ਰਤਨ ਸਿੰਘ ਤੇ ਚੰਦ ਕੌਰ ਨੇ ਆਪਣੇ ਸੰਘਰਸ਼ਮਈ ਜੀਵਨ ‘ਚ ਬੱਚਿਆਂ ਦੀ ਦੇਖ ਰੇਖ
ਵਿਚ ਕੋਈ ਕਸਰ ਨਹੀਂ ਛੱਡੀ ਸੀ। ਉਨ੍ਹਾਂ ਤਿੰਨਾਂ ਬੱਚਿਆਂ – ਦੋ ਲੜਕੀਆਂ ਤੇ ਲੜਕੇ
- ਲਈ ਆਪਣੇ ਸੀਮਤ ਸਾਧਨਾਂ ਤੋ ਕਿਤੋਂ ਵੱਧ ਮਹਿਨਤ ਕਰਕੇ ਚੰਗੀ ਉੱਚ ਵਿਦਿਆ ਦੀ
ਸਿਖਿਆ ਦਿਵਾਈ। ਵੱਡੀ ਬੇਟੀ ਰਿਸ਼ਮ ਨੂੰ ਐਮ.ਐਸ ਸੀ, ਛੋਟੀ ਰਮਨ ਨੂੰ ਐਮ.ਡੀ ਤੇ
ਬੇਟੇ ਦੀਪਕ ਨੂੰ ਐਮ.ਕਾਮ ਦੀਆਂ ਡਿਗਰੀਆਂ ਕਰਵਾਈਆਂ। ਵਿਆਹ ਸ਼ਾਦੀਆਂ ਚੰਗੇ ਘਰਾਂ
‘ਚ ਕਰਕੇ ਡਾ: ਬੇਟੀ ਅਮਰੀਕਾ, ਦੂਸਰੀ ਆਸਟਰੇਲੀਆ ਤੇ ਬੇਟਾ ਕੈਨੇਡਾ ਜਾ ਸੈੱਟ
ਹੋਏ।
ਰਤਨ ਸਿੰਘ ਸੇਵਾ ਮੁਕਤ ਹੋਣ ਪਿੱਛੋਂ, ਬੱਚਿਆਂ ਨੂੰ
ਹਰ ਸਾਲ ਮਿਲਣ ਚਲੇ ਜਾਂਦੇ। ਪਹਿਲਾਂ ਪਹਿਲਾਂ ਤਾਂ ਆਉਣਾ ਜਾਣਾ ਬੁਹਤ ਚੰਗਾ ਲਗਦਾ ਰਿਹਾ,
ਪਰ ਹੁਣ ਅਕਾਊ ਲਗਣ ਲਗਾ। ਇਸ ਬਾਰੇ ਜਦ ਬੱਚਿਆਂ ਨੂੰ ਦੱਸਿਆ ਤਾਂ ਉਨ੍ਹਾਂ ਸਲਾਹ ਦਿਤੀ ਕਿ
ਉਹ ਕਿਸੇ ਇਕ ਬੱਚੇ ਕੋਲ ਪੱਕੇ ਤੌਰ ਤੇ ਰਹਿਣ ਦਾ ਮਨ ਬਣਾ ਲੈਣ। ਉਨ੍ਹਾਂ ਦੋਨਾਂ ਨੇ ਆਪਣੀ
ਵਧੱਦੀ ਉਮਰ, ਡਿੱਗਦੀ ਸਿਹਤ ਤੇ ਡਾਕਟਰੀ ਸਹੂਲਤਾਂ ਦੀ
ਸੁਲੱਭਤਾ ਨੂੰ ਮੁੱਖ ਰੱਖਦੇ ਡਾ: ਬੇਟੀ ਕੋਲ ਰਹਿਣ ਦਾ
ਵਿਚਾਰ ਬਣਾਇਆ।
ਅਮਰੀਕਾ ਦਾ ਗਰੀਨ ਕਾਰਡ ਮਿਲਣ ਤੇ ਉਨ੍ਹਾਂ ਵਿਦੇਸ਼ ਧਰਤੀ ਤੇ ਆ ਡੇਰੇ ਲਾਏ। ਹੌਲੀ
ਹੌਲੀ ਜਨਮ ਭੂਮੀ ਦਾ ਮੋਹ ਘਟਾਉਣਾ ਪਿਆ। ਨਿੱਤ ਦੀ ਫਿਕਰਮੰਦੀ ਤੋਂ ਮੁਕਤ ਹੋਣ ਲਈ ਜ਼ਮੀਨ
ਜਾਇਦਾਦ ਵੇਚ ਵਟ ਦਿਤੀ। ਬਸ ਇਕ ਘਰ ਹੀ ਰੱਖਿਆ ਜੋ ਸਾਰਿਆਂ ਦੇ ਸੁੱਖ ਆਰਾਮ ਦਾ ਕੇਂਦਰ
ਸੀ। ਉਸ ਨੂੰ ਨੌਕਰ ਦੀ ਦੇਖ ਰੇਖ ਹੇਠ ਛੱਡ ਆਏ। ਆਪਣਾ ਬੁਢਾਪਾ ਬੱਚਿਆਂ ਦੇ ਨਾਲ ਖ਼ੁਸ਼ੀ
ਵਿਚ ਬੀਤੇ, ਇਹੋ ਇਕ ਸਕਾਰਾਤਮਕ ਆਸ ਦੀ ਲੋਅ ਲੈ ਚਲ ਪਏ
ਸੀ।
ਇਹ ਲੋਅ ਉਨ੍ਹਾਂ ਦੇ ਜੀਵਨ ਵਿਚ ਕਈ ਸਾਲ ਚਾਨਣਾ ਦਿੰਦੀ ਰਹੀ। ਪਰ ਕੁਝ ਚਿਰ ਤੋਂ ਇਸ
ਦਾ ਪ੍ਰਕਾਸ਼ ਘੱਟਣ ਲਗਾ। ਇਹ ਕਿਵੇਂ ਸ਼ੁਰੂ ਹੋਇਆ? ਇਸ ਬਾਰੇ ਰਮਨ ਨੇ ਏਨਾ ਹੀ ਦੱਸਿਆ ਕਿ
ਮੰਮੀ ਪਾਪਾ ਵਲੋ ਤਾਂ ਕੋਈ ਤਕਲੀਫ਼ ਨਹੀਂ ਪਰ ਹੁਣ ਉਹ ਸਾਰੇ ਚਾਹੁੰਦੇ ਨੇ ਕਿ ਪਰਵਾਰ
ਇਕੱਲਾ ਆਜਾ਼ਦੀ ਨਾਲ ਜੀਵਨ ਗੁਜ਼ਾਰੇ। ਅਜ ਤਕ ਉਨ੍ਹਾ ਨੇ ਮਾਂ ਬਾਪ ਦੀ ਬਹੁਤ ਸੇਵਾ ਕੀਤੀ
ਹੈ। ਹੁਣ ਇਸ ਦਾ ਬਹਿਤਰ ਹੱਲ ਇਹ ਹੋ ਸਕਦਾ ਹੈ ਕਿ ਦੀਪਕ ਇਨ੍ਹਾਂ ਦੀ ਜਿ਼ਮੇਵਾਰੀ ਲਵੇ।
ਇਸ ਬਾਰੇ ਭੈਣ ਭਰਾਵਾਂ ਨੇ ਆਪਸ ‘ਚ ਵਿਚਾਰ ਵਿਟਾਂਦਰਾ ਕੀਤਾ। ਦੀਪਕ ਨੇ ਖੁਸ਼ੀ ਨਾਲ
ਮਾਂ ਬਾਪ ਦੀ ਸੇਵਾ ਕਰਨਾ ਆਪਣਾ ਫਰਜ਼ ਮੰਨਦਿਆਂ ਘਰ ਵਾਲੀ ਨੀਰੂ ਦੀ ਸੱਮਸਿਆ ਦਾ ਜ਼ਿਕਰ
ਕੀਤਾ ਜਿਸ ਬਾਰੇ ਸਾਰੇ ਪਹਿਲਾਂ ਤੋਂ ਹੀ ਜਾਣੂ ਸੀ। ਦੀਪਕ ਨੇ ਦੱਸਿਆ ਕਿ ਉਹ ਮੰਮੀ ਪਾਪਾ
ਨੁੰ ਆਪਣੇ ਨਾਲ ਰੱਖਣ ਦੀ ਬਜਾਏ ਵੱਖਰੇ ਰਹਿਣ ਲਈ ਬਿਹਤਰ ਸਮਝਦਾ ਹੈ। ਇਸ ਦੀ ਵਜ੍ਹਾ ਇਹ
ਕਿ ਨੀਰੂ ਪੱਕੀ ਜ਼ਿੱਦਲ ਹੈ, ਮਨ ਮਰਜ਼ੀ ਦੀ ਮਾਲਕਿਨ, ਕਦੇ ਕਿਸੇ ਹੋਰ ਤੋਂ ਕੁਝ ਸੁਣਨ ਨੂੰ
ਤਿਆਰ ਨਹੀਂ ਹੁੰਦੀ। ਉਹ ਨਿੱਜੀ ਜੀਵਨ ‘ਚ ਵੀ ਸੁਤੰਤਰਤਾ ਚਾਹੂੰਦੀ ਹੈ। ਦੀਪਕ ਦੀ ਮਜਬੂਰੀ
ਕਿਸੇ ਹੱਦ ਤਕ ਠੀਕ ਸੀ। ਕਮਾਊ ਆਜ਼ਾਦ ਤੇ ਬੇਪ੍ਰਵਾਹ ਹੋਣ ਦੇ ਨਾਲ ਉਸ ਦੇ ਹੋਰ ਭੈਣ ਭਰਾ
ਵੀ ਓਥੇ ਕਦੇ ਨਾ ਕਦੇ ਚੁੱਕ ਦੇਈ ਰੱਖਦੇ ਨੇ। ਦੀਪਕ ਨੇ ਹੋਰ ਕਿਹਾ ਕਿ ਕੈਨੇਡਾ ‘ਚ ਮੰਮੀ
ਪਾਪਾ ਵਿਜ਼ਟਰ ਦੇ ਨਾਤੇ ਜਦੋਂ ਜੀ ਕਰੇ ਆ ਸਕਦੇ ਨੇ ਪਰ ਆਖਿ਼ਰ ਤਾਂ ਵਾਪਸ ਅਮਰੀਕਾ ਜਾਂ
ਇੰਡੀਆ ਹੀ ਜਾਣਾ ਪਵੇਗਾ।
ਰਮਨ ਕੋਲ ਜਾਣ ਦਾ ਸਵਾਲ ਪੈਦਾ ਨਹੀ ਸੀ ਕਿਉਂ ਜੋ ਉਸ ਦੇ ਨਾਲ ਉਦ੍ਹੇ ਸੱਸ ਸਹੁਰਾ
ਪਹਿਲਾਂ ਤੋਂ ਹੀ ਰਹਿ ਰਹੇ ਸੀ। ਸੋ ਬੱਚਿਆਂ ਨੇ ਸਰਬ ਸੰਮਤੀ ਨਾਲ ਇਹੋ ਵਧੀਆ ਹੱਲ ਲੱਭਿਆ
ਕਿ ਮੰਮੀ ਪਾਪਾ ਨੂੰ ਅਪਾਰਟਮੈਂਟ ਲੈ ਕੇ ਸ਼ਿਫਟ ਕਰ ਦਿਤਾ ਜਾਵੇ ਤੇ ਨਵੇਂ ਘਰ ਦੀ ਸਾਰੀ
ਜ਼ਿੰਮੇਦਾਰੀ ਦੀਪਕ ਝੱਲੇ।
ਜਦ ਮਾਤਾ ਪਿਤਾ ਨੂੰ ਇਹ ਦਸਿਆ ਗਿਆ ਤਾਂ ਉਨ੍ਹਾਂ ‘ਚ ਏਨਾ ਦੰਮ ਨਹੀਂ ਰਹਿ ਗਿਆ ਸੀ ਕਿ
ਉਹ ਇਸ ਤਜ਼ਵੀਜ਼ ਨੂੰ ਰੱਦ ਕਰ ਸਕਦੇ। ਦਿਲ ਵਿਚ ਦੁੱਖ ਦੇ ਗੋਲਾ ਲੈ ਕੇ ਚੂੱਪ ਹੋ ਗਏ।
ਦੀਪਕ ਨੇ ਰਮਨ ਦੀ ਸਲਾਹ ਨਾਲ ਇਕ ਸਾਲ ਦੀ ਲੀਜ਼ ‘ਤੇ ਅਪਾਰਟਮੈਂਟ ਲੈ ਕੇ, ਘਰ ਦੀਆਂ
ਸਾਰੀਆਂ ਲੋੜੀਂਦੀਆਂ ਵਸਤੂਆਂ ਪਾ ਕੇ, ਨਵੇਂ ਘਰ ਦਾ ਮੁੱਢ ਬੰਨ੍ਹ ਦਿਤਾ। ਉਹ ਦੋਵੇਂ
ਦਿਲੋਂ ਨਾ ਚਾਹੁੰਦੇ ਹੋਏ ਵੀ ਚੁੱਪ ਚੁੱਪ ਰਾਮ ਗਊ ਵਾਂਗ ਏਸ ਨਵੀਂ ‘ਗਊ ਸ਼ਾਲਾ’ ਵਿਚ ਛੱਡ
ਦਿਤੇ ਗਏ।
ਸਾਰੇ ਭੈਣ ਭਰਾ ਖੁਸ਼ ਸਨ। ਬੇਟੀ ਨੇ ਬੁੱਢੇ ਮਾਂ ਬਾਪ ਨੂੰ ਸਾਂਭਣ ਦੀ ਜ਼ਿੰਮੇਵਾਰੀ
ਸੁਹਣੇ ਢੰਗ ਨਾਲ ਆਪਣੇ ਸਿਰੋਂ ਕਾਫ਼ੀ ਹੱਦ ਤਕ ਲਾਹ ਦਿਤੀ। ਭਰਾ ਨੇ ਪੈਸਾ ਲਾ ਕੇ ਆਪਣਾ
ਘਰ ਟੁੱਟਣੋ ਬਚਾ ਲਿਆ। ਦੂਜੀ ਬੇਟੀ ਨੇ ਇਸ ਦੀ ਤਾਈਦ ਤਾਂ ਕੀਤੀ, ਪਰ ਕਹਿ ਦਿਤਾ ਕਿ ਜੇ
ਉਦ੍ਹੀ ਆਪਣੀ ਮਜਬੂਰੀ ਨਾ ਹੁੰਦੀ ਤਾਂ ਮੰਮੀ ਪਾਪਾ ਨੂੰ ਆਏਂ ਇਕੱਲਿਆਂ ਕਦੇ ਵੀ ਨਾ
ਛੱਡਦੀ, ਆਪਣੇ ਕੋਲ ਲੈ ਆਉਂਦੀ।
ਨਵੀਂ ਪੀੜ੍ਹੀ ਦੀ ਸੋਚਣੀ, ਉਨ੍ਹਾਂ ਨੂੰ ਮੁਬਾਰਕ!
ਰਤਨ ਸਿੰਘ ਤੇ ਚੰਦ ਕੌਰ ਨਵੀਂ ਥਾਂ ਤੇ ਆ ਕੇ ਕਈ ਦਿਨ ਤਾਂ ਉਦਾਸ ਰਹੇ। ਮਨ ਦੇ ਟੁੱਟੇ
ਸੁਪਨ ਸੋਨ ਪਿੰਜਰੇ ‘ਚੋਂ ਨਿਕਲ ‘ਤਿਨਕਿਆਂ ਦੇ ਆਲਣ੍ਹੇ’‘ਚ ਆ ਠਹਿਰੇ। ਘਰੋਂ ਬੇਘਰ, ਸਿਰ
ਤੇ ਆਪਣੀ ਛੱਤ ਨਾ ਹੋਣ ਦਾ ਅਹਿਸਾਸ ਅਤੇ ਆਪਣਿਆਂ ਤੇ ਬੇਗਾਨਿਆਂ ਦਾ ਸਹੀ ਗਿਆਨ ਇਥੇ ਆ ਕੇ
ਹੋਇਆ। ਪਹਿ਼ਲਾਂ ਤਾਂ ਬਹੁਤ ਦੁੱਖੀ ਹੋਏ ਪਰ ਹੋਲੀ ਹੌਲੀ ਬੇਬਸੀ ਨੇ ਆਪੇ ਸੈੱਟ ਕਰ ਦਿਤੇ।
ਇਸ ਤਰੀਕੇ ਘਰੋਂ ਬਾਹਰ ਹੋਣ ਦਾ ਦੁੱਖ ਚੰਦ ਕੌਰ ਨੇ ਦਿਲ ਨੂੰ ਬਹੁਤ ਲਾਇਆ। ਉਹਨੂੰ ਇਸ
ਸੱਟ ਦੀ ਪੀੜਾ ਸਹਾਰਨੀ ਅਸਿਹ ਲਗੀ। ਉਸ ਨੂੰ ਦਿਮਾਗ਼ ਦਾ ਸਟਰੋਕ ਹੋ ਗਿਆ। ਮਹੀਨਾ ਭਰ
ਹਸਪਤਾਲ ‘ਚ ਰਹਿਣ ਪਿਛੋਂ ਫਿਰ ਨਵੇਂ ਘਰ ਵਾਪਸ ਆ ਗਈ। ਹਰ ਵੇਲੇ ਚੁੱਪ ਰਹਿਣ ਤੇ ਘੱਟ ਖਾਣ
ਪੀਣ ਲਗੀ। ਉਹ ਵਿੱਚੇ ਵਿਚ ਘੁੱਲਦੀ ਰਹੀ। ਚੱਲਣ ਫਿਰਨੋ ਵੀ ਰਹਿੰਦੀ ਗਈ। ਹਰ ਵੇਲੇ ਇਕੋ
ਝੋਰਾ, ‘ਹਾਏ! ਹੁਣ ਸਾਨੂੰ ਲੋਕੀਂ ਕੀ ਆਖਣਗੇ। ਚਲੋ, ਆਪਣੇ ਘਰ ਚੱਲੀਏ। ਇਥੇ ਦੂਜੀ ਵਾਰ
ਮਰੇ ਹਾਂ। ਪਹਿਲੀ ਵਾਰ ਉਦੋਂ ਹੀ ਮਰ ਗਏ ਸੀ, ਜਿਸ ਦਿਨ ਖ਼ੁਸੀਆਂ ਭਰੇ ਘਰ ਨੂੰ ਇਨ੍ਹਾਂ
ਚੰਦਰੇ ਹੱਥਾਂ ਨੇ ਜਿੰਦਰਾ ਲਾਇਆ ਸੀ।’ ਉਹ ਇਹੋ ਗਲ ਬਾਰ ਬਾਰ ਬੋਲਦੀ ਰਹਿੰਦੀ।
‘ਕੋਈ ਫਿਕਰ ਨਾ ਕਰ, ਚੰਦਾਂ, ਆਪਾਂ ਆਪਣੇ ਘਰ ਵਾਪਸੀ ਛੇਤੀ ਹੀ ਕਰਾਂਗੇ। ਤੇਰੇ ਘਰ।
ਬਸ ਤੂੰ ਛੇਤੀ ਠੀਕ ਹੋ ਲੈ।’ ਰਤਨ ਸਿੰਘ ਦਿਲਾਸਾ ਦਿੰਦਾ ਰਹਿੰਦਾ। ਭਾਂਵੇ ਵਿਚੋਂ ਉਹ ਵੀ
ਟੁੱਟ ਕੇ ਖੇਰੂੰ ਖੇਰੂੰ ਹੋਇਆ ਪਿਆ ਸੀ।
‘ਦਾਰ ਜੀ, ਮੈਨੂੰ ਲੈ ਚਲੋ ਨਾ ਆਪਣੇ ਘਰ। ਤੁਸੀ ਤਾਂ ਮੇਰੀ ਕਹੀ ਗੱਲ ਕਦੇ ਵੀ ਨਹੀਂ
ਟਾਲੀ ਸੀ। ਲਗਦੈ, ਤੁਸੀ ਮੇਰੇ ਨਾਲ ਗੁੱਸੇ ਹੋ ਜੀ। ਤੁਸੀ ਮੇਰੇ ਨਾਲ ਇੰਝ ਨਾ ਕਰੋ ਜੀ।
ਜੇ ਇੰਝ ਕਰੋਗੇ ਤਾਂ ਮੈਂ ਅਗਲਾ ਸਾਹ ਨਾ ਲੈ ਸਕਾਂਗੀ।’ ਉਹਦੇ ਅੱਖਾਂ ‘ਚ਼ੋ ਹੰਝੂਆ ਦਾ
ਦਰਿਆ ਵਹਿ ਤੁਰਦਾ।
ਚੰਦ ਕੌਰ ਦਾ ਦਿਨ ਬਦਿਨ ਸਿਹਤ ਪੱਖੋਂ ਨਿੱਘਰਦੇ ਜਾਣਾ ਰਤਨ ਸਿੰਘ ਲਈ ਵੱਡੀ ਚਿੰਤਾ ਦਾ
ਚਿੰਨ ਸੀ।
ਉਹ ਉਸ ਨੂੰ ਇਸ ਹਾਲਤ ਵਿਚ ਇਕ ਪਲ ਵੀ ਇਕੱਲਾ ਨਹੀਂ ਛੱਡ ਸਕਦਾ ਸੀ। ਰਤਨ ਸਿੰਘ ਉਦ੍ਹੇ
ਕਮਜ਼ੋਰ ਹੱਥਾਂ ਨੂੰ ਆਪਣੇ ਹੱਥਾਂ ‘ਚ ਲੈ ਕੇ ਪਲੋਸ ਰਿਹਾ ਸੀ, ਜਿਨ੍ਹਾਂ ਨੂੰ ਉਹ ਸਦਾ
‘ਛੋਟੇ ਹੱਥਾਂ ਦੀਆਂ ਵੱਡੀਆਂ ਬਰਕਤਾਂ’ ਕਹਿੰਦਾ ਆਇਆ ਸੀ। ਹੰਝੂ ਉਦ੍ਹੀਆਂ ਅੱਖਾਂ ‘ਚੋਂ
ਵੀ ਵਹਿ ਕੇ ‘ਬਰਕਤਾਂ ਵਾਲੇ ਹੱਥਾਂ’ ‘ਤੇ ਤਿੱਪ ਤਿੱਪ ਡਿੱਗ ਰਹੇ ਸੀ।
‘ਨਹੀਂ ਚੰਦ, ਇੰਝ ਨਾ ਕਹਿ। ਤੂੰ ਜਹਾਜ਼ ਦਾ ਸਫਰ ਕਰਨ ਜੋਗੀ ਹੋ ਲੈ, ਆਪਾਂ ਪੱਕੇ ਤੌਰ
ਤੇ ਆਪਣੇ ਘਰ ਵਾਪਸ ਚਲਾਂਗੇ। ਮੈਂ ਤੈਨੂੰ ਲੈ ਕੇ ਚੱਲੂੰਗਾ।’ ਰਤਨ ਸਿੰਘ ਬੜੀ ਮੁਸ਼ਕਲ
ਨਾਲ ਰੋਂਦਿਆਂ ਏਨਾ ਹੀ ਕਹਿ ਸਕਿਆ।
ਮੁਰਦਿਲੀ ਆਵਾਜ਼ ‘ਚ ਚੰਦ ਕੌਰ ਬੇਹੋਸ਼ੀ ‘ਚ ਬੋਲੀ, ‘ਦਾਰ ਜੀ, ਸ਼ੁਕਰ ਹੈ, ਤੁਸੀਂ
ਮੇਰਾ ਅੰਤਮ ਸਿਸਕਾਰ ਕਰ ਦਿੱਤਾ। ਮੇਰੇ ਹੱਥਾਂ ਤੇ ਗਰਮ ਗਰਮ ਸੇਕ ਪੁੱਜ ਰਿਹਾ। ਤੁਸੀ
ਮੇਰੀ ਰੱਖ ਲਈ। ਹੁਣ ਆਪਾਂ ਆਪਣੇ ਘਰ ਵਾਪਸੀ ਤਾਂ ਕਰ ਲਈ ਹੈ ਨਾ? ਮੈਂ ਹੁਣ ਆਰਾਮ ਨਾਲ
ਸੌਂ ਜਾਵਾਂਗੀ। ਫਿਕਰ ਨਾ ਕਰਨਾ, ਹੁਣ ਮੈਂ ਤੁਹਾਨੂੰ ਕਦੇ ਤੰਗ ਨਾ ਕਰਾਂਗੀ। ਭੁੱਲ ਚੁੱਕ
ਬਖ਼ਸ਼ਣਾ। ਤੁਹਾਡਾ ਸਦਾ ਰੱਬ ਰਾਖਾ ਰਹੇ।’
ਰਤਨ ਸਿੰਘ ਨੂੰ ਇਹ ਨਹੀਂ ਪਤਾ ਸੀ ਕਿ ਉਦ੍ਹਾ ‘ਚੰਦ’ ਤਾਂ ਉਹਦੀਆਂ ਅੱਖਾਂ ਦੇ ਸਾਹਮਣੇ
ਹੀ ਘੱਟਦਾ ਘੱਟਦਾ ਅਲੋਪ ਹੋ ਰਿਹਾ। ਉਹ ਜਿਸ ਘਰ ਦੀਆਂ ਗੱਲਾਂ ਕਰਦੇ ਸੀ, ਉਹ ਵੀ ਤਾਂ
ਆਪਣੇ ਮਾਲਿਕ ਦੀ ਉਡੀਕ ‘ਚ ਅੱਖਾਂ ਭਰੀ ਬੈਠਾ ਰਾਹ ਦੇਖਦਾ ਰਹਿੰਦਾ ਕਿ ਕਦੋ ਉਹ ‘ਬਰਕਤਾਂ
ਵਾਲੇ ਹੱਥ’ ਆ ਕੇ ਬੰਦ ਕੀਤਾ ਜਿੰਦਰਾ ਖੋਲਣ੍ਹ ਤਾਂ ਜੋ ਉਹ ਵੀ ਉਨ੍ਹਾਂ ਦੇ ਗਲ ਲਗ ਰੋਵੇ
ਤੇ ਦੱਸੇ ਕਿ ਘਰ ਵਸਦਿਆਂ ਦੇ ਦਿਲਾਂ ਦੀਆਂ ਖ਼ੁਸ਼ੀਆਂ ਨਾਲ ਧੜਕਦਾ, ਨਹੀਂ ਤਾਂ ਕਬਰਸਤਾਨ
ਸਮਾਨ ਹੁੰਦਾ। ਉਹ ਵੀ ਤਾਂ ਕਦੋ ਦਾ ਮਾਲਿਕ ਦੀ ਘਰ ਵਾਪਸੀ ਲੋਚੇ।
ਸੁਰਜੀਤ ਸਿੰਘ ਭੁੱਲਰ, ਅਮਰੀਕਾ
Ex-MD, Milkfed Verka Plants
(USA-602-715-2828)
surjitbhullar@hotmail.com |