ਸਭ ਅੱਛਾ ਹੈ
ਅਨਮੋਲ ਕੌਰ, ਕਨੇਡਾ


ਕੰਮ ਤੋਂ ਘਰ ਵੱਲ ਆ ਰਿਹਾ ਸੀ ਕਿ ਸਾਹਮਣੇ ਇਕ ਬਹੁਤ ਹੀ ਸੁੰਦਰ ਜੋੜੀ ਦਿਸੀ, ਜੋ ਸ਼ਾਇਦ ਨਾਲ ਵਾਲੀ ਪਾਰਕ ਵਿਚ ਟਹਿਲਣ ਲਈ ਜਾ ਰਹੀ ਹੋਵੇਗੀ। ਉਹਨਾਂ ਦਾ ਨਵਾ ਨਵਾ ਵਿਆਹ ਹੋਇਆ ਲੱਗਦਾ ਸੀ, ਕਿਉਂਕਿ ਕੁੜੀ ਦੀਆਂ ਬਾਹਾਂ ਵਿਚਲਾ ਉਨਾਬੀ ਚੂੜਾ ਦੂਸਰਿਆਂ ਦਾ ਧਿਆਨ ਆਪਣੀ ਵੱਲ ਖਿੱਚ ਰਿਹਾ ਸੀ। ਉਹਨਾਂ ਨੂੰ ਦੇਖ ਕੇ ਮੇਰੇ ਮਨ ਵਿਚ ਵੀ ਵਿਆਹ ਕਰਾਉਣ ਦੀ ਉਥਲ-ਪੁਥਲ ਅਜਿਹੀ ਹੋਈ। ਵਿਆਹ ਰਚਾਉਣ ਲਈ ਕੁੜੀ ਕਿਸ ਤਰਾਂ ਦੀ ਹੋਣੀ ਚਾਹੀਦੀ ਹੈ, ਉਸ ਦੇ ਰੂਪ-ਰੰਗ ਦੀ ਕਲਪਨਾ ਕਰਦਾ ਘਰ ਦੇ ਡਰਾਈਵੇ ਵਿਚ ਜਾ ਪਹੁੰਚਾ। ਕਾਰ ਦੀ ਪਿਛਲੀ ਸੀਟ ‘ਤੇ ਪਈ ਜੈਕਟ ਚੁਕ ਘਰ ਦਾ ਦਰਵਾਜ਼ਾ ਖੋਲ੍ਹਣ ਲਈ ਚਾਬੀ ਘੁੰਮਾ ਅਜੇ ਅੰਦਰ ਦਾਖਲ ਹੋਇਆ ਹੀ ਸੀ ਕਿ ਲਿਵਇੰਗ ਰੂਮ ਵਿਚੋਂ ਅਵਾਜ਼ ਆਈ, “ ਭੈਣ ਜੀ, ਹੁਣ ਤਹਾਨੂੰ ਜਗੀ ਦਾ ਵਿਆਹ ਕਰ ਹੀ ਦੇਣਾ ਚਾਹੀਦਾ।” ਇਸ ਅਵਾਜ਼ ਨੇ ਮੈਂਨੂੰ ਦਸ ਦਿੱਤਾ ਕਿ ਕਲੋਨੇ ਵਾਲੇ ਮਾਸੀ ਜੀ ਆਏ ਹੋਏ ਨੇ। ਆਪਣੇ ਕੰਮ ਦੇ ਬੂਟ ਖੋਲ੍ਹਦਿਆਂ ਮੈਂ ਹੱਸ ਕੇ ਕਿਹਾ, “ ਮਾਸੀ ਜੀ, ਜਗੀ ਤਾਂ ਵਿਆਹ ਕਰਾਉਣ ਲਈ ਰੈਡੀ ਆ, ਪਰ ਕੋਈ ਕਰਦਾ ਨਹੀ ।”

“ ਅੱਜ ਪਹਿਲੀ ਵਾਰੀ ਇੰਹਨੇ ਇਹ ਗੱਲ ਕਹੀ ਆ।” ਮੱਮੀ ਨੇ ਕਿਹਾ, “ ਅੱਗੇ ਅਸੀ ਇਸ ਨੂੰ ਕਈ ਵਾਰੀ ਪੁਛਿਆ ਕਿ ਜੇ ਤੈਂ ਕੋਈ ਕੁੜੀ ਦੇਖ ਰਖੀ ਤਾਂ ਵੀ ਦੱਸਦੇ, ਨਹੀ ਅਸੀ ਤੇਰੇ ਲਈ ਟੋਲ ਲਈਏ,ਹੁਣ ਕਹਿੰਦਾ ਏ ਕਿ ਮੇਰਾ ਕੋਈ ਵਿਆਹ ਨਹੀ ਕਰਦਾ।”

ਮੱਮੀ ਦੀ ਆਖੀ ਸੱਚੀ ਗੱਲ ‘ਤੇ ਹੱਸਦਾ ਹੋਇਆ ਮਾਸੀ ਦੇ ਗੋਡਿਆਂ ਵੱਲ ਨੂੰ ਝੁਕਦਿਆਂ ਨੂੰ ਕਿਹਾ, “ ਮਾਸੀ ਜੀ, ਤੁਸੀ ਤਾਂ ਨਹੀ ਕਿਤੇ ਕੋਈ ਕੁੜੀ ਲੱਭ ਲਈ।”
“ਕੁੜੀਆਂ ਦਾ ਕਿਤੇ ਘਾਟਾ।” ਮਾਸੀ ਨੇ ਮੇਰੀ ਢੂਈ ਉੱਪਰ ਅਸੀਸ ਅਤੇ ਪਿਆਰ ਭਰਿਆ ਹੱਥ ਫੇਰਦਿਆਂ ਕਿਹਾ, “ ਤੂੰ ਦਸ ਵਿਆਹ ਇੱਥੇ ਕਰਵਾਉਣਾ ਜਾਂ ਪੰਜਾਬ।”
“ ਇਥੇ ਦੀ ਜੰਮੀ ਕੁੜੀ ਨਾਲ ਆਪਣਾ ਗੁਜ਼ਾਰਾ ਤਾਂ ਹੋਣਾ ਨਹੀ।” ਮੈਂ ਸਾਫ ਕਿਹਾ, “ ਪੰਜਾਬ ਤੋਂ ਹੀ ਵਧੀਆ ਰਹੇਗੀ।”
“ ਨਾ ਇੱਥੇ ਦੀ ਕੁੜੀ ਤੈਂਨੂੰ ਕੀ ਕਹਿੰਦੀ ਆ?” ਮਾਸੀ ਜੀ ਨੇ ਇਸ ਤਰਾਂ ਕਿਹਾ ਕਿ ਜਿਵੇਂ ਉਹਨਾਂ ਨੇ ਕੋਈ ਕੁੜੀ ਲੱਭੀ ਹੋਵੇ ਤਾਂ ਮੈਂ ਨਿੰਦ ਦਿੱਤੀ ਹੋਵੇ।
“ ਇੱਥੇ ਦੀਆਂ ਕੁੜੀਆਂ ਕੁਝ ਜ਼ਿਆਦਾ ਹੀ ਹੱਕ ਮੰਗਦੀਆਂ ਨੇ।” ਮੈਂ ਮੁਸਕ੍ਰਦਿਆਂ ਮਾਸੀ ਜੀ ਕੋਲ ਸੋਫੇ ‘ਤੇ ਬੈਠਦਿਆਂ ਕਿਹਾ, “ ਜੋ ਸਾਥੋਂ ਤਾਂ ਨਹੀ ਦੇ ਹੋਣੇ।”
“ ਤੂੰ ਚਾਹੁੰਦਾ ਹੋਣਾ ਏ ਜਿਵੇ ਤੇਰੀ ਮਾਂ ਸਾਰਾ ਦਿਨ ਤੇਰੇ ਡੈਡੀ ਦੇ ਅੱਗੇ-ਪਿੱਛੇ ਫਿਰਦੀ ਰਹਿੰਦੀ, ਉਸ ਤਰਾਂ ਤੇਰੀ ਵਹੁਟੀ ਵੀ ਕਰੇ।”
“ ਅੱਜ ਕਲ੍ਹ ਦੀਆਂ ਕੁੜੀਆਂ ਨੇ ਨਹੀ ਇਸ ਤਰਾਂ ਕਰਨਾ।” ਮੱਮੀ ਕਿਚਨ ਵਲੋਂ ਜੂਸ ਦਾ ਗਿਲਾਸ ਲਈ ਆਉਂਦੇ ਬੋਲੇ, “ ਸਾਡੇ ਵਾਲੇ ਜ਼ਮਾਨੇ ਗਏ।”

“ ਨਹੀ ਮੈਂ ਇਸ ਤਰਾਂ ਦੀ ਨਹੀ ਚਾਹੁੰਦਾ ਕਿ ਮੱਮੀ ਵਾਂਗ ਹਰ ਗੱਲ ਡੈਡੀ ਤੋਂ ਪੁੱਛੇ ਬਗੈਰ ਕਰੇ ਹੀ ਨਾ।” ਮੱਮੀ ਤੋਂ ਗਿਲਾਸ ਫੜਦਿਆਂ ਮੈਂ ਕਿਹਾ, “ ਇਨਾ ਕੁ ਤਾਂ ਮੈਂਨੂੰ ਵੀ ਪਤਾ ਹੈ ਕਿ ਅੱਜ-ਕਲ ਦੀਆਂ ਕੁੜੀਆਂ ਵਿਚ ਕਾਫੀ ਤਬਦੀਲੀ ਆ ਗਈ ਆ।”
“ ਸਵਾਹ ਤਬਦੀਲੀ ਆਈ।” ਮਾਸੀ ਜੀ ਆਪ ਹੀ ਬੋਲੇ, “ ਸਹਿਨਸ਼ਕਤੀ ਭੋਰਾ ਨਹੀ ਹੁਣ ਦੀਆਂ ਕੁੜੀਆਂ ਵਿਚ।”
“ ਇਸ ਲਈ ਤਾਂ ਮੈਂ ਕਹਿੰਦਾ ਆਂ ਕਿ ਪੰਜਾਬ ਤੋਂ ਹੀ ਕੋਈ ਲੈ ਆਈਏ।” ਮੈਂ ਮਾਸੀ ਜੀ ਦੀ ਗੱਲ ਫੜਦਿਆਂ ਕਿਹਾ, “ ਇਥੇ ਦੀ ਤਾਂ ਗੱਲ ਹੀ ਛੱਡ ਦਿਉ, ਪੰਜਾਬ ਵੱਲ ਨਿਗਹਾ ਮਾਰੋ ਕੋਈ ਕੁੜੀ ਤੁਹਾਡੀਆਂ ਨਜ਼ਰਾ ਵਿਚ ਹੈਗੀ ਤਾਂ ਦੱਸੋ।”

ਪਤਾ ਨਹੀ ਪਹਿਲਾਂ ਤੋਂ ਹੀ ਮੇਰੇ ਮਨ ਵਿਚ ਪੰਜਾਬ ਤੋਂ ਹੀ ਕੁੜੀ ਨਾਲ ਵਿਆਹ ਕਰਵਾਉਣ ਦਾ ਇਰਾਦਾ ਕਿਉਂ ਬਣਿਆ? ਇਹ ਗੱਲ ਮੈਂ ਅਜੇ ਸੋਚ ਹੀ ਰਿਹਾ ਸੀ ਕਿ ਮਾਸੀ ਜੀ ਬੋਲ ਪਏ, “ ਆਹੋ, ਪੰਜਾਬ ਤੋਂ ਤਾਂ ਆਪੇ ਕੁੜੀ ਲੈਣੀ, ਬਾਹਰੋਂ ਗਏ ਮੁੰਡਿਆਂ ਅੱਗੇ ਸਹੁਣੀਆਂ ਕੁੜੀਆਂ ਦੀ ਲਾਈਨਾ ਜਿਉਂ ਲਗ ਜਾਂਦੀਆਂ ਆ, ਨਾਲੇ ਇਹ ਜ਼ਰੂਰੀ ਨਹੀ ਕਿ ਪੰਜਾਬ ਤੋਂ ਆਈ ਕੁੜੀ ਵਿਚ ਸਹਿਨਸ਼ਕਤੀ ਜ਼ਿਆਦਾ ਹੋਵੇਗੀ।

“ ਇਹ ਵੀ ਗੱਲ ਤੁਹਾਡੀ ਠੀਕ ਹੈ।” ਇਹ ਕਹਿ ਕੇ ਮੈ ਆਪਣੇ ਕਮਰੇ ਵਾਲੇ ਵਾਸ਼ਰੂਮ ਵਿਚ ਨਾਹਉਣ ਲਈ ਤੁਰ ਪਿਆ। ਮੈਂਨੂੰ ਮਹਿਸੂਸ ਹੋਇਆ ਕਿ ਜਿੱਥੇ ਸ਼ਾਵਰ ਦਾ ਕੋਸਾ ਕੋਸਾ ਪਾਣੀ ਮੇਰੇ ਕੰਮ ਦੀ ਥਕਾਵਟ ਲਾਹ ਰਿਹਾ ਸੀ, ਉੱਥੇ ਮੈਂਨੂੰ ਵਿਆਹ ਕਰਨ ਲਈ ਉਤਸ਼ਾਹਿਤ ਵੀ ਕਰ ਰਿਹਾ ਹੋਵੇ।ਗੱਲ ਕਿ ਬੰਦਾ ਜਿਸ ਪਾਸੇ ਸੋਚਣ ਲੱਗ ਜਾਵੇ ਫਿਰ ਚੁਗਿਰਦੇ ਵਿਚ ਜੋ ਵੀ ਵਾਪਰ ਰਿਹਾ ਹੋਵੇ, ਉਸ ਨੂੰ ਲੱਗਦਾ ਹੈ ਕਿ ਉਸ ਦੀ ਹੀ ਸੋਚ ਦਾ ਹਿੱਸਾ ਹੈ।

ਨਹਾ ਕੇ ਲੂਜ਼ ਜਿਹਾ ਸਵੈਟ ਸੂਟ ਪਾ ਕੇ ਬਾਹਰ ਆਇਆ ਤਾਂ ਡੈਡੀ ਵੀ ਕੰਮ ਤੋਂ ਆ ਚੁੱਕੇ ਸਨ। ਟੇਬਲ ‘ਤੇ ਪਏ ਚਾਹ ਦੇ ਕੱਪ ਨੂੰ ਹੱਥ ਪਾਇਆ ਹੀ ਸੀ ਕਿ ਉਹਨਾਂ ਤਿੰਨਾ ਨੇ ਮੈਂਨੂੰ ਫੈਂਸਲਾ ਸੁਣਾ ਦਿੱਤਾ ਕਿ ਇਸ ਹੀ ਨਵੰਬਰ ਵਿਚ ਇੰਡੀਆਂ ਜਾ ਕੇ ਤੇਰਾ ਵਿਆਹ ਕਰ ਦੇਣਾ ਹੈ।ਇਹ ਸੁਣ ਕੇ ਮੈਂ ਕੁਝ ਨਾ ਬੋਲਿਆ, ਪਰ ਮੇਰੀ ਚੁੱਪ ਨੇ ਦੱਸ ਦਿੱਤਾ ਕਿ ਸਤਬਚਨ ਹੈ।

ਚਾਹ ਦਾ ਪਹਿਲਾ ਘੁੱਟ ਭਰਿਆ ਤਾਂ ਚਾਹ ਮੈਨੂੰ ਅੱਗੇ ਨਾਲੋ ਵੱਧ ਸੁਆਦ ਲੱਗੀ। ਸ਼ਾਇਦ ਚਾਹ ਵੀ ਵਿਆਹ ਦੇ ਚਾਅ ਵਿਚ ਸੁਆਦ ਹੋ ਗਈ ਹੋਵੇ।

“ ਕਾਕਾ, ਇੰਨਾ ਦਿਨਾਂ ਵਿਚ ਡਟ ਕੇ ਕੰਮ ਕਰ ਲੈ।” ਡੈਡੀ ਦੀ ਇਸ ਗੱਲ ਨੇ ਮੇਰਾ ਧਿਆਨ ਖਿਚਿਆ, “ ਇੰਡੀਆਂ ਗਿਆ ਦਾ ਖਰਚ ਚੰਗਾ ਹੋ ਜਾਣਾ ਆ।”
“ ਭਾਈਆ ਜੀ , ਤੁਸੀ ਖਰਚ ਦਾ ਹੀ ਫਿਕਰ ਕਰੀ ਜਾਇਆ ਕਰੋ।” ਮੇਰੇ ਬੋਲਣ ਤੋਂ ਪਹਿਲਾਂ ਹੀ ਮਾਸੀ ਜੀ ਬੋਲੀ, “ ਸੁਖ ਨਾਲ ਮੁੰਡੇ ਨੇ ਇੰਨਾ ਪੈਸਾ ਕਮਾ ਕੇ ਘਰ-ਬਾਰ ਬਣਾਇਆ,ਹੁਣ ਕਿਸੇ ਗੱਲ ਦਾ ਘਾਟਾ, ਜੇ ਵਿਆਹ ‘ਤੇ ਵੱਧ ਵੀ ਖਰਚ ਹੋ ਗਿਆ ਤਾਂ ਵੀ ਕੀਆ।”
“ ਮੈਂ ਵੀ ਤਾਂ ਸੱਤੇ ਦਿਨ ਹੀ ਕੰਮ ਕਰਦਾ ਹਾਂ।” ਡੈਡੀ ਨੇ ਦੱਸਿਆ, “ ਕਦੀ ਕੋਈ ਖਰਚਾ ਨਹੀ ਕੀਤਾ ਸਾਰਾ ਇਸ ਨੂੰ ਹੀ ਲਿਆ ਕੇ ਦਈਦਾ।”
“ ਡੈਡੀ ਜੀ, ਇਹ ਸਭ ਤੁਸੀ ਆਪਣੀ ਮਰਜ਼ੀ ਨਾਲ ਕਰਦੇ ਹੋ।” ਮੈਂ ਕੁਕੀ (ਬਿਸਕੁਟ) ਚਾਹ ਵਿਚ ਡੋਬਦੇ ਕਿਹਾ, “ ਮੈਂ ਤਹਾਨੂੰ ਕਿਹਾ ਸੀ ਕਿ ਘਰ ਆਪਣੇ ਨਾਮ ਲਵਾ ਲਉ, ਤੁਸੀ ਆਪ ਹੀ ਨਹੀ ਮੰਨੇ।”
“ ਬਾਅਦ ਵਿਚ ਵੀ ਤਾਂ ਤੈਂਨੂੰ ਹੀ ਦੇਣਾ।” ਮੱਮੀ ਬੋਲੀ, “ ਤੇਰੇ ਵਿਚ ਕਿਹੜਾ ਕੋਈ ਐਬ ਆ ਜਿਹੜਾ ਤੂੰ ਗਵਾਉਣ ਲੱਗਾ, ਸਾਨੂੰ ਭਰੋਸਾ ਤੇਰੇ ਉੱਪਰ।”
“ ਇਹ ਗੱਲ ਸੱਚੀ ਆ।” ਮਾਸੀ ਨੇ ਮੱਮੀ ਦੀ ਗੱਲ ਦਾ ਹੁੰਗਾਰਾ ਭਰਿਆ, “ ਇਹ ਵੀ ਬਹੁਤ ਚੰਗਾ ਆ ਤੇ ਇਹਦੀ ਭੈਣ ਵੀ ਬਹੁਤ ਚੰਗੀ ਆ, ਪਿਛੱਲੇ ਹਫਤੇ ਦਰਸ਼ੀ ਦੀ ਸੱਸ ਮਿਲੀ ਸੀ ਗੁਰਦੁਆਰੇ, ਕਹਿੰਦੀ ਸੀ ਤੁਹਾਡੀ ਕੁੜੀ ਤਾਂ ਘਰ ਨੂੰ ਬਹੁਤ ਹੀ ਸੁਚਜੀ ਆ, ਕਿਹੜਾ ਕੰਮ ਆ ਜਿਹੜਾ ਉਹਨੂੰ ਨਹੀ ਆਉਂਦਾ।”

“ ਤੂੰ ਕਹਿਣਾ ਸੀ ਕਿ ਤੂੰ ਆਪ ਵੀ ਤਾਂ ਵਥੇੜੀ ਚੰਗੀ ਆ।” ਮੱਮੀ ਨੇ ਕਿਹਾ, “ ਦਰਸ਼ੀ ਦੱਸਦੀ ਸੀ ਕਿ ਮੱਮੀ ਨੇ ਮੇਰੇ ਨਾਲ ਕਦੇ ਫਰਕ ਨੇ ਪਾਇਆ, ਧੀ ਨਾਲੋ ਵੱਧ ਕੇ ਕਰਦੀ ਏ।”
“ ਉਹ ਤਾਂ ਮੈਨੂੰ ਪਤਾ ਆ।” ਮਾਸੀ ਦੱਸਣ ਲੱਗੀ , “ ਜਦੋਂ ਵੀ ਉਹਨਾਂ ਦੇ ਘਰ ਜਾਈਏ ਕਿਤੇ ਉਹਨੂੰ ਚਾਅ ਚੜ੍ਹ ਜਾਂਦਾ ਆ, ਪੁਰਾਣੇ ਇੰਡੀਆਂ ਤੋਂ ਆਏ ਹੋਏ ਆ, ਕਲੋਨੇ ਦੇ ਅੱਧੇ ਫਾਰਮ ਤਾਂ ਉਹਨਾਂ ਕੋਲ ਹੋਣੇ ਆ, ਜਾ ਤਾ ਕਿਤੇ ਆਕੜ ਜਾਂ ਹੰਕਾਰ ਉਹਨਾ ਦੇ ਕੋਲ ਦੀ ਵੀ ਲੰਘ ਜਾਏ।”
“ ਜ਼ਿਆਦਾ ਤਰ ਆਕੜ- ਹੰਕਾਰ ਉਹਨਾਂ ਕੋਲੋ ਹੀ ਹੁੰਦਾ ਆ ਜਿਹੜੇ ਖਾਲੀ ਹੋਣ।” ਡੈਡੀ ਜੀ ਆਪਣੀ ਫਿਲਾਉਸਫੀ ਦੱਸਣ ਲੱਗੇ, “ ਖਾਲੀ ਭਾਡਾਂ ਜ਼ਿਆਦਾ ਖੜਕਦਾ ਏ,ਦਰਸ਼ੀ ਦੀ ਸੱਸ ਤਾਂ ਆਪ ਇਹ ਕਹਿੰਦੀ ਹੁੰਦੀ ਆ ਕਿ ਫਲ ਨਿੀਵਆਂ ਰੁੱਖਾ ਨੂੰ ਹੀ ਲੱਗਦੇ ਆ।”

“ ਤੁਸੀ ਦਰਸ਼ੀ ਦੀ ਸੱਸ ਦੀਆਂ ਹੀ ਗੱਲਾ ਕਰੀ ਜਾਂਦੇ ਹੋ।” ਮੈਂ ਹਸਾਉਣ ਨਾਲ ਕਿਹਾ, “ ਮੇਰੀ ਸੱਸ ਕਿਦਾਂ ਦੀ ਹੋਵੇਗੀ ਉਹ ਦੀ ਵੀ ਕੋਈ ਗੱਲ ਕਰ ਲਉ।”
ਮੇਰੀ ਗੱਲ ਸੁਣ ਕੇ ਤਿੰਨੇ ਹੱਸ ਪਏ ਅਤੇ ਮੱਮੀ ਬੋਲੇ, “ ਚਾਹੁੰਦੇ ਤਾਂ ਅਸੀ ਇਹ ਹੀ ਆ ਕਿ ਹੁਣ ਵੀ ਚੰਗੇ ਰਿਸ਼ਤੇਦਾਰਾਂ ਨਾਲ ਹੀ ਵਾਹ ਪਵੇ, ਅੱਗੇ ਭਾਗ ਆਪਣੇ ਆਪਣੇ ਕਿ…।”
“ ਥੌੜ੍ਹੀ ਬਹੁਤੀ ਤਾਂ ਭਾਗਾਂ ਦੀ ਵੀ ਗੱਲ ਹੋਵੇਗੀ।” ਮਾਸੀ ਜੀ ਨੇ ਚਾਹ ਦਾ ਆਖਰੀ ਘੁੱਟ ਕੱਪ ਵਿਚੋਂ ਭਰਦੇ ਕਿਹਾ, “ ਪਰ ਮੇਰੀ ਸਸੂ ਮਾਂ ਕਹਿੰਦੀ ਹੁੰਦੀ ਸੀ ਕਿ ਮੱਝ ਹਮੇਸ਼ਾ ਲਾਣੇ ਦੀ ਅਤੇ ਧੀ ਘਰਾਣੇ ਦੀ ਹੈ ਲੈਣੀ ਚਾਹੀਦੀ ਆ।”

ਇਸੇ ਵਿਸ਼ੇ ਉੱਪਰ ਉਹ ਹੋਰ ਡੂੰਘੀਆਂ ਗੱਲਾ ਕਰਨ ਲੱਗ ਪਏ ਜਿਵੇ ਅਕਲ ਵਾਲੀਆਂ ਨੂੰਹਾਂ ਅਤੇ ਸੱਸਾਂ ਕਿਸ ਤਰਾਂ ਦੀਆਂ ਹੁੰਦੀਆਂ, ਸੱਸ ਨੂੰ ਉਹ ਕਰਨਾ ਚਾਹੀਦਾ ਏ, ਨੂੰਹ ਨੂੰ ਇਹ ਆਦਿ।ਇਹਨਾਂ ਗੱਲਾਂ ਤੋਂ ਮੈਨੂੰ ਬੋਰੀਅਤ ਅਜਿਹੀ ਮਹਿਸੂਸ ਹੋਈ ਤਾਂ ਮੈਂ ਜਿਮ ਵੱਲ ਗੇੜਾ ਮਾਰਨ ਲਈ ਉਠਿਆ।

“ ਬਹਿ ਜਾ।” ਮਾਸੀ ਜੀ ਬੋਲੀ, “ ਅੱਗੇ ਤੇਰੇ ਇਹ ਹੀ ਗੱਲਾਂ ਕੰਮ ਆਉਣੀਆਂ।”
“ ਮੇਰੇ ਕਿਵੇ ਕੰਮ ਆਉਣੀਆਂ।” ਮੈਂ ਹੱਸ ਕੇ ਕਿਹਾ, “ ਮੈਂ ਨਾ ਸੱਸ ਹਾਂ ਨਾ ਨੂੰਹ ਹਾਂ।”
“ ਕੱਲ੍ਹ ਨੂੰ ਜੇ ਕਿਤੇ ਤੇਰੀ ਮਾਂ ਅਤੇ ਵਹੁਟੀ ਲੜ ਪਈਆਂ ਤਾਂ ਪਤਾ ਲੱਗ ਜਾਵੇਗਾ ਕਸੂਰ ਕਿਸ ਦਾ ਹੈ।”
ਡੈਡੀ ਜੀ ਨੇ ਵੀ ਮੇਰੇ ਵਾਂਗ ਹੱਸ ਕੇ ਕਿਹਾ, “ ਫੈਂਸਲਾ ਕਰਨਾ ਸੋਖਾ ਹੋਵੇਗਾ।”
“ ਮਕਾਨ ਬਣੇ ਨਹੀ ਪਰਨਾਲੇ ਪਹਿਲਾਂ ਰੱਖ ਲਉ।” ਮੱਮੀ ਨੇ ਟੇਬਲ ਤੋਂ ਝੂੱਠੇ ਕੱਪਾਂ ਦੀ ਟਰੇਅ ਚੁੱਕਦੇ ਕਿਹਾ, “ ਅੱਜ-ਕਲ੍ਹ ਦੀਆਂ ਸੱਸਾਂ ਨੂੰਹਾ ਨਹੀ ਲੜਦੀਆਂ।”
“ ਹਾਅ ਗੱਲ ਰਹਿਣ ਦੇ ਭੈਣ ਜੀ।” ਇਹ ਗੱਲ ਕਹਿ ਕੇ ਮਾਸੀ ਤਾਂ ਕਈ ਕਹਾਣੀਆਂ ਦੱਸਣ ਲੱਗ ਪਈ।ਮੈਂ ਇਹ ਸਾਰੀਆਂ ਗੱਲਾਂ ਅਣਸੁਣੀਆਂ ਕਰਦਾ ਘਰ ਤੋਂ ਬਾਹਰ ਨਿਕਲ ਗਿਆ।

ਕੰਮ ਤੇ ਆਉਣ-ਜਾਣ ਨਾਲ ਪਤਾ ਹੀ ਨਾ ਲੱਗਾ ਕਦੋਂ ਨਵੰਬਰ ਦਾ ਮਹੀਨਾ ਵੀ ਆ ਗਿਆ।ਦੌੜ-ਭਜ ਹੋਰ ਵੱਧ ਗਈ।ਖ੍ਰੀਦਦਾਰੀ ਕਰ, ਵਿਜ਼ਾ ਲਵਾ ਅਤੇ ਟਿਕਟਾਂ ਲੈ ਜ਼ਹਾਜ਼ ਵਿਚ ਜਾ ਚੜ੍ਹੇ। ਜ਼ਹਾਜ਼ ਵਿਚ ਮੱਮੀ ਨੇ ਮੈਂਨੂੰ ਦੱਸਿਆ, “ ਤੇਰੇ ਮਾਮੇ ਨੇ ਦੋ ਤਿੰਨ ਕੁੜੀਆਂ ਦੇਖ ਰਖੀਆਂ, ਚੁਨਣੀ ਤੂੰ ਹੈ।” ਇਸ ਸਬੰਧ ਵਿਚ ਮੈਂ ਅਜੇ ਬੋਲਿਆ ਵੀ ਨਹੀ ਸੀ ਕਿ ਡੈਡੀ ਵੀ ਬੋਲ ਉੱਠੇ, “ ਤੇਰੀ ਭੂਆ ਨੇ ਵੀ ਕੁੜੀਆਂ ਦੇਖੀਆਂ,ਜਾ ਕੇ ਦੱਸ ਦੇਈਂ ਕਿਹੜੀ ਠੀਕ ਆ।”

ਇਹ ਸਾਰੀਆਂ ਗੱਲਾਂ ਸੁਣ ਮੈਂ ਉ.ਕੇ, ਉ.ਕੇ ਕਰਦਾ ਜ਼ਹਾਜ਼ ਵਿਚ ਕੰਮ ਕਰਦੀਆ ਏਅਰਹੋਸਟਸ ਵੱਲ ਦੇਖ ਕੇ ਮੁਸਕ੍ਰਾਈ ਗਿਆ,ਹੋ ਸਕਦਾ ਹੈ ਇਹਨਾ ਵਰਗੀ ਹੀ ਜ਼ੀਵਨ-ਸਾਥਨ ਮਿਲ ਜਾਵੇ।

ਦਿਲੀ ਪੰਹੁਚਦਿਆਂ ਹੀ ਮੇਰੀ ਮੁਸਕ੍ਰਾਟ ਨੇ ਗੰਭੀਰ ਰੂਪ ਧਾਰਨ ਕਰ ਲਿਆ, ਕਿਉਂਕਿ ਏਅਰਪੋਰਟ ‘ਤੇ ਕੰਮ ਕਰਨ ਵਾਲਿਆਂ ਦਾ ਫਿਕਾ ਵਰਤਾਉ ਮੈਂਨੂੰ ਤੰਗ ਕਰ ਰਿਹਾ ਸੀ। ਦੂਜਾ ਨੰਵਬਰ ਦਾ ਮਹੀਨਾ ਹੋਣ ਕਾਰਨ 1984 ਦੀ ਨਵੰਬਰ ਯਾਦ ਆ ਗਈ।ਮੇਰਾ ਮੂੰਹ ਦੇਖ ਕੇ ਡੈਡੀ ਨੇ ਕਹਿ ਵੀ ਦਿੱਤਾ, “ ਕੀ ਗੱਲ ਉਦਾਸ ਕਿਉਂ ਹੋ ਗਿਆ, ਦੇਸ਼ ਪਹੁੰਚਣ ‘ਤੇ ਸਗੋਂ ਖੁਸ਼ ਹੋਣਾ ਚਾਹੀਦਾ ਏ।”

“ ਜਿਸ ਦੇਸ਼ ਵਿਚ ਸੱਚ ਨੂੰ ਫਾਂਸੀਆਂ ਅਤੇ ਠੱਗਾ ਨੂੰ ਕੁਰਸੀਆਂ ਮਿਲਦੀਆਂ ਹੋਣ, ਉੱਥੇ ਪਹੁੰਚਣ ਵਿਚ ਕੀ ਚਾਅ ਤੇ ਕੀ ਖੁਸ਼ੀ।” ਮੈਂ ਕਠੋਰ ਅਵਾਜ਼ ਵਿਚ ਡੈਡੀ ਵਲੋਂ ਹੀ ਵਰਤੀ ਜਾਂਦੀ ਕਹਾਵਤ ਵਰਤੀ, “ਨੰਗਾ ਨਾਊਗਾ ਕੀ ਤੇ ਨਚੂੜੂਗਾ ਕੀ।”

ਮੇਰੀ ਗੱਲ ਉੱਪਰ ਡੈਡੀ ਵਿੰਆਗਮਈ ਮੁਸਕ੍ਰਾਏ, ਪਤਾ ਨਹੀ ਮੇਰੇ ਵਲੋਂ ਪਾਈ ਗਈ ਕਹਾਵਤ ਉੱਪਰ ਜਾਂ ਦੇਸ਼ ਦੇ ਭ੍ਰਿਸ਼ਟ ਢਾਚੇ’ਤੇ।ਮੱਮੀ ਕੁਝ ਬੋਲਣਾ ਚਾਹੁੰਦੇ ਸਨ, ਪਰ ਸਾਹਮਣੇ ਮੇਰੇ ਚਾਚਾ ਦਾ ਮੁੰਡਾਂ ਹਰਜੀਤ ਦਿਸ ਪਿਆ। ਸਭ ਦਾ ਧਿਆਨ ਉਸ ਵੱਲ ਹੋ ਗਿਆ। ਉਸ ਦੀ ਵੈਨ ਵਿਚ ਬੈਠ ਪਿੰਡ ਵੱਲ ਚਾਲੇ ਪਾ ਦਿੱਤੇ।

ਇਕ-ਦੋ ਦਿਨ ਬਾਅਦ ਹੀ ਜਿਸ ਮਕਸਦ ਲਈ ਪਿੰਡ ਗਏ ਸਾਂ ਸ਼ੁਰੂ ਹੋ ਗਿਆ।ਦੋ-ਚਾਰ ਕੁੜੀਆਂ ਦੇਖੀਆਂ ਵੀ।ਘਰ ਦੇ ਕੁੜੀ ਦੀ ਅਕਲ ਉੱਪਰ ਜ਼ੋਰ ਦੇ ਰਹੇ ਸਨ,ਪਰ ਮੈਂ ਸ਼ਕਲ ‘ਤੇ। ਸਾਡੇ ਇਲਾਕੇ ਤੋਂ ਦੂਰ –ਦੁਰੇਡੇ ਸ਼ਹਿਰ ਤੋਂ ਇਕ ਰਿਸ਼ਤੇ ਦੀ ਦਸ ਪਈ। ਸ਼ਹਿਰ ਦੇ ਹੋਟਲ ਵਿਚ ਹੀ ਦੇਖ-ਦਿਖਾਈ ਪ੍ਰੋਗਰਾਮ ਬਣ ਗਿਆ। ਕੁੜੀ ਦੀ ਸ਼ਕਲ ਤਾਂ ਸਹੋਣੀ ਸੀ ਹੀ ਫੈਸ਼ਨ ਵੀ ਅੱਤ ਦਾ ਸੀ। ਗੱਲ-ਬਾਤ ਹੋਈ ਤਾਂ ਪੰਜਾਬੀ ਨਾਲੋ ਇੰਗਲਿਸ਼ ਦੇ ਸ਼ਬਦ ਜ਼ਿਆਦਾ ਬੋਲੇ। ਸੋਚਿਆ ਇਹ ਵੀ ਵਧੀਆ। ਕੈਨੇਡਾ ਦੇ ਕੰਮ-ਕਾਰ ਵਿਚ ਇੰਗਲਸ਼ ਹੀ ਕੰਮ ਆਉਂਦੀ ਆ। ਕੁੜੀ ਪੰਸਦ ਦੀ ਹਾਮੀ ਭਰਨ ਲਈ ਮੱਮੀ ਦੇ ਕੰਨ ਨੇੜੇ ਹੋ ਕੇ ਕਿਹਾ, “ ਠੀਕ ਆ।” ਮੇਰੀ ਹਾਮੀ ਸੁਣ ਕੇ ਵੀ ਡੈਡੀ ਨੇ ਕਿਹਾ, “ ਘਰ ਜਾ ਕੇ ਸਲਾਹ ਕਰਕੇ ਦੱਸਾਂਗੇ।”

“ ਪਿੰਡ ਮੁੜਦੇ ਸਮੇਂ ਮੈਂ ਰਸਤੇ ਵਿਚ ਹੀ ਪੁੱਛਿਆ, “ ਕੁੜੀ ਤਾਂ ਠੀਕ ਸੀ, ਸਲਾਹ ਕਾਹਦੀ ਕਰਨੀ ਆ।”
“ ਕੁੜੀ ਬਹੁਤ ਤੇਜ਼ ਲੱਗਦੀ ਆ।” ਮੱਮੀ ਨੇ ਆਪਣੀ ਜ਼ਿੰਦਗੀ ਦੇ ਤਜ਼ਰਬੇ ‘ਤੇ ਕਿਹਾ, “ ਉਹ ਤਾਂ ਇੱਥੇ ਹੀ ਵਾਲ ਕਟਵਾਈ ਫਿਰਦੀ ਆ,ਕੈਨੇਡਾ ਜਾ ਕੇ ਕੀ ਕਰੇਗੀ।”
“ ਮੈਨੂੰ ਵੀ ਉਸ ਵਿਚ ਅਸਲੀਅਤ ਘੱਟ ਅਤੇ ਦਿਖਾਵਾ ਜ਼ਿਆਦਾ ਲੱਗਾ।” ਡੈਡੀ ਨੇ ਆਪਣਾ ਖਿਆਲ ਦੱਸਿਆ, “ ਸਮਾਈਅਲ ਤਾਂ ਉਹਦੇ ਮੂੰਹ ਉੱਪਰ ਬਿਲਕੁਲ ਨਹੀ ਸੀ।”
“ ਤਹਾਨੂੰ ਉਦਾ ਹੀ ਲੱਗਦਾ।” ਮੈਂ ਬੋਲਿਆ, “ ਜ਼ਰਾ ਮੋਡਰਨ ਆ।”

ਮੈਂ ਉਸ ਦੀ ਸੁੰਦਰਤਾ ਦੇ ਅਧੀਨ ਬੋਲ ਰਿਹਾ ਸੀ। ਉਸ ਦੇ ਹਸੀਨ ਚਿਹਰੇ ਨੇ ਜਿਵੇ ਉਸ ਦੇ ਸਭ ਐਵ ਢਕ ਲਏ ਹੋਣ,ਮੈਨੂੰ ਕੋਈ ਵੀ ਭੈੜ ਨਜ਼ਰ ਨਹੀ ਆਇਆ।ਮੇਰੀ ਗੱਲ ਸੁਣ ਕੇ ਜਦੋਂ ਮੱਮੀ ਡੈਡੀ ਚੁੱਪ ਰਹੇ ਤਾਂ ਮੈਂ ਫਿਰ ਬੋਲਿਆ, “ਸੂਰਤ ਤਾਂ ਬਥੇੜੀ ਸਹੁਣੀ ਆ।”
“ ਸੁੰਦਰਤਾ ਨਾਲੋ ਸੀਰਤ ਸੁਹਣੀ ਹੋਵੇ ਤਾਂ ਜ਼ਿਦੰਗੀ ਵੀ ਸੁਹਣੀ ਨਿਕਲਦੀ ਆ।” ਡੈਡੀ ਨੇ ਕਿਹਾ, “ ਸਹੋਣੀ ਸੂਰਤ ਨੂੰ ਤਾਂ ਜਵਾਨੀ ਵੇਲੇ ਹੀ ਸਲਾਮਾਂ ਹੁੰਦੀਆਂ ਨੇ, ਜੇ ਸੀਰਤ ਸਹੋਣੀ ਹੋਵੇ ਤਾਂ ਸਾਰੀ ਉਮਰ ਹੁੰਦੀਆਂ ਨੇ।”

ਭਾਂਵੇ ਮੈਨੂੰ ਉਸ ਕੁੜੀ ਦੀ ਸਰੀਤ ਬਾਰੇ ਕੁਝ ਵੀ ਨਹੀ ਸੀ ਪਤਾ ਫਿਰ ਵੀ ਕਹਿ ਦਿੱਤਾ, “ ਜੇ ਸੂਰਤ ਦੇ ਨਾਲ ਸੀਰਤ ਵੀ ਵਧੀਆ ਹੋਵੇ ਫਿਰ?
“ਫਿਰ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ।” ਡੈਡੀ ਨੇ ਕਿਹਾ, “ ਪਰ ਸਰੀਤ ਦਾ ਤਾਂ ਵਾਹ ਪੈਣ ਨਾਲ ਹੀ ਪਤਾ ਲੱਗਦਾ ਆ।”

ਘਰ ਜਾ ਕੇ ਵੀ ਡੈਡੀ ਮੱਮੀ ਨੇ ਸਮਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ, ਪਰ ਮੈਂ ਟੱਸ ਤੋਂ ਮਸ ਨਾ ਹੋਇਆ ਅਤੇ ਕਹਿ ਦਿੱਤਾ ਕੇ ਮੈਂ ਤਾਂ ਇਸ ਕੁੜੀ ਨਾਲ ਹੀ ਵਿਆਹ ਕਰਵਾਉਣਾ। ਸੋ ਵਿਆਹ ਹੋ ਗਿਆ। ਵਿਆਹ ਦੇ ਚਾਅ ਵਿਚ ਕਈ ਥਾਵਾਂ ਤੇ ਉਸ ਨੂੰ ਘੁੰਮਾਇਆ। ਛੇਤੀ ਹੀ ਆਗਰਾ- ਦਿਲੀ ਫਿਰ ਕੇ ਰਾਜਸਥਾਨ ਵੀ ਜਾ ਪੁੰਹਚੇ। ਉਸ ਦੀਆਂ ਮਿਠੀਆਂ ਮਿਠੀਆਂ ਗੱਲਾਂ ਦੀ ਮਿਠਾਸ ਵਿਚ ਗਲਤਾਨ ਹੋ ਕੇ ਘਰਦਿਆਂ ਨੂੰ ਥੋੜ੍ਹਾ ਅੱਖੋਂ-ਪਰਖੇ ਕਰਦਾ ਵਾਪਸ ਕੈਨੇਡਾ ਆ ਪਹੁੰਚਾ। ਪੰਜਾਬ ਤੋਂ ਵਾਪਸ ਆ ਕੇ ਮੈਂ ਤਾਂ ਡੈਡੀ ਹੋਰ ਵੀ ਮਿਹਨਤ ਨਾਲ ਕੰਮ ਕਰਨ ਲੱਗੇ।

ਉਸ ਦਿਨ ਡੈਡੀ ਬਾਰਾਂ ਘੰਟੇ ਕੰਮ ਕਰਕੇ ਘਰ ਪਹੁੰਚੇ ਤਾਂ ਮੈਂ ਕਿਹਾ, “ ਡੈਡੀ ਤੁਸੀ ਇੰਨੇ ਘੰਟੇ ਨਾ ਕੰਮ ਕਰਿਆ ਕਰੋ।”

“ ਮੈਂ ਚਾਹੁੰਦਾ ਆਂ ਕਿ ਬਹੂ ਦੇ ਆਉਣ ਤਕ ਤੇਰਾ ਘਰ ਫਰੀ ਹੋ ਜਾਵੇ।” ਡੈਡੀ ਨੇ ਕਿਹਾ, “ ਬਸ ਤੁਸੀ ਖੁਸ਼ ਰਹੋ ਕਿਸੇ ਗਲ ਦਾ ਭਾਰ ਨਾ ਹੋਵੇ।”
“ ਪਹਿਲਾਂ ਭਾਂਵੇ ਤੁਸੀ ਤੇ ਮੱਮੀ ਇਸ ਰਿਸ਼ਤੇ ਨੂੰ ਪਸੰਦ ਨਹੀ ਸੀ ਕਰਦੇ।” ਮੈਂ ਪੁਰਾਣੀ ਗੱਲ ਯਾਦ ਕਰਵਾਉਂਦਿਆਂ ਕਿਹਾ, “ ਪਰ ਹੁਣ ਖੁਸ਼ ਲੱਗਦੇ ਹੋ।”
“ ਕਾਕਾ, ਜੇ ਤੂੰ ਖੁਸ਼ ਤਾਂ ਅਸੀ ਵੀ ਖੁਸ਼।” ਮੱਮੀ ਨੇ ਡੈਡੀ ਦੀ ਲੰਚਕਿਟ ਵਿਚੋਂ ਭਾਂਡੇ ਕੱਢਦੇ ਕਿਹਾ, “ ਤੇਰੀ ਖੁਸ਼ੀ ਵਿਚ ਹੀ ਸਾਡੀ ਖੁਸ਼ੀ ਆ।”
“ ਹੁਣ ਸੰਝਦੀਪ ਛੇਤੀ ਆ ਜਾਏ।” ਡੈਡੀ ਨੇ ਸੋਫੇ ਉੱਪਰ ਬੈਠਦਿਆਂ ਕਿਹਾ, “ਜਿਸ ਦਿਨ ਉਸ ਨੇ ਆਉਣਾ ਆ, ਉਸ ਦਿਨ ਵੱਡੀ ਪਾਰਟੀ ਦਾ ਇੰਤਜਾਮ ਕਰਾਂਗੇ।”
“ ਪਹਿਲਾਂ ਰੀਲੈਕਸ ਹੋ ਕੇ ਬੈਠੋ।” ਮੈਂ ਕਿਹਾ, “ ਆਪਣੀ ਪੱਗ ਲਾਹ ਲਉ।”

“ ਪੱਗ ਲਾਹ ਲਉ ਨਹੀ ਕਹੀਦਾ।” ਮੱਮੀ ਨੇ ਟੋਕਿਆ, “ ਪੱਗ ਵਧਾ ਲਉ ਕਹੀਦਾ, ਨਾਲੇ ਮੈਂ ਤਾਂ ਪਹਿਲਾਂ ਗੁਰਦੁਆਰੇ ਕੀਰਤਨ ਕਰਵਾਉਣਾ,ਮੈਂ ਤਾਂ ਕੱਲ ਗੁਰਦੁਆਰੇ ਭਾਈ ਜੀ ਨੂੰ ਪੁੱਛ ਵੀ ਆਈ ਕਿ ਅਗਲੇ ਮਹੀਨੇ ਦੇ ਅਖੀਰ ਵਿਚ ਸੰਝਦੀਪ ਨੇ ਆ ਜਾਣਾ ਹੈ, ਉਦੋਂ ਜੇ ਕੋਈ ਵੀਕਐਂਡ ਵਿਹਲਾ ਹੈ ਤਾਂ ਸਾਨੂੰ ਦੇ ਦਿਉ, ਭਾਈ ਜੀ ਨੇ ਐਤਵਾਰ ਦਾ ਦਿਨ ਦੱਸਿਆ,ਉਹ ਮੈਂ ਲਿਖਵਾ ਆਈ।”
“ ਪਾਰਟੀ ਵੀ ਕਰ ਲਿਉ ਅਤੇ ਕੀਰਤਨ ਵੀ ਕਰਵਾ ਲਿਉ।” ਮੈਂ ਗੱਲ ਨਿਬੇੜ ਦਿਆਂ ਕਿਹਾ, “ ਮੱਮੀ ਰੋਟੀ ਪਕਾ ਦਿਉ ਭੁੱਖ ਲੱਗੀ ਆ।”
ਫੋਨ ਉੱਪਰ ਮੇਰੀ ਅਤੇ ਸੰਝਦੀਪ ਦੀ ਗੱਲ-ਬਾਤ ਹੁੰਦੀ ਰਹਿੰਦੀ। ਜਦੋਂ ਉਸ ਨੇ ਦੱਸਿਆ ਕਿ ਉਸ ਨੂੰ ਵੀਜ਼ਾ ਮਿਲ ਗਿਆ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀ ਰਿਹਾ।
ਜਿਸ ਦਿਨ ਉਸ ਨੇ ਉਤਰਨਾ ਸੀ, ਉਸ ਦਿਨ ਅਸੀ ਸਾਰੇ ਤੜਕੇ ਹੀ ਉਠ ਗਏ। ਘਰ ਦੀ ਸਫਾਈ ਕਰਕੇ ਦੁਲਹਣ ਵਾਂਗ ਹੀ ਸਜਾ ਦਿੱਤਾ।
ਏਅਰਪੋਰਟ ਨੂੰ ਤੁਰਨ ਹੀ ਲੱਗੇ ਸਾਂ ਕਿ ਡੈਡੀ ਦੇ ਡੈਲਟੇ ਵਾਲੇ ਚਾਚਾ ਜੀ ਦਾ ਫੋਨ ਆ ਗਿਆ, “ ਮੈਂ ਅੱਜ ਸ਼ਾਮ ਨੂੰ ਤੁਹਾਡੇ ਵੱਲ ਗੇੜਾ ਮਾਰਾਂਗਾ।”
“ ਚਾਚਾ ਜੀ ਅੱਜ ਤੁਹਾਡੀ ਪੋਤ ਨੂੰਹ ਵੀ ਆ ਰਹੀ।” ਡੈਡੀ ਨੇ ਆਪਣੀ ਖੁਸ਼ੀ ਵੰਡ ਦੇ ਕਿਹਾ, “ ਸ਼ਾਮ ਦੀ ਰੋਟੀ ਸਾਡੇ ਵੱਲ ਹੀ ਖਾਇਉ”
“ਹਲਾ, ਵਧਾਂਈਆਂ ਹੋਣ।” ਫੋਨ ਦਾ ਸਪਕੀਰ ਔਨ ਕਾਰਨ ਵਧਾਈਆਂ ਮੇਰੇ ਕੰਨਾ ਤਕ ਵੀ ਪੁਜ ਗਈਆਂ।
ਚਾਂਈ ਚਾਂਈ ਸੰਝਦੀਪ ਨੂੰ ਘਰ ਲੈ ਕੇ ਆਏ। ਸ਼ਾਮ ਹੋਣ ਤੋਂ ਪਹਿਲਾਂ ਹੀ ਮੱਮੀ ਨੇ ਬਹੁਤ ਹੀ ਪਿਆਰ ਨਾਲ ਸੰਝਦੀਪ ਨੂੰ ਕਿਹਾ, “ ਪੁੱਤ, ਸ਼ਾਮ ਨੂੰ ਤੇਰੇ ਡੈਡੀ ਦੇ ਚਾਚਾ ਜੀ ਆ ਰਹੇ ਨੇ, ਉਹਨਾਂ ਦੇ ਸਾਹਮਣੇ ਸਿਰ ਢੱਕ ਲਈ।”

“ ਮੈਂ ਤਾਂ ਸਿਰ ਕਦੇ ਇੰਡੀਆਂ ਵਿਚ ਨਹੀ ਸੀ ਢੱਕਿਆ।” ਸੰਝਦੀਪ ਨੇ ਇਕਦਮ ਕਿਹਾ, “ ਕੈਨੇਡਾ ਵਿਚ ਇਸ ਤਰਾਂ ਦੇ ਪਿਛਾਊ-ਖਿਚੂ ਲੋਕ ਵੀ ਨੇ।”
ਮੱਮੀ ਨੇ ਮੇਰੇ ਮੂੰਹ ਵੱਲ ਦੇਖਿਆ ਤਾਂ ਮੈਂ ਕਿਹਾ, “ ਦੀਪ, ਥੌੜ੍ਹੀ ਦੇਰ ਦੀ ਤਾਂ ਗੱਲ ਆ, ਸਿਆਣੇ ਗੁਰਸਿੱਖ ਆ, ਉਹਨਾਂ ਨੂੰ ਸਿਰ ਢੱਕਿਆ ਚੰਗਾ ਲੱਗਦਾ ਏ।”
ਬੋਲੀ ਤਾਂ ਕੁਝ ਨਾ, ਪਰ ਜਦੋਂ ਚਾਚੀ ਜੀ ਆਏ ਤਾਂ ਉਸ ਨੇ ਅੱਧ-ਪੱਚਦਾ ਅਜਿਹਾ ਸਿਰ ਢੱਕ ਲਿਆ।

ਸੰਝਦੀਪ ਦੀ ਆਈ ਦੇ ਚਾਅ ਵਿਚ ਕੀਤੇ ਪ੍ਰੋਗਰਾਮ ਜਦੋਂ ਖਤਮ ਹੋ ਗਏ ਤਾਂ ਜ਼ਿੰਦਗੀ ਆਮ ਵਾਂਗ ਫਿਰ ਹੋ ਗਈ। ਸੰਝਦੀਪ ਵੀ ਕੰਮ ਉੱਪਰ ਜਾਣ ਲੱਗ ਪਈ। ਜਿੰਨੇ ਪੈਸੇ ਕਮਾ ਕੇ ਲਿਆਉਂਦੀ ਉਸ ਤੋਂ ਵੱਧ ਕੇ ਖਰਚ ਕਰ ਦਿੰਦੀ। ਮੈਂ ਤਾਂ ਉਸ ਨੂੰ ਕੀ ਟੋਕਣਾ ਸੀ ਮੱਮੀ ਨੇ ਵੀ ਸਿਰ ਢੱਕਣ ਦੀ ਗੱਲ ਤੋਂ ਬਾਅਦ ਕਦੇ ਕੁਝ ਨਹੀ ਕਿਹਾ। ਕਿਚਨ ਦੇ ਕੰਮ ਵਿਚ ਵੀ ਜੇ ਸੰਝਦੀਪ ਦਾ ਦਿਲ ਕਰਦਾ ਤਾਂ ਹੈਲਪ ਕਰਵਾ ਦਿੰਦੀ ਨਹੀ ਮੱਮੀ ਆਪ ਹੀ ਸਾਰਾ ਕੰਮ ਕਰ ਲੈਂਦੇ।

ਪੰਜਾਬ ਤੋਂ ਜਦੋਂ ਵੀ ਉਸ ਦੇ ਮਾਪਿਆਂ ਦਾ ਫੋਨ ਆਉਂਦਾ ਪਹਿਲੀ ਗੱਲ ਇਹ ਹੀ ਹੁੰਦੀ ਕਿ ਸਾਡੀ ਚਿੱਠੀ ਛੇਤੀ ਭਰ ਦਿਉ। ਸੰਝਦੀਪ ਨੇ ਚਿੱਠੀ ਭਰਨ ਤੋਂ ਦੋ ਦਿਨ ਬਾਅਦ ਮੈਂਨੂੰ ਕਿਹਾ, “ ਇਕ ਖੁਸ਼ਖਬਰੀ ਦਸਾਂ।”
“ਦਸ।” ਮੈਂ ਉਤਾਵਲੇ ਹੋ ਕੇ ਕਿਹਾ, “ਕੀ ਖੁਸ਼ਖਬਰੀ ਆ।”
“ ਮੈਂ ਪੈਰਗਨਿਟ ਆਂ।”
“ ਉਹ ਬੱਲੇ ਬੱਲੇ।” ਇਹ ਕਹੰਦਿਆਂ ਮੈਂ ਖੁਸ਼ੀ ਵਿਚ ਉਸ ਨੂੰ ਚੁੱਕ ਲਿਆ।

ਡਾਕਟਰ ਨੇ ਦੱਸਿਆ ਕਿ ਬੱਚੇ ਜੋੜੇ ਨੇ ਸਭ ਕੁਝ ਠੀਕ-ਠਾਕ ਆ। ਇਹਨਾਂ ਦਿਨਾਂ ਵਿਚ ਸੰਝਦੀਪ ਕੰਪਿਊਟ ਉੱਪਰ ਹੀ ਜ਼ਿਆਦਾ ਬੈਠੀ ਰਿਹਾ ਕਰੇ। ਕਈ ਵਾਰੀ ਮੈਂ ਕਹਿਣਾ, “ ਕੰਪਿਊਟਰ ਤੇ ਬੈਠਨਾ ਠੀਕ ਨਹੀ।”
“ ਮੈਨੂੰ ਪਤਾ ਹੈ, ਕੀ ਠੀਕ ਹੈ ਅਤੇ ਕੀ ਨਹੀ।” ਉਹ ਗੁੱਸੇ ਵਿਚ ਬੋਲੀ, “ ਤੁਸੀ ਆਪਣੇ ਕੰਮ ਨਾਲ ਮਤਲਵ ਰਖਿਆ ਕਰੋ।”
ਇਸ ਗੱਲ ‘ਤੇ ਮੈਂਨੂੰ ਗੁੱਸਾ ਤਾਂ ਬਹੁਤ ਆਇਆ। ਪਰੈਗਨੈਸੀ ਦੌਰਾਨ ਕਈ ਵਾਰੀ ਔਰਤਾ ਦੇ ਮੂਡ ਬਦਲ ਜਾਂਦੇ ਨੇ। ਇਹ ਸੋਚ ਕੇ ਗੁੱਸਾ ਮੈਂ ਆਪ ਹੀ ਪੀ ਗਿਆ।
ਪਰ ਸੰਝਦੀਪ ਨੇ ਆਪਣਾ ਉਹ ਹੀ ਵਿਵਹਾਰ ਰੱਖਿਆ। ਕੰਪਿਊਟਰ ਉੱਪਰ ਬੈਠਣਾ ਅੱਗੇ ਨਾਲੋ ਵੀ ਵਧ ਗਿਆ, ਪਰ ਸਬਰ ਰੱਖਦਾ ਦਿਨ ਕੱਟੀ ਗਿਆ।
ਜਿਸ ਦਿਨ ਰੱਬ ਨੇ ਇਕ ਕਾਕਾ ਅਤੇ ਇਕ ਗੁੱਡੀ ਮੇਰੀ ਝੋਲੀ ਵਿਚ ਪਾਏ, ਮੇਰੀ ਖੁਸ਼ੀ ਦਾ ਅੰਤ ਨਾ ਰਿਹਾ।ਥੌੜੇ ਦਿਨਾ ਬਾਅਦ ਬੱਚਿਆ ਦੇ ਨਾਨਕੇ ਵੀ ਆ ਗਏ।ਕਾਫੀ ਦਿਨ ਸਭ ਅੱਛਾ ਹੈ ਚੱਲਦਾ ਰਿਹਾ।

ਥੌੜੇ ਦਿਨਾ ਬਾਅਦ ਹੀ ਸੰਝਦੀਪ ਨੇ ਲੜਾਈ ਪਾ ਲਈ, “ ਮੇਰੇ ਮਾਂ-ਬਾਪ ਤੇਰੇ ਮੱਮੀ ਡੈਡੀ ਦੇ ਸਾਹਮਣੇ ਖੁੱਲ੍ਹ ਕੇ ਨਹੀ ਰਹਿ ਸਕਦੇ ਇਹਨਾਂ ਨੂੰ ਜੁਦੇ ਕਰ।”
ਉਸ ਨੇ ਇਹ ਗੱਲ ਆਪਣੀ ਮਾਂ ਦੇ ਸਾਹਮਣੇ ਕਹੀ, ਉਸ ਦੀ ਮਾਂ ਨੇ ਉਸ ਨੂੰ ਕੁਝ ਵੀ ਨਾ ਕਿਹਾ,ਪਰ ਮੇਰੇ ਤਾਂ ਖੱਨਿਉ ਗਈ। ਮੈਂ ਸੰਝਦੀਪ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਸ ਨੇ ਜ਼ਿਦ ਹੀ ਫੜ ਲਈ ਕਿ ਅਬੀ ਤੋਂ ਤਬੀ ਆਪਣੇ ਮੱਮੀ ਡੈਡੀ ਨੂੰ ਅਲੱਗ ਕਰ। ਪਰੇਸ਼ਾਨੀ ਨੇ ਮੈਂਨੂੰ ਘੇਰ ਲਿਆ। ਮੈਂਨੂੰ ਪਰੇਸ਼ਾਨ ਦੇਖ ਕੇ ਮੱਮੀ ਨੇ ਕਿਹਾ, “ ਕੀ ਗੱਲ ਪੁੱਤ, ਮੈਂ ਦੇਖਦੀ ਹਾਂ ਤੂੰ ਉਦਰਿਆ ਜਿਹਾ ਰਹਿੰਦਾ।”
“ ਕੰਮ ਦਾ ਜਰਾ ਬੋਝ ਆ।” ਮੈਂ ਝੂਠ ਬੋਲਿਆ, “ ਹੋਰ ਤਾਂ ਕੋਈ ਗੱਲ ਨਹੀ।”
“ ਸੱਚੀ ਗੱਲ ਦੱਸ।” ਮੱਮੀ ਨੇ ਕਿਹਾ, “ ਦਾਈਆਂ ਤੋਂ ਪੇਟ ਗੁੱਝੇ ਨਹੀ ਰਹਿੰਦੇ, ਮੈਂ ਤੇਰੀ ਮਾਂ ਆ।”

ਜਦੋਂ ਸਾਰੀ ਗੱਲ ਦੱਸੀ ਤਾਂ ਮੇਰੀ ਪਰੇਸ਼ਾਨੀ ਦੂਰ ਕਰਨ ਲਈ ਮੱਮੀ ਨੇ ਕਿਹਾ, “ ਕੋਈ ਗੱਲ ਨਹੀ ਅਸੀ ਬੇਸਮਿੰਟ ਵਿਚ ਚਲੇ ਜਾਂਦੇ ਹਾਂ, ਲੜਾਈ ਕਾਹਨੂੰ ਵਧਾਉਣੀ।”
ਮੱਮੀ ਦਾ ਸੁਭਾਅ ਹੈ ਹੀ ਸ਼ਰੀਫ, ਉਹ ਲੜਾਈ ਤੋਂ ਬਹੁਤ ਡਰਦੇ ਨੇ।ਪਤਾ ਨਹੀ ਉਹਨਾਂ ਡੈਡੀ ਨਾਲ ਕੀ ਗੱਲ ਕੀਤੀ,ਛੇਤੀ ਹੀ ਦੋਨੋ ਬੇਸਮਿੰਟ ਵਿਚ ਚਲੇ ਗਏ।
ਥੋੜਾ ਚਿਰ ਫਿਰ ‘ਸਭ ਅੱਛਾ ਹੈ” ਚਲਦਾ ਰਿਹਾ।ਹੌਲੀ ਹੌਲੀ ਸੰਝਦੀਪ ਫਿਰ ਬਦਲਨ ਲੱਗੀ। ਪਹਿਲਾਂ ਸੋਚਿਆ ਫਿਰ ਪਰੈਗਨਿਟ ਤਾਂ ਨਹੀ ਹੋ ਗਈ।ਇਸ ਬਾਰੇ ਗੱਲ ਕੀਤੀ ਤਾਂ ਬੋਲੀ, “ ਆਪਣੇ ਮੱਮੀ ਡੈਡੀ ਨੂੰ ਕਿਤੇ ਹੋਰ ਬੇਸੰਿੰਮੰਟ ਲੈ ਦੇ, ਮੇਰੇ ਭਰਾ ਨੇ ਬੇਸਮਿੰਟ ਵਿਚ ਮੂਵ ਹੋਣਾ ਆ।”

“ ਕਿਉਂ।”
“ ਉੱਪਰ ਨਿਆਣੇ ਰੌਂਦੇ ਰਹਿੰਦੇ ਆ, ਉਸ ਕੋਲੋ ਪੜ੍ਹ ਨਹੀ ਹੁੰਦਾ।”
“ ਤੇਰੀ ਮਤ ਨੂੰ ਕੀ ਹੋ ਗਿਆ।”
“ ਮੇਰੀ ਮਤ ਤਾਂ ਪਹਿਲਾਂ ਵਾਂਗ ਹੀ ਆ, ਆਪਣੀ ਅਕਲ ਨੂੰ ਹੱਥ ਮਾਰ।”
ਇਹ ਗੱਲ ਨੂੰ ਲੈ ਕੇ ਕਈ ਦਿਨ ਤਕ ਲੜਾਈ ਚਲੱਦੀ ਰਹੀ। ਲੜਦਿਆਂ ਦੀਆਂ ਉੱਚੀ ਅਵਾਜ਼ਾ ਜਦੋਂ ਬੇਸਮਿੰਟ ਵਿਚ ਪੁਜੀਆਂ ਤਾਂ ਡੈਡੀ ਨੇ ਮੇਰੇ ਸੈਲਰ ਫੋਨ ਉੱਪਰ ਕੀਤਾ ਅਤੇ ਮੈਂਨੂੰ ਬੁਲਾਇਆ। ਹਕੀਕਤ ਦੱਸੀ ਤਾਂ ਡੈਡੀ ਤਾਂ ਚੁੱਪ ਕਰ ਰਿਹੇ। ਮੱਮੀ ਬੋਲੀ, “ਕੋਈ ਗੱਲ ਨਹੀ ਅਸੀ ਮੂਵ ਹੋ ਜਾਂਦੇ ਆਂ।”
“ ਤੁਸੀ ਐਂਵੀ ਮੂਵ ਹੋ ਜਾਂਦੇ ਆ।”
“ ਨਹੀ ਕਾਕਾ, ਘਰ ਵਿਚ ਲੜਾਈ ਚੰਗੀ ਨਹੀ ਹੁੰਦੀ, ਕਹਿੰਦੇ ਆ ਕਲਾ ਕਲੰਦਰ ਵਸੇ, ਘੜੋਂ ਪਾਣੀ ਨਸੇ।”

ਡੈਡੀ ਆਪਣੇ ਕਿਸੇ ਫਰੈਂਡ ਦੀ ਬੇਸਮਿੰਟ ਵਿਚ ਮੱਮੀ ਨਾਲ ਮੂਵ ਹੋ ਗਏ। ਦੁਬਾਰਾ ਫਿਰ ਸਭ ਅੱਛਾ ਚਲਣ ਲੱਗਾ। ਬੱਚੇ ਪਰ੍ਰੀ ਸਕੂਲ ਜਾਣ ਲੱਗ ਪਏ। ਇਕ ਦਿਨ ਕੰਮ ਤੋਂ ਸਿਧਾ ਮੈਂ ਬੱਚਿਆਂ ਨੂੰ ਚੁੱਕਣ ਗਿਆਂ ਤਾਂ ਸੰਝਦੀਪ ਦੀ ਮੱਮੀ ਵੀ ਬੱਚੇ ਲੈਣ ਪਹੁੰਚੀ ਹੋਈ ਸੀ। ਉਸ ਦੀ ਮੇਰੇ ਵੱਲ ਪਿਠ ਹੋਣ ਕਾਰਨ ਮੈਨੂੰ ਦੇਖ ਨਾ ਸਕੀ। ਕਿਸੇ ਜ਼ਨਾਨੀ ਨਾਲ ਗੱਲ ਕਰਦੀ ਕਹਿ ਰਹੀ ਸੀ, “ ਭੈਣਜੀ, ਕੀ ਕਰਦੇ, ਸੰਝਦੀਪ ਦੇ ਸੱਸ- ਸਹੁਰਾ ਬਹੁਤ ਹੀ ਕੱਪਤ ਕਰਦੇ ਸੀ, ਕੁੜੀ ਨੂੰ ਬਹੁਤ ਔਖਾ ਕਰਦੇ, ਸੰਝਦੀਪ ਨੇ ਵੀ ਉਹਨਾਂ ਨੂੰ ਖਰੀਆ ਖਰੀਆਂ ਸੁਣਾਈਆਂ ਤਾਂ ਡਰਦੇ ਆਪ ਹੀ ਚਲੇ ਗਏ।”

ਇਹ ਸਾਰਾ ਝੂਠ ਸੁਣ ਕੇ ਮੈਂ ਹੈਰਾਨ ਹੀ ਰਹਿ ਗਿਆ। ਮੱਮੀ ਦੀ ਗੱਲ ਕਹੀ ਯਾਦ ਆ ਗਈ, ਭਲਾਮਾਨਸ ਅੰਦਰ ਵੜਿਆ, ਕੁੱਪਤਾ ਆਖੇ ਮੇਰੇ ਤੋਂ ਡਰਿਆ।
ਜਦੋਂ ਉਸ ਨੇ ਮੈਨੂੰ ਦੇਖਿਆ ਤਾਂ ਉਸ ਦੇ ਮੂੰਹ ਤੋਂ ਲੱਗਦਾ ਸੀ ਕਿ ਉਸ ਨੂੰ ਕੋਈ ਪਰਵਾਹ ਨਹੀ ਸੀ ਬੋਲੀ, “ ਤੂੰ ਵੀ ਆ ਗਿਆ,ਚੱਲ ਲੈ ਜਾ ਜੁਆਕ , ਮੈਂ ਭੈਣ ਜੀ ਨਾਲ ਗੇੜਾ ਕੱਢ ਕੇ ਆਉਂਦੀ ਆਂ।”

ਇਕ ਦਿਨ ਫਿਰ ਸੰਝਦੀਪ ਲੜਾਈ ਪਾ ਕੇ ਬੈਠ ਗਈ, “ ਤੂੰ ਮੇਰੀ ਮਾਂ ਦੀ ਰਸਪੈਕਟ ਨਹੀ ਕਰਦਾ।”
“ ਰਸਪੈਕਟ ਕਰਾਉਂਣੀ ਵੀ ਆਉਣੀ ਚਾਹੀਦੀ ਆ।” ਮੈਂ ਸਾਫ ਕਿਹਾ, “ ਇੱਜ਼ਤ ਕਮਾਉਣੀ ਪੈਂਦੀ ਆ।”
ਮੈਂ ਕੁਝ ਲੋਕਾਂ ਨੂੰ ਜਾਣਦਾ ਹਾਂ ਜਿਹੜੇ ਇਹ ਕਹਿਣਗੇ ਕਿ ਬੱਚੇ ਸਾਡੀ ਰਸਪੈਕਟ ਨਹੀ ਕਰਦੇ। ਮੇਰਾ ਦਿਲ ਕਰਦਾ ਹੁੰਦਾਂ ਕਿ ਪੁੱਛਾ ਤੁਸੀ ਰਸਪੈਕਟ ਲੈਣ ਲਈ ਆਪ ਕੀ ਕਰਦੇ ਹੋ? ਚਲੋ ਥੌੜੇ ਬਹੁਤੇ ਇਸ ਤਰਾਂ ਦੇ ਵੀ ਹੋਣਗੇ ਜਿਹਨਾ ਨੂੰ ਚੰਗੇ ਇਨਸਾਨਾਂ ਦੀ ਪਛਾਨ ਨਾ ਹੁੰਦੀ ਹੋਵੇਗੀ, ਵੈਸੇ ਚੰਗੇ ਇਨਸਾਨਾਂ ਦੇ ਇੱਜ਼ਤ ਤਾਂ ਮਗਰ ਮਗਰ ਫਿਰਦੀ ਰਹਿੰਦੀ ਆ।
ਖੈਰ ਗੱਲ ਤਾਂ ਸਾਡੇ ਘਰ ਦੀ ਚਲ ਰਹੀ ਸੀ, ਜਿਥੇ ਹੁਣ ਰੋਜ਼ ਹੀ ਨਵਾ ਨਵਾ ਪੁਆੜਾ ਖੜਾ ਹੋ ਜਾਂਦਾ।ਅੱਜ ਸੰਝਦੀਪ ਨੇ ਸਵੇਰੇ ਸਵੇਰੇ ਨਵੀ ਹੀ ਗੱਲ ਕੱਢ ਲਈ, “ ਘਰ ਮੇਰੇ ਨਾਮ ਕਰਵਾ।”

“ ਘਰ ਤੇਰਾ ਹੀ ਆ।” ਮੈਂ ਗੱਲ ਹੱਸ ਕੇ ਟਾਲਣ ਲੱਗਾ, “ ਘਰ ਵਿਚ ਤੇਰੀ ਤਾਂ ਮੁਖਤਿਆਰੀ ਚੱਲਦੀ ਆ।”
“ ਪੇਪਰਾਂ ਵਿਚ ਤਾਂ ਮੇਰਾ ਨਾਮ ਨਹੀ।”
“ ਪੇਪਰਾਂ ਵਿਚ ਤਾਂ ਮੇਰੇ ਮੱਮੀ ਡੈਡੀ ਦਾ ਨਾਮ ਵੀ ਨਹੀ।” ਮੈਂ ਦੱਸਿਆ, “ ਜਿਹਨਾਂ ਨੇ ਮਿਹਨਤ ਕਰ ਕੇ ਘਰ ਬਣਾਇਆ।”
“ ਤੇਰੇ ਮੱਮੀ ਡੈਡੀ ਨੂੰ ਆਪਣਾ ਫਿਕਰ ਨਾ ਹੋਵੇਗਾ।” ਉਸ ਨੇ ਬੇਸ਼ਰਮਾਂ ਵਾਂਗ ਕਿਹਾ, “ ਮੈਂਨੂੰ ਤਾਂ ਆਪਣਾ ਵੀ ਅਤੇ ਜੁਆਕਾਂ ਦਾ ਵੀ ਫਿਕਰ ਆ।”
“ ਉਹਨਾਂ ਨੂੰ ਕੋਈ ਲਾਲਚ ਨਹੀ ਸੀ।” ਮੈਂ ਗੁੱਸੇ ਵਿਚ ਕਿਹਾ, “ਉਹ ਤਾਂ ਹਮੇਸ਼ਾ ਮੇਰਾ ਭਲਾ ਸੋਚਦੇ ਆ।”
“ ਮੈਂ ਵੀ ਆਪਣੇ ਜੁਆਕਾ ਦਾ ਹੀ ਭਲਾ ਸੋਚਦੀ ਹਾਂ।”

ਸੰਝਦੀਪ ਲੜਨ ਲਈ ਇੰਨੀ ਤੇਜ਼ ਹੈ ਕਿ ਮੈਂ ਦਸ ਨਹੀ ਸਕਦਾ। ਘਰ ਨਾਮ ਲਵਾ, ਘਰ ਨਾਮ ਲਵਾ ਕਹਿ ਕਹਿ ਮੇਰੇ ਕੰਨ ਖਾ ਲਏ। ਸ਼ਾਂਤੀ ਉਦੋਂ ਹੀ ਹੁੰਦੀ ਜਦੋਂ ਉਹ ਕੰਪਿਊਟਰ ‘ਤੇ ਫੇਸ ਬੁਕ ਉੱਪਰ ਬੈਠੀ ਹੁੰਦੀ। ਘਰ ਵਿਚ ਸਦਾ ਲਈ ਸ਼ਾਤੀ ਰੱਖਣ ਲਈ, ਘਰ ਟੁੱਟਣ ਤੋਂ ਬਚਾਉਣ ਲਈ, ਬੱਚਿਆਂ ਦਾ ਭੱਵਿਖ ਸੋਚ ਕੇ ਕਿ ਜੇ ਤਲਾਕ ਹੋ ਗਿਆ ਤਾਂ ਬੱਚੇ ਰੁਲ ਜਾਣਗੇ, ਘਰ ਵੀ ਨਾਮ ਲਵਾ ਦਿੱਤਾ।

ਘਰ ਨਾਮ ਲਵਾਉਣ ਦੀ ਹੀ ਦੇਰ ਸੀ ਸੰਝਦੀਪ ਮੈਂਨੂੰ ਪਹਿਚਾਣੋ ਤੋਂ ਵੀ ਕੰਨੀ ਕਤਰਾਉਣ ਲੱਗੀ। ਘਰ ਵਿਚ ਮੇਰੀ ਹਾਲਤ ਕੁਤਿਆਂ ਤੋਂ ਵੀ ਮਾੜੀ ਹੋ ਗਈ।ਕਦੀ ਕਦੀ ਮਹਿਸੂਸ ਹੁੰਦਾ ਜਿਵੇ ਮੈਂ ਇਸ ਘਰ ਦਾ ਨੌਕਰ ਹਾਂ।ਇਕ ਦਿਨ ਮੈਂ ਇੰਨਾ ਪੇਰਸ਼ਾਨ ਹੋਇਆ ਕਿ ਪਾਰਕ ਵਿਚ ਬੈਠੇ ਨੂੰ ਪਤਾ ਹੀ ਨਾ ਲੱਗਾ,ਕਦੋਂ ਹਨੇਰਾ ਹੋ ਗਿਆ। ਨਾਲ ਕੰਮ ਕਰਦਾ ਮੁੰਡਾ ਜੋ ਪਾਰਕ ਵਿਚ ਦੌੜਨ ਲਈ ਆਇਆ ਹੋਇਆ ਸੀ ਮੇਰੀ ਹਾਲਤ ਦੇਖ ਕੇ ਮੇਰੇ ਕੋਲ ਰੁਕ ਗਿਆ।ਰੋ ਰੋ ਕੇ ਜਦੋਂ ਮੈ ਸਭ ਕੁਝ ਦੱਸਿਆ, “ ਮੇਰੇ ਸਬਰ ਦਾ ਬੰਨ ਟੁੱਟ ਗਿਆ ਆ, ਮੈਂ ਉਸ ਘਰ ਵਿਚ ਨਹੀ ਰਹਿ ਸਕਦਾ।”

“ ਚਲ ਤੂੰ ਮੇਰੇ ਨਾਲ ਮੇਰੀ ਬਿਸਮਿੰਟ ਵਿਚ ਆ ਜਾ, ਮੈ ਇਕੱਲਾ ਹੀ ਰਹਿੰਦਾ ਆ।”
ਜਦੋਂ ਦੇ ਮੇਰੇ ਮਾਂ ਬਾਪ ਘਰ ਛੱਡ ਕੇ ਚਲੇ ਗਏ ਸਨ, ਸ਼ਰਮ ਦੇ ਮਾਰੇ ਮੈਂ ਕਦੇ ਵੀ ਉਹਨਾਂ ਬਾਰੇ ਕਿਸੇ ਨੂੰ ਨਹੀ ਸੀ ਦੱਸਿਆ। ਸ਼ਾਇਦ ਇਸ ਕਰਕੇ ਇਸ ਮੁੰਡੇ ਨੂੰ ਵੀ ਨਹੀ ਸੀ ਪਤਾ ਮੇਰੇ ਮਾਂ ਬਾਪ ਅਲੱਗ ਰਹਿ ਰਹੇ ਨੇ।
ਜਦੋਂ ਮੈ ਘਰੋ ਆਪਣਾ ਮਾੜਾ-ਮੋਟਾ ਸਮਾਨ ਚੁੱਕਣ ਗਿਆ, ਕਿਸੇ ਵੀ ਮੈਨੂੰ ਨਾ ਰੋਕਿਆ।
ਮੁੰਡੇ ਨਾਲ ਰਹਿੰਦੇ ਕਿੰਨੇ ਦਿਨ ਹੋ ਗਏ ਤਾਂ ਮੱਮੀ ਦਾ ਫੋਨ ਆਇਆ, “ ਤੂੰ ਕਿੱਥੇ ਆ,ਫੋਨ ਕਿਉਂ ਹੀ ਚੁੱਕਦਾ।”
ਮੱਮੀ ਨੂੰ ਮੈਂ ਦੁੱਖੀ ਨਹੀ ਸੀ ਕਰਨਾ ਚਾਹੁੰਦਾ ਇਸ ਲਈ ਕਹਿ ਦਿੱਤਾ, “ ਘਰੇ ਹੀ ਹਾਂ।”
“ ਬੱਚੇ ਕਿਦਾਂ।” ਮੱਮੀ ਪੁੱਛ ਰਹੇ ਸਨ, “ ਹੋਰ ਸਭ ਠੀਕ ਹੈ।”
“ ਸਭ ਅੱਛਾ ਚਲ ਰਿਹਾ।” ਇਹ ਕਹਿ ਕੇ ਮੈਂ ਫੋਨ ਰੱਖ ਦਿੱਤਾ ਅਤੇ ਭੁੱਬਾ ਮਾਰ ਕੇ ਰੋਣ ਲੱਗਾ।

21/03/2015

ਹੋਰ ਕਹਾਣੀਆਂ  >>    


 
  ਸਭ ਅੱਛਾ ਹੈ
ਅਨਮੋਲ ਕੌਰ, ਕਨੇਡਾ
ਬੋਹੜ ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ
ਚਿੱਟੀ ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ
ਤੈਨੂੰ ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ
ਓਦੋਂ ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ
ਜ਼ਿੰਦਗੀ ਦੀ ਜੂਹ
ਭਿੰਦਰ ਜਲਾਲਾਬਾਦੀ, ਯੂ ਕੇ
ਫੇਸਬੁੱਕ
ਅਨਮੋਲ ਕੌਰ, ਕਨੇਡਾ
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ
ਕਿਹਨੂੰ, ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ
ਝਾੜੂ
ਗੁਰਮੇਲ ਬੀਰੋਕੇ, ਕਨੇਡਾ
ਧੰਦਾ ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ
ਅੰਮ੍ਰਿਤ ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਖੂਹ ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ
ਘਰ ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਸੋਗ
ਰੂਪ ਢਿੱਲੋਂ, ਲੰਡਨ
ਉਹ ਮੂਵ ਹੋ ਗਈ
ਅਨਮੋਲ ਕੌਰ, ਕਨੇਡਾ
ਗੋਲਡੀਲੌਕਸ ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ (1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ
baybus1ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ
ਵੇ ਲੋਕੋ
ਅਨਮੋਲ ਕੌਰ, ਕਨੇਡਾ
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ
 

hore-arrow1gif.gif (1195 bytes)


Terms and Conditions
Privacy Policy
© 1999-2015,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015,  5abi.com