ਜਦੋਂ ਮੇਰੀ ਅੱਖ ਖੁੱਲਦੀ ਹੈ ਤਾਂ ਮੈਂ ਆਪਣੇ ਆਲੇ-ਦੁਆਲੇ ਨੂੰ ਮਹਿਸੂਸ ਕਰਨ ਦੀ
ਕੋਸ਼ਿਸ਼ ਕਰਦਾ ਹਾਂ। ਮੇਰੇ ਚਾਰੇ ਪਾਸੇ ਗਹਿਨ ਹਨੇਰਾ ਪਸਰਿਆ ਹੋਇਆ ਹੈ। ਮੈਨੂੰ
ਸਿਰਫ਼ ਨੀਲੀ ਰੌਸ਼ਨੀ ਯਾਦ ਹੈ ਜਦੋਂ ਮੈਂ ਉਸ ਔਰਤ ਸਫੀਨ ਦੇ ਮੁਗਦਰ ਵਿੱਚੋਂ
ਨਿਕਲੀਆਂ ਤਰੰਗਾਂ ਦੀ ਚਪੇਟ ਵਿੱਚ ਆ ਗਿਆ ਸੀ ! ਮੇਰਾ ਸਰੀਰ ਜਿਵੇਂ ਪੂਰੀ ਤਰ੍ਹਾਂ
ਜਕੜਿਆ ਜਿਹਾ ਹੋਇਆ ਲੱਗ ਰਿਹਾ ਹੈ। ਹੌਲੀ ਹੌਲੀ ਹਿੰਮਤ ਕਰਕੇ, ਮੈਂ ਆਪਣੇ ਸਰੀਰ
ਨੂੰ ਹਿਲਾਉਣ ਦੀ ਕੋਸ਼ਿਸ਼ ਕਰਦਾ ਹਾਂ। ਮੇਰੇ ਸਰੀਰ ਵਿੱਚ ਥੋੜੀ ਜਿਹੀ ਸੱਤਿਆ
ਵਾਪਿਸ ਆਉਂਦੀ ਹੈ। ਮੈਨੂੰ ਇੰਝ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਮੈਂ ਅਜਨਬੀ
ਲੋਕਾਂ ਦੀ ਉੜਨ-ਤਸ਼ਤਰੀ ਵਿੱਚ ਹੀ ਹਾਂ। ਮੈਂ ਉੱਠਣ ਦੀ ਕੋਸ਼ਿਸ਼ ਕਰਦਾ ਹਾਂ ਪਰ ਉਠ
ਨਹੀਂ ਸਕਦਾ ... ਹਾਰ ਕੇ ਮੈਂ ਉੰਝ ਹੀ ਲੇਟਿਆ ਰਹਿੰਦਾ ਹਾਂ। ਪਿਆਸ ਨਾਲ ਮੇਰਾ
ਮੂੰਹ ਸੁੱਕ ਰਿਹਾ ਹੈ! ਪਰ ਮੇਰੇ ਤੋਂ ਇੰਤਜ਼ਾਰ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ
ਨਹੀਂ। ਮੈਂ ਸੋਚਣ ਲਗਦਾ ਹਾਂ ਕਿ ਮੈਂ ਕਿੱਥੇ ਹਾਂ? ਕੀ ਮੈਂ ਅੰਤਰਿਖਸ਼ ਵਿੱਚ ਹਾਂ,
ਜਾਂ ਫਿਰ ਦੂਸਰੀ ਦੁਨੀਆਂ ਵਿੱਚ, ਜਾਂ ਫਿਰ ਅਜੇ ਵੀ ਧਰਤੀ ਤੇ ਹੀ ਹਾਂ? ਮੈਂ
ਕਿੰਨੀ ਕੁ ਦੇਰ ਇੰਜ ਹੀ ਬੇਹੋਸ਼ ਪਿਆ ਰਿਹਾ? ਮੇਰੇ ਮਸਤਕ ਵਿੱਚ ਅਨੇਕਾਂ ਪ੍ਰਸ਼ਨ
ਉੱਠਣ ਲਗਦੇ ਹਨ ... ਮੇਰੇ ਪਰਿਵਾਰ ਦਾ ਕੀ ਹਾਲ ਹੋਵੇਗਾ? ਉਹ ਮੇਰੇ ਵਾਸਤੇ ਕਿੰਨੇ
ਫਿਕਰਮੰਦ ਹੋਣਗੇ!
ਅਚਾਨਕ ਇੱਕ ਦਮ ਰੌਸ਼ਨੀ ਹੋ ਜਾਂਦੀ ਹੈ ਅਤੇ ਮੇਰੇ ਕਵਾਟਰ ਦਾ ਦਰਵਾਜ਼ਾ ਖੁੱਲਦਾ ਹੈ
ਅਤੇ ਸਫੀਨ ਅੰਦਰ ਆ ਜਾਂਦੀ ਹੈ। ਮੈਨੂੰ ਪੱਕਾ ਯਕੀਨ ਹੋ ਜਾਂਦਾ ਹੈ ਕਿ ਮੈ ਹੁਣ
ਇਹਨਾਂ ਦੇ ਕਬਜ਼ੇ ਵਿੱਚ ਹਾਂ - ਪਰ ਇਹ ਮੇਰੇ ਤੋਂ ਕੀ ਚਾਹੁੰਦੇ ਨੇ? ਸਫੀਨ ਮੁਸਕਰਾ
ਕੇ ਮੈਨੂੰ ਦੇਖਦੀ ਹੈ ਅਤੇ ਫਿਰ ਉਸਦੇ ਮੁੱਖੋਂ ਬੋਲ ਝੜਦੇ ਹਨ -
'ਸੁਜਾਨ, ਸਾਡੀ ਦੁਨੀਆਂ ਵਿੱਚ ਤੇਰਾ ਸਵਾਗਤ ਹੈ ... ਲੰਬਾ ਸਫ਼ਰ ਤਹਿ ਕਰਨ ਲਈ
ਅਸੀਂ ਤੈਨੂੰ ਸਿਥਲਤਾ (Hibernation) ਦੀ ਅਵਸਥਾ ਵਿੱਚ ਪਾ ਦਿੱਤਾ ਸੀ!'
'ਕਿੰਨਾ ਲੰਬਾ ਸਫ਼ਰ?' ਆਪ-ਮੁਹਾਰੇ ਮੇਰੇ ਮੂੰਹੋਂ ਨਿੱਕਲ ਜਾਂਦਾ ਹੈ ।
ਉਹ ਮੁਸਕਾ ਪੈਂਦੀ ਹੈ - 'ਇਹ ਤੂੰ ਜੇ ਨਾ ਹੀ ਪੁੱਛੇਂ ਤਾਂ ਚੰਗਾ ਹੈ?'
'ਨਹੀਂ, ਮੈਨੂੰ ਜ਼ਰੂਰ ਦੱਸੋ!'
'ਜੇ ਤੂੰ ਬਹੁਤਾ ਹੀ ਜਾਣਨ ਲਈ ਉਤਸੁਕ ਏਂ ਤਾਂ ਫਿਰ ਸੁਣ, ਸਾੰਨੂ ਇੱਥੇ ਤੱਕ ਆਉਣ
ਲਈ ਪ੍ਰਿਥਵੀ ਦੇ ਕਈ ਸਾਲ ਲੱਗ ਗਏ ਨੇ ...'
ਮੈਨੂੰ ਇਸ ਗੱਲ ਦਾ ਹੀ ਡਰ ਸੀ! ਮੈਂ ਉਸਤੋਂ ਅੱਗੇ ਪੁੱਛਣ ਦੀ ਹਿਆਂ ਨਾ ਕਰ ਸਕਿਆ
।
ਉਹ ਫਿਰ ਮੁਸਕਰਾ ਕੇ ਬੋਲਦੀ ਹੈ - 'ਤੂੰ ਇਹ ਨਹੀਂ ਪੁੱਛੇਗਾ ਕਿ ਕਿੰਨੇ ਸਾਲ?'
'ਇਸਦਾ ਹੁਣ ਕੀ ਫਰਕ ਪੈਂਦਾ ਹੈ?' ਮੈਂ ਹੌਸਲਾ ਜਿਹਾ ਛੱਡਦਿਆਂ ਕਿਹਾ - 'ਕੀ ਅਸੀਂ
ਤੁਹਾਡੀ ਦੁਨੀਆਂ ਵਿੱਚ ਆ ਗਏ ਹਾਂ? ਮੈਂ ਹੁਣ ਇਹ ਜਾਣਨ ਵਿੱਚ ਜ਼ਿਆਦਾ ਉਤਸੁਕ ਹਾਂ।
'
'ਬੱਸ ਅਸੀਂ ਪਹੁੰਚਣ ਵਾਲੇ ਹੀ ਹਾਂ। ਆਹ ਜਦ ਤੱਕ ਤੂੰ ਕੁਝ ਖਾ ਲੈ। '
ਉਹ ਮੇਰੇ ਹੱਥ ਵਿੱਚ ਇੱਕ ਲਿਫਾਫਾ ਫੜਾ ਕੇ ਚਲੇ ਜਾਂਦੀ ਹੈ। ਮੈਂ ਲਿਫਾਫਾ ਖੋਲ੍ਹ
ਕੇ ਉਸ ਵਿੱਚੋਂ ਪਹਿਲਾਂ ਤਾਂ ਪਾਣੀ ਦੀ ਬੋਤਲ ਖੋਲਦਾ ਹਾਂ ਅਤੇ ਇੱਕੋ ਸਾਹੇ ਪੀ
ਜਾਂਦਾ ਹਾਂ। ਅਤੇ ਫਿਰ ਉਹਨਾਂ ਦੇ ਖਾਣੇ ਦੇ ਡੱਬੇ ਨੂੰ ਖੋਲਦਾ ਹਾਂ । ਇੱਕ ਚਮਚਾ
ਮੁੰਹ 'ਚ ਪਾਉਂਦਾ ਹਾਂ ਤਾਂ ਬਕਬਕਾ ਜਿਹਾ ਸੁਆਦ ਆਉਂਦਾ ਹੈ। ਪਰ ਮੈਂ ਕਈ ਸਾਲਾਂ
ਤੋਂ ਭੁੱਖਾ ਬਕਬਕਾ ਜਿਹਾ ਭੋਜਨ ਖਾਣ ਲਗਦਾ ਹਾਂ! ਭੋਜਨ ਖਾ ਕੇ ਮੈਂ ਸਫੀਨ ਦਾ
ਇੰਤਜ਼ਾਰ ਕਰਨ ਲਗਦਾ ਹਾਂ। ਅਚਾਨਕ ਇੱਕ ਜ਼ੋਰ ਦੇਣ ਦੀ ਅਵਾਜ਼ ਹੁੰਦੀ ਹੈ, ਜਿਵੇਂ
ਹਵਾਈ ਜਹਾਜ਼ ਉੱਤਰ ਰਿਹਾ ਹੋਵੇ। ਮੈਨੂੰ ਲਗਦਾ ਹੈ ਉੜਨ--ਤਸ਼ਤਰੀ ਆਪਣੀ ਮੰਜ਼ਿਲ ਤੇ
ਪੁੱਜ ਗਈ ਹੈ ...
ਕੁਝ ਕੁ ਘੰਟਿਆਂ ਬਾਅਦ -
ਉੜਨ--ਤਸ਼ਤਰੀ ਦੇ ਜ਼ਮੀਨ ਤੇ ਉੱਤਰਨ ਤੋਂ ਬਾਅਦ, ਸਫੀਨ ਮੈਨੂੰ ਬਾਹਰ ਇੱਕ ਕਮਰੇ
ਵਿੱਚ ਲੈ ਆਉਂਦੀ ਹੈ। ਉੜਨ--ਤਸ਼ਤਰੀ ਜਿਵੇਂ ਉਸ ਕਮਰੇ ਦੇ ਨਾਲ ਹੀ ਆ ਕੇ ਜੁੜ ਗਈ
ਹੋਵੇ ... ਕਮਰੇ ਤੱਕ ਪੁੱਜਦਿਆਂ ਮੈਂ ਬਾਹਰਲਾ ਦ੍ਰਿਸ਼ ਦੇਖਣ ਲਈ ਉਤਸੁਕ ਸਾਂ, ਪਰ
ਕਿਤੇ ਵੀ ਕੋਈ ਬਾਰੀ ਜਾਂ ਰੌਸ਼ਨਦਾਨ ਨਹੀਂ ਸੀ! ਮੈਨੂੰ ਇਹ ਬਹੁਤ ਹੈਰਾਨੀ ਵਾਲੀ
ਗੱਲ ਲੱਗੀ ਅਤੇ ਇਹ ਸਭ ਕੁਝ ਸੱਚ ਨਹੀਂ ਲੱਗ ਰਿਹਾ ਸੀ। ਜਿਵੇਂ ਕੋਈ ਸੁਪਨਾ ਹੋਵੇ
...ਜਿਸ ਕਮਰੇ ਵਿੱਚ ਮੈਨੂੰ ਲਿਆਂਦਾ ਗਿਆ ਉਹ ਇੱਕ ਪੰਜ-ਤਾਰਾ ਹੋਟਲ ਵਰਗਾ ਸੀ।
ਮੈਂ ਦੇਖ ਕੇ ਦੰਗ ਰਹਿ ਗਿਆ ... ਉਹਨਾਂ ਨੇ ਮੇਰੇ ਵਾਸਤੇ ਬਿਲਕੁਲ ਪ੍ਰਿਥਵੀ ਵਰਗਾ
ਇੰਤਜਾਮ ਕੀਤਾ ਹੋਇਆ ਸੀ। ਬੱਸ ਸਿਰਫ਼ ਖਾਣਾ ਹੀ ਪ੍ਰਿਥਵੀ ਵਰਗਾ ਸਵਾਦੀ ਨਹੀਂ ਬਣਾ
ਸਕੇ ਸੀ! ਸਫੀਨ ਮੈਨੂੰ ਸਭ ਕੁਝ ਸਮਝਾ ਕੇ ਚਲੀ ਗਈ ਸੀ। ਮੈਂ ਪਹਿਲਾਂ ਤਾਂ ਬਾਥਰੂਮ
ਵਿੱਚ ਜਾ ਕੇ ਤਰੋ-ਤਾਜ਼ਾ ਹੋਇਆ ਅਤੇ ਉਸਤੋਂ ਬਾਅਦ ਮੈਂ ਥੋੜੀ ਦੇਰ ਸੰਗੀਤ ਦਾ ਅਨੰਦ
ਮਾਣ ਕੇ ਗਹਿਰੀ ਨੀਂਦ ਵਿੱਚ ਸੌਂ ਗਿਆ।
ਸੁਜਾਨ ਦੀ ਡਾਇਰੀ
ਪਹਿਲਾ ਦਿਨ -
ਅੱਜ ਸਵੇਰੇ ਉੱਠਣ ਤੋਂ ਬਾਅਦ, ਨਾਸ਼ਤਾ ਕਰਕੇ ਮੈਂ ਕਾਫੀ ਦੇਰ ਟੀਵੀ ਦੇਖਦਾ ਰਿਹਾ।
ਪ੍ਰਿਥਵੀ ਦੀਆਂ ਤਕਰੀਬਨ ਸਾਰੀਆਂ ਫਿਲਮਾਂ, ਪ੍ਰੋਗ੍ਰਾਮ ਅਤੇ ਹੋਰ ਜਾਣਕਾਰੀ ਮੌਜੂਦ
ਸੀ। ਜਦੋਂ ਟੀਵੀ ਦੇਖ ਕੇ ਮੈਂ ਅੱਕ ਗਿਆ ਤਾਂ ਮੈਂ ਬਿਸਤਰੇ ਤੇ ਲੇਟ ਕੇ ਸੋਚਣ ਲੱਗ
ਪਿਆ ਕਿ ਇਹ ਮੇਰੇ ਨਾਲ ਕੀ ਅਨੋਖੀ ਘਟਨਾ ਵਾਪਰ ਗਈ ਹੈ । ਮੇਰੇ ਪਰਿਵਾਰ ਦਾ ਕੀ
ਹਾਲ ਹੋਵੇਗਾ? ਮੇਰੇ ਮਾਤਾ-ਪਿਤਾ ਅਤੇ ਭੈਣ ਤੇ ਭਰਾ ਮੇਰੀ ਬਹੁਤ ਚਿੰਤਾ ਕਰ ਰਹੇ
ਹੋਣਗੇ ... ਇਹ ਸਭ ਸੋਚਦਿਆਂ ਮੇਰੀ ਅੱਖ ਲੱਗ ਗਈ - ਮੈਂ ਐਨਾ ਥੱਕਿਆ ਹੋਇਆ ਸਾਂ
ਜਿਵੇਂ ਜਹਾਜ਼ ਦੇ ਸਫ਼ਰ ਤੋਂ ਬਾਅਦ ਜੈੱਟ-ਲੈਗ (Jet lag) ਹੁੰਦਾ ਹੈ । ਇਹ ਇੱਕ
ਕਿਸਮ ਦਾ ਜੈੱਟ-ਲੈਗ ਹੀ ਤਾਂ ਸੀ - ਇਹ ਹੋਰ ਗੱਲ ਹੈ ਕਿ ਬਹੁਤ ਲੰਬੇ ਸਫ਼ਰ ਦਾ
ਇੱਕ ਤਰ੍ਹਾਂ ਦਾ ਸਪੇਸ ਸ਼ਿੱਪ ਲੈਗ ਸੀ ...
ਦੂਸਰਾ ਦਿਨ -
ਕੱਲ ਦਾ ਦਿਨ ਤਾਂ ਇੰਜ ਹੀ ਲੰਘ ਗਿਆ ਸੀ । ਖਾਧਾ ਪੀਤਾ, ਅਰਾਮ ਕੀਤਾ ਅਤੇ ਟੀਵੀ
ਦੇਖਿਆ। ਪਰ ਮੈਂ ਅੱਜ ਸੋਚਣ ਲੱਗ ਗਿਆ ਕਿ ਮੇਰਾ ਹੁਣ ਕੀ ਬਣੂ? ਇੰਜ ਖਿਲਾ ਪੀਲਾ
ਕੇ ਇਹ ਲੋਕ ਮੈਨੂੰ ਬੱਕਰੇ ਵਾਂਗ ਮੋਟਾ ਕਰ ਦੇਣਗੇ, ਜਿਵੇਂ ਕਿ ਉਸਨੂੰ ਬਲੀ ਦੇਣ
ਤੋਂ ਪਹਿਲਾ ਕਰਦੇ ਨੇ! ਕਿਤੇ ਇਹ ਮੇਰੇ ਨਾਲ ਇੰਜ ਹੀ ਤਾਂ ਨਹੀਂ ਕਰ ਰਹੇ, ਬਲੀ
ਦੇਣ ਤੋਂ ਪਹਿਲਾਂ ਬੱਕਰੇ ਨੂੰ ਖਿਲਾ-ਪੀਲਾ ਰਹੇ ਹੋਣ :)
ਤੀਸਰਾ ਦਿਨ -
ਸਫੀਨ ਦਾ ਕਿਧਰੇ ਕੋਈ ਅਤਾ-ਪਤਾ ਨਹੀਂ? ਮੈਨੂੰ ਉਹ ਇਹ ਕਹਿ ਕੇ ਗਈ ਸੀ ਉਹ ਜਲਦੀ
ਹੀ ਆ ਜਾਵੇਗੀ ਅਤੇ ਮੈਂਨੂੰ ਚੰਗੀ ਤਰ੍ਹਾਂ ਅਰਾਮ ਕਰਨ ਨੂੰ ਕਹਿ ਕੇ ਗਈ ਸੀ। ਪਰ
ਮੈਂ ਹੁਣ ਬੇਚੈਨ ਹੋਣ ਲੱਗ ਪਿਆ ਸਾਂ। ਅਚਾਨਕ ਮੇਰੇ ਮੂੰਹੋਂ ਉੱਚੀ ਦੇਣੀ 'ਸਫੀਨ
...' ਨਿੱਕਲ ਗਿਆ। ਜਿਵੇਂ ਉਹ ਮੈਨੂੰ ਸੁਣ ਰਹੇ ਹੋਣ ਜਾਂ ਹਰ ਵਕਤ ਦੇਖ ਰਹੇ ਹੋਣ।
ਥੋੜੀ ਦੇਰ ਬਾਅਦ ਹੀ ਦਰਵਾਜੇ ਤੇ ਦਸਤਕ ਹੋਈ ਅਤੇ ਮੇਰੇ ਉੱਠਣ ਤੋਂ ਪਹਿਲਾਂ ਹੀ
ਸਫੀਨ ਅੰਦਰ ਆ ਗਈ।
'ਅਸੀਂ ਤੈਨੂੰ ਪੂਰੀ ਤਰ੍ਹਾਂ ਅਰਾਮ ਕਰ ਲੈਣ ਦੇਣਾ ਚਾਹੁੰਦੇ ਹਾਂ। ਉਸਤੋਂ ਬਾਅਦ
ਫਿਰ ਤੈਨੂੰ ਇੱਕ ਦਿਨ ਪ੍ਰਯੋਗਸ਼ਾਲਾ ਵਿੱਚ ਲੈ ਕੇ ਜਾਵਾਂਗੇ ... ਘਬਰਾ ਨਾ ਇਹ
ਪ੍ਰਿਥਵੀ ਵਰਗੀ ਪ੍ਰਯੋਗਸ਼ਾਲਾ ਨਹੀਂ ਹੋਵੇਗੀ ਅਤੇ ਤੈਨੂੰ ਕੋਈ ਨੁਕਸਾਨ ਨਹੀਂ
ਹੋਵੇਗਾ। ' ਉਸਨੇ ਮੈਨੂੰ ਤੱਸਲੀ ਦਿੱਤੀ।
ਸੱਤਵਾਂ ਦਿਨ -
ਉਹਨਾਂ ਦਾ ਕਹਿਣਾ ਮੰਨਣ ਤੋਂ ਇਲਾਵਾ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ । ਪਰ ਹੁਣ
ਮੈਂ ਵੀ ਉਤਸੁਕ ਹਾਂ ਕਿ ਉਹ ਮੇਰੇ ਤੇ ਕੀ ਪ੍ਰਯੋਗ ਕਰਨਾ ਚਾਹੁੰਦੇ ਹਨ ?
ਦਸਵਾਂ ਦਿਨ -
ਕੱਲ ਹੀ ਸਫੀਨ ਆਈ ਅਤੇ ਮੈਨੂ ਕਹਿ ਗਈ ਕੀ ਉਹ ਕੱਲ੍ਹ ਨੂੰ ਮੈਨੂੰ ਪ੍ਰਯੋਗਸ਼ਾਲਾ
ਵਿੱਚ ਲਈ ਕੇ ਜਾਏਗੀ । ਅਚਾਨਕ ਮੈਂ ਕਾਹਲਾ ਤੇ ਬੇਚੈਨ ਜਿਹਾ ਹੋ ਗਿਆ ... ਪਰ
ਮੈਨੂੰ ਸਮਝ ਨਾ ਆਈ ਕਿ ਉਹ ਕਿਹੋ ਜਿਹੀ ਬੇਚੈਨੀ ਸੀ - ਸ਼ਾਇਦ ਕਿਸੇ ਅਣਦੇਖੇ ਖਤਰੇ
ਦੀ ਬੇਚੈਨੀ ਜਾਂ ਫਿਰ ਰੁਮਾਂਚ ਸੀ ... ਮੈਨੂੰ ਕੁਝ ਨਹੀਂ ਸੁੱਝ ਰਿਹਾ ਸੀ । ਫੇਰ
ਮੈਂ ਆਪਣੇ ਮਨ ਨੂੰ ਧਿਆਨ ਵਿੱਚ ਲਗਾ ਕੇ ਸ਼ਾਂਤ ਕੀਤਾ !
***
ਹੁਣ ਮੈਂ ਸਫੀਨ ਦੇ ਨਾਲ ਪ੍ਰਯੋਗਸ਼ਾਲਾ ਵੱਲ੍ਹ ਜਾ ਰਿਹਾ ਹਾਂ । ਰਸਤੇ ਵਿੱਚ ਮੈਨੂੰ
ਕੁੱਝ ਨਹੀਂ ਦਿਖ ਰਿਹਾ ਸੀ - ਸਾਰੇ ਕਮਰੇ ਬੰਦ ਹਨ । ਇਸ ਤਰ੍ਹਾਂ ਲੱਗ ਰਿਹਾ ਹੈ
ਕਿ ਜਿਵੇਂ ਮੁਰਦਾ-ਘਰ ਹੋਵੇ । ਖੈਰ ... ਅਸੀਂ ਪ੍ਰਯੋਗਸ਼ਾਲਾ ਵਿੱਚ ਪਹੁੰਚ ਚੁੱਕੇ
ਹਾਂ । ਸਫੀਨ ਮੈਨੂੰ ਕਮਰੇ ਵਿੱਚ ਬਿਠਾ ਕੇ ਚਲੀ ਗਈ। ਜਾਂਦੀ ਹੋਈ ਉਹ ਇਹ ਕਹਿ ਗਈ
ਕਿ ਹੁਣ ਉਸਦਾ ਕੰਮ ਖਤਮ ਹੋ ਚੁੱਕਿਆ ਹੈ । ਮੈਂ ਕਮਰੇ ਵਿੱਚ ਬੈਠਾ ਇੰਤਜ਼ਾਰ ਕਰ
ਰਿਹਾ ਹਾਂ - ਅਚਾਨਕ ਕਮਰੇ ਦੇ ਦੀਵਾਰ ਤੇ ਕੁੱਝ ਦ੍ਰਿਸ਼ ਦਿਖਾਈ ਦੇਣ ਲਗਦੇ ਹਨ ਤੇ
ਇੱਕ ਅਵਾਜ਼ ਗੂੰਜਣ ਲਗਦੀ ਹੈ -
'ਸੁਜਾਨ, ਸਾਡੀ ਦੁਨੀਆ ਵਿੱਚ ਤੇਰਾ ਸਵਾਗਤ ਹੈ । ਤੂੰ ਹੈਰਾਨ ਹੋ ਰਿਹਾ ਹੋਵੇਂਗਾ
ਕਿ ਅਸੀਂ ਤੇਰੇ ਤੇ ਕੀ ਪ੍ਰਯੋਗ ਕਰਨਾ ਚਾਹੁੰਦੇ ਹਾਂ। ਪਰ ਅਸੀਂ ਜ਼ਬਰਦਸਤੀ ਤੇਰੇ
ਨਾਲ ਕੁੱਝ ਨਹੀਂ ਕਰਨਾ ਚਾਹੁੰਦੇ - ਜੇ ਤੇਰੀ ਆਪਣੀ ਮਰਜ਼ੀ ਹੋਵੇਗੀ ਤਾਂ ਹੀ ਅਸੀਂ
ਕੁੱਝ ਕਰਾਂਗੇ। ਅਸੀਂ ਮਨੁੱਖੀ ਦਿਮਾਗ ਨੂੰ ਸਮਝਣਾ ਚਾਹੁੰਦੇ ਹਾਂ ਅਤੇ ਮਨੁੱਖੀ
ਸਭਿਅਤਾ ਦੀ ਮਦਦ ਕਰਨਾ ਚਾਹੁੰਦੇ ਹਾਂ - ਕਿਓਂਕਿ ਸਾਡੀ ਸਭਿਅਤਾ ਵਾਂਗ ਅਸੀਂ ਨਹੀਂ
ਚਾਹੁੰਦੇ ਕਿ ਮਨੁੱਖੀ ਸਭਿਅਤਾ ਤਬਾਹ ਹੋ ਜਾਏ ...ਅਤੇ ਜਿਸ ਤਰ੍ਹਾਂ ਮਨੁੱਖੀ
ਸਭਿਅਤਾ ਚੱਲ ਰਹੀ ਹੈ ਬਹੁਤ ਜਲਦੀ ਹੀ ਇਹ ਧਰਤੀ ਦੇ ਪ੍ਰਦੂਸ਼ਣ ਦਾ ਸ਼ਿਕਾਰ ਹੋ ਕੇ
ਤਬਾਹ ਹੋ ਜਾਏਗੀ!'
'ਕੀ ਮੈਂ ਤੁਹਾਡੀ ਸਭਿਅਤਾ ਵਾਰੇ ਜਾਣ ਸਕਦਾ ਹਾਂ ?' ਮੈਂ ਪੁੱਛਦਾ ਹਾਂ।
ਸਕ੍ਰੀਨ ਤੇ ਕੁੱਝ ਚਿੱਤਰ ਉਭਰਨੇ ਸ਼ੁਰੂ ਹੋਏ ਅਤੇ ਆਵਾਜ਼ ਗੂੰਜਦੀ ਰਹੀ -
'ਸਾਡੀ ਸਭਿਅਤਾ ਮਨੁੱਖੀ ਸਭਿਅਤਾ ਦੇ ਵਾਂਗ ਬਹੁਤ ਤਰੱਕੀ ਕਰ ਗਈ। ਅਸੀਂ ਅੰਤਰਿਕਸ਼
ਦੇ ਖਾਨਾਬਦੋਸ਼ ਬਣ ਗਏ ਪਰ ਆਪਣੇ ਗ੍ਰਹਿ ਨੂੰ ਵਿਸਾਰ ਦਿੱਤਾ ... ਅਤੇ ਇਸਤੋਂ
ਪਹਿਲਾਂ ਸਾਨੂੰ ਪਤਾ ਚੱਲਦਾ ਉਹ ਹੌਲੀ ਹੌਲੀ ਤਬਾਹੀ ਦੇ ਕੋਨੇ ਤੇ ਆ ਗਿਆ। ਪਰ
ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਪ੍ਰਦੂਸ਼ਣ ਦੇ ਗੁਬਾਰ ਨੇ ਉਸਨੂੰ
ਤਹਿਸ-ਨਹਿਸ ਕਰ ਦਿੱਤਾ! ਬਹੁਤੇ ਜੀਵਾਂ ਨੂੰ ਬਚਾ ਨਾ ਸਕੇ। ਪਰ ਸਾਡੀ ਵਿਗਿਆਨ
ਐਨੀ ਤਰੱਕੀ ਕਰ ਚੁੱਕੀ ਸੀ ਕੀ ਅਸੀਂ ਜਿੰਨੇ ਕੁ ਜੀਵਾਂ ਨੂੰ ਹੋ ਸਕਿਆ, ਸਾਂਭ ਕੇ
ਰੱਖ ਲਿਆ ਅਤੇ ਉਹਨਾਂ ਦੀ ਚੇਤਨਾ, ਸੋਚ ਸ਼ਕਤੀ, ਆਤਮਾ ਜਾਂ ਰੂਹ ਨੂੰ ਜਿੰਦਾ ਰੱਖਿਆ। ਭਾਵੇਂ ਉਹਨਾਂ ਦੇ ਭੌਤਿਕ ਸਰੀਰ ਮਿਟ ਚੁੱਕੇ ਸਨ। ਪਰ ਉਹ ਆਪਣੇ ਮਨ ਦੀ ਸੋਚ
ਨਾਲ ਪਲ ਵਿੱਚ ਹੀ ਕਿਤੇ ਵੀ ਆ ਜਾ ਸਕਦੇ ਹਨ - ਪ੍ਰਕਾਸ਼ ਦੇ ਗਤੀ ਦੇ ਵਾਂਗ। '
ਮੈਂ ਇਹ ਸਭ ਦੇਖ-ਸੁਣ ਕੇ ਹੈਰਾਨ ਰਹਿ ਜਾਂਦਾ ਹਾਂ ! ਮੈਂ ਕਦੇ ਸੁਪਨੇ ਵਿੱਚ ਵੀ
ਨਹੀਂ ਸੀ ਸੋਚਿਆ ਕੇ ਇਸ ਤਰ੍ਹਾਂ ਹੋ ਸਕਦਾ ਹੈ ਕੇ ਕੋਈ ਭੌਤਿਕ ਸਰੀਰ ਦੇ ਬਿਨਾ ਵੀ
ਜਿੰਦਾ ਰਹਿ ਸਕਦਾ ਹੈ ...!!!
'ਹੁਣ ਅਸੀਂ ਅੰਤਰਿਕਸ਼ ਵਿੱਚ ਇੱਧਰ-ਉੱਧਰ ਘੁੰਮਦੇ ਫਿਰਦੇ ਹਾਂ - ਅਤੇ ਹੋਰ
ਸਭਿਆਤਾਵਾਂ ਦੀ ਭਾਲ ਕਰਦੇ ਰਹਿੰਦੇ ਹਾਂ। ਤਾਂ ਜੋ ਹੋ ਸਕੇ ਤਾਂ ਅਸੀਂ ਉਹਨਾਂ ਨੂੰ
ਬਚਾ ਸਕੀਏ ...!'
'ਫਿਰ ਸਫੀਨ ਕੌਣ ਹੈ?'
'ਸਫੀਨ ਇੱਕ ਮਸ਼ੀਨੀ ਮਨੁੱਖ ਹੈ । ਪਰ ਉਸਦੀ ਆਤਮਾ ਸਾਡੇ ਵਿੱਚੋਂ ਇੱਕ ਜੀਵ ਦੀ ਹੈ
। ਅਸੀਂ ਕਿਸੇ ਵੀ ਇਲੇਕਟ੍ਰੋਨਿਕ ਸਰਕਿਟ ਵਿੱਚ ਜਾ ਕੇ ਉਸਨੂੰ ਕੰਟਰੋਲ ਕਰ ਸਕਦੇ
ਹਾਂ !'
ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ...
'ਅਸੀਂ ਤੇਰੀ ਚੇਤਨਾ ਨੂੰ ਵੀ ਸਾਂਭਣਾ ਚਾਹੁੰਦੇ ਹਾਂ! ਜੇ ਤੂੰ ਇਸ ਪ੍ਰੋਯੋਗ ਵਿੱਚ
ਸ਼ਾਮਿਲ ਹੋਣਾ ਚਾਹੁੰਦਾ ਹੈ ਤਾਂ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੋਵੇਗੀ ...।
ਅਸੀਂ ਧਰਤੀ ਦੇ ਵਾਸੀਆਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹਾਂ ਕੀ ਜੇ ਉਹਨਾਂ ਨੇ ਅਜੇ
ਵੀ ਕੁੱਝ ਨਾ ਕਰਿਆ ਤਾਂ ਧਰਤੀ ਵੀ ਇੱਕ ਦਿਨ ਪ੍ਰਦੂਸ਼ਣ ਦਾ ਸ਼ਿਕਾਰ ਹੋ ਕੇ ਤਬਾਹ ਹੋ
ਜਾਵੇਗੀ... '
ਮੇਰੇ ਸਰੀਰ ਵਿੱਚ ਕੰਬਣੀ ਜਿਹੀ ਛਿੜ ਜਾਂਦੀ ਹੈ ... ਅਤੇ ਫਿਰ ਮੈਂ ਸੁੰਨ ਜਿਹਾ
ਹੋ ਜਾਂਦਾ ਹਾਂ !
'ਮੈਂ ਤੈਨੂੰ ਅੱਜ ਦਾ ਦਿਨ ਸੋਚਣ ਲਈ ਦੇਂਦੀ ਹਾਂ ਅਤੇ ਕੱਲ ਆਵਾਂਗੀ !' ਇੰਨਾ ਕਹਿ
ਕੇ ਸਫੀਨ ਚਲੀ ਜਾਂਦੀ ਹੈ ਅਤੇ ਮੈਨੂੰ ਸੋਚਣ ਲਈ ਛੱਡ ਜਾਂਦੀ ਹੈ ।
ਮੈਂ ਬਹੁਤ ਹੈਰਾਨੀ ਭਰੀ ਅਵਸਥਾ ਵਿੱਚ ਘਿਰ ਜਾਂਦਾ ਹਾਂ ! ਚੇਤਨਾ ਨੂੰ ਕਿਸ
ਤਰ੍ਹਾਂ ਸਾਂਭਿਆ ਜਾ ਸਕਦਾ ਹੈ ? ਇਹ ਸਭ ਕੁਝ ਪ੍ਰਿਥਵੀ ਦੇ ਵਿਗਿਆਨਿਕਾਂ ਲਈ ਸੰਭਵ
ਨਹੀਂ ਸੀ । ਹਾਂ ਮਿਥਿਹਾਸਿਕ ਕਿਤਾਬਾਂ ਵਿੱਚ ਆਤਮਾ ਦੀ ਸ਼ਕਤੀ ਵਾਰੇ ਬਹੁਤ ਕੁਝ
ਲਿਖਿਆ ਗਿਆ ਸੀ। ਇਹ ਸਭ ਸੋਚ ਸੋਚ ਕੇ ਮੇਰੇ ਸਰੀਰ ਵਿਚ ਇੱਕ ਰੁਮਾਂਚ ਦੀ ਲਹਿਰ
ਜਿਹੀ ਉੱਠ ਖੜੀ ਹੋਈ - ਜਿਵੇਂ ਕੋਈ ਰੁਮਾਂਚਿਕ ਫਿਲਮ ਦੇਖ ਕੇ ਉੱਠਦੀ ਹੈ। ਮੈਂ
ਆਪਣੇ ਆਪ ਨੂੰ ਇਸ ਪ੍ਰਯੋਗ ਲਈ ਤਿਆਰ ਕਰ ਲੈਂਦਾ ਹਾਂ - ਪਰ ਇਸ ਪ੍ਰਯੋਗ ਨੂੰ
ਵਾਪਿਸ ਨਹੀਂ ਕੀਤਾ ਜਾ ਸਕਦਾ ਕਿਓਂਕਿ ਇਹ ਇਕ ਪਾਸੇ ਦੀ ਯਾਤਰਾ ਹੋਵੇਗੀ। ਮੈਂ
ਇੱਕ ਵਾਰ ਆਪਣਾ ਭੌਤਿਕ ਸਰੀਰ ਛੱਡ ਦਿੱਤਾ ਤਾਂ ਇਹ ਇੱਕ ਤਰ੍ਹਾਂ ਦੀ ਮੌਤ ਹੀ
ਹੋਵੇਗੀ। ਪਰ ਮੇਰੀ ਮੌਤ ਤਾਂ ਉਸ ਦਿਨ ਹੀ ਹੋ ਗਈ ਸੀ ਜਿਸ ਦਿਨ ਮੈਂ ਧਰਤੀ ਨੂੰ
ਛੱਡਿਆ ਸੀ ! ਮੇਰਾ ਧਰਤੀ ਤੇ ਵਾਪਿਸ ਜਾਣਾ ਵੀ ਪਤਾ ਨਹੀਂ ਸੰਭਵ ਹੋ ਵੀ ਸਕਦਾ ਹੈ
ਕਿ ਨਹੀਂ - ਮੈਂ ਧਰਤੀ ਤੋਂ ਬਹੁਤ ਦੂਰ ਸੀ ! ਮੈਂ ਧਰਤੀ ਵਾਰੇ ਸੋਚਦਿਆਂ ਸੌਂ ਗਿਆ
।
ਅਗਲੇ ਦਿਨ ਸਫੀਨ ਆਈ ਤਾਂ ਮੈਂ ਉਸਨੂੰ ਖੁਸ਼ੀ ਨਾਲ ਆਪਣੀ ਰਜ਼ਾਮੰਦੀ ਦੱਸ ਦਿੱਤੀ।
ਉਹ ਬੜੀ ਪ੍ਰਸੰਨ ਹੋਈ ਅਤੇ ਉਸਦੀਆਂ ਨਕਲੀ ਅੱਖਾਂ ਵਿੱਚ ਰੌਸ਼ਨੀ ਦੀ ਚਮਕ ਜਿਹੀ ਆ
ਗਈ ! ਉਹ ਮੈਨੂੰ ਪ੍ਰਯੋਗਸ਼ਾਲਾ ਵਿੱਚ ਲਈ ਆਈ ਅਤੇ ਮੈਨੂੰ ਇੱਕ ਕੈਪਸੂਲ ਵਰਗੀ ਮਸ਼ੀਨ
ਵਿੱਚ ਲੇਟਣ ਲਈ ਕਿਹਾ।
'ਸੁਜਾਨ ਇਸ ਕੈਪਸੂਲ ਵਿੱਚ ਲੇਟ ਜਾ ਅਤੇ ਜਦੋਂ ਤੂੰ ਜਾਗੇੰਗਾ ਤਾਂ ਤੈਨੂੰ ਇੱਕ
ਨਵਾਂ ਜੀਵਨ ਮਿਲੇਗਾ, ਜਿਹੜਾ ਮੌਤ ਤੋਂ ਰਹਿਤ ਹੋਵੇਗਾ ਅਤੇ ਜਿਸ ਵਾਸਤੇ ਤੈਨੂੰ
ਖਾਣ-ਪੀਣ ਦੀ ਚਿੰਤਾ ਵੀ ਨਹੀਂ ਕਰਨੀ ਪਏਗੀ !'
ਮੈਂ ਉਸਦੀ ਆਗਿਆ ਮੰਨਦਾ ਹੋਇਆ ਕੈਪਸੂਲ ਵਿੱਚ ਲੇਟ ਜਾਂਦਾ ਹਾਂ। ਥੋੜੀ ਦੇਰ ਬਾਅਦ
ਸਫੀਨ ਮੇਰੇ ਦਿਮਾਗ ਦੇ ਦੁਆਲੇ ਇੱਕ ਬੈਲਟ ਜਿਹੀ ਲਪੇਟ ਕੇ ਕੈਪਸੁਲ ਦਾ ਦਰਵਾਜ਼ਾ
ਬੰਦ ਕਰ ਦਿੰਦੀ ਹੈ। ਕੈਪਸੁਲ ਦੇ ਅੰਦਰ ਹਨੇਰਾ ਜਿਹਾ ਛਾ ਜਾਂਦਾ ਹੈ ... ਪਰ
ਥੋੜੀ ਦੇਰ ਬਾਅਦ ਹੀ ਇੱਕ ਨੀਲੀ ਜਿਹੀ ਰੌਸ਼ਨੀ ਦੀ ਤਰੰਗ ਜਿਹੀ ਉੱਠਦੀ ਹੈ ਅਤੇ
ਮੇਰੇ ਆਲੇ ਦੁਆਲੇ ਫੈਲ ਜਾਂਦੀ ਹੈ। ਮੈਨੂੰ ਜਿਵੇਂ ਨੀਂਦ ਆਉਣੀ ਸ਼ੁਰੂ ਹੋ ਜਾਂਦੀ
ਹੈ ਅਤੇ ਮੈਂ ਗਹਿਰੀ ਨੀਦ ਵਿੱਚ ਚਲਿਆ ਜਾਂਦਾ ਹਾਂ। ਮੇਰੀਆਂ ਅੱਖਾ ਦੀਆਂ
ਪੁਤਲੀਆਂ ਜਿਵੇਂ ਅੱਡੀਆਂ ਰਹਿ ਜਾਂਦੀਆਂ ਹਨ। ਮੈਨੂੰ ਸੁਪਨਾ ਆਉਂਦਾ ਹੈ ਕਿ ਮੈਂ
ਵਾਪਿਸ ਧਰਤੀ ਤੇ ਹਾਂ ਅਤੇ ਮੇਰੇ ਬਚਪਨ ਦੀ ਅਵਸਥਾ ਹੈ। ਮੈਂ ਆਪਣੇ ਭਰਾ ਦੇ ਨਾਲ
ਆਪਣੇ ਘਰ ਦੇ ਬਾਹਰ ਖੇਡ ਰਿਹਾ ਹਾਂ। ਅਸੀਂ ਕਾਗਜ਼ ਦੇ ਰੌਕੇਟ ਬਣਾ ਕੇ ਉੱਚੇ ਉੜਾ
ਰਹੇ ਹਾਂ। ਮੇਰਾ ਮਨ ਕਰਦਾ ਹੈ ਕੇ ਮੇਰਾ ਰੌਕੇਟ ਬਹੁਤ ਉੱਚਾ ਉੜੇ - ਉੱਚੇ ਤੋਂ
ਉੱਚੇ ਦਰਖਤ ਤੋਂ ਉੱਪਰ ! ਅਤੇ ਮੈਂ ਆਪਣੇ ਮਨ ਵਿੱਚ ਸੋਚਦਾ ਹਾਂ ਕਿ ਮੈਂ ਵੀ ਇੱਕ
ਦਿਨ ਰੌਕੇਟ ਵਿੱਚ ਉੜਾਨ ਭਰਾਂ। ਉਸੇ ਵਕਤ ਮੇਰੀ ਮਾਂ ਦੀ ਅਵਾਜ਼ ਮੇਰੇ ਕੰਨੀਂ
ਪੈਂਦੀ ਹੈ। ਉਹ ਸਾਨੂੰ ਦੋਵਾਂ ਨੂੰ ਖਾਣੇ ਲਈ ਬੁਲਾਉਂਦੀ ਹੈ। ਮੈਂ ਆਪਣੇ ਭਰਾ
ਦੇ ਪਿੱਛੇ ਪਿੱਛੇ ਘਰ ਵੱਲ੍ਹ ਨੂੰ ਜਾਂਦਾ ਹਾਂ ਪਰ ਮੇਰੇ ਭਰਾ ਦਾ ਅਕਾਰ ਧੂਏਂ
ਵਾਂਗ ਕਿਧਰੇ ਗਾਇਬ ਹੋ ਜਾਂਦਾ ਹੈ । ਮੈਂ ਇੱਕ ਦਮ ਘਬਰਾ ਜਾਂਦਾ ਹੈ ਅਤੇ ਮੇਰਾ
ਸੁਪਨਾ ਟੁੱਟ ਜਾਂਦਾ ਹੈ। ਮੈਂ ਆਪਣੇ ਆਲੇ ਦੁਆਲੇ ਦੇਖਦਾ ਹਾਂ - ਮੈਂ ਕੈਪਸੂਲ
ਵਿੱਚ ਨਹੀਂ ਹਾਂ ਸਗੋਂ ਨੀਲੇ ਗਹਿਰੇ ਅਕਾਸ਼ ਵਿੱਚ ਉੜ ਰਿਹਾ ਹਾਂ। ਮੇਰੇ ਆਸ ਪਾਸ
ਜਿਵੇਂ ਬਹੁਤ ਸਾਰੇ ਸਿਤਾਰੇ ਅਤੇ ਗ੍ਰਹਿ ਹਨ। ਮੈਂ ਪਤਾ ਨਹੀਂ ਕਿਹੜੀ ਆਕਾਸ਼ਗੰਗਾ
ਵਿੱਚ ਤੈਰ ਰਿਹਾ ਹਾਂ ? ਮੈਂ ਆਪਣੇ ਆਪ ਨੂੰ ਬਹੁਤ ਹੀ ਹਲਕਾ ਮਹਿਸੂਸ ਕਰਦਾ ਹਾਂ -
ਜਿਵੇਂ ਮੇਰਾ ਸਰੀਰ ਭਾਰਹੀਣ ਹੋਵੇ ! ਜਿਵੇਂ ਮੈਂ ਖਲਾਅ ਵਿੱਚ ਹੋਵਾਂ ਅਤੇ ਧਰਤੀ
ਦਾ ਗੁਰੁਤਾਕਾਰਸ਼ਨ ਨਾ ਹੋਵੇ !
ਮੈਂ ਇਧਰ ਉਧਰ ਨਜ਼ਰ ਫੇਰਦਾ ਹਾਂ - ਮੈਨੂੰ ਆਪਣੇ ਹਰ ਪਾਸੇ ਸਿਤਾਰੇ ਨਜ਼ਰ ਆਉਂਦੇ
ਹਨ। ਅਚਾਨਕ ਮੈਨੂੰ ਸਫੀਨ ਦੀ ਅਵਾਜ਼ ਸੁਣਾਈ ਦਿੰਦੀ ਹੈ - ਮੈਂ ਅਵਾਜ਼ ਵੱਲ੍ਹ
ਨੂੰ ਨਜ਼ਰ ਘੁਮਾਉਂਦਾ ਹਾਂ - ਪਰ ਸਫੀਨ ਮੈਨੂੰ ਕਿਧਰੇ ਵੀ ਦਿਖਾਈ ਨਹੀਂ ਦਿੰਦੀ।
'ਸੁਜਾਨ, ਹੁਣ ਤੂੰ ਮੈਨੂੰ ਨਹੀਂ ਦੇਖ ਸਕੇਂਗਾ ਕਿਓਂਕਿ ਮੈਂ ਆਪਣੇ ਯਾਂਤ੍ਰਿਕ
ਸਰੀਰ ਵਿੱਚ ਨਹੀਂ ਹਾਂ। ਮੈਂ ਹੁਣ ਆਪਣੀ ਆਤਮਾ ਦੇ ਲਿਬਾਸ ਵਿੱਚ ਹਾਂ ਜਿਸਦਾ ਕੋਈ
ਅਕਾਰ ਨਹੀਂ - ਅਤੇ ਤੂੰ ਵੀ ਉਸੇ ਅਕਾਰ ਵਿੱਚ ਹੀ ਏਂ !'
ਮੇਰੇ ਮੂੰਹੋਂ ਬੋਲ ਨਹੀ ਨਿੱਕਲਦੇ - ਜਿਵੇਂ ਮੈਂ ਮੁੜ ਤੋਂ ਕੋਈ ਸੁਪਨਾ ਵੇਖ ਰਿਹਾ
ਹੋਵਾਂ !'
'ਤੇਰੀ ਹਾਲਤ ਅਜੇ ਇੱਕ ਨਵ-ਜਨਮੇ ਬੱਚੇ ਵਰਗੀ ਹੈ - ਜਿਸ ਤਰ੍ਹਾਂ ਤੂੰ ਵਿਕਸਿਤ
ਹੁੰਦਾ ਜਾਵੇਂਗਾ, ਤੇਰੇ ਵਿੱਚ ਸ਼ਕਤੀ ਆਉਂਦੀ ਜਾਵੇਗੀ ਅਤੇ ਤੂੰ ਸਿਤਾਰਿਆਂ ਦੇ ਪਾਰ
ਪਲਾਂ ਵਿੱਚ ਜਾਣ ਦੇ ਕਾਬਿਲ ਹੋ ਸਕੇਂਗਾ !'
ਉਸਦੀ ਇਹ ਗੱਲ ਸੁਣ ਮੇਰੀਆਂ ਅੱਖਾਂ ਵਿਚ ਇੱਕ ਸੁਪਨਈ ਚਮਕ ਆ ਜਾਂਦੀ ਹੈ !
***
ਪ੍ਰਿਥਵੀ ਤੇ ਸਵੇਰ ਦਾ ਸੂਰਜ ਚੜ੍ਹ ਰਿਹਾ ਹੈ। ਤਿੱਤਰਖੰਭੀ ਬੱਦਲਾਂ ਦੀ ਨਿਲਾਹਟ
ਦੇ ਝਰੋਖੇ ਵਿੱਚੋਂ ਲਾਲ ਅਤੇ ਸੰਗਤਰੀ ਭਾਹ ਦੀਆਂ ਤਰੰਗਾਂ ਝਲਕ ਦਿਖਾ ਰਹੀਆਂ ਹਨ।
ਪਰ ਬਹੁਤ ਸਾਰੇ ਮਹਾਂਨਗਰ ਇਹ ਨਜ਼ਾਰਾ ਨਹੀਂ ਦੇਖ ਸਕਦੇ ਕਿਓਂਕਿ ਪ੍ਰਦੂਸ਼ਣ ਅਤੇ
ਧੂਏਂ ਦੇ ਗ਼ੁਬਾਰ ਦੇ ਬੱਦਲ ਇੰਨੇ ਸੰਘਣੇ ਹਨ ਕਿ ਸੂਰਜ ਦੀ ਰੌਸ਼ਨੀ ਵੀ ਦਿਖਾਈ ਨਹੀਂ
ਦਿੰਦੀ ! ਦੂਰ ਕਿਤੇ ਸਮੁੰਦਰ ਦੇ ਕਿਨਾਰੇ ਇੱਕ ਤਾਰਾ ਟੁੱਟਦਾ ਹੋਇਆ ਦਿਖਾਈ ਦੇ
ਰਿਹਾ ਹੈ ... ਓਸਦੀ ਨੀਲੀ ਰੌਸ਼ਨੀ ਦੂਰ ਤੱਕ ਆਪਣੀ ਭਾਹ ਵਿਖੇਰਦੀ ਗਈ ਅਤੇ ਫਿਰ
ਅਲੋਪ ਹੋ ਗਈ ...
ਰੋਜ਼ਾਨਾਂ ਦੀ ਤਰ੍ਹਾਂ ਲੋਕ ਸਵੇਰੇ ਉਠੱ ਕੇ ਆਪਣੇ ਕੰਮਾਂ ਕਰਨ ਨੂੰ ਜਾ ਰਹੇ ਹਨ
। ਦੂਰਦਰਸ਼ਨ(ਟੀਵੀ) ਤੇ ਸਵੇਰ ਦੇ ਪ੍ਰੋਗ੍ਰਾਮ ਆ ਰਹੇ ਹਨ। ਅਚਾਨਕ ਸਾਰੀ ਦੁਨੀਆਂ
ਦੇ ਟੀਵੀ ਸੈੱਟ ਦੇ ਪ੍ਰੋਗ੍ਰਾਮ ਰੁੱਕ ਜਾਂਦੇ ਹਨ ਅਤੇ ਇਹ ਸੰਦੇਸ਼ ਪ੍ਰਸਾਰਿਤ ਹੋਣ
ਲਗਦਾ ਹੈ -
'ਪ੍ਰਿਥਵੀ ਵਾਸੀਓ! ਆਪਣੀ ਧਰਤੀ ਨੂੰ ਪ੍ਰਦੂਸ਼ਣ ਅਤੇ ਸੰਸਾਰਿਕ ਤਾਪ (Global
Warming) ਤੋਂ ਬਚਾਓ ! ਜੇ ਤੁਸੀਂ ਹੁਣੇ ਹੀ ਇਮਾਨਦਾਰੀ ਨਾਲ ਕੋਸ਼ਿਸ਼ ਨਹੀਂ ਕੀਤੀ
ਤਾਂ ਪ੍ਰਿਥਵੀ ਛੇਤੀਂ ਹੀ ਪਰਲੋਂ ਤੋਂ ਨਹੀਂ ਬਚ ਸਕੇਗੀ !'
06/04/2013 |