ਬੋਹੜ ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ


ਪੂਰਾ ਸਾਲ ਹੋ ਗਿਆ ਸੀ ਸੱਤੀ ਨੂੰ ਮੰਜਾ ਮੱਲ ਕੇ ਪਈ ਨੂੰ। ਅੰਦਰੇ-ਅੰਦਰ ਤਾਂ ਜਿਵੇਂ ਉਸ ਨੂੰ ਖੋਰਾ ਹੀ ਲੱਗ ਗਿਆ ਹੋਵੇ। ਰੋ-ਰੋ ਕੇ ਅੱਖਾਂ ਗਾਲ ਲਈਆਂ ਸਨ ਉਸ ਨੇ। ਹੁਣ ਤਾਂ ਜਿਵੇਂ ਸਰੀਰ ਵੀ ਉਹਦੇ ਨਾਲ ਰੁੱਸਣ ਲੱਗ ਪਿਆ ਸੀ। ਕਿਸੇ ਝੋਰੇ ਵਿਚ ਉਹ ਦਿਨੋਂ-ਦਿਨ ਹੱਡੀਆਂ ਦੀ ਮੁੱਠ ਹੀ ਤਾਂ ਬਣਦੀ ਜਾ ਰਹੀ ਸੀ। ਕਿਸੇ ਨੂੰ ਵੀ ਉਸ ਦੀ ਅੰਦਰਲੀ ਮਰਜ਼ ਦਾ ਨਹੀ ਸੀ ਪਤਾ। ਉਸ ਨੂੰ ਖਾਣ-ਪੀਣ ਦਾ ਵੀ ਬਹੁਤਾ ਖਿਆਲ ਨਹੀਂ ਸੀ। ਚਾਹੇ ਇਸ ਦੌਰਾਨ ਦਵਾ-ਬੂਟੀ ਚੱਲਦੀ ਰਹੀ, ਪਰ ਉਸ ਦੀ ਹਾਲਤ ਆਏ ਦਿਨ ਨਿੱਘਰਦੀ ਹੀ ਜਾ ਰਹੀ ਸੀ। ਉਹ ਤਾਂ ਪਹਿਲਾਂ ਵੀ ਬਥੇਰ੍ਹਾ ਸੰਤਾਪ ਹੰਢਾ ਚੁੱਕੀ ਸੀ, ਦਰਦਾਂ ਨਾਲ ਤਾਂ ਵਿੰਨ੍ਹੀ ਪਈ ਸੀ। ਗਮਾਂ ਨਾਲ ਤਾਂ ਜਿਵੇਂ ਉਸ ਦੀ ਪੱਕੀ ਦੋਸਤੀ ਸੀ।

ਇੰਗਲੈਂਡ ਆਈ ਨੂੰ ਉਹਨੂੰ ਕੋਈ ਦਸ ਕੁ ਸਾਲ ਹੋ ਗਏ ਸਨ। ਸੁੱਘੜ-ਸਿਆਣੀ, ਪੜ੍ਹੀ-ਲਿਖੀ ਸੱਤੀ ਨਾਲ ਪਹਿਲਾਂ ਵੀ ਕਿਸਮਤ ਨੇ ਕੋਝਾ ਮਜ਼ਾਕ ਹੀ ਕੀਤਾ ਸੀ। ਪ੍ਰੀਵਾਰ ਦੀ ਇੰਗਲੈਂਡ ਭੇਜਣ ਦੀ ਇੱਛਾ ਕਾਰਨ ਉਸ ਨੂੰ ਵੱਡੀ ਉਮਰ ਦੇ ਲਾੜ੍ਹੇ ਨਾਲ ਨਰੜ ਦਿੱਤਾ ਗਿਆ। ਸੱਤੀ ਨੂੰ ਉਸ ਤੋਂ ਵੀਹ ਸਾਲ ਵੱਡੇ ਗੁਰਬੰਸ ਸਿੰਘ ਦੀ ਫੋਟੋ ਜਦ ਦਿਖਾਈ ਗਈ ਤਾਂ ਉਸ ਦਾ ਕਾਲਜਾ ਦੋਫ਼ਾੜ ਹੋ ਗਿਆ। ਉਸ ਦਾ ਜੀਅ ਕੀਤਾ ਕਿ ਫ਼ੋਟੋ ਪਾੜ ਕੇ ਸਭ ਨੂੰ ਆਪਣੇ ਦਿਲ ਦੀ ਅੰਦਰੂਨੀ ਗੱਲ ਕਹਿ ਦੇਵੇ ਕਿ ਮੈਂ ਇਸ ਖੜੂਸ ਨਾਲ ਸ਼ਾਦੀ ਨਹੀਂ ਕਰੂੰਗੀ। ਪਰ ਪ੍ਰੀਵਾਰ ਵਾਲਿਆਂ ਦੀ ਖੁਸ਼ੀ ਨੂੰ ਪਹਿਲ ਦੇ ਕੇ ਉਸ ਨੇ ਫ਼ੋਟੋ ਦੇ ਨਹੀਂ, ਆਪਣੇ ਦਿਲ ਦੇ ਟੁਕੜੇ ਕਰ ਲਏ ਅਤੇ ਗ਼ਮਾਂ ਦਾ ਜਾਮ ਪੀਣ ਲਈ ਆਪਣੇ ਮਨ ਨੂੰ ਪਲੋਸ ਕੇ ਰਾਜ਼ੀ ਕਰ ਲਿਆ। ਉਸ ਦਾ ਹੋਣ ਵਾਲਾ ਪਤੀ ਜੋ ਕਿ ਗੋਰੀ ਨਾਲ ਪੈਸਿਆਂ ਦਾ ਲੈਣ-ਦੇਣ ਕਰਕੇ, ਯਾਨਿ ਵਿਆਹ ਦਾ ਸਰਟੀਫਿ਼ਕੇਟ ਖ਼ਰੀਦ ਕੇ ‘ਪੱਕਾ’ ਤਾਂ ਹੋ ਗਿਆ ਸੀ, ਪਰ ਪੜ੍ਹਾਈ-ਲਿਖਾਈ ਪੱਖੋਂ ‘ਕੋਰਾ’ ਹੀ ਸੀ। ਉਸ ਨੂੰ ਭਲੀਭਾਂਤ ਪਤਾ ਸੀ ਕਿ ਗੋਰੀ ਤੋਂ ਤਲਾਕ ਲੈ ਕੇ ਉਹ ਪੰਜਾਬ ਤੋਂ ਅੱਛੀ-ਖਾਸੀ ਅਤੇ ਜੁਆਨ ਕੁੜੀ ਮੰਗਵਾ ਸਕਦਾ ਸੀ। ਅਜਿਹਾ ਹੀ ਹੋਇਆ! ਇਸ ਕੰਮ ‘ਚ ਉਸ ਦੇ ਰਿਸ਼ਤੇਦਾਰਾਂ ਨੇ ਉਹਦੀ ਲੋੜੀਂਦੀ ਮੱਦਦ ਕੀਤੀ ਅਤੇ ਸੱਤੀ ਦੇ ਘਰ ਵਾਲਿਆਂ ਨਾਲ ਰਾਬਤਾ ਕਾਇਮ ਕੀਤਾ ਗਿਆ। ਗੱਲ ਪੱਕੀ ਹੋ ਗਈ ਤਾਂ ਰਾਹਦਾਰੀ ਦੇ ਸਾਰੇ ਜ਼ਰੂਰੀ ਕਾਗਜ਼ਾਤ ਭੇਜ ਦਿੱਤੇ ਗਏ। ਕਾਨੂੰਨੀ ਕਾਰਵਾਈ ਪੂਰੀ ਹੁੰਦਿਆਂ ਸੱਤੀ ਪੰਜਾਬ ਤੋਂ ਜਹਾਜ਼ ਚਾੜ੍ਹ ਦਿੱਤੀ ਅਤੇ ਅੱਗੇ ਲੰਡਨ ਦੇ ਹੀਥਰੋ ਏਅਰਪੋਰਟ ਤੋਂ ਰਿਸ਼ਤੇਦਾਰ ਉਸ ਨੂੰ ਆ ਕੇ ਲੈ ਗਏ।

ਇੰਗਲੈਂਡ ਪਹੁੰਚ ਕੇ ਸੱਤੀ ਦੇ ਰਿਸ਼ਤੇ ‘ਚੋਂ ਲੱਗਦੇ ਭਰਾ ਵੱਲੋਂ ਉਸ ਦੀ ਸ਼ਾਦੀ ਦੀਆਂ ਰਸਮਾਂ ਪੂਰੀਆਂ ਕਰ ਦਿੱਤੀਆਂ ਗਈਆਂ ਅਤੇ ਸੱਤੀ ਗੁਰਬੰਸ ਦੀ ‘ਧਰਮ ਪਤਨੀ’ ਬਣ ਗਈ। ਗਊ ਬਣੀ ਸੱਤੀ ਨੇ ਚੜ੍ਹਦੀ ਜਵਾਨੀ ਵਿਚ ਹੀ ਆਪਣੀ ਜ਼ਮੀਰ ਮਾਰ ਕੇ ਆਪਣੇ ਮਨ ਦਾ ਬਲੀਦਾਨ ਦੇ ਦਿੱਤਾ। ਉਹਦੀਆਂ ਸਧਰਾਂ ਨੂੰ ਤਾਂ ਰਸਮਾਂ ਦਾ ਹੀ ਲਕਵਾ ਮਾਰ ਗਿਆ ਸੀ। ਪੜ੍ਹੀ-ਲਿਖੀ ਅਗਾਂਹ-ਵਧੂ ਖਿ਼ਆਲਾਂ ਦੀ ਮਾਲਕ ਸੀ ਉਹ ਅਤੇ ਅੜ੍ਹਬ ਸੁਭਾਅ ਵਾਲਾ ਗੁਰਬੰਸ ਮੰਦੀ ਭਾਸ਼ਾ ਨਾਲ ਪੇਸ਼ ਆਉਣਾ ਆਪਣੀ ‘ਸ਼ੇਖੀ’ ਸਮਝਦਾ ਸੀ। ਵਿਆਹ ਤੋਂ ਥੋੜ੍ਹੀ ਦੇਰ ਬਾਅਦ ਹੀ ਸੱਤੀ ਦਾ ਸੁਹੱਪਣ ਅਤੇ ਉਮਰ ਦਾ ਵੱਡਾ ਫ਼ਰਕ ਗੁਰਬੰਸ ਨੂੰ ਅੰਦਰੇ-ਅੰਦਰ ਅਸੁਰੱਖਿਅਤ ਮਹਿਸੂਸ ਕਰਾਉਣ ਲੱਗਾ। ਉਹ ਗੱਲੀਂ-ਬਾਤੀਂ ਉਸ ‘ਤੇ ਊਝਾਂ ਲਾਉਂਦਾ। ਉਹਦੇ ਹਰ ਕੰਮ ‘ਚ ਨਿਘੋਚਾਂ ਕੱਢਦਾ ਅਤੇ ਰੜਕਾਵੀਆਂ ਗੱਲਾਂ ਕਰਕੇ ਉਹਦਾ ਮਨੋਬਲ ਡੇਗੀ ਰੱਖਦਾ। ਹਰ ਰੋਜ਼ ਸ਼ਰਾਬ ਪੀਣ ਦੇ ਆਦੀ ਗੁਰਬੰਸ ਵੱਲੋਂ ਵਰਤੀ ਜਾਂਦੀ ਘਟੀਆ ਅਤੇ ਅਸ਼ਲੀਲ ਸ਼ਬਦਾਵਲੀ ਸੱਤੀ ਦੀ ਮਾਨਸਿਕਤਾ ਨੂੰ ਨਿੱਤ ਜ਼ਿਬਾਹ ਕਰਦੀ। ਉਹ ਜਦ ਵੀ ਬਦਬੂ ਮਾਰਦਾ ਗਲੀਚ ਜਿਹਾ ਮੂੰਹ ਲੈ ਕੇ ਸੱਤੀ ਦੇ ਨੇੜੇ ਹੁੰਦਾ ਤਾਂ ਉਸ ਤੋਂ ਝੱਲਣਾ ਮੁਸ਼ਕਿਲ ਹੋ ਜਾਂਦਾ। ਉਸ ਨੂੰ ਕਚਿਆਣ ਜਿਹੀ ਆਉਂਦੀ। ਪਰ ਉਹ ਸੋਚ ਕੇ ਆਪਣਾ ਸਾਹ ਸੂਤ ਲੈਂਦੀ ਤੇ ਮਨ ਨੂੰ ਸਮਝਾਉਂਦੀ ਕਿ ਮਨਾ, ਦੁਨੀਆਂ ਦੇ ਦਸਤੂਰ ਅਨੁਸਾਰ ਇਹ ਪਤੀਵਰਤਾ ਧਰਮ ਤਾਂ ਹੁਣ ਤੈਨੂੰ ਨਿਭਾਉਣਾ ਹੀ ਪੈਣਾ ਹੈ! ਸਮਾਜ ਅਰਥਾਤ ਘਰਦਿਆਂ ਦੇ ਦਿੱਤੇ ਜ਼ਖ਼ਮ ਦਾ ਦਰਦ ਹੁਣ ਤੈਨੂੰ ਝੱਲਣਾ ਹੀ ਪੈਣਾਂ ਹੈ! ਰੋ-ਪਿੱਟ ਕੇ ਝੱਲ ਲੈ, ਤੇ ਚਾਹੇ ਖਿੜੇ ਮੱਥੇ ਝੱਲ ਲੈ, ਸੋਚਦੀ ਸੱਤੀ ਦੀਆਂ ਬੇਵਸੀ ਵਿਚ ਅੱਖਾਂ ਭਰ ਆਉਂਦੀਆਂ।

ਸਮਾਂ ਗਤੀਸ਼ੀਲ ਹੈ, ਖੜ੍ਹ ਕੇ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ। ਸੋ ਜ਼ਿੰਦਗੀ ਆਪਣੀ ਤੋਰੇ ਤੁਰਨ ਲੱਗੀ। ਸੱਤੀ ਦੇ ਰਿਸ਼ਤੇ ‘ਚੋਂ ਲੱਗਦੇ ਭਰਾ-ਭਰਜਾਈ ਨਾਲ ਦੇ ‘ਟਾਊਨ’ ‘ਚ ਹੀ ਰਹਿੰਦੇ ਸਨ। ਜੀਤ ਨੂੰ ਸੱਤੀ ‘ਵੀਰ ਜੀ’ ਅਤੇ ਦਲਜੀਤ ਨੂੰ ‘ਭਾਬੀ ਜੀ’ ਕਹਿ ਕੇ ਬੁਲਾਉਂਦੀ। ਜੀਤ ਨੂੰ ਵੀ ਸੱਤੀ ਦਾ ਸਕੀਆਂ ਭੈਣਾਂ ਵਾਂਗ ਮੋਹ ਆਉਂਦਾ। ਉਹ ਦੋਵੇਂ ਵੇਲੇ ਕੁਵੇਲੇ ਉਹਦੇ ਬੁਲਾਉਣ ‘ਤੇ ਪੈਰ ਜੁੱਤੀ ਨਾ ਪਾਉਂਦੇ ਅਤੇ ਭੱਜੇ ਆਉਂਦੇ। ਉਨ੍ਹਾਂ ਦੋਹਾਂ ਦਾ ਬਹੁਤ ਆਸਰਾ ਸੀ ਉਸ ਨੂੰ। ਜੀਤ ਟਾਊਨ ਦੇ ਇਕ ‘ਰੈਜ਼ੀਡੈਂਸ਼ਲ ਹੋਮ’ ਵਿੱਚ ਬਤੌਰ ਮੈਨੇਜਰ ਕੰਮ ਕਰਦਾ ਸੀ। ਜੀਤ ਦੀ ਸਿਫ਼ਾਰਸ਼ ਪੁਆ ਕੇ ਸੱਤੀ ਨੇ ਗੁਰਬੰਸ ਨੂੰ ਆਪਣੇ ਨੌਕਰੀ ਕਰਨ ਵਾਸਤੇ ਮਨਾ ਲਿਆ। ਉਸੇ ਹੀ ਰੈਜ਼ੀਡੈਂਸ਼ਲ ਹੋਮ ਵਿਚ ਉਸਨੂੰ ‘ਸੁਪੋਰਟ ਵਰਕਰ’ ਵਜੋਂ ਨੌਕਰੀ ਮਿਲ ਗਈ ਸੀ। ਘਰ ਦੇ ਘੁੱਟਣ ਭਰੇ ਮਾਹੌਲ ਤੋਂ ਉਸ ਨੂੰ ਕੁਝ ਰਾਹਤ ਮਿਲੀ ਸੀ। ਪਰ ਤੰਗ ਸੋਚ ਦਾ ਮਾਲਿਕ ਗੁਰਬੰਸ ਸੱਤੀ ਬਾਰੇ ਅੰਦਰੇ-ਅੰਦਰ ਸ਼ੱਕ ਪਾਲਣ ਲੱਗ ਪਿਆ। ਗਾਹੇ-ਬਗਾਹੇ ਕਲੇਸ਼ ਦਾ ਬਹਾਨਾ ਬਣਾ ਕੇ ਗਾਲ੍ਹੀ-ਗਲੋਚ ਕਰਦਾ। ਕਦੇ ਲੜਾਈ ਦਾ ਮੁੱਢ ਬੰਨ੍ਹਣ ਲਈ ਕੋਈ ਇਲਜ਼ਾਮ ਲਾ ਕੇ ਉਹਨੂੰ ਕੁੱਟਣ ਮਾਰਨ ਲੱਗ ਜਾਂਦਾ ਅਤੇ ਮੱਛੀਓਂ ਮਾਸ ਕਰ ਸੁੱਟਦਾ। ਹੁਣ ਤਾਂ ਆਏ ਦਿਨ ਆਨੇ-ਬਹਾਨੇ ਉਹਦੇ ਹੱਡ ਨਿੱਤ ਮੁੰਜ ਵਾਂਗ ਕੁੱਟੇ ਜਾਣ ਲੱਗੇ। ਔਰਤ ਨੂੰ ਕੁੱਟ ਕੇ ਤੱਕਲੇ ਵਾਂਗ ਸਿੱਧੀ ਰੱਖਣਾ ਗੁਰਬੰਸ ਮਰਦ ਦਾ ਜਨਮ-ਜ਼ਾਤ ਅਧਿਕਾਰ ਸਮਝਦਾ ਸੀ। ਸੱਤੀ ਨੂੰ ਘਰੋਂ ਤੁਰਨ ਵੇਲੇ ਮਾਸੀ ਦੀ ਦਿਲਾਸਾ ਦਿੰਦਿਆਂ ਕਹੀ ਹੋਈ ਗੱਲ ਯਾਦ ਆਉਂਦੀ, ‘‘ਸਵਰਗ ‘ਚ ਜਾ ਰਹੀ ਏਂ ਪੁੱਤ, ਘਬਰਾਉਣਾ ਨਹੀਂ।’’ ਉਹ ਹੁਣ ਸੋਚਦੀ, ‘‘ਕਦੋਂ ਘਬਰਾਉਂਦੀ ਹਾਂ? ਮੈਂ ਤਾਂ ਪੱਥਰ ਵਾਂਗ ਸਭ ਕੁਝ ਸਹਿ ਕੇ ਵੀ ਅਟੱਲ ਹਾਂ। ਪਰ ਹਾਂ, ਕਦੇ ਆਪਣੇ ਮੁਕੱਦਰ ‘ਤੇ ਜ਼ਰੂਰ ਸਿ਼ਕਵਾ ਕਰ ਲਿਆ ਕਰਦੀ ਹਾਂ।’’

ਇਕ ਦਿਨ ਸੱਤੀ ਡਿਊਟੀ ਤੋਂ ਘਰ ਪਰਤਦੇ ਵਕਤ ਲੇਟ ਹੋ ਗਈ ਤਾਂ ਜੀਤ ਨੇ ਉਸ ਨੂੰ ਘਰ ਤੱਕ ‘ਲਿਫਟ’ ਦੇ ਦਿੱਤੀ। ਗੁਰਬੰਸ ਦੇ ਦਿਮਾਗ ਵਿਚ ਤਾਂ ਪਹਿਲਾਂ ਹੀ ਊਟ-ਪਟਾਂਗ ਵਿਚਾਰ ਚੱਲ ਰਹੇ ਸਨ ਅਤੇ ਜਦ ਉਸ ਨੇ ਜੀਤ ਦੀ ਕਾਰ ‘ਚੋਂ ਉੱਤਰਦੀ ਸੱਤੀ ਨੂੰ ਦੇਖ ਲਿਆ ਤਾਂ ਉਸ ਦਾ ਅੰਦਰਲਾ ਜਾਨਵਰ ਧੁੱਸ ਦੇ ਕੇ ਬਾਹਰ ਆ ਗਿਆ। ਜੀਤ ਤਾਂ ਚਲਾ ਗਿਆ, ਪਰ ਸੱਤੀ ਉਪਰ ਕੀ ਬੀਤੀ? ਉਹਦੇ ਅੰਦਰ ਵੜਦਿਆਂ ਹੀ ਗੁਰਬੰਸ ਨੇ ਮੂੰਹੋਂ ਜ਼ਹਿਰ ਉਗਲਣਾ ਸ਼ੁਰੂ ਕਰ ਦਿੱਤਾ, ‘‘ਮੈਨੂੰ ਪਤਾ ਹੀ ਸੀ ਕਮਜ਼ਾਤੇ ਤੂੰ ਆਹੀ ਰੰਗ ਲਾਵੇਂਗੀ। ਤੇਰੀਆਂ ਲੱਤਾਂ ਤੋੜ ਕੇ ਤੈਨੂੰ ਅੰਦਰ ਨਾ ਬਿਠਾਇਆ ਤਾਂ ਮੈਂ ਪਿਉ ਦਾ ਪੁੱਤ ਨਹੀਂ।’’ ਫਿਰ ਧੱਕੇ ਮਾਰਦਾ ਬੋਲਿਆ, ‘‘ਤੂੰ ਤਾਂ ਕੰਜਰੀ ਏਂ! ਕੰਜਰੀ ਪੂਰੀ..। ਜਾਹ..! ਚਲੀ ਜਾਹ ਆਪਣੇ ਯਾਰ ਦੀ ਬੁੱਕਲ ‘ਚ। ਜਾਨ ਕੱਢ ਲਊਂ ਜੇ ਮੁੜ ਕੇ ਵਾਪਸ ਆਈ ਤਾਂ।’’ ਹਿੰਸਕ ਪਸ਼ੂ ਵਾਂਗ ਪਤਾ ਨਹੀਂ ਕਿੰਨੀ ਦੇਰ ਉਹ ਉਹਨੂੰ ਠੁੱਡਾਂ ਨਾਲ ਭੰਨਦਾ ਉਹਦੇ ਪਾਸੇ ਸੇਕਦਾ ਰਿਹਾ। ਫਿਰ ਵਾਲਾਂ ਤੋਂ ਫੜ ਕੇ ਉਸ ਨੂੰ ਬਾਹਰ ਧੱਕ ਕੇ ਦਰਵਾਜ਼ਾ ਠਾਹ ਬੰਦ ਕਰ ਲਿਆ। ਸੱਤੀ ਦਾ ਸਿਰ ਬਾਹਰਲੀ ਫ਼ਰਸ਼ ‘ਤੇ ਇੱਟ ਵਾਂਗ ਵੱਜਿਆ ਅਤੇ ਉਹ ਬੇਹੋਸ਼ ਹੋ ਗਈ। ਉਹ ਕਿਵੇਂ ਹਸਪਤਾਲ ਪਹੁੰਚੀ? ਉਹ ਨਹੀਂ ਜਾਣਦੀ ਸੀ। ਸੁਰਤ ਆਈ ਤਾਂ ਕੋਲ ਬੈਠੀ ਉਸ ਦੀ ਨਿਗਰਾਨੀ ਕਰ ਰਹੀ ਨਰਸ ਨੇ ਦੱਸਿਆ ਕਿਸੇ ਰਾਹਗੀਰ ਦੇ ਫ਼ੋਨ ਕਰਨ ‘ਤੇ ਉਹ ਇਥੇ ਲਿਆਂਦੀ ਗਈ ਸੀ। ਸੱਤੀ ਦੇ ਹੋਸ਼ ਵਿਚ ਆਉਣ ਉਪਰੰਤ ਪੁਲਿਸ ਵੀ ਉਹਦੀ ਸਟੇਟਮੈਂਟ ਲੈਣ ਹਸਪਤਾਲ ਪਹੁੰਚ ਗਈ। ਸੱਤੀ ਨੇ ਜੋ ਹੋਇਆ ਥੋੜ੍ਹੀ ਹਿੰਮਤ ਜੁਟਾ ਕੇ ਬਿਆਨ ਤਾਂ ਦੇ ਦਿੱਤੇ, ਪਰ ਕਿਸੇ ਗ਼ੈਬੀ ਡਰ ਕਾਰਨ ਉਹ ਸਹਿਮ ਗਈ ਅਤੇ ਉਸ ਦਾ ਸਰੀਰ ਤਾਣੀ ਵਾਂਗ ਕੰਬਣ ਲੱਗ ਪਿਆ। ਬਿਆਨ ਲਿਖਣ ਤੋਂ ਬਾਅਦ ਪੁਲਿਸ ਅਫ਼ਸਰ ਨੇ ਸਵਾਲ ਕੀਤਾ, ‘‘ਮੈਡਮ, ਵੁੱਡ ਯੂ ਲਾਈਕ ਟੂ ਪ੍ਰੈਸ ਚਾਰਜਜ਼ ਅਗੇਂਸਟ ਯੂਅਰ ਹਸਬੰਡ?’’ ਸਵਾਲ ਸੁਣ ਕੇ ਸੱਤੀ ਦੇ ਅੰਦਰਲੇ ਸੰਸਕਾਰ ਜਾਗ ਪਏ ਜਾਂ ਗੁਰਬੰਸ ਦੇ ਕਹਿਰ ਭਰੇ ਜ਼ਾਲਮ ਵਰਤਾਓ ਨੂੰ ਯਾਦ ਕਰਕੇ ਉਹ ਠਠੰਬਰ ਜੇਹੀ ਗਈ ਅਤੇ ਉਸ ਨੇ ‘ਨਾਂਹ’ ਵਿਚ ਸਿਰ ਹਿਲਾ ਦਿੱਤਾ। ਪੁਲਿਸ ਵਾਲਿਆਂ ਨੇ ਸਵਾਲ ਦੁਹਰਾ ਕੇ ਸਪੱਸ਼ਟ ਕੀਤਾ ਕਿ ਜੇਕਰ ਅੱਜ ਤੂੰ ਉਸ ਨਾਲ ਹਲੇਮੀ ਵਰਤੀ ਤਾਂ ਉਹ ਅਜਿਹੇ ਘਾਤਕ ਕਾਂਡ ਮੁੜ ਦੁਹਰਾਏਗਾ। ਫਿਰ ਸੱਤੀ ਦੀ ਚੁੱਪ ਨੂੰ ਦੇਖਦਿਆਂ ਉਹਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਇਕ ਰਾਤ ਗੁਰਬੰਸ ਨੂੰ ਪੁਲਿਸ ਥਾਣੇ ਰੱਖਣ ਤੋਂ ਬਾਅਦ ਛੱਡ ਦਿੱਤਾ। ਤਦ ਤੱਕ ਸੱਤੀ ਨੂੰ ਵੀ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ।

ਚਾਹੇ ਥੋੜ੍ਹੇ ਦਿਨ ਸੁਖ ਸਬੀਲੇ ਲੰਘ ਗਏ ਸਨ ਅਤੇ ਸੱਤੀ ਕੁਝ ਦਿਨ ਘਰ ਰਹਿ ਕੇ ਮੁੜ ਡਿਊਟੀ ‘ਤੇ ਜਾਣ ਲੱਗ ਪਈ। ਪਰ ਗੁਰਬੰਸ ਨੂੰ ਆਪਣੀ ਗਲਤੀ ਦਾ ਕੋਈ ਬਹੁਤਾ ਅਹਿਸਾਸ ਨਹੀਂ ਸੀ। ਉਹ ਅਜੇ ਵੀ ਕੋਈ ਨਾ ਕੋਈ ਗੱਲ ਲੱਭ ਕੇ ਕਲੇਸ਼ ਨੂੰ ਸੱਦਾ ਦੇਈ ਰੱਖਦਾ। ਸ਼ੱਕੀ ਸੁਭਾਅ ਤਾਂ ਉਸ ਦਾ ਰੱਜ ਕੇ ਸੀ। ਪਰ ਜਦ ਦਾ ਸੱਤੀ ਨੂੰ ਉਸ ਨੇ ਜੀਤ ਨਾਲ ਕਾਰ ‘ਚ ਬੈਠਿਆਂ ਦੇਖਿਆ ਸੀ, ਉਸ ਦਾ ਮਨ ਕਹਾਣੀਆਂ ਦਾ ਜੰਗਲ ਸਿਰ ਵਿਚ ਚੁੱਕੀ ਫਿਰਦਾ ਸੀ। ਜੀਤ ਅਤੇ ਸੱਤੀ ਬਾਰੇ ਜ਼ਲਾਲਤ ਭਰੀਆਂ ਗੱਲਾਂ ਕਰਕੇ ਸੱਤੀ ਨੂੰ ਬੇਇੱਜ਼ਤ ਕਰਦਾ। ਜੀਤ, ਜਿਸ ਨੂੰ ਸੱਤੀ ਸਕੇ ਭਰਾਵਾਂ ਵਾਂਗ ਸਤਿਕਾਰ ਦਿੰਦੀ ਸੀ, ਬਾਰੇ ਅਸ਼ਲੀਲ ਭਾਸ਼ਾ ਸੁਣ ਕੇ ਉਹ ਅਤੀਅੰਤ ਦੁਖੀ ਹੁੰਦੀ। ਨਿੱਤ ਦਾ ਕਲੇਸ਼, ਬੇਰਹਿਮੀ ਨਾਲ ਕੀਤੀ ਜਾਂਦੀ ਕੁੱਟ-ਮਾਰ ਅਤੇ ਹੁੰਦਾ ਨਿਰਾਦਰ ਹੁਣ ਸੱਤੀ ਦੀ ਜਰਨ-ਸ਼ਕਤੀ ਤੋਂ ਬਾਹਰ ਹੋਈ ਜਾ ਰਿਹਾ ਸੀ। ਉਹ ਸੋਚਦੀ ਕਿ ਜੇਕਰ ਉਹਦੇ ਕੋਈ ਬੱਚਾ ਹੋ ਜਾਂਦਾ ਤਾਂ ਕਿਵੇਂ ਪ੍ਰਵਰਿਸ਼ ਕਰਦੀ ਇਸ ਖ਼ਰੂਦੀ ਮਾਹੌਲ ਵਿਚ ਉਹ? ਉਹਦਾ ਅੰਦਰਲਾ ਉਹਨੂੰ ਵੰਗਾਰਨ ਲੱਗ ਪਿਆ ਸੀ। ਉਹਦੀਆਂ ਸੋਚਾਂ ਵਿਚ ਹੌਲੀ-ਹੌਲੀ ਸਾਹਸ ਧੜਕਣ ਲੱਗਾ ਅਤੇ ਉਹਨੂੰ ਲੱਗਦਾ ਕਿ ਹੁਣ ਹੋਰ ਨਹੀਂ ਸਹਿ ਹੋਣਾ। ਉਸ ਨੇ ਆਪਣੀ ਕਿਸੇ ਸਹਿਯੋਗੀ ਸਹੇਲੀ ਦੀ ਮੱਦਦ ਨਾਲ ਦੂਰ ਚਲੇ ਜਾਣ ਦਾ ਮਨ ਬਣਾ ਲਿਆ। ਉਸ ਦੇ ਮਨ ਵਿਚ ਕਈ ਉਤਰਾਅ-ਚੜ੍ਹਾਅ ਤਾਂ ਆਉਂਦੇ ਰਹੇ ਪਰ ਫਿਰ ਵੀ ਉਸ ਨੇ ਫੈਸਲਾ ਲੈ ਲਿਆ ਕਿ ‘ਇਨੱਫ਼ ਇੱਜ਼ ਇਨੱਫ਼’ ਹੁਣ ਹੋਰ ਨਹੀਂ! ਉਹ ਟਾਊਨ ਛੱਡ ਕੇ ਦੂਰ ‘ਸ਼ਿਫ਼ਟ’ ਕਰ ਗਈ ਅਤੇ ਨਾਲ ਹੀ ਗੁਰਬੰਸ ਤੋਂ ‘ਸੈਪਰੇਸ਼ਨ’ ਲੈ ਲਈ। ਕੁਝ ਚਿਰ ਕੇਸ ਚੱਲਿਆ ਤੇ ਅੰਤ ਨੂੰ ਉਨ੍ਹਾਂ ਦਾ ਤਲਾਕ ਹੋ ਗਿਆ।

ਨਵੀਂ ਜਗਾਹ ਉਸ ਨੂੰ ਆਉਂਦਿਆਂ ਹੀ ‘ਲਾਇਬ੍ਰੇਰੀ ਅਸਿੱਸਟੈਂਟ’ ਦੀ ਅੱਛੀ ਨੌਕਰੀ ਮਿਲ ਗਈ ਸੀ ਅਤੇ ਉਸ ਦੀ ਰਿਹਾਇਸ਼ ਦਾ ਪ੍ਰਬੰਧ ਵੀ ਹੋ ਗਿਆ। ਨਵੇਂ ਮਾਹੌਲ ਵਿਚ ਢਲਣ ਨੂੰ ਉਸ ਨੂੰ ਸਮਾਂ ਤਾਂ ਲੱਗਾ, ਪਰ ਹੁਣ ਉਹ ਰਚ-ਮਿਚ ਗਈ ਸੀ। ਉਹਨੂੰ ਨੌਕਰੀ ਕਰਦਿਆਂ ਤਕਰੀਬਨ ਸਾਲ ਹੋ ਗਿਆ ਸੀ, ਇੱਕ ਦਿਨ ਇਕ ਨਵੀਂ ਆਈ ਔਰਤ ਸਹਿਕਰਮੀ ਨੇ ਉਸ ਨੂੰ ਸਵਾਲ ਕੀਤਾ, ‘‘ਤੁਹਾਡੇ ਹਸਬੰਡ ਕੀ ਕੰਮ ਕਰਦੇ ਨੇ?’’ ਸੱਤੀ ਨੂੰ ਅਚਾਨਕ ਨਿੱਜੀ ਸਵਾਲ ਪੁੱਛਿਆ ਜਾਣਾ ਚੰਗਾ ਤਾਂ ਨਹੀਂ ਲੱਗਾ, ਪਰ ਫਿਰ ਵੀ ਉਸ ਨੇ ਦੱਸ ਦਿੱਤਾ ਕਿ ਮੈਂ ਤਲਾਕਸ਼ੁਦਾ ਹਾਂ। ਅਸਲ ਵਿੱਚ ਉਹ ਔਰਤ ਕਿਸੇ ਨਾ ਕਿਸੇ ਤਰ੍ਹਾਂ ਗੁਰਬੰਸ ਅਤੇ ਉਸ ਦੇ ਰਹਿ ਚੁੱਕੇ ਰਿਸ਼ਤੇ ਬਾਰੇ ਜਾਣਦੀ ਸੀ। ਹਾਲਾਤਾਂ ਦੀ ਸਤਾਈ ਹੋਈ ਸੱਤੀ ਨੂੰ ਲੱਗਦਾ ਕਿ ਸ਼ਾਇਦ ਹੁਣ ਉਸ ਨੂੰ ਕੁਝ ਅਰਾਮ ਮਿਲ ਸਕੇਗਾ, ਪਰ ਇਕ ਦਿਨ ਜਦ ਉਸ ਨੇ ਉਸੇ ਔਰਤ ਨੂੰ ਕਿਸੇ ਹੋਰ ਔਰਤ ਨਾਲ ਉਸ ਦੀ ਗੱਲ ਕਰਕੇ ਉਹਦੀ ਖਿੱਲੀ ਉਡਾਉਂਦਿਆਂ ਆਪਣੇ ਕੰਨੀਂ ਸੁਣਿਆ ਤਾਂ ਉਹ ਬੇਹੱਦ ਉਪਰਾਮ ਹੋ ਗਈ। ਉਹਦੇ ਮਨ ਵਿਚ ਆਇਆ; ਕਾਸ਼! ਇਕ ਔਰਤ ਦੂਸਰੀ ਔਰਤ ਦਾ ਦਰਦ ਸਮਝ ਸਕਦੀ ਹੁੰਦੀ? ਉਹਨੇ ਠੰਡਾ ਹਾਉਕਾ ਲਿਆ, ‘‘ਚਲੋ ਤੁਸੀਂ ਵੀ ਖੁਸ਼ ਹੋ ਲਵੋ।’’

ਵੈਸੇ ਵੀ ਸਾਰਾ ਬੋਝ ਉਹ ਅਜੇ ਤੱਕ ਆਪਣੀ ਮਾਨਸਿਕਤਾ ‘ਤੇ ਹੀ ਚੁੱਕੀ ਫਿਰਦੀ ਸੀ। ਉਸ ਦੀ ਨਬਜ਼ ਹੀ ਤਾਂ ਚੱਲ ਰਹੀ ਸੀ, ਦਿਲ ਦੇ ਵਿਹੜੇ ਵਿਚ ਰੌਣਕ ਤਾਂ ਰਹੀ ਹੀ ਨਹੀਂ ਸੀ। ਹੱਸਿਆਂ ਤਾਂ ਸ਼ਾਇਦ ਸੱਤੀ ਨੂੰ ਜੁੱਗੜੇ ਹੋ ਗਏ ਸਨ। ਸੀਨੇ ਵਿਚਲਾ ਦਰਦ ਕਿੱਥੇ ਹੱਸਣ ਦਿੰਦਾ ਸੀ? ਸੋਚਾਂ ਦਾ ਪਿੜ ਉਹਦੇ ਅੰਦਰ ਬੱਝਾ ਹੀ ਰਹਿੰਦਾ ਸੀ। ਖਿਆਲ ਉਹਦੇ ਅੰਦਰ ਢੁੱਡਾਂ ਮਾਰਦੇ। ਅੱਜ ਸੋਫ਼ੇ ‘ਤੇ ਪਈ ਦੀ ਉਸ ਦੀ ਸੋਚ ਜਿਵੇਂ ਜਵਾਬ ਲੱਭ ਰਹੀ ਸੀ, ‘‘ਕੀ ਇਹ ਰਸਮਾਂ ਇਵੇਂ ਹੀ ਜੇਤੂ ਰਹਿਣਗੀਆਂ? ਅਰਮਾਨ ਇਵੇਂ ਹੀ ਕਤਲ ਹੁੰਦੇ ਰਹਿਣਗੇ? ਰੀਝਾਂ ਇਸੇ ਤਰ੍ਹਾਂ ਲਹੂ ਲੁਹਾਣ ਹੋਈ ਜਾਣਗੀਆਂ?” ਸੋਚਾਂ ‘ਚ ਬੈਠੀਆਂ ਕਈ ਯਾਦਾਂ ਉਠ ਕੇ ਉਹਦੀ ਹਾਮੀ ਭਰਦੀਆਂ ਤੇ ਉਹਦੀਆਂ ਅੱਖਾਂ ਅੱਗੇ ਨਿੰਮੋ ਭੂਆ ਦਾ ਚਿਹਰਾ ਆ ਗਿਆ। ਉਹਨੂੰ ਯਾਦ ਆਇਆ ਕਿ ਛੋਟੀ ਹੁੰਦੀ ਸੱਤੀ ਨੂੰ ਉਹਦੇ ਚੁੱਪ ਕੀਤੇ ਜਿਹੇ ਸੁਭਾਅ ਕਰਕੇ ਉਸ ਦੀ ਦਾਦੀ ਕਿਹਾ ਕਰਦੀ ਸੀ, ‘‘ਤੂੰ ਤਾਂ ਨਿਰੀ-ਪੁਰੀ ਆਪਣੀ ਭੂਆ ‘ਤੇ ਹੀ ਗਈ ਏਂ।’’ ਨਿੰਮੋ ਭੂਆ, ਜਿਸ ਨੂੰ ਸੱਤੀ ਨੇ ਜਿਉਂ ਹੋਸ਼ ਸੰਭਾਲੀ, ਦਸੌਂਟੇ ਕੱਟਦੀ ਅਤੇ ਸੂਲਾਂ ‘ਤੇ ਤੁਰਦੀ ਨੂੰ ਹੀ ਦੇਖਿਆ ਸੀ। ਹਾਲਾਤਾਂ ਦੀ ਕਟਾਰ ਹੇਠ ਜਿਉਂਦਿਆਂ ਹੀ ਤੱਕਿਆ ਸੀ। ਭੂਆ ਉਮਰ ਭਰ ਸਮਝੌਤਿਆਂ ਦੀ ਪੌੜੀ ਚੜ੍ਹਦੀ, ਅਜਿਹੇ ਸੌਦੇ ਵਿਚ ਹੀ ਬਾਜ਼ੀ ਹਾਰ ਕੇ ਦਿਹਾੜੇ ਪੂਰੇ ਕਰਦੀ ‘ਤੁਰ’ ਗਈ ਸੀ। ਪਰ ਉਸ ਸਿਰੜੀ ਔਰਤ ਨੇ ਜਿਉਂਦੇ ਜੀਅ ਇਸ ਨੂੰ ਆਪਣੀ ਕਿਸਮਤ ਦਾ ‘ਫ਼ਲ’ ਸਮਝ ਕੇ ‘ਸੀ’ ਤੱਕ ਨਾ ਕੀਤੀ ਅਤੇ ਨਾ ਕਦੇ ਮੁੱਖੋਂ ‘ਹਾਏ’ ਉਚਾਰਿਆ।

ਪਿਆਰ, ਹਮਦਰਦੀ ਅਤੇ ਅਪਣੱਤ ਭਰੇ ਨਿੱਘੇ ਸੁਭਾਅ ਵਾਲੀ ਮਿਲਾਪੜੀ ਜਿਹੀ ਨਿਰਮਲ ਕੌਰ ਵਾਸਤੇ ਘਰਦਿਆਂ ਨੇ ਪੱਚੀ ਘੁਮਾ ਜ਼ਮੀਨ ਦਾ ਮਾਲਕ ਫੁੱਫੜ ਲੱਭਿਆ ਸੀ। ਨਸ਼ਿਆਂ ਦੇ ਆਦੀ ਫੁੱਫੜ ਹਰਨੇਕ ਸਿੰਘ ਨੇ ਆਪਣੇ ਬਾਪ ਦੇ ਗੁਜ਼ਰ ਜਾਣ ਤੋਂ ਛੇਤੀ ਹੀ ਬਾਅਦ ਜ਼ਮੀਨ ਨੂੰ ‘ਉੜਦੂ’ ਲਾਉਣਾ ਸ਼ੁਰੂ ਕਰ ਦਿੱਤਾ ਅਤੇ ਹੌਲੀ-ਹੌਲੀ ਕਰਕੇ ਭੂਆ ਨੂੰ ਜੀਣ ਲਈ ਨਹੀਂ, ਸਗੋਂ ਪ੍ਰੀਵਾਰ ਸਮੇਤ ਦਿਹਾੜੇ ਕੱਟਣ ਲਈ ਮਜਬੂਰ ਕਰ ਦਿੱਤਾ। ਮੁਸ਼ਕਿਲਾਂ ਨਾਲ ਦੋ-ਚਾਰ ਹੁੰਦੀ ਭੂਆ ਨੇ ਜਿ਼ੰਦਗੀ ਦੀ ਗੱਡੀ ਨੂੰ ਜਿਵੇਂ-ਕਿਵੇਂ ਬੱਚਿਆਂ ਦੇ ਵੱਡੇ ਹੋਣ ਤੱਕ ਇਕੱਲਿਆਂ ਖਿੱਚਿਆ ਨਹੀਂ, ਇੱਕ ਤਰ੍ਹਾਂ ਨਾਲ ‘ਧੂਹਿਆ’ ਸੀ। ਹਰਨੇਕ ਸਿੰਘ ਦੀ ਉਮਰ ਪੁੱਗਣ ਲੱਗੀ ਤਾਂ ਦਿਨ-ਰਾਤ ਪੀਤੀ ਸ਼ਰਾਬ ਨੇ ਫੇਫੜਿਆਂ ਨੂੰ ਗਾਲਣਾ ਸ਼ੁਰੂ ਕਰ ਦਿੱਤਾ। ਤੰਗੀਆਂ-ਤਰੁਸ਼ੀਆਂ ਦੀ ਝੰਬੀ ਨਿਰਮਲ ਕੌਰ ਦੇ ਸਰੀਰ ‘ਤੇ ਵੀ ਹੁਣ ਉਮਰ ਨੇ ਆਪਣੀ ਛਾਪ ਛੱਡ ਦਿੱਤੀ ਸੀ। ਪਰ ਆਪਣੇ ਜਵਾਨ ਪੁੱਤਰਾਂ ਨੂੰ ਦੇਖ ਕੇ ਉਸ ਦੇ ਅੰਦਰ ਇੱਕ ਆਸ ਉੱਗ ਪਈ। ਉਹ ਸੋਚਦੀ, ‘‘ਚੱਲ ਹੱਛਾ ਹੋਊ! ਮੈਂ ਤਾਂ ਜਿਵੇਂ ਕੱਟਣੀ ਸੀ, ਕੱਟ ਲਈ। ਮੇਰੇ ਪੁੱਤ ਵੱਡੇ ਹੋਣਗੇ ਤਾਂ ਸਭ ਕੁਝ ਵਿਚੇ ਆ ਜਾਊਗਾ।’’ ਉਸ ਨੂੰ ਲੱਗਦਾ ਕਿ ਉਹ ਆਪਣਾ ਬੀਤਿਆ ਭੁੱਲ ਜਾਵੇਗੀ। ਪਰ ਮੁਸੀਬਤਾਂ ਨੇ ਸਾਥ ਨਾ ਛੱਡਿਆ। ਨਿਰਮਲ ਕੌਰ ਦਾ ਵੱਡਾ ਪੁੱਤਰ ਸਮਸ਼ੇਰ, ਜਿਸ ਨੂੰ ਉਹ ਪਿਆਰ ਨਾਲ ‘ਸ਼ੇਰਾ’ ਕਹਿ ਕੇ ਬੁਲਾਉਂਦੀ ਸੀ, ਵੀ ਆਪਣੇ ਬਾਪ ਦੇ ਨਕਸ਼ੇ ਕਦਮਾਂ ‘ਤੇ ਚੱਲ ਤੁਰਿਆ ਅਤੇ ਕੁਸੰਗਤ ‘ਚ ਫਸ ਗਿਆ। ਢਾਣੀਆਂ ‘ਚ ਬੈਠਣਾ ਉਸ ਦਾ ਨਿੱਤ ਦਾ ਕੰਮ ਹੋ ਗਿਆ ਸੀ। ਨਿਰਮਲ ਕੌਰ ਨੂੰ ਪਤਾ ਲੱਗਾ ਤਾਂ ਉਹ ਇਤਿਹਾਸ ਦੁਹਰਾਏ ਜਾਣ ਦੇ ਡਰ ਨਾਲ ਕੰਬ ਗਈ। ਆਪਣਾ ਸਮਾਂ ਤਾਂ ਜਿਵੇਂ-ਕਿਵੇਂ ਉਸਨੇ ਬਸਰ ਕਰ ਲਿਆ। ਪਰ ਨਵੇਂ ਆਣ ਵੱਜੇ ਲੋਹੜੇ ਨਾਲ ਉਸ ਦੀ ਖਾਨਿਓਂ ਗਈ। ਪੁੱਤਰ ‘ਨਾਲਾਇਕ’ ਨਿਕਲ ਆਇਆ। ਉਸ ਦੀਆਂ ਆਸਾਂ ਮੁਰਾਦਾਂ ਢੇਰੀ ਹੋ ਗਈਆਂ। ਭੂਆ ਹੱਥ ਜੋੜ ਹਾੜ੍ਹੇ ਕੱਢਦੀ, ‘‘ਵੇ ਵੇਖੀਂ ਸ਼ੇਰਿਆ..! ਵੇ ਇਹਨੀਂ ਰਾਹੀਂ ਨਾ ਤੁਰਪੀਂ ਵੇ ਮੇਰਾ ਬੀਬਾ ਪੁੱਤ?’’ ਉਹ ਵਿਲਕਦੀ। ਢਿੱਡ ਦੀ ਆਂਦਰ ਸੀ, ਕਰਦੀ ਵੀ ਕੀ? ਭੂਆ ਨੂੰ ਇਨ੍ਹਾਂ ਹਨ੍ਹੇਰਿਆਂ ਰਾਹਾਂ ‘ਚੋਂ ਉਜਾੜੇ ਤੋਂ ਬਿਨਾ ਕੁਝ ਨਜ਼ਰ ਨਹੀਂ ਆਉਂਦਾ ਸੀ। ਕਦੇ ਭੂਆ ਨਸੀਹਤਾਂ ਦਿੰਦੀ, ਖਪਦੀ ਪਿੱਟ ਉਠਦੀ, ‘‘ਵੇ ਮੈਂ ਤੈਨੂੰ ਆਹ ਦਿਨ ਵੇਖਣ ਲਈ ਪਾਲਿਆ ਸੀ ਵੇ ਮਰਜੇ ਮਾਂ ਤੇਰੀ..?’’ ਉਹ ਉਸ ਦੀ ਨਸ਼ਈ ਹਾਲਤ ਦੇਖ ਕੇ ਦੁਹੱਥੜ ਮਾਰਦੀ। ਪਰ ਸੁਣਦਾ ਕੌਣ ਸੀ? ਸ਼ੇਰਾ ਤਾਂ ਸ਼ਰਾਬ ‘ਚ ਧੁੱਤ ਘਰ ਨੂੰ ਆਉਂਦਾ ਅਤੇ ਆ ਕੇ ਮਾਂ ਦੇ ਸਾਹਮਣੇ ਸ਼ੇਰ ਵਾਂਗ ‘ਭੁੱਬ’ ਮਾਰਦਾ। ਮਾਂ ਉਪਰ ਹੁਕਮ ਚਲਾਉਂਦਾ। ਆਪਣੇ ਬਾਪ ਵਾਂਗ ਹੀ ਉਸ ਨੂੰ ਬੁਰਾ-ਭਲਾ ਬੋਲਦਾ। ਨਿਰਮਲ ਕੌਰ ਕਾਲਜਾ ਫੜ ਕੇ ਬੈਠ ਜਾਂਦੀ। ਘਰ ਦਾ ਤੋਰਾ ਤੋਰਨ ਲਈ ਛੋਟਾ ਘੁੱਕਾ ਹੱਥ-ਪੜੱਥੀ ਕਰਵਾਉਂਦਾ। ਜੋ ਦੋ ਸਿਆੜ ਰਹਿ ਗਏ ਸੀ, ਉਥੇ ਉਹ ਮਾੜਾ ਮੋਟਾ ਕੰਮ ਕਰਦਾ ਅਤੇ ਚਾਰ ਜੀਆਂ ਦਾ ਤੋਰੀ-ਫੁਲਕਾ ਚੱਲੀ ਜਾਂਦਾ। ਨਿਰਮਲ ਕੌਰ ਦੇ ਦੋਵੇਂ ਪੁੱਤਰ ਜਵਾਨ ਸਨ। ਮਾਂ ਦਾ ਦਿਲ ਸੀ, ਕਦੇ ਸਭ ਕੁਝ ਭੁੱਲ ਕੇ ਨੂੰਹਾਂ ਘਰ ਆਉਣ ਦਾ ਸੁਫ਼ਨਾ ਦੇਖਦੀ। ਸੋਚਦੀ ਖਵਰੇ ਕੋਈ ਸੁਭਾਗੀ ਘੜੀ ਆਵੇ? ਪਰ ਘਰ ਦੇ ਬੁਰੇ ਹਾਲਾਤਾਂ ਨੂੰ ਦੇਖਦਿਆਂ ਕੋਈ ਉਹਦੇ ਪੁੱਤਰਾਂ ਨੂੰ ਰਿਸ਼ਤਾ ਕਰਵਾਉਣ ਦਾ ਨਾਂ ਹੀ ਨਾ ਲੈਂਦਾ। ਉਹ ਝੋਰੇ ਝੁਰਦੀ ਦਿਨ ਕਟੀ ਕਰਦੀ, ਦਿਨੋ ਦਿਨ ਨਿੱਘਰਦੀ ਜਾਂਦੀ ਸੀ।

ਸ਼ੇਰੇ ਨੇ ਤਾਂ ਹੁਣ ਹੋਰ ‘ਤਰੱਕੀ’ ਕਰ ਲਈ ਸੀ। ਸ਼ਰਾਬ ਦੇ ਨਾਲ-ਨਾਲ ਹੁਣ ਉਹ ਜੂਏ ਦਾ ਭੁਸ ਵੀ ਪੂਰਾ ਕਰਨ ਲੱਗ ਗਿਆ ਸੀ ਅਤੇ ਇਸ ਕਰਕੇ ਘਰ ਦਾ ਵਰਤੋਂ ਵਾਲਾ ਸਮਾਨ ਵੀ ਹੌਲੀ-ਹੌਲੀ ਗਾਇਬ ਹੋਈ ਜਾ ਰਿਹਾ ਸੀ। ਇਕ ਦਿਨ ਸ਼ਾਮ ਵੇਲੇ ਨਿਰਮਲ ਕੌਰ ਡਿੱਗਦੀ-ਢਹਿੰਦੀ ਰੋਟੀ ਟੁੱਕ ਨਬੇੜ ਕੇ ਮੰਜੇ ‘ਤੇ ਪੈਣ ਹੀ ਲੱਗੀ ਸੀ ਤਾਂ ਗਲੀ ਵਿਚ ਸ਼ਰਾਬ ਨਾਲ ਰੱਜੇ ਸ਼ੇਰੇ ਦੀ ਬੜ੍ਹਕ ਸੁਣੀ। ਉਹ ਕਿਸੇ ਨਾਲ ਉਚੀ-ਉਚੀ ਗਾਲ੍ਹੋ-ਗਾਲ੍ਹੀ ਹੋ ਰਿਹਾ ਸੀ। ਨਿਰਮਲ ਕੌਰ ਦਾ ਉਪਰਲਾ ਸਾਹ ਉਪਰ ਹੀ ਰਹਿ ਗਿਆ ਅਤੇ ਨਿਰਬਲ ਕਾਲਜਾ ਸੁੱਕੇ ਪੱਤੇ ਵਾਂਗ ਕੰਬਣ ਲੱਗ ਪਿਆ। ਘਬਰਾਈ ਹੋਈ ਪੈਰ ਘੜੀਸਦੀ ਉਹ ਬੂਹੇ ਤੱਕ ਮਸਾਂ ਪਹੁੰਚੀ। ਤਦ ਤੱਕ ਸ਼ੇਰਾ ਵੀ ਅੰਦਰ ਆ ਗਿਆ। ਸ਼ੇਰਾ ਆਉਂਦਿਆਂ ਹੀ ਭੱਜ ਕੇ ਮਾਂ ਦੇ ਕੰਨਾਂ ਨੂੰ ਪੈ ਗਿਆ, ‘‘ਲਿਆ ਬੁੜ੍ਹੀਏ...! ਲਾਹ ਇਹਨਾਂ ਨੂੰ, ਨਹੀਂ ਤਾਂ ਤੇਰੇ ਪੁੱਤ ਦੀ ਬਿਜਤੀ ਹੋਜੂ ਅੱਜ..! ਕਬਰ ‘ਚ ਤੇਰੀਆਂ ਲੱਤਾਂ, ਇਹ ਕੀਹਨੂੰ ਪਾ-ਪਾ ਕੇ ਦਿਖਾਉਣੀਐਂ..?’’ ਪਾ ਲਾਹ ਕੇ ਨਿਰਮਲ ਕੌਰ ਕੋਲ ਕੰਨਾਂ ਦੀਆਂ ਵਾਲੀਆਂ ਹੀ ਤਾਂ ਇਕ ਰਾਸ ਪੂੰਜੀ ਬਚੀ ਸੀ। ਬਾਕੀ ਤਾਂ ਸਭ ਵਿਕ ਗਿਆ ਸੀ। ਸ਼ੇਰੇ ਨੇ ਜਦ ਮਾਂ ਦੇ ਕੰਨਾਂ ਨੂੰ ਝਰਾਟ ਮਾਰੀ ਤਾਂ ਅਚਾਨਕ ਧੱਕਾ ਵੱਜਣ ਨਾਲ ਬੁੱਢਾ ਕਮਜ਼ੋਰ ਸਰੀਰ ਨਿਰਮਲ ਕੌਰ ਕੰਧ ਨਾਲ ਵੱਜ ਕੇ ਭੁੰਜੇ ਡਿੱਗ ਪਈ। ਡਿੱਗੀ ਪਈ ਬੇਸੁੱਧ ਨਿਰਮਲ ਕੌਰ ਦੀਆਂ ਸ਼ੇਰੇ ਨੇ ਬੜੀ ਬੇਰਹਿਮੀ ਨਾਲ ਵਾਲੀਆਂ ਖਿੱਚੀਆਂ ਤੇ ਹਵਾ ਹੋ ਗਿਆ। ਸ਼ੇਰੇ ਦੇ ਬਾਪ ਹਰਨੇਕ ਸਿੰਘ ਦੇ ਸਿਰ ਉਪਰ ਨਸ਼ੇ ਦਾ ਪੂਰਾ ਕਬਜ਼ਾ ਸੀ, ਉਹ ਤਾਂ ਘੋੜੇ ਵੇਚ ਕੇ ਬੇਫਿ਼ਕਰ ਸੁੱਤਾ ਪਿਆ ਸੀ। ਘੁੱਕੇ ਨੇ ਆ ਕੇ ਮਾਂ ਨੂੰ ਚੁੱਕਿਆ ਤੇ ਮੂੰਹ ਵਿਚ ਪਾਣੀ ਪਾਇਆ। ਨਿਰਮਲ ਕੌਰ ਦੀ ਪੁੜਪੜੀ ਵਿਚ ਗੁੱਝੀ ਸੱਟ ਵੱਜੀ ਸੀ। ਕੁਝ ਦਿਨ ਗੁੰਮ-ਸੁੰਮ ਪਈ ਰਹਿਣ ਮਗਰੋਂ ਨਿੰਮੋ ਭੂਆ ਹਮੇਸ਼ਾ ਲਈ ‘ਗੁੰਮ’ ਹੋ ਗਈ। ਸੱਤੀ ਨੇ ਹਾਉਕਾ ਭਰਦਿਆਂ ਸੋਚਿਆ ਕਿ ਸਾਡੇ ਸਮਾਜ ਵਿਚ ਤਾਂ ਸਭ ਤੋਂ ਮਜ਼ਬੂਤ ਰਿਸ਼ਤਾ ਮਾਂ-ਪੁੱਤਰ ਦਾ ਮੰਨਿਆ ਜਾਂਦਾ ਹੈ। ਫਿਰ ਉਹਦੀ ਸੋਚਾਂ ਦੀ ਤੰਦ ਜੁੜਦੀ ਗਈ ਅਤੇ ਗਲੋਟੇ ਕੱਤੇ ਜਾਣ ਲੱਗੇ।

...ਅੱਜ ਲੰਬੇ ਸਮੇਂ ਬਾਅਦ ਸੱਤੀ ਨੂੰ ਇਕ ਵੱਖਰੀ ਕਿਸਮ ਦਾ ਸਕੂਨ ਤੇ ਸੰਤੁਸ਼ਟੀ ਮਿਲੀ ਸੀ। ਉਸ ਅੰਦਰ ਫਿਰ ਤੋਂ ਇਕ ਅਹਿਸਾਸ ਜਾਗਿਆ ਸੀ। ਪਹਿਲਾਂ ਵਰਗੀ ਹੀ ਇਕ ਉਮੰਗ ਸੀ। ਉਹਦੇ ਅੰਦਰਲੇ ਉਤਸ਼ਾਹ ਨੂੰ ਫਿਰ ਤੋਂ ਜਾਗ ਲੱਗੀ ਸੀ। ਉਹਨੂੰ ਲੱਗਿਆ ਕਿ ਸ਼ਾਇਦ ਉਸ ਨੇ ਹੀ ਭਰਮ ਪਾਲ ਲਿਆ ਸੀ। ਰਵੀ ਦੇ ਕਹੇ ਦੋ ਲਫ਼ਜ਼ਾਂ ਨਾਲ ਉਸ ਅੰਦਰ ਮੁੜ ਤੋਂ ਕਿੰਨਾ ਯਕੀਨ ਭਰ ਗਿਆ ਸੀ। ਉਹਨੂੰ ਲੱਗਿਆ ਕਿ ਰਵੀ ਦੇ ਦਿਲ ਵਿਚ ਉਸ ਪ੍ਰਤੀ ਕਿੰਨੀ ਅਪਣੱਤ ਸੀ। ਉਸ ਨੂੰ ਹੂ-ਬ-ਹੂ ਪਹਿਲਾਂ ਵਾਂਗ ਹੀ ਮਹਿਸੂਸ ਹੋ ਰਿਹਾ ਸੀ। ਉਸ ਦੇ ਜ਼ੇਹਨ ‘ਚ ਅਇਆ ਕਿ ਕਿਉਂ ਨਾ ਇਸ ਇਤਿਹਾਸ ਨੂੰ ਅੱਖਰਾਂ ਰਾਹੀਂ ਸ਼ਬਦਾਂ ‘ਚ ਬੰਦ ਕਰਕੇ ਉਮਰ ਭਰ ਲਈ ਤਾਲਾ ਲਗਾ ਦੇਵਾਂ। ਰਵੀ, ਜੋ ਉਮਰ ਵਿਚ ਸੱਤੀ ਤੋਂ ਚਾਰ ਕੁ ਸਾਲ ਛੋਟਾ ਸੀ, ਨਾਲ ਉਸ ਦਾ ਰਿਸ਼ਤਾ ਤਿੰਨ ਸਾਲ ਪਹਿਲਾਂ ਜੁੜਿਆ ਸੀ। ਰਿਸ਼ਤਾ ਜੁੜਨ ਦਾ ਕਾਰਨ ਰਵੀ ਦਾ ਅਕਸਰ ਲਾਇਬ੍ਰੇਰੀ ਆਉਣਾ ਸੀ। ਕੋਈ ਪੁੱਛ-ਗਿੱਛ ਹੁੰਦੀ ਤਾਂ ਰਵੀ ਸੱਤੀ ਦੀ ਡੈਸਕ ‘ਤੇ ਜਾਂਦਾ। ਹੌਲੀ-ਹੌਲੀ ਉਹ ਸੱਤੀ ਵੱਲ ‘ਉਲਾਰ’ ਹੋ ਗਿਆ। ਉਸ ਨੂੰ ਸੱਤੀ ਚੰਗੀ-ਚੰਗੀ ਜਿਹੀ ਲੱਗਣ ਲੱਗ ਪਈ। ਕਈ ਵਾਰ ਉਹ ਬਿਨਾਂ ਵਜਾਹ ਹੀ ਲਾਇਬ੍ਰੇਰੀ ਜਾ ਵੜਦਾ। ਸੱਤੀ ਵੱਲ ਦੇਖਦਾ ਰਹਿੰਦਾ ਅਤੇ ਉਸ ਨਾਲ ਗੱਲ ਕਰਨ ਨੂੰ ਅਕਸਰ ਉਹਦਾ ਮਨ ਲੋਚਦਾ। ਸੱਤੀ ਨੂੰ ਵੀ ਉਹਦੇ ਬਾਰੇ ਕੁਝ ਅਜੀਬ, ਪਰ ਸੁਖ਼ਾਂਵਾਂ ਅਤੇ ਸੁਹਾਵਣਾ ਜਿਹਾ ਮਹਿਸੂਸ ਹੋਣ ਲੱਗਾ।

ਕਈ ਵਾਰ ਬਹਾਨੇ ਜਿਹੇ ਨਾਲ ਆਮ ਗੱਲਾਂ ਹੁੰਦੀਆਂ ਅਤੇ ਦੋਹਾਂ ਦਰਮਿਆਨ ਦਿਲੀ ਨੇੜਤਾ ਵੱਧਦੀ ਗਈ। ਇਕ ਦਿਨ ਹਿੰਮਤ ਕਰ ਕੇ ਰਵੀ ਨੇ ਸੱਤੀ ਤੋਂ ਉਸ ਦਾ ਮੋਬਾਇਲ ਨੰਬਰ ਮੰਗ ਲਿਆ। ਸੱਤੀ ਨੇ ਵੀ ਬਿਨਾ ਹੀਲ-ਹੁੱਜਤ ਕੀਤੇ ਆਪਣਾ ਨੰਬਰ ਰਵੀ ਨੂੰ ਲਿਖਵਾ ਦਿੱਤਾ। ਉਸ ਦਿਨ ਜਦ ਸ਼ਾਮ ਨੂੰ ਸੱਤੀ ਘਰ ਆਈ ਤਾਂ ਰਵੀ ਨੇ ਬਹਾਨਾ ਲੱਭ ਕੇ ਫੋਨ ਕਰ ਲਿਆ। ਫਿਰ ਅਗਲੇ ਦਿਨ ਵੀ ਕੀਤਾ, ਆਮ ਗੱਲਬਾਤ ਹੋਈ। ਹਫਤਾ ਕੁ ਰੋਜ਼ ਫੋਨ ਆਉਂਦਾ ਤੇ ਸਾਧਾਰਣ ਗੱਲਬਾਤ ਤੋਂ ਬਾਅਦ ਫੋਨ ਬੰਦ ਹੋ ਜਾਂਦਾ। ਫਿਰ ਜੋ ਹੋਣਾ ਸੀ, ਇਕ ਦਿਨ ਰਵੀ ਨੇ ਸੱਤੀ ਨੂੰ ਆਪਣੇ ਦਿਲ ਦੀ ਗੱਲ ‘ਟੈਕਸਟ ਮੈਸਿਜ’ ਵਿਚ ਲਿਖ ਦਿੱਤੀ। ਸੱਤੀ ਦੇ ਮਨ ਵਿਚ ਵੀ ਅਜਿਹੀਆਂ ਹੀ ਭਾਵਨਾਵਾਂ ਦੀਆਂ ਫ਼ੁੱਲਝੜੀਆਂ ਜਗਦੀਆਂ ਸਨ, ਉਸ ਨੇ ਵੀ ਦਿਲ ਦੀ ਗੰਢ ਖੋਲ੍ਹ ਦਿੱਤੀ। ਦੋਹਾਂ ਨੇ ਹੀ ਨਾ ਉਮਰ ਦੀ ਵਿੱਥ ਦੇਖੀ, ਨਾ ਇਕ ਦੂਸਰੇ ਦਾ ਅਹੁਦਾ ਤੇ ਨਾ ਜ਼ਾਤ-ਪਾਤ ਦੇ ਵਖਰੇਂਵੇਂ ਦੀ ਵਿਚਾਰ ਕੀਤੀ। ਬੱਸ ਰੂਹਾਂ ਦੇ ਸੌਦੇ ਤਹਿ ਹੋ ਗਏ ਸਨ। ਫਿਰ ਕੀ ਸੀ? ਇਕ ਦੂਜੇ ਦੇ ਸਾਹ ‘ਚ ਸਾਹ ਲੈਣਾ ਅਤੇ ਇਕ ਦੂਜੇ ਦੇ ਆਸਰੇ ਜਿਉਣਾ ਉਹਨਾਂ ਦੇ ਜੀਵਨ ਦਾ ਆਧਾਰ ਬਣ ਗਿਆ! ਉਹ ਇੱਕ ਦੂਜੇ ਲਈ ‘ਆਹਰ’ ਸਨ। ਜ਼ਿੰਦਗੀ ਭਰ ਇਕ ਜਾਨ ਹੋ ਕੇ ਰਹਿਣ ਵਰਗੇ ਕੌਲ ਅਤੇ ਇਕਰਾਰ ਹੋਏ। ਦੋਹਾਂ ਵਿਚਾਲੇ ਆਪਣਾਪਣ ਸੀ! ਬੇਗਾਨਗੀ ਜਾਂ ‘ਤੇਰ-ਮੇਰ’ ਦਾ ਤਾਂ ਅਹਿਸਾਸ ਹੀ ਨਹੀਂ ਸੀ ਰਿਹਾ। ਦੋਹਾਂ ਨੂੰ ਲੱਗਦਾ ਸੀ ਕਿ ਇਸ ਨਵੇਂ ਉਸਰੇ ਰਿਸ਼ਤੇ ਨੇ ਉਨ੍ਹਾਂ ਦੇ ਅਧੂਰੇਪਨ ਨੂੰ ਦੂਰ ਕੀਤਾ ਸੀ ਅਤੇ ਉਹ ਹੁਣ ਇੱਕ-ਦੂਜੇ ਦੇ ‘ਪੂਰਕ’ ਸਨ।

ਪਰ ਜਦ ਅਚਨਚੇਤ ਬਾਜ਼ੀ ਪਲਟੀ ਤਾਂ ਸੱਤੀ ਦੇ ਮਨ ‘ਚ ਆਈਆਂ ਕਸੂਤੀਆਂ ਸੋਚਾਂ ਨੇ ਇਸ ਵੈਰਾਗੀ ਜਿਹੇ ਮਿੱਠੇ ਮਾਹੌਲ ‘ਚ ਸੋਹਣੀਆਂ ਯਾਦਾਂ ਦੀ ਸਾਹ ਰਗ ਆ ਘੁੱਟੀ। ਸੱਤੀ ਉਠ ਕੇ ਕੁਛ ਟਾਈਪ ਕਰਨ ਲੱਗੀ ਤਾਂ ਦਿਮਾਗ ਨੇ ਹੱਥਾਂ ‘ਤੇ ਵੀ ਕਾਬੂ ਪਾ ਲਿਆ। ਵਿਪਰੀਤ ਸੋਚਾਂ ਨਾਲ ਮਜ਼ਾ ਕਿਰਕਿਰਾ ਹੋ ਗਿਆ। ਉਹਨੇ ਆਪਣੇ ਮਨ ਨੂੰ ਕੋਸਿਆ, ‘‘ਇਕੱਲਾ ਇੱਕ ਪਾਸੇ ਹੀ ਵਹਿ ਤੁਰਦੈਂ, ਕਦੇ ਚੰਗੀਆਂ ਗੱਲਾਂ ਵੀ ਵਿਚਾਰ ਲਿਆ ਕਰ। ਉਹ ਦਿਨ ਵੀ ਯਾਦ ਕਰ ਲਿਆ ਕਰ ਜਦੋਂ ਅਸੀਂ ਦੋਵੇਂ ਭੋਰਾ-ਭਰ ਵੀ ਇਕ-ਦੂਜੇ ਦਾ ਵਿਸਾਹ ਨਹੀ ਖਾਂਦੇ ਸੀ।’’ ਦਿਲ ਨੂੰ ਕਿਹਾ ਕਿ ਦਿਖਾਵਾਂ ਤੈਨੂੰ ਇਕ ਉਦਾਹਰਣ, ਕੀ ਹਾਲ ਸੀ ਉਦੋਂ ਸਾਡਾ ਕਮਲਿਆਂ ਰਮਲਿਆਂ ਦਾ?’’ ਫਿਰ ਉਠ ਕੇ ਉਹਨੇ ਇਕ ਫੋਟੋ ਕੱਢੀ ਤੇ ਦੇਖਣ ਲੱਗ ਗਈ। ਕਿੰਨੀ ਦੇਰ ਉਸ ਫੋਟੋ ਨੂੰ ਉਹ ਗਹੁ ਨਾਲ ਦੇਖਦੀ ਰਹੀ ਤੇ ਮੁੜ ਆਪਣੇ ਆਪ ਨਾਲ ਗੱਲਾਂ ਕਰਨ ਲੱਗ ਪਈ, ‘‘ਹਾਏ ਮੇਰਿਆ ਰੱਬਾ! ਕੀ ਹੋ ਗਿਆ ਸਾਨੂੰ? ਕਿੰਨੇ ਖੁਸ਼ ਸੀ ਅਸੀਂ? ਕਿਸ ਚੰਦਰੇ ਦੀ ਨਜ਼ਰ ਲੱਗ ਗਈ ਸਾਡੀ ਮੁਹੱਬਤ ਨੂੰ? ਕੀ ਅਸੀਂ ਫਿਰ ਨਹੀਂ ਉਹੀ ਜ਼ਿੰਦਗੀ ਜੀਅ ਸਕਦੇ?’’ ਸੱਤੀ ਦੇ ਅੰਦਰ ਅਚਾਨਕ ਕਈ ਵਿਚਾਰ ਉਸਲਵੱਟੇ ਲੈਣ ਲੱਗੇ। ਕਿੰਨਾ ਸੀਮਿੰਟ ਵਰਗਾ ਪੱਕਾ ਰਿਸ਼ਤਾ ਅਸਾਂ ਉਸਾਰ ਲਿਆ ਸੀ ਤੇ ਹੁਣ ਅਚਾਨਕ ਇਹ ਕੀ ਭਾਣਾ ਵਰਤ ਗਿਆ? ਇਹ ਤਰੇੜ ਕਿਉਂ ਆ ਗਈ ਸਾਡੇ ਦਰਮਿਆਨ?’’ ਪਰ ਉਹ ‘ਖ਼ਤ’, ਰਹਿ-ਰਹਿ ਕੇ ਉਸਨੂੰ ਚੇਤੇ ਆਉਂਦਾ। ਉਹ ‘ਖ਼ਤ’ ਜਿਸ ਉਪਰ ਉਸ ਦਾ ਸਿਰਨਾਵਾਂ ਗਾਇਬ ਸੀ। ਉਹ ਸੋਚਦੀ ਕਿ ਕਿਉਂ ਮੈਨੂੰ ਹਰ ਰੋਜ਼ ਟੁੱਟ-ਟੁੱਟ ਕੇ ਜੁੜਨ ਲਈ ਰਵੀ ਨੇ ਮਜਬੂਰ ਕਰ ਦਿੱਤਾ? ਰਵੀ ਜਦ ਵੀ ਪੰਜਾਬ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਜਾਂਦਾ, ਜਾਣ ਤੋਂ ਪਹਿਲਾਂ ਸੱਤੀ ਤੋਂ ਵਿਛੜਨ ਦਾ ਦੁਖ ਅਤੇ ਉਦਰੇਵਾਂ ਜ਼ਾਹਿਰ ਕਰਦਾ। ਸੱਤੀ ਵੀ ਇੱਕ-ਇੱਕ ਦਿਨ ਉਹਦੀ ਯਾਦ ਵਿਚ ਡੁੱਬੀ ਮਸਾਂ ਗੁਜ਼ਾਰਦੀ। ਰਵੀ ਤੋਂ ਦੂਰ ਹੋਣਾ ਉਹਨੂੰ ਮਰਨ ਬਰਾਬਰ ਲੱਗਦਾ। ਇਸ ਵਾਰ ਵੀ ਉਹ ਰਵੀ ਦੇ ਵਾਪਸ ਆਉਣ ਦੀ ਬੜੀ ਤਾਂਘ ਨਾਲ ਇੰਤਜ਼ਾਰ ਕਰ ਰਹੀ ਸੀ। ਇਕ-ਇਕ ਪਲ ਗਿਣ ਕੇ ਲੰਘਾ ਰਹੀ ਸੀ ਉਹ। ਜਿਸ ਦਿਨ ਰਵੀ ਨੇ ਪੰਜਾਬ ਤੋਂ ਵਾਪਸ ਆਉਣਾ ਸੀ, ਇਕ ਗੀਤ ਦੇ ਬੋਲ ਉਸ ਨੂੰ ਬਾਰ-ਬਾਰ ਯਾਦ ਆ ਕੇ ਉਸਦੇ ਅੰਦਰ ਕੁਤਕਤਾਰੀਆਂ ਕੱਢ ਰਹੇ ਸਨ:

‘‘ਆ ਜਾ ਵੇ ਮਾਹੀ ਤੈਨੂੰ ਅੱਖੀਆਂ ਉਡੀਕਦੀਆਂ।
ਅੱਖੀਆਂ ਉਡੀਕਦੀਆਂ ਦਿਲ ਵਾਜਾਂ ਮਾਰਦਾ,
ਆ ਜਾ ਜਾਣ ਵਾਲਿਆ ਵੇ ਵਾਸਤਾ ਈ ਪਿਆਰ ਦਾ।’’

...ਤੇ ਉਹ ਗੀਤ ਗੁਣਗੁਣਾਉਂਦੀ ਝੱਲੀ ਜੇਹੀ ਹੋ ਗਈ। ਪਰ ਉਸ ਦੀ ਹੈਰਾਨੀ ਦੀ ਹੱਦ ਨਾ ਰਹੀ ਜਦ ਉਸ ਸ਼ਾਮ ਰਵੀ ਨੇ ਪਹੁੰਚ ਕੇ ਉਸ ਨੂੰ ਸੰਪਰਕ ਤੱਕ ਨਾ ਕੀਤਾ। ਸੱਤੀ ਨੇ ਕਈ ਵਾਰ ਰਵੀ ਦਾ ਫੋਨ ਮਿਲਾਇਆ, ਪਰ ਫੋਨ ਲਗਾਤਾਰ ਬੰਦ ਆਈ ਜਾ ਰਿਹਾ ਸੀ। ਉਸ ਰਾਤ ਉਹਨੂੰ ਨੀਂਦ ਨਾ ਆਈ। ਭੈੜੇ-ਭੈੜੇ ਖਿਆਲ ਉਹਦੇ ਅੰਦਰ ਨੂੰ ਘੇਰ ਪਾਉਂਦੇ ਰਹੇ। ਅਗਲੀ ਸਵੇਰ ਜਦ ਸੱਤੀ ਨੇ ‘ਈ-ਮੇਲ’ ਰਾਹੀਂ ਰਵੀ ਤੱਕ ਪਹੁੰਚ ਕੀਤੀ ਤਾਂ ਅੱਗੋਂ ਰਵੀ ਦਾ ਜਵਾਬ ਆਇਆ, ‘‘ਸੱਤੀ ਮੈਂ ਵਾਪਸ ਆ ਗਿਆ ਹਾਂ, ਪਰ ਤੈਨੂੰ ਕੁਝ ਦੱਸਣਾ ਚਾਹੁੰਦਾ ਹਾਂ। ਸੱਤੀ ਨੂੰ ਰਵੀ ਦੇ ਅਜੀਬ ਰਵੱਈਏ ਨੇ ਸਵਾਲਾਂ ਦੇ ਝੱਖੜ ‘ਚ ਖੜ੍ਹਾ ਕਰ ਦਿੱਤਾ। ਈ-ਮੇਲ ਪੜ੍ਹੀ ਤਾਂ ‘ਇਕ ਖ਼ਤ ਤੇਰੇ ਨਾਮ’ ਵਿਸ਼ੇ ਹੇਠਲਾ ਵਿਸਥਾਰ ਪੜ੍ਹ ਕੇ ਉਸ ਦਾ ਤ੍ਰਾਹ ਨਿਕਲ ਗਿਆ। ਵੇਰਵਾ ਸੀ; ‘‘ਸੱਤੀ ਤੈਨੂੰ ਸ਼ਾਇਦ ਚੰਗਾ ਨਾ ਲੱਗੇ, ਪਰ ਮੈਂ ਤੈਨੂੰ ਕਿਸੇ ਓਹਲੇ ਵਿਚ ਨਹੀਂ ਰੱਖਣਾ ਚਾਹੁੰਦਾ। ਬਿਨਾ ਭੂਮਿਕਾ ਤੈਨੂੰ ਸਭ ਦੱਸ ਦੇਣਾ ਚਾਹੁੰਦਾ ਹਾਂ। ਇਸ ਵਾਰ ਪੰਜਾਬ ਗਿਆ ਮੈਂ ਆਪਣੀ ਮਨ ਪਸੰਦ ਕੁੜੀ ਨਾਲ ਮੰਗਣੀ ਕਰ ਆਇਆ ਹਾਂ ਤੇ ਜਲਦੀ ਹੀ ਸਾਡੀ ਸ਼ਾਦੀ ਵੀ ਹੋਣ ਵਾਲੀ ਏ। ਸਾਡੀ ਦੋਹਾਂ ਦੀ ਪੁਰਾਣੀ ਜਾਣ-ਪਹਿਚਾਣ ਸੀ। ਅਸੀਂ ਇਕ ਦੂਸਰੇ ਨੂੰ ਕਈ ਸਾਲਾਂ ਤੋਂ ਚਾਹੁੰਦੇ ਸੀ। ਉਵੇਂ ਇਥੇ ਇੰਗਲੈਂਡ ਰਹਿੰਦਿਆਂ ਮੇਰੀ ਜ਼ਿੰਦਗੀ ‘ਚ ਕਈ ਇੱਟਾਂ-ਵੱਟੇ, ਟੋਏ-ਟਿੱਬੇ, ਜੰਗਲ-ਬੇਲੇ, ਰੋਹੀ ਬੀਆਬਾਨ ਆਏ, ਪਰ ਅਸਲ ਲਗਾਓ ਮੇਰਾ ਰੋਜ਼ੀ ਨਾਲ ਹੀ ਸੀ। ਉਹ ਮੇਰੀ ਪਹਿਲੀ ਮੁਹੱਬਤ ਹੈ ਅਤੇ ਪਹਿਲੀ ਮੁਹੱਬਤ ਦੱਸ ਅੱਜ ਤੱਕ ਕੋਈ ਭੁੱਲ ਸਕਿਆ? ਉਹ ਮੇਰੇ ਦਿਲ ਦੀਆਂ ਤੈਹਾਂ ‘ਚ ਬੈਠੀ ਏ। ਸਾਡਾ ਇੱਕ-ਦੂਜੇ ਬਿਨਾ ਜੀਣਾ ਅਸੰਭਵ ਹੈ। ਅਸੀਂ ਦੋਵੇਂ ਇਕੱਠੇ ਸਕੂਲ ਕਾਲਜ ਪੜ੍ਹਦੇ ਸੀ ਤੇ ਅਸੀਂ ਹਾਣ-ਪ੍ਰਵਾਣ ਵੀ ਹਾਂ। ਰੂਹਾਂ ਦੀ ਮਿੱਤਰਤਾਈ ਨੂੰ ਹੁਣ ਅਸਾਂ ਸ਼ਾਦੀ ਦਾ ਰੂਪ ਦੇਣ ਦਾ ਮਨ ਬਣਾ ਲਿਆ।’’ ਅਤੇ ਅਗਲੀ ਈ-ਮੇਲ ਵਿਚ ਹੀ ਉਸ ਨੇ ਇਕ ਫੋਟੋ ਅਟੈਚ ਕਰ ਦਿੱਤੀ ਤੇ ਲਿਖਿਆ, ‘‘ਦੇਖ ਮੇਰੀ ਚੋਣ, ਕਿੰਨੀ ਸੋਹਣੀ ਏ ਰੋਜ਼ੀ!’’ ਅਤੇ ਆਖਿਰ ਵਿਚ ਕੁਝ ਸਤਰਾਂ ਸਨ, ‘‘ਸੱਤੀ, ਮੈਨੂੰ ਆਸ ਹੈ ਕਿ ਤੂੰ ਮੇਰੇ ਮਨ ਦੀ ਭਾਵਨਾ ਜ਼ਰੂਰ ਸਮਝੇਂਗੀ - ਤੇਰਾ ਆਪਣਾ ਰਵੀ!’’

ਸੱਤੀ ਅੰਦਰ ਇੱਕ ਅਜੀਬ ਧਮਾਕਾ ਹੋਇਆ ਸੀ, ਜਿਸ ਨੇ ਉਸ ਦੇ ਸਾਰੇ ਅਰਮਾਨ ਅਤੇ ਸਧਰਾਂ ਦਾ ਸੱਤਿਆਨਾਸ਼ ਕਰ ਮਾਰਿਆ ਸੀ। ਉਸ ਦੀਆਂ ਰੀਝਾਂ ਧੁਆਂਖੀਆਂ ਗਈਆਂ ਸਨ। ਖ਼ਤ ਪੜ੍ਹ ਕੇ ਸੱਤੀ ਧੁਰ ਤੱਕ ਕੰਬੀ ਅਤੇ ਬੇਚੈਨ ਹੋ ਗਈ। ਉਹਦੀਆਂ ਅੱਖਾਂ ਵਿਚ ਸੁਆਲਾਂ ਦਾ ਭੂਚਾਲ ਆ ਗਿਆ। ਉਸ ਦੇ ਸਾਹਮਣੇ ਅੱਜ ਇਕ ਪਾਕ-ਪਵਿੱਤਰ ਰਿਸ਼ਤਾ ਛਿੱਥਾ ਪੈ ਗਿਆ ਸੀ। ਕਪਟ-ਛਲ ‘ਚ ਇਕ ਪਵਿੱਤਰ ਰਿਸ਼ਤੇ ਦਾ ਸਾਹ ਗੁੰਮ ਹੋ ਗਿਆ ਸੀ। ਜਿਵੇਂ ਕਹਿੰਦੇ ਨੇ ਕਿ ਚੇਤਿਆਂ ‘ਚ ਭਰੇ ਪਏ ਦੁੱਖ ਜਦੋਂ ਮਰਜ਼ੀ ਜਾਗ ਪੈਂਦੇ ਨੇ। ਇਵੇਂ ਹੀ ਉਹ ‘ਖ਼ਤ’ ਸੱਤੀ ਵਾਸਤੇ ਹਊਆ ਬਣ ਗਿਆ ਸੀ। ਉਹ ਰੱਬ ਅੱਗੇ ਜੋਦੜੀਆਂ ਵੀ ਕਰਦੀ ਕਿ ਹੇ ਰੱਬਾ! ਉਹ ‘ਖ਼ਤ’ ਮੈਨੂੰ ਯਾਦ ਨਾ ਆਵੇ। ਉਹ ‘ਖ਼ਤ’ ਮੇਰੇ ਅੰਦਰੋਂ ਹਮੇਸ਼ਾ ਲਈ ਗੁੰਮ ਹੋ ਜਾਵੇ, ਜੋ ਮੇਰੇ ਦਿਲ ‘ਚ ਇਕ ਹਾਉਕੇ, ਇਕ ਸਦਮੇ ਵਾਂਗ ਡੇਰੇ ਜਮਾ ਕੇ ਬੈਠ ਗਿਆ ਸੀ। ਵਹਿਮ ਬਣ ਕੇ ਚੁੰਬੜ ਗਿਆ ਸੀ, ਅਤੇ ਜਿਸ ਨੂੰ ਅੰਦਰੋਂ ਕੱਢ ਸਕਣ ‘ਚ ਮੈਂ ਹਮੇਸ਼ਾ ਨਾ-ਕਾਮਯਾਬ ਰਹੀ। ਕੋਸਿ਼ਸ਼ਾਂ ਦੇ ਬਾਵਜੂਦ ਉਹ ਮੇਰੇ ਅੰਦਰ ਛਾਉਣੀ ਪਾ ਕੇ ਬੈਠ ਗਿਆ ਤੇ ਕੰਬਖਤ ਸਮੇਂ-ਸਮੇਂ ਮੇਰੇ ਅੰਦਰ ਬਾਹਰ ਦਾ ਮਾਹੌਲ ਖਰਾਬ ਕਰਦਾ ਰਹਿੰਦਾ ਏ। ਉਹਨੂੰ ਲੱਗਦਾ ਕਿ ਰਵੀ ਦੇ ਰਸਤੇ ‘ਚ ਆਏ ਇੱਟਾਂ, ਵੱਟੇ, ਰੋੜਿਆਂ ਵਿਚ ਮੈਂ ਵੀ ਹਾਵਾਂ-ਭਾਵਾਂ, ਅਹਿਸਾਸਾਂ ਤੋਂ ਬਿਨਾ ਇਕ ਪੱਥਰ ਹੀ ਹੋਵਾਂਗੀ! ਉਹਦੀ ਜ਼ਿੰਦਗੀ ‘ਚ ਆਏ ਰੋਹੀ ਬੀਆਬਾਨਾਂ ‘ਚ ਮੈਂ ਵੀ ਇਕ ਜੰਕਸ਼ਨ ਹੀ ਹੋਵਾਂਗੀ ਅਤੇ ਜਿਸ ਪੜਾਅ ਤੋਂ ਬਾਅਦ ਉਹ ਅੱਗੇ ਆਪਣੀ ਮੰਜਿ਼ਲ ਵੱਲ ਨਿਕਲ ਗਿਆ।’’ ਦਿਲ ਦੇ ਕੋਨੇ ਵਿਚ ਉਹ ਰਵੀ ਵੱਲੋਂ ਦੋ ਸਾਲ ਦੇ ਅਰਸੇ ਦੌਰਾਨ ਮਿਲੇ ਰੱਜਵੇਂ ਪਿਆਰ ਨੂੰ ਜ਼ਿੰਦਗੀ ਤੋਂ ਵੀ ਵੱਡਾ ਅਹਿਸਾਨ ਮੰਨਦੀ ਸੀ। ਜਿਉਂਦੇ ਜੀਅ ਕਦੇ ਵੀ ਨਾ ਚੁਕਾ ਸਕਣ ਵਰਗਾ ਕਰਜ਼ ਸੀ ਉਹਦੇ ਦਿਲ ਦਿਮਾਗ ‘ਤੇ। ਕਿਉਂਕਿ ਜ਼ਿੰਦਗੀ ਭਰ ਅੱਜ ਤੱਕ ਉਸ ਨੂੰ ਏਨਾ ਪਿਆਰ ਮਿਲਿਆ ਹੀ ਕਦੋਂ ਸੀ? ਫਿਰ ਵੀ ਉਹਦਾ ਮਨ ਕਈ ਵਾਰ ਬੇਕਾਬੂ ਹੋ ਕੇ, ਉਸ ਤੋਂ ਬੇ-ਬਾਹਰਾ ਹੋ ਕੇ ਗਿਲਿਆਂ-ਸ਼ਿਕਵਿਆਂ ਦੇ ਚਿੱਕੜ ‘ਚ ਖੁੱਭ ਜਾਂਦਾ ਰਿਹਾ।

ਸੱਤੀ ਬਹੁਤ ਵਾਰ ਇਸ ਝੱਲੇ ਦਿਮਾਗ ਨੂੰ ਕੋਸਦੀ ਵੀ, ‘‘ਕਿੰਨਾ ਸਮਝਾਇਆ ਮੈਂ ਹੁਣ ਤੱਕ ਤੈਨੂੰ! ਫਿਰ ਕੀ ਹੋ ਗਿਆ..? ਵਗਾਹ ਮਾਰ ਇਹਨਾਂ ਸੋਚਾਂ ਨੂੰ! ਬੀਤੀ ਜ਼ਿੰਦਗੀ  ਦੇ ਗਲੋਟੇ ਨਾ ਉਧੇੜ!’’ ਪਰ ਮਨ ਨੂੰ ਟਿਕਾਅ ਕਿੱਥੇ? ਉਹ ਸਮੇਂ ਦੀ ਕਰੋਪੀ ਨੂੰ ਚੇਤੇ ਕਰਦੀ ਕਿ ਕਿਵੇਂ ਰਵੀ ਮੈਨੂੰ ਅਹਿਸਾਸ ਕਰਾਉਂਦਾ ਰਹਿੰਦਾ ਸੀ ਕਿ ਮੇਰੇ ਬਿਨਾ ਉਹ ਜੀਅ ਨਹੀਂ ਸਕਦਾ। ਆਪਣੇ ਤਜ਼ਰਬੇ ਤੋਂ ਉਸ ਨੂੰ ਅਹਿਸਾਸ ਹੋਇਆ ਕਿ ਮੁਸੀਬਤਾਂ ਦਾ ਕਦੇ ਕਾਲ ਨਹੀਂ ਪੈਂਦਾ। ਇਹ ਤਾਂ ਰੂਪ ਬਦਲ ਕੇ ਸਮੇਂ-ਸਮੇਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਨੇ।

ਚਾਹੇ ਹੁਣ ਤੱਕ ਸੱਤੀ ਨੂੰ ਇਕੱਲਿਆਂ ਸੰਸਾਰ ‘ਚ ਵਿਚਰਨਾ ਆ ਗਿਆ ਸੀ। ਉਹ ਆਪਣੀ ਜ਼ਿੰਦਗੀ  ਬਸਰ ਕਰਨ ਲੱਗ ਪਈ ਸੀ। ਪਰ ਅੱਜ ਅਚਾਨਕ ਰਵੀ ਦਾ ਸੱਤੀ ਕੋਲ ਆਉਣਾ, ਉਸ ਨੂੰ ਕਿਸੇ ਨਵੇਂ ਹਾਦਸੇ ਦਾ ਸੰਕੇਤ ਲੱਗਿਆ। ਉਹ ਹੈਰਾਨ ਹੋ ਗਈ ਕਿ ਅੱਜ ਰਵੀ ਦੀ ਆਵਾਜ਼ ਵਿਚ ਇਕ ‘ਤਰਲਾ’ ਸੀ। ਇਕ ਗਲਤੀ ਭਰਿਆ ਅਹਿਸਾਸ ਸੀ। ਉਹਦੀ ਰੋਣਹਾਕੀ ਆਵਾਜ਼ ਸੁਣ ਕੇ ਸੱਤੀ ਹੱਕੀ-ਬੱਕੀ ਰਹਿ ਗਈ। ਸਾਰਾ ਕੁਝ ਭੁੱਲ ਕੇ ਉਹਨੂੰ ਰਵੀ ਦੀ ਚਿੰਤਾ ਲੱਗ ਗਈ।

‘‘ਕੀ ਗੱਲ ਏ ਰਵੀ?’’ ਸੱਤੀ ਨੇ ਹਰਫ਼ਲੀ ਜੇਹੀ ਨੇ ਪੁੱਛਿਆ। ਰਵੀ ਦੀ ਆਵਾਜ਼ ਉਹਦੇ ਸ਼ਬਦਾਂ ਲਈ ਸਹਾਰਾ ਨਹੀਂ ਬਣ ਰਹੀ ਸੀ। ਬੜੀ ਕੋਸਿ਼ਸ਼ ਬਾਅਦ ਉਹ ਥੋੜ੍ਹਾ ਸੰਭਲਿਆ, ‘‘ਸੱਤੀ ਮੈਂ ਤੇਰੇ ਸਾਹਮਣੇ ਹੋਣ ਜੋਗਾ ਨਹੀਂ ਰਿਹਾ। ਮੈਂ ਤੇਰਾ ਗੁਨਾਹਗਾਰ ਹਾਂ। ਮੈਂ ਤੇਰੇ ਨਾਲ ਸਰਾਸਰ ਧੋਖਾ ਕੀਤਾ। ਤੇਰੀ ਸੱਚੀ ਮੁਹੱਬਤ ਦਾ ਮੈਂ ਮਜ਼ਾਕ ਉਡਾਇਆ। ਮੈਂ ਤੈਨੂੰ ਗਮਾਂ ਦੀ ਭੱਠੀ ‘ਚ ਝੋਕ ਕੇ, ਤੇਰੇ ਵਿਸ਼ਵਾਸ ਦੇ ਟੁਕੜੇ ਕਰਕੇ ਸੁਆਰਥੀ ਬਣ ਗਿਆ ਸੀ। ਤੇਰਾ ਮੈਨੂੰ ਨਫ਼ਰਤ ਕਰਨ ਦਾ ਪੂਰਾ ਹੱਕ ਹੈ, ਫਿ਼ਰ ਵੀ ਮੈਨੂੰ ਯਕੀਨ ਹੈ ਕਿ ਤੂੰ ਮੈਨੂੰ ਘ੍ਰਿਣਾ ਨਹੀਂ ਕਰੇਂਗੀ।’’ ਹੌਲੀ-ਹੌਲੀ ਕਰਕੇ ਰਵੀ ਨੇ ਆਪ-ਬੀਤੀ ਦਾ ਪੂਰਾ ਕਿੱਸਾ ਕਹਿ ਦਿੱਤਾ, ‘‘ਰੋਜ਼ੀ ਅਗਲੇ ਹਫਤੇ ਵਿਆਹੀ ਜਾਵੇਗੀ। ਕੈਨੇਡਾ ਤੋਂ ਆਏ ਕਿਸੇ ਰਈਸ ਬਿਜ਼ਨੈਸਮੈਨ ਨਾਲ ਉਹਦਾ ਰਿਸ਼ਤਾ ਤੈਅ ਹੋ ਗਿਆ। ਇਹ ਰਿਸ਼ਤਾ ਰੋਜ਼ੀ ਦੀ ਮਰਜ਼ੀ ਨਾਲ ਹੀ ਹੋਇਐ।” ਰਵੀ ਸਭ ਕੁਝ ਸੱਤੀ ਨੂੰ ਦੱਸੀ ਜਾ ਰਿਹਾ ਸੀ ਤੇ ਸੱਤੀ ਦਾ ਮਨ ਪਸੀਜਦਾ ਜਾ ਰਿਹਾ ਸੀ। ਰਵੀ ਲਈ ਉਸ ਦੇ ਅੰਦਰ ਫਿਰ ਤੋਂ ਅਪਣੱਤ ਭਰ ਗਈ, ਉਸ ਅੰਦਰ ਮੁੜ ਤੋਂ ਇਕ ਯਕੀਨ ਜਾਗ ਪਿਆ ਸੀ ਅਤੇ ਓਸੇ ਸੱਚੀ-ਸੁੱਚੀ ਮੁਹੱਬਤ ਨੇ ਗਵਾਹੀ ਵਿਚ ਹੁੰਗਾਰਾ ਭਰਿਆ ਸੀ। ਉਸ ਨੂੰ ਲੱਗਿਆ ਕਿ ਉਨ੍ਹਾਂ ਦੋਹਾਂ ਵਿਚਾਲੇ ਜੋ ਵੀ ਹੋਇਆ, ਇਸ ਇਤਿਹਾਸ ਨੂੰ ਹੁਣ ਉਹ ਕਾਲ-ਕੋਠੜੀ ਵਿਚ ਸੁੱਟ, ਜਿੰਦਰਾ ਲਾ ਦੇਵੇਗੀ। ਸੱਤੀ ਨੇ ਉਠ ਕੇ ਰਵੀ ਸਾਹਮਣੇ ਬਾਹਵਾਂ ਖਿਲਾਰ ਦਿੱਤੀਆਂ ਅਤੇ ਘੁੱਟ ਕੇ ਨਾਲ ਲਾਉਂਦਿਆਂ ਬੋਲੀ, ‘‘ਰਵੀ ਤੂੰ ਗਲਤੀ ਨਹੀ, ਤਜ਼ਰਬਾ ਕਰਕੇ ਦੇਖ ਲਿਆ।’’ ਰਵੀ ਦੀ ਧਾਹ ਨਿਕਲ ਗਈ, ‘‘ਸੱਤੀ ਮੈਂ ਮੁਆਫ਼ੀ ਦੇ ਕਾਬਲ ਕੰਮ ਨਹੀਂ ਕੀਤਾ ਤੇ ਤੂੰ ਫਿਰ ਵੀ ਮੈਨੂੰ ਮੁਆਫ਼ ਕਰ ਰਹੀ ਏਂ?’’ ਸੱਤੀ ਚੜ੍ਹਦੇ ਸੂਰਜ ਵਾਂਗ ਮੁਸਕਰਾ ਪਈ ਅਤੇ ਉਸ ਅੰਦਰੋਂ ਮੁਹੱਬਤ ਦੀ ਮਿੱਠੀ ਤਾਨ ਬੋਲ ਪਈ, ‘‘ਕੀ ਹੋ ਗਿਆ ਤੂੰ ਵਕਤ ਦੇ ਹੇਰ-ਫ਼ੇਰ ‘ਚ ਅੱਖਾਂ ਫ਼ੇਰ ਚੱਲਿਆ ਸੀ, ਪਰ ਮੈਂ ਤਾਂ ਤੈਨੂੰ ਸੱਚਾ ਸੁੱਚਾ ਪਿਆਰ ਕੀਤੈ, ਦੁਸ਼ਮਣਾ...! ਮੇਰੀ ਮੁਹੱਬਤ ਹੀ ਏਨੀ ਸ਼ਕਤੀਸ਼ਾਲੀ ਹੈ ਕਿ ਮਾੜੀ ਮੋਟੀ ਸੱਟ ਨਾਲ ਤਿੜਕਣ ਟੁੱਟਣ ਜਾਂ ਭੁਰਨ ਵਾਲੀ ਨਹੀਂ! ਜੇ ਇਹ ਏਨੀ ਸੱਚੀ-ਸੁੱਚੀ ਤੇ ਫ਼ੌਲਾਦੀ ਨਾ ਹੁੰਦੀ, ਤਾਂ ਤੇਰੀ ਇਸ ਵਧੀਕੀ ਨਾਲ ਹੁਣ ਨੂੰ ਆਪਾਂ ਇੱਕ ਦੂਜੇ ਤੋਂ ਬਹੁਤ ਦੂਰ ਚਲੇ ਗਏ ਹੁੰਦੇ! ਫ਼ੇਰ ਨਾ ਤਾਂ ਤੂੰ ਵਾਪਸ ਆਉਂਦਾ ਤੇ ਨਾ ਮੈਂ ਦਿਲ ਦਰਿਆ ਕਰ ਬਾਹਾਂ ਖਿਲਾਰਦੀ! ਪਰ ਤਾਕਤਵਰ ਚੀਜ਼ ਕਦੇ ਇੱਟ-ਵੱਟਿਆਂ ਨਾਲ ਟੁੱਟੀ ਹੈ? ਅਸਮਾਨ ਦੇ ਤਾਰੇ ਰੋੜਿਆਂ ਨਾਲ ਨਹੀਂ ਤੋੜੇ ਜਾਂਦੇ, ਤੇ ਨਾ ਉਹਨਾਂ ‘ਤੇ ਪੀਂਘ ਪੈਂਦੀ ਹੈ! ਮੇਰੀ ਮੁਹੱਬਤ ਬੋਹੜ ਦੀ ਉਹ ਛਾਂ ਹੈ, ਕਿ ਜਿੰਨਾ ਸੂਰਜ ਜਿ਼ਆਦਾ ਚਮਕੇਗਾ, ਓਨੀ ਹੀ ਜਿ਼ਆਦਾ ਗੂਹੜੀ ਹੋਵੇਗੀ! ਤੂੰ ਲੱਖ ਮੈਨੂੰ ਲਤੜ-ਲਤੜ ਲੰਘੀ ਜਾਂਦਾ, ਮੈਂ ਹਮੇਸ਼ਾ ਹੀ ਤੇਰੀ ਮੱਥੇ ‘ਤੇ ਹੱਥ ਰੱਖ ਕੇ ਉਡੀਕ ਕਰਨੀ ਸੀ! ਚਾਹੇ ਇਸ ਅਮੁੱਕ ਉਡੀਕ ਵਿਚ ਮੈਂ ਖ਼ੁਦ ਹੀ ਮੁੱਕ ਜਾਂਦੀ, ਪਰ ਕਿਸੇ ਗਏ-ਗੁਜ਼ਰੇ ਗ਼ੈਰ ਨਾਲ ਸਾਂਝ ਪਾ ਕੇ ਮੈਂ ਆਪਣੀ ਚਿੱਟੀ ਦੁੱਧ ਵਰਗੀ ਮੁਹੱਬਤ ਦੇ ਮੂੰਹ ‘ਤੇ ਕਦੇ ਕਾਲਖ ਦਾ ਛਿੱਟਾ ਤੱਕ ਨਹੀਂ ਸੀ ਪੈਣ ਦੇਣਾ, ਤੇਰੇ ਤੋਂ ਮਿਲੀ ਮੁਹੱਬਤ ਆਸਰੇ ਹੀ ਰਹਿੰਦੀ ਜ਼ਿੰਦਗੀ ਬਸਰ ਕਰ ਲੈਣੀ ਸੀ। ਤੇਰੀ ਸੀ, ਤੇਰੀ ਹਾਂ ਤੇ ਤੇਰੀ ਰਹੂੰਗੀ ਦਾ ਸਿਧਾਂਤ ਬੁੱਕਲ ‘ਚ ਲੈ ਕੇ ਇਸ ਦੁਨੀਆਂ ਤੋਂ ਰੁਖ਼ਸਤ ਹੋ ਜਾਣਾ ਸੀ! ਇੱਕ ਗੱਲ ਹੋਰ ਦੱਸ ਦੇਵਾਂ, ਮੈਂ ਕਿਤੇ ਪੜ੍ਹਿਆ ਸੀ ਕਿ ਮੁਆਫ਼ੀ ਮੰਗਣ ਅਤੇ ਮੁਆਫ਼ ਕਰਨ ਨਾਲ ਟੁੱਟੀਆਂ ਚੀਜ਼ਾਂ ਜੋੜਨ ਦੀ ਜਾਂਚ ਆ ਜਾਂਦੀ ਹੈ!” ਤੇ ਸੱਤੀ ਨੂੰ ਮਹਿਸੂਸ ਹੋ ਰਿਹਾ ਸੀ ਕਿ ਰਵੀ ਨੂੰ ਮੁਆਫ਼ ਕਰਕੇ ਉਸ ਨੇ ਦੋ ਦਿਲਾਂ ਨੂੰ ਮੁੜ ਜੋੜਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਪਲਾਂ ਵਿਚ ਹੀ ਦੋਵਾਂ ਦੇ ਕੋਹਾਂ ਦੇ ਫ਼ਾਸਲੇ ਮੁੱਕ ਗਏ ਅਤੇ ਅੱਜ ਲੰਬੇ ਸਮੇਂ ਬਾਅਦ ਸੱਤੀ ਨੂੰ ਇਕ ਵੱਖਰੀ ਕਿਸਮ ਦਾ ਸਕੂਨ ਤੇ ਅਜੀਬ ਸੰਤੁਸ਼ਟੀ ਮਿਲੀ ਸੀ।

‘ਬੋਹੜ ਦੀ ਛਾਂ’ ਵਰਗੀ ਸੱਤੀ ਦੀ ਮੁਹੱਬਤ ਰਵੀ ਦੀ ਰੂਹ ‘ਤੇ ਆਪਣਾ ਵੱਖਰਾ ਹੀ ਪ੍ਰਭਾਵ ਵਿਖਾ ਰਹੀ ਸੀ ਅਤੇ ਉਹ ਇੱਕ ਵਿਸਮਾਦੀ ਤਸੱਲੀ ਅਤੇ ਸ਼ੁਕਰਾਨੇ ਵਿਚ ਕਿਸੇ ਟਾਹਣੀ ਵਾਂਗ ਲਿਫਿ਼ਆ ਖੜ੍ਹਾ ਸੀ...।
 

22/02/2015

ਹੋਰ ਕਹਾਣੀਆਂ  >>    


 
ਬੋਹੜ ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ
ਚਿੱਟੀ ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ
ਤੈਨੂੰ ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ
ਓਦੋਂ ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ
ਜ਼ਿੰਦਗੀ ਦੀ ਜੂਹ
ਭਿੰਦਰ ਜਲਾਲਾਬਾਦੀ, ਯੂ ਕੇ
ਫੇਸਬੁੱਕ
ਅਨਮੋਲ ਕੌਰ, ਕਨੇਡਾ
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ
ਕਿਹਨੂੰ, ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ
ਝਾੜੂ
ਗੁਰਮੇਲ ਬੀਰੋਕੇ, ਕਨੇਡਾ
ਧੰਦਾ ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ
ਅੰਮ੍ਰਿਤ ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਖੂਹ ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ
ਘਰ ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਸੋਗ
ਰੂਪ ਢਿੱਲੋਂ, ਲੰਡਨ
ਉਹ ਮੂਵ ਹੋ ਗਈ
ਅਨਮੋਲ ਕੌਰ, ਕਨੇਡਾ
ਗੋਲਡੀਲੌਕਸ ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ (1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ
baybus1ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ
ਵੇ ਲੋਕੋ
ਅਨਮੋਲ ਕੌਰ, ਕਨੇਡਾ
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ
 

hore-arrow1gif.gif (1195 bytes)


Terms and Conditions
Privacy Policy
© 1999-2015,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015,  5abi.com