ਜੀਵਨ ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ


ਸੈਂਚੀ ਗ੍ਰਹਿ ਦੀ ਇਹ ਸਵੇਰ ਹੋਰ ਸਵੇਰਾਂ ਵਰਗੀ ਖ਼ੂਬਸੂਰਤ ਅਤੇ ਜੀਵਤ ਨਹੀਂ ਸੀ। ਉਸ ਵਿੱਚੋਂ ਇੱਕ ਅਜੀਬ ਕਿਸਮ ਦੀ ਉਦਾਸੀ ਅਤੇ ਖ਼ਮੋਸ਼ੀ ਝਲਕ ਰਹੀ ਸੀ। ਸਮੇਂ ਦਾ ਕਾਰਵਾਂ ਰਾਹਾਂ ਦੇ ਉੱਪਰ ਆਪਣੇ ਨਿਸ਼ਾਨ ਛੱਡ ਕੇ ਚਲਿਆ ਜਾਂਦਾ ਹੈ। ਸ੍ਰਿਸ਼ਟੀ ਵਿੱਚ ਇੰਝ ਹੀ ਬਹੁਤ ਸਾਰੀਆਂ ਪਦਾਰਥਕ ਵਸਤਾਂ ਹੋਂਦ ਵਿੱਚ ਆ, ਆਪਣਾ ਜੀਵਨ-ਕਾਲ ਗ਼ੁਜ਼ਾਰ ਕੇ ਅੰਤ ਵਿਨਾਸ਼ ਦੀ ਗੋਦ ਵਿੱਚ ਜਾ ਬੈਠਦੀਆਂ ਹਨ। ਜਿਹੜੀ ਵਸਤ ਆਪਣਾ ਸਮਪੂਰਨ ਜੀਵਨ-ਕਾਲ ਭੋਗ ਕੇ ਸਮਾਪਤ ਹੁੰਦੀ ਹੈ, ਉਸਦੇ ਜਾਣ ਦਾ ਇੰਨਾ ਦੁੱਖ ਨਹੀਂ ਹੁੰਦਾ ਜਿੰਨਾ ਆਪਣਾ ਜੀਵਨ-ਕਾਲ ਭੋਗਣ ਤੋਂ ਪਹਿਲਾਂ ਹੀ ਸਮਾਪਤ ਹੋਈ ਵਸਤ ਦਾ ਹੁੰਦਾ ਹੈ ! ਸੈਂਚੀ ਗ੍ਰਹਿ ਨੂੰ ਵੀ ਕੁੱਝ ਅਜਿਹਾ ਹੀ ਦਰਦ ਹੰਢਾਉਣਾ ਪੈ ਰਿਹਾ ਸੀ। ਆਪਣਾ ਜੀਵਨ-ਕਾਲ ਭੋਗਣ ਤੋਂ ਪਹਿਲਾਂ ਹੀ ਸੈਂਚੀ ਗ੍ਰਹਿ ਵਿਨਾਸ਼ ਦੀ ਚੱਕੀ ਵਿੱਚ ਪੀਸਿਆ ਗਿਆ ਸੀ। ਉਸਦੀ ਹਿੱਕ ਉੱਤੇ ਵਸਣ ਵਾਲੀ ਸਭਿਅੱਤਾ ਦੀ ਰੁਮਕਦੀ ਰੌਅ ਸਮੇਂ ਤੋਂ ਪਹਿਲਾਂ ਹੀ ਖਤਮ ਹੋ ਗਈ ਸੀ। ਅੱਜ ਸੈਂਚੀ ਗ੍ਰਹਿ ਤੇ ਪੁਰਾਣੀਆਂ ਯਾਦਾਂ ਦੇ ਨਾਮ ਤੇ ਖੰਡਰ ਸਨ, ਅਤੇ ਉਨ੍ਹਾਂ ਦੇ ਅੰਦਰ ਦੱਬੀਆਂ ਚੀਖਾਂ ਸਨ। ਇੱਕ ਵਿਸਫੋਟ ਜਿਹਾ ਹੋਇਆ ਅਤੇ ਸੈਂਚੀ ਗ੍ਰਹਿ ਥੋੜੇ ਜਿਹੇ ਸਮੇਂ ਵਿੱਚ ਹੀ ਪੂਰੇ ਦਾ ਪੂਰਾ ਤਬਾਹ ਹੋ ਗਿਆ। ਕੁੱਝ ਵੀ ਨਹੀਂ ਸੀ ਬਚਿਆ - ਹਰ ਇੱਕ ਚੀਜ਼ ਖਤਮ ਹੋ ਚੁੱਕੀ ਸੀ !

ਸੈਂਚੀ ਗ੍ਰਹਿ ਦੀ ਇਹ ਤਬਾਹੀ ਕੁਦਰਤੀ ਨਹੀਂ ਸੀ। ਇਹ ਤਾਂ ਉੱਥੇ ਵਸਣ ਵਾਲੇ ਮਨੁੱਖਾਂ ਦੀ ਆਪਸੀ ਲੜਾਈ ਦਾ ਨਤੀਜਾ ਸੀ। ਦਸ ਸਾਲਾਂ ਤੋਂ ਉੱਥੋਂ ਦੇ ਦੋ ਦੇਸਾਂ ਵਿਚਕਾਰ ਹੋ ਰਹੀ ਜੰਗ ਦੇ ਕਰਕੇ ਇਸ ਤਬਾਹੀ ਦੀ ਸ਼ੁਰੁਆਤ ਹੋਈ ਸੀ। ਸੈਂਚੀ ਗ੍ਰਹਿ ਤੇ ਵੱਸਦੇ ਦੋ ਦੇਸ ਕਰੀਨਾ ਅਤੇ ਸੇਜਲ ਵਿਗਿਆਨ ਦੀ ਤਰੱਕੀ ਦੇ ਸਿਖਰ 'ਤੇ ਪਹੁੰਚ ਚੁੱਕੇ ਸਨ। ਉਨ੍ਹਾਂ ਨੇ ਇੱਕ ਤੋਂ ਵਧ ਕੇ ਮਾਰੂ ਹਥਿਆਰ ਅਤੇ ਬੰਬ ਬਣਾਏ ਹੋਏ ਸਨ - ਅਤੇ ਉਹਨਾਂ ਭਿਆਨਕ ਬੰਬਾਂ ਦੇ ਨਾਲ ਇੱਕ ਦੂਸਰੇ ਨੂੰ ਖਤਮ ਕਰ ਦਿੱਤਾ .... ਜਿਵੇਂ ਕਿ ਪੁਰਾਣੀ ਕਹਾਵਤ ਹੈ ਕਿ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰਹੀ ਸਕਦੀਆਂ, ਇਵੇਂ ਹੀ ਕਰੀਨਾ ਅਤੇ ਸੇਜਲ ਦੇਸ ਸੈਂਚੀ ਗ੍ਰਹਿ ਵਿੱਚ ਇੱਕਠੇ ਰਹਿਣ ਵਿੱਚ ਅਸਫ਼ਲ ਰਹੇ ! ਦੋਵੇਂ ਆਪਣੇ ਆਪ ਨੂੰ ਇੱਕ ਦੂਜੇ ਤੋਂ ਉੱਤਮ ਅਤੇ ਮਹਾਨ ਸਮਝਦੇ ਸਨ ਅਤੇ ਦੂਜੇ ਦੇਸ ਨੂੰ ਆਪਣਾ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਸਨ। ਪਰ ਕਿਓਂਕਿ ਦੋਵੇਂ ਹੀ ਸ਼ਕਤੀਸ਼ਾਲੀ ਅਤੇ ਵਿਗਿਆਨ ਦੇ ਵਿੱਚ ਵਿਕਸਿਤ ਸਨ, ਦੋਵਾਂ ਵਿੱਚੋਂ ਕੋਈ ਵੀ ਇੱਕ ਦੂਜੇ ਦੀ ਪ੍ਰਭੂਸੱਤਾ ਮੰਨਣਾ ਨਹੀਂ ਸੀ ਚਾਹੁੰਦਾ। ਇੱਕ ਦੂਜੇ ਨੂੰ ਆਪਣੀ ਪ੍ਰਭੂਸੱਤਾ ਮਨਾਉਣ ਲਈ ਉਹਨਾਂ ਵਿਚਕਾਰ ਜੰਗ ਸ਼ੁਰੂ ਹੋ ਗਈ। ਦੋਵੇਂ ਦੇਸ ਤਬਾਹਕੁੰਨ ਹਥਿਆਰਾਂ ਦੀ ਵਰਤੋਂ ਕਰਨ ਲੱਗ ਪਏ। ਹਰੇਕ ਵਿਅਕਤੀ ਨੂੰ ਇਸ ਜੰਗ ਵਿੱਚ ਖਿਚ ਲਿਆ ਗਿਆ। ਕੋਈ ਵੀ ਇਸ ਸੰਗ੍ਰਾਮ ਦੀ ਮਾਰ ਤੋਂ ਨਾ ਬਚ ਸਕਿਆ। ਦੋਵਾਂ ਦੇਸਾਂ ਕੋਲ ਭਿਆਨਕ ਰਸਾਇਣਕ ਅਤੇ ਪ੍ਰਮਾਣੁ ਹਥਿਆਰਾਂ ਦੇ ਜ਼ਖੀਰੇ ਸਨ - ਕਿਸੇ ਵੀ ਵਕਤ ਉਹ ਇਹਨਾਂ ਵਿਨਾਸ਼-ਸ਼ਾਸ਼ਤਰਾਂ ਨਾਲ ਤਬਾਹੀ ਲਿਆ ਸਕਦੇ ਸਨ। ਕੋਈ ਵੀ ਦੇਸ ਆਪਣੀ ਹਾਰ ਮੰਨਣ ਲਈ ਤਿਆਰ ਨਹੀਂ ਸੀ। ਸ਼ਾਂਤੀ ਦੇ ਪੁਜਾਰੀ ਆਪਣੀਆਂ ਕੋਸ਼ਿਸ਼ਾਂ ਕਰ ਕਰ ਹਾਰ ਚੁੱਕੇ ਸਨ ...

ਜੇ ਤਲਵਾਰਾਂ ਮਜ਼ਬੂਤ ਹੋਣ ਤਾਂ ਛੇਤੀ ਟੁੱਟਦੀਆਂ ਵੀ ਨਹੀਂ। ਇਵੇਂ ਇਹ ਦੋਵੇਂ ਦੇਸ ਵੀ ਜੰਗ ਦੀ ਮਾਰ ਤੋਂ ਟੁੱਟ ਨਹੀਂ ਸੀ ਰਹੇ। ਇੱਕ ਦੂਜੇ ਤੇ ਉਹ ਨਿੱਤ ਨਵੇਂ ਹਥਿਆਰਾਂ ਨਾਲ ਹਮਲੇ ਕਰ ਰਹੇ ਸਨ - ਸ਼ਹਿਰਾਂ ਦੇ ਸ਼ਹਿਰ ਤਬਾਹ ਹੋ ਰਹੇ ਸਨ। ਅਣਗਿਣਤ ਮਨੁੱਖਾਂ ਦੀਆਂ ਜਾਨਾਂ ਜੰਗ ਦੀ ਜਵਾਲਾ ਦੀ ਭੇਂਟ ਚੜ੍ਹ ਰਹੀਆਂ ਸਨ - ਅਤੇ ਉਹ ਜਵਾਲਾ ਹੋਰ ਵੀ ਪ੍ਰਚੰਡ ਹੋ ਰਹੀ ਸੀ। ਸ਼ਹਿਰ ਖੰਡਰਾਂ ਵਿੱਚ ਤਬਦੀਲ ਹੋ ਰਹੇ ਸਨ। ਲੋਕਾਂ ਦੀਆਂ ਲਾਸ਼ਾਂ ਦੇ ਉੱਪਰ ਕੋਈ ਰੋਣ ਵਾਲਾ ਵੀ ਨਹੀਂ ਬਚ ਰਿਹਾ ਸੀ। ਮਾਸੂਮ ਅਤੇ ਨਿਰਦੋਸ਼ ਲੋਕ ਜੰਗ ਦੀ ਪ੍ਰਚੰਡ ਜਵਾਲਾ ਦੇ ਵਿੱਚ ਝੋਂਕੇ ਜਾ ਰਹੇ ਸਨ, ਅਤੇ ਉਹ ਜਵਾਲਾ ਬੁਝਣ ਦਾ ਨਾਮ ਹਿ ਨਹੀਂ ਲਈ ਰਹੀ ਸੀ। ਉਸਦੀਆਂ ਲਪਟਾਂ ਸੱਤਵੇਂ ਅਸਮਾਨ ਨੂੰ ਛੂਹ ਰਹੀਆਂ ਸਨ।

ਉਹ ਦਿਨ ਵੀ ਆਇਆ ਜਦੋਂ ਇਹ ਸੰਗ੍ਰਾਮ ਆਪਣੇ ਸਿਖਰ ਤੇ ਪੁੱਜ ਗਿਆ। ਜਦੋਂ ਪ੍ਰਮਾਣੁ ਬੰਬ ਦੀ ਵਰਤੋਂ ਕੀਤੀ ਗਈ। ਮਨੁੱਖ ਦਾ ਵਹਿਸ਼ੀਪੁਣਾ ਆਪਣੇ ਪੂਰੇ ਜਲੌ ਵਿੱਚ ਪੁੱਜ ਗਿਆ। ਪਹਿਲਾਂ ਕਰੀਨਾ ਦੇਸ ਦੇ ਲੜਾਕੂ ਜਹਾਜ਼ਾਂ ਨੇ ਸੇਜਲ ਦੇਸ ਦੇ ਦੋ ਸ਼ਹਿਰਾਂ ਤੇ ਬੰਬ ਸੁੱਟੇ। ਉਸਦੇ ਬਦਲੇ ਵਿੱਚ ਸੇਜਲ ਨੇ ਕਰੀਨਾ ਦੇ ਚਾਰ ਸ਼ਹਿਰਾਂ 'ਤੇ ਪ੍ਰਮਾਣੁ ਬੰਬ ਸੁੱਟੇ। ਫੇਰ ਤਾਂ ਜਿਵੇਂ ਪ੍ਰਮਾਣੁ ਬੰਬਾਂ ਦੀ ਇੱਕ ਲੜੀ ਫਟਣੀ ਸ਼ੁਰੂ ਹੋ ਗਈ - ਅਤੇ ਇੱਕ ਇੱਕ ਕਰਕੇ ਦੋਵੇਂ ਦੇਸਾਂ ਦੇ ਸ਼ਹਿਰ ਤਬਾਹ ਹੋਣ ਲੱਗੇ। ਦਰਦਨਾਕ ਸੰਗ੍ਰਾਮ ਦਾ ਅੰਤਿਮ ਕਾਂਡ ਸ਼ੁਰੂ ਹੋ ਗਿਆ ਸੀ। ਪ੍ਰਮਾਣੁ ਬੰਬਾਂ ਤੋ ਬਾਅਦ ਹਾਇਡ੍ਰੋਜਨ ਅਤੇ ਮੈਗਾਟਰੋਨ ਬੰਬਾਂ ਦੇ ਨਾਲ ਤਬਾਹੀ ਨੂੰ ਅੰਜਾਮ ਦੇਣ ਲਈ ਦੋਵੇਂ ਦੇਸਾਂ ਦੇ ਲੜਾਕੂ ਪਾਗਲ ਹੋ ਗਏ। ਅਤੇ ਫਿਰ ਉਹ ਸਮਾਂ ਵੀ ਆਇਆ ਜਦੋਂ ਕੁੱਝ ਵੀ ਨਹੀਂ ਬਚਿਆ - ਸਾਰੇ ਸ਼ਹਿਰ ਤਬਾਹ ਹੋ ਗਏ। ਸਾਰੇ ਮਨੁੱਖ ਮੌਤ ਦੀ ਗੋਦ ਵਿੱਚ ਸੌਂ ਗਏ - ਅਤੇ ਨਾ ਹੀ ਉਹਨਾਂ ਲਾਸ਼ਾਂ ਤੇ ਰਾਜ ਕਰਨ ਵਾਲੇ ਬਚੇ!

ਦੋਵੇਂ ਤਲਵਾਰਾਂ ਟੁੱਟ ਗਈਆਂ ਤੇ ਮਿਆਨ ਵੀ ਚੀਥੜੇ ਚੀਥੜੇ ਹੋ ਗਏ!

ਖੂਬਸੂਰਤ ਸ਼ਹਿਰ ... ਜੀਵਤ ਘਰ ... ਜਿਊਂਦੇ ਸੁਪਨੇ ... ਚਿੱਟੇ ਵਿਅਸਤ ਦਿਨ ... ਸੁਰੀਲੀਆਂ ਅਤੇ ਮਦਹੋਸ਼ ਰਾਤਾਂ ... ਮੁਸਕਰਾਉਂਦੀਆਂ ਸੂਹੀਆਂ ਸਵੇਰਾਂ ... ਤੇ ਉਹਨਾਂ ਦਾ ਅਨੰਦ ਮਾਨਣ ਵਾਲੇ ਜੀਵਤ ਪ੍ਰਾਣੀ ... ਸਭ ਖਤਮ ਹੋ ਗਏ ! ਜਿਹੜੇ ਦਿਲ-ਕੰਬਾਊ ਖੰਡਰ ਬਚੇ ਸੀ, ਉਹਨਾਂ ਨੂੰ ਦੇਖ ਕੇ ਰੋਣ ਵਾਲਾ ਕੋਈ ਨਹੀਂ ਸੀ ਬਚਿਆ . ਕਾਲੀਆਂ ਅਤੇ ਡਰਾਉਣੀਆਂ ਰਾਤਾਂ ਦੀਆਂ ਚੀਖਾਂ ਸੁਣਨ ਵਾਲਾ ਕੋਈ ਨਹੀਂ ਸੀ। ਧੂਏਂ ਨਾਲ ਸਫੈਦ ਦਿਨਾਂ ਦੀ ਖ਼ਮੋਸ਼ੀ ਮਾਪਣ ਵਾਲਾ ਕੋਈ ਨਹੀਂ ਸੀ ....

ਚਾਰੇ ਪਾਸੇ ਡਰਾਉਣਾ ਸੰਨਾਟਾ ਸੀ - ਮੌਤ ਵਰਗੀ ਤਨਹਾਈ ਸੀ ! ਹਵਾ ਦੀ ਸਾਂ-ਸਾਂ ਵੀ ਰੁਕੀ ਹੋਈ ਸੀ। ਸੈਂਚੀ ਗ੍ਰਹਿ ਕਿਸੇ ਨਿਰਜਨ ਅਤੇ ਬੰਜਰ ਗ੍ਰਹਿ ਵਾਂਗ ਤਨਹਾ ਗ਼ਰਦਿਸ਼ ਕਰ ਰਿਹਾ ਸੀ !...

**

ਉਸਨੇ ਕਰਾਹ ਕੇ ਆਪਣੀਆਂ ਦੋਵੇਂ ਅੱਖਾਂ ਖੋਲ੍ਹੀਆਂ ਤਾਂ ਉਹਨਾਂ ਵਿੱਚ ਬਹੁਤ ਤਿੱਖੀ ਜਲਣ ਪੈਦਾ ਹੋਈ। ਉਸਦਾ ਜੀ ਕੀਤਾ ਕਿ ਉਹ ਆਪਣੀਆਂ ਅੱਖਾਂ ਨੂੰ ਹੱਥਾਂ ਨਾਲ ਮਲੇ ਪਰ ਉਸਤੋਂ ਆਪਣੇ ਹੱਥ ਹਿਲਾਏ ਨਹੀਂ ਸੀ ਜਾ ਰਹੇ ! ਜਿਵੇਂ ਉਸਦੇ ਹੱਥ ਪੱਥਰ ਦੇ ਹੋ ਗਏ ਹੋਣ। ਪਰ ਥੋੜੇ ਚਿਰ ਵਿੱਚ ਹੀ ਉਸਨੂੰ ਇਹ ਅਹਿਸਾਸ ਹੋ ਗਿਆ ਕਿ ਉਸਦੇ ਹੱਥ ਹੀ ਨਹੀਂ ਸਾਰਾ ਸਰੀਰ ਪੱਥਰ ਦਾ ਬਣ ਚੁੱਕਾ ਸੀ। ਉਸਨੇ ਆਪਣਾ ਵਜੂਦ ਹਿਲਾਉਣ ਦੀ ਅਸਫ਼ਲ ਕੋਸ਼ਿਸ਼ ਕੀਤੀ। ਪਰ ਉਸਦਾ ਸਰੀਰ ਜਿਵੇਂ ਧਰਤੀ ਨਾਲ ਚਿਪਕਿਆ ਹੋਇਆ ਸੀ। ਜਿਵੇਂ ਧਰਤੀ ਦੀ ਗੁਰੂਤਾਕਰਸ਼ਨ ਸ਼ਕਤੀ ਸੂਰਜ ਦੀ ਗੁਰੂਤਾਕਰਸ਼ਨ ਸ਼ਕਤੀ ਤੋਂ ਵੀ ਵੱਡੀ ਹੋ ਗਈ ਹੋਵੇ ! ਥੋੜੀ ਦੇਰ ਬਾਅਦ ਉਸਨੇ ਲੰਬੇ ਲੰਬੇ ਸਾਹ ਲਏ। ਪਰ ਹਵਾ ਜਿਵੇਂ ਸੀ ਹੀ ਨਹੀਂ। ਉਸਨੇ ਮਹਿਸੂਸ ਕੀਤਾ ਕਿ ਉਸਦੀ ਆਕਸੀਜਨ ਟਿਊਬ ਵਿੱਚ ਆਕਸੀਜਨ ਦੀ ਮਾਤਰਾ ਘਟ ਗਈ ਸੀ। ਉਸਨੂੰ ਲੱਗਿਆ ਕੀ ਉਸਦਾ ਅੰਤ ਨੇੜੇ ਹੀ ਹੈ।

ਥੋੜ੍ਹਾ ਚਿਰ ਉਹ ਇੰਝ ਹੀ ਪਿਆ ਰਿਹਾ। ਹੌਲੀ ਹੌਲੀ ਉਸਦੇ ਸਰੀਰ ਵਿੱਚ ਫੈਲਿਆ ਤਣਾਅ ਸਮਾਪਤ ਹੋ ਰਿਹਾ ਸੀ। ਉਸਦੇ ਹੱਥ ਥੋੜ੍ਹੀ ਥੋੜ੍ਹੀ ਹਰਕਤ ਕਰਨ ਲੱਗੇ ਤਾਂ ਉਸਨੇ ਆਪਣੇ ਚਿਹਰੇ ਦਾ ਸੁਰੱਖਿਆ-ਕਵਚ ਠੀਕ ਕੀਤਾ ਅਤੇ ਆਪਣੇ ਨੱਕ ਨਾਲ ਲੱਗੀ ਆਕਸੀਜਨ ਦੀ ਟਿਊਬ ਨੂੰ ਸਹੀ ਜਗ੍ਹਾ ਕੀਤਾ, ਜੋ ਆਪਣੀ ਉਚਿੱਤ ਜਗ੍ਹਾ ਤੋਂ ਸਰਕ ਗਈ ਸੀ ਅਤੇ ਉਸਦੇ ਅੰਦਰ ਬਾਹਰਲੀਆਂ ਦੂਸ਼ਿਤ, ਜ਼ਹਰੀਲੀਆਂ ਗੈਸਾਂ ਪ੍ਰਵੇਸ਼ ਕਰ ਗਈਆਂ ਸਨ। ਜਿਸ ਕਰਕੇ ਉਸਦੀ ਚੇਤਨਾ ਲੁਪਤ ਹੋ ਗਈ ਸੀ। ਪਰ ਉਸਦੀ ਚੇਤਨਾ ਲੁਪਤ ਹੋਣ ਦਾ ਇੱਕ ਹੋਰ ਕਾਰਨ ਵੀ ਸੀ - ਆਸਪਾਸ ਪਸਰਿਆ ਮੌਤ ਵਰਗਾ ਸੰਨਾਟਾ - ਡਰਾਉਣੀਆਂ ਲਾਸ਼ਾਂ - ਤਨਹਾ ਫਿਜ਼ਾ ਦਾ ਰੋਣ ਅਤੇ ਖੰਡਰਾਂ ਦੇ ਅੰਬਾਰ !

ਉਸਨੇ ਹਿੰਮਤ ਕਰਕੇ ਖੜੇ ਹੋਣ ਦੀ ਕੋਸ਼ਿਸ਼ ਕੀਤੀ ਪਰ ਲੜਖੜਾ ਕੇ ਡਿਗ ਪਿਆ। ਉਸਨੂੰ ਜਾਪਿਆ ਕਿ ਉਹ ਮਾਨਸਿਕ ਅਤੇ ਸਰੀਰਕ ਤੌਰ ਤੇ ਨਕਾਰਾ ਹੋ ਚੁੱਕਿਆ ਹੈ। ਉਸਦੇ ਦਿਲੋ ਦਿਮਾਗ਼ ਤੇ ਇੱਕ ਅਜੀਬ ਕਿਸਮ ਦਾ ਬੋਝ ਸੀ। ਉਸਦੇ ਮਸਤਿਕ ਵਿੱਚ ਕੋਈ ਵੀ ਵਿਚਾਰ ਨਹੀਂ ਸੀ ਆ ਰਿਹਾ। ਉਸਦਾ ਮਸਤਿਕ ਇਸ ਵੇਲੇ ਸਿਫ਼ਰ ਅਵਸਥਾ ਵਿੱਚ ਸੀ। ਉਸਨੇ ਕੋਲ ਪਏ ਇੱਕ ਪੱਥਰ ਦਾ ਸਹਾਰਾ ਲਿਆ ਅਤੇ ਖੜਾ ਹੋ ਗਿਆ। ਉਸਨੇ ਆਸਪਾਸ ਨਜ਼ਰ ਫੇਰੀ ... ਚਾਰੇ ਪਾਸੇ ਖੰਡਰ ਹਿ ਖੰਡਰ, ਲਾਸ਼ਾਂ ਤੇ ਧੂਆਂ ਸੀ ... ਬੇਰਹਿਮ ਜਿਹੀ ਖ਼ਮੋਸ਼ੀ ਅਤੇ ਤਨਹਾਈ ਸੀ ...

ਉਸਤੋਂ ਇਹ ਸਭ ਕੁੱਝ ਦੇਖਿਆ ਨਾ ਗਿਆ। ਉਸਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ। ਉਸਦਾ ਰੁੱਗ ਭਰ ਆਇਆ, ਇੱਕ ਦਮ ਉਸਦੀਆਂ ਅੱਖਾਂ ਵਿੱਚੋਂ ਹੰਝੂਆਂ ਦੀ ਧਾਰਾ ਵਹਿਣ ਲੱਗੀ ਅਤੇ ਉਹ ਭੁੱਬਾਂ ਮਾਰ ਕੇ ਰੋਣ ਲੱਗਿਆ। ਉਸਨੂੰ ਦਿਲਾਸਾ ਦੇਣ ਵਾਲਾ ਅਤੇ ਚੁੱਪ ਕਰਾਉਣ ਵਾਲਾ ਕੋਈ ਨਹੀਂ ਸੀ। ਉਹ ਉਦੋਂ ਤੱਕ ਰੋਂਦਾ ਰਿਹਾ ਜਦ ਤੱਕ ਥੱਕ ਨਾ ਗਿਆ ਅਤੇ ਉਸਦੇ ਅੰਦਰ ਰੋਣ ਦੀ ਸ਼ਕਤੀ ਨਾ ਰਹੀ। ਉਸਨੇ ਲਵਾਰਿਸ ਬੱਚਿਆਂ ਵਰਗੀਆਂ ਇੱਕਲੀਆਂ ਅੱਖਾਂ ਨਾਲ ਆਸਪਾਸ ਦਾ ਦਰਦਨਾਕ ਦ੍ਰਿੱਸ਼ ਦੇਖਿਆ। ਸਭ ਕੁੱਝ ਖਤਮ ਹੋ ਚੁੱਕਿਆ ਸੀ, ਪਰ ਉਸਨੂੰ ਯਕੀਨ ਨਹੀਂ ਆ ਰਿਹਾ ਸੀ। ਇਹ ਨਹੀਂ ਹੋ ਸਕਦਾ, ਉਸਨੇ ਸੋਚਿਆ ! ਪਰ ਕੌੜੀ ਹਕੀਕਤ ਉਸਦੇ ਸਾਹਮਣੇ ਸੀ। ਉਹ ਤੜਪ ਉੱਠਿਆ। ਉਸਦਾ ਦਿਲ ਤੇਜ਼ੀ ਨਾਲ ਧੜਕ ਰਿਹਾ ਸੀ। ਫੇਰ ਜਿਵੇਂ ਉਸਦੇ ਦਿਲ ਦੀ ਧੜਕਣ ਦੀ ਅਵਾਜ਼ ਉੱਚੀ ਹੁੰਦੀ ਗਈ ਅਤੇ ਉਸਦੇ ਮਸਤਿਕ ਵਿੱਚ ਫੈਲ ਗਈ। ਉਸਤੋਂ ਉਹ ਅਵਾਜ਼ ਬਰਦਾਸ਼ਿਤ ਨਾ ਹੋਈ ਅਤੇ ਉਸਨੇ ਘਬਰਾ ਕੇ ਜ਼ੋਰ ਨਾਲ ਚੀਖ ਮਾਰੀ !

ਉਸਦੇ ਆਸਪਾਸ ਖੰਡਰ ਹੀ ਖੰਡਰ ਅਤੇ ਉਹਨਾਂ ਦੇ ਅੰਦਰ ਦੱਬੀਆਂ ਲਾਸ਼ਾਂ ਸਨ। ਅਕਾਸ਼ ਕਾਲਾ ਹੋ ਚੁੱਕਿਆ ਸੀ। ਧੂਏਂ ਦੇ ਸੁਲਗਦੇ ਗੁਬਾਰ ਉੱਪਰ ਨੂੰ ਉੱਠ ਰਹੇ ਸਨ। ਖੰਡਰਾਂ ਦੇ ਵਿੱਚ ਜਲਦੀਆਂ ਚਿੰਗਾਰੀਆਂ ਵੀ ਸੁਲਗ ਰਹੀਆਂ ਸਨ। ਚਾਰੇ ਪਾਸੇ ਤਨਹਾਈ, ਚੁੱਪ ਅਤੇ ਮੌਤ ਦਾ ਰਾਜ ਸੀ ...

ਉਸਨੇ ਯਾਦ ਕਰਨ ਦੀ ਕੋਸ਼ਿਸ਼ ਕੀਤੀ ਕੀ ਉਹ ਕਿਵੇਂ ਇੱਥੇ ਪਹੁੰਚਿਆ ਸੀ ਅਤੇ ਬੇਹੋਸ਼ ਹੋ ਗਿਆ ਸੀ। ਉਸਨੂੰ ਕੁੱਝ ਵੀ ਯਾਦ ਨਹੀਂ ਆ ਰਿਹਾ ਸੀ - ਆਪਣਾ ਨਾਮ ਵੀ ਨਹੀਂ ! ਪਰ ਫੇਰ ਜਿਵੇਂ ਇੱਕ ਦਮ ਝਟਕੇ ਨਾਲ ਉਸਨੂੰ ਸਭ ਕੁੱਝ ਯਾਦ ਆ ਗਿਆ - ਕਿਵੇਂ ਇੱਕ ਭਿਆਨਕ ਅਤੇ ਮਹਾਨਤਮ ਦੁਖਾਂਤ ਵਾਪਰਿਆ ਸੀ। ਉਸਨੂੰ ਭਿਆਨਕ ਜੰਗ ਦੀਆਂ ਸਭ ਘਟਨਾਵਾਂ ਇੱਕ ਇੱਕ ਕਰਕੇ ਯਾਦ ਆਉਣ ਲੱਗੀਆਂ। ਅਤੇ ਫੇਰ ਉਸਨੂੰ ਆਪਣਾ ਨਾਮ ਵੀ ਯਾਦ ਆ ਗਿਆ। ਮਰਨੀਤ - ਉਸਦਾ ਨਾਮ ਮਰਨੀਤ ਸੀ!

***

ਮਰਨੀਤ!
ਮਰਨੀਤ ਸੀ ਉਸਦਾ ਨਾਮ ...

ਉਹ ਇੱਕ ਅੰਤਰਿਖਸ਼ ਵਿਗਿਆਨੀ ਸੀ ਅਤੇ ਸੈਂਚੀ ਗ੍ਰਹਿ ਦੇ ਆਸਪਾਸ ਸਥਿੱਤ ਅਨੇਕਾਂ ਵੇਦਸ਼ਾਲਾਵਾਂ ਅਤੇ ਪ੍ਰਯੋਗਸ਼ਾਲਾਵਾਂ ਦਾ ਇੰਚਾਰਜ ਸੀ। ਉਹ ਸਾਲ ਦੇ ਗਿਆਰਾਂ ਮਹੀਨੇ ਅੰਤਰਿਖਸ਼ ਵਿੱਚ ਘੁੰਮ ਰਹੀਆਂ ਪ੍ਰਯੋਗਸ਼ਾਲਾਵਾਂ ਅੰਦਰ ਹੀ ਗੁਜ਼ਾਰਦਾ ਸੀ। ਸਿਰਫ਼ ਇੱਕ ਮਹੀਨਾ ਹੀ ਉਹ ਜ਼ਮੀਨ ਤੇ ਆਉਂਦਾ ਸੀ - ਜਦੋਂ ਉਸਦੀਆਂ ਛੁੱਟੀਆਂ ਹੁੰਦੀਆਂ ਸਨ। ਉਹ ਸੈਂਚੀ ਗ੍ਰਹਿ ਦੇ ਕਰੋੜਾਂ ਲੋਕਾਂ ਵਿੱਚੋਂ ਬਚਣ ਵਾਲਾ ਇਕਲੌਤਾ ਖੁਸ਼ਕਿਸਮਤ ਮਨੁੱਖ ਸੀ ਅਤੇ ਜਾਂ ਬਦਕਿਸਮਤ ਸੀ!

ਜਦੋਂ ਸੈਂਚੀ ਗ੍ਰਹਿ ਤੇ ਜੰਗ ਚੱਲ ਰਹੀ ਸੀ ਤਾਂ ਉਹ ਅੰਤਰਿਖਸ਼ ਦੇ ਵਿੱਚ ਸੀ - ਸੈਚੀ ਗ੍ਰਹਿ ਤੇ ਹੋ ਰਹੀ ਜੰਗ ਤੋਂ ਬਹੁਤ ਦੂਰ। ਅੰਤਰਿਖਸ਼ ਪ੍ਰਯੋਗਸ਼ਾਲਾਵਾਂ ਵਿੱਚ ਕੰਮ ਕਰ ਰਹੇ ਸਾਰੇ ਮਨੁੱਖਾਂ ਨੂੰ ਦੋਵੇਂ ਦੇਸਾਂ ਨੇ ਸੈਂਚੀ ਗ੍ਰਹਿ ਤੇ ਵਾਪਿਸ ਬੁਲਾ ਲਿਆ ਸੀ - ਸਿਰਫ਼ ਉਹ ਹੀ ਇਕੱਲਾ ਬਚਿਆ ਸੀ। ਕਰੀਨਾ ਦੇਸ ਦੀ ਸਰਕਾਰ ਨੇ ਉਸਨੂੰ ਅੰਤਰਿਖਸ਼ ਵਿੱਚ ਰਹਿਣ ਦੀ ਇਜਾਜ਼ਤ ਦੇ ਦਿੱਤੀ ਸੀ। ਸੈਜਲ ਦੇਸ ਨੇ ਤਾਂ ਆਪਣੀਆਂ ਸਾਰੀਆਂ ਪ੍ਰਯੋਗਸ਼ਾਲਾਵਾਂ ਕੰਪਿਊਟਰ ਦੇ ਹਵਾਲੇ ਕਰ ਦਿੱਤੀਆਂ ਸਨ।

ਉਹ ਸੈਂਚੀ ਗ੍ਰਹਿ ਤੋਂ ਕਾਫੀ ਦੂਰ ਸੀ। ਅੰਤਰਿਖਸ਼ ਵਿੱਚ ਇੱਕਲਿਆਂ ਉਸਤੋਂ ਕੋਈ ਕੰਮ ਨਹੀਂ ਹੋ ਰਿਹਾ ਸੀ। ਸੈਚੀ ਗ੍ਰਹਿ ਤੇ ਹੋ ਰਹੀ ਤਬਾਹੀ ਵਾਰੇ ਸੋਚ ਕੇ ਉਸਦੇ ਮਨ ਨੂੰ ਚੈਨ ਨਹੀਂ ਆ ਰਿਹਾ ਸੀ। ਅਤੇ ਉਸਦਾ ਮਨ ਵਾਰ ਵਾਰ ਸੈਂਚੀ ਗ੍ਰਹਿ ਦਾ ਹਾਲ ਜਾਣਨ ਲਈ ਵਿਚਲਿਤ ਹੋ ਰਿਹਾ ਸੀ। ਸੈਚੀ ਗ੍ਰਹਿ ਤੇ ਉਸਦੇ ਨਾਲ ਸੰਮਪਰਕ ਕਰਨ ਦਾ ਕਿਸੇ ਕੋਲ ਸਮਾਂ ਨਹੀਂ ਸੀ। ਸਾਰੇ ਗ੍ਰਹਿਵਾਸੀ ਜੰਗ ਦੇ ਸੈਲਾਬ ਵਿੱਚ ਡੁੱਬ ਚੁੱਕੇ ਸਨ! ਉਸਨੇ ਫੈਸਲਾ ਕੀਤਾ ਕਿ ਉਸਨੂੰ ਸੈਂਚੀ ਗ੍ਰਹਿ ਤੇ ਜਾਣਾ ਚਾਹੀਦਾ ਹੈ ਅਤੇ ਉਹ ਆਪਣੇ ਸਪੇਸਸ਼ਿੱਪ ਵਿੱਚ ਸਵਾਰ ਹੋ ਕੇ ਸੈਂਚੀ ਗ੍ਰਹਿ ਤੇ ਆ ਗਿਆ। ਉਦੋਂ ਤੱਕ ਉੱਥੇ ਸਭ ਕੁੱਝ ਤਬਾਹ ਹੋ ਚੁੱਕਿਆ ਸੀ। ਸੈਂਚੀ ਗ੍ਰਹਿ ਤੇ ਕੋਈ ਵੀ ਮਨੁੱਖ ਅਤੇ ਜੀਵਿਤ ਪ੍ਰਾਣੀ ਜਿੰਦਾ ਨਹੀਂ ਸੀ ਬਚਿਆ। ਜਦੋਂ ਉਸਨੇ ਭਿਆਨਕ ਤਬਾਹੀ ਅਤੇ ਲਾਸ਼ਾਂ ਦੇ ਅੰਬਾਰ ਦੇਖੇ ਤਾਂ ਉਸਤੋਂ ਉਹ ਦਰਦਨਾਕ ਦ੍ਰਿੱਸ਼ ਦੇਖ ਕੇ ਖੜਾ ਨਾ ਹੋਇਆ ਗਿਆ - ਅਤੇ ਉਹ ਉੱਥੇ ਹੀ ਬੇਹੋਸ਼ ਹੋ ਕੇ ਡਿਗ ਪਿਆ!

****

ਪੁਰਾਣੀਆਂ ਯਾਦਾਂ ਜਦੋਂ ਤੂਫ਼ਾਨ ਦਾ ਰੂਪ ਧਾਰ ਕੇ ਦਿਲ ਦੇ ਸੁੰਨੇ ਮਾਰੂਥਲ ਵਿਚ ਆਉਂਦੀਆਂ ਨੇ ਤਾਂ ਦਰਦ ਦੀ ਰੇਤ ਅਖਾਂ ਵਿਚ ਉੜ ਉੜ ਕੇ ਪੈਂਦੀ ਹੈ! ਯਾਦਾਂ ਦੀ ਹਵਾ ਦਾ ਤੇਜ਼ ਵਹਾਅ ਆਪਣੇ ਨਾਲ ਉੜਾ ਲੈ ਕੇ ਜਾਣ ਦਾ ਜ਼ੋਰ ਲਗਾਉਂਦਾ ਹੈ! ਓਸ ਵੇਲੇ ਦੇ ਦਰਦ ਨੂੰ ਸਿਰਫ ਓਹੀ ਸਮਝ ਸਕਦਾ ਹੈ ਜਿਸਨੇ ਦਰਦ ਮਹਿਸੂਸ ਕੀਤਾ ਹੋਵੇ! ਅਤੇ ਅਜ ਸੈਂਚੀ ਗ੍ਰਹਿ ਤੇ ਮਰਨੀਤ ਦੋਵੇਂ ਇਕਠੇ ਇਹ ਦਰਦ ਹੰਢਾ ਰਹੇ ਸਨ! ਅਤੇ ਦੋਵੇਂ ਹੀ ਬੇਵਸ ਅਤੇ ਮਜਬੂਰ ਸਨ! ਉਹ ਆਪਸ ਵਿਚ ਆਪਣਾ ਦੁਖ ਵੀ ਨਹੀਂ ਵੰਡ ਸਕਦੇ ਸੀ! ਇਕ ਅਜੀਬ ਕਿਸਮ ਦਾ ਖਲਾਅ ਪੈਦਾ ਹੋ ਰਿਹਾ ਸੀ ਜਿਸਨੂੰ ਭਰਿਆ ਨਹੀਂ ਜਾ ਸਕਦਾ ਸੀ! ਅਤੇ ਯਾਦਾਂ ਦਾ ਤੂਫਾਨ ਰਹਿ ਰਹਿ ਕੇ ਆ ਰਿਹਾ ਸੀ!

ਯਾਦਾਂ! ਜਿਹੜੀਆਂ ਸੁਪਨੇ ਬਣ ਚੁਕੀਆਂ ਸਨ – ਰਹਸਮਈ ਸੁਪਨੇ- ਜਿਹੜੇ ਸਕਾਰ ਨਹੀ ਹੁੰਦੇ! ਜਿਹਨਾਂ ਦੇ ਅਗੇ ਖੜਾ ਸੀ –ਭਵਿਖ, ਜਿਹੜਾ ਹਨੇਰੇ ਵਿਚ ਡੁਬਿਆ ਹੋਇਆ ਸੀ! ਜਿਹੜਾ ਸੈਂਚੀ ਗ੍ਰਹਿ ਦੇ ਖੰਡਰਾਂ ਵਿਚ ਦਬਿਆ ਪਿਆ ਸੀ! ਅਤੇ ਖੰਡਰਾਂ ਵਿਚ ਭਵਿਖ ਨਹੀਂ ਅਤੀਤ ਹੁੰਦਾ ਹੈ!

ਕੋਈ ਜ਼ਮਾਨਾ ਸੀ … ਸੈਂਚੀ ਗ੍ਰਹਿ ਤੇ ਗਗਨਚੁੰਬੀ ਇਮਾਰਤਾਂ ਬੁਲੰਦ ਖੜੀਆਂ ਸਨ! ਅਕਾਸ਼ ਵਿਚ ਉਡਨਕਾਰਾਂ ਅਤੇ ਹਵਾਈ ਜਹਾਜ਼ ਕਲਾਬਾਜ਼ੀਆਂ ਲਗਾਉਂਦੇ ਫਿਰਦੇ ਸਨ! ਹੋਟਲਾਂ ਵਿਚ ਜਵਾਨੀਆਂ ਮਦਹੋਸ਼ੀ ਦੇ ਗੀਤ ਗਾਉਂਦੀਆਂ ਸਨ…. ਸ਼ਹਿਰਾਂ ਦੇ ਸ਼ਹਿਰ ਤਰਕੀ ਅਤੇ ਵਿਗਿਆਨ ਦੀ ਰੌਸ਼ਨੀ ਵਿਚ ਨਹਾ ਰਹੇ ਸਨ! ਹਰ ਗ੍ਰਹਿਵਾਸੀ ਦੇ ਚਿਹਰੇ ਤੇ ਇਕ ਸਦੀਵੀ ਮੁਸਕਾਨ ਸੀ! ਪਰ ਹੁਣ ਤਾਂ ਇਹ ਸਭ ਕੁਝ ਅਤੀਤ ਬਣ ਕੇ ਖੰਡਰਾਂ ਵਿਚ ਦਬਿਆ ਪਿਆ ਸੀ! ਜਿਹਨਾਂ ਵਿਚੋਂ ਡਰਾਵਣਾ ਭਵਿਖ ਝਲਕ ਰਿਹਾ ਸੀ!

ਅਤੀਤ ਵਿਚ ਹੀ ਦਬੇ ਹੋਏ ਸਨ – ਜੰਗ ਦੇ ਭਿਆਨਕ ਦਿਨ ਜਦੋਂ ਇਨਸਾਨ ਆਪਣੇ ਵਹਿਸ਼ੀਪੁਣੇ ਦੀ ਚਰਮਸੀਮਾ ਤੇ ਪਹੁੰਚ ਗਿਆ ਸੀ! ਇਨਸਾਨ ਦੇ ਬਣਾਏ ਹੋਏ ਤਬਾਹਕੁੰਨ ਹਥਿਆਰ ਉਸਨੂੰ ਹੀ ਮਿਟਾ ਰਹੇ ਸਨ! ਇਕ ਖੂਬਸੂਰਤ ਸਭਿਅਤਾ ਦਾ ਅੰਤ ਹੋ ਰਿਹਾ ਸੀ! ਸਭ ਕੁਝ ਰਾਖ ਬਣ ਰਿਹਾ ਸੀ! ਕਦੇ ਜਿਸ ਸੈਂਚੀ ਗ੍ਰਹਿ ਤੇ ਜ਼ਿੰਦਗੀ ਹਸਦੀ ਸੀ ਅਜ ਉਹ ਨਿਰਜਨ ਅਵਸਥਾ ਵਿਚ ਆਪਣੇ ਸੌਰਮੰਡਲ ਵਿੱਚ ਘੁੰਮ ਰਿਹਾ ਸੀ! ਕਦੇ ਜਿਸਨੂੰ ਮਾਣ ਸੀ - ਆਪਣੇ ਸੌਰਮੰਡਲ ਵਿਚ ਜੀਵਨ ਨਾਲ ਭਰਪੂਰ ਇਕਲੌਤਾ ਗ੍ਰਹਿ ਹੋਣ ਦਾ! ਅਤੇ ਉਹ ਬੜੇ ਗ਼ਰੂਰ ਨਾਲ, ਮਟਕ ਨਾਲ ਆਪਣੇ ਸੂਰਜ ਦੁਆਲੇ ਘੁੰਮਦਾ ਸੀ! ਪਰ ਅੱਜ ਉਹ ਵੀ ਬਾਕੀ ਗ੍ਰਹਿਆਂ ਵਾਂਗ ਜੀਵਨ ਤੋਂ ਸਖਣਾ ਹੋ ਗਿਆ ਸੀ!

ਉਹ ਪੁਰਾਣੇ ਦਿਨ… ਜ਼ਿੰਦਗੀ ਦੇ ਮੇਲੇ! ਰੌਸ਼ਨੀਆਂ ਦੇ ਉਤਸਵ… ਮਦਭਰੀਆਂ ਮਦਹੋਸ਼ ਰਾਤਾਂ … ਪੰਛੀਆਂ ਦਾ ਸੁਰੀਲਾ ਸੰਗੀਤ….
ਸਭ ਕੁਝ ਇਕ ਹਨੇਰੀ ਖਾਈ ਵਿਚ ਡਿਗ ਪਿਆ ਸੀ ਅਤੇ ਅਜ ਸੈਂਚੀ ਗ੍ਰਹਿ ਵੀਰਾਨ ਸੀ! ਜ਼ਿੰਦਗੀ ਤੋਂ ਸਖਣਾ ਸੀ!
‘ਨਹੀਂ, ਉਹ ਸੈਂਚੀ ਗ੍ਰਹਿ ਨੂੰ ਜ਼ਿੰਦਗੀ ਤੋਂ ਸਖਣਾ ਨਹੀਂ ਰਹਿਣ ਦੇਵੇਗਾ!’
ਮਰਨੀਤ ਦੇ ਅੰਦਰੋਂ ਅਵਾਜ਼ ਆਈ ਅਤੇ ਉਸਨੇ ਕਰਾਹ ਕੇ ਅੱਖਾਂ ਖੋਲ਼ ਦਿੱਤੀਆਂ….

*****

ਉਹ ਸੋਚਾਂ ਵਿਚ ਗੁੰਮ ਸੀ! ਉਸਦਾ ਮੁਖੜਾ ਇਸ ਵੇਲੇ ਆਪਣੇ ਆਪ ਵਿਚ ਸਾਰੇ ਬ੍ਰਹਿਮੰਡ ਦੀ ਗੰਭੀਰਤਾ ਸਮੋਈ ਬੈਠਾ ਸੀ! ਉਸਦੀਆਂ ਨੀਲੀਆਂ, ਸਮੁੰਦਰ ਜਿਹੀਆਂ ਅਖਾਂ ਵਿਚ ਕਿਸੇ ਅਰੂਪ ਵਾਸਤੇ ਸੰਵੇਦਨਾ ਝਲਕ ਰਹੀ ਸੀ! ਉਸਦੇ ਬਦਨ ਤੇ ਹਲਕਾ ਗੁਲਾਬੀ ਲਿਬਾਸ ਸੀ, ਜਿਸ ਨਾਲ ਉਸਦਾ ਗੋਰਾ ਮੁਖੜਾ ਹੋਰ ਵੀ ਸੁੰਦਰ ਲਗ ਰਿਹਾ ਸੀ!

ਉਹ ਸੋਚਾਂ ਦੀਆਂ ਘੁੰਮਣਘੇਰੀਆਂ ਵਿਚ ਘਿਰੀ ਹੋਈ ਸੀ! ਪੰਜ ਵਰ੍ਹੇ ਹੋ ਗਏ ਸਨ ਉਸਨੂੰ ਅੰਤਰਿਖਸ ਵਿਚ ਘੁੰਮਦਿਆਂ – ਦੀਵਾਨਿਆਂ ਵਾਂਗ! ਪਰ ਮਨ ਦੀ ਸ਼ਾਂਤੀ ਉਸਨੂੰ ਅਜੇ ਤਕ ਪ੍ਰਾਪਤ ਨਹੀਂ ਸੀ ਹੋਈ! ਇਹਨਾਂ ਪੰਜਾਂ ਵਰ੍ਹਿਆਂ ਵਿਚ ਉਸਨੇ ਆਪਣੇ ਨੇੜੇ ਦੇ ਬ੍ਰਹਮੰਡ ਦੇ ਅਨੇਕਾਂ ਕੋਨੇ ਵੇਖੇ ਸਨ – ਪਰ ਕਿਧਰੇ ਵੀ ਉਸਨੂੰ ਆਪਣੀ ਮੰਜ਼ਿਲ ਨਹੀਂ ਮਿਲੀ ਸੀ! ਉਸਦੀ ਭਟਕਣ ਦੀ ਪਿਆਸ ਸ਼ਾਂਤ ਕਰਨ ਵਾਲੀ ਜ਼ੂਏਸ਼ੀਰ ਉਸਨੂੰ ਕਿਧਰੇ ਵੀ ਨਹੀਂ ਸੀ ਦਿਖੀ! ਹਾਲਾਂਕਿ ਉਸਨੂੰ ਆਪਣੇ ਆਸਪਾਸ ਦੇ ਬ੍ਰਹਿਮੰਡ ਦੀ ਕਾਫੀ ਜਾਣਕਾਰੀ ਹੋ ਗਈ ਸੀ! ਉਸਨੇ ਕਈ ਜਗ੍ਹਾ ਜੀਵਨ ਦੇ ਅਨੇਕਾਂ ਰੂਪ ਵੇਖੇ ਸਨ! ਰੰਗ-ਬਿਰੰਗੀ ਖੁਬਸੂਰਤ ਕਾਇਨਾਤ ਦਾ ਪਸਾਰਾ ਵੇਖ ਕੇ ਉਹ ਹੈਰਾਨ ਵੀ ਸੀ ਅਤੇ ਖੁਸ਼ ਵੀ ਸੀ! ਪਰ ਇਨ੍ਹਾਂ ਪੰਜਾਂ ਵਰ੍ਹਿਆਂ ਵਿਚ ਉਸਨੂੰ ਮਨ ਦਾ ਉਹ ਸਕੂਨ ਹਾਸਿਲ ਨਾ ਹੋਇਆ ਜਿਸ ਦੀ ਤਲਾਸ਼ ਵਿਚ ਉਹ ਆਪਣੇ ਸਕੀਨਾ ਗ੍ਰਹਿ ਤੋਂ ਨਿਕਲੀ ਸੀ! ਉਸਨੂੰ ਉਹ ਸੁਪਨੇ ਪੂਰੇ ਹੁੰਦੇ ਨਾ ਦਿਖਾਈ ਦਿਤੇ ਜਿਨ੍ਹਾਂ ਦੀ ਤਲਾਸ਼ ਵਿਚ ਉਸਨੇ ਆਪਣੀ ਯਾਤਰਾ ਸ਼ੁਰੂ ਕੀਤੀ ਸੀ! ਉਸਨੂੰ ਮਹਿਸੂਸ ਹੋ ਗਿਆ ਸੀ ਕਿ ਉਹ ਸੁਪਨੇ, ਉਹ ਸਕੂਨ ਸ਼ਾਇਦ ਕਿਸੇ ਕਾਲੇ ਖੂਹ ਦੇ ਗਰਭ ਵਿਚ ਛੁਪੇ ਹੋਏ ਸਨ - ਜਿਹੜੇ ਉਸਦੀ ਪਹੁੰਚ ਤੋਂ ਬਾਹਰ ਸਨ!

ਅੱਜ ਤੋਂ ਪੰਜ ਵਰ੍ਹੇ ਪਹਿਲਾਂ ਉਸਨੇ ਆਪਣੇ ਮਾਤ-ਗ੍ਰਹਿ ਤੋਂ ਵਿਦਾ ਲਈ ਸੀ! ਉਦੋਂ ਉਹ ਵੀਹ ਵਰ੍ਹਿਆਂ ਦੀ ਸੀ! ਆਪਣੀ ਛੋਟੀ ਜਿਹੀ ਉਮਰ ਵਿਚ ਉਸਨੇ ਜ਼ਿੰਦਗੀ ਨੂੰ ਬਹੁਤ ਨੇੜਿਓਂ ਵੇਖਿਆ ਸੀ! ਪਿਆਰ, ਖ਼ੁਸ਼ੀ, ਗ਼ਮ ਅਤੇ ਭਾਵਨਾਵਾਂ ਦੇ ਪਾਗਲ ਵਹਿਣਾਂ ਵਿਚ ਉਹ ਅਨੇਕਾਂ ਵਾਰ ਵਹੀ ਸੀ! ਪਿਆਰ ਦੀ ਕੰਪਕਪਾਹਟ, ਖੁਸ਼ੀ ਦਾ ਨਿੱਘ, ਗ਼ਮ ਦਾ ਧੂੰਆ ਇਹ ਸਭ ਉਸਦੇ ਸੰਵੇਦਨਸ਼ੀਲ ਮਨ ਨੇ ਬਹੁਤ ਸ਼ਿੱਦਤ ਅਤੇ ਗਹਿਰਾਈ ਨਾਲ ਮਹਿਸੂਸ ਕੀਤਾ ਸੀ! ਹਾਲਾਂਕਿ ਇੱਕ ਗ੍ਰਹਿ ਸਮਰਾਟ ਦੀ ਧੀ ਹੋਣ ਦੇ ਨਾਤੇ ਉਸਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ। ਹਰ ਤਰ੍ਹਾਂ ਦੇ ਸੁੱਖ, ਹਰ ਵਕਤ ਉਪਲਭਧ ਸਨ। ਉਸਦੇ ਮੂਹੋ ਨਿੱਕਲੀ ਹਰੇਕ ਮੰਗ ਪਲਾਂ ਵਿੱਚ ਹੀ ਪੂਰੀ ਕੀਤੀ ਜਾਂਦੀ ਸੀ। ਉਸਦੇ ਪਿਤਾ ਨੇ ਐਸ਼-ਅਰਾਮ ਦੀ ਹਰੇਕ ਚੀਜ਼ ਉਸ ਨੂੰ ਲੈ ਕੇ ਦਿੱਤੀ ਸੀ। ਪਰ ਇੱਕ ਚੀਜ਼ ਉਹ ਨਹੀਂ ਸੀ ਦੇ ਸਕਿਆ ਸੀ ਮਾਂ ਦਾ ਪਿਆਰ। ਉਸਦੀ ਮਾਂ ਬਚਪਨ ਵਿੱਚ ਹੀ ਉਨ੍ਹਾਂ ਤੋਂ ਜੁਦਾ ਹੋ ਗਈ ਸੀ। ਇਸ ਲਈ ਅੱਜ ਵੀ ਉਹ ਆਪਣੇ ਅੰਦਰ ਇੱਕ ਖਲਾਅ ਮਹਿਸੂਸ ਕਰਦੀ ਸੀ। ਹਾਲਾਂਕਿ ਉਸਦੇ ਪਿਤਾ ਨੇ ਉਸਨੂੰ ਅੰਤਾ ਦਾ ਪਿਆਰ ਦਿੱਤਾ ਸੀ। ਪਰ ਫੇਰ ਵੀ ਉਹ ਪਿਆਰ ਸੀਮਤ ਸੀ। ਉਸਦੇ ਪਿਤਾ ਨੂੰ ਸਮਰਾਟ ਹੋਣ ਦੇ ਨਾਤੇ ਬਹੁਤ ਰੁਝੇਵੇਂ ਸਨ। ਉਸਨੇ ਹੋਸ਼ ਸੰਭਾਲਿਆ ਤਾਂ ਉਹ ਇੱਕ ਬੁੱਧੀਮਾਨ ਅਤੇ ਸੰਵੇਦਨਸ਼ੀਲ ਇਨਸਾਨ ਬਣਕੇ ਉੱਭਰੀ। ਉਸਨੇ ਜ਼ਿੰਦਗੀ ਦੇ ਅਰਥ ਸਮਝਣ ਦੀ ਕੋਸ਼ਿਸ਼ ਕੀਤੀ। ਆਪਣੀ ਪੜ੍ਹਾਈ ਦੇ ਨਾਲ-ਨਾਲ ਉਸਨੇ ਆਪਣੇ ਪੂਰੇ ਗ੍ਰਹਿ ਨੂੰ ਵੇਖਿਆ ਅਤੇ ਪਹਿਚਾਣਿਆ। ਹਰੇਕ ਪਾਸੇ ਵਿਗਿਆਨ ਅਤੇ ਤਰੱਕੀ ਦਾ ਚਾਨਣ ਪਸਰਿਆ ਹੋਇਆ ਸੀ। ਲੋਕਾਂ ਨੂੰ ਹਰ ਭੌਤਿਕ ਸਹੂਲਤ ਉਪਲਬਧ ਸੀ। ਹਰੇਕ ਗ੍ਰਹਿ ਵਾਸੀ ਆਪਣੀ ਜ਼ਿੰਦਗੀ ਮਜ਼ੇ ਨਾਲ ਜੀਅ ਰਿਹਾ ਸੀ ਅਤੇ ਆਪਣੇ ਆਪ ਵਿੱਚ ਮਸਤ ਸੀ। ਕਿਤੇ ਵੀ ਕਿਸੇ ਨੂੰ ਕਿਸੇ ਕਿਸਮ ਦਾ ਦੁੱਖ ਅਤੇ ਚਿੰਤਾ ਨਜ਼ਰ ਨਾ ਆਈ। ਉਸਨੂੰ ਆਪਣੀ ਮੰਜ਼ਿਲ ਅਤੇ ਸੁਪਨਿਆਂ ਦੀ ਪੁਰਤੀ ਆਪਣੇ ਗ੍ਰਹਿ ਤੇ ਨਜ਼ਰ ਨਾ ਆਈ। ਉਸ ਵਾਸਤੇ ਜ਼ਿੰਦਗੀ ਦੇ ਹੋਰ ਹੀ ਅਰਥ ਸਨ। ਉਸਦੀ ਮੰਜ਼ਿਲ ਕੁੱਝ ਹੋਰ ਸੀ। ਉਸਦੇ ਅੰਦਰ ਇੱਕ ਅਜੀਬ ਕਿਸਮ ਦੀ ਪਿਆਸ ਅਤੇ ਭਟਕਣ ਅੰਗੜਾਈਆਂ ਲੈ ਰਹੀ ਸੀ ਅਤੇ ਉਸਨੂੰ ਕੋਈ ਆਦਰਸ਼ ਅਤੇ ਖੁਬਸੂਰਤ ਮੰਜ਼ਿਲ ਆਪਣੇ ਗ੍ਰਹਿ ਵਿੱਚ ਦਿਖਾਈ ਨਹੀਂ ਸੀ ਦੇ ਰਹੀ ਅਤੇ ਉਸਦੇ ਮਨ ਦੀ ਅਵਸਥਾ ਅਜੀਬ ਜਿਹੀ ਹੋ ਰਹੀ ਸੀ। ਉਸਨੂੰ ਜ਼ਿੰਦਗੀ, ਸੱਚ ਅਤੇ ਸੁਪਨਿਆਂ ਦੀ ਸਹੀ ਪ੍ਰੀਭਾਸ਼ਾ ਨਹੀਂ ਮਿਲ ਰਹੀ ਸੀ। ਪਲਾਂ ਵਿੱਚ ਉਸਦਾ ਮਨ ਉਦਾਸ ਹੋ ਜਾਂਦਾ ਅਤੇ ਪਲਾਂ ਵਿੱਚ ਹੀ ਖ਼ੁਸ਼। ਇਸਦਾ ਕਾਰਨ ਉਹ ਨਹੀਂ ਸੀ ਸਮਝ ਸਕੀ!

ਉਸਨੂੰ ਉਦਾਸ ਵੇਖ ਕੇ ਉਸਦੇ ਪਿਤਾ ਨੇ ਉਸਦਾ ਵਿਆਹ ਕਰ ਦੇਣਾ ਚਾਹਿਆ। ਪਰ ਉਸਨੇ ਸਾਫ਼ ਇਨਕਾਰ ਕਰ ਦਿੱਤਾ। ਅਜੇ ਉਹ ਕਿਸੇ ਬੰਧਨ ਵਿੱਚ ਨਹੀਂ ਬੱਝਣਾ ਚਾਹੁੰਦੀ ਸੀ। ਉਸਦੇ ਮਨ ਵਿੱਚ ਵਿਆਹ ਪ੍ਰਤੀ ਕੋਈ ਤਮੰਨਾ ਨਹੀਂ ਸੀ। ਉਹ ਤਾਂ ਕੁੱਝ ਹੋਰ ਕਰਨਾ ਚਾਹੁੰਦੀ ਸੀ। ਅਤੇ ਜਿਸਦੀ ਤਸਵੀਰ ਉਸਦੇ ਆਪਣੇ ਮਨ ਵਿੱਚ ਵੀ ਅਜੇ ਧੁੰਧਲੀ ਜਿਹੀ ਸੀ। ਉਸਦਾ ਚੈਨ ਕਿੱਧਰੇ ਗੁੰਮ ਹੋ ਗਿਆ ਸੀ। ਉਸਨੂੰ ਹਮੇਸ਼ਾਂ ਖਿਆਲਾਂ ਦੀਆਂ ਚਿਤਕਬਰੀਆਂ ਜਿਹੀਆਂ ਬਿੱਲੀਆਂ ਆ ਆ ਕੇ ਤੰਗ ਕਰਦੀਆਂ ਰਹਿੰਦੀਆਂ ਸਨ। ਸੁਪਨਿਆਂ ਦੇ ਗੋਭਲੇ ਜਿਹੇ, ਪਿਆਰੇ ਖ਼ਰਗੋਸ਼ ਉਸਦੀ ਗੋਦ ਤੇ ਆ ਕੇ ਕੁਤਕਤਾਰੀਆਂ ਕੱਢਦੇ ਸਨ। ਪਰ ਜਦ ਉਹ ਚੁਲਬੁਲੇ ਖ਼ਰਗੋਸ਼ਾਂ ਨੂੰ ਫੜ ਕੇ ਆਪਣੇ ਕੋਲ ਰੱਖਣਾ ਚਾਹੁੰਦੀ ਤਾਂ ਉਹ ਦੂਰ ਨੱਸ ਜਾਂਦੇ। ਉਹ ਬਥੇਰਾ ਉਹਨਾਂ ਦੇ ਮਗਰ ਦੌੜਦੀ ਪਰ ਉਹ ਹੱਥ ਨਹੀਂ ਸਨ ਆਉਂਦੇ। ਉਹ ਉਹਨਾਂ ਦਾ ਪਿੱਛਾ ਉਹਨਾਂ ਜੰਗਲਾਂ-ਬੇਲਿਆ ਤੱਕ ਕਰਦੀ, ਜਿੱਥੇ ਇੱਕ ਨੀਲੀ ਜਿਹੀ ਨਦੀ ਬੜੀ ਤੇਜ਼ੀ ਨਾਲ ਵਹਿੰਦੀ ਹੋਈ ਇੱਕ ਨਿਸ਼ਬਦ ਜਿਹਾ ਗੀਤ ਗਾਉਂਦੀ ਰਹਿੰਦੀ ਸੀ। ਜਿੱਥੇ ਕੋਮਲ ਘਾਹ ਅਤੇ ਕੰਡਿਆਲੀਆਂ ਝਾੜੀਆਂ ਸਨ। ਉਹ ਖ਼ਰਗੋਸ਼ ਉਹਨਾਂ ਝਾੜੀਆਂ ਅਤੇ ਘਾਹ ਦੇ ਵਿੱਚ ਲੁਕ ਜਾਂਦੇ। ਉਹ ਢੂੰਡ ਢੂੰਡ ਕੇ ਥੱਕ ਜਾਂਦੀ ਸੀ। ਪਰ ਉਹ ਨਾਂ ਲੱਭਦੇ ਅਤੇ ਨਾ ਹੀ ਉਸਦੇ ਹੱਥ ਆਉਂਦੇ। ਅਤੇ ਉਸਨੂੰ ਬਹੁਤ ਸਤਾਉਂਦੇ ਸਨ। ਫੇਰ ਸੂਰਜ ਦਾ ਚਮਕਦਾ ਗੋਲਾ ਗੁਲਾਬੀ ਹੋਣ ਤੋਂ ਬਾਅਦ ਨਦੀ ਦੇ ਪਾਣੀ ਵਿੱਚ ਛੁਪ ਜਾਂਦਾ ਅਤੇ ਉਹ ਉਹਨਾਂ ਖ਼ਰਗੋਸ਼ਾਂ ਨੂੰ ਤਲਾਸ਼ ਕਰਦਿਆਂ ਤਾਰਿਆਂ ਵੱਲ ਨੂੰ ਮਜ਼ਬੂਰ ਨਜ਼ਰਾ ਨਾਲ ਤੱਕਦੀ, ਇੱਕ ਖ਼ਾਮੋਸ਼ ਉਦਾਸੀ ਵਿੱਚ ਘਿਰ ਜਾਂਦੀ।

ਆਖਿਰ ਇੱਕ ਦਿਨ ਉਸਨੇ ਫੈਸਲਾ ਕਰ ਲਿਆ ਕਿ ਉਹ ਬ੍ਰਹਿਮੰਡ ਦੇ ਵਿੱਚ ਆਪਣੇ ਸੁਪਨੇ ਅਤੇ ਜ਼ਿੰਦਗੀ ਦੀ ਸਚਾਈ ਦੀ ਖੋਜ ਕਰੇਗੀ। ਜਦੋਂ ਉਸਦੇ ਪਿਤਾ ਨੇ ਇਹ ਫ਼ੈਸਲਾ ਸੁਣਿਆਂ ਤਾਂ ਉਹ ਵਿਚਾਰਾ ਬਹੁਤ ਪਰੇਸ਼ਾਨ ਹੋਇਆ। ਉਸਨੇ ਬਹੁਤ ਸਮਝਾਇਆ ਕਿ ਬ੍ਰਹਿਮੰਡ ਦੇ ਵਿੱਚ ਅਨੇਕਾਂ ਖ਼ਤਰੇ ਸਨ ਜਿਹਨਾਂ ਦਾ ਉਹ ਸਾਹਮਣਾ ਨਹੀ ਕਰ ਸਕਦੀ। ਪਰ ਉਹ ਨਾ ਮੰਨੀ।

ਆਖ਼ਿਰ ਉਸਦੇ ਪਿਤਾ ਨੇ ਉਸਦੇ ਫ਼ੈਸਲੇ ਨੂੰ ਪ੍ਰਵਾਨਗੀ ਦੇ ਦਿੱਤੀ ਉਸਨੇ ਇੱਕ ਸਾਲ ਸਪੇਸ ਸ਼ਿਪ ਚਲਾਉਣ ਦੀ, ਅੰਤਰਿਖਸ਼ ਵਿੱਚ ਆਉਣ ਵਾਲੇ ਖਤਰਿਆਂ ਨਾਲ ਨਜਿੱਠਣ ਦੀ ਅਤੇ ਹੋਰ ਜ਼ਰੂਰੀ ਸਿੱਖਿਆ ਪ੍ਰਾਪਤ ਕੀਤੀ। ਉਸਤੋਂ ਬਾਅਦ ਉਹ ਚੱਲ ਪਈ - ਜ਼ਿੰਦਗੀ, ਸਚਾਈ ਅਤੇ ਸੁਪਨਿਆਂ ਦੀ ਖੋਜ ਵਿੱਚ। ਉਸਦੇ ਫੋਟੋਨ ਸਪੇਸ ਸ਼ਿੱਪ (photone spaceship) ਦਾ ਸੰਪਰਕ ਸਕੀਨਾ ਗ੍ਰਹਿ ਦੇ ਕੰਟਰੋਲ ਰੂਮ ਨਾਲ ਬਣਿਆ ਹੋਇਆ ਸੀ। ਇਸ ਕਰਕੇ ਉਹ ਹਰ ਵੇਲੇ ਆਪਣੇ ਗ੍ਰਹਿ ਦੇ ਵਿਗਿਆਨਕਾਂ ਅਤੇ ਕੰਟਰੋਲਰੂਮ ਦੇ ਅਮਲੇ ਨਾਲ ਗੱਲਬਾਤ ਅਤੇ ਵਿਚਾਰ ਕਰ ਸਕਦੀ ਸੀ। ਅਤੇ ਕਿਸੇ ਕਿਸਮ ਦੀ ਵੀ ਜਾਣਕਾਰੀ ਹਾਸਲ ਕਰ ਸਕਦੀ ਸੀ। ਇਸ ਵੇਲੇ ਉਹ ਕੁੱਝ ਸੋਚ ਰਹੀ ਸੀ। ਉਸਦਾ ਫੋਟੋਨਸਪੇਸ਼ ਸ਼ਿੱਪ ਨਿਰੰਤਰ ਖਲਾਅ ਅਤੇ ਕਾਲ ਦੀਆ ਦੂਰੀਆਂ ਤਹਿ ਕਰ ਰਿਹਾ ਸੀ। ਉਸਦਾ ਧਿਆਨ ਉਦੋਂ ਭੰਗ ਹੋਇਆ ਜਦੋਂ ਸਪੇਸਸ਼ਿੱਪ ਨੂੰ ਕੰਟਰੋਲ ਕਰਨ ਵਾਲੇ ਕੰਪਿਊਟਰ ਨੇ ਅਵਾਜ਼ ਦਿੱਤੀ-

'ਮਿਸ... ਅਸੀਂ ਇਸ ਵੇਲੇ ਸੈਂਚੀ ਗ੍ਰਹਿ ਦੇ ਕੋਲ ਹਾਂ। ਉਸੇ ਸੈਂਚੀ ਦੇ, ਜਿੱਥੇ ਪਿਛਲੇ ਇੱਕ ਸਾਲ ਤੋਂ ਮਹਾਂਯੁੱਧ ਹੋ ਰਿਹਾ ਸੀ। ਹੁਣ ਸੈਂਚੀ ਬਿਲਕੁਲ ਤਬਾਹ ਹੋ ਚੁੱਕਾ ਹੈ। ਸ਼ਾਇਦ ਹੀ ਉੱਥੇ ਕੋਈ ਜੀਵਨ ਬਚਿਆ ਹੋਵੇ। ਕੀ ਤੁਸੀਂ ਉੱਥੇ ਉਤੱਰਨਾ ਚਾਹੋਗੇ?'

ਉਸਨੇ ਇੱਕ ਪਲ ਕੁੱਝ ਸੋਚਿਆ। ਅਤੇ ਫੇਰ ਆਖਿਆ....' ਹਾਂ, ਉੱਥੇ ਆਪਣਾ ਸ਼ਿੱਪ ਉਤਾਰੋ। ਥੋੜ੍ਹੀ ਦੇਰ ਬਾਅਦ ਉਹ ਸੈਂਚੀ ਗ੍ਰਹਿ 'ਤੇ ਸੀ। ਜ਼ਮੀਨ ਤੇ ਉਤਰਨ ਤੋਂ ਪਹਿਲਾਂ ਉਸਨੇ ਆਪਣਾ ਸੁੱਰਖਿਆ-ਕਵਚ ਪਹਿਨ ਲਿਆ ਹੋਇਆ ਸੀ। ਉਸਨੇ ਆਪਣੇ ਆਸ-ਪਾਸ ਨਜ਼ਰ ਦੌੜਾਈ ਤਾਂ ਚਾਰੇ ਪਾਸੇ ਖੰਡਰ ਅਤੇ ਪਸਰੀ ਹੋਈ ਵੀਰਾਨੀਅਤ ਨੂੰ ਦੇਖ ਕੇ ਉਸਦੇ ਦਿਲ ਵਿੱਚ ਦਰਦ ਜਿਹਾ ਉੱਠ ਖੜਾ ਹੋਇਆ। ਉਸਦਾ ਸੰਵੇਦਨਸ਼ੀਲ ਹਿਰਦਾ ਤੜਪ ਉੱਠਿਆ। ਅਜੀਬ ਜਿਹੀ ਤਨਹਾਈ ਦਾ ਆਲਮ ਵੇਖ ਕੇ ਉਸਦੇ ਅੰਦਰ ਖੌਫ਼ ਜਿਹਾ ਪੈਦਾ ਹੋਇਆ। ਸੈਂਚੀ ਗ੍ਰਹਿ ਦੀ ਤਬਾਹੀ ਉਸਤੋਂ ਵੇਖੀ ਨਹੀ ਜਾ ਰਹੀ ਸੀ ਪਰ ਫੇਰ ਵੀ ਉਸਨੇ ਅੱਖਾਂ ਅੱਡੀਆਂ ਹੋਈਆ ਸਨ। ਉਸਨੂੰ ਆਪਣੇ ਜਿਸਮ ਦੀਆਂ ਮਾਸਪੇਸ਼ੀਆਂ ਪਿਘਲਦੀਆਂ ਹੋਈਆਂ ਪ੍ਰਤੀਤ ਹੋਈਆਂ ਅਤੇ ਆਪਣਾ ਦਿਲ ਦਰਦ ਦੇ ਸੈਲਾਬ ਵਿੱਚ ਡੁੱਬਦਾਂ ਪ੍ਰਤੀਤ ਹੋਇਆ। ਉਸਨੇ ਨਹੀਂ ਸੋਚਿਆਂ ਸੀ ਕਿ ਜੰਗ ਦਾ ਪ੍ਰਭਾਵ ਇੰਨਾ ਦਿਲ-ਕੰਬਾਊ ਹੁੰਦਾ ਹੈ। ਇੱਕ ਕੌੜੀ ਅਤੇ ਕਠੋਰ ਸੱਚਾਈ ਉਸਦੇ ਸਾਹਮਣੇ ਸੀ। ਇੰਨਾ ਦਰਦਨਾਕ ਦ੍ਰਿੱਸ਼ ਉਸਨੇ ਆਪਣੀ ਤਮਾਮ ਜ਼ਿੰਦਗੀ ਵਿੱਚ ਨਹੀ ਸੀ ਵੇਖਿਆ। ਇਸ ਦ੍ਰਿਸ਼ ਦੀ ਭਿਆਨਕਤਾ ਉਸਦੇ ਕੋਮਲ ਮਨ ਵਿੱਚ ਖੰਜਰ ਬਣਕੇ ਚੁਭ ਰਹੀ ਸੀ। ਉਸਦਾ ਮਨ ਉਪਰਾਮ ਜਿਹਾ ਹੋ ਗਿਆ। ਉਸਨੇ ਉੱਥੋ ਚਲੇ ਜਾਣ ਦਾ ਫ਼ੈਸਲਾ ਕਰ ਲਿਆ ਕਿਉਕਿ ਸੈਂਚੀ ਗ੍ਰਹਿ ਦਾ ਹੁਣ ਕੁੱਝ ਨਹੀਂ ਹੋ ਸਕਦਾ ਸੀ। ਕੋਈ ਵੀ ਤਾਂ ਨਹੀ ਸੀ ਜੀਵਤ ਬਚਿਆ! ਉਹ ਉੱਥੋ ਟੁਰਨ ਲੱਗੀ ਤਾਂ ਉਸਨੂੰ ਨੇੜੇ ਹੀ ਕਿਸੇ ਦੀ ਕਰਾਹਣ ਦੀ ਅਵਾਜ਼ ਸੁਣਾਈ ਦਿੱਤੀ। ਉਹ ਉੱਧਰ ਗਈ ਜਿੱਧਰੋਂ ਕਰਾਹਣ ਦੀ ਅਵਾਜ਼ ਆ ਰਹੀ ਸੀ। ਉਸਨੇ ਵੇਖਿਆ ਕਿ ਜ਼ਮੀਨ ਤੇ ਲੰਮਾ ਪਿਆ ਇੱਕ ਆਦਮੀ ਹੌਲੀ ਹੌਲੀ ਕਰਾਹ ਰਿਹਾ ਸੀ। ਉਸਦਾ ਸਾਹ ਤੇਜ਼ੀ ਨਾਲ ਚੱਲ ਰਿਹਾ ਸੀ। ਉਹ ਉਸਦੇ ਕੋਲ ਗਈ ਅਤੇ ਉਸਨੂੰ ਸਹਾਰਾ ਦੇ ਕਿ ਉਠਾਉਣ ਦੀ ਕੋਸ਼ਿਸ਼ ਕੀਤੀ।

ਉਹ ਮਰਨੀਤ ਸੀ, ਜਿਹੜਾ ਦਰਦ ਨਾਲ ਕਰਾਹ-ਕਰਾਹ ਕੇ ਥੱਕ ਚੁੱਕਾ ਸੀ। ਉਸਨੂੰ ਵੇਖ ਕੇ ਉਹ ਚੀਖਿਆ-' ਹੁਣ ਇੱਥੇ ਕੁੱਝ ਨਹੀਂ ਬਚਿਆ। ਸਭ ਕੁੱਝ ਤਬਾਹ ਹੋ ਗਿਆ। ਜਾਓ, ਇੱਥੋਂ! ਕੁੱਝ ਨਹੀਂ ਹੈ ਇੱਥੇ....।'
'ਮੈਨੂੰ ਦੱਸ ਤੂੰ ਕੌਣ ਏਂ? ਮੈਂ ਤੇਰੀ ਮਦਦ ਕਰਾਂਗੀ...।'
'ਮੈਂ-ਮੈਂ ਤਬਾਹ ਹੋ ਚੁੱਕਿਆ ਹਾਂ। ਵੀਰਾਨ ਸੈਂਚੀ ਗ੍ਰਹਿ ਦੀ ਜ਼ਖਮੀ ਆਤਮਾ ਹਾਂ ਮੈਂ।' ਮਰਨੀਤ ਨੇ ਬੇਹੋਸ਼ ਜਿਹੀ ਅਵਸ਼ਥਾ ਵਿੱਚ ਆਖਿਆ।
'ਉੱਠ, ਆਪਣੇ ਆਪ ਨੂੰ ਸੰਭਾਲ। ਤੂੰ ਹੀ ਇਸ ਸਭਿਅਤਾ ਦਾ ਬੱਚਿਆ ਇਕਲੌਤਾ ਅੰਸ਼ ਏਂ। ਉੱਠ ਆਪਣੀ ਜ਼ਿੰਮੇਵਾਰੀ ਨੂੰ ਸਮਝ।'
'ਹਾਂ.. ਹਾਂ... ਮੈਂਨੂੰ ਉੱਠਣਾ ਚਾਹੀਦਾ ਏ।' ਮਰਨੀਤ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦਿਆਂ ਬੋਲਿਆ। ਸ਼ਾਇਦ ਉਸਦੇ ਹੋਸ਼- ਹਵਾਸ ਵਾਪਸ ਪਰਤ ਆਏ ਸਨ। ' ਤੂੰ ਕੌਣ ਏਂ' ਮਰਨੀਤ ਨੇ ਪੁੱਛਿਆ।
'ਸ਼ਵਾਨਿਕਾ... ਸ਼ਵਾਨਿਕਾ ਏ ਮੇਰਾਂ ਨਾਮ।'
'ਸ਼ਵਾਨਿਕਾ....।' ਮਰਨੀਤ ਦੇ ਮੂੰਹੋ ਨਿੱਕਲਿਆ।

******

ਇਸ ਵੇਲੇ ਮਰਨੀਤ, ਸ਼ਵਾਨਿਕਾ ਦੇ ਸਾਹਮਣੇ ਤਾਜ਼ਾ ਅਤੇ ਸ਼ਾਂਤ ਅਵਸਥਾ ਵਿੱਚ ਬੈਠਾ ਸੀ। ਪਰ ਉਸਦੇ ਚਿਹਰੇ ਤੋਂ ਉਦਾਸੀ ਦੇ ਚਿੰਨ੍ਹ ਨਹੀਂ ਮਿਟੇ ਸੀ। ਇੰਝ ਲੱਗ ਰਿਹਾ ਸੀ ਜਿਵੇਂ ਉਦਾਸੀ ਨੇ ਸਦੀਵੀ ਤੌਰ ਤੇ ਉਸਦੇ ਚਿਹਰੇ ਤੇ ਆਪਣਾ ਆਪ ਵਸਾ ਲਿਆ ਸੀ। ਸ਼ਵਾਨਿਕਾ ਉਸਨੂੰ ਆਪਣੇ ਸਪੇਸਸ਼ਿੱਪ ਵਿੱਚ ਲੈ ਆਈ ਸੀ। ਉਸਨੇ ਉਸਨੂੰ ਕੁੱਝ ਖਾਣ-ਪੀਣ ਨੂੰ ਦਿੱਤਾ। ਜਿਸ ਨਾਲ ਉਸਦੇ ਸਰੀਰ ਨੂੰ ਥੋੜੀ ਸ਼ਕਤੀ ਮਿਲੀ। ਫੇਰ ਸ਼ਵਾਨਿਕਾ ਨੇ ਉਸਨੂੰ ਥੋੜੀ ਦੇਰ ਅਰਾਮ ਕਰਨ ਲਈ ਆਖਿਆ। ਹੁਣ ਮਰਨੀਤ ਜ਼ਰਾ ਸ਼ਾਤ ਅਤੇ ਹਲਕਾ-ਫੁਲਕਾ ਮਹਿਸੂਸ ਕਰ ਰਿਹਾ ਸੀ। ਪਰ ਰਹਿ ਰਹਿ ਕੇ ਉਸਨੂੰ ਸੈਂਚੀ ਗ੍ਰਹਿ ਦੀ ਤਬਾਹੀ ਚੇਤੇ ਕਰਕੇ ਘਬਰਾਹਟ ਹੋ ਰਹੀ ਸੀ ਅਤੇ ਉਸਦੇ ਦਿਲ ਵਿੱਚੋਂ ਦਰਦ ਦਾ ਸੈਲਾਬ ਵਹਿਕੇ ਅੱਖਾਂ ਦੇ ਰਸਤੇ ਵਿੱਚੋਂ ਬਾਹਰ ਆਉਣ ਲਈ ਮਚਲ ਰਿਹਾ ਸੀ।

'ਕਦੇ ਜ਼ਿੰਦਗੀ ਮੁਸਕਰਾਉਂਦੀ ਸੀ ਇਸ ਗ੍ਰਹਿ 'ਤੇ .....! ਮਰਨੀਤ ਨੇ ਸ਼ਵਾਨਿਕਾ ਨੂੰ ਆਖਿਆ-' ਜੀਵਤ ਇਨਸਾਨਾਂ ਦੇ ਹਾਸੇ ਦੀ ਛਣਕਾਰ ਗੂੰਜਦੀ ਸੀ। ਬੁਲੰਦ ਇਮਾਰਤਾਂ ਅਸਮਾਨ ਨਾਲ ਗੱਲਾਂ ਕਰਦੀਆਂ ਸਨ। ਜ਼ਿੰਦਗੀ ਦੀ ਰੋਅ ਕਿੰਝ ਇੱਕ ਉਤੇਜਨਾ ਅਤੇ ਖ਼ੁਸ਼ੀ 'ਚ ਧੜਕ ਰਹੀ ਸੀ। ਪਰ ਇੱਕਦਮ ਸਭ ਕੁੱਝ ਤਬਾਹ ਹੋ ਗਿਆ। ਜ਼ਿੰਦਗੀ ਦਾ ਗੀਤ ਜਿਵੇਂ ਅਚਾਨਕ ਰੁਕ ਗਿਆ। ਅਤੇ ਚਾਰੇ ਪਾਸੇ ਅਜੀਬ ਜਿਹੀ ਰੁਦਨ ਭਰੀ ਤਨਹਾਈ ਪਸਰ ਗਈ। ਇਹ ਸਭ ਕੁੱਝ ਸੱਤਾ ਦੇ ਮਾਲਕਾਂ ਕਰਕੇ ਹੋਇਆ। ਆਪਣੇ ਸਵਾਰਥੀ ਹਿੱਤ ਪੁਰੇ ਕਰਨ ਲਈ ਉਹਨਾਂ ਨੇ ਸਾਰੇ ਗ੍ਰਹਿ ਨੂੰ ਯੁੱਧ ਦੀ ਅੱਗ ਵਿੱਚ ਧੱਕ ਦਿੱਤਾ। ਉਹਨਾਂ ਕਿਸੇ ਦੀ ਇੱਕ ਨਾ ਸੁਣੀ। ਸਮਝਦਾਰ ਲੋਕਾਂ ਨੇ ਬਥੇਰਾ ਸਮਾਝਾਇਆ। ਪਰ ਉਹਨਾਂ ਦੇ ਸਮਝ ਨਾ ਪਈ। ਉਹ ਤਾਂ ਸਿਰਫ਼ ਆਪਣਾ ਸਵਾਰਥ ਹੀ ਵੇਖ ਰਹੇ ਸੀ। ਆਪਣੇ ਸੱਤਾ ਦੇ ਜਨੂੰਨ ਦੀ ਪੂਰਤੀ ਕਰ ਰਹੇ ਸਨ। ਅੱਜ ਉਹ ਆਪ ਵੀ ਨਹੀ ਸਨ - ਖੰਡਰਾਂ 'ਤੇ ਰਾਜ ਕਰਨ ਲਈ।

'ਉਦਾਸ ਨਾ ਹੋ ਮਰਨੀਤ। ਕੋਈ ਕੁੱਝ ਨਹੀਂ ਕਰ ਸਕਦਾ ਸੀ। ਇਹ ਤਾਂ ਹੋਣਾ ਹੀ ਸੀ। ਜਦੋਂ ਆਦਮੀ ਦੇ ਸਿਰ 'ਤੇ ਜੰਨੂਨ ਸਵਾਰ ਹੁੰਦਾ ਹੈ ਉਦੋਂ ਤੁਸੀਂ ਉਸਨੂੰ ਤਬਾਹੀ ਦੇ ਰਸਤੇ ਤੋਂ ਵਾਪਸ ਆਉਣ ਲਈ ਰੋਕ ਨਹੀਂ ਸਕਦੇ। ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ- ਪਰ ਕੁੱਝ ਨਹੀ ਕਰ ਸਕਦੇ ਕਿਉਂਕਿ ਇਹ ਜੰਨੂਨ ਆਦਮੀ ਦੇ ਅੰਦਰ ਬਹੁਤ ਗਹਿਰਾ ਰਚਿਆ ਹੋਇਆ ਹੈ ਸਿਰਫ਼ ਇਹ ਉਸਦੀ ਤਬਾਹੀ ਦੇ ਨਾਲ ਹੀ ਖਤਮ ਹੁੰਦਾ ਹੈ। ਅਜਿਹਾ ਹੀ ਇੱਥੇ ਹੋਇਆ ਹੈ। ਕੁੱਝ ਇੱਕ ਆਦਮੀ ਇਸਨੂੰ ਰੋਕ ਨਹੀ ਸਕਦੇ। ਇਸਦੇ ਵਾਸਤੇ ਸਭ ਦਾ ਸਮਝਦਾਰ ਹੋਣਾ ਬਹੁਤ ਜਰੂਰੀ ਹੈ। ਜਨੂੰਨੀ-ਸੱਭਿਅਤਾ ਆਖਰ ਆਪਣੇ ਆਪ ਨੂੰ ਤਬਾਹ ਕਰ ਲੈਂਦੀ ਹੈ ਜਾਂ ਫਿਰ ਉਹ ਬਹੁਤ ਤਰੱਕੀ ਕਰਦੀ ਹੈ ਅਤੇ ਦੂਜਿਆਂ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰਦੀ ਹੈ।

‘ਖ਼ੈਰ! ਇਹ ਤਾ ਸਭ ਕੁੱਝ ਵਾਪਰਨਾ ਹੀ ਸੀ ਅਤੇ ਵਾਪਰ ਗਿਆ। ਹੁਣ ਤੂੰ ਸੋਚਣਾ ਏਂ ਕਿ ਤੂੰ ਕੀ ਕਰ ਸਕਦਾ ਏ?'
'ਮੈਂ-ਮੈਂ ਤਾਂ ਚਾਹੁੰਦਾ ਹਾਂ ਕਿ ਸੈਂਚੀ ਗ੍ਰਹਿ ਮੁੜ ਪਹਿਲਾਂ ਵਾਲੀ ਹਾਲਤ ਵਿੱਚ ਆ ਜਾਵੇ। ਪਰ ਅਜਿਹਾ ਨਹੀ ਹੋ ਸਕਦਾ....। ਮੈਂ ਇੱਕਲਾ ਕੀ ਕਰ ਸਕਦਾ ਹਾਂ!'

'ਉਦਾਸ ਹੋਣ ਦੀ ਲੋੜ ਨਹੀਂ। ਮੈਂ ਤੇਰੇ ਨਾਲ ਹਾਂ। ਮੇਰੇ ਦਿਮਾਗ ਵਿੱਚ ਇਹੀ ਵਿਚਾਰ ਹੈ ਕਿ ਸੈਂਚੀ ਗ੍ਰਹਿ ਨੂੰ ਮੁੜ ਜੀਵਨ ਨਾਲ ਭਰਪੂਰ ਬਣਾਇਆ ਜਾਵੇ। ਸਾਨੂੰ ਬੱਸ ਹਿੰਮਤ ਅਤੇ ਕੋਸ਼ਿਸ਼ ਕਰਨੀ ਪਏਗੀ, ਇਸ ਦਰਦਨਾਕ ਸਾਕੇ ਨੂੰ ਭੁੱਲ ਕੇ। ਜਿਵੇਂ ਹਰ ਕਾਲੀ ਰਾਤ ਤੋਂ ਬਾਅਦ ਸਵੇਰਾ ਹੁੰਦਾ ਹੈ ਉੰਝ ਹੀ ਸੈਂਚੀ ਗ੍ਰਹਿ 'ਤੇ ਜੀਵਨ ਦਾ ਸਵੇਰਾ ਕਰਨ ਵਾਸਤੇ ਕੋਸ਼ਿਸ਼ ਕਰਨੀ ਹੋਵੇਗੀ। ਮੈਂ ਤੇਰੀ ਹਰ ਸੰਭਵ ਸਹਾਇਤਾ ਕਰਾਂਗੀ।' ਸ਼ਵਾਨਿਕ ਨੇ ਮਰਨੀਤ ਸ਼ਵਾਨਿਕਾ ਦੀ ਇਸ ਤੱਸਲੀ ਨਾਲ ਪਿਘਲ ਗਿਆ ਅਤੇ ਸ਼ਵਾਨਿਕ ਦੇ ਪ੍ਰਤੀ ਉਸਦੇ ਮਨ ਵਿੱਚ ਅਥਾਹ ਪਿਆਰ ਅਤੇ ਸਤਿਕਾਰ ਦੀਆਂ ਭਾਵਨਾ ਉਮੜਨ ਲੱਗੀ।

'ਪਰ ਇਹ ਸਭ ਕੁੱਝ ਕਿਵੇਂ ਸੰਭਵ ਹੋਵੇਗਾ?'
'ਸੰਭਵ ਹੋਵੇਗਾ! ਮੇਰੇ ਪਿਤਾ ਜੀ ਸਕੀਨਾ ਗ੍ਰਹਿ ਦੇ ਸਮਰਾਟ ਹਨ। ਅਸੀਂ ਉਹਨਾਂ ਤੋਂ ਮਦਦ ਲਵਾਂਗੇ।'
'ਠੀਕ ਹੈ!' ਮਰਨੀਤ ਦੇ ਅੰਦਰ ਖ਼ੁਸ਼ੀ ਦੀ ਲਹਿਰ ਜਿਹੀ ਉੱਠ ਖੜੀ ਹੋਈ।

ਸ਼ਵਾਨਿਕਾ ਅਤੇ ਮਰਨੀਤ ਇਸ ਵੇਲੇ ਸਕੀਨਾ ਗ੍ਰਹਿ ਦੇ ਸਮਰਾਟ ਜੈਵੀਰ ਦੇ ਸਾਹਮਣੇ ਬੈਠੇ ਸਨ, ਜਿਹੜਾ ਸ਼ਵਾਨਿਕਾ ਦਾ ਪਿਤਾ ਵੀ ਸੀ। ਸ਼ਵਾਨਿਕਾ ਨੇ ਆਪਣੇ ਪਿਤਾ ਨੂੰ ਸੈਂਚੀ ਗ੍ਰਹਿ ਦੀ ਸਥਿਤੀ ਵਾਰੇ ਸਭ ਕੁੱਝ ਦੱਸ ਦਿੱਤਾ ਸੀ ਅਤੇ ਇਹ ਵੀ ਦੱਸ ਦਿੱਤਾ ਸੀ ਕਿ ਉਸਦੀ ਇੱਛਾ ਹੈ ਕਿ ਸੈਂਚੀ ਗ੍ਰਹਿ ਨੂੰ ਮੁੜ ਸੰਜੀਵ ਕਰਨ ਦੇ ਯਤਨ ਕੀਤੇ ਜਾਣ। ਜੈਵੀਰ ਨੇ ਉਸਦੀ ਇੱਛਾ ਨੂੰ ਬਹੁਤ ਖ਼ੁਸ਼ੀ ਨਾਲ ਮੰਨ ਲਿਆ ਸੀ। ਅਤੇ ਤੁਰੰਤ ਹੀ ਆਪਣੇ ਮੰਤਰੀਆਂ ਅਤੇ ਸਕੀਨਾ ਗ੍ਰਹਿ ਦੇ ਪ੍ਰਮੁੱਖ ਵਿਗਿਆਨਕਾਂ ਨਾਲ ਸਲਾਹ-ਮਸ਼ਵਰਾ ਕਰਨ ਲਈ ਮੀਟਿੰਗ ਰੱਖ ਲਈ ਸੀ। ਉਹਨਾਂ ਸਭ ਨੇ ਖ਼ੁਸ਼ੀ ਨਾਲ ਆਪਣੀ ਸਹਿਮਤੀ ਦੇ ਦਿੱਤੀ ਸੀ। ਵਿਗਿਆਨੀਆਂ ਨੇ ਦੱਸਿਆ ਸੀ ਕਿ ਉਹਨਾਂ ਨੇ ਪ੍ਰਮਾਣੂ ਬੰਬਾਂ ਦੇ ਵਿਸਫੋਟ ਤੋਂ ਬਾਅਦ ਉਤਪੰਨ ਹੋਣ ਵਾਲੇ ਮਾਰੂ ਪ੍ਰਭਾਵਾਂ ਨੂੰ ਖਤਮ ਕਰਨ ਲਈ ਰਸਾਇਣਕ ਸੂਤਰ ਤਿਆਰ ਕਰੇ ਹੋਏ ਹਨ। ਸੈਂਚੀ ਗ੍ਰਹਿ ਤੇ ਬੰਬ ਵਿਸਫ਼ੋਟਾ ਤੋਂ ਬਾਅਦ ਖਤਰਨਾਕ ਵਿਕਿਰਨਾਂ ਨੂੰ ਖਤਮ ਕਰਕੇ ਉਥੋਂ ਦੇ ਵਾਯੂਮੰਡਲ ਨੂੰ ਮੁੜ ਜੀਵਨ ਦੇ ਅਨੁਕੂਲ ਬਣਾਉਣਾ ਉਹਨਾਂ ਲਈ ਕੋਈ ਅਸੰਭਵ ਕੰਮ ਨਹੀਂ ਸੀ। ਜੈਵੀਰ ਨੇ ਸੈਂਚੀ ਗ੍ਰਹਿ ਨੂੰ ਸੰਜੀਵ ਕਰਨ ਲਈ ਵਿਗਿਆਨਕਾਂ ਦੀ ਇੱਕ ਟੀਮ ਬਣਾ ਦਿੱਤੀ ਸੀ।

'ਪਿਤਾ ਜੀ, ਤੁਸੀਂ ਆਪਣੀ ਜ਼ਿੱਦੀ ਬੇਟੀ ਨਾਲ ਨਰਾਜ਼ ਤਾਂ ਨਹੀਂ ਹੋ।' ਮੀਟਿੰਗ ਤੋਂ ਬਾਅਦ ਸ਼ਵਾਨਿਕਾ ਨੇ ਆਪਣੇ ਪਿਤਾ ਤੋਂ ਪੁੱਛਿਆ।
'ਨਹੀਂ ....' ਬੇਟੀ! ਹਲਾਂਕਿ ਪਹਿਲਾਂ ਮੈਂ ਤੇਰੇ ਨਾਲ ਥੋੜ੍ਹਾ ਜਿਹਾ ਨਰਾਜ਼ ਸੀ। ਪਰ ਹੁਣ ਤਾਂ ਮੈਨੂੰ ਤੇਰੇ ਤੇ ਮਾਣ ਹੈ ਕਿ ਤੇਰੇ ਮਨ ਵਿੱਚ ਕਿੰਨੇ ਮਹਾਨ ਖਿਆਲ ਨੇ ਜਨਮ ਲਿਆ।' ਜੈਵੀਰ ਨੇ ਸ਼ਵਾਨਿਕਾ ਨੂੰ ਆਪਣੀ ਗਲਵੱਕੜੀ 'ਚ ਲੈ ਕੇ ਆਖਿਆ।

*******

ਵਿਗਿਆਨਕਾਂ ਨੇ ਸੈਂਚੀ ਗ੍ਰਹਿ ਦੀ ਸਥਿੱਤੀ ਦਾ ਨਿਰੀਖਣ ਕਰਨ ਤੋਂ ਬਾਅਦ ਉੱਥੋਂ ਦੇ ਹਾਲਾਤ ਨੂੰ ਜੀਵਨ ਦੇ ਅਨੁਕੂਲ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਹਾਲਾਂਕਿ ਪ੍ਰਮਾਣੂ ਬੰਬਾਂ ਅਤੇ ਹਾਈਡ੍ਰੋਜਨ ਬੰਬਾਂ ਦੇ ਪ੍ਰਯੋਗ ਤੋਂ ਬਾਅਦ ਸੈਂਚੀ ਗ੍ਰਹਿ ਬਹੁਤ ਬੁਰੀ ਹਾਲਤ ਵਿੱਚ ਸੀ ਅਤੇ ਉਸ ਲੱਗਭੱਗ ਆਪਣੇ ਸੌਰ ਮੰਡਲ ਦੇ ਬਾਕੀ ਗ੍ਰਹਿਆਂ ਵਾਂਗ ਹੁਣ ਨਿਰਜਨ ਹੀ ਰਹਿਣਾ ਸੀ। ਪਰ ਸਕੀਨਾ ਗ੍ਰਹਿ ਦਾ ਵਿਗਿਆਨ ਬਹੁਤ ਤਰੱਕੀ ਕਰ ਚੁੱਕਿਆ ਸੀ ਅਤੇ ਉਹ ਅਜਿਹੀ ਸਥਿਤੀ ਨਾਲ ਨਜਿੱਠਣ ਦੇ ਸਮੱਰਥ ਸਨ। ਵਿਗਿਆਨਕਾਂ ਦੀ ਟੀਮ ਨੇ ਸੈਂਚੀ ਗ੍ਰਹਿ ਦੇ ਖੰਡਰਾਂ ਨੂੰ ਸਾਫ਼ ਕਰਵਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਸੀ। ਜਦੋਂ ਸਾਰੇ ਸੈਂਚੀ ਗ੍ਰਹਿ ਦੇ ਖੰਡਰ ਸਾਫ਼ ਹੋ ਗਏ ਸੈਂਚੀ ਗ੍ਰਹਿ ਬਿਲਕੁਲ ਸਾਫ਼ ਤੇ ਚੰਗੀ ਹਾਲਤ ਵਿੱਚ ਆ ਗਿਆ ਤਾਂ ਉਹਨਾਂ ਆਪਣੇ ਰਸਾਇਣਕਸੂਤਰਾਂ ਦੀ ਮਦਦ ਨਾਲ ਉੱਥੋ ਦੇ ਵਾਯੂਮੰਡਲ ਵਿੱਚੋਂ ਖ਼ਤਰਨਾਕ ਵਿਕਿਰਨਾਂ ਦੇ ਪ੍ਰਭਾਵ ਨੂੰ ਕਤਮ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ।

ਇਸ ਮਹਾਨ ਮਿਸ਼ਨ ਤੇ ਆਇਆ ਹਰੇਕ ਵਿਅਕਤੀ ਸੱਚੇ ਦਿਲੋਂ ਇਸ ਮਹਾਨ ਕੰਮ ਨੂੰ ਸਿਰੇ ਚਾੜ੍ਹਨ ਦਾ ਮਹਤੱਵਪੂਰਨ ਯੋਗਦਾਨ ਦੇ ਰਿਹਾ ਸੀ। ਸ਼ਵਾਨਿਕਾ ਅਤੇ ਮਰਨੀਤ ਇਸ ਕੰਮ ਦਾ ਪੂਰਾ ਖ਼ਿਆਲ ਰੱਖ ਰਹੇ ਸੀ ਅਤੇ ਜਿੱਥੇ ਹੋ ਸਕਦਾ ਸੀ ਮਦਦ ਕਰ ਰਹੇ ਸਨ।

ਦਿਨ-ਰਾਤ ਅਣਥੱਕ ਮਿਹਨਤ ਕਰਨ ਤੋਂ ਬਾਅਦ ਸੈਂਚੀ ਗ੍ਰਹਿ ਦੇ ਹਾਲਾਤ ਜੀਵਤ ਪ੍ਰਾਣੀਆਂ ਦੇ ਰਹਿਣ ਦੇ ਲਈ ਕਾਫ਼ੀ ਅਨੁਕੂਲ ਹੋ ਗਏ। ਉੱਥੇ ਇੱਕ ਨਗਰ ਵਸਾਇਆ ਗਿਆ ਜਿਸ ਵਿੱਚ ਤਕਰੀਬਨ ਦਸ ਹਜ਼ਾਰ ਮਕਾਨ ਬਣਾਏ ਗਏ। ਜਿਨ੍ਹਾਂ ਵਿੱਚ ਸਕੀਨਾ ਗ੍ਰਹਿ ਤੋਂ ਆਏ ਪਰਿਵਾਰਾਂ ਨੇ ਰਹਿਣਾ ਸੀ। ਉਸ ਨਗਰ ਵਿੱਚ ਇੱਕ ਸਕੂਲ, ਇੱਕ ਬਜ਼ਾਰ ਅਤੇ ਕੁੱਝ ਹੋਰ ਮਕਾਨ ਵੀ ਬਣਾਏ ਗਏ। ਸਥਾਨ ਅਜਿਹਾ ਵੀ ਬਣਾਇਆ ਗਿਆ ਜਿੱਥੇ ਪੁਰਾਣੇ ਸੈਂਚੀ ਗ੍ਰਹਿ ਦੀਆਂ ਯਾਦਾਂ ਨੂੰ ਸਾਂਭਿਆ ਗਿਆ ਸੀ। ਜੀਵਨ ਚੱਕਰ ਨੂੰ ਚੱਲਦਾ ਰੱਖਣਾ ਲਈ ਸ਼ਹਿਰ ਵਿੱਚ ਜਗ੍ਹਾ ਜਗ੍ਹਾ, ਦਰਖ਼ਤ ਲਗਾਏ ਗਏ ਅਤੇ ਬਹੁਤ ਸਾਰੇ ਬਾਗ-ਬਗ਼ੀਚੇ ਬਚਾਏ ਗਏ।

ਸੈਂਚੀ ਗ੍ਰਹਿ ਦੇ ਨਵੇਂ ਵਾਸੀਆਂ ਦਾ ਖ਼ਿਆਲ ਰੱਖਣ ਲਈ ਅਤੇ ਉਹਨਾਂ ਦੀਆਂ ਸਮਸਿੱਆਵਾਂ ਨੂੰ ਹੱਲ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਜਿਸਦਾ ਮੁੱਖੀ ਮਰਨੀਤ ਨੂੰ ਬਣਾਇਆ ਗਿਆ। ਇਹ ਕਮੇਟੀ ਸਕੀਨਾ ਗ੍ਰਹਿ ਤੋਂ ਹਰ ਵੇਲੇ ਮਦਦ ਲੈ ਸਕਦੀ ਸੀ। ਅਤੇ ਇੰਝ ਸੈਂਚੀ ਗ੍ਰਹਿ ਤੇ ਜ਼ਿੰਦਗੀ ਦੀ ਚਿੰਗਾਰੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਭਵਿੱਖ ਵਿੱਚ ਨਵੇਂ ਵਾਸੀਆਂ ਨੂੰ ਸੈਂਚੀ ਗ੍ਰਹਿ ਨੂੰ ਮੁੜ-ਵਸਾਉਣ ਅਤੇ ਉਸਦੇ ਵਿਕਾਸ ਦੀ ਜ਼ਿੰਮੇਵਾਰੀ ਸੌਂਪੀ ਗਈ। ਅਤੇ ਹੁਣ ਉਹਨਾਂ ਦੇ ਜੀਵਨ ਦਾ ਉਦੇਸ਼ ਸੈਂਚੀ ਗ੍ਰਹਿ ਨੂੰ ਵੀ ਸਕੀਨਾ ਗ੍ਰਹਿ ਵਾਂਗ ਹੀ ਵਿਕਸਿਤ ਕਰਨਾ ਸੀ। ਇਹ ਕੰਮ ਮੁਸ਼ਕਿਲ ਅਤੇ ਚੁਨੌਤੀਆਂ ਭਰਿਆ ਸੀ। ਪਰ ਉਹਨਾਂ ਦੇ ਅੰਦਰ ਇਸਨੂੰ ਪ੍ਰਵਾਨ ਚੜ੍ਹਾਉਣ ਦਾ ਜਜ਼ਬਾ ਸੀ।

ਇਸ ਤਰ੍ਹਾਂ, ਸੈਂਚੀ ਗ੍ਰਹਿ ਤੇ ਮੁੜ ਇੱਕ ਵਾਰ ਫਿਰ ਜੀਵਨ ਦੀ ਚਿੰਗਾਰੀ ਭਖ ਪਈ। ਉੱਥੇ ਫਿਰ ਪਹਿਲਾਂ ਵਰਗੀਆਂ ਮੁਸਕਾਨਾਂ ਅਤੇ ਜ਼ਿੰਦਗੀ ਦੇ ਗੀਤ ਪਰਤ ਆਏ ਸਨ। ਜ਼ਿੰਦਗੀ ਇੱਕ ਵਾਰ ਫਿਰ ਮੁੜ ਤੋਂ ਸ਼ੁਰੂ ਹੋ ਰਹੀ ਸੀ। ਚਾਹੇ ਅਜੇ ਹੌਲੀ ਹੌਲੀ ਅਤੇ ਮੱਧਮ ਚਾਲ ਵਿੱਚ ਹੀ ਸ਼ੁਰੂ ਹੋ ਰਹੀ ਸੀ। ਪਰ ਜੀਉਣ ਵਾਲਿਆ ਦੇ ਅੰਦਰ ਜਜ਼ਬੇ ਅਤੇ ਉਦੇਸ਼ ਮਹਾਨ ਸਨ।

ਮਰਨੀਤ ਨੇ ਤਾਂ ਸੈਂਚੀ ਗ੍ਰਹਿ ਤੇ ਰਹਿਣਾ ਸੀ। ਸ਼ਵਾਲਿਕਾ ਨੇ ਵੀ ਉਸ ਨਾਲ ਵਿਆਹ ਕਰਵਾਕੇ ਉੱਥੇ ਹੀ ਵਸਣ ਦਾ ਫ਼ੈਸਲਾ ਕੀਤਾ। ਮਰਨੀਤ ਉਸਦਾ ਫ਼ੈਸਲਾ ਸੁਣ ਕੇ ਅਤਿਅੰਤ ਖ਼ੁਸ਼ ਹੋਇਆ। ਉਸਨੂੰ ਸਮਝ ਨਹੀਂ ਆ ਰਹੀ ਸੀ ਕਿ ਸ਼ਵਾਨਿਕਾ ਦਾ ਉਹ ਕਿਸ ਤਰਹਾਂ ਧੰਨਵਾਦ ਕਰੇ!

********

ਸੈਂਚੀ ਗ੍ਰਹਿ ਤੇ ਮੁੜ ਜੀਵਨ ਦਾ ਸੰਚਾਰ ਕਰਦਿਆ ਦੋ ਸਾਲ ਗ਼ੁਜ਼ਰ ਗਏ। ਅਤੇ ਮਰਨੀਤ ਨੂੰ ਪਤਾ ਹੀ ਨਹੀਂ ਚੱਲਿਆ ਕਿ ਸਮਾਂ ਕਿੰਝ ਬੀਤ ਗਿਆ। ਇਹਨਾਂ ਦੋ ਸਾਲਾਂ ਵਿੱਚ ਉਹ ਬਹੁਤ ਵਿਅਸਤ ਰਹੇ ਹਨ। ਉਹਨਾਂ ਦਾ ਹਰ ਪਲ ਸੈਂਚੀ ਗ੍ਰਹਿ ਨੂੰ ਮੁੜ ਸੰਜੀਵ ਕਰਨ ਦੀਆਂ ਕੋਸ਼ਿਸ਼ਾ ਵਿੱਚ ਗ਼ੁਜ਼ਰਿਆ ਸੀ। ਪਰ ਹੁਣ ਉਹਨਾਂ ਨੂੰ ਥੋੜ੍ਹੀ ਫੁਰਸਤ ਮਿਲੀ ਸੀ ਕਿਉਕਿ ਸਭ ਤੋਂ ਵੱਡਾ ਕੰਮ ਖ਼ਤਮ ਹੋ ਚੁੱਕਿਆ ਸੀ। ਹੁਣ ਤਾਂ ਰੋਜ਼ਾਨਾ ਦੀ ਜ਼ਿੰਦਗੀ ਦੇ ਛੋਟੇ ਮੋਟੇ ਕੰਮ ਸਨ।

ਅੱਜ ਸ਼ਵਾਨਿਕਾ ਅਤੇ ਮਰਨੀਤ ਦਾ ਵਿਆਹ ਹੋਇਆ ਸੀ। ਹੁਣ ਉਹ ਇੱਕ ਦੂਸਰੇ ਦੇ ਹਮਨਸ਼ੀਂ ਅਤੇ ਦੁੱਖ ਸੁੱਖ ਦੇ ਸਾਥੀ ਸਨ। ਸਭ ਕੁੱਝ ਠੀਕ ਠਾਕ ਹੋ ਗਿਆ ਜਿਵੇਂ ਸੋਚਿਆ ਸੀ। ਅੱਜ ਮੈਂ ਬਹੁਤ ਖ਼ੁਸ਼ ਹਾਂ।' ਮਰਨੀਤ ਨੇ ਸ਼ਵਾਨਿਕਾ ਨੂੰ ਆਖਿਆ।

'ਮੈਂ ਵੀ ਤੇਰੇ ਜਿੰਨੀ ਹੀ ਖੁਸ਼ ਹਾਂ।' ਸ਼ਵਾਨਿਕਾ ਨੇ ਮਰਨੀਤ ਦੀਆਂ ਅੱਖਾਂ ਵਿੱਚ ਵੇਖਦਿਆਂ ਆਖਿਆ।
ਮਰਨੀਤ ਨੇ ਵੇਖਿਆ ਕਿ ਸ਼ਵਾਨਿਕਾ ਇਸ ਵੇਲੇ, ਕਿਸੇ ਅਪਸਰਾ ਵਾਂਗ ਖ਼ੁਬਸੂਰਤ ਲੱਗ ਰਹੀ ਸੀ। ਉਸਨੇ ਸ਼ਵਾਨਿਕਾ ਦੇ ਗੋਰੇ ਮੁਖੜੇ ਨੂੰ ਆਪਣੇ ਹੱਥਾ ਦੀ ਆਗੋਸ਼ 'ਚ ਲੈ ਕੇ ਚੁੰਮ ਲਿਆ। ਸ਼ਵਾਨਿਕਾ ਨੇ ਇਸ ਪਵਿੱਤਰ ਵਿਸਮਾਦੀ ਛੋਹ ਦਾ ਅੰਨਦ ਮਹਿਸੂਸ ਕਰਕੇ ਆਪਣੀਆਂ ਅੱਖਾ ਬੰਦ ਕਰ ਲਈਆਂ। ਉਸਨੇ ਅਨੁਭਵ ਕੀਤਾ ਕਿ ਅੱਜ ਉਸਨੂੰ ਉਸਦੇ ਗੁਆਚੇ ਸੁਪਨੇ, ਜ਼ਿੰਦਗੀ ਅਤੇ ਸਚਾਈ ਦੀ ਪ੍ਰਾਪਤੀ ਹੋ ਗਈ ਹੈ, ਜਿਸਦੀ ਤਲਾਸ਼ ਵਿੱਚ ਉਹ ਇੰਨੀ ਦੇਰ ਭਟਕੀ ਸੀ। ਮਰਨੀਤ ਨੇ ਸ਼ਵਾਨਿਕਾ ਨੂੰ ਆਪਣਿਆ ਬਾਹਵਾਂ ਦੇ ਘੇਰੇ ਵਿੱਚ ਲੈ ਲਿਆ ਅਤੇ ਸ਼ਵਾਨਿਕਾ ਨੇ ਵੀ ਇੱਕ ਪਿਆਰੀ ਜਿਹੀ ਹਕੀਕਤ ਦੀ ਬੁਨਿਆਦ ਰੱਖਣ ਲਈ ਆਪਣੀਆਂ ਬਾਹਵਾਂ ਮਰਨੀਤ ਦੀ ਪਿੱਠ ਦੇ ਗਿਰਦ ਲਪੇਟ ਦਿੱਤੀਆਂ...
 

07/07/2015

ਹੋਰ ਕਹਾਣੀਆਂ  >>    


 
  ਜੀਵਨ ਦੀ ਬੁਨਿਆਦ
ਅਮਨਦੀਪ ਸਿੰਘ, ਅਮਰੀਕਾ
ਬਿੱਲੀਆਂ
ਲਾਲ ਸਿੰਘ ਦਸੂਹਾ
ਸਭ ਅੱਛਾ ਹੈ
ਅਨਮੋਲ ਕੌਰ, ਕਨੇਡਾ
ਬੋਹੜ ਦੀ ਛਾਂ
ਭਿੰਦਰ ਜਲਾਲਾਬਾਦੀ, ਯੂ ਕੇ
ਚਿੱਟੀ ਬੇਂਈ–ਕਾਲੀ ਬੇਈਂ
ਲਾਲ ਸਿੰਘ ਦਸੂਹਾ
ਤੈਨੂੰ ਦੂਰ ਵਿਆਹੂੰ
ਸਿੰਮੀਪ੍ਰੀਤ ਕੌਰ ਪੁੰਨੀ, ਜਲਾਲਾਬਾਦ
ਓਦੋਂ ਤੇ ਅੱਜ
ਭਿੰਦਰ ਜਲਾਲਾਬਾਦੀ, ਯੂ ਕੇ
ਜ਼ਿੰਦਗੀ ਦੀ ਜੂਹ
ਭਿੰਦਰ ਜਲਾਲਾਬਾਦੀ, ਯੂ ਕੇ
ਫੇਸਬੁੱਕ
ਅਨਮੋਲ ਕੌਰ, ਕਨੇਡਾ
ਸਬਕ
ਸਤਪ੍ਰੀਤ ਸਿੰਘ, ਸ. ਅ. ਸਿੰਘ ਨਗਰ
ਕਿਹਨੂੰ, ਕਿਹਨੂੰ ਭੁੱਲਾਂ?
ਅਨਮੋਲ ਕੌਰ, ਕਨੇਡਾ
ਝਾੜੂ
ਗੁਰਮੇਲ ਬੀਰੋਕੇ, ਕਨੇਡਾ
ਧੰਦਾ ਬਣਾ ਗਿਆ ਬੰਦਾ
ਅਨਮੋਲ ਕੌਰ, ਕਨੇਡਾ
ਅੰਮ੍ਰਿਤ ਦੇ ਸੋਮੇ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਖੂਹ ਦੇ ਡੱਡੂ
ਰਵੀ ਸੱਚਦੇਵਾ, ਆਸਟੇ੍ਲੀਆ
ਘਰ ਵਾਪਸੀ
ਸੁਰਜੀਤ ਸਿੰਘ ਭੁੱਲਰ, ਅਮਰੀਕਾ
ਸੋਗ
ਰੂਪ ਢਿੱਲੋਂ, ਲੰਡਨ
ਉਹ ਮੂਵ ਹੋ ਗਈ
ਅਨਮੋਲ ਕੌਰ, ਕਨੇਡਾ
ਗੋਲਡੀਲੌਕਸ ਤੇ ਤਿੰਨ ਰਿੱਛ
ਅਮਨਦੀਪ ਸਿੰਘ, ਅਮਰੀਕਾ
ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ (1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ
baybus1ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ
ਵੇ ਲੋਕੋ
ਅਨਮੋਲ ਕੌਰ, ਕਨੇਡਾ
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ
 

hore-arrow1gif.gif (1195 bytes)


Terms and Conditions
Privacy Policy
© 1999-2015,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015,  5abi.com