ਤਾਂ ਪਿੰਡ ਦਾ ਕੁਛ ਪਤਾ ਨੀਂ। ਤੈਨੂੰ ਪਤਾ ਕੁਛ? ਤੇਰਾ ਬਾਪ ਕੁਛ ਬੋਲਿਆ
ਤਾਂ ਮੈਂ ਆਪੇ ਨਿਬੜ ਲਊ ਉਹਦੇ ਨਾਲ…"। ਮੇਰੇ ਹੌਕਿਆਂ ਨੇ ਮੇਰੇ ਸਹੁਰੇ ਨੂੰ
ਬੁੱਕਲ ਵਿਚ ਲੈ ਕੇ ਬਾਪ ਵਾਲਾ ਪਿਆਰ ਵੰਡਾਉਣ ਲਈ ਮਜ਼ਬੂਰ ਕੀਤਾ।
"ਕੁੜੇ ਜੀਤੀਏ ਤੂੰ ਐ ਭਲਾ?" ਮੈਂ ਬੱਸੋਂ ਉੱਤਰ ਗਲੀ ਵਿਚ ਤੁਰੀ ਜਾ ਰਹੀ । ਮੈਨੂੰ
ਪਿੱਛੋਂ 'ਵਾਜ਼ ਵੱਜੀ ਤੇ ਮੈਂ ਰੁਕ ਗਈ। ਮੈਂ ਪਿੱਛੇ ਮੁੜ ਕੇ ਚਾਚੀ ਨੂੰ ਜਵਾਬ
ਦਿੱਤਾ। "ਸਸ-ਰੀ-ਕਾਲ। ਹਾਂ ਚਾਚੀ ਮੈਂ ਜੀਤੀ ਈ…"। ਮੈਂ ਚਾਚੀ ਨੂੰ ਗਲਵੱਕੜੀ ਪਾ
ਮਿਲੀ। "ਹੋਰ ਸੁਣਾ ਕਿਵੇਂ ਐਂ ਕੁੜੇ? ਹੁਣ ਪਹੁੰਚੀ… ? ਕੋਈ ਲੈਣ ਨੀਂ…?" ਚਾਚੀ
ਨੇ ਗਲ਼ ਲਾ ਮੈਨੂੰ ਸਵਾਲ ਕੀਤੇ। "ਠੀਕ ਆਂ ਚਾਚੀ। ਜਦੋਂ ਤੁਹਾਡਾ ਫੋਨ ਗਿਆ ਬਈ
ਬਾਪੂ ਬਹੁਤਾ ਢਿੱਲਾ ਆ। ਉਸੇ ਵੇਲੇ ਤੁਰ ਪਈ ਸਾਂ। ਪਰ ਰਾਹ 'ਚ ਹੀ ਬਾਪੂ…"।
ਅੱਗੋਂ ਮੇਰੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ। ਚਾਚੀ ਨੇ ਮੈਨੂੰ ਆਪਣੇ ਘਰ ਵੱਲ
ਤੋਰਦਿਆਂ ਕਿਹਾ, "ਚੱਲ ਕੇਰਾਂ ਘਰੇ ਆਪਣੇ। ਐਨੀ ਲੰਮੀ ਵਾਟ ਤੋਂ ਆਈ ਐ। ਚਾਹ-ਪਾਣੀ
ਪੀ ਕੇ ਚੱਲਦੇ ਆਂ।"
ਜਦੋਂ ਮੈਨੂੰ ਮੇਰਾ ਸਹੁਰਾ ਮੇਰੇ ਪਿੰਡ ਮਾਂ ਨੂੰ ਮਿਲਾਉਣ ਲਈ ਲੈ ਕੇ ਆਇਆ ਸੀ
ਤਾਂ ਅਸੀਂ ਇਸੇ ਸ਼ਰੀਕੇ 'ਚ ਚਾਚੀ ਲਗਦੀ ਘਰ ਰਾਤ ਕੱਟੀ ਸੀ। ਉਦੋਂ ਵੀ ਚਾਚੀ ਨੇ
ਸੱਦ ਮਾਰ ਕੇ ਆਪਣੇ ਘਰ ਬੁਲਾ ਲਿਆ ਸੀ। ਚਾਹ-ਪਾਣੀ ਪਿਆ ਕੇ ਚਾਚੀ ਨੇ ਮਾਂ ਬਾਰੇ
ਦੱਸਿਆ ਸੀ। "ਜੀਤੀਏ ! ਤੇਰੀ ਬੀਬੀ ਦਾ ਬੜਾ ਮਾੜਾ ਹਾਲ ਹੋ ਗਿਆ ਸੀ ਤੈਨੂੰ ਤੋਰਨ
ਮਗਰੋਂ। ਮੰਜੇ ਨਾਲ ਜੁੜ ਕੇ ਰਹਿ ਗਈ ਵਿਚਾਰੀ। ਤੇਰੇ ਵੀਰਾਂ ਨੇ ਕਾਲਜ 'ਚ ਪੜਦੀਆਂ
ਕੁੜੀਆਂ ਨਾਲ ਵਿਆਹ ਕਰਾ ਲਏ। ਉਹ ਤਾਂ ਸ਼ਹਿਰੀ ਹੋ 'ਗੇ। ਕਦੇ ਪਿੰਡ ਵੰਨੀਂ ਉਹਨਾਂ
ਨੇ ਮੂੰਹ ਈ ਨੀਂ ਕੀਤਾ। ਤੇਰੀ ਬੇਬੇ ਵਿਚਾਰੀ ਮੌਤ ਨਾਲ ਘੁਲਦੀ ਰਹੀ ਪਰ ਉਹਨਾਂ
ਦੋਹਾਂ ਨੇ…। ਆਉਂਦੀ ਸਗਰਾਂਦ ਨੂੰ ਛੀ ਮ੍ਹੀਨੇ ਹੋ ਜਾਣੇ ਐ ਮੁੱਕੀ ਨੂੰ…।" ਮਾਂ
ਤੁਰ ਗਈ ਸੀ ਮੈਨੂੰ ਮਿਲੇ ਬਗੈਰ ਈ। ਉਹਦੀ ਆਖਰੀ ਗਲਵੱਕੜੀ ਦਾ ਚੇਤਾ ਆਇਆ। 'ਉਹ
ਮਨਾ ਮੇਰਿਆ ਜੇ ਮਾਂ ਨੇ ਇੰਜ ਤੁਰ ਜਾਣਾ ਸੀ ਮੈਂ ਉਹਨੂੰ ਉਦੋਂ ਕਿਉਂ ਨਾ ਘੁੱਟ ਕੇ
ਮਿਲੀ? ਛੇ ਮਹੀਨੇ ਪਹਿਲਾਂ ਕਿਉਂ ਨਾ ਆਈ। ਮੈਂ ਉਹਨੂੰ ਆਪਣੇ ਨਾਲ ਲੈ ਜਾਂਦੀ।'
ਮੇਰਾ ਅੰਦਰਲਾ ਆਪਾ ਮੈਨੂੰ ਲਾਹਨਤਾਂ ਪਾ ਰਿਹਾ ਸੀ। ਪਰ ਹੁਣ ਤੀਕ ਤਾਂ…।
ਹੁਣ ਮੈਨੂੰ ਕੀਂਹਨੇ ਦੱਸਣਾ ਸੀ ਬਾਪੂ ਦਾ? ਵਾਪਸ ਮੁੜਦਿਆਂ ਮੇਰੇ ਸਹੁਰੇ ਨੇ
ਚਾਚੀ ਨੂੰ ਮੇਰਾ ਮੋਬਾਇਲ ਨੰਬਰ ਲਿਖਾ ਦਿੱਤਾ ਸੀ। "ਭਾਈ ਜੀਤੀ ਨੂੰ ਕਦੇ
ਵੇਲੇ-ਕੁਵੇਲੇ ਦੁੱਖਦੇ-ਸੁੱਖਦੇ ਫੋਨ ਕਰ ਲਿਆ ਕਰ ਲਿਉ।"
ਅੱਜ ਵੀ ਚਾਚੀ ਚਾਹ ਪਿਆਉਣ ਮਗਰੋਂ ਬੋਲੀ, "ਜੀਤੀਏ, ਅੱਠ-ਦਸ ਦਿਨਾਂ ਦਾ ਤਾਂ
ਤੇਰਾ ਬਾਪੂ ਬਾਹਲਾ ਈ ਢਿੱਲੈ। ਤੇਰੇ ਵੀਰਾਂ ਨੇ ਕੋਈ ਪੁੱਛ-ਪ੍ਰਤੀਤ ਨੀਂ ਕੀਤੀ।
ਭਲਾ ਐਨਾ ਵੀ ਬੰਦਾ ਕਾਹਦਾ ਕਾਮਾ ਹੋਇਆ ਜੇ ਦੁੱਖਦੇ ਸੁਖਦੇ ਹਾਲ ਨੀਂ ਪੁੱਛਣਾ।
ਕਾਹਦੀ ਖਾਤਰ ਮਾਂ-ਪਿੳੇੁ ਦਿਨ-ਰਾਤ ਇਕ ਕਰਦੇ ਆ? ਤੇ ਔਲਾਦ…? ਪਿਛਲੇ ਤਿੰਨ-ਚਾਰ
ਦਿਨਾਂ ਤੋਂ ਤੈਨੂੰ ਯਾਦ ਕਰਦਾ ਸੀ। ਅਖੇ ਕੋਈ ਜੀਤੀ ਨੂੰ ਸੁਨੇਹਾ ਲਾ ਬੁਲਾ…। ਮੈਂ
ਤੇਰਾ ਦਿਤਾ ਨੰਬਰ ਬੜਾ ਲਵਾ-ਲਵਾ ਦੇਖਿਆ ਪਰ ਮਿਲਦਾ ਈ ਨੀਂ ਸੀ। "ਚਾਚੀ ਕੀ ਕਰਦੀ?
ਜਵਾਕਾਂ ਨੇ ਲੜਦਿਆਂ ਫੋਨ ਹੇਠਾਂ ਸੁੱਟ 'ਤਾ। ਦੁਕਾਨ ਵਾਲੇ ਨੇ ਠੀਕ ਕਰਨ ਤੇ
ਚਾਰ-ਪੰਜ ਦਿਨ ਲਾ 'ਤੇ।" ਮੈਂ ਆਪਣੀ ਮਜ਼ਬੂਰੀ ਸੁਣਾ ਦਿੱਤੀ ਜਿਹੜੀ ਮੰਦਭਾਗੀ ਸੀ
ਮੇਰੇ ਲਈ ਜਿਹੜਾ ਬਾਪੂ ਨੂੰ ਮਿਲਣਾ ਨਸੀਬ ਨਾ ਹੋਇਆ।
"ਮੈਂ ਤੇਰੇ ਵੀਰਾਂ ਨੂੰ ਵੀ ਸੁਨੇਹਾ ਭੇਜਿਆ ਸੀ ਬਈ ਜੀਤੀ ਆਪਣਾ ਪਿੰਡ ਦਸ ਕੇ
ਗਈ ਆ। ਕੋਈ ਜਾਣਾ ਜਾ ਕੇ ਉਹਨੂੰ ਲੈ ਆਉ। ਪਰ ਜਿਵੇਂ ਤੈਨੂੰ ਦੱਸਿਆ ਉਹਨਾਂ ਦੇ
ਕੰਨਾਂ ਤੇ ਜੂੰ ਨਹੀਂ ਸਰਕਦੀ। ਸੁਣਿਆ ਬਈ ਬਹੂਆਂ ਦੇ ਇਸ਼ਾਰਿਆਂ ਤੇ ਨੱਚਦੇ ਆ
ਦੋਵੇਂ। ਘਰ ਜਵਾਈ ਬਣਨਾ ਸੌਖਾ? ਤੇਰੇ ਬਾਪੂ ਨੂੰ ਜਿਹਨੂੰ ਕੋਈ ਦਵਾ-ਦਾਰੂ ਹੋ ਸਕੀ
ਉਨ੍ਹੀ ਕੁ ਤੇਰਾ ਚਾਚਾ ਕਰਵਾਉਂਦਾ ਰਿਹਾ। ਦਲੀਆ ਜਾਂ ਖਿਚੜੀ ਬਣਾ ਕੇ ਮੈਂ ਆਪ ਦੇ
ਕੇ ਆਉਂਦੀ ਰਹੀ ਆਂ। ਤਿੰਨ ਦਿਨ ਹੋਗੇ ਸੀ ਕੁਛ ਨੀਂ ਲੰਘਦਾ ਸੀ ਸੰਘੋਂ ਹੁਣ ਤਾਂ।
ਬਾਹਲਾ ਔਖਾ ਹੋ-ਹੋ ਮੁੱਕਿਆ"। ਚਾਚੀ ਨੇ ਸਾਰੀ ਵਿੱਥਿਆ ਸੁਣਾ ਧਰੀ।
ਘਰੋਂ ਤੁਰਨ ਵੇਲੇ ਵੀਰੇ ਨੂੰ ਮੈਂ ਫੋਨ ਕੀਤਾ ਸੀ। ਉਹਨੇ ਅੱਗੋਂ ਜ਼ਹਿਰ ਉਗਲਿਆ
ਸੀ। "ਤੂੰ ਆ ਕੇ ਕੀ ਕਰਨਾ ਭਲਾ। ਤੇਰੇ ਬਿਨਾਂ ਕਿਹੜਾ ਬਾਪੂ ਦੀਆਂ ਬਾਹਾਂ ਆਕੜੀਆਂ
ਮਿਲਣ ਨੂੰ? ਨਾਲੇ ਉਹੀ ਬਾਪੂ ਐ ਜੋ…।" ਸਹੁਰਾ ਬਿਮਾਰ ਹੋਣ ਕਰਕੇ ਪਤੀ ਨੂੰ ਉਸਦੀ
ਦੇਖਭਾਲ ਕਰਨ ਲਈ ਕਿਹਾ। ਬੱਚੇ ਵੀ ਪਤੀ ਦੇ ਹਵਾਲੇ ਕਰ ਕੱਲੀ ਤੁਰ ਪਈ ਸਾਂ।
ਮੈਂ ਤੇ ਚਾਚੀ ਘਰ ਵੱਲ ਨੂੰ ਤੁਰ ਪਈਆਂ। ਘਰ ਪਹੁੰਚ ਧਿਆਨ ਲਾ ਤੱਕਿਆ। ਘਰ ਹੁਣ
'ਘਰ' ਨਹੀਂ ਲੱਗ ਰਿਹਾ ਸੀ। ਮਾਂ ਇਸਨੂੰ ਸਾਫ਼ ਸੁਥਰਾ ਰੱਖਦੀ ਸੀ। ਵਿਹੜੇ ਵਿਚ ਘਾਹ
ਉੱਗਿਆ ਪਿਆ ਸੀ। ਵਿਹੜੇ ਵਿਚ ਮਾਂ ਦੀ ਆਤਮਾ ਘੁੰਮਦੀ ਨਜ਼ਰ ਆਈ। 'ਮਾਂ ਤੂੰ ਮੈਨੂੰ
ਮਿਲੇ ਬਗੈਰ ਈ ਤੁਰ 'ਗੀ। ਇਕ ਵੇਰ ਮੇਰਾ ਘਰ ਵੇਖ ਜਾਂਦੀ…।' "ਆ ਜਾ ਜੀਤੀਏ।"
ਚਾਚੀ ਨੇ ਮੈਨੂੰ ਹਲੂਣ ਕੇ ਅੱਗੇ ਤੁਰਨ ਲਈ ਕਿਹਾ।
ਬਾਪੂ ਤੁਰ ਗਿਆ ਸੀ। ਆਸ-ਪਾਸ ਲੋਕਾਂ ਦਾ ਕੱਠ ਸੀ। ਬਾਪੂ ਦੀਆਂ ਗੱਲਾਂ ਹੋ
ਰਹੀਆਂ ਸਨ। ਪਰ ਬਾਪੂ ਨੂੰ ਰੋਣ ਵਾਲਾ ਕੋਈ ਨਹੀਂ ਸੀ। ਬਾਪੂ ਦੇ ਮੂੰਹ ਤੋਂ ਕੱਪੜਾ
ਪਾਸੇ ਕਰ ਅੱਜ ਪਹਿਲਾਂ ਵੇਰ ਨੀਝ ਲਾ ਤੱਕਿਆ। ਦੇਖ ਕੇ ਧਾਹਾਂ ਨਿਕਲ ਆਈਆਂ। ਮਾਂ
ਨੂੰ ਵੀ ਚੇਤੇ ਕੀਤਾ। ਸ਼ਾਮ ਦੇ ਚਾਰ ਵੱਜ ਚਲੇ ਸਨ। ਪਰ ਦੋਨਾਂ ਭਰਾਵਾਂ 'ਚੋਂ ਅਜੇ
ਕੋਈ ਨਹੀਂ ਆਇਆ ਸੀ। ਸਸਕਾਰ ਦਾ ਇੰਤਜ਼ਾਮ ਵੀ ਪਿੰਡ ਵਾਸੀਆਂ ਨੇ ਕੀਤਾ ਸੀ। ਲੋਕਾਂ
ਨੇ ਆਪਸ 'ਚ ਰਾਏ ਕੀਤੀ। "ਚਲੋ ਭਾਈ ਬਹੁਤ ਟੈਮ ਹੋ ਗਿਐ। ਮੁੰਡੇ ਨਹੀਂ ਆਉਂਦੇ ਤਾਂ
ਕੀ? ਕੁੜੀ ਹੈਗੀ ਆ। ਸਸਕਾਰ ਕਰ ਦੇਈਏ ਹੁਣ," ਇਕ ਸਿਆਣੇ ਬਜ਼ੁਰਗ ਨੇ ਕਿਹਾ।
ਸ਼ਮਸ਼ਾਨਘਾਟ ਜਾ ਕੇ ਮੈਂ ਕਿਹਾ, "ਵੀਰੇ ਨਹੀਂ ਤਾਂ ਮੈਂ ਬਾਪੂ ਨੂੰ ਅੰਤਿਮ ਵਿਦਾਈ
ਦਿਆਂਗੀ।"
ਕਾਸ਼ ! ਬਾਪੂ ਅੱਜ ਤੂੰ ਦੇਖਦਾ। ਤੇਰੇ ਫੁੱਲਾਂ ਵਾਂਗਰ ਪਾਲੇ ਪੁੱਤਾਂ ਨੇ ਤੈਨੂੰ
ਅੰਤ ਵੇਲੇ ਪਾਣੀ ਵੀ ਨੀਂ ਪੁੱਛਿਆ। ਦੂਰ ਵਿਆਹੀ ਤੇਰੀ ਧੀ ਪੈਂਡੇ ਲੰਘ ਆਈ ਸੀ
ਤੇਰੇ ਕੋਲ। ਆਖਰ ਤੈਨੂੰ ਤੇਰੀ ਉਸੇ ਧੀ ਨੇ ਅਗਨੀ ਦਿੱਤੀ ਜਿਹਨੂੰ ਤੂੰ…।
ਸਿੰਮੀਪ੍ਰੀਤ ਕੌਰ ਪੁੰਨੀ
82889-13513
ਨੇੜੇ ਬਾਬਾ ਦੀਪ ਸਿੰਘ ਗੁਰਦੁਆਰਾ
ਜਲਾਲਾਬਾਦ-152024
|