ਰਾਜੇ ਸ਼ੀਂਹ ਮੁਕੱਦਮ ਕੁੱਤੇ
ਸ਼ਿਵਚਰਨ ਜੱਗੀ ਕੁੱਸਾ, ਲੰਡਨ


1977 ਦੀ ਗੱਲ ਹੈ। ਨੈਕਸਲਾਈਟ ਲਹਿਰ ਜ਼ੋਰਾਂ ‘ਤੇ ਸੀ। ਗ੍ਰਿਫ਼ਤਾਰੀਆਂ ਅਤੇ ਮੁਕਾਬਲੇ ਧੜਾ-ਧੜ ਹੋ ਰਹੇ ਸਨ। ਗਰਮ ਖਿਆਲੀ ਨੌਜਵਾਨਾਂ ‘ਤੇ ਪੁਲੀਸ ਵੱਲੋਂ ਕਰੜੀ ਨਜ਼ਰ ਰੱਖੀ ਜਾ ਰਹੀ ਸੀ। ਪੁੱਛ-ਗਿੱਛ ਵੀ ਕੀਤੀ ਜਾਂਦੀ ਸੀ। ਇਹਨਾਂ ਦਿਨਾਂ ਵਿਚ ਇਕ “ਰਗੜਾ” ਤਾਂ ਤਕਰੀਬਨ ਹਰ ਕਾਲਜੀਏਟ ‘ਤੇ ਲੱਗ ਚੁੱਕਾ ਸੀ। “ਘੋਟਣੇਂ” ਦੀ ਤਕਨੀਕ ਪੁਲੀਸ ਵੱਲੋਂ ਤਕਰੀਬਨ ਉਦੋਂ ਹੀ ਸ਼ੁਰੂ ਕੀਤੀ ਗਈ ਸੀ।

ਅਜੇ ਸੁਬਾਹ ਦੇ ਚਾਰ ਹੀ ਵੱਜੇ ਸਨ। ਗਰੰਥੀ ਅਜੇ ਬੋਲਿਆ ਨਹੀਂ ਸੀ। ਸ਼ਾਇਦ ਜਾਗ ਨਹੀਂ ਖੁੱਲ੍ਹੀ ਸੀ। ਤੇਜਾ ਮੰਜੇ ਵਿਚ ਪਿਆ ਪਲਸੇਟੇ ਮਾਰ ਰਿਹਾ ਸੀ। ਉਸ ਨੂੰ ਖ਼ੁਦ ਨੂੰ ਨਹੀਂ ਪਤਾ ਸੀ ਕਿ ਉਸ ਦੀ ਨੀਂਦ ਐਨੇ ਸਾਝਰੇ ਕਿਉਂ ਖੁੱਲ੍ਹ ਗਈ ਸੀ? ਖ਼ੈਰ! ਫਿਰ ਪਤਾ ਨਹੀਂ ਉਹ ਕਦੋਂ ਸੌਂ ਗਿਆ?

ਤਕਰੀਬਨ ਸੱਤ ਕੁ ਵਜੇ ਤੇਜੇ ਦੀ ਅੱਖ ਖੁੱਲ੍ਹੀ।
ਸ਼ਾਇਦ ਜੀਪ ਦੇ ਖੜਕੇ ਨਾਲ ਖੁੱਲ੍ਹੀ ਸੀ, ਜੋ ਉਹਨਾਂ ਦੇ ਦਰਵਾਜੇ ਅੱਗੇ ਆ ਕੇ ਰੁਕੀ ਸੀ।
ਜੀਪ ਪੁਲਸ ਦੀ ਭਰੀ ਹੋਈ ਸੀ।
ਅਚਾਨਕ ਤੇਜੇ ਕਾ ਦਰਵਾਜਾ ਖੜਕਿਆ।
-"ਵੇ ਕੌਣ ਐਂ...?" ਮਧਾਣੀਂ ਰੋਕ ਕੇ ਤੇਜੇ ਦੀ ਮਾਂ ਨੇ ਪੁੱਛਿਆ।

-"ਬਾਰ ਤਾਂ ਖੋਲ੍ਹੋ, ਹੁਣੇਂ ਪਤਾ ਲੱਗ ਜਾਂਦੈ...!" ਕਿਸੇ ਸਿਪਾਹੀ ਦੀ ਘਰੋੜਵੀਂ ਅਵਾਜ਼ ਸੀ। ਅਵਾਜ਼ ਵਿਚ ਸਰਕਾਰੀ ਰੋਅਬ ਸੀ। ਪੀਤੇ ਹੋਏ ‘ਡੋਡਿਆਂ’ ਦਾ ਤਹਿਤ ਸੀ।

ਮਾਂ ਨੇ ਦਰਵਾਜਾ ਖੋਲ੍ਹਿਆ। ਚਾਰ ਸਿਪਾਹੀ ਅਤੇ ਹੌਲਦਾਰ ਡਾਂਗਾਂ ਖੜਕਾਉਂਦੇ ਅੰਦਰ ਆ ਗਏ। ਤੇਜੇ ਨੂੰ ਇਤਨਾ ਕਹਿ ਕੇ ਗ੍ਰਿਫ਼ਤਾਰ ਕਰ ਲਿਆ, "ਕੱਲ੍ਹ ਨੂੰ ਸਾਹਿਬ ਨੇ ਆਉਣੈਂ, ਤੇ ਤੇਰੇ ਨਾਲ ਕੋਈ ਜ਼ਰੂਰੀ ਗੱਲਬਾਤ ਕਰਨੀ ਐਂ!" ਸ਼ਾਇਦ ਉਹਨਾਂ ਦਾ ਇਸ਼ਾਰਾ ਡੀ. ਐੱਸ਼. ਪੀ. ਵੱਲ ਸੀ। ਤੇਜਾ ਮੋਗੇ ਦੇ ਡੀ. ਐੱਮ. ਕਾਲਜ ਦਾ ਵਿਦਿਆਰਥੀ ਸੀ ਅਤੇ ਉਸ ਦੇ ਸਬੰਧ ਨੈਕਸਲਾਈਟਾਂ ਨਾਲ ਦੱਸੇ ਜਾਂਦੇ ਸਨ।

-"ਵੇ ਭਾਈ! ਮੇਰੇ ਪੁੱਤ ਨੇ ਕੀਤਾ ਕੀ ਐ?" ਮਾਂ ਬੱਗੀ ਪੂਣੀਂ ਵਰਗੀ ਹੋਈ ਖੜ੍ਹੀ, ਕੰਬੀ ਜਾ ਰਹੀ ਸੀ।
-"ਬਥੇਰਾ ਕੁਛ ਕੀਤੈ ਮਾਈ!" ਹੌਲਦਾਰ ਬੋਲਿਆ।
-"ਇਹ ਚਰਮਖ਼ ਜੀ ਜਿੰਨਾਂ ਉੱਪਰ ਐ, ਉਨਾਂ ਈ ਧਰਤੀ ‘ਚ ਐ।" ਇਕ ਸਿਪਾਹੀ ਨੇ ਘੁੱਟੇ ਮੱਥੇ ਨੂੰ ਹੋਰ ਕਸ ਲਿਆ। ਇਕ ਮੁੱਛ ਨੂੰ ਵੱਟ ਚਾੜ੍ਹ-ਚਾੜ੍ਹ ਕੇ ਉਸ ਨੇ ਲੜਾਕੇ ਜਹਾਜ਼ ਦੀ “ਤੂਈ” ਵਾਂਗ ਬਣਾਇਆ ਹੋਇਆ ਸੀ।
-"ਇਹਨੂੰ ਪੁਲਸ ਆਲਿਆਂ ਵਿਰੁੱਧ ਲਿਖਣ ਦਾ ਹਲਕ ਉਠਦੈ!" ਤੀਜਾ ਅਸਲੀਅਤ ਦੱਸਣੋਂ ਨਾ ਰਹਿ ਸਕਿਆ। ਤੇਜਾ ਕਦੇ-ਕਦੇ ਪੁਲਸ ਦੀਆਂ ਕਰਤੂਤਾਂ ਅਖ਼ਬਾਰਾਂ ਵਿਚ ਝਰੀਟ ਦਿੰਦਾ ਸੀ।

-"ਇਹ ਲਿਖਾਰੀ ਜੇ ਤਾਂ ਪੁਲਸ ਨੂੰ ਲੇਡੀ ਸੈਕਲ ਈ ਸਮਝਦੇ ਐ, ਬਈ ਜਿੱਧਰ ਨੂੰ ਦਿਲ ਕੀਤਾ, ਲੱਤ ਦੇ ਲਈ।" ਤੇ ਸਿਪਾਹੀ ਨੇ ਤੇਜੇ ਨੂੰ ਹੱਥਕੜੀ ਲਾ ਕੇ ਜੀਪ ਵਿਚ ਬਿਠਾ ਲਿਆ।
ਜੀਪ ਤੁਰ ਗਈ।
ਬੇਬੇ ਖੜ੍ਹੀ ਕੰਬ ਰਹੀ ਸੀ।

ਹੱਡਾਂਰੋੜੀ ਵਾਲਾ ਮੋੜ ਮੁੜ ਕੇ ਜੀਪ ਸੜਕ ਪੈ ਗਈ। ਸੜਕ ‘ਤੇ ਤੁਰੇ ਆ ਰਹੇ ਇਕ ਅਮਲੀ ਨੇ ਪੁਲਸ ਦੀ ਜੀਪ ਤੱਕ ਕੇ ਟਲਣ ਦੀ ਕੋਸ਼ਿਸ਼ ਕੀਤੀ ਅਤੇ ਉਹ ਸੜਕੋਂ ਉਤਰ ਕੇ ਖੇਤਾਂ ਵਿਚ ਨੂੰ ਸਿੱਧਾ ਹੋ ਗਿਆ।

-"ਉਰ੍ਹੇ ਆ ਉਏ ਧੀ ਦੇਣਿਆਂ...!" ਜੀਪ ਰੁਕਵਾ ਕੇ ਹੌਲਦਾਰ ਨੇ ਕੋਰੜਾ ਛੰਦ ਪੜ੍ਹਿਆ। ਅਮਲੀ ਕੂੰਗੜ ਕੇ ਪਾਈਏ ਕੁ ਦਾ ਹੀ ਰਹਿ ਗਿਆ ਸੀ। ਬੁੱਲ੍ਹ ਸੁੱਕ ਗਏ ਸਨ ਅਤੇ ਧੌਣ ਕੱਛੂਕੁੰਮੇਂ ਵਾਂਗ ਕੋਟੀ ਵਿਚ ਨੂੰ ਵੜ ਗਈ ਸੀ।

-"ਸਾਨੂੰ ਦੇਖ ਕੇ ਕਿੱਧਰ ਨੂੰ ਰੇਬੀਏ ਪੈ ਚੱਲਿਆ ਸੀ ਉਏ ਮਾਂ ਦਿਆ ਯਾਰਾ?" ਜੀਪ ‘ਚੋਂ ਉਤਰ ਕੇ ਸਿਪਾਹੀ ਨੇ ਅਮਲੀ ਦੇ ਥੱਪੜ ਮਾਰਿਆ।
-"ਜੀ ਜੰਗਲ ਪਾਣੀਂ ਜਾਣ ਦਾ ਇਰਾਦਾ ਬਣਿਆਂ ਸੀ।" ਅਮਲੀ ਦਾ ਚਿਹਰਾ ਪੀਲ਼ਾ ਪੈ ਗਿਆ।
-"ਤੇ ਆਇਆ ਕਿੱਥੋਂ ਐਂ?"
-"ਮਾਈ ਬਾਪ! ਛੋਟੀ ਭਰਜਾਈ ਕੋਲੇ ਕਾਕੈ, ਤੇ ਉਹਨੂੰ ਪੰਜੀਰੀ ਦੇ ਕੇ ਆਇਐਂ।"
-"ਬੱਲੇ...!" ਇਕ ਸਿਪਾਹੀ ਦੇ ‘ਭਰਜਾਈ’ ਦੇ ਨਾਂ ਨੂੰ ਕੁਤਕੁਤੀਆਂ ਨਿਕਲੀਆਂ ਸਨ।
-"ਚੁੱਲ੍ਹੇ ‘ਚ ਝੋਕਾ ਲਾਉਣ ਦਾ ਸ਼ੌਕੀਨ ਇਹ ਵੀ ਲੱਗਦੈ ਜੀ!" ਇਕ ਸਿਪਾਹੀ ਹੌਲਦਾਰ ਦੀਆਂ ਅੱਖਾਂ ਵਿਚ ਹੱਸਿਆ।
-"ਹੈ ਭਰਜਾਈ ਨਾਲ ਕੋਈ ਅੱਟੀ ਸੱਟੀ?"
-"ਮਾਈ ਬਾਪ ਆਹ ਗੱਲ ਨਾ ਆਖੋ! ਇੱਕੋ ਇੱਕ ਮੇਰਾ ਭਾਈ ਸੀ, ਬਿਚਾਰਾ ਗੁਜਰ ਗਿਆ, ਆਹ ਮਸਾਂ ਪ੍ਰਮਾਤਮਾ ਨੇ ਉਹਦੇ ਮਰਨ ਮਗਰੋਂ ਖ਼ੁਸ਼ੀ ਦਿੱਤੀ ਐ, ਮਹੀਨੇ ਬਾਅਦ! ਨਾਲੇ ਮਾਪਿਓ ਉਹ ਤਾਂ ਬਿਚਾਰੀ ਮੇਰੀ ਧੀਆਂ ਅਰਗੀ ਐ।" ਅਮਲੀ ਡੁਸਕ ਪਿਆ।

-"ਸਾਲਾ ਖੇਖਣ ਕਿਵੇਂ ਕਰਦੈ? ਪੰਜੀਰੀਆਂ ਦੇ-ਦੇ ਆਉਂਦੈ, ਦੁੱਧ ਧੋਤਾ ਇਹ ਵੀ ਨ੍ਹੀ!"
-"ਇਹਨੂੰ ਜੀਪ ‘ਚ ਲੱਦੋ! ਇਹਨੂੰ ਠਾਣੇਂ ‘ਚ ਈ ਕਰਾਂਗੇ ਇਹਦੇ ਭਤੀਜੇ ਦੀ ਪਾਰਟੀ।" ਕਸਾਈਆਂ ਨੂੰ ਵੇਚੀ ਜਾ ਚੁੱਕੀ ਮੱਝ ਵਾਂਗ ਫੜ ਕੇ ਅਮਲੀ ਨੂੰ ਜੀਪ ਵਿਚ ਚਾੜ੍ਹ ਲਿਆ ਗਿਆ।

ਜੀਪ ਅਜੇ ਬੌਡੇ ਟੱਪੀ ਹੀ ਸੀ ਕਿ ਸਾਹਮਣਿਓਂ ਸ਼ਹਿਰ ਵੱਲੋਂ ਸਵਾਰੀਆਂ ਨਾਲ ਭਰਿਆ ਟੈਂਪੂ ਆ ਰਿਹਾ ਸੀ। ਹੌਲਦਾਰ ਨੇ ਹੱਥ ਦੇ ਕੇ ਰੋਕ ਲਿਆ।

-"ਇਹ ਕਿਵੇਂ ਗੰਨਿਆਂ ਮਾਂਗੂੰ ਲੱਦੀਐਂ ਉਏ?" ਉਸ ਨੇ ਸਵਾਰੀਆਂ ਵੱਲ ਉਂਗਲ ਕਰ ਕੇ ਕਿਹਾ।
-"ਥੋਨੂੰ ਕਿਸੇ ਕੰਜਰ ਦਾ ਡਰ ਈ ਨ੍ਹੀਂ ਰਿਹਾ?"
-"ਕਾਨੂੰਨ ਨੂੰ ਤਾਂ ਧੱਕੀ ਜਾਂਦੇ ਐ, ਜਿੱਥੋਂ ਨਿਕਲਿਐ!" ਦੂਜੇ ਸਿਪਾਹੀ ਨੇ ਹਿਲਦਾ ਕਿੱਲਾ ਠੋਕਿਆ।
-"ਐਹੋ ਜੇ ਕੰਜਰ ਨੂੰ ਤਾਂ ਫੜ ਕੇ ਸਿੱਟਿਆ ਹੋਵੇ ਹਵਾਲਾਤ ‘ਚ ਤੇ ਹਫ਼ਤਾ ਬਾਹਰਲੀ ਹਵਾ ਈ ਨਾ ਲੁਆਵੇ! ਫੇਰ ਐਹੋ ਜਿਆਂ ਦੀ ਸੁਰਤ ਟਿਕਾਣੇਂ ਆਉਂਦੀ ਐ!" ਤੀਜੇ ਨੇ ਰਹਿੰਦੀ ਕਸਰ ਵੀ ਕੱਢ ਦਿੱਤੀ। ਪਰ ਟੈਂਪੂ ਡਰਾਈਵਰ ਵੀ ਪੰਜਾਂ ਪੱਤਣਾਂ ਦਾ ਤਾਰੂ ਸੀ। ਉਸ ਦਾ ਵੀ ਤਕਰੀਬਨ ਹਰ ਰੋਜ਼ ਹੀ ਪੁਲਸ ਨਾਲ ਵਾਹ ਪੈਂਦਾ ਸੀ। ਉਸ ਨੇ ਸਿਪਾਹੀ ਨੂੰ ਚੋਰ ਅੱਖ ਮਾਰੀ।

-"ਤੁਸੀਂ ਇਕ ਆਰੀ ਮੇਰੇ ਕਾਗਤ ਪੱਤਰ ਤਾਂ ਚੈੱਕ ਕਰ ਲਵੋ, ਜੇ ਗਲਤ ਹੋਏ, ਚਾਹੇ ਫਾਹੇ ਲਾ ਦਿਓ!" ਤੇ ਉਹ ਖੰਘਦਾ ਜਿਹਾ ਸਿਪਾਹੀ ਨੂੰ ਇਕ ਪਾਸੇ ਲੈ ਗਿਆ। ਕੁਝ ਪਲਾਂ ਵਿਚ ਹੀ ਉਹ ਕੋਈ ‘ਗਿੱਟ-ਮਿੱਟ’ ਕਰਕੇ ਵਾਪਸ ਆ ਗਏ। “ਕਾਰਵਾਈ” ਹੋ ਚੁੱਕੀ ਸੀ।
-"ਚਲੋ ਜੀ! ਇਹਨੇ ਅੱਜ ਮੁਆਫ਼ੀ ਮੰਗ ਲਈ, ਤੇ ਕਹਿੰਦਾ ਅੱਗੇ ਤੋਂ ਐਹੋ ਜੀ ਗਲਤੀ ਨ੍ਹੀ ਕਰਦਾ, ਤੇ ਬਾਕੀ ਆਪਣਾ ਕਾਗਜ਼ ਪੱਤਰ ਸਭ ਠੀਕ ਐ।" ਸਿਪਾਹੀ ਨੇ ਹੌਲਦਾਰ ਵੱਲ ਵਿਸ਼ੇਸ਼ ਨਜ਼ਰ ਨਾਲ ਤੱਕ ਕੇ "ਸਭ ਠੀਕ ਐ" ‘ਤੇ ਕਾਫ਼ੀ ਜ਼ੋਰ ਲਾ ਦਿੱਤਾ ਸੀ।
-"ਚੱਲ ਭੱਜ ਏਥੋਂ! ਮੁੜ ਕੇ ਗਲਤੀ ਨਾ ਕਰੀਂ! ਨਹੀਂ ਸਾਲਿਆ ਮਾਰ-ਮਾਰ ਰੈਂਗੜੇ ਪੱਸਲੀਆਂ ‘ਚ ਚਿੱਬ ਪਾ ਦਿਆਂਗੇ!" ਹੌਲਦਾਰ ਜੀਪ ਵਿਚ ਬੈਠ ਗਿਆ।

ਟੈਂਪੂ ਤੁਰ ਗਿਆ। ਸ਼ਾਇਦ ਡਰਾਈਵਰ “ਅੱਛਾ ਜੀ” ਕਹਿਣਾ ਵੀ ਹੁਣ ਤਕਲੀਫ਼ ਮੰਨਦਾ ਸੀ।

ਫ਼ੋਕਲ ਪੁਆਇੰਟ ਕੋਲੋਂ ਦੀ ਜੀਪ ਗੁਜ਼ਰਨ ਲੱਗੀ ਤਾਂ ਉਥੇ ਲੋਕਾਂ ਦਾ ਕਾਫ਼ੀ ਇਕੱਠ ਮਾਰਿਆ ਹੋਇਆ ਸੀ। ਦੋ ਆਦਮੀ ਛਿੱਤਰੋ-ਛਿੱਤਰੀ ਹੋ ਰਹੇ ਸਨ। ਲੜਨ ਵਾਲਿਆਂ ਵਿਚ ਇਕ ਸੋਫ਼ੀ ਅਤੇ ਦੂਜੇ ਦੀ ਸਵੇਰੇ ਹੀ ਪੀਤੀ ਹੋਈ ਸੀ। ਸ਼ਾਇਦ ਅਨਾਜ ਚੰਗੇ ਭਾਅ ਵਿਕਿਆ ਸੀ। ਪੁਲਸ ਦੀ ਜੀਪ ਦੇਖ ਕੇ ਸੋਫ਼ੀ ਤਾਂ ਭੱਜ ਗਿਆ, ਪਰ ਸ਼ਰਾਬੀ ਨੂੰ ਦੋ ਸਿਪਾਹੀਆਂ ਨੇ ਗਲੋਂ ਜਾ ਫੜਿਆ। ਉਸ ਦੇ ਪੰਜ-ਸੱਤ ਘਸੁੰਨ ਮਾਰ ਕੇ ਪਟੜੇ ਵਾਂਗ ਜੀਪ ਵਿਚ ਲਿਆ ਸੁੱਟਿਆ। ਪੱਗ ਉਸ ਦੀ ਸਿਪਾਹੀਆਂ ਦੇ ਪੈਰਾਂ ਵਿਚ ਜਾ ਡਿੱਗੀ ਸੀ।

-"ਕੀ ਇਹਨਾਂ ਨੇ ਦੇਸ਼ ‘ਚ ਗੰਦ ਪਾਇਐ! ਜਦੋਂ ਚਾਰ ਪੈਸੇ ਜੇਬ ‘ਚ ਆ ਜਾਂਦੇ ਐ, ਫੇਰ ਕੁੱਤੇ ਲੋਕ ਅਸਮਾਨ ਨੂੰ ਲੱਤਾਂ ਲਾਉਣ ਤੱਕ ਜਾਂਦੇ ਐ, ਸਾਨੂੰ ਸਾਹ ਕਿਹੜਾ ਲੈਣ ਦਿੰਦੇ ਐ? ਸੁੱਕਣੇਂ ਪਾ ਰੱਖਿਐ!" ਦੂਜੇ ਸਿਪਾਹੀ ਨੇ ਉਸ ਨੂੰ ਵਾਲ਼ਾਂ ਤੋਂ ਫੜ ਕੇ ਹਲੂਣਿਆਂ।
-"ਸਹੁੰ ਮਹਾਰਾਦੀ ਜੀ! ਮੇਰਾ ਤਾਂ ਕੋਈ ਕਸੂਰ ਈ ਨ੍ਹੀ-!" ਸ਼ਰਾਬੀ ਨੇ ਲੇਲ੍ਹੜੀ ਕੱਢੀ। ਉਹ ਜੀਪ ਵਿਚ, ਸਿਪਾਹੀਆਂ ਦੇ ਪੈਰਾਂ ਵਿਚ ਪੱਬਾਂ ਭਾਰ ਹੋ ਕੇ ਬੈਠ ਗਿਆ ਸੀ।
-"ਮੇਰੇ ਸਹੁਰੇ ਸਹੁੰ ਖਾਣ ਲੱਗੇ ਤਾਂ ਮਿੰਟ ਨ੍ਹੀ ਲਾਉਂਦੇ? ਜਿਵੇਂ ਰੱਬ ਇਹਨਾਂ ਦਾ ਬਾਪੂ ਹੁੰਦੈ!" ਇਕ ਨੇ ਕਚੀਚੀ ਵੱਟ ਕੇ ਉਸ ਦੇ ਚਪੇੜ ਮਾਰੀ।
-"ਉਏ ਰੱਬ ਈ ਸਿਆਣੈਂ, ਜਿਹੜਾ ਲੁਕ ਛਿਪ ਕੇ ਰਹਿੰਦੈ, ਨਹੀਂ ਤਾਂ ਜੱਟ ਪੀ ਕੇ ਲਾਹਣ ਰੱਬ ਦੇ ਈ ਧਲ੍ਹਿਆਰਾ ਕਿਉਂ ਨਾ ਪਾ ਲੈਣ?" ਸਾਰੇ ਸਿਪਾਹੀ ਬੁੱਚੜਾਂ ਵਾਂਗ ਹੱਸੇ।

ਅਖੀਰ ਨੌਂ ਕੁ ਵਜੇ ਜੀਪ ਠਾਣੇ ਅੰਦਰ ਦਾਖਲ ਹੋ ਗਈ। “ਸਾਹਿਬ” ਦਾ ਮਹਿਮਾਨ ਹੋਣ ਕਰਕੇ ਤੇਜੇ ਨੂੰ ਤਾਂ ਬੈਠਣ ਵਾਸਤੇ ਮੰਜਾ ਮਿਲ ਗਿਆ। ਤੇਜਾ ਮੰਜੇ ਉਪਰ ਬੈਠ ਗਿਆ। ਪਰ ਤੇਜੇ ਦੇ ਨਾਲ ਹੀ ਜਦ ਬੋਚ ਕੇ ਸ਼ਰਾਬੀ ਬੈਠਣ ਲੱਗਿਆ ਤਾਂ ਸਿਪਾਹੀ ਦਾ “ਠਾਹ” ਕਰਦਾ ਥੱਪੜ ਉਸ ਮੂੰਹ ‘ਤੇ ਆ ਪਿਆ।

-"ਭੈਣ ਦਿਆ ਲੱਕੜਾ! ਐਥੇ ਮੰਗਣੇਂ ‘ਤੇ ਆਇਐਂ?"
-"ਆਥਣ ਹੋ ਲੈਣ ਦੇ, ਵਿਛਾਉਨੇ ਐਂ ਤੇਰੇ ਥੱਲੇ ਪੱਟ ਦੀ ਕੱਢੀ ਚਾਦਰ!" ਦੂਜਾ ਸਿਪਾਹੀ ਬੋਲਿਆ। ਸ਼ਰਾਬੀ ਥੱਲੇ ਬੈਠ ਕੇ ਰੋਣ ਲੱਗ ਪਿਆ। ਸਿਪਾਹੀਆਂ ਦੇ “ਮਸਾਲਿਆਂ” ਨੇ ਉਸ ਨੂੰ ਪਰਾਲ ਕਰ ਦਿੱਤਾ ਸੀ।
-"ਕੋਈ ਨਾ ਜੁਆਨਾਂ! ਦਿਲ ਰੱਖੀਦਾ ਹੁੰਦੈ! ਪਸ਼ੂ ਦੀ ਮੋਕ ਦਾ ਤੇ ਗੋਰਮਿਲਟ ਦੇ ਘੂਰੇ ਦਾ ਮਸੋਸ ਨ੍ਹੀ ਕਰੀਦਾ ਹੁੰਦਾ।" ਅਮਲੀ ਨੇ ਸ਼ਰਾਬੀ ਨੂੰ ਧਰਵਾਸਾ ਦਿੱਤਾ।
-"ਬਾਈ, ਇਹਨਾਂ ਨੂੰ ਕਹਿ ਮੇਰੇ ‘ਤੇ ਰਹਿਮ ਕਰਨ, ਕਸੂਰ ਤਾਂ ਮੈਂ ਕੋਈ ਕੀਤਾ ਨ੍ਹੀ!" ਸ਼ਰਾਬੀ ਨੇ ਮੰਜੇ ‘ਤੇ ਬੈਠੇ ਤੇਜੇ ਦੀ ਮਿੰਨਤ ਕੀਤੀ।
-"ਮੈਂ ਤਾਂ ਭਰਾਵਾ ਆਪ ਤੇਰੇ ਅਰਗੈਂ!" ਤੇਜੇ ਨੇ ਸੱਚੀ ਗੱਲ ਦੱਸੀ। ਪਰ ਉਸ ਨੂੰ ਤੇਜੇ ਦੀ ਸੰਖੇਪ ਗੱਲ ‘ਤੇ ਸ਼ਾਇਦ ਇਤਬਾਰ ਨਹੀਂ ਆਇਆ ਸੀ।
-"ਜੁਆਨਾਂ, ਖੂਹ ‘ਚ ਡਿੱਗੀ ਇੱਟ ਕਦੇ ਸੁੱਕੀ ਨਿਕਲੀ ਐ? ਤੱਤਾ-ਠੰਢਾ ਤਾਂ ਇਹਨਾਂ ਨੇ ਤੈਨੂੰ ਪਾਉਣਾ ਈ ਪਾਉਣੈਂ, ਬਾਹਲੀ ਬਹੁੜ੍ਹੀ ਦੁਹਾਈ ਨਾ ਕਰ, ਜਿਹੜੀਆਂ ਪੰਜ ਸੱਤ ਮਾਰਨਗੇ, ਰਾਮ ਰਾਮ ਕਰਕੇ ਖਾਲੀਂ! ਜੇ ਬਾਹਲਾ ਬੂ-ਕਲਾਪ ਕੀਤਾ, ਕੋਈ ਹੋਰ ਵੰਝ ਖੜ੍ਹਾ ਕਰਨਗੇ!"

-".................।" ਸ਼ਰਾਬੀ ਦੇ ਹੌਲ ਪੈ ਗਿਆ।
-"ਜੇ ਸੌ-ਪੰਜਾਹ ਜੇਬ ‘ਚ ਹੈਗੇ ਤਾਂ ਦੇ ਕੇ ਖਹਿੜ੍ਹਾ ਛੁਡਾ, ਜੇ ਮੇਰੇ ਅਰਗਾ ਖਾਖੀ ਨੰਗ ਐਂ, ਫੇਰ ਆਥਣ ਦੀ ‘ਡੀਕ ਕਰ, ਸੰਦ-ਬਲੇਮਾਂ ਇਹਨਾਂ ਦਾ ਤਿਆਰ ਈ ਹੋਣੈਂ!"
ਸ਼ਾਮ ਹੋਈ।

ਸ਼ਰਾਬੀ ਅਤੇ ਅਮਲੀ ਕੰਬੀ ਜਾ ਰਹੇ ਸਨ। ਨਸ਼ੇ ਦੋਹਾਂ ਦੇ ਹੀ ਟੁੱਟੇ ਹੋਏ ਸਨ। ਬਾਕੀ ਭਿਆਨਕ ਰਾਤ ਉਹਨਾਂ ਦੇ ਸਿਰ ‘ਤੇ ਸੀ। ਪਰ ਅਚਾਨਕ ਨਾਲ ਦੇ ਪਿੰਡ ਕਤਲ ਹੋ ਗਿਆ ਜਿਸ ਕਰਕੇ ਸਾਰੇ ਪੁਲਸ ਕਰਮਚਾਰੀਆਂ ਨੂੰ ਉਥੇ ਜਾਣਾ ਪੈ ਗਿਆ। ਸ਼ਰਾਬੀ ਅਤੇ ਅਮਲੀ ਨੇ ਸੁਖ ਦਾ ਸਾਹ ਲਿਆ ਕਿ ਚਲੋ ਅੱਜ ਦੀ ਰਾਤ ਤਾਂ ਸੌਖੀ ਲੰਘੇਗੀ?

ਰਾਤ ਪਈ।

ਸ਼ਰਾਬੀ ਅਤੇ ਅਮਲੀ ਨੂੰ ਹਵਾਲਾਤ ਵਿਚ ਤਾੜ ਦਿੱਤਾ ਗਿਆ। ਸਵੇਰੇ ਮੁਣਸ਼ੀ ਦੇ ਚੀਕ-ਚਿਹਾੜ੍ਹੇ ਨੇ ਤੇਜੇ ਦੀ ਅੱਖ ਖੋਲ੍ਹੀ। ਮੁਣਸ਼ੀ ਤੜਕੋ-ਤੜਕੀ ਕਿਸੇ ਨੂੰ ਗਾਲ੍ਹਾਂ ਕੱਢੀ ਜਾ ਰਿਹਾ ਸੀ। ਕੋਈ ਡੋਡਿਆਂ ਵਾਲੀ ਬੋਰੀ ਦੀ ਕੰਨੀ ਵੱਢ ਕੇ, ਡੋਡੇ ਕੱਢ ਕੇ ਲੈ ਗਿਆ ਸੀ।

-"ਕਿਤੇ ਤੂੰ ਤਾਂ ਨ੍ਹੀ ਲੁੱਚਪੁਣਾਂ ਕੀਤਾ ਉਏ?" ਮੁਣਸ਼ੀ ਨੇ ਅਮਲੀ ਵੱਲ ਮੂੰਹ ਕਰਕੇ ਪੁੱਛਿਆ। ਅਮਲੀ ਦੀਆਂ ਅੱਖਾਂ ਡੁੱਬ ਗਈਆਂ। ਮੁਣਸ਼ੀ ਦੀਆਂ ਜਾਭਾਂ ਫ਼ਰਕ ਰਹੀਆਂ ਸਨ।
-"ਮਾਈ ਬਾਪ! ਅਸੀਂ ਸਰਕਾਰ ਦੇ ਘਰੇ ਆ ਕੇ ਚੋਰੀ ਕਰਨ ਦੀ ਜੁਅਰਤ ਕਰ ਸਕਦੇ ਆਂ?" ਅਮਲੀ ਨੇ ਹੱਥ ਜੋੜ ਕੇ ਅੱਗਿਓਂ ਸੁਆਲ ਕੀਤਾ।
-"ਕਿਤੇ ਆਹ ਤਾਂ ਨ੍ਹੀ ਹੱਥ ਮਾਰ ਗਿਆ?" ਮੁਣਸ਼ੀ ਦੀ ਉਂਗਲ ਤੇਜੇ ਵੱਲ ਸੀ।
-"ਉਏ ਬਲੱਜ ਸਿਆਂ! ਕੋਈ ਬੰਦਾ ਕੁਬੰਦਾ ਵੀ ਦੇਖ ਲਿਆ ਕਰ! ਕਿਉਂ ਸਾਰਿਆਂ ਨੂੰ ਇੱਕੋ ਰੱਸੇ ਨਰੜਦੈਂ? ਡੋਡੇ ਤਾਂ ਰਾਤ ਜਾਣ ਲੱਗਿਆ ਪੰਡਤ ਕੱਢ ਕੇ ਲੈ ਗਿਆ ਸੀ!" ਹੌਲਦਾਰ ਨੇ ਮੁਣਸ਼ੀ ਨੂੰ ਠੰਢਾ ਕੀਤਾ। ਸਾਰੇ ਪੁਲਸ ਵਾਲੇ ਮੁਣਸ਼ੀ ਨੂੰ “ਗੜਗੱਜ ਸਿੰਘ” ਦੀ ਥਾਂ “ਬਲੱਜ ਸਿੰਘ” ਹੀ ਕਹਿੰਦੇ ਸਨ।

-"ਕੁੱਤੇ ਬਾਹਮਣ ਨੂੰ ਵੀਹ ਵਾਰੀ ਕਿਹੈ ਬਈ ਦੱਸ ਕੇ ਜਾਇਆ ਕਰ, ਵਾਧੂ ਕਿਸੇ ਹਵਾਲਾਟੀਏ ਦੀ ਜਾਹ ਜਾਂਦੀ ਕਰਵਾਊ!" ਅੱਕਿਆ ਮੁਣਸ਼ੀ ਆਪਣੀ ਸੰਦੂਕੜੀ ਜਿਹੀ ਕੋਲ ਜਾ ਕੇ ਢੇਰੀ ਜਿਹਾ ਹੋ ਗਿਆ।

ਧੁੱਪ ਚੜ੍ਹੀ।

ਸਾਰੇ ਸਿਪਾਹੀ ਧੁੱਪ ਸੇਕ ਰਹੇ ਸਨ। ਠਾਣੇਦਾਰ ਅੱਧੇ ਦਿਨ ਦੀ ਛੁੱਟੀ ‘ਤੇ ਸੀ। ਮੁਣਸ਼ੀ ਦਫ਼ਤਰ ਵਿਚ ਬੈਠਾ ਕੁਝ ਲਿਸਟਾਂ ਜਿਹੀਆਂ ਤਿਆਰ ਕਰ ਰਿਹਾ ਸੀ। ਅਚਾਨਕ ਇਕ ਮੁੱਛ-ਫੁੱਟ ਚੋਬਰ ਠਾਣੇ ਪਹੁੰਚ ਗਿਆ। ਉਸ ਨੇ ਪਹਿਰਾ ਦੇ ਰਹੇ ਸੰਤਰੀ ਨਾਲ ਕੋਈ ‘ਗਿੱਟ-ਮਿੱਟ’ ਕੀਤੀ। ਗੁੱਝੀ ਗੱਲ ਸਮਝਾਈ।

ਅਸਲ ਵਿਚ ਉਹ ਮੁੱਛ ਫੁੱਟ ਚੋਬਰ ਕਿਸੇ ਗਰੀਬ ਮਜ੍ਹਬੀ ਦੀ ਕੁੜੀ ਛੇੜ ਕੇ ਆਇਆ ਸੀ ਅਤੇ ਵਿਹੜੇ ਵਾਲਿਆਂ ਨੇ ਰੌਲਾ ਪਾ ਦਿੱਤਾ ਸੀ। ਅਮੀਰ ਘਰ ਦਾ ਮੁੰਡਾ ਹੋਣ ਕਰਕੇ ਉਸ ਨੂੰ ਵਿਹੜੇ ਵਾਲਿਆਂ ਦੀ ਤਾਂ ਪ੍ਰਵਾਹ ਨਹੀਂ ਸੀ। ਪਰ ਪੁਲਸ ਨੂੰ ‘ਬੰਨ੍ਹਣਾਂ’ ਉਹ ਆਪਣਾ ਪਹਿਲਾ ਫ਼ਰਜ਼ ਸਮਝਦਾ ਸੀ। ਸੰਤਰੀ ਨੇ ਸਾਰੀ ਗੱਲ ਮੁਣਸ਼ੀ ਨੂੰ ਦੱਸ ਕੇ ਉਹਨਾਂ ਦੀ ਸੰਧੀ ਕਰਵਾ ਦਿੱਤੀ। ਮੁਣਸ਼ੀ ਨੇ ਪੈਸੇ ਜੇਬ ਵਿਚ ਪਾਉਂਦਿਆਂ ਉਸ ਨੂੰ ਤਸੱਲੀ ਦਿੱਤੀ।

-"ਤੂੰ ਬੇਫ਼ਿਕਰ ਹੋ ਕੇ ਘਰ ਨੂੰ ਜਾਹ, ਮਜ੍ਹਬੀ ਨੂੰ ਭੌਂਕਦਾ ਫਿਰਨ ਦੇਹ! ਤੇ ਜੇ ਚੀਂ-ਫ਼ੀਂ ਕਰੇ ਚਾਰ ਮਾਰੀਂ ਛਿੱਤਰ!"

ਚੋਬਰ ਚਲਾ ਗਿਆ।

ਅੱਧੇ ਕੁ ਘੰਟੇ ਬਾਅਦ ਸ਼ਿਕਾਇਤ ਲੈ ਕੇ ਉਸ ਲੜਕੀ ਦਾ ਬਾਪ ਵੀ ਆ ਗਿਆ। ਪਰ ਸੰਤਰੀ ਨੇ ਉਸ ਨੂੰ ਠਾਣੇ ਅੰਦਰ ਪੈਰ ਹੀ ਨਾ ਪਾਉਣ ਦਿੱਤਾ। ਫਿਰ ਉਹ ਸਰਪੰਚ ਨੂੰ ਲੈ ਕੇ ਆਇਆ ਅਤੇ ਸਾਰੀ ਦਰਦ ਭਰੀ ਕਹਾਣੀਂ ਮੁਣਸ਼ੀ ਨੂੰ ਸੁਣਾਈ।

-"ਪਹਿਲਾਂ ਆਬਦੀ ਕੁੜੀ ਦੇ ਲਗਾਮ ਨ੍ਹੀ ਪਾਈ ਜਾਂਦੀ? ਮੁਸ਼ਕੀ ਕੁੱਤੀ ਮਗਰ ਕੁੱਤੇ ਤਾਂ ਆਉਂਦੇ ਈ ਐ! ਅਸੀਂ ਕੀਹਦੀ ਕੀਹਦੀ ਰਾਖੀ ਕਰੀ ਚੱਲੀਏ? ਸਾਨੂੰ ਹੋਰ ਕੋਈ ਕੰਮ ਈ ਨ੍ਹੀ?" ਮੁਣਸ਼ੀ ਨੇ ਮੱਥੇ ਦੀਆਂ ਤਿਊੜੀਆਂ ਨੂੰ ਹੋਰ ਕਸਾਅ ਪਾਇਆ। ਭੂਸਲਾ ਚਿਹਰਾ ਹੋਰ ਸਖ਼ਤ ਹੋ ਗਿਆ।
-"ਜੀ ਤੁਸੀਂ ਵਿਹੜੇ ਆਲਿਆਂ ਨੂੰ ਪੁੱਛ ਲਓ! ਪਹਿਲਾਂ ਉਹਨੇ ਮੇਰੀ ਲਟਕੀ ਨੂੰ ਛੇੜਿਆ, ਜਦੋਂ ਮੈਂ ਮੂਹਰਿਓਂ ਵਰਜਿਆ ਤਾਂ ਮੇਰੇ ਲਫੇੜੇ ਮਾਰੇ।" ਉਹ ਰੋ ਪਿਆ।
-"ਤੇ ਤੇਰੀ ਕੁੜੀ ਕਿਧਰਲੀ ਆ ਗਈ ਸ਼ਰੀਫ਼? ਜਿਹੜੀ ਨਿੱਤ ਲੋਕਾਂ ਦੀਆਂ ਫ਼ਸਲਾਂ ਮਿੱਧਦੀ ਫਿਰਦੀ ਐ?" ਮੁਣਸ਼ੀ ਫਿਰ ਬੋਲਿਆ। ਉਸ ਨੇ ਕਿਰਲੇ ਵਰਗੀਆਂ ਮੁੱਛਾਂ ਪਿੱਛੇ ਹਟਾ ਕੇ ਫੁੱਲਬਹਿਰੀ ਵਾਲੇ ਬੁੱਲ੍ਹਾਂ ‘ਤੇ ਜੀਭ ਫੇਰੀ। ਬਰਾਬਰ ਬੈਠਾ ਸਰਪੰਚ ਬੱਗੀਆਂ ਮੁੱਛਾਂ ਵਿਚੋਂ ਦੀ ਹੱਸ ਰਿਹਾ ਸੀ।

-"ਜੀ ਤੁਸੀਂ ਲੋਕਾਂ ਨੂੰ ਪੁੱਛ ਕੇ ਦੇਖ ਲਓ!" ਉਸ ਨੇ ਦੁੱਧ ਵਰਗੀ ਸੱਚਾਈ ਜ਼ਾਹਿਰ ਕਰਨੀ ਚਾਹੀ।
-"ਲੋਕਾਂ ਦੀ ਮਾਂ ਦੀ...! ਲੋਕ ਤਾਂ ਮੁਕਲਾਵਾ ਦੇਣੇਂ ਕੁੱਤੇ ਐ! ਜਦੋਂ ਪਾਈਦੇ ਐ ਮੂਧੇ ਤਾਂ ਸੱਪ ਮਾਂਗੂੰ ਸਿੱਧੇ ਹੋ ਜਾਂਦੇ ਐ, ਉਏ ਮੁੰਡਿਓ! ਸਿੱਟੋ ਇਹਨੂੰ ਅੰਦਰ! ਰਾਤ ਨੂੰ ਕਰਾਂਗੇ ਇਹਦੇ ਨਾਲ ਗੱਲ! ਸਾਲਾ ਬਾਰਸੂਖ਼ ਬੰਦਿਆਂ ‘ਤੇ ਦੂਸ਼ਣ ਲਾਉਂਦੈ, ਧੀ ਦੇਣੇਂ ਲੋਕ ਕਿੰਨੇ ਚਾਂਭਲੇ ਐ ਉਏ, ਗੱਪ ਮਾਰਨ ਲੱਗੇ ਤਾਂ ਸ਼ਰਮ ਈ ਨ੍ਹੀ ਕਰਦੇ!"
ਸਿਪਾਹੀਆਂ ਨੇ ਫੜ ਕੇ ਉਸ ਨੂੰ ਅੰਦਰ ਦੇ ਦਿੱਤਾ।

ਸਰਪੰਚ ਮੁਣਸ਼ੀ ਨਾਲ ਗੱਲੀਂ ਲੱਗ ਗਿਆ।

ਘੰਟੇ ਕੁ ਬਾਅਦ ਸਰਪੰਚ ਦੇ ਇਸ਼ਾਰੇ ‘ਤੇ ਉਸ ਨੂੰ ਬਾਹਰ ਕੱਢ ਲਿਆ ਅਤੇ ਸਰਪੰਚ ਉਸ ਨੂੰ ਇਕ ਪਾਸੇ ਲੈ ਗਿਆ। ਸਰਪੰਚ ਨੇ ਉਸ ਨੂੰ ਕੁਝ ਗੱਲਾਂ ਸਮਝਾਈਆਂ ਅਤੇ ਉਸ ਦੀ ਫ਼ਟੀ-ਪੁਰਾਣੀਂ, ਅੱਘੜ-ਦੁਘੜੀ ਪੱਗ ਦੇ ਲੜ ਨਾਲ ਬੰਨ੍ਹੇ ਕੁਝ ਨੋਟ ਲੈ ਕੇ ਮੁਣਸ਼ੀ ਨੂੰ ਦੇ ਦਿੱਤੇ।

-"ਜਾਹ ਕਾਕੂ ਘਰੇ ਜਾਹ...! ਸਹੁਰਿਆ ਕੀ ਤੋਏ-ਤੋਏ ਕਰਵਾਈ ਐ? ਅਸੀਂ ਤਾਂ ਵੱਡੇ ਵੱਡੇ ਰੌਲੇ ਠੀਕ ਕਰਵਾ ਦੇਈਏ, ਤੇਰੀ ਤਾਂ ਐਵੇਂ ਰੌਲ਼ੀ ਜੀ ਸੀ, ਨਾਲੇ ਕੁੜੀ ਨੂੰ ਕਹੀਂ ਬਈ ਜੇ ਐਹੋ ਜਿਆ ਕੰਮ ਕਰਨਾ ਵੀ ਹੁੰਦੈ ਤਾਂ ਚੋਰੀ ਚਫ਼ੋਰੀ ਕਰਿਆ ਕਰੇ! ਉਹਨੇ ਤਾਂ ਸਹੁਰੀ ਨੇ ਊਂ-ਈਂ ਸ਼ਰਮ ਲਾਹਤੀ, ਵਲਾਇਤ ਈ ਸਮਝ ਲਿਆ...!" ਮੀਸਣਾ ਹਾਸਾ ਹੱਸਦਾ ਸਰਪੰਚ ਕਹਿ ਰਿਹਾ ਸੀ। ਉਸ ਦੀਆਂ ਝੂਠੀਆਂ ਅਤੇ ਅਸ਼ਲੀਲ ਗੱਲਾਂ ਤੁਰੇ ਜਾਂਦੇ ਕਾਕੂ ਦਾ ਕਾਲਜਾ ਪਾੜ ਰਹੀਆਂ ਸਨ। ਫਿਰ ਉਹ ਕੰਨਾਂ ‘ਤੇ ਹੱਥ ਧਰਕੇ ਚੀਕਦਾ, ਭੱਜ ਕੇ ਠਾਣੇਂ ਤੋਂ ਬਾਹਰ ਨਿਕਲ ਗਿਆ।

ਅਚਾਨਕ ਡੀ. ਐੱਸ਼. ਪੀ. “ਸਾਹਿਬ” ਦੀ ਸਰਕਾਰੀ ਜੀਪ ਠਾਣੇਂ ਦੇ ਗੇਟ ‘ਤੇ ਆ ਕੇ ਰੁਕੀ। ਸੰਤਰੀ ਨੇ ਸਲੂਟ ਮਾਰਿਆ ਅਤੇ ਬਾਕੀ ਸਾਰੇ ਪੁਲਸ ਵਾਲੇ ਉਸ ਦੇ ਸੁਆਗਤ ਲਈ ਜੁਟ ਗਏ।

09/11/17

ਨੱਨ੍ਹੀ ਕਹਾਣੀ >>          ਹੋਰ ਕਹਾਣੀਆਂ  >>    


 
  ਰਾਜੇ ਸ਼ੀਂਹ ਮੁਕੱਦਮ ਕੁੱਤੇ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਖੌਫ਼ਨਾਕ ਇਰਾਦਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਬੁਝਦੇ ਦੀਵੇ ਦੀ ਲੋਅ
ਵਰਿੰਦਰ ਕੌਰ ਰੰਧਾਵਾ, ਬਟਾਲਾ
ਆਥਣ ਦਾ ਹੌਂਕਾ
ਵਰਿੰਦਰ ਕੌਰ ਰੰਧਾਵਾ, ਬਟਾਲਾ
ਦੋ ਮੂੰਹਾਂ
ਵਰਿੰਦਰ ਕੌਰ ਰੰਧਾਵਾ, ਬਟਾਲਾ
ਮਜਬੂਰ
ਸੱਤੀ ਅਟਾਲਾਂ ਵਾਲਾ
ਇਸ਼ਕ
ਵਰਿੰਦਰ ਕੌਰ ਰੰਧਾਵਾ, ਬਟਾਲਾ
ਲਾਚਾਰ
ਸੰਦੀਪ ਕੁਮਾਰ
ਸੂਰਜ ਮੰਡਲ ਤੋਂ ਵਿਸ਼ਾਲ
ਅਮਨਦੀਪ ਸਿੰਘ, ਅਮਰੀਕਾ
ਝੁਰੜੀਆਂ ਵਿੱਚੋਂ ਝਲਕਦੀ ਮਮਤਾ
ਅਜੀਤ ਸਤਨਾਮ ਕੌਰ
ਮੀਨਾ ਬੂਟੀਕ
ਅਜੀਤ ਸਿੰਘ ਭੰਮਰਾ ਫਗਵਾੜਾ
ਸੁੱਕੇ ਖੂਹ ਦੀ ਮੌਣ
ਸ਼ਿਵਚਰਨ ਜੱਗੀ ਕੁੱਸਾ
ਸਮੇਂ ਦੇ ਹਾਣੀ
ਅਵਤਾਰ ਸਿੰਘ ਬਸਰਾ ਮੈਲਬੌਰਨ
ਬੁੱਢੀ ਦਾਦੀ
ਸਰੁੱਚੀ ਕੰਬੋਜ, ਫਾਜਿਲਕਾ
 ਨੱਥ ਪਾਉਣੀ
ਅਨਮੋਲ ਕੌਰ, ਕਨੇਡਾ
ਸੰਸਾਰ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਲੱਛੂ ਭੂਤ
ਰਵੇਲ ਸਿੰਘ ਇਟਲੀ
ਦਾਦਾ ਜੀ ਚਲੇ ਗਏ
ਰਵੇਲ ਸਿੰਘ ਇਟਲੀ
ਬ੍ਰੇਕ ਫਾਸਟ
ਰਵੇਲ ਸਿੰਘ ਇਟਲੀ
ਵਲੈਤੀ ਲਹੂ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਜੀਵਨ ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ
ਬਿੱਲੀਆਂ
ਲਾਲ ਸਿੰਘ ਦਸੂਹਾ
ਸਭ ਅੱਛਾ ਹੈ
ਅਨਮੋਲ ਕੌਰ, ਕਨੇਡਾ
ਬੋਹੜ ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ
ਚਿੱਟੀ ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ
ਤੈਨੂੰ ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ
ਓਦੋਂ ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ
ਜ਼ਿੰਦਗੀ ਦੀ ਜੂਹ
ਭਿੰਦਰ ਜਲਾਲਾਬਾਦੀ, ਯੂ ਕੇ
ਫੇਸਬੁੱਕ
ਅਨਮੋਲ ਕੌਰ, ਕਨੇਡਾ
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ
ਕਿਹਨੂੰ, ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ
ਝਾੜੂ
ਗੁਰਮੇਲ ਬੀਰੋਕੇ, ਕਨੇਡਾ
ਧੰਦਾ ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ
ਅੰਮ੍ਰਿਤ ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਖੂਹ ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ
ਘਰ ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਸੋਗ
ਰੂਪ ਢਿੱਲੋਂ, ਲੰਡਨ
ਉਹ ਮੂਵ ਹੋ ਗਈ
ਅਨਮੋਲ ਕੌਰ, ਕਨੇਡਾ
ਗੋਲਡੀਲੌਕਸ ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ (1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ
baybus1ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ
ਵੇ ਲੋਕੋ
ਅਨਮੋਲ ਕੌਰ, ਕਨੇਡਾ
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ
 

hore-arrow1gif.gif (1195 bytes)


Terms and Conditions
Privacy Policy
© 1999-2015,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015,  5abi.com