ਚੁੰਨੀ ਲੜ ਬੱਧੇ ਸੁਪਨੇ
ਅਜੀਤ ਸਤਨਾਮ ਕੌਰ, ਲੰਡਨ       
 (24/05/2020)

ajit satnam


chunniਬਾਪੂ ਜਵਾਲਾ ਪ੍ਰਸਾਦ ਨੇ ਅਕਾਸ਼ ਵਿੱਚ ਜਾ ਰਹੇ ਜਹਾਜ਼ ਵੱਲ ਤੱਕਿਆ ਅਤੇ ਉਦਾਸ ਮਨ ਨਾਲ ਬੁੱਲ੍ਹਾਂ ਵਿੱਚ ਬੁੜਬੁੜਾਇਆ....."ਤੂੰ ਜਹਾਜ਼ ਚੜ੍ਹਨ ਦੀ ਕਾਹਲੀ ਕੀਤੀ ਏ, ਮੇਰੀਏ ਭਾਨੋ...!! ਆਪਾਂ ਤਾਂ ਇਕੱਠਿਆਂ ਨੇ ਪੰਧ ਮਾਰਨਾ ਸੀ, ਐਨੀ ਨਿਰਮੋਹੀ ਕਿਉਂ ਹੋ ਗਈ....?"

....ਬਾਪੂ ਜਵਾਲਾ ਪ੍ਰਸਾਦ ਪਰਿਵਾਰ ਵਿੱਚ ਸਾਰਿਆਂ ਲਈ ਹੀ "ਬਾਪੂ" ਸੀ। ਭਾਵੇਂ ਪੁੱਤਰ ਹੋਣ ਜਾਂ ਪੋਤਰੇ। ਉਮਰ ਦੇ ਹਿਸਾਬ ਨਾਲ ਉਸ ਦੀ ਦਿਮਾਗੀ ਹਾਲਤ ਬਹੁਤ ਤੰਦਰੁਸਤ ਸੀ। ਸਾਰਾ ਦਿਨ ਸਿਰਹਾਣੇ ਰੇਡੀਓ ਵੱਜਣਾ, ਉਸ ਦਾ ਹਰ ਰੋਜ਼ ਦਾ ਨਿਯਮ ਬਣ ਗਿਆ ਸੀ। ਬਾਪੂ ਗੱਲ-ਗੱਲ ਨਾਲ ਆਪਣੀ ਘਰਵਾਲੀ ਭਾਨੋਂ ਦੇ ਨਾਲ ਕੁਝ ਨਾ ਕੁਝ "ਟੱਕ-ਮਟੱਕਾ" ਲਾਈ ਰੱਖਦਾ ਸੀ। ਉਸ ਦਾ ਭਾਨੋ ਬਿਨਾ ਜਿਵੇਂ ਸਰਦਾ ਹੀ ਨਹੀਂ ਸੀ। ਪਰ ਭਾਨੋ ਦੇ ਮਨ ਦੀਆਂ ਕੁਝ ਰੀਝਾਂ ਹਜੇ ਵੀ ਸੱਖਣੀਆ ਹੀ ਸਨ, ਜਿਸ ਦਾ ਅਹਿਸਾਸ ਭਾਨੋਂ ਗੱਲੀਂ-ਬਾਤੀਂ ਕਰਵਾ ਹੀ ਦੇਦੀਂ ਸੀ। ਉਂਜ ਵੀ ਜਦੋਂ ਦੋ ਜੀਅ ਜੀਵਨ ਸਾਥੀ ਬਣ, ਇੱਕ-ਦੂਜੇ ਨਾਲ ਆ ਵਸਦੇ ਹਨ, ਤਾਂ ਬਹੁਤ ਸੁਭਾਵਿਕ ਹੈ ਕਿ ਉਨ੍ਹਾਂ ਦੀ ਪਸੰਦ, ਰੀਝਾਂ, ਮੁੱਦੇ ਵੱਖ-ਵੱਖ ਹੋਣ...ਪ੍ਰੰਤੁ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਦੇ ਮਨ ਨੂੰ ਫਰੋਲਿਆ ਹੀ ਨਹੀਂ ਜਾਂਦਾ। ਔਰਤ ਵਹਿੰਦੀ ਨਦੀ ਵਾਂਗ ਸਭ ਨੂੰ ਆਪਣੇ ਨਾਲ ਲਈ ਤੁਰੀ ਜਾਂਦੀ ਹੈ।

ਹਾਂ...!! ਪਰ ਘਰ ਵਿੱਚ ਬਾਪੂ ਨੇ ਆਪਣੀ "ਬੜ੍ਹਕ" ਵਾਲੀ ਪਛਾਣ ਜਰੂਰ ਬਣਾਈ ਹੋਈ ਸੀ। ਉਸ ਦੇ ਸਾਰੇ ਪਰਿਵਾਰ ਨੂੰ ਪਤਾ ਸੀ ਕਿ ਜੇ ਬਾਪੂ ਨੇ ਕੁਝ ਆਖ ਦਿੱਤਾ ਤਾਂ ਉਸ ਗੱਲ ਨੂੰ ਮੋੜਿਆ ਨਹੀਂ ਜਾ ਸਕਦਾ, ਕਿਉਂਕਿ ਬਾਪੂ ਨੇ ਜਵਾਨੀ ਵੇਲੇ ਮਿਹਨਤ ਕਰਕੇ ਬਹੁਤ ਜ਼ਮੀਨ ਜਇਦਾਦ ਬਣਾ ਲਈ ਸੀ। ਇਸ ਲਈ ਔਲਾਦ ਨੂੰ ਸਭ ਬਣਿਆ ਬਣਾਇਆ ਮਿਲ ਗਿਆ ਸੀ। ਇੰਜ ਪਰਿਵਾਰ 'ਤੇ ਰੋਅਬ ਪਾਉਣ ਦਾ ਪੂਰਾ ਇੰਤਜ਼ਾਮ ਬਾਪੂ ਜਵਾਲਾ ਪ੍ਰਸਾਦ ਨੇ ਕਰ ਰੱਖਿਆ ਸੀ। ਬਾਪੂ ਜੀ ਦਾ ਟੱਬਰ ਹਰਿਆ-ਭਰਿਆ ਸੀ। ਸਾਰੇ ਇੱਕ ਵੱਡੇ ਵਿਹੜੇ ਨਾਲ ਜੁੜੇ ਕਮਰਿਆਂ ਵਿੱਚ ਆਪਣੇ-ਆਪਣੇ ਪਰਿਵਾਰ ਨਾਲ ਅਨੰਦ ਅਤੇ ਸਕੂਨ ਵਿੱਚ ਬਸਰ ਕਰ ਰਹੇ ਸੀ। ਬਾਪੂ ਵੇਹੜੇ ਵਿੱਚ ਆਪਣੇ ਆਸਣ 'ਤੇ ਬਿਰਾਜ-ਮਾਨ ਹੋ, ਰੌਣਕ ਲਾਈ ਰੱਖਦਾ ਸੀ। ਆਪਣੇ ਪੋਤੇ-ਪੋਤੀਆਂ ਨਾਲ ਲਾਡ-ਪਿਆਰ ਕਰਦਿਆ, ਇੱਧਰ-ਉਧਰ ਦੀਆ ਸੁਣਾਈ ਜਾਣੀਆਂ, ਬਾਪੂ ਦਾ ਸੁਭਾਅ ਸੀ। ਸਾਰਾ ਦਿਨ ਬੇਬੇ ਨੂੰ ਅਵਾਜ਼ਾਂ ਮਾਰ-ਮਾਰ ਬਾਪੂ ਨੇ ਆਪਣੇ ਦੁਆਲੇ ਹੀ ਗੇੜੇ ਲੁਆਈ ਜਾਣੇ।

"...ਬਈ ਕੋਈ ਮੈਨੂੰ ਦੱਸੋ ਕਿ ਆਹ ਰੇਡੀਓ ਆਲੇ "ਕਰੋਨਾ-ਕਰੋਨਾ" ਦਾ ਰੌਲਾ ਪਾਈ ਜਾਂਦੇ ਨੇ...ਭਲਾ ਕੀ ਕਰੋ ਨਾ?  ਕਾਸ ਨੂੰ ਕਰਨ ਲਈ ਰੋਕੀ ਜਾਂਦੇ ਨੇ?" ਕਰੋਨਾ ਵਾਇਰਸ ਦੀ ਖ਼ਬਰ ਸੁਣ ਬਾਪੂ ਨੇ ਆਪਣੀ ਸ਼ੰਕਾ ਦੂਰ ਕਰਨ ਲਈ ਸਾਂਝਾ ਜਿਹਾ ਸਵਾਲ ਵੇਹੜੇ ਵਿੱਚ ਲਿਆ ਮਾਰਿਆ।

"ਚੱਲ ਬਾਪੂ ਤੇਰੇ ਰੇਡੀਓ ਸੁਣਨ ਦਾ ਆਹ ਇੱਕ ਫਾਇਦਾ ਤਾਂ ਹੈ ਕਿ ਤੈਨੂੰ ਖ਼ਬਰ ਸਾਰੀ ਪਤਾ ਹੁੰਦੀ ਹੈ, ਭਾਵੇਂ ਅੱਧੀ ਹੀ ਸਮਝ ਆਵੇ!!" ਬਾਪੂ ਦੇ ਸਭ ਤੋਂ ਵੱਡੇ ਪੁੱਤਰ ਸੋਮ ਨੇ, ਸਿਰ ਵਾਹ ਕੇ, ਕੰਘੀ ਸਾਫ਼ ਕਰਦੇ ਨੇ ਵਿਅੰਗ ਨਾਲ ਕਿਹਾ।

".....ਜਦੋਂ ਤਿੱਕ ਸਾਹ ਹਨ, ਆਲੇ-ਦੁਆਲੇ ਦਾ ਪਤਾ ਤਾਂ ਹੋਣਾ ਹੀ ਚਾਹੀਦੈ, ਬਈ...!" ਬਾਪੂ ਨੇ ਆਪਣੇ ਦਿਮਾਗ ਦੀ ਠੀਕ-ਠਾਕ ਚੱਲਣ ਦੀ ਸੂਚਨਾ ਜਿਹੀ ਦਿੱਤੀ। ਗੱਲ ਤਾਂ ਬਾਪੂ ਦੀ ਸਹੀ ਵੀ ਸੀ। ਛੋਟੇ ਪੁੱਤਰ ਬੁੱਧ ਨੇ ਚਾਹ ਪੀਂਦੇ ਹੋਏ ਗੱਲ-ਬਾਤ ਵਿੱਚ ਆਪਣੀ ਹਾਜ਼ਰੀ ਲੁਆਈ "ਬਾਪੂ ਜੀ, ਕੋਈ "ਵਾਇਰਸ" ਵਾਲੀ ਬਿਮਾਰੀ ਫ਼ੈਲ ਰਹੀ ਹੈ, ਇਸ ਲਈ ਕੋਈ ਕਿਸੇ ਨੂੰ ਨਾ ਮਿਲੋ-ਗਿਲੋ ਅਤੇ ਨਾ ਹੀ ਘਰਾਂ ਤੋਂ ਬਾਹਰ ਨਿਕਲੋ...!"

"...ਫੇਰ ਘਰ ਬੈਠ ਕੇ ਸਮਾਂ ਕਿਮੇ ਲੰਘੂ...?" ਆਹ ਪਾਬੰਦੀ ਸੁਣ ਕੇ ਬਾਪੂ ਨੂੰ  ਅੱਚਵੀ ਜਿਹੀ ਲੱਗ ਗਈ ਸੀ, ਸਿਰ 'ਤੇ ਬੱਧੇ ਸਾਫ਼ੇ ਨੂੰ ਖੋਲ੍ਹ ਕੇ ਦੁਬਾਰਾ ਬੰਨ੍ਹਦੇ ਹੋਏ ਜਵਾਲਾ ਪ੍ਰਸਾਦ ਨੇ ਪੁੱਛਿਆ। ਦਿਨ ਵਿੱਚ ਕਈ-ਕਈ ਵਾਰ ਘਰੋਂ ਬਾਹਰ ਗੇੜਾ ਮਾਰ ਕੇ ਪਿੰਡ ਦੀ, ਸ਼ਹਿਰ ਦੀਆਂ ਤਾਜ਼ਾ ਖ਼ਬਰਾਂ ਲਿਆ ਕੇ ਵੇਹੜੇ ਵਿੱਚ ਆ ਸੁਣਾਉਣੀਆਂ ਅਤੇ ਇੰਜ ਕਰਕੇ ਬਾਪੂ ਆਪਣੇ ਹਿੱਸੇ ਦਾ ਜਿਵੇਂ ਬਹੁਤ ਜਰੂਰੀ ਕੰਮ ਕਰੀ ਆਉਂਦਾ ਸੀ।

"...ਘਰੇ ਸਮਾਂ ਕਿਵੇਂ ਲੰਘੂ ਦਾ ਭਲਾ ਕੀ ਮਤਲਬ ਹੈ? ਜੇ ਬਿਮਾਰੀ ਫ਼ੈਲਦੀ ਹੈ ਤਾਂ ਤੇਰੀਆ ਟੰਗਾਂ ਨੂੰ ਜਿਆਦਾ ਖੁਰਕ ਹੁੰਦੀ ਹੈ...ਬਾਹਰ ਫ਼ਿਰਨ ਦੀ...?" ਬੇਬੇ ਨੇ ਬਾਪੂ ਦੀ ਗੱਲ ਤੋਂ ਖਿਝਦੇ ਹੋਏ ਕਿਹਾ ਅਤੇ ਆਪਣੀ ਮਲਮਲ ਦੀ ਚੁੰਨੀ ਦੀ ਕੰਨੀ ਨੂੰ ਗੰਢ ਲਾਈ। ਭਾਨੋ ਹਮੇਸ਼ਾ ਚੁੰਨੀ ਦੀ ਕੰਨੀ ਨੂੰ ਗੰਢ ਲਾ ਕੇ ਰੱਖਦੀ ਸੀ, ਪੁੱਛਣ 'ਤੇ ਬੇਬੇ ਆਖਦੀ ਸੀ ਕਿ ਆਹ ਮੇਰੇ ਕੁਝ ਸੁਪਨੇ ਹਨ, ਜੋ ਮੈਂ ਆਪਣੀ ਕੰਨੀ ਨਾਲ ਬੰਨ੍ਹ ਕੇ ਰੱਖਦੀ ਹਾਂ, ਕਿਸੇ ਦਿਨ ਪੂਰੇ ਹੋਏ ਤਾਂ ਕੰਨੀ ਖੋਲ੍ਹ ਦੇਊਂਗੀ।
 
"...ਪਰ ਦਿਨ-ਰਾਤ ਘਰੇ ਬੱਕਰੀਆਂ ਵਾਂਗ ਬੱਧੀ ਰਹਿ, "ਮੈਂ-ਮੈਂ" ਕਰੀ ਜਾਣਾ ਤਾਂ ਬਹੁਤ ਹੀ ਔਖਾ ਹੈ, ਬਈ...!!" ਬਾਪੂ ਨੂੰ ਸੋਚ ਕੇ ਹੀ ਗਸ਼ੀਆਂ ਪੈਣ ਲੱਗ ਪਈਆਂ।

ਬੇਬੇ ਨੇ ਆਪਣੀ ਕਿਸੇ ਦੱਬੀ ਇੱਛਾ ਤੋਂ ਢੱਕਣ ਲਾਹ ਬਾਪੂ ਨੂੰ ਕਟਾਕਸ਼ ਕੀਤਾ..."ਨਾ ਦੱਸੀਂ ਭਲਾਂ, ਜਦ ਦੀ ਤੇਰੇ ਘਰੇ ਆਈ ਹਾਂ, ਇਸੇ ਚਾਰ-ਦੁਆਰੀ ਵਿੱਚ ਹੀ ਸਾਰੀ ਉਮਰ ਕੱਟ ਦਿੱਤੀ, ਤਾਂ ਮੈਂ ਕੀ "ਬੱਕਰੀ" ਸਾਂ? ਤੂੰ ਮਹੀਨਾ, ਦੋ ਮਹੀਨੇ ਨਹੀਂ ਟਿਕ ਸਕਦਾ ਘਰੇ...ਹੂੰਅ....?" ਬੇਬੇ ਦੀ ਉਮਰ ਬਾਪੂ ਤੋਂ ਨੌਂ ਕੁ ਵਰ੍ਹੇ ਛੋਟੀ ਸੀ, ਕਿਉਂਕੀ ਭਾਨੋਂ ਜਵਾਲਾ ਪ੍ਰਸਾਦ ਦੀ ਦੂਜੀ ਘਰਵਾਲੀ ਸੀ। ਪਹਿਲੀ ਇੱਕ ਪੁੱਤਰ ਜੰਮਣ ਤੋਂ ਬਾਅਦ ਪ੍ਰਲੋਕ ਸਿਧਾਰ ਗਈ ਸੀ। ਭਾਨੋਂ ਸੌਹਰੇ ਘਰ ਵਿੱਚ ਪਹਿਲੀ ਔਰਤ ਸੀ, ਜਿਸ ਨੂੰ ਚਿੱਠੀ ਲਿਖਣੀ-ਪੜ੍ਹਨੀ ਆਉਂਦੀ ਸੀ। ਭਾਨੋਂ ਚਾਰ ਜਮਾਤਾ ਤੱਕ ਪੜ੍ਹੀ ਸੀ, ਇਸ ਲਈ ਕਿਸੇ ਚੰਗੇ ਨੌਕਰੀ ਵਾਲੇ ਨਾਲ ਵਿਆਹ ਚਾਹੁੰਦੀ ਸੀ। ਪਰ ਮਾਪਿਆਂ ਨੇ ਜਮੀਨ-ਜਾਇਦਾਦ ਵੇਖ ਕੇ ਜਵਾਲਾ ਪ੍ਰਸਾਦ ਨਾਲ ਵਿਆਹ ਦਿੱਤੀ। ਦੇਵਰ, ਜੇਠ, ਨਣਦਾਂ, ਪਹਿਲੀ ਸੌਕਣ ਤੋਂ ਇੱਕ ਪੁੱਤਰ, ਫ਼ੇਰ ਆਪਣੇ ਤਿੰਨ ਪੁੱਤਰ ਅਤੇ ਦੋ ਧੀਆਂ...ਸੱਸ-ਸੌਹਰਾ...ਨਵੀਂ ਵਿਆਹੀ ਖਿੜੀ ਭਾਨੋਂ, ਕਦੋਂ ਮੁਰਝਾ ਗਈ, ਉਸ ਨੂੰ ਵੀ ਪਤਾ ਨਹੀਂ ਲੱਗਿਆ? ਪਰ ਭਾਨੋਂ ਆਪਣੇ ਸੁਪਨਿਆਂ ਨੂੰ ਮਾਨਸਿਕ ਤੌਰ 'ਤੇ ਕਦੇ ਤਿਆਗ ਨਹੀਂ ਸਕੀ ਸੀ, ਜਿਸ ਦੀ ਕੁੜੱਤਣ ਉਸ ਦੀਆਂ ਗੱਲਾਂ ਚੋਂ ਅਕਸਰ ਝਲਕਦੀ ਸੀ।

"...ਭਾਨੋਂ, ਅੱਜ ਤੈਨੂੰ ਕੀ ਸੁੱਝਿਆ, ਤੀਮੀਆਂ ਨੇ ਕਿੱਥੇ ਜਾਣਾਂ ਹੁੰਦੈ?" ਇਤਨਾ ਆਖ ਕੇ ਬਾਪੂ ਬੜੀ ਗੌਰ ਨਾਲ ਆਪਣੀ ਘਰਵਾਲੀ ਭਾਨੋਂ ਵੱਲ ਵੇਖਣ ਲੱਗ ਪਿਆ। ਸ਼ਾਇਦ ਪਹਿਲੀ ਵਾਰ ਇਸ ਛੋਟੀ ਜਹੀ ਚਰਚਾ ਨੇ ਇੱਕ ਅਹਿਸਾਸ ਕਰਵਾ ਦਿੱਤਾ ਸੀ ਕਿ ਚਾਰ-ਦੀਵਾਰੀ ਕਿਸੇ ਲਈ ਵੀ "ਕੈਦ" ਦਾ ਅਹਿਸਾਸ ਕਰਵਾ ਸਕਦੀ ਹੈ, ਭਾਵੇਂ "ਆਹ ਤੇਰਾ ਘਰ ਹੈ" ਦਾ ਰਾਗ ਸਾਰੀ ਉਮਰ ਅਲਾਪੀ ਜਾਈਏ। ਸਾਰੇ ਜੁਆਕ ਘਰ ਦੀ ਚਾਰ-ਦੀਵਾਰੀ ਵਿੱਚ ਪਾਲ-ਪਲੋਸ ਕੇ ਵਿਆਹ ਦਿੱਤੇ, ਪਰ ਬਾਹਰ ਦੀ ਦੁਨੀਆਂ ਨੂੰ ਜਿਉਣ ਦੀ ਖ਼ਾਹਿਸ਼ ਹਜੇ ਵੀ ਕਿਤੇ ਬੇਬੇ ਦੇ ਮਨ ਵਿੱਚ ਬਾਕੀ ਸੀ। ਅੱਜ ਬਾਪੂ ਨੂੰ ਵੀ ਅਹਿਸਾਸ ਹੋ ਰਿਹਾ ਸੀ ਕਿ ਭਾਨੋਂ ਨੇ ਆਪਣੇ ਹਿੱਸੇ ਦੀ ਜ਼ਿੰਦਗੀ ਨੂੰ ਜੀਵਿਆ ਹੀ ਨਹੀਂ ਹੈ! ਬਾਪੂ ਜਿਵੇਂ ਕਿਸੇ ਗਹਿਰੀ ਸੋਚ ਵਿੱਚ ਡੁੱਬ ਗਿਆ ਸੀ। ਉਹ ਖ਼ਾਮੋਸ਼ ਹੋ ਆਪਣੇ ਹੱਥਾਂ ਨੂੰ ਬੇਵਜ੍ਹਾ ਰਗੜਨ ਲੱਗ ਪਿਆ, ਜਿਵੇਂ ਬੀਤੇ ਸਮੇਂ ਦਾ ਮਲਾਲ ਕਰ ਰਿਹਾ ਹੋਵੇ।

"ਮੈਂ ਜ਼ਰਾ ਬਾਹਰ ਜਾਣਾ, ਆਪਣੇ ਮੋਟਰਸਾਈਕਲ ਨੂੰ ਗੇੜਾ ਦੇਣ ਲਈ।" ਬਾਬੇ ਦੇ ਸਭ ਤੋਂ ਛੋਟੇ ਪੋਤੇ ਮੰਗਲੂ ਨੇ ਕਿਹਾ।

"ਟਿਕ ਕੇ ਘਰੇ ਰਹੋ...! ਕਿਤੇ ਨਹੀਂ ਜਾਣਾ, ਆਈ ਸਮਝ?" ਮੰਗਲੂ ਦੇ ਪਿਉ ਨੇ ਡੱਕਿਆ, "ਜਦ ਮੈਂ ਪਹਿਲਾਂ ਕਹਿੰਦਾ ਸੀ ਤਾਂ ਤੁਸੀਂ ਰੋਕਦੇ ਸੀ ਕਿ ਭੀੜ-ਭਾੜ ਹੁੰਦੀ ਹੈ, ਮੋਟਰਸਾਈਕਲ ਕਿਤੇ ਵੱਜ ਜਾਵੇਗਾ, ਪਰ ਹੁਣ ਤਾਂ ਸਾਰੇ ਪਾਸੇ ਸੜਕਾਂ ਖਾਲੀ ਨੇ...?" ਮੰਗਲੂ ਦੀ ਫੁੱਟਦੀ ਮੁੱਛ ਦੱਸਦੀ ਸੀ ਕਿ ਉਸ ਦੀ ਜ਼ਿਦ ਵਾਲੀ ਉਮਰ ਸੀ।

"ਹੁਣ ਸਰਕਾਰੀ ਫ਼ੁਰਮਾਨ ਹੈ ਕਿ ਬਾਹਰ ਨਹੀਂ ਜਾਣਾ, ਤੇਰੀ ਮੋਟਰਸਾਈਕਲ ਫੜ ਕੇ ਰੱਖ ਲੈਣਾ ਹੈ ਉਨ੍ਹਾਂ ਨੇ, ਫੇਰ ਝਾਕਦਾ ਫਿਰੀਂ।" ਮੰਗਲੂ ਦੇ ਪਿਉ ਨੇ ਝਿੜ੍ਹਕ ਕੇ ਚੁੱਪ ਕਰਵਾਇਆ। ਬਾਪੂ ਬਦਲੇ ਹਾਲਾਤ ਦੇਖ ਸੋਚ ਰਿਹਾ ਸੀ ਕਿ ਆਪਣੀ ਸਾਰੀ ਉਮਰ ਇਵੇਂ ਦਾ ਸਮਾਂ ਨਹੀਂ ਦੇਖਿਆ ਕਿ ਸਾਰੀ ਦੁਨੀਆਂ ਘਰਾਂ ਵਿੱਚ ਡੱਕੀ ਹੋਈ ਹੈ ਅਤੇ ਬਾਹਰ ਸਾਰੇ ਪਾਸੇ ਸੁੰਨ-ਵੈਰਾਨ ਪਈ ਹੈ।

....ਕੋਰੋਨਾ ਦੀ ਦਹਿਸ਼ਤ ਕਾਰਨ ਘਰਾਂ ਵਿੱਚ ਸੁਰੱਖਿਅਤ ਰਹਿਣ ਦਾ ਇਹ ਦੂਜਾ ਹਫ਼ਤਾ ਚੱਲ ਰਿਹਾ ਸੀ। ਸਮਾਂ ਬਹੁਤ ਧੀਮੀ ਗਤੀ ਨਾਲ ਬੀਤ ਰਿਹਾ ਸੀ, ਜਿਸ ਦਾ ਅਸਰ ਵੇਹਲੇ ਬੈਠੇ ਸਾਰੇ ਮਰਦਾਂ ਦੇ ਚਿਹਰਿਆ 'ਤੇ ਦਿਸਣ ਲੱਗ ਪਿਆ ਸੀ। ਬਾਪੂ ਦੇ ਸਾਰੇ ਪੁੱਤਰ ਸੌਂ-ਬੈਠ ਕੇ ਦਿਨ ਟਪਾ ਰਹੇ ਸਨ। ਬੱਚੇ ਦਿਨ ਵਿੱਚ ਕਈ-ਕਈ ਵਾਰ ਲੜ-ਝਗੜ ਕੇ ਫ਼ੇਰ ਇੱਕ-ਮਿੱਕ ਹੋ ਜਾਂਦੇ ਸਨ, ਪ੍ਰੰਤੂ ਸਭ ਤੋਂ  ਔਖਾ ਘਰ ਦੀਆਂ ਨੂੰਹਾਂ ਨੂੰ ਹੋ ਰਿਹਾ ਸੀ, ਕਿਉਂਕਿ ਘਰ ਵਿੱਚ ਸਾਰਾ ਦਿਨ ਮਰਦਾਂ ਦਾ ਹਾਜ਼ਰ ਰਹਿਣਾ "ਸੈਨਾਂ ਸਾਸ਼ਨ" ਵਾਂਗ ਹੀ ਔਖਾ ਸੀ। ਕੁਝ ਜ਼ਰੂਰੀ ਸਮਾਨ ਲੈਣ ਲਈ ਸਿਰਫ਼ ਬਾਪੂ ਦਾ ਵੱਡਾ ਪੁੱਤਰ ਸੋਮ ਹੀ ਬਾਹਰ ਜਾਂਦਾ ਅਤੇ ਸੁੱਚਾ ਜਿਹਾ ਹੋਣ ਲਈ ਵਾਪਸ ਆ ਕੇ ਪਹਿਲਾਂ ਸੁਆਰ ਕੇ ਹੱਥ ਧੋਂਦਾ ਅਤੇ ਫ਼ੇਰ ਇਸ਼ਨਾਨ ਕਰਦਾ।

ਵੀਹ ਕੁ ਦਿਨ ਹੋ ਗਏ ਸੀ, ਘਰ ਵਿੱਚ "ਕੈਦ" ਹੋਏ।
ਹੁਣ ਬਾਪੂ ਨੂੰ ਵੀ ਸੋਮ ਪੁੱਤਰ ਵਾਂਗ ਬਾਹਰ ਜਾਣ ਦੀ ਹਿੜਕ ਜੇਹੀ ਜਾਗੀ।

"...ਮੈਂ ਸੋਚਦਾ ਹਾਂ ਕਿ ਅੱਜ ਨੇੜੇ ਤੇੜੇ ਗੇੜਾ ਮਾਰ ਹੀ ਆਉਦਾ ਹਾਂ? ਬਈ ਮੇਰਾ ਤਾਂ ਘਰੇ ਦਮ ਘੁੱਟਦੈ...!" ਬਾਪੂ ਨੇ ਜਿਵੇਂ ਪਰਿਵਾਰ ਦੀ ਸਹਿਮਤੀ ਲੈਣ ਲਈ ਕਿਹਾ। 
"ਨਹੀਂ! ਕਿਸੇ ਨੇ, ਕਿਤੇ ਵੀ ਬਾਹਰ ਨਹੀਂ ਜਾਣਾ, ਬਾਅਦ 'ਚ ਡਾਕਟਰਾਂ ਦੇ ਗੇੜੇ ਨਹੀਂ ਕੱਢੇ ਜਾਣੇ ਸਾਥੋਂ...!" ਬਾਪੂ ਦੇ ਵਿਚਕਾਰਲੇ ਪੁੱਤ ਜੁਗਨੂੰ ਨੇ ਬੜੇ ਕੁਰੱਖ਼ਤ ਸ਼ਬਦਾਂ ਵਿੱਚ ਕਿਹਾ।

"ਸੋਮ ਵੀ ਤਾਂ ਜਾਂਦੈ ਬਾਹਰ ਸੌਦਾ ਪੱਤਾ ਲੈਣ...?" ਬਾਪੂ ਦਾ ਬੁਢੇਪਾ ਜਵਾਨੀ ਦੀ ਰੀਸ ਕਰ ਰਿਹਾ ਸੀ। ਆਪਣੇ ਬਾਪੂ ਦੀ ਬੇਵਸਾਹੀ ਨੂੰ ਸਮਝਦੇ ਹੋਏ ਸੋਮ ਨੇ ਕਿਹਾ, "ਠੀਕ ਹੈ, ਮੋਟਰਸਾਈਕਲ ਉੱਤੇ ਮੇਰੇ ਨਾਲ ਰਾਸ਼ਣ ਲੈਣ ਲਈ ਚਲੇ ਚੱਲੋ, ਪਰ ਮੂੰਹ ਉਤੇ "ਮਾਸਕ" ਪਾਉਣਾ ਪੈਣਾ ਅਤੇ ਬਾਹਰ ਕਿਸੇ "ਸ਼ੈਅ" ਨੂੰ ਹੱਥ ਨਹੀਂ ਲਾਉਣਾ...!" ਸੋਮ ਪੁੱਤਰ ਨੇ ਹਦਾਇਤ ਕੀਤੀ।

"ਠੀਕ ਹੈ ਬਈ!!" ਬਾਪੂ ਦੀਆਂ ਗੱਲ੍ਹਾਂ ਉਤੇ ਰੌਣਕ ਆ ਗਈ। ਮਿੰਨ੍ਹਾਂ ਜਿਹਾ ਮੁਸਕੁਰਾਉਂਦੇ ਹੋਏ ਬਾਪੂ ਨੇ ਹਦਾਇਤ ਮਨਜੂਰ ਕੀਤੀ। ਇੱਕ ਘੰਟੇ ਵਿੱਚ ਸੋਮ ਬਾਪੂ ਨੂੰ ਵਾਪਸ ਲੈ ਘਰ ਮੁੜ ਆਇਆ। "ਲਵੋ, ਪਹਿਲਾਂ ਹੱਥਾਂ ਨੂੰ "ਸੈਨੇਟਾਇਜ਼ਰ" ਨਾਲ ਸਾਫ਼ ਕਰੋ, ਫ਼ੇਰ ਘਰੇ ਕਿਸੇ ਚੀਜ਼ ਨੂੰ ਹੱਥ ਲਾਇਓ...!" ਘਰ ਵੜਦਿਆਂ ਹੀ ਸਭ ਤੋਂ ਵੱਡੀ ਪੋਤੀ ਕਮਲ ਨੇ ਕਿਹਾ।
"ਮੈਂ ਬਾਹਰ ਕਾਸੇ ਨੂੰ ਹੱਥ ਤਾਂ ਲਾਇਆ ਨਹੀਂ, ਕੁੜ੍ਹੇ...!" ਬਾਪੂ ਨੇ ਸਫ਼ਾਈ ਦਿੱਤੀ।

"ਮੈਂ ਕਹਿਦਾਂ ਹਾਂ ਬਾਪੂ ਜੀ, ਇੱਕ ਵਾਰ ਫ਼ੇਰ ਇਸ਼ਨਾਨ ਕਰ ਲਵੋ, ਇਹ ਬਾਹਰ ਜਾਣ ਦੀ ਸਜ਼ਾ ਹੈ...!!" ਛੋਟੇ ਪੁੱਤ ਦੇ ਬੇਟੇ ਦੀਨੂ ਨੇ ਬਾਪੂ ਦਾ ਮਜ਼ਾਕ ਬਣਾਇਆ। ਸਾਰੇ ਹਾਂਮ੍ਹੀ ਭਰਦੇ ਹੱਸਣ ਲੱਗ ਪਏ। ਭਾਨੋਂ ਵੀ ਵੱਡੀ ਨੂੰਹ ਕੋਲੋਂ ਪੀੜ੍ਹੀ ਤੋਂ ਉੱਠ ਕੇ ਜਵਾਲਾ ਪ੍ਰਸਾਦ ਨੇੜੇ ਆ ਗਈ। "ਹੁਣ ਤਾਂ ਠੰਡ ਪੈ ਗਈ ਹੋਣੀ ਹੈ? ਬਾਹਰ ਗੇੜਾ ਮਾਰ ਕੇ...??" ਭਾਨੋ ਦੀ ਗੱਲ ਵਿੱਚ ਤਿੱਖਾਪਣ ਸੀ। ਸ਼ਾਇਦ ਵੱਡੀ ਉਮਰੇ ਸੁਭਾਅ ਚਿੜਚਿੜਾ ਹੋ ਗਿਆ ਸੀ, ਜਾਂ ਜੀਵਨ ਵਿੱਚ ਕੁਝ ਖੁੰਝ ਜਾਣ ਦਾ ਮਲਾਲ ਸੁਭਾਅ ਦਾ ਹਿੱਸਾ ਬਣ ਗਿਆ ਸੀ?

"...ਪਰ੍ਹਾਂ ਮਾਰ ਆਹ "ਮਾਸਕ" ਅੱਧਾ ਮੂੰਹ ਢਕ ਕੇ ਮੇਰਾ ਤਾਂ ਮਨ ਹੀ ਕਾਹਲਾ ਪੈ ਗਿਆ, ਮੈਨੂੰ ਤਾਂ ਸਾਹ ਵੀ ਔਖਾ ਆਉਂਦਾ ਲੱਗਦੈ ਇਸ ਨਾਲ਼...!" ਬਾਪੂ ਨੇ ਮਾਸਕ ਲਾਹ ਕੇ ਬੇਬੇ ਨੂੰ ਖਿਝਦੇ ਹੋਏ ਫੜਾਇਆ।

ਬੇਬੇ ਨੂੰ ਬੜਾ ਵਧੀਆ ਮੌਕਾ ਮਿਲਿਆ ਕਿ ਕੁਝ ਆਪਣੇ ਮਨ ਦੀ ਕਹਿ ਲੈਣ ਦਾ, ਤਾਂ ਕਰਕੇ ਝੱਟ ਬੋਲੀ, "ਕੁਝ ਚਿਰ ਲਈ ਅੱਧਾ ਮੂੰਹ ਢਕਣ 'ਤੇ ਖਿਝ ਰਿਹਾ ਏਂ? ਮੇਰੀ ਤਾਂ ਸਾਰੀ ਜਵਾਨੀ ਹੀ ਘੁੰਡ ਵਿੱਚ ਮੂੰਹ ਢਕ ਕੇ ਗੁਜ਼ਰੀ ਹੈ...!" ਭਾਵੇਂ ਗੱਲ ਬੀਤੇ ਸਮੇਂ ਦੀ ਸੀ। ਪਰ ਬਾਪੂ ਨੂੰ ਅੰਦਰ ਕਿਤੇ ਫੱਟੜ ਕਰ ਗਈ ਸੀ। ਵਾਕਿਆ ਹੀ ਕਿੰਨੀ ਔਖਿਆਈ ਹੁੰਦੀ ਹੋਣੀ ਹੈ ਭਾਨੋ ਨੂੰ ਮੂੰਹ ਕੱਜ ਕੇ ਸਾਰੇ ਕੰਮ-ਕਾਜ ਕਰਦਿਆ? ਬਾਪੂ ਨੂੰ ਆਪਣੀ ਘਰਵਾਲੀ ਭਾਨੋਂ ਦੀ ਬੀਤੀ ਜਿੰæਦਗੀ ਦੀਆਂ ਔਕੜਾਂ ਕਾਰਨ ਮੋਹ-ਤੇਹ ਜਿਹਾ ਆਇਆ।

ਸਾਰੀ ਰਾਤ ਬਾਪੂ ਨੂੰ ਨੀਂਦ ਨਹੀਂ ਆਈ। ਮੈਂ ਏਸ ਉਮਰੇ ਭਾਨੋ ਨੂੰ ਕੀ ਖੁਸ਼ੀ ਦੇ ਸਕਦਾ ਹਾਂ...? ਬਾਪੂ ਪਾਸੇ ਮਾਰਦਾ ਸਵੇਰ ਹੋਣ ਦਾ ਇੰਤਜ਼ਾਰ ਕਰਦਾ, ਭਾਨੋ ਦੀਆਂ ਰੀਝਾਂ ਦਾ ਤਾਣਾ-ਬਾਣਾ ਬੁਣਨ ਲੱਗ ਪਿਆ...।

"ਭਾਈ ਮੈਨੂੰ ਆਹ ਦੱਸੋ, ਕਿ ਹਵਾਈ ਜਹਾਜ਼ 'ਤੇ ਸੈਰ ਕਿਵੇਂ ਕਰੀਦੀ ਆ? ਤੇਰੀ ਬੇਬੇ ਨੂੰ ਮੈਂ ਕਿਤੇ ਬਾਹਰ ਹੀ ਨੀ ਲੈ ਕੇ ਗਿਆ, ਸੋਚਦਾਂ ਕਿ ਇੱਕ "ਵਧੀਆ" ਸੈਰ ਕਰਵਾ ਦੇਵਾਂ...!" ਜਿਸ ਕਰਕੇ ਬਾਪੂ ਨੇ ਸਾਰੀ ਰਾਤ ਬੇਚੈਨੀ ਵਿੱਚ ਕੱਟੀ ਸੀ, ਉਸ ਦੀ ਯੋਜਨਾ ਵੇਹੜੇ ਵਿੱਚ ਬੈਠ ਸਵੇਰ ਦੀ ਚਾਹ ਦਾ ਮਜ਼ਾ ਲੈਂਦੇ ਹੋਏ ਪਰਿਵਾਰ ਨਾਲ ਸਾਂਝੀ ਕੀਤੀ। ਸਾਰੇ ਆਲੇ-ਦੁਆਲੇ ਬੈਠੇ ਆਪਣੀ-ਆਪਣੀ ਚਾਹ ਦੀਆਂ ਚੁਸਕੀਆਂ ਲੈ ਰਹੇ ਸਨ।

....ਮਾਹੌਲ ਵਿੱਚ ਅਜੀਬ ਜਹੀ ਖਾਮੋਸ਼ੀ ਛਾ ਗਈ, ਕਿਉਂਕਿ ਬਾਪੂ ਬੇਬੇ ਨਾਲ ਏਸ ਉਮਰੇ ਘੁੰਮਣ-ਫ਼ਿਰਨ ਦੀ "ਬਾਤ" ਪਾ ਰਿਹਾ ਸੀ।
"ਪਰ ਜਾਣਾ ਕਿੱਥੇ ਹੈ...?" ਛੋਟੇ ਪੁੱਤਰ ਨੇ ਬਾਪੂ ਦੀ ਇੱਛਾ ਨੂੰ ਵੇਲ ਵਾਂਗ ਅੱਗੇ ਤੋਰਿਆ।

"ਮੇਰਾ ਮਿੱਤਰ ਬਲਵੰਤ ਹੈਗਾ ਕਨੇਡਾ। ਓਹ ਜੋ ਨੀਲੀ ਕੋਠੀ ਦੇ ਨੁੱਕਰ 'ਤੇ ਘਰ ਹੈ, ਜਦ ਵੀ ਪਿੰਡ ਆਉਂਦਾ ਹੈ, ਆਖ ਕੇ ਜਾਂਦਾ ਹੈ ਕਿ ਕਦੇ ਮੇਰੇ ਕੋਲ ਗੇੜਾ ਮਾਰ....ਮੈਂ ਕੱਲ੍ਹ ਰਾਤ ਸੋਚ ਲਿਆ ਕਿ ਤੇਰੀ ਬੇਬੇ ਨੂੰ ਕਨੇਡਾ ਘੁੰਮਾ ਦੇਵਾਂ, ਤਾਂ ਉਸ ਦੀਆਂ ਕੁਝ ਰੀਝਾਂ ਦੀ ਪੂਰਤੀ ਹੋ ਜਾਊਗੀ...!" ਬਾਪੂ ਨੇ ਆਸ਼ਕਾਂ ਵਾਲੀ ਅੱਖ ਨਾਲ ਆਪਣੀ ਘਰਵਾਲੀ ਭਾਨੋਂ ਵੱਲ ਨਜ਼ਰ ਮਾਰੀ। ਬਾਪੂ ਨੇ ਸ਼ਾਇਦ ਸਾਰੀ ਉਮਰੇ ਪਹਿਲੀ ਵਾਰ ਹੀ ਭਾਨੋਂ ਬਾਰੇ ਸੋਚਿਆ ਸੀ। ਇਸ ਲਈ ਰਾਤੋ-ਰਾਤ ਸਾਰੀ ਰੂਪ-ਰੇਖਾ ਹੀ ਉਲੀਕ ਦਿੱਤੀ। ਭਾਨੋਂ ਮੋਹ ਵਿੱਚ ਗੋਤੇ ਲਾਉਂਦੀ, ਬੀਤੀ ਜਿੰਦਗੀ ਦੀਆਂ ਸਾਰੀਆਂ ਸ਼ਿਕਾਇਤਾਂ ਨੂੰ ਮੇਟਦੀ ਹੋਈ, ਬਾਪੂ ਨੂੰ ਇੱਕ ਟੱਕ ਨਿਹਾਰ ਰਹੀ ਸੀ, ਜਿਵੇਂ ਅੱਜ ਹੀ ਸੌਹਰੇ ਘਰ ਆਈ ਹੋਵੇ।

"ਇੰਨਾ ਸੋਚ ਲਿਆ ਹੈ!!.... ਫ਼ੇਰ ਤਾਂ ਬਾਪੂ ਕਨੇਡਾ ਜਾ ਕੇ ਛੱਡੂ, ਪਰ ਹਜੇ "ਕੋਵੇਂਟਾਇਨ" ਚੱਲ ਰਿਹਾ ਹੈ, ਇਸ ਲਈ ਸਭ ਕੁਝ ਠੀਕ ਹੋਣ ਦਾ ਇੰਤਜ਼ਾਰ ਕਰੋ।" ਭੀਮਾ ਛੋਟੇ ਪੁੱਤਰ ਦਾ ਵੱਡਾ ਬੇਟਾ ਬੋਲਿਆ। ਜੋ ਇਸ ਵੇਲੇ ਕਾਲਜ ਵਿੱਚ ਪੜ੍ਹ ਰਿਹਾ ਸੀ।

"...ਆਹ "ਕੋਵੇਂਟਾਇਨ" ਕੀ ਹੁੰਦੀ ਹੈ ਹੁਣ...? ਪਹਿਲਾਂ ਤਾਂ "ਕਰੋਨਾ" ਗਾਈ ਜਾਂਦੇ ਸੀ?" ਬਾਪੂ ਆਪਣੀ ਕੈਨੇਡਾ ਯਾਤਰਾ ਦਾ ਲੰਮਾ ਇੰਤਜ਼ਾਰ ਨਹੀਂ ਸੀ ਚਾਹੁੰਦਾ। ਬਾਪੂ ਨੇ ਆਪਣੀ ਐਨਕ ਨੂੰ ਨੀਂਵਾਂ ਜਿਹਾ ਕਰ ਭੀਮੇ ਨੂੰ ਸਿੱਧਾ ਝਾਕਦੇ ਹੋਏ ਪੁੱਛਿਆ।

"ਬਾਪੂ, ਬਾਹਰ ਨਹੀਂ ਜਾਣਾ, ਇਸ ਲਈ "ਘਰ ਵਿੱਚ ਰਹੋ ਅਤੇ ਸੁਰੱਖਿਅਤ ਰਹੋ" ਦੇ ਕਾਨੂੰਨ ਨੂੰ "ਕੋਵੇਂਟਾਇਨ" ਆਖਦੇ ਹਨ। "ਕਰੋਨਾ" ਦੀ ਬਿਮਾਰੀ ਕਰਕੇ ਸਰਕਾਰ ਨੇ ਇਹ ਆਦੇਸ਼ ਦਿੱਤਾ ਹੈ...!" ਜੁਗਨੂੰ ਪੁੱਤਰ ਦੇ ਬੇਟੇ ਚੰਨੇ ਨੇ ਸਮਝਾਇਆ ਅਤੇ ਬਾਪੂ ਦੇ ਪਿੱਛੇ ਖਲੋਅ ਉਸ ਦੇ ਮੋਢੇ ਘੁੱਟਣ ਲੱਗ ਪਿਆ।

"...............।" ਬਾਪੂ ਨੇ ਸਿਰਫ਼ ਸਿਰ ਹਿਲਾ ਕੇ ਗੱਲ ਸਮਝਣ ਦੀ ਸਹਿਮਤੀ ਦਿੱਤੀ ਅਤੇ ਫੇæਰ ਸੋਚਣ ਲੱਗ ਪਿਆ, "ਚੱਲ, ਜਿੱਥੇ ਸਾਰੀ ਉਮਰ ਇੰਤਜ਼ਾਰ ਕੀਤਾ ਹੈ, ਤਾਂ ਆਹ ਕੁਝ ਚਿਰ ਹੋਰ ਸਹੀ।"

..... ਹੁਣ ਤਾਂ "ਕੋਰੋਨਾ" ਦੀ ਕੈਦ ਦੇ ਸਮੇਂ ਨੂੰ ਬਾਪੂ ਸੁਪਨਿਆਂ ਵਿੱਚ ਆਪਣੇ ਨਾਲ ਬੇਬੇ ਭਾਨੋਂ ਨੂੰ, ਕਦੇ ਜਹਾਜ਼ ਵਿੱਚ ਤਾਂ ਕਦੇ ਕੈਨੇਡਾ ਵਿੱਚ ਵੇਖ, ਆਪਣੇ ਮਨ ਦੇ ਫੁਰਨਿਆਂ ਨੂੰ ਮਾਣ ਰਿਹਾ ਸੀ। ਬਾਪੂ ਦੀਆਂ ਅੱਖਾਂ ਦੀ ਚਮਕ ਤੋਂ ਇੰਜ ਲੱਗਦਾ ਸੀ ਕਿ ਇਨਸਾਨ ਦੀਆਂ ਇੱਛਾਵਾਂ ਦਾ ਕੱਦ ਉਮਰ ਨਾਲੋਂ ਕਿਤੇ ਵੱਡਾ ਹੁੰਦਾ ਹੈ, ਬੱਸ ਕੋਸ਼ਿਸ਼ ਦੀ ਲੋੜ ਹੁੰਦੀ ਹੈ।  ਸ਼ਾਇਦ ਸਾਰੀ ਉਮਰ ਬਾਪੂ ਜਵਾਲਾ ਪ੍ਰਸਾਦ ਨੂੰ ਨਹੀਂ ਪਤਾ ਲੱਗਿਆ ਕਿ ਸਿਰਫ਼ 'ਮਨ' ਕਰਕੇ ਘੁੰਮਣਾ-ਫ਼ਿਰਨਾ ਵੀ ਜ਼ਿੰਦਗੀ ਦਾ ਹਿੱਸਾ ਹੋ ਸਕਦਾ ਹੈ?

....ਚਿੱਟਾ ਦਿਨ ਚੜ੍ਹ ਆਇਆ, ਪਰ ਅੱਜ ਭਾਨੋ ਜਾਗੀ ਨਹੀਂ ਸੀ। ਬਾਪੂ ਨੇ ਬੇਬੇ ਕੋਲ ਜਾ ਉਸ ਦਾ ਮੋਢਾ ਹਿਲਾ ਕੇ ਜਗਾਉਣਾ ਚਾਹਿਆ। ਪਰ ਭਾਨੋਂ ਦੇ ਪ੍ਰਾਣ-ਪੰਖੇਰੂ ਵਾਲਾ ਜਹਾਜ਼ "ਉਡਾਰੀ ਮਾਰ" ਚੁੱਕਿਆ ਸੀ। ਬਾਪੂ ਜਵਾਲਾ ਪ੍ਰਸਾਦ ਨੇ ਧਾਹ ਮਾਰੀ...."ਨੀ....ਮੇਰੀਏ ....ਭਾ...ਅ....ਨੋਂ....!!"

ਧਾਹ ਸੁਣ ਕੇ ਸਾਰਾ ਪਰਿਵਾਰ ਦੌੜਿਆ ਆਇਆ। ਬੇਬੇ ਸਦੀਵੀ ਚੁੱਪ ਧਾਰ, ਇੱਕ ਲਾਸ਼ ਬਣੀ ਪਈ ਸੀ। ਕਮਰੇ ਦੇ ਦ੍ਰਿਸ਼ ਨੇ ਸਾਰੇ ਪਰਿਵਾਰ ਨੂੰ ਝਟਕਾ ਦਿੱਤਾ....ਬੇਬੇ ਤੁਰ ਗਈ ਸੀ.....!

"ਕੋਵੇਂਟਇਨ" ਦੇ ਚੱਲਦਿਆਂ ਅਖ਼ੀਰੀ ਰੀਤੀ-ਰਿਵਾਜਾਂ ਨੂੰ ਬਹੁਤਾ ਖਿੱਚਿਆ ਨਹੀਂ ਸੀ ਜਾ ਸਕਦਾ। ਪੂਰੇ ਪਰਿਵਾਰ ਵਿੱਚ ਰੋਣਾ-ਧੋਣਾ ਮੱਚਿਆ ਹੋਇਆ ਸੀ। ਦਿਨ ਢਲਣ ਦੇ ਨਾਲ-ਨਾਲ ਅੰਤਿਮ ਸਸਕਾਰ ਦੀ ਤਿਆਰੀ ਚੱਲ ਰਹੀ ਸੀ। ਪਰ ਪਤਾ ਨਹੀਂ ਕਿਵੇਂ ਆਹ ਟੀ ਵੀ ਅਤੇ ਅਖਬਾਰਾਂ ਵਾਲਿਆਂ ਨੂੰ ਪਤਾ ਲੱਗ ਗਿਆ। "ਕਰੋਨਾ" ਦੇ ਚੱਲਦਿਆਂ ਹਰ ਮੌਤ ਦਾ ਵੇਰਵਾ ਲੈ, ਰਿਕਾਰਡ ਬਣਾਏ ਜਾ ਰਹੇ ਸਨ। ਬਾਪੂ ਆਪਣੀ ਘਰਵਾਲੀ ਭਾਨੋਂ ਦੇ ਸਿਰਹਾਣੇ ਬੈਠਾ ਵਿਰਲਾਪ ਕਰ ਰਿਹਾ ਸੀ, ਰੋ-ਰੋ ਨਿਢਾਲ ਹੋ ਰਿਹਾ ਸੀ। ਮੀਡੀਆ ਵਾਲਿਆਂ ਨੇ ਆ ਕੇ ਸਾਰੇ ਪਰਿਵਾਰ ਤੋਂ ਭਾਨੋ ਦੀ ਮੌਤ ਦੀ ਜਾਣਕਾਰੀ ਲਈ। ਫੇæਰ ਆਪਣਾ ਵੇਰਵਾ ਕੱਢ ਬਾਪੂ ਜਵਾਲਾ ਪ੍ਰਸਾਦ ਨੂੰ ਸੁਣਾਇਆ....

"ਬਾਪੂ ਜੀ ਤੁਸੀਂ ਤਿੰਨ ਦਿਨ ਪਹਿਲਾਂ ਬਾਹਰ ਗਏ ਸੀ, ਆ ਕੇ ਆਪਣਾ "ਮਾਸਕ" ਬੇਬੇ ਭਾਨੋ ਨੂੰ ਦਿੱਤਾ...ਤੁਹਾਡੇ ਤੋਂ ਹੀ ਆਹ "ਕਰੋਨਾ" ਦਾ ਵਾਇਰਸ ਭਾਨੋਂ ਜੀ ਕੋਲ ਪਹੁੰਚਿਆ। ਕੀ ਕਹਿਣਾ ਚਾਹੋਗੇ ਤੁਸੀਂ....?" ਗੋਲੀ ਵਰਗਾ ਸਵਾਲ ਬਾਪੂ ਦੇ ਸੀਨੇ ਨੂੰ ਚੀਰ ਗਿਆ। ਹੰਝੂਆਂ ਕਰਕੇ ਲਾਲ ਹੋਈਆਂ ਅੱਖਾਂ ਨੂੰ ਬਾਪੂ ਜੀ ਨੇ ਉਪਰ ਚੁੱਕਿਆ। ਭਾਨੋ ਦੇ ਖਾਮੋਸ਼ ਪਏ ਸਰੀਰ ਨੂੰ ਵੇਖਦਾ ਹੋਇਆ ਜਾਰੋ-ਜਾਰ ਧਾਹਾਂ ਮਾਰਨ ਲੱਗ ਪਿਆ....

"ਹਾਂ....ਹਾਂ.... ਮੈਂ ਆਪਣੀ ਭਾਨੋ ਦਾ ਗੁਨਾਂਹਗਾਰ ਹਾਂ.... ਪਰ ਆਹ "ਕਰੋਨਾ" ਤਾਂ ਮੈਂ ਉਸ ਬਿਚਾਰੀ ਨੂੰ ਪੰਜਾਹ ਸਾਲ ਪਹਿਲਾਂ ਹੀ ਦੇ ਦਿੱਤਾ ਸੀ। ਘੁੰਡ ਵਰਗੇ ਮਾਸਕ ਵਿੱਚ....ਦੋ-ਚਾਰ ਮਹੀਨੇ ਨਹੀਂ, ਬਲਕਿ ਆਪਣੀ ਸਾਰੀ ਜਵਾਨੀ ਕੱਢ ਗਈ। ਮੇਰੀ ਭਾਨੋਂ ਐਨੇ ਵੱਡੇ ਟੱਬਰ ਦੇ ਪੇਟ ਨੂੰ ਭਰਨ ਲਈ ਚੁੱਲ੍ਹੇ ਮੂਹਰੇ ਬੈਠ ਪਕਾਉਂਦੀ ਰਹੀ ਅਤੇ ਧੂੰਏ ਨਾਲ ਲਗਾਤਾਰ 'ਖੰਘਦੀ' ਹੋਈ ਅੱਖਾਂ ਦੇ ਪਾਣੀ ਨੂੰ ਪੂੰਝਦੀ ਰਹੀ।....ਹਾਏ!! ਮੇਰੀ ਭਾਨੋ ਤਾਂ ਸਾਰੀ ਉਮਰੇ ਇਸ ਚਾਰ-ਦੀਵਾਰੀ ਵਿੱਚ "ਕੋਵੇਂਟਾਇਨ" ਹੀ ਰਹੀ। ਲੋਕਾਂ ਨੇ ਤਾਂ ਹੁਣ ਰੌਲਾ ਪਾਇਆ 'ਕਰੋਨਾ' ਦਾ,... ਮੈਂ ਚਾਰ ਦਿਨ ਪਹਿਲਾਂ ਨਹੀਂ, ਬਲਕਿ ਨਵੀਂ ਵਿਆਹੀ ਆਈ ਭਾਨੋਂ ਨੂੰ ਕਰੋਨਾ ਦੇ ਦਿੱਤਾ ਸੀ ....ਹਾਏ ਓਏ... ਭਾਨੋ ਮੈਨੂੰ ਮਾਫ਼ ਕਰ ਦੇਵੀਂ....

 ਮੇ...ਰਿ...ਆ ...ਰੱਬਾ...!!!" ਬਾਪੂ ਨੂੰ ਸੰਭਾਲਣਾ ਬਹੁਤ ਔਖਾ ਹੋ ਰਿਹਾ ਸੀ। ਕੋਈ ਪਾਣੀ ਪਿਲਾ ਰਿਹਾ ਸੀ, ਤੇ ਕੋਈ ਸਹਾਰਾ ਦੇ ਰਿਹਾ ਸੀ। ਪਰ ਅੱਜ ਬਾਪੂ ਜਵਾਲਾ ਪ੍ਰਸਾਦ ਕਿਸੇ ਪਛਤਾਵੇ ਦੀ ਅਗਨੀ ਵਿੱਚ ਤਪ ਰਿਹਾ ਸੀ, ਜਿਸ ਦਾ ਸੇਕ ਸਿਰਫ਼ ਉਹੀ ਮਹਿਸੂਸ ਕਰ ਸਕਦਾ ਸੀ...। ਬਾਪੂ ਨੇ ਆਪਣਾ ਹੱਥ ਵਧਾ ਭਾਨੋਂ ਦੀ ਚੁੰਨੀ ਦੀ ਕੰਨੀ ਨਾਲ ਲੱਗੀ ਗੰਢ ਨੂੰ ਖੋਲ੍ਹ ਕੇ ਭਾਨੋਂ ਦੇ "ਸੁਪਨੇ" ਨੂੰ ਅਜ਼ਾਦ ਕਰ ਦਿੱਤਾ....।

ਅਗਲੇ ਦਿਨ ਨੂੰ ਚੜ੍ਹਣ ਤੋਂ ਕੌਣ ਰੋਕ ਸਕਦਾ ਸੀ? ਬਾਪੂ ਜੀ ਨੂੰ ਬਾਹਰ ਫੱਟੇ 'ਤੇ ਬਿਠਾਇਆ, ਕਿਉਂਕਿ ਕਮਰੇ ਦੇ "ਕਰੋਨਾ" ਨੂੰ "ਸੇਨੇਟਾਈਜ਼" ਕਰਨਾ ਸੀ। ਹਮੇਸ਼ਾ ਵਾਂਗ ਰੇਡੀਓ 'ਤੇ ਖ਼ਬਰਾਂ ਚੱਲ ਰਹੀਆਂ ਸਨ....

"....ਪਿੰਡ ਸਨੌਰ ਵਿੱਚ ਇੱਕ ਔਰਤ ਭਾਨੋਂ ਦੀ "ਕਰੋਨਾ" ਨਾਲ ਮੌਤ.... ਭਰੋਸੇਯੋਗ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ "ਕਰੋਨਾ" ਉਸ ਨੂੰ ਆਪਣੇ ਪਤੀ ਜਵਾਲਾ ਪ੍ਰਸਾਦ ਤੋਂ ਮਿਲਿਆ ਸੀ.... ਤੇ ਕੋਰੋਨਾ ਪੀੜਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ....!!" ਖ਼ਬਰ ਸੁਣ ਕੇ ਉਸ ਦੇ ਨਿਰਬਲ ਕੰਨ ਬੋਲੇ ਹੋਣ ਵਾਲੇ ਹੋਏ ਪਏ ਸਨ। ਬਾਪੂ ਨੇ ਹੰਝੂਆਂ ਨਾਲ ਨੱਕੋ-ਨੱਕ ਭਰੀਆਂ ਅੱਖਾਂ ਨਾਲ ਰੇਡੀਓ ਵੱਲ ਵੇਖਿਆ। ਫ਼ੇਰ ਦੁਬਾਰਾ ਅੱਖਾਂ ਚੁੱਕ ਅਕਾਸ਼ ਵੱਲ ਤੱਕਿਆ। ਪਰ ਭਾਨੋਂ ਦਾ ਜਹਾਜ਼ ਅਲੋਪ ਹੋ ਗਿਆ ਸੀ, ਪ੍ਰੰਤੂ ਇੱਕ ਪਤਲੀ ਜਹੀ ਯਾਦਾਂ ਦੀ ਲੀਕ ਅਕਾਸ਼ ਵਿੱਚ ਛੱਡ ਗਿਆ ਸੀ...। ਅਸਮਾਨ ਵਿੱਚ ਦਿਸਦੀ ਉਸ ਲੀਕ ਵਰਗੀ ਹੀ ਇੱਕ ਹੋਰ ਲੀਕ ਉਸ ਦੇ ਦਿਲ ਉਪਰ ਉਕਰੀ ਜਾ ਰਹੀ ਸੀ ਅਤੇ ਹਰ ਦੁੱਖ-ਸੁਖ ਵਿੱਚ ਸਾਥ ਰਹੀ ਜੀਵਣ ਸਾਥਣ ਦੇ ਵਿਛੋੜੇ ਦੇ ਸੰਤਾਪ ਨਾਲ ਉਸ ਅੰਦਰੋਂ ਵੈਰਾਗ ਦੀਆਂ ਹੂਕਾਂ ਉਠ ਰਹੀਆਂ ਸਨ। ਉਸ ਦਾ ਖੰਭ ਲਾ ਕੇ ਆਪਣੀ ਭਾਨੋਂ ਕੋਲ ਉਡ ਜਾਣ ਨੂੰ ਜੀਅ ਕਰਦਾ ਸੀ। ਪਰ ਕਿੱਧਰ ਨੂੰ...? ਭਾਨੋਂ ਕੋਈ ਪਤਾ ਜਾਂ ਸਿਰਨਾਵਾਂ ਤਾਂ ਦੇ ਕੇ ਹੀ ਨਹੀਂ ਗਈ ਸੀ...! ਉਹ ਭਾਨੋਂ ਦੀ ਘਸਮੈਲੀ ਜਿਹੀ ਚੁੰਨੀ ਨੂੰ ਲੱਭ ਰਿਹਾ ਸੀ, ਜਿਸ ਦੀ ਕੰਨੀ ਨਾਲ ਉਹ ਆਪਣੇ ਸਿਰਜੇ ਸੁਪਨਿਆਂ ਨੂੰ ਗੰਢ ਮਾਰ ਕੇ ਰੱਖਦੀ ਸੀ...!

 
 

ਨੱਨ੍ਹੀ ਕਹਾਣੀ >>          ਹੋਰ ਕਹਾਣੀਆਂ  >>    


 
  chunniਚੁੰਨੀ ਲੜ ਬੱਧੇ ਸੁਪਨੇ
ਅਜੀਤ ਸਤਨਾਮ ਕੌਰ, ਲੰਡਨ  
88ਲਾਈਲੱਗ
ਸ਼ਿਵਚਰਨ ਜੱਗੀ ਕੁੱਸਾ, ਲੰਡਨ  
ਤਾਲਾਬੰਦੀਤਾਲਾ-ਬੰਦੀ
ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ  
086ਲੇਡੀ ਪੋਸਟ
ਅਜੀਤ ਸਤਨਾਮ ਕੌਰ, ਲੰਡਨ  
085ਕਸ਼ਮੀਰ ਘਾਟੀ
ਸ਼ਿਵਚਰਨ ਜੱਗੀ ਕੁੱਸਾ, ਲੰਡਨ
084ਕਿਧਰੇ ਦੇਰ ਨਾ ਹੋ ਜਾਏ
ਡਾ: ਦੇਵਿੰਦਰ ਪਾਲ ਸਿੰਘ, ਕੈਨੇਡਾ
corona2ਕਰੋਨਾ.......ਕਰੋਨਾ......ਗੋ ਅਵੇ​"
ਡਾ: ਦੇਵਿੰਦਰ ਪਾਲ ਸਿੰਘ, ਕੈਨੇਡਾ
parjati"ਪੁੱਤ, ਕਦੇ ਇੱਕ ਮਾਨੁੱਖ ਪ੍ਰਜਾਤੀ ਹੁੰਦੀ ਸੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ 
ਬੁਰਕੇ ਹੇਠਲਾ ਸੱਚ
ਅਜੀਤ ਸਤਨਾਮ ਕੌਰ, ਲੰਡਨ 
ਸ਼ਹੀਦ
ਡਾ. ਨਿਸ਼ਾਨ ਸਿੰਘ ਰਾਠੌਰ 
ਰਾਈ ਦਾ ਪਹਾੜ
ਗੁਰਪ੍ਰੀਤ ਕੌਰ ਗੈਦੂ, ਯੂਨਾਨ   
078ਬਿਖ਼ਰੇ ਤਾਰਿਆਂ ਦੀ ਦਾਸਤਾਨ
ਅਜੀਤ ਸਤਨਾਮ ਕੌਰ, ਲੰਡਨ 
ਈਰਖਾ ਤੇ ਗੁੱਸਾ
ਗੁਰਪ੍ਰੀਤ ਕੌਰ ਗੈਦੂ, ਯੂਨਾਨ
ਤੀਸਰਾ ਨੇਤਰ
ਅਜੀਤ ਸਤਨਾਮ ਕੌਰ, ਲੰਡਨ 
ਉਧਾਰੀ ਮਮਤਾ ਦਾ ਨਿੱਘ
ਅਜੀਤ ਸਤਨਾਮ ਕੌਰ, ਲੰਡਨ 
ਮਸ਼ੀਨੀਮਸ਼ੀਨੀ ਅੱਥਰੂ
ਮਖ਼ਦੂਮ ਟੀਪੂ ਸਲਮਾਨ  
maaਅਣਗੌਲ਼ੀ ਮਾਂ
ਅਜੀਤ ਸਤਨਾਮ ਕੌਰ, ਲੰਡਨ
stationਸਟੇਸ਼ਨ ਦੀ ਸੈਰ
ਅਜੀਤ ਸਿੰਘ ਭੰਮਰਾ, ਫਗਵਾੜਾ
pippalਪਿੱਪਲ ਪੱਤੀ ਝੁਮਕੇ
ਅਜੀਤ ਸਤਨਾਮ ਕੌਰ, ਲੰਡਨ 
ਬਚਪਨ ਦੇ ਬੇਰ
ਅਜੀਤ ਸਿੰਘ ਭੰਮਰਾ
kanjkanਅੱਲਾਹ ਦੀਆਂ ਕੰਜਕਾਂ
ਅਜੀਤ ਸਤਨਾਮ ਕੌਰ, ਲੰਡਨ
"ਮਿਆਊਂ -ਮਿਆਊਂ"
ਗੁਰਪ੍ਰੀਤ ਕੌਰ ਗੈਦੂ, ਯੂਨਾਨ
ਖੋਜ
ਅਨਮੋਲ ਕੌਰ, ਕਨੇਡਾ  
athruਬੋਲਦੇ ਅੱਥਰੂ
ਅਜੀਤ ਸਤਨਾਮ ਕੌਰ  
ਚਸ਼ਮ ਦੀਦ ਗੁਵਾਹ
ਰਵੇਲ ਸਿੰਘ ਇਟਲੀ
ਕੂੰਜਾਂ ਦਾ ਕਾਫ਼ਲਾ
ਅਜੀਤ ਸਤਨਾਮ ਕੌਰ  
lahuਇਹ ਲਹੂ ਮੇਰਾ ਹੈ
ਅਜੀਤ ਸਤਨਾਮ ਕੌਰ  
chachaਚਾਚਾ ਸਾਧੂ ਤੇ ਮਾਣਕ
ਬਲਰਾਜ ਬਰਾੜ, ਕਨੇਡਾ
susਸੱਸ ਬਨਾਮ ਮਾਂ
ਰੁਪਿੰਦਰ ਸੰਧੂ, ਮੋਗਾ 
hoshਹੋਸ਼
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
teeyanਤੀਆਂ ਤੀਜ ਦੀਆਂ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਚਾਨਣ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
nashaਨਸ਼ੇ ਦੀ ਲੱਤ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਘਰ ਦਾ ਰਖਵਾਲਾ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
ਤੀਰ ਜਾਂ ਤੁੱਕਾ
ਸ਼ਿਵਚਰਨ ਜੱਗੀ ਕੁੱਸਾ, ਲੰਡਨ 
pipalਰੌਣਕੀ  ਪਿੱਪਲ
ਕੁਲਵਿੰਦਰ ਕੌਰ ਮਹਿਕ, ਮੁਹਾਲੀ 
udeekਉਡੀਕ ਅਜੇ ਬਾਕੀ ਹੈ...
ਪਰਮਿੰਦਰ ਕੌਰ, ਅੰਬਾਲਾ 
ਕੰਨਿਆ- ਪੂਜਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
ਆਈਸੋਲੇਟਿਡ ਵਾਰਡ
ਰਿੰਪੀ ਖਿਲਨ, ਦਿੱਲੀ
ਬਹੁਤੀ ਬੀਤੀ ਥੋੜ੍ਹੀ ਰਹਿ ਗਈ
ਸੰਦੀਪ ਕੁਮਾਰ ਨਰ, ਬਲਾਚੌਰ
"ਮੈਂ ਹੈ ਤਾਂ ਹੈਗੀ...!"
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਗੱਲਾਂ ਦੀ ਮੌਤ
ਅਨਮੋਲ ਕੌਰ, ਕਨੇਡਾ
ਰਾਜੇ ਸ਼ੀਂਹ ਮੁਕੱਦਮ ਕੁੱਤੇ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਖੌਫ਼ਨਾਕ ਇਰਾਦਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਬੁਝਦੇ ਦੀਵੇ ਦੀ ਲੋਅ
ਵਰਿੰਦਰ ਕੌਰ ਰੰਧਾਵਾ, ਬਟਾਲਾ
ਆਥਣ ਦਾ ਹੌਂਕਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਦੋ ਮੂੰਹਾਂ
ਵਰਿੰਦਰ ਕੌਰ ਰੰਧਾਵਾ, ਬਟਾਲਾ
ਮਜਬੂਰ
ਸੱਤੀ ਅਟਾਲਾਂ ਵਾਲਾ
ਇਸ਼ਕ
ਵਰਿੰਦਰ ਕੌਰ ਰੰਧਾਵਾ, ਬਟਾਲਾ
ਲਾਚਾਰ
ਸੰਦੀਪ ਕੁਮਾਰ
ਸੂਰਜ ਮੰਡਲ ਤੋਂ ਵਿਸ਼ਾਲ
ਅਮਨਦੀਪ ਸਿੰਘ, ਅਮਰੀਕਾ
ਝੁਰੜੀਆਂ ਵਿੱਚੋਂ ਝਲਕਦੀ ਮਮਤਾ
ਅਜੀਤ ਸਤਨਾਮ ਕੌਰ
ਮੀਨਾ ਬੂਟੀਕ
ਅਜੀਤ ਸਿੰਘ ਭੰਮਰਾ ਫਗਵਾੜਾ
ਸੁੱਕੇ ਖੂਹ ਦੀ ਮੌਣ
ਸ਼ਿਵਚਰਨ ਜੱਗੀ ਕੁੱਸਾ
ਸਮੇਂ ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ
ਬੁੱਢੀ ਦਾਦੀ
ਸਰੁੱਚੀ ਕੰਬੋਜ, ਫਾਜਿਲਕਾ
 ਨੱਥ ਪਾਉਣੀ
ਅਨਮੋਲ ਕੌਰ, ਕਨੇਡਾ
ਸੰਸਾਰ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਲੱਛੂ ਭੂਤ
ਰਵੇਲ ਸਿੰਘ ਇਟਲੀ
ਦਾਦਾ ਜੀ ਚਲੇ ਗਏ
ਰਵੇਲ ਸਿੰਘ ਇਟਲੀ
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ
ਵਲੈਤੀ ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਜੀਵਨ ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ
ਬਿੱਲੀਆਂ
ਲਾਲ ਸਿੰਘ ਦਸੂਹਾ
ਸਭ ਅੱਛਾ ਹੈ
ਅਨਮੋਲ ਕੌਰ, ਕਨੇਡਾ
ਬੋਹੜ ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ
ਚਿੱਟੀ ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ
ਤੈਨੂੰ ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ
ਓਦੋਂ ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ
ਜ਼ਿੰਦਗੀ ਦੀ ਜੂਹ
ਭਿੰਦਰ ਜਲਾਲਾਬਾਦੀ, ਯੂ ਕੇ
ਫੇਸਬੁੱਕ
ਅਨਮੋਲ ਕੌਰ, ਕਨੇਡਾ
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ
ਕਿਹਨੂੰ, ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ
ਝਾੜੂ
ਗੁਰਮੇਲ ਬੀਰੋਕੇ, ਕਨੇਡਾ
ਧੰਦਾ ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ
ਅੰਮ੍ਰਿਤ ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਖੂਹ ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ
ਘਰ ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਸੋਗ
ਰੂਪ ਢਿੱਲੋਂ, ਲੰਡਨ
ਉਹ ਮੂਵ ਹੋ ਗਈ
ਅਨਮੋਲ ਕੌਰ, ਕਨੇਡਾ
ਗੋਲਡੀਲੌਕਸ ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ (1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ
baybus1ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ
ਵੇ ਲੋਕੋ
ਅਨਮੋਲ ਕੌਰ, ਕਨੇਡਾ
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ
 

hore-arrow1gif.gif (1195 bytes)


Terms and Conditions
Privacy Policy
© 1999-2019,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2019,  5abi.com