"ਅੱਜ
ਸਾਨੂੰ ਸਤਿਕਾਰਯੋਗ ਮੈਡਮ ਸ਼ੀਲਾ ਸ਼ਰਮਾ ਜੀ ਨੂੰ ਸਟੇਜ਼ 'ਤੇ ਬੁਲਾਉਂਦੇ ਹੋਏ ਬਹੁਤ
ਮਾਣ ਮਹਿਸੂਸ ਹੋ ਰਿਹਾ ਹੈ, ਇਹ ਸਾਡੇ ਇਲਾਕੇ ਦੀ ਬੇਹੱਦ ਸਨਮਾਨਿਤ ਹਸਤੀ ਹਨ,
ਬੇਸਹਾਰਿਆਂ ਦੇ ਰਹਿਬਰ! ਇਹਨਾਂ ਦੇ ਕੀਤੇ ਸਮਾਜਿਕ ਕਾਰਜਾਂ ਵਾਸਤੇ ਇਹਨਾਂ ਨੂੰ
"ਪਰਾਊਡ ਔਫ਼ ਸਟੇਟ" ਪੁਰਸਕਾਰ ਨਾਲ ਸਨਮਾਨਿਤ ਕਰਨ ਲਈ ਬੜੇ ਮਾਣ-ਸਤਿਕਾਰ ਨਾਲ
ਬੁਲਾਇਆ ਜਾਂਦਾ ਹੈ...!"
ਹਲਕੀ ਚਮਕਦੀ ਧੁੱਪ, ਬਸੰਤੀ ਜਿਹਾ ਮੌਸਮ ਸੀ।
ਸੱਜ ਵਿਆਹੀ ਦੁਲਹਨ ਵਾਂਗ ਸਟੇਜ ਫੁੱਲਾਂ ਨਾਲ ਸਜੀ ਹੋਈ ਸੀ, ਇਲਾਕੇ ਦੀਆਂ ਮੰਨੀਆਂ
ਪ੍ਰਮੰਨੀਆਂ ਹਸਤੀਆਂ ਸਟੇਜ 'ਤੇ ਹਾਜ਼ਰ ਸਨ।। ਮੇਜ਼ 'ਤੇ ਪਾਣੀ ਦੀਆਂ ਬੋਤਲਾਂ ਅਤੇ
ਕੁਝ ਕੱਚ ਦੇ ਗਿਲਾਸ ਰੱਖੇ ਅਤੇ ਨਾਲ ਹੀ ਤਾਜ਼ੇ ਫੁੱਲਾਂ ਦੇ ਗੁਲਦਸਤੇ ਸਜਾਏ ਹੋਏ
ਸਨ। ਲੋਕਾਂ ਨਾਲ ਖਚਾ-ਖਚ ਭਰੇ ਹਾਲ ਵਿੱਚ ਸਭ ਦੀਆਂ ਅੱਖਾਂ ਸਟੇਜ ਵੱਲ ਬਹੁਤ
ਉਤਸੁਕਤਾ ਨਾਲ ਲੱਗੀਆਂ ਹੋਈਆਂ ਸਨ, ਜਿਵੇਂ ਕਿਸੇ ਖ਼ਾਸ ਮਹਿਮਾਨ ਨੂੰ ਉਡੀਕ ਰਹੀਆਂ
ਹੋਣ। ਸਟੇਜ ਦੀਆਂ ਕੁਝ ਰਸਮੀਂ ਰਵਾਇਤਾਂ ਨਿਭਾਉਣ ਤੋਂ ਬਾਅਦ, ਕਰੀਬ ਅੱਧ ਵਿੱਚ
ਪਹੁੰਚੇ ਪ੍ਰੋਗਰਾਮ ਵਿੱਚ ਉਤਸੁਕਤਾ ਓਦੋਂ ਵਧ ਗਈ, ਜਦ ਸਪੀਕਰ
'ਤੇ ਸ਼ੀਲਾ ਸ਼ਰਮਾ ਦੇ ਨਾਂ ਦੀ ਘੋਸ਼ਣਾ ਕੀਤੀ ਗਈ, "ਸੋ ਲੇਡੀਜ਼ ਐਂਡ ਜੈਂਟਲਮੈਨ,
ਪਲੀਜ਼, ਏ ਬਿਗ ਹੈਂਡ ਟੂ ਮਿਸ ਸ਼ੀਲਾ ਸ਼ਰਮਾ...!"
ਤਾੜੀਆਂ ਦੀ ਗੜਗੜਾਹਟ
ਗੂੰਜ ਉਠੀ ਅਤੇ ਮੂਹਰੇ ਲੱਗੇ ਹੋਏ ਸੋਫੇ ਤੋਂ ਇੱਕ ਅਧੇੜ ਉਮਰ ਅਤੇ ਗਠੇ ਹੋਏ ਸਰੀਰ
ਵਾਲੀ ਔਰਤ ਉਠ ਕੇ ਖੜ੍ਹੀ ਹੋ ਗਈ। ਸਾਫ਼ ਰੰਗ, ਜਚਦੇ ਨੈਣ-ਨਕਸ਼, ਪਾਇਆ ਹੋਇਆ
ਗੁਲਾਬੀ ਰੰਗ ਦਾ ਸੂਟ ਉਸ ਦੇ ਹੁਸਨ ਨੂੰ ਚਾਰ ਚੰਨ ਲਗਾ ਰਿਹਾ ਸੀ। ਸ਼ੀਲਾ ਸ਼ਰਮਾ
ਬਹੁਤ ਹੀ ਧੀਰਜ ਨਾਲ ਸਟੇਜ ਵੱਲ ਵਧ ਗਈ। ਤਾੜੀਆਂ ਦੀ ਆਵਾਜ਼ ਲਗਾਤਾਰ ਗੂੰਜ ਰਹੀ
ਸੀ। ਇਲਾਕੇ ਦੇ ਮੰਨੇ-ਪ੍ਰਮੰਨੇ ਲੋਕਾਂ ਨੇ ਉਠ ਕੇ ਇੱਕ ਸ਼ੀਲਡ ਅਤੇ
ਸਨਮਾਨ ਪੱਤਰ ਸ਼ੀਲਾ ਦੇ ਹੱਥ ਅਰਪਨ ਕੀਤਾ, ਇੱਕ ਕਸ਼ਮੀਰੀ ਸ਼ਾਲ ਉਸ ਦੇ ਮੋਢਿਆਂ 'ਤੇ
ਪਾ ਕੇ ਸਤਿਕਾਰ ਵਜੋਂ ਹੱਥ ਜੋੜੇ। ਇੱਕ ਵਾਰ ਫ਼ਿਰ ਸਾਰਾ ਮਾਹੌਲ ਤਾੜੀਆਂ ਦੇ ਸ਼ੋਰ
ਨਾਲ ਗਰਜ ਉਠਿਆ। ਮਾਈਕ ਤੋਂ ਮੁੜ ਆਵਾਜ਼ ਆਈ; "ਮਾਣਯੋਗ ਸ਼ੀਲਾ ਸ਼ਰਮਾ ਜੀ ਨੂੰ
ਗੁਜ਼ਾਰਿਸ਼ ਕੀਤੀ ਜਾਂਦੀ ਹੈ ਕਿ ਮੇਹਰਬਾਨੀ ਕਰਕੇ ਆਪਣੇ ਇਸ ਪ੍ਰਾਪਤੀ ਦੇ ਸਫ਼ਰ ਬਾਰੇ
ਦੋ ਸ਼ਬਦ ਸਾਡੇ ਮਹਿਮਾਨਾਂ ਨਾਲ ਜ਼ਰੂਰ ਸਾਂਝੇ ਕਰਨ।"
ਮਿਲੇ ਸਨਮਾਨ ਨਾਲ
ਸ਼ੀਲਾ ਸ਼ਰਮਾ ਦੇ ਚਿਹਰੇ ਦੀ ਭਾਵੁਕਤਾ ਹੋਰ ਵੀ ਵੱਧ ਗਈ। ਉਸ ਦਾ ਸ਼ੋਖ਼ ਚਿਹਰਾ ਖਿੜ
ਉਠਿਆ ਸੀ। ਉਸ ਨੇ ਹਲਕਾ ਜਿਹਾ ਸਿਰ ਨਿਵਾਅ ਕੇ ਬੇਨਤੀ ਸਵੀਕਾਰ ਕੀਤੀ ਅਤੇ ਮਾਈਕ
ਕੋਲ ਜਾ ਖੜ੍ਹੀ। ਦੂਰ ਤੱਕ ਬੈਠੀ ਭੀੜ ਨੂੰ ਦੇਖਦੇ ਹੋਏ ਮਾਈਕ ਫ਼ੜ ਸਾਹਮਣੇ ਬੈਠੀ
ਜਨਤਾ ਨੂੰ ਸੰਬੋਧਿਤ ਕਰਨਾ ਸ਼ੁਰੂ ਕੀਤਾ, "....ਮੈਨੂੰ ਇਸ ਮਾਣ ਸਨਮਾਨ ਲਈ ਚੁਣਨ
ਵਾਸਤੇ ਆਪ ਸਭ ਦਾ ਤਹਿ ਦਿਲ ਤੋਂ ਧੰਨਵਾਦ! ਅੱਜ ਮੈਂ ਜੋ ਕੁਝ ਵੀ ਹਾਸਲ ਕੀਤਾ ਹੈ,
ਉਸ ਦੇ ਪਿੱਛੇ ਸਿਰਫ਼ ਦੁਆਵਾਂ ਤੇ ਆਸ਼ੀਰਵਾਦ ਹਨ, ਜੋ ਮੈਨੂੰ ਦੁਖੀ, ਮਜਬੂਰ, ਲਾਚਾਰ
ਅਤੇ ਅਵਾਜ਼ਾਰ ਲੋਕਾਂ ਤੋਂ ਨਸੀਬ ਹੋਏ, ਜੋ ਕਦੇ ਸੜਕਾਂ, ਗਲੀਆਂ 'ਚ ਪਏ ਲਾਚਾਰੀ,
ਜ਼ਲਾਲਤ ਅਤੇ ਮਾਯੂਸੀ ਭਰੀ ਜ਼ਿੰਦਗੀ ਜੀਅ ਰਹੇ ਸਨ। ਮੈਨੂੰ ਸਮਝ ਨਹੀ ਆਉਂਦੀ ਕਿ ਮੈਂ
ਆਪਣੇ ਇਸ ਸਫ਼ਰ ਦੀ ਗੱਲ ਕਿੱਥੋਂ ਸੁਰੂ ਕਰਾਂ!".....
ਇਹਨਾਂ ਸ਼ਬਦਾਂ ਦੇ
ਪ੍ਰਵਹਿਣ ਦੇ ਨਾਲ ਹੀ ਉਸ ਦੀ ਨਜ਼ਰ ਧੁੰਦਲੇ ਹੋਏ ਅਤੀਤ ਵਿਚ ਖੋਅ ਗਈ ਜਦੋਂ ਉਹ
ਰੋਟੀ, ਕੱਪੜੇ ਅਤੇ ਮਕਾਨ ਤੋਂ ਸੱਖਣੀ ਹੋਈ ਪਈ ਸੀ। ਕੁਝ ਤਿੱਖੇ ਬੋਲ ਉਸ ਦੇ ਸੀਨੇ
ਸੂਲਾਂ ਵਾਂਗ ਚੁਭਣ ਲੱਗੇ।
"ਜਦੋਂ ਮੇਰਾ ਪੁੱਤ ਹੀ ਨਹੀ ਰਿਹਾ, ਫੇਰ
ਤੇਰੇ ਨਾਲ ਸਾਡਾ ਕੀ ਰਿਸ਼ਤਾ? ਤੂੰ ਤਾਂ ਇਕ ਔਲਾਦ ਵੀ ਨਹੀ ਦੇ ਸਕੀ, ਚੱਲ ਦਫ਼ਾ ਹੋ,
ਨਿਕਲ ਏਥੋਂ!" ਕਹਿੰਦਿਆਂ ਸ਼ੀਲਾ ਦੀ ਸੱਸ ਨੇ ਗਰਜ਼ਦੇ ਹੋਏ ਜੋਰ ਦੀ ਧੱਕਾ ਮਾਰਿਆ।
ਉਸ ਦੀਆਂ ਅੱਖਾਂ ਵਿੱਚ ਜੁਆਲਾ ਮੁਖੀ ਬਲ ਰਹੀ ਸੀ। ਸ਼ੀਲਾ ਨੂੰ ਸੱਸ ਤੋਂ ਭੈਅ ਆਇਆ।
"ਨਹੀਂ ਮਾਂ ਜੀ, ਤੁਹਾਡੇ ਤੋਂ ਬਿਨਾ ਮੇਰਾ ਹੈ ਕੌਣ? ਇੰਜ ਨਾ ਕਰੋ, ਮੈਂ ਇਸ
ਘਰ ਵਿੱਚ ਨੌਕਰਾਣੀ ਬਣ ਕੇ ਗੁਜ਼ਾਰਾ ਕਰ ਲੂੰਗੀ, ਪਰ ਮੈਨੂੰ ਦੁਰਕਾਰ ਕੇ ਘਰੋਂ ਨਾ
ਕੱਢੋ, ਮੈਂ ਤੁਹਾਡੇ ਚਰਨ ਫ਼ੜਦੀ ਹਾਂ!" ਰੋਂਦੀ ਅਤੇ ਵਿਰਲਾਪ ਕਰਦੀ ਸ਼ੀਲਾ ਸੱਸ ਦੇ
ਪੈਰੀਂ ਡਿੱਗ ਪਈ। ਪਰ ਉਸ ਦੀ ਸੱਸ ਬੜੀ ਬੇਕਿਰਕੀ ਨਾਲ ਲੱਤ ਮਾਰ ਅੱਗੇ ਵਧ ਗਈ।
ਦੇਵਰ ਨੇ ਵਾਲਾਂ ਤੋਂ ਫੜ ਘਸੀਟਦੇ ਹੋਏ ਬੂਹੇ ਤੋਂ ਬਾਹਰ ਧੱਕ ਕੇ ਬੂਹਾ ਧਾੜ ਮਾਰ
ਕੇ ਬੰਦ ਕਰ ਲਿਆ। ਸਾਰੀ ਰਾਤ ਬੂਹੇ ਦੇ ਬਾਹਰ ਪਈ ਦੁਨੀਆਂ ਤੋਂ ਕੂਚ ਕਰ ਗਏ ਆਪਣੇ
ਪਤੀ ਦੀ ਮੌਤ ਦੇ ਨਾਲ-ਨਾਲ ਆਪਣੇ ਹਾਲਾਤ 'ਤੇ ਰੋਦੀਂ ਰਹੀ। ".....ਕੱਲ੍ਹ ਤੱਕ
ਮੇਰਾ ਹੱਕ ਸੀ ਇਹਨਾਂ 'ਤੇ, ਇੱਕ ਰਿਸ਼ਤਾ ਕੀ ਟੁੱਟਿਆ, ਸਾਰੇ ਹੱਕ ਖ਼ਤਮ ਹੋ ਗਏ।
ਕਾਸ਼ ਮੇਰੇ ਪੇਕਿਆਂ ਵਿੱਚ ਹੀ ਕੋਈ ਮੇਰੀ ਬਾਂਹ ਫ਼ੜਨ ਅਤੇ ਧਰਵਾਸ ਦੇਣ ਵਾਲਾ
ਹੁੰਦਾ! ਮਾਪਿਆਂ ਦੀ ਮੌਤ ਤੋਂ ਬਾਅਦ ਆਹੀ ਇੱਕ ਦਹਿਲੀਜ਼ ਸੀ ਮੇਰੀ...।" ਸ਼ੀਲਾ
ਸਾਰੇ ਪਾਸਿਓਂ ਬਹੁਤ ਹੀ ਬੇਵੱਸ ਤੇ ਇਕੱਲੀ ਹੋ ਗਈ ਸੀ। ਜਦ ਦਰਵਾਜਾ ਓਹਦੇ ਲਈ
ਅਗਲੇ ਦਿਨ ਵੀ ਨਹੀਂ ਖੁੱਲ੍ਹਿਆ ਤਾਂ ਉਹ ਭਾਰੀ ਕਦਮਾਂ ਨਾਲ ਠਾਠਾਂ ਮਾਰਦੀ ਦੁਨੀਆਂ
ਵਿੱਚ ਟੁਰ ਪਈ, ਸ਼ਾਇਦ ਆਪਣਾ ਆਪ ਖੋਣ ਲਈ....।
ਰਾਤ ਕਾਫ਼ੀ ਗਹਿਰੀ ਹੋ ਗਈ
ਸੀ। ਭੁੱਖ ਨਾਲ ਬੇਹਾਲ ਅਤੇ ਨਿਢਾਲ ਹੋਈ ਇੱਕ ਦੁਕਾਨ ਦੇ ਅੱਗੇ ਖੜ੍ਹ ਕੇ ਖਾਣ ਲਈ
ਕੁਝ ਮੰਗਿਆ ਅਤੇ ਉਸ ਦੇ ਹਾਲਾਤ ਨੂੰ ਦੇਖ ਕੇ ਦੁਕਾਨ ਵਾਲਾ ਸਾਰਾ ਮਾਜਰਾ ਪਲ ਵਿੱਚ
ਸਮਝ ਗਿਆ। ਉਸ ਨੇ ਸ਼ੀਲਾ ਨੂੰ ਇੰਤਜ਼ਾਰ ਕਰਨ ਲਈ ਕਿਹਾ। ਦੁਕਾਨ ਦਾ ਸ਼ਟਰ ਅੰਦਰੋਂ
ਬੰਦ ਕਰ ਕੇ, ਦੁਕਾਨਦਾਰ ਨੇ ਸ਼ੀਲਾ ਨੂੰ ਕੁਝ ਖਾਣਾ ਫ਼ੜਾਉਂਦੇ ਹੋਏ ਅਜੀਬ ਸ਼ਬਦ
ਬੋਲੇ, "ਮੁਫ਼ਤ ਵਿੱਚ ਤਾਂ ਕਿਸੇ ਨੂੰ ਕੁਝ ਨਹੀਂ ਮਿਲਦਾ, ਤੈਨੂੰ ਵੀ ਇਸ ਦੀ ਕੀਮਤ
ਚੁਕਾਉਣੀ ਪੈਣੀ ਹੈ।" ਭੁੱਖ ਨਾਲ ਬੇਹਾਲ ਸ਼ੀਲਾ ਨੂੰ ਕੋਈ ਜਵਾਬ ਨਹੀਂ ਸੁੱਝਿਆ।
ਪੇਟ ਦੀ ਭੁੱਖ ਮਿਟਾਉਣ ਲਈ ਦਿੱਤਾ ਸਮਾਨ ਛੇਤੀ ਨਾਲ ਖਾ ਲਿਆ ਅਤੇ ਸੁਆਲੀਆ ਨਜ਼ਰਾਂ
ਨਾਲ ਦੁਕਾਨਦਾਰ ਵੱਲ ਵੇਖਿਆ, "ਹੁਣ ਕੀ ਕਰਨਾ ਪਊ?" "ਐਨੀ ਵੀ ਭੋਲੀ ਨਹੀਂ
ਲੱਗਦੀ ਤੂੰ....!" ਉਸ ਨੇ ਭੁੱਖੀਆਂ ਜਿਹੀਆਂ ਨਜ਼ਰਾਂ ਨਾਲ ਸ਼ੀਲਾ ਵੱਲ ਦੇਖਿਆ। ਪਰ
ਸ਼ੀਲਾ ਦੁੱਖ ਅਤੇ ਭੁੱਖ ਨਾਲ ਤਕਰੀਬਨ ਬੇਸੁੱਧ ਜਿਹੀ ਸੀ। ਉਸ ਦਾ ਦਿਮਾਗ ਸੁੰਨ,
ਅੱਖਾਂ ਪੱਥਰਾਈਆਂ ਅਤੇ ਕੰਨ ਬੋਲੇ ਹੋਏ ਪਏ ਸਨ। ....ਤਿੰਨ ਘੰਟੇ ਬਾਅਦ ਹਵਸੀ
ਦੁਕਾਨਦਾਰ ਨੇ ਸ਼ਟਰ ਖੋਲ੍ਹ ਸ਼ੀਲਾ ਨੂੰ ਬਾਹਰ ਕੱਢ ਦਿੱਤਾ।....
ਪਹਿਲੀ
ਵਾਰ ਉਸ ਨੇ ਮਹਿਸੂਸ ਕੀਤਾ ਕਿ ਔਰਤ ਦੇ ਪੇਟ ਦੀ ਭੁੱਖ ਨਾਲੋਂ ਮਰਦ ਦੀ ਹਵਸ ਦੀ
ਭੁੱਖ ਜ਼ਿਆਦਾ ਖ਼ਤਰਨਾਕ ਅਤੇ ਘਾਤਕ ਹੈ। ਰਾਤ ਤਾਂ ਗੁਜ਼ਰ ਗਈ, ਪਰ ਅਗਲੇ ਦਿਨ ਭੁੱਖਾ
ਪੇਟ ਫ਼ਿਰ ਪਿੱਟਣ ਲੱਗ ਪਿਆ। ਉਹ ਭੁੱਖੀ ਪਿਆਸੀ ਬੇਵੱਸ ਹੋ ਰੇਲਵੇ ਦੇ ਗੇਟ ਕੋਲ
ਬੈਠ ਗਈ ਅਤੇ ਲਾਚਾਰੀ ਵੱਸ ਹੱਥ ਫ਼ੈਲਾਅ ਦਿੱਤੇ। ਪਰ ਲੋਕ ਅਣਗੌਲੀ ਕਰਦੇ, ਬਿਨਾ
ਦੇਖੇ ਅੱਗੇ ਨਿਕਲ ਜਾਂਦੇ। ਹਜ਼ਾਰਾਂ ਲੋਕ ਆਉਂਦੇ ਜਾਂਦੇ ਰਹੇ, ਪਰ ਓਹ ਭੀੜ ਦਾ
ਹਿੱਸਾ ਨਾ ਬਣ ਸਕੀ, ਓਥੇ ਹੀ ਬੈਠੀ ਰਹੀ। ਕੂਕਾਂ ਮਾਰਦੀ ਰਾਤ ਸਿਰ 'ਤੇ ਚੜ੍ਹਦੀ ਆ
ਰਹੀ ਸੀ ਅਤੇ ਓਹ ਭੁੱਖ ਅਤੇ ਬੇਵਸੀ ਦੀ ਮਾਰ ਨਾਲ ਬੇਹਾਲ ਸੀ। ਚਿੱਟੇ ਵਾਲਾਂ ਵਾਲਾ
ਇੱਕ ਆਦਮੀ ਕੋਲ ਆਇਆ ਅਤੇ ਅਸ਼ਲੀਲ ਜਿਹੇ ਇਸ਼ਾਰੇ ਨਾਲ ਟੁਰਨ ਲਈ ਕਿਹਾ। ਮਜਬੂਰ ਸ਼ੀਲਾ
ਕੁਝ ਸਮਝੀ ਅਤੇ ਕੁਝ ਨਹੀਂ ਸਮਝੀ, ਪਰ ਕੱਠਪੁਤਲੀ ਵਾਂਗ ਪਿੱਛੇ ਟੁਰ ਪਈ। ਇੱਕ
ਛੋਟੇ ਜਿਹੇ ਕਮਰੇ ਵਿੱਚ ਲਿਜਾ ਕੇ ਉਸ ਨੂੰ ਖਾਣਾ ਦਿੱਤਾ, ਜਿਸ ਦਾ ਇੰਤਜ਼ਾਮ ਉਹ
ਬੰਦਾ ਸ਼ਾਇਦ ਪਹਿਲਾਂ ਹੀ ਕਰ ਚੁੱਕਿਆ ਸੀ। ਸ਼ੀਲਾ ਦੀ ਭੁੱਖ ਮਿਟਾ ਉਸ ਆਦਮੀ ਨੇ
ਆਪਣੀ ਹਵਸ ਪੂਰੀ ਕੀਤੀ ਅਤੇ ਸਵੇਰ ਹੋਣ ਤੋਂ ਪਹਿਲਾਂ ਬਾਹਰ ਕੱਢ ਦਿੱਤਾ।
ਤੁਰਦੀ ਖਪਦੀ ਨੇ ਇੱਕ ਰੁੱਖ ਥੱਲੇ ਤਪਦੀ ਦੁਪਹਿਰ ਕੱਟੀ। ਢਿੱਡ ਦੀ ਅੱਗ ਸ਼ਾਂਤ ਕਰਨ
ਲਈ ਸਿਰਫ਼ ਪਾਣੀ ਪੀਤਾ। ਅਗਲੀ ਸਵੇਰ ਤੱਕ ਆਂਦਰਾਂ ਭੁੱਖ ਕਾਰਨ ਭੁੱਜ ਗਈਆਂ
ਜਾਪਦੀਆਂ ਸਨ। ਹਿੰਮਤ ਕਰ ਸੱਜੇ-ਖੱਬੇ ਆਪਣੇ ਆਪ ਨੂੰ ਇਕੱਠਾ ਕਰ ਕੇ ਉਠੀ, ਪਰ ਕੋਈ
ਰਾਹ ਨਹੀਂ ਲੱਭ ਰਿਹਾ ਸੀ। ਨਿਢਾਲ ਹੋਏ ਸਰੀਰ ਨੇ ਸਾਥ ਨਾ ਦਿੱਤਾ। ਭੁੱਖਣ-ਭਾਣੇ
ਉਹ "ਧੜ੍ਹੰਮ" ਕਰ ਕੇ ਡਿੱਗੀ ਅਤੇ ਸੁਰਤ ਜਿਹੀ ਪਰਤਣ 'ਤੇ ਮੁੜ ਉਠ ਕੇ ਮੰਗਣ ਬੈਠ
ਗਈ। ਇੱਕ ਵਡੇਰੀ ਉਮਰ ਦੇ ਬਾਬੇ ਨੇ ਆ ਕੇ ਰੋਟੀਆਂ ਨਾਲ ਕੁਝ ਅਚਾਰ ਸ਼ੀਲਾ ਦੇ ਹੱਥ
'ਤੇ ਰੱਖਿਆ ਅਤੇ ਨਾਲ ਹੀ ਕੰਨ ਵਿੱਚ ਕੋਈ ਸਲਾਹ ਦਿੱਤੀ, "ਕੁਝ ਕੰਮ-ਵੰਮ ਕਿਉਂ
ਨਹੀ ਕਰਦੀ, ਜਵਾਨ ਜਹਾਨ ਹੈਂ। ਇੰਜ ਮੰਗ ਕੇ ਖਾਣਾਂ ਸ਼ੋਭਾ ਨਹੀ ਦਿੰਦਾ!" ਉਹ ਰੱਬ
ਦੀ ਬੰਦੀ ਕੀ ਉਤਰ ਦਿੰਦੀ? ਵੈਸੇ ਉਹ ਭਲੀਮਾਣਸ ਕਹਿਣਾ ਚਾਹੁੰਦੀ ਸੀ ਕਿ ਮੰਗਣਾ
ਤਾਂ ਮੈਨੂੰ ਵੀ ਚੰਗਾ ਨਹੀਂ ਲੱਗਦਾ, ਬਾਬਾ!
ਇੱਕ ਨਵੀਂ ਸਵੇਰ ਦੇ ਨਾਲ
ਕੁਝ ਆਸ਼ਾਵਾਂ ਲੈ ਕੇ ਇੱਕ ਰੈਸਟੋਰੈਂਟ ਵਿੱਚ ਗਈ ਅਤੇ ਭਾਂਡੇ ਮਾਂਜਣ ਅਤੇ ਸਫ਼ਾਈ
ਕਰਨ ਦਾ ਕੰਮ ਮੰਗਣ ਲੱਗੀ। ਰੈਸਟੋਰੈਂਟ ਦੇ ਮਾਲਕ ਭੱਲੇ ਅੱਗੇ ਬਹੁਤ ਗੁਹਾਰ ਲਾਈ,
ਭੁੱਖ ਅਤੇ ਬੇਵਸੀ ਦਾ ਵਾਸਤਾ ਦੇਣ ਤੋਂ ਬਾਅਦ ਇੱਕ ਦਿਨ ਦਾ ਕੰਮ ਦੇ ਦਿੱਤਾ।
ਰੈਸਟੋਰੈਂਟ ਬੰਦ ਕਰਦੇ ਹੋਏ ਭੱਲੇ ਨੇ ਸ਼ੀਲਾ ਨੂੰ ਘਰ ਜਾਣ ਲਈ ਕਿਹਾ। ਪਰ ਸ਼ੀਲਾ ਨੇ
ਬੱਸ ਇਤਨਾ ਹੀ ਕਿਹਾ, "ਮੇਰਾ ਕੋਈ ਘਰ ਬਾਰ ਨੀ ਸਰਦਾਰਾ!" ਬੱਸ ਫ਼ਿਰ ਕੀ ਸੀ?
ਰੈਸਟੋਰੈਂਟ ਦਾ ਦਰਵਾਜਾ ਅੰਦਰੋਂ ਬੰਦ ਹੋ ਗਿਆ। ਸ਼ੀਲਾ ਨੂੰ ਭਾਂਡੇ ਅਤੇ ਸਫ਼ਾਈ ਦਾ
ਕੰਮ ਮਿਲ ਗਿਆ, ਪਰ ਭੱਲੇ ਦੀ ਜਰੂਰਤ ਮੁਤਾਬਿਕ ਦਰਵਾਜ਼ਾ ਅੰਦਰੋਂ ਬੰਦ ਹੁੰਦਾ
ਰਹਿੰਦਾ ਸੀ। ਆਹ ਸਿਲਸਿਲਾ ਨਿਰੰਤਰ ਚੱਲ ਨਿਕਲਿਆ ਅਤੇ ਸ਼ੀਲਾ ਨੂੰ ਜ਼ਿੰਦਗੀ ਵਿੱਚ
ਕੁਝ ਆਸ਼ਾ ਨਜ਼ਰ ਆਉਣ ਲੱਗ ਪਈ। ਖਾਣਾਂ ਉਹ ਉਥੋਂ ਹੀ ਖਾ ਲੈਂਦੀ ਸੀ, ਮਿਲੇ ਪੈਸਿਆਂ
ਨਾਲ ਕਿਰਾਏ ਦੇ ਘਰ ਦਾ ਇੰਤਜ਼ਾਮ ਕਰ ਲਿਆ। ਇਸ ਤਰਾਂ ਉਹ ਆਪਣੇ ਸਿਰ ਦੀ ਛੱਤ ਬਣਾਉਣ
ਵਿੱਚ ਕਾਮਯਾਬ ਹੋ ਗਈ ਅਤੇ ਕਿਰਾਏ 'ਤੇ ਇੱਕ ਘਰ ਲੈ ਲਿਆ।....
"ਬੇਟਾ
ਕੁਝ ਖਾਣ ਲਈ ਦੇਹ, ਕਿੰਨੇ ਦਿਨਾਂ ਤੋਂ ਭੁੱਖਾ ਹਾਂ!" ਇੰਨਾ ਕਹਿ ਕੇ ਇੱਕ ਬਜ਼ੁਰਗ
ਨੇ ਸ਼ੀਲਾ ਦਾ ਹੱਥ ਫੜ ਲਿਆ। ਇੱਕ ਪਲ ਨੂੰ ਸ਼ੀਲਾ ਸਹਿਮ ਗਈ। ਪਰ ਆਪਣੇ ਪੇਟ ਦੀ
ਭੁੱਖ ਯਾਦ ਕਰ ਕੇ ਬਿਨਾ ਕੁਝ ਬੋਲੇ ਹੀ ਉਸ ਬਜ਼ੁਰਗ ਦੀ ਬਾਂਹ ਫ਼ੜ ਲਈ ਅਤੇ ਆਪਣੇ ਘਰ
ਵੱਲ ਟੁਰ ਪਈ।
"ਆਹ ਲਓ ਬਾਬਾ ਜੀ, ਅਰਾਮ ਨਾਲ ਪੇਟ ਭਰ ਕੇ ਖਾਓ, ਅਰਾਮ
ਕਰੋ, ਸਵੇਰੇ ਚਲੇ ਜਾਇਓ!" ਸ਼ੀਲਾ ਨੇ ਪਿਤਾ ਵਰਗਾ ਸਨਮਾਨ ਦਿੰਦਿਆਂ ਕਿਹਾ। ਬਜ਼ੁਰਗ
ਨੇ ਕੰਬਦੇ ਹੋਏ ਕਿਹਾ, "ਬੇਟੀ, ਮੇਰਾ ਤੇ ਕੋਈ ਘਰ ਨਹੀਂ ਹੈ, ਜਿੱਥੇ ਅੱਖ ਲੱਗ
ਜਾਏ, ਸੌਂ ਜਾਂਦਾ ਹਾਂ।" ਬਿਨਾ ਇੱਕ ਪਲ ਸੋਚੇ ਸ਼ੀਲਾ ਬੋਲ ਪਈ, "ਜਦ ਬੇਟੀ ਕਹਿ
ਦਿੱਤਾ, ਫੇਰ ਅੱਜ ਤੋਂ ਇਹ ਘਰ ਤੁਹਾਡਾ ਹੀ ਹੈ।" ਬਜ਼ੁਰਗ ਬਾਬਾ ਸ਼ੀਲਾ ਨੂੰ ਕਲੇਜੇ
ਨਾਲ ਲਗਾ ਜਾਰੋ-ਜਾਰ ਰੋ ਰਿਹਾ ਸੀ, "ਵਾਹ ਮੇਰੇ ਮਾਲਕਾ! ਤੂੰ ਬੇਅੰਤ ਹੈਂ! ਕਿੱਥੇ
ਤਾਂ ਕੁਝ ਵੀ ਨਹੀਂ ਸੀ, ਤੇ ਅੱਜ ਧੀ ਦੇ ਨਾਲ ਘਰ ਵੀ ਦੇ ਦਿੱਤਾ?" ਉਸ ਨੂੰ ਸ਼ੀਲਾ
ਰੱਬ ਦਾ ਰੂਪ ਹੀ ਤਾਂ ਲੱਗ ਰਹੀ ਸੀ।
ਅਜੇ ਵੀਹ ਕੁ ਦਿਨ ਗੁਜ਼ਰੇ ਸਨ ਕਿ
ਸ਼ੀਲਾ ਨੇ ਨਿਰਬਲ ਹਾਲਤ ਵਾਲੀ ਇੱਕ ਬਿਰਧ ਔਰਤ ਨੂੰ ਘਰ ਲਿਆ ਕੇ ਬਜ਼ੁਰਗ ਨੂੰ ਅਵਾਜ਼
ਮਾਰੀ, "ਦੇਖੋ ਮੈਂ ਤੁਹਾਡੇ ਲਈ ਇੱਕ ਜੀਅ ਲੈ ਕੇ ਆਈਂ ਹਾਂ, ਬਾਪੂ ਜੀ। ਸਾਰਾ ਦਿਨ
ਇਕੱਲੇ ਪਏ ਰਹਿੰਦੇ ਹੋ, ਇਹਦੇ ਨਾਲ ਤੁਹਾਡਾ ਵੀ ਜੀਅ ਲੱਗ ਜਾਊਗਾ।"
"ਤੂੰ
ਮੇਰੀ ਬਾਹਲੀ ਫ਼ਿਕਰ ਕਰਦੀ ਹੈਂ ਕੁੜ੍ਹੇ। ਇਹਨੂੰ ਕਿੱਥੋਂ ਲੈ ਆਈ?"
"ਇਹ
ਵੀ ਆਪਣੇ ਵਾਂਗੂੰ ਰੋਟੀ ਦੀ ਭਾਲ ਵਿੱਚ ਦਰ-ਦਰ ਭਟਕਦੀ ਫ਼ਿਰਦੀ ਸੀ, ਮੈਨੂੰ ਤੁਹਾਡਾ
ਖਿਆਲ ਆਇਆ ਤੇ ਨਾਲ ਲੈ ਆਈ। ਇਹਨੂੰ ਸੁਣਦਾ ਨੀ ਵਿਚਾਰੀ ਨੂੰ, ਬੋਲ਼ੀ ਹੈ!" ਸ਼ੀਲਾ
ਨੇ ਕਿਹਾ। ਫੇਰ ਕੁਝ ਰੁਕ ਕੇ ਬੋਲੀ, "ਜਦ ਇਸ ਦਾ ਕੋਈ ਹੋਰ ਚੱਜ ਦਾ ਇੰਤਜ਼ਾਮ
ਹੋਜੂ, ਫ਼ੇਰ ਦੇਖਾਂਗੇ।" ਉਹ ਹਰ ਇੱਕ ਨੂੰ ਇਤਨਾ ਪਿਆਰ ਦਿੰਦੀ ਸੀ ਕਿ ਬੰਦੇ ਨੂੰ
ਛੱਡ ਕੇ ਜਾਣਾ ਤਾਂ ਕੀ, ਇੱਕ ਪੈਰ ਅੱਗੇ ਪੁੱਟਣਾ ਵੀ ਔਖਾ ਹੋ ਜਾਂਦਾ।
"ਤੇਰੇ ਘਰ ਨਾਲੋਂ ਹੋਰ ਵਧੀਆ ਇਹਦਾ ਇੰਤਜਾਮ ਕਿੱਥੇ ਹੋਊ?" ਬਜੁਰਗ ਬੋਲਿਆ।
ਸ਼ੀਲਾ ਦਾ ਇੱਕ ਸਫ਼ਰ ਸ਼ੁਰੂ ਹੋ ਗਿਆ। ਉਹ ਕੰਮ ਕਾਰ ਕਰਦੀ। ਅਗਰ ਕਿਸੇ ਲੋੜਵੰਦ
ਦਾ ਆਪਣਾ ਕੋਈ ਟਿਕਾਣਾ ਹੁੰਦਾ, ਉਸ ਨੂੰ ਓਥੇ ਹੀ ਖਾਣ ਨੂੰ ਦੇ ਆਉਂਦੀ। ਪਰੰਤੂ
ਬੇਘਰ, ਬੇਸਹਾਰਿਆਂ ਨੂੰ ਘਰ ਲੈ ਆਉਦੀਂ। ਹੁਣ ਉਸ ਦੇ ਘਰ ਵਿੱਚ ਪੰਜ ਜੀਅ ਹੋ ਗਏ
ਸਨ। ਰੈਸਟੋਰੈਂਟ ਵਿੱਚ ਰੋਜ਼ ਖਾਣਾ ਬਚ ਜਾਂਦਾ, ਜੋ ਕਿ ਕੂੜੇ ਵਿੱਚ ਹੀ ਸੁੱਟਿਆ
ਜਾਂਦਾ ਸੀ। ਭੱਲੇ ਦੀ ਇਜਾਜ਼ਤ ਨਾਲ ਸ਼ੀਲਾ ਉਹ ਖਾਣਾ ਆਪਣੇ ਘਰ ਲੈ ਆਉਂਦੀ। ਇਸ ਤਰਾਂ
ਸਾਰੇ ਜੀਅ ਪਲ ਰਹੇ ਸਨ। ਰੈਸਟੋਰੈਂਟ ਦੇ ਮਾਲਕ ਭੱਲੇ ਦਾ ਲਾਲਚ ਸ਼ਾਇਦ ਹੋਰ ਵਧ
ਰਿਹਾ ਸੀ। ਇੱਕ ਰਾਤ ਜਦੋਂ ਸਭ ਕਰਮਚਾਰੀ ਕੰਮ ਖ਼ਤਮ ਕਰ ਘਰ ਚਲੇ ਗਏ ਤਾਂ ਧੀਰੇ
ਜਿਹੇ ਸ਼ੀਲਾ ਦੇ ਲੱਕ ਤੋਂ ਹੱਥ ਪਾ ਕੇ ਆਪਣੇ ਨਾਲ ਲਾ, ਕੰਨ ਵਿੱਚ ਬੋਲਿਆ, "ਦੇਖ
ਸ਼ੀਲਾ! ਮੈਂ ਤੈਨੂੰ ਇੱਕ ਦਿਨ ਦਾ ਕੰਮ ਦੇਣ ਬਾਰੇ ਸੋਚਿਆ ਸੀ, ਪਰ ਤੂੰ ਲੰਬੀ ਟਿਕ
ਗਈ ਅਤੇ ਆਪਣੀ ਚੰਗੀ ਨਿੱਭ ਵੀ ਗਈ ਤੇ ਹੁਣ....!" ਉਸ ਨੇ ਤਿਰਛੀ ਅਤੇ ਸ਼ੈਤਾਨ ਨਜ਼ਰ
ਨਾਲ ਸ਼ੀਲਾ ਵੱਲ ਤੱਕਿਆ, ".....ਦੇਖ਼! ਤੇਰੀ-ਮੇਰੀ ਭੁੱਖ ਜ਼ਰੂਰ ਵੱਖ ਹੈ, ਪਰ ਹੁਣ
ਤੂੰ ਆਪਣੀ ਭੁੱਖ ਅਤੇ ਜ਼ਰੂਰਤ ਵਾਸਤੇ ਕੋਈ ਹੋਰ ਦਰਵਾਜਾ ਲੱਭ!" ਆਖ ਕੇ ਉਹ ਕਟਾਰ
ਨਜ਼ਰ ਸ਼ੀਲਾ 'ਤੇ ਗੱਡ ਆਪਣੀ ਅਗਲੀ ਚਾਲ ਦਾ ਜਿਵੇਂ ਇੰਤਜ਼ਾਰ ਕਰਨ ਲੱਗ ਪਿਆ।
"ਨਹੀ ਸਰ, ਮੈਂ ਕਿੱਥੇ ਜਾਊਂਗੀ? ਰਾਸ਼ਨ, ਬਿੱਲ, ਘਰ ਦਾ ਕਿਰਾਇਆ ਸਭ ਕਿੱਥੋਂ
ਆਊਗਾ? ਤੁਹਾਨੂੰ ਪਤਾ ਹੈ ਮੇਰਾ ਸਾਰਾ ਪਰਿਵਾਰ ਮੇਰੇ 'ਤੇ ਨਿਰਭਰ ਹੈ।"
".............।" ਭੱਲਾ ਚੁੱਪ ਰਿਹਾ। ਸ਼ੀਲਾ ਸੋਚ ਵਿੱਚ ਪੈ ਗਈ। .....ਘਰ ਬੈਠਾ
ਮੇਰਾ ਪਰਿਵਾਰ ਕਿੱਥੋਂ ਖਾਊਗਾ...? ਜਿਹਨਾਂ ਜੀਆਂ ਨੂੰ ਆਪਣਾ ਧਰਵਾਸ ਅਤੇ ਆਸਰਾ
ਦੇ ਕੇ ਘਰ ਲੈ ਆਈ, ਉਹਨਾਂ ਦਾ ਕੀ ਬਣੂੰ....? ਕਿਸੇ ਨੂੰ ਆਸਰਾ ਦੇ ਕੇ ਧੱਕਣਾ
ਤਾਂ ਬਹੁਤ ਵੱਡਾ ਪਾਪ ਅਤੇ ਬੱਜਰ ਗੁਨਾਂਹ ਹੈ....। ਉਹਨਾਂ ਜੀਆਂ ਦਾ ਖ਼ਿਆਲ ਕਰਕੇ
ਸ਼ੀਲਾ ਕੰਬ ਗਈ। "ਇਹ ਮੇਰੀ ਪਰੌਬਲਮ ਨਹੀ ਹੈ।" ਭੱਲੇ ਨੇ ਬੇਰੁਖੀ
ਦਿਖਾਉਂਦਿਆਂ ਅੱਖਾਂ ਚਾੜ੍ਹ ਕੇ ਕਿਹਾ। ਜਦ ਸ਼ੀਲਾ ਲਗਾਤਾਰ ਰੋਂਦੀ ਕੁਰਲਾਉਂਦੀ
ਅਤੇ ਵਾਸਤੇ ਪਾਉਂਦੀ ਰਹੀ ਤਾਂ ਆਪਣੀ ਦੁਸ਼ਟ ਯੋਜਨਾ ਨੂੰ ਕਾਮਯਾਬੀ ਦਾ ਜਾਮਾਂ
ਪਹਿਨਾਉਣ ਲਈ ਖੁਸ਼ਕ ਜਿਹਾ ਮੁਸਕੁਰਾਉਂਦੇ ਹੋਏ ਬੋਲਿਆ, "ਮੈਂ ਤੇਰੇ ਸਭ ਖਰਚਿਆਂ ਦਾ
ਪ੍ਰਬੰਧ ਕਰ ਸਕਦਾਂ ਹਾਂ, ਪਰ ਤੈਨੂੰ ਇੱਕ ਦਹਿਲੀਜ਼ ਹੋਰ ਟੱਪਣੀ ਪੈਣੀ ਹੈ!" ਸ਼ੀਲਾ
ਦੇ ਮੱਥੇ 'ਤੇ ਕਈ ਤਰਾਂ ਦੇ ਸਵਾਲਾਂ ਦੀਆਂ ਛਵੀਆਂ ਉਭਰ ਆਈਆਂ। ਪਰ ਕੁਝ ਨਹੀਂ ਬੋਲ
ਸਕੀ। ਬੱਸ, ਪ੍ਰਸ਼ਨ ਭਰੀਆਂ ਅੱਖਾਂ ਨਾਲ ਅਵਾਕ ਦੇਖਦੀ ਰਹੀ।
"ਤੇਰੇ ਲਈ
ਮੈਂ ਅਮੀਰ ਜ਼ਰੂਰਤਮੰਦ ਲੱਭ ਦਿਆ ਕਰੂੰਗਾ। ਮੇਰੇ ਕਮਿਸ਼ਨ ਤੋਂ ਬਾਅਦ ਬਾਕੀ ਦਾ ਸਭ
ਤੇਰਾ, ਮਨਜ਼ੂਰ ਹੈ ਤਾਂ ਬੋਲ? ਤੇਰੇ ਪ੍ਰੀਵਾਰ ਦੇ ਸਾਰੇ ਧੋਣੇ ਧੋਤੇ ਜਾਣਗੇ!"
ਸ਼ੀਲਾ ਨੂੰ ਆਪਣੀ ਪਿਛਲੀ ਜ਼ਿੰਦਗੀ ਯਾਦ ਆ ਗਈ; ਜਵਾਨ ਔਰਤ ਨੂੰ ਮਰਦਾਂ ਦੀ ਦੁਨੀਆਂ
ਵਿੱਚ "ਕੰਮ" ਆਸਾਨੀ ਨਾਲ ਨਹੀਂ, ਬਲਕਿ "ਉਹਨਾਂ ਦੇ ਕੰਮ" ਦੀ "ਜ਼ਰੂਰਤ" ਕਾਰਨ ਹੀ
ਮਿਲ ਸਕਦਾ ਹੈ। ਨਾਲ ਹੀ ਸ਼ੀਲਾ ਨੂੰ ਘਰ ਬੈਠੀਆਂ ਉਹਨਾਂ ਬੇਸਹਾਰਾ ਅਤੇ ਉਸ ਉਪਰ ਆਸ
ਲਾਈ ਬੈਠੀਆਂ ਲੋੜਵੰਦ ਜਿੰਦਾਂ ਦਾ ਖ਼ਿਆਲ ਆ ਗਿਆ, ਜੋ ਸ਼ੀਲਾ ਵਿੱਚ ਆਪਣਾ ਸਹਾਰਾ,
ਆਪਣਾ ਭਵਿੱਖ ਅਤੇ ਆਪਣਾ ਰੱਬ ਲੱਭਦੇ ਸਨ। ਦਰ-ਦਰ ਭਟਕਣ ਨਾਲੋਂ ਏਹੀ ਸਹਾਰਾ ਸਭ
ਸਹਾਰਿਆਂ ਦਾ "ਹੱਲ" ਜਾਪਿਆ। ਘਰ ਬੈਠੇ ਲਾਵਾਰਿਸ ਜੀਆਂ ਦੀ ਵਾਰਿਸ ਬਣੀ ਸ਼ੀਲਾ
ਉਹਨਾਂ ਜੀਆਂ ਲਈ ਕੋਈ ਵੀ ਕੰਮ ਕਰਨ ਲਈ ਰਾਜ਼ੀ ਸੀ। ਪੁੰਨ ਜਾਂ ਪਾਪ ਨਾਲ ਉਸ ਨੂੰ
ਕੋਈ ਮਤਲਬ ਨਹੀਂ ਸੀ, ਉਹ ਤਾਂ ਸਿਰਫ਼ ਢਾਲ ਬਣ ਕੇ ਉਹਨਾਂ ਨੂੰ ਨਿਆਸਰੇ ਨਹੀਂ ਕਰ
ਸਕਦੀ ਸੀ। ਆਸ ਦਾ ਪੱਲਾ ਫ਼ੜਾ ਕੇ ਨਿਰਾਸ਼ਾ ਦੇ ਖੂਹ ਵਿੱਚ ਨਹੀਂ ਸੁੱਟ ਸਕਦੀ ਸੀ।
ਸ਼ੀਲਾ ਦੀ ਖ਼ਾਮੋਸ਼ੀ ਨੂੰ "ਸਹਿਮਤੀ" ਮੰਨ ਕੇ ਭੱਲਾ ਬੋਲਿਆ, "ਕੱਲ੍ਹ ਤੋਂ ਜ਼ਰਾ ਚੰਗੇ
ਕੱਪੜੇ ਪਾ ਕੇ, ਨਿੱਖਰ ਤਿੱਖਰ ਕੇ ਆਈਂ, ਤੇਰੀ ਨੌਕਰੀ ਪੱਕੀ!"
"ਰੱਜੇ
ਪੇਟ ਦੀ ਭੁੱਖ" ਬਾਰੇ ਸੋਚਦੇ ਹੋਏ ਸ਼ੀਲਾ ਭਾਰੀ ਕਦਮਾਂ ਨਾਲ ਘਰ ਵੱਲ ਟੁਰ ਪਈ। ਘਰ
ਦੀ ਦਹਿਲੀਜ਼ 'ਚ ਕਦਮ ਰੱਖਦਿਆਂ ਹੀ ਆਪਣੇ ਸਾਰੇ ਦਰਦ ਭੁੱਲ ਗਈ। ਉਸ ਨੇ ਆਪਣੇ
ਇਕੱਲੇ-ਇਕੱਲੇ ਜੀਅ ਨੂੰ ਗਲਵਕੜੀ ਵਿੱਚ ਲਿਆ ਅਤੇ ਜੋਰ ਦੀ ਘੁੱਟਿਆ। ਬਜ਼ੁਰਗ
ਹੱਡੀਆਂ ਦਾ ਅਨੁਭਵੀ ਨਿੱਘ ਉਸ ਅੰਦਰ ਕਿਸੇ ਹੌਂਸਲੇ ਅਤੇ ਨਵੇਂ ਨਰੋਏ ਖ਼ੂਨ ਦਾ
ਸੰਚਾਰ ਕਰ ਦਿੰਦਾ।
"ਅੱਜ ਅਸੀਂ ਕਿਸੇ ਨੇ ਰੋਟੀ ਨਹੀਂ ਖਾਧੀ, ਤੇਰਾ
ਇੰਤਜਾਰ ਕਰ ਰਹੇ ਸੀ, ਹੁਣ ਜਲਦੀ ਕਰ, ਬਹੁਤ ਭੁੱਖ ਲੱਗੀ ਹੈ।" ਬਜ਼ੁਰਗ ਬੋਲਿਆ।
ਸ਼ੀਲਾ ਜਲਦੀ ਨਾਲ ਰੋਟੀ ਪਾਉਣ ਲੱਗ ਪਈ। ਉਸ ਨੂੰ ਪਤਾ ਸੀ ਕਿ ਹਫ਼ਤੇ ਦੇ ਕੁਝ ਦਿਨ
ਇਹ ਸਾਰੇ ਉਸ ਦੀ ਉਡੀਕ ਵਿੱਚ ਭੁੱਖੇ ਹੀ ਬੈਠੇ ਰਹਿੰਦੇ ਸਨ। ਉਸ ਉਪਰ ਆਪਣਾ ਹੱਕ
ਜਿਹਾ ਜਤਾਉਣ ਲਈ! ਰਿਸ਼ਤਿਆਂ ਦਾ ਕਿਹੜਾ ਕੋਈ ਅਕਸ ਜਾਂ ਸ਼ਕਲ ਹੁੰਦੀ ਹੈ...? ਸੋਚ
ਕੇ ਉਸ ਨੇ ਇੱਕ ਠੰਢਾ ਜਿਹਾ ਸਾਹ ਭਰ ਕੇ ਸਕੂਨ ਜਿਹਾ ਮਹਿਸੂਸ ਕੀਤਾ।
"ਧੀਏ, ਜਦ ਤੇਰਾ ਵਿਆਹ ਹੋ ਗਿਆ, ਫ਼ੇਰ ਅਸੀਂ ਕਿੱਧਰ ਜਾਵਾਂਗੇ?" ਰੋਟੀ ਖਾਂਦਾ ਇੱਕ
ਬਜੁਰਗ ਭਾਵੁਕ ਹੋ ਗਿਆ।
"ਆਪ ਦੇ ਮਤਲਬ ਲਈ ਅਗਲੀ ਦਾ ਬੁਰਾ ਨਹੀਂ ਤੱਕੀਦਾ
ਹੁੰਦਾ ਕਮਲਿਆ।" ਦੂਜੇ ਬਜ਼ੁਰਗ ਨੇ ਇੱਕ ਤਰਾਂ ਨਾਲ ਫ਼ਿਟਕਾਰ ਪਾਈ ਤਾਂ ਇੱਕ ਚੁੱਪ
ਵਰਤ ਗਈ।
"ਮੈਂ ਵਿਆਹ ਕਾਸ ਦੇ ਵਾਸਤੇ ਕਰਵਾਉਣਾ? ਤੁਸੀਂ ਸਾਰਾ ਪ੍ਰੀਵਾਰ
ਮੇਰਾ ਹੀ ਤਾਂ ਹੋ! ਦੇਖਿਆ ਨਹੀਂ? ਹਰ ਹਫ਼ਤੇ ਆਪਣੇ ਘਰ ਕੋਈ ਨਾ ਕੋਈ ਨਵਾਂ ਜੀਅ ਆ
ਭਰਤੀ ਹੋ ਜਾਂਦੈ, ਤੇ ਆਪਣਾ ਪ੍ਰੀਵਾਰ ਕਿੱਡਾ ਵੱਡਾ ਹੁੰਦਾ ਜਾਂਦੈ! ਐਡਾ ਵੱਡਾ
ਪ੍ਰੀਵਾਰ ਛੱਡ ਕੇ ਮੈਂ ਕਿੱਥੇ ਜਾਣੈਂ? ਗੂੰਗੀ ਮਾਤਾ, ਤੂੰ ਵੀ ਬੋਲ ਕੁਝ!" ਉਸ ਨੇ
ਰੋਟੀ ਖਾਂਦੀ ਬਜ਼ੁਰਗ ਔਰਤ ਨੂੰ ਮਜ਼ਾਕ ਨਾਲ ਕਿਹਾ। ਉਹ ਸੁਣ ਕੇ ਕੁਝ ਮੁਸਕੁਰਾਈ ਅਤੇ
ਮੁੜ ਖਾਣ ਵਿੱਚ ਰੁੱਝ ਗਈ। ਉਸ ਦੀਆਂ ਜੋਤਹੀਣ ਅੱਖਾਂ ਵਿੱਚੋਂ ਅੱਥਰੂ ਛਲਕ ਪਏ।
ਸ਼ੀਲਾ ਨੇ ਉਸ ਨੂੰ ਆਪਣੇ ਨਾਲ ਘੁੱਟ ਲਿਆ।
ਅਗਲੀ ਸਵੇਰ ਲਾਲ ਚੜ੍ਹਦੇ ਸੂਰਜ
ਦੀ ਲਾਲੀ ਖਿੜਕੀ ਤੋਂ ਹੁੰਦੀ ਹੋਈ ਸ਼ੀਲਾ ਦੇ ਚੇਹਰੇ 'ਤੇ ਪੈ ਉਸ ਦੇ ਰੂਪ ਨੂੰ ਹੋਰ
ਵੀ ਜ਼ਿਆਦਾ ਰੰਗ-ਰੂਪ ਚਾੜ੍ਹ ਰਹੀ ਸੀ। ਸ਼ੀਲਾ ਜਲਦੀ ਨਾਲ ਉਠੀ ਅਤੇ ਨਹਾ-ਧੋ ਕੇ
ਪੂਜਾ-ਪਾਠ ਵਿੱਚ ਮਘਨ ਹੋ ਗਈ। ਹੱਥ ਜੋੜ ਬੰਦ ਅੱਖਾਂ ਕਰ ਪਤਾ ਨਹੀਂ ਕੀ-ਕੀ ਕੁਝ
ਮੰਗ ਰਹੀ ਸੀ? ਉਸ ਦਾ ਨਿੱਤ ਦਾ ਨੇਮ ਸੀ ਕਿ ਘਰ ਤੋਂ ਨਿਕਲਦਿਆਂ ਹੋਇਆਂ ਵੀ ਪਰਮ
ਸ਼ਕਤੀ ਕੋਲੋਂ ਆਸ਼ੀਰਵਾਦ ਲੈ ਕੇ ਹੀ ਜਾਂਦੀ। ਸਾਰਿਆਂ ਵਾਸਤੇ ਖਾਣੇ ਦਾ ਇੰਤਜ਼ਾਮ ਕਰ
ਕੇ ਅਤੇ ਘਰ ਦੇ ਹੋਰ ਕੰਮ ਨਿਬੇੜ ਕੇ ਤਿਆਰ ਹੋਣ ਲੱਗ ਪਈ। ਅੱਜ ਦਾ ਤਿਆਰ ਹੋਣਾ
ਰੋਜ਼ ਵਾਂਗ ਨਹੀਂ ਸੀ, ਕੁਝ ਖ਼ਾਸ ਜਿਹਾ ਕਰਨਾ ਸੀ। "ਪੱਕੀ ਨੌਕਰੀ" ਜੋ ਹੋਣ ਲੱਗੀ
ਸੀ।
ਰੈਸਟੋਰੈਂਟ ਅੰਦਰ ਕਦਮ ਰੱਖਦਿਆਂ ਹੀ ਭੱਲਾ ਆਪਣੀਆਂ ਤਿੱਖੀਆਂ ਅਤੇ
ਬੇਈਮਾਨ ਨਜ਼ਰਾਂ ਉਸ ਦੇ ਗਲੇ ਤੋਂ ਥੋੜ੍ਹਾ ਥੱਲੇ ਗੱਡ ਕੇ ਕਿਸੇ ਦੈਂਤ ਵਾਂਗ
ਬੋਲਿਆ, "ਅੱਜ ਤਾਂ ਕਿਆਮਤ ਹੀ ਕੀਤੀ ਪਈ ਹੈ। ਤੇਰਾ ਡੁੱਲ੍ਹਦਾ ਹੁਸਨ ਹਰ ਕਿਸੇ ਦੀ
ਜਾਨ ਕੱਢੂ!" ਸ਼ੀਲਾ ਖ਼ਾਮੋਸ਼ੀ ਨਾਲ ਬੱਸ ਉਸ ਦੇ ਅਗਲੇ ਨਿਰਦੇਸ਼ ਦਾ ਇੰਤਜ਼ਾਰ ਕਰ ਰਹੀ
ਸੀ।
"ਦੋ ਕੁ ਘੰਟੇ ਤੱਕ ਤੇਰਾ "ਕਾਰੋਬਾਰ" ਸ਼ੁਰੂ ਹੋ ਜਾਣਾ ਹੈ!" ਭੱਲੇ
ਦਾ ਨਿਰਦੇਸ਼ ਸੀ। ਆਪਣੇ ਸਹੀ ਸਮੇਂ 'ਤੇ ਇੱਕ ਵੱਡੀ ਗੱਡੀ ਬਾਹਰ ਆ ਰੁਕੀ।
"ਤੈਨੂੰ ਇੱਥੋਂ ਲਿਜਾ ਕੇ ਇੱਥੇ ਹੀ ਛੱਡ ਜਾਣਗੇ, ਬੱਸ ਤੂੰ ਖੁਸ਼ ਕਰ ਦੇਵੀਂ,
ਨੌਕਰੀ ਕਿੰਨੀ ਕੁ ਪੱਕੀ ਰੱਖਣੀ ਹੈ, ਇਹ ਤਾਂ ਬੱਸ ਹੁਣ ਤੇਰੇ ਹੱਥ ਹੈ।" ਆਪਣਾ
ਪਾਟਿਆ ਬੁੱਲ੍ਹ ਚੱਬਦੇ ਹੋਏ ਕਮੀਨਗਿਰੀ ਨਾਲ ਭੱਲਾ ਬੋਲਿਆ। ਭੱਲੇ ਦੀਆਂ ਅੱਖਾਂ
ਵਿੱਚ ਅਜੀਬ ਚਮਕ ਸੀ, ਹੁੰਦੀਂ ਵੀ ਕਿਉਂ ਨਾਂ? ਉਸ ਦਾ ਨਵਾਂ ਵਪਾਰ ਜੋ ਖੁੱਲ੍ਹ
ਰਿਹਾ ਸੀ ਅਤੇ ਭੱਲਾ ਅੱਜ ਵੱਡਾ ਵਪਾਰੀ ਬਣ, ਜੇਤੂ ਅੰਦਾਜ਼ ਵਿੱਚ ਤਣਿਆਂ ਖੜ੍ਹਾ
ਸੀ।
ਧੀਮੇਂ ਕਦਮਾਂ ਨਾਲ ਟੁਰਦੀ ਸ਼ੀਲਾ ਸਹਿਮੀ ਜਿਹੀ, ਚੁੱਪ ਚਾਪ ਕਾਰ
ਵਿੱਚ ਆ ਬੈਠੀ। ਉਸ ਦੀ ਛਾਤੀ ਵਿੱਚ ਧੜਕਣਾਂ ਦਾ ਜਿਹਾਦ ਛਿੜਿਆ ਹੋਇਆ ਸੀ। ਦਿਲ
ਹਥੌੜ੍ਹੇ ਵਾਂਗ ਹਿੱਕ 'ਚ ਵੱਜ ਰਿਹਾ ਸੀ। ਪਰ ਘਰ ਬੈਠੇ ਜੀਆਂ ਦੇ ਅਹਿਸਾਸ ਕਾਰਨ
ਉਹ ਫ਼ਿਰ ਵੀ ਸ਼ਾਂਤ ਸੀ। ਤੇਜ਼ ਗਤੀ ਨਾਲ ਦੌੜਦੀ ਹੋਈ ਕਾਰ ਇੱਕ ਵਿਸ਼ਾਲ ਜਿਹੇ ਹੋਟਲ
ਦੇ ਮੂਹਰੇ ਆ ਖੜ੍ਹੀ ਹੋਈ। ਜੋ ਨਿਰਦੇਸ਼ ਸ਼ੀਲਾ ਨੂੰ ਮਿਲਿਆ ਸੀ, ਉਸ ਮੁਤਾਬਿਕ ਉਹ
ਡਰਾਇਵਰ ਦੇ ਪਿੱਛੇ-ਪਿੱਛੇ ਚੱਲ ਪਈ। ਇੱਕ ਕਮਰੇ ਦਾ ਦਰਵਾਜਾ ਖੋਲ੍ਹ ਡਰਾਈਵਰ ਨੇ
ਉਸ ਨੂੰ ਅੰਦਰ ਜਾਣ ਦਾ ਸੰਕੇਤ ਕੀਤਾ। ਹੁਕਮ ਦੀ ਤਾਮੀਲ ਕਰਦੀ ਉਹ ਅੰਦਰ ਲੰਘ ਗਈ।
ਆਲੀਸ਼ਾਨ ਕਮਰੇ ਵਿੱਚ ਇੱਕ ਅਧੇੜ ਉਮਰ ਦਾ ਆਦਮੀ ਸਰਾਲ ਵਾਂਗ ਲਿਟਿਆ ਪਿਆ ਸੀ।
ਸਰੀਰ ਉਪਰ ਲੱਦੇ ਸੋਨੇ ਕਰ ਕੇ ਉਹ ਕਾਫ਼ੀ ਅਮੀਰ ਲੱਗ ਰਿਹਾ ਸੀ। ਸ਼ੀਲਾ ਆਈ ਤੱਕ ਕੇ
ਉਸ ਨੇ ਮਗਰਮੱਛ ਵਾਂਗ ਪਾਸਾ ਲਿਆ ਅਤੇ ਮੁਸਕੁਰਾਉਂਦੇ ਹੋਏ ਕੋਲ ਆਉਣ ਦਾ ਇਸ਼ਾਰਾ
ਕੀਤਾ। ਕੁਝ ਘੰਟੇ ਦੀਆਂ ਹਰਕਤਾਂ ਤੋ ਬਾਦ ਜਦ ਬੁੱਢੇ ਅਮੀਰ ਦਾ ਮਕਸਦ ਪੂਰਾ ਹੋ
ਗਿਆ, ਤਾਂ ਸ਼ੀਲਾ ਵਾਪਿਸ ਮੁੜ ਪਈ। ਰੈਸਟੋਰੈਂਟ ਰਾਤ ਦੇ ਹਨ੍ਹੇਰੇ ਵਿੱਚ ਖ਼ਾਮੋਸ਼
ਸੀ। ਪਰ ਭੱਲਾ ਇੱਕ ਮੱਧਮ ਜਿਹੀ ਬੱਤੀ ਜਗਾ ਕੇ ਬੜੀ ਬੇਸਬਰੀ ਨਾਲ ਟਹਿਲ ਰਿਹਾ ਸੀ।
ਬਿਨਾ ਮਿਹਨਤ ਕੀਤਿਆਂ ਆਉਣ ਵਾਲੇ ਨੋਟਾਂ ਦੀ ਉਡੀਕ ਵਿੱਚ। ਕਾਰ ਦੀ ਅਵਾਜ਼ ਸੁਣ ਕੇ
ਭੱਲਾ ਪਾਗਲਾਂ ਵਾਂਗ ਦੌੜ ਕੇ ਬਾਹਰ ਆਇਆ। ਸ਼ੀਲਾ ਚੁੱਪ ਚਾਪ ਅੰਦਰ ਚਲੀ ਗਈ। ਭੱਲਾ
ਕਾਰ ਡਰਾਇਵਰ ਨਾਲ ਤਮਾਮ ਹਿਸਾਬ ਕਰ ਕੇ ਸ਼ੀਲਾ ਦੇ ਪਿੱਛੇ ਆ ਗਿਆ। ਉਹ ਬੜਾ ਖ਼ੁਸ਼
ਜਾਪ ਰਿਹਾ ਸੀ।
"ਲੈ ਫੜ ਅੱਜ ਦੀ ਦਿਹਾੜੀ! ਜਾਹ ਐਸ਼ ਕਰ!" ਭੱਲੇ ਨੇ ਆਪਣੀ
ਦਲਾਲੀ ਦੇ ਨੋਟ ਜੇਬ ਵਿਚ ਪਾ ਲਏ ਅਤੇ ਫ਼ਿਰ ਬੋਲਿਆ, "ਅੰਦਰ ਖਾਣਾ ਪੈਕ ਪਿਆ ਹੈ,
ਜਾਹ ਲੈ ਜਾ।" "ਖਾਣੇ ਲਈ ਧੰਨਵਾਦ ਭੱਲਾ ਜੀ।" ਅੱਜ ਸ਼ੀਲਾ ਨੇ ਉਸ ਨੂੰ "ਸਰ"
ਜਾਂ "ਸਰਦਾਰ" ਨਹੀਂ ਸੀ ਕਿਹਾ। ਕਿਉਂਕਿ ਅੱਜ ਸ਼ੀਲਾ ਖ਼ੁਦ ਉਸ ਨੂੰ ਕਮਾ ਕੇ ਦੇ ਰਹੀ
ਸੀ। ਸ਼ੀਲਾ ਨੇ ਖਾਣਾ ਚੁੱਕਿਆ ਤੇ ਚੁੱਪ ਵੱਟੀ ਬਾਹਰ ਨਿਕਲ ਗਈ।
ਸ਼ੀਲਾ ਨੂੰ
ਜ਼ਿੰਦਗੀ ਜਿਸ ਵੀ ਰੂਪ 'ਚ ਮਿਲੀ, ਉਸ ਨੇ ਉਸ ਨੂੰ ਓਸੇ ਰੂਪ ਵਿੱਚ ਹੀ ਪ੍ਰਵਾਨ ਕਰ
ਲਿਆ। ਹੁਣ ਪੈਸੇ ਵੱਲੋਂ ਸ਼ੀਲਾ ਦੇ ਹਾਲਾਤ ਦਿਨੋ-ਦਿਨ ਮਜਬੂਤ ਹੋ ਰਹੇ ਸਨ। ਹੁਣ ਉਹ
ਵੱਡੀ ਇਮਾਰਤ ਬਣਵਾ ਕੇ ਹੋਰ ਬੇਸਹਾਰਾ ਲੋਕ ਲਿਆਉਣ ਬਾਰੇ ਸੋਚ ਰਹੀ ਸੀ। ਸਾਰੀ
ਜ਼ਿੰਦਗੀ ਬੇਵੱਸ ਅਤੇ ਬੇਸਹਾਰਾ ਲੋਕਾਂ ਨੂੰ ਉਸ ਨੇ ਆਪਣੀ ਜ਼ਿੰਦਗੀ ਸਮਰਪਣ ਕਰ
ਦਿੱਤੀ ਸੀ।
"ਮੈਨੂੰ ਦੋ ਦਿਨ ਦੀ ਛੁੱਟੀ ਚਾਹੀਦੀ ਹੈ।" ਸ਼ੀਲਾ ਨੇ ਭੱਲੇ
ਨੂੰ ਕਿਹਾ।
"ਓਹ ਕਿਉਂ...?" ਭੱਲੇ ਦੇ ਕਲੇਜੇ ਜਿਵੇਂ ਤੀਰ ਵੱਜਿਆ ਸੀ।
ਕਾਰੋਬਾਰ ਵਿੱਚ ਘਾਟਾ ਜਿਉਂ ਪੈਂਦਾ ਸੀ। ਪਰ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ
ਸ਼ੀਲਾ ਨੂੰ ਉਹ ਕਿਸੇ ਤਰ੍ਹਾਂ ਵੀ ਗੁੱਸੇ ਨਹੀਂ ਕਰਨਾ ਚਾਹੁੰਦਾ ਸੀ, ਕਿਉਂਕਿ ਸ਼ੀਲਾ
ਦਾ ਗੁੱਸਾ ਉਸ ਨੂੰ ਮਹਿੰਗਾ ਪੈ ਸਕਦਾ ਸੀ ਅਤੇ ਕਾਰੋਬਾਰ ਬੰਦ ਵੀ ਹੋ ਸਕਦਾ ਸੀ।
"ਮੈਂ ਘਰੇ ਪੂਜਾ ਕਰਵਾਉਣੀਂ ਹੈ।" ਸ਼ੀਲਾ ਨੇ ਸਪੱਸ਼ਟ ਉੱਤਰ ਦਿੱਤਾ। ਭੱਲਾ
ਉਚੀ-ਉਚੀ ਹੱਸ ਪਿਆ।
"ਅਸੀਂ ਪੂਜਾ ਕਰਵਾਉਂਦੇ ਹਾਂ ਕਿ ਸਾਡਾ ਕਾਰੋਬਾਰ
ਵਧੀਆ ਚੱਲਦਾ ਰਹੇ, ਤੇ ਤੂੰ ਕੀ ਮੰਗਦੀ ਹੈਂ ਕਿ ਤੇਰਾ ਵੀ "ਕੰਮ" ਮਾਰੋਮਾਰ ਤੇ
ਧੂੰਆਂਧਾਰ ਚੱਲਦਾ ਰਹੇ?" ਇਤਨਾ ਆਖ ਭੱਲਾ ਸ਼ੀਲਾ 'ਤੇ ਸ਼ਬਦਾਂ ਦੇ ਨਸ਼ਤਰ ਚਲਾ,
ਠਹਾਕਾ ਮਾਰ ਉਸ ਦਾ ਮਜ਼ਾਕ ਬਣਾਉਣ ਲੱਗਾ।
"ਬਿਲਕੁਲ ਸਹੀ ਕਿਹਾ ਤੁਸਾਂ! ਪਰ
ਫ਼ੇਰ ਵੀ ਮੇਰੀ ਅਤੇ ਤੁਹਾਡੀ ਮੰਗ ਦਾ ਫ਼ਰਕ ਹੈ। ਅਮੀਰਜ਼ਾਦੇ ਆਪਣੀ ਐਸ਼ ਲਈ ਪਤਾ ਨਹੀਂ
ਕਿੰਨੀਆਂ ਹੀ ਸ਼ੀਲਾ ਵਰਗੀਆਂ 'ਤੇ ਪੈਸਾ ਉਡਾ ਰਹੇ ਹਨ, ਅਤੇ ਮੇਰੇ ਵਰਗੀਆਂ ਉਹਨਾਂ
ਪੈਸਿਆਂ ਨਾਲ ਕਿੰਨੇ ਬੇਸਹਾਰਿਆਂ ਨੂੰ ਆਸਰਾ ਦੇ ਰਹੀਆਂ ਹਨ।" ਇੱਕ ਲੰਮਾ ਸਾਹ ਲੈ
ਫਿਰ ਬੋਲੀ, "ਹੁਣ ਆਹ ਰੱਬ ਦੀ ਮਰਜ਼ੀ ਹੈ ਕਿ ਓਹ ਕਿਸ ਦੀ ਪੂਜਾ ਨੂੰ ਜ਼ਿਆਦਾ ਫ਼ਲ
ਲਾਉਂਦਾ ਹੈ। ਮੈਂ ਤਾਂ ਇਹੀ ਬੇਨਤੀ ਕਰਨੀ ਹੈ ਕਿ ਹੇ ਮੇਰੇ ਰੱਬਾ, ਸ਼ੀਲਾ ਦੇ
ਹੁੰਦਿਆਂ ਕੋਈ ਬੇਸਹਾਰਾ ਨਾ ਰਹੇ, ਦੁਨੀਆਂ ਦਾ ਹਰ ਬੇਸਹਾਰਾ ਇਨਸਾਨ ਸ਼ੀਲਾ ਦੀ
ਝੋਲੀ ਪਾ ਕੇ ਸ਼ੀਲਾ ਦਾ ਆਰ-ਪ੍ਰੀਵਾਰ ਬਣਾ ਦੇ!"
"..........।" ਭੱਲਾ
ਨਿਰੁੱਤਰ ਸੀ। ਕਿਉਂਕਿ ਉਹ ਵੀ ਜਾਣਦਾ ਸੀ ਕਿ ਸ਼ੀਲਾ ਬਹੁਤ ਵੱਡੀ ਗੱਲ ਕਹਿ ਗਈ ਸੀ।
ਸਿਰਫ਼ ਕਹਿ ਹੀ ਨਹੀਂ ਰਹੀ ਸੀ, ਉਹ ਕਰ ਕੇ ਦਿਖਾ ਵੀ ਰਹੀ ਸੀ। ਪ੍ਰਤੱਖ ਨੂੰ
ਪ੍ਰਮਾਣ ਦੀ ਜ਼ਰੂਰਤ ਹੀ ਨਹੀਂ ਸੀ। ਕਈ ਵਾਰ ਭੱਲੇ ਨੂੰ ਸ਼ੀਲਾ ਇੱਕ "ਦੇਵੀ" ਜਾਪਦੀ।
ਪਰ ਆਪਣੇ ਕਾਰੋਬਾਰ ਨੂੰ ਮੁੱਖ ਰੱਖਦਾ ਹੋਇਆ ਉਹ ਇਸ ਸਭ ਵਰਤਾਰੇ ਤੋਂ ਬੇਪ੍ਰਵਾਹ
ਹੋ ਤੁਰਦਾ। ਸਹੀ ਅਤੇ ਗਲਤ ਦਾ ਤਾਂ ਉਸ ਨੂੰ ਵੀ ਪਤਾ ਸੀ। ਪਰ ਲਾਲਚ ਦੇ ਲੜ ਲੱਗਿਆ
ਆਪਣੀ ਅੰਤਰ ਆਤਮਾ ਤੋਂ ਸਵੀਕਾਰਨਾ ਨਹੀਂ ਸੀ ਚਾਹੁੰਦਾ। ਸੱਚ ਹੀ ਤਾਂ ਹੈ ਕਿ ਲਾਲਚ
ਚੰਗੇ ਭਲੇ ਸੁਜਾਖੇ ਇਨਸਾਨ ਨੂੰ ਅੰਨ੍ਹਾਂ ਕਰੀ ਰੱਖਦਾ ਹੈ। ਨਰੰਗੀ ਰੰਗ
ਦੇ ਸੂਟ ਵਿੱਚ, ਖੂਬ ਖਿੜੀ-ਖਿੜੀ ਜਿਹੀ ਸ਼ੀਲਾ ਦੋ ਦਿਨ ਦੀ ਪੂਜਾ ਸਮਾਪਨ ਤੋਂ ਬਾਦ
ਕੰਮ 'ਤੇ ਮੁੜੀ। ਪਰ ਅੱਜ ਭੱਲੇ ਨੇ ਕੁਝ ਨਹੀਂ ਕਿਹਾ। ਬੱਸ ਕਾਰ ਆਉਣ 'ਤੇ ਸਿਰਫ਼
ਬਾਹਰ ਜਾਣ ਦਾ ਇਸ਼ਾਰਾ ਕਰ ਦਿੱਤਾ। ਰਾਤ ਕਾਫ਼ੀ ਗੂੜ੍ਹੀ ਹੋ ਗਈ ਸੀ। ਸ਼ੀਲਾ ਆਪਣੀ
"ਡਿਉਟੀ" ਕਰ ਮੁੜ ਆਈ। ਪਰ ਜਦ ਭੱਲੇ ਨੇ ਉਸ ਦੀ "ਦਿਹਾੜੀ" ਦੇ ਪੈਸੇ ਦਿੱਤੇ ਤਾਂ
ਪੈਸਿਆਂ ਨੂੰ ਬਿਨਾ ਗਿਣੇ ਮੁੱਠੀ ਵਿੱਚ ਘੁੱਟ ਲਿਆ ਅਤੇ ਰੈਸਟੋਰੈਂਟ ਤੋਂ ਖਾਣਾ
ਚੁੱਕ ਘਰ ਮੁੜ ਪਈ।
ਅਜੇ ਕੁਝ ਦੂਰ ਹੀ ਟੁਰੀ ਸੀ ਕਿ ਕਿਸੇ ਬੱਚੇ ਦੀ ਅਵਾਜ਼
ਸੁਣੀ, "ਰੇ ਬੀਬੀ ਕੁਝ ਖਾਣ ਨੂੰ ਦੇ!" ਉਹ ਤ੍ਰੱਭਕ ਕੇ ਰੁਕ ਗਈ। ਹੱਥ ਵਿਚ ਖਾਣਾ
ਤਾਂ ਸੀ। ਪਰ ਇਤਨੀ ਰਾਤ ਗਏ ਉਸ ਮਾਸੂਮ ਨੂੰ ਛੱਡ ਕੇ ਜਾਣ ਦੀ ਹਿੰਮਤ ਨਹੀ ਹੋਈ।
"ਇੱਥੇ ਇਕੱਲਾ ਕੀ ਕਰਦੈਂ? ਕੌਣ ਹੈ ਤੇਰੇ ਨਾਲ?" ਸ਼ੀਲਾ ਨੇ ਪੁੱਛਿਆ। ਉਸ
ਦੀਆਂ ਅੱਖਾਂ ਵਿੱਚ ਤਰਸ ਸੀ। "ਮੇਰੀ ਮਾਂ, ਓਥੇ ਹੈ ਪਰ ਟੁਰ ਨਹੀਂ ਸਕਦੀ।"
ਬੱਚਾ ਡਰਿਆਂ ਵਾਂਗ ਬੋਲਿਆ। "ਚੱਲ!" ਸ਼ੀਲਾ ਨੇ ਉਸ ਦੀ ਉਂਗਲੀ ਫ਼ੜੀ ਅਤੇ ਉਸ ਦੇ
ਨਾਲ ਟੁਰ ਪਈ।
"ਹਾਏ ਰੱਬਾ!" ਇੱਕ ਲੱਤ ਤੋਂ ਅਵਾਜ਼ਾਰ ਇੱਕ ਸੁੱਕੜੀ ਜਿਹੀ
ਔਰਤ, ਗੰਦੇ ਜਿਹੇ ਕੱਪੜਿਆਂ ਵਿੱਚ ਪਈ, ਮੰਗਣ ਗਏ ਆਪਣੇ ਬੇਟੇ ਦਾ ਰਾਹ ਦੇਖ ਰਹੀ
ਸੀ। ਸ਼ੀਲਾ ਨੂੰ ਦੇਖਦਿਆਂ ਹੀ ਗਿੜਗੜਾਉਣ ਲੱਗ ਪਈ, "ਬੀਬੀ ਕੁਝ ਦੇਹ, ਅਸੀਂ ਮਾਂ
ਪੁੱਤ ਦੋ ਦਿਨ ਤੋਂ ਭੁੱਖੇ ਹਾਂ।"
"ਖੂਬ ਰੱਜ ਕੇ ਰੋਟੀ ਮਿਲੂਗੀ,
ਪਹਿਲਾਂ ਉਠ, ਮੇਰੇ ਨਾਲ ਚੱਲ, ਆਪਣੀ ਭੈਣ ਹੀ ਸਮਝ ਮੈਨੂੰ।" ਇਤਨਾ ਕਹਿ ਉਸ ਦੇ
ਵੱਲ ਹੱਥ ਵਧਾ ਦਿੱਤਾ। ਸਹਿਮੀ ਜਿਹੀ ਉਹ ਔਰਤ ਆਪਣੀ ਸਹਾਰੇ ਵਾਲੀ ਡਾਂਗ ਚੁੱਕ,
ਸ਼ੀਲਾ ਦੇ ਨਾਲ ਬਿਨਾ ਕੁਝ ਬੋਲੇ ਟੁਰ ਪਈ। ਥੋੜ੍ਹੀ ਦੂਰੀ 'ਤੇ ਇੱਕ ਆਟੋ ਨੂੰ ਅਵਾਜ਼
ਮਾਰੀ ਅਤੇ ਤਿੰਨੋਂ ਬੈਠ ਘਰ ਵੱਲ ਟੁਰ ਪਏ।
"ਲਓ ਜੀ, ਆਪਣਾ ਪਰਿਵਾਰ ਹੋਰ
ਵੀ ਵੱਧ ਗਿਆ ਹੁਣ!" ਘਰ 'ਚ ਵੜਦਿਆਂ ਹੀ ਸ਼ੀਲਾ ਬੋਲੀ। ਸਭ ਦੇ ਚਿਹਰੇ 'ਤੇ ਰੌਣਕ ਆ
ਗਈ। ਜਿਵੇਂ ਕੋਈ ਉਨ੍ਹਾਂ ਦਾ ਹੀ ਵਿੱਛੜਿਆ, ਮੁੜ ਆਇਆ ਹੋਵੇ। "ਕੀ ਨਾਮ ਹੈ,
ਬੇਟੀ?" ਬਜ਼ੁਰਗ ਨੇ ਪੁੱਛਿਆ।
"ਦਵਿੰਦਰ ਮੇਰਾ ਨਾਮ ਤੇ ਬੇਟੇ ਦਾ ਗੋਪੀ।"
ਬੱਸ ਇਤਨਾ ਕੁ ਬੋਲ ਉਹ ਜਿਵੇਂ ਕੁਝ ਖਾਣ ਦੀ ਉਡੀਕ ਕਰ ਰਹੀ ਸੀ। ਸ਼ਾਇਦ ਭੁੱਖ ਦੀ
ਨਿਰਬਲਤਾ ਕਾਰਨ ਬਹੁਤਾ ਬੋਲ ਨਹੀਂ ਸੀ ਸਕਦੀ। ਸ਼ੀਲਾ ਨੇ ਰੈਸਟੋਰੈਂਟ ਤੋਂ ਲਿਆਂਦਾ
ਖਾਣਾ ਥਾਲੀ ਵਿੱਚ ਪਰੋਸ ਕੇ ਦੇ ਦਿੱਤਾ। ਬਹੁਤ ਤੇਜ਼ੀ ਨਾਲ ਦੋਹਾਂ ਮਾਂ ਪੁੱਤਰ ਨੇ
ਖਾਣਾ ਸ਼ੁਰੂ ਕਰ ਦਿੱਤਾ, ਜਿਵੇਂ ਉਹ ਜੁੱਗੜਿਆਂ ਤੋਂ ਭੁੱਖੇ ਸਨ।
"ਅੱਜ
ਤੋਂ ਤੂੰ ਆਪਣੇ ਬੱਚੇ ਨਾਲ ਇੱਥੇ ਹੀ ਰਹਿਣੈ, ਇਹ ਤੇਰਾ ਘਰ ਹੈ।" ਇਤਨਾ ਕਹਿ ਸ਼ੀਲਾ
ਨੇ ਉਸ ਦੇ ਬੱਚੇ ਦੇ ਸਿਰ 'ਤੇ ਹੱਥ ਰੱਖਿਆ। ਸਭ ਦੇ ਸੌਣ ਦਾ ਪ੍ਰਬੰਧ ਕਰ ਸ਼ੀਲਾ
ਸੌਣ ਵਾਸਤੇ ਲੇਟ ਗਈ। ਅੱਖਾਂ ਦੀ ਟਿਕਟਿਕੀ ਛੱਤ ਨੂੰ ਲਾ ਕਿਸੇ ਗਹਿਰੀ ਸੋਚ ਵਿੱਚ
ਡੁੱਬ ਨੀਂਦ ਦੀ ਬੁੱਕਲ ਵਿੱਚ ਚਲੀ ਗਈ।
ਸਵੇਰੇ ਉਠਦਿਆਂ ਹੀ ਸ਼ੀਲਾ ਨੇ
ਦਵਿੰਦਰ ਨੂੰ ਪਿਆਰ ਨਾਲ ਉਠਾਉਂਦੇ ਹੋਏ ਕਿਹਾ, "ਮੈਂ ਖਾਣ ਦਾ ਇੰਤਜ਼ਾਮ ਕਰਨ
ਜਾਊਂਗੀ, ਤੂੰ ਨਹਾ ਕੇ ਆਹ ਸੂਟ ਪਾ ਲੈਣਾ, ਤੇ ਗੋਪੀ ਨੂੰ ਵੀ ਨੁਹਾ ਦੇਵੀਂ, ਆਹ
ਕੱਪੜੇ ਇਸ ਨੂੰ ਆ ਜਾਣਗੇ। ਕੱਲ੍ਹ ਬਜ਼ਾਰ ਤੋਂ ਕੁਝ ਜ਼ਰੂਰੀ ਸਮਾਨ ਲਿਆ ਕੇ ਦਿਊਂਗੀ
ਤੁਹਾਨੂੰ।"
ਸ਼ੀਲਾ ਅੱਜ ਹਰੇ ਰੰਗ ਦੀ ਸਾੜ੍ਹੀ ਪਾ ਕੇ, ਮੇਕਅੱਪ ਕਰ ਤਿਆਰ
ਹੋਈ, ਗ਼ਜ਼ਬ ਢਾਹ ਰਹੀ ਸੀ। ਸਭ ਨੂੰ "ਅਲਵਿਦਾ" ਆਖ ਬਾਹਰੋਂ ਆਟੋ ਕਰ ਚੱਲ ਪਈ। ਇੱਕ
ਅਨਿਸ਼ਚਿਤ ਸਫ਼ਰ 'ਤੇ! ਜਿਸ ਦਾ ਅੰਤਿਮ ਪੜਾਅ ਉਸ ਨੂੰ ਵੀ ਨਹੀਂ ਸੀ ਪਤਾ। ਰੋਜ਼ ਉਸ
ਦੀ ਪੌਸ਼ਾਕ ਦੇ ਨਾਲ-ਨਾਲ ਉਸ ਦੀ ਜ਼ਿੰਦਗੀ ਦੇ ਰੰਗ ਵੀ ਬਦਲਣ ਲੱਗ ਪਏ। ਪੈਸੇ ਦੀ
ਆਮਦ ਵਧਣ ਦੇ ਨਾਲ ਹੀ ਉਸ ਦਾ ਮਾਨਵ ਸੇਵਾ ਦਾ ਜਜ਼ਬਾ ਹੋਰ ਵੀ ਵਧਣ ਲੱਗ ਪਿਆ ਅਤੇ
ਇਮਾਰਤ ਵੀ ਵਿਸ਼ਾਲ ਉਸਰ ਗਈ। ਕੁਝ ਸਮਾਜ ਸੇਵੀ ਸੰਸਥਾਵਾਂ ਨੂੰ ਮਿਲ ਕੇ ਸ਼ੀਲਾ ਲੋਕ
ਭਲਾਈ ਦੀ ਜੱਦੋਜਹਿਦ ਵਿੱਚ ਦਿਨ ਰਾਤ ਜੁਟ ਗਈ। ਕਿਸੇ ਅਨਾਥ ਬੱਚੇ ਨੂੰ ਅਨਾਥ ਆਸ਼ਰਮ
ਲੈ ਜਾਣਾ ਅਤੇ ਕਿਸੇ ਨੂੰ ਸਰਕਾਰੀ ਸਕੂਲ 'ਚ ਭਰਤੀ ਕਰਵਾਉਣਾ, ਕਿਸੇ ਨੂੰ
ਦਵਾ-ਦਾਰੂ ਦਵਾਉਣਾ, ਹਰ ਮਹੀਨੇ ਕੱਪੜਿਆਂ ਦਾ ਭੰਡਾਰਾ ਲਾਉਣਾ, ਕਿਸੇ ਵੀ
ਜ਼ਰੂਰਤਮੰਦ ਨੂੰ ਅਣਦੇਖਿਆ ਨਹੀ ਸੀ ਕਰਦੀ।
ਦੇਖਦੇ-ਦੇਖਦੇ ਸ਼ੀਲਾ ਹਰ
ਬੇਸਹਾਰੇ ਦਾ ਸਹਾਰਾ ਬਣਦੀ ਗਈ ਅਤੇ ਅਖ਼ਬਾਰਾਂ ਦੀਆਂ ਸੁਰਖੀਆਂ 'ਤੇ ਰਾਜ ਕਰਨ ਲੱਗ
ਪਈ। ਖ਼ਬਰਾਂ ਕਰਕੇ ਦਿਨਾਂ ਵਿੱਚ ਹੀ ਸਮਾਜ ਵਿੱਚ ਲੋਕ ਭਲਾਈ ਦੇ ਕਾਰਜਾਂ ਕਰਕੇ
ਸਨਮਾਨਿਤ ਕੀਤੀ ਜਾਣ ਲੱਗੀ ਅਤੇ ਲੋਕ ਉਸ ਦੀ ਇੱਕ ਤਰ੍ਹਾਂ ਨਾਲ ਪੂਜਾ ਕਰਨ ਲੱਗੇ।
। ਉਹ ਆਪਣੇ ਆਪ ਉਪਰ ਮਾਣ ਮਹਿਸੂਸ ਕਰਦੀ ਸੀ ਕਿ ਆਪਣੇ ਪੇਟ ਦੀ ਭੁੱਖ ਮਿਟਾਉਣ
ਵਾਸਤੇ ਮੈਨੂੰ "ਰੱਜੇ-ਪੁੱਜਿਆਂ" ਦੀ "ਭੁੱਖ" ਮਿਟਾਉਣੀ ਪਈ, ਪਰ ਉਸ ਪੈਸੇ ਨਾਲ
ਮੈਂ ਕਿੰਨੀਆਂ ਲੋੜਵੰਦ ਜਿੰਦਾਂ ਦੀਆਂ ਜ਼ਰੂਰਤਾਂ ਦੀ ਪੂਰਤੀ ਕਰ ਸਕੀ ਹਾਂ।
ਮਾਸੂਮਾਂ ਦੀ ਮੁਸਕੁਰਾਹਟ ਦਾ ਸਬੱਬ ਬਣੀ ਅਤੇ ਬੁਜੁਰਗਾਂ ਦੀਆਂ ਦੁਆਵਾਂ ਨਾਲ ਮਾਲਾ
ਮਾਲ ਹੋਈ।
......ਤਾੜੀਆਂ ਦੀ ਗੜਗੜਾਹਟ ਨੇ ਜਿਵੇਂ ਸ਼ੀਲਾ ਸ਼ਰਮਾ ਨੂੰ
ਅਤੀਤ ਵਿੱਚੋਂ ਵਰਤਮਾਨ ਵਿੱਚ ਖਿੱਚ ਲਿਆਂਦਾ।
"ਆਪ ਸਭ ਦਾ ਹਾਰਦਿਕ
ਧੰਨਵਾਦ, ਜੋ ਮੈਨੂੰ ਇੰਨਾਂ ਮਾਣ ਬਖ਼ਸ਼ਿਆ। ਮੈਂ ਸਿਰਫ਼ ਇਤਨਾ ਕਹਿਣਾ ਚਾਹੁੰਨੀ ਹਾਂ,
ਕਿ ਅਗਰ ਮੈਂ ਅੱਜ ਕਿਸੇ ਦੇ ਕੰਮ ਆ ਸਕੀ, ਜਾਂ ਕਿਸੇ ਪੇਟ ਨੂੰ ਰੋਟੀ ਦੇ ਸਕੀ
ਹਾਂ, ਤਾਂ ਇਸ ਦੇ ਪਿੱਛੇ ਭੁੱਖ ਦਾ ਓਹ ਦੁਖਦਾਈ ਅਨੁਭਵ ਹੈ, ਜੋ ਮੈਂ ਖ਼ੁਦ ਹੱਡੀਂ
ਹੰਢਾਇਆ ਹੈ। ਜ਼ਿੰਦਗੀ ਵਿੱਚ ਕਈ ਵਾਰ ਬਹੁਤ ਕੁਝ ਸਮਝਣਾ ਜਾਂ ਸਮਝਾ ਪਾਉਣਾ ਬਹੁਤ
ਔਖਾ ਹੋ ਜਾਂਦਾ ਹੈ। ਕਈ ਗੱਲਾਂ ਸ਼ਬਦਾਂ ਨਾਲ ਨਹੀਂ, ਚੁੱਪ ਨਾਲ ਸਮਝਾਉਣੀਆਂ
ਪੈਂਦੀਆਂ ਹਨ। ਕਈ ਥਾਂ ਜਿੱਥੇ ਸ਼ਬਦ ਨਹੀਂ ਬੋਲਦੇ, ਓਥੇ ਚੁੱਪ ਚੀਖ਼-ਚੀਖ਼ ਕੇ
ਤੁਹਾਡਾ ਦਰਦ ਬਿਆਨ ਕਰਦੀ ਹੈ। ਕਿਸੇ ਵਰਤਮਾਨ ਨੂੰ ਜਾਨਣ ਲਈ ਉਸ ਦੇ ਪਿਛਲੇ
ਵਰਕਿਆਂ ਨੂੰ ਫਰੋਲਣਾ ਓਦੋਂ ਔਖਾ ਹੋ ਜਾਂਦਾ ਹੈ, ਜਦ ਵਰਕੇ ਭਿੱਜ ਕੇ ਗਲ਼ ਗਏ ਹੋਣ।
ਜਦ ਮੈਂ ਬੇਘਰ ਹੋਈ ਸੀ ਤਾਂ ਇਕੱਲੀ ਸੀ, ਅੱਜ ਰੱਬ ਦੀ ਰਹਿਮਤ ਦੇਖੋ, ਮੇਰੇ
ਪ੍ਰੀਵਾਰ ਦੇ ਹਜ਼ਾਰ ਦੇ ਕਰੀਬ ਮੈਂਬਰ ਹਨ।" ਉਸ ਦੇ ਕਹਿਣ 'ਤੇ ਪ੍ਰਸ਼ੰਸਾ ਭਰੀਆਂ
ਤਾੜੀਆਂ ਹੋਰ ਉਚੀਆਂ ਉਠੀਆਂ।
"ਮੇਰੇ ਪ੍ਰੀਵਾਰ ਵਾਲਿਓ! ਤੁਹਾਡੀ ਸ਼ੀਲਾ
ਜਾਣਦੀ ਹੈ, ਕਿ ਕੁਝ ਪਾਉਣ ਵਾਸਤੇ ਗੁਆਉਣਾ ਵੀ ਬਹੁਤ ਕੁਝ ਪੈਂਦਾ ਹੈ। ਮੇਰੇ
ਸਰਪ੍ਰਸਤ ਸਾਥੀਓ! ਅੱਜ ਇਹਨਾਂ ਬੇਸਹਾਰਿਆ ਨੂੰ ਸਹਾਰੇ ਦੀ ਮਿਠਾਸ ਦੇਣ ਵਾਸਤੇ
ਜ਼ਿੰਦਗੀ ਵਿੱਚ ਜੇਕਰ ਕੁਝ ਜ਼ਹਿਰ ਪਿਆਲੇ ਮੈਨੂੰ ਪੀਣੇ ਵੀ ਪਏ ਹਨ, ਤਾਂ ਮੈਨੂੰ ਕੋਈ
ਗ਼ਿਲਾ, ਸ਼ਿਕਵਾ ਜਾਂ ਰੋਸਾ ਨਹੀਂ, ਕਿਸੇ ਨੂੰ ਕੋਈ ਉਲਾਂਭਾ ਵੀ ਨਹੀਂ। ਆਪਣੇ ਇਸ
ਆਰ-ਪ੍ਰੀਵਾਰ ਵਾਸਤੇ ਮੇਰੇ ਤੋਂ ਜੋ ਕੁਝ ਵੀ ਹੋ ਸਕਿਆ, ਮੈਂ ਕਰਿਆ! ਜ਼ਿੰਦਗੀ
ਰਹੱਸਮਈ ਅਤੇ ਅਣਸੁਲਝੀ ਬੁਝਾਰਤ ਹੈ। ਚੰਗੇ ਮੰਦੇ ਪੜਾਅ ਜ਼ਿੰਦਗੀ ਵਿੱਚ ਆਉਂਦੇ ਹੀ
ਰਹਿੰਦੇ ਹਨ। ਹਰ ਬੰਦਾ ਆਪਣੇ ਪ੍ਰੀਵਾਰ ਦੀ ਰੋਜ਼ੀ ਰੋਟੀ ਅਤੇ ਉਜਲੇ ਭਵਿੱਖ ਲਈ
ਚੰਗੇ-ਮੰਦੇ ਕੰਮ ਕਰਦਾ ਹੈ, ਤੇ ਜ਼ਾਹਿਰਾ ਤੌਰ 'ਤੇ ਮੈਂ ਵੀ ਕੀਤੇ ਹੋਣਗੇ? ਪਰ
ਮੈਨੂੰ ਕਿਸੇ ਵੀ ਕੰਮ ਦਾ ਨਾ ਤਾਂ ਗ਼ਮ ਹੈ ਅਤੇ ਨਾ ਪਛਤਾਵਾ। ਕਿਉਂਕਿ ਅੱਜ ਤੱਕ ਜੋ
ਕੁਝ ਵੀ ਮੈਂ ਕੀਤਾ, ਆਪਣੇ ਇਸ ਆਰ-ਪ੍ਰੀਵਾਰ ਦੀ ਬਿਹਤਰੀ ਲਈ ਕੀਤਾ। ਬਿਖ਼ਰੇ
ਤਾਰਿਆਂ ਦੀ ਦਾਸਤਾਨ ਸਿਰਫ਼ ਅਤੇ ਸਿਰਫ਼ ਅੰਬਰ ਹੀ ਜਾਣ ਸਕਦਾ ਹੈ। ਮੇਰੀ ਪਹਿਲੀ
ਅਰਦਾਸ ਤਾਂ ਇਹ ਹੈ ਕਿ ਦੁਨੀਆਂ ਭਰ ਵਿੱਚ ਕੋਈ ਬੇਸਹਾਰਾ ਹੋਵੇ ਹੀ ਨਾ! ਤੇ ਜੇ
ਖ਼ੁਦਾਵੰਦ ਦੀ ਮਰਜ਼ੀ ਅਨੁਸਾਰ ਕੋਈ ਬੇਸਹਾਰਾ ਹੋ ਵੀ ਜਾਵੇ, ਤਾਂ ਮੈਨੂੰ ਸਨਮਾਨ ਕਰਨ
ਵਾਲੇ ਇਹਨਾਂ ਸਹਿਯੋਗੀਆਂ ਵਰਗਾ ਕੋਈ ਨਾ ਕੋਈ ਸਹਾਰਾ ਦੇਣ ਵਾਲਾ ਜ਼ਰੂਰ ਨਸੀਬ
ਹੋਵੇ! ਬੱਸ ਇਹੀ ਦੁਆ ਹੈ!" ਉਸ ਦੀਆਂ ਅੱਖਾਂ ਵਿੱਚੋਂ ਦੋ ਅੱਥਰੂ ਕਿਰ ਕੇ
ਗੱਲ੍ਹਾਂ ਉਪਰ ਡੁੱਲ੍ਹ ਗਏ। ਪੰਡਾਲ ਵਿੱਚ ਸ਼ਾਂਤੀ ਪਸਰੀ ਹੋਈ ਸੀ ਅਤੇ ਅਨੇਕ ਨਜ਼ਰਾਂ
ਸ਼ੁਕਰਾਨੇ ਨਾਲ ਭਿੱਜੀਆਂ ਹੋਈਆਂ ਸਨ।
|