ਜਦ ਵੀ ਬਲਦੇਵ ਸਿੰਘ ਉਦਾਸ ਹੁੰਦਾ ਤਾਂ ਟਿਊਬਵੈੱਲ ’ਤੇ ਚਲਾ ਜਾਂਦਾ। ਉਹਦੇ
ਅੰਦਰ ਹਰ ਵੇਲੇ ਧੁਖ-ਧੁਖੀ ਜਿਹੀ ਲੱਗੀ ਰਹਿੰਦੀ ਸੀ। ਉਹ ਹਮੇਸ਼ਾ ਓਦਰਿਆ, ਹਰਖਿਆ
ਜਿਹਾ ਰਹਿੰਦਾ ਸੀ। ਉਹਦੇ ਅੰਦਰ ਚਿੰਤਾ ਦਾ ਜਾਲ ਵਿਛਿਆ ਰਹਿੰਦਾ ਸੀ। ਅੱਜ ਲੌਢੇ
ਵੇਲੇ ਤੋਂ ਹੀ ਉਹ ਚੁਬੱਚੇ ਨੇੜਲੀ ਧਰੇਕ ਹੇਠ ਸਿਰ ਸੁੱਟ ਕੇ ਸੋਚਾਂ ’ਚ ਗਲਤਾਨ
ਬੈਠਾ ਸੀ। ਮੱਸਿਆ ਦੀ ਰਾਤ ਵਰਗਾ ਹਨ੍ਹੇਰਾ ਉਹਦੇ ਦਿਲ ’ਤੇ ਛਾਇਆ ਪਿਆ ਸੀ। ਉਹਦੇ
ਮਨ ਦੀ ਹਰ ਵਿਰਲ ਵਿੱਚ ਸੋਗ ਹੀ ਸੋਗ ਫਸਿਆ ਹੋਇਆ ਸੀ। ਮੁਸਕਰਾਏ ਨੂੰ ਤਾਂ ਉਹਨੂੰ
ਸ਼ਾਇਦ ਜੁੱਗੜੇ ਹੀ ਹੋ ਗਏ ਹੋਣ। ਸਾਉਣ ਦਾ ਮਹੀਨਾ ਤੇ ਹੁੱਸੜ ਭਰਿਆ ਦਿਨ ਸੀ।
ਉਹਦੀ ਮੁੜ੍ਹਕੋ-ਮੁੜ੍ਹਕੀ ਹੋਏ ਦੀ ਸੋਚ ਦੀ ਤੰਦ ਅੱਗੇ ਤੋਂ ਅੱਗੇ ਜੁੜੀ ਹੀ ਜਾ
ਰਹੀ ਸੀ। ਸਵੇਰੇ ਜਦੋਂ ਦਾ ਉਹਨੂੰ ਦਿਲਬਾਗ ਸਿੰਘ ਦੇ ਛੋਟੇ ਮੁੰਡੇ ਗੁਰਪਾਲ ਦੇ
ਹੜ੍ਹ ’ਚ ਡੁੱਬ ਕੇ ਪੂਰੇ ਹੋ ਜਾਣ ਬਾਰੇ ਪਤਾ ਚੱਲਿਆ ਤਾਂ ਉਹ ਡਾਹਢਾ ਹੀ
ਪ੍ਰੇਸ਼ਾਨ ਹੋ ਗਿਆ ਸੀ। ਉਹ ਇਕ ਟੱਕ ਦਰੱਖ਼ਤ ਦੇ ਪੱਤਿਆਂ ਵੱਲ 'ਡਿਪਰ-ਡਿਪਰ'
ਦੇਖੀ ਜਾ ਰਿਹਾ ਸੀ। ਝੱਟ ਹੀ ਉਹਦੀ ਸੋਚਾਂ ਦੀ ਲੜੀ ਰਾਹੀਂ ਅੱਜ ਦਾ ਦੁਖਾਂਤ
ਪਿਛਲੇ ਦੁਖਾਂਤ ਨਾਲ ਜਾ ਜੁੜਿਆ। ਕਿੰਨੀ ਗੂੜ੍ਹੀ ਦੋਸਤੀ ਸੀ ਕਦੇ ਉਹਦੀ ਦਿਲਬਾਗ
ਨਾਲ, ਸੋਚ ਕੇ ਉਹਦਾ ਗਚ ਭਰ ਆਇਆ। ਉਹਦੇ ਮੂੰਹੋਂ ਆਪ-ਮੁਹਾਰੇ ਨਿਕਲ ਗਿਆ, ‘‘ਹਾਏ
ਰੱਬਾ! ਉਹ ਕਿੰਨੇ ਭਲੇ ਦਿਨ ਸਨ।’’ ਬਲਦੇਵ ਦੀ ਸੋਚ ਅਤੀਤ ਨਾਲ ਜਾ ਜੁੜੀ।
....ਦੋਹਾਂ ਦੇ ਪਰਿਵਾਰ ਹੀ ਪਿੱਛੋਂ ਲਹਿੰਦੇ ਪੰਜਾਬ ਤੋਂ ਜਿ਼ਲ੍ਹਾ ਲਾਇਲਪੁਰ ਨਾਲ
ਸਬੰਧਿਤ ਸਨ, ਤੇ ਇੱਧਰ ਆ ਕੇ ਇੱਕੋ ਪਿੰਡ ਹੀ ਦੋਵਾਂ ਪਰਿਵਾਰਾਂ ਨੂੰ ਜ਼ਮੀਨ ਅਲਾਟ ਹੋ
ਗਈ। ਪਿਛਲੀ ਜਾਣ-ਪਛਾਣ ਕਰਕੇ ਵੀ ਦੋਵਾਂ ਪਰਿਵਾਰਾਂ ਵਿੱਚ ਚੰਗੀ ਨਿਭਦੀ ਰਹੀ ਸੀ। ਫਿਰ
ਬਲਦੇਵ ਤੇ ਦਿਲਬਾਗ ਦੇ ਬੱਚੇ ਵੀ ਇੱਕੋ ਸਕੂਲ ’ਚ ਪੜ੍ਹੇ ਸਨ। ਤੇ ਹੁਣ ਪੋਤੇ-ਪੋਤੀਆਂ ਵੀ
ਹਾਣ-ਪ੍ਰਵਾਣ ਹੀ ਸਨ। ਪਰਿਵਾਰਾਂ ਵਿੱਚ ਲੰਬੇ ਸਮੇਂ ਤੋਂ ਅੱਛੀ ਸਾਂਝ ਸੀ। ਪਿੰਡ ’ਚ ਨਵੇਂ
ਬਣੇ ਪੰਚਾਇਤ ਘਰ ਦੇ ਨੇੜੇ ਹੀ ਇਕ ਪਾਸੇ ਸ਼ਾਮਲਾਟ ਪਈ ਜ਼ਮੀਨ ਵਿੱਚ ਸਾਰੇ ਪਿੰਡ ਦੀ
ਸਹਿਮਤੀ ਨਾਲ ਪਿੰਡ ਦੇ ਸਰਪੰਚ ਵੱਲੋਂ ਬੱਚਿਆਂ ਦੇ ਖੇਡਣ ਵਾਸਤੇ ਛੋਟੀ ਜਿਹੀ 'ਪਾਰਕ'
ਬਣਵਾ ਦਿੱਤੀ ਗਈ ਸੀ, ਜਿੱਥੇ ਬਾਅਦ ’ਚ ਝੂਲੇ ਲਗਵਾ ਕੇ ਵਧੀਆ ਇੰਤਜ਼ਾਮ ਕਰ ਦਿੱਤਾ ਗਿਆ
ਸੀ। ਗਰਮੀਆਂ ਦੇ ਮੌਸਮ ਵਿੱਚ ਬਜ਼ੁਰਗ ਇੱਥੇ ਆਮ ਹੀ ਸ਼ਾਮ ਵੇਲੇ ਨੂੰ ਆਪਣੇ-ਆਪਣੇ
ਪੋਤੇ-ਪੋਤੀਆਂ ਨੂੰ ਲੈ ਆਉਂਦੇ। ਬੱਚੇ ਮੌਜ-ਮਸਤੀ ਕਰਦੇ, ਖੇਡਦੇ ਰਹਿੰਦੇ। ਬਜ਼ੁਰਗ ਆਪ ਇਕ
ਪਾਸੇ ਆਪਣੇ ਹਾਣ-ਪ੍ਰਵਾਣ ਨਾਲ ਬੈਠ ਕੇ ਵਿਚਾਰ-ਵਟਾਂਦਰੇ ਅਤੇ ਅਗਲੀਆਂ-ਪਿਛਲੀਆਂ
ਗੱਲਾਂ-ਬਾਤਾਂ ਕਰਕੇ ਮਨ ਹਲਕਾ ਕਰਦੇ।
ਜਦ ਵੀ ਕਦੇ ਸਮਾਂ ਮਿਲਦਾ ਬਲਦੇਵ ਸਿੰਘ ਤੇ ਦਿਲਬਾਗ ਸਿੰਘ ਵੀ ਆਪਣੇ ਪੋਤਿਆਂ ਬੰਟੀ ਤੇ
ਲਵਲੀ ਨੂੰ ਲੈ ਕੇ ਪਾਰਕ ਵਿੱਚ ਆ ਜਾਂਦੇ। ਦੇਰ ਤੱਕ ਇਧਰ-ਓਧਰ ਦੀਆਂ ਕਹਿੰਦੇ ਸੁਣਾਉਂਦੇ
ਰਹਿੰਦੇ। ਦੁਖ-ਸੁਖ ਇੱਕ-ਦੂਜੇ ਅੱਗੇ ਢੇਰੀ ਕਰਦੇ। ਕਦੇ ਓਧਰਲੇ ਪੰਜਾਬ ਦੀਆਂ ਕਹਾਣੀਆਂ
ਛੇੜ ਲੈਂਦੇ। ਦੋਵੇਂ ਪੁਰਾਣੀਆਂ ਸਾਂਝਾਂ ਤਾਜ਼ਾ ਕਰਦੇ। ਗੱਲਾਂ ਵਿੱਚ ਐਸੇ ਲੀਨ ਹੁੰਦੇ ਕਿ
ਘਰ ਜਾਣ ਦਾ ਉਦੋਂ ਹੀ ਚੇਤਾ ਆਉਂਦਾ, ਜਦੋਂ ਬੱਚੇ ਖੇਡ-ਕੁੱਦ ਕੇ ਹਫ਼ ਜਾਂਦੇ ਤੇ ਆ ਕੇ
ਆਪਣੇ-ਆਪਣੇ ਬਾਬੇ ਦੀ ਉਂਗਲੀ ਫੜ ਕੇ ਘਰ ਜਾਣ ਲਈ ਕਾਹਲੀ ਪਾਉਂਦੇ। ਕਈ ਵਾਰ ਬੈਠਿਆਂ ਕਿਸੇ
ਸਿਆਸੀ ਮੁੱਦੇ ’ਤੇ ਬਹਿਸ ਵੀ ਛਿੜ ਪੈਂਦੀ। ਤੇ ਕਦੇ ਪਿੰਡ ਦੇ ਮੁੰਡੇ ਲਤੀਫੇ ਸੁਣਾ-ਸੁਣਾ
ਕੇ ਸਾਰਿਆਂ ਦੇ ਢਿੱਡੀ ਪੀੜਾਂ ਪਾ ਦਿੰਦੇ।
ਅੱਛੇ ਦਿਨ ਗੁਜ਼ਰ ਰਹੇ ਸਨ।
ਮਾਰਚ ਦਾ ਮਹੀਨਾ ਤੇ ਸ਼ਾਮ ਦਾ ਵੇਲਾ ਸੀ। ਲਹਿ-ਲਹਿਰਾਉਂਦੀਆਂ ਸੋਨੇ ਰੰਗੀਆਂ ਕਣਕਾਂ
ਭਰ ਜਵਾਨ ਸਨ। ਦਿਨ ਦੀ ਕੜਾਕੀ ਧੁੱਪ ਤੋਂ ਬਾਅਦ ਸਾਹ ਕੁਝ ਸੌਖਾ ਜਿਹਾ ਆਉਣ ਲੱਗਿਆ ਸੀ।
ਖੇਡ ਘਰ ਵਿੱਚ ਰੋਜ਼ ਦੀ ਤਰ੍ਹਾਂ ਬੱਚੇ ਆਉਣੇ ਸ਼ੁਰੂ ਹੋ ਗਏ। ਬੰਟੀ ਤੇ ਲਵਲੀ ਵੀ ਆਪਣੇ
ਬਾਬਿਆਂ ਸਮੇਤ ਪਹੁੰਚ ਗਏ ਸਨ।
ਅੱਜ ਜਗਿੰਦਰ ਨਹੀਂ ਆਇਆ ਸੀ। ਨਹੀਂ ਤੇ ਵਿਹਲਾ ਤੇ ਇਕੱਲਾ ਹੋਣ ਕਰਕੇ ਉਹ ਰੋਜ਼ ਸ਼ਾਮ
ਨੂੰ ਆਮ ਹੀ ਇੱਥੇ ਆਣ ਬਹਿੰਦਾ ਸੀ। ਉਹਦੇ ਆਉਣ ਨਾਲ ਮਹਿਫ਼ਲ ਵਧੀਆ ਜੰਮਦੀ ਸੀ।
ਸਿੱਧ-ਪੱਧਰੀਆਂ ਸੁਣਾ ਕੇ ਉਹ ਹਾਸੇ ਦੀਆਂ ਧਤੀਰੀਆਂ ਵਗਣ ਲਾ ਦਿੰਦਾ। ਜਗਿੰਦਰ ਸੱਠ-ਪੈਂਹਟ
ਸਾਲ ਦਾ ਬਜ਼ੁਰਗ ਸੀ। ਸਿੱਧ-ਲੋਕ ਜਿਹਾ ਹੋਣ ਕਰਕੇ ਸਭ ਛੋਟੇ-ਵੱਡੇ ਉਹਨੂੰ ਅੱਗੋਂ-ਪਿੱਛੋਂ
ਜਗਿੰਦਰ ਤੇ ਉਹਦੇ ਸਾਹਮਣੇ 'ਚਾਚਾ' ਕਹਿ ਕੇ ਬੁਲਾਉਂਦੇ ਸਨ। ਜਗਿੰਦਰ ਦੇ ਪੈਰਾਂ ਦੀਆਂ
ਪਾਟੀਆਂ ਬਿਆਈਆਂ ਦੇਖ ਕੇ ਲੱਗਦਾ ਸੀ ਕਿ ਜਿਵੇਂ ਉਹਦੇ ਪੈਰਾਂ ਨੂੰ ਜੁੱਤੀ ਕਦੇ ਜੁੜੀ ਹੀ
ਨਹੀ, ਤੇ ਹੁਣ ਤੱਕ ਉਹਦੇ ਪੈਰ ਬਿਨਾਂ ਜੁੱਤੀਓਂ ਧਰਤੀ ’ਤੇ ਤੁਰਨ ਦੇ 'ਆਦੀ' ਹੋ ਚੁੱਕੇ
ਲੱਗਦੇ ਸਨ। ਹਾਂ, ਸਾਲ-ਛਿਮਾਹੀਂ ਕਿਤੇ ਦੂਰ-ਨੇੜੇ ਜਾਣ ਲੱਗਾ ਉਹ ਸਾਂਭ ਕੇ ਰੱਖੀ ਧੌੜੀ
ਦੀ ਜੁੱਤੀ ਜ਼ਰੂਰ ਕੱਢ ਕੇ ਪਾ ਲੈਂਦਾ ਸੀ।
ਜਦੋਂ ਉਹ ਟੈਲੀਵੀਯਨ ਨੂੰ ਔਖਾ ਹੋ ਕੇ "ਟਈਲੀਡਵੀਜਨ "ਕਹਿੰਦਾ ਤਾਂ ਮੁੰਡੇ ਹੱਸ-ਹੱਸ
ਦੋਹਰੇ ਹੋ ਜਾਂਦੇ। ਫਿਰ ਉਹਦੀ ਕਹੀ ਗੱਲ ਦੁਹਰਾ ਕੇ ਟਿੱਚਰ ਜਿਹੀ ਨਾਲ ਕਹਿੰਦੇ:
‘‘ਚਾਚਾ ਸੱਚੀਂ-ਮੁੱਚੀਂ ਆਹ ਟਈਲੀਡਵੀਜਨ ’ਚ ਪਤਾ ਨ੍ਹੀ ਬੰਦੇ ਕਿੱਥੋਂ ਦੀ ਵੜ ਜਾਂਦੇ
ਆ।’’ ਕਹਿ ਕੇ ਉਹਦੇ ਮੂੰਹ ਵੱਲ ਝਾਕਣ ਲੱਗ ਜਾਂਦੇ। ਤੇ ਜਗਿੰਦਰ ਗੰਭੀਰ ਜਿਹਾ ਹੋ
‘‘ਹਾਅਹੋ’’ ਕਹਿ ਕੇ ਸੋਚੀਂ ਪੈ ਜਾਂਦਾ।
ਇਲਤੀ ਮੁੰਡੇ ਹਾਸਾ ਪਾਈ ਰੱਖਣ ਲਈ ਵਿਚਦੀ ਹੋਰ ਉਹਨੂੰ ਛੇੜ ਦਿੰਦੇ,
‘‘ਚਾਚਾ ਤੈਨੂੰ ਪਤਾ ਸਾਇੰਸਦਾਨ ਕਹਿੰਦੇ ਨੇ ਕਿ ਧਰਤੀ ਦਿਨੇ-ਰਾਤ ਘੁੰਮਦੀ ਆ?’’
ਜਗਿੰਦਰ ਆਪਣੀ ਸਮਝ ਅਨੁਸਾਰ ਸਿਰ ਫੇਰ ਦਿੰਦਾ ਤੇ ਉਲਟਾ ਸੁਆਲ ਕਰ ਦਿੰਦਾ।
‘‘ਨਿਰਾ ਈ ਝੂਠ, ਇਹ ਕਿਵੇਂ ਹੋ ਸਕਦਾ? ਜੇ ਧਰਤੀ ਘੁੰਮਦੀ ਹੋਵੇ ਤਾਂ ਮਸੂਸ ਨਾ ਹੋਵੇ?’’
‘‘ਨਹੀਂ ਚਾਚਾ ਘੁੰਮਦੀ ਵੀ ਆ ਤੇ ਧਰਤੀ ਗੋਲ ਵੀ ਆ ਬਿਲਕੁਲ ਗੋਲ, ਗੇਂਦ ਵਾਂਗ।’’ ਮੁੰਡੇ
ਲੜੀ ਜਾਰੀ ਰੱਖਦੇ।
‘‘ਹਾਹੋ, ਜੇ ਗੇਂਦ ਵਾਂਗ ਗੋਲ ਹੋਵੇ ਤੇ ਆਪਾਂ ਡਿੱਗੀਏ ਨਾ? ਉਹ ਤਾਂ ਵਿਹਲੇ ਬੈਠੇ ਭਕਾਈ
ਮਾਰੀ ਜਾਂਦੇ ਐ, ਨਾਲੇ ਉਹਨਾਂ ਨੂੰ ਪੈਸੇ ਈ ਯੱਭਲੀਆਂ ਮਾਰਨ ਦੇ ਮਿਲਦੇ ਆ।’’
ਉਹ ਹੋਰ ਸਿੱਧੀ ਲਾ ਕੇ ਸਗੋਂ ਸਾਰਿਆਂ ਨੂੰ ਹੱਸਣ ਲਾ ਦਿੰਦਾ।
ਅੱਜ ਜਗਿੰਦਰ ਇੱਥੇ ਨਹੀਂ ਆਇਆ ਸੀ। ਪਰ ਉਹਦੀ ਗੈਰ-ਹਾਜ਼ਰੀ ਵਿੱਚ ਉਹਦੀਆਂ
ਆਲੀਆਂ-ਭੋਲੀਆਂ ਗੱਲਾਂ ਕਰਕੇ ਬੜੀ ਦੇਰ ਹਾਸਾ ਪੈਂਦਾ ਰਿਹਾ। ਹੱਸਦਿਆਂ-ਹੱਸਦਿਆਂ ਹੀ
ਸਾਰਿਆਂ ਦੀ ਨਿਗਾਹ ਅਚਾਨਕ ਬੰਟੀ ਤੇ ਲਵਲੀ ’ਤੇ ਪਈ। ਦੋਵੇਂ ਇਕ-ਦੂਜੇ ਨਾਲ ਗੁਥਮ-ਗੁੱਥਾ
ਹੋ ਰਹੇ ਸਨ। ਖੇਡਦੇ-ਖੇਡਦੇ ਪਤਾ ਨਹੀਂ ਕਿਸ ਗੱਲੋਂ ਦੋਵੇਂ ਲੜ ਪਏ ਸਨ। ਬਲਦੇਵ ਸਿੰਘ ਨੇ
ਬੰਟੀ ਆਪਣੇ ਪੋਤੇ ਨੂੰ ਖਿੱਚ ਕੇ ਪਿੱਛੇ ਕੀਤਾ ਤੇ ਦਿਲਬਾਗ ਸਿੰਘ ਨੇ ਆਪਣੇ ਲਵਲੀ ਨੂੰ
ਪਿੱਛੇ ਹਟਾ ਲਿਆ।
ਬੱਚਿਆਂ ਦੀ ਛੋਟੀ ਜਿਹੀ ਲੜਾਈ, ਸਾਰਿਆਂ ਲਈ ਆਮ ਜਿਹੀ ਗੱਲ ਸੀ। ਇਹ ਆਮ ਗੱਲ ਆਈ-ਗਈ
ਹੋ ਗਈ। ਸਾਰੇ ਰੋਜ਼ ਦੀ ਤਰ੍ਹਾਂ ਘਰੀਂ ਮੁੜ ਗਏ। ਬੱਚਿਆਂ ਦੇ ਹੱਥੋਪਾਈ ਹੁੰਦਿਆਂ
ਖਿੱਚ-ਖਿਚਾਈ ਵੇਲੇ ਬੰਟੀ ਦੇ ਪਿੰਡੇ ’ਤੇ ਕੁਝ ਝਰੀਟਾਂ ਆ ਗਈਆਂ ਸਨ ਤੇ ਉਹਦਾ ਕੁੜਤਾ ਵੀ
ਦੋ ਥਾਵਾਂ ਤੋਂ ਫਟ ਗਿਆ ਸੀ। ਘਰ ਪਹੁੰਚ ਕੇ ਬੰਟੀ ਅਜੇ ਵੀ ਉਭੇ ਸਾਹ ਲਈ ਜਾ ਰਿਹਾ ਸੀ।
ਉਹਦਾ ਇਹ ਹਾਲ ਦੇਖ ਕੇ ਉਹਦੀ ਮਾਂ ਜਸਪ੍ਰੀਤ ਅੱਗ ਬਬੂਲੀ ਹੋ ਗਈ। ਉਹਦਾ ਬਾਪ ਭਗਵੰਤ ਸਮਝ
ਗਿਆ ਸੀ ਕਿ ਬੱਚੇ ਆਪਸ ਵਿੱਚ ਖਹਿਬੜ ਪਏ ਹੋਣਗੇ। ਉਹ ਸ਼ਾਂਤ ਖੜ੍ਹਾ ਰਿਹਾ। ਪਰ ਜਸਪ੍ਰੀਤ
ਤਾਂ ਇਹ ਸਭ ਦੇਖ ਕੇ ਆਪੇ ਤੋਂ ਬਾਹਰ ਹੋਈ ਜਾ ਰਹੀ ਸੀ।
‘‘ਕੀ ਹੋਇਆ, ਕਿਸਨੇ ਇਹ ਹਾਲ ਕੀਤਾ ਮੇਰੇ ਪੁੱਤਰ ਦਾ? ਕੌਣ ਆ ਉਹ ...? ਕਿਉਂ ਮਾਰਿਆ
ਇਹਨੂੰ ਕਿਸੇ ਨੇ?’’ ਉਹ ਹੜਬੜਾ ਗਈ ਤੇ ਇਕੋ ਸਾਹੇ ਸੁਆਲ ਕਰੀ ਗਈ।
‘‘ਕੌਣ ਆ..., ਕਿਸਨੇ ਮਾਰਿਆ....ਮੈਨੂੰ ਕੋਈ ਦੱਸੇ ਵੀ?’’ ਪੁੱਛ-ਪੁੱਛ ਕੇ ਉਹਨੇ ਕੋਲ
ਖੜ੍ਹੇ ਭਗਵੰਤ ਦਾ ਖੜ੍ਹਨਾ ਮੁਸ਼ਕਿਲ ਕਰ ਦਿੱਤਾ। ਬਲਦੇਵ ਸਿੰਘ ਵੀ ਸਮਝਾ ਰਿਹਾ ਸੀ,
‘‘ਪੁੱਤਰ ਸਬਰ ਕਰ। ਬੱਚੇ ਤਾਂ ਲੜ ਹੀ ਪੈਂਦੇ ਨੇ, ਇਹ ਕੋਈ ਵੱਡੀ ਗੱਲ ਨਹੀਂ। ਗੱਲ ਦਾ
ਭਾਂਬੜ ਨਾ ਬਣਾਓ।’’
ਪਰ ਵਿਦਰੋਹੀ ਸੋਚ ਜਸਪ੍ਰੀਤ ਦੇ ਸਿਰ ’ਤੇ ਹਾਵੀ ਹੋਈ ਪਈ ਸੀ। ਵੈਸੇ ਵੀ ਨਿਮਰਤਾ ਤੇ
ਜਸਪ੍ਰੀਤ ਦੇ ਸੁਭਾਅ ਵਿੱਚ ਹੈ ਹੀ ਨਹੀਂ ਸੀ। ਉਹ ਰੱਜ ਕੇ ਜਿ਼ੱਦੀ ਸੀ ਤੇ ਆਪਣੀ ਗੱਲ
ਮਨਵਾਉਣ ਤੋਂ ਪਿੱਛੇ ਨਹੀਂ ਹਟਦੀ ਸੀ। ਇਕ ਤਾਂ ‘ਕੱਲੀ-‘ਕੱਲੀ ਮਾਪਿਆਂ ਦੀ ਧੀ ਹੋਣ ਕਰਕੇ
ਕਿਸੇ ਨੇ ਉਹਨੂੰ ਵਰਜਿਆ ਹੀ ਘੱਟ ਸੀ। ਤੇ ਅੱਗੇ ਸਹੁਰਿਆਂ ਦੇ ਵੀ ਇਕੱਲੀ ਨੂੰਹ ਹੋਣ ਕਰਕੇ
ਉਹਨੂੰ ਇੱਥੇ ਵੀ ਸਭ ਕੁਝ ਵਰ ਆ ਗਿਆ ਸੀ। ਬਲਦੇਵ ਸਿੰਘ ਤੇ ਉਹਦੇ ਘਰਵਾਲੀ ਨੂੰਹ ਦੇ ਅੱਖੜ
ਸੁਭਾਅ ਨੂੰ ਬਰਦਾਸ਼ਤ ਕਰਨ ਦੇ ਆਦੀ ਹੋ ਚੁੱਕੇ ਸਨ। ਜਸਪ੍ਰੀਤ ਦੇ ਅਸੂਲਾਂ ਦੀ ਉਹਦੇ
ਪੁੱਤਰ ਨੂੰ ਭਾਵੇਂ ਸਮਝ ਨਹੀਂ ਸੀ, ਪਰ ਉਹ ਬੰਟੀ ਦੇ ਦਿਮਾਗ ’ਚ ਤੂੜ ਕੇ ਭਰਦੀ ਰਹਿੰਦੀ
ਸੀ ਕਿ ਜੇ ਕੋਈ ਇਕ ਥੱਪੜ ਮਾਰੇ ਤਾਂ ਅਗਲੇ ਦੇ ਦੋ ਮਾਰ ਕੇ ਘਰ ਪੂਰਾ ਕਰੀਦੈ। ਕੁੱਟ ਕੇ
ਘਰ ਆਉਣਾ, ਕੁੱਟ ਖਾ ਕੇ ਨਹੀਂ!
‘‘ਕੰਨ ਲਪੇਟ ਕੇ ਬੈਠੇ ਹੋ, ਕਿਹੋ ਜਿਹੇ ਬਾਪ ਹੋ ਤੁਸੀਂ? ਮੁੰਡੇ ਦਾ ਲਾਸਾਂ ਨਾਲ
ਭਰਿਆ ਸਰੀਰ ਤੁਹਾਨੂੰ ਦਿਸ ਨਹੀਂ ਰਿਹਾ? ਜਾਓ, ਹੁਣੇ ਜਾ ਕੇ ਉਲਾਂਭਾ ਦੇ ਕੇ ਆਓ? ਮੈਥੋਂ
ਨ੍ਹੀ ਜਰ ਹੁੰਦਾ ਮੇਰੇ ਪੁੱਤ ਦਾ ਆਹ ਹਾਲ।’’ ਈਰਖਾ ਦੀ ਅੱਗ ’ਚ ਭੁੱਜਦੀ ਜਸਪ੍ਰੀਤ
ਲਗਾਤਾਰ ਕੌੜੇ-ਕੁਸੈਲੇ ਬੋਲ ਬੋਲਦੀ ਭਗਵੰਤ ਨੂੰ 'ਤੁੱਖਣਾ' ਦੇਈ ਜਾ ਰਹੀ ਸੀ। ਉਹਨੇ
ਜਸਪ੍ਰੀਤ ਨੂੰ ਸਮਝਾ ਕੇ ਠੰਢਿਆਂ ਕਰਨ ਦੀ ਬਥੇਰੀ ਵਾਹ ਲਾਈ। ਜਸਪ੍ਰੀਤ ਨੂੰ ਚੁੱਪ ਨਾ
ਹੁੰਦੀ ਦੇਖ ਕੇ ਉਹ ਥੋੜ੍ਹਾ ਤਹਿਸ਼ ਵਿੱਚ ਆ ਕੇ ਬੋਲਿਆ, ‘‘ਮਾਮੂਲੀ ਗੱਲ ’ਤੇ ਕਿਉਂ ਟੱਪੀ
ਜਾ ਰਹੀ ਏਂ? ਕੋਈ ਆਫਤ ਨਹੀਂ ਆ ਗਈ, ਜੋ ਤੇਰੀ ਜ਼ਬਾਨ ਮੂੰਹ ਵਿੱਚ ਨਹੀਂ ਪੈ ਰਹੀ?’’
ਬੰਟੀ ਭਾਵੇਂ ਰੋਈ ਜਾ ਰਿਹਾ ਸੀ, ਪਰ ਉਹਦੇ ਹੱਕ ਵਿੱਚ ਭੁਗਤ ਰਹੇ ਮਾਂ ਦੇ ਸ਼ਬਦ
ਉਹਨੂੰ ਉਹਦੇ ਵਾਸਤੇ ਹਮਦਰਦੀ ਦੇ ਫਹੇ ਜਾਪ ਰਹੇ ਸਨ। ਉਹ ਰੌਲੇ-ਰੱਪੇ ’ਚੋਂ ਹੌਲੀ ਜਿਹੀ
ਕਰਕੇ ਖਿਸਕ ਗਿਆ। ਰਸਤੇ ਵਿੱਚੋਂ ਪੱਕੀ ਇੱਟ ਉਹਦੇ ਹੱਥ ਲੱਗ ਗਈ। ਉਹ ਦਿਲਬਾਗ ਸਿੰਘ ਕੇ
ਘਰ ਜਾ ਪਹੁੰਚਿਆ। ਅੱਗਾ ਦੇਖਿਆ ਨਾ ਪਿੱਛਾ, ਜਾਂਦਿਆਂ ਸਾਰ ਹੀ ਉਹਨੇ ਲਵਲੀ ਦੇ 'ਠਾਹ'
ਇੱਟ ਮਾਰੀ। ਮੁੰਡੇ ਦੀ ਭੁੱਬ ਨਿਕਲ ਗਈ ਅਤੇ ‘‘ਹਾਏ ਓਏ!’’ ਕਹਿ ਕੇ ਉਹ ਜ਼ਮੀਨ ’ਤੇ
’ਕੱਠਾ ਜਿਹਾ ਹੋ ਗਿਆ। ਭਾਰੀ ਇੱਟ ਨੇ ਮੁੰਡੇ ਦਾ ਪੈਰ ਫੇਹ ਕੇ ਰੱਖ ਦਿੱਤਾ। ਖੂਨ ਦੀਆਂ
ਘਰਾਲਾਂ ਵਹਿ ਤੁਰੀਆਂ। ਟੱਬਰ ਦੇ ਭਾਅ ਦੀਆਂ ਬਣ ਗਈਆਂ। ਸਾਰਿਆਂ ਦੀ ਜਾਨ ਮੁੱਠ ’ਚ ਆ ਗਈ।
ਘਬਰਾਇਆ ਹੋਇਆ ਦਿਲਬਾਗ ਸਿੰਘ ਪਿੰਡ ਦੇ ਕੰਪਾਊਡਰ ਨੂੰ ਲੈਣ ਦੌੜ ਗਿਆ। ਕੰਪਾਊਡਰ ਨੇ ਆ ਕੇ
ਪੱਟੀ ਕਰਕੇ, ਦਵਾਈ ਦਿੱਤੀ। ਮੁੰਡਾ ਕੁਝ ਟਿਕ ਤਾਂ ਗਿਆ ਪਰ ਜ਼ਖ਼ਮ ’ਚ ਚਸਕਾਂ ਪੈਣ ਕਰਕੇ
ਉਹਦੇ ਮੂੰਹੋਂ ਥੋੜ੍ਹੀ-ਥੋੜ੍ਹੀ ਦੇਰ ਬਾਅਦ 'ਹਾਏ' ਨਿਕਲਦੀ ਸੀ।
ਏਨੇ ਨੂੰ ਆਪੇ ਤੋਂ ਬਾਹਰ ਹੋਇਆ ਲਵਲੀ ਦਾ ਬਾਪ, ਦਿਲਬਾਗ ਸਿੰਘ ਦਾ ਵੱਡਾ ਪੁੱਤਰ
ਜਸਪਾਲ ਗੁੱਸੇ ’ਚ ਬੜਬੜਾਂਦਾ ਹੋਇਆ, ਦਿਲਬਾਗ ਦੇ ਰੋਕਦਿਆਂ-ਰੋਕਦਿਆਂ ਦੁਨਾਲੀ ਚੁੱਕ ਕੇ
ਬਾਹਰ ਨਿਕਲ ਗਿਆ। ਘਰਦਿਆਂ ਦੇ ਲੇਲੜੀਆਂ ਕੱਢਣ, ਰੋਕਣ ਦਾ ਉਹਦੇ ਉਪਰ ਕੋਈ ਅਸਰ ਨਾ ਹੋਇਆ,
ਗਲੀ ’ਚ ਜਾ ਕੇ, "ਫ਼ੂਕ ਕੇ ਰੱਖ-ਦੂੰ ਕੋੜਮਾਂ ਇਹਨਾਂ ਦਾ!" ਦਹਾੜਿਆ ਅਤੇ ਨਾਲ ਹੀ ਹਵਾ
’ਚ ਫਾਇਰ ਕਰ ਦਿੱਤਾ। ਬਲਦੇਵ ਸਿੰਘ ਨੇ ਅਵਾਜ਼ ਪਛਾਣ ਕੇ ਕਿਸੇ ਅਣਹੋਣੀ ਤੋਂ ਡਰਦਿਆਂ ਭੱਜ
ਕੇ ਗੇਟ ਬੰਦ ਕਰ ਲਿਆ। ਜਸਪਾਲ ਨੇ ਕੰਧ ਉਪਰੋਂ ਅਟੇ-ਸਟੇ ਇਕ ਹੋਰ ਸਿੱਧਾ ਫਾਇਰ ਕਰ
ਦਿੱਤਾ। ਗੋਲੀ ਸਾਹਮਣੇ ਖੜ੍ਹੇ ਭਗਵੰਤ ਦੇ ਸੀਨੇ ਵਿੱਚ ਦੀ ਆਰ-ਪਾਰ ਹੋ ਗਈ। ਉਹ ਉਥੇ ਹੀ
ਢੇਰੀ ਹੋ ਗਿਆ। ਕੁਝ ਹੀ ਪਲਾਂ ਵਿੱਚ ਕੀ ਭਾਣਾ ਵਰਤ ਗਿਆ ਸੀ। ਹਾਸਿਆਂ ਦੀ ਜਗਾਹ ਵੈਣਾਂ
ਨੇ ਮੱਲ ਲਈ। ਸੁੱਖਾਂ ਦੀ ਚਲਦੀ ਹਵਾ ’ਚ ਕੀਰਨੇ ਘੁਲ ਗਏ। ਭਗਵੰਤ ਦਾ ਸਰੀਰ ਘੜੀ ਵਿੱਚ ਹੀ
ਠੰਡਾ ਹੋ ਕੇ ਭੌਰ ਕੂਚ ਕਰ ਗਿਆ। ਲਾਸ਼ ਖੂਨ ’ਚ ਲੱਥ-ਪੱਥ ਜ਼ਮੀਨ ’ਤੇ ਪਈ ਸੀ। ਘਰ ਵਿੱਚ
ਚੀਖ-ਚਿਹਾੜਾ ਮੱਚ ਗਿਆ। ਉਹਦੀ ਮਾਂ ਗੁਰਮੇਲ ਕੌਰ ਡੌਰ-ਭੌਰ ਹੋਈ ਪੱਥਰ ਜਿਹਾ ਬਣ ਕੇ ਇਕ
ਟੱਕ ਝਾਕੀ ਜਾ ਰਹੀ ਸੀ। ਬਲਦੇਵ ਸਿੰਘ ਕਮਲਾ-ਰਮਲਾ ਜਿਹਾ ਹੋ ਕੇ ਇੱਕੋ ਗੱਲ ਬਾਰ-ਬਾਰ ਕਰੀ
ਜਾ ਰਿਹਾ ਸੀ, ‘‘ਹਾਏ ਓਏ ਰੱਬਾ ਮੇਰਿਆ, ਆਹ ਕੀ ਕਹਿਰ ਵਰਤ ਗਿਆ? ਮੈਂ ਉਜੜ ਗਿਆ ਓਏ
ਮੇਰਿਆ ਡਾਹਢਿਆ!’’
ਏਨੇ ਨੂੰ ਕੋਈ ਪੁਲਿਸ ਨੂੰ ਖ਼ਬਰ ਕਰ ਆਇਆ ਸੀ।
ਪੁਲਿਸ ਆ ਗਈ। ਕਹਾਣੀ ਠਾਣੇਦਾਰ ਦੀ ਸਮਝ ’ਚ ਆਉਣ ਨੂੰ ਵਕਤ ਨਹੀਂ ਲੱਗਾ। ਪਰਚਾ ਦਰਜ਼
ਹੋ ਗਿਆ। ਕੇਸ ਚੱਲਿਆ ਤੇ ਕਤਲ ਕੇਸ ਵਿੱਚ ਜਸਪਾਲ ਨੂੰ ਵੀਹ ਸਾਲ ਦੀ ਬਾ-ਮੁਸ਼ੱਕਤ ਕੈਦ ਹੋ
ਗਈ।
ਉਧਰ ਭਗਵੰਤ ਦੀ ਮਾਂ ਪੁੱਤ ਦੇ ਵੈਰਾਗ ’ਚ ਛੇ ਮਹੀਨੇ ਵੀ ਨਾ ਕੱਢ ਸਕੀ। ਪਹਿਲਾਂ ਜਵਾਨ
ਪੁੱਤਰ ਤੇ ਫਿਰ ਜੀਵਨ ਸਾਥਣ ਦੇ ਉਪਰੋਥਲੀ ਚਲੇ ਜਾਣ ਦਾ ਹੇਰਵਾ ਬਲਦੇਵ ਸਿੰਘ ਨੂੰ ਲੈ
ਬੈਠਾ। ਉਹ ਇਕੱਲਾ ਬੈਠਾ ਕਈ ਵਾਰ ਆਪਣੇ ਆਪ ਨਾਲ ਗੱਲਾਂ ਕਰਨ ਲੱਗ ਜਾਂਦਾ।
ਅੱਜ ਜਦੋਂ ਉਹ ਘਰੋਂ ਟਿਊਬਵੈੱਲ ਵੱਲ ਨੂੰ ਆਉਣ ਲਈ ਬਾਹਰ ਹੀ ਨਿਕਲਿਆ ਸੀ ਤਾਂ
ਗੁਆਂਢੀਆਂ ਦੇ ਕਾਲੇ ਨੇ ਅਵਾਜ਼ ਮਾਰ ਕੇ ਦੱਸਿਆ, ‘‘.....ਬਾਪੂ ਜੀ, ਤੁਹਾਨੂੰ ਪਤਾ ਅੱਜ
ਚਾਚਾ ਗੁਰਪਾਲ ਮੁੱਕ ਗਿਆ? ਉਹ ਰਾਤੀਂ ਬਿਆਸ ਦਰਿਆ ’ਚ ਆਏ ਹੜ੍ਹ ’ਚ ਰੁੜ੍ਹ ਗਿਆ।’’
ਗੁਰਪਾਲ, ਦਿਲਬਾਗ ਸਿੰਘ ਦਾ ਛੋਟਾ ਪੁੱਤਰ ਸੀ।
ਗੁਰਪਾਲ ਦੀ ਮੌਤ ਦੀ ਖ਼ਬਰ ਨੇ ਬਲਦੇਵ ਸਿੰਘ ਦਾ ਅੰਦਰ ਵਲੂੰਧਰ ਦਿੱਤਾ, ਉਹ ਅੰਤਾਂ ਦਾ
ਦੁਖੀ ਹੋਇਆ ਅਤੇ ਉਹਦੀ ਧਾਹ ਨਿਕਲ ਗਈ। ਉਹਨੂੰ ਲੱਗਿਆ ਜਿਵੇਂ ਉਹ ਆਪਣੇ ਪੁੱਤਰ ਦੀ ਮੌਤ
ਦਾ ਸੁਨੇਹਾ ਸੁਣ ਰਿਹਾ ਹੋਵੇ। ਉਹ ਮਸਾਂ ਆਪਣੇ ਆਪ ਨੂੰ ਧੂਹ ਕੇ, ਡਿੱਗਦਾ ਢਹਿੰਦਾ ਖੇਤ
ਤੱਕ ਪਹੁੰਚਿਆ ਅਤੇ ਜਾਂਦਿਆਂ ਹੀ ਅਲਾਣੀ ਮੰਜੀ ’ਤੇ ਢੇਰੀ ਜਿਹਾ ਹੋ ਗਿਆ। ਸੋਚਾਂ ਵਿੱਚ
ਅਤੀਤ ਦਾ ਬੂਹਾ ਖੋਲ੍ਹ ਕੇ ਬੈਠ ਗਿਆ। ਜਿ਼ੰਦਗੀ ਦੀ ਜੂਹ ’ਚ ਵੜ ਕੇ ਉਸ ਨੇ ਅੱਜ ਮਨ ਦਾ
ਚੱਪਾ-ਚੱਪਾ ਗਾਹ ਲਿਆ।
ਅਚਾਨਕ ਬਲਦੇਵ ਸਿੰਘ ਨੂੰ ਕਿਸੇ ਸੋਚ ਨੇ ਝੰਜੋੜਿਆ। ਉਹ ਬੀਤੇ ਦੀ ਬੁੱਕਲ ’ਚੋਂ ਬਾਹਰ
ਨਿਕਲਿਆ। ਉਸ ਨੇ ਆਪਣੇ ਅੰਦਰਲੇ ਝੱਖੜ ਨੂੰ ਥੰਮ੍ਹਿਆਂ। ਸਰੀਰ ਦੀ ਸਾਰੀ ਤਾਕਤ ਇਕੱਠੀ
ਕਰਕੇ ਉੱਠਿਆ। ਪੈਰੀਂ ਜੁੱਤੀ ਪਾਈ, ਸਿਰ ’ਤੇ ਪਗੜੀ ਸਵਾਰੀ ਤੇ ਸਿੱਧਾ ਦਿਲਬਾਗ ਸਿੰਘ ਦੇ
ਘਰ ਨੂੰ ਹੋ ਤੁਰਿਆ। ਜਾਂਦਾ ਹੋਇਆ ਬੁੜਬੜਾਈ ਜਾ ਰਿਹਾ ਸੀ, ‘‘ਦੁੱਖ ’ਚ ਨਫ਼ਰਤ ਘੋਲ ਕੇ
ਜੀਣਾ ਵੀ ਕੋਈ ਜੀਣਾ ਆ? ਇਸ ਨਫ਼ਰਤ ਦਾ ਅੱਜ ਮੈਂ ਅੰਤ ਕਰ ਦਿਆਂਗਾ!’’
ਵਿਹੜੇ ਵਿੱਚ ਗੁਰਪਾਲ ਦੀ ਭੈਣ ਦੇ ਘਰ ਦੀਆਂ ਨੀਹਾਂ ਹਿਲਾਉਂਦੇ ਹਾਉਕੇ, ਮਾਂ ਦਾ
ਅਸਮਾਨ ਦੀ ਹਿੱਕ ਚੀਰਦਾ ਵਿਰਲਾਪ ਸੁਣਿਆ ਨਹੀਂ ਜਾ ਰਿਹਾ ਸੀ। ਸਾਹਮਣੇ ਬੈਠੇ ਦਿਲਬਾਗ
ਸਿੰਘ ਦੀ ਹਾਲਤ ਦੇਖ ਕੇ ਬਲਦੇਵ ਸਿੰਘ ਆਪਣੇ ਆਪ ’ਤੇ ਕਾਬੂ ਨਾ ਪਾ ਸਕਿਆ। ਜਾਂਦਿਆਂ ਹੀ
ਉਹਦੇ ਗਲ ਲੱਗ ਕੇ ਬਲਦੇਵ ਸਿੰਘ ਨੇ ਭੁੱਬ ਮਾਰੀ, ‘‘.....ਆ ਦਿਲਬਾਗ ਸਿਆਂ ਗਲ ਲੱਗੀਏ,
ਪਤਾ ਨਹੀਂ ਕਿਹੜੇ ਜੁੱਗਾਂ ਦੇ ਕੀਤੇ ਭੋਗਣੇ ਪੈ ਗਏ ਆਪਾਂ ਨੂੰ....? ਪਤਾ ਨਹੀਂ ਆਪਾਂ ਨੇ
ਕੀ ਪਾਪ ਕੀਤੇ ਸੀ ...?
.... ਆਪਣੇ ਜਵਾਨ ਜਹਾਨ ਪੁੱਤ ਮੁੱਕ ਗਏ, ਆਪਾਂ ਪੁਰਾਣੇ ਪੱਤਾਂ ਨੇ ਵੀ ਪਤਾ ਨਹੀਂ ਕਦੋਂ
ਕਿਰ ਜਾਣਾ।’’ ਇਕ-ਦੂਜੇ ਦੇ ਗਲ ਲੱਗਦਿਆਂ ਹੀ, ਦੋਹਾਂ ਦੀ ’ਕੱਠੀ ਭੁੱਬ ਨਿਕਲ ਗਈ।
|